ਡੇਰਿਆਂ ’ਤੇ ਡੇਰੇ; ਲੋਕ ਮੁੱਦਿਆਂ ਤੋਂ ਮੂੰਹ ਫੇਰੇ

0
1

ਡੇਰਿਆਂ ’ਤੇ ਡੇਰੇ; ਲੋਕ ਮੁੱਦਿਆਂ ਤੋਂ ਮੂੰਹ ਫੇਰੇ

ਕਿਰਪਾਲ ਸਿੰਘ ਬਠਿੰਡਾ

ਚੋਣਾਂ ’ਚ ਲਾਹਾ ਲੈਣ ਲਈ ਰਾਜਨੀਤਿਕ ਪਾਰਟੀਆਂ ਦੇ ਵੱਡੇ-2 ਆਗੂ ਸੂਬੇ ਅਤੇ ਲੋਕਾਂ ਦੇ ਮੁੱਦਿਆਂ ਨੂੰ ਪਿੱਠ ਦੇ ਕੇ ਜਿਸ ਤਰ੍ਹਾਂ ਜਾਤ ਅਤੇ ਧਾਰਮਿਕ ਚਿਨ੍ਹਾਂ ਨੂੰ ਬੇਮਤਲਬ ਉਭਾਰ ਕੇ ਜਜ਼ਬਾਤ ਭੜਕਾਅ ਰਹੇ ਹਨ; ਇਹ ਦੇਸ਼, ਸਮਾਜ ਅਤੇ ਲੋਕਾਂ ਦੀ ਭਾਈਚਾਰਕ ਸਾਂਝ ਲਈ ਬੇਹੱਦ ਖ਼ਤਰਨਾਕ ਹੈ। ਧਰਮ, ਜਾਤ ਅਤੇ ਕਿੱਤਾਮੁਖੀ ਵੰਡੀਆਂ ਪਾਉਣ ਅਤੇ ਵੱਡੇ ਡੇਰਿਆਂ ਨੂੰ ਵੋਟ ਬੈਂਕ ਦੇ ਤੌਰ ’ਤੇ ਵਰਤਣ ਦਾ ਰੁਝਾਨ ਤਾਂ ਭਾਵੇਂ ਪਹਿਲਾਂ ਭੀ ਸੀ, ਪਰ ਜਿਸ ਨੀਵੇਂ ਪੱਧਰ ’ਤੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਲਿਜਾ ਰਹੇ ਹਨ, ਇਹ ਨਿੰਦਣਯੋਗ ਹੈ; ਜਿਸ ਦੀਆਂ ਕੁਝ ਉਦਾਹਰਣਾਂ ਇੱਥੇ ਦਿੱਤੀਆਂ ਜਾ ਰਹੀਆਂ ਹਨ :

ਰਵਨੀਤ ਬਿੱਟੂ ਨੂੰ ਰਾਹੁਲ ਗਾਂਧੀ ਵੱਲੋਂ ਗਦਾਰ ਦੋਸਤ ਕਹੇ ਜਾਣ ਨੂੰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਰਾਜ ਸਭਾ ’ਚ ਕਾਂਗਰਸ ਦੀ ਸਿੱਖਾਂ ਪ੍ਰਤੀ ਨਫ਼ਰਤ ਦਰਸਾਅ ਕੇ ਮੁੱਦਾ ਬਣਾਇਆ ਅਤੇ ਪੰਜਾਬ ਦੇ ਭਾਜਪਾਈਆਂ ਨੇ ਥਾਂ ਥਾਂ ਰਾਹੁਲ ਗਾਂਧੀ ਦੇ ਪੁਤਲੇ ਸਾੜ ਕੇ ਸਿੱਖਾਂ ਪ੍ਰਤੀ ਝੂਠਾ ਹੇਜ ਪ੍ਰਗਟਾਉਣ ਦਾ ਡਰਾਮਾ ਕੀਤਾ; ਇਸ ਤੋਂ ਸਿੱਖਾਂ ਨੂੰ ਗੁੰਮਰਾਹ ਨਹੀਂ ਬਲਕਿ ਸੁਚੇਤ ਹੋਣਾ ਚਾਹੀਦਾ ਹੈ। ਸੰਨ 1984 ’ਚ ਜਿਸ ਸਮੇਂ ਇੰਦਰਾ ਗਾਂਧੀ ਦੀ ਕੇਂਦਰ ਸਰਕਾਰ ਨੇ ਸਿੱਖਾਂ ਦੇ ਮੁਕੱਦਸ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ; ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈ ਸੰਗਤ ’ਚ ਬੇਕਸੂਰ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੇ ਕਤਲ ਕੀਤੇ; ਉਸ ਸਮੇਂ ਤਾਂ ਕਿਸੇ ਭਾਜਪਾਈ ਨੇ ਸਿੱਖਾਂ ਪ੍ਰਤੀ ਐਸਾ ਹੇਜ ਨਹੀਂ ਵਿਖਾਇਆ। ਸਗੋਂ ਇਸ ਦੇ ਉਲਟ ਇਨ੍ਹਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਸ਼ਹਰ ’ਚ ਜੇਤੂ ਜਲੂਸ ਕੱਢ ਕੇ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਿਆ। ਅਸਲ ਵਿੱਚ 1984 ਵਾਲਾ ਮਾਹੌਲ ਸਿਰਜਣ ਦਾ ਰੋਲ ਹੀ ਉਸ ਵੇਲੇ ਦੇ ਜਨਸੰਘੀਆਂ ਨੇ ਅਦਾ ਕੀਤਾ ਸੀ। ਜਿਵੇਂ ਕਿ ਪੰਜਾਬੀ ਭਾਸ਼ਾ ਅਤੇ ਪੰਜਾਬ ਦੀ ਹਰ ਆਰਥਿਕ ਮੰਗ ਵਿਰੁੱਧ ਜਨਸੰਘ ਆਗੂ ਯੱਗਯ ਦੱਤ ਸ਼ਰਮਾ ਮਰਨ ਵਰਤ ਰੱਖ ਕੇ ਭਾਈਚਾਰਕ ਸਾਂਝ ਨੂੰ ਸੱਟ ਮਾਰਦਾ ਰਿਹਾ। ਹਿੰਦੂ ਧਾਰਮਿਕ ਸਥਾਨਾਂ ਦੀ ਤਰਜ ’ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਰ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ’ਚ ਭਾਜਪਾ ਆਗੂ ਹਰਬੰਸ ਲਾਲ ਖੰਨਾ ਦੀ ਅਗਵਾਈ ਹੇਠ ਡਾਂਗਾਂ ’ਤੇ ਸਿਗਰਟਾਂ/ਬੀੜੀਆਂ ਦੇ ਬੰਡਲ ਬੰਨ੍ਹ ਕੇ ਜਲੂਸ ਕੱਢਿਆ ਗਿਆ। ਜਲੂਸ ’ਚ ਨਾਹਰੇ ਲਗਾਏ ‘ਸਿਗਰਟ ਬੀੜੀ ਪੀਏਂਗੇ, ਸ਼ਾਨ ’ਚ ਜੀਏਂਗੇ’, ‘ਕੱਛ ਕੜਾ ਕ੍ਰਿਪਾਨ, ਭੇਜ ਦਿਉ ਪਾਕਸਤਾਨ’। ਇੱਥੇ ਹੀ ਬੱਸ ਨਹੀਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਗੁਰੂ ਰਾਮਦਾਸ ਜੀ ਦੀ ਲੱਗੀ ਵੱਡ ਆਕਾਰੀ ਫੋਟੋ ਉਤਾਰ ਕੇ ਪੈਰਾਂ ਹੇਠ ਲਤਾੜੀ ਗਈ ਅਤੇ ਫੋਟੋ ਦੇ ਮੂੰਹ ਵਾਲੇ ਸਥਾਨ ’ਤੇ ਸੁਰਾਖ ਕਰ ਸਿਗਰਟ ਪਾ ਕੇ ਜਲਾਈ। ਐਸੇ ਘਟੀਆ ਕਿਰਦਾਰ ਵਾਲੇ ਹਰਬੰਸ ਲਾਲ ਖੰਨਾ ਨੂੰ ਸ਼ਹੀਦ ਮੰਨਣਾ ਅਤੇ ਉਸ ਦਾ ਬੁੱਤ ਲਾ ਕੇ ਯਾਦਗਾਰ ਬਣਾਉਣਾ ਸਿੱਖਾਂ ਨੂੰ ਚਿੜਾਉਣਾ ਅਤੇ ਸਿੱਖਾਂ ਨਾਲ ਗਦਾਰੀ ਕਰਨਾ ਹੈ; ਸਿੱਖਾਂ ਵਿਰੁੱਧ ਨਫਰਤ ਹੈ। ਕਿਸੇ ਭਾਜਪਾਈ ਦੀ ਹਿੰਮਤ ਨਹੀਂ ਕਿ ਖੰਨਾ ਦੇ ਬੁੱਤ ’ਤੇ ਫੁੱਲਮਾਲਾ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕਰਨ ਵਾਲੇ ਬਹਿਰੂਪੀਏ ਬਿੱਟੂ ਨੂੰ ਗਦਾਰ ਕਹਿਣ। ਬਿਨਾਂ ਸ਼ੱਕ 1984 ਦੀਆਂ ਘਟਨਾਵਾਂ ਲਈ ਕਾਂਗਰਸ ਪਾਰਟੀ ਅਤੇ ਵਿਸ਼ੇਸ਼ ਤੌਰ ’ਤੇ ਇਸ ਦੀ ਆਗੂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਕਸੂਰਵਾਰ ਹਨ, ਪਰ ਇਸ ਲਈ ਘੱਟ ਦੋਸ਼ੀ ਉਸ ਸਮੇਂ ਦੀ ਭਾਜਪਾ ਭੀ ਨਹੀਂ। ਉਸ ਸਮੇਂ ਦੇ ਭਾਜਪਾ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਨੇ ਤਾਂ ਆਪਣੀ ਸਵੈ ਜੀਵਨੀ ਪੁਸਤਕ ‘ਮਾਈ ਕੰਟਰੀ, ਮਾਈ ਲਾਈਫ਼’ ’ਚ ਖ਼ੁਦ ਮੰਨਿਆ ਕਿ ਇੰਦਰਾ ਗਾਂਧੀ ਸਖਤ ਕਾਰਵਾਈ ਕਰਨ ਤੋਂ ਹਿਚਕਿਚਾਹਟ ਰਹੀ ਸੀ, ਪਰ ਉਨ੍ਹਾਂ ਖ਼ੁਦ (ਅਡਵਾਨੀ) ਅਤੇ ਉਸ ਦੀ ਪਾਰਟੀ ਨੇ ਦਬਾਅ ਪਾ ਕੇ ਇੰਦਰਾ ਨੂੰ ਦਰਬਾਰ ਸਾਹਿਬ ’ਤੇ ਹਮਲਾ ਕਰਨ ਲਈ ਤਿਆਰ ਕੀਤਾ। ਦਰਬਾਰ ਸਾਹਿਬ ’ਤੇ ਕਾਰਵਾਈ ਕਰਨ ਪਿੱਛੋਂ ਇੰਦਰਾ ਗਾਂਧੀ ਨੂੰ ਭਾਜਪਾ ਆਗੂਆਂ ਨੇ ਦੁਰਗਾ ਦੇਵੀ ਕਿਹਾ।

ਇਸ ’ਚ ਭੀ ਕੋਈ ਸ਼ੱਕ ਨਹੀਂ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਉਸ ਸਮੇਂ ਦੀ ਕਾਂਗਰਸ ਸਰਕਰ ਨੂੰ ਸਿੱਖ ਕਦੀ ਭੀ ਮਾਫ਼ ਨਹੀਂ ਕਰਨਗੇ, ਪਰ ਰਾਹੁਲ ਗਾਂਧੀ ਦੁਆਰਾ ਆਪਣੇ ਜੀਵਨ ਦੌਰਾਨ ਕੋਈ ਭੀ ਬਿਆਨ ਜਾਂ ਕਾਰਵਾਈ ਐਸੀ ਹੁੰਦੀ ਨਹੀਂ ਵੇਖੀ, ਜੋ ਸਿੱਖਾਂ ਪ੍ਰਤੀ ਨਫ਼ਰਤ ਕਰਦੀ ਹੋਵੇ। ਭਾਜਪਾ ਦੀ ਫੁੱਟ ਪਾਊ, ਦਮਨਕਾਰੀ ਅਤੇ ਲੋਕਤੰਤਰਿਕ ਪ੍ਰਣਾਲੀ ਤਹਿਸ਼ ਨਹਿਸ਼ ਕਰਨ ਦੀ ਨੀਤੀ ਵਿਰੁੱਧ ਜਬਰਦਸਤ ਆਵਾਜ ਉਠਾਉਣ ਵਾਲਾ ਜੇ ਕੋਈ ਨੇਤਾ ਹੈ ਤਾਂ ਉਨ੍ਹਾਂ ’ਚੋਂ ਰਾਹੁਲ ਗਾਂਧੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਇਸ ਲਈ ਮੋਦੀ ਨੇ ਤਾਂ ਹਰ ਘਟੀਆ ਚਾਲ ਵਰਤਣੀ ਹੈ, ਜਿਸ ਨਾਲ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਸਿੱਖ ਵਿਰੋਧੀ ਦੱਸ ਕੇ ਪੰਜਾਬ ’ਚ ਸਿੱਖਾਂ ਨੂੰ ਗੁੰਮਰਾਹ ਕਰ ਉਨ੍ਹਾਂ ਦੀਆਂ ਵੋਟਾਂ ਹਾਸਲ ਕਰ ਸਕਣ, ਪਰ ਪਿਤਾ ਅਤੇ ਦਾਦੀ ਦੀਆਂ ਗਲਤੀਆਂ ਦੀ ਸਜ਼ਾ ਪੁੱਤਰ/ਪੋਤਰੇ ਨੂੰ ਦੇਣਾ ਸਿੱਖੀ ਸਿਧਾਂਤ ਨਹੀਂ ਹੈ। ਇੰਦਰਾ ਗਾਂਧੀ ਦੀ ਗਲਤੀ ਦੀ ਸਜ਼ਾ ਸਿੱਖਾਂ ਨੇ ਦੇ ਦਿੱਤੀ; ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖਾਂ ਦੀ ਨਸਲਕੁਸ਼ੀ ਦੇ ਜ਼ਿੰਮੇਵਾਰ ਰਾਜੀਵ ਗਾਂਧੀ ਨੂੰ ਸਜ਼ਾ ਮਿਲ ਚੁੱਕੀ ਹੈ। ਸੋ ਸਿੱਖਾਂ ਨੂੰ ਮੋਦੀ/ਭਾਜਪਾ ਦੇ ਹੋਛੇ ਹਥਕੰਡਿਆਂ ਰਾਹੀਂ ਗੁੰਮਰਾਹ ਹੋਣ ਦੀ ਬਜਾਏ ਉਨ੍ਹਾਂ ਨੂੰ ਸਵਾਲ ਕਰਨੇ ਚਾਹੀਦੇ ਹਨ ਕਿ ਪੰਜਾਬ ਅਤੇ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਲਈ ਲੱਗੇ ਮੋਰਚੇ ਨੂੰ ਦਬਾਉਣ ਲਈ ਇੰਦਰਾ ਗਾਂਧੀ ਨੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ; ਉਹ ਜਾਇਜ਼ ਮੰਗਾਂ ਮੰਨ ਕੇ ਸਿੱਖਾਂ ਦੇ ਜਖ਼ਮਾਂ ’ਤੇ ਮੱਲ੍ਹਮ ਲਾਈ ਜਾਵੇ। ਅੱਜ ਰਾਹੁਲ ਗਾਂਧੀ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਕਿਸੇ ਭਾਜਪਾਈ ਨੇ ਪੰਜਾਬ ਦੀਆਂ ਮੰਗਾਂ ਲਈ ਕਦੀ ਅਵਾਜ਼  ਨਾ ਉਠਾਈ।

ਰਵਨੀਤ ਬਿੱਟੂ ਰਾਹੁਲ ਗਾਂਧੀ ਲਈ ਤਾਂ ਗਦਾਰ ਹੈ ਹੀ ਕਿਉਂਕਿ ਜਿਸ ਬਿੱਟੂ ਨੂੰ ਕਾਂਗਰਸ ਨੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ, ਇਸ ਦੇ ਦਾਦੇ ਨੂੰ ਮੁੱਖ ਮੰਤਰੀ ਬਣਾਇਆ, ਬਾਪ, ਭੂਆ ਅਤੇ ਭਰਾ ਨੂੰ ਮੰਤਰੀ ਬਣਾਇਆ; ਉਹ ਬਿੱਟੂ ਆਪਣੇ ਨਿੱਜੀ ਮੁਫਾਦਾਂ ਲਈ ਔਖੇ ਵੇਲੇ ਕਾਂਗਰਸ ਨਾਲ ਗਦਾਰੀ ਕਰ ਭਾਜਪਾ ’ਚ ਜਾਣ ਪਿੱਛੋਂ ਉਸੇ ਪਾਰਟੀ (ਕਾਂਗਰਸ) ਨੂੰ ਨਿੰਦ ਰਿਹਾ ਹੈ। ਇਹ ਬਿੱਟੂ ਸਿੱਖਾਂ ਦਾ ਭੀ ਖਾਨਦਾਨੀ ਗਦਾਰ ਹੈ ਕਿਉਂਕਿ ਇਸ ਦਾ ਦਾਦਾ ਬੇਅੰਤ ਸਿੰਘ, ਅਕਾਲੀ ਦਲ ਨਾਲ ਗਦਾਰੀ ਕਰ 1969 ’ਚ ਅਜ਼ਾਦ ਵਿਧਾਇਕ ਜਿੱਤਿਆ ਅਤੇ ਬਾਅਦ ’ਚ ਕਾਂਗਰਸ ’ਚ ਜਾ ਸ਼ਾਮਲ ਹੋਇਆ। ਕਾਂਗਰਸ ਨੇ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਜੋ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ’ਚ ਕਤਲ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣਿਆ। ਸਿੱਖਾਂ ਦੇ ਉਸੇ ਗਦਾਰ ਬੇਅੰਤ ਸਿੰਘ ਦੇ ਪੋਤਰੇ ਬਿੱਟੂ ਵਿਰੁੱਧ ਰਾਹੁਲ ਗਾਂਧੀ ਵੱਲੋਂ ਕੀਤੀ ਟਿੱਪਣੀ ਨੂੰ ਪੂਰੀ ਸਿੱਖ ਕੌਮ ਵਿਰੋਧੀ ਦੱਸ ਕੇ ਜੇ ਮੋਦੀ ਅਤੇ ਭਾਜਪਾ ਸਿੱਖਾਂ ਦੇ ਦਿਲ ਜਿੱਤਣਾ ਚਾਹੁੰਦੀ ਹੈ ਤਾਂ ਇਕ ਤਰ੍ਹਾਂ ਉਹ ਸਿੱਖਾਂ ਨੂੰ ਬੇਸਮਝ ਮੰਨਦੇ ਹਨ। ਇਹ ਹੁਣ ਸਿੱਖਾਂ ਨੇ ਫੈਸਲਾ ਕਰਨਾ ਹੈ ਕਿ ਸਮਝ ਅਤੇ ਬੇਸਮਝੀ ’ਚੋਂ ਕਿਸ ਦੀ ਚੋਣ ਕਰਨੀ ਹੈ।

ਭਾਜਪਾ ਸਮਝ ਚੁੱਕੀ ਹੈ ਕਿ ਪੰਜਾਬ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਅਤੇ ਸਿੱਖ ਵੋਟਰ ਭਾਜਪਾ ਤੋਂ ਦੂਰੀ ਬਣਾ ਚੁੱਕੇ ਹਨ। ਇਸ ਲਈ ਭਾਜਪਾ ਪੰਜਾਬ ’ਚ ਆਪਣੇ ਪੈਰ ਅੱਗੇ ਵਧਾਉਣ ਲਈ ਹਰਿਆਣਾ ਦੀ ਤਰਜ ’ਤੇ ਕਿਸਾਨ ਬਨਾਮ ਦਲਿਤ, ਹਿੰਦੂ ਅਤੇ ਪ੍ਰਵਾਸੀ ਮਜਦੂਰਾਂ ਦੀ ਵੋਟ ਨੂੰ ਸੰਗਠਿਤ ਕਰਨ ਅਤੇ ਸਿੱਖ ਬਨਾਮ ਡੇਰਾ ਸ਼ਰਧਾਲੂਆਂ ਦੀ ਵੰਡ ਪਾਉਣ ਦੀ ਨੀਤੀ ’ਤੇ ਚੱਲ ਰਹੀ ਹੈ। ਪਿੰਡਾਂ ਸ਼ਹਰਾਂ ’ਚ ਸਮਾਜਿਕ ਵੰਡੀਆਂ ਪਾ ਕੇ ਦਲਿਤਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਰਾਜਨੀਤਕ ਪਾਰਟੀਆਂ ਦੀ ਚੁੰਗਲ ’ਚ ਫਸਣ ਤੋਂ ਪਹਿਲਾਂ ਦਲਿਤ ਭਰਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਦੇ ਰਾਜ ’ਚ ਦਲਿਤਾਂ ਅਤੇ ਘੱਟ ਗਿਣਤੀ ਕੌਮਾਂ ’ਤੇ ਕਿਸ ਤਰ੍ਹਾਂ ਮੰਨੂੰਵਾਦੀ ਲੋਕ ਤਸ਼ੱਦਦ ਕਰ ਰਹੇ ਹਨ। ਉਸ ਦੀਆਂ ਕੁਝ ਕੁ ਉਦਾਹਰਣਾਂ ਹੇਠ ਦਿੱਤੀਆਂ ਹਨ:

  1. 2013 ’ਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਦਲਿਤ ਲੜਕੀ ਹਰਬਰਿੰਦਰ ਕੌਰ ਉਸਮਾਂ ਨਾਲ ਇੱਕ ਵਿਅਕਤੀ ਮਨਜਿੰਦਰ ਸਿੰਘ ਲਾਲਪੁਰਾ (ਜੋ ਬਾਅਦ ’ਚ ਆਪ ਦਾ ਵਿਧਾਇਕ ਚੁਣਿਆ ਗਿਆ) ਵੱਲੋਂ ਛੇੜਛਾੜ ਅਤੇ ਕੁੱਟਮਾਰ ਕੀਤੀ, ਉਸ ਦੇ ਕੱਪੜੇ ਫਾੜ ਦਿੱਤੇ ਗਏ। ਲੜਕੀ ਨੇ ਇਨਸਾਫ਼ ਲਈ 12 ਸਾਲ ਕੇਸ ਲੜ ਕੇ ਵਿਧਾਇਕ ਨੂੰ ਚਾਰ ਸਾਲ ਦੀ ਸਜ਼ਾ ਦਿਵਾਈ।

ਦਲਿਤਾਂ ਨਾਲ ਹੇਜ ਵਿਖਾਉਣ ਲਈ ਜਿਹੜੀ ਆਪ ਪਾਰਟੀ ਕਾਂਗਰਸੀ ਆਗੂਆਂ ਦੇ ਘਰਾਂ ਅੱਗੇ ਬੈਂਡ ਬਾਜੇ ਵਜਾ ਰਹੀ ਹੈ ਕੀ ਉਨ੍ਹਾਂ ਕਦੀ ਉਸ ਦਲਿਤ ਲੜਕੀ ਲਈ ਆਵਾਜ਼ ਉਠਾਈ। ਆਵਾਜ਼ ਉਠਾਉਣੀ ਤਾਂ ਇੱਕ ਪਾਸੇ ਰਿਹਾ; 6 ਮਹੀਨੇ ਹੋ ਗਏ ਦੋਸ਼ੀ ਵਿਧਾਇਕ ਨੂੰ 4 ਸਾਲ ਦੀ ਸਜ਼ਾ ਹੋਈ ਨੂੰ; ਅਦਾਲਤ ਵੱਲੋਂ ਨੋਟਿਸ ਮਿਲ ਜਾਣ ਪਿੱਛੋਂ ਭੀ ਆਪਣੀ ਪਾਰਟੀ ਦੇ ਰਾਜਨੀਤਕ ਲਾਭ ਨੂੰ ਵੇਖਦਿਆਂ ਸਪੀਕਰ ਨੇ ਉਸ ਦੀ ਮੈਂਬਰਸ਼ਿੱਪ ਖਾਰਜ ਨਹੀਂ ਕੀਤੀ। ਕੀ ਇਸ ਪਾਰਟੀ ਨੂੰ ਦਲਿਤ ਹਿਤੈਸ਼ੀ ਮੰਨਿਆ ਜਾਣਾ ਚਾਹੀਦਾ ਹੈ ?

  1. 2016 ’ਚ ਗੁਜਰਾਤ ਦੇ ਮੋਟਾ ਸਮਦਿਆਰਾ ਪਿੰਡ ਵਿੱਚ ਇੱਕ ਮਰੀ ਹੋਈ ਗਾਂ ਦੀ ਖੱਲ ਉਤਾਰਨ ਦੇ ਕਥਿਤ ਦੋਸ਼ ਅਧੀਨ; ਗਊ ਰੱਖਿਅਕਾਂ ਨੇ ਆਪਣੇ ਭਾਈਚਾਰੇ ਦਾ ਰਵਾਇਤੀ ਕਿੱਤਾ ਕਰ ਰਹੇ 4 ਦਲਿਤਾਂ ਨੂੰ ਜਨਤਕ ਤੌਰ ’ਤੇ ਕੋੜੇ ਮਾਰੇ।
  2. ਗੁਜਰਾਤ ਵਿੱਚ ‘ਗਰਬਾ’ ਨਾਮ ਦਾ ਨੌਂ ਰਾਤਾਂ ਦਾ ਇੱਕ ਲੋਕ ਨਾਚ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਸਨਮਾਨ ਵਿੱਚ ਨਵਰਾਤ੍ਰੀ ਨੂੰ ਮਨਾਇਆ ਜਾਂਦਾ ਹੈ। ਅਕਤੂਬਰ 2017 ’ਚ ਆਨੰਦ ਜ਼ਿਲ੍ਹੇ ਵਿੱਚ 21 ਸਾਲਾ ਇੱਕ ਦਲਿਤ ਵਿਅਕਤੀ ਜਯੇਸ਼ ਸੋਲੰਕੀ, ਨੂੰ ਗਰਬਾ ਸਮਾਗਮ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੁੱਟ-ਕੁੱਟ ਕੇ ਮਾਰ ਦਿੱਤਾ। ਉੱਚ ਜਾਤੀ ਭਾਈਚਾਰੇ ਦੇ ਮੈਂਬਰਾਂ ਮੁਤਾਬਕ ਦਲਿਤਾਂ ਨੂੰ ਇਸ ਤਿਉਹਾਰ ’ਚ ਸ਼ਾਮਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ।
  3. 14 ਸਤੰਬਰ 2020 ਨੂੰ ਯੂਪੀ ਦੇ ਜ਼ਿਲ੍ਹਾ ਹਾਥਰਸ ਦੀ ਇੱਕ ਦਲਿਤ ਲੜਕੀ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ। ਉਸ ਦੀ ਖਿੱਚ ਧੂਹ ਦੌਰਾਨ ਰੀਡ ਦੀ ਹੱਡੀ ਟੁੱਟ ਗਈ ਅਤੇ ਜੀਭ ਕੱਟੀ ਗਈ। ਦੋ ਹਫਤੇ ਜੀਵਨ ਮੌਤ ਦੀ ਲੜਾਈ ਲੜਦੀ ਹੋਈ ਉਹ ਦਮ ਤੋੜ ਗਈ। ਪੁਲਿਸ ਵੱਲੋਂ ਪਰਵਾਰ ਦੀ ਗੈਰ ਹਾਜਰੀ ’ਚ ਰਾਤ ਨੂੰ 2.30 ਵਜੇ ਉਸ ਦਾ ਸਸਕਾਰ ਕਰ ਦਿੱਤਾ।

ਚੋਣ ਵਰ੍ਹਾ ਹੋਣ ਕਾਰਨ ਪਹਿਲੀ ਫ਼ਰਵਰੀ 2026 ਨੂੰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ਮਨਾਉਣ ਦੇ ਬਹਾਨੇ ਪ੍ਰਧਾਨ ਮੰਤਰੀ ਮੋਦੀ ਡੇਰਾ ਸੱਚਖੰਡ ਬੱਲਾਂ ਪਹੁੰਚੇ। ਉਸ ਨੇ ਡੇਰਾ ਮੁਖੀ ਸੰਤ ਨਿਰੰਜਨਦਾਸ ਦੇ ਪੈਰੀਂ ਹੱਥ ਲਾਏ ਜਿਸ ਦੀਆਂ ਫੋਟੋ ਅਤੇ ਵੀਡੀਓ ਵਾਇਰਲ ਕੀਤੀਆਂ। ਸੰਤ ਨਿਰੰਜਨਦਾਸ ਜੀ ਨੂੰ ‘ਪਦਮ ਸ਼੍ਰੀ’ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੩੪੫ ’ਤੇ ਦਰਜ ਭਗਤ ਰਵਿਦਾਸ ਜੀ ਦੇ ਇਸ ਸ਼ਬਦ ਦਾ ਉਚਾਰਨ ਕੀਤਾ : ‘‘ਬੇਗਮਪੁਰਾ ਸਹਰ ਕੋ ਨਾਉ ਦੂਖੁ ਅੰਦੋਹੁ ਨਹੀ ਤਿਹਿ ਠਾਉ ਨਾਂ ਤਸਵੀਸ ਖਿਰਾਜੁ ਨ ਮਾਲੁ ਖਉਫੁ ਨ ਖਤਾ ਨ ਤਰਸੁ ਜਵਾਲੁ ’’ ਇਸ ਸ਼ਬਦ ਦਾ ਅੰਤ੍ਰੀਵ ਭਾਵ ਤਾਂ ਇਹ ਹੈ ਕਿ ਅਕਾਲ ਪੁਰਖ ਦੀ ਜੋਤਿ ਨਾਲ ਇੱਕ ਮਿਕ ਹੋਏ ਭਗਤ ਸਾਹਿਬਾਨ; ਆਪਣੀ ਆਤਮਿਕ ਅਵਸਥਾ ਬਾਰੇ ਦੱਸਦੇ ਹਨ ਕਿ ‘ਜਿਸ ਆਤਮਕ ਅਵਸਥਾ-ਰੂਪ ਸ਼ਹਰ ਵਿਚ ਉਹ (ਰਵਿਦਾਸ ਜੀ) ਵੱਸਦੇ ਹਨ, ਉਸ ਸ਼ਹਰ ਦਾ ਨਾਮ ਹੈ ‘ਬੇ-ਗ਼ਮਪੁਰਾ’ ਭਾਵ, ਉਹ ਅਵਸਥਾ, ਜਿੱਥੇ ਕੋਈ ਗ਼ਮ ਨਹੀਂ ਪੋਹ ਸਕਦਾ; ਓਥੇ ਨਾ ਕੋਈ ਦੁੱਖ ਹੈ, ਨਾ ਚਿੰਤਾ ਅਤੇ ਨਾ ਕੋਈ ਘਬਰਾਹਟ, ਉੱਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾ ਹੀ ਉਸ ਜਾਇਦਾਦ ਨੂੰ ਮਸੂਲ (ਟੈਕਸ) ਹੈ; ਉਸ ਅਵਸਥਾ ’ਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ।’

ਐਸੀ ਅਵਸਥਾ ’ਚ ਪ੍ਰਧਾਨ ਮੰਤਰੀ ਤਾਂ ਬਿਲਕੁਲ ਭੀ ਨਹੀਂ ਹਨ। ਸੰਤ ਨਿਰੰਜਨਦਾਸ ਜੀ ਆਪਣੀ ਅਵਸਥਾ ਖ਼ੁਦ ਦੱਸਣ ਤਾਂ ਹੀ ਬਿਹਤਰ ਰਹੇਗਾ, ਪਰ ਮੇਰਾ ਸਵਾਲ ਹੈ ਕਿ ਇਸ ਡੇਰੇ ਦੀ ਵਿਚਾਰਧਾਰਾ ਹੈ – ‘ਗੁਰੂ ਰਵਿਦਾਸ ਜੀ ਦੀ ਸਿੱਖਿਆ ’ਤੇ ਆਧਾਰਿਤ ਅਤੇ ਦਲਿਤ ਭਾਈਚਾਰੇ ਦੇ ਸੁਸ਼ਕਤੀਕਰਨ ਲਈ ਕਾਰਜਸ਼ੀਲ ਰਹਿਣਾ’। ਸੰਤ ਜੀ ਨੂੰ ਆਪਣੇ ਡੇਰੇ ਦੀ ਵਿਚਾਰਧਾਰਾ ’ਤੇ ਪਹਿਰਾ ਦਿੰਦਿਆਂ ਉਸ ਵੇਲੇ ਪ੍ਰਧਾਨ ਮੰਤਰੀ ਜੀ ਨੂੰ ਚੇਤੇ ਕਰਵਾਉਣਾ ਚਾਹੀਦਾ ਸੀ ਕਿ ਜਿਸ ਤਰ੍ਹਾਂ ਦੀ ਰੂਹਾਨੀਅਤ ਅਵਸਥਾ ਭਗਤ ਰਵਿਦਾਸ ਜੀ ਨੇ ਬਿਆਨ ਕੀਤੀ ਹੈ, ਉਸ ਤਰ੍ਹਾਂ ਦੀ ਅਵਸਥਾ ਮੌਜੂਦਾ ਰਾਜ ਪ੍ਰਬੰਧ ’ਚ ਵਿਖਾਈ ਨਹੀਂ ਦਿੰਦੀ ਕਿਉਂਕਿ ਉਕਤ ਕਿਸਮ ਦੇ ਅੱਤਿਚਾਰਾਂ (ਇਹ ਤਾਂ ਕੇਵਲ ਉਦਾਹਰਨ ਵਜੋਂ ਹੈਂ; ਵੈਸੇ ਦਰਜਨਾਂ ਅਜਿਹੇ ਹੋਰ ਕੇਸ ਭੀ ਹਨ, ਜਿਨ੍ਹਾਂ ’ਚ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ) ਦੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ।

ਉਨ੍ਹਾਂ ਨੂੰ ਕਹਿਣਾ ਚਾਹੀਦਾ ਸੀ ਕਿ ਗੁਜਰਾਤ ’ਚ 1995 ਭਾਵ ਪਿਛਲੇ 31 ਸਾਲਾਂ ਤੋਂ ਭਾਜਪਾ ਦਾ ਰਾਜ ਹੈ, ਜੇ ਉੱਥੇ ਸਾਡੇ ਭਾਈਚਾਰੇ ਦੇ 4 ਵਿਅਕਤੀਆਂ ਨੂੰ ਆਪਣਾ ਪਿਤਾ ਪੁਰਖੀ ਕਿੱਤਾ ਕਰਦਿਆਂ ਨੂੰ ਜਨਤਕ ਤੌਰ ’ਤੇ ਕੋੜੇ ਮਾਰੇ ਜਾਂਦੇ ਹਨ; ਕੇਵਲ ਗਰਬਾ ਸਮਾਗਮ ਵਿੱਚ ਸ਼ਾਮਲ ਦੇ ਦੋਸ਼ ਹੇਠ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਯੂਪੀ ਦੀ ਭਾਜਪਾ ਸਰਕਾਰ ਦੌਰਾਨ ਹਾਥਰਸ ਦੀ ਬਾਲਮੀਕੀ ਭਾਈਚਾਰੇ ਨਾਲ ਸਬੰਧਤ ਲੜਕੀ ਦਾ ਗੈਂਗ ਰੇਪ ਕਰਨ, ਰੀਡ ਦੀ ਹੱਡੀ ਤੋੜਨ ਅਤੇ ਜੀਭ ਕੱਟਣ ਵਾਲੇ ਚਾਰ ਦੋਸ਼ੀਆਂ ’ਚੋਂ ਤਿੰਨ ਨੂੰ ਦੋਸ਼ ਮੁਕਤ ਅਤੇ ਚੌਥੇ ਸਬੰਧੀ ਕੋਈ ਖ਼ਬਰ ਹੀ ਨਹੀਂ ਆਈ ਕਿ ਉਸ ਨੂੰ ਕੀ ਸਜ਼ਾ ਮਿਲੀ ਹੈ। ਇਸ ਅਤਿ ਘਿਨਾਉਣੇ ਕਾਂਡ ਦੀ ਰਿਪੋਰਟਿੰਗ ਕਰਨ ਜਾ ਰਹੇ ਪੱਤਰਕਾਰਾਂ ਨੂੰ ਭੀ ਕਈ ਕਈ ਸਾਲ ਐੱਨਐੱਸਏ ਅਧੀਨ ਜੇਲ੍ਹ ’ਚ ਬੰਦ ਰੱਖਿਆ ਗਿਆ; ਕਿਸੇ ਵਿਰੋਧੀ ਧਿਰ ਦੇ ਆਗੂ ਨੂੰ ਪੀੜਤ ਪਰਵਾਰ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ।

ਪ੍ਰਧਾਨ ਮੰਤਰੀ ਨੂੰ ਪੁੱਛਿਆ ਜਾਣਾ ਚਾਹੀਦਾ ਸੀ ਕਿ ਤੁਹਾਡੀ ਸਰਕਾਰ ’ਚ ਜੋ ਕੁਝ ਹੋ ਰਿਹਾ ਹੈ, ਉਹ ਸਭ ਇਸ ਉਚਾਰਨ ਕੀਤੇ ਸ਼ਬਦ ਦੀ ਭਾਵਨਾ ਦੇ ਬਿਪਰੀਤ ਹੈ। ਅਜਿਹਾ ਚੱਲਦਿਆਂ ਭਗਤ ਰਵਿਦਾਸ ਜੀ ਦਾ ਉਕਤ ਸ਼ਬਦ ਪੜ੍ਹਨ ਦਾ ਕੀ ਅਰਥ ਰਹਿ ਜਾਂਦਾ ਹੈ ? ਪ੍ਰਧਾਨ ਮੰਤਰੀ ਨੂੰ 2012 ’ਚ ਦਿੱਲੀ ਵਿਖੇ ਹੋਏ ਨਿਰਭਇਆ ਕਾਂਡ ਦਾ ਚੇਤਾ ਕਰਵਾਉਣਾ ਚਾਹੀਦਾ ਸੀ ਕਿ ਉਸ ਸਮੇਂ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਖ਼ੁਦ ਭਾਜਪਾ ਆਗੂਆਂ ਨੇ ਵੱਡੇ ਵੱਡੇ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ। ਉਸ ਕੇਸ ’ਚ 6 ਦੋਸ਼ੀਆਂ ’ਚੋਂ ਇੱਕ ਨੇ ਜੇਲ੍ਹ ’ਚ ਆਤਮ ਹੱਤਿਆ ਕਰ ਲਈ, ਇੱਕ ਨਾਬਾਲਕ ਹੋਣ ਕਾਰਨ ਤਿੰਨ ਸਾਲਾਂ ਪਿੱਛੋਂ ਛੱਡ ਦਿੱਤਾ ਗਿਆ ਅਤੇ ਬਾਕੀ ਦੇ ਚਾਰ ਦੋਸ਼ੀਆਂ ਨੂੰ ਫਾਂਸੀ ’ਤੇ ਲਟਕਾ ਕੇ ਮੌਤ ਦੀ ਸਜ਼ਾ ਦਿੱਤੀ ਗਈ, ਪਰ ਹਾਥਰਸ ਕਾਂਡ ਦੀ ਰਿਪੋਰਟਿੰਗ ਕਰਨ ਤੋਂ ਪੱਤਰਕਾਰਾਂ ਨੂੰ ਭੀ ਰੋਕਿਆ ਗਿਆ। ਵਿਰੋਧੀ ਪਾਰਟੀ ਦੇ ਆਗੂ ਪੀੜਤ ਪਰਵਾਰ ਨੂੰ ਮਿਲਣ ਤੱਕ ਨਹੀਂ ਦਿੱਤੇ ਗਏ; ਪੀੜਤ ਮ੍ਰਿਤਕ ਲੜਕੀ ਦਾ ਸਸਕਾਰ ਬਿਨਾਂ ਪਰਵਾਰ ਦੀ ਇਜਾਜ਼ਤ ਅਤੇ ਬਿਨਾਂ ਮੌਜੂਦਗੀ ਤੋਂ ਰਾਤ ਨੂੰ ਅੱਧੀ ਰਾਤ ਕਰ ਦਿੱਤਾ ਗਿਆ, ਜੋ ਭਾਰਤੀ ਸੰਸਕਾਰਾਂ ਅਤੇ ਰਿਵਾਇਤਾਂ ਦੀ ਘੋਰ ਉਲੰਘਣਾ ਹੈ। ਇੱਕ ਹੀ ਦੇਸ਼ ’ਚ ਵੱਖ ਵੱਖ ਦੋ ਕਾਨੂੰਨ ਕਿਉਂ ਜਾਂ ਦਲਿਤ ਹੋਣ ਕਾਰਨ ਵਿਤਕਰਾ ?

  1. ਉੱਤਰ ਪ੍ਰਦੇਸ਼ ਦੇ ਗਾਜੀਆਬਾਦ ’ਚ ਮਾਰਚ 2021 ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਵਾਪਰੀ। ਮੀਡਿਆ ’ਚ ਆਈਆਂ ਖਬਰਾਂ ਮੁਤਾਬਕ ਕੁੱਝ ਲੋਕਾਂ ਵੱਲੋਂ; ਮੰਦਿਰ ’ਚੋਂ ਪਾਣੀ ਪੀਣ ਗਏ ਇਕ 14 ਸਾਲ ਦੇ ਮੁਸਲਿਮ ਬੱਚੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਦੋਸ਼ੀਆਂ ਵੱਲੋਂ ਉਸ ਬੱਚੇ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ। ਵੀਡੀਓ ’ਚ ਪਹਿਲਾਂ ਉਸ ਦਾ ਨਾਂ ਅਤੇ ਫਿਰ ਮੰਦਿਰ ਆਉਣ ਦਾ ਕਾਰਨ ਪੁੱਛਿਆ। ਜਦੋਂ ਬੱਚਾ ਕਹਿੰਦਾ ਹੈ ਕਿ ਮੈਂ ਪਾਣੀ ਪੀਣ ਆਇਆ ਸੀ ਤਾਂ ਬਿਨਾਂ ਕੁੱਝ ਹੋਰ ਪੁੱਛਿਆਂ; ਮੁਲਜ਼ਮ ਇਸ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਲੱਗਦੇ ਹਨ।
  2. ਸਿੱਖ ਸੰਘਰਸ਼ ਦੌਰਾਨ ਕੇਸਾਂ ’ਚ ਪ੍ਰੋ. ਦਵਿੰਦਰ ਸਿੰਘ ਭੁੱਲਰ ਪਿਛਲੇ 33 ਸਾਲਾਂ ਤੋਂ, ਭਾਈ ਬਲਵੰਤ ਸਿੰਘ ਰਾਜੋਆਣਾ 31 ਸਾਲਾਂ ਤੋਂ, ਭਾਈ ਜਗਤਾਰ ਸਿੰਘ ਹਵਾਰਾ 30 ਸਾਲਾਂ ਤੋਂ, ਭਾਈ ਪਰਮਜੀਤ ਸਿੰਘ ਭਿਓਰਾ 29 ਸਾਲਾਂ ਤੋਂ, ਭਾਈ ਜਗਤਾਰ ਸਿੰਘ ਤਾਰਾ 20 ਸਾਲਾਂ ਤੋਂ, ਭਾਈ ਜਗਤਾਰ ਸਿੰਘ ਜੱਗੀ ਜੌਹਲ 11 ਸਾਲਾਂ ਤੋਂ, ਭਾਈ ਹਰਦੀਪ ਸਿੰਘ ਸ਼ੇਰਾ 11 ਸਾਲਾਂ ਤੋਂ, ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ 3 ਸਾਲਾਂ ਤੋਂ ਜੇਲ੍ਹਾਂ ’ਚ ਬੰਦ ਹੈ। ਆਮ ਤੌਰ ’ਤੇ ਉਮਰ ਕੈਦ ਦਾ ਭਾਵ ਹੁੰਦਾ ਹੈ 20 ਸਾਲ ਦੀ ਕੈਦ ਅਤੇ ਉਸ ’ਚੋਂ ਵੀ 12 ਕੁ ਜਾਂ ਵੱਧ ਤੋਂ ਵੱਧ 14 ਸਾਲ ਕੱਟ ਕੇ ਰਿਹਾ ਹੋ ਜਾਂਦੇ ਹਨ, ਪਰ ਪ੍ਰੋ. ਭੁੱਲਰ, ਭਾਈ ਰਾਜੋਆਣਾ, ਭਾਈ ਹਵਾਰਾ, ਭਾਈ ਭਿਉਰਾ ਅਤੇ ਭਾਈ ਤਾਰਾ ਤਾਂ ਸਜ਼ਾ ਨਾਲੋਂ ਬਹੁਤ ਵੱਧ ਜੇਲ੍ਹ ਕੱਟ ਚੁੱਕੇ ਹਨ, ਪਰ ਇਨ੍ਹਾਂ ’ਚੋਂ ਕਿਸੇ ਨੂੰ ਭੀ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਮਿਲਣ ਲਈ ਕਦੀ ਪੈਰੋਲ ਭੀ ਨਹੀਂ ਦਿੱਤੀ ਗਈ।

ਯੂ.ਕੇ. ਦੇ ਜੰਮਪਲ ਜੱਗੀ ਜੌਹਲ ’ਤੇ ਤਾਂ ਕੋਈ ਅਪਰਾਧਿਕ ਕੇਸ ਭੀ ਦਰਜ ਨਹੀਂ ਹੈ। ਉਹ ਕੇਵਲ ਨਾਵੇਂ ਦਹਾਕੇ ’ਚ ਸਿੱਖਾਂ ’ਤੇ ਕੀਤੇ ਸਰਕਾਰੀ ਜੁਲਮਾਂ ਬਾਰੇ ਪੰਜਾਬੀ ਦੀਆਂ ਖ਼ਬਰਾਂ ਨੂੰ ਅੰਗਰੇਜੀ ’ਚ ਉਲੱਥਾ ਕਰ ਦਸਤਾਵੇਜੀ ਸਬੂਤ ਇਕੱਠੇ ਕਰ ਰਿਹਾ ਸੀ। ਕੇਵਲ ਇਸੇ ਦੋਸ਼ ਅਧੀਨ ਭਾਰਤ ’ਚ ਵਿਆਹ ਕਰਵਾਉਣ ਆਏ ਨੂੰ ਵਿਆਹ ਤੋਂ ਕੇਵਲ 15 ਕੁ ਦਿਨਾਂ ਪਿੱਛੋਂ ਗ੍ਰਿਫ਼ਤਾਰ ਕਰ ਤਸੀਹੇ ਦੇਣ ਪਿੱਛੋਂ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ।

ਪ੍ਰੋ. ਭੁੱਲਰ, ਜੋ ਪਿਛਲੇ 33 ਸਾਲਾਂ ਤੋਂ ਜੇਲ੍ਹ ’ਚ ਬੰਦ ਹੈ। ਜੇਲ੍ਹ ’ਚ ਦਿੱਤੇ ਗਏ ਮਾਨਸਿਕ ਤਸੀਹਿਆਂ ਕਾਰਨ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹੋਣ ਕਾਰਨ ਉਸ ਦਾ ਇਲਾਜ ਚੱਲ ਰਿਹਾ ਹੈ। ਸਤੰਬਰ 2019 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭੁੱਲਰ ਸਮੇਤ ਅੱਠ ਸਿੱਖ ਕੈਦੀਆਂ ਨੂੰ ਕੇਂਦਰ ਸਰਕਾਰ ਨੇ ਵਿਸ਼ੇਸ਼ ਮਾਫ਼ੀ ਦੀ ਸਿਫਾਰਸ਼ ਕੀਤੀ ਸੀ। ਇਸ ਦੇ ਬਾਵਜੂਦ ਦਿੱਲੀ SSRB ਦੀ ਦਸੰਬਰ 2025 ’ਚ ਹੋਈ ਮੀਟਿੰਗ ਦੌਰਾਨ ਉਸ ਦੀ ਰਿਹਾਈ ਦੀ ਮਨਜੂਰੀ ਨਹੀਂ ਦਿੱਤੀ ਗਈ ਜਦੋਂ ਕਿ ਉਸੇ ਮੀਟਿੰਗ ਦੌਰਾਨ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲਿਮ (ਇਸਾਕ-ਮੁਈਵਾਹ) (NSCN-IM) ਦੇ ਇੱਕ ਸਵੈ-ਘੋਸ਼ਤ ‘ਲੈਫਟੀਨੈਂਟ ਕਰਨਲ’ ਹੋਪਸਨ ਨਿੰਗਸ਼ੇਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਸ਼ ਕੀਤੀ ਗਈ। ਇਹ ਦੱਸਣਯੋਗ ਹੈ ਕਿ (NSCN-IM) ਦੇ ਆਗੂਆਂ ਨੇ ਇਤਿਹਾਸਕ ਤੌਰ ’ਤੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਪ੍ਰਸਤਾਵਿਤ ਸੁਤੰਤਰ ਰਾਜ ‘ਨਾਗਾਲਿਮ’ (ਗ੍ਰੇਟਰ ਨਾਗਾਲੈਂਡ) for Christ ਹੈ ਅਤੇ ਅੰਦੋਲਨ ਨੂੰ ਇੱਕ ਈਸਾਈ ਢਾਂਚੇ ਦੇ ਅੰਦਰ ਰੱਖ ਕੇ ਵੱਖਰੇ ਨਾਗਾਲੈਂਡ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ। ਉਸ (ਹੋਪਸਨ ਨਿੰਗਸ਼ੇਨ) ਨੂੰ ਫ਼ਰਵਰੀ 2009 ਵਿੱਚ ਉਖਰੂਲ ਜ਼ਿਲ੍ਹੇ ਵਿੱਚ ਮਨੀਪੁਰ ਸਰਕਾਰ ਦੇ ਤਿੰਨ ਅਧਿਕਾਰੀਆਂ ਦੇ ਅਗਵਾ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ। ਜੇ ਵੱਖਰੇ ਨਾਗਾਲੈਂਡ ਲਈ ਸੰਘਰਸ਼ ਕਰ ਰਹੀ ਜਥੇਬੰਦੀ ਦੇ ਕਾਰਕੁੰਨ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦਿੱਤੀ ਜਾ ਸਕਦੀ ਹੈ ਤਾਂ ਫਿਰ ਸਿੱਖ ਸੰਘਰਸ਼ਸ਼ੀਲ ਜੋ ਨਿਯਤ ਸਜ਼ਾ ਨਾਲੋਂ ਵੱਧ ਸਜ਼ਾ ਭੁਗਤ ਚੁੱਕੇ ਹਨ, ਉਨ੍ਹਾਂ ਨੂੰ ਰਿਹਾਈ ਕਿਉਂ ਨਹੀਂ ?

2002 ਵਿੱਚ ਗੁਜਰਾਤ ਵਿੱਚ ਗੋਧਰਾ ਕਾਂਡ ਤੋਂ ਬਾਅਦ ਗਰਭਵਤੀ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਅਤੇ ਪਰਵਾਰ ਦੇ 7 ਜੀਆਂ ਦਾ ਕਤਲ ਕਰਨ ਦੇ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।  15 ਅਗਸਤ 2022 ਨੂੰ ਗੁਜਰਾਤ ਸਰਕਾਰ ਦੀ ਮਾਫੀ ਨੀਤੀ ਤਹਿਤ ਮਨਜੂਰੀ ਮਿਲਣ ਪਿੱਛੋਂ ਸਾਰੇ 11 ਦੋਸ਼ੀ ਜੇਲ੍ਹ ਤੋਂ ਰਿਹਾਅ ਕਰ ਦਿੱਤੇ ਗਏ। ਇਸੇ ਤਰ੍ਹਾਂ ਆਪਣੀਆਂ ਹੀ ਸ਼ਗਿਰਦ ਸਾਧਣੀਆਂ ਦੇ ਬਲਾਤਕਾਰ ਅਤੇ ਦੋ ਕਤਲਾਂ ਦੇ ਦੋਸ਼ ਹੇਠ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ, ਜਿਸ ’ਤੇ ਸਾਧੂਆਂ ਨੂੰ ਨਿਪੁੰਸਕ ਕਰਨ ਦੇ ਦੋਸ਼ ਹੇਠ ਕੇਸ ਚੱਲ ਰਹੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਸਾਜਸ਼ ਰਚਣ ਦੇ ਦੋਸ਼ ਭੀ ਹਨ, ਉਸ ਨੂੰ ਦੇਸ਼ ਦੇ ਕਿਸੇ ਭੀ ਭਾਗ ’ਚ ਹੋਣ ਵਾਲੀਆਂ ਚੋਣਾਂ ਦੇ ਸਮੇਂ ਸਾਲ ’ਚ ਤਿੰਨ ਵਾਰ 40-40 ਦਿਨਾਂ ਦੀ ਪੈਰੋਲ ’ਤੇ ਛੁੱਟੀ ਦੇ ਦਿੱਤੀ ਜਾਂਦੀ ਹੈ। ਆਪਣੇ ਨਾਮ ’ਚ ਰਾਮ, ਰਹੀਮ ਅਤੇ ਸਿੰਘ ਵਰਤ ਕੇ ਅਤੇ ਆਪਣੇ ਡੇਰੇ ਦੇ ਲੋਗੌ ’ਚ , ਓਮ, ਚੰਦ ਤਾਰਾ ਤੇ ਕਰਾਸ ਚਿੰਨ੍ਹ ਛਾਪ ਕੇ ਆਪਣੇ ਆਪ ਨੂੰ ਚਾਰੇ ਧਰਮਾਂ ਦਾ ਸਾਂਝਾ ਗੁਰੂ ਅਖਵਾਉਂਦਾ ਹੈ। ਕੀ ਉਹ ਆਪਣੇ ਆਪ ਦੀ ਤੁਲਨਾ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਕਰ ਸਕਦਾ ਹੈ, ਜਿਨ੍ਹਾਂ ਨੂੰ ਜਹਾਂਗੀਰ ਵੱਲੋਂ ਗਵਾਲੀਅਰ ਕਿਲੇ ਦੀ ਜੇਲ੍ਹ ’ਚੋਂ ਰਿਹਾਈ ਦੇ ਹੁਕਮ ਦਿੱਤੇ ਜਾਣ ਪਿੱਛੋਂ ਭੀ ਉਨ੍ਹਾਂ ਨੇ ਤਦ ਤੱਕ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ; ਜਦ ਤੱਕ ਗਵਾਲੀਅਰ ਕਿਲੇ ’ਚ ਬੰਦ ਸਾਰੇ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਮੰਨ ਲੈਂਦੇ ਹਾਂ ਕਿ ਉਸ ਦਾ ਸਿੱਖਾਂ ਨਾਲ ਟਕਰਾ ਚੱਲਦਾ ਹੋਣ ਕਾਰਨ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨਹੀਂ ਕਰ ਸਕਦਾ, ਪਰ ਘੱਟ ਤੋਂ ਘੱਟ ਮੁਸਲਮਾਨ ਬੱਚੇ ਨੂੰ ਕੇਵਲ ਮੰਦਿਰ ’ਚੋਂ ਪਾਣੀ ਪੀਣ ਦੇ ਦੋਸ਼ ਹੇਠ ਬੇਰਹਿਮੀ ਨਾਲ ਕੁੱਟੇ ਜਾਣ; ਬਿਲਕਿਸ ਬਾਨੋ ਦਾ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਵਾਰ ਦੇ 7 ਜੀਆਂ ਦਾ ਕਤਲ ਕਰਨ ਵਾਲਿਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇ ਹੁਕਮ ਦਿੱਤੇ ਜਾਣ ਦਾ ਵਿਰੋਧ ਤਾਂ ਕਰਨਾ ਚਾਹੀਦਾ ਸੀ। ਸਮੁੱਚੇ ਦੇਸ਼ ’ਚ ਦਲਿਤਾਂ ਅਤੇ ਘੱਟ ਗਿਣਤੀਆਂ ’ਤੇ ਹੋ ਰਹੇ ਤਸ਼ੱਦਦ ਵਿਰੁੱਧ ਤਾਂ ਆਵਾਜ਼ ਉਠਾਈ ਜਾਣੀ ਚਾਹੀਦੀ ਸੀ।

ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਭੀ ਆਪਣੇ ਆਪ ਨੂੰ ਅਧਿਆਤਮਿਕ ਗੁਰੂ ਅਖਵਾਉਂਦਾ ਹੈ, ਪਰ ਉਹ ਅਧਿਆਤਮਿਕ ਉਪਦੇਸ਼ ਦੇਣ ਦੀ ਬਜਾਏ ਇੱਕ ਸਿਆਸੀ ਵਿਚੋਲੇ ਦੇ ਤੌਰ ’ਤੇ ਵੱਧ ਵਿਚਰ ਰਿਹਾ ਹੈ। ਅਧਿਆਤਮਿਕਤਾ ਦਾ ਉਪਦੇਸ਼ ਹੈ ‘‘ਨਾ ਕੋ ਮੇਰਾ ਦੁਸਮਨੁ ਰਹਿਆ; ਨਾ ਹਮ ਕਿਸ ਕੇ ਬੈਰਾਈ ਬ੍ਰਹਮੁ ਪਸਾਰੁ, ਪਸਾਰਿਓ ਭੀਤਰਿ; ਸਤਿਗੁਰ ਤੇ ਸੋਝੀ ਪਾਈ ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ   ਦੂਰਿ ਪਰਾਇਓ ਮਨ ਕਾ ਬਿਰਹਾ; ਤਾ ਮੇਲੁ ਕੀਓ ਮੇਰੈ ਰਾਜਨ (ਮਹਲਾ ੫/੬੭੧), ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ, ਹਮ ਕਉ ਬਨਿ ਆਈ ’’ (ਮਹਲਾ ੫/੧੨੯੯) ਪਰ ਢਿੱਲੋਂ ਜੀ ਸਭ ਨੂੰ ਆਪਣਾ ਮਿੱਤਰ ਸਮਝਣ ਦੀ ਥਾਂ ਕੇਵਲ ਨਸ਼ਾ ਤਸ਼ਕਰੀ ਅਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸਾਂ ’ਚ ਘਿਰੇ ਮਜੀਠੀਆ ਨੂੰ ਆਪਣਾ ਮਿੱਤਰ ਦੱਸ ਰਹੇ ਹਨ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦਿੰਦਿਆਂ ਉਨ੍ਹਾਂ ਆਪਣੇ ਆਪ ਨੂੰ ਅਧਿਆਤਮਿਕ ਗੁਰੂ ਹੋਣ ਦੀ ਬਜਾਏ ਸਧਾਰਨ ਵਿਅਕਤੀਆਂ ਦੀ ਲਾਈਨ ’ਚ ਖੜ੍ਹਾ ਕਰ ਲਿਆ। ਉਨ੍ਹਾਂ ਕਿਹਾ ‘ਮਜੀਠੀਆ ਮੇਰਾ ਦੋਸਤ ਹੈ; ਜੇ ਤੁਹਾਡਾ ਦੋਸਤ ਜੇਲ੍ਹ ’ਚ ਬੰਦ ਹੋਵੇ ਤਾਂ ਤੁਸੀਂ ਨਹੀਂ ਆਪਣੇ ਦੋਸਤ ਨੂੰ ਮਿਲਣ ਜਾਓਗੇ’। ਗੁਰਿੰਦਰ ਸਿੰਘ ਢਿੱਲੋਂ ਜੀ ! ਕੀ ਤੁਸੀਂ ਕੇਵਲ ਮਜੀਠੀਏ ਨੂੰ ਹੀ ਆਪਣਾ ਮਿੱਤਰ ਅਤੇ ਬੇਕਸੂਰ ਮੰਨਦੇ ਹੋ ਜਾਂ ਇੱਕ ਅਧਿਆਤਮਿਕ ਸੰਤ ਹੋਣ ਦੇ ਨਾਤੇ ਸਾਰੇ ਹੀ ਤੁਹਾਡੇ ਮਿੱਤਰ ਹਨ। ਤੁਹਾਡੇ ਮੁਤਾਬਕ ਉਹ ਪੱਤਰਕਾਰ ਬੇਕਸੂਰ ਨਹੀਂ, ਜੋ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੇਵਲ ਇਸ ਲਈ ਜੇਲ੍ਹਾਂ ’ਚ ਬੰਦ ਕਰ ਰੱਖੇ ਹਨ ਕਿਉਂਕਿ ਉਹ ਲੋਕ ਮੁੱਦਿਆਂ ਨੂੰ ਚੁੱਕਦੇ ਹਨ ਜਾਂ ਆਰਟੀਆਈ ਰਾਹੀਂ ਸਰਕਾਰ ਤੋਂ ਕੀਤੇ ਖਰਚਿਆਂ ਦਾ ਵੇਰਵਾ ਮੰਗ ਲੈਂਦੇ ਹਨ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਰਾਧਾ ਸਵਾਮੀ ਡੇਰਾ ਮੁਖੀ ਨੂੰ ਪੁੱਛਣ ਕਿ ਉਕਤ ਉਦਾਹਰਨਾਂ ਦੇ ਪੀੜਤ ਵਿਅਕਤੀਆਂ ’ਚੋਂ ਭੀ ਉਨ੍ਹਾਂ ਨੂੰ ਕੋਈ ਬੇਕਸੂਰ ਲੱਗਦਾ ਹੈ ? ਜੇ ਲੱਗਦਾ ਹੈ ਤਾਂ ਕਦੀ ਉਨ੍ਹਾਂ ਦੇ ਹੱਕ ’ਚ ਕਿਉਂ ਨਹੀਂ ਬੋਲਦੇ ?

ਜਾਤ ਆਧਾਰਿਤ ਪਾਈਆਂ ਵੰਡੀਆਂ ਨੇ ਸਮਾਜ ਅਤੇ ਦੇਸ਼ ਦਾ ਜੋ ਨੁਕਸਾਨ ਕੀਤਾ ਹੈ; ਇਹ ਕਿਸੇ ਤੋਂ ਗੁੱਝਾ ਨਹੀਂ ਹੈ। ਮੰਨੂੰ ਸਿਮ੍ਰਿਤੀਆਂ ਰਾਹੀਂ ਬ੍ਰਾਹਮਣ ਨੂੰ ਸ੍ਰੇਸ਼ਟ ਮੰਨ ਕੇ ਸ਼ੂਦਰਾਂ ਦੀ ਜ਼ਿੰਦਗੀ ਪਸ਼ੂਆਂ ਤੋਂ ਭੀ ਬਦਤਰ ਬਣਾ ਦਿੱਤੀ। ਬ੍ਰਾਹਮਣਾਂ ਦੇ ਗੜ੍ਹ ਬਨਾਰਸ ਦੇ ਵਸਨੀਕ ਭਗਤ ਕਬੀਰ ਸਾਹਿਬ ਜੀ ਨੇ ਇਸ ਜਾਤੀ ਵੰਡ ਦੇ ਵਿਰੋਧ ’ਚ ਆਵਾਜ਼ ਉਠਾਈ। ਆਪਣੇ ਆਪ ਨੂੰ ਉੱਚ ਜਾਤੀ ਦਾ ਹੋਣ ਕਰਕੇ ਸਰਬ ਸ੍ਰੇਸ਼ਟ ਅਖਵਾਉਣ ਵਾਲਿਆਂ ਨੂੰ ਭਗਤ ਕਬੀਰ ਸਾਹਿਬ ਜੀ ਨੇ ਤਰਕ ਭਰਪੂਰ ਸਵਾਲ ਕਰਦਿਆਂ ਪੁੱਛਿਆ ਹੇ ਭਾਈ ! ਦੱਸ ਤੇਰੇ ਪੈਦਾ ਹੋਣ ਦਾ ਕਿਹੜਾ ਹੋਰ ਰਸਤਾ ਹੈ, ਤੇਰੀਆਂ ਨਸਾਂ ’ਚ ਲਹੂ ਦੀ ਥਾਂ ਕਿਹੜਾ ਦੁੱਧ ਹੈ, ਜੇ ਸਭਨਾਂ ਦੇ ਪੈਦਾ ਹੋਣ ਦਾ ਪ੍ਰਮਾਤਮਾ ਨੇ ਇੱਕ ਹੀ ਰਸਤਾ ਬਣਾਇਆ ਹੈ, ਇੱਕੋ ਤਰ੍ਹਾਂ ਦਾ ਲਹੂ ਹੈ ਤਾਂ ਦੱਸ ਤੁਸੀਂ ਬ੍ਰਾਹਮਣ ਕਦੋਂ ਤੋਂ ਹੋ ਗਏ ਅਤੇ ਅਸੀਂ ਸ਼ੂਦਰ ਕਿਵੇਂ ਰਹਿ ਗਏ, ‘‘ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ, ਜਨਮੁ ਮਤ ਖੋਏ ਰਹਾਉ ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ਤਉ, ਆਨ ਬਾਟ ਕਾਹੇ ਨਹੀ ਆਇਆ ਤੁਮ ਕਤ ਬ੍ਰਾਹਮਣ, ਹਮ ਕਤ ਸੂਦ ਹਮ ਕਤ ਲੋਹੂ, ਤੁਮ ਕਤ ਦੂਧ ’’ (੩੨੪) ਬ੍ਰਾਹਮਣਾਂ ਵੱਲੋਂ ਨੀਚ ਤੇ ਅਛੂਤ ਸਮਝੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੰਗੀ ਸਾਥੀ ਦੱਸਿਆ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ  ? ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ  !’’ (ਮਹਲਾ ੧/੧੫) ਗੁਰੂ ਅਮਰਦਾਸ ਜੀ ਨੇ ਜਾਤ ਅਭਿਮਾਨੀਆਂ ਨੂੰ ਮੂਰਖ ਕਿਹਾ, ‘‘ਜਾਤਿ ਕਾ ਗਰਬੁ, ਨ ਕਰੀਅਹੁ ਕੋਈ ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ  ! ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ਰਹਾਉ ’’  (ਮਹਲਾ ੩/੧੧੨੮)

ਲੋਕਾਂ ’ਤੇ ਟੈਕਸਾਂ ਦਾ ਵਾਧੂ ਭਾਰ ਪਾ ਕੇ ਗਰੀਬਾਂ ਦਾ ਖੂਨ ਚੂਸਣ ਵਾਲੇ ਅਤੇ ਉਨ੍ਹਾਂ ਦੇ ਟੈਕਸਾਂ ਦੇ ਪੈਸਿਆਂ ਨਾਲ ਖੁਦ ਐਸ਼ ਕਰਨ ਵਾਲੇ ਰਾਜਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਵੰਗਾਰ ਕੇ ਕਿਹਾ, ‘‘ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨਿ੍ ਬੈਠੇ ਸੁਤੇ ਚਾਕਰ ਨਹਦਾ ਪਾਇਨਿ੍ ਘਾਉ ਰਤੁ ਪਿਤੁ ਕੁਤਿਹੋ ਚਟਿ ਜਾਹੁ ’’ (ਮਹਲਾ ੧/ ੧੨੮੮)  ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲਿਖਿਆ, ‘‘ਰਤੁ ਪੀਣੇ ਰਾਜੇ, ਸਿਰੈ ਉਪਰਿ ਰਖੀਅਹਿ; ਏਵੈ ਜਾਪੈ ਭਾਉ ’’ (ਮਹਲਾ ੧/੧੪੨)

ਕੀ ਅੱਜ ਦੇ ਗੁਰੂ ਬਣੇ ਬੈਠੇ ਵੱਡੇ-2 ਡੇਰਿਆਂ ਦੇ ਮੁਖੀਆਂ ’ਚ ਇੰਨੀ ਹਿੰਮਤ ਹੈ ਕਿ ਅੱਜ ਦੇ ਰਾਜੇ; ਜਿਹੜੇ ਵੋਟਾਂ ਖਾਤਰ ਉਨ੍ਹਾਂ ਦੇ ਡੇਰਿਆਂ ’ਚ ਨਤਮਸਤਕ ਹੋ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਅਤੇ ਫੋਟੋ/ਵੀਡੀਓ ਵਾਇਰਲ ਕਰਦੇ ਹਨ; ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਉਕਤ ਸਚਾਈ ਸੁਣਾ ਸਕਣ ? ਚੋਣ ਵਰ੍ਹਾ ਹੋਣ ਕਰਕੇ ਪੰਜਾਬ ਦੇ ਡੇਰਿਆਂ ’ਚ ਜਿੱਥੇ ਲੀਡਰ ਫੇਰੇ ਲਾ ਰਹੇ ਹਨ; ਉਨ੍ਹਾਂ ਦੇ ਮੁਖੀਆਂ, ਖਾਸ ਕਰ ਰਾਧਾ ਸਵਾਮੀ ਬਿਆਸ ਅਤੇ ਸਚਖੰਡ ਬੱਲਾਂ ਦੇ ਸ਼ਰਧਾਲੂ ਬਾਕੀ ਡੇਰਿਆਂ ਦੇ ਸ਼ਰਧਾਲੂਆਂ ਦੇ ਮੁਕਾਬਲੇ ਵੱਧ ਪੜ੍ਹੇ ਲਿਖੇ ਹੋਣ ਦੇ ਨਾਤੇ, ਉਨ੍ਹਾਂ ਨੂੰ ਸਤਿਕਾਰ ਸਹਿਤ ਸੁਝਾਅ ਹੈ ਕਿ ਆਪਣੀ ਸੂਝ ਤੋਂ ਕੰਮ ਲੈਣ। ਵੱਡੇ-2 ਲੀਡਰਾਂ ਵੱਲੋਂ ਕੇਵਲ ਡੇਰਾ ਮੁਖੀ ਦੇ ਪੈਰੀਂ ਹੱਥ ਲਾਉਂਦਿਆਂ ਦੀਆਂ ਫੋਟੋ ਵੇਖ ਕੇ ਹੀ ਕਿਸੇ ਇੱਕ ਪਾਰਟੀ ਦਾ ਵੋਟ ਬੈਂਕ ਨਾ ਬਣਨ ਬਲਕਿ ਇਹ ਵੇਖਣ ਕਿ ਕੀ ਉਨ੍ਹਾਂ ਨੇ ਬੀਤੇ ਸਮੇਂ ਦੌਰਾਨ ਪੰਜਾਬ ਤੇ ਸਮਾਜਿਕ ਦੇ ਮੁੱਦਿਆਂ ਦੀ ਗੱਲ ਕੀਤੀ ਹੈ ? ਜਾਤ ਅਭਿਮਾਨੀਆਂ, ਜਰਵਾਣਿਆਂ ਅਤੇ ਧਨਾਢਾਂ ਵੱਲੋਂ ਸਤਾਏ ਪੀੜਤ ਲੋਕਾਂ ਨੂੰ ਇਨਸਾਫ਼ ਦਿੱਤਾ ਹੈ ? ਜੇ ਬਿਨਾਂ ਵਿਚਾਰਿਆਂ ਭਾਜਪਾ ਨੂੰ ਪੰਜਾਬ ਅਤੇ ਕੇਂਦਰ ’ਚ ਮਜਬੂਤ ਸਰਕਾਰ ਬਣਾਉਣ ਦਾ ਮੌਕਾ ਦੇ ਦਿੱਤਾ ਤਾਂ ਯਾਦ ਰੱਖਣਾ ਉਨ੍ਹਾਂ ਦਾ ਟੀਚਾ ਹੈ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਤ ਕਰਨਾ, ਮੰਨੂ ਸਿਮ੍ਰਿਤੀ ਲਾਗੂ ਕਰਨਾ ਤੇ ਰਾਮ-ਰਾਜ ਲਿਆਉਣਾ। ਰਾਮ-ਰਾਜ ਸਮੇਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ, ਜਿਸ ਦੌਰਾਨ ਬ੍ਰਾਹਮਣਾਂ ਦੀ ਸ਼ਿਕਾਇਤ ’ਤੇ ਰਾਮ ਚੰਦਰ ਜੀ ਨੇ 125 ਸਾਲ ਦੇ ਸ਼ੰਭੂਕ ਰਿਸ਼ੀ ਦਾ; ਕੇਵਲ ਇਸ ਕਾਰਨ ਕਤਲ ਕਰ ਦਿੱਤਾ ਕਿ ਉਹ ਪ੍ਰਮਾਤਮਾ ਦੀ ਭਗਤੀ ਕਰ ਰਿਹਾ ਸੀ ਕਿਉਂਕਿ ਸ਼ਾਸਤਰਾਂ ਮੁਤਾਬਕ ਦਲਿਤਾਂ ਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਗੁਜਰਾਤ ਵਿੱਚ ‘ਗਰਬਾ ਸਮਾਗਮ’ ਵਿੱਚ ਸ਼ਾਮਲ ਹੋਣ ਵਾਲੇ ਦਲਿਤ ਵਿਅਕਤੀ, ਜਯੇਸ਼ ਸੋਲੰਕੀ ਦੇ ਕਤਲ ਅਤੇ ਬਿਲਕਿਸ ਬਾਨੋ ਦਾ ਸਮੂਹਿਕ ਬਲਾਤਕਾਰ, ਯੂਪੀ ’ਚ ਹਾਥਰਸ ਬਲਾਤਕਾਰ ਕਾਂਡ, ਗਾਜੀਆਬਾਦ ਦੇ ਮੁਸਲਮਾਨ ਬੱਚੇ ਦੀ ਕੁੱਟਮਾਰ ਦੇ ਅਧਿਕਾਰ ਉੱਚ ਜਾਤੀਆਂ ਨੂੰ ਕੇਵਲ ਮੰਨੂੰ ਸਿਮ੍ਰਿਤੀ ਹੀ ਕਰਨ ਲਈ ਪ੍ਰੇਰਦੀ ਹੈ।

ਪੰਜਾਬ ਦੀ ਇੱਕ ਅਕਾਲੀ ਪਾਰਟੀ ਹੈ, ਜੋ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਣਾਇ ਹੋਣ ਦਾ ਦਾਅਵਾ ਕਰਦੀ ਹੈ। ਉਹ ਪਾਰਟੀ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਪੰਜਾਬ ਦੀਆਂ ਲਟਕਦੀਆਂ ਮੰਗਾਂ ਅਤੇ ਬੰਦੀ ਸਿੰਘ ਰਿਹਾਅ ਕਰਨ ਦੀ ਮੰਗ ਬੜੇ ਜ਼ੋਰ-ਸ਼ੋਰ ਨਾਲ ਚੁੱਕਦੀ ਹੈ, ਪਰ ਜਦੋਂ ਹੀ ਸੱਤਾ ਦੀ ਕੁਰਸੀ ਮਿਲ ਜਾਂਦੀ ਹੈ ਤਾਂ ਉਨ੍ਹਾਂ ਬਾਰੇ ਆਪਣੀ ਜ਼ਬਾਨ ਬੰਦ ਕਰ ਲੈਂਦੀ ਹੈ। ਇਸ ਤਰ੍ਹਾਂ ਦੀ ਵਾਰ ਵਾਰ ਅਜਮਾਈ ਪਾਰਟੀ ਦੀ ਥਾਂ ਆਪਣੇ ਵਿਵੇਕ ਤੋਂ ਕੰਮ ਲੈਂਦਿਆਂ ਪੰਜਾਬ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕਰਨ ਅਤੇ ਪੀੜਤਾਂ ਨੂੰ ਇਨਸਾਫ਼ ਦੇਣ ਦਾ ਵਾਅਦਾ ਕਰਨ ਵਾਲੀ ਵਿਸ਼ਵਾਸਯੋਗ, ਕਿਸੇ ਨਵੀਂ ਪਾਰਟੀ ਦੀ ਹੀ ਪਰਖ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here