ਜਿਸ ਅੰਦਰਿ ਰੰਗੁ ਸੋਈ ਗੁਣ ਗਾਵੈ॥
ਗਿਆਨੀ ਬਲਜੀਤ ਸਿੰਘ ਜੀ
ਗੁਰਮਤਿ ਨੇ ਪਰਮਾਤਮਾ ਦੇ ਦਰਬਾਰ ਨੂੰ ਸੰਗੀਤ ਰੂਪ ਮੰਨਿਆ ਹੈ, ਜਿੱਥੇ ਰਾਗ, ਪਰੀ ਸਮੇਤ ਉਸ ਦੀ ਉਸਤਤਿ ਕਰ ਰਹੇ ਹਨ ‘ਸੋ ਦਰੁ’ ਦੀ ਹਰ ਗੱਲ ਸੰਗੀਤ ਵਿੱਚ ਹੈ। ਸੁੰਦਰਤਾ ਧਰਮ ਹੈ, ਸਰੀਰਕ, ਮਾਨਸਿਕ ਬੌਧਿਕ, ਆਤਮਿਕ, ਕਲਾਤਮਿਕ ਹਰ ਪ੍ਰਕਾਰ ਦੀ ਸੁੰਦਰਤਾ ਮਨੁੱਖਤਾ ਨੂੰ ਸੰਪੂਰਨਤਾ ਦਿੰਦੀ ਹੈ ਅਤੇ ਪਰਮਾਤਮਾ ਨਾਲ ਅਭੇਦ ਕਰਦੀ ਹੈ, ‘‘ਸਰਮ ਖੰਡ ਕੀ ਬਾਣੀ ਰੂਪ॥’’ ਹੈ, ਭਗਤੀ, ਸਿਮਰਨ, ਸਰਮ ਹੈ, ਉਦਮ ਜਾਂ ਮਿਹਨਤ ਘਾਲਣਾ ਹੈ, ਗਿਆਨ ਮਾਰਗ ਵੀ ਸਰਮ ਭਾਵ ਘਾਲਣਾ ਦਾ ਮਾਰਗ ਹੈ ਜਿੱਥੇ ਰੂਪ ਘੜ੍ਹਿਆ ਜਾਂਦਾ ਹੈ, ‘‘ਤਿਥੈ ਘਾੜਤਿ ਘੜੀਐ, ਬਹੁਤੁ ਅਨੂਪੁ॥’’ ਸਰਮ ਖੰਡ ਵਿੱਚ ਅਤਿਅੰਤ ਸੁੰਦਰ ਘਾੜਤ ਘੜੀ ਜਾਂਦੀ ਹੈ, ‘‘ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ, ਸੁਰਾਂ ਸਿਧਾ ਕੀ ਸੁਧਿ॥’’ ਅਨੁਸਾਰ ਸ਼ਖ਼ਸੀਅਤ ਦੇ ਸਾਰੇ ਅੰਗ (ਪੱਖ) ਹੀ ਘੜੇ ਜਾਂਦੇ ਹਨ।
ਆਤਮਕ ਉਸਾਰੀ ਹੈ ਹੀ ਸ਼ਖ਼ਸੀਅਤ ਦੀ ਉਸਾਰੀ, ਜਿਉਂ ਜਿਉਂ ਸ਼ਖ਼ਸੀਅਤ ਵਿੱਚ ਸੰਗੀਤ ਪੈਦਾ ਹੁੰਦਾ ਹੈ, ਸੁੰਦਰਤਾ ਬਣਦੀ ਜਾਂਦੀ ਹੈ, ਕਰਮਸ਼ੀਲਤਾ ਮਨੁੱਖ ਨੂੰ ਹੋਰ ਸੁੰਦਰ ਬਣਾਉਂਦੀ ਹੈ। ਜਿਉਂ ਜਿਉਂ ਕੋਈ ਸੇਵਾ ਵਿੱਚ ਲੱਗਦਾ ਹੈ, ਉਹ ਸੁੰਦਰ ਹੁੰਦਾ ਜਾਂਦਾ ਹੈ। ਉਹ ‘‘ਜਾ ਕਉ ਹਰਿ ਰੰਗੁ ਲਾਗੋ ਇਸੁ ਜਗੁ ਮਹਿ, ਸੋ ਕਹੀਅਤ ਹੈ ਸੂਰਾ॥ ਆਤਮ ਜਿਣੈ ਸਗਲ ਵਸਿ ਤਾ ਕੈ, ਜਾ ਕਾ ਸਤਿਗੁਰੁ ਪੂਰਾ॥’’ ਦੀ ਪਦਵੀ ’ਤੇ ਪੁੱਜ ਜਾਂਦਾ ਹੈ, ਇਸ ਲਈ ਜੋਧੇ ਮਹਾਂਵਲੀ ਸੂਰਮੇ ਦਾ ਧਰਮ ਉਹੀ ਕਮਾ ਸਕਦਾ ਹੈ, ਜੋ ਆਪਣੇ ਆਲੇ ਦੁਆਲੇ ਨੂੰ ਸੋਹਣਾ ਬਣਾਉਂਦਾ ਹੈ, ਜਿਸ ਦਾ ਵੀਚਾਰ ਸੁੱਚਾ ਸੁੰਦਰ, ਜਿਸ ਦੀ ਰਹਿਣੀ ਵਿੱਚ ਸੁਹੱਪਣ ਹੁੰਦਾ ਹੈ, ਜਿਸ ਦੇ ਬਚਨਾਂ ’ਚ ਸੁੰਦਰਤਾ ਹੁੰਦੀ ਹੈ, ਜਿਸ ਦਾ ਵਰਤੋਂ ਵਿਹਾਰ ਸੁੰਦਰ ਹੈ, ਅਜਿਹੇ ਸੂਰਮੇ ਦੇ ਆਦਰਸ਼ ਜੀਵਨ-ਘਾੜਤ ਦੀ ਵਿਆਖਿਆ, ਗੁਰੂ ਅਰਜਨ ਸਾਹਿਬ ਜੀ ਨੇ ਇੰਝ ਬਖਸ਼ਸ਼ ਕੀਤੀ ਹੈ, ‘‘ਸੈਨਾ ਸਾਧ ਸਮੂਹ ਸੂਰ ਅਜਿਤੰ, ਸੰਨਾਹੰ ਤਨਿ ਨਿੰਮ੍ਰਤਾਹ॥ ਆਵਧਹ ਗੁਣ ਗੋਬਿੰਦ ਰਮਣੰ, ਓਟ ਗੁਰ ਸਬਦ ਕਰ ਚਰਮਣਹ॥ ਆਰੂੜਤੇ ਅਸ੍ਵ ਰਥ ਨਾਗਹ, ਬੁਝੰਤੇ ਪ੍ਰਭ ਮਾਰਗਹ॥ ਬਿਚਰਤੇ ਨਿਰਭਯੰ ਸਤ੍ਰੁ ਸੈਨਾ, ਧਾਯੰਤੇ ਗੁੋਪਾਲ ਕੀਰਤਨਹ॥ ਜਿਤਤੇ ਬਿਸ੍ਵ ਸੰਸਾਰਹ, ਨਾਨਕ ! ਵਸੵੰ ਕਰੋਤਿ ਪੰਚ ਤਸਕਰਹ॥’’ (ਮ: ੫/੧੩੫੬)
ਅਜਿਹਾ ਸੂਰਮਾ ਜਿੱਥੇ ‘‘ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ॥’’ ਦੀ ਦ੍ਰਿੜ੍ਹਤਾ ਭਰਿਆ ਜੀਵਨ ਜੀਉਂਦਾ ਹੈ, ਉੱਥੇ ਆਤਮਕ ਜੇਤੂ ਹੁੰਦਾ ਹੋਇਆ ‘‘ਨਾਨਕ ! ਸੋ ਸੂਰਾ ਵਰੀਆਮੁ; ਜਿਨਿ, ਵਿਚਹੁ ਦੁਸਟ ਅਹੰਕਰਣ ਮਾਰਿਆ॥’’ ਦੀ ਜੀਵਨ ਜਾਚ ਦਾ ਪਾਂਧੀ ਪਹਿਲਾਂ ਹੈ, ‘‘ਠਾਕੁਰ ਗਾਈਐ ਆਤਮ ਰੰਗਿ॥’’ ਦੀ ਜੀਵਨ ਜਾਚ ਸਿਖਾਉਂਦਿਆਂ ਭਾਈ ਗੁਰਦਾਸ ਜੀ ਨੇ ਇਸ ਤਰ੍ਹਾ ਕਥਨ ਕੀਤਾ ਹੈ, ‘‘ਨਦੀਆ ਨਾਲੇ ਵਾਹੜੇ, ਗੰਗਿ ਸੰਗਿ ਗੰਗੋਦਕ ਹੋਈ। ਅਸਟ ਧਾਤੁ ਇਕ ਧਾਤ ਹੋਇ, ਪਾਰਸ ਪਰਸੈ ਕੰਚਨੁ ਸੋਈ। ਚੰਦਨ ਵਾਸੁ ਵਣਾਸਪਤਿ; ਅਫਲ, ਸਫਲ ਕਰ ਚੰਦਨੁ ਗੋਈ। ਛਿਅ ਰੁਤਿ ਬਾਰਹ ਮਾਹ ਕਰਿ, ਸੁਝੈ ਸੁਝ ਨ ਦੂਜਾ ਕੋਈ। ਚਾਰਿ ਵਰਨਿ ਛਿਅ ਦਰਸਨਾ, ਬਾਰਹ ਵਾਟ ਭਵੈ ਸਭੁ ਲੋਈ। ਗੁਰਮੁਖਿ ਦਰਸਨੁ ਸਾਧਸੰਗੁ, ਗੁਰਮੁਖਿ ਮਾਰਗਿ ਦੁਬਿਧਾ ਖੋਈ। ਇਕ ਮਨਿ, ਇਕ ਅਰਾਧਨਿ ਓਈ॥’’ (ਵਾਰ ੫, ਪਉੜੀ ੯)
ਗਿਆਨਵਾਨ ਆਤਮ ਰੰਗ ਵਿੱਚ ਰੰਗੇ ਮਨੁੱਖ ਨੂੰ ਕਹੇ ਸੁਣੇ ਦੀ ਲਾਜ ਹੁੰਦੀ ਹੈ, ਉਸ ਦੀ ‘‘ਇਕਿ ਕਹਿ ਜਾਣਹਿ, ਕਹਿਆ ਬੁਝਹਿ; ਤੇ ਨਰ ਸੁਘੜ ਸਰੂਪ॥’’ ਵਾਲੀ ਅਵਸਥਾ ਹੁੰਦੀ ਹੈ, ਉਹ ਜੋ ਕੁਝ ਧਾਰਮਕ ਗ੍ਰੰਥਾਂ ਤੋਂ, ਪੋਥੀ ਪੁਰਾਣ ਤੋਂ ਪੜ੍ਹਦਾ ਹੈ, ਉਸ ਨੂੰ ਸਮਝਣ ਅਤੇ ਜੀਵਨ ਵਿੱਚ ਕਮਾਉਣ ਦਾ ਯਤਨ ਕਰਦਾ ਹੈ, ਉਹ ਕਹਿਣੀ ਅਤੇ ਰਹਿਣੀ ਦਾ ਬਿਰਦ ਪਾਲਦਾ ਹੈ, ਇਸ ਤਰ੍ਹਾਂ ਆਪਣੇ ਆਪ ਦੀ ਸਾਧਨਾ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ।
ਕਲਗੀਧਰ ਪਾਤਿਸ਼ਾਹ ਜੀ ਹਾਸ ਰਸ ਦੇ ਕੌਤਕਾਂ ਰਾਹੀਂ ਕਈ ਵਾਰੀ ਸਿੱਖਾਂ ਨੂੰ ਸਿੱਖੀ ਦ੍ਰਿੜ੍ਹ ਕਰਵਉਂਦੇ ਸਨ। ਇੱਕ ਵਾਰੀ ਨਿਕਟਵਰਤੀ ਹਜ਼ੂਰੀ ਸਿੱਖਾਂ ਨੂੰ ਹੁਕਮ ਕੀਤਾ ਗਿਆ ਕਿ ਜਿਹੜੇ ਮਾਈ ਭਾਈ ਆਨੰਦਪੁਰ ਸਾਹਿਬ ਦਰਸ਼ਨ ਕਰਨ ਆਉਣ, ਉਨ੍ਹਾਂ ਨੂੰ ਆਖੀ ਚੱਲੋ ਕਿ ਸਾਡੀ ਆਗਿਆ ਤੋਂ ਬਿਨਾਂ ਕੋਈ ਸਿੱਖ ਇੱਥੋਂ ਵਾਪਸ ਨਾ ਜਾਏ। ਇਹ ਹੁਕਮ ਸੁਣ ਕੇ ਸੰਗਤ ਆਨੰਦਪੁਰ ਸਾਹਿਬ ਹੀ ਟਿਕੀ ਰਹੀ ਪਰ ਕੰਮਾਂ ਕਾਰਾਂ ਵਾਲੇ ਆਖ਼ਿਰ ਉਤਾਵਲੇ ਹੋ ਗਏ, ਜਾਣ ਦੀ ਆਗਿਆ ਮੰਗਣ ਲਈ ਕਿਸੇ ਦਾ ਹੀਆ ਨਾ ਪਵੇ। ਕੁਝ ਕੁ ਨੇ ਰਲ਼ ਕੇ ਵਿਉਂਤ ਸੋਚੀ ਕਿ ਫਲਾਣਾ ਸਿੰਘ ਚੜ੍ਹਾਈ ਕਰ ਗਿਆ ਹੈ, ਆਪਣੇ ਨਗਰ ਲਿਜਾ ਕੇ ਉਸ ਦਾ ਸੰਸਕਾਰ ਕਰਨਾ ਹੈ, ਪਤਾ ਲੱਗਣ ’ਤੇ ਸਾਹਿਬ ਜੀ ਨੇ ਹੁਕਮ ਕੀਤਾ ਕਿ ਸੰਸਕਾਰ ਦਾ ਪ੍ਰਬੰਧ ਏਥੇ ਹੀ ਕੀਤਾ ਜਾਏ। ਚਿਖਾ ਤਿਆਰ ਹੋ ਗਈ, ਮੁਰਦਾ ਚਿਖਾ ’ਤੇ ਰੱਖਣ ਹੀ ਲਗੇ ਸਨ ਕਿ ਅਜਾਈਂ ਚੰਦਰੀ ਮੌਤ ਆਉਂਦੀ ਵੇਖ ਕੇ ਉਹ ਸਿੰਘ ਉੱਠ ਖੜੋਤਾ, ਬੜੇ ਪਛਤਾਵੇ ਵਿੱਚ ਰੋ ਕੇ ਸਤਿਗੁਰ ਜੀ ਦੇ ਚਰਣੀ ਢਹਿ ਪਿਆ। ਕਿਸੇ ਸਿੱਖ ਨੇ ਬੇਨਤੀ ਕਰ ਕੇ ਪੁੱਛਿਆ ਪਾਤਸ਼ਾਹ ! ਇਹ ਰੋਣ ਵਾਲੇ ਬਖ਼ਸ਼ੇ ਗਏ ਹਨ, ਤਾਂ ਸੌ ਸਾਖੀ ਅਨੁਸਾਰ ਕਲਗੀਧਰ ਜੀ ਨੇ ਫ਼ਰਮਾਇਆ : – ਰੋਵਤ ਰੀਝਿ ਪਰੈ ਗੁਰਦੇਵ ! ਤਉ ਮੂਏ ਕਉ ਰੋਵਤ, ਗ੍ਰਾਮ ਕੀ ਨਾਰੀ। ਕੀਰਤਨ ਤੇ ਜਉ ਰੀਝਿ ਪਰੈ, ਤਉ ਕੀਰ ਕਪੋਤ ਪੁਕਾਰ ਉਚਾਰੀ। ਨਾਵੈ ਦਾਦਰ, ਮੌਨ ਸੁ ਬ੍ਰਿਛ ਹੈ, ਬਾਨਰ ਜੰਗਲ ਬਾਸ ਬਨਾਰੀ। ਪ੍ਰੀਤਿ ਪ੍ਰਤੀਤਿ ਕੀ ਲੇਸ ਬਿਨਾ, ਸਿਖ ਪੰਡਿਤੁ ਗਾਇਕ ਜਾਵਤ ਹਾਰੀ।
ਸੁਲਤਾਨਪੁਰ ਵਿਖੇ ਪਹਿਲੇ ਜਾਮੇ ਵਿੱਚ ਪੇਸ਼ੀ ਦੀ ਨਿਮਾਜ ਸਮੇਂ ਵੀ ਸਾਹਿਬ ਜੀ ਨੇ ਪ੍ਰੀਤ ਪ੍ਰਤੀਤਿ ਜਾਂ ‘‘ਠਾਕੁਰੁ ਗਾਈਐ ਆਤਮ ਰੰਗਿ॥’’ ਦੀ ਜੀਵਨ ਜਾਚ ਹੀ ਬਖ਼ਸ਼ੀ ਸੀ, ‘‘ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ, ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ, ਤਿਨਾ ਰੋਇ ਕਿਆ ਕੀਜੈ ?॥’’ (ਮ:੪/੪੫੦)
ਇਸ ਲਈ ਕੀਰਤੀ ਜਾਂ ਕੀਰਤਨ, ਰਾਗ ਦੁਆਰਾ ਮਸ਼ੀਨੀ ਉਚਾਰਨ (ਅਲਾਪ) ਹੀ ਕੀਰਤਨ ਨਹੀਂ ਬਲਕਿ ਇਹ ਅਲਾਪ ਪ੍ਰੇਮ ਭਾਵਨਾ ਵਿੱਚ ਗੁੱਧਾ ਹੋਣਾ ਹੀ ਕੀਰਤਨ ਬਣਦਾ ਹੈ। ਪ੍ਰਭੂ ਨਾਲ ਇੱਕ ਸੁਰ ਹੋ ਕੇ ਕੀਤੇ ਗਾਇਨ ਦਾ ਭਾਵ ਹੀ ਕੀਰਤਨ ਹੈ, ‘‘ਗਾਵੀਐ, ਸੁਣੀਐ, ਮਨਿ ਰਖੀਐ ਭਾਉ॥’’ ਵਾਲ਼ੀ ਉੱਚ ਅਵਸਥਾ ਹੈ।
ਉਸਤਤੀ ਗਾਉਂਦਿਆ ਸੁਣਦਿਆਂ ਮਨ ਪਿਆਰ ਨਾਲ ਗੜੂੰਦ ਹੋਣਾ ਹੀ ਜੀਵਨ ਸਫਲਾ ਹੈ। ਇੱਕ ਸੁਰ ਹੋ ਕੇ ਗਾਇਨ ਕੀਤੀ ਕੀਰਤੀ ਦੇ ਖੰਭ ਇੰਨੇ ਸਕਤੀਸ਼ਾਲੀ ਹੁੰਦੇ ਹਨ ਕਿ ਪ੍ਰਭੂ ਮਿਲਾਪ ਵਿੱਚ ਸਹਾਈ ਹੁੰਦੇ ਹਨ ਫਿਰ ਉਹ ਪ੍ਰਭੂ ਦੂਰ ਨਹੀਂ, ਨੇੜੇ ਪ੍ਰਤੀਤ ਹੁੰਦਾ ਹੈ। ਉਹ ਬਾਹਰ ਨਹੀਂ, ਅੰਦਰ ਅਨੁਭਵ ਹੁੰਦਾ ਹੈ, ਮਨ ਬਿਸਮ (ਅਸਚਰਜ) ਹੋ ਪੈਂਦਾ ਹੈ, ਇਹ ਪ੍ਰੇਮ ਹੀ ਹੈ ਜਿਹੜਾ ਪ੍ਰਭੂ ਦਰ ਨੂੰ ਖੋਲ੍ਹਦਾ ਹੈ, ਉਸ ਦੇ ਸੁੱਖ ਮਹਿਲ ਵਿੱਚ ਪ੍ਰਵੇਸ਼ ਕਰੀਦਾ ਹੈ। ਤੀਸਰੇ ਪਾਤਸ਼ਾਹ ਜੀ ਦਾ ਪਾਵਨ ਵੀਚਾਰ ਹੈ ਕਿ ਜਿਹੜੇ ਬਿਨਾਂ ਪਿਆਰ ਦੇ ਗਾਉਂਦੇ ਹਨ, ਉਨ੍ਹਾਂ ਨੂੰ ਕੋਈ ਆਤਮਕ ਰਸ ਨਹੀਂ ਆਉਂਦਾ ਸਗੋਂ ਜੀਵਨ ਦਾ ਸਮਾਂ ਵਿਅਰਥ ਗੁਆਉਂਦੇ ਹਨ, ਪਾਵਨ ਫ਼ਰਮਾਨ ਹੈ – ‘‘ਇਕਿ ਗਾਵਤ ਰਹੇ, ਮਨਿ ਸਾਦੁ ਨ ਪਾਇ॥ ਹਉਮੈ ਵਿਚਿ ਗਾਵਹਿ, ਬਿਰਥਾ ਜਾਇ॥ ਗਾਵਣਿ ਗਾਵਹਿ, ਜਿਨ ਨਾਮ ਪਿਆਰੁ॥ ਸਾਚੀ ਬਾਣੀ, ਸਬਦ ਬੀਚਾਰੁ॥’’ (ਮ:੩/੧੫੮) ਲੋਭ ਲਾਲਚ ਲਈ ਗਾਵਿਆ ਵੀ ਇੱਕ ਵਗਾਰ (ਮਜਦੂਰੀ) ਹੀ ਹੈ ਨਿਸ਼ਚਾ, ਪ੍ਰੇਮ ਜਾਂ ਸ਼ਰਧਾ ਨਾਲ ਗਾਉਣਾ ਹੀ ਗੁਣਕਾਰੀ ਹੈ। ਚੌਥੇ ਪਾਤਸ਼ਾਹ ਜੀ ਦਾ ਫ਼ਰਮਾਨ ਹੈ : – ‘‘ਜਿਸ ਨੋ ਪਰਤੀਤਿ ਹੋਵੈ, ਤਿਸ ਕਾ ਗਾਵਿਆ ਥਾਇ ਪਵੈ, ਸੋ ਪਾਵੈ ਦਰਗਹ ਮਾਨੁ॥’’ (ਮ: ੪/੭੩੪), ਕੀਰਤੀ ਜਾਂ ਪ੍ਰਭੂ ਗੁਣਾਂ ਦਾ ਗਾਇਨ ਓਹੀ ਕਰ ਸਕਦਾ ਹੈ, ਜਿਸ ਦਾ ਅੰਦਰ ਪ੍ਰੇਮ ਨਾਲ ਰੰਗਿਆ ਹੋਵੈ ਕਿਉਂਕਿ ਅਟਲ ਨਿਯਮ ਹੈ ਕਿ ‘‘ਜਿਸੁ ਅੰਦਰਿ ਰੰਗੁ, ਸੋਈ ਗੁਣ ਗਾਵੈ॥ ਗੁਰ ਕੈ ਸਬਦਿ, ਸਹਜੇ ਸੁਖਿ ਸਮਾਵੈ॥’’ (ਮ: ੩/੧੧੪)
ਅੱਜ ਜੇ ਮਨੁੱਖਤਾ ਜਾਂ ਖਾਸ ਕਰ ਸਿੱਖ ਕੌਮ ਆਪਣੇ ਬਜ਼ੁਰਗਾਂ, ਸ਼ਹੀਦਾਂ ਨੂੰ ਅਰਦਾਸ ਰਾਹੀਂ ਯਾਦ ਕਰਦੀ ਹੈ ਕਿ ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ! ਬੋਲੋ ਜੀ ! ਵਾਹਿਗੁਰੂ। ਇਹ ਸਾਰੇ ਗੁਰੂ ਪਿਆਰੇ ਆਤਮਕ ਰੰਙਣ ਵਿੱਚ ਹੀ ਰੰਗੇ ਹੋਏ ਸਨ।
ਸੋ, ਐਸੀ ਨਿਮ੍ਰਤਾ, ਦ੍ਰਿੜ੍ਹਤਾ, ਸੂਰਮਤਾ ਤਦੋਂ ਹੀ ਬਣਦੀ ਹੈ ਜਦੋਂ ਅਸੀ ਸਮਝਦੇ ਹਾਂ, ‘‘ਜਿਸੁ ਅੰਦਰਿ ਰੰਗੁ, ਸੋਈ ਗੁਣ ਗਾਵੈ॥ ਗੁਰ ਕੈ ਸਬਦਿ, ਸਹਜੇ ਸੁਖਿ ਸਮਾਵੈ॥’’ (ਮ: ੩/੧੧੪)