ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਬੜੇ ਉੱਚੇ ਸੁੱਚੇ, ਪ੍ਰਸਿੱਧ ਅਤੇ ਕਰਨੀ ਵਾਲੇ ਗੁਰਸਿੱਖ ਹੋਏ ਹਨ। ਉਨ੍ਹਾਂ ਨੇ ਗੁਰਸਿੱਖੀ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇਵੀਂ ਪਾਤਿਸ਼ਾਹੀ ਦੇ ਸਮੇਂ ਤੀਕ ਗੁਰਸਿਖੀ ਦਾ ਨਮੂਨਾ ਬਣ ਕੇ ਜੀਵਨ ਬਤੀਤ ਕੀਤਾ।
ਬਾਬਾ ਜੀ ਦਾ ਜਨਮ ਸੁਘੇ ਰੰਧਾਵੇ (ਜੱਟ) ਦੇ ਘਰ ਮਾਤਾ ਗੌਰਾਂ ਜੀ ਦੀ ਕੁਖ ਤੋਂ 22 ਅਕਤੂਬਰ 1506 ਈ. (7 ਕੱਤਕ ਸੰਮਤ 1563) ਨੂੰ ਕਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ, ਮਗਰੋਂ ਗੁਰੂ ਨਾਨਕ ਦੇਵ ਜੀ ਦੇ ਵਚਨ ਮੂਜਬ ਉਨ੍ਹਾਂ ਦਾ ਨਾਂ ਬੁੱਢਾ ਜੀ ਪੈ ਗਿਆ। ਬੂੜਾ ਜੀ ਦੇ ਜਨਮ ਤੋਂ ਕੁਝ ਚਿਰ ਮਗਰੋਂ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ (ਜ਼ਿਲ੍ਹਾ ਅੰਮ੍ਰਿਤਸਰ) ਵਿਚ ਆ ਵੱਸੇ।
ਆਮ ਜੱਟ ਮੁੰਡਿਆਂ ਵਾਂਗ ਬੂੜਾ ਜੀ ਛੋਟੇ ਹੁੰਦੇ ਮੱਝਾਂ ਦੇ ਵਾਗੀ ਬਣੇ। ਜਦ ਉਹ ਯਾਰਾਂ ਬਾਰ੍ਹਾਂ ਵਰਿਆਂ ਦੇ ਸਨ, ਤਦ ਗੁਰੂ ਨਾਨਕ ਦੇਵ ਜੀ ਫਿਰਦੇ ਫਿਰਾਂਦੇ ਅਤੇ ਸਤਿ ਨਾਮੁ ਦੇ ਗੱਫੇ ਵਰਤਾਂਦੇ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਵੀ ਮੱਝਾਂ ਚਾਰਦੇ ਓਥੇ ਆ ਗਏ। ਉਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਉਪਦੇਸ਼ ਸੁਣਿਆ। ਉਨ੍ਹਾਂ ਦੇ ਮਨ ਵਿਚ ਅਜਿਹੀ ਰੀਝ ਪੈਦਾ ਹੋ ਗਈ ਕਿ ਉਹ ਰੋਜ਼ ਨੇਮ ਨਾਲ ਗੁਰੂ ਜੀ ਪਾਸ ਆ ਬੈਠਿਆ ਕਰਨ ਅਤੇ ਕਿੰਨਾਂ ਕਿੰਨਾਂ ਚਿਰ ਟਿਕ ਬੰਨ੍ਹ ਕੇ ਉਨ੍ਹਾਂ ਦੇ ਦਰਸ਼ਨ ਕਰਦੇ ਅਤੇ ਕੰਨ ਲਾ ਕੇ ਬਚਨ ਸੁਣਦੇ ਰਿਹਾ ਕਰਨ। ਨਾਲ ਹੀ ਉਹ ਗੁਰੂ ਜੀ ਵਾਸਤੇ ਦੁੱਧ ਲਿਆ ਕੇ ਬੜੇ ਪ੍ਰੇਮ ਨਾਲ ਭੇਟ ਕਰਿਆ ਕਰਦੇ।
ਇਕ ਦਿਨ ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਕਾਕਾ ! ਤੇਰਾ ਕੀ ਨਾਂ ਹੈ ? ਤੂੰ ਕੀ ਕੰਮ ਕਰਦਾ ਹੁੰਦਾ ਏਂ ?
ਬੂੜਾ ਜੀ – ਸੱਚੇ ਪਾਤਸ਼ਾਹ ! ਮੈਂ ਰਮਦਾਸ ਵਿੱਚ ਰਹਿਣ ਵਾਲੇ ਇਕ ਜੱਟ ਦਾ ਪੁੱਤ ਹਾਂ। ਮਾਪਿਆਂ ਨੇ ਮੇਰਾ ਨਾਂ ਬੂੜਾ ਰੱਖਿਆ ਹੈ, ਮੈਂ ਮੱਝਾਂ ਚਾਰਿਆ ਕਰਦਾ ਹਾਂ।
ਗੁਰੂ ਜੀ – ਤੂੰ ਕੀ ਇੱਛਾ ਧਾਰ ਕੇ ਸਾਡੇ ਪਾਸ ਆਉਂਦਾ ਹੈਂ ? ਤੂੰ ਕੀ ਚਾਹੁੰਦਾ ਹੈਂ ?
ਬੂੜਾ ਜੀ – ਸੱਚੇ ਪਾਤਸ਼ਾਹ ! ਮੇਰੀ ਬੇਨਤੀ ਹੈ ਕਿ ਮੈਨੂੰ ਮੌਤ ਦੇ ਦੁਖ ਤੇ ਡਰ ਤੋਂ ਬਚਾਓ, ਇਸ ਚੁਰਾਸੀ ਦੇ ਗੇੜ ਵਿਚੋਂ ਕੱਢੋ, ਮੁਕਤੀ ਬਖ਼ਸ਼ੋ।
ਗੁਰੂ ਜੀ – ਕਾਕਾ ! ਤੇਰੀ ਤੇ ਹਾਲਾਂ ਖੇਡਣ-ਮੱਲਣ, ਖਾਣ-ਹੰਡਾਉਣ ਦੀ ਉਮਰ ਹੈ। ਤੈਨੂੰ ਮੌਤ ਤੇ ਮੁਕਤੀ ਦੇ ਖਿਆਲਾਂ ਨੇ ਕਿਵੇਂ ਆ ਫੜਿਆ ? ਵੱਡਾ ਹੋਵੇਂਗਾ ਤਾਂ ਇਹ ਗੱਲਾਂ ਕਰੀਂ।
ਬੂੜਾ ਜੀ – ਮਹਾਰਾਜ ਜੀ ! ਮੌਤ ਦਾ ਕੀ ਵਿਸਾਹ ? ਕੀ ਪਤਾ ਕਦੋਂ ਆ ਝੱਫੇ ! ਖਬਰੇ ਵੱਡਾ ਹੋਵਾਂ ਕਿ ਨਾ ਹੀ ਹੋਵਾਂ !
ਗੁਰੂ ਜੀ – ਤੈਨੂੰ ਇੰਨੀ ਛੋਟੀ ਉਮਰੇ ਇਹ ਸੋਚ ਕਿਵੇਂ ਫੁਰੀ ? ਕਾਕਾ ਬੂੜਿਆ !
ਬੂੜਾ ਜੀ – ਮਹਾਰਾਜ ਜੀ ! ਇਹ ਇਉਂ, ਕਿ ਕੁਝ ਚਿਰ ਹੋਇਆ, ਪਠਾਣ ਸਾਡੇ ਪਿੰਡ ਵੱਲੋਂ ਲੰਘੇ, ਉਹ ਬਦੋ ਬਦੀ ਸਾਡੀਆਂ ਫਸਲਾਂ ਵੱਢ ਕੇ ਲੈ ਗਏ, ਪੱਕੀਆਂ ਵੀ ਕੱਚੀਆਂ ਵੀ ਤੇ ਅੱਧ ਪੱਕੀਆਂ ਵੀ। ਓਦੋਂ ਤੋਂ ਮੈਨੂੰ ਘੜੀ ਮੁੜੀ ਖਿਆਲ ਆਉਂਦਾ ਹੈ ਕਿ ਜਿਵੇਂ ਪਠਾਣ ਕੱਚੀਆਂ ਪੱਕੀਆਂ ਫਸਲਾਂ, ਵੱਢ ਕੇ ਲੈ ਗਏ ਹਨ, ਤਿਵੇਂ ਹੀ ਮੌਤ ਵੀ ਬੱਚੇ, ਗੱਭਰੂ, ਅੱਧਖੜ, ਬੁੱਢੇ ਨੂੰ ਜਦੋਂ ਜੀ ਕਰੇ ਆ ਨੱਪੇਗੀ। ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ ? ਇਸ ਕਰ ਕੇ ਮੈਂ ਮੌਤ ਤੋਂ ਡਰਦਾ ਹਾਂ। ਤੁਹਾਡੇ ਪਾਸ ਇਹ ਆਸ ਧਾਰ ਕੇ ਆਉਂਦਾ ਹਾਂ ਕਿ ਤੁਸੀਂ ਮੇਰਾ ਇਹ ਡਰ ਦੂਰ ਕਰੋਗੇ।
ਗੁਰੂ ਜੀ ਹੱਸ ਪਏ ਤੇ ਕਹਿਣ ਲਗੇ, ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ। ਤਕੜਾ ਹੋ, ਬੁੱਢੇ ਬਾਲਕਾ ! ਰੱਬ ਮੌਤ ਨਾਲੋਂ ਕਿਤੇ ਵਧੇਰੇ ਵੱਡਾ ਤੇ ਬਲਵਾਨ ਹੈ। ਜੇ ਤੂੰ ਉਸ ਦਾ ਹੋ ਜਾਵੇਂ, ਤਾਂ ਮੌਤ ਤੈਨੂੰ ਡਰਾ ਨਾ ਸਕੇਗੀ, ਉਹ ਤੈਥੋਂ ਡਰਨ ਲਗ ਪਵੇਗੀ, ਤੂੰ ਅਮਰ ਹੋ ਜਾਵੇਂਗਾ, ਜਨਮ ਮਰਨ ਦੇ ਗੇੜ ਤੋਂ ਛੁਟ ਜਾਵੇਂਗਾ। ਰੱਬ ਨੂੰ ਹਰ ਵੇਲੇ ਚੇਤੇ ਰੱਖਿਆ ਕਰ, ਉਸ ਦਾ ਨਾਮ ਜਪਿਆ ਕਰ, ਉਸ ਦੇ ਪੈਦਾ ਕੀਤੇ ਜੀਵਾਂ ਨਾਲ ਪਿਆਰ ਕਰਿਆ ਕਰ, ਉਨ੍ਹਾਂ ਦੀ ਪਿਆਰ ਨਾਲ ਸੇਵਾ ਕਰਿਆ ਕਰ, ਜੇ ਤੇਰੇ ਹਿਰਦੇ ਵਿਚ ਰੱਬ ਦਾ ਡਰ-ਅਦਬ ਭਰ ਜਾਵੇ; ਤੂੰ ਉਸ ਨੂੰ ਖੁਸ਼ ਕਰਨ ਦੇ ਜਤਨ ਕਰਦਾ ਰਹੇਂ, ਤੇਰੇ ਮਨ ਵਿਚ ਰੱਬ ਲਈ ਪਿਆਰ ਪੈਦਾ ਹੋ ਜਾਵੇ, ਤਾਂ ਫੇਰ ਮੌਤ ਸਮੇਤ ਸਭੇ ਡਰ ਮਿਟ ਜਾਣ, ਤੈਨੂੰ ਮੁਕਤੀ ਮਿਲ ਜਾਵੇਗੀ।
ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ’ ਜੀ ਪੈ ਗਿਆ। ਸਿੱਖ ਉਨ੍ਹਾਂ ਨੂੰ ਸਤਿਕਾਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ। ਬੁੱਢਾ ਜੀ ਨੇ ਸਿੱਖੀ ਧਾਰਨ ਕੀਤੀ ਉਹ ਗੁਰੂ ਨਾਨਕ ਦੇਵ ਦੇ ਸਿੱਖ ਬਣ ਗਏ। ਉਹ ਘਰ-ਬਾਰ ਛੱਡ ਕੇ ਗੁਰੂ ਜੀ ਦੇ ਦਰਬਾਰੇ ਰਹਿਣ ਲੱਗ ਪਏ। ਸਾਰਾ ਦਿਨ ਸੰਗਤਾਂ ਦੀ ਸੇਵਾ ਟਹਿਲ ਕਰਦੇ, ਖੇਤਾਂ ਵਿਚ ਜਾ ਕੇ ਖੇਤੀ ਬਾੜੀ ਦਾ ਕੰਮ ਨਿਬਾਹੁੰਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਵਿਖਾਇਆ। ਸੰਗਤਾਂ ਆਪ ਜੀ ਨੂੰ ਸਤਿਕਾਰ ਨਾਲ ‘ਬਾਬਾ ਜੀ’ ਆਖਣ ਲੱਗ ਪਈਆਂ।
ਸ੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਉਪਰ ਬਹੁਤ ਪ੍ਰਸੰਨ ਸਨ, ਇੰਨੇ ਪ੍ਰਸੰਨ ਕਿ ਜਦੋਂ ਆਪ ਨੇ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਉਨ੍ਹਾਂ ਨੂੰ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਅਦਾ ਕਰਦੇ ਰਹੇ। ਉਨ੍ਹਾਂ ਦੀ ਉੱਚਤਾ ਦੇ ਕਾਰਨ ਉਨ੍ਹਾਂ ਦੇ ਮਗਰੋਂ ਗੁਰਿਆਈ ਦੀ ਰਸਮ ਦਾ ਅਧਿਕਾਰ ਉਨ੍ਹਾਂ ਦੀ ਔਲਾਦ ਨੂੰ ਦਿੱਤਾ ਗਿਆ।
ਭਗਤੀ ਕਮਾਈ ਦਾ ਸਦਕਾ ਬਾਬਾ ਜੀ ਨੇ ਆਤਮਿਕ ਉੱਚਤਾ ਪਰਾਪਤ ਕੀਤੀ। ਸਿਖ ਸੰਗਤਾਂ ਵਿਚ ਉਹਨਾਂ ਦਾ ਖਾਸ ਸਤਿਕਾਰ ਹੋਣ ਲੱਗ ਪਿਆ। ਜਦ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਤਿਆਰੀ ਅਰੰਭੀ ਤਾਂ ਬਾਬਾ ਜੀ ਇਸ ਸੇਵਾ ਦੇ ਮੋਢੀ ਪ੍ਰਬੰਧਕ ਬਣੇ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਉਤਰ-ਪੂਰਬ ਦੀ ਬਾਹੀ ਵੱਲ ਬਾਬਾ ਬੁੱਢਾ ਜੀ ਦੀ ਬੇਰੀ ਹੁਣ ਤੀਕ ਮੌਜੂਦ ਹੈ। ਇਸੇ ਬੇਰੀ ਹੇਠ ਬਹਿ ਕੇ ਉਹ ਸੰਗਤਾਂ ਪਾਸੋਂ ਠੀਕ ਢੰਗ ਨਾਲ ਸੇਵਾ ਕਰਵਾਇਆ ਕਰਦੇ ਸਨ। ਉਹ ਹੱਥੀਂ ਸੇਵਾ ਵੀ ਕਰਦੇ ਸਨ, ਸੰਗਤਾਂ ਨੂੰ ਕਹੀਆਂ, ਟੋਕਰੀਆਂ ਤੇ ਹੋਰ ਸਮਾਨ ਦਿਆ ਕਰਦੇ ਸਨ ਅਤੇ ਸਾਰੇ ਕੰਮ ਦੀ ਨਿਗਰਾਨੀ ਕਰਿਆ ਕਰਦੇ ਸਨ।
ਇਹ ਸੇਵਾ ਸੰਪੂਰਨ ਹੋਣ ’ਤੇ ਬਾਬਾ ਜੀ ਨੇ ਇਕ ਹੋਰ ਸੇਵਾ ਸੰਭਾਲੀ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝਬਾਲ ਦੇ ਪਾਸ ਕਾਫ਼ੀ ਸਾਰੀ ਭੋਂ ਗੁਰੂ ਜੀ ਨੂੰ ਭੇਟਾ ਹੋਈ ਸੀ। ਏਥੇ ਗੁਰੂ ਸਾਹਿਬਾਂ ਦਾ ਮਾਲ ਡੰਗਰ ਚਰਿਆ ਕਰਦਾ ਸੀ। ਇਸ ਨੂੰ ਬੀੜ ਆਖਦੇ ਸਨ। ਇਸ ਬੀੜ ਦੀ ਤੇ ਇਸ ਵਿਚਲੇ ਮਾਲ ਡੰਗਰ ਦੀ ਸੰਭਾਲ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿਚ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰਿਆ। ਉਹ ਘਾਹ ਖੋਤ ਕੇ ਗੁਰੂ ਜੀ ਦੇ ਘੋੜਿਆਂ, ਗਊਆਂ, ਮੱਝਾਂ ਆਦਿ ਨੂੰ ਪਾਇਆ ਕਰਦੇ ਸਨ। ਇਸ ਲਈ ਉਹ ਆਪਣੇ ਆਪ ਨੂੰ ਗੁਰੂ ਜੀ ਦਾ ਘਾਹੀ (ਘਾਹ ਖੋਤਣ ਵਾਲਾ) ਕਿਹਾ ਕਰਦੇ ਸਨ। ਇਸ ਬੀੜ ਦਾ ਨਾਂ ਬਾਬਾ ਬੁੱਢਾ ਜੀ ਦੀ ਬੀੜ ਜਾਂ ਬਾਬੇ ਦੀ ਬੀੜ ਪੈ ਗਿਆ। ਏਥੇ ਇਸ ਨਾਂ ਦਾ ਇਤਿਹਾਸਕ ਗੁਰਦੁਆਰਾ ਹੈ।
ਆਪ ਜੀ ਦਾ ਗੁਰੂ ਘਰ ਵਿਚ ਇੰਨਾ ਮਾਣ ਸਤਿਕਾਰ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ, ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਸਿਖਲਾਈ ਪੜ੍ਹਾਈ ਦਾ ਕੰਮ ਆਪ ਦੇ ਸਪੁਰਦ ਕੀਤਾ ਗਿਆ। ਇਨ੍ਹਾਂ ਨੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ, ਗੁਰਬਾਣੀ ਤੇ ਗੁਰ-ਇਤਿਹਾਸ ਦੀ ਪੜ੍ਹਾਈ ਵੀ ਕਰਾਈ ਅਤੇ ਨਾਲ ਹੀ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ (ਘੋਲ) ਅਤੇ ਹੋਰ ਸਰੀਰਕ ਸਿਖਲਾਈ ਵੀ ਕਰਵਾਈ। ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਵੀ ਬਾਬਾ ਜੀ ਨੇ ਕਰਾਈ।
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ (ਗੁਰੂ) ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰ ਕੇ ਉਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕੀਤਾ, ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਨੀਯਤ ਕੀਤਾ।
ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਹਾਂਗੀਰ ਬਾਦਸ਼ਾਹ ਨੇ ਕੈਦ ਕਰਕੇ ਗਵਾਲੀਅਰ ਦੇ ਕਿਲ੍ਹੇ ਵਿਚ ਭੇਜ ਦਿਤਾ, ਤਾਂ ਕੁਝ ਚਿਰ ਮਗਰੋਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖਬਰ ਸੁਰਤ ਲਿਆਉਣ ਵਾਸਤੇ ਗਵਾਲੀਅਰ ਭੇਜਿਆ। ਉਹ ਗਏ ਅਤੇ ਗੁਰੂ ਜੀ ਨੂੰ ਮਿਲ ਕੇ ਸੁਖ ਸੁਨੇਹਾ ਲੈ ਕੇ ਵਾਪਸ ਆਏ। ਗੁਰੂ ਜੀ ਦੀ ਕੈਦ ਸਮੇਂ ਵਿਚ ਹੀ ਬਾਬਾ ਬੁੱਢਾ ਜੀ ਨੇ ਰਾਤ ਵੇਲੇ ‘ਚੌਂਕੀਆਂ’, ਦਾ ਰਿਵਾਜ ਤੋਰਿਆ। ਸ਼ਾਮ ਵੇਲੇ ਸੰਗਤਾਂ ਜੱਥਾ ਜਾਂ ਚੌਂਕੀ ਬਣਾ ਕੇ ਸ਼ਬਦ ਪੜ੍ਹਦੀਆਂ ਪੜ੍ਹਦੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਕਰਦੀਆਂ ਅਤੇ ਮਗਰੋਂ ਅਰਦਾਸਾ ਕਰਕੇ ਵਿਦਾ ਹੁੰਦੀਆਂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਇਹ ਗੱਲ ਬੜੀ ਪਸੰਦ ਆਈ। ਆਪ ਨੇ ਆਗਿਆ ਕੀਤੀ ਕਿ ਇਹ ਰੀਤ ਸਦਾ ਜਾਰੀ ਰਹੇਗੀ। ਇਸ ਲਈ ਇਹ ਹੁਣ ਤੀਕ ਜਾਰੀ ਹੈ।
ਜਦ ਮਾਤਾ ਗੰਗਾ ਜੀ ਜੋਤੀ ਜੋਤ ਸਮਾ ਗਏ, ਤਾਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ‘ਆਪ ਜੰਗਾਂ ਦੀ ਤਿਆਰੀ ਕਰ ਰਹੇ ਹੋ। ਮੈਂ ਹੁਣ ਬਿਰਧ ਹਾਂ। ਜੰਗ ਵਿਚ ਹਿੱਸਾ ਲੈਣ ਜੋਗਾ ਮੇਰੇ ਸਰੀਰ ਵਿਚ ਬਲ ਨਹੀਂ। ਆਪ ਆਗਿਆ ਦਿਓ ਕਿ ਮੈਂ ਬੀੜ ਵਿਚ ਜਾ ਕੇ ਸੇਵਾ ਕਰਾਂ।’ ਗੁਰੂ ਜੀ ਨੇ ਆਗਿਆ ਦੇ ਦਿਤੀ ਅਤੇ ਬਾਬਾ ਜੀ ਫੇਰ ਝਬਾਲ ਪਾਸਲੀ ਬੀੜ ਵਿਚ ਚਲੇ ਗਏ।
ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਿਆਸ ਦੇ ਕੰਢੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਾਏ ਨਗਰ ਸ੍ਰੀ ਹਰਿਗੋਬਿੰਦ ਪੁਰ ਵਿਚ ਜਾ ਟਿਕੇ, ਜਿੱਥੇ ਉਨ੍ਹਾਂ ਨੂੰ ਜੰਗ ਕਰਨਾ ਪਿਆ, ਤਾਂ ਬਾਬਾ ਬੁੱਢਾ ਜੀ ਆਪ ਦੇ ਦਰਸ਼ਨਾਂ ਲਈ ਸ੍ਰੀ ਹਰਿਗੋਬਿੰਦਪੁਰ ਗਏ। ਉੱਥੇ ਉਨ੍ਹਾਂ ਨੇ ਬੇਨਤੀ ਕੀਤੀ ‘ਹੁਣ ਮੈਂ ਬਹੁਤ ਬਿਰਧ ਹੋ ਗਿਆ ਹਾਂ। ਬੀੜ ਦੀ ਸੇਵਾ ਤੋਂ ਛੁਟੀ ਬਖਸ਼ੋ ਅਤੇ ਆਗਿਆ ਕਰੋ ਕਿ ਮੈਂ ਆਪਣੇ ਪਿੰਡ ਰਮਦਾਸ ਜਾ ਕੇ ਭਜਨ ਬੰਦਗੀ ਕਰਦਾ ਉਮਰ ਦੇ ਅਖ਼ੀਰੀ ਦਿਨ ਬਿਤਾਵਾਂ। ਨਾਲ ਹੀ ਬਚਨ ਦਿਓ ਕਿ ਜਦੋਂ ਮੈਂ ਦਰਸ਼ਨਾ ਲਈ ਅਰਦਾਸ ਕਰਾਂ, ਆਪ ਨੇ ਜ਼ਰੂਰ ਬਹੁੜਨਾ।’
ਗੁਰੂ ਜੀ ਦੀ ਆਗਿਆ ਲੈ ਕੇ ਬਾਬਾ ਜੀ ਰਮਦਾਸ ਜਾ ਟਿਕੇ ਅਤੇ ਭਜਨ ਬੰਦਗੀ ਵਿਚ ਰੁੱਝ ਗਏ। ਬਚਨ ਦੇ ਸੂਰੇ ਗੁਰੂ ਜੀ ਬਾਬਾ ਬੁੱਢਾ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਰਾਮਦਾਸ ਪਹੁੰਚੇ, ਉਨ੍ਹਾਂ ਦਾ ਦਰਸ਼ਨ ਕਰ ਕੇ, ਅਸੀਸ ਲੈ ਕੇ, ਬਾਬਾ ਜੀ 14 ਮੱਘਰ ਸੰਮਤ 1688 (16 ਨਵੰਬਰ 1631 ਈ.) ਨੂੰ ਸਚਖੰਡ ਪਧਾਰ ਗਏ। ਉਨ੍ਹਾਂ ਦੀ ਉਮਰ ਉਸ ਵੇਲੇ 125 ਸਾਲ 25 ਦਿਨ ਸੀ।