ਕੀ ਪਾਇਆ ਤੇ ਕੀ ਗਵਾਇਆ ?

0
412

ਕੀ ਪਾਇਆ ਤੇ ਕੀ ਗਵਾਇਆ ?

ਡਾ: ਅਮਰਜੀਤ ਸਿੰਘ

ਦੇਸ਼ ਵਿਚ ਰਹਿੰਦਿਆਂ ਸਭ ਚਾਹੁੰਦੇ ਹਨ ਕਿ ਆਪਣੇ ਬੱਚਿਆਂ ਨੂੰ ਬਾਹਰ ਇੰਗਲੈਂਡ, ਕੈਨੇਡਾ ਜਾਂ ਅਮਰੀਕਾ ਭੇਜਿਆ ਜਾਵੇ। ਇਸ ਸੋਚ ਦੇ ਪਿੱਛੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਪੈਸੇ ਕਮਾਉਣਾ, ਚੰਗੀ ਵਿੱਦਿਆ ਪ੍ਰਾਪਤ ਕਰਨਾ ਜਾਂ ਅਗਾਂਹ-ਵਧੂ ਸਭਿਆਚਾਰ ਵਿਚ ਵਿਚਰਨਾ ਆਦਿ। ਮੇਰੇ ਖ਼ਿਆਲ ਅਨੁਸਾਰ ਬਹੁਤੇ ਲੋਕ ਪੈਸੇ ਕਮਾਉਣ ਦੀ ਲਾਲਸਾ ਨਾਲ ਹੀ ਵਿਦੇਸ਼ਾਂ ਵਿਚ ਜਾਂਦੇ ਹਨ, ਆਉਂਦੇ ਹਨ।

ਸਵਾਲ ਉੱਠਦਾ ਹੈ ਕਿ ਕੀ ਆਪਣੇ ਦੇਸ਼ ਵਿਚ ਪੈਸੇ ਨਹੀਂ ਕਮਾਏ ਜਾ ਸਕਦੇ? ਕਈ ਲੋਕਾਂ ਕੋਲ ਚੰਗੀਆਂ ਨੌਕਰੀਆਂ, ਜ਼ਮੀਨਾਂ, ਸਫਲ ਕਾਰੋਬਾਰ, ਫ਼ੈਕਟਰੀਆਂ ਜਾਂ ਦੁਕਾਨਾਂ ਆਦਿ ਹਨ, ਪਰ ਫਿਰ ਵੀ ਮਾਂ-ਬਾਪ ਆਪਣੇ ਬੱਚਿਆਂ ਨੂੰ ਠੀਕ ਜਾਂ ਗ਼ਲਤ ਤਰੀਕੇ ਰਾਹੀਂ ਵਿਦੇਸ਼ ਭੇਜਣਾ ਚਾਹੁੰਦੇ ਹਨ। ਇਸ ਲੇਖ ਵਿਚ ਅਸੀਂ ਵਿਚਾਰ ਕਰਾਂਗੇ ਕਿ ਸਾਡੀ ਪਹਿਲੀ ਪੀੜ੍ਹੀ ਨੇ ਬਾਹਰ ਆ ਕੇ ਆਪਣੇ ਜੀਵਣ ਵਿਚ ਕੀ ਪਾਇਆ ਤੇ ਕੀ ਗਵਾਇਆ?

ਆਪਣੇ ਦੇਸ਼ ਵਿਚ ਅਸੀਂ ਆਪਣੇ ਮਾਂ-ਬਾਪ ਦੀ ਛੱਤਰ-ਛਾਇਆ ਹੇਠ ਪਰਵਰਿਸ਼ ਪਾਈ ਸੀ। ਕਈ ਵੱਡੇ ਪਰਿਵਾਰ ਰਲ-ਮਿਲ ਕੇ ਇੱਕ ਜਗ੍ਹਾ ਜਾਂ ਇਕ ਘਰ ਵਿਚ ਹੀ ਰਹਿੰਦੇ ਸਨ, ਜਿਸ ਨੂੰ ਸਾਂਝਾ-ਪਰਿਵਾਰ ਵੀ ਕਹਿ ਸਕਦੇ ਹਾਂ। ਸਾਂਝੇ-ਪਰਿਵਾਰ ਵਿਚ ਬਜ਼ੁਰਗਾਂ ਤੇ ਵੱਡਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ, ਵੱਡੇ ਪੁਰਸ਼ ਜਾਂ ਇਸਤ੍ਰੀ ਨੂੰ ਅੰਕਲ ਜਾਂ ਆਂਟੀ ਕਹਿ ਕੇ ਪੁਕਾਰਿਆ ਜਾਂਦਾ ਸੀ ਤੇ ਬਜ਼ੁਰਗਾਂ ਦੇ ਆਮ ਪੈਰੀਂ ਹੱਥ ਵੀ ਲਾਇਆ ਜਾਂਦਾ ਸੀ। ਉਨ੍ਹਾਂ ਦੀ ਸਲਾਹ ਲਈ ਜਾਂਦੀ ਸੀ ਕਿਉਂਕਿ ਉਹ ਘਰ ਦੇ ਵਡੇਰੇ ਅਖਵਾਉਂਦੇ ਸਨ। ਉਨ੍ਹਾਂ ਦੀ ਇੱਜ਼ਤ ਕਰਨਾ ਸਾਡਾ ਫ਼ਰਜ਼ ਹੁੰਦਾ ਸੀ। ਗਲੀ ਮੁਹੱਲੇ ਵਿਚ ਸਭ ਰਲ ਮਿਲ ਕੇ ਰਹਿੰਦੇ ਸਨ ਅਤੇ ਉੱਥੇ ਸਭ ਰਹਿਣ ਵਾਲਿਆਂ ਦੀ ਪੂਰੀ ਜਾਣਕਾਰੀ ਵੀ ਹੁੰਦੀ ਸੀ। ਬੱਚਿਆਂ ਦੇ ਜਨਮ, ਵਿਆਹ ਜਾਂ ਮੌਤ ’ਤੇ ਗਵਾਂਢੀਆਂ ਨਾਲ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਸੀ। ਕਈ ਵਾਰੀ ਗਵਾਂਢੀਆਂ ਦੀ ਚੰਗੀ ਤਕਦੀਰ ਕਾਰਨ ਈਰਖਾ ਦਾ ਸ਼ਿਕਾਰ ਵੀ ਹੁੰਦੇ ਸੀ, ਜਿਸ ਕਾਰਨ ਪਰਿਵਾਰਾਂ ਵਿਚ ਦੁਸ਼ਮਣੀਆਂ ਵੀ ਪੈ ਜਾਂਦੀਆਂ ਸਨ। ਇਸ ਸਭ ਕੁਝ ਦੇ ਹੁੰਦਿਆਂ ਵੀ ਦੇਸ਼ ਵਿਚ ਰਹਿੰਦਿਆਂ ਸਾਨੂੰ ਆਪਣੇ ਰਹਿਣ-ਸਹਿਣ ’ਤੇ ਮਾਣ ਹੁੰਦਾ ਸੀ। ਜੇ ਪੜ੍ਹ-ਲਿਖ ਜਾਂਦੇ ਜਾਂ ਚੰਗੀ ਨੌਕਰੀ ’ਤੇ ਲੱਗੇ ਹੁੰਦੇ ਜਾਂ ਸਫਲ਼ ਕਾਰੋਬਾਰ ਹੁੰਦਾ ਤਾਂ ਬੜੇ ਫ਼ਖਰ ਨਾਲ ਰਹਿੰਦੇ ਸੀ ਤੇ ਲੋਕ ਵੀ ਇੱਜ਼ਤ ਕਰਦੇ ਸਨ।

ਵਿਦੇਸ਼ਾਂ ਵਿਚ ਆ ਕੇ ਇੱਥੋਂ ਦੇ ਸਭਿਆਚਾਰ ਦੇ ਅਸਰ ਥੱਲੇ ਰਹਿੰਦਿਆਂ ਸਾਨੂੰ ਆਪਣੇ ਜੀਵਨ ਵਿਚ ਕਈ ਤਬਦੀਲੀਆਂ ਲਿਆਉਣੀਆਂ ਪਈਆਂ। ਪਹਿਲਾਂ ਇਨ੍ਹਾਂ ਦੀ (ਵਿਦੇਸੀ) ਬੋਲੀ ਸਿੱਖਣੀ ਪਈ ਤੇ ਆਪਣੇ ਰਹਿਣ-ਸਹਿਣ ਦੇ ਤਰੀਕੇ ਬਦਲਣੇ ਪਏ। ਅਸੀਂ ਆਪਣੇ ਕੰਮਾਂ ਵਿਚ ਇੰਨਾ ਰੁੱਝ ਗਏ ਕਿ ਸਾਨੂੰ ਆਪਸ ਵਿਚ ਮਿਲਣ ਦਾ, ਜਾਂ ਦੋਸਤਾਂ-ਮਿੱਤਰਾਂ ਨਾਲ ਸਮਾ ਬਿਤਾਉਣ ਲਈ ਘੱਟ ਹੀ ਸਮਾ ਮਿਲਦਾ। ਅਸੀਂ ਖਾਣ-ਪੀਣ ਲਈ ਪੱਕੇ-ਪਕਾਏ ਖਾਣੇ ਲਿਆਉਣ ਦੇ ਆਦੀ ਹੋਣ ਲੱਗੇ। ਦੇਸੀ ਸਭਿਆਚਾਰਕ ਸੰਮੇਲਨਾ ਦੀ ਘਾਟ ਮਹਿਸੂਸ ਹੋਣ ਲੱਗੀ। ਇਨ੍ਹਾਂ ਕਮੀਆਂ ਨੂੰ ਪੂਰਾ ਕਰਣ ਲਈ ਆਪਣੇ ਰੈਸਟੋਰੈਂਟ, ਗੁਰਦੁਆਰੇ ਤੇ ਦੁਕਾਨਾਂ ਖੁੱਲਣ ਲੱਗੀਆਂ। ਰੇਡੀਉ ਅਤੇ ਟੀ.ਵੀ. ਚੈਨਲਾਂ ਉੱਤੇ ਦਿਖਾਏ ਗਏ ਪ੍ਰੋਗਰਾਮਾਂ ਰਾਹੀਂ ਵੀ ਆਪਣੀ ਜ਼ੁਬਾਨ (ਬੋਲੀ) ਵਿਚ ਸਿਰਜਿਆ ਮਾਹੌਲ ਤੇ ਦੇਸ਼ ਦੇ ਸਭਿਆਚਾਰ ਵਾਲੀ ਘਾਟ ਪੂਰੀ ਨਾ ਹੋ ਸਕੀ।

ਪਿਛਲੇ ਪੰਜ ਛੇ ਦਹਾਕਿਆਂ ਵਿਚ ਅਸੀਂ ਇਨ੍ਹਾਂ ਮੁਲਕਾਂ ਵਿਚ ਆ ਕੇ ਬਹੁਤ ਮਿਹਨਤ ਕੀਤੀ ਤੇ ਪੂਰੀ ਤਰ੍ਹਾਂ ਪੈਰ ਜਮਾ ਲਏ ਹਨ। ਇੱਥੇ ਦੇ ਕੰਮ ਕਰਨ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਕੇਵਲ ਅੱਠ ਘੰਟੇ ਦਿਲ ਲਗਾ ਕੇ ਕੰਮ ਕਰਨ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਮਿਹਨਤ ਤੇ ਦਿਲ ਲਾ ਕੇ ਕੰਮ ਕਰਣ ਨਾਲ ਪੈਸੈ ਵੀ ਚੰਗੇ ਮਿਲ ਜਾਂਦੇ ਹਨ। ਪੈਸਿਆਂ ਦੇ ਹਿਸਾਬ ਨਾਲ ਅਸੀਂ ਇੱਥੋਂ ਦੀ ਮੱਧ-ਸ਼੍ਰੇਣੀ ਤੋਂ ਵੀ ਉੱਪਰ ਗਿਣੇ ਜਾਂਦੇ ਹਾਂ। ਅਸੀਂ ਆਪਣੀਆਂ ਸਭ ਲੋੜਾਂ ਪੂਰੀਆਂ ਕਰ ਰਹੇ ਹਾਂ ਤੇ ਅੱਗੋਂ ਲਈ ਵੀ ਕਰ ਸਕਦੇ ਹਾਂ। ਅਸੀਂ ਆਪਣੇ ਦੇਸ਼ ਦੇ ਰਿਸ਼ਵਤ ਭਰੇ ਵਾਤਾਵਰਨ ਤੋਂ ਬਹੁਤ ਦੂਰ ਆ ਗਏ ਹਾਂ। ਸਾਡੇ ਬੱਚੇ ਪੜ੍ਹ-ਲਿਖ ਕੇ ਚੰਗੀਆਂ ਨੌਕਰੀਆਂ, ਸਫਲ ਕਾਰੋਬਾਰਾਂ ਜਾਂ ਕਾਰਖ਼ਾਨਿਆਂ ਵਿਚ ਲੱਗੇ ਹੋਏ ਹਨ ਜਾਂ ਚੰਗੀਆਂ ਦੁਕਾਨਾਂ ਚਲਾ ਰਹੇ ਹਨ।

ਇਸ ਤਰ੍ਹਾਂ ਕਹਿੰਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਮੰਤਵਾਂ ਲਈ ਅਸੀਂ ਇਨ੍ਹਾਂ ਵਿਦੇਸੀ ਮੁਲਕਾਂ ਵਿਚ ਆਏ ਸੀ ਉਹ ਪੂਰੇ ਹੋ ਗਏ ਹਨ ਜਾਂ ਪੂਰੇ ਹੋ ਰਹੇ ਹਨ। ਫਿਰ ਸਵਾਲ ਇਹ ਭੀ ਉੱਠਦਾ ਹੈ ਕਿ ਜੋ ਇਹ ਸਭ ਕੁਝ ਅਸੀਂ ਪਾਇਆ ਹੈ ਤੇ ਇਸ ਦੇ ਬਦਲੇ ਅਸੀਂ ਕੀ ਗਵਾਇਆ ਵੀ ਹੈ? ਅੰਗਰੇਜ਼ੀ ਦਾ ਇਕ ਮੁਹਾਵਰਾ ਯਾਦ ਆਇਆ No pain No gain ਦੁੱਖ ਪਾਏ ਬਿਨਾ ਸੁੱਖ ਪ੍ਰਾਪਤ ਨਹੀਂ ਹੁੰਦਾ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਜ਼ਿੰਦਗੀ ਵਿਚ ਕੁਝ ਵੀ ਮੁਫ਼ਤ ਨਹੀਂ ਮਿਲਦਾ ਤੇ ਉਸ ਦਾ ਮੁੱਲ ਕਿਸੇ ਨਾ ਕਿਸੇ ਤਰੀਕੇ ਉਤਾਰਨਾ ਹੀ ਪੈਂਦਾ ਹੈ। ਜੇ ਇਹ ਗੱਲ ਸੱਚ ਹੈ ਤਾਂ ਸਾਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਇਸ ਦਾ ਮੁੱਲ ਅਸੀਂ ਕਿਵੇਂ ਉਤਾਰਿਆ ਹੋਵੇਗਾ ?

ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੇ ਮਾਂ-ਬਾਪ ਤੋਂ ਦੂਰ ਰਹਿ ਕੇ ਉਨ੍ਹਾਂ ਦੇ ਪਿਆਰ ਤੇ ਅਸੀਸਾਂ ਤੋਂ ਵਾਂਝੇ ਰਹਿ ਗਏ ਹਾਂ ਤੇ ਉਨ੍ਹਾਂ ਦੇ ਦੁੱਖ-ਸੁੱਖ ਦੇ ਭਾਈਵਾਲ ਵੀ ਨਾ ਬਣ ਸਕੇ। ਖ਼ਾਸ ਤੋਰ ’ਤੇ ਜਦੋਂ ਕਦੀ ਉਹ ਬਿਮਾਰ ਹੋ ਜਾਂਦੇ ਸੀ ਜਾਂ ਹਸਪਤਾਲ ਵਿਚ ਜਾਣਾ ਪੈਂਦਾ ਸੀ ਤਾਂ ਅਸੀਂ ਉਨ੍ਹਾਂ ਦੀ ਸੇਵਾ ਕਰਨ ਲਈ ਲਾਚਾਰ ਹੁੰਦੇ ਸਾਂ। ਉਨ੍ਹਾਂ ਨੂੰ ਵੀ ਸਾਡੀ ਦੂਰੀ ਦਾ ਮਾਨਸਿਕ ਕਸ਼ਟ ਸਹਿਣਾ ਪੈਂਦਾ ਹੋਵੇਗਾ।

ਇਨ੍ਹਾਂ ਮੁਲਕਾਂ ਵਿਚ ਬੱਚਿਆਂ ਦਾ ਬਹੁਤਾ ਸਮਾ ਸਕੂਲਾਂ ਵਿਚ, ਆਪਣੇ ਦੋਸਤਾਂ ਨਾਲ ਜਾਂ ਫਿਰ ਕੰਪਿਊਟਰਾਂ ਅਤੇ ਟੈਲੀਫ਼ੋਨਾਂ ਉੱਤੇ ਹੀ ਗੁਜ਼ਰਦਾ ਹੈ। ਇਹ ਵਾਤਾਵਰਨ ਅਤੇ ਸਕੂਲਾਂ ਦੀ ਪੜ੍ਹਾਈ ਬੱਚਿਆਂ ਦੀਆਂ ਖ਼ਾਹਿਸ਼ਾਂ ਤੇ ਕਾਬਲੀਅਤਾਂ ਨੂੰ ਉਭਾਰਨ ’ਤੇ ਜ਼ੋਰ ਦਿੰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਜਾਂ ਉਮੰਗਾਂ ਬਾਰੇ ਜਾਗਰੂਕਤਾ ਆਉਣੀ ਸ਼ੁਰੂ ਕਰ ਦਿੰਦੀ ਹੈ ਜਿਸ ਵਿੱਚ ਉਸ ਦੇਸ (ਵਿਦੇਸ) ਨੂੰ ਪਹਿਲ ਦੇਣੀ ਵੀ ਸਿਖਾਈ ਜਾਂਦੀ ਹੈ। ਇਕ ਪੱਖੋਂ ਤਾਂ ਇਹ ਠੀਕ ਹੈ ਕਿ ਇਸ ਨਾਲ ਸਾਡੇ ਬੱਚੇ ਆਪਣੇ ਜੀਵਨ ਵਿਚ ਜੋ ਵੀ ਚਾਹੁੰਦੇ ਹਨ ਉਹ ਆਪ ਚੁਣ ਸਕਦੇ ਹਨ ਅਤੇ ਪੂਰੀ ਤਰ੍ਹਾਂ ਮਿਹਨਤ ਕਰ ਕੇ ਆਪਣੇ ਕਿੱਤੇ ਜਾਂ ਆਪਣੇ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦੇ ਹਨ। ਇਹ ਸਿੱਖਿਆ, ਬੱਚਿਆਂ ਨੂੰ ਸਿਰਫ਼ ਆਪਣੇ ਬਾਰੇ ਹੀ ਜਾਗਰੂਕ ਕਰਦੀ ਹੈ ਜਾਂ ਇਉਂ ਕਹਿ ਲਵੋ ਕਿ ਕੁਝ ਹੱਦ ਤਕ ਖ਼ੁਦਗ਼ਰਜ਼ ਹੀ ਬਣਾ ਦਿੰਦੀ ਹੈ ਤੇ ਬੱਚੇ ਦੂਸਰੇ ਦੇ ਭਲੇ ਬਾਰੇ ਸੋਚਣਾ, ਦੂਸਰੇ ਦੀਆਂ ਖ਼ਾਹਿਸ਼ਾਂ ਜਾਂ ਉਮੰਗਾਂ ਦੀ ਕਦਰ ਕਰਨੀ ਹੀ ਭੁੱਲ ਜਾਂਦੇ ਹਨ। ਇਉਂ ਵੱਡਿਆਂ ਦਾ ਸਤਿਕਾਰ ਕਰਣ ਦੀ ਬਜਾਏ ਉਨ੍ਹਾਂ ਨਾਲ ਆਪਣੀ ਬਰਾਬਰਤਾ ਵਾਲਾ ਵਤੀਰਾ ਹੀ ਕਰਦੇ ਹਨ। ਵੱਡਿਆਂ ਦੇ ਜੀਵਨ ਦੇ ਤਜਰਬੇ ਦੀ, ਜਾਂ ਉਨ੍ਹਾਂ ਦੇ ਸਲਾਹ ਮਸ਼ਵਰੇ ਦੀ, ਕੋਈ ਕਦਰ ਨਹੀਂ ਕੀਤੀ ਜਾਂਦੀ। ਮਾਂ-ਬਾਪ ਨੇ ਸਾਰੀ ਉਮਰ ਕੰਮ ਕਰ ਕੇ, ਜਾਂ ਕਾਰੋਬਾਰ ਚਲਾ ਕੇ ਪਰਿਵਾਰ ਨੂੰ ਪਾਲਿਆ ਹੁੰਦਾ ਹੈ। ਭਾਵੇਂ ਉਨ੍ਹਾਂ ਦੇ ਤੌਰ-ਤਰੀਕੇ ਵੱਖਰੇ ਹੋ ਸਕਦੇ ਹਨ ਪਰ ਇਨਸਾਨ ਦੀ ਫ਼ਿਤਰਤ ਤੇ ਜੀਵਨ ਦਾ ਅਨੁਭਵ ਬਹੁਤਾ ਨਹੀਂ ਬਦਲਦਾ, ਪਰ ਸਾਡੀ ਅਗਲੀ ਪੀੜ੍ਹੀ ਇਸ ਗੱਲ ਨੂੰ ਨਹੀਂ ਸਮਝਦੀ। ਅੱਜ ਦੀ ਨਵੀਂ ਪੀੜ੍ਹੀ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਹ ਆਪਣੀ ਸਲਾਹ ਇੰਟਰਨੈੱਟ ਤੋਂ ਲੈਂਦੀ ਹੈ ਅਤੇ ਉਸ ਉੱਤੇ ਹੀ ਅਮਲ ਕਰਦੀ ਹੈ ਭਾਵੇਂ ਉਹ ਗ਼ਲਤ ਹੀ ਕਿਉਂ ਨਾ ਹੋਵੇ। ਇਸ ਨਵੀਂ ਪੀੜ੍ਹੀ ਨੂੰ ਇੰਟਰਨੈੱਟ ਜਨਰੇਸ਼ਨ ਕਿਹਾ ਜਾ ਸਕਦਾ ਹੈ। ਇੰਟਰਨੈੱਟ ਉੱਤੋਂ ਹਰ ਮਜ਼ਮੂਨ ਬਾਰੇ ਅਥਾਹ ਜਾਣਕਾਰੀ ਮਿਲਦੀ ਹੈ ਪਰ ਮੁਸ਼ਕਿਲ ਇਹ ਹੈ ਕਿ ਉਹ ਕਿੰਨੀ ਠੀਕ ਜਾਂ ਕਿੰਨੀ ਗ਼ਲਤ ਹੈ, ਇਹ ਅੰਦਾਜ਼ਾ ਕਿਵੇਂ ਲੱਗੇ? ਇਸ ਲਈ ਕਈ ਵਾਰੀ ਇਹ ਜਾਣਕਾਰੀ ਗ਼ਲਤ ਰਸਤੇ ’ਤੇ ਵੀ ਲੈ ਜਾਂਦੀ ਹੈ। ਅੱਜ ਦੇ ਬੱਚੇ ਇਸ ਇੰਟਰਨੈੱਟ ਤੋਂ ਮਿਲੀ ਹੋਈ ਜਾਣਕਾਰੀ ਉੱਤੇ ਹੀ ਅਮਲ ਕਰਦੇ ਹਨ ਜਿਸ ਕਾਰਨ ਬਜ਼ੁਰਗਾਂ ਦੇ ਤਜਰਬੇ ਦਾ ਫ਼ਾਇਦਾ ਹੀ ਨਹੀਂ ਉੱਠਾ ਰਹੇ।

ਇਹ ਆਮ ਹੀ ਕਿਹਾ ਜਾਂਦਾ ਹੈ ਕਿ ਅੱਜ ਦੀ ਪੀੜ੍ਹੀ ਵਿਚ ਔਰਤ ਪ੍ਰਧਾਨ ਹੈ ਅਤੇ ਔਰਤ ਦੀ ਹੀ ਚਲਦੀ ਹੈ। ਔਰਤਾਂ ਦੀ ਆਜ਼ਾਦੀ ਜਾਂ ਸਵੈ ਅਧੀਨਤਾ ਦੀ ਲਹਿਰ ਕਈ ਸਾਲਾਂ ਤੋਂ ਚੱਲ ਰਹੀ ਹੈ, ਜਿਸ ਨੇ ਮਰਦ ਤੇ ਔਰਤ ਦੇ ਰਿਸ਼ਤੇ ਨੂੰ ਇਕ ਨਵਾਂ ਪਹਿਲੂ ਦੇ ਦਿੱਤਾ ਹੈ। ਅੱਜ ਦੇ ਸਮੇਂ ਦੌਰਾਨ ਬਹੁਤੀਆਂ ਔਰਤਾਂ ਦਫਤਰਾਂ ’ਚ ਕੰਮ ਕਰਦੀਆਂ ਹਨ, ਜਿਸ ਨਾਲ ਉਹ ਆਰਥਿਕ ਤੌਰ ’ਤੇ ਸੁਤੰਤਰ ਹੋ ਗਈਆਂ ਹਨ ਤੇ ਹੁਣ ਪਰਿਵਾਰਕ ਸੰਗਠਨਾਂ ਦੀ ਪ੍ਰਵਾਹ ਨਹੀਂ ਕਰਦੀਆਂ। ਮੁੰਡੇ ਉਹ ਹੀ ਕਰਦੇ ਹਨ, ਜੋ ਕੁੜੀਆਂ ਚਾਹੁੰਦੀਆਂ ਹਨ। ਇਨ੍ਹਾਂ ਬਦਲਦੇ ਰਿਸ਼ਤਿਆਂ ਕਾਰਨ ਸਾਡਾ ਪਰਿਵਾਰਕ ਸੰਤੁਲਨ ਜਾਂ ਪਰਿਵਾਰਕ ਢਾਂਚਾ ਬਦਲ ਰਿਹਾ ਹੈ। ਬਹੁਤੇ ਮੁੰਡੇ ਜਾਂ ਕੁੜੀਆਂ ਆਪਸ ਵਿਚ ਵਿਆਹ ਵੀ ਨਹੀਂ ਕਰਵਾਉਂਦੇ ਅਤੇ ਬਿਨਾਂ ਵਿਆਹ ਤੋਂ ਹੀ ਇਕਠੇ ਰਹੀ ਜਾਂਦੇ ਹਨ। ਵਿਦੇਸੀ ਸਰਕਾਰਾਂ ਵੀ ਇਸ ਰਿਸ਼ਤੇ ਨੂੰ, ਜਾਂ ਇੱਕੋ ਹੀ ਲਿੰਗ ਨਾਲ ਰਹਿਣਾ ਸਵੀਕਾਰ ਕਰ ਰਹੀਆਂ ਹਨ।

ਇਨ੍ਹਾਂ ਸਭ ਕੁਝ ਦੇ ਹੁੰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਪੈਸਿਆਂ ਵੱਲੋਂ ਤਾਂ ਸੁਖੀ ਹੋ ਗਏ ਹਾਂ ਪਰ ਮਨ ਦੀ ਸ਼ਾਂਤੀ ਘਟਦੀ ਜਾ ਰਹੀ ਹੈ। ਇਸ ਦੇ ਨਾਲ ਸਾਡਾ ਬੱਚਿਆਂ ਨਾਲ ਵਤੀਰਾ, ਸਮਾਜਿਕ ਮੇਲ-ਜੋਲ ਤੇ ਪਰਿਵਾਰਕ ਜ਼ਿੰਦਗੀ ਉੱਤੇ ਬਹੁਤ ਅਸਰ ਪੈ ਰਿਹਾ ਹੈ ਜਾਂ ਕਾਫੀ ਹੱਦ ਤਕ ਪਰਿਵਾਰਕ ਰਿਸ਼ਤਿਆਂ ਦੀ ਟੁੱਟ ਭੱਜ ਵੀ ਹੋ ਚੁੱਕੀ ਹੈ ਜਾਂ ਇਹ ਕਹਿ ਲਵੋ ਕਿ ਪਰਿਵਾਰਾਂ ਦੇ ਅਰਥ ਹੀ ਬਦਲ ਗਏ ਹਨ।

ਸਾਡੇ ਵਿਦੇਸੀ ਬੱਚੇ ਹੀ ਨਹੀਂ ਸਗੋਂ ਪੰਜਾਬ ਦੇ ਬੱਚੇ ਵੀ ਬੜੀ ਤੇਜ਼ੀ ਨਾਲ ਪੱਛਮੀ ਕਦਰਾਂ-ਕੀਮਤਾਂ, ਰੀਤਾਂ ਅਤੇ ਰਿਵਾਜ਼ਾਂ ਨੂੰ ਬੜੀ ਤੇਜ਼ੀ ਨਾਲ ਅਪਣਾ ਰਹੇ ਹਨ। ਉਹ ਇਹ ਨਹੀਂ ਸਮਝਦੇ ਕਿ ਪੱਛਮੀ ਸਭਿਅਤਾ ਅੱਜ ਇਕ ਐਸੇ ਪੜਾ ’ਤੇ ਪਹੁੰਚ ਚੁੱਕੀ ਹੈ ਜਿੱਥੋਂ ਉਹ ਪੂਰਬੀ ਕਦਰਾਂ-ਕੀਮਤਾਂ, ਰੀਤਾਂ ਤੇ ਰਿਵਾਜ਼ਾਂ ਵੱਲ ਨੂੰ ਮੁੜਨ ਦੀ ਕੋਸ਼ਿਸ਼ ਵਿਚ ਹੈ। ਇਹ ਸਾਡੇ (ਭਾਰਤੀ ਜਾਂ ਪੰਜਾਬੀ) ਖਾਣੇ ਅਤੇ ਸੰਗੀਤ ਨੂੰ ਅਪਣਾ ਰਹੀ ਹੈ। ਮਨ ਦੀ ਸ਼ਾਂਤੀ ਲਈ ਯੋਗਾ, ਸਿਮਰਨ ਅਤੇ ਬੱਚਿਆਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਪਹਿਲਾਂ ਬੱਚਿਆਂ ਨੂੰ ਬਾਲਗ ਹੋਣ ’ਤੇ ਘਰੋਂ ਬਾਹਰ ਭੇਜ ਦਿੱਤਾ ਜਾਂਦਾ ਸੀ ਪਰ ਹੁਣ ਬਹੁਤੀ ਦੇਰ ਮਾਂ-ਬਾਪ ਕੋਲ ਹੀ ਰਹਿੰਦੇ ਹਨ ਜਾਂ ਮੁੜ ਕੇ ਵਾਪਸ ਆ ਰਹੇ ਹਨ।

ਇਸ ਦੇ ਉਲਟ ਸਾਡਾ ਪਰਿਵਾਰਕ ਜੀਵਨ ਅਤੇ ਬੱਚਿਆਂ ਦਾ ਰਵਈਆ (ਮੈਨੂੰ ਕਿਸੇ ਦੀ ਪਰਵਾਹ ਨਹੀਂ) ਇੰਨਾ ਅੱਗੇ ਲੰਘ ਗਿਆ ਹੈ ਕਿ ਇਸ ਨੂੰ ਵਾਪਸ ਮੁੜਨ ਲਈ ਕੁਝ ਸਮਾਂ ਲੱਗੇਗਾ। ਅੱਜ ਤੱਕ ਅਸੀਂ ਆਪਣੇ ਬੱਚਿਆਂ ਬਾਰੇ ਹੀ ਸੋਚਦੇ ਰਹੇ ਹਾਂ। ਉਨ੍ਹਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੁੰਦੇ ਸੀ। ਜੇ ਬੱਚਿਆਂ ਨੇ ਕਿਤੇ ਜਾਣ ਦਾ (ਜਾਂ ਕੋਈ ਹੋਰ) ਪ੍ਰੋਗਰਾਮ ਬਣਾਉਣਾ ਤਾਂ ਅਸੀਂ ਆਪਣੇ ਸਾਰੇ ਪ੍ਰੋਗਰਾਮ, ਉਨ੍ਹਾਂ ਦੇ ਹਿਸਾਬ ਨਾਲ ਬਦਲ ਲੈਂਦੇ ਸੀ। ਹੁਣ ਬੱਚੇ ਵੱਡੇ ਹੋ ਗਏ ਹਨ ਤੇ ਆਪਣੀ ਜਗ੍ਹਾ ਸਥਾਪਤ ਕਰ ਚੁੱਕੇ ਹਨ। ਇਸ ਲਈ ਅਸੀਂ ਆਪਣੀ ਵਡੇਰੀ ਉਮਰ ਵਿਚ ਆਪਣੀ ਦੇਖ-ਭਾਲ ਲਈ ਬੱਚਿਆਂ ’ਤੇ ਮੁਨਹਸਰ (Depending) ਨਹੀਂ ਹੋ ਸਕਦੇ। ਸਾਨੂੰ ਘਰ ਦੀਆਂ ਅਤੇ ਸਮਾਜਿਕ ਮੁਸ਼ਕਲਾਂ ਦਾ ਆਪ ਹੀ ਸਾਹਮਣਾ ਕਰਣਾ ਪਵੇਗਾ। ਆਪਣੇ ਪਰਿਵਾਰਕ-ਜੀਵਨ ਨੂੰ ਵੀ ਇੱਥੋਂ ਦੀ ਰਹਿਣੀ-ਬਹਿਣੀ ਮੁਤਾਬਕ ਹੀ ਢਾਲਣਾ ਪਵੇਗਾ। ਸਾਡਾ ਬੁਢਾਪਾ ਸਾਡੇ ਦੋਸਤਾਂ-ਮਿੱਤਰਾਂ ਦੇ ਮੇਲ-ਜੋਲ ਨਾਲ ਹੀ ਲੰਘਾਇਆ ਜਾ ਸਕੇਗਾ। ਅੱਜ ਪਹਿਲੀ ਪੀੜ੍ਹੀ ਨੂੰ ਆਪਣੇ ਬਾਰੇ ਸੋਚਣ ਦੀ ਅਤੇ ਆਪਣੀ ਜ਼ਿੰਦਗੀ ਦੇ ਰਹਿੰਦੇ ਪਲਾਂ ਨੂੰ ਪੂਰੀ ਤਰ੍ਹਾਂ ਖ਼ੁਸ਼ਹਾਲੀ ਨਾਲ ਜੀਵਣ ਦੀ ਜ਼ਰੂਰਤ ਹੈ।

ਉਪਰੋਕਤ ਕੀਤੀ ਗਈ ਵਿਚਾਰ ਅਨੁਸਾਰ ਕਿਹਾ ਗਿਆ ਹੈ ਕਿ ਪੱਛਮੀ ਸਭਿਅਤਾ ਵਾਪਸ ਮੁੜ ਕੇ ਪੂਰਬੀ ਕਦਰਾਂ-ਕੀਮਤਾਂ ਜਾਂ ਰਿਵਾਜ਼ਾਂ ਵੱਲ ਨੂੰ ਆ ਰਹੀ ਹੈ। ਫਿਰ ਕਿਉਂ ਨਾ ਅਸੀਂ ਪੱਛਮੀ ਸਭਿਅਤਾ ਤੋਂ ਕੁਝ ਸਿੱਖ ਕੇ ਐਸੇ ਕਦਮ ਉਠਾਈਏ ਕਿ, ਜੋ ਭੀ ਠੀਕ ਕੰਮ ਉਨ੍ਹਾਂ ਨੇ ਕੀਤੇ ਹਨ ਉਹ ਅਪਣਾ ਲਈਏ ਅਤੇ ਜੋ ਗ਼ਲਤੀਆਂ ਕੀਤੀਆਂ ਹਨ ਉਨ੍ਹਾਂ ਨੂੰ ਨਾ ਦੁਹਰਾਈਏ !