ਨਿੰਦਾ ਕਰਨੀ
ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783
ਗੁਰਬਾਣੀ ਵਿੱਚ ‘ਭੰਡਣ’ ਦਾ ਜ਼ਿਕਰ ਕੀਤਾ ਜਾਣਾ ਇਹ ਤਾਂ ਸਪਸ਼ਟ ਕਰ ਹੀ ਦਿੰਦਾ ਹੈ ਕਿ ਕਿਸੇ ਬਾਰੇ ਮਾੜਾ ਬੋਲਣਾ ਸਦੀਆਂ ਤੋਂ ਚਾਲੂ ਹੈ ਤੇ ਇਸ ਵਿਚ ਗੁਰੂ ਸਮੇਤ ਕੋਈ ਵੀ ਬਖਸ਼ਿਆ ਨਹੀਂ ਜਾਂਦਾ। ਇਸ ਦੇ ਨਾਲੋਂ ਨਾਲ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਭੰਡਣ ਵਾਲੇ ਦਾ ਨਾਮੋ ਨਿਸ਼ਾਨ ਵੀ ਨਹੀਂ ਬਚਦਾ। ਸਿਰਫ਼ ਮੋਟੇ ਪੱਧਰ ਉੱਤੇ ਇਹੀ ਜ਼ਿਕਰ ਹੁੰਦਾ ਹੈ ਕਿ ਇਕ ਇਨਸਾਨ ਜਿਹੜਾ ਦੂਜਿਆਂ ਤੋਂ ਕਾਫ਼ੀ ਅਗਾਂਹ ਲੰਘ ਗਿਆ, ਉਸ ਦਾ ਵਿਰੋਧ ਹੋਇਆ। ਕਾਰਣ ? ਕਾਰਣ ਇਹ ਕਿ ਵਿਰੋਧ ਕਰਨ ਵਾਲੇ ਬੰਦੇ, ਪ੍ਰਾਪਤੀਆਂ ਕਰ ਚੁੱਕੇ ਬੰਦੇ ਜਿੰਨੀ ਪ੍ਰਸਿੱਧੀ ਹਾਸਲ ਕਰਨ ਵਿਚ ਅਸਮਰਥ ਸਨ।
ਮਨੋਵਿਗਿਆਨਿਕ ਪੱਖੋਂ ਦੋ ਕਿਸਮ ਦੀ ਸੋਚ ਦੇ ਲੋਕ ਲੱਭੇ ਜਾ ਚੁੱਕੇ ਹਨ।
(1). ਸੱਪ ਵਾਂਗ ਵਿਸ ਘੋਲਣ ਵਾਲੇ :- ਅਜਿਹੀ ਸੋਚ ਵਾਲੇ ਬੰਦੇ ਹਮੇਸ਼ਾ ਸੱਪ ਵਾਂਗ ਸਿਰਫ ਜ਼ਹਿਰ ਹੀ ਉਗਲਦੇ ਹਨ। ਉਨ੍ਹਾਂ ਅੱਗੇ ਕਿਸੇ ਵੀ ਤਰ੍ਹਾਂ ਦਾ ਉੱਚ ਕੋਟੀ ਦਾ ਬੰਦਾ ਖੜ੍ਹਾ ਹੋਵੇ, ਉਨ੍ਹਾਂ ਉਸ ਦੇ ਬਾਰੇ ਮਾੜਾ ਹੀ ਉਚਰਨਾ ਹੈ। ਜੇ ਕੋਈ ਸਾਹਮਣੇ ਨਾ ਵੀ ਹੋਵੇ, ਪਰ ਉਸ ਦੀ ਪਿੱਠ ਪਿੱਛੇ ਵੀ ਕੋਈ ਤਾਰੀਫ਼ ਕਰ ਰਿਹਾ ਹੋਵੇ, ਉਸ ਵੇਲੇ ਵੀ ਵਿਸ ਘੋਲਣ ਵਾਲੇ ਬੰਦੇ ਭਾਵੇਂ ਉਸ ਬੰਦੇ ਨੂੰ ਉੱਕਾ ਹੀ ਨਾ ਜਾਣਦੇ ਹੋਣ, ਆਪਣੇ ਦਿਮਾਗ਼ ਹੱਥੋਂ ਮਜਬੂਰ, ਝੂਠ ਸੱਚ ਕੁੱਝ ਵੀ ਹੋਵੇ ਬੰਦੇ ਦੀ ਬੁਰਾਈ ਕਰਨ ਤੋਂ ਪਿੱਛੇ ਨਹੀਂ ਰਹਿੰਦੇ।
(2). ਕੂੜੇ ਦੇ ਭਰੇ ਟਰੱਕ ਵਰਗੇ :– ਇਸ ਨੂੰ ਸਮਝਣ ਲਈ ਅਮਰੀਕਾ ਦੇ ਇਕ ਟੈਕਸੀ ਡਰਾਈਵਰ ਦੀ ਜ਼ਬਾਨੀ ਸੁਣਨੀ ਪਵੇਗੀ। ਇਕ ਸਵਾਰੀ ਨੂੰ ਏਅਰਪੋਰਟ ਛੱਡਣ ਲਈ ਜਦੋਂ ਟੈਕਸੀ ਡਰਾਈਵਰ ਜਾ ਰਿਹਾ ਸੀ ਤਾਂ ਰਸਤੇ ਵਿਚ ਤੇਜ਼ੀ ਨਾਲ ਇਕ ਕਾਰ ਆਪਣੀ ਲਾਈਨ ਛੱਡ ਕੇ ਉਸ ਦੀ ਕਾਰ ਦੇ ਅੱਗੇ ਆ ਗਈ। ਟੈਕਸੀ ਵਾਲੇ ਨੇ ਮਸਾਂ ਹੀ ਬਰੇਕ ਲਾ ਕੇ ਐਕਸੀਡੈਂਟ ਹੋਣ ਤੋਂ ਰੋਕਿਆ। ਪਿਛਲੀ ਕਾਰ ਵਾਲੇ ਨੇ ਰੱਜ ਕੇ ਗਾਹਲਾਂ ਕੱਢੀਆਂ। ਇਸ ਸਾਰੇ ਦੇ ਬਾਵਜੂਦ ਟੈਕਸੀ ਡਰਾਈਵਰ ਮੁਸਕਰਾ ਕੇ, ਹੱਥ ਹਿਲਾ ਕੇ, ਬਸ ਚੁੱਪ ਹੀ ਰਿਹਾ। ਸਵਾਰੀ ਨੇ ਹੈਰਾਨ ਹੋ ਕੇ ਪੁੱਛਿਆ, ‘‘ਤੇਰੀ ਗ਼ਲਤੀ ਨਹੀਂ ਸੀ, ਫਿਰ ਵੀ ਉਸ ਨੇ ਤੈਨੂੰ ਗਾਹਲਾਂ ਕੱਢੀਆਂ। ਇਸ ਵਾਸਤੇ ਤੈਨੂੰ ਰੋਸ ਪ੍ਰਗਟਾਉਣਾ ਚਾਹੀਦਾ ਸੀ। ਤੂੰ ਉਸ ਨਾਲ ਗੁੱਸਾ ਗਿਲਾ ਕਿਉਂ ਨਹੀਂ ਕੀਤਾ ?’’
ਇਸ ’ਤੇ ਟੈਕਸੀ ਵਾਲੇ ਨੇ ਜਵਾਬ ਦਿੱਤਾ, ‘‘ਕੁੱਝ ਲੋਕ ਕੂੜੇ ਦੇ ਭਰੇ ਟਰੱਕ ਵਰਗੇ ਹੁੰਦੇ ਹਨ। ਜਦੋਂ ਗੰਦਗੀ ਦੇ ਢੇਰ ਹੱਦੋਂ ਵੱਧ ਭਰ ਜਾਣ ਤਾਂ ਅਜਿਹੇ ਟਰੱਕਾਂ ਵਿੱਚੋਂ ਕੁੱਝ ਗੰਦਗੀ ਸੜਕ ਉੱਤੇ ਸੱਜੇ ਖੱਬੇ ਡਿੱਗ ਜਾਂਦੀ ਹੈ। ਅਜਿਹੇ ਲੋਕਾਂ ਨਾਲ ਖਹਿਬੜਨ ਦਾ ਮਤਲਬ ਹੈ ਉਨ੍ਹਾਂ ਵੱਲੋਂ ਸੁੱਟੇ ਕੂੜੇ ਵਿਚ ਲਿਬੜ ਜਾਣਾ ਤੇ ਉਸ ਨੂੰ ਅੱਗੋਂ ਖਿਲਾਰਨਾ। ਇਹ ਕੂੜਾ ਹੁੰਦਾ ਹੈ ਖ਼ੁਦਗਰਜ਼ੀ, ਆਪਣੀ ਨਾਕਾਮਯਾਬੀ ਦਾ ਗੁੱਸਾ ਅਤੇ ਦੂਜੇ ਦੇ ਅੱਗੇ ਵਧ ਜਾਣ ਸਦਕਾ ਆਪਣੀ ਹਾਰ ਨੂੰ ਲੁਕਾਉਣ ਦਾ ਯਤਨ !ਏਸੇ ਲਈ ਕੂੜੇ ਦੇ ਭਰੇ ਟਰੱਕ ਨੂੰ ਉਸੇ ਤੱਕ ਸੀਮਤ ਰਹਿ ਲੈਣ ਦਿਓ ਕਿਉਂਕਿ ਉਸ ਵਿਚ ਹੈ ਹੀ ਸਿਰਫ਼ ਗੰਦਗੀ। ਜੇ ਲੋੜੋਂ ਵੱਧ ਕੂੜਾ ਭਰ ਜਾਣ ਉੱਤੇ ਅਜਿਹੇ ਇਨਸਾਨ ਕੂੜਾ ਬਾਹਰ ਨਾ ਸੁੱਟਣ ਤਾਂ ਆਪਣੇ ਹੀ ਕੂੜੇ ਦੇ ਢੇਰ ਹੇਠ ਦੱਬ ਕੇ ਖ਼ਤਮ ਹੋ ਜਾਣਗੇ। ਸੋ ਉਨ੍ਹਾਂ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਇਹ ਤਰਸ ਦੇ ਪਾਤਰ ਹੁੰਦੇ ਹਨ। ਇਸੇ ਲਈ ਮੁਸਕਰਾ ਕੇ, ਆਪਣਾ ਹੱਥ ਹਿਲਾ ਕੇ ਆਪਣੇ ਵੱਲ ਆਉਂਦੀ ਬਦਬੂ ਨੂੰ ਪਰ੍ਹਾਂ ਧੱਕ ਦਿਓ।’’
ਕੈਨਸਾਸ ਸਟੇਟ ਯੂਨੀਵਰਸਿਟੀ ਵਿਖੇ ਸੈਟੋਰਿਸ ਕੁਲਬਰਟਸਨ ਨੇ ਅਤੇ ਮਿਨੀਸੋਟਾ ਯੂਨੀਵਰਸਿਟੀ ਵਿਚ ਹੋਈ ਖੋਜ ਤੇ ਹਾਰਵਾਰਡ ਯੂਨੀਵਰਸਿਟੀ ਸਮੇਤ ਹਰ ਥਾਂ ਹੋਈ ਖੋਜ ਇਹ ਸਾਬਤ ਕਰ ਚੁੱਕੀ ਹੈ ਕਿ ਨਿੰਦਾ ਨੂੰ ਆਪਣੇ ਦਿਮਾਗ਼ ਵਿਚ ਥਾਂ ਦੇ ਦਿਓ ਤਾਂ ਉਸਾਰੂ ਕੰਮ ਕਰਨ ਦੀ ਸਮਰਥਾ 66 ਪ੍ਰਤੀਸ਼ਤ ਘੱਟ ਹੋ ਜਾਂਦੀ ਹੈ, ਥਕੇਵਾਂ ਛੇਤੀ ਮਹਿਸੂਸ ਹੁੰਦਾ ਹੈ, ਦੁਸ਼ਮਣੀਆਂ ਵੱਧਦੀਆਂ ਹਨ ਤੇ ਹਾਰਟ ਅਟੈਕ ਜਾਂ ਪਾਸਾ ਮਾਰੇ ਜਾਣ ਦਾ ਖ਼ਤਰਾ ਵੀ ਕਈ ਗੁਣਾ ਵੱਧ ਹੋ ਜਾਂਦਾ ਹੈ।
ਇਸੇ ਲਈ ਮਨੋਵਿਗਿਆਨੀ ਇਹੋ ਸੁਝਾਓ ਦਿੰਦੇ ਹਨ ਕਿ ਨਿੰਦਾ ਕਰਨ ਵਾਲੇ ਇਨਸਾਨ ਤੋਂ ਬਿਲਕੁਲ ਉਂਜ ਹੀ ਪਾਸਾ ਵੱਟੋ ਜਿਵੇਂ ਬਦਬੂ ਨੂੰ ਸੁੰਘਦੇ ਸਾਰ ਨੱਕ ਢੱਕਣ ਦੀ ਲੋੜ ਪੈਂਦੀ ਹੈ। ਕਿਸੇ ਵੱਲੋਂ ਸੁੱਟੀ ਬਦਬੂ ਜੇ ਨੱਕ ਥਾਈਂ ਅੰਦਰ ਦਿਮਾਗ਼ ਤੱਕ ਪਹੁੰਚ ਜਾਣ ਦਿਓ ਤਾਂ ਉਸ ਨੇ ਯਕੀਨਨ ਪੂਰਾ ਦਿਮਾਗ਼ ਮੱਲ ਲੈਣਾ ਹੈ।
ਗੁਰਬਾਣੀ ਵਿਚ ਵੀ ਸਪਸ਼ਟ ਕੀਤਾ ਗਿਆ ਹੈ ਕਿ ਮੂਰਖਾਂ ਨਾਲ ਉਲਝਣਾ ਨਹੀਂ ਚਾਹੀਦਾ ਕਿਉਂਕਿ ਉਨ੍ਹਾਂ ਨੇ ਤੁਹਾਨੂੰ ਪਹਿਲਾਂ ਆਪਣੇ ਪੱਧਰ ਉੱਤੇ ਲਿਆ ਕੇ ਡੇਗਣਾ ਹੁੰਦਾ ਹੈ ਤੇ ਫੇਰ ਮੂਰਖਤਾ ਵਿਚ ਪੀ. ਐੱਚ. ਡੀ. ਡਿਗਰੀ ਹਾਸਲ ਹੋਣ ਸਦਕਾ ਤੁਹਾਨੂੰ ਹਰਾ ਲੈਣਾ ਹੁੰਦਾ ਹੈ। ਇਸੇ ਲਈ ‘‘ਮੂਰਖੈ ਨਾਲਿ ਨ ਲੁਝੀਐ ॥’’ (ਮ: ੧/੪੭੩) ਨਿੰਦਾ ਕਰਨ ਵਾਲਿਆਂ ਨਾਲ ਮਾੜਾ ਹੀ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਅੰਦਰੋਂ ਫਟਕਾਰ ਹੀ ਪੈਂਦੀ ਰਹਿੰਦੀ ਹੈ ਤੇ ਉਨ੍ਹਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। ਉਹ ਸਦਾ ਉਹੀ ਕਰਤੂਤਾਂ ਕਰਦੇ ਹਨ ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸੁਪਨੇ ਵਿਚ ਵੀ ਸੁਖ ਨਹੀਂ ਮਾਣਦੇ ਤੇ ਚਿੰਤਾ ਉਨ੍ਹਾਂ ਨੂੰ ਸਾੜਦੀ ਰਹਿੰਦੀ ਹੈ: ‘‘ਸੁਪਨੈ ਸੁਖੁ ਨ ਦੇਖਨੀ; ਬਹੁ ਚਿੰਤਾ ਪਰਜਾਲੇ ॥’’ (ਮ: ੩/੩੦)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਜਿਹੇ ਅਹੰਕਾਰੀਆਂ ਨੂੰ ਫਿਟਕਾਰ ਪਾਈ ਗਈ ਹੈ ਤੇ ਮੰਦਭਾਗਾ ਜੀਵ ਕਿਹਾ ਗਿਆ ਹੈ ਜਿਸ ਦਾ ਦੁਨੀਆ ਵਿਚ ਕੋਈ ਮੁੱਲ ਨਹੀਂ ਪੈਂਦਾ। ਗੁਰੂ ਸਾਹਿਬ ਅਨੁਸਾਰ ਪ੍ਰਮਾਤਮਾ ਨੂੰ ਉਹੀ ਜੀਵ ਚੰਗਾ ਲਗਦਾ ਹੈ ਜੋ ਨਿੰਦਾ ਕਰਨ ਤੋਂ ਬਚੇ ਤੇ ਪ੍ਰਮਾਤਮਾ ਦੇ ਰੰਗ ਵਿਚ ਰੰਗਿਆ ਰਹੇ। ਅਜਿਹਾ ਮਨੁੱਖ ਸਾਰੇ ਜਗਤ ਵਿਚ ਚਾਨਣ ਮੁਨਾਰਾ ਬਣਦਾ ਹੈ।
ਨਿੰਦਕ ਸਿਰਫ਼ ਸਾਡੇ ਕੱਪੜੇ ਝਾੜਦਾ ਤੇ ਧੋਂਦਾ ਹੈ ਤਾਂ ਜੋ ਅਸੀਂ ਹੋਰ ਨਿਖਰ ਜਾਈਏ। ਉਹ ਸਾਡੀ ਰੌਸ਼ਨੀ ਵਿੱਚੋਂ ਕੁੱਝ ਚਾਨਣ ਉਧਾਰੇ ਲੈਣ ਦਾ ਯਤਨ ਕਰ ਰਿਹਾ ਹੁੰਦਾ ਹੈ ਜਿਵੇਂ ਸੂਰਜ ਦੀ ਰੌਸ਼ਨੀ ਨਾਲ ਹੀ ਨਿੱਕੇ ਮੋਟੇ ਗ੍ਰਹਿ ਰੌਸ਼ਨ ਹੋ ਜਾਂਦੇ ਹਨ।
ਹੁਣ ਇਨ੍ਹਾਂ ਸਾਰੀਆਂ ਗੱਲਾਂ ਦੇ ਨਿਚੋੜ ਵੱਲ ਧਿਆਨ ਦੇਈਏ :-
(1). ਜੋ ਸਾਡੀਆਂ ਪ੍ਰਾਪਤੀਆਂ ਸਦਕਾ ਸਾਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਪਹਿਲਾਂ ਹੀ ਸਾਡੇ ਤੋਂ ਕਾਫ਼ੀ ਨੀਵਾਂ ਹੈ। ਇਸੇ ਲਈ ਉਸ ਨੂੰ ਸਾਨੂੰ ਹੇਠਾਂ ਖਿੱਚਣ ਦੀ ਲੋੜ ਪਈ ਹੈ।
(2). ਜ਼ਿੰਦਗੀ ਬਹੁਤ ਛੋਟੀ ਹੈ। ਇਸ ਲਈ ਕਿਸੇ ਫਜ਼ੂਲ ਬੰਦੇ ਲਈ ਵਕਤ ਬਰਬਾਦ ਕਰਨ ਨਾਲੋਂ ਆਪਣੀਆਂ ਹੋਰ ਪ੍ਰਾਪਤੀਆਂ ਹਾਸਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਜਾਂ ਪਹਿਲਾਂ ਵਾਲੀਆਂ ਹਾਸਲ ਪ੍ਰਾਪਤੀਆਂ ਨੂੰ ਰੱਜ ਕੇ ਮਾਣ ਲੈਣਾ ਚਾਹੀਦਾ ਹੈ ਜਿਸ ਸਦਕਾ ਦੂਜੇ ਨੂੰ ਪੀੜ ਹੋ ਰਹੀ ਹੈ।
(3). ਜ਼ਿੰਦਗੀ ਵਿਚ ਕੁੱਝ ਵੀ ਸਦੀਵੀ ਨਹੀਂ ਹੈ ਤੇ ਨਾ ਹੀ ਸਭ ਕੁੱਝ ਸੌਖਿਆਂ ਹਰ ਕਿਸੇ ਨੂੰ ਹਾਸਲ ਹੁੰਦਾ ਹੈ। ਇਸੇ ਲਈ ਜੋ ਕੁੱਝ ਹਾਸਲ ਕੀਤਾ ਜਾ ਸਕਿਆ ਹੈ, ਉਸੇ ਨਾਲ ਸੰਤੁਸ਼ਟ ਹੋ ਕੇ ਆਨੰਦ ਮਾਣਿਆ ਜਾ ਸਕਦਾ ਹੈ।
(4). ਜ਼ਰੂਰੀ ਨਹੀਂ ਕਿ ਲਿਮੋਸੀਨ ਜਾਂ ਹਵਾਈ ਜਹਾਜ਼ ਰੱਖਣ ਵਾਲੇ ਹਮੇਸ਼ਾ ਖ਼ੁਸ਼ ਹੀ ਰਹਿੰਦੇ ਹੋਣ। ਉਹ ਵੀ ਬਥੇਰੇ ਝਮੇਲਿਆਂ ਸਦਕਾ ਨੀਂਦਰ ਗੁਆ ਕੇ ਦਵਾਈਆਂ ਦਾ ਢੇਰ ਖਾ ਰਹੇ ਹੁੰਦੇ ਹਨ ਅਤੇ ਪਰਿਵਾਰਕ ਝਗੜਿਆਂ ਵਿਚ ਉਲਝੇ ਹੁੰਦੇ ਹਨ।
(5). ਆਪਣੇ ਜਾਂ ਆਪਣੇ ਮਾਪਿਆਂ ਤੋਂ ਸਿਵਾ ਕੋਈ ਵਿਰਲਾ ਹੀ ਸੱਚੇ ਦਿਲੋਂ ਦੂਜੇ ਦੀ ਤਾਰੀਫ਼ ਕਰਦਾ ਹੈ। ਜਿਹੜਾ ਵੀ ਕੋਈ ਤਾਰੀਫ਼ ਕਰੇ, ਉਸ ਦਾ ਕੋਈ ਨਾ ਕੋਈ ਮਕਸਦ ਜ਼ਰੂਰ ਹੁੰਦਾ ਹੈ। ਇਹ ਮਕਸਦ ਉਸ ਦੇ ਆਪਣੇ ਵੀ ਤੁਹਾਡੇ ਵਰਗੇ ਹਾਲਾਤ ਹੀ ਹੋ ਸਕਦੇ ਹਨ, ਜਿਸ ਸਦਕਾ ਤੁਸੀਂ ਉਸ ਦੇ ਦਿਲ ਤੱਕ ਪਹੁੰਚ ਗਏ ਹੋ, ਇਹ ਮਕਸਦ ਉਸ ਦਾ ਦੁਖ ਘਟਾਉਣ ਜਾਂ ਵੰਡਾਉਣ ਦਾ ਕਾਰਨ ਬਣਨਾ ਹੋ ਸਕਦਾ ਹੈ, ਇਕ ਮਕਸਦ ਉਸ ਦੀ ਤਮੰਨਾ ਤੁਹਾਡੇ ਵਰਗੀ ਹੋਣ ਦੀ ਚਾਅ ਹੋ ਸਕਦਾ ਹੈ, ਜਾਂ ਫੇਰ ਤੁਹਾਡੇ ਨਾਲ ਦੋਸਤੀ ਗੰਢ ਕੇ ਦੂਜਾ ਇਨਸਾਨ ਖ਼ੁਸ਼ੀ ਮਹਿਸੂਸ ਕਰਦਾ ਹੈ ਤੇ ਆਪਣਾ ਆਪ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਉਹ ਤੁਹਾਡੀ ਤਾਰੀਫ਼ ਕਰਨ ਦੇ ਨਾਲੋ ਨਾਲ ਤੁਹਾਡੇ ਕੀਮਤੀ ਪਲ ਚੁਰਾ ਕੇ ਆਪਣੇ ਉੱਤੇ ਖੁਸ਼ਬੋ ਤਰੌਂਕੀ (ਛਿੜਕਾਅ) ਮਹਿਸੂਸ ਕਰਦਾ ਹੈ।
ਗੱਲ ਜੋ ਵੀ ਹੋਵੇ, ਨਿਬੜਦੀ ਏਥੇ ਹੀ ਹੈ ਕਿ ਭੰਡਣ ਜਾਂ ਨਿੰਦਣ ਵਾਲੇ ਲੋਕਾਂ ਦੀ ਕੋਈ ਆਪਣੀ ਪ੍ਰਾਪਤੀ ਨਹੀਂ ਹੁੰਦੀ ਤੇ ਨਾ ਹੀ ਲੋਕ ਉਨ੍ਹਾਂ ਨੂੰ ਬਹੁਤਾ ਸਮਾਂ ਯਾਦ ਰੱਖਦੇ ਹਨ ਕਿਉਂਕਿ ਬਦਬੂ ਬਹੁਤੀ ਦੇਰ ਝੱਲਣੀ ਔਖੀ ਹੁੰਦੀ ਹੈ। ਇਸੇ ਲਈ ਲੋਕ ਛੇਤੀ ਕਿਨਾਰਾ ਕਰ ਜਾਂਦੇ ਹਨ। ਜਿਹੜੇ ਨਿੰਦਕ ਨਾਲ ਡਟੇ ਰਹਿਣ, ਉਹ ਆਪ ਵੀ ਗੰਦਗੀ ਦਾ ਭਰਿਆ ਟਰੱਕ ਹੁੰਦੇ ਹਨ।
ਸੋ, ਨਿੰਦਾ ਸੁਣਦੇ ਸਾਰ ਝੂਰਨ ਦੀ ਬਜਾਏ ਪ੍ਰਸੰਨ ਹੋਣਾ ਸਿੱਖੀਏ ਕਿਉਂਕਿ ਉਹੀ ਦਿਨ ਹੈ ਜਿਸ ਦਿਨ ਅਸੀਂ ਕੁੱਝ ਪ੍ਰਾਪਤ ਕਰਕੇ ਦੂਜੇ ਨੂੰ ਪਿਛਾਂਹ ਛੱਡ ਆਏ ਹੁੰਦੇ ਹਾਂ।ਕਬੀਰ ਜੀ ਵੀ ਨਿੰਦਕ ਪ੍ਰਤੀ ਕੁੱਝ ਅਜਿਹਾ ਵੀ ਨਜ਼ਰੀਆ ਰੱਖਦੇ ਲਿਖਦੇ ਹਨ: ‘‘ਨਿੰਦਉ, ਨਿੰਦਉ, ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ਨਿੰਦਾ ਬਾਪੁ, ਨਿੰਦਾ ਮਹਤਾਰੀ (ਮਾਤਾ)॥’’ (ਭਗਤ ਕਬੀਰ/੩੩੯)
ਅੰਤ ਵਿਚ ਬਾਬਾ ਬੁੱਲੇ ਸ਼ਾਹ ਨਾਲ ਜੁੜੀ ਇਕ ਦੰਤ ਕਥਾ ਬਾਰੇ ਜ਼ਿਕਰ ਕਰਨਾ ਚਾਹਾਂਗੀ।
ਬਾਬਾ ਬੁੱਲੇ ਸ਼ਾਹ ਕੋਲ ਇਕ ਦਿਨ ਇਕ ਬੰਦਾ ਪਹੁੰਚਿਆ ਤੇ ਕਹਿਣ ਲੱਗਿਆ, ‘‘ਮੈਂ ਤੁਹਾਨੂੰ ਇਕ ਜ਼ਰੂਰੀ ਗੱਲ ਦੱਸਣੀ ਹੈ। ਤੁਹਾਡੇ ਬਾਰੇ ਇਕ ਬੰਦਾ ਗ਼ਲਤ ਬੋਲਰਿਹਾ ਹੈ।’’ ਬਾਬਾ ਬੁੱਲੇ ਸ਼ਾਹ ਨੇ ਕਿਹਾ, ‘‘ਭਗਤਾ ! ਕੁੱਝ ਦੱਸਣ ਤੋਂ ਪਹਿਲਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ।
‘‘ਪਹਿਲਾ– ਕੀ ਤੂੰ ਸਮਝਦਾ ਹੈਂ ਕਿ ਜੋ ਕੁੱਝ ਉਹ ਮੇਰੇ ਬਾਰੇ ਬੋਲ ਰਿਹਾ ਹੈ ਉਹ ਸੱਚ ਹੈ ? ਜੇ ਤੇਰੇ ਹਿਸਾਬ ਨਾਲ ਸੱਚ ਹੈ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ। ਜੇ ਤੇਰੇ ਹਿਸਾਬ ਨਾਲ ਝੂਠ ਹੈ ਤਾਂ ਫਿਰ ਝੂਠ ਅਗਾਂਹ ਫੈਲਾਉਣ ਦੀ ਕੋਈ ਲੋੜ ਨਹੀਂ।
‘‘ਦੂਜਾ ਕੀ ਤੂੰ ਸਮਝਦਾ ਹੈਂ ਕਿ ਕਿਸੇ ਵੱਲੋਂ ਬੋਲੇ ਗ਼ਲਤ ਸ਼ਬਦ ਮੈਨੂੰ ਸੁਣਾ ਕੇ ਮੇਰਾ ਕੁੱਝ ਸੰਵਾਰਿਆ ਜਾ ਸਕਦਾ ਹੈ ? ਜੇ ਤੂੰ ਪਹਿਲਾਂ ਹੀ ਉਸ ਨੂੰ ਕੂੜ ਪ੍ਰਚਾਰ ਮੰਨ ਕੇ ਆਇਆ ਹੈਂ ਤੇ ਮੇਰਾ ਉਸ ਨਾਲ ਕੁੱਝ ਨਹੀਂ ਸੰਵਰਦਾ ਤਾਂ ਮੇਰਾ ਵਕਤ ਜ਼ਾਇਆ ਕਰਨ ਦੀ ਕੀ ਲੋੜ ਹੈ ?
‘‘ਤੀਜਾ : ਸਿਆਣੇ ਕਹਿ ਗਏ ਹਨ ਕਿ ਸੁਣੀ ਸੁਣਾਈ ਗੱਲ ਉੱਤੇ ਵਿਸ਼ਵਾਸ ਨਹੀਂ ਕਰੀਦਾ। ਨਿੰਦਕ ਸਾਡੇ ਕੱਪੜੇ ਝਾੜ ਰਿਹਾ ਹੁੰਦਾ ਹੈ ਜੋ ਜ਼ਰੂਰੀ ਹੁੰਦਾ ਹੈ। ਹੁਣਦੱਸ, ਜੇ ਤੂੰ ਨਿੰਦਕ ਨਾਲ ਸਹਿਮਤ ਹੈਂ ਤਾਂ ਉਸੇ ਨਾਲ ਜੁੜਿਆ ਰਹਿ ! ਜੇ ਤੂੰ ਉਸ ਤੋਂ ਇਨਕਾਰੀ ਹੈਂ ਤਾਂ ਮੇਰੀ ਪ੍ਰਭੂ ਨਾਲ ਜੁੜੀ ਬਿਰਤੀ ਵਿਚ ਖ਼ਲਲ ਪਾਉਣ ਤੋਂ ਵੱਧ ਕੁੱਝ ਨਹੀਂ ਕਰੇਂਗਾ ! ਇਸੇ ਲਈ ਉਹ ਗੰਦਗੀ ਉੱਥੇ ਹੀ ਛੰਡ ਆਉਣੀ ਬਿਹਤਰ ਹੈ।’’
ਗੱਲ ਏਥੇ ਨਿਬੜਦੀ ਹੈ- ‘‘ਜੋ ਕਿਛੁ ਹੋਆ, ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ, ਕਰਣੈ ਜੋਗੁ ॥’’ (ਮ: ੫/੧੭੬)