ਸਬਦਿ ਲਾਗਿ ਸਵਾਰੀਆ॥
ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੁਕੇਸ਼ਨ)
ਅਕਾਲ ਪੁਰਖ ਨੇ ਜਲਤੀ ਸਭ ਪ੍ਰਿਥਮੀ ਨੂੰ ਠੰਡਾ ਠਾਰ/ਸੀਤਲ ਕਰਨ ਲਈ ਸਤਿਗੁਰਾਂ ਦੇ ਸਰੀਰ ਰਾਹੀਂ ਜੋ ਉਪਦੇਸ਼ ਬਖਸ਼ਿਆ ਉਸੇ ਨੂੰ ‘ਗੁਰੂ ਸਬਦੁ’ ਮੰਨਿਆ ਗਿਆ ਕਿਉਂਕਿ ‘‘ਗੁਰ ਮਹਿ ਆਪੁ ਸਮੋਇ, ਸਬਦੁ ਵਰਤਾਇਆ॥’’ (ਮ:੧/੧੨੭੯) ਦਾ ਕਥਨ ਗੁਰਬਾਣੀ ਅੰਦਰ ਦਰਜ ਹੈ। ਗੁਰਬਾਣੀ ਦਾ ਆਸ਼ਾ ਜਾਂ ਮਨੋਰਥ ਕੋਈ ਫਿਰਕਾ ਜਾਂ ਧੜਾ ਤਿਆਰ ਕਰਨਾ ਨਹੀਂ ਬਲਕਿ ਇੱਕ ਖ਼ਾਸ ਤਰ੍ਹਾਂ ਦਾ ਮਨੁੱਖ, ਜਿਸ ਨੂੰ ਸੰਤ, ਗੁਰਮੁਖ, ਭਗਤ ਜਾਂ ਹੋਰ ਨਾਵਾਂ ਰਾਹੀਂ ਅੰਕਤ ਕੀਤਾ ਗਿਆ ਹੈ, ਬਣਾਉਣਾ ਹੈ। ਗੁਰਬਾਣੀ ਜਾਂ ਗੁਰੂ ਸ਼ਬਦ ਨਾਲ਼ ਮਨੁੱਖ ਦੇ ਮਨ ਦੀ ਇੱਕ ਖ਼ਾਸ ਅਵਸਥਾ ਬਣਾਉਣੀ ਹੈ ਕਿ ਮਨੁੱਖ ਦਾ ਫਿਰਕਾ, ਵਰਗ ਅਤੇ ਖੇਤਰ ਕੋਈ ਵੀ ਹੋਵੇ, ਉਹ ਭਾਵੇਂ ਜੋਗੀ ਹੋਵੇ, ਕਾਜ਼ੀ ਮੁੱਲਾਂ ਹੋਵੇ, ਹਿੰਦੂ ਵੈਸਨਵ ਹੋਵੇ ਜਾਂ ਜੈਨੀ ਹੋਵੇ ਪਰ ਹਰ ਮਨੁੱਖ ਆਪਣੀ ਥਾਵੇਂ ਬੈਠਾ ਇੱਕ ਖ਼ਾਸ ਸਦਾਚਾਰਕ ਪੱਧਰ ਵਾਲਾ ਹੋਵੇ। ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੋਵੇ ਭਾਵ ਕੋਈ ਹਾਲੀ (ਕਿਸਾਨ) ਹੋਵੇ, ਸੋਦਾਗਰ ਹੋਵੇ, ਦੁਕਾਨਦਾਰ ਜਾਂ ਚਾਕਰ ਹੋਵੇ, ਬਾਦਸ਼ਾਹ ਜਾਂ ਗਰੀਬ ਹੋਵੇ, ਭਾਵੇਂ ਕਿਸੇ ਫਿਰਕੇ, ਕਿਸੇ ਪੰਥ ਜਾਂ ਕਿਸੇ ਵੀ ਕਿੱਤੇ ਦਾ ਹੋਵੇ ਉਸ ਵਿੱਚ ਇੱਕ ਵਿਸ਼ੇਸ਼ ਇਨਸਾਨੀ ਸਦਾਚਾਰਕ ਸਰਬਸਾਂਝੀ ਭਾਈਚਾਰਕ ਭਾਵਨਾ ਵੇਖਣ ਨੂੰ ਮਿਲੇ। ਇਕ ਸਦਾਚਾਰਕ ਮਨੁੱਖਤਾ ਦਾ ਆਦਰਸ਼ ਹੈ: ‘‘ਜਤੁ ਪਾਹਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ! ਨਦਰੀ ਨਦਰਿ ਨਿਹਾਲ॥੩੮॥’’ (ਮ:੧/੮) ਸਿੱਖ ਜਾਂ ਸਿੱਖੀ ਦਾ ਇਹੀ ਆਦਰਸ਼ ਜਾਂ ਜੀਵਨ ਮਨੋਰਥ ਹੈ। ਇਹ ਆਦਰਸ਼ਕ ਪਿਆਰ ਹੀ ਪੰਥਕ ਏਕਤਾ ਹੈ ਮਨੁੱਖੀ ਭਾਈਚਾਰੇ ਦਾ ਸਾਂਝਾ ਆਧਾਰ ਹੈ, ਹਰ ਧਰਮ ਹਰ ਫਿਰਕਾ ਜਾਂ ਮਨੁੱਖ ‘‘ਕਿਵ ਸਚਿਆਰਾ ਹੋਈਐ? ਕਿਵ ਕੂੜੈ ਤੁਟੈ ਪਾਲਿ?॥’’ (ਮ:੧/੧) ਦਾ ਮਨੋਰਥ ਜਾਂ ਮੰਜ਼ਲ ਆਪਣੇ ਅੰਦਰ ਸਮੋਈ ਬੈਠਾ ਹੈ। ਮਾਰਗ ਵੀ, ਸਾਧਨ ਵੀ ‘‘ਹੁਕਮਿ ਰਜਾਈ ਚਲਣਾ॥’’ ਇੱਕੋ ਜਿਹਾ ਹੈ। ਕੋਈ ਸਿੱਖ ਜਿਸ ਵਿੱਚ ਇਹ ਆਦਰਸ਼ਕ ਜੀਵਨ ਹੈ ਉਹ ਸਿੱਖਾਂ ਅਤੇ ਗ਼ੈਰ ਸਿੱਖਾਂ ਵਿੱਚ ਸਾਂਝੇ ਤੌਰ ’ਤੇ ਸਤਿਕਾਰਿਆ ਜਾਂਦਾ ਹੈ। ਉਸ ਦੀ ਸਰੀਰਕ ਦਿਖ; ਕੇਸ, ਦਾਹੜਾ, ਦਸਤਾਰ ਉਸ ਲਈ ਕਿਸੇ ਥਾਂ ਘ੍ਰਿਣਾ ਨਹੀਂ ਉਪਜਾਂਦੇ; ਜਿਵੇਂ ਕਈ ਵਾਰ ਆਮ ਧਾਰਨਾ ਸਾਡੇ ਅੰਦਰ ਬਣੀ ਰਹਿੰਦੀ ਹੈ ਕਿ ਮਨੁੱਖੀ ਸਭਿਅਤਾ ਦਾ ਮਿਆਰ ਸਦਾਚਾਰ ਹੈ, ਨਾ ਕਿ ਕਿਸੇ ਦੀ ਬਾਹਰੀ ਬਣਤਰ (ਦਿਖ)। ਹਾਂ, ਬਾਹਰੀ ਰੂਪ ਜਿਉਂ ਜਿਉਂ ਸਦਾਚਾਰ ਪ੍ਰਵੇਸ਼ ਕਰਦਾ ਹੈ, ਉਸ ਦਾ ਰੂਪ ਫਿਰ ਆਪਣੇ ਆਪ ਹੀ ਸੋਹਣਾ ਸੁੰਦਰ ਬਣ ਜਾਂਦਾ ਹੈ ‘‘ਨਾਨਕ ! ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ॥’’ (ਮ:੩/੯੫੦) ਦੀ ਭਾਵਨਾ ਮਨੁੱਖੀ ਮਨਾਂ ਵਿੱਚ ਉਜਾਗਰ ਹੋ ਜਾਂਦੀ ਹੈ। ਉਸ ਦੇ ਕੇਸ ਦਸਤਾਰ ਉਸ ਦਾ ਬਾਹਰੀ ਸਰੂਪ ਉਸ ਦੀ ਸੁੰਦਰਤਾ ਵਿੱਚ ਅਨੋਖਾ ਅਸਚਰਜ ਵਾਧਾ ਕਰਦਾ ਹੈ। ਡਾ. ਟਿਆਨਬੀ ਦੇ ਕਥਨ ਅਨੁਸਾਰ ਉਹ ਦੁਨੀਆਂ ਦਾ ਸਭ ਤੋਂ ਸੁੰਦਰ ਆਦਰਸ਼ਕ ਮਨੁੱਖ ਜਾਣਿਆ ਜਾਂਦਾ ਹੈ। ਅਜਿਹੇ ਆਚਰਨਕ ਮਨੁੱਖ ਨੂੰ ਕਦੇ ਘਟੀਆਪਨ ਜਾਂ ਆਤਮਹੀਣਤਾ ਦਾ ਅਹਿਸਾਸ ਹੀ ਨਹੀਂ ਹੁੰਦਾ ਉਸ ਨੂੰ ਆਤਮ ਹੀਣਤਾ ਘ੍ਰਿਣਤਾ ਦਾ ਕਦੇ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਉਸ ਦਾ ਭਰੋਸਾ ਬਣ ਜਾਂਦਾ ਹੈ ‘‘ਸੇਈ ਸੁੰਦਰ ਸੋਹਣੇ॥ ਸਾਧ ਸੰਗਿ ਜਿਨ ਬੈਹਣੇ॥ ਹਰਿ ਧਨੁ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਉ॥’’ (ਮ:੫/੧੩੨) ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਆਰਥਿਕ ਆਦਰਸ਼ ਡਾਂਵਾ ਡੋਲ ਹੋ ਚੁੱਕਾ ਸੀ। ਹਰ ਪਾਸੇ ਨਿਘਾਰ ਗਿਰਾਵਟ ਆ ਚੁੱਕੀ ਸੀ। ਗੁਰੂ ਸ਼ਬਦ ਨੇ ਇਸ ਬਾਰੇ ਇੰਝ ਬਿਆਨ ਕੀਤਾ ਹੈ ‘‘ਕਾਦੀ ਕੂੜੁ ਬੋਲਿ, ਮਲੁ ਖਾਇ॥ ਬ੍ਰਾਹਮਣੁ ਨਾਵੈ, ਜੀਆ ਘਾਇ॥ ਜੋਗੀ; ਜੁਗਤਿ ਨ ਜਾਣੈ ਅੰਧੁ॥ ਤੀਨੇ; ਓਜਾੜੇ ਕਾ ਬੰਧੁ॥’’ (ਮ:੧/੬੬੨) ਇੱਥੇ ਗੱਲ ਮੁਕਾ ਲਈਏ ਕਿ ‘‘ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥’’ (ਮ:੧/੧੪੫)
ਰਾਜਨੀਤਕ ਲੋਕਾਂ ਦਾ ਨਿਘਾਰ:- ‘‘ਰਾਜੇ ਸੀਹ ਮੁਕਦਮ ਕੁਤੇ॥ (ਮ:੧/੧੨੮੮) (ਜਾਂ) ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ॥’’ (ਮ:੧/੧੪੨) ਤੱਕ ਨਿਘਾਰ ਆ ਚੁੱਕਾ ਸੀ/ਹੈ। ‘‘ਅੰਧੀ ਰਯਤਿ ਗਿਆਨ ਵਿਹੂਣੀ॥’’ ਸਮਾਜੀ ਗਿਰਾਵਟ ਦਾ ਨਮੂਨਾ ਹੈ। ‘‘ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥’’ (ਮ:੧/੯੫੧) (ਜਾਂ) ‘‘ਕਲਿ ਕਲਵਾਲੀ ਸਰਾ ਨਿਬੇੜੀ, ਕਾਜੀ ਕ੍ਰਿਸਨਾ ਹੋਆ॥’’ (ਮ:੧/੯੦੩) ਆਰਥਿਕ ਲੁੱਟ ਦਾ ਨਮੂਨਾ ਸਾਹਮਣੇ ਹੈ, ਰਾਜਿਆਂ ਅੰਦਰ ‘‘ਸਾਹਾਂ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ॥ ਬਾਬਰ ਵਾਣੀ ਫਿਰਿ ਗਈ, ਕੁਇਰੁ ਨ ਰੋਟੀ ਖਾਇ॥’’ (ਮ:੧/੪੧੭) ਪੱਧਰ ਤੱਕ ਨਿਘਾਰ ਆ ਚੁੱਕਾ ਸੀ।
ਕਾਦਰ ਦੀ ਕੁਦਰਤਿ ਵਿੱਚ ਇੱਕ ਨਿਯਮ ਹੈ ਕਿ ਕੋਈ ਵਸਤੂ ਜਿਸ ਸਮਾਨ ਜਾਂ ਸਮੱਗਰੀ ਤੋਂ ਹੋਂਦ ਵਿੱਚ ਆਈ ਹੈ ਜੇ ਉਸ ਵਿੱਚ ਕੋਈ ਵਿਗਾੜ ਜਾਂ ਖਰਾਬੀ ਪੈਦਾ ਹੁੰਦੀ ਹੈ ਤਾਂ ਉਸੇ ਸਮੱਗਰੀ ਤੋਂ ਉਸ ਨੂੰ ਸਵਾਰਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਗਾਰੇ ਮਿੱਟੀ ਦਾ ਉਸਾਰਿਆ ਮਕਾਨ ਗਾਰੇ ਮਿੱਟੀ ਨਾਲ ਹੀ ਸਵਾਰਿਆ ਜਾ ਸਕਦਾ। ਰੇਤੇ, ਸੀਮਿੰਟ ਤੇ ਬਜਰੀ (ਕੰਕਰੀਟ) ਨਾਲ ਕੀਤੀ ਗਈ ਉਸਾਰੀ ਵਿਗੜਨ ’ਤੇ ਰੇਤੇ, ਬਜਰੀ ਤੇ ਸੀਮਿੰਟ ਨਾਲ ਹੀ ਸਵਾਰੀ ਜਾ ਸਕਦੀ ਹੈ ਇਸੇ ਤਰ੍ਹਾਂ ਕਾਦਿਰ ਦਾ ਸਾਜਿਆ ਸੰਸਾਰ ਜਾਂ ਮਨੁੱਖੀ ਸਮਾਜ ਜੋ ‘‘ਕੀਤਾ ਪਸਾਉ ਏਕੋ ਕਵਾਉ॥ (ਜਾਂ) ਉਤਪਤਿ ਪਰਲਉ ਸਬਦੇ ਹੋਵੈ ॥’’ (ਮ: ੩, ਪੰਨਾ ੧੧੭) ਤੋਂ ਪੈਦਾ ਹੋਇਆ ਹੈ। ਜੇਕਰ ਮਨੁੱਖਾ ਜੀਵਨ ਜਾਂ ਸਮਾਜ ਵਿੱਚ ਸਾਡੇ ਚਾਰੇ ਪੱਖਾਂ ਸਮਾਜਿਕ, ਧਾਰਮਿਕ, ਰਾਜਨੀਤਿਕ ਜਾਂ ਆਰਥਿਕ ’ਚ ਗਿਰਾਵਟ ਪੈਦਾ ਹੁੰਦੀ ਹੈ ਤਾਂ ਕੇਵਲ ‘ਸਬਦ’ ਹੀ ਇਸ ਗਿਰਾਵਟ ਜਾਂ ਨੁਕਸ ਨੂੰ ਦੂਰ ਕਰਨ ਦੇ ਸਮਰੱਥ ਹੈ। ਗੁਰੂ ਅਮਰਦਾਸ ਜੀ ਫ਼ੁਰਮਾਨ ਕਰਦੇ ਹਨ:- ‘‘ਸਾਚੀ ਲਿਵੈ ਬਿਨੁ, ਦੇਹ ਨਿਮਾਣੀ॥ ਦੇਹ ਨਿਮਾਣੀ ਲਿਵੈ ਬਾਝਹੁ, ਕਿਆ ਕਰੇ ਵੇਚਾਰੀਆ॥ ਤੁਧੁ ਬਾਝੁ, ਸਮਰਥ ਕੋਇ ਨਾਹੀ, ਕ੍ਰਿਪਾ ਕਰਿ ਬਨਵਾਰੀਆ॥ ਏਸ ਨਉ, ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ॥’’ (ਮ:੩/੯੧੭)
ਇਸ ਗੁਰੂ ਸਬਦ ਨੇ ਜੀਵਨ ਦੇ ਹਰ ਪੱਖ ਨੂੰ ਅਗਵਾਈ ਬਖ਼ਸ਼ਸ ਕੀਤੀ ਹੈ। ਆਮ ਲੋਕ ਧਰਮ ਨੂੰ ਕੇਵਲ ਇੱਕ ਰਸਮ ਜਾਂ ਬਾਹਰੀ ਦਿਖ ਮੰਨਦੇ ਹਨ, ਪਰ ਗੁਰਬਾਣੀ ਨੇ ਇਸ ਨੂੰ ਮਨੁੱਖੀ ਕਰਤੱਵ ਜਾਂ ਅਸੂਲ ਮੰਨਿਆ ਹੈ, ਜੋ ਹਰ ਥਾਂ ਹਰ ਸਮੇਂ ਲਾਗੂ ਹੁੰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:- ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ, ਜੁਗਿ ਜੁਗਿ ਸੋਈ॥ (ਮ:੧/੧੧੮੮) (ਜਾਂ) ਸਰਬ ਧਰਮ ਮਹਿ, ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ॥’’ (ਮ:੫/੨੬੬)
ਖੇਰੂ ਖੇਰੂ ਹੋਏ, ਜਾਤਾਂ ਪਾਤਾਂ, ਊਚ ਨੀਚ, ਗਰੀਬ ਅਮੀਰ ਦੇ ਬਖੇੜੇ ਵਿੱਚ ਫਸੇ ਸਮਾਜ ਨੂੰ ‘‘ਜਹਾ ਗਿਆਨੁ ਤਹ ਧਰਮੁ ਹੈ॥’’ ਦੀ ਅਗਵਾਈ ਬਖ਼ਸ਼ੀ ਫਿਰ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ॥’’ (ਮ:੫/੧੧੮੫) ਅਤੇ ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ (੧੩੪੯) (ਜਾਂ) ਬੁਰਾ ਭਲਾ ਕਹੁ ਕਿਸ ਨੋ ਕਹੀਐ, ਸਗਲੇ ਜੀਅ ਤੁਮਾਰੇ॥’’ (ਮ:੫/੩੮੩) ਦੀ ਭਾਈਚਾਰਕ ਸਾਂਝ ਦਿੱਤੀ। ਇਸ ‘‘ਮਿਲਬੇ ਕੀ ਮਹਿਮਾ, ਬਰਨਿ ਨ ਸਾਕਉ, ਨਾਨਕ ! ਪਰੈ ਪਰੀਲਾ॥ (ਮ:੫/੪੯੮), ਏਕੁ ਪਿਤਾ ਏਕਸ ਕੇ ਹਮ ਬਾਰਿਕ॥’’ (ਮ:੫/੬੧੧) ਹੋਣ ਦਾ ਮਾਣ ਸਾਨੂੰ ਬਖ਼ਸ਼ਿਆ ‘‘ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥’’ (ਮ:੧/੪੬੮) ਨੂੰ ‘‘ਰਾਜਾ; ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ॥’’ (ਮ:੧/੯੯੨) ਅਤੇ ‘‘ਰਾਜੇ ਚੁਲੀ ਨਿਆਵ ਕੀ॥’’ (ਮ:੧/੧੨੪੦) ਦਾ ਲੋਕ ਰਾਜੀ ਢਾਂਚਾ ਸਮਝਾਇਆ। ਆਤਮਿਕ ਤੇ ਦੁਨਿਆਵੀ ਤਲ ’ਤੇ ‘‘ਬੇਗਮ ਪੁਰਾ, ਸਹਰ ਕੋ ਨਾਉ॥’’ (੩੪੫) ਦੀ ਉਸਾਰੀ ਕਰਨ ਦੀ ਪ੍ਰੇਰਨਾ ਕੀਤੀ ਤਾਂ ਜੋ ‘‘ਸਭ ਸੁਖਾਲੀ ਵੁਠੀਆ, ਇਹੁ ਹੋਆ ਹਲੇਮੀ ਰਾਜੁ ਜੀਉ॥’’ (ਮ:੫/੭੪) ਦਾ ਸਰਬਸਾਂਝਾ ਨਿਜਾਮ (ਪ੍ਰਬੰਧ) ਸਿਰਜਿਆ ਜਾ ਸਕੇ।
ਆਰਥਿਕ ਸੁਧਾਰ ਲਈ ‘‘ਘਾਲਿ ਖਾਇ, ਕਿਛੁ ਹਥਹੁ ਦੇਇ॥ ਨਾਨਕ ! ਰਾਹੁ ਪਛਾਣਹਿ ਸੇਇ॥’’ (ਮ:੧/੧੨੪੫) ਦੀ ਤਹਜੀਬ (ਸਭਿਅਤਾ) ਬਖ਼ਸ਼ੀ ‘‘ਹਕੁ ਪਰਾਇਆ ਨਾਨਕਾ ! ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥’’ (ਮ:੧/੧੪੧) ਦੀ ਗੱਲ ਸਮਝਾਦਿਆਂ ‘‘ਅਨਿਦਿਨੁ ਸੁਕ੍ਰਿਤੁ ਕਰੀਐ॥’’ (ਮ:੫/੬੨੧) ਅਤੇ ‘‘ਕਰਿ ਸੁਕ੍ਰਿਤੁ ਧਰਮੁ ਕਮਾਇਆ॥ (ਮ:੧/੪੬੭) (ਜਾਂ) ਅਹਿਰਖ ਵਾਦੁ ਨ ਕੀਜੈ, ਰੇ ਮਨ !॥ ਸੁਕ੍ਰਿਤੁ ਕਰਿ ਕਰਿ ਲੀਜੈ, ਰੇ ਮਨ !॥’’ (੪੭੯) ਦਾ ਉਪਦੇਸ਼ ਦਿੱਤਾ ਤਾਂ ਕਿ ‘‘ਸਤਿਗੁਰ ਸਬਦਿ ਉਜਾਰੋ ਦੀਪਾ ॥’’ (ਮ: ੫, ਪੰਨਾ ੮੨੧) ਦੀ ਰੌਸ਼ਨੀ ਵਿੱਚ ਰਹਿੰਦਿਆ ਆਦਰਸ਼ਕ ਮਨੁੱਖ, ਸਦਾਚਾਰੀ ਭਾਈਚਾਰਕ ਜੀਵਨ ਪੈਦਾ ਹੋ ਸਕੇ ਅਸੀਂ ਗ੍ਰਹਿਸਤ ਜੀਵਨ ਵਿੱਚ ਰਹਿੰਦਿਆਂ ‘‘ਨਾਨਕ ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ॥ ਹਸੰਦਿਆ; ਖੇਲੰਦਿਆ, ਪੈਨੰਦਿਆ; ਖਾਵੰਦਿਆ, ਵਿਚੇ ਹੋਵੈ ਮੁਕਤਿ॥’’ (ਮ:੫/੫੨੨) ਦੇ ਮਾਰਗ ਰਾਹੀਂ ਆਦਰਸ਼ਕ ਗ੍ਰਹਿਸਤੀ ਅਤੇ ਇੱਕ ਸਦਾਚਾਰੀ ਇਨਸਾਨ ਬਣ ਸਕੀਏ, ਜਿਸ ਦਾ ਨਿਸ਼ਾਨਾ ਹੋਵੇ ‘‘ਸੋ ਗਿਰਹੀ, ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥ ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥’’ (ਮ:੧/੯੫੨) ਪਰ ਇਹ ਤਦੋਂ ਹੀ ਹੋ ਸਕਦਾ ਹੈ, ਜੇਕਰ ਸਾਡਾ ਵਿਸ਼ਵਾਸ ਬਣੇ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ॥ (ਮ:੧/੬੩੫) (ਜਾਂ) ਏਸ ਨਉ ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ॥’’ (ਮ:੩/੯੧੭)
ਸਾਰੇ ਗੁਰੂ ਪਿਆਰਿਆਂ ਨੂੰ ਕਾਲਜ ਦੇ ਸਮੂਹ ਸਟਾਫ਼ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰ ਪੁਰਬ ਦੀ ਲੱਖ ਲੱਖ ਵਧਾਈ ਪ੍ਰਵਾਨ ਹੋਵੇ, ਜੀ।