ਭੱਟ ਨਲੵ ਜੀ ਦਾ ਪਰਵਾਰਕ ਪਿਛੋਕੜ ਅਤੇ ਸਿੱਖਿਆ

0
1

ਭੱਟ ਨਲੵ ਜੀ ਦਾ ਪਰਵਾਰਕ ਪਿਛੋਕੜ ਅਤੇ ਸਿੱਖਿਆ

ਕਿਰਪਾਲ ਸਿੰਘ ਬਠਿੰਡਾ 98554-80797

ਮਾਸਕ ਪੱਤ੍ਰ ‘ਆਲੋਚਨਾ’ ਦੇ ਅਗਸਤ 1961 ਦੇ ਪਰਚੇ ਵਿਚ ਗਿਆਨੀ ਗੁਰਦਿੱਤ ਸਿੰਘ ਜੀ ਦੇ ਛਪੇ ਲੇਖ ਦੇ ਹਵਾਲੇ ਨਾਲ; ਗੁਰੂ ਗ੍ਰੰਥ ਸਾਹਿਬ ਦਰਪਣ (ਪੋਥੀ 10, ਪੰਨਾ 366) ’ਤੇ ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ ਕਿ ਪੰਜਾਬ ਦੇ ਭੱਟ; ਜਾਤ ਦੇ ਸਾਰਸੁਤ ਬ੍ਰਾਹਮਣ ਸਨ। ਇਹ ਆਪਣੀ ਉਤਪਤੀ ਕੌਸ਼ਸ਼ ਰਿਸ਼ੀ ਤੋਂ ਦੱਸਦੇ ਹਨ। ਉੱਚੀਆਂ ਜਾਤੀਆਂ ਦੇ ਬ੍ਰਾਹਮਣ; ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਜਾਤ ਦੇ ਬ੍ਰਾਹਮਣ ਸਮਝਦੇ ਹਨ। ਭੱਟ, ਸਰਸ੍ਵਤੀ ਨਦੀ ਦੇ ਕੰਢੇ ਉੱਤੇ ਵਸੇ ਹੋਏ ਸਨ। ਇਹ ਨਦੀ ਪਹਿਲਾਂ ਪਿਹੋਵਾ (ਜ਼ਿਲ੍ਹਾ ਕਰਨਾਲ) ਕੋਲੋਂ ਦੀ ਵਗਦੀ ਸੀ। ਜੇਹੜੇ ਭੱਟ ਨਦੀ ਦੇ ਉਰਲੇ ਪਾਸੇ ਵੱਸਦੇ ਸਨ, ਉਹ ‘ਸਾਰਸੁਤ’ ਅਤੇ ਜੇਹੜੇ ਪਾਰਲੇ ਪਾਸੇ ਵੱਸਦੇ ਸਨ, ਉਹ ‘ਗੌੜ’ ਅਖਵਾਣ ਲੱਗੇ।

ਸੁਲਤਾਨਪੁਰ ਭਾਦਸੋਂ ਪਰਗਣਾ ਲਾਡਵਾ (ਜ਼ਿਲ੍ਹਾ ਕਰਨਾਲ) ਅਤੇ ਤਲੌਂਢਾ ਪਰਗਣਾ ਜੀਂਦ ਵਿਚ ਸਰਸ੍ਵਤੀ ਨਦੀ ਦੇ ਕੰਢੇ ਦੇ ਪਿੰਡਾਂ ਵਿਚ ਕਿੰਨੇ ਹੀ ਭੱਟ ਰਹਿੰਦੇ ਹਨ। ਇਨ੍ਹਾਂ ਭੱਟਾਂ ਦੇ ਕੁਝ ਖ਼ਾਨਦਾਨ ਯੂ.ਪੀ., ਮੱਧ ਪ੍ਰਦੇਸ ਵਿਚ ਭੀ ਜਾ ਵਸੇ ਹਨ ਤੇ ਕੁਝ ਸਹਾਰਨਪੁਰ ਅਤੇ ਜਗਾਧਰੀ ਦੇ ਇਲਾਕੇ ਵਿਚ ਰਹਿੰਦੇ ਹਨ। ਇਨ੍ਹਾਂ ਸਭਨਾਂ ਭੱਟਾਂ ਦੇ ਪਾਸ ਵਹੀਆਂ ਹਨ, ਜਿਨ੍ਹਾਂ ਉੱਤੇ ਉਹ ਆਪਣੇ ਜਜਮਾਨਾਂ ਦੀ ਬੰਸਾਵਲੀ ਲਿਖਦੇ ਆ ਰਹੇ ਹਨ। ਇਨ੍ਹਾਂ ਦੀ ਬੰਸਾਵਲੀ ਭੱਟ ਭਗੀਰਥ ਤੋਂ ਸ਼ੁਰੂ ਹੁੰਦੀ ਹੈ। ਭਗੀਰਥ ਤੋਂ ਨਾਵੀਂ ਪੀੜ੍ਹੀ ਵਿਚ ਭੱਟ ਅਨੰਤ ਜੀ ਹੋਇਆ, ਜਿਸ ਦੇ ਤਿੰਨ ਪੁੱਤਰ ਸਨ: ‘ਭੱਟ ਮੁੱਖਾ ਜੀ, ਭੱਟ ਗੰਭੀਰ ਜੀ ਅਤੇ ਭੱਟ ਰਥੁ ਜੀ’।

ਇਤਿਹਾਸਕਾਰ ਬੇਅੰਤ ਸਿੰਘ ਦੀ ਪੁਸਤਕ ‘ਤਵਾਰੀਖ਼ ਗਿਆਰਾਂ ਭੱਟ ਸਾਹਿਬਾਨ’ ’ਚੋਂ ਮਿਲੀ ਜਾਣਕਾਰੀ ਅਨੁੁਸਾਰ ਭੱਟ ਵਹੀ ਸੁਲਤਾਨਪੁਰ ਲੋਧੀ, ਖਾਤਾ ਸਰੂਪ ਕਾ ਵਿੱਚ ਭੱਟ ਨਲੵ ਦਾਸ ਜੀ ਦੇ ਜਨਮ ਦਾ ਵੇਰਵਾ ਇਸ ਪ੍ਰਕਾਰ ਹੈ :

‘ਭੱਟ ਅਨੰਤ ਕਾ ਪੋਤਾ, ਮੁੱਖੇ ਕਾ ਪੁੱਤਰ ਸੋ ਭੀ ਗੁਰੂ ਬਿਜਾਈ ਕਹੀ, ਤੈ ਕੀ ਜਨਮ ਸੁਲਤਾਨਪੁਰੈ ਭੱਟ ਨਲ ਦਾਸ ਜੀ ਕਾ ਹੂਆ ੮ ਮਘਹਰ ਸੰਮਤ ਪੰਦਰਹ ਸੈ ਪਚਾਸੀ; ਬੈਕੁੰਠ ਬੇਟਾ ਸੰਬੂਰ ਕਾ, ਕੀ ਬੇਟੀ ਦੇਵਕੀ ਦੀ ਕੋਖ ਸੇ ਜਨਮਾ

੮ ਮੱਘਰ ਸੰਮਤ ੧੫੮੫ ਨੂੰ ਕੈਲੰਡਰੀਕਲ ਕੈਲਕੂਲੇਸ਼ਨਾਂ ਰਾਹੀਂ ਤਬਦੀਲ ਕੀਤਿਆਂ ਬਣਦਾ ਹੈ ‘6 ਨਵੰਬਰ 1528 ਜੂਲੀਅਨ’। ਇਤਿਹਾਸਕਾਰ ਬੇਅੰਤ ਸਿੰਘ ਨੂੰ ਕੈਲੰਡਰਾਂ ਦੀ ਇੱਕ ਪੱਧਤੀ ਤੋਂ ਦੂਸਰੀ ਪੱਧਤੀ ’ਚ ਤਬਦੀਲ ਕਰਨ ਦੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੇ ਭੱਟ ਨਲੵ ਜੀ ਦੇ ਜਨਮ ਦਿਨ ਦੀ ੮ ਮੱਘਰ ਸੰਮਤ ੧੫੮੫ ਨੂੰ ਸਿੱਧਾ ਹੀ 8 ਦਸੰਬਰ 1528 ਲਿਖ ਦਿੱਤਾ, ਜੋ ਗਲਤ ਹੈ। ਇਸ ਗਲਤੀ ਦਾ ਕਾਰਨ ਹੈ ਕਿ ਉਸ ਸਮੇ ਤੋਂ ਅੱਜ ਤੱਕ ਪ੍ਰਚਲਿਤ ਸਾਰੇ ਕੈਲੰਡਰਾਂ ’ਚ ਸੋਧ ਹੋ ਚੁੱਕੀ ਹੈ। ਇੰਗਲੈਂਡ ’ਚ ਉਸ ਸਮੇਂ ਪ੍ਰਚਲਿਤ ਜੂਲੀਅਨ ਕੈਲੰਡਰ ’ਚ ਉਨ੍ਹਾਂ ਅਕਤੂਬਰ ਸੰਨ 1752 ਵਿੱਚ 11 ਦਿਨਾਂ ਦੀ ਸੋਧ ਲਾ ਕੇ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ। ਸੰਨ 1849 ’ਚ ਪੰਜਾਬ, ਇੰਗਲੈਂਡ ਦੇ ਅਧੀਨ ਆਉਣ ਕਾਰਨ, ਉਨ੍ਹਾਂ ਨੇ ਇੱਥੇ ਭੀ 1752 ਤੋਂ ਸਾਰੀਆਂ ਤਰੀਖ਼ਾਂ ’ਚ 11 ਦਿਨ ਦੀ ਸੋਧ ਲਾਗੂ ਕਰ ਦਿੱਤੀ। ਪੰਜਾਬ ’ਚ ਪ੍ਰਚਲਿਤ ਬਿਕ੍ਰਮੀ ਕੈਲੰਡਰ (ਸੂਰਯ ਸਿਧਾਂਤ) ਦੀ ਥਾਂ ਹਿੰਦੂਆਂ ਨੇ 1964 ’ਚ ਦ੍ਰਿਕ ਗਣਿਤ ਸਿਧਾਂਤ ਲਾਗੂ ਕਰ ਲਿਆ, ਜਿਸ ਦੇ ਸਾਲ ਦੀ ਲੰਬਾਈ ਸੂਰਯ ਸਿਧਾਂਤ ਨਾਲੋਂ ਸਾਢੇ ਤਿੰਨ ਕੁ ਮਿੰਟ ਘੱਟ ਹੈ। ਕੈਲੰਡਰਾਂ ’ਚ ਹੋਈਆਂ ਇਨ੍ਹਾਂ ਸੋਧਾਂ ਕਾਰਨ ਇਨ੍ਹਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਮੁਕਾਬਲਤਨ ਤੌਰ ’ਤੇ ਸਾਲ-ਬ-ਸਾਲ ਬਦਲਦੀਆਂ ਆ ਰਹੀਆਂ ਹਨ। ਇਸ ਲਈ 1528 ਈ: ’ਚ ਜਿਹੜੀ 8 ਮੱਘਰ 6 ਨਵੰਬਰ ਨੂੰ ਆਈ ਸੀ ਉਹ ਅੱਜ ਕੱਲ੍ਹ 23 ਨਵੰਬਰ ਨੂੰ ਆ ਰਹੀ ਹੈ ਅਤੇ ਸੰਨ 3000 ਨੂੰ ਤਕਰੀਬਨ ਇੱਕ ਮਹੀਨੇ ਦੇ ਫਰਕ ਨਾਲ 7 ਦਸੰਬਰ ਨੂੰ ਅਵੇਗੀ। ਬੇਅੰਤ ਸਿੰਘ ਨੇ ਪਤਾ ਨਹੀਂ ਕਿਸ ਭੁਲੇਖੇ ’ਚ 1528 ’ਚ ਹੀ 8 ਦਸੰਬਰ ਲਿਖ ਦਿੱਤਾ। ਇਸ ਤਰ੍ਹਾਂ ਦੀਆਂ ਗਲਤੀਆਂ ਕੇਵਲ ਇਤਿਹਾਸਕਾਰ ਬੇਅੰਤ ਸਿੰਘ ਤੋਂ ਹੀ ਨਹੀਂ ਹੋਈਆਂ ਬਲਕਿ ਕੈਲੰਡਰੀਕਲ ਕੈਲਕੂਲੇਸ਼ਨਾਂ ਤੋਂ ਅਣਜਾਣ ਹੋਰ ਕਈ ਇਤਿਹਾਸਕਾਰਾਂ ਤੋਂ ਭੀ ਹੋਈਆਂ ਹਨ। ਬਹੁਤੇ ਇਤਿਹਾਸਕਾਰਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕੀਤੇ ਜਾਣ ਦਾ ਇਹੋ ਕਾਰਨ ਹੈ; ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਗਲਤੀਆਂ ਉਜਾਗਰ ਹੋ ਰਹੀਆਂ ਹਨ। ਕੋਈ ਭੀ ਬੰਦਾ ਖਾਸਕਰ ਉੱਚ ਸਿੱਖਿਆ ਪ੍ਰਾਪਤ ਇਤਿਹਾਸਕਾਰ ਆਪਣੀ ਗਲਤੀ ਮੰਨਣਾ ਨਹੀਂ ਚਾਹੁੰਦਾ। ਹੁਣ ਬੇਅੰਤ ਸਿੰਘ ਵਰਗੇ ਜਿਨ੍ਹਾਂ ਇਤਿਹਾਸਕਾਰਾਂ ਨੇ 8 ਮੱਘਰ ਨੂੰ 8 ਦਸੰਬਰ ਲਿਖਿਆ ਹੈ; ਉਹ ਤਾਂ ਗਲਤ ਹੈ ਹੀ; ਜਿਨ੍ਹਾਂ ਨੇ ਸਹੀ ਤਬਦੀਲੀ ਕਰ ਕੇ 6 ਨਵੰਬਰ ਲਿਖਿਆ ਹੈ, ਉਹ ਭੀ ਆਪਣੇ ਵੱਲੋਂ ਉਸ ਵੇਲੇ ਦੀ ਲਿਖੀ ਤਾਰੀਖ਼ 6 ਨਵੰਬਰ ਨੂੰ ਨਾਨਕਸ਼ਾਹੀ ਕੈਲੰਡਰ ਦੀ ਮੌਜੂਦਾ 21 ਨਵੰਬਰ ਨਾਲ ਮੇਲ ਕੇ ਵੇਖਦੇ ਹਨ ਕਿ 6 ਨਵੰਬਰ ਦੀ ਥਾਂ 21 ਨਵੰਬਰ ਲਿਖੇ ਜਾਣ ਨਾਲ 15 ਦਿਨਾਂ ਦੀ ਗਲਤੀ ਹੋ ਗਈ ਮੰਨਦੇ ਹਨ। ਇਹ ਇਤਹਿਾਸਕਾਰ ਜੇ ਥੋੜ੍ਹੀ ਸਿਆਣਪ ਤੋਂ ਕੰਮ ਲੈਣ ਤੇ ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਈਸਵੀ ਕੈਲੰਡਰ ਤਾਂ ਸਾਡਾ ਕੈਲੰਡਰ ਨਹੀਂ ਹੈ ਅਤੇ ਨਾ ਹੀ ਉਸ ਸਮੇਂ ਇਹ ਭਾਰਤ ਦੇ ਕਿਸੇ ਭੀ ਹਿੱਸੇ ’ਚ ਲਾਗੂ ਸੀ। ਇਹ ਤਾਂ 1849 ’ਚ ਅੰਗਰੇਜ਼ਾਂ ਵੱਲੋਂ ਪੰਜਾਬ ’ਤੇ ਕਬਜਾ ਕਰਨ ਪਿੱਛੋਂ ਉਨ੍ਹਾਂ ਆਪਣਾ ਈਸਵੀ ਕੈਲੰਡਰ ਲਾਗੂ ਕਰ ਦਿੱਤਾ ਤਾਂ ਇਸ ਕੈਲੰਡਰ ’ਚ ਤਾਰੀਖ਼ਾਂ ਤਬਦੀਲ ਕਰਕੇ ਲਿਖਣ ਦਾ ਰਿਵਾਜ ਪੈ ਗਿਆ; ਜਿਨ੍ਹਾਂ ਤੋਂ ਜਾਣੇ ਅਣਜਾਣੇ ਗਲਤੀਆਂ ਹੋਣ ਦੀ ਸੰਭਾਵਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

ਗੁਰੂ ਕਾਲ ਸਮੇਂ ਪੰਜਾਬ ’ਚ ਬਿਕ੍ਰਮੀ ਕੈਲੰਡਰ ਲਾਗੂ ਸੀ ਅਤੇ ਅੱਜ ਭੀ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਸ੍ਰੋਮਣੀ ਕਮੇਟੀ ਆਪਣਾ ਕੈਲੰਡਰ ਛਾਪਦੀ ਹੈ। ਜਿਸ ਤਰ੍ਹਾਂ ਕੈਥੋਲਿਕ ਚਰਚ ਦੇ ਪੋਪ ਗ੍ਰੈਗਰੀ 13ਵਾਂ ਨੇ 1582 ’ਚ 10 ਦਿਨਾਂ ਦੀ ਸੋਧ ਕਰਕੇ ਆਪਣਾ ਕੈਲੰਡਰ ਰੁੱਤਾਂ ਨਾਲ ਮਿਲਾ ਲਿਆ; ਉਨ੍ਹਾਂ ਕ੍ਰਿਸਮਿਸ ਦੀ 25 ਦਸੰਬਰ ਜੂਲੀਅਨ ਦੀ ਤਾਰੀਖ਼ ਨੂੰ ਗ੍ਰੈਗੋਰੀਅਨ ਕੈਲੰਡਰ ’ਚ 25 ਦਸੰਬਰ ਨੂੰ ਹੀ ਮਨਾਉਣਾ ਜਾਰੀ ਰੱਖਿਆ, ਨਾ ਕਿ ਇਸ ਤਾਰੀਖ਼ ’ਚ 10 ਦਿਨ ਦੀ ਸੋਧ ਲਾ ਕੇ (25+10)= 4 ਜਨਵਰੀ ਨੂੰ ਮਨਾਉਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਪ੍ਰੋਟੈਸਟੈਂਟ ਚਰਚ ਹੇਠ ਆਉਂਦੇ ਇੰਗਲੈਂਡ ਨੇ ਇਸ ਸੋਧ ਨੂੰ ਆਪਣੇ ਅਧੀਨ ਰਾਜਾਂ ’ਚ 11 ਦਿਨਾਂ ਦੀ ਸੋਧ ਨਾਲ 1752 ’ਚ ਲਾਗੂ ਕਰ ਲਿਆ। ਉਨ੍ਹਾਂ ਭੀ ਕ੍ਰਿਸਮਿਸ, ਗ੍ਰੈਗੋਰੀਅਨ ਦੀ 25 ਦਸੰਬਰ ਨੂੰ ਹੀ ਮਨਾਉਣਾ ਜਾਰੀ ਰੱਖਿਆ, ਨਾ ਕਿ (25+11)= 5 ਜਨਵਰੀ ਨੂੰ ਮਨਾਉਣਾ ਸ਼ੁਰੂ ਕੀਤਾ। ਆਰਥੋਡੈਕਸ ਚਰਚ ਹਾਲੇ ਭੀ ਆਪਣਾ ਇਹ ਧਾਰਮਕਿ ਦਿਹਾੜਾ ਜੂਲੀਅਨ ਕੈਲੰਡਰ ਦੀ 25 ਦਸੰਬਰ ਨੂੰ ਹੀ ਮਨਾ ਰਹੇ ਹਨ ਭਾਵ ਈਸਾਈ ਜਗਤ ਭਾਵੇਂ ਪੁਰਾਤਨ ਅਤੇ ਸੋਧੇ ਹੋਏ ਦੋਵਾਂ ਕੈਲੰਡਰਾਂ ’ਚੋਂ ਕਿਸੇ ਭੀ ਕੈਲੰਡਰ ਨੂੰ ਮਾਣਤਾ ਦੇ ਰਹੇ ਹੋਣ, ਉਨ੍ਹਾਂ ਨੇ ਆਪਣੀ ਮੁਢਲੀ ਤਾਰੀਖ਼ 25 ਦਸੰਬਰ ਨਾ ਛੱਡੀ। ਇਸੇ ਤਰ੍ਹਾਂ ਸਵ: ਪਾਲ ਸਿੰਘ ਪੁਰੇਵਾਲ ਦੀ ਸ਼ਮੂਲੀਅਤ ਵਾਲੀ ਕੈਲੰਡਰ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਸ੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਗਲਤ ਲੰਬਾਈ ਦੀ ਥਾਂ ਦੁਨੀਆਂ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੇ ਬਰਾਬਰ ਕਰਕੇ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ। ਇਸ ਨਾਲ, ਜੋ ਫਰਕ 1999 ਤੱਕ ਪੈਣਾ ਸੀ, ਪੈ ਗਿਆ; ਭਵਿੱਖ ’ਚ ਬਿਕ੍ਰਮੀ ਕੈਲੰਡਰ ਜਿਸ ਨੂੰ ਉਹ ਗੁਰੂ ਸਾਹਿਬਾਨ ਵੱਲੋਂ ਵਰਤਿਆ ’ਤੇ ਸਥਾਪਿਤ ਕੀਤਾ ਕੈਲੰਡਰ ਮੰਨਦੇ ਹਨ; ਉਸ ਕੈਲੰਡਰ ਦੀ ਉਸ ਵੇਲੇ ਦੀ ੮ ਮੱਘਰ ਹੀ ਨਾਨਕਸ਼ਾਹੀ ਕੈਲੰਡਰ ’ਚ ਰੱਖੀ ਗਈ ਹੈ, ਜੋ 1999 ਦੀ ਸੋਧ ਉਪਰੰਤ ਹਮੇਸ਼ਾਂ 21 ਨਵੰਬਰ ਨੂੰ ਹੀ ਆਵੇਗੀ, ਪਰ ਹਾਂ ਜੋ ਹਾਲੇ ਭੀ ਬਿਕ੍ਰਮੀ ਕੈਲੰਡਰ ਨੂੰ ਨਹੀਂ ਛੱਡਣਾ ਚਾਹੁੰਦੇ, ਉਹ ਭੱਟ ਨਲੵ ਜੀ ਦਾ ਪ੍ਰਕਾਸ਼ ਪੁਰਬ ਆਰਥੋਡੈਕਸ ਚਰਚ ਵਾਙ ਬਿਕ੍ਰਮੀ ਕੈਲੰਡਰ ਦੀ ੮ ਮੱਘਰ/ 23 ਨਵੰਬਰ ਨੂੰ ਮਨਾ ਸਕਦੇ ਹਨ। ਉਨ੍ਹਾਂ ਨੂੰ ਸੋਚਣਾ ਭੀ ਪਵੇਗਾ ਕਿ ਭੱਟ ਨਲੵ ਜੀ ਦੇ ਜਨਮ ਸਮੇਂ 1528 ਈ: ’ਚ ਜਿਹੜੀ ੮ ਮੱਘਰ 6 ਨਵੰਬਰ ਨੂੰ ਆਈ ਸੀ, ਉਹ ਅੱਜ ਕੱਲ੍ਹ 23 ਨਵੰਬਰ ਨੂੰ ਆ ਰਹੀ ਹੈ ਤੇ ਸੰਨ 3000 ’ਚ ਤਕਰੀਬਨ ਇੱਕ ਮਹੀਨੇ ਦੇ ਫਰਕ ਨਾਲ 7 ਦਸੰਬਰ ਨੂੰ ਅਵੇਗਾ। ਦੋਵਾਂ ਕੈਲੰਡਰਾਂ ਦਾ ਮਿਲਾਨ ਕਰਕੇ ਸੂਝਵਾਨ ਸਿੱਖ ਅੰਦਾਜ਼ਾ ਲਾ ਸਕਦੇ ਹਨ ਕਿ ਦੋਵਾਂ ’ਚੋਂ ਸਾਡੇ ਲਈ ਕਿਹੜਾ ਕੈਲੰਡਰ ਠੀਕ ਰਹੇਗਾ।

ਇਤਿਹਾਸਕਾਰ ਬੇਅੰਤ ਸਿੰਘ ਆਪਣੀ ਪੁਸਤਕ ‘ਇਤਿਹਾਸ ਗਿਆਰਹ ਭੱਟ ਸਾਹਿਬ’ ਦੇ ਪੰਨਾ 55 ’ਤੇ ਗੁਣਗੰਜ ਨਾਮਾ ਭੱਟ- ਪੰਨਾ 322 ਦੇ ਹਵਾਲੇ ਨਾਲ ਲਿਖਦੇ ਹਨ, ‘ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਥੋਹੜਾ ਸਮਾਂ ਸੰਸਾਰ ’ਚ ਰਹਿ ਕੇ ਆਖਰੀ ਸੁਆਸ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ’ਚ ਲੈ ਕੇ 17 ਅਗਸਤ 1611 (ਜੂਲੀਅਨ) ਵਿੱਚ 83 ਸਾਲ ਦੀ ਯਾਤਰਾ ਪੂਰੀ ਕਰਕੇ ਸਦੀਵ ਕਾਲ ਸਮਾ ਗਏ’।

ਜੋਤੀ-ਜੋਤ ਸਮਾਉਣ ਦੀ ਤਾਰੀਖ਼ ਮੁਢਲੇ ਹਵਾਲੇ ’ਚ ਕੇਵਲ 17 ਅਗਸਤ 1611 ਲਿਖੀ ਹੋਈ ਮਿਲਦੀ ਹੈ; ਇਸ ਕਾਰਨ ਮਜਬੂਰੀ ਹੈ ਕਿ 17 ਅਗਸਤ ਨੂੰ ਹੀ ਸਹੀ ਮੰਨਣਾ ਪਵੇਗਾ ਕਿਉਂਕਿ ਕੈਲੰਡਰ ਕਮੇਟੀ ਦੇ ਫੈਸਲੇ ਅਨੁਸਰ ਨਾਨਕਸ਼ਾਹੀ ਕੈਲੰਡਰ ’ਚ ਸਾਰੇ ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਲਈ ਕੇਵਲ ਪ੍ਰਵਿਸ਼ਟੇ (ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼ਾਂ) ਹੀ ਨਿਸ਼ਚਿਤ ਕੀਤੀਆਂ ਜਾਣੀਆਂ ਹਨ, ਇਸ ਲਈ 17 ਅਗਸਤ 1611 ਨੂੰ ਬਿਕ੍ਰਮੀ ਕੈਲੰਡਰ ’ਚ ਤਬਦੀਲ ਕੀਤਾ ਗਿਆ ਤਾਂ ਬਣਦਾ ਹੈ ੧੭ ਭਾਦੋਂ ਸੰਮਤ ੧੬੬੮ । ਸੋ ਨਾਨਕਸ਼ਾਹੀ ਕੈਲੰਡਰ ’ਚ ਭੱਟ ਨਲੵ ਜੀ ਦਾ ਜੋਤੀ-ਜੋਤ ਪੁਰਬ ੧੭ ਭਾਦੋਂ ਸਦਾ ਲਈ 1 ਸਤੰਬਰ ਨੂੰ ਹੀ ਆਵੇਗਾ।

ਭੱਟ ਕਲੵਸਹਾਰ ਦੀ ਅਗਵਾਈ ’ਚ ਭੱਟ; ਗੁਰੂ ਅਮਰਦਾਸ ਜੀ ਦੇ ਦਰਬਾਰ ’ਚ ਦਰਸ਼ਨਾਂ ਲਈ ਆਏ। ਇਨ੍ਹਾਂ ਭੱਟਾਂ ’ਚੋਂ 11 ਭੱਟਾਂ ਨੇ ਪਹਿਲੀਆਂ ਪੰਜ ਪਾਤਿਸ਼ਾਹੀਆਂ ਦੀ ਉਸਤਤਿ ’ਚ 123 ਸਵਈਏ ਉਚਾਰਨ ਕੀਤੇ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ’ਚ ਪਾਵਨ ਅੰਕ ੧੩੮੯ ਤੋਂ ੧੪੦੯ ਤੱਕ ਦਰਜ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸਮੇਂ ਇਨ੍ਹਾਂ ਸਵਈਆਂ ਦੇ ਉਚਾਰਨ ਨਾਲ਼ ਭੱਟਾਂ ਦੀ ਹਾਜ਼ਰੀ ਲੱਗਦੀ ਹੈ। ਭੱਟ ਨਲੵ ਜੀ ਨੇ ਤਿੰਨ ਸਿਰਲੇਖਾਂ ਅਧੀਨ 16 ਸਵਈਏ ਗੁਰੂ ਰਾਮਦਾਸ ਜੀ ਦੀ ਉਸਤਤਿ ’ਚ ਉਚਾਰਨ ਕੀਤੇ ਹਨ। ਪਹਿਲੇ ਹਿੱਸੇ ’ਚ ਚਾਰ ਸਵਈਏ ਹਨ, ਜਿਨ੍ਹਾਂ ’ਚੋਂ ਕੇਵਲ ਤੀਜੇ ਸਵਈਏ ’ਚ ਭੱਟ ਨਲੵ ਜੀ ਦਾ ਨਾਂ ਹੈ, ਬਾਕੀ ਦੇ ਤਿੰਨਾਂ ’ਚ ਨਾਂ ਨਹੀਂ ਹੈ ਭਾਵੇਂ ਕਿ ਇਨਾਂ ਸਵਈਆਂ ਦੇ ਅੰਕਾਂ ਦੀ ਲਗਾਤਾਰਤਾ ’ਚ ਗਿਣਤੀ ॥੧॥ ਤੋਂ ॥੪॥ ਤੱਕ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਇਹ ਚਾਰੇ ਸਵਈਏ ਭੱਟ ਨਲੵ ਜੀ ਦੇ ਹੀ ਹਨ। ਇਸ ਤੋਂ ਬਾਅਦ ਰਡ ਸਿਰਲੇਖ ਹੇਠ 8 ਸਵਈਏ ਹਨ, ਜਿਨ੍ਹਾਂ ਦੇ ਅੰਕਾਂ ਦੀ ਲਗਾਤਾਰਤਾ ॥੧॥੫॥ ਤੋਂ ॥੮॥੧੨॥ ਤੱਕ ਹੈ। ਇੱਥੇ ਭੀ ਕੇਵਲ ਚੌਥੇ ਸਵਈਏ ’ਚ ਭੱਟ ਨਲੵ ਜੀ ਦਾ ਨਾਂ ਹੈ ਭਾਵੇਂ ਕਿ ਅੰਕਾਂ ਦੀ ਗਲਾਤਾਰਤਾ ਦੱਸਦੀ ਹੈ ਕਿ ਸਾਰੇ 4+8=12 ਸਵਈਏ ਭੱਟ ਨਲੵ ਜੀ ਦੁਆਰਾ ਹੀ ਉਚਾਰਨ ਕੀਤੇ ਹੋਏ ਹਨ। ਇਸ ਤੋਂ ਅੱਗੇ ‘ਝੋਲਨਾ’ ਸਿਰਲੇਖ ਹੇਠ ॥੧॥੧੩॥ ਤੋਂ ॥੪॥੧੬॥੨੯॥ ਤੱਕ 4 ਸਵਈਏ ਹਨ, ਪਰ ਕਿਸੇ ’ਚ ਭੀ ਭੱਟ ਦਾ ਕੋਈ ਨਾਂ ਨਹੀਂ ਭਾਵੇਂ ਕਿ ਅੰਕਾਂ ਦੀ ਲਗਾਤਾਰਤਾ ਦੱਸਦੀ ਹੈ ਕਿ ਤਿੰਨੇ ਤਰ੍ਹਾਂ ਦੇ ਕੁੱਲ 4+8+4=16 ਸਵਈਏ ਭੱਟ ਨਲੵ ਜੀ ਦੇ ਹੀ ਹਨ। ਇਨ੍ਹਾਂ ਤੋਂ ਪਹਿਲਾਂ ਭੱਟ ਕਲਸਹਾਰ ਜੀ ਦੁਆਰਾ ਉਚਾਰਨ ਕੀਤੇ 13 ਸਵਈਏ ਜੋੜ ਕੇ ਕੁੱਲ ਜੋੜ 29 ਹੋ ਗਿਆ। ਲੇਖ ਦੇ ਵਿਸਥਾਰ ਨੂੰ ਧਿਆਨ ’ਚ ਰੱਖਦਿਆਂ ਇੱਥੇ ਇਨ੍ਹਾਂ 16 ਸਵਈਆਂ ’ਚੋਂ ਕੁੱਝ ਕੁ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਜਿੱਥੇ ਗੁਰੂ ਦੀ ਲੋੜ, ਉਪਮਾ ਅਤੇ ਭੱਟ ਨਲੵ ਜੀ ਦੀ ਗੁਰੂ ਰਾਮਦਾਸ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਪ੍ਰਗਟ ਹੁੰਦਾ ਹੈ, ਉੱਥੇ ਅੰਕਾਂ ਦੀ ਤਰਤੀਬ ਭੀ ਚੰਗੀ ਤਰ੍ਹਾਂ ਸਮਝ ਆ ਜਾਵੇਗੀ।

ਪਹਿਲੇ ਸਵਈਏ ’ਚ ਭੱਟ ਨਲੵ ਜੀ ਫ਼ੁਰਮਾ ਰਹੇ ਹਨ ਕਿ ਜੋ ਜੋ ਮਨੁੱਖ ਸਤਿਗੁਰੂ ਦਾ ਨਾਮ; ਬ੍ਰਿਤੀ ਜੋੜ ਕੇ ਮਨ ’ਚ ਸ਼ਰਧਾ ਰੱਖ ਜਪਦਾ ਹੈ, ਉਨ੍ਹਾਂ ਨੂੰ ਕਲੇਸ਼ ਤੇ ਪਾਪ ਪੋਹ ਨਹੀਂ ਸਕਦਾ। ਸਤਿਗੁਰੂ, ਜੋ ਜਗਤ ਨੂੰ ਤਾਰਨ ਲਈ (ਮਾਨੋ) ਜਹਾਜ਼ (ਹੈ); ਜਿਸ ਮਨੁੱਖ ’ਤੇ ਰੱਤਾ ਭਰ ਭੀ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ (ਗੁਰੂ ਦੇ) ਸ਼ਬਦ ਨੂੰ ਹਿਰਦੇ ਵਿਚ ਵਸਾਉਂਦਾ ਹੈ ਤੇ ਕਾਮ, ਕ੍ਰੋਧ ਤੋਂ ਮੁਕਤ ਹੋ ਜਾਂਦਾ ਹੈ।

 (ਸਤਿਗੁਰੂ ਰਾਮਦਾਸ) ਸਾਰੇ ਜੀਵਾਂ ਦਾ ਦਾਤਾ ਹੈ, ਅਗਮ ਹਰੀ ਦੇ ਗਿਆਨ ਨੂੰ ਪ੍ਰਗਟ ਕਰਨ ਵਾਲਾ ਹੈ; ਦਿਨ ਰਾਤ ਹਰੀ ਦਾ ਧਿਆਨ ਧਰਦਾ ਹੈ ਤੇ ਪਲਕ ਭਰ ਭੀ ਨਹੀਂ ਭੁਲਦਾ। ਜੋ ਗੁਰਮੁਖ ਗੁਰੂ ਰਾਮਦਾਸ ਜੀ ਦੇ ਦਿੱਤੇ ਗਿਆਨ ਨਾਲ਼ ਆਪਣੀ ਦੁਰਮਤ ਮੈਲ ਧੋਂਦਾ ਹੈ, ਉਹ ਨਾਮ-ਰੂਪ ਖ਼ਜ਼ਾਨਾ ਹਾਸਲ ਕਰ ਲੈਂਦਾ ਹੈ; ਆਪ ਜੀ ਦੇ ਦਰਸ਼ਨ ਕੀਤਿਆਂ ਉਸ ਦਾ ਦਲਿਦ੍ਰ ਦੂਰ ਹੋ ਜਾਂਦਾ ਹੈ। ਜੋ ਜੋ ਮਨੁੱਖ ਸਤਿਗੁਰੂ (ਰਾਮਦਾਸ) ਦਾ ਨਾਮ; ਬ੍ਰਿਤੀ ਜੋੜ ਕੇ ਮਨ ’ਚ ਸ਼ਰਧਾ ਨਾਲ ਜਪਦਾ ਹੈ, ਉਨ੍ਹਾਂ ਨੂੰ ਪਾਪ ਤੇ ਕਲੇਸ਼ ਪੋਹ ਨਹੀਂ ਸਕਦਾ, ‘‘ਸਤਿਗੁਰ ਨਾਮੁ, ਏਕ ਲਿਵ ਮਨਿ ਜਪੈ ਦ੍ਰਿੜ੍ਹੁ; ਤਿਨ੍ ਜਨ ਦੁਖ ਪਾਪੁ, ਕਹੁ ਕਤ ਹੋਵੈ ਜੀਉ ? ਤਾਰਣ ਤਰਣ, ਖਿਨ ਮਾਤ੍ਰ ਜਾ ਕਉ ਦ੍ਰਿਸਿ ਧਾਰੈ; ਸਬਦੁ ਰਿਦ ਬੀਚਾਰੈ, ਕਾਮੁ ਕ੍ਰੋਧੁ ਖੋਵੈ ਜੀਉ ਜੀਅਨ ਸਭਨ ਦਾਤਾ, ਅਗਮ ਗਾਨ ਬਿਖਾਤਾ; ਅਹਿਨਿਸਿ ਧਾਨ ਧਾਵੈ, ਪਲਕ ਨ ਸੋਵੈ ਜੀਉ ਜਾ ਕਉ ਦੇਖਤ ਦਰਿਦ੍ਰੁ ਜਾਵੈ, ਨਾਮੁ ਸੋ ਨਿਧਾਨੁ ਪਾਵੈ; ਗੁਰਮੁਖਿ ਗਾਨਿ (ਨਾਲ਼), ਦੁਰਮਤਿ ਮੈਲੁ ਧੋਵੈ ਜੀਉ ਸਤਿਗੁਰ ਨਾਮੁ, ਏਕ ਲਿਵ ਮਨਿ ਜਪੈ ਦ੍ਰਿੜੁ; ਤਿਨ ਜਨ ਦੁਖ ਪਾਪ, ਕਹੁ ਕਤ ਹੋਵੈ ਜੀਉ  ?  (ਸਵਈਏ ਮਹਲੇ ਚਉਥੇ ਕੇ/ਭਟ ਨਲ/੧੩੯੮)

ਇੱਥੇ ਤੀਸਰੇ ਸਵਈਏ ’ਚ ਭੱਟ ਨਲੵ ਜੀ ਦਾ ਨਾਂ ਆਇਆ ਹੈ। ਉਸ ਵਿਚ ਭੱਟ ਨਲੵ ਜੀ ਕਹਿੰਦੇ ਹਨ, ‘ਸੱਚੇ ਸਤਿਗੁਰੂ ਰਾਮਦਾਸ ਜੀ ਦੇ ਨਾਮ ਤੋਂ ਸਦਕੇ ਜਾਵਾਂ। ਮੈਂ ਕਿਹੜੀ ਉਪਮਾ ਦਿਆਂ (ਭਾਵ, ਕੀਹ ਆਖਾਂ ਕਿਹੋ ਜਿਹਾ ਹੈ), ਮੈਂ ਕਿਹੜੀ ਸੇਵਾ ਕਰਾਂ ? (ਹੇ ਮੇਰੇ ਮਨ !) ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕੇ ਜੀਭ ਨਾਲ ਸਿਮਰ (ਬੱਸ, ਇਹੀ ਉਪਮਾ ਤੇ ਇਹੀ ਸੇਵਾ ਹੈ)।

ਹੇ ਨਲੵ ਕਵੀ  ! ਐਸਾ ਕਰ ਕਿ ਆਪਣੇ ਮਨ, ਬਚਨਾਂ ਤੇ ਕਰਮਾਂ ਨਾਲ਼ ਉਸੇ ਬੇਅੰਤ ਤੇ ਸ੍ਰੇਸ਼ਟ ਨਾਮ, ਜੋ ਗੁਰੂ ਰਾਮਦਾਸ ਜੀ ਨੇ ਤੇਰੇ ਹਿਰਦੇ ’ਚ ਵਸਾਇਆ ਹੈ, ਨੂੰ ਜਪ ਅਤੇ ਵਾਰ-ਵਾਰ ਦ੍ਰਿੜ੍ਹ ਕਰ; ਕਿਸੇ ਹੋਰ ਦਾ ਨਾਮ ਨਾ ਜਪ। ਉਸ ਨੂੰ ਸਿਮਰਿਆਂ; ਜਿਵੇਂ ਪਾਰਸ ਦੀ ਛੁਹ ਨਾਲ ਕੱਚ ਸੋਨਾ ਹੋ ਜਾਂਦਾ ਹੈ ਅਤੇ (ਚੰਦਨ ਦੀ ਛੁਹ ਨਾਲ) ਹੋਰ ਰੱੁਖਾਂ ਵਿਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ, ਐਸਾ ਹੋ ਜਾਈਦਾ ਹੈ।

ਜਿਸ ਗੁਰੂ ਰਾਮਦਾਸ ਜੀ ਦਾ ਦਰਸ਼ਨ ਕੀਤਿਆਂ, ਕਾਮ ਕ੍ਰੋਧ (ਆਦਿ ਵਿਕਾਰ) ਦੂਰ ਹੋ ਜਾਂਦੇ ਹਨ; ਮੈਂ ਉਸ ਸੱਚੇ ਗੁਰੂ ਤੋਂ ਸਦਕੇ ਹਾਂ, ‘‘ਹਉ ਬਲਿ ਬਲਿ ਜਾਉ, ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਉ  ? ਕਵਨ ਸੇਵਾ ਸਰੇਉ  ? ਏਕ ਮੁਖ ਰਸਨਾ ਰਸਹੁ, ਜੁਗ ਜੋਰਿ ਕਰ ਫੁਨਿ ਮਨ ਬਚ ਕ੍ਰਮ ਜਾਨੁ, ਅਨਤ ਦੂਜਾ ਨ ਮਾਨੁ; ਨਾਮੁ ਸੋ ਅਪਾਰੁ ਸਾਰੁ, ਦੀਨੋ ਗੁਰਿ (ਨੇ) ਰਿਦ ਧਰ ਨਲ ਕਵਿ  ! ਪਾਰਸ ਪਰਸ, ਕਚ ਕੰਚਨਾ ਹੁਇ; ਚੰਦਨਾ ਸੁਬਾਸੁ, ਜਾਸੁ ਸਿਮਰਤ ਅਨ ਤਰ ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ; ਜੀ, ਹਉ ਬਲਿ ਬਲਿ ਜਾਉ, ਸਤਿਗੁਰ ਸਾਚੇ ਨਾਮ ਪਰ ’’  (ਭਟ ਨਲ/੧੩੯੯)

ਪਹਿਲੇ ਗਰੁੱਪ ਦਾ ਅੰਤਮ ਤੇ ਚੌਥਾ ਸਵਈਆ ਇਕ ਹੋਰ ਹੈ। ਇਸ ਤੋਂ ਬਾਅਦ ਦੂਸਰੇ ਸਿਰਲੇਖ ‘ਰਡ’ ਹੇਠ 8 ਸਵਈਏ ਹਨ, ਜਿਨ੍ਹਾਂ ’ਚੋਂ ਚੌਥੇ ਸਵਈਏ ’ਚ ਹੀ ਭੱਟ ਨਲੵ ਜੀ ਦਾ ਨਾਂ ਹੈ। ਇੱਥੇ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖਾ ਜੀਵਨ ਦੇ ਰਾਹ ’ਚ ਹਨ੍ਹੇਰਾ ਹੀ ਹਨ੍ਹੇਰਾ ਹੈ, ਗੁਰੂ ਤੋਂ ਬਿਨਾ ਅਸਲ ਸਮਝ ਨਹੀਂ ਹੋ ਸਕਦੀ। ਗੁਰੂ ਤੋਂ ਬਿਨਾ ਸੁਰਤ (ਉੱਚੀ) ਨਹੀਂ ਹੁੰਦੀ ਤੇ (ਜੀਵਨ-ਸੰਗ੍ਰਾਮ ਵਿਚ) ਸਫਲਤਾ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਭੀ ਨਹੀਂ ਮਿਲਦੀ।

ਹੇ ਮੇਰੇ ਮਨ ! ਸਤਿਗੁਰੂ ਦੀ ਸ਼ਰਨ ਪਓ, ਇਹੀ ਉੱਤਮ ਵਿਚਾਰ ਹੈ। ਸ਼ਬਦ ਦੇ ਸੂਰੇ ਗੁਰੂ ਦੀ ਸਰਨ ਪਓ, ਤੇਰੇ ਸਾਰੇ ਪਾਪ ਕੱਟੇ ਜਾਣਗੇ। ਭੱਟ ਨਲੵ ਜੀ ਆਖਦੇ ਹਨ ਕਿ (ਹੇ ਮੇਰੇ ਮਨ !) ਆਪਣੀਆਂ ਅੱਖਾਂ ’ਚ, ਆਪਣੇ ਬੋਲਾਂ ’ਚ ਕੇਵਲ ਗੁਰੂ ਨੂੰ ਵਸਾਓ, ਗੁਰੂ ਸਦਾ-ਥਿਰ ਰਹਿਣ ਵਾਲਾ ਹੈ। ਜਿਨ੍ਹਾਂ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਉਹ ਸੰਸਾਰ ਵਿਚ ਨਿਸਫਲ (ਹੀ ਆਏ) : ‘‘ਗੁਰ ਬਿਨੁ ਘੋਰੁ ਅੰਧਾਰੁ, ਗੁਰੂ ਬਿਨੁ ਸਮਝ ਨ ਆਵੈ ਗੁਰ ਬਿਨੁ ਸੁਰਤਿ ਨ ਸਿਧਿ, ਗੁਰੂ ਬਿਨੁ ਮੁਕਤਿ ਨ ਪਾਵੈ ਗੁਰੁ ਕਰੁ ਸਚੁ ਬੀਚਾਰੁ, ਗੁਰੂ ਕਰੁ ਰੇ ਮਨ ਮੇਰੇ  ! ਗੁਰੁ ਕਰੁ ਸਬਦ ਸਪੁੰਨ, ਅਘਨ ਕਟਹਿ ਸਭ ਤੇਰੇ ਗੁਰੁ ਨਯਣਿ, ਬਯਣਿ ਗੁਰੁ, ਗੁਰੁ ਕਰਹੁ; ਗੁਰੂ ਸਤਿ, ਕਵਿ ਨਲ ਕਹਿ ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ; ਤੇ ਅਕਯਥ ਸੰਸਾਰ ਮਹਿ ’’ (ਭਟ ਨਲ/੧੩੯੯)

ਅਗਾਂਹ ਇਸੇ ਸਿਰਲੇਖ ਹੇਠ 4 ਹੋਰ ਸਵਈਏ ਹਨ ਤੇ ਲਗਾਤਾਰਤਾ ਅੰਕ ॥੮॥੧੨॥ ਹਨ। ਇਨ੍ਹਾਂ ’ਚ ਭੀ ਭੱਟ ਦਾ ਕੋਈ ਨਾਂ ਨਹੀਂ ਹੈ ਭਾਵੇਂ ਕਿ ਅੰਕਾਂ ਦੀ ਲਗਾਤਾਰਤਾ ਦੱਸਦੀ ਹੈ ਕਿ ਇੱਥੋਂ ਤੱਕ ਸਾਰੇ ਸਵਈਏ ਭੱਟ ਨਲੵ ਜੀ ਦੇ ਹੀ ਹਨ।

ਅਗਲੇ ਤੀਸਰੇ ਤੇ ਆਖਰੀ ਗਰੁੱਪ ‘ਝੋਲਨਾ’ ਸਿਰਲੇਖ ਹੇਠ 4 ਸਵਈਏ ਹਨ। ਇਨ੍ਹਾਂ ’ਚ ਭੀ ਭੱਟ ਦਾ ਕੋਈ ਨਾਂ ਨਹੀਂ ਭਾਵੇਂ ਕਿ ਅੰਕਾਂ ਦੀ ਲਗਾਤਾਰਤਾ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੇ ਇੱਕੋ ਭੱਟ ਨਲੵ ਜੀ ਦੁਆਰਾ ਉਚਾਰਨ ਕੀਤੇ ਹੋਏ ਹਨ। ਆਖਰੀ 16ਵੇਂ ਸਵਈਏ ਦੀ ਵਿਚਾਰ ਕੀਤੀ ਜਾ ਰਹੀ ਹੈ, ਜਿਸ ਵਿੱਚ ਬਚਨ ਹਨ ਕਿ ਹੇ ਮੇਰੇ ਮਨ ! ਗੁਰੂ ਗੁਰੂ ਜਪ, ਸ਼ਿਵ ਜੀ, ਉਸ ਦੇ ਗਣ, ਸਿੱਧ, ਸਾਧਿਕ, ਦੇਵ, ਦੈਂਤ ਤੇ ਤੇਤੀ ਕਰੋੜ ਦੇਵਤੇ ਭੀ ਉਸ (ਗੁਰੂ) ਦੀ ਸੇਵਾ ਕਰ ਕੇ, ਤੇ ਗੁਰੂ ਦੇ ਬਚਨ ਕੰਨੀਂ ਸੁਣ ਕੇ ਪਾਰ ਉੱਤਰ ਜਾਂਦੇ ਹਨ।

ਉਹੀ ਸੰਤ ਜਨ ਅਤੇ ਭਗਤ ਤਰਦੇ ਹਨ, ਜੋ ਪਿਆਰ ਨਾਲ ‘ਗੁਰੂ ਗੁਰੂ’ ਕਰਦੇ ਹਨ। ਗੁਰੂ ਨੂੰ ਮਿਲ ਕੇ ਪ੍ਰਹਿਲਾਦ ਭੀ ਤਰ ਗਿਆ ਤੇ ਕਈ ਮੁਨੀ ਭੀ ਤਰ ਗਏ।

ਹਰੀ-ਰੂਪ ਗੁਰੂ ਰਾਹੀਂ ਇਕ ਨਾਮ ਵਿਚ ਜੁੜ ਕੇ ਨਾਰਦ ਤੇ ਸਨਕ ਆਦਿਕ ਤਰ ਗਏ; (ਤਾਂ ਤੇ ਹੇ ਮਨ ! ਤੂੰ ਭੀ) ਹੋਰ ਰਸ ਛੱਡ ਦੇਹ (ਤੇ ਕੇਵਲ ਨਾਮ ਜਪ)। ਦਾਸ ਨਲੵ ਅਰਜ਼ ਕਰਦਾ ਹੈ ਕਿ ਪ੍ਰਭੂ ਦਾ ਨਾਮ; ਗੁਰੂ ਦੀ ਰਾਹੀਂ ਮਿਲਦਾ ਹੈ, (ਤਾਂ ਤੇ) ‘ਗੁਰੂ ਗੁਰੂ’ ਜਪ : ‘‘ਗੁਰੂ ਗੁਰੁ, ਗੁਰੂ ਗੁਰੁ, ਗੁਰੂ ਜਪੁ ਮੰਨ ਰੇ  ! ਜਾ ਕੀ ਸੇਵ, ਸਿਵ, ਸਿਧ ਸਾਧਿਕ, ਸੁਰ, ਅਸੁਰ, ਗਣ ਤਰਹਿ ਤੇਤੀਸ; ਗੁਰ ਬਚਨ ਸੁਣਿ ਕੰਨ ਰੇ  ! ਫੁਨਿ ਤਰਹਿ ਤੇ ਸੰਤ, ਹਿਤ ਭਗਤ ਗੁਰੁ ਗੁਰੁ ਕਰਹਿ; ਤਰਿਓ ਪ੍ਰਹਲਾਦੁ, ਗੁਰ ਮਿਲਤ ਮੁਨਿ ਜੰਨ ਰੇ  ! ਤਰਹਿ ਨਾਰਦਾਦਿ, ਸਨਕਾਦਿ, ਹਰਿ ਗੁਰਮੁਖਹਿ ਤਰਹਿ ਇਕ ਨਾਮ ਲਗਿ; ਤਜਹੁ ਰਸ ਅੰਨ ਰੇ  ! ਦਾਸੁ ਬੇਨਤਿ ਕਹੈ, ਨਾਮੁ ਗੁਰਮੁਖਿ ਲਹੈ; ਗੁਰੂ ਗੁਰੁ, ਗੁਰੂ ਗੁਰੁ, ਗੁਰੂ ਜਪੁ ਮੰਨ ਰੇ  !੧੬੨੯’’ (ਸਵਈਏ ਮਹਲੇ ਚਉਥੇ ਕੇ/ਭਟ ਨਲ/੧੪੦੧)

ਇੱਥੇ ਅੰਕ॥੪॥੧੬॥੨੯॥ ਦੀ ਤਰਤੀਬ ਤੋਂ ਪਤਾ ਲੱਗਦਾ ਹੈ ਕਿ ਭੱਟ ਨਲੵ ਜੀ ਦੇ ਅਰੰਭ ’ਚ ਸਵਈਏ 4+ ਰੱਡ ਸਿਰਲੇਖ ਹੇਠ 8+ ਝੋਲਨਾ ਸਿਰਲੇਖ ਹੇਠ 4= ਕੁੱਲ 16 ਸਵਈਏ ਹਨ ਜਦ ਕਿ ਇਨ੍ਹਾਂ ਤੋਂ ਪਹਿਲਾਂ 13 ਸਵਈਏ ਭੱਟ ਕਲੵਸਹਾਰ ਜੀ ਦੇ ਭੀ ਸਨ, ਜਿਨ੍ਹਾਂ ਨੂੰ ਜੋੜ ਕੇ ਇੱਥੋਂ ਤੱਕ ਗੁਰੂ ਰਾਮਦਾਸ ਜੀ ਦੀ ਉਸਤਤਿ ’ਚ ਕੁੱਲ 29 ਸਵਈਏ ਹੋ ਗਏ।

LEAVE A REPLY

Please enter your comment!
Please enter your name here