ਭਗਤ ਅਤੇ ਗੁਰੂ ’ਚ ਅੰਤਰ (ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ
ਗੁਰੂ ਗ੍ਰੰਥ ਸਾਹਿਬ; ਵਿਸ਼ਵ ਦੇ ਇਕਲੌਤੇ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ’ਚ ਭਿੰਨ ਭਿੰਨ ਜਾਤਾਂ, ਧਰਮਾਂ ਤੇ ਕਿੱਤਿਆਂ ਨਾਲ਼ ਸਬੰਧਿਤ 35 ਮਹਾਂ ਪੁਰਸ਼ਾਂ ਦੇ (ਸਰੀਰ ਦੀ ਥਾਂ ਉਨ੍ਹਾਂ ਦੇ) ਵਿਚਾਰਾਂ ਨੂੰ ‘ਗੁਰੂ’ ਦਾ ਦਰਜਾ ਪ੍ਰਾਪਤ ਹੈ। ਗੁਰੂ ਨਾਨਕ ਸਾਹਿਬ; ਜਦ ਜਨਵਰੀ 1530 ’ਚ ਸ਼ਿਵਰਾਤ੍ਰੀ ਦੇ ਮੇਲੇ ਵੇਲ਼ੇ ਅਚਲ ਵਟਾਲਾ (ਜ਼ਿਲ੍ਹਾ ਗੁਰਦਾਸਪੁਰ) ਗਏ ਤਾਂ ਜੋਗੀਆਂ ਨੇ ਪੁੱਛਿਆ, ‘‘ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥’’ (ਮਹਲਾ ੧/੯੪੨) ਤਾਂ ਆਪ ਨੇ ਜਵਾਬ ਦਿੱਤਾ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮਹਲਾ ੧/੯੪੩) ਯਾਨੀ ਬ੍ਰਹਮ ਗਿਆਨ; ਮੇਰਾ ਗੁਰੂ ਹੈ। (ਮੇਰਾ ਸਰੀਰ ਚੇਲਾ ਭੀ ਨਹੀਂ) ਮੇਰੀ ਸੁਰਤਿ ਦਾ ਬ੍ਰਹਮ-ਗਿਆਨ ਨਾਲ਼ ਸਬੰਧ (ਟਿਕਾਅ) ਚੇਲਾ ਹੈ।
ਗੁਰੂ ਗ੍ਰੰਥ ਸਾਹਿਬ ’ਚ ਭਾਵੇਂ 35 ਬਾਣੀਕਾਰ ਹਨ, ਪਰ ਸਭ ਦੇ ਵਿਚਾਰਾਂ ਦਾ ਆਧਾਰ (ਸਰੋਤ); ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਸਿਧਾਂਤ ਹੈ। ਬਾਕੀ 34 ਮਹਾਂ ਪੁਰਸ਼ਾਂ ਦੇ ਵਿਚਾਰ; ਗੁਰੂ ਨਾਨਕ ਜੀ ਦੇ ਆਸ਼ੇ ਮੁਤਾਬਿਕ ਹੋਣ ਕਾਰਨ ਹੀ ਗੁਰਬਾਣੀ ਦਾ ਭਾਗ ਬਣ ਸਕੇ ਹਨ। ਗੁਰੂ ਸਾਹਿਬ ਦੇ ਬੋਲ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ ਤੋਂ ਸਪਸ਼ਟ ਹੈ ਕਿ ਗੁਰਮਤਿ-ਸਿਧਾਂਤ; ਨਾਸਵਾਨ ਸਰੀਰ ਨੂੰ, ਨਾ ਗੁਰੂ ਮੰਨਦਾ ਹੈ ਤੇ ਨਾ ਚੇਲਾ। ਤੀਜੇ ਪਾਤਿਸ਼ਾਹ ਨੇ ਭੀ ‘ਸ਼ਬਦ ਗੁਰੂ’ ਬਾਰੇ ਕਿਹਾ, ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥ (ਮਹਲਾ ੩/੫੧੬) ਚੌਥੇ ਪਾਤਿਸ਼ਾਹ ਨੇ ਕਿਹਾ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥’’ (ਮਹਲਾ ੪/੯੮੨) ਇੱਥੇ ‘ਸਾਰੇ’ ਦਾ ਅਰਥ ‘ਸਾਰੇ ਅੰਮ੍ਰਿਤ’ ਨਹੀਂ ਕਿਉਂਕਿ ਅੰਮ੍ਰਿਤ ਤਾਂ ਇਕੋ ਹੁੰਦਾ ਹੈ, ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥’’ (ਮਹਲਾ ੨/੧੨੩੮) ਦਰਅਸਲ ਇਸ ਵਾਕ ਨਾਲ਼ ਦੂਜੀ ਤੁਕ ‘‘ਪਰਤਖਿ ਗੁਰੂ ਨਿਸਤਾਰੇ ॥’’ ਹੈ, ਜਿਸ ਦੇ ‘ਤਾਰੇ’ ਨਾਲ਼ ਤੁਕਾਂਤ ਮੇਲ ਕਾਰਨ ‘ਸਾਰੇ’ ਬਣਿਆ। ਅਸਲ ’ਚ ਇਹ ਸ਼ਬਦ ‘ਸਾਰ’ ਹੈ, ਜਿਸ ਦਾ ਅਰਥ ਹੈ, (‘ਬਾਣੀ ਗੁਰੂ’ ਨੂੰ ਹਿਰਦੇ ’ਚ) ‘ਸੰਭਾਲ਼’ ਭਾਵ ਹਿਰਦੇ ’ਚ ਵਸਾ ਲੈ। ਐਸੇ ਅਰਥ ਹੋਰ ਥਾਂ ਭੀ ਹਨ, ‘‘ਨਾਨਕ ! ਕਰਣਾ (ਰਚਨਾ) ਜਿਨਿ ਕੀਆ; ਫਿਰਿ ਤਿਸ ਹੀ ਕਰਣੀ ਸਾਰ (ਸੰਭਾਲ਼)॥੨੩॥’’ (ਮਹਲਾ ੧/੪੭੫)
ਪੰਜਵੇਂ ਪਾਤਿਸ਼ਾਹ ਨੇ ਭੀ ‘ਸ਼ਬਦ ਗੁਰੂ’ ਬਾਰੇ ਕਿਹਾ, ‘‘ਪੋਥੀ; ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ; ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥’’ (ਮਹਲਾ ੫/੧੨੨੬) ਭਾਵ ਪਰਮੇਸ਼ਰ (ਨੂੰ ਮਿਲਣ) ਦੀ ਜਗ੍ਹਾ; ਪੋਥੀ ਹੈ। ਗੁਰੂ ਸਿੱਖਿਆ ਲੈ ਕੇ ਸਿੱਖ; ਇਸ ‘ਨਿਰੋਲ ਬ੍ਰਹਮ ਗਿਆਨ’ ਨੂੰ ਗਾਉਂਦੇ ਹਨ, ਜਪਦੇ ਹਨ। ਨੋਟ : ‘ਗੁਰੂ ਗ੍ਰੰਥ ਸਾਹਿਬ’ ਨੂੰ ਹੀ ਪਹਿਲਾਂ ‘ਆਦਿ ਗ੍ਰੰਥ’ ਤੇ ‘ਪੋਥੀ ਸਾਹਿਬ’ ਕਿਹਾ ਜਾਂਦਾ ਸੀ।
ਹੁਣ ਸਵਾਲ ਉੱਠੇਗਾ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਜੀਵਤ ਸਨ, ਫਿਰ ਭੀ ‘ਸਬਦੁ’ ਨੂੰ ‘ਗੁਰੂ’ ਕਿਉਂ ਕਿਹਾ ? ਜਵਾਬ : ਸਰੀਰ ਨਾਸਵਾਨ ਹੁੰਦਾ ਹੈ ਤੇ ਗੁਰੂ; ਸਥਿਰ ਪ੍ਰਭੂ (ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ… ਹੋਸੀ ਭੀ ਸਚੁ ॥੧॥) ਵਾਙ ਸਦੀਵੀ ਸਥਿਰ ਹੈ; ਜਿਵੇਂ ਕਿ ਵਾਕ ਹੈ, ‘‘ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ, ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ.. ॥’’ (ਮਹਲਾ ੪/੭੫੯)
ਜੇ ‘ਸ਼ਬਦ ਗੁਰੂ’ (ਭਾਵ ਅੱਖਰ) ਨਾਸ ਹੋ ਜਾਣ ਤਾਂ ਕੀ ‘ਗੁਰੂ’ ਨਾਸ ਹੋ ਗਿਆ ? ਜਵਾਬ ਹੈ ਨਹੀਂ ਕਿਉਂਕਿ ‘ਗੁਰੂ’ ਕੇਵਲ ਅੱਖਰ ਨਹੀਂ। ਗੁਰੂ ਦੇ ਤਿੰਨ ਰੂਪ ਹਨ, ‘ਗੁਰੂ ਜੋਤਿ, ਗੁਰੂ ਸੋਚ ਤੇ ਗੁਰੂ ਸਰੀਰ’। ਅੱਖਰ; ‘ਸਰੀਰ ਗੁਰੂ’ ਹਨ ਤੇ ਨਾਸਵਾਨ ਭੀ; ਜਿਵੇਂ ਕਿ ਕਿਹਾ ਹੈ, ‘‘ਬਾਵਨ ਅਛਰ ਲੋਕ ਤ੍ਰੈ; ਸਭੁ ਕਛੁ ਇਨ ਹੀ ਮਾਹਿ ॥ ਏ ਅਖਰ ਖਿਰਿ ਜਾਹਿਗੇ…॥’’ (ਭਗਤ ਕਬੀਰ/੩੪੦) ਅੱਖਰ ਬੰਦੇ ਲਈ ਚਸ਼ਮਾ ਹਨ, ਜਿਨ੍ਹਾਂ ਰਾਹੀਂ ਗੁਰੂ ਦੀ ‘ਸੋਚ’ ਸਮਝ ਕੇ ‘ਜੋਤਿ’ ਨਾਲ਼ ਜੁੜੀਦਾ ਹੈ, ਜੋ ਕਿ ‘ਹਰੀ ਜੋਤਿ’ ਹੀ ਹੈ। ਅੱਖਰ ਮਿਟ ਗਏ ਤਾਂ ਸਬੰਧ ਨਹੀਂ ਬਣੇਗਾ, ਨਾ ਕਿ ਗੁਰੂ ਦੀ ‘ਸੋਚ’ ਜਾਂ ‘ਜੋਤਿ’ ਮਰਦੀ ਹੈ।
‘ਗੁਰੂ ਸੋਚ’ ਤੋਂ ਭਾਵ ਹੈ ‘ਗੁਰਮਤਿ ਸਿਧਾਂਤ’, ਜੋ ਸਰਬ ਵਿਆਪਕ ਪ੍ਰਭੂ ‘‘ਘਟ ਘਟ ਮਹਿ ਹਰਿ ਜੂ ਬਸੈ.. ॥’’ (ਮਹਲਾ ੯/੧੪੨੭) ਨਾਲ਼ ਜੋੜਦਾ ਹੈ ਯਾਨੀ ਪ੍ਰਭੂ ਦੇ ਗੁਣ ਹਨ। ਇਸ ਲਈ ‘ਗੁਰੂ ਸੋਚ’ ਭੀ ਸਰਬ ਵਿਆਪਕ ਹੈ; ਜਿਵੇਂ ਕਿ ‘‘ਸਤਿਗੁਰੁ ਰਹਿਆ ਭਰਪੂਰੇ ॥ (ਅਨੰਦ/ਮਹਲਾ ੩/੯੨੨), ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ॥’’ (ਮਹਲਾ ੪/੭੫੯) , ਪਰ ਮਹਿਸੂਸ ਵਿਰਲਾ ਹੀ ਕਰਦਾ ਹੈ ਕਿ ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ॥’’ (ਮਹਲਾ ੫/੩੯੪)
ਗੁਰੂ ਰਾਮਦਾਸ ਜੀ; 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਅ ਗਏ। ਭੱਟ ਹਰਬੰਸ ਜੀ ਫਿਰ ਭੀ ਆਖਦੇ ਹਨ ਕਿ ਕੌਣ ਕਹਿੰਦਾ ਹੈ ਕਿ ਗੁਰੂ ਜੀ ਨਹੀਂ ਰਹੇ, ‘‘ਮਿਲਿ ਨਾਨਕ, ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ॥ ਹਰਿਬੰਸ ਜਗਤਿ ਜਸੁ ਸੰਚਰੵਉ; ਸੁ ਕਵਣੁ ਕਹੈ, ਸ੍ਰੀ ਗੁਰੁ ਮੁਯਉ ?॥੧॥’’ (ਭਟ ਹਰਿਬੰਸ/੧੪੦੯)
‘ਗੁਰੂ ਜੋਤਿ’ ਤੋਂ ਭਾਵ ਹੈ ‘ੴ ਦੀ ਹੋਂਦ/ਜੋਤਿ, ਆਤਮਾ, ਰੂਹ, ਜਿੰਦ, ਨਾਮ-ਅੰਮ੍ਰਿਤ’। ਇਹ ਭੀ ਸਾਰਿਆਂ ’ਚ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ (ਉਸ ਦੀ)॥ (ਸੋਹਿਲਾ/ਮਹਲਾ ੧/੧੩), ਕਹੁ ਕਬੀਰ ! ਇਹੁ ਰਾਮ ਕੀ ਅੰਸੁ (ਜੋਤਿ)॥ (ਭਗਤ ਕਬੀਰ/੮੭੧), ਨਾਨਕ ! ਅੰਮ੍ਰਿਤੁ ਮਨੈ ਮਾਹਿ’’ (ਮਹਲਾ ੨/੧੨੩੮) ‘ਗੁਰੂ ਜੋਤਿ’ ਤੇ ‘ੴ ਦੀ ਹੋਂਦ/ਜੋਤਿ’ ਇੱਕੋ ਹੀ ਹਨ, ‘‘ਪਾਰਬ੍ਰਹਮ ਗੁਰ ਨਾਹੀ ਭੇਦ ॥’’ (ਮਹਲਾ ੫/੧੧੪੨) ਇਹ ਜੋਤਿ-ਸ਼ਕਤੀ ਹੀ ਸ਼ਰਧਾ ਭਰੇ ਹਿਰਦੇ ’ਤੇ ਕਿਰਪਾ ਕਰਦੀ ਹੈ।
ਹੁਣ ਸਵਾਲ ਹੈ ਕਿ ‘ੴ ਦੀ ਜੋਤਿ’ ਤਾਂ ਸਾਰਿਆਂ ’ਚ ਹੈ; ਫਿਰ ‘ਗੁਰੂ ਜੋਤਿ’ ਤੋਂ ਕੀ ਭਾਵ ? ਜਵਾਬ : ਭਾਵੇਂ ਕਿ ‘ਹਰੀ ਜੋਤਿ’ ਸਾਰਿਆਂ ’ਚ ਹੈ, ਪਰ ਅੰਦਰ ਮੈਲ਼ ਹੋਣ ਕਾਰਨ ਹਰ ਕੋਈ ਇਸ ਨੂੰ ਮਹਿਸੂਸ ਨਹੀਂ ਕਰ ਸਕਦਾ। ‘ਗੁਰੂ ਸਰੀਰ’ ਅੰਦਰ ਮੈਲ਼ ਨਹੀਂ, ਉਨ੍ਹਾਂ ਦੀ ਸੁਰਤਿ; ਅੰਦਰਲੀ ‘ਜੋਤਿ/ਆਤਮ-ਪ੍ਰਕਾਸ਼/ਰੂਹਾਨੀਅਤ ਬਲ’ ਨੂੰ ਮਹਿਸੂਸ ਕਰ ਰਹੀ ਹੁੰਦੀ ਹੈ। ਇਹੀ ਹੈ ‘ਸਚਖੰਡ ਅਸਵਥਾ, ਪ੍ਰਭੂ ਤੇ ਗੁਰੂ ਦਾ ਇੱਕ ਸਮਾਨ ਹੋਣਾ’। ਯਾਦ ਰਹੇ ਕਿ 35 ਬਾਣੀਕਾਰਾਂ ’ਚੋਂ ਕੇਵਲ ਗੁਰੂ ਨਾਨਕ ਸਾਹਿਬ ਹੀ ਜਨਮ ਤੋਂ ‘ਗੁਰੂ’ ਹਨ ਤਾਹੀਓਂ ਕਿਹਾ ਹੈ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਭਾਈ ਗੁਰਦਾਸ ਜੀ ਭੀ ਆਪ ਨੂੰ ਅਕਾਲ ਪੁਰਖ ਦਾ ਰੂਪ ਮੰਨਦੇ ਹਨ, ‘‘ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ।’’ (ਵਾਰ ੧ ਪਉੜੀ ੩੫) ਜਨਮ ਤੋਂ ਹਰੀ ਜੈਸਾ ਹੋਣਾ ਤੇ ਭਗਤੀ ਕਰ-ਕਰ ਹਰੀ ਜੈਸਾ ਬਣਨਾ; ਇਹੀ ਹੈ ਅੰਤਰ ‘ਗੁਰੂ’ ਤੇ ‘ਭਗਤ’ ’ਚ।
‘ਜੋਤਿ’; ਨਾਸਵਾਨ ਸਰੀਰ ਨਹੀਂ ਤਾਂ ਕਿ ਜਾਤਾਂ-ਧਰਮਾਂ ’ਚ ਵੰਡ ਲਈਏ। ਨਾ ਇਹ ਖੱਤਰੀ ਹੈ, ਨਾ ਬ੍ਰਾਹਮਣ। ਨਾ ਮਨੁੱਖ ਹੈ, ਨਾ ਦੇਵਤਾ। ਨਾ ਜੋਗੀ (ਜੁੜਿਆ ਭਾਵ ਗ੍ਰਿਹਸਤੀ), ਨਾ ਤਿਆਗੀ, ‘‘ਨਾ ਇਹੁ ਮਾਨਸੁ; ਨਾ ਇਹੁ ਦੇਉ ..॥ ਨਾ ਇਹੁ ਜੋਗੀ; ਨਾ ਅਵਧੂਤਾ..॥ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ)॥੨॥’’
ਪੰਜ ਪਿਆਰੇ ਤੇ ਪੰਜ ਬਾਣੀਆਂ (ਗੁਰੂ ਸਿਧਾਂਤ) ਨਾਲ਼ ਜੋ ਅੰਮ੍ਰਿਤ ਤਿਆਰ ਹੁੰਦਾ ਹੈ, ਉਹ ਅੰਦਰਲੇ ਅੰਮ੍ਰਿਤ (ਅੰਮ੍ਰਿਤੁ ਮਨੈ ਮਾਹਿ) ਨੂੰ ਪ੍ਰਾਪਤ ਕਰਨ ਦੀ ਯੁਕਤੀ ਹੀ ਹੈ ਤਾਂ ਕਿ ਅਭਿਲਾਖੀ (ਚਾਹਵਾਨ-ਸਿੱਖ); ਇਸ ਨੂੰ ਗ੍ਰਹਿਣ ਕਰ ਨਿਤਨੇਮ (ਗੁਰੂ ਸੋਚ) ਨੂੰ ਅਪਣਾਅ ਕੇ ਅੰਦਰਲਾ ‘ਅੰਮ੍ਰਿਤ’ (ਹਰੀ ਜੋਤਿ) ਦਾ ਅਨੰਦ ਮਾਣ ਸਕੇ; ਜਿਵੇਂ ਖੂਹ ਜਾਂ ਪੰਪ ਲਗਾ ਕੇ ਪਹਿਲਾਂ ਬਾਹਰੋਂ ਪਾਣੀ ਪਾਈਦਾ ਹੈ ਤਾਂ ਕਿ ਧਰਤੀ ’ਚੋਂ ਪਾਣੀ ਨਿਕਲ ਸਕੇ। ਜੇ ਅਕਾਸ਼ ਤੋਂ ਵਰਖਾ ਨਾ ਹੋਵੇ ਤਾਂ ਧਰਤੀ ਹੇਠਲਾ ਪਾਣੀ ਭੀ ਉੱਪਰ ਨਹੀਂ ਆਉਂਦਾ, ‘‘ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ; ਕਿਆ ਧਰਤੀ ਮਧੇ (’ਚ) ਪਾਣੀ ਨਾਹੀ ? ॥ ਜੈਸੇ ਧਰਤੀ ਮਧੇ (’ਚੋਂ) ਪਾਣੀ ਪਰਗਾਸਿਆ; ਬਿਨੁ ਪਗਾ (ਪੈਰਾਂ ਬੱਦਲ) ਵਰਸਤ ਫਿਰਾਹੀ ॥’’ (ਮਹਲਾ ੩/੧੬੨) ਗੁਰਬਾਣੀ ’ਚ ਹੋਰ ਭੀ ਮਿਸਾਲ ਹਨ; ਜਿਵੇਂ ਭਾਰਤ ’ਚ ਪਾਏ ਜਾਂਦੇ ਭੌਂਕਣ ਵਾਲ਼ੇ ਮੁੰਟਜੈਕ ਹਿਰਨ ਅੰਦਰਲੀ ਗ੍ਰੰਥੀ ’ਚ ਸੁਗੰਧੀ (ਕਸਤੂਰੀ) ਹੁੰਦੀ ਹੈ, ਪਰ ਉਹ ਇਸ (ਮਹਿਕ) ਲਈ ਬਾਹਰ ਭਟਕਦਾ-ਭਟਕਦਾ ਜਾਨ ਦੇ ਬੈਠਦਾ ਹੈ, ‘‘ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ; ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ; ਭ੍ਰਮਦਾ ਭਰਮਿ (’ਚ) ਭੁਲਾਇਆ ॥’’ (ਮਹਲਾ ੩/੬੪੪)
ਪ੍ਰਾਚੀਨ ਮੱਤਾਂ ਨੇ ‘ੴ ਦੀ ਹੋਂਦ’ (ਆਤਮਾ, ਰੂਹ) ਦੀ ਮੁਕਤੀ ਲਈ ਹੀ ਧਰਮ-ਕਰਮ, ਪਿੰਡ-ਪੱਤਲ ਕਿਰਿਆ, ਨਰਕ-ਸੁਰਗ, ਆਦਿ ਮਿੱਥੇ ਹਨ ਜਦਕਿ ਗੁਰਮਤਿ ਅਨੁਸਾਰ ਨਾ ਇਹ ਜੰਮਦੀ ਹੈ, ਨਾ ਮਰਦੀ ਹੈ। ਨਾ ਦੁੱਖ-ਸੁੱਖ ਮਹਿਸੂਸ ਕਰਦੀ ਹੈ, ‘‘ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ; ਨ ਮਰਤਾ ਦੇਖੁ ॥.. ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ (ਸਿਆਹੀ)॥੪॥’’ (ਭਗਤ ਕਬੀਰ/੮੭੧) ਜਿਵੇਂ ਕਾਗਜ਼ ਨਾਸ ਹੋ ਜਾਏ ਤਾਂ ਭੀ ਉਸ ’ਤੇ ਲਿਖਿਆ ਨਹੀਂ ਮਿਟਦਾ ਯਾਨੀ ਕਾਗਜ਼ ਦੇ ਨਾਲ਼ ਖ਼ਤਮ ਹੁੰਦਾ ਹੈ। ਉਸੇ ਤਰ੍ਹਾਂ ਆਤਮਾ; ਪਰਮਾਤਮ ਤੋਂ ਵੱਖ ਨਹੀਂ ਹੁੰਦਾ ਯਾਨੀ ਪ੍ਰਭੂ ਵਾਙ ਅਮਰ ਹੈ। ਜਨਮ ਮਰਨ; ਹਰੀ ਦੀ ਹੋਂਦ (ਆਤਮਾ) ਨੂੰ ਨਹੀਂ; ਮਨ ਦੀ ਮੈਲ਼ (ਵਾਸ਼ਨਾ) ਨੂੰ ਹੈ, ‘‘ਜੁਗਿ ਜੁਗਿ (’ਚ) ਮੇਰੁ (ਅੰਤਹਿਕਰਣ) ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ। .. ਸਤਿਜੁਗ ਦੂਜਾ ਭਰਮੁ ਕਰਿ; ਤ੍ਰੇਤੇ ਵਿਚਿ ਜੋਨੀ ਫਿਰਿ ਆਵੈ। ਤ੍ਰੇਤੇ ਕਰਮਾ ਬਾਂਧਤੇ; ਦੁਆਪਰਿ (’ਚ) ਫਿਰਿ ਅਵਤਾਰ (ਜਨਮ) ਕਰਾਵੈ। ਦੁਆਪਰਿ ਮਮਤਾ ਅਹੰਕਾਰ; ਹਉਮੈ ਅੰਦਰਿ ਗਰਬਿ (’ਚ) ਗਲਾਵੈ। ਤ੍ਰਿਹੁ ਜੁਗਾ ਕੇ ਕਰਮ ਕਰਿ; ਜਨਮ ਮਰਨ ਸੰਸਾ ਨ ਚੁਕਾਵੈ। ਫਿਰਿ ਕਲਿਜੁਗ ਅੰਦਰਿ ਦੇਹ ਧਰਿ; ਕਰਮਾਂ ਅੰਦਰਿ ਫੇਰ ਫਸਾਵੈ।’’ (ਭਾਈ ਗੁਰਦਾਸ/ਵਾਰ ੧ ਪਉੜੀ ੧੫) ਗੁਰੂ ਜੀ ਭੀ ਕਹਿੰਦੇ ਹਨ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ) ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ ਆਵੈ ਜਾਈ ॥’’ (ਮਹਲਾ ੫/੯੯੯)
‘ਗੁਰੂ ਸਿਧਾਂਤ’ (ਸ਼ੀਸ਼ੇ) ’ਚ ਆਪਣੀ ਮੈਲ਼ ਵੇਖ-ਵੇਖ, ਜਿਸ ਨੂੰ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ॥’’ ਮਹਲਾ ੩/੬੫੧) ਕਿਹਾ ਹੈ, ਨੂੰ ਧੋਣਾ ਹੈ। ਇਹੀ ਹੈ ‘ਅਸਲ ਤੀਰਥ’ ‘‘ਅੰਤਰਗਤਿ ਤੀਰਥਿ (’ਤੇ) ਮਲਿ ਨਾਉ ..॥੨੧॥’’ (ਜਪੁ) ਜੋ ਧੋਣ ਲੱਗਾ, ਉਸ ਦੀ ਸੁਰਤਿ ਨੂੰ (ਗੁਰੂ ਵਾਙ) ‘ਹਰੀ ਜੋਤਿ’ ਦਾ ਅਹਿਸਾਸ ਹੋਣ ਲੱਗਦਾ ਹੈ, ‘‘ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥ (ਮਹਲਾ ੧/੪੨੧), ਆਤਮਾ ਪਰਾਤਮਾ ਏਕੋ ਕਰੈ ॥ ਅੰਤਰ ਕੀ ਦੁਬਿਧਾ; ਅੰਤਰਿ ਮਰੈ ॥’’ (ਮਹਲਾ ੧/੬੬੧) ਉਹ, ਗੁਰੂ ਵਾਙ ਅਮਰ ਹੋ ਗਿਆ, ‘‘ਪ੍ਰਭ ਕਉ ਸਿਮਰਹਿ; ਸਦਾ ਅਬਿਨਾਸੀ ॥ (ਮਹਲਾ ੫/੨੬੩), ਬ੍ਰਹਮਗਿਆਨੀ ਸਦ ਜੀਵੈ; ਨਹੀ ਮਰਤਾ ॥’’ (ਮਹਲਾ ੫/੨੭੪) ਇਹੀ ਕਾਰਨ ਹਨ ਕਿ ਗੁਰੂ ਨੇ ਸਰੀਰ ਦੀ ਥਾਂ ‘ਸੁਰਤਿ ਦੇ ੴ ਨਾਲ਼ ਸਬੰਧ’ (ਟਿਕਾਅ) ਨੂੰ ਚੇਲਾ ਕਿਹਾ। ‘ਸਰੀਰ’ (ਗੁਰੂ ਹੋਵੇ ਜਾਂ ਚੇਲਾ); ਕਦੇ ਅਮਰ ਨਹੀਂ ਹੁੰਦਾ।
ਜਦ ਕੋਈ ਜਨਮ ਲੈਂਦਾ ਹੈ ਤਾਂ ਕੁੱਝ ਚਾਨਣ; ਅੰਦਰਲੀ ਜੋਤਿ ਦਾ ਕਰਾਇਆ ਹੁੰਦਾ ਹੈ ਤਾਂ ਕਿ ਜੀਵ ਕੋਲ਼ ਪਾਲਣ-ਪੋਸ਼ਣ ਕਰਨ ਯੋਗੀ ਸਮਝ ਹੋਵੇ ਤੇ ਕੁਦਰਤ ਵਿਕਾਸ ਕਰ ਸਕੇ। ਇਸ ਤੋਂ ਬਿਨਾਂ ਕੋਈ ਪੈਦਾ ਨਹੀਂ ਹੁੰਦਾ, ‘‘ਸੁਰਤਿ ਵਿਹੂਣਾ; ਕੋਇ ਨ ਕੀਅ (ਕੀਤਾ)॥’’ (ਮਹਲਾ ੧/੨੫)
ਦੂਜੇ ਪਾਸੇ ਕਰਤਾਰ, ਜਿਸ ਨੂੰ ‘‘ਵਡਾ ਸਾਹਿਬੁ ਊਚਾ ਥਾਉ ..॥੨੪॥’’ ਕਿਹਾ ਹੈ, ਉਸ ਦੇ ‘ਊਚੇ ਨਾਉ’ ਨਾਲ਼ ਜੁੜਨ ਲਈ ਸੁਰਤਿ ਹੀ ਪੈਂਡਾ (ਚੇਲਾ) ਬਣਦੀ ਹੈ; ਜਿਵੇਂ ਕਿ ਵਾਕ ਹੈ, ‘‘ਮਨੁ ਕਰਿ ਬੈਲੁ, ਸੁਰਤਿ ਕਰਿ ਪੈਡਾ.. ॥’’ (ਭਗਤ ਕਬੀਰ/੧੧੨੩) ਜਿਉਂ ਜਿਉਂ ਸੁਰਤਿ ਉੱਚੀ ਹੁੰਦੀ ਹੈ; ਮਨ ਨੀਵਾਂ ਹੁੰਦਾ ਜਾਂਦਾ ਹੈ। ਅਰਦਾਸ ਰਾਹੀਂ ਭੀ ‘ਮਨ ਨੀਵਾਂ ਮੱਤ ਉੱਚੀ’ ਮੰਗੀਦਾ ਹੈ। ਇਸ ਤਰ੍ਹਾਂ ਜਨਮ ਤੋਂ ਮਿਲਦੀ ਸਮਝ ’ਚ ਵਾਧਾ ਹੁੰਦਾ ਹੈ, ਆਤਮਿਕ ਬਲ ਵਧਦਾ ਹੈ ਜਦਕਿ ਆਮ ਬੰਦਾ ਮਨ ਨੂੰ ਪੈਂਡਾ ਬਣਾ ਰੱਖਦਾ ਹੈ। ਸੁਰਤਿ ਉਸ ਦੇ ਪਿੱਛੇ ਚੱਲਦੀ ਹੈ; ਜਿਵੇਂ ਕਿ ‘‘ਕਹੁ ਕਬੀਰ ! ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥’’ (ਭਗਤ ਕਬੀਰ/੩੨੬) ਯਾਨੀ ਲੇਲੇ (ਮਨ) ਨੇ ਮਾਂ-ਭੇਡ ਨੂੰ ਚੁੰਘਣਾ ਸੀ, ਪਰ ਭੇਡ (ਸੁਰਤਿ); ਮਨ ਨੂੰ ਚੁੰਘਦੀ ਪਈ ਹੈ। ਮਨ ਮਾੜੇ ਕੰਮ ਕਰਾਉਂਦਾ ਹੈ, ਲਾਹਨਤਾਂ ਸੁਰਤਿ ਨੂੰ ਪੈਂਦੀਆਂ ਹਨ। ਜੇ ਸੁਰਤਿ ਮੂਹਰੇ ਤੁਰੇ ਤਾਂ ਹੀ ਮਨ ਪਿੱਛੇ-ਪਿਛੇ ਆਪਣਾ ਸੁਭਾਅ ਬਦਲੇਗਾ, ‘‘ਸੁਰਤੀ ਕੈ ਮਾਰਗਿ (’ਤੇ) ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥’’ (ਮਹਲਾ ੧/੧੩੨੯) ਇਉਂ ਮਨ ਸ਼ਰਮਿੰਦਾ ਹੋਏਗਾ, ਵਾਸ਼ਨਾ ਮਰੇਗੀ। ਸੁਰਤਿ ’ਚ ਆਤਮ ਪ੍ਰਕਾਸ਼ (ਬਲ) ਵਧੇਗਾ। ਹਨ੍ਹੇਰੇ ’ਚ ਪਈ ਰੱਸੀ; ਇੱਕ ਲਈ ਰੱਸੀ ਹੈ ਤੇ ਦੂਜੇ ਲਈ ਸੱਪ ਹੈ। ਪਹਿਲੇ ਕੋਲ਼ ਵੱਧ ਸਮਝ ਸੀ ਤਾਹੀਓਂ ਡਰਿਆ ਨਹੀਂ। ਇਹੀ ਹੈ ‘ਸ਼ਬਦ-ਸੁਰਤਿ ਦਾ ਮੇਲ, ਸੁਰਤਿ ਦਾ ਵਿਕਾਸ, ਧਰਮ ਦੀ ਕਮਾਈ’।
ਗੁਰੂ ਨਾਨਕ ਸਾਹਿਬ; ਮਨੁੱਖਾਂ ਵਾਙ ਆਵਾਗਮਣ ’ਚੋਂ ਮੈਲ਼ ਸਣੇ ਜਨਮ ਨਹੀਂ ਲੈਂਦੇ, ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥’’ (ਮਹਲਾ ੫/੭੪੯) ਉਹ, ਮਨੁੱਖਤਾ ਦੀ ਭਲਾਈ ਲਈ ਆਏ ਹਨ। ਉਨ੍ਹਾਂ ਦੀ ਸੁਰਤਿ; ਜਨਮ ਤੋਂ ‘ਪੂਰਨ ਵਿਕਸਿਤ’ ਹੈ ਤਾਹੀਓਂ ਗੁਰੂ ਨਾਨਕ ਜੀ ਬਾਰੇ ਕਿਹਾ, ‘‘ਸਤਜੁਗਿ (’ਚ ‘ਰਾਜ’) ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ (’ਚ ‘ਰਾਜ’) ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ (’ਚ) ਕ੍ਰਿਸਨ ਮੁਰਾਰਿ (ਬਣ); ਕੰਸੁ ਕਿਰਤਾਰਥੁ ਕੀਓ (ਕੰਸ ਨੂੰ ਮਾਰਿਆ) ॥ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ॥ ਕਲਿਜੁਗਿ (’ਚ) ਪ੍ਰਮਾਣੁ ਨਾਨਕ ਗੁਰੁ; ਅੰਗਦੁ, ਅਮਰੁ ਕਹਾਇਓ ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ+ਪੁਰਖਿ (ਨੇ) ਫੁਰਮਾਇਓ ॥੭॥’’ (ਭਟ ਕਲੵ/੧੩੯੦) ਯਾਨੀ ਗੁਰੂ ਨਾਨਕ ਜੀ; ਜਨਮ ਤੋਂ ‘ਹਰੀ ਜੋਤਿ’ ਸਮਾਨ ਹਨ ਜਾਂ ਕਹਿ ਲਈਏ ਕਿ ਹਰੀ; ਖ਼ੁਦ ‘ਨਾਨਕ ਜੋਤਿ’ ਬਣ ਜਨਮ ਲੈਂਦਾ ਹੈ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਯਾਨੀ ‘ਗੁਰੂ ਜੋਤਿ’ ਭੀ ਸਤਿਯੁਗ ਤੋਂ ਕਲਿਯੁਗ ਤੱਕ (ਕੁਦਰਤ ਦੇ ਆਦਿ ਤੋਂ ਅੰਤ/ਕਿਆਮਤ ਤੱਕ) ਕਾਇਮ ਰਹਿਣੀ ਹੈ। ਇਹ ਸਿਧਾਂਤ ੴ ਨੇ ਆਪ ਬਣਾਇਆ, ‘‘ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ॥੭॥’’ ‘ੴ’ ਤੇ ‘ਨਾਨਕ ਜੋਤਿ’ ਦੇ ਇਨ੍ਹਾਂ ਪਰਸਪਰ ਸਬੰਧਾਂ ਬਾਰੇ ਨਾਸਮਝੀ ਹੀ ‘ਭਗਤ ਬਨਾਮ ਗੁਰੂ’ ਵਿਵਾਦ ਦੀ ਜੜ੍ਹ ਹੈ।
ਈਸਾ ਮਸੀਹ ਨੂੰ ਆਪਣੇ ਧਰਮ ਬਾਰੇ ਸੋਝੀ 30 ਸਾਲ ਬਾਅਦ ਹੋਈ। ਜਨਮ ਤੋਂ ਉਹ ਯਹੂਦੀ ਸਨ। ਮਹਾਤਮਾ ਬੁੱਧ ਜਦ 35 ਸਾਲ ਦੇ ਹੋਏ ਤਾਂ ਆਪਣੇ ਧਰਮ ਦੀ ਸੋਝੀ ਹੋਈ। ਮਹਾਵੀਰ ਜੈਨ ਜਦ 42 ਸਾਲ ਦੇ ਹੋਏ ਤਾਂ ਆਪਣੇ ਧਰਮ ਦੀ ਸੋਝੀ ਹੋਈ। ਹਜਰਤ ਮੁਹੰਮਦ ਸਾਹਿਬ ਜਦ 39 ਸਾਲ ਦੇ ਹੋਏ ਤਾਂ ਆਪਣੇ ਧਰਮ ਦੀ ਸੋਝੀ ਹੋਈ, ਪਰ ਗੁਰੂ ਨਾਨਕ ਸਾਹਿਬ ਨੂੰ ਆਪਣੇ ਧਰਮ ਦੀ ਜਨਮ ਤੋਂ ਸਮਝ ਸੀ। 9 ਸਾਲ ਦੀ ਉਮਰ ’ਚ ਆਪ ਨੇ ਪਿਤਾ-ਪੁਰਖੀ ਰੀਤ (ਜਨੇਊ ਧਾਰਨ) ਤੋਂ ਮਨ੍ਹਾ ਕਰ ਦਿੱਤਾ ਜਦਕਿ ਈਸਾ ਮਸੀਹ ਨੇ ਪਿਤਾ-ਪੁਰਖੀ ਰੀਤ/ਸੁੰਨਤ ਕਰਾ ਲਈ। ਉਨ੍ਹਾਂ ਨੂੰ 30 ਸਾਲ ਬਾਅਦ ਆਈ ਸਮਝ, ਜੇ ਜਨਮ ਤੋਂ ਹੁੰਦੀ ਤਾਂ ਐਸਾ ਨਾ ਕਰਦੇ। ਹੁਣ ਈਸਾਈ ਕਿਵੇਂ ਕਹਿਣ ਕਿ ਸੁੰਨਤ ਕਰਨਾ, ਸਾਡਾ ਧਰਮ ਨਹੀਂ।
‘ਭਗਤ’ ਦੇ ਅੱਖਰੀਂ ਅਰਥ ਹਨ, ਭ-ਰੱਬ ਦੀ ਭੈ-ਭਾਵਨੀ/ਡਰ-ਅਦਬ, ਗ-ਆਤਮਿਕ ਗਿਆਨ, ਤ-ਸੰਸਾਰਕ ਖਿੱਚ ਦਾ ਤਿਆਗ/ਨਿਰਮੋਹ। ਭਗਤ; ਇੱਕ ਮਹਾਨ ਸ਼ਖ਼ਸੀਅਤ ਹੈ, ਪਰ ਇਹ ਮੁਕਾਮ ਇਸੇ ਜਨਮ ’ਚ ਹਾਸਲ ਕੀਤਾ ਹੁੰਦਾ ਹੈ। ‘ਭਗਤ’ ਬਾਰੇ ਇਹ ਨਹੀਂ ਕਹਿ ਸਕਦੇ ਕਿ ਉਹ ਆਵਾਗਮਣ ’ਚ ਨਹੀਂ ਹੁੰਦਾ। ਰਵਿਦਾਸ ਜੀ ਨੇ ਖ਼ੁਦ ਮੰਨਿਆ, ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥’’ (ਭਗਤ ਰਵਿਦਾਸ/੬੯੪) ਭਗਤ ਕਬੀਰ ਜੀ ਨੇ ਕਿਹਾ, ‘‘ਅਸਥਾਵਰ ਜੰਗਮ ਕੀਟ ਪਤੰਗਾ ॥ ਅਨਿਕ ਜਨਮ ਕੀਏ ਬਹੁ ਰੰਗਾ ॥੧॥ ਐਸੇ ਘਰ; ਹਮ ਬਹੁਤੁ ਬਸਾਏ ॥ ਜਬ ਹਮ ਰਾਮ ! ਗਰਭ ਹੋਇ ਆਏ ॥੧॥ ਰਹਾਉ ॥’’ (ਭਗਤ ਕਬੀਰ/੩੨੬) ਪਦ-ਅਰਥ : ਅਸਥਾਵਰ-ਰੁੱਖ। ਜੰਗਮ-ਪਸ਼ੂ-ਪੰਛੀ। ਇਸੇ ਕਾਰਨ ਭਗਤਾਂ ਨੇ ‘ਭਗਤੀ’ ਤੇ ‘ਗੁਰੂ ਦੀ ਸ਼ਰਨ/ਕਿਰਪਾ’ ਦਾ ਵਾਰ ਵਾਰ ਜ਼ਿਕਰ ਕੀਤਾ; ਜਿਵੇ
(1). ਭਗਤ ਕਬੀਰ ਜੀ : ‘‘ਗੁਰਿ (ਨੇ) ਦੀਨੀ ਬਸਤੁ ਕਬੀਰ ਕਉ; ਲੇਵਹੁ ਬਸਤੁ ਸਮ੍ਹਾਰਿ (ਸੰਭਾਲ਼) ॥ (ਭਗਤ ਕਬੀਰ/੯੭੦), ਕਬੀਰ ! ਸਾਚਾ ਸਤਿਗੁਰੁ ਮੈ (ਮੈਨੂੰ) ਮਿਲਿਆ; ਸਬਦੁ ਜੁ ਬਾਹਿਆ ਏਕੁ ॥ ਲਾਗਤ ਹੀ ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ ॥’’ (ਭਗਤ ਕਬੀਰ/੧੩੭੨)
(2). ਭਗਤ ਰਵਿਦਾਸ ਜੀ : ਭਗਤਿ ਹੇਤ (ਪ੍ਰੇਮ) ਗਾਵੈ ਰਵਿਦਾਸਾ ॥ (ਭਗਤ ਰਵਿਦਾਸ/੬੫੯), ਜਨ ਰਵਿਦਾਸ ਰਾਮ ਰੰਗਿ (’ਚ) ਰਾਤਾ ॥ ਇਉ ਗੁਰ ਪਰਸਾਦਿ (ਨਾਲ਼) ਨਰਕ ਨਹੀ ਜਾਤਾ ॥ (ਭਗਤ ਰਵਿਦਾਸ/੪੮੭), ਤਨੁ ਮਨੁ ਅਰਪਉ; ਪੂਜ ਚਰਾਵਉ ॥ ਗੁਰ ਪਰਸਾਦਿ (ਨਾਲ਼) ਨਿਰੰਜਨੁ ਪਾਵਉ ॥ (ਭਗਤ ਰਵਿਦਾਸ/੫੨੫) ਗੁਰੂ ਸਾਹਿਬਾਨ ਨੇ ਭੀ ਭਗਤਾਂ ਨੂੰ ਇਨ੍ਹਾਂ ਸਬੰਧਾਂ ਨਾਲ਼ ਹੀ ਯਾਦ ਕੀਤਾ; ਜਿਵੇਂ ਕਿ
(ੳ). ਨਾਮਾ ਛੀਬਾ ਕਬੀਰੁ ਜੁੋਲਾਹਾ; ਪੂਰੇ ਗੁਰ ਤੇ ਗਤਿ ਪਾਈ ॥ (ਮਹਲਾ ੩/੬੮)
(ਅ). ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥ (ਮਹਲਾ ੫/੪੮੮) ਇੱਥੇ ‘ਸਾਧਸੰਗਿ, ਭਗਤ ਤੇ ਭਗਤੀ’ ਸ਼ਬਦ ਵਰਤੇ ਹਨ।
(ੲ). ਸਾਧੂ (ਗੁਰੂ) ਸਰਣਿ ਪਰੈ, ਸੋ ਉਬਰੈ; ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥ ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ-ਜਨ (ਗੁਰੂ) ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥ (ਮਹਲਾ ੪/੮੩੫) ਜਦਕਿ ਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਭੀ ਨਹੀਂ ਲਿਖਿਆ ਕਿ ਮੈ ਭਗਤੀ ਕਰਕੇ ਜਾਂ ਗੁਰੂ ਦੀ ਸ਼ਰਨ ਪੈ ਕੇ ਇਹ ਮੁਕਾਮ ਹਾਸਲ ਕੀਤਾ ਹੈ।
‘ਭਗਤ’ ਤੇ ‘ਗੁਰੂ’ ਨੂੰ ਵੱਖ ਦਰਸਾਉਂਦੇ ਗੁਰੂ ਅਰਜਨ ਸਾਹਿਬ ਦੇ ਬਚਨ ਹਨ, ‘‘ਕਬੀਰਿ (ਨੇ) ਧਿਆਇਓ ਏਕ ਰੰਗ ॥ ਨਾਮਦੇਵ (ਦੇ) ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ (ਨੂੰ)॥ ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥’’ (ਮਹਲਾ ੫/੧੧੯੨) ਯਾਨੀ ਭਗਤ; ਪ੍ਰਭੂ ਨੂੰ ਸਿਮਰਦੇ ਹਨ ਜਾਂ ਉਹ ਆਪਣੇ ਅੰਗ-ਸੰਗ ਹਰੀ ਨੂੰ ਮਹਿਸੂਸ ਕਰਦੇ ਹਨ, ਪਰ ਗੁਰੂ ਨਾਨਕ ਜੀ ਨੂੰ ਗੋਬਿੰਦ ਦਾ ਰੂਪ ਕਿਹਾ ਹੈ।
ਇਤਿਹਾਸਕ ਮਿਸਾਲ: (1). ਭਗਤ ਕਬੀਰ ਜੀ ਨੂੰ ਬਾਦਿਸ਼ਾਹ ਸਿਕੰਦਰ ਲੋਦੀ ਨੇ ਕੈਦ ਕਰ ਲਿਆ। ਆਪ ਨੂੰ ਬੰਨ੍ਹ ਕੇ ਹਾਥੀ ਅੱਗੇ ਰੱਖ ਦਿੱਤਾ। ਮਹਾਵਤ ਨੂੰ ਕਿਹਾ ਕਿ ਹਾਥੀ ਇਸ ’ਤੇ ਚੜ੍ਹਾ ਦੇਹ। ਮਹਾਵਤ ਨੇ 3 ਵਾਰ ਕੋਸ਼ਿਸ਼ ਕੀਤੀ, ਪਰ ਹਾਥੀ ਨਾ ਚੜ੍ਹਿਆ ਤੇ ਉਹ ਬਚ ਗਏ। ਕਬੀਰ ਜੀ ਨੇ ਖ਼ੁਦ ਕਿਹਾ, ‘‘ਕਿਆ ਅਪਰਾਧੁ ਸੰਤ ਹੈ ਕੀਨ੍ਹਾ ?॥ ਬਾਂਧਿ ਪੋਟ; ਕੁੰਚਰ ਕਉ ਦੀਨ੍ਹਾ ॥ ਕੁੰਚਰੁ ਪੋਟ (ਨੂੰ) ਲੈ ਲੈ ਨਮਸਕਾਰੈ ॥ ਬੂਝੀ ਨਹੀ, ਕਾਜੀ ਅੰਧਿਆਰੈ ॥੩॥ ਤੀਨਿ ਬਾਰ; ਪਤੀਆ ਭਰਿ ਲੀਨਾ ॥ ਮਨ ਕਠੋਰੁ; ਅਜਹੂ ਨ ਪਤੀਨਾ ॥ ਕਹਿ ਕਬੀਰ ! ਹਮਰਾ ਗੋਬਿੰਦੁ ॥ ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥’’ (ਭਗਤ ਕਬੀਰ/੮੭੧) ਯਾਨੀ ਹਾਥੀ; ਕਬੀਰ ਜੀ ਨੂੰ ਨਮਸਕਾਰ ਕਰਦਾ ਰਿਹਾ, ਫਿਰ ਭੀ ਕਾਜ਼ੀ ਨਾ ਸਮਝਿਆ ਕਿ ਇਹ ਰੱਬ ਦਾ ਰੂਪ ਹੈ। ਚੌਥੇ ਪਦ (ਤੁਰੀਆ ਅਵਸਥਾ) ’ਚ ‘ਸੁਰਤਿ’ ਹੈ।
ਨੋਟ : ਤਿੰਨ ਪਦ ਹਨ ‘ਰਜੋ, ਤਮੋ, ਸਤੋ’। ‘ਰਜੋ’ ਭਾਵ ਪਦਾਰਥਾਂ ਲਈ ਦੌੜ-ਭੱਜ। ‘ਤਮੋ’ ਭਾਵ ਹਨ੍ਹੇਰਾ, ਆਤਮਿਕ ਸਮਝ ਨਾ ਹੋਣਾ। ‘ਸਤੋ’ ਭਾਵ ਕਦੇ ਕਦਾਈਂ ਵਿਖਾਵੇ ਮਾਤਰ ਕੀਤੇ ਚੰਗਾ ਕੰਮ। ਇਹ ਤਿੰਨੇ ਕਰਮ; ਮਾਇਆ ਅਧੀਨ ਹਨ।
(2). ਮੁਹੰਮਦ ਬਿਨ ਤੁਗਲਕ ਬਾਦਿਸ਼ਾਹ; ਭਗਤ ਨਾਮਦੇਵ ਜੀ ਨੂੰ ਕੈਦ ਕਰਕੇ ਆਪਣੀ ਮਰੀ ਹੋਈ ਗਾਂ ਨੂੰ ਜਿਊਂਦਾ ਕਰਨ ਲਈ ਦਬਾਅ ਪਾਉਂਦਾ ਹੈ ਵਰਨਾ ਜਾਨੋ ਮਾਰਨ ਦੀ ਧਮਕੀ ਦਿੰਦਾ ਹੈ, ‘‘ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ (ਮਰੀ) ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥’’ (ਭਗਤ ਨਾਮਦੇਵ/੧੧੬੬) ਨਾਮਦੇਵ ਜੀ ਨੇ ਕਿਹਾ ਬਾਦਿਸ਼ਾਹ ! ਐਸਾ ਨਹੀਂ ਹੁੰਦਾ। ਬਾਦਿਸ਼ਾਹ ਕ੍ਰੋਧਿਤ ਹੋ ਗਿਆ। ਆਪ ਨੂੰ ਬੰਨ੍ਹ ਕੇ ਹਾਥੀ ਅੱਗੇ ਰੱਖ ਦਿੱਤਾ। ਮਹਾਵਤ ਨੂੰ ਕਿਹਾ, ਇਸ ’ਤੇ ਹਾਥੀ ਚੜ੍ਹਾ ਦੇਹ, ‘‘ਬਾਦਿਸਾਹ ! ਐਸੀ ਕਿਉ ਹੋਇ ॥ ਬਿਸਮਿਲਿ ਕੀਆ; ਨ ਜੀਵੈ ਕੋਇ ॥੩॥ ਮੇਰਾ ਕੀਆ; ਕਛੂ ਨ ਹੋਇ ॥ ਕਰਿ ਹੈ ਰਾਮੁ; ਹੋਇ ਹੈ ਸੋਇ ॥੪॥ ਬਾਦਿਸਾਹੁ ਚੜਿ੍ਓ ਅਹੰਕਾਰਿ (’ਚ) ॥ ਗਜ ਹਸਤੀ ਦੀਨੋ ਚਮਕਾਰਿ ॥੫॥.. ਕਰੈ ਗਜਿੰਦੁ (ਹਾਥੀ); ਸੁੰਡ ਕੀ ਚੋਟ ॥ ਨਾਮਾ ਉਬਰੈ; ਹਰਿ ਕੀ ਓਟ ॥੮॥… ਅਪਨੇ ਭਗਤ ਪਰਿ ਕੀ (ਕੀਤੀ) ਪ੍ਰਤਿਪਾਲ ॥ ਗਰੁੜ ਚੜ੍ਹੇ ਆਏ ਗੋਪਾਲ ॥੧੬॥’’ (ਗੁਪਾਲ ਨੇ ਆ ਕੇ ਕਿਹਾ ਹੇ ਨਾਮਦੇਵ ! ਜੇ ਤੂੰ) ‘‘ਕਹਹਿ, ਤ ਧਰਣਿ (ਧਰਤੀ) ਇਕੋਡੀ ਕਰਉ ?॥.. ਕਹਹਿ, ਤ ਮੁਈ ਗਊ ਦੇਉ ਜੀਆਇ ?॥ ਸਭੁ ਕੋਈ ਦੇਖੈ ਪਤੀਆਇ (ਤਸੱਲੀ ਨਾਲ਼)॥੧੮॥ ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥’’ (ਭਗਤ ਨਾਮਦੇਵ/੧੧੬੬) ਭਾਵ ਪ੍ਰਮਾਤਮਾ ਦੇ ਹੁਕਮ ਨਾਲ਼ ਨਾਮਦੇਵ ਜੀ ਨੇ ਗਾਂ ਨੂੰ ਨਿਆਣਾ ਪਾ ਕੇ ਚੋਣ ਲਈ ਕਿਹਾ। ਨੌਕਰ; ਬੱਛਾ ਛੱਡ ਕੇ ਗਾਂ ਚੋਣ ਲੱਗੇ ਯਾਨੀ ਗਾਂ ਜਿਊਂਦੀ ਹੋ ਕੇ ਦੁੱਧ ਦੇਣ ਲੱਗ ਪਈ।
(3). ਦੂਜੇ ਪਾਸੇ ਗੁਰੂ ਨਾਨਕ ਸਾਹਿਬ; ਸੰਨ 1518 ’ਚ ਹੱਜ ਕਰਨ ਵਾਲ਼ਿਆਂ ਨਾਲ਼ ਮੱਕੇ ਗਏ। ਆਪ ਮਸੀਤ ’ਚ ਆਪਣੇ ਪੈਰ ਮਿਹਰਾਬ (ਮਸੀਤ ਦਾ ਗੇਟ, ਜਿੱਥੇ ਖੜ੍ਹ ਕੇ ਨਮਾਜ਼ ਪੜ੍ਹੀਦੀ ਹੈ) ਵੱਲ ਕਰਕੇ ਲੇਟ ਗਏ। ਮੁੱਲਾਂ ਨੇ ਆ ਕੇ ਲੱਤ ਮਾਰੀ ਤੇ ਕਿਹਾ ਕਿਹੜਾ ਕਾਫ਼ਰ (ਨਾਸਤਿਕ) ਸੁਤਾ ਹੈ ? ਗੁਰੂ ਜੀ ਨੇ ਕਿਹਾ, ਜਿੱਧਰ ਖ਼ੁਦਾ ਨਹੀਂ, ਓਧਰ ਮੇਰੇ ਪੈਰ ਕਰ ਦਿਓ। ਕਾਜ਼ੀ; ਜਿੱਧਰ ਭੀ ਪੈਰ ਕਰੇ, ਓਧਰ ਮੱਕਾ ਘੁੰਮਦਾ ਪ੍ਰਤੀਤ ਹੋਵੇ। ਆਖ਼ਿਰ ਗੁਰੂ ਜੀ ਤੋਂ ਮਾਫ਼ੀ ਮੰਗੀ, ਨਮਸਕਾਰ ਕੀਤੀ, ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ।… ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ। ਜਾ ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ (ਪੈਰ) ਪਸਾਰੀ। ਜੀਵਣਿ (ਠੋਕਰ) ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ ?। ਲਤਾ ਵਲਿ ਖੁਦਾਇ ਦੇ; ਕਿਉ ਕਰਿ ਪਇਆ, ਹੋਇ ਬਜਿਗਾਰੀ (ਪਾਪੀ) ?। ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ। ਹੋਇ ਹੈਰਾਨੁ; ਕਰੇਨਿ ਜੁਹਾਰੀ (ਸਿਜਦਾ) ॥੩੨॥’’ (ਭਾਈ ਗੁਰਦਾਸ/ਵਾਰ ੧ ਪਉੜੀ ੩੨)
(4). ਇੱਕ ਘਟਨਾ ਗੋਇੰਦਵਾਲ ਸਾਹਿਬ ਦੀ ਹੈ। ਸੰਨ 1556 ’ਚ ਬਾਉਲੀ ਪੁਟਾਈ ਗਈ ਤਾਂ ਜੋ ਦਿਵਾਲੀ ਅਤੇ ਵੈਸਾਖੀ ’ਤੇ ਹੋਣ ਵਾਲ਼ੇ ਸੰਗਤਾਂ ਦੇ ਵੱਡੇ ਇਕੱਠ ਲਈ ਪਾਣੀ ਦੀ ਘਾਟ ਨਾ ਰਹੇ। ਆਉਂਦੀਆਂ ਸੰਗਤਾਂ ਨੇ ਇੱਕ ਦਿਨ ਰਸਤੇ ’ਚ ਪ੍ਰੇਮਾ ਕੋੜ੍ਹੀ ਨੂੰ ਵੇਖਿਆ। ਜਿਸ ਦੇ ਜ਼ਖ਼ਮਾਂ ’ਚੋਂ ਖ਼ੂਨ ਤੇ ਬਦਬੂ ਰਿਸਦਾ ਸੀ। ਗੁਰੂ ਅਮਰਦਾਸ ਜੀ ਨੂੰ ਉਸ ਬਾਰੇ ਦੱਸਿਆ। ਗੁਰੂ ਜੀ ਨੇ ਕਿਹਾ ਕਿ ਉਸ ਨੂੰ ਲਿਆ ਕੇ ਮੇਰੇ ਇਸਨਾਨ ਕਰਨ ਵਾਲ਼ੇ ਚੁਬੱਚੇ ’ਚ ਇਸਨਾਨ ਕਰਾਓ। ਐਸਾ ਕੀਤਾ ਗਿਆ ਤੇ ਉਹ ਅਰੋਗ ਹੋ ਗਿਆ। ਉਸ ਦਾ ਨਾਂ ‘ਮੁਰਾਰੀ’ (ਰੋਗਾਂ ਦਾ ਵੈਰੀ) ਰੱਖਿਆ। ਉਸ ਨਾਲ਼ ਭਾਈ ਸੀਹਾਂ ਉੱਪਲ ਜੀ ਦੀ ਬੇਟੀ (ਮੱਥੋ) ਦਾ ਵਿਆਹ ਕੀਤਾ। ਇਸ ‘ਮੱਥੋ-ਮੁਰਾਰੀ’ ਜੋੜੇ ਨੂੰ ਗੁਰਮਤਿ ਦੇ ਪ੍ਰਚਾਰ ਲਈ ‘ਮੰਜੀ’ ਭੀ ਬਖ਼ਸ਼ਸ਼ ਦਿੱਤੀ।
ਨੋਟ : ਸੀਹਾਂ ਉੱਪਲ ਉਹ ਇਤਿਹਾਸਕਾਰ ਹੈ, ਜਿਸ ਨੇ ਸਭ ਤੋਂ ਪੁਰਾਤਨ ਗੁਰੂ ਨਾਨਕ ਸਾਹਿਬ ਦੀ ਜੀਵਨੀ (ਸਾਖੀ ਮਹਲੁ ਪਹਿਲੇ ਕੀ/ਰਚਨਾ ਕਾਲ 1570-74 ਈ.) ਲਿਖੀ ਹੈ। ਬਾਲਾ ਸਾਖੀ ਇਸ ਤੋਂ 80-90 ਸਾਲ ਬਾਅਦ ਸੰਨ 1655-59 ’ਚ ਲਿਖੀ ਸੀ। ਆਪ ਜੀ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ, ‘‘ਸੀਹਾਂ ਉਪਲੁ ਜਾਣੀਐ; ਗਜਣੁ ਉਪਲੁ ਸਤਿਗੁਰ ਭਾਵੈ।’’ (ਵਾਰ ੧੧, ਪਉੜੀ ੧੪) ਸੀਹਾਂ ਤੇ ਗੱਜਣ ਦੋਵੇਂ ਭਰਾ ਸਨ।
ਇੱਕ ਹੋਰ ਘਟਨਾ ਸਿਆਲਕੋਟ ਦੇ ਮੂਲਾ ਕਿਰਾੜ ਨਾਲ਼ ਸਬੰਧਿਤ ਹੈ। ਉਸ ਨੇ ਮਰਦਾਨਾ ਜੀ ਨੂੰ ਇੱਕ ਟਕੇ ’ਚ ਇਹ ਸੌਦਾ ਦਿੱਤਾ ਕਿ ‘ਮਰਨਾ ਸੱਚ ਹੈ ਤੇ ਜਿਊਣਾ ਝੂਠ’। ਕੁਝ ਸਮਾਂ ਇਹ, ਗੁਰੂ ਸਾਹਿਬ ਨਾਲ਼ ਸਫ਼ਰ ਭੀ ਕਰਦਾ ਰਿਹਾ। ਇੱਕ ਦਿਨ ਘਰਵਾਲੀ ਦੇ ਕਹਿਣ ’ਤੇ ਅੰਦਰ ਲੁਕ ਗਿਆ ਤੇ ਪਤਨੀ ਤੋਂ ਗੁਰੂ ਨਾਨਕ ਜੀ ਨੂੰ ਅਖਵਾਇਆ ਕਿ ਉਹ ਘਰੇ ਨਹੀਂ। ਗੁਰੂ ਜੀ ਦੇ ਜਾਣ ਪਿੱਛੋਂ ਅਚਨਚੇਤ ਸੱਪ ਲੜਿਆ ਤੇ ਮਰ ਗਿਆ। ਘਰੇ ਨਹੀਂ, ਝੂਠ ਸੱਚ ਹੋ ਨਿਬੜਿਆ। ਗੁਰੂ ਸਾਹਿਬ ਦੇ ਬੋਲ ਹਨ, ‘‘ਮਰਣਾ ਮੁਲਾ ! ਮਰਣਾ ॥ ਭੀ ਕਰਤਾਰਹੁ ਡਰਣਾ ॥੧॥ ਰਹਾਉ ॥ (ਮਹਲਾ ੧/੨੪), ਨਾਲਿ ਕਿਰਾੜਾ ਦੋਸਤੀ; ਕੂੜੈ ਕੂੜੀ ਪਾਇ ॥ ਮਰਣੁ (ਮੌਤ) ਨ ਜਾਪੈ ਮੂਲਿਆ ! ਆਵੈ ਕਿਤੈ+ਥਾਇ (’ਚ) ॥’’ (ਮਹਲਾ ੧/੧੪੧੨)
ਗੁਰੂ ਸਾਹਿਬਾਨ ਦਾ ਵਾਹ-ਵਾਸਤਾ, ਉਨ੍ਹਾਂ ਕੱਟੜ ਧਾਰਮਿਕ ਆਗੂਆਂ (ਜੋਗੀ, ਕਾਜ਼ੀ, ਪੰਡਿਤਾਂ) ਨਾਲ਼ ਪਿਆ, ਜਿਨ੍ਹਾਂ ਨੂੰ ਆਪਣੇ ਜੰਤਰ-ਮੰਤਰ, ਰੂਹਾਨੀਅਤ ਸ਼ਕਤੀਆਂ ’ਤੇ ਬਹੁਤ ਮਾਣ ਸੀ। ਧਰਮ-ਚਰਚਾਵਾਂ ਵੇਲ਼ੇ ਆਪਣੀਆਂ ਸ਼ਕਤੀਆਂ ਵਿਖਾਉਂਦੇ ਭੀ ਰਹੇ। ਇੱਕ ਘਟਨਾ ਨਾਨਕ ਮਤਾ (ਰੀਠਾ ਸਾਹਿਬ/ਉਤਰਾਖੰਡ) ਦੀ ਹੈ। ਗੁਰੂ ਨਾਨਕ ਸਾਹਿਬ ਇੱਥੇ 1508 ਈ. ’ਚ ਗਏ। ਜੋਗੀਆਂ ਨਾਲ਼ ਚਰਚਾ ਹੋਈ। ਉਹ ਸੱਚ ਦਾ ਸਾਮ੍ਹਣਾ ਨਾ ਕਰ ਸਕੇ ਤੇ ਹਾਰ ਮੰਨ ਲਈ। ਉਨ੍ਹਾਂ ਨੇ ਸੋਚਿਆ ਨਾਨਕ ਜੀ ਉੱਤੇ ਆਪਣੀ ਕਰਾਮਾਤ ਦਾ ਕਿਵੇਂ ਪ੍ਰਭਾਵ ਪਾਈਏ ਕਿਉਂਕਿ ਜੇ ਇਹ ਜੋਗੀ ਬਣ ਜਾਣ ਤਾਂ ਜੋਗ-ਮੱਤ ਵਧੇਗਾ। ਉਨ੍ਹਾਂ ਨੇ ਗੁਰੂ ਜੀ ਨੂੰ ਨੇੜਲੇ ਤਾਲਾਬ ’ਚੋਂ ਪਾਣੀ ਲੈਣ ਲਈ ਭੇਜਿਆ। ਦੂਜੇ ਪਾਸੇ ਕਰਾਮਾਤ ਨਾਲ਼ ਓਥੇ ਪਾਣੀ ਦੀ ਥਾਂ ਹੀਰੇ, ਜਵਾਹਰਰਾਤ ਭਰ ਦਿੱਤੇ। ਗੁਰੂ ਜੀ ਤਾਂ ਭੀ ਪ੍ਰਭਾਵਤ ਨਾ ਹੋਏ। ਖ਼ਾਲੀ ਲੋਟਾ ਲੈ ਕੇ ਵਾਪਸ ਆ ਗਏ ਤੇ ਕਿਹਾ ਕਿ ਓਥੇ ਪਾਣੀ ਨਹੀਂ ਹੈ, ‘‘ਸਿਧੀ ਮਨੇ ਬੀਚਾਰਿਆ; ਕਿਵੈ (ਸਾਡੇ) ਦਰਸਨ ਏ ਲੇਵੈ ਬਾਲਾ ?। ਐਸਾ ਜੋਗੀ ਕਲੀ ਮਹਿ; ਹਮਰੇ ਪੰਥ ਕਰੇ ਉਜਿਆਲਾ। ਖਪਰ ਦਿਤਾ ਨਾਥ ਜੀ; ਪਾਣੀ ਭਰਿ ਲੈਵਣਿ ਉਠਿ ਚਾਲਾ। ਬਾਬਾ ਆਇਆ ਪਾਣੀਐ; ਡਿਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧਿ ਪੁਰਖੁ; ਕੇਹੜਾ ਝਲੇ ਗੁਰੂ ਦੀ ਝਾਲਾ। ਫਿਰਿ ਆਇਆ ਗੁਰ, ਨਾਥ ਜੀ ! ਪਾਣੀ ਠਉੜ ਨਹੀ ਉਸਿ ਤਾਲਾ। ਸਬਦਿ (ਨਾਲ਼) ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ। ਕਲਿਜੁਗ ਨਾਨਕ ਨਾਮ ਸੁਖਾਲਾ ॥੩੧॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੧) ਗੁਰੂ ਜੀ ਇਨ੍ਹਾਂ ਫੋਕਟ ਕਰਾਮਾਤਾਂ ਵਿਰੁਧ ਸਨ, ‘‘ਸਿਧਿ ਬੋਲਨਿ ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ ?। ਕੁਝ ਵਿਖਾਲੇਂ ਅਸਾ ਨੋ; ਤੁਹਿ ਕਿਉ ਢਿਲ ਅਵੇਹੀ ਲਾਈ ?। ਬਾਬਾ ਬੋਲੇ ਨਾਥ ਜੀ ! ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ (ਕੋਈ)। ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ (ਰੱਤੀ ਭੀ)..॥੪੨॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੨) ਉਞ ਗੁਰੂ ਸਾਹਿਬ; ਆਪਣੇ ਰੂਹਾਨੀਅਤ ਬਲ (ਕਰਾਮਾਤ) ਆਸਰੇ ਹੀ ਪ੍ਰਾਚੀਨ ਮੱਤਾਂ ਦੇ ਕੇਂਦਰਾਂ ’ਤੇ ਜਾ-ਜਾ ਕੇ ਜਿੱਤਾਂ ਪ੍ਰਾਪਤ ਕਰਦੇ ਰਹੇ ਹਨ। ਆਪ ਦੀ ਉਮਰ ਸੰਨ 1508 ’ਚ 39 ਸਾਲ ਸੀ, ਫਿਰ ਭੀ ਜੋਗੀ; ਆਪ ਨੂੰ ਬਾਲਾ (ਬੱਚਾ) ਕਹਿੰਦੇ ਹਨ। ਇਞ ਜਾਪਦਾ ਹੈ ਕਿ ਉਨ੍ਹਾਂ ਨੇ ਰਿਧੀਆਂ ਸਿੱਧੀਆਂ ਨਾਲ਼ ਉਮਰਾਂ ਵਧਾ ਰੱਖੀਆਂ ਸਨ। ਗੁਰੂ ਸਾਹਿਬ ਸਾਮ੍ਹਣੇ ਐਸੇ ਅਨੇਕਾਂ ਕੌਤਕ ਕੀਤੇ ਜਾਂਦੇ ਰਹੇ, ਪਰ ਆਪ ’ਤੇ ਕੋਈ ਅਸਰ ਨਾ ਹੁੰਦਾ। ਸਤੰਬਰ 1708 ’ਚ ਨੰਦੇੜ ਸਾਹਿਬ ਵਿਖੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਨੇ ਭੀ ਆਪਣੀ ਕਰਾਮਾਤ ਨਾਲ਼ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਮਾਧੋ ਦਾਸ ਦੇ ਡੇਰੇ ’ਚ ਉਸ ਦੇ ਮੱਜੇ ’ਤੇ ਬੈਠ ਗਏ ਸਨ, ਨੂੰ ਹੇਠਾਂ ਸੁੱਟਣਾ ਚਾਹਿਆ, ਪਰ ਅਸਫਲ ਰਿਹਾ। ਆਖ਼ਿਰ ਉਸ ਨੇ ਹਾਰ ਮੰਨ ਕੇ ਮਾਫ਼ੀ ਮੰਗੀ। ਮਹੀਨਾ ਕੁ ਗੁਰੂ ਜੀ ਦੀ ਸੰਗਤ ਕਰਕੇ ਉਸ ਨੇ ਉਹ ਸ਼ਕਤੀਆਂ ਪਾ ਲਈਆਂ, ਜਿਨ੍ਹਾਂ ਦੇ ਆਸਰੇ ਪੰਜਾਬ ’ਚ ਆ ਕੇ ਤਰਥੱਲੀ ਮਚਾ ਦਿੱਤੀ। ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਪਾਪੀ ਸੂਬੇਦਾਰ ਵਜ਼ੀਰ ਖ਼ਾਨ (ਸਰਹੰਦ) ਨੂੰ ਮਾਰ ਦਿੱਤਾ। ਜੇਕਰ ਗੁਰੂ ਸਾਹਿਬਾਨ ਅੰਦਰ ਇਹ ਵਿਸ਼ੇਸ਼ ਸ਼ਕਤੀਆਂ ਨਾ ਹੁੰਦੀਆਂ ਤਾਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਐਨਾ ਵਾਧਾ ਨਾ ਹੁੰਦਾ।
ਉਕਤ ਗੁਰੂ ਸਾਹਿਬਾਨ ਨਾਲ਼ ਸਬੰਧਿਤ ਘਟਨਾਵਾਂ ’ਚ ਗੁਰੂ ਜੀ ਜਿੱਥੇ ਪ੍ਰਾਚੀਨ ਧਰਮਾਂ ਦੇ ਕੇਂਦਰਾਂ ’ਤੇ ਜਾ-ਜਾ ਵੱਡੇ ਵੱਡੇ ਵਿਦਵਾਨਾਂ (ਪੰਡਿਤਾਂ, ਕਾਜ਼ੀਆਂ, ਸਿੱਧਾਂ, ਪੀਰਾਂ, ਆਦਿ) ਦੀ ਸੋਚ ਨੂੰ ਊਣੀ (ਗ਼ਲਤ) ਸਾਬਤ ਕਰ ਆਪਣੀ ‘ਵਿਕਸਿਤ ਸੁਰਤਿ’ ਦਾ ਲੋਹਾ ਮੰਨਵਾਇਆ; ਓਥੇ ਪ੍ਰੇਮਾ-ਕੋੜ੍ਹੀ ਵਰਗੇ ਅਸਾਧ ਰੋਗੀਆਂ ਨੂੰ ਭੀ ਅਰੋਗ ਕਰਕੇ ਮਹਾਨ ਵਿਦਵਾਨ (ਪ੍ਰਚਾਰਕ) ਥਾਪ ਦਿੱਤਾ ਜਦਕਿ ਭਗਤਾਂ ਨਾਲ਼ ਸਬੰਧਿਤ ਘਟਨਾਵਾਂ ’ਚ ਹਰੀ; ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ; ਜਿਵੇਂ ਕਿ ਪਾਵਨ ਬਚਨ ਹਨ, ‘‘ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ! ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ! ਮਨਮੁਖ ਭਰਮਿ (’ਚ) ਭੁਲਾਇਆ ॥’’ (ਮਹਲਾ ੩/੬੩੭) ਗੁਰਮੁਖ ਹੀ ਇਸ ’ਤੇ ਭਰੋਸਾ ਕਰਨਗੇ। ਮਨਮੁਖ (ਨਾਸਤਿਕ) ਤਾਂ ਕੁਰਾਹੇ ਪਾ ਕੇ ਭਟਕਣਾ ’ਚ ਪਾਏ ਹੁੰਦੇ ਹਨ ਯਾਨੀ ਉਹ ਅੰਦਰ ਸ਼ਰਧਾ ਨਹੀਂ ਪਨਪ ਸਕਦੀ। ਸੋ ਨਾਸਤਿਕ ਹੋਣਾ ਭੀ ਵੱਡਾ ਭਰਮ ਹੈ। ਅਫ਼ਸੋਸ ਕਿ ਐਸੇ ਲੋਕ; ਬੰਦੇ ਦੀ ਸ਼ਰਧਾ ਤੋੜਨ ਲਈ ਧਾਰਮਿਕ ਲਿਬਾਸ ਭੀ ਧਾਰ ਲੈਂਦੇ ਹਨ ਤੇ ਖ਼ੁਦ ਨੂੰ ਨਾਸਤਿਕ ਅਖਵਾਉਣਾ ਭੀ ਪਸੰਦ ਨਹੀਂ ਕਰਦੇ। ਮਾੜੇ ਭਾਗਾਂ ਦੀ ਇਹੀ ਨਿਸ਼ਾਨੀ ਹੈ।
ਭੱਟ ਸਾਹਿਬਾਨ ਨੇ ਭੀ ਭਗਤਾਂ ਲਈ ‘ਭਗਤ’ ਸ਼ਬਦ ਵਰਤਿਆ ਹੈ, ‘‘ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥ ਨਾਮਾ ਭਗਤੁ ਕਬੀਰੁ; ਸਦਾ ਗਾਵਹਿ ਸਮ ਲੋਚਨ ॥ ਭਗਤੁ ਬੇਣਿ ਗੁਣ ਰਵੈ; ਸਹਜਿ ਆਤਮ ਰੰਗੁ ਮਾਣੈ ॥’’ (ਭਟ ਕਲੵ/੧੩੯੦) ਇਸ ਦਾ ਇਹ ਭਾਵ ਨਹੀਂ ਕਿ ‘ਭਗਤ’ ਬਣਨਾ ਸੁਖਾਲਾ ਹੈ। ਕਰੋੜਾਂ ’ਚੋਂ ਕੋਈ ਵਿਰਲਾ ਹੀ ਭਗਤ ਬਣਦਾ ਹੈ, ‘‘ਹੈਨਿ ਵਿਰਲੇ ਨਾਹੀ ਘਣੇ…॥ (ਮਹਲਾ ੧/੧੪੧੧), ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ (’ਚ)॥’’ (ਮਹਲਾ ੯/੧੪੨੭) ਇਹ ਦੋਵੇਂ ਗੁਰੂ ਸਾਹਿਬਾਨ; ਸਮਾਜ ’ਚ ਸਭ ਤੋਂ ਵੱਧ ਵਿਚਰ ਕੇ ਇਸ ਨਤੀਜੇ ’ਤੇ ਪੁੱਜੇ ਹਨ। ਭਗਤ ਰਵਿਦਾਸ ਜੀ ਭੀ ਮੰਨਦੇ ਹਨ, ‘‘ਪੰਡਿਤ ਸੂਰ ਛਤ੍ਰਪਤਿ ਰਾਜਾ; ਭਗਤ ਬਰਾਬਰਿ ਅਉਰੁ ਨ ਕੋਇ ॥’’ (ਭਗਤ ਰਵਿਦਾਸ/੮੫੮) ਇਸੇ ਕਾਰਨ ਸਿੱਖ ਜਗਤ ’ਚ ਕਿਸੇ ਨੂੰ ਭੀ ‘ਭਗਤ’ ਉਪਾਧੀ ਦੇਣਾ ਮਨ੍ਹਾ ਹੈ।
ਸੋ ‘ਗੁਰੂ’ ਜਨਮ ਤੋਂ ‘ਪੂਰਨ ਵਿਕਸਿਤ ਸੁਰਤਿ’ ਦਾ ਮਾਲਕ ਹੁੰਦਾ ਹੈ ਤੇ ਭਗਤ; ਇਸ ਜਨਮ ’ਚ ਗੁਰੂ ਦੀ ਰਾਹੀਂ ‘ਪੂਰਨ ਵਿਕਸਿਤ ਸੁਰਤਿ’ ਬਣਾਉਂਦਾ ਹੈ। ਗੁਰਬਾਣੀ ਅਨੁਸਾਰ ਗੁਰੂ ਨਾਨਕ ਸਾਹਿਬ ਹੀ ਜਨਮ ਤੋਂ ‘ਗੁਰੂ’ ਹਨ। ਆਪ ਨੇ ‘ਨਿਰਾਕਾਰ ਦੀ ਹੋਂਦ, ਉਸ ਦੇ ਗੁਣ, ਉਸ ਦਾ ਹੁਕਮ ਤੇ ਦਾਤਾਂ ਦੀ ਵਿਆਪਕ ਵਿਆਖਿਆ ਕੀਤੀ ਹੈ। ਕੁਦਰਤ ਅਤੇ ਮਨੁੱਖ ਦੇ ਸੁਭਾਅ ਦਾ ਭੀ ਗਹਿਰਾ ਵਿਸ਼ਲੇਸ਼ਣ ਕੀਤਾ। ਫਿਰ ਭੀ ਆਪ ਨੇ ਖ਼ੁਦ ਨੂੰ ‘ਨੀਚੁ’ ਮੰਨਿਆ। ਗੁਰਬਾਣੀ ’ਚ 6 ਵਾਰ ‘ਨਾਨਕੁ ਨੀਚੁ’ ਸੰਯੁਕਤ ਸ਼ਬਦ ਹਨ, ਜੋ ਕੇਵਲ ਆਪ ਨੇ ਹੀ ਵਰਤੇ ਤਾਂ ਕਿ ਮਤਾਂ ਕਿਤੇ ਐਨੀ ਵਿਆਪਕ ਵਿਆਖਿਆ ਕਰਦਿਆਂ ਮਨ ’ਚ ਮਾਣ ਆ ਜਾਵੇ। ਆਪ ਨੇ ਹੀ ਵਾਰ-ਵਾਰ ਕਿਹਾ, ‘‘ਨਾਨਕੁ ਨੀਚੁ ਕਹੈ ਬੀਚਾਰੁ ॥ (ਮਹਲਾ ੧/੨੪), ਨਾਨਕੁ ਨੀਚੁ ਕਹੈ ਲਿਵ ਲਾਇ ॥ (ਮਹਲਾ ੧/੨੨੩), ਨਾਨਕੁ ਨੀਚੁ ਭਿਖਿਆ ਦਰਿ ਜਾਚੈ; ਮੈ ਦੀਜੈ ਨਾਮੁ ਵਡਾਈ ਹੇ ॥ (ਮਹਲਾ ੧/੧੦੨੧), ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ॥’’ (ਮਹਲਾ ੧/੧੦੨੨), ਆਦਿ।
ਆਪ ਨੇ ੴ ਦੀ ਹੋਂਦ/ਜੋਤਿ ਨੂੰ ਸਰਬ ਵਿਆਪਕ ਬਿਆਨ ਕੀਤਾ ਹੈ। ਨਾਲ਼ ਇਹ ਭੀ ਕਿਹਾ ਕਿ ਜਿਹੜਾ ਇਸ ਨੂੰ ਅੰਦਰੋਂ ਵੇਖ ਕੇ ਹੋਰਾਂ ਨੂੰ ਵਿਖਾ ਦੇਵੇ; ਓਹੀ ਹਰੀ ਰੂਪ ਹੈ, ਅਸਲ ਗੁਰੂ ਹੈ, ‘‘ਜੋ ਦੇਖਿ (ਕੇ) ਦਿਖਾਵੈ; ਤਿਸ ਕਉ ਬਲਿ ਜਾਈ ॥ (ਮਹਲਾ ੧/੮੩੯), ਕੀਮਤਿ ਕਉਣ ਕਰੇ, ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ ॥ (ਤੁਖਾਰੀ ਬਾਰਹਮਾਹਾ/ਮਹਲਾ ੧/੧੧੦੮), ਘਰ ਮਹਿ ਘਰੁ; ਜੋ ਦੇਖਿ ਦਿਖਾਵੈ ॥ ਗੁਰ ਮਹਲੀ ਸੋ ਮਹਲਿ (’ਚ) ਬੁਲਾਵੈ ॥ (ਮਹਲਾ ੧/੧੧੮੯), ਅਗਮੁ ਅਗੋਚਰੁ ਦੇਖਿ ਦਿਖਾਏ; ਨਾਨਕੁ ਤਾ ਕਾ ਦਾਸੋ ॥’’ (ਸਿਧ ਗੋਸਟਿ/ਮਹਲਾ ੧/੯੩੮) ਐਸੇ ਕਈ ਪਾਵਨ ਬਚਨ; ਕੇਵਲ ਆਪ ਜੀ ਦੇ ਹੀ ਮਿਲਦੇ ਹਨ।
ਧਰਮ ਦੇ ਖੇਤਰ ’ਚ ਹਥਲਾ ਵਿਸ਼ਾ ਬੜਾ ਗਹਿਰਾ ਹੈ। ਇਸ ਲੇਖ ’ਚ ਬਹੁਤੇ ਸ਼ਬਦ ਭੀ ਆਪ ਜੀ ਦੇ ਹੀ ਹਨ। ਆਪ ਹੀ ਜਨਮ ਤੋਂ ‘‘ਜੋਤਿ ਰੂਪਿ (’ਚ) ਹਰਿ ਆਪਿ.. ॥’’ ਹੈਂ। ਬਾਕੀ ਸਮੂਹ ਬਾਣੀਕਾਰ ਤਾਂ ਭਗਤ ਸਨ; ਜਿਵੇਂ ਕਿ ਪੰਜਵੇਂ ਪਾਤਿਸ਼ਾਹ ਨੂੰ ਜਨਮ ਤੋਂ ‘ਭਗਤ’ ਕਿਹਾ ਹੈ, ‘‘ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ ॥੧॥’’ (ਭਟ ਕਲੵ/੧੪੦੭) ਇਤਿਹਾਸ ਗਵਾਹ ਹੈ ਕਿ ਭਾਈ ਲਹਿਣਾ ਜੀ; ਜਦ ਗੁਰੂ ਨਾਨਕ ਸਾਹਿਬ ਦੀ ਸ਼ਰਨ (ਅਪਰੈਲ 1532, ਕਰਤਾਰਪੁਰ ਸਾਹਿਬ, ਲਹਿੰਦੇ ਪੰਜਾਬ) ਆਏ ਤਾਂ ਆਪ 28 ਸਾਲ ਦੇ ਸਨ। 7 ਸਾਲ 5 ਮਹੀਨੇ ਸੇਵਾ-ਬੰਦਗੀ ਕੀਤੀ, ਫਿਰ 14 ਜੂਨ 1539 ਨੂੰ ‘ਨਾਨਕ ਜੋਤਿ’ ਦੇ ਵਾਰਸ਼ (ਗੁਰੂ ਅੰਗਦ ਸਾਹਿਬ) ਬਣੇ। ਇਸੇ ਤਰ੍ਹਾਂ (ਗੁਰੂ) ਅਮਰਦਾਸ ਜੀ; ਸੰਨ 1544 ’ਚ ਗੁਰੂ ਅੰਗਦ ਸਾਹਿਬ ਦੀ ਸ਼ਰਨ ਖਡੂਰ ਸਾਹਿਬ ਆਏ ਤਾਂ ਆਪ ਜੀ 65 ਸਾਲ ਦੇ ਸਨ। 8 ਸਾਲ ਸੇਵਾ-ਭਗਤੀ ਕੀਤੀ, ਫਿਰ 29 ਮਾਰਚ 1552 ਨੂੰ ‘ਨਾਨਕ ਜੋਤਿ’ ਦੇ ਤੀਜੇ ਵਾਰਸ਼ ਹੋਏ। ਭੱਟ ਸਾਹਿਬਾਨ ਨੇ ਭੀ ਕਿਹਾ, ‘‘ਗੁਰ ਨਾਨਕ ਅੰਗਦ ਅਮਰ ਲਾਗਿ (ਕੇ); ਉਤਮ ਪਦੁ ਪਾਯਉ ॥’’ (ਭਟ ਕਲੵ/੧੪੦੭) ਭਾਵ ਗੁਰੂ ਦੀ ਸ਼ਰਨ ਪੈ ਕੇ ਹੀ ਪਹਿਲੇ ਤੇ ਦੂਜੇ ਪਾਤਿਸ਼ਾਹ ਨੇ ਸਰਬੋਤਮ ਪਦ ਪ੍ਰਾਪਤ ਕੀਤਾ ਹੈ।
ਭਾਈ ਜੇਠਾ (ਗੁਰੂ ਰਾਮਦਾਸ) ਜੀ ਭੀ ਜਦ ਸੰਨ 1544-45 ’ਚ ਗੁਰੂ ਅੰਗਦ ਸਾਹਿਬ ਦੀ ਸ਼ਰਨ ਖਡੂਰ ਸਾਹਿਬ ਆਏ ਤਾਂ ਆਪ ਜੀ 10-11 ਸਾਲ ਦੇ ਸਨ। 30 ਸਾਲ ਸੇਵਾ-ਬੰਦਗੀ ਕੀਤੀ, ਫਿਰ 1 ਸਤੰਬਰ 1574 (੨ ਅੱਸੂ ਬਿਕ੍ਰਮੀ ਸੰਮਤ ੧੬੩੧/ਨਾਨਕਸ਼ਾਹੀ ਸੰਮਤ ੧੦੬) ਨੂੰ ‘ਨਾਨਕ ਜੋਤਿ’ ਦੇ ਚੌਥੇ ਵਾਰਸ਼ ਬਣੇ ਯਾਨੀ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਬਾਕੀ ਗੁਰੂ ਸਾਹਿਬਾਨ; ਜਨਮ ਤੋਂ ‘ਗੁਰੂ’ ਨਹੀਂ ਸਨ। ਐਸਾ ਹੀ ਭੱਟ ਹਰਿਬੰਸ ਜੀ ਕਿਹਾ, ‘‘ਮਿਲਿ ਨਾਨਕ, ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ॥’’ (ਭਟ ਹਰਿਬੰਸ/੧੪੦੯)
ਅਗਾਂਹ 10ਵੇਂ ਪਾਤਿਸ਼ਾਹ ਤੱਕ ਭੀ ਜਨਮ ਤੋਂ ਕੋਈ ‘ਗੁਰੂ’ ਨਹੀਂ ਸੀ, ਪਰ ਹਾਂ (ਘਰ ’ਚ ਗੁਰਿਆਈ ਹੋਣ ਕਾਰਨ) ਬਾਲਪਣ ਤੋਂ ਜ਼ਰੂਰ ਭਗਤ ਬਣ ਗਏ; ਜਿਵੇਂ ਕਿ 5ਵੇਂ ਪਾਤਿਸ਼ਾਹ ਬਾਰੇ ਕਿਹਾ ਹੈ, ‘‘ਗੁਰ ਰਾਮਦਾਸ ਘਰਿ (’ਚ) ਕੀਅਉ ਪ੍ਰਗਾਸਾ ॥ ਸਗਲ ਮਨੋਰਥ ਪੂਰੀ ਆਸਾ ॥ ਤੈ ਜਨਮਤ; ਗੁਰਮਤਿ ਬ੍ਰਹਮੁ ਪਛਾਣਿਓ ॥ (ਭਟ ਕਲੵ/੧੪੦੭) ਭਾਵ ਗੁਰੂ ਰਾਮਦਾਸ ਜੀ ਦੇ ਘਰ ’ਚ ਜਨਮ ਹੋਣ ਕਾਰਨ ਹੇ ਗੁਰੂ ਅਰਜਨ ਜੀ ! ਤੈਂ ਨਾਬਾਲਗ਼ ਸਮੇਂ ਤੋਂ ਭਗਤੀ ਕੀਤੀ, ਪ੍ਰਭੂ ਨੂੰ ਪਹਿਚਾਣਿਆ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਨਾਨਕ ਜੋਤਿ’ ਦੇ ਵਾਰਸ਼ ਬਣਨ ਤੋਂ ਬਾਅਦ 9 ਗੁਰੂ ਸਾਹਿਬਾਨ ਭੀ ‘ਹਰੀ ਜੋਤਿ’ ਸਮਾਨ ਹੋ ਗਏ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਬਾਰੇ ਕਿਹਾ ਹੈ, ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ॥’’ (ਭਟ ਮਥੁਰਾ/੧੪੦੯), ਪਰ ਇਹ ਅਵਸਥਾ; ‘ਨਾਨਕ ਜੋਤਿ’ ਕਾਰਨ ਬਣੀ ਹੈ। ਪਹਿਲੇ ਪਾਤਿਸ਼ਾਹ ਦੀ ‘ਵਿਕਸਿਤ ਸੋਚ’ (ਗੁਰਮਤਿ ਸਿਧਾਂਤ) ਤੇ ‘ਜੋਤਿ’ (ਰੂਹਾਨੀਅਤ ਬਲ); ਗੁਰੂ ਅੰਗਦ ਸਾਹਿਬ ’ਚ ਬਦਲਣ ਦਾ ਜ਼ਿਕਰ ਹੈ, ‘‘ਜੋਤਿ ਓਹਾ ਜੁਗਤਿ ਸਾਇ; ਸਹਿ (ਨਾਨਕ ਨੇ) ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬) ਗੁਰੂ ਰਾਮਦਾਸ ਜੀ ਦੀ ‘ਵਿਕਸਿਤ ਸੋਚ’ ਤੇ ‘ਜੋਤਿ’; ਗੁਰੂ ਅਰਜਨ ਸਾਹਿਬ ’ਚ ਬਦਲਣ ਦਾ ਜ਼ਿਕਰ ਹੈ, ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥’’ (ਭਟ ਮਥੁਰਾ/੧੪੦੯)
—ਚਲਦਾ—










