ਨਬੀ ਅਸਤ-ਨਬੀ ਅਸਤ
ਪ੍ਰਿੰਸੀਪਲ ਸਤਿਨਾਮ ਸਿੰਘ, ਹਮਰਾਜ਼ ਬਿਨ ਹਮਰਾਜ਼ (ਚੰਡੀਗੜ੍ਹ)-98880-47979
ਮੁਗਲ ਫ਼ੌਜ ਦਾ ਸਿਪਾ-ਸਲਾਰ ਸੈਦ ਖਾਂ ਇੱਕ ਵੱਡੇ ਪੱਥਰ ਦਾ ਢਾਸਣਾ ਲਗਾ ਕਿਸੇ ਡੂੰਘੀ ਸੋਚ ਵਿੱਚ ਡੁੱਬਾ, ਚਾਂਦਨੀ ਰਾਤ ਵਿੱਚ ਕਿਲ੍ਹਾ ਅਨੰਦਗੜ੍ਹ ਅਤੇ ਉਸ ਦੇ ਪਿੱਛੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਅਲੌਕਿਕ ਨਜ਼ਾਰੇ ’ਤੇ ਟਿਕ ਟਿਕੀ ਲਗਾਈ ਬੈਠਾ ਸੀ। ਪਿਛਲੇ ਕਈ ਦਿਨਾਂ ਤੋਂ ਮੁਗਲ ਫ਼ੌਜ ਦਾ ਟਿੱਡੀ ਦਲ ਕਿਲ੍ਹੇ ਤੇ ਮੁਗਲਈ ਪਰਚਮ ਲਹਿਰਾਉਣ ਦੀ ਲਾਲਸਾ ਵਿੱਚ ਅਗੇ ਵਧਦਾ ਸੀ ਪਰ ਮੁੱਠੀ ਭਰ ਨਾਨਕ ਨਾਮ ਲੇਵਾ ਮਰਜੀਵੜਿਆਂ ਤੋਂ ਮੂੰਹ ਦੀ ਖਾ, ਦੁੰਮ ਦਬਾ ਫਿਰ ਆਪਣੇ ਖੇਮਿਆਂ ਵਿੱਚ ਜਾ ਸਿਰ ਛੁਪਾਉਂਦਾ ਸੀ। ਸੈਦ ਖਾਂ ਬਾਰ ਬਾਰ ਇਹੀ ਸੋਚ ਰਿਹਾ ਸੀ ਕਿ ਆਖਰ ਕਿਲ੍ਹੇ ਅੰਦਰ ਐਸੀ ਕਿਹੜੀ ਖੁਦਾਈ ਸ਼ਕਤੀ ਹੈ, ਜੋ ਸਲਤਨਤੇ-ਹਿੰਦ ਦੇ ਸ਼ਕਤੀਸ਼ਾਲੀ ਬਾਦਸ਼ਾਹ ਆਲਮਗੀਰ ਔਰੰਗਜ਼ੇਬ ਦੇ ਲਾਹੋ-ਲਸ਼ਕਰ ਦਾ ਪਿਛਲੇ ਕਈ ਦਿਨਾਂ ਤੋਂ ਮੂੰਹ ਭੰਨ ਰਹੀ ਹੈ। ਕਦੀ ਖਿਆਲ ਆਪਣੇ ਦੁਲਹਾ ਭਾਈ ਪੀਰ ਬੁਧੂ ਸ਼ਾਹ ਵਲ ਮੁੜ ਜਾਂਦਾ। ਪਤਾ ਨਹੀਂ ਪੀਰ ਜੀ ਵਰਗਾ ਉੱਚੀ ਅਵਸਥਾ ਦਾ ਮਾਲਕ ਆਪਣੇ ਪੁੱਤਰਾਂ ਤੇ ਚੇਲਿਆਂ ਸਣੇ ਕਿਉਂ ਉਸ ਕਾਫਰ ਗੁਰੂ ਦੇ ਚਰਨਾਂ ਦੀ ਖਾਕ ਜਾ ਬਣਿਆ ਹੈ। ਕਈ ਵਾਰ ਪੀਰ ਜੀ ਤੋਂ ਪੁੱਛਿਆ ਵੀ ਕਿ ਆਖਰ ਐਸੀ ਕਿਹੜੀ ਗੱਲ ਹੈ ਉਸ ਕਾਫ਼ਰ ਗੁਰੂ ਵਿੱਚ ? ਹਰ ਵਾਰ ਪੀਰ ਜੀ ਮੁਸਕਰਾ ਕੇ ਇੱਕੋ ਹੀ ਜੁਆਬ ਦਿੰਦੇ, ਸਾਲੇ-ਭਾਈ ਜਦ ਸਾਹਮਣਾ ਹੋਵੇਗਾ ਤਾਂ ਸਭ ਭਰਮ ਦੂਰ ਹੋ ਜਾਣਗੇ। ਪੀਰ ਜੀ ਕਹਿੰਦੇ ਸੀ ਉਹ ਕਾਫ਼ਰ ਗੁਰੂ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਜਿਹੜਾ ਵੀ ਉਸ ਦਾ ਧਿਆਨ ਧਰਦਾ ਹੈ ਉਸ ਨੂੰ ਦਰਸ਼ਨ ਦੇਂਦਾ ਹੈ। ਜੇ ਐਸਾ ਹੈ ਤਾਂ ਮੈਂ ਵੀ ਤੇ ਐਸ ਵੇਲੇ ਉਸੇ ਨੂੰ ਯਾਦ ਕਰ ਰਿਹਾ ਹਾਂ, ਪਰ ਉਹ ਮੈਨੂੰ ਕਿੰਝ ਦਰਸ਼ਨ ਦੇ ਸਕਦਾ ਹੈ ? ਮੈਂ ਮੋਮਨ ਉਹ ਕਾਫ਼ਰ ! ਕਲ ਸਵੇਰੇ ਤਾਂ ਉਸ ਨੇ ਮੇਰੇ ਹੱਥੋਂ ਮਾਰੇ ਜਾਣਾ ਹੈ, ਮੈਂ ਤੇ ਉਸ ਨੂੰ ਜ਼ਿਦਾ ਪਕੜ ਬਾਦਸ਼ਾਹ ਹਜ਼ੂਰ ਦੇ ਪੇਸ਼ ਕਰਨਾ ਹੈ। ਮੈਂ ਸਵੇਰੇ ਤੜਕੇ ਹੀ ਫ਼ੌਜਾਂ ਨੂੰ ਹਮਲੇ ਦਾ ਹੁਕਮ ਦੇਣਾ ਹੈ। ਸਭ ਪਾਸਿਓਂ ਇਕੱਠਾ ਹਮਲਾ… ਜ਼ਬਰਦਸਤ ਹਮਲਾ… ਫੜਲੋ ਫੜਲੋ… ਮਾਰ ਦਿਉ… ਬਚ ਕੇ ਨਾ ਜਾਣ… ਤੇ ਫੇਰ ਅਨੰਦਗੜ੍ਹ ਦੇ ਕਿਲ੍ਹੇ ’ਤੇ ਮੈਂ ਆਪਣੇ ਹੱਥੀਂ ਮੁਗਲ ਪਰਚਮ ਲਹਿਰਾਵਾਂਗਾ। ਏਸੇ ਉਧੇੜ ਬੁਣ ਦੇ ਜੁਆਰ-ਭਾਟੇ ਵਿੱਚ ਸੈਦ ਖਾਂ ਕਦੀ ਤੇ ਕਾਫ਼ਰ ਗੁਰੂ ਨੂੰ ਮਾਰਨ ਦੇ ਮਨਸੂਬੇ ਬਣਾਉਂਦਾ ਤੇ ਕਦੀ ਦਿਲ ਦੇ ਕਿਸੇ ਕੋਨੇ ਤੋਂ ਆਪਣੇ ਬਹਿਨੋਈ ਪੀਰ ਜੀ ਦੀਆਂ ਗੱਲਾਂ ਯਾਦ ਕਰ ਓਸੇ ਕਾਫ਼ਰ ਗੁਰੂ ਦੇ ਦਰਸ਼ਨਾਂ ਦੀ ਤਾਂਘ ’ਚ ਪਤਾ ਨਹੀਂ ਕਦ ਸੈਦ ਖਾਂ ਦੀਆਂ ਅੱਖਾਂ ਮੁੰਦ ਗਈਆਂ ਤੇ ਦਿਲ ਦੀ ਗਹਿਰਾਈ ਤੋਂ ਇੱਕ ਵਾਰ ਦਰਸ ਵਿਖਾਉਣ ਦੀ ਅਰਜ਼ ਨਿਕਲ ਗੋਬਿੰਦ ਚਰਨਾਂ ਵਿੱਚ ਜਾ ਪੁਜੀ। ਪੈਰਾਂ ਦੀ ਆਹਟ ਸੁਣ ਸੈਦ ਖਾਂ ਘਬਰਾ ਕੇ ਜਾਗ ਉੱਠਿਆ। ਕੀ ਵੇਖਦਾ ਹੈ ਕਿ ਸਾਹਮਣੇ ਚਿੱਟੀ ਕਲਗੀ, ਹੱਥ ਵਿੱਚ ਬਾਜ਼, ਸੁਨਹਿਰੀ ਚੋਲਾ ਤੇ ਚਿਹਰੇ ਤੇ ਰੱਬੀ ਨੂਰ ਵਾਲਾ ਇੱਕ ਹਥਿਆਰ ਬੰਦ ਯੋਧਾ ਖੜ੍ਹਾ ਮੁਸਕਰਾ ਰਿਹਾ ਹੈ। ਸੈਦ ਖਾਂ ਬੁੱਤ ਬਣ ਡਿਬਰ ਡਿਬਰ ਦੇਖਦਾ ਹੀ ਰਹਿ ਗਿਆ। ਯੋਧਾ ਅੱਗੇ ਵਧਿਆ ਤੇ ਆਪਣੇ ਦੋਵੇਂ ਹੱਥ ਸੈਦ ਖਾਂ ਦੇ ਮੋਢਿਆਂ ’ਤੇ ਟਿਕਾ ਦਿੱਤੇ। ਮਾਨੋ ਸੈਦ ਖਾਂ ਦੇ ਅੰਦਰ ਇੱਕ ਰੂਹਾਨੀ ਲਹਿਰ ਦੌੜ ਗਈ। ਯੋਧੇ ਨੇ ਪਿਆਰ ਨਾਲ ਪਿੱਠ ਥਪ ਥਪਾਈ ਤੇ ਕਿਹਾ ‘ਸਰਦਾਰ ਸੈਦ ਖਾਂ, ਰਾਤ ਖਤਮ ਹੋਣ ਵਾਲੀ ਹੈ, ਯੁੱਧ ਦੀ ਤਿਆਰੀ ਨਹੀਂ ਕਰਨੀ’। ਸੈਦ ਖਾਂ ਸਰਦਾਰ ਜੋ ਕੁਝ ਹੀ ਪਲ ਪਹਿਲਾਂ ਕਾਫਰ ਗੁਰੂ ਨੂੰ ਪਕੜਣ ਦੇ ਮਨਸੂਬੇ ਬਣਾ ਰਿਹਾ ਸੀ ਆਪ ਮੁਹਾਰੇ ਗੋਬਿੰਦ ਚਰਨਾਂ ’ਤੇ ਢਹਿ ਪਿਆ ਤੇ ਦਰਸ਼ਨ ਕਰ ਨਿਹਾਲ ਹੋਇਆ। ਸੁੱਧ ਦੀ ਨਾ ਸੁੱਧ ਰਹੀ, ਬੁੱਧ ਦੀ ਨਾ ਬੁੱਧ ਰਹੀ। ਦਰਸ਼ਨ ਮਦਹੋਸ਼ ਹੋ ਖੇਮੇ ਵਲ ਸਰਪਟ ਦੋੜਿਆ, ਉੱਚੀ ਉੱਚੀ ਬੜਬੜਾਉਂਦਾ : ਬਿਲਾ ਸ਼ਕੋ ਸ਼ੁਬਾਹ ਨਬੀ ਅਸਤ- ਬਿਲਾ ਸ਼ਕੋ ਸ਼ੁਬਾਹ ਨਬੀ ਅਸਤ, ਨਬੀ ਅਸਤ ਨਬੀ ਅਸਤ, ਨਬੀ ਅਸਤ ਨਬੀ।