ਜੀਵਣ ਮੁਕਤਿ ਕਰੈ ਉਡੀਣਾ
ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੁਕੇਸ਼ਨ)
ਜਦੋਂ ਕਿਸੇ ਮਨੁੱਖ ’ਤੇ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਤਾਂ ਉਸ ਨੂੰ ਗੁਰੂ ਸਤਿਗੁਰੂ ਦਾ ਮਿਲਾਪ ਕਰਵਾ ਦਿੰਦਾ ਹੈ ਅਤੇ ਸਤਿਗੁਰੂ; ਮਨੁੱਖ ਦੇ ਸੁੱਤੇ ਮਨ ਨੂੰ ਜਾਗ੍ਰਤ ਕਰਨ ਲਈ ‘‘ਜਾਗੁ ਰੇ ਮਨ ! ਜਾਗਨਹਾਰੇ॥ ਬਿਨੁ ਹਰਿ ਅਵਰੁ ਨ ਆਵਸਿ ਕਾਮਾ, ਝੂਠਾ ਮੋਹੁ ਮਿਥਿਆ ਪਸਾਰੇ॥’’ (ਮ: ੫/੩੮੭) ਜਾਂ ‘‘ਕਬੀਰ ! ਸੂਤਾ ਕਿਆ ਕਰਹਿ ? ਬੈਠਾ ਰਹੁ ਅਰੁ ਜਾਗੁ॥ ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗਿ ਲਾਗੁ॥’’ (੧੩੭੧) ਦਾ ਹੋਕਾ ਦੇ ਕੇ ਇਸ ਨੂੰ ਅਵਿਦਿਆ ਦੀ ਨੀਂਦਰ ਤੋਂ ਜਗਾਂਦੇ ਹਨ। ਜਾਗ੍ਰਤ ਮਨੁੱਖ ਜਦੋਂ ਬੰਧਨ ਮੁਕਤ ਹੋਣ ਲਈ ਤੱਤਪਰ ਹੁੰਦਾ ਹੈ ਤਦ ਉਸ ਦੇ ਮਨ ’ਚ ਖ਼ਿਆਲ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਇਹ ਜਾਣਿਆ ਜਾਏ ਕਿ ਬੰਧਨ ਕਿਹੜੇ-ਕਿਹੜੇ ਹਨ ? ਕਿਉਂਕਿ ਬੰਧਨ ਦਾ ਗਿਆਨ ਨਾ ਹੋਣਾ ਹੀ ਬੰਧਨ ਵਿੱਚ ਪੈਣ ਦਾ ਕਾਰਨ ਹੈ। ਕਦੇ ਕਿਸੇ ਤੋਤੇ ਨੂੰ ਪਿੰਜਰੇ ਤੋਂ ਬਾਹਰ ਕੱਢਣ ਦਾ ਯਤਨ ਕਰੋ ਤਾਂ ਉਹ ਤੁਹਾਡੇ ਹੱਥ ਆਪਣੀਆਂ ਨੌਹਦਰਾਂ ਨਾਲ ਲਹੂ ਲੁਹਾਨ ਕਰ ਦੇਵੇਗਾ। ਬਾਂਦਰ ਨੂੰ ਬੰਧਨ ਦਾ ਗਿਆਨ ਨਾ ਹੋਣ ਕਾਰਨ ਹੀ ਉਹ ਮਦਾਰੀ ਦੇ ਕਾਬੂ ਆ ਕੇ ਘਰ-ਘਰ ਤਮਾਸ਼ਾ ਕਰਦਾ ਅਤੇ ਨਾਚ ਕਰਦਾ ਹੈ। ਗੁਰੂ ਫ਼ੁਰਮਾਨ ਹਨ ‘‘ਮਰਕਟ ਮੁਸਟੀ ਅਨਾਜ ਕੀ, ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ॥ ਛੂਟਨ ਕੋ ਸਹਸਾ ਪਰਿਆ, ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ॥’’ (੩੩੬) ਮਨੁੱਖ ਨੂੰ ਅਗਿਆਨਤਾ ਦੀ ਨੀਂਦ ’ਚੋਂ ਜਗਾਉਂਦਿਆਂ ਗੁਰੂ ਜੀ ਨੇ ਸਭ ਤੋਂ ਪਹਿਲਾਂ ਸਿੱਖ ਨੂੰ ਬੰਧਨਾਂ ਦਾ ਗਿਆਨ ਦਿੱਤਾ ‘‘ਹਉ ਹਉ ਕਰਤ ਬੰਧਨ ਮਹਿ ਪਰਿਆ, ਨਹ ਮਿਲੀਐ ਇਹ ਜੁਗਤਾ॥ (ਮ: ੫/੬੪੨), ਬੰਧਨ ਸਉਦਾ ਅਣਵੀਚਾਰੀ॥ (ਮ: ੧/੪੧੬), ਜੋ ਜੋ ਕਰਮ ਕੀਓ ਲਾਲਚ ਲਗਿ, ਤਿਹ ਤਿਹ ਆਪੁ ਬੰਧਾਇਓ॥ (ਮ: ੯/੭0੨), ਨਾਨਕ ! ਅਉਗੁਣ ਜੇਤੜੇ, ਤੇਤੇ ਗਲੀ ਜੰਜੀਰ॥ (ਮ: ੧/੫੯੫), ਲਬੁ ਅਧੇਰਾ ਬੰਦੀਖਾਨਾ, ਅਉਗਣ ਪੈਰਿ ਲੁਹਾਰੀ॥’’ (ਮ: ੧/੧੧੯੧), ਆਦਿ। ਅਸੀਂ ਸਤਿਗੁਰੂ ਜੀ ਨੂੰ ਨਮਸਕਾਰ ਹੀ ਇਸ ਲਈ ਕਰਦੇ ਹਾਂ ਕਿ ਸਾਨੂੰ ਭਰੋਸਾ ਹੈ ਕਿ ‘‘ਬੰਧਨ ਕਾਟਨਹਾਰ ਸੁਆਮੀ॥ ਜਨ ਨਾਨਕੁ ਸਿਮਰੈ ਅੰਤਰਜਾਮੀ॥ (ਮ: ੫/੬੮੪), ਕਹੁ ਨਾਨਕ ! ਗੁਰਿ ਬੰਧਨ ਕਾਟੇ, ਬਿਛੁਰਤ ਆਨਿ ਮਿਲਾਇਆ॥’’ (ਮ: ੫/੧੨੧੮)
ਉਪਰੋਕਤ ਤਾਂ ਸਾਡੇ ਨਿਜੀ ਜੀਵਨ ਦੇ ਬੰਧਨਾਂ ਦੀ ਵੀਚਾਰ ਹੈ ਪਰ ਇਸ ਦੇ ਨਾਲ ਹੀ ਜ਼ਬਰ ਜ਼ੁਲਮ ਅਤੇ ਰਾਜ ਦੇ ਨਸ਼ੇ ਵਿੱਚ ਮੱਤੇ ਲੋਕਾਂ ਦੀ ਗੁਲਾਮੀ ਦੇ ਬੰਧਨ ਵਿੱਚ ਵੀ ਕੌਮਾਂ ਜਕੜੀਆਂ ਜਾਂਦੀਆਂ ਹਨ। ਕੋਈ ਰੱਬੀ ਰੂਪ ਰਹਿਬਰ ਹੀ ਇਸ ਗੁਲਾਮੀ ਦੇ ਕੈਦਖ਼ਾਨੇ ’ਚੋਂ ਮੁਕਤ ਕਰ ਸਕਦਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ, ਖ਼ਾਸ ਕਰਕੇ ਭਾਰਤ ਵਰਸ਼ ਦੇ ਲੋਕਾਂ ਦੀ ਆਤਮਿਕ, ਰਾਜਨੀਤੀ, ਸਮਾਜਿਕ ਤੇ ਧਾਰਮਿਕ ਦਸ਼ਾ ਨੇੜਿਓਂ ਵੇਖੀ ਉਨ੍ਹਾਂ ਨੇ ਕੌਮ ਦੇ ਪਤਨ ਦਾ ਪੂਰਾ ਅਨੁਮਾਨ ਲਾਇਆ, ਰਾਜਿਆਂ, ਪਰਜਾ, ਬ੍ਰਾਹਮਣਾ, ਖਤਰੀਆਂ, ਜੋਗੀਆਂ, ਜੈਨੀਆਂ, ਮੁਸਲਮਾਨਾਂ ਦੀ ਹਾਲਾਤ ਨੂੰ ਧਿਆਨ ਗੋਚਰੇ ਕੀਤਾ। ਹਾਕਮ ਅਤੇ ਗੁਲਾਮ; ਦੋਹਾਂ ਦੀ ਦਸ਼ਾ ਵੇਖੀ ਕਿ ਕਿਵੇਂ ਜ਼ਮੀਰ, ਕੌਮੀ ਗ਼ੈਰਤ, ਸਵੈਮਾਣ, ਸ਼ਰਮ ਧਰਮ ਸਭ ਕੁਝ ਅਲੋਪ ਹੋ ਗਿਆ, ‘‘ਥਾਨਸਟ ਜਗ ਭਰਿਸਟ ਹੋਏ, ਡੂਬਤਾ ਇਵ ਜਗੁ॥’’ (ਮ: ੧/੬੬੨)
ਧਾਰਮਿਕ ਸਥਾਨਾਂ ਦੀ ਦਸ਼ਾ ਵੇਖੀ, ਉਨ੍ਹਾਂ ਨੇ ਜੋ ਸਿੱਟੇ ਕੱਢੇ ਉਹ ਖ਼ਿਆਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੇ; ਜਿਵੇਂ ਸਿਆਸਤਦਾਨਾਂ ਬਾਰੇ: ‘‘ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥’’ (ਮ: ੧/੪੬੮), ਪਰਜਾ ਬਾਰੇ : ‘‘ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥’’ (ਮ: ੧/੧੪੨), ਧਾਰਮਿਕ ਪੰਡਿਤਾਂ ਬਾਰੇ: ‘‘ਕਾਦੀ ਕੂੜੁ ਬੋਲਿ, ਮਲੁ ਖਾਇ॥ ਬ੍ਰਾਹਮਣੁ ਨਾਵੈ, ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ, ਓਜਾੜੇ ਦਾ ਬੰਧੁ॥ (ਮ: ੧/੬੬੨), ਖਤ੍ਰੀਆ ਤਾ ਧਰਮੁ ਛੋਡਿਆ, ਮਲੇਛ ਭਾਖਿਆ ਗਹੀ॥ ਸ੍ਰਿਸਟਿ ਸਭ ਇਕ ਵਰਨ ਹੋਈ, ਧਰਮ ਕੀ ਮਤਿ ਰਹੀ॥ (ਮ: ੧/੬੬੩), ਜੋਗੁ ਨ ਪਾਇਆ, ਜੁਗਤਿ ਗਵਾਈ॥ ਕਿਤੁ ਕਾਰਣਿ ਸਿਰਿ ਛਾਈ ਪਾਈ॥ (ਮ: ੧/੯੫੧), ਮੂਰਖਿ ਅੰਧੈ ਪਤਿ ਗਵਾਈ॥ (ਮ: ੧/੪੬੭), ਸਿਰੁ ਖੋਹਾਇ ਪੀਅਹਿ ਮਲ ਵਾਣੀ, ਜੂਠਾ ਮੰਗਿ ਮੰਗਿ ਖਾਹੀ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ, ਪਾਣੀ ਦੇਖਿ ਸਗਾਹੀ॥’’ (ਮ: ੧/੧੪੯)
ਕੌਮੀ ਗਿਰਾਵਟ ਜਾਂ ਗੁਲਾਮੀ ਨੂੰ ਇਸ ਪੱਧਰ ’ਤੇ ਦਰਜ ਕੀਤਾ ਕਿ ‘‘ਗਊ ਬਿਰਾਹਮਣ ਕਉ ਕਰੁ ਲਾਵਹੁ, ਗੋਬਰਿ ਤਰਣੁ ਨ ਜਾਈ॥ ਧੋਤੀ ਟਿਕਾ ਤੈ ਜਪਮਾਲੀ, ਧਾਨੁ ਮਲੇਛਾਂ ਖਾਈ॥ ਅੰਤਰਿ ਪੂਜਾ ਪੜਹਿ ਕਤੇਬਾ, ਸੰਜਮ ਤੁਰਕਾ ਭਾਈ॥ (ਮ: ੧/੪੭੧), ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ! ਕੂੜੁ ਰਹਿਆ ਭਰਪੂਰਿ॥ (ਮ: ੧/੪੭੧), ਕਾਜੀਆ ਬਾਮਣਾ ਕੀ ਗਲ ਥਕੀ, ਅਗਦੁ ਪੈੜ ਸੈਤਾਨੁ ਵੇ ਲਾਲੋ !॥’’ (ਮ: ੧/੭੨੨), ਇਨ੍ਹਾਂ ਬਚਨਾਂ ਰਾਹੀਂ ਸਤਿਗੁਰੂ ਜੀ ਨੇ ਤ੍ਰਾਸਦੀ ਭਰੀ ਤਰਸਯੋਗ ਦਸ਼ਾ ਨੂੰ ਬਿਆਨ ਕੀਤਾ ਕਿ ਭਾਰਤ ਵਾਸੀ ਆਪਣੀ ਆਤਮਿਕ ਉੱਚਤਾ, ਪਵਿੱਤਰਤਾ, ਆਚਰਨ ਦਾ ਜ਼ਬਤ, ਨਿਰਭੈਤਾ, ਸਭਿਆਚਾਰ ਦਾ ਮਾਣ ਤੇ ਆਪਣੀ ਆਜ਼ਾਦ-ਸੁਤੰਤਰ ਹਸਤੀ ਦਾ ਬਲ ਤੇ ਸੂਝ ਗਵਾ ਬੈਠੇ ਹਨ, ਉਹ ਸਰੀਰਕ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਪਰ-ਅਧੀਨਤਾ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਹਾਕਮ ਸ਼੍ਰੇਣੀ ਰਾਜ ਮੱਦ ਵਿੱਚ ਗ਼ਲਤਾਨ ਸੀ। ਪੜ੍ਹੇ ਲਿਖੇ ਖੁਸ਼ਾਮਦੀ ਧਾਰਮਿਕ ਆਗੂ ਆਦਿ ਉਨ੍ਹਾਂ ਨਾਲ ਰਲ਼ ਕੇ ‘‘ਹਰਣਾਂ ਬਾਜਾਂ ਤੈ ਸਿਕਦਾਰਾਂ, ਏਨ੍ਹਾ ਪੜ੍ਹਿਆ ਨਾਉ॥’’ (ਮ: ੧/੧੨੮੮) ਦਾ ਸੁੱਖ ਐਸ਼ੋ ਆਰਾਮ ਮਾਣ ਰਹੇ ਸਨ, ਪਰਜਾ ਆਤਮਿਕ ਤੇ ਆਚਰਨਕ ਤੌਰ ’ਤੇ ਐਸੀ ਨਿਰਬਲ ਹੋ ਚੁੱਕੀ ਸੀ ਕਿ ਉਹ ਜੁਲਮ ਤੇ ਜਾਲਮ ਵਿਰੁਧ ਆਵਾਜ਼ ਨਹੀਂ ਉੱਠਾ ਸਕਦੀ ਸੀ। ਇਸ ਤਰ੍ਹਾਂ ਇੱਥੋਂ ਦੇ ਵਾਸ਼ੀ ਸ਼ਰਮ ਧਰਮ ਨੂੰ ਤਿਲਾਂਜਲੀ ਦੇ ਕੇ ਹਾਕਮ ਸ਼੍ਰੇਣੀ ਨਾਲ ਮਿਲ ਕੇ ਸਤਾਇਆਂ ਹੋਇਆਂ ਨੂੰ ਹੋਰ ਸਤਾਉਣ ’ਤੇ ਲੱਗੇ ਪਏ ਸਨ। ਮਾਨਸਿਕ, ਰਾਜਨੀਤਕ ਭੈ ਨੇ ਸਾਰੀ ਲਾਕਈ ਨੂੰ ਮੁਰਦਾ ਕਰ ਦਿੱਤਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਬਚਨ ਰੂਪ ਤੀਰ ਨਾਲ ਮਨੁੱਖੀ ਹਿਰਦਿਆਂ ਨੂੰ ਟੁੰਬਿਆ, ਜ਼ਾਲਮ ਦੇ ਜ਼ੁਲਮ ਵਿਰੁਧ ਲੋਕਾਂ ਨੂੰ ਲਾਮ-ਬੰਦ ਕਰਨ ਦਾ ਉਪਰਾਲਾ ਕੀਤਾ ਉਹ ਬਾਬਰ ਦੀ ਜੇਲ੍ਹ ਵਿੱਚ ਬਾਬਰ ਸਾਹਮਣੇ ਗਏ, ਮਲਕ ਭਾਗੋ ਸਾਹਮਣੇ ਦ੍ਰਿੜ੍ਹਤਾ ਨਾਲ ਆਪਣੇ ਵੀਚਾਰ ਰੱਖੇ ਭਾਵ ਜ਼ਾਲਮ ਦੇ ਫੋਕੇ ਧਰਮ ਦੇ ਪਾਜ ਉਘਾੜੇ। ਨਿਰਭੈਤਾ ਤੇ ਆਤਮਿਕ ਉੱਚਤਾ ਦਾ ਉਤਸਾਹ ਕੌਮੀ ਪੱਧਰ ’ਤੇ ਆਉਣ ਲੱਗਾ। ਗੁਰੂ ਅੰਗਦ ਦੇਵ ਜੀ ਹਮਾਯੂੰ ਸਾਹਮਣੇ ਡਟ ਗਏ, ਗੁਰੂ ਅਮਰਦਾਸ ਜੀ; ਅਕਬਰ ਦੇ ਤੇਜ ਪ੍ਰਤਾਪ ਤੋਂ ਪ੍ਰਭਾਵਤ ਨਾ ਹੋਏ, ਗੁਰੂ ਰਾਮਦਾਸ ਜੀ ਨੇ ਅਕਬਰ ਦੇ ਦਰਬਾਰ ਵਿੱਚ ਇਹ ਸਾਬਤ ਕਰ ਦਿੱਤਾ ਕਿ ਆਚਰਣਹੀਣ ਧਾਰਮਿਕ ਆਗੂ ਅਕਲੋਂ ਵੀ ਖ਼ਾਲੀ ਹੁੰਦੇ ਹਨ, ਪੰਜਵੇਂ ਗੁਰਦੇਵ ਜੀ ਨੇ ਹਾਕਮ ਕੱਟੜ ਧਰਮੀ ਲੋਕਾਂ ਦੀ ਮਰਜ਼ੀ ਵਿਰੁਧ ਜਾ ਕੇ ਆਪਣੀ ਸ਼ਹਾਦਤ ਦੇ ਕੇ ਮਾਨਵਤਾ ਅਤੇ ਸਿੱਖ ਕੌਮ ਅੰਦਰ ਨਵੀਂ ਰੂਹ ਭਰ ਦਿੱਤੀ, ਜਿਸ ਦੇ ਸਦਕਾ ‘‘ਛਠਮੁ ਪੀਰੁ ਬੈਠਾ ਗੁਰੁ ਭਾਰੀ॥’’ (ਵਾਰ ੧/੪੮) ਦੇ ਸ਼ਾਖਸ਼ਾਤ ਦਰਸ਼ਨ ਲੋਕਾਈ ਨੂੰ ਪ੍ਰਾਪਤ ਹੋਏ, ਜਿਸ ਨੇ ਅਕਾਲ ਬੁੰਗਾ ਸਥਾਪਤ ਕਰਕੇ ਜ਼ਾਲਮ ਰਾਜ ਸ਼ਕਤੀ ਵਿਰੁਧ ਆਪਣਾ ਰਾਜ ਤਖ਼ਤ ਹੀ ਕਾਇਮ ਕਰ ਲਿਆ। ਮੀਰੀ-ਪੀਰੀ ਭਾਵ ਭਗਤੀ-ਸ਼ਕਤੀ, ਦੇਗ਼ ਤੇਗ਼ ਦੀ ਫ਼ਤਿਹ ਲਈ ਆਪ ਜੀ ਨੇ ਸਿੱਖਾਂ ਨੂੰ ਗੁਰੂ ਦਰਬਾਰ ਵਿੱਚ ਚੰਗੇ ਘੋੜ ਸਵਾਰ, ਆਪਣੀਆਂ ਜਵਾਨੀਆਂ ਤੇ ਵਧੀਆ ਸ਼ਸਤ੍ਰ ਭੇਟ ਕਰਨ ਲਈ ਹੁਕਮ ਕੀਤਾ, ਜਿਸ ਨੂੰ ਕੌਮ ਨੇ ਅਕਾਲੀ ਹੁਕਮ ਮੰਨ ਸਿਰ ਮੱਥੇ ਸਵੀਕਾਰਿਆ, ਪਰ ‘‘ਜੇ ਕੋ ਬੋਲੈ ਸਚੁ, ਕੂੜਾ ਜਲਿ ਜਾਵਈ॥’’ (੬੪੬); ਸਮੇਂ ਦੇ ਹਾਕਮ ਇਹ ਸਭ ਕਿਵੇਂ ਬਰਦਾਸਤ ਕਰਦੇ। ਜਹਾਂਗੀਰ ਨੇ ਜੁਲਾਈ ੧੬੧੧ ਵਿੱਚ ਮੁਰਤਜ਼ਾ ਖਾਂ (ਸ਼ੇਖ ਫ਼ਰੀਦ ਬੁਖਾਰੀ), ਜੋ ਅਤਿ ਦਾ ਜ਼ਾਲਮ ਕੱਟੜ ਜ਼ਨੂਨੀ ਅਧਰਮੀ ਸੀ, ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ, ਉਹ ਪਹਿਲਾਂ ਵੀ ੧੬0੮ ਤੱਕ ਇਸ ਪਦਵੀ ’ਤੇ ਰਹਿ ਚੁੱਕਾ ਸੀ ਉਸ ਨੇ ਸੂਹੀਏ ਭੇਜ ਕੇ ਗੁਰੂ ਕੇ ਚੱਕ ਅੰਮ੍ਰਿਤਸਰ ਦੀਆਂ ਸਰਗਰਮੀਆਂ ’ਤੇ ਡੂੰਘੀ ਨਜ਼ਰਸਾਨੀ ਸ਼ੁਰੂ ਕਰ ਦਿੱਤੀ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕਾਰਨ ਉਹ ਸਿੱਖਾਂ, ਉਦਾਰਚਿਤ ਮੁਸਲਮਾਨ ਤੇ ਧਰਮੀ ਲੋਕਾਂ ਵਿੱਚ ਪਹਿਲਾਂ ਹੀ ਬਦਨਾਮ ਸੀ। ਇਸ ਲਈ ਉਸ ਨੇ ਆਪ ਸਿੱਧੀ ਕਾਰਵਾਈ ਕਰਨ ਦੀ ਥਾਂ ਝੂਠ ਦਾ ਪੁਲੰਦਾ ਤਿਆਰ ਕਰਕੇ ਸਾਰੀ ਰਿਪੋਰਟ ਜਹਾਂਗੀਰ ਨੂੰ ਭੇਜ ਦਿੱਤੀ, ਫਿਰ ਸੰਮਨ ਜਾਰੀ ਕਰ ਕੇ ਜਹਾਂਗੀਰ ਨੇ ਛੇਵੇਂ ਪਾਤਿਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ, ਇਹ ਉਹ ਕਿਲ੍ਹਾ ਸੀ ਜਿੱਥੇ ਰਾਜਸੀ ਕੈਦੀ ਹੀ ਰੱਖੇ ਜਾਂਦੇ ਸਨ, ਜਿਨ੍ਹਾਂ ਨੂੰ ਹੌਲ਼ੀ ਹੌਲ਼ੀ ਜ਼ਹਿਰ ਦੇ ਕੇ ਖ਼ਤਮ ਕਰ ਦਿੱਤਾ ਜਾਂਦਾ ਸੀ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸਮੇਂ ਨੂੰ ਸੰਭਾਲਿਆ ਤਾਂ ਜੋ ਇਸ ਸਮੇਂ ਸਿੱਖੀ ਕਿਤੇ ਮੀਣਿਆਂ ਵੱਲ ਹੀ ਨਾ ਝੁੱਕ ਜਾਏ, ਸੋ ਉਨ੍ਹਾਂ ਧਰਮ ਪ੍ਰਚਾਰ ਦਾ ਮਹਾਨ ਕਾਰਜ ਆਪਣੇ ਹੱਥ ਲਿਆ ਚੌਂਕੀਆਂ ਕੱਢਣ ਦੀ ਪਰੰਪਰਾ ਕਾਇਮ ਕੀਤੀ। ਇਸ ਮਰਯਾਦਾ ਦਾ ਭਾਵ ਹੀ ਰੋਸ ਮਾਰਚ ਜਾਂ ਰੋਸ ਜਲੂਸ ਸੀ। ਚੌਂਕੀਆਂ ਬਣਾ ਕੇ ਪੰਜਾਬ ਦੇ ਪਿੰਡਾਂ ਵਿੱਚ ਭੇਜੀਆਂ, ਜੋ ਗਤੀ ਸਮੇਂ ਕੇਵਲ ਸ਼ਬਦ ਕੀਰਤਨ ਵਾਰਾਂ ਪੜ੍ਹ ਕੇ ਲੋਕਾਂ ਸੰਗਤਾਂ ਨੂੰ ਜਾਗ੍ਰਤ ਕਰਦੇ, ਇਸ ਤਰ੍ਹਾਂ ਪੂਰੇ ਪੰਜਾਬ ਅੰਦਰ ਗੁਰੂ ਜੀ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਫੈਲ ਗਿਆ। ਹਰਿਮੰਦਰ ਸਾਹਿਬ ਵਿੱਖੇ ਬਾਬਾ ਬੁੱਢਾ ਜੀ ਆਪ ਚੌਂਕੀ ਕੱਢਦੇ ਇਸ ਤਰ੍ਹਾਂ ਗੁਰੂ ਘਰ ਦਾ ਪੈਗ਼ਾਮ ਘਰ-ਘਰ ਪੁੱਜ ਗਿਆ। ਪੂਰੇ ਪੰਜਾਬ ਵਿੱਚ ਇੱਕ ਜੋਸ਼ੀਲਾ ਵਾਤਾਵਰਨ ਬਣ ਗਿਆ। ਸਿੱਖਾਂ ਵਿੱਚ ਗੁਰੂ ਮਿਲਾਪ ਲਈ ਉਤਸ਼ਾਹ ਕਾਇਮ ਹੋ ਗਿਆ। ਇੱਕ ਇੱਕ ਚੌਂਕੀ ਅਣਦਿੱਸੇ ਇਨਕਲਾਬ ਦਾ ਚਿੰਨ੍ਹ ਸੀ। ਸੰਨ ੧੬੧੮ ਵਿੱਚ ਜ਼ਾਲਮ ਮੁਰਤਜ਼ਾ ਖਾਂ ਦੀ ਮੌਤ ਹੋ ਗਈ। ਗੁਰੂ ਜੀ ਦੇ ਹੱਕ ਵਿੱਚ ਬਣਿਆ ਮਾਹੌਲ ਵੇਖਦਿਆਂ ਛੇਵੇਂ ਪਾਤਿਸ਼ਾਹ ਜੀ ਨੂੰ ਰਿਹਾ ਕਰਨ ਲਈ ਹੁਕਮ ਕਰ ਦਿੱਤਾ ਗਿਆ, ਪਰ ਗੁਰੂ ਜੀ ਨੇ ਸ਼ਰਤ ਰੱਖੀ ਕਿ ਮੈਂ ਤਦ ਹੀ ਕਿਲ੍ਹੇ ਜਾਂ ਕੈਦ ’ਚੋਂ ਬਾਹਰ ਜਾਵਾਂਗਾ ਜਦੋਂ ਸਾਰੇ ਕੈਦੀ ਰਿਹਾ ਕਰ ਦਿੱਤੇ ਜਾਣਗੇ। ਬਾਦਸ਼ਾਹ ਨੇ ਗੁਰੂ ਜੀ ਦਾ ਇਮਤਿਹਾਨ ਲੈਣ ਲਈ ਕਹਿ ਦਿੱਤਾ ਕਿ ਜਿੰਨੇ ਕੈਦੀ ਤੁਹਾਡੇ ਚੋਲ਼ੇ ਦੀਆਂ ਤਣੀਆਂ (ਕਲੀਆਂ) ਪਕੜ ਕੇ ਬਾਹਰ ਜਾ ਸਕਦੇ ਹਨ, ਉਹ ਰਿਹਾ ਹੋ ਜਾਣਗੇ ਪਰ ਕੈਦੀ ਰਾਜੇ ਤਾਂ ਗਿਣਤੀ ਵਿੱਚ ੫੨ ਸਨ। ਕੁਝ ਇਤਿਹਾਸਕਾਰ ੧੦੧ ਵੀ ਲਿਖਦੇ ਹਨ, ਜੋ ਸਾਰੇ ਹੀ ਹਿੰਦੂ ਸਨ। ਇਸ ਲਈ ਰੱਬੀ ਰੂਪ ‘‘ਅਰਜਨ ਕਾਇਆ ਪਲਟਿ ਕੈ, ਮੂਰਤਿ ਹਰਗੋਬਿੰਦ ਸਵਾਰੀ॥’’ (ਵਾਰ ੧/੪੮) ਨੇ ਓਨੀਆਂ ਕਲੀਆਂ ਦਾ ਚੋਲ਼ਾ ਪਹਿਨ ਕੇ ਕੈਦੀ ਰਾਜਿਆਂ ਨੂੰ ਮੁਕਤ ਕਰਾ ਦਿੱਤਾ। ਉਸ ਦਿਨ ਤੋਂ ਛੇਵੇਂ ਗੁਰੂ ਜੀ ਨੂੰ ਬੰਦੀ ਛੋੜ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਅਤੇ ਰਾਜਿਆਂ ਦੀ ਰਿਹਾਈ ੨੬ ਅਕਤੂਬਰ ੧੬੧੯ ਨੂੰ ਹੋਈ। ਅਜਿਹੇ ਗੁਰੂ ਸਤਿਗੁਰੂ ਜੀ ਦੀ ਵਡਿਆਈ ਕਰਦਿਆਂ ਭਾਈ ਗੁਰਦਾਸ ਜੀ ਨੇ ਇਹ ਬਚਨ ਅੰਕਿਤ ਕੀਤੇ ਹਨ:- ‘‘ਸਤਿਗੁਰ ਪਾਰਸਿ ਪਰਸਿਐ, ਕੰਚਨੁ ਕਰੈ ਮਨੂਰ ਮਲੀਣਾ॥ ਸਤਿਗੁਰ ਬਾਵਨੁ ਚੰਦਨੋ, ਵਾਸੁ ਸੁਵਾਸੁ ਕਰੈ ਲਾਖੀਣਾ॥ ਸਤਿਗੁਰ ਪੂਰਾ ਪਾਰਿਜਾਤੁ, ਸਿੰਮਲੁ ਸਫਲੁ ਕਰੈ ਸੰਗਿ ਲੀਣਾ॥ ਮਾਨ ਸਰੋਵਰੁ ਸਤਿਗੁਰੂ, ਕਾਗਹੁ ਹੰਸ ਜਲਹੁ ਦੁਧੁ ਪੀਣਾ॥ ਗੁਰ ਤੀਰਥੁ ਦਰੀਆਉ ਹੈ, ਪਸੂ ਪਰੇਤ ਕਰੈ ਪਰਬੀਣਾ॥ ਸਤਿਗੁਰੁ ਬੰਦੀਛੋੜੁ ਹੈ, ਜੀਵਣ ਮੁਕਤਿ ਕਰੈ ਓਡੀਣਾ॥ ਗੁਰਮੁਖਿ ਮਨ ਅਪਤੀਜੁ ਪਤੀਣਾ॥੨0॥ (ਵਾਰ ੨੬)
ਗੁਰੂ ਨਿਰਭੈਤਾ ਦਾ ਇਹ ਸਿਲਸਿਲਾ ਦਸਮੇਸ਼ ਪਿਤਾ ਜੀ ਤੱਕ ਨਿਰੰਤਰ ਚੱਲਦਾ ਰਿਹਾ। ਇਸ ਲਈ ਗੁਰਮਤਿ ਵਿੱਚ ਮੀਰੀ ਅਤੇ ਪੀਰੀ ਸ਼ਕਤੀਆਂ ਨੂੰ ਸਮਾਨੰਤਰ ਰੱਖਿਆ ਗਿਆ ਹੈ। ਕੇਵਲ ਪੀਰੀ ਨਾਲ ਸੰਬੰਧਿਤ ਕਿੰਨੇ ਵੀ ਅੰਮ੍ਰਿਤਮਈ ਉਪਦੇਸ਼ ਹੋਣ, ਵਕਤ ਦੀਆਂ ਸਰਕਾਰਾਂ ਉਨ੍ਹਾਂ ਦੇ ਬੋਲਣ ’ਤੇ ਪਾਬੰਦੀ ਲਾ ਦਿੰਦੀਆਂ ਹਨ। ਕੇਵਲ ਪੀਰੀ ਤੱਕ ਸੀਮਤ ਗੁਰੂ; ਵਕਤ ਦੀਆਂ ਸਰਕਾਰਾਂ ਨਾਲ ਤਾਲਮੇਲ ਰੱਖਦੇ ਹੋਏ ਆਪਣੀ ਪ੍ਰਭੁਤਾ ਬਚਾਉਂਦੇ ਹਨ। ਅਜਿਹੀ ਪੀਰੀ ਕਦੇ ਪ੍ਰਫੁਲਿਤ ਨਹੀਂ ਹੋ ਸਕਦੀ। ਦੂਸਰੇ ਪਾਸੇ ਨਿਰੀ ਮੀਰੀ (ਬਾਦਸ਼ਾਹੀ) ਵੀ ਹਾਕਮ ਨੂੰ ਨਿਰਦਈ, ਜ਼ਾਲਮ ਬਣਾ ਦਿੰਦੀ ਹੈ।
ਮੀਰੀ-ਪੀਰੀ ਦੋਵੇਂ ਗੁਣਾਂ ਦੇ ਧਨੀ ਸਤਿਗੁਰੂ ਹੀ ਰੱਬ ਵਾਙ ਨਿਰਭੈ ਜੋਧੇ ਬਣ ਕੇ ਮਾਨਵਤਾ ਦੇ ਪਿਆਰੇ, ਹਮਦਰਦ, ਰੱਖਿਅਕ ਅਤੇ ਅਸਲ ਮਾਲਕ ਨਾਲ ਸੰਬੰਧ ਸਥਾਪਿਤ ਕਰਵਾਉਣ ਵਾਲੇ ਹੁੰਦੇ ਹਨ ਭਾਵੇਂ ਕਿ ਇਸ ਬਦਲੇ ਖ਼ੁਦ ਸ਼ਹਾਦਤਾਂ ਦੇਣੀਆਂ ਪੈਣ। ਗੁਰੂ ਨਾਨਕ ਜੋਤਿ ’ਤੇ ਵਿਰਾਜਮਾਨ ਹਰ ਗੁਰੂ ਸਾਹਿਬਾਨ ਵਾਙ ਗੁਰੂ ਗੋਬਿੰਦ ਸਿੰਘ ਜੀ ਵਰਗੇ ਜੋਧੇ ਨੂੰ ਹੀ ਸਦਾ ਸਰਬੰਸ ਦਾਨੀ ਵਜੋਂ ਯਾਦ ਕਰੀਦਾ ਹੈ, ਜੋ ਸਦੀਆਂ ਤੋਂ ਗ਼ੁਲਾਮੀ ਦੀਆਂ ਜਨਤਾ ਗਲ਼ ਪਈਆਂ ਜ਼ੰਜੀਰਾਂ ਨੂੰ ਲਾਹੁਣ ਵਾਲ਼ੇ ਰੱਬ ਦੇ ਪਿਆਰੇ, ਨਿਡਰ, ਬੇਮੁਥਾਜ ਸਤਿਗੁਰੂ ਹਨ, ਜਿਨ੍ਹਾਂ ਨੂੰ ‘‘ਸਤਿਗੁਰੁ ਬੰਦੀਛੋੜੁ ਹੈ, ਜੀਵਣ ਮੁਕਤਿ ਕਰੈ ਓਡੀਣਾ॥’’ ਸ਼ਬਦਾਂ ਰਾਹੀਂ ਮਹਾਨਤਾ ਮਿਲਦੀ ਰਹੇਗੀ।