॥ ਜਪੁ॥ ਸਿਰਲੇਖ ਤੇ ਰਚਨਾ ਮਨੋਰਥ

0
721

॥ ਜਪੁ॥ ਸਿਰਲੇਖ ਤੇ ਰਚਨਾ ਮਨੋਰਥ

..ਗਿਆਨੀ ਜਗਤਾਰ ਸਿੰਘ ਜਾਚਕ

ਮਾਨਵ-ਦਰਦੀ, ਪਾਖੰਡ ਪ੍ਰਹਾਰਕ ਤੇ ਬ੍ਰਹਮ-ਸਮਸਰਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ-ਜਲੰਦੇ ਨੂੰ ਠਾਰਨ, ਸੁਧਾਰਨ ਤੇ ਤਾਰਨ ਲਈ ਆਪਣੇ ਨਿਯਤ ਪ੍ਰਚਾਰ ਦੌਰੇ (ਉਦਾਸੀਆਂ) ਸਮਾਪਤ ਕਰਕੇ ਆਪਣੇ ਆਖ਼ਰੀ ਸਮੇਂ ਸੰਨ 1522 ਵਿੱਚ ਰਾਵੀ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਆਣ ਟਿਕੇ। ਇਸ ਇਤਿਹਾਸਕ ਤੱਥ ਅਤੇ ਸਤਿਗੁਰੂ ਜੀ ਕਰਤਾਰਪੁਰੀ ਵਰਤਾਰੇ ਨੂੰ ਗੁਰੂ ਦਰਬਾਰ ਦੇ ਗੁਰਮਤਿ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਇਉਂ ਪ੍ਰਗਟਾਇਆ ਹੈ :

ਫਿਰਿ ਬਾਬਾ ਆਇਆ ਕਰਤਾਰਪੁਰਿ, ਭੇਖੁ ਉਦਾਸੀ ਸਗਲ ਉਤਾਰਾ। ਪਹਿਰਿ ਸੰਸਾਰੀ ਕਪੜੇ, ਮੰਜੀ ਬੈਠਿ ਕੀਆ ਅਵਤਾਰਾ।

ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ।

ਭਾਈ ਗੁਰਦਾਸ ਜੀ (ਵਾਰ ੧ ਪਉੜੀ ੩੮)

ਸਤਿਗੁਰੂ ਜੀ ਦੇ ਇੱਥੇ ਬੈਠਣ ਦਾ ਮੁਖ ਮਨੋਰਥ ਹੀ ਇਹੀ ਸੀ ਕਿ ਆਪਣੇ ਜ਼ਿੰਦਗੀ ਭਰ ਦੇ ਤਜ਼ਰਬੇ ਅਤੇ ਅਨੁਭਵ ਦੇ ਸਾਰ-ਤੱਤ ਨੂੰ ਕਲਮਬੰਦ ਕੀਤਾ ਜਾਏ। ਇਸ ਪਰਉਪਕਾਰੀ ਯਤਨ ਦੀ ਵਿਉਂਤਬੰਦੀ ਕਰਦਿਆਂ ਅਤਿਅੰਤ ਜ਼ਰੂਰੀ ਜਾਣਿਆਂ ਕਿ ਸਭ ਤੋਂ ਪਹਿਲਾ ਸੰਸਾਰ ਦੇ ਲੋਕਾਂ ਨੂੰ ‘ਜਪੁ’ ਦੀ ਅਸਲੀਅਤ ਤੋਂ ਜਾਣੂ ਕਰਾਇਆ ਜਾਏ। ਕਿਉਂਕਿ, ਸਤਿਗੁਰੂ ਜੀ ਲੋਕਾਈ ਨੂੰ ਅਕਾਲ-ਪੁਰਖੁ ਨਾਲ ਇੱਕਸੁਰ ਹੋ ਕੇ ਜੀਊਣ ਦਾ ਪ੍ਰੇਰਨਾਦਾਇਕ ਉਪਦੇਸ਼ ਦਿੰਦਿਆਂ ਪ੍ਰਚਲਿਤ ਧਾਰਮਿਕ ਸ਼ਬਦਾਵਲੀ ਇਹੀ ਹੋਕਾ ਦਿੰਦੇ ਰਹੇ ਸਨ ‘‘ਜਪਹੁ ਤ ਏਕੋ ਨਾਮਾ॥ ਅਵਰਿ ਨਿਰਾਫਲ ਕਾਮਾ॥’’ (ਅੰ: ੭੨੮) ਧਰਤਿ ਲੋਕਾਈ ਨੂੰ ਸੋਧਣ ਹਿੱਤ ਕੀਤੇ ਪਰਉਪਕਾਰੀ ਪ੍ਰਚਾਰ ਫੇਰੀਆਂ ਵੇਲੇ ਜਿਹੜੇ ਵਖ ਵਖ ਭਗਤਾਂ ਦੀ ਬਾਣੀ ਆਪਣੀ ਪੋਥੀ ਵਿੱਚ ਸੰਗ੍ਰਹਿ ਕੀਤੀ ਸੀ, ਉਨ੍ਹਾਂ ਦੀ ਪ੍ਰਚਾਰ ਸ਼ੈਲੀ ਵੀ ਇਹੀ ਸੀ ‘‘ਕੇਵਲ ਨਾਮੁ ਜਪਹੁ ਰੇ ਪ੍ਰਾਨੀ ! ਪਰਹੁ ਏਕ ਕੀ ਸਰਨਾਂ॥’’ (ਅੰ: ੬੯੨)

ਇਸ ਲਈ ਹਜ਼ੂਰ ਨੇ ‘ੴ ਤੋਂ ਗੁਰ ਪ੍ਰਸਾਦਿ’ ਤੱਕ ਸੰਪੂਰਨ ਮੰਗਲਾਚਰਨ ਉਪਰੰਤ ‘ਜਪੁ’ ਨਾਮ ਦੇ ਸਿਰਲੇਖ ਹੇਠ ਉਪਕ੍ਰਮ (ਭੂਮਿਕਾ) ਤੇ ਉਪਸੰਹਾਰ (ਸਾਰੰਸ਼) ਸਮਾਪਤੀ ਦੇ ਦੋ ਸ਼ਲੋਕਾਂ ਦਰਮਿਆਨ ੩੮੩ ਤੁਕਾਂ ਤੇ ੨੦੯੦ ਲਫ਼ਜ਼ਾਂ ਵਿੱਚ ਅਠੱਤੀ (੩੮) ਪਉੜੀਆਂ ਦੀ ਇੱਹ ਇੱਕ ਵਿਸ਼ੇਸ਼ ਬਾਣੀ ਰੱਚੀ, ਜਿਸ ਨੂੰ ਸਤਿਕਾਰ ਸਹਿਤ ਜਪੁ-ਜੀ ਸਾਹਿਬ ਕਿਹਾ ਜਾਂਦਾ ਹੈ। ਇਹ ਅਮੋਲਕ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਰੰਭਿਕ ਬਾਣੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਜਪੁ ਕੀ ਹੈ, ‘ਜਪੁ’ ਕਿਸ ਦਾ ਕਰਨਾ ਹੈ, ‘ਜਪੁ’ ਕਿਵੇਂ ਕਰਨਾ ਹੈ, ‘ਜਪੁ’ ਦਾ ਮਨੋਰਥ ਕੀ ਹੈ ਅਤੇ ‘ਜਪੁ’ ਕਰਕੇ ਸਚਿਆਰ ਹੋਏ ਜੀਵਨ-ਮੁਕਤਿ ਮਨੁੱਖ ਦਾ ਵਰਤਾਰਾ ਕੈਸਾ ਸੰਗੀਤਕ ਤੇ ਵਿਗਾਸਮਈ ਹੋ ਜਾਂਦਾ ਹੈ। ਕਿਵੇਂ ਉਹ ਸਚਿਆਰ ਮਨੁੱਖ ਧਰਤੀ ਨੂੰ ਧਰਮਸ਼ਾਲ ਸਮਝ ਕੇ ਹਰ ਪ੍ਰਕਾਰ ਦਾ ਗਿਆਨ ਹਾਸਲ ਕਰਦਾ ਹੈ। ਰੱਬੀ ਬਖ਼ਸ਼ਸ਼ ਦਾ ਪਾਤਰ ਬਣ ਕੇ ਕਿਵੇਂ ਉਹ ਜੀਉਂਦਾ ਹੀ ਸੱਚਖੰਡ ਵਾਸੀ ਬਣਦਾ ਅਤੇ ਆਪਣੀ ਘਾਲ-ਕਮਾਈ ਨੂੰ ਸਫਲਾਉਂਦਾ ਹੋਇਆ ਵਿਕਾਰਾਂ ਤੋਂ ਮੁਕਤੀ ਲਈ ਹੋਰਨਾਂ ਦਾ ਸਹਾਇਕ ਹੁੰਦਾ ਹੈ।

ਕਿਉਂਕਿ, ਖ਼ਤਰਾ ਸੀ ਕਿ ਮਨੁਖੀ ਭਾਈਚਾਰੇ ਨੂੰ ਸੰਪਰਦਾਈ ਠੱਗਾਂ ਦੇ ਕਰਮਕਾਂਡੀ ਜਾਲ ਵਿੱਚੋਂ ਕੱਢਦਿਆਂ, ਕਿਤੇ ਐਸਾ ਨਾ ਹੋਵੇ ਕਿ ‘ਨਾਮੁ ਜਪਹੁ, ਨਾਮੇ ਸੁਖੁ ਪਾਵਹੁ, ਨਾਮੁ ਰਖਹੁ ਗੁਰਮਤਿ ਮਨਿ ਚੀਤਾ॥ (ਅੰ: ੩੬੭) ਵਰਗਾ ਉਪਦੇਸ਼ ਪੜ੍ਹ ਸੁਣ ਕੇ ਕਿਰਤੀ ਸਿੱਖ ਸੇਵਕ ਹੋਰਨਾਂ ਵਾਂਗ ਨਾਮ ਜਪਣ ਦੀ ਪ੍ਰਦਰਸ਼ਨੀ ਕਰਨ ਵਾਲੀਆਂ ਜਪਮਾਲੀਆਂ ਤੇ ਤਸਬੀਆਂ ਫੜ ਕੇ ਬਹਿ ਜਾਣ। ਕੋਈ ਮੋਨੀ ਬਣ ਜਾਏ ਤੇ ਕੋਈ ਤੀਰਥ ਇਸ਼ਨਾਨੀ। ‘ਸੁਖ ਸਹਜ ਸੇਤੀ ਜਪਿ ਨਾਉ॥’ ਵਾਲੀ ਗੁਰਮਤੀ ਜੁਗਤਿ ਛੱਡ ਕੇ ਜੋਗੀਆਂ ਵਾਲੇ ਗੋਰਖਧੰਧੇ ਵਿੱਚ ਨਾ ਫਸ ਜਾਣ। ‘‘ਮੂੜੇ ! ਰਾਮੁ ਜਪਹੁ ਗੁਣ ਸਾਰਿ॥’’ (ਅੰ: ੧੯) ਦੇ ਉਪਦੇਸ਼ ਨੂੰ ਭੁੱਲ ਕੇ ਗੁਰਬਾਣੀ ਵੀਚਾਰ ਦੀ ਰੌਸ਼ਨੀ ਵਿੱਚ ਸਮੂਹਕ ਰੱਬੀ ਨਾਵਾਂ ਨਾਲ ਜੁੜੇ ਦੈਵੀ-ਗੁਣ ਗ੍ਰਹਿਣ ਕਰਨ ਦੀ ਥਾਂ ਤਾਂਤਰਿਕਾਂ ਦੇ ਮੰਤਰ ਜਾਪ ਵਾਂਗ ਕੇਵਲ ਮਸ਼ੀਨਵੱਤ ਤੋਤਾ-ਰਟਨੀ ਨਾ ਸ਼ੁਰੂ ਕਰ ਲੈਣ। ਐਸਾ ਨਾ ਸਮਝ ਲੈਣ ਕਿ ਕੇਵਲ ਗਿਣਤੀਆਂ ਦੇ ਜਪੁ ਨਾਲ ਅਸੀਂ ਰੱਬ ਨਾਲ ਇੱਕਸੁਰ ਹੋ ਜਾਵਾਂਗੇ। ਭਾਵੇਂ ਕਿ ਜਪੁ-ਜੀ ਸਾਹਿਬ ਵਿੱਚਲੀ ਵਿਸ਼ੇਸ਼ ਵਿਆਖਿਆ ਤੋਂ ਇਲਾਵਾ ਬਾਕੀ ਬਾਣੀ ਵਿੱਚ ਵੀ ਕਈ ਥਾਂਈ ਸਪੱਸ਼ਟ ਕੀਤਾ ਹੋਇਆ ਹੈ ਕਿ ‘ਜਪੁ’ ਅਥਵਾ ਸਿਮਰਨ, ਕੇਵਲ ਹਾਰਦਿਕ ਪਿਆਰ ਸਹਿਤ ਜ਼ਬਾਨ ਦੁਆਰਾ ਕਿਸੇ ਇੱਕ ਰੱਬੀ ਨਾਮ ਦਾ ਰਟਨ ਮਾਤ੍ਰ ਹੀ ਨਹੀਂ। ਜਪੁ ਤਾਂ ਗੁਰਬਾਣੀ ਅਨੁਸਾਰ ਜੀਊਂਦਿਆਂ ‘ਹੁਕਮਿ ਰਜ਼ਾਈ ਚਲਣਾ॥’ ਦਾ ਨਾਮ ਹੈ । ਜਿਵੇਂ :

ਕਿਸੁ ਹਉ ਸੇਵੀ? ਕਿਆ ਜਪੁ ਕਰੀ? ਸਤਗੁਰ ਪੂਛਉ ਜਾਇ॥ ਸਤਗੁਰ ਕਾ ਭਾਣਾ ਮੰਨਿ ਲਈ, ਵਿਚਹੁ ਆਪੁ ਗਵਾਇ॥ ਏਹਾ ਸੇਵਾ ਚਾਕਰੀ, ਨਾਮੁ ਵਸੈ ਮਨਿ ਆਇ॥ ਨਾਮੈ ਹੀ ਤੇ ਸੁਖੁ ਪਾਈਐ, ਸਚੈ ਸਬਦਿ ਸੁਹਾਇ॥ (ਅੰ: ੩੪)

ਅਰਥ : ਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ (ਵਿਕਾਰਾਂ ਤੋਂ ਬਚਣ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕੇਹੜਾ ਜਪ ਕਰਾਂ (ਤਾਂ ਉੱਤਰ ਵਿੱਚ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ) ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਗੁਰੂ ਦਾ ਹੁਕਮ ਮੰਨਾਂ।

(ਗੁਰੂ ਦਾ ਹੁਕਮ ਮੰਨਣਾ ਹੀ ਇਕ) ਐਸੀ ਸੇਵਾ ਹੈ ਐਸੀ ਚਾਕਰੀ ਹੈ (ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ) ਨਾਮ ਮਨ ਵਿਚ ਆ ਵੱਸਦਾ ਹੈ। ਭਾਵ ਸਤਿ, ਸੰਤੋਖ ਆਦਿਕ ਰੱਬੀ ਗੁਣ ਸਾਡੇ ਸੁਭਾਅ ਦਾ ਅੰਗ ਬਣ ਜਾਂਦੇ ਹਨ। ਅਜਿਹੇ ਨਾਮ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।

ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ; ਕਰਮੀ ਪਲੈ ਪਾਇ॥ (ਅੰ: ੮੮)

ਅਰਥ : ਸਤਿਗੁਰੂ ਦਾ ਭਾਣਾ ਮੰਨਣਾ, ਇਹੀ ਹੈ ਜਪ, ਤਪ ਤੇ ਸੰਜਮ। ਭਾਣਾ ਮੰਨਣ ਦੀ ਇਹ ਦਾਤ ਪ੍ਰਭੂ ਦੀ ਮਿਹਰ ਨਾਲ ਹੀ ਪੱਲੇ ਪੈਂਦੀ ਹੈ।

ਸੋਈ ਜਪੁ, ਜੋ ਪ੍ਰਭ ਜੀਉ; ਭਾਵੈ ਭਾਣੈ ਪੂਰ ਗਿਆਨਾ ਜੀਉ॥ (ਅੰ: ੧੦੦)

ਅਰਥ : ਜੋ ਕੁਝ ਪ੍ਰਭੂ ਨੂੰ ਭਾਉਂਦਾ ਹੈ, ਉਸ ਨੂੰ ਪ੍ਰਵਾਨ ਕਰਨਾ ਹੀ ਅਸਲ ਜਪ ਹੈ, ਭਾਣੇ ਵਿੱਚ ਤੁਰਨਾ ਹੀ ਪੂਰਨ ਗਿਆਨ ਹੈ ।

ਪਰ, ਸਾਨੂੰ ਇਸ ਪੱਖੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਜੇ ਸਤਿਗੁਰਾਂ ਨੇ ‘‘ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ॥’’ ਆਖਿਆ ਹੈ ਜਾਂ ‘‘ਸੋਈ ਜਪੁ, ਜੋ ਪ੍ਰਭ ਜੀਉ॥’’ ਦੀ ਗੱਲ ਕੀਤੀ ਹੈ, ਤਾਂ ਉੱਥੇ, ਉਨ੍ਹਾਂ ਨੇ ਗੁਰਸਿੱਖਾਂ ਦਾ ਨਿਤਨੇਮ ਵੀ ਵਰਨਣ ਕੀਤਾ ਹੈ, ਜੋ ਗੁਰੂ ਪਰਮੇਸ਼ਰ ਦਾ ਭਾਣਾ ਹੈ; ਭਾਵ, ਜੋ ਉਨ੍ਹਾਂ ਨੂੰ ਭਾਉਂਦਾ ਹੈ, ਚੰਗਾ ਲਗਦਾ ਹੈ। ਗੁਰਵਾਕ ਹੈ :

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ; ਸੋ ਗੁਰਸਿਖੁ ਗੁਰੂ ਮਨਿ ਭਾਵੈ॥ (ਅੰ: ੩੦੬)

ਅਰਥ :- ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ, ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮਿ੍ਰਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ; ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ। ਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਸ਼ਬਦਾਰਥ’ ਦੇ ਕਰਤਾ ਪ੍ਰਿੰਸੀਪਲ ਤੇਜਾ ਸਿੰਘ ਜੀ ‘ਜਪੁ ਜੀ ਸਟੀਕ’ ਵਿੱਚ ਲਿਖਦੇ ਹਨ :

‘‘ਬਾਣੀ ਜਪੁ ਜੀ ਦੀ ‘ਜਪੁ’ ਸ਼ਬਦ ਤੋਂ ਉਪਰੰਤ ਸ਼ੁਰੂ ਹੁੰਦੀ ਹੈ ਅਤੇ ‘‘ਜਪੁ’’ ਉਸ ਦਾ ਸਿਰਨਾਵਾਂ ਹੈ। ‘ਜਪੁ’ ਸ਼ਬਦ ਤੋਂ ਪਹਿਲਾਂ ਤੇ ਪਿੱਛੋਂ ਪੂਰਣ ਵਿਸ਼ਰਾਮ ਦੀਆਂ ਡੰਡੀਆਂ ਦਿੱਤੀਆਂ ਹੋਈਆਂ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਸ ਪਦ ਦਾ ਮੂਲ ਮੰਤਰ ਨਾਲ ਸਬੰਧ ਨਹੀ। ‘ਜਪੁ’ ਦਾ ਅਰਥ ‘ਤੂੰ ਜਪ’ ਨਹੀਂ ਹੋ ਸਕਦਾ ; ਕਿਉਂਕਿ ਗੁਰਬਾਣੀ ਵਿੱਚ ਜਿੱਥੇ ਭੀ ‘ਜਪਿ’ ਸ਼ਬਦ ‘ਤੂੰ ਜਪ’ ਦੇ ਅਰਥ ਨਾਲ ਆਇਆ ਹੈ, ਉੱਥੇ ਇਹਦੇ ਪੱਪੇ ਨਾਲ ਜ਼ਰੂਰੀ ਸਿਹਾਰੀ ਹੁੰਦੀ ਹੈ ਅਤੇ ਜਿੱਥੇ ‘ਜਪੁ’ ਨਾਂਵ ਕਰਕੇ ਵਰਤਿਆ ਹੈ, ਉੱਥੇ ਇਹਦੇ ਪੱਪੇ ਨਾਲ ਔਂਕੜ ਆਉਂਦਾ ਹੈ ਜਾਂ ਪੱਪਾ ਮੁਕਤਾ ਹੁੰਦਾ ਹੈ।

ਗੁਰਬਾਣੀ ਦੇ ਇਸ ਵਿਆਕ੍ਰਣਿਕ ਦ੍ਰਿਸ਼ਟੀਕੋਨ ਤੋਂ ਔਂਕੜ ਸਹਿਤ ਲਫ਼ਜ਼ ‘ਜਪੁ’ ਨਾਂਵ ਹੈ, ਸਿਹਾਰੀ ਸਹਿਤ ‘ਜਪਿ’ ਕਿਰਿਆ ਅਤੇ ਕਿਸੇ ਲਗ ਮਾਤ੍ਰ ਤੋਂ ਰਹਿਤ ‘ਜਪ’ ਮੁਕਤਾ ਰੂਪ ਵਿੱਚ ਬਹੁ-ਵਚਨੀ ਨਾਂਵ ਬਣ ਜਾਂਦਾ ਹੈ। ਜਿਵੇਂ :

ਸੋ ਜਪੁ, ਸੋ ਤਪੁ, ਜਿ ਸਤਿਗੁਰ ਭਾਵੈ॥ (ਅੰ: ੫੦੯) ਅਰਥ : ਓਹੀ ਹੈ ਜਪ ਤੇ ਓਹੀ ਹੈ ਤਪ, ਜਿਹੜਾ ਸਤਿਗੁਰੂ ਨੂੰ ਚੰਗਾ ਲੱਗੇ।

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ॥ (ਅੰ: ੪੪੦)  ਅਰਥ : ਮੇਰੇ ਮਨ (ਤੂੰ) ਸੁਖ ਸਹਜ ਸੇਤੀ ਨਾਮ ਜਪ।

ਪ੍ਰਭ ਕੈ ਸਿਮਰਨਿ ਜਪ ਤਪ ਪੂਜਾ॥ (ਅੰ: ੨੬੨)  ਅਰਥ: ਪ੍ਰਭੂ ਦੇ ਸਿਮਰਨ ਵਿੱਚ ਹਨ ਸਾਰੇ ਜਪ, ਤਪ ਤੇ (ਦੇਵ) ਪੂਜਾ।

ਇਸੇ ਜਪੁ ਜੀ ਸਟੀਕ ਦੇ ਸ਼ਬਦਾਰਥ ਵਿੱਚ ‘ਜਪੁ’ ਸਿਰਨਾਵੇਂ ਨਾਲ ਸਬੰਧਤ ‘ਪੋਥੀ ਹਰਿ ਜੀ’ ’ਤੇ ਅਧਾਰਿਤ ਇੱਕ ਵਿਸ਼ੇਸ਼ ਨੋਟ ਇੰਞ ਲਿਖਿਆ ਹੈ : ਇਕ ਪੁਰਾਤਨ ਜਪ ਦੇ ਟੀਕੇ ਵਾਲੀ ਸਾਖੀ ਵਿੱਚ ਜੋ ਸੰਨ ੧੭੦੧ ਵਿੱਚ ਨਕਲ ਕੀਤੀ ਗਈ ਮਿਲਦੀ ਹੈ, ਲਿਖਿਆ ਹੈ ਕਿ ਜਪ ਜੀ ‘ਆਦਿ ਸਚੁ’ ਵਾਲੇ ਸ਼ਲੋਕ ਤੋਂ ਸ਼ੁਰੂ ਹੁੰਦਾ ਹੈ। ‘ਏਹੁ ਸਲੋਕ ਮੁਢ ਬਾਬੇ ਨਾਨਕ ਜਪ ਦੇ ਰਖਿਆ।’ ਇਸੇ ਸਾਖੀ ਵਿੱਚ ਅੱਗੇ ਜਾ ਕੇ ਲਿਖਿਆ ਹੈ : ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਆਗੇ ਜਪੁ ਚਲਿਆ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਸੰਸਕ੍ਰਿਤ ਪੰਜਾਬੀ ਕੋਸ਼’ ਮੁਤਾਬਿਕ ‘ਜਪੁ’ ਲਫ਼ਜ਼ ਦਾ ਮੂਲ ਸੰਸਕ੍ਰਿਤ ਸਰੂਪ ਹੈ ‘ਜਪ’ (ਜਪਹ) ਅਤੇ ਅਰਥ ਹਨ – ਜਪਣਾ, ਜਾਪ, ਮੰਤਰ-ਪਾਠ, ਕਿਸੇ ਮੰਤਰ ਜਾਂ ਈਸ਼ਵਰ ਦਾ ਨਾਮ ਵਾਰ ਵਾਰ ਉੱਚਾਰਨ ਕਰਨਾ।

ਗੁਰਸ਼ਬਦ ਰਤਨਾਕਰ (ਮਹਾਨਕੋਸ਼), ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਅਤੇ ‘ਸ਼ਬਦਾਰਥ’ ਮੁਤਾਬਿਕ ਗੁਰਬਾਣੀ ਵਿੱਚ ‘ਜਪਹੁ’ ਲਫ਼ਜ਼ ‘ਜਪ ਕਰੋ’ ‘‘ਹਰਿ ਹਰਿ ਨਾਮੁ ਜਪਹੁ ਜਪੁ ਰਸਨਾ॥’’ (ਅੰ: ੨੫੨) ਦੇ ਪ੍ਰਚਲਿਤ ਅਰਥ ਤੋਂ ਇਲਾਵਾ ‘ਜਾਣੋ’, ‘ਸਮਝੋ’, ‘ਗਹੁ ਨਾਲ ਸੋਚੋ’ ਅਤੇ ਦ੍ਰਿੜ੍ਹ ਕਰੋ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ। ਭਾਈ ਕਾਨ੍ਹ ਸਿੰਘ ਜੀ ਨਾਭਾ ‘ਜਾਣੋ’ ਅਤੇ ‘ਸਮਝੋ’ ਅਰਥਾਂ ਦਾ ਅਧਾਰ ਸੰਸਕ੍ਰਿਤ ਦੇ ਲਫ਼ਜ਼ ‘ਗਪਪ’ ਨੂੰ ਮੰਨਿਆਂ ਹੈ ਅਤੇ ‘ਗਹੁ ਨਾਲ ਸੋਚੋ’ ਤੇ ‘ਦ੍ਰਿੜ੍ਹ ਕਰੋ’ ਦੇ ਅਰਥਾਂ ਦੀ ਪ੍ਰੋੜਤਾ ਲਈ ਸ੍ਰੀ ਗੁਰੂ ਗ੍ਰੰਥ ਕੋਸ਼ (ਡਾ: ਗੁਰਚਰਨ ਸਿੰਘ) ਵਿੱਚ ਗੁਰਬਾਣੀ ਦੀਆਂ ਹੇਠ ਲਿਖੀਆਂ ਦੋ ਪੰਕਤੀਆਂ ਦਿੱਤੀਆਂ ਹਨ :

ਐਸਾ ਗਿਆਨੁ ਜਪਹੁ ਮੇਰੇ ਮੀਤਾ॥ (ਅੰ: ੩੩੧)

ਐਸਾ ਗਿਆਨੁ ਜਪਹੁ ਮਨ ਮੇਰੇ॥ (ਅੰ: ੭੨੮)

ਇਸ ਲਈ ਜਾਗਰੂਕ ਵਰਗ ਦੇ ਕੁਝ ਸੂਝਵਾਨ ਵਿਦਵਾਨ ‘‘ਜਪੁ’’ ਸਿਰਲੇਖ ਦਾ ਅਰਥ ਕਰਦੇ ਹਨ : ‘ਵਾਰ ਵਾਰ ਜਪਣ, ਵਿਚਾਰਨ ਤੇ ਦ੍ਰਿੜ੍ਹ ਕਰਨ ਯੋਗ ਬਾਣੀ।’ ਅਜਿਹੇ ਸੱਜਣ ਗ਼ਲਤ ਨਹੀਂ ਹਨ ; ਕਿਉਂਕਿ, ਪ੍ਰੇਰਨਾ ਤਾਂ ਆਖਿਰ ਜਪਣ ਦੀ ਹੈ। ਪਰ, ਐਸੇ ਅਰਥ ਤਦੋਂ ਹੀ ਕੀਤੇ ਜਾ ਸਕਦੇ ਹਨ ਜੇ ‘ਜਪੁ’ ਲਫ਼ਜ਼ ‘ਨਾਂਵ’ ਹੋਣ ਦੀ ਥਾਂ ‘ਵਿਸ਼ੇਸ਼ਣ’ ਹੁੰਦਾ। ਮਹਾਨਕੋਸ਼ ਮੁਤਾਬਿਕ ‘ਜਪੁ’ ਨਾਂਵ ਦਾ ਸੰਸਕ੍ਰਿਤਕ ਵਿਸ਼ੇਸ਼ਣ ਰੂਪ ਹੈ ‘ਜਪਪ’ ਅਤੇ ਗੁਰਬਾਣੀ ਵਿੱਚ ਵਿਸ਼ੇਸ਼ਣੀ ਰੂਪ ਹਨ ‘ਜਪਿ’ ‘ਜਪੈਨੀ’; ਅਰਥ ਹੈ : ਜਪਣ ਯੋਗ । ਜਿਵੇਂ ਹੇਠ ਲਿਖੀ ਤੁਕ ਨੰ: (੧) ਵਿੱਚ ‘ਜਪਿ’ ਵਿਸੇਸ਼ਣ ਹੈ ਨਾਂਵ ‘ਜਗਦੀਸ਼ ਦਾ; ਅਰਥ ਹੈ ‘ਜਪਣ ਯੋਗ ਜਗਦੀਸ਼’ ਅਤੇ ਤੁਕ ਨੰ: (੨) ਵਿੱਚ ‘ਜਪੈਨੀ’ ਵਿਸ਼ੇਸ਼ਣ ਹੈ ਨਾਂਵ ‘ਹਰਿ ਮੰਤ੍ਰ’ ਦਾ, ਤੇ ਅਰਥ ਹੈ ‘ਜਪਣ ਯੋਗ ਹਰਿ ਮੰਤ੍ਰ’:

ਜਪਿ ਜਗਦੀਸੁ ਜਪਉ ਮਨ ਮਾਹਾ॥ (ਜੈਤਸਰੀ ਮ: ੪, ਅੰਗ ੬੯੯)

ਖਤ੍ਰੀ ਬ੍ਰਾਹਮਣੁ ਸੂਦੁ ਵੈਸੁ; ਕੋ ਜਾਪੈ ਹਰਿ ਮੰਤ੍ਰੁ ਜਪੈਨੀ॥ (ਬਿਲਾਵਲੁ ਮ: ੪, ਅੰਗ ੮੦੦)

ਉਪਰੋਕਤ ਸਾਰੀ ਵਿਚਾਰ ਦਾ ਸਾਰੰਸ਼ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਮੰਗਲਾਚਰਨ ‘ੴ ਤੋਂ ਗੁਰ ਪ੍ਰਸਾਦਿ’ ਉਪਰੰਤ ‘ਜਪੁ’ ਬਾਣੀ ਦਾ ਸਿਰਲੇਖ ਰੂਪ ਨਾਮ ਹੈ, ਜਿਵੇਂ ‘ਸੋ ਦਰੁ’, ‘ਸੋ ਪੁਰਖੁ’ ‘ਸੋਹਿਲਾ’ ‘ਅਨੰਦੁ’ ਤੇ ਸਿਧ ਗੋਸਟਿ’ ਆਦਿ । ਅਰਥ ਹੈ : ਸਿਮਰਨ, ਭਜਨ, ਬੰਦਗੀ। ਇਸ ਦਾ ਪੰਜਾਬੀ ਰੂਪ ਤੇ ਸ਼ੁੱਧ ਉਚਾਰਨ ਹੈ : ਜਪ । ਗੁਰਸਿੱਖ ਸ਼ਰਧਾਲੂ ਸਤਿਕਾਰ ਸਹਿਤ ‘ਜਪੁ’ ਨੂੰ ਜਪੁ-ਜੀ ਸਾਹਿਬ ਆਖਦੇ ਹਨ ਅਤੇ ਇਹ ਬਾਣੀ ਗੁਰੂ ਕਾਲ ਤੋਂ ਹੀ ਗੁਰਸਿੱਖਾਂ ਦੇ ਨਿਤਨੇਮ ਦਾ ਮੁਖ ਅੰਗ ਬਣੀ ਆ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਧਰਮਸ਼ਾਲ ਸ੍ਰੀ ਕਰਤਾਰਪੁਰ ਵਿੱਚਲੇ ਨਿੱਤ ਦੇ ਵਰਤਾਰੇ ਦੀ ਚਰਚਾ ਕਰਦਿਆਂ ‘ਜਪੁ’ ਨੂੰ ‘ਜਾਪੁ’ ਲਿਖਿਆ ਹੈ ਅਤੇ ਦੱਸਿਆ ਹੈ ਕਿ ‘ਗਿਆਨੁ ਗੋਸਟਿ ਚਰਚਾ’ ਦੇ ਰੂਪ ਵਿੱਚ ਸ਼ਬਦ ਦੀ ਅਨਹਦ ਧੁਨੀ ਤਾਂ ਸਦਾ ਉੱਠਦੀ ਰਹਿੰਦੀ ਸੀ; ਭਾਵ ਗੁਰ ਸ਼ਬਦ ਵੀਚਾਰ ਤਾਂ ਸਦਾ ਹੀ ਚੱਲਦੀ ਰਹਿੰਦੀ ਸੀ। ਪਰ, ਅੰਮ੍ਰਿਤ ਵੇਲੇ ‘ਜਾਪੁ’ ਦਾ ਉਚਾਰਣ ਵਿਸ਼ੇਸ਼ ਹੁੰਦਾ ਸੀ :

ਗਿਆਨੁ ਗੋਸਟਿ ਚਰਚਾ ਸਦਾ; ਅਨਹਦਿ ਸਬਦਿ ਉਠੇ ਧੁਨਕਾਰਾ।

ਸੋ ਦਰੁ ਆਰਤੀ ਗਾਵੀਐ ; ਅੰਮ੍ਰਿਤ ਵੇਲੇ ਜਾਪੁ ਉਚਾਰਾ। (ਵਾਰ ੧ ਪਉੜੀ ੩੮)

ਸਤਿਗੁਰੂ ਜੀ ਨੇ ਧਰਮਸਾਲ (ਗੁਰਦੁਆਰਾ) ਦੇ ਅਜਿਹੇ ਸਾਂਝੇ ਤੇ ਸੰਗਤੀ ਪ੍ਰੋਗਰਾਮ ਤੋਂ ਇਲਾਵਾ ਆਪਣੇ ਹਰੇਕ ਸੇਵਕ ਸਿੱਖ ਨੂੰ ‘ਜਪੁ’ (ਜਾਪੁ) ਜੀ ਦਾ ਵਿਚਾਰ-ਪੂਰਵਕ ਤੇ ਸ਼ਰਧਾ ਸਹਿਤ ਨਿੱਤ ਪਾਠ ਕਰਨ-ਸੁਣਨ ਦੀ ਹਦਾਇਤ ਕੀਤੀ। ਇਸ ਤਰ੍ਹਾਂ ਜਪੁ-ਜੀ ਸਾਹਿਬ ਦਾ ਪਾਠ ਹਰ ਗੁਰਸਿੱਖ ਦਾ ਨਿਤਨੇਮ ਹੋ ਕੇ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਣ ਗਿਆ। ਇਹੀ ਕਾਰਨ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੀ ਗੁਰੂ-ਵਰਸਾਈ ਸ਼ਖ਼ਸੀਅਤ ਵੀ ਅਜਿਹੇ ਨਿਤਨੇਮੀ ਸ਼ਰਧਾਲੂਆਂ ਤੇ ਸਿਦਕਵਾਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਆਪਣੀ ਦਿਲੀ-ਭਾਵਨਾ ਇਉਂ ਪ੍ਰਗਟ ਕਰਦੇ ਹਨ :

ਕੁਰਬਾਣੀ ਤਿਨ੍ਹਾਂ ਗੁਰਸਿਖਾਂ, ਅੰਮ੍ਰਿਤ ਵੇਲੈ ਸਰਿ ਨਾਵੰਦੇ। 

ਕੁਰਬਾਣੀ ਤਿਨ੍ਹਾਂ ਗੁਰਸਿਖਾਂ, ਹੋਇ ਇਕ ਮਨਿ ਗੁਰ ਜਾਪੁ ਜਪੰਦੇ। (ਭਾਈ ਗੁਰਦਾਸ ਜੀ, ਵਾਰ ੧੨ ਪਉੜੀ ੨)