ਦੁੱਖੀ ਮਨੁੱਖਤਾ ਲਈ ਗੁਰੂ ਤੇਗ਼ ਬਹਾਦਰ ਸਾਹਿਬ ਤੇ ਸਿੱਖਾਂ ਦਾ ਸਿਧਾਂਤਿਕ ਸ਼ਹੀਦੀ ਪ੍ਰਣ

0
1011

ਦੁੱਖੀ ਮਨੁੱਖਤਾ ਲਈ ਗੁਰੂ ਤੇਗ਼ ਬਹਾਦਰ ਸਾਹਿਬ ਤੇ ਸਿੱਖਾਂ ਦਾ ਸਿਧਾਂਤਿਕ ਸ਼ਹੀਦੀ ਪ੍ਰਣ

ਗਿਆਨੀ ਅਵਤਾਰ ਸਿੰਘ

ਕਿਸੇ ਕੌਮ ਦੇ ਇਤਿਹਾਸ ਦੀ ਪਰਖ, ਉਸ ਦੇ ਸ਼ਹੀਦਾਂ ਦੀ ਗਿਣਤੀ ’ਤੇ ਨਿਰਭਰ ਕਰਦੀ ਹੈ।  ‘ਸ਼ਹੀਦ’ ਦਾ ਅਰਥ ਹੈ: ‘ਗਵਾਹੀ ਭਰਨਾ, ਕਿਸੇ ਨਿਯਮ ਉੱਤੇ ਡਟੇ ਰਹਿਣ ਵਾਲ਼ਾ, ਮਾਨਵਤਾ ਲਈ ਕੁਰਬਾਨ ਹੋਣ ਵਾਲ਼ਾ’ ਆਦਿ।  ਅਜਿਹੇ ਜੀਵਨ ਦੀ ਸਮਾਜ ’ਚ ਹਮੇਸ਼ਾਂ ਮਿਸਾਲ ਦਿੱਤੀ ਜਾਂਦੀ ਹੈ, ਜਿਸ ਕਾਰਨ ‘ਸ਼ਹੀਦ’ ਸ਼ਬਦ ਦਾ ਅੱਖਰੀਂ ਅਰਥ ‘ਸਾਖੀ ਭਰਨਾ ਜਾਂ ਗਵਾਹੀ ਭਰਨਾ’ ਪ੍ਰਸਿੱਧ ਹੋ ਗਿਆ।

ਸਿੱਖ ਕੌਮ ਇੱਕ ਸਹੀਦਾਂ ਦੀ ਕੌਮ ਹੈ, ਜਿਸ ਨੇ ਇੱਕ ਗੌਰਵਮਈ ਇਤਿਹਾਸ ਸਿਰਜਿਆ, ਜੋ ਮਾਨਵਤਾ ਲਈ ਮਿਸਾਲ ਬਣ ਗਿਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਦੂਸਰਾ ਨਾਂ ਹੀ ‘ਸਿੱਖੀ’ ਹੈ। 

ਹਿੰਦੂ ਇਤਿਹਾਸ (ਮਿਥਿਹਾਸ) ਅਨੁਸਾਰ ਜਦ ਵੀ ਬਦੀ ਨੇ ਸਿਰ ਚੁੱਕਿਆ, ਜ਼ੁਲਮ ਨੇ ਅੰਗੜਾਈ ਲਈ, ਚੀਕਾਂ-ਕੂਕਾਂ, ਫ਼ਰਿਆਦਾਂ ਆਦਿ ਨਾਲ਼ ਅਸਮਾਨ ਚੀਰਿਆ ਗਿਆ ਤਾਂ ਬਦੀ ਦਾ ਸਿਰ ਕੁਚਲਣ ਲਈ, ਜ਼ੁਲਮ ਦਾ ਮਲੀਆਮੇਟ ਕਰਨ ਲਈ ਰੱਬ ਦੇ ਕਿਸੇ ਅਵਤਾਰ (ਰਾਮ, ਕ੍ਰਿਸ਼ਨ, ਦੁਰਗਾ ਆਦਿਕ) ਨੇ ਜਨਮ ਧਾਰਿਆ, ਪਰ ਇਤਿਹਾਸ ਗਵਾਹ ਹੈ ਕਿ ਇਨ੍ਹਾਂ ਨੇ ਸਮਾਜਿਕ ਜ਼ੁਲਮਾਂ ਤੋਂ ਪੀੜਤ ਲੁਕਾਈ ਦੀ ਕੋਈ ਖ਼ਾਸ ਮਦਦ ਨਹੀਂ ਕੀਤੀ; ਜਿਵੇਂ ਕਿ ਰਮਾਇਣ ਕਥਾ ਮੁਤਾਬਕ ਸ਼੍ਰੀ ਰਾਮ ਚੰਦਰ ਜੀ ਨੇ ਮਾਤਾ ਸੀਤਾ ਜੀ ਨੂੰ ਛੁਡਵਾਉਣ ਲਈ ਰਾਵਣ ਨਾਲ਼ ਯੁੱਧ ਕੀਤਾ।  ਰਾਮਾਇਣ ਮੁਤਾਬਕ ਹੀ ਮਾਤਾ ਸੀਤਾ ਨੂੰ ਚੁੱਕਣ ਦਾ ਕਾਰਨ ਇਹ ਹੈ ਕਿ ਰਾਮ ਚੰਦਰ ਦੇ ਛੋਟੇ ਭਰਾ ਲਛਮਣ ਨੇ ਰਾਵਣ ਦੀ ਭੈਣ ਸਰੂਪਨਖਾ (ਸੂਪਨਖਾ) ਦਾ ਨੱਕ ਕੱਟਿਆ ਸੀ, ਜਦ ਉਸ ਨੇ ਰਾਮ ਚੰਦਰ ਨਾਲ਼ ਸ਼ਾਦੀ ਕਰਨ ਦੀ ਇੱਛਾ ਜਤਾਈ ਸੀ।

ਇੱਕ ਹੋਰ ਕਥਾ ਮੁਤਾਬਕ ਪੰਡਿਤ ਦੇ ਕਹਿਣ ਉੱਤੇ ਰਾਮ ਚੰਦਰ ਜੀ ਨੇ ਰੱਬੀ ਭਗਤ ਸੰਭੂਕ (ਸ਼ੂਦਰ) ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਪੰਡਿਤਾਂ ਮੁਤਾਬਕ ਸ਼ੂਦਰ ਦਾ ਕਰਮ ਰੱਬੀ ਭਗਤੀ ਕਰਨਾ ਨਹੀਂ।  ਇਸੇ ਤਰ੍ਹਾਂ ਮਹਾਂਭਾਰਤ ਅਨੁਸਾਰ ਜੂਏ ’ਚ ਹਾਰਿਆ ਹੋਇਆ ਰਾਜ ਤੇ ਦ੍ਰੋਪਤੀ ਮੁੜ ਪਾਂਡਵਾਂ ਨੂੰ ਦਿਲਵਾਉਣ ਲਈ ਸ਼੍ਰੀ ਕ੍ਰਿਸ਼ਨ ਜੀ ਨੇ ਕੌਰਵਾਂ ਨਾਲ਼ ਯੁੱਧ ਕਰਵਾਇਆ।

ਦੂਸਰੇ ਪਾਸੇ ਲਿੰਗ, ਧਰਮ ਤੇ ਜਾਤ-ਪਾਤ ਆਧਾਰਿਤ ਵਿਤਕਰਿਆਂ ਦਾ ਸ਼ਿਕਾਰ ਹੋਈ ਮਾਨਵਤਾ ਦੀ ਮਦਦ ਲਈ ਅਗਰ ਕੋਈ ਅੱਗੇ ਆਇਆ ਤਾਂ ਉਹ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਅਨੁਯਾਈ ਸਿੱਖ ਸਨ।  ਇਨ੍ਹਾਂ ਤੱਥਾਂ ਦੀ ਗਵਾਹੀ ਗੌਰਵਮਈ ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ ਭਰਦੇ ਹਨ, ਜਿਨ੍ਹਾਂ ’ਚ ਸਮਾਜਿਕ ਸੁਖ-ਸ਼ਾਂਤੀ ਲਈ ਤੱਤੀਆਂ ਤਵੀਆਂ ’ਤੇ ਬੈਠਣਾ, ਆਰਿਆਂ ਨਾਲ ਚੀਰੇ ਜਾਣਾ, ਖੋਪੜੀਆਂ ਲੁਹਾਉਣਾ, ਦੇਗਾਂ ਵਿੱਚ ਉਬਾਲੇ ਜਾਣਾ, ਨੇਜ਼ਿਆਂ ਉੱਤੇ ਟੰਗੇ ਜਾਣਾ ਆਦਿ ਤਸ਼ੱਦਦ ਦਰਜ ਹੈ।

ਧਰਮ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਦਮਾਂ ’ਤੇ ਚੱਲਦਿਆਂ ਧਰਮ ਦੀ ਸਫ਼ੈਦ ਚਾਦਰ ਬਣ ਕੇ ਆਏ ਗੁਰੂ ਤੇਗ਼ ਬਹਾਦਰ ਜੀ ਦਾ ਨਾਂ ਮਾਨਵਤਾ ਦੇ ਇਤਿਹਾਸ ’ਚ ਸੂਰਜ ਵਾਙ ਚਮਕਦਾ ਹੈ, ਜਿਨ੍ਹਾਂ ਨੇ ਅਨਮਤੀ ਧਰਮ ਦੀ ਰਾਖੀ ਕਰਦਿਆਂ ਹੀ ਆਪਣਾ ਬਲਿਦਾਨ ਦੇ ਦਿੱਤਾ।

ਦੂਸਰੇ ਪਾਸੇ ਆਪਣੀ ਪ੍ਰਭੁਤਾ ਕਾਇਮ ਕਰਨ ਲਈ ਤਾਜ ਦੇ ਭੁੱਖੇ ਔਰੰਗਜ਼ੇਬ ਨੇ ਆਪਣੇ ਹੀ ਖ਼ੂਨ ਉੱਪਰ ਅਤਿਆਚਾਰ ਕਰਦਿਆਂ ਕਦੇ ਨਰਮਦਿਲੀ ਨਹੀਂ ਵਿਖਾਈ।  ਜਦ ਬਜ਼ੁਰਗ ਪਿਤਾ (ਸ਼ਾਹਜਹਾਂ/ਉਮਰ 66 ਸਾਲ, ਜਿਸ ਦੇ 4 ਬੇਟੇ ‘ਦਾਰਾਸ਼ਿਕੋਹ, ਮੁਰਾਦ, ਔਰੰਗਜ਼ੇਬ ਤੇ ਸ਼ੁਜਾ ਸੀ) ਥੋੜ੍ਹਾ ਬਿਮਾਰ ਹੋਇਆ ਤਾਂ ਇਸ ਨੇ ਜ਼ਬਰਨ ਰਾਜ ਸੱਤਾ ’ਤੇ ਕਾਬਜ਼ ਹੋ ਕੇ ਉਸ ਨੂੰ ਕੈਦ ਕਰਵਾ ਦਿੱਤਾ, ਜੋ 7 ਸਾਲ ਕੈਦ ਦੌਰਾਨ ਤਸੀਹੇ ਝਲਦਾ ਹੋਇਆ ਸੰਨ 1666 ’ਚ ਮਰ ਗਿਆ।

ਔਰੰਗਜ਼ੇਬ ਦੇ ਵਤੀਰੇ ਦੀ ਇੱਕ ਝਲਕ ਉਸ ਦੇ ਕੈਦੀ ਪਿਤਾ (ਸ਼ਾਹਜਹਾਂ) ਦੁਆਰਾ ਔਰੰਗਜ਼ੇਬ ਨੂੰ ਲਿਖੀ ਇੱਕ ਚਿੱਠੀ ਰਾਹੀਂ ਸਪਸ਼ਟ ਹੁੰਦੀ ਹੈ, ਜਿਸ ਰਾਹੀਂ ਪਿਤਾ ਨੇ ਕਿਹਾ ‘ਐ ਮੇਰੇ ਪਿਆਰੇ ਪੁੱਤਰ (ਔਰੰਗਜ਼ੇਬ) !  ਤੇਰੇ ਨਾਲੋਂ ਉਹ ਹਿੰਦੂ ਚੰਗੇ ਹਨ ਜੋ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਵੀ ਦੂਰ ਪਾਣੀ ਭੇਜਦੇ ਹਨ, ਪਰ ਤੂੰ ਆਪਣੇ ਜਿਊਂਦੇ ਬਾਪ ਨੂੰ ਇੱਕ ਘੁੱਟ ਪਾਣੀ ਨਹੀਂ ਦੇ ਰਿਹਾ।  ਕ੍ਰਿਪਾ ਕਰਕੇ ਮੈਨੂੰ ਕਲ੍ਹ ਨੂੰ ਜੋ ਪਾਣੀ ਪੀਣ ਲਈ ਦੇਣਾ ਹੈ, ਉਸ ਵਿੱਚੋਂ ਅੱਧਾ ਪਾਣੀ ਅੱਜ ਭੇਜਦੇ ਤਾਂ ਜੋ ਮੈਂ ਆਪਣੇ ਸੁੱਕ ਰਹੇ ਬੁੱਲਾਂ ਦੀ ਪਿਆਸ ਬੁਝਾ ਸਕਾਂ।’ ਔਰੰਗਜ਼ੇਬ ਨੇ ਜਵਾਬ ਦਿੰਦਿਆਂ ਕਿਹਾ ‘ਐ ਅੱਬਾ ਜਾਨ !  ਜਿਸ ਸਿਆਹੀ ਨਾਲ ਚਿੱਠੀ ਲਿਖੀ ਹੈ, ਉਸ ਦੇ ਸੂਪ ਨਾਲ ਆਪਣਾ ਮੂੰਹ ਗਿੱਲਾ ਕਰ ਲੈਂਦਾ, ਮੇਰਾ ਐਵੇਂ ਸਮਾਂ ਬਰਬਾਦ ਕੀਤੈ।’

ਸ਼ਾਹਜਹਾਂ ਦਾ ਜੇਠਾ ਸਪੁੱਤਰ ‘ਦਾਰਾਸ਼ਿਕੋਹ’ ਬੜਾ ਨੇਕ-ਦਿਲ ਇਨਸਾਨ ਸੀ ਤੇ ਤੀਸਰੀ ਔਲਾਦ (ਔਰੰਗਜ਼ੇਬ) ਨੇ ਉਸ ਨੂੰ ਰਸਤੇ ’ਚੋਂ ਹਟਾਉਣ ਲਈ ਦੂਸਰੇ ਭਰਾ ‘ਮੁਰਾਦ’ (ਜਿਸ ਦੇ ਨਾਂ ’ਤੇ ਮੁਰਾਦਾਬਾਦ ਯੂ. ਪੀ. ਸ਼ਹਿਰ ਹੈ) ਪਾਸੋਂ ਧੋਖੇ ਨਾਲ਼ ਮਦਦ ਲੈ ਲਈ।  ਸੰਨ 1659 ’ਚ ‘ਦਾਰਾਸ਼ਿਕੋਹ’ ਦਾ ਸਿਰ ਵੱਢ ਕੇ ਕੈਦ ’ਚ ਬੰਦ ਪਿਤਾ ਨੂੰ ਭੇਟ ਕੀਤਾ ਗਿਆ ਅਤੇ ‘ਮੁਰਾਦ’ ਨੂੰ ਵੀ ਸ਼ਰਾਬ ਨਾਲ਼ ਬੇਹੋਸ਼ ਕਰਕੇ ਕੈਦ ਕਰ ਲਿਆ।  3 ਸਾਲ ਕੈਦ ’ਚ ਰੱਖਣ ਉਪਰੰਤ ਝੂਠਾ ਖ਼ੂਨ ਦਾ ਕੇਸ ਦਰਜ ਕੀਤਾ ਗਿਆ ਤੇ ਮੌਤ ਦਾ ਫ਼ਤਵਾ ਜਾਰੀ ਕਰਕੇ ਉਸ ਨੂੰ ਵੀ ਮਰਵਾ ਦਿੱਤਾ।

ਔਰੰਗਜ਼ੇਬ ਨੇ ਆਪਣੀ ਵੱਡੀ ਭੈਣ ਰੋਸ਼ਨ ਆਰਾ, ਆਪਣੀ ਵੱਡੀ ਬੇਟੀ ਜ਼ੇਬੁਨਿਸ਼ਾ, ਆਪਣੇ ਨਿਕਟ ਵਰਤੀ ਮਿਰਜ਼ਾ ਰਾਜਾ ਜੈ ਸਿੰਘ ਆਦਿ ਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ। ਔਰੰਗਜ਼ੇਬ, ਆਪ ਇੰਨਾ ਮਜ਼ਹਬੀ ਕੱਟੜ ਸੀ ਕਿ ਆਪਣਾ ਖਾਣ ਪਹਿਨਣ ਬੜਾ ਸਾਦਾ ਰੱਖਦਾ, ਹੱਥੀਂ ਟੋਪੀਆਂ ਬੁਣਦਾ, ਕੁਰਾਨ ਲਿਖਦਾ, ਪਰ ਦੂਸਰੇ ਧਰਮਾਂ ਨੂੰ ਆਪਣੇ ਦਾਦਾ (ਜਹਾਂਗੀਰ) ਵਾਙ ਝੂਠ ਦੀਆਂ ਦੁਕਾਨਾਂ ਸਮਝਦਾ ਸੀ।  ਜਹਾਂਗੀਰ ਨੇ ਵੀ ਆਪਣੇ ਧਰਮੀ ਸਪੁੱਤਰ ਖ਼ੁਸਰੋ ਦੀਆਂ ਅੱਖਾਂ ਸਿਲਵਾ ਦਿੱਤੀਆਂ ਸਨ, ਜੋ 35 ਸਾਲ ਦੀ ਉਮਰ ਭੋਗਦਿਆਂ ਸੰਨ 1622 ’ਚ ਦਮ ਤੋੜ ਗਿਆ।  ਜਹਾਂਗੀਰ ਦੇ ਪਾਏ ਹੋਏ ਪੂਰਨਿਆਂ ਉੱਤੇ ਚਲਦਿਆਂ ਹੀ ਔਰੰਗਜ਼ੇਬ ਨੇ ਪੂਰੇ ਭਾਰਤ ਨੂੰ ਸੁੰਨੀ ਮੁਸਲਮਾਨ ਬਣਾਉਣ ਦਾ ਇਰਾਦਾ ਬਣਾ ਰੱਖਿਆ ਸੀ।

ਸੰਨ 1659 ’ਚ ਨਵੇਂ ਮੰਦਿਰ ਬਣਾਉਣ ’ਤੇ ਪਾਬੰਦੀ ਲਗਾਈ ਗਈ ਤੇ ਪੁਰਾਣਿਆਂ ਦੀ ਮੁਰੰਮਤ ਨਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ।  ਸੰਨ 1665 ਵਿੱਚ ਹਿੰਦੂਆਂ ਕੋਲੋਂ 5% ਤੇ ਮੁਸਲਮਾਨਾਂ ਪਾਸੋਂ ਢਾਈ ਫੀ ਸਦੀ ਚੁੰਗੀ ਲੈਣ ਦਾ ਹੁਕਮ ਲਾਗੂ ਕੀਤਾ।  ਜੋ ਬਾਅਦ ’ਚ ਕੇਵਲ ਗ਼ੈਰ ਸੁੰਨੀਆਂ ਉੱਤੇ ਲਾਇਆ ਗਿਆ।  ਅਕਬਰ ਦੇ ਸਮੇਂ ਤੋਂ ਬੰਦ ਕੀਤਾ ਗਿਆ ਜਜ਼ੀਆ (ਧਾਰਮਿਕ ਟੈਕਸ) ਮੁੜ ਲਾਗੂ ਕੀਤਾ ਗਿਆ।  ਪਿਤਾ (ਸ਼ਾਹਜਹਾਂ) ਵੇਲ਼ੇ ਰਿਆਸਤ ਦਾ ਟੈਕਸ 23 ਕਰੋੜ ਸੀ, ਜੋ ਵਧ ਕੇ 32 ਕਰੋੜ ਕਰ ਲਿਆ ਗਿਆ।  ਸੰਨ 1669 ’ਚ ਤਮਾਮ ਸਕੂਲਾਂ ਨੂੰ ਮਦਰੱਸਿਆਂ ’ਚ ਬਦਲਣ ਦਾ ਹੁਕਮ ਸੁਣਾ ਦਿੱਤਾ। ਹਿੰਦੂਆਂ ਦੇ ਮੇਲੇ, ਮੰਦਿਰਾਂ ਦੇ ਉਤਸਵ ਬੰਦ ਕਰਵਾ ਦਿੱਤੇ ਗਏ।  ਸੰਨ 1670 ’ਚ ਬਨਾਰਸ, ਮਥੁਰਾ, ਉਦੈਪੁਰ, ਉਜੈਨ, ਜੋਧਪੁਰ ਆਦਿ ਦੇ ਵਿਸ਼ਵ ਪ੍ਰਸਿੱਧ ਮੰਦਿਰ ਤੋੜ ਕੇ ਮਸੀਤਾਂ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ।  ਹਿੰਦੂਆਂ ਨੂੰ ਜਮਨਾ ਨਦੀ ਦੇ ਕਿਨਾਰੇ ਦਾਹ-ਸੰਸਕਾਰ ਕਰਨ ’ਤੇ ਰੋਕ ਲਗਾ ਦਿੱਤੀ।

ਰਾਗ ਵਿੱਦਿਆ ਨੂੰ ਸ਼ਰ੍ਹਾ ਦੇ ਵਿਰੁਧ ਮੰਨ ਕੇ ਪਾਬੰਦੀ ਲਗਾ ਦਿੱਤੀ ਗਈ।  ਰਾਗ ਪ੍ਰਤਿ ਨਫ਼ਰਤ ਦੀ ਇੱਕ ਝਲਕ ਇਉਂ ਮਿਲਦੀ ਹੈ ਕਿ ਇੱਕ ਦਿਨ ਦਰਬਾਰੀ ਰਾਗ ਪ੍ਰੇਮੀ ਨਕਲੀ ਅਰਥੀ ਦੇ ਪਿੱਛੇ ਜਾ ਰਹੇ ਸਨ, ਬਾਦਸ਼ਾਹ ਦੇ ਪੁੱਛਣ ’ਤੇ ਉਨ੍ਹਾਂ ਜਵਾਬ ਦਿੱਤਾ ਕਿ ਤੁਹਾਡੇ ਰਾਜ ਪ੍ਰਬੰਧ ’ਚ ਰਾਗ ਵਿਦਿਆ ਮਰ ਚੁੱਕੀ ਹੈ, ਉਸ ਨੂੰ ਦਫ਼ਨਾਉਣ ਜਾ ਰਹੇ ਹਾਂ, ਔਰੰਗਜ਼ੇਬ ਨੇ ਕਿਹਾ ਕਿ ਇਸ ਸ਼ੈਤਾਨ ਨੂੰ ਡੁੰਘਾ ਦੱਬਣਾ ਤਾਂ ਜੋ ਮੁੜ ਕੇ ਬਾਹਰ ਨਾ ਨਿਕਲੇ, ਆਦਿ ਜ਼ਮੀਨੀ ਹਾਲਾਤ ਭਾਰਤੀ ਜਨਤਾ ਦੀ ਬੰਦ ਜ਼ਬਾਨ ਦਾ ਕਾਰਨ ਬਿਆਨ ਕਰਦੇ ਸਨ।

ਔਰੰਗਜ਼ੇਬ ਨੇ ਸੰਨ 1674 ਈ. ’ਚ ਪੂਰੇ ਭਾਰਤ ਨੂੰ ਇਸਲਾਮਿਕ ਦੇਸ਼ ਬਣਾਉਣ ਲਈ ਸਖ਼ਤ ਹੁਕਮ ਜਾਰੀ ਕਰ ਦਿੱਤੇ।  ਹਰ ਪਾਸੇ ਜ਼ੁਲਮ ਦੀ ਹਾਹਾਕਾਰ ਮੱਚ ਗਈ।  ਔਰੰਗਜ਼ੇਬ ਨੂੰ ਖ਼ੁਸ਼ ਕਰਨ ਗਈ ਵਜ਼ੀਰਾਂ, ਗਵਰਨਰਾਂ (ਸੂਬੇਦਾਰਾਂ) ਨੇ ਗ਼ੈਰ ਸੁੰਨੀਆਂ ਉੱਤੇ ਸਖ਼ਤਾਈ ਹੋਰ ਵਧਾ ਦਿੱਤੀ।  ਬੰਗਾਲ ਦੇ ਗਵਰਨਰ ਨੇ ਉੱਥੇ ਬਣੀ ‘ਨਾਰਾਇਣ’ ਦੀ ਮੂਰਤੀ ਆਪਣੇ ਹੱਥੀਂ ਤੋੜੀ।  ਕਸ਼ਮੀਰ ਦੇ ਸੂਬੇਦਾਰ (ਗਵਰਨਰ) ਸ਼ੇਰ ਅਫ਼ਗਾਨ ਖ਼ਾਂ ਨੇ ਕਸ਼ਮੀਰੀ ਪੰਡਿਤਾਂ ਅੱਗੇ ਮੌਤ ਜਾਂ ਇਸਲਾਮ ਕਬੂਲਣ ਦੀਆਂ ਕੇਵਲ ਦੋ ਹੀ ਸ਼ਰਤਾਂ ਰੱਖੀਆਂ ਕਿਉਂਕਿ ਉਸ ਦੀ ਨੀਤੀ ਸੀ ਕਿ ਅਗਰ ਬ੍ਰਾਹਮਣ ਮੁਸਲਮਾਨ ਬਣ ਜਾਣ ਤਾਂ ਬਾਕੀ ਜਨਤਾ ਨੂੰ ਇਸਲਾਮ ਗ੍ਰਹਿਣ ਕਰਦਿਆਂ ਦੇਰ ਨਹੀਂ ਲੱਗੇਗੀ।  ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਔਰੰਗਜ਼ੇਬ ਦੀ ਇਸ ਨੀਤੀ ਦਾ ਵਰਣਨ ਇਉਂ ਦਰਜ ਹੈ: ‘ਹਿੰਦੋ ਹਿੰਦੂ ਨਿਰਬੀਜ ਹੋ ਕਰਨੇ। ਸਾਹਿ ਨੌਰੰਗੇ ਜੋ ਲਿਖ ਬਰਨੇ। ਤੁਰਕ ਪ੍ਰਥਮ ਹੋ ਬ੍ਰਾਹਮਣ ਕਰਨੇ।  ਔਰ ਹਿੰਦੂ ਕੋ ਪਾਛੇ ਫਰਨੇ।’ ਇਸ ਲਈ ਮਣਾਂ ਦੀ ਗਿਣਤੀ ’ਚ ਰੁਜ਼ਾਨਾ ਜਨੇਊ ਉਤਰਨ ਲੱਗੇ।

ਕਸ਼ਮੀਰੀ ਪੰਡਿਤਾਂ ਨੇ ਵਿਚਾਰ-ਵਟਾਂਦਰਾ ਕਰਨ ਉਪਰੰਤ (ਕਿਸੇ ਦੈਵੀ ਅਵਤਾਰ ਦੇ ਜਨਮ ਲੈਣ ਦੀ ਉਡੀਕ ਨਾ ਕਰਦਿਆਂ) ਪੰਡਿਤ ਕਿਰਪਾ ਰਾਮ (ਜਿਨ੍ਹਾਂ ਦੀ ਸ਼ਹੀਦੀ ਦਸੰਬਰ 1705 ਈ. ਨੂੰ ਚਮਕੌਰ ਸਾਹਿਬ ਵਿਖੇ 40 ਸਿੰਘਾਂ ’ਚ ਹੋਈ) ਦੀ ਅਗਵਾਈ ’ਚ 25 ਮਈ 1675 ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਰਨ ’ਚ ਅਨੰਦਪੁਰ ਸਾਹਿਬ ਵਿਖੇ ਪਹੁੰਚਣਾ ਮੁਨਾਸਬ ਸਮਝਿਆ ਗਿਆ।  ਇਕ ਕਵੀ ਨੇ ਇਸ ਫ਼ਰਿਆਦ ਨੂੰ ਇਉਂ ਫ਼ੁਰਮਾਇਆ: ‘ਦੁਖੀਏ ਬਿਪਰ ਜੁ ਚਲ ਆਏ ਪੁਰੀ ਅਨੰਦ। ਬਾਂਹ ਸਾਡੀ ਪਕੜੀਏ ਗੁਰੂ ਹਰਿਗੋਬਿੰਦ ਕੇ ਚੰਦ।’

ਕਸ਼ਮੀਰੀ ਪੰਡਿਤਾਂ ਦੀ ਦਰਦਭਰੀ ਆਪ ਬੀਤੀ ਸੁਣ ਕੇ ਗੁਰੂ ਜੀ ਨੇ ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ॥’’ (ਮ: ੫/੫੪੪)  ਮਹਾਂਵਾਕ ਮੁਤਾਬਕ ਉਨ੍ਹਾਂ ਨੂੰ ਵਚਨ ਕੀਤਾ ਕਿ ਗੁਰੂ ਨਾਨਕ ਦਾ ਘਰ ‘ਨਿਆਸਰਿਆਂ ਦਾ ਆਸਰਾ’ ਹੈ, ਜਿੱਥੋਂ ਕੋਈ ਨਿਰਾਸ਼ ਨਹੀਂ ਮੁੜਦਾ।

ਬੇਸ਼ੱਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਪੂਰੇ ਭਾਰਤ ’ਚ ਗੁਰਮਤਿ ਦਾ ਪ੍ਰਚਾਰ ਕਰਦਿਆਂ ਸਮਾਜਿਕ ਅਤਿਆਚਾਰ ਨੂੰ ਕਾਫ਼ੀ ਨੇੜਿਓਂ ਵੇਖਿਆ ਸੀ, ਜਿਸ ਕਾਰਨ ਗੁਰੂ ਜੀ ਨੇ ‘‘ਭੈ ਕਾਹੂ ਕਉ ਦੇਤ ਨਹਿ;  ਨਹਿ ਭੈ ਮਾਨਤ ਆਨ ॥’’ (ਮ: ੯/੧੪੨੭) ਆਦਿ ਵਚਨ ਉਚਾਰਨ ਕੀਤੇ ਸਨ, ਪਰ ਕਸ਼ਮੀਰੀ ਪੰਡਿਤਾਂ ਦੀ ਗੁਰੂ ਘਰ ਆਈ ਫ਼ਰਿਆਦ ਨੂੰ ਲੈ ਕੇ ਗੁਰੂ ਸਾਹਿਬ ਜੀ ਕੁਝ ਦਿਨ ਇਸ ਜ਼ੁਲਮ ਦਾ ਹੱਲ ਲੱਭਣ ਲਈ ਡੂੰਘੀ ਸੋਚ-ਵਿਚਾਰ ਕਰਦੇ ਰਹੇ।  ਇੱਕ ਦਿਨ ਸਪੁੱਤਰ ਬਾਲਕ ਗੋਬਿੰਦ ਰਾਇ (ਉਮਰ 9 ਸਾਲ) ਨੇ ਗੰਭੀਰਤਾ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਵਚਨ ਕੀਤਾ ਕਿ ਸਮਾਜਿਕ ਬੇਇਨਸਾਫ਼ੀ ਨੂੰ ਠੱਲ ਪਾਉਣ ਲਈ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ ਤਾਂ ਜੋ ਅਮਨ-ਸ਼ਾਂਤੀ ਕਾਇਮ ਕੀਤੀ ਜਾ ਸਕੇ।  ਆਪ ਜੀ ਦੇ ਵਚਨ ਸੁਣ ਕੇ ਬਾਲਕ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਉੱਪਰ ਮਹਾਨ ਆਤਮਾ ਕੌਣ ਹੋ ਸਕਦੀ ਹੈ?  ਆਪ ਜੀ ਹੀ ਆਪਣੇ ਪਵਿੱਤਰ ਖ਼ੂਨ ਦਾ ਬਲੀਦਾਨ ਦੇ ਕੇ ਲੁਕਾਈ ਨੂੰ ਇਸ ਭੈ-ਭੀਤ ਵਾਤਾਵਰਨ ਤੋਂ ਮੁਕਤ ਕਰ ਸਕਦੇ ਹੋ।

ਛੋਟੇ ਜਿਹੇ ਬਾਲਕ ਦੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੇ ਸਮਝ ਲਿਆ ਕਿ ਇਹ ਬਾਲਕ ਆਉਣ ਵਾਲੀ ਹਰ ਮੁਸੀਬਤ ਤੋਂ ਪਾਰ ਪਾ ਸਕਦਾ ਹੈ।  ਬਾਲਕ ਗੋਬਿੰਦ ਰਾਇ ਦੁਆਰਾ ਪੁੱਛਿਆ ਗਿਆ ਸਵਾਲ ਅਤੇ ਇਸ ਜ਼ੁਲਮ ਦੇ ਖ਼ਾਤਮੇ ਲਈ ਆਪ ਹੀ ਦੱਸਿਆ ਹੱਲ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਗੁਰੂ ਨਾਨਕ ਜੋਤ ਲਈ ਦਸਵੇਂ ਉਤਰਾਧਿਕਾਰੀ ਦੀ ਪਰਖ ਕਰਨ ਦੀ ਯੁਕਤੀ ਦਾ ਭਾਗ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਗੁਰੂ ਸਾਹਿਬਾਨ ਦੇ ਉਤਰਾਧਿਕਾਰੀ ਦੀ ਅਜਿਹੀ ਹੀ ਪਰਖ (ਕਸੌਟੀ) ਕਰਨਾ; ਦੂਸਰੇ ਨਾਨਕ (ਗੁਰੂ ਅੰਗਦ ਸਾਹਿਬ ਜੀ) ਦੇ ਸਮੇਂ ਤੋਂ ਚੱਲਦੀ ਆ ਰਹੀ ਹੈ।

ਆਪ ਜੀ ਨੇ ਹਿੰਦੂ ਮਾਨਤਾਵਾਂ (ਅਸੂਲਾਂ) ਦੀ ਰੱਖਿਆ ਅਤੇ ਧਾਰਮਿਕ ਅਜ਼ਾਦੀ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ।  ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੱਤਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਖ਼ਾਂ ਨੂੰ ਕਹਿ ਦਿਓ ਕਿ ਪਹਿਲਾਂ ਸਾਡੇ ਆਗੂ (ਤੇਗ਼ ਬਹਾਦਰ ਸਾਹਿਬ) ਨੂੰ ਮੁਸਲਮਾਨ ਬਣਾ ਲਓ।  ਜੇਕਰ ਉਨ੍ਹਾਂ ਨੇ ਇਸਲਾਮ ਅਸੂਲ (ਸਿਧਾਂਤ) ਕਬੂਲ ਕਰ ਲਏ ਤਾਂ ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਸੁੰਨੀ ਮੁਸਲਮਾਨ ਬਣ ਜਾਵਾਂਗੇ। ਕਸ਼ਮੀਰ ਦੇ ਸੂਬੇਦਾਰ ਨੇ ਇਹ ਸੂਚਨਾ ਦਿੱਲੀ ਔਰੰਗਜ਼ੇਬ ਦੇ ਦਰਬਾਰ ’ਚ ਭੇਜੀ ਤੇ ਉੱਥੋਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰਵਾ ਲਏ। (ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਮੁਤਾਬਕ ਔਰੰਗਜ਼ੇਬ 7 ਅਪਰੈਲ 1674 ਤੋਂ 27 ਮਾਰਚ 1676 ਤੱਕ ਹਸਨ ਅਬਦਾਲ (ਪਾਕਿਸਤਾਨ) ਵਿੱਚ ਗਿਆ ਹੋਇਆ ਸੀ, ਨਾ ਕਿ ਦਿੱਲੀ ਵਿਖੇ ਸੀ।)

ਗੁਰੂ ਤੇਗ਼ ਬਹਾਦਰ ਸਾਹਿਬ ਜੀ 11 ਜੁਲਾਈ 1675 ਈਸਵੀ ਨੂੰ ਗੋਬਿੰਦ ਰਾਇ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਕੇ 3 ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ) ਸਮੇਤ ਦਿੱਲੀ ਲਈ ਰਵਾਨਾ ਹੋ ਗਏ।  ਹੋਰ ਵੀ ਸਿੱਖ ਸੰਗਤ ਆਪ ਜੀ ਦੇ ਨਾਲ਼ ਚੱਲਣਾ ਚਾਹੁੰਦੀ ਸੀ, ਪਰ ਆਪ ਜੀ ਨੇ ਹੁਕਮ ਕੀਤਾ ਕਿ ਬਾਕੀ ਸੰਗਤ ਅਨੰਦਪੁਰ ਵਿੱਚ ਹੀ ਰਹੇਗੀ।  ਕੁਝ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਜੀ ਨਾਲ਼ ਜਾਣ ਵਾਲ਼ੇ ਸਿੱਖਾਂ ਦੀ ਗਿਣਤੀ 6 (ਭਾਈ ਜੈਤਾ ਜੀ, ਭਾਈ ਉਦੈ ਜੀ ਤੇ ਭਾਈ ਗੁਰਦਿੱਤਾ ਜੀ) ਵੀ ਦੱਸੀ ਹੈ, ਪਰ ਕੁਝ ਦਾ ਮੰਨਣਾ ਹੈ ਕਿ ਇਹ ਦਿੱਲੀ ਜਾ ਕੇ ਸ਼ਾਮਲ ਹੋਏ ਸਨ।

ਇੱਥੇ ਇਹ ਵਿਚਾਰਨਾ ਵੀ ਯੋਗ ਹੈ ਕਿ ਇਨ੍ਹਾਂ ਸਿੱਖਾਂ ਅੱਗੇ ਵੀ ਸਿਰ ਭੇਟਾ ਕਰਨ ਦੀ ਮੰਗ ਉਸ ਤਰ੍ਹਾਂ ਹੀ ਰੱਖੀ ਗਈ ਹੋਵੇਗੀ; ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਦੀ ਵਿਸਾਖੀ ਨੂੰ ਪੰਜ ਸਿੰਘਾਂ (ਪਿਆਰਿਆਂ) ਪਾਸੋਂ ਮੰਗੀ ਸੀ ਕਿਉਂਕਿ ਜੋ ਕੁਰਬਾਨੀ ਦੇਣ ਲਈ ਗੁਰੂ ਜੀ ਨੇ ਕਦਮ ਪੁੱਟਿਆ ਸੀ, ਉਸ ਇਮਤਿਹਾਨ ’ਚ ਇਨ੍ਹਾਂ ਦਾ ਪਾਸ ਹੋਣਾ ਵੀ ਓਨਾ ਹੀ ਜ਼ਰੂਰੀ ਸੀ, ਜਿੰਨਾ ਕਿ ਗੁਰੂ ਸਾਹਿਬਾਨ ਜੀ ਦਾ।

ਔਰੰਗਜ਼ੇਬ ਵੱਲੋਂ ਹੁਕਮ ਮਿਲਦਿਆਂ ਹੀ ਸਾਹਰਿੰਦ ਦੇ ਸੂਬੇਦਾਰ ਨੇ ਇੱਕ ਫ਼ੌਜੀ ਦਸਤਾ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਦੀ ਕਮਾਨ ਹੇਠ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਚੱਕ ਨਾਨਕੀ (ਅਨੰਦਪੁਰ ਸਾਹਿਬ) ਭੇਜਿਆ, ਪਰ ਗੁਰੂ ਜੀ; 3 ਸਿੱਖਾਂ ਸਮੇਤ ਇੱਕ ਦਿਨ ਪਹਿਲਾਂ ਹੀ ਇੱਥੋਂ ਦਿੱਲੀ ਵੱਲ ਰਵਾਨਾ ਹੋ ਚੁੱਕੇ ਸਨ।  ਉਸ ਦਿਨ ਗੁਰੂ ਜੀ ਪਿੰਡ ਮਲਿਕਪੁਰ ਰੰਘੜਾਂ (ਰੋਪੜ) ’ਚ ਭਾਈ ਨਗਾਹੀਆ ਜੀ ਦੇ ਘਰ ਠਹਿਰੇ ਸਨ।  ਸਵੇਰੇ ਭਾਈ ਮਤੀ ਦਾਸ ਜੀ ਨ੍ਹਾਉਣ ਲਈ ਖੂਹ ਤੋਂ ਪਾਣੀ ਲੈਣ ਗਏ ਤਾਂ ਖੂਹ ਵਿੱਚ ਡਿੱਗ ਪਏ।  ਲੋਕ ਇਕੱਠੇ ਹੋ ਗਏ ਤੇ ਮੁਖ਼ਬਰਾਂ ਨੇ ਰੋਪੜ ਚੌਂਕੀ ’ਚ ਸੂਚਨਾ ਭੇਜ ਦਿੱਤੀ।  ਕੇਸਰ ਸਿੰਘ ਛਿਬਰ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਚਰਣ ਨੌਵਾਂ (ਬੰਦ 75-77) ਵਿੱਚ ਵੀ ਇਸ ਦਾ ਜ਼ਿਕਰ ਹੈ: ‘ਪਿੰਡ ਤੇ ਰੰਘੜ ਆਏ ਧਾਇ। ਗਹਿ ਲੀਤੇ ਸਾਹਿਬ ਤੇ ਸਤੀ ਦਾਸ। ਮਤੀ ਦਾਸ ਭੀ ਖੂਹ ਤੇ ਕਢਿਆ ਮੰਗਾਇ।… ਭੇਜ ਆਦਮੀ ਫ਼ੌਜ ਰੋਪੜੋਂ ਮੰਗਾਈ।.. ਸੋ ਪਿੰਜਰਾ ਲੋਹੇ ਕਾ ਕਰ ਲਿਆਇ। ਸਾਹਿਬ ਤਿਸ ਵਿਚ ਲੀਤੇ ਪਾਇ। ਚਉਥੇ ਮਹੀਨੇ ਸਾਹਿਬ ਦਿੱਲੀ ਪਹੁਤੇ। ਵਿਚ ਮਾਰਗ ਦੁਖ ਪਾਇ ਬਹੁਤੇ।’

ਭੱਟ ਵਹੀ ਮੁਲਤਾਨੀ ਸਿੰਧੀ ਮੁਤਾਬਕ ਗੁਰੂ ਜੀ ਨੂੰ ਲਗਭਗ 4 ਮਹੀਨੇ ਤੱਕ ਬਸੀ ਪਠਾਣਾਂ ਦੇ ਕਿਲ੍ਹੇ ’ਚ ਕੈਦ ਕਰਕੇ ਰੱਖਿਆ ਗਿਆ ਕਿਉਂਕਿ ਔਰੰਗਜ਼ੇਬ ਨੇ ਵੀ ਇਸੇ ਰਸਤੇ ਵਾਪਸ ਦਿੱਲੀ ਨੂੰ ਮੁੜਨਾ ਸੀ। (ਸ਼ੈਖ਼ ਅਹਿਮਦ ਦੇ ਗੱਦੀ-ਨਸ਼ੀਨ) ਸ਼ੈਖ਼ ਸ਼ੈਫ਼-ਉਦ-ਦੀਨ ਦੀ ਡਿਉਟੀ ਲਾਈ ਗਈ ਕਿ ਉਹ ਗੁਰੂ ਜੀ ਨੂੰ ਇਸਲਾਮ ’ਚ ਲਿਆਉਣ ਦੀ ਕੋਸ਼ਿਸ਼ ਕਰੇ, ਉਸ ਨੇ ਵਾਰ-ਵਾਰ ਬਸੀ ਪਠਾਣਾਂ ਦੇ ਕਿਲ੍ਹੇ ’ਚ ਜਾ ਕੇ ਗੁਰੂ ਜੀ ਨਾਲ਼ ਵਿਚਾਰ-ਚਰਚਾ ਵੀ ਕੀਤੀ, ਪਰ ਕੋਈ ਸਫਲਤਾ ਨਾ ਮਿਲੀ ਅਤੇ ਗੁਰੂ ਜੀ ਨੂੰ ਦਿੱਲੀ ਵਿਖੇ ਭੇਜਣ ਦਾ ਫ਼ੈਸਲਾ ਕੀਤਾ ਗਿਆ।

ਚਾਂਦਨੀ ਚੌਕ (ਦਿੱਲੀ) ਵਿਖੇ 10 ਨਵੰਬਰ 1675 ਈ: ਨੂੰ ਹਜ਼ਾਰਾਂ ਦੀ ਨਫ਼ਰੀ (ਭੀੜ) ਦੇ ਸਾਮ੍ਹਣੇ ਭਾਈ ਮਤੀ ਦਾਸ ਜੀ ਦੀ ਆਖ਼ਰੀ ਇੱਛਾ ਪੁੱਛੀ ਗਈ, ਜੋ ਉਨ੍ਹਾਂ ਆਪਣਾ ਮੂੰਹ, ਪਿੰਜਰੇ ’ਚ ਕੈਦ ਕਰਕੇ ਸਾਮ੍ਹਣੇ ਲਿਆਂਦੇ ਗਏ ਗੁਰੂ ਜੀ ਵੱਲ ਕਰਨ ਨੂੰ ਦੱਸਿਆ।  ਗੁਰੂ ਜੀ ਵੱਲ ਮੂੰਹ ਕਰਕੇ ਸ਼ਹੀਦੀ ਦੇਣਾ, ਬਿਬੇਕੀ ਸਿੱਖ ਦਾ ਗੁਰੂ ਜੀ ਨੂੰ ਆਪਣੀਆਂ ਅੱਖਾਂ ਨਾਲ਼ ਅੰਤਿਮ ਸੁਆਸ ਤੱਕ ਵੇਖਣਾ ਤੇ ਪੰਡਿਤ ਕਿਰਪਾ ਰਾਮ ਜੀ ਨੂੰ ਦਿੱਤੇ ਗਏ ਗੁਰੂ ਜੀ ਵੱਲੋਂ ਵਿਸ਼ਵਾਸ ’ਤੇ ਪੂਰਾ ਉਤਰਨ ਦਾ ਪ੍ਰਤੀਕ ਸੀ।

ਭਾਈ ਮਤੀ ਦਾਸ ਜੀ ਤੇ ਕਾਜ਼ੀ ਦੀ ਹੋਈ ਇਸ ਵਾਰਤਾਲਾਪ ਨੂੰ ਇੱਕ ਕਵੀ ਨੇ ਆਪਣੇ ਸ਼ਬਦਾਂ ’ਚ ਇਉਂ ਬੰਦ ਕੀਤਾ:

‘ਕਾਜ਼ੀ ਆਖਦਾ ਦੱਸ ਖ਼ਾਂ ਮਤੀ ਦਾਸਾ  !  ਤੇਰੀ ਆਖ਼ਰੀ ਇੱਛਿਆ ਹੱਲ ਹੋਵੇ।  ਜੋ ਚਾਹੇਂ, ਉਹ ਤੂੰ ਪਾ ਸਕਦੈਂ, ਉਹ ਹਾਜ਼ਰ ਹੀ ਓਸੇ ਪਲ ਹੋਵੇ।’

ਅੱਗੋਂ ਮਤੀ ਦਾਸ ਜੀ ਦਾ ਜਵਾਬ ਸੀ: ‘ਕਿਹਾ ਮਤੀ ਦਾਸ ਜੀ ਨੇ ਹੱਸ ਕੇ ਤੇ ਮੇਰੀ ਆਖ਼ਰੀ ਇੱਛਿਆ ਹੱਲ ਹੋਵੇ। ਸੀਸ ਮੇਰੇ ’ਤੇ ਜਦੋਂ ਚੱਲੇ ਆਰਾ, ਮੇਰਾ ਮੂੰਹ ਗੁਰੂ ਪਿੰਜਰੇ ਵੱਲ ਹੋਵੇ।’

ਕਾਜ਼ੀ ਨੇ ਭਾਈ ਮਤੀ ਦਾਸ ਜੀ ਦੀ ਇੱਛਾ ਮੁਤਾਬਤ ਗੁਰੂ ਵੱਲ ਮੂੰਹ ਕਰਕੇ (ਕਿਉਂਕਿ ਗੁਰੂ ਜੀ ਦਾ ਸਾਹਸ ਡੇਗਣ ਲਈ ਕਾਜ਼ੀ ਵੀ ਇਹੀ ਚਾਹੁੰਦਾ ਸੀ) ਲੱਕੜ ਦੇ ਦੋ ਫੱਟਿਆਂ ’ਚ ਕੱਸ ਕੇ ਸਿਰ ਉੱਤੇ ਆਰਾ ਚਲਵਾ ਦਿੱਤਾ, ਜਿਸ ਨੇ ਭਾਈ ਸਾਹਿਬ ਦੇ ਸਰੀਰ ਦੇ ਦੋ ਟੁਕੜੇ ਕਰ ਦਿੱਤੇ।  ਅਗਲੀ ਵਾਰੀ ਭਾਈ ਦਿਆਲਾ ਜੀ ਦੀ ਸੀ, ਜਿਨ੍ਹਾਂ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ।  ਤੀਸਰੀ ਵਾਰੀ ਭਾਈ ਸਤੀ ਦਾਸ ਜੀ ਦੀ ਸੀ, ਜਿਨ੍ਹਾਂ ਨੂੰ ਰੂੰ ਵਿੱਚ ਵਲ੍ਹੇਟ ਕੇ ਰੱਸਿਆਂ ਨਾਲ਼ ਕੱਸਿਆ ਗਿਆ ਤੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ।  ਇਨ੍ਹਾਂ ਤਿੰਨੇ ਸ਼ਹੀਦੀਆਂ ਦੌਰਾਨ ਸਿੱਖਾਂ ਦਾ ਮੂੰਹ ਗੁਰੂ ਵੱਲ ਸੀ ਤੇ ਮੂੰਹੋਂ ਗੁਰੂ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ‘ਜਪੁ’ ਪਾਠ ਕੀਤਾ ਗਿਆ।

ਇਸ ਦਿਲ ਕੰਬਾਊ ਘਟਨਾ ਨੇ ਇਕੱਠੇ ਕੀਤੇ ਗਏ ਲੋਕਾਂ ਦੇ ਮਨਾਂ ਉੱਤੇ ਬਹੁਤ ਪ੍ਰਭਾਵ ਪਾਇਆ, ਪਰ ਗੁਰੂ ਜੀ ਫਿਰ ਵੀ ਨਿਡਰ ਤੇ ਸ਼ਾਂਤ-ਚਿੱਤ ਰਹੇ। ਔਰੰਗਜ਼ੇਬ ਦੀ ਦਿਲੀ-ਇੱਛਾ ਮੁਤਾਬਕ ਕਾਜ਼ੀ ਨੇ ਗੁਰੂ ਜੀ ਨੂੰ ਸੁੰਨੀ ਮੁਸਲਮਾਨ ਬਣਨ ਲਈ ਫਿਰ ਕਿਹਾ, ਜਿਸ ਦੇ ਜਵਾਬ ’ਚ ਗੁਰੂ ਜੀ ਦੇ ਵਚਨ ਸਨ ਕਿ ਇਸਲਾਮ ਗ੍ਰਹਿਣ ਕਰਨ ਨਾਲ਼ ਅਗਰ ਮੌਤ ਨਹੀਂ ਆਉਂਦੀ ਤਾਂ ਹੀ ਇਹ ਕੰਮ ਹੋ ਸਕਦਾ ਹੈ।  ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਵੀ ਔਰੰਗਜ਼ੇਬ ਆਪਣੇ ਮਕਸਦ ’ਚ ਅਸਫਲ ਹੋ ਰਿਹਾ ਸੀ। 

ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਨੂੰ ਉਸੇ ਦਿਨ ਸ਼ਹੀਦ ਕਰ ਦਿੱਤਾ ਗਿਆ ਪਰ ਕੁਝ ਦਾ ਮੰਨਣਾ ਹੈ ਕਿ ਇੱਕ ਦਿਨ ਹੋਰ ਗੁਰੂ ਸਾਹਿਬ ਜੀ ਨੂੰ ਪਿੰਜਰੇ ’ਚ ਬੰਦ ਰੱਖਿਆ ਗਿਆ, ਤਾਂ ਜੋ ਡਰ ਕਾਰਨ ਸ਼ਾਇਦ ਦੂਸਰੇ ਦਿਨ ਤੱਕ ਮਨ ਬਦਲ ਜਾਏ ਕਿਉਂਕਿ ਔਰੰਗਜ਼ੇਬ ਵੱਲੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਉਣ ਬਾਬਤ ਕੋਈ ਜਲਦੀ ਵੀ ਨਹੀਂ ਸੀ।

ਸੋ, ਆਖ਼ਰ ਉਹ ਘੜੀ ਵੀ ਆ ਗਈ ਜਿਸ ਦਿਨ ਕਸ਼ਮੀਰੀ ਪੰਡਿਤਾਂ ਨੂੰ ਦਿੱਤੇ ਗਏ ਵਚਨਾਂ ਉੱਤੇ ਪਹਿਰਾ ਦੇ ਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਔਰੰਬਜ਼ੇਬ, ਉਸ ਦੇ ਵਜ਼ੀਰਾਂ, ਸੂਬੇਦਾਰਾਂ, ਕਾਜ਼ੀਆਂ ਨੂੰ ਭਾਰਤੀ ਜਨਤਾ ਸਾਮ੍ਹਣੇ ਹਾਰ ਸਵੀਕਾਰਨ ਲਈ ਮਜਬੂਰ ਕਰਨਾ ਸੀ। 11 ਨਵੰਬਰ 1675 ਈ: ਨੂੰ ਦੁਬਾਰਾ ਜਨਤਾ ਇਕੱਠੀ ਕੀਤੀ ਗਈ, ਪਰ ਗੁਰੂ ਜੀ ਆਪਣੇ ਵਚਨਾਂ ਉੱਤੇ ਅਡੋਲ ਸਨ।  ਕਾਜ਼ੀ ਉਲ-ਕਜ਼ਾਤ ਅਬੂਲ ਵਹਾਰ ਸ਼ੇਰਾ ਨੇ ਜੱਲਾਦ ਨੂੰ ਫ਼ਤਵਾ ਸੁਣਾਇਆ ਕਿ ਗੁਰੂ ਜੀ ਦਾ ਸੀਸ, ਧੜ ਤੋਂ ਅਲੱਗ ਕਰ ਦਿੱਤਾ ਜਾਵੇ।  ਇਸ ਘਟਨਾ ਨੂੰ ਉਸਤਾਦ ਕਵੀ ‘ਦੀਪਕ ਜੈਤੋਈ’ ਆਪਣੇ ਸ਼ਬਦਾਂ ’ਚ ਇਉਂ ਬਿਆਨ ਕਰਦਾ ਹੈ: ‘ਅੰਤ ਵਿੱਚ ਨੂਰ ਦੇ ਪੁੰਜ ਸਤਿਗੁਰ, ਕੀਤੇ ਗਏ ਸ਼ਹੀਦ ਤਲਵਾਰ ਦੇ ਨਾਲ਼। ਹਾਹਾਕਾਰ ਮੱਚੀ ਸਾਰੇ ਜੱਗ ਅੰਦਰ, ਜੈ ਜੈ ਦੇਵਤੇ ਕਰਨ ਸਤਿਕਾਰ ਦੇ ਨਾਲ। ਮਿਲੀ ਜ਼ਿੰਦਗੀ ਧਰਮ ਨੂੰ ਨਵੀਂ ‘ਦੀਪਕ’, ਉਹ ਅਸੀਸਾਂ ਦਾਤਾਰ ਨੂੰ ਦੇ ਰਿਹਾ ਏ।  ਅਜੇ ਤੀਕ ਵੀ ਚਾਂਦਨੀ ਚੌਂਕ ਅੰਦਰ, ਚਾਨਣ ਸਾਰੇ ਸੰਸਾਰ ਨੂੰ ਦੇ ਰਿਹਾ ਹੈ।’

ਇਤਿਹਾਸਕਾਰਾਂ ਮੁਤਾਬਕ ਉਸ ਦਿਨ ਕਾਫ਼ੀ ਤੇਜ਼ ਹਵਾ ਚੱਲੀ, ਜਿਸ ਨਾਲ਼ ਲੱਖੀ ਸ਼ਾਹ ਵਣਜਾਰੇ ਦੇ 100 ਬੈਲ ਗੱਡਿਆਂ ਦੀ ਧੂੜ ਨੇ ਉਸ ਨੂੰ ਤੁਫ਼ਾਨ ’ਚ ਬਦਲ ਦਿੱਤਾ, ਜਿਸ ਦੀ ਮਦਦ ਤੇ ਬੜੀ ਹੁਸ਼ਿਆਰੀ ਨਾਲ਼ ਭਾਈ ਜੈਤਾ ਜੀ, ਗੁਰੂ ਜੀ ਦੇ ਸੀਸ ਨੂੰ ਚੁੱਕ ਕੇ ਲੈ ਗਏ ਤੇ ਲੱਖੀ ਸ਼ਾਹ ਵਣਜਾਰਾ, ਭਾਈ ਉਦੈ ਜੀ, ਭਾਈ ਗੁਰਦਿੱਤਾ ਜੀ ਆਦਿ ਗੁਰੂ ਪਿਆਰੇ, ਗੁਰੂ ਜੀ ਦੇ ਧੜ ਨੂੰ ਇੱਕ ਗੱਡੇ ’ਚ ਛੁਪਾ ਕੇ ਰਕਾਬ ਗੰਜ ਤੱਕ ਲੈ ਜਾਣ ’ਚ ਸਫਲ ਹੋਏ ਜਿੱਥੇ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ। ਇਸ ਸਾਰੀ ਘਟਨਾ ’ਚ ਰੱਬੀ ਸ਼ਕਤੀ ਵੱਲੋਂ ਅਚਨਚੇਤ (ਇਤਫਾਕ ਨਾਲ਼) ਮਿਲ਼ੀ ਮਦਦ, ਜਿਸ ਰਾਹੀਂ ਕਾਮਯਾਬੀ ਸਿਖਰਾਂ ਨੂੰ ਛੂਹ ਗਈ, ਕਿਸੇ ਕਰਾਮਾਤ ਤੋਂ ਘੱਟ ਨਹੀਂ ਆਂਕਿਆ ਜਾ ਸਕਦਾ ਕਿਉਂਕਿ ਗੁਰੂ ਜੀ ਦਾ ਦਾਹ ਸੰਸਕਾਰ ਵੀ ਇਸਲਾਮ ਰੀਤ ਨਾਲ਼ ਕਰਨ ’ਚ ਔਰੰਗਜ਼ੇਬ ਸਫਲ ਨਾ ਹੋ ਸਕਿਆ।

ਉਕਤ ਸਚਾਈ ’ਚ ਇਹ ਪੱਖ ਵੀ ਸ਼ਾਮਲ ਕਰਨਯੋਗ ਹੈ ਕਿ ਹਜ਼ਾਰਾਂ ਦੀ ਤਾਦਾਦ ’ਚ ਇਕੱਠੀ ਹੋਈ ਭੀੜ, ਜਿਸ ਵਿੱਚ ਗੁਰੂ ਘਰ ਦੇ ਬਹੁਤ ਸ਼ਰਧਾਲੂ ਵੀ ਸਨ ਕਿਉਂਕਿ 30 ਮਾਰਚ 1664 (ਮਾਤ੍ਰ 11 ਸਾਲ ਪਹਿਲਾਂ) ਦਿੱਲੀ ਵਿੱਚ ਫੈਲੀ ਚੇਚਕ ਦੀ ਬਿਮਾਰੀ ਦੌਰਾਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਬੰਗਲਾ ਸਾਹਿਬ (ਦਿੱਲੀ) ਵਿਖੇ ਰਹਿ ਕੇ ਅਨੇਕਾਂ ਰੋਗੀਆਂ ਨੂੰ ਆਤਮਕ ਤੇ ਸਰੀਰਕ ਦਵਾ ਦਿੰਦਿਆਂ ਆਪਣੀ ਸ਼ਹਾਦਤ ਦਿੱਤੀ ਸੀ।  ਜਿਨ੍ਹਾਂ ਦੇ ਜਜ਼ਬਾਤਾਂ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਮੁੜ ਸੁਰਜੀਤ ਕਰ ਦਿੱਤਾ।  ਪਹਿਲੇ ਦਿਨ ਦੀਆਂ ਘਟਨਾਵਾਂ ਉਪਰੰਤ 100 ਗੱਡਿਆਂ ਦਾ ਕਾਫ਼ਲਾ ਚਾਂਦਨੀ ਚੌਂਕ ਕੋਲ਼ ਦੀ ਲੰਘਾਉਣਾ; ਭਾਈ ਜੈਤਾ ਜੀ, ਭਾਈ ਓਦੈ ਜੀ, ਭਾਈ ਗੁਰਦਿੱਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਆਦਿ ਸਿੱਖਾਂ ਦੀ ਰਣਨੀਤੀ ਦਾ ਭਾਗ ਸੀ।  ਇਸ ਨਰਸੰਘਾਰ ਦੀ ਗਵਾਹ ਭੀੜ ’ਚ ਸ਼ਾਮਲ ਗੁਰੂ ਪਿਆਰਿਆਂ ਦੇ ਗ਼ੁੱਸੇ ਦੇ ਸਾਹਮਣੇ ਔਰੰਗਜ਼ੇਬ ਦੇ ਕਾਜ਼ੀ, ਸਿਪਾਹੀ, ਜੱਲਾਦ ਲਾਚਾਰ ਹੋ ਗਏ ਹੋਣਗੇ ਕਿਉਂਕਿ ਚਾਂਦਨੀ ਚੌਂਕ ਤੋਂ ਰਕਾਬਗੰਜ ਗੱਡਿਆਂ ਰਾਹੀਂ ਜਾਣਾ ਤੇ ਰਿਆਸਤ ਦੀ ਰਾਜਧਾਨੀ ’ਚ ਕਿਸੇ ਨੂੰ ਪਤਾ ਨਾ ਲੱਗਣਾ, ਜਨਤਾ ਦੇ ਗੁਰੂ ਪਿਆਰ ਨੂੰ ਦਰਸਾਉਂਦਾ ਹੈ।

ਗੁਰੂ ਰਾਮਦਾਸ ਜੀ; ਸਮਾਜਿਕ ਜੀਵਨ ਬਸਰ ਕਰਦਿਆਂ ਆਪ ਵੀ ਬੇਸਹਾਰਾ ਰਹੇ, ਜਿਨ੍ਹਾਂ ਦਾ ਪਾਲਣ-ਪੋਸ਼ਣ ਨਾਨਕੇ ਘਰ ਹੋਇਆ। ਆਪਣੇ ਜੀਵਨ ਦੇ ਇਨ੍ਹਾਂ ਰੁੱਖੇ-ਮਿੱਸੇ ਅਨੁਭਵਾਂ ’ਚੋਂ ਵਚਨ ਪ੍ਰਗਟ ਕੀਤੇ ਕਿ ਗੁਰੂ, ਬੇਸਹਾਰਿਆਂ ਦਾ ਸਹਾਰਾ ਹੀ ਨਹੀਂ ਹੁੰਦਾ ਬਲਕਿ ਉਨ੍ਹਾਂ ਨੂੰ ਸ਼ਾਬਾਸ਼ (ਹੌਸਲਾ-ਅਫ਼ਜ਼ਾਈ, ਸਹਾਰਾ) ਦੇ ਕੇ ਖੜ੍ਹੇ ਵੀ ਕਰਦਾ ਹੈ: ‘‘ਨਿਮਾਣਿਆ ਗੁਰੁ ਮਾਣੁ ਹੈ; ਗੁਰੁ ਸਤਿਗੁਰੁ ਕਰੇ ਸਾਬਾਸਿ ॥’’ (ਮ: ੪/੪੧)  ਗੁਰੂ ਤੇਗ਼ ਬਹਾਦਰ ਜੀ ਦੁਆਰਾ ਕਸ਼ਮੀਰੀ ਪੰਡਿਤਾਂ ਨੂੰ ਦਿੱਤਾ ਗਿਆ ਦਿਲਾਸਾ (ਧੀਰਜ) ਗੁਰੂ ਰਾਮਦਾਸ ਜੀ ਦੇ ਵਚਨਾਂ ਦੀ ਇੱਕ ਮਿਸਾਲ ਹੈ ਤੇ ਉਹੀ ਪੰਡਿਤ ਕਿਰਪਾ ਰਾਮ ਤੋਂ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਜੰਗ ’ਚ ਆਪ ਵੀ ਸ਼ਹੀਦ ਹੋਏ।

11 ਜੁਲਾਈ (ਅਨੰਦਪੁਰ) ਤੋਂ 11 ਨਵੰਬਰ 1675 ਤੱਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਹਰ ਕਦਮ ਨਾਲ਼ ਕਦਮ ਮਿਲਾ ਕੇ ਚੱਲਣ ਵਾਲ਼ੇ 3 ਗੁਰੂ ਸੂਰਮਿਆਂ ਨੇ ਜਿਸ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਕੇ ਜੀਵਨ ਦੀ ਮਿਸਾਲ ਕਾਇਮ ਕੀਤੀ ਉਹ ਬੜੀ ਲਾਜਵਾਬ ਹੈ।  ਉਨ੍ਹਾਂ ਤਿੰਨ ਗੁਰਸਿੱਖਾਂ ਲਈ ਵੀ ਕਿਹੜੇ ਸ਼ਬਦ ਵਰਤੇ ਜਾਣ, ਜਿਨ੍ਹਾਂ ਨੇ ਅੰਤਿਮ ਸੁਆਸ ਤੱਕ ਆਪਣਾ ਮੂੰਹ ਗੁਰੂ ਵੱਲ ਰੱਖਣ ਨੂੰ ਮਹੱਤਤਾ ਦਿੱਤੀ।

ਹਰ ਸਮਾਜਿਕ ਘਟਨਾ ਨਾਲ਼ ਸੰਬੰਧਿਤ ਸ਼ਹੀਦ ਦਾ ਇਤਿਹਾਸ ਸੰਭਾਲਣਾ ਬੜਾ ਕਠਿਨ ਕਾਰਜ ਹੁੰਦਾ ਹੈ ਕਿਉਂਕਿ ਸ਼ਹੀਦੀ ਦੀ ਜਗ੍ਹਾ ਤੇ ਓਥੋਂ ਦੇ ਜ਼ਮੀਨੀ ਹਾਲਾਤ, ਜ਼ਰੂਰੀ ਨਹੀਂ ਕਿ ਸੰਬੰਧਿਤ ਕੌਮ ਨੂੰ ਸਚਾਈ ਬਿਆਨ ਕਰਕੇ ਦੇਣ; ਜਿਵੇਂ ਕਿ ਸ਼ਹੀਦ ਭਗਤ ਸਿੰਘ (1907-1931) ਨਾਲ਼ ਇੰਗਲੈਂਡ ’ਚ ਕੀ ਕੀ ਵਾਪਰਿਆ?  ਬਾਰੇ ਵੀ ਪੂਰਨ ਜਾਣਕਾਰੀ ਉਪਲਬਧ ਨਹੀਂ ਹੈ।  ਸਿੱਖ ਕੌਮ, ਜੋ ਸ਼ਹੀਦਾਂ ਦੀ ਜਨਮਦਾਤੀ ਹੈ, ਇਸ ਵਿੱਚ ਕਿਸ ਨੇ, ਕਦੋਂ, ਕਿੱਥੇ ਸ਼ਹੀਦੀ ਦੇਣੀ ਹੈ?  ਉਸ ਦਾ ਪਿਛੋਕੜ ਲੱਭਣਾ ਹੋਰ ਵੀ ਜਟਿਲ ਸੀ/ਹੈ।  ਇਸੇ ਤਰ੍ਹਾਂ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਸਤੀ ਦਾਸ ਜੀ ਤੇ ਸ਼ਹੀਦ ਭਾਈ ਦਿਆਲਾ ਜੀ ਦੇ ਜੀਵਨ ਬਾਰੇ ਬਿਆਨ ਕਰਨ ਲਈ ਸਾਡੇ ਪਾਸ ਬਹੁਤਾ ਕੁਝ ਉਪਲਬਧ ਨਹੀਂ ਹੈ।  ਜੋ ਮੌਜੂਦ ਹੈ, ਉਸ ਵਿੱਚ ਵੀ ਇਤਿਹਾਸਕਾਰਾਂ ਦੀ ਅਸਹਿਮਤੀ ਵਧੇਰੇ ਵਿਖਾਈ ਦਿੰਦੀ ਹੈ, ਪਰ ਜ਼ਿਆਦਾਤਰ ਦੀ ਰਾਏ ਇਸ ਪ੍ਰਕਾਰ ਹੈ: (1). ਪਿੰਡ ਕੜ੍ਹੀਆਲਾ (ਕਰਿਆਲਾ), ਜ਼ਿਲ੍ਹਾ ਜੇਹਲਮ (ਪਾਕਿਸਤਾਨ) ਦੇ ਛਿੱਬਰ ਗੋਤਰ ’ਚ ਇੱਕ ਬ੍ਰਾਹਮਣ ਦੇ ਘਰ ਮਹਾਤਮਾ ਗੋਤਮ ਦਾਸ ਜੀ ਦਾ ਜਨਮ ਹੋਇਆ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਸੁਣਦਿਆਂ ਸੰਗਤਾਂ ਦੀ ਸ਼ਰਧਾ ਤੇ ਲਗਨ ਨਾਲ ਸੇਵਾ ਕੀਤੀ।  ਇਸ ਤੋਂ ਪ੍ਰਸੰਨ ਹੋ ਕੇ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ‘ਭਾਈ’ ਦਾ ਖ਼ਿਤਾਬ (ਰੁਤਬਾ) ਬਖ਼ਸ਼ਸ ਕੀਤਾ, ਜੋ ਇਸ ਪਰਿਵਾਰ ਨਾਲ਼ ਅੱਜ ਵੀ ਜੁੜਿਆ ਚਲਿਆ ਆ ਰਿਹਾ ਹੈ।

ਭਾਈ ਗੋਤਮ ਦਾਸ ਜੀ ਦੇ ਸਪੁੱਤਰ ਭਾਈ ਪਰਾਗਾ ਜੀ ਸਨ।  ਭਾਈ ਪਰਾਗਾ ਜੀ ਇੱਕ ਮਹਾਨ ਯੋਧੇ ਸਨ, ਜਿਨ੍ਹਾਂ ਦੀ ਬਹਾਦਰੀ ਤੋਂ ਤਰੁਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਆਰੰਭ ਕੀਤੇ ਗਏ ਮਾਨਵਤਾ ਹਿਤਕਾਰੀ ਯੁੱਧ ’ਚ ਇਨ੍ਹਾਂ ਨੂੰ ਜੱਥੇ ਦਾ ਕਮਾਂਡਰ ਬਣਾ ਦਿੱਤਾ ਗਿਆ।  ਸੰਨ 1628 ਈ: ਵਿੱਚ ਸ਼ਾਹਜਹਾਂ ਦਾ ਫ਼ੌਜੀ ਸਰਦਾਰ ਮੁਖ਼ਲਿਸਖ਼ਾਨ, ਜਿਸ ਨੇ ਸ਼ਾਹੀ ਬਾਜ਼ ਨੂੰ ਪਕੜਨ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ (ਸੰਨ 1590-1644, ਗੁਰਿਆਈ ਕਾਲ 1606-1644) ਉੱਤੇ ਅੰਮ੍ਰਿਤਸਰ ਹਮਲਾ ਕਰ ਦਿੱਤਾ, ਇਸ ਜੰਗ ’ਚ ਮੁਖ਼ਲਿਸਖ਼ਾਨ, ਗੁਰੂ ਜੀ ਦੇ ਹੱਥੋਂ ਮਾਰਿਆ ਗਿਆ, ਪਰ ਇਸ ਤੋਂ ਪਹਿਲਾਂ ਭਾਈ ਪਰਾਗਾ ਜੀ, ਮੁਖ਼ਲਿਸਖ਼ਾਨ ਨਾਲ਼ ਲੜਦਿਆਂ ਸ਼ਹੀਦ ਹੋ ਗਏ ਸਨ।

ਸ਼ਹੀਦ ਭਾਈ ਪਰਾਗਾ ਜੀ ਦੇ ਗ੍ਰਹਿ ਭਾਈ ਲੱਖੀ ਦਾਸ ਜੀ ਦਾ ਜਨਮ ਹੋਇਆ, ਜਿਨ੍ਹਾਂ ਦੇ ਸਪੁੱਤਰ ਸਨ: ਭਾਈ ਹੀਰਾ ਨੰਦ ਜੀ ਤੇ ਭਾਈ ਦਰਗਾਹ ਮੱਲ ਜੀ।  ਇਹ ਦੋਵੇਂ ਮਹਾਨ ਯੋਧੇ; ਗੁਰੂ ਹਰਿਰਾਇ ਸਾਹਿਬ ਜੀ (ਸੰਨ 1630-1661, ਗੁਰਿਆਈ ਕਾਲ 1644-1661) ਦੀ ਸ਼ਰਨ ’ਚ ਕੀਰਤਪੁਰ ਆਏ।  ਗੁਰੂ ਸਾਹਿਬ ਜੀ ਨੇ ਇਨ੍ਹਾਂ ਦੀ ਲਿਆਕਤ (ਯੋਗਤਾ) ਨੂੰ ਵੇਖਦਿਆਂ ਭਾਈ ਦਰਗਾਹ ਮੱਲ ਜੀ ਨੂੰ ਗੁਰੂ ਘਰ ਦਾ ਦੀਵਾਨ (ਮੰਤ੍ਰੀ) ਤੇ ਭਾਈ ਹੀਰਾ ਨੰਦ ਜੀ ਨੂੰ ਇਨ੍ਹਾਂ ਦਾ ਵਜ਼ੀਰ ਨਿਯੁਕਤ ਕਰ ਦਿੱਤਾ, ਜੋ ਗੁਰੂ ਹਰਕ੍ਰਿਸ਼ਨ ਸਾਹਿਬ (ਸੰਨ 1652-1664, ਗੁਰਿਆਈ ਕਾਲ 1661-1664) ਦੌਰਾਨ ਵੀ ਸੇਵਾ ਨਿਭਾਉਂਦੇ ਰਹੇ।

ਭਾਈ ਹੀਰਾ ਨੰਦ ਜੀ ਦੇ 4 ਸਪੁੱਤਰ ਸਨ: ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਜਤੀਦਾਸ ਜੀ ਤੇ ਭਾਈ ਸਖੀਦਾਸ ਜੀ।  ਸੰਨ 1657 ਈ: ਵਿੱਚ ਭਾਈ ਹੀਰਾ ਨੰਦ ਜੀ ਚਲਾਣਾ ਕਰ ਗਏ, ਪਰ ਇਸ ਤੋਂ ਪਹਿਲਾਂ ਆਪਣੇ ਦੋਵੇਂ ਵੱਡੇ ਸਪੁੱਤਰ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਘਰ ਦੀ ਸੇਵਾ ਲਈ ਭੇਟਾ ਕਰ ਦਿੱਤਾ ਗਿਆ, ਜੋ ਕਿ ਫ਼ਾਰਸੀ ਦੇ ਵਿਦਵਾਨ ਤੇ ਮਹਾਨ ਯੋਧੇ ਸਨ।

ਗੁਰੂ ਤੇਗ਼ ਬਹਾਦਰ ਸਾਹਿਬ (ਸੰਨ 1621-1675, ਗੁਰਿਆਈ ਕਾਲ 1665-1675) ਸਮੇਂ ਭਾਈ ਦਰਗਾਹ ਮੱਲ ਜੀ ਨੇ ਆਪਣੀ ਸਰੀਰਕ ਸ਼ਕਤੀ ਇਜਾਜ਼ਤ ਨਾ ਦਿੰਦੀ ਵੇਖ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਦੀਵਾਨ ਦੀ ਸੇਵਾ ਲਈ ਕਿਸੇ ਹੋਰ ਸਿੱਖ ਨੂੰ ਨਿਯੁਕਤ ਕਰ ਦਿੱਤਾ ਜਾਵੇ, ਜਿਸ ਉਪਰੰਤ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ (ਮੰਤ੍ਰੀ) ਤੇ ਭਾਈ ਸਤੀ ਦਾਸ ਜੀ ਨੂੰ ਉਨ੍ਹਾਂ ਦਾ ਵਜ਼ੀਰ ਨਿਯੁਕਤ ਕਰ ਦਿੱਤਾ।

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਚਾਰਿਕ ਦੌਰਿਆਂ ਸਮੇਂ ਵੀ ਭਾਈ ਮਤੀ ਦਾਸ ਜੀ ਉਨ੍ਹਾਂ ਨਾਲ਼ ਸ਼ਾਮਲ ਰਹੇ ਸਨ। ਪੜ੍ਹੇ-ਲਿਖੇ ਹੋਣ ਕਾਰਨ ਗੁਰਬਾਣੀ ਦੀ ਸਮਝ ਇਨ੍ਹਾਂ ਨੂੰ ਕਾਫ਼ੀ ਸੀ।  ਕਸ਼ਮੀਰੀ ਪੰਡਿਤਾਂ ਦਾ ਗੁਰੂ ਘਰ ’ਚ ਆਉਣਾ ਤੇ ਉਨ੍ਹਾਂ ਨਾਲ਼ ਵਾਪਰੇ ਦੁਖਾਂਤ ਨੂੰ ਇਨ੍ਹਾਂ ਨੇ ਬੜਾ ਹੀ ਨਜ਼ਦੀਕ ਤੋਂ ਸੁਣਿਆ ਤੇ ਵੇਖਿਆ ਸੀ।  ਅਨੰਦਪੁਰ ਤੋਂ ਦਿੱਲੀ ਵੱਲ ਕੂਚ ਕਰਨ ਤੱਕ ਇਹ ਗੁਰੂ ਘਰ ’ਚ ਦੀਵਾਨ ਤੇ ਵਜ਼ੀਰ ਦੇ ਪਦ ’ਤੇ ਬਿਰਾਜਮਾਨ ਸਨ।

ਇਨ੍ਹਾਂ ਦੋਵੇਂ ਗੁਰਸਿੱਖਾਂ ਦੀ ਵੰਸ਼ ਦਾ ਵੇਰਵਾ ‘ਭਟ ਵਹੀ ਮੁਲਤਾਨੀ ਸਿੰਧੀ’ ਵਿੱਚ ਇਉਂ ਅੰਕਿਤ ਹੈ: ‘ਗੋਲੋ ਮਤੀ ਦਾਸ, ਸਤੀ ਦਾਸ ਬੇਟੇ ਹਰਿ ਨੰਦ ਕੇ, ਪੋਤੇ ਲਖੀ ਦਾਸ ਕੇ ਪੜਪੋਤੇ ਪਰਾਗਾ ਕੇ, ਬੰਸ ਗੋਤਮ ਕਾ, ਸਰਸਵਤੀ ਭਾਗਵਤ ਗੋਤਰ ਬ੍ਰਾਹਮਣ ਛਿਬਰ ਮਘਰ ਸੁਦੀ ਪੰਚਮੀ ਸੰਬਤ 1732 (ਸੰਨ 1675) ਦਿੱਲੀ ਚਾਂਦਨੀ ਚੌਂਕ ਕੇ ਮਹਾਨ, ਸ਼ਾਹੀ ਹੁਕਮ ਗੈਲ ਮਾਰੇ ਗਏ।’

(ਨੋਟ: ਭਾਈ ਕਾਨ ਸਿੰਘ ਕ੍ਰਿਤ ਮਹਾਨ ਕੋਸ਼ ਵਿੱਚ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੇ ਪਿਤਾ ਭਾਈ ਪਰਾਗਾ ਜੀ ਨੂੰ ਦੱਸਿਆ ਗਿਆ ਹੈ, ਜੋ ਕਿ ਦਰੁਸਤ ਨਹੀਂ ਜਾਪਦਾ ਕਿਉਂਕਿ ਭਾਈ ਪਰਾਗਾ ਜੀ ਸੰਨ 1628 ਈਸਵੀ ’ਚ ਸ਼ਹੀਦ ਹੋ ਗਏ ਸੀ ਤੇ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ 1675 ਈਸਵੀ ਵਿੱਚ ਸ਼ਹੀਦ ਹੋਏ, ਇਨ੍ਹਾਂ ਦਾ ਫ਼ਾਸਲਾ 47 ਸਾਲ ਬਣਦਾ ਹੈ।  ਅੱਜ ਕੱਲ੍ਹ ਬੱਚਿਆਂ ਦੀ ਵਿਦਿਆ ਨੂੰ ਆਧਾਰ ਬਣਾ ਕੇ ਸ਼ਾਦੀ ਦੀ ਉਮਰ 25-30 ਸਾਲ ਹੋ ਗਈ ਜਦਕਿ ਪਿਛਲਾ ਇਤਿਹਾਸ ਗਵਾਹ ਹੈ ਕਿ ਕੋਈ ਕਾਇਦਾ-ਨਿਯਮ ਨਾ ਹੋਣ ਕਾਰਨ, ਧਾੜਵੀਆਂ ਦੇ ਡਰ ਕਾਰਨ ਬੱਚਿਆਂ ਦੀ ਸ਼ਾਦੀ 14-18 ਸਾਲ ਦੇ ਦਰਮਿਆਨ ਕਰ ਦਿੱਤੀ ਜਾਂਦੀ ਸੀ, ਜਿਸ ਕਾਰਨ ਹਰ ਪੀੜ੍ਹੀ ਦਾ ਅੰਤਰ 20 ਸਾਲ ਤੋਂ ਘੱਟ ਰਹਿ ਜਾਂਦਾ ਸੀ, ਜੋ ਹੁਣ 25-30 ਸਾਲ ਹੋ ਗਿਆ ਹੈ।)

(2). ਭਾਈ ਦਿਆਲਾ ਜੀ ਦਾ ਜਨਮ ਪਿੰਡ ਕੰਬੋਵਾਲ (ਹੁਣ ਲੌਂਗੋਵਾਲ) ਵਿੱਚ ਹੋਇਆ, ਇਨ੍ਹਾਂ ਦਾ ਪਰਿਵਾਰ ਬਾਅਦ ’ਚ ਪਿੰਡ ਕੰਬੋਵਾਲ ਤੋਂ ਉੱਠ ਕੇ ਅਨੰਦਪੁਰ ਸਾਹਿਬ (ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਾਸ) ਆ ਗਿਆ ਤੇ ਗੁਰੂ ਜੀ ਦੀ ਸੇਵਾ ਲਈ ਪੂਰਾ ਪਰਿਵਾਰ ਹੀ ਸਮਰਪਿਤ ਹੋ ਗਿਆ।

ਭਾਈ ਦਿਆਲ ਦਾਸ ਜੀ ਦੇ 11 ਭਰਾ ਸਨ: ‘ਭਾਈ ਲਹਿਣਾ ਸਿੰਘ, ਭਾਈ ਹਠੀ ਚੰਦ, ਭਾਈ ਮੋਹਣ ਚੰਦ, ਭਾਈ ਦਾਨ ਸਿੰਘ, ਭਾਈ ਰਾਏ ਸਿੰਘ, ਭਾਈ ਮਾਨ ਸਿੰਘ, ਭਾਈ ਮਨੀ ਸਿੰਘ, ਭਾਈ ਜੇਠਾ ਸਿੰਘ, ਭਾਈ ਰੂਪ ਸਿੰਘ ਤੇ ਭਾਈ ਜਗਤ ਸਿੰਘ’ ਆਦਿ।  ਇਨ੍ਹਾਂ ਤਮਾਮ ਗੁਰਸਿੱਖਾਂ ਦਾ ਜੀਵਨ ਗੁਰੂ ਸਾਹਿਬ ਨੂੰ ਸਮਰਪਿਤ ਰਿਹਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।  ਇਨ੍ਹਾਂ ਦੇ ਛੋਟੇ ਭਰਾ ਸਨ: ਸ਼ਹੀਦ ਭਾਈ ਮਨੀ ਸਿੰਘ ਜੀ।

ਜਦ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਘਰ ਦੇ ‘ਦੀਵਾਨ’ ਤੇ ‘ਵਜ਼ੀਰ’ ਪਦ ਲਈ ਨਿਯੁਕਤ ਕੀਤਾ ਤਾਂ ਭਾਈ ਦਿਆਲਾ ਜੀ ਨੂੰ ‘ਘਰਬਾਰਗੀ’ (ਲੰਗਰ, ਰਾਸ਼ਨ-ਪਾਣੀ ਆਦਿ) ਦੀ ਸੇਵਾ-ਸੰਭਾਲ਼ ਸੌਂਪੀ ਗਈ ਸੀ। ਆਪ ਜੀ ਦੇ ਪਿਤਾ ਦਾ ਨਾਂ ਭਾਈ ਮਾਈ ਦਾਸ, ਦਾਦਾ ਭਾਈ ਬਾਲੂ ਜੀ ਤੇ ਪੜਦਾਦੇ ਭਾਈ ਮੂਲਾ ਜੀ ਸਨ।  ਸੰਨ 1628 ਈ: ਵਿੱਚ ਮੁਖ਼ਲਿਸਖ਼ਾਨ ਨਾਲ਼ ਹੋਈ ਅੰਮ੍ਰਿਤਸਰ ਦੀ ਜੰਗ ਦੌਰਾਨ ਭਾਈ ਪਰਾਗਾ ਜੀ ਦੀ ਕਮਾਂਡ ਹੇਠ ਭਾਈ ਬਾਲੂ ਜੀ ਨੇ ਵੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਤੇ ਸ਼ਹੀਦੀ ਪ੍ਰਾਪਤ ਕੀਤੀ ਸੀ।

ਇਸ ਗੁਰਸਿੱਖ ਦੇ ਵੰਸ਼ ਦਾ ਵੇਰਵਾ ‘ਭਟ ਵਹੀ ਮੁਲਤਾਨੀ ਸਿੰਧੀ’ ਵਿੱਚ ਇਉਂ ਅੰਕਿਤ ਹੈ: ‘ਦਿਆਲ ਦਾਸ ਬੇਟਾ ਮਾਈ ਦਾਸ ਕਾ, ਪੋਤਾ ਬਾਲੂ ਕਾ, ਪੜਪੋਤਾ ਮੂਲੇ ਕਾ, ਗੁਰੂ ਗੈਲ ਮਘਰ ਸੁਦੀ ਪੰਚਮੀ ਸੰਬਤ 1732 (ਸੰਨ 1675) ਦਿੱਲੀ ਚਾਂਦਨੀ ਚੌਂਕ ਕੇ ਮਹਾਨ, ਸ਼ਾਹੀ ਹੁਕਮ ਗੈਲ ਮਾਰਾ ਗਯਾ।’

ਕਿਸੇ ਸ਼ਾਇਰ ਦਾ ਸ਼ਹੀਦਾਂ ਬਾਬਤ ਲਿਖਿਆ ਇਹ ਦੋਹਰਾ ਬੜੇ ਕਮਾਲ ਦੀ ਸ਼ਰਧਾਂਜਲੀ ਦਿੰਦਾ ਹੈ: ‘ਫ਼ਲ਼ਦੇ ਫ਼ੁਲ਼ਦੇ ਨੇ ਕੌਮਾਂ ਦੇ ਬ੍ਰਿਛ ਉਹੋ, ਕੌਮਾਂ ਉਹਨਾਂ ਦੀ ਹੀ ਛਾਵੇਂ ਬਹਿੰਦੀਆਂ ਨੇ। ਵਿੱਚ ਔੜ ਦੇ ਵੀ ਜੜ੍ਹਾਂ ਜਿਨ੍ਹਾਂ ਦੀਆਂ, ਨਾਲ ਰੱਤ ਦੇ ਗਿਲੀਆਂ ਰਹਿੰਦੀਆਂ ਨੇ।’