ਭੱਟ ਜਾਲਪ ਜੀ ਦੇ ਜੋਤੀ-ਜੋਤ ਸਮਾਉਣ ਪੁਰਬ ’ਤੇ ਵਿਸ਼ੇਸ਼
ਕਿਰਪਾਲ ਸਿੰਘ ਬਠਿੰਡਾ 98554-80797
ਮਾਸਕ ਪੱਤ੍ਰ ‘ਆਲੋਚਨਾ’ ਦੇ ਅਗਸਤ 1961 ਦੇ ਪਰਚੇ ਵਿਚ ਗਿਆਨੀ ਗੁਰਦਿੱਤ ਸਿੰਘ ਜੀ ਦੇ ਛਪੇ ਲੇਖ ਦੇ ਹਵਾਲੇ ਨਾਲ; ਗੁਰੂ ਗ੍ਰੰਥ ਸਾਹਿਬ ਦਰਪਣ (ਪੋਥੀ 10, ਪੰਨਾ 366) ’ਤੇ ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ ਕਿ ਪੰਜਾਬ ਦੇ ਭੱਟ; ਜਾਤ ਦੇ ਸਾਰਸੁਤ ਬ੍ਰਾਹਮਣ ਸਨ। ਇਹ ਆਪਣੀ ਉਤਪੱਤੀ ਕੌਸ਼ਸ਼ ਰਿਸ਼ੀ ਤੋਂ ਦੱਸਦੇ ਹਨ। ਉੱਚੀਆਂ ਜਾਤੀਆਂ ਦੇ ਬ੍ਰਾਹਮਣ; ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਜਾਤ ਦੇ ਬ੍ਰਾਹਮਣ ਸਮਝਦੇ ਹਨ। ਭੱਟ ਸਰਸ੍ਵਤੀ ਨਦੀ ਦੇ ਕੰਢੇ ਉੱਤੇ ਵਸੇ ਹੋਏ ਸਨ। ਇਹ ਨਦੀ ਪਹਿਲਾਂ ਪਿਹੋਵਾ (ਜ਼ਿਲ੍ਹਾ ਕਰਨਾਲ) ਕੋਲੋਂ ਦੀ ਵਗਦੀ ਸੀ। ਜੇਹੜੇ ਭੱਟ ਨਦੀ ਦੇ ਉਰਲੇ ਪਾਸੇ ਵੱਸਦੇ ਸਨ, ਉਹ ‘ਸਾਰਸੁਤ’ ਅਤੇ ਜੇਹੜੇ ਪਾਰਲੇ ਪਾਸੇ ਵੱਸਦੇ ਸਨ, ਉਹ ‘ਗੌੜ’ ਅਖਵਾਣ ਲੱਗ ਪਏ।
ਸੁਲਤਾਨਪੁਰ ਭਾਦਸੋਂ ਪਰਗਣਾ ਲਾਡਵਾ (ਜ਼ਿਲ੍ਹਾ ਕਰਨਾਲ) ਅਤੇ ਤਲੌਂਢਾ ਪਰਗਣਾ ਜੀਂਦ ਵਿਚ ਸਰਸ੍ਵਤੀ ਨਦੀ ਦੇ ਕੰਢੇ ਦੇ ਪਿੰਡਾਂ ਵਿਚ ਕਿੰਨੇ ਹੀ ਭੱਟ ਰਹਿੰਦੇ ਹਨ। ਇਨ੍ਹਾਂ ਭੱਟਾਂ ਦੇ ਕੁਝ ਖ਼ਾਨਦਾਨ ਯੂ.ਪੀ., ਮੱਧ ਪ੍ਰਦੇਸ ਵਿਚ ਭੀ ਜਾ ਵਸੇ ਹਨ ਤੇ ਕੁਝ ਸਹਾਰਨਪੁਰ ਅਤੇ ਜਗਾਧਰੀ ਦੇ ਇਲਾਕੇ ਵਿਚ ਰਹਿੰਦੇ ਹਨ। ਇਨ੍ਹਾਂ ਸਭਨਾਂ ਭੱਟਾਂ ਦੇ ਪਾਸ ਵਹੀਆਂ ਹਨ, ਜਿਨ੍ਹਾਂ ਉੱਤੇ ਉਹ ਆਪਣੇ ਜਜਮਾਨਾਂ ਦੀ ਬੰਸਾਵਲੀ ਲਿਖਦੇ ਆ ਰਹੇ ਹਨ।
ਇਨ੍ਹਾਂ ਦੀ ਬੰਸਾਵਲੀ ਭੱਟ ਭਗੀਰਥ ਤੋਂ ਸ਼ੁਰੂ ਹੁੰਦੀ ਹੈ। ਭਗੀਰਥ ਤੋਂ ਨਾਵੀਂ ਪੀੜ੍ਹੀ ਵਿਚ ਭੱਟ ਰਈਆ ਜੀ ਹੋਇਆ, ਜਿਸ ਦੇ 6 ਪੁੱਤਰ ਸਨ: ‘ਭਿੱਖਾ, ਸੇਖਾ, ਤੋਖਾ, ਗੋਖਾ, ਗੋਪਾ ਅਤੇ ਟੋਡਾ’। ਇਨ੍ਹਾਂ ਛੇ ਭਰਾਵਾਂ ’ਚੋਂ ਭਿੱਖਾ ਜੀ ਅਤੇ ਟੋਡਾ ਜੀ; ਗੁਰੂ ਅਮਰਦਾਸ ਜੀ ਦੇ ਸਿੱਖ ਸਨ; ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੀ ਪਉੜੀ 21 ’ਚ ਇਸ ਤਰ੍ਹਾਂ ਕੀਤਾ ਹੈ : ‘‘ਭਿਖਾ ਟੋਡਾ ਭਟ ਦੁਇ; ਧਾਰੂ ਸੂਦ ਮਹਲੁ ਤਿਸੁ ਭਾਰਾ।’’ ਭੱਟ ਭਿੱਖਾ ਜੀ ਆਪਣੇ ਖਾਨਦਾਨ ਦੇ ਭੱਟਾਂ ਨੂੰ ਕਲਸਹਾਰ ਦੀ ਅਗਵਾਈ ’ਚ ਗੁਰੂ ਅਮਰਦਾਸ ਜੀ ਦੇ ਦਰਬਾਰ ’ਚ ਦਰਸ਼ਨਾਂ ਲਈ ਆਏ। ਇਨ੍ਹਾਂ ਭੱਟਾਂ ’ਚੋਂ 11 ਭੱਟਾਂ ਨੇ ਪਹਿਲੀਆਂ ਪੰਜ ਪਾਤਿਸ਼ਾਹੀਆਂ ਦੀ ਉਸਤਤ ’ਚ ਕੁੱਲ 123 ਸਵਈਏ ਉਚਾਰਨ ਕੀਤੇ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਰ ਰੋਜ ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸਮੇਂ ਇਨ੍ਹਾਂ ਸਵੱਈਆਂ ਦੇ ਉਚਾਰਨ ਰਾਹੀਂ ਭੱਟਾਂ ਦੀ ਹਾਜ਼ਰੀ ਲੱਗਦੀ ਹੈ।
ਇਤਿਹਾਸਕਾਰ ਬੇਅੰਤ ਸਿੰਘ ਦੀ ਪੁਸਤਕ ‘ਤਵਾਰੀਖ਼ ਗਿਆਰਾਂ ਭੱਟ ਸਾਹਿਬਾਨ’ ਅਨੁਸਾਰ ਭੱਟ ਭਿੱਖਾ ਜੀ ਦਾ ਜਨਮ; ਪਿਤਾ ਰਈਆ ਜੀ ਦੇ ਘਰ ਮਾਤਾ ਰਤੀਆ ਜੀ ਦੀ ਕੁੱਖੋਂ 6 ਫ਼ਰਵਰੀ 1544 ਜੂਲੀਅਨ ਮੁਤਾਬਿਕ (੧੧ ਫੱਗਣ ਸੰਮਤ ੧੬੦੦) ਨੂੰ ਹੋਇਆ। ਗੁਰੂ ਅਮਰਦਾਸ ਜੀ ਦੀ ਉਸਤਤਿ ’ਚ ਭੱਟ ਭਿੱਖਾ ਜੀ ਦੇ ਦੋ ਸਵਈਏ ਦਰਜ ਹਨ। ਭੱਟ ਭਿੱਖਾ ਜੀ ਦੇ ਤਿੰਨ ਪੁੱਤਰ ਭੱਟ ਕੀਰਤ ਜੀ, ਭੱਟ ਮਥਰਾ ਜੀ ਅਤੇ ਸਭ ਤੋਂ ਛੋਟੇ ਭੱਟ ਜਾਲਪ ਜੀ ਸਨ। ਇੰਨ੍ਹਾਂ ਤਿੰਨਾਂ ਭਰਾਵਾਂ ਵੱਲੋਂ ਗੁਰੂ ਉਪਮਾਂ ’ਚ ਉਚਾਰਨ ਕੀਤੇ ਸਵਈਏ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹਨ। ਭੱਟ ਜਾਲਪ ਜੀ ਦਾ ਜਨਮ; ਪਿਤਾ ਭੱਟ ਭਿੱਖਾ ਜੀ ਅਤੇ ਮਾਤਾ ਖਿਮਾ ਜੀ ਦੇ ਘਰ 30 ਚੇਤਰ ਬਿਕ੍ਰਮੀ ਸੰਮਤ 1629 ਨੂੰ ਹੋਇਆ। (ਭੱਟ ਵਹੀ ਪਰਗਣਾ ਥਨੇਸਰ ਖਾਤਾ ਮਾਣਕਾ ਪੰਨਾ 88)। ਜੂਲੀਅਨ ਕੈਲੰਡਰ ’ਚ ਤਬਦੀਲ ਕੀਤਿਆਂ ਬਣਦਾ ਹੈ ‘26 ਮਾਰਚ 1573 ਈਸਵੀ’।
ਨੋਟ: ਇਤਿਹਾਸਕਾਰ ਬੇਅੰਤ ਸਿੰਘ ਨੇ ਭੱਟ ਪਰਵਾਰ ਦਾ ਬੰਸਵਲੀ ਨਾਮਾ ਛਾਪਿਆ ਹੈ, ਉਸ ’ਚ ਉਨ੍ਹਾਂ ਨੇ ਭੱਟ ਜਾਲਪ ਜੀ ਦੇ ਜਨਮ ਦਿਨ ਦੀ ਗਲਤ ਤਾਰੀਖ਼ 30 ਅਪ੍ਰੈਲ 1572 ਲਿਖੀ ਹੈ। ਇਸ ਗਲਤੀ ਦਾ ਕਾਰਨ ਹੈ ਕਿ ਈਸਵੀ ਕੈਲੰਡਰ ਦਾ ਨਵਾਂ ਸਾਲ 1 ਜਨਵਰੀ ਅਤੇ ਬਿਕ੍ਰਮੀ ਕੈਲੰਡਰ ਦਾ ਨਵਾਂ ਸਾਲ 1 ਵੈਸਾਖ ਤੋਂ ਸ਼ੁਰੂ ਹੁੰਦਾ ਹੈ; ਇਸ ਲਈ ਜੇ ਸਮਾਂ ਹੋਵੇ 1 ਵੈਸਾਖ ਤੋਂ 31 ਦਸੰਬਰ ਤੱਕ ਦਾ; ਤਾਂ ਤਾਰੀਖ਼ਾਂ ਤਬਦੀਲ ਕਰਨ ਲਈ ਬਿਕ੍ਰਮੀ ਸੰਮਤ ’ਚੋਂ 57 ਸਾਲ ਘਟਾ ਕੇ ਉਸ ਸਮੇਂ ਦੇ ਈਸਵੀ ਸਾਲ ਦਾ ਪਤਾ ਲਗਾਇਆ ਜਾਂਦਾ ਹੈ, ਪਰ ਜੇ ਸਮਾਂ 1 ਜਨਵਰੀ ਤੋਂ 30/31 ਚੇਤ ਤੱਕ ਦਾ ਹੋਵੇ ਤਾਂ 56 ਦਿਨ ਘਟਾ ਕੇ ਈਸਵੀ ਸਾਲ ਦਾ ਪਤਾ ਲਾਇਆ ਜਾ ਸਕਦਾ ਹੈ। ਬੇਅੰਤ ਸਿੰਘ ਨੂੰ ਇਹ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੇ 57 ਘਟਾ ਕੇ 1572 ਲਿਖ ਦਿੱਤਾ, ਜਿਸ ਕਾਰਨ 1 ਸਾਲ ਦੀ ਗਲਤੀ ਹੋ ਗਈ। ਦੂਸਰੀ ਗਲਤੀ ਦਾ ਕਾਰਨ ਇਹ ਹੈ ਕਿ ਅੱਜ ਕੱਲ੍ਹ 30 ਚੇਤ, ਅਪ੍ਰੈਲ ਮਹੀਨੇ ਦੀ 12/13 ਅਪ੍ਰੈਲ ਨੂੰ ਆਉਂਦਾ ਹੈ, ਇਸ ਭੁਲੇਖੇ ਕਾਰਨ ਉਨ੍ਹਾਂ 30 ਚੇਤ ਨੂੰ 30 ਅਪ੍ਰੈਲ ਲਿਖ ਦਿੱਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ 1573 ਈਸਵੀ ’ਚ 30 ਚੇਤ 26 ਮਾਰਚ ਨੂੰ ਆਇਆ ਸੀ ਤਾਂ ਅੱਜ ਕੱਲ੍ਹ 12/13 ਅਪ੍ਰੈਲ ਨੂੰ ਕਿਉਂ ਆ ਰਿਹਾ ਹੈ ? ਇਸ ਸਵਾਲ ਦਾ ਸਹੀ ਜਵਾਬ ਇਹ ਹੈ ਕਿ ਉਸ ਸਮੇ ਤੋਂ ਅੱਜ ਤੱਕ ਪ੍ਰਚਲਿਤ ਸਾਰੇ ਕੈਲੰਡਰਾਂ ’ਚ ਸੋਧ ਹੋ ਚੁੱਕੀ ਹੈ। ਇੰਗਲੈਂਡ ’ਚ ਉਸ ਸਮੇਂ ਪ੍ਰਚਲਿਤ ਜੂਲੀਅਨ ਕੈਲੰਡਰ ’ਚ ਉਨ੍ਹਾਂ 1752 ਵਿੱਚ 11 ਦਿਨਾਂ ਦੀ ਸੋਧ ਕੀਤੀ। ਪੰਜਾਬ ਇੰਗਲੈਂਡ ਦੇ ਅਧੀਨ ਆਉਣ ਕਾਰਨ ਉਨ੍ਹਾਂ ਨੇ ਇੱਥੇ ਭੀ 1752 ਦੀ ਪਿਛਲੀ ਤਰੀਖ਼ ਤੋਂ 11 ਦਿਨ ਦੀ ਸੋਧ ਲਾਗੂ ਕਰ ਦਿੱਤੀ। ਪੰਜਾਬ ’ਚ ਪ੍ਰਚਲਿਤ ਬਿਕ੍ਰਮੀ ਕੈਲੰਡਰ (ਸੂਰਯ ਸਿਧਾਂਤ) ਦੀ ਥਾਂ ਹਿੰਦੂਆਂ ਨੇ 1964 ’ਚ ਦ੍ਰਿਕ ਗਣਿਤ ਸਿਧਾਂਤ ਲਾਗੂ ਕਰ ਸੋਧ ਲਿਆ, ਜਿਸ ਦੇ ਸਾਲ ਦੀ ਲੰਬਾਈ ਸੂਰਯ ਸਿਧਾਂਤ ਨਾਲੋਂ ਸਾਢੇ ਤਿੰਨ ਕੁ ਮਿੰਟ ਘੱਟ ਹੈ। ਕੈਲੰਡਰ ’ਚ ਹੋਈਆਂ ਇਨ੍ਹਾਂ ਸੋਧਾਂ ਕਾਰਨ ਇਨ੍ਹਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਮੁਕਾਬਲਤਨ ਤੌਰ ’ਤੇ ਸਾਲ ਬ-ਸਾਲ ਬਦਲਦੀਆਂ ਆ ਰਹੀਆਂ ਹਨ। ਇਸ ਲਈ 1573 ਈ: ’ਚ ਜਿਹੜੀ 30 ਚੇਤ 26 ਮਾਰਚ ਨੂੰ ਆਈ ਸੀ, ਉਹ ਅੱਜ ਕੱਲ੍ਹ 12 ਅਪ੍ਰੈਲ ਨੂੰ ਆ ਰਹੀ ਹੈ; ਪਰ ਬੇਅੰਤ ਸਿੰਘ ਵੱਲੋਂ 30 ਚੇਤ ਨੂੰ 30 ਅਪ੍ਰੈਲ ਲਿਖ ਦਿੱਤੇ ਜਾਣ ਨਾਲ 35 ਦਿਨਾਂ ਦੀ ਗਲਤੀ ਹੋ ਗਈ। ਇਸ ਤਰ੍ਹਾਂ ਦੀਆਂ ਗਲਤੀਆਂ ਕੇਵਲ ਇਤਿਹਾਸਕਾਰ ਬੇਅੰਤ ਸਿੰਘ ਤੋਂ ਨਹੀਂ ਹੋਈਆਂ ਬਲਕਿ ਕੈਲੰਡਰੀਕਲ ਕੈਲਕੂਲੇਸ਼ਨਾਂ ਤੋਂ ਅਣਜਾਣ ਹੋਰ ਕਈ ਇਤਿਹਾਸਕਾਰਾਂ ਤੋਂ ਭੀ ਹੋਈਆਂ ਹਨ। ਬਹੁਤੇ ਇਤਿਹਾਸਕਾਰਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕੀਤੇ ਜਾਣ ਦਾ ਇਹੋ ਕਾਰਨ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਗਲਤੀਆਂ ਉਜਾਗਰ ਹੋ ਰਹੀਆਂ ਹਨ। ਕੋਈ ਭੀ ਬੰਦਾ ਖਾਸ ਕਰ ਉੱਚ ਸਿੱਖਿਆ ਪ੍ਰਾਪਤ ਇਤਿਹਾਸਕਾਰ ਆਪਣੀ ਗਲਤੀ ਮੰਨਣ ਦਾ ਹੌਸਲਾ ਨਹੀਂ ਕਰ ਸਕਦਾ। ਨਾਨਕਸ਼ਾਹੀ ਕੈਲੰਡਰ ’ਚ 30 ਚੇਤ ਹਮੇਸ਼ਾਂ 12 ਅਪ੍ਰੈਲ ਆਵੇਗਾ। ਹੁਣ ਜਿਨ੍ਹਾਂ ਇਤਿਹਾਸਕਾਰਾਂ ਨੇ 30 ਚੇਤ ਨੂੰ 30 ਅਪ੍ਰੈਲ ਲਿਖਿਆ ਹੈ, ਉਹ ਤਾਂ ਗਲਤ ਹੈ ਹੀ; ਜਿਨ੍ਹਾਂ ਨੇ ਸਹੀ ਤਬਦੀਲੀ ਕਰ ਕੇ 26 ਮਾਰਚ ਲਿਖਿਆ ਹੈ, ਉਹ ਭੀ ਆਪਣੇ ਵੱਲੋਂ ਲਿਖੀ ਤਾਰੀਖ਼ 26 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਦੀ 12 ਅਪ੍ਰੈਲ ਨਾਲ ਮੇਲ ਕੇ ਵੇਖਦੇ ਹਨ ਕਿ 26 ਮਾਰਚ ਦੀ ਥਾਂ 12 ਅਪ੍ਰੈਲ (ਉਨ੍ਹਾਂ ਦੇ ਹਿਸਾਬ ਫਰਜੀ ਤਾਰੀਖ਼) ਲਿਖੇ ਜਾਣ ਨਾਲ 17 ਦਿਨਾਂ ਦੀ ਗਲਤੀ ਹੋ ਗਈ। ਇਹ ਇਤਹਿਾਸਕਾਰ, ਜੇ ਥੋੜੀ ਸਿਆਣਪ ਤੋਂ ਕੰਮ ਲੈਣ ਤੇ ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਈਸਵੀ ਕੈਲੰਡਰ ਤਾਂ ਸਾਡਾ ਕੈਲੰਡਰ ਨਹੀਂ ਅਤੇ ਨਾ ਹੀ ਉਸ ਸਮੇਂ ਇਹ ਭਾਰਤ ਦੇ ਕਿਸੇ ਭੀ ਹਿੱਸੇ ’ਚ ਲਾਗੂ ਸੀ। ਇਹ ਤਾਂ 1849 ’ਚ ਅੰਗਰੇਜ਼ਾਂ ਵੱਲੋਂ ਪੰਜਾਬ ’ਤੇ ਕਬਜ਼ਾ ਕਰਨ ਪਿੱਛੋਂ ਉਨ੍ਹਾਂ ਆਪਣਾ ਈਸਵੀ ਕੈਲੰਡਰ ਲਾਗੂ ਕਰ ਦਿੱਤਾ ਤਾਂ ਇਸ ਕੈਲੰਡਰ ’ਚ ਤਾਰੀਖ਼ਾਂ ਤਬਦੀਲ ਕਰਕੇ ਲਿਖਣ ਦਾ ਰਿਵਾਜ ਪੈ ਗਿਆ, ਜਿਨ੍ਹਾਂ ਤੋਂ ਅਣਜਾਣਤਾ ਕਾਰਨ ਗਲਤੀਆਂ ਹੋਣ ਦੀ ਸੰਭਾਵਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਗੁਰੂ ਕਾਲ ਸਮੇਂ ਪੰਜਾਬ ’ਚ ਬਿਕ੍ਰਮੀ ਕੈਲੰਡਰ ਲਾਗੂ ਸੀ ਅਤੇ ਅੱਜ ਭੀ ਸ੍ਰੋਮਣੀ ਕਮੇਟੀ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਆਪਣਾ ਕੈਲੰਡਰ ਛਾਪਦੀ ਹੈ। ਜਿਸ ਤਰ੍ਹਾਂ ਪ੍ਰੋਟੈਸਟੈਂਟ ਚਰਚ ਦੇ ਪੋਪ ਯੀ ਨੇ 1582 ’ਚ 10 ਦਿਨਾਂ ਦੀ ਸੋਧ ਕਰਕੇ ਆਪਣਾ ਕੈਲੰਡਰ ਰੁੱਤਾਂ ਨਾਲ ਮਿਲਾ ਲਿਆ; ਇੰਗਲੈਂਡ ਨੇ ਇਸ ਸੋਧ ਨੂੰ ਆਪਣੇ ਅਧੀਨ ਰਾਜਾਂ ’ਚ 11 ਦਿਨਾਂ ਦੀ ਸੋਧ ਨਾਲ 1752 ’ਚ ਲਾਗੂ ਕਰ ਲਿਆ; ਬਿਲਕੁਲ ਇਸੇ ਤਰ੍ਹਾਂ ਸਵ: ਪਾਲ ਸਿੰਘ ਪੁਰੇਵਾਲ ਦੀ ਸ਼ਮੂਲੀਅਤ ਵਾਲੀ ਕੈਲੰਡਰ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਸ੍ਰੋਮਣੀ ਕਮੇਟੀ ਨੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਗਲਤ ਲੰਬਾਈ ਦੀ ਥਾਂ ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਦੁਨੀਆਂ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੇ ਬਰਾਬਰ ਕਰਕੇ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ। ਇਸ ਨਾਲ ਜੋ ਫਰਕ 1999 ਤੱਕ ਪੈ ਗਿਆ, ਸੋ ਪੈ ਗਿਆ; ਭਵਿੱਖ ’ਚ ਹਮੇਸ਼ਾਂ ਲਈ 30 ਚੇਤ 12 ਅਪ੍ਰੈਲ ਨੂੰ ਹੀ ਆਵੇਗੀ। ਵਿਰੋਧ ਕਰਨ ਵਾਲੇ ਇਹ ਵੀ ਸਮਝਣ ਨੂੰ ਤਿਆਰ ਨਹੀਂ ਕਿ ਬਿਕ੍ਰਮੀ ਕੈਲੰਡਰ, ਜਿਸ ਨੂੰ ਉਹ ਗੁਰੂ ਸਾਹਿਬਾਨ ਵੱਲੋਂ ਵਰਤਿਆ ’ਤੇ ਸਥਾਪਿਤ ਕੀਤਾ ਕੈਲੰਡਰ ਮੰਨਦੇ ਹਨ, ਉਸ ਦੀ 30 ਚੇਤ ਹੀ ਨਾਨਕਸ਼ਾਹੀ ਕੈਲੰਡਰ ’ਚ ਰੱਖੀ ਗਈ ਹੈ। ਉਹ ਇਹ ਸਮਝਣ ਤੋਂ ਭੀ ਅਸਮਰਥ ਹਨ ਜਾਂ ਸਮਝਣਾ ਨਹੀਂ ਚਾਹੁੰਦੇ ਕਿ ਜੇ ਬਿਕ੍ਰਮੀ ਕੈਲੰਡਰ ਦੀ 30 ਚੇਤ ਅੱਜ ਕੱਲ੍ਹ 12 ਅਪ੍ਰੈਲ ਨੂੰ ਹੀ ਆ ਰਹੀ ਹੈ ਤਾਂ ਫਿਰ ਨਾਨਕਸ਼ਾਹੀ ਕੈਲੰਡਰ ਦੀ 30 ਚੇਤ 12 ਅਪ੍ਰੈਲ ਆਉਣ ’ਤੇ ਉਨ੍ਹਾਂ ਨੂੰ ਇਤਰਾਜ਼ ਕਿਉਂ ? ਸਿਰਫ ਇਸੇ ਕਾਰਨ ਕਿ ਨਾਨਕਸ਼ਾਹੀ ਕੈਲੰਡਰ ਦੀ 30 ਚੇਤ ਹਮੇਸ਼ਾਂ 12 ਅਪ੍ਰੈਲ ਨੂੰ ਹੀ ਆਵੇਗੀ ? ਕੀ ਇਸ ਕਾਰਨ ਕਿ ਡੇਰੇਦਾਰਾਂ ਦਾ ਆਪਣਾ ਮਨ ਸਥਿਰ ਨਾ ਰਹਿਣ ਕਾਰਨ ਉਨ੍ਹਾਂ ਨੂੰ ਸਥਿਰ ਤਾਰੀਖ਼ਾਂ ਵਾਲਾ ਕੈਲੰਡਰ ਭੀ ਨਹੀਂ ਭਾਉਂਦਾ, ਖ਼ੈਰ।
ਭੱਟ ਜਾਲਪ ਜੀ ਦਾ ਵਿਆਹ ਬੀਬੀ ਇੱਛਾ ਜੀ ਨਾਲ ਹੋਇਆ ਅਤੇ ਇਸ ਦੰਪਤੀ ਦੇ ਘਰ ਤਿੰਨ ਪੁੱਤਰ ਭੱਟ ਧ੍ਰੰਮ ਜੀ, ਭੱਟ ਤੇਜੋ ਜੀ, ਭੱਟ ਦਲੁ ਜੀ ਅਤੇ ਇੱਕ ਪੁੱਤਰੀ ਬੀਬੀ ਮੇਵਾ ਜੀ ਨੇ ਜਨਮ ਲਿਆ।
ਭੱਟ ਜਾਲਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਰਾਇ ਸਾਹਿਬ ਜੀ ਤੱਕ 5 ਗੁਰੂ ਸਾਹਿਬਾਨ ਦੇ ਦਰਬਾਰ ’ਚ ਹਾਜ਼ਰੀ ਭਰ ਕੇ ਆਪਣੇ ਸਫਲ ਜੀਵਨ ਦਾ ਅਨੰਦ ਮਾਨਣ ਅਤੇ ਤਕਰੀਬਨ 72 ਸਾਲ ਦੀ ਉਮਰ ਭੋਗ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਥੋੜ੍ਹਾ ਸਮਾਂ ਬਾਅਦ ਅਕਾਲ ਚਲਾਣਾ ਕਰ ਗਏ। ਗੰਜਨਾਮਾ ਭੱਟ (ਪੰਨਾ 176) ਅਨੁਸਾਰ ‘ਛਟਮ ਮਹਲ ਕੇ ਪਿਆਰ ਮੇਂ, ਗੁਰ ਚਰਨਣ ਮੇ ਗਏ; ਤਬ ਤੇਰਾ ਭਾਦਰੋਂ ਥਾ ਔਰੈ ਸੰਮਤ ਸਤਰਾ ਸੈ ਇਕ ਸੁਧਾਸਰ ਕੀ ਪਿਰਥਵੀ ਮੇ ਗੁਰਪੁਰੀ ਗਏ। ਧ੍ਰੰਮ ਭੱਟ, ਤੇਜੋ ਭੱਟ ਨੇ ਖੂਬ ਦਾਨ ਪੁੰਨ ਕੀਆ ਔਰ ਗੁਰੂ ਕੀ ਕੜਾਹੀ ਦੀਆ ਸਭ ਕੋ॥3॥’ 13 ਭਾਦੋਂ ਸੰਮਤ 1371 ਬਿਕ੍ਰਮੀ ਨੂੰ ਜੂਲੀਅਨ ਕੈਲੰਡਰ ’ਚ ਤਬਦੀਲ ਕੀਤਿਆਂ ਬਣਦਾ ਹੈ ‘12 ਅਗਸਤ 1644 ਈ:’। ਚੇਤੇ ਰਹੇ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ 6 ਚੇਤ ਸੰਮਤ 1701/30 ਮਾਰਚ 1644 ਨੂੰ ਜੋਤੀ ਜੋਤ ਸਮਾਏ ਸਨ। ਇਸ ਹਿਸਾਬ ਨਾਲ਼ ਭੱਟ ਜਾਲਪ ਜੀ 4 ਮਹੀਨੇ 13 ਦਿਨ ਬਾਅਦ ਹੀ ਜੋਤੀ ਜੋਤ ਸਮਾਅ ਗਏ ਸਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1394 ’ਤੇ ਭੱਟ ਜਾਲਪ ਜੀ ਦੇ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ’ਚ 5 ਸਵਈਏ ਦਰਜ ਹਨ। ਸੰਖੇਪ ਮਾਤਰ ਕੇਵਲ ਦੋ, (ਪਹਿਲਾ ਅਤੇ ਅਖੀਰਲਾ ਸਵਈਆ) ਇੱਥੇ ਅਰਥਾਂ ਸਮੇਤ ਵਿਚਾਰਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਗੁਰੂ ਅਮਰਦਾਸ ਜੀ ਪ੍ਰਤੀ ਸ਼ਰਧਾ ਅਤੇ ਸਨਮਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ :
ਚਰਣ ਤ ਪਰ ਸਕਯਥ; ਚਰਣ ਗੁਰ ਅਮਰ ਪਵਲਿ ਰਯ ॥
ਹਥ ਤ ਪਰ ਸਕਯਥ; ਹਥ ਲਗਹਿ ਗੁਰ ਅਮਰ ਪਯ ॥
ਪਦ ਅਰਥ : ਤ = ਤਾਂ। ਪਰ = ਭਲੀ ਪ੍ਰਕਾਰ, ਚੰਗੀ ਤਰ੍ਹਾਂ। ਸਕਯਥ = ਸਕਾਰਥੇ, ਸਫਲ। ਚਰਣ = (ਜੋ) ਚਰਨ। ਗੁਰ ਅਮਰ ਪਵਲਿ = ਗੁਰ ਅਮਰ (ਦਾਸ ਜੀ) ਦੇ ਰਾਹ ’ਤੇ ਭਾਵ ਸਿੱਖਿਆ ’ਤੇ। ਰਯ = ਰਾਹ। ਚਰਣ ਰਯ = ਜਿਨ੍ਹਾਂ ਚਰਣਾਂ ਦੀ ਚਾਲ ਹੈ (ਭਾਵ, ਜੋ ਚਰਣ ਚੱਲਦੇ ਹਨ)। ਪਯ = ਪੈਰ, ਚਰਨ।
ਅਰਥ : ਉਹੀ ਚਰਨ ਅਸਲ ’ਚ ਸਫਲ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ (ਭਾਵ ਸਿੱਖਿਆ) ’ਤੇ ਤੁਰਦੇ ਹਨ। ਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ’ਤੇ ਲੱਗਦੇ ਹਨ।
ਜੀਹ ਤ ਪਰ ਸਕਯਥ; ਜੀਹ, ਗੁਰ ਅਮਰੁ ਭਣਿਜੈ ॥
ਨੈਣ ਤ ਪਰ ਸਕਯਥ; ਨਯਣਿ, ਗੁਰੁ ਅਮਰੁ ਪਿਖਿਜੈ ॥
ਪਦ ਅਰਥ : ਜੀਹ = ਜੀਭ। ਗੁਰ ਅਮਰੁ = ਗੁਰੂ ਅਮਰਦਾਸ ਜੀ । ਭਣਿਜੈ = ਉਚਾਰਦੀ ਹੈ, ਸਲਾਹੁੰਦੀ ਹੈ।
ਅਰਥ : ਉਹੀ ਜੀਭ ਸਕਾਰਥੀ ਹੈ, ਜਿਸ ਜੀਭ ਨਾਲ ਗੁਰੂ ਅਮਰਦਾਸ ਜੀ ਨੂੰ ਸਲਾਹਿਆ ਜਾਵੇ। ਉਹੀ ਅੱਖਾਂ ਸਫਲ ਹਨ, ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖਿਆ ਜਾਵੇ।
ਸ੍ਰਵਣ ਤ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ॥
ਪਦ ਅਰਥ : ਸ੍ਰਵਣ = ਕੰਨ। ਸ੍ਰਵਣਿ = ਸ੍ਰਵਣੀਂ, ਕੰਨੀਂ, ਕੰਨਾਂ ਨਾਲ। ਗੁਰੁ ਅਮਰੁ = ਗੁਰੂ ਅਮਰਦਾਸ ਜੀ ਨੂੰ (ਭਾਵ ਗੁਰੂ ਅਮਰਦਾਸ ਜੀ ਦੀ ਸੋਭਾ ਨੂੰ)। ਸੁਣਿਜੈ = ਸੁਣੀਏ।
ਅਰਥ : ਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ।
ਸਕਯਥੁ ਸੁ ਹੀਉ, ਜਿਤੁ ਹੀਅ ਬਸੈ; ਗੁਰ ਅਮਰਦਾਸੁ ਨਿਜ ਜਗਤ ਪਿਤ ॥
ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥ (ਭਟ ਜਾਲਪ/੧੩੯੪)
ਪਦ ਅਰਥ : ਹੀਉ = ਹਿਰਦਾ। ਜਿਤੁ ਹੀਅ = ਜਿਸ ਹਿਰਦੇ ਵਿਚ। ਨਿਜ = ਆਪਣਾ। ਜਗਤ ਪਿਤ = ਜਗਤ ਦਾ ਪਿਤਾ।
ਅਰਥ : ਉਹੀ ਹਿਰਦਾ ਸਫਲਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ। ਜਾਲਪ ਕਵੀ ਆਖਦਾ ਹੈ ਕਿ ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ॥੧॥੧੦॥
ਗੁਰੁ ਅਮਰਦਾਸੁ ਪਰਸੀਐ; ਪੁਹਮਿ ਪਾਤਿਕ ਬਿਨਾਸਹਿ ॥
ਗੁਰੁ ਅਮਰਦਾਸੁ ਪਰਸੀਐ; ਸਿਧ ਸਾਧਿਕ ਆਸਾਸਹਿ ॥
ਪਦ ਅਰਥ : ਪੁਹਮਿ = ਪੁਹਵੀ, ਪੁਢਵੀ, ਪ੍ਰਿਥਵੀ। ਪੁਹਮਿ ਪਾਤਿਕ = ਧਰਤੀ ਦੇ ਪਾਪ। ਬਿਨਾਸਹਿ = ਨਾਸ ਹੋ ਜਾਂਦੇ ਹਨ।
ਅਰਥ : (ਹੇ ਭਾਈ! ਆਓ) ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨਾਲ) ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ। ਗੁਰੂ ਅਮਰਦਾਸ ਜੀ ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨੂੰ) ਸਿੱਧ ਤੇ ਸਾਧਿਕ ਲੋਚਦੇ ਹਨ।
ਗੁਰੁ ਅਮਰਦਾਸੁ ਪਰਸੀਐ; ਧਿਆਨੁ ਲਹੀਐ, ਪਉ ਮੁਕਿਹਿ ॥
ਗੁਰੁ ਅਮਰਦਾਸੁ ਪਰਸੀਐ; ਅਭਉ ਲਭੈ, ਗਉ ਚੁਕਿਹਿ ॥
ਪਦ ਅਰਥ : ਪਉ = ਪੰਧ, ਸਫਰ (ਭਾਵ, ਜਨਮ ਮਰਨ)। (‘ਪਉ ਪੰਧ ਮੋਕਲੇ ਹੋਣੇ’, ਇਹ ਪੰਜਾਬੀ ਵਿਚ ਇਕ ਮੁਹਾਵਰਾ ਹੈ)।
ਅਰਥ : ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਛੁਹੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ (ਭਾਵ ਪਰਮਾਤਮਾ ਵਿਚ ਬ੍ਰਿਤੀ ਜੁੜਦੀ ਹੈ) ਤੇ (ਜਨਮ ਮਰਨ ਦੇ) ਸਫਰ ਮੁੱਕ ਜਾਂਦੇ ਹਨ। ਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।
ਇਕੁ ਬਿੰਨਿ, ਦੁਗਣ ਜੁ ਤਉ ਰਹੈ; ਜਾ ਸੁਮੰਤ੍ਰਿ ਮਾਨਵਹਿ ਲਹਿ ॥
ਜਾਲਪਾ! ਪਦਾਰਥ ਇਤੜੇ; ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥ (ਭਟ ਜਾਲਪ/੧੩੯੫)
ਪਦ ਅਰਥ : ਇਕੁ = ਇਕ ਅਕਾਲ ਪੁਰਖ ਨੂੰ। ਬਿੰਨਿ = ਬੀਨ ਕੇ, ਛਾਣ ਬੀਣ ਕਰਕੇ, ਪਛਾਣ ਕੇ। ਦੁਗਣ = ਦੂਜਾ ਭਾਉ, ਦੁਚਿੱਤਾਪਨ, ਇਹ ਗਣਤ ਕਿ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਭੀ ਹੈ। ਜੁ = ਜੋ, ਜਿਹੜੀ (ਦੁਗਣ ਹੈ)। ਤਉ = ਤਦੋਂ। ਰਹੈ = ਦੂਰ ਹੁੰਦੀ ਹੈ। ਜਾ = ਜਦੋਂ। ਸੁਮੰਤ੍ਰਿ = (ਸਤਿਗੁਰੂ ਦੇ) ਸ੍ਰੇਸ਼ਟ ਮੰਤ੍ਰ ਦੁਆਰਾ।
ਅਰਥ : ਜੋ ਦੂਜਾ ਪਿਆਰ ਹੈ, ਉਹ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਮਨੁੱਖ ਗੁਰੂ ਦੇ ਸ੍ਰੇਸ਼ਟ ਉਪਦੇਸ਼ ਦੀ ਰਾਹੀਂ ਇਕ ਪਰਮਾਤਮਾ ਨੂੰ ਪਛਾਣ ਕੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ। ਹੇ ਜਾਲਪ! ਇਹ ਸਾਰੇ ਪਦਾਰਥ (ਜੋ ਉੱਪਰ ਦੱਸੇ ਹਨ) ਸਤਿਗੁਰੂ ਅਮਰਦਾਸ ਜੀ ਨੂੰ ਵੇਖਣ ਨਾਲ਼ ਮਿਲ ਜਾਂਦੇ ਹਨ ॥੫॥੧੪॥










