ਧਰਮ ’ਚ ‘ਸ਼ਹਾਦਤ’ ਦਾ ਯੋਗਦਾਨ
ਗਿਆਨੀ ਅਵਤਾਰ ਸਿੰਘ
‘ਧਰਮ’ ਤੋਂ ਭਾਵ ਹੈ ‘ਸਚਾਈ, ਪੂਰਨ ਸਚਾਈ’। ਜੇਕਰ ਸਮਾਜਿਕ ਪੈਮਾਨੇ (ਨਜ਼ਰੀਏ) ਨਾਲ਼ ਵੇਖੀਏ ਤਾਂ ਸੂਰਜ, ਚੰਦ, ਧਰਤੀ, ਮਾਂ, ਬਾਪ, ਰਿਸ਼ਤੇਦਾਰ, ਪਸ਼ੂ-ਪੰਛੀ, ਪਾਣੀ, ਹਵਾ, ਅੱਗ, ਬਨਸਪਤੀ, ਆਦਿ ਵਿਖਾਈ ਦਿੰਦੀ ਕੁਦਰਤ ਜਾਂ ਬ੍ਰਹਿਮੰਡ; ‘ਸੱਚ’ ਹੀ ਹੈ, ਪਰ ਧਰਮ ਦੇ ਪੈਮਾਨੇ ਨਾਲ਼ ਵੇਖਿਆਂ ਇਹ ਸਭ ਛਲ-ਕਪਟ ਹੈ, ਧੂਏਂ ਦਾ ਪਹਾੜ (ਫੈਲਾਅ) ਹੈ, ‘‘ਇਹੁ ਜਗੁ ਧੂਏ ਕਾ ਪਹਾਰ ॥’’ (ਮਹਲਾ ੯/੧੧੮੭) ਸਦੀਵੀ ਸਾਥ ਦੇਣ ਵਾਲ਼ਾ ਨਹੀਂ। ਧਰਮ; ਇਸ ਅਸੱਚ (ਝੂਠ) ਤੋਂ ਅਗਾਂਹ ਸੱਚ (ਸਦੀਵੀ ਸਥਿਰ ਪ੍ਰਭੂ) ਬਾਰੇ ਜਾਣਨ ਲਈ ਸ਼ਰਧਾਵਾਨ ਮਨੁੱਖ ਨੂੰ ਪ੍ਰੇਰਦਾ ਹੈ, ਤਿਆਰ ਕਰਦਾ ਹੈ, ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥’’ (ਮਹਲਾ ੫/੧੦੯੬) ਭਾਵ ਅਗਾਂਹ ਨੂੰ ਵਧ, ਪਿਛਾਂਹ ਨਾ ਮੁੜ।
ਮਨੁੱਖ ਕੋਲ਼ ‘ਸੱਚ’ ਨੂੰ ਜਾਣਨ ਦਾ ਪੈਮਾਨਾ; ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਹੀ ਹਨ। ਜੀਭ; ਕੌੜੇ, ਖੱਟੇ-ਮਿੱਠੇ, ਆਦਿ ਦਾ ਅਹਿਸਾਸ ਕਰਾਉਂਦੀ ਹੈ। ਅੱਖਾਂ; ਵਸਤੂ ਦਾ ਆਕਾਰ ਤੇ ਰੰਗ-ਰੂਪ ਵਿਖਾਉਂਦੀਆਂ ਹਨ। ਨੱਕ; ਸੁਗੰਧ-ਦੁਰਗੰਧ ਤੋਂ ਜਾਣੂ ਕਰਾਉਂਦਾ ਹੈ। ਚਮੜੀ; ਗਰਮੀ-ਸਰਦੀ ਦਾ ਅਹਿਸਾਸ ਅਤੇ ਕੰਨ; ਧੁਨ (ਅਵਾਜ਼) ਦਾ ਬੋਧ ਕਰਾਉਂਦੇ ਹਨ। ਭਾਵੇਂ ਕਿ ਪਸ਼ੂ-ਪੰਛੀ ਭੀ ਆਪਣੇ ਇਨ੍ਹਾਂ ਇੰਦ੍ਰਿਆਂ ਰਾਹੀਂ ਮਨੁੱਖ ਵਾਙ ਹੀ ਸਮਝ ਰੱਖਦੇ ਹਨ, ਪਰ ਉਸ ਨੂੰ ਬਿਆਨ ਨਹੀਂ ਕਰ ਸਕਦੇ। ਮਨੁੱਖ ਜਾਤੀ; ਬਾਕੀ ਜੂਨਾਂ ’ਚੋਂ ਸਿਰਮੌਰ ਜੂਨ ਹੈ, ‘‘ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥ ਸੁਇਨਾ ਰੂਪਾ ਤੁਝ ਪਹਿ ਦਾਮ ॥ ਸੀਲੁ ਬਿਗਾਰਿਓ ਤੇਰਾ ਕਾਮ ॥’’ (ਮਹਲਾ ੫/੩੭੪) ਭਾਵ ਹੇ ਬੰਦੇ ! ਇਸ ਧਰਤੀ ’ਤੇ ਅਸਲ ਮਾਲਕ ਤੂੰ ਹੀ ਹੈਂ। ਬਾਕੀ ਜੂਨਾਂ ਤਾਂ ਤੇਰਾ ਪਾਣੀ ਭਰਨ ਵਾਲ਼ੀਆਂ ਹਨ ਯਾਨੀ ਤੇਰੀ ਸੇਵਾ ਹੀ ਕਰ ਸਕਦੀਆਂ ਹਨ। ਤੇਰੇ ਕੋਲ਼ ਸੋਨਾ ਹੈ, ਚਾਂਦੀ ਹੈ, ਪਦਾਰਥ ਹਨ (ਜੋ ਕਿ ਹੋਰ ਜੂਨਾਂ ਕੋਲ਼ ਨਹੀਂ, ਜਿਨ੍ਹਾਂ ਨੇ) ਤੇਰਾ ਸਬਰ ਹਿਲਾ ਦਿੱਤਾ। ਤੇਰੇ ਅੰਦਰ ਵਾਸ਼ਨਾਵਾਂ ਵਧਾ ਦਿੱਤੀਆਂ। ਜਾਨਵਰ ਕਦੇ ਭੀ ਮਨੁੱਖ ਵਾਙ ਭਵਿਖ ਦੀ ਚਿੰਤਾ ਨਹੀਂ ਕਰਦੇ। ਉਨ੍ਹਾਂ ਲਈ ਵਰਤਮਾਨ ਹੀ ਸਭ ਕੁੱਝ ਹੁੰਦਾ ਹੈ। ਬੱਚੇ ਪੈਦਾ ਕਰਨਾ ਤੇ ਪੇਟ ਭਰਨਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ।
ਐਸਾ ਸਮਝ ਲੈਣਾ ਕਿ ਭਗਤੀ ਵਿਹੂਣਾ ਬੰਦਾ ਭੀ ਪਸ਼ੂ ਸਮਾਨ ਹੁੰਦਾ ਹੈ, ਸਹੀ ਨਹੀਂ ਕਿਉਂਕਿ ਇਸ ਤਰ੍ਹਾਂ ਮੰਨਣ ਨਾਲ਼ (ਭਗਤੀ ਵਿਹੂਣੇ ਬੰਦੇ ਸਮੇਤ) ਜਾਨਵਰਾਂ ਪ੍ਰਤੀ ਭੀ ਹੀਣ ਭਾਵਨਾ ਪਨਪਦੀ ਹੈ, ਜੋ ਕਿ ਕੁਦਰਤ ਦਾ ਹਿੱਸਾ ਹਨ, ਜਿਨ੍ਹਾਂ ਤੋਂ ਬਲਿਹਾਰ ਹੋਣਾ; ਗੁਰੂ ਦੀ ਸਿੱਖਿਆ ਹੈ। ਆਮ ਮਨੁੱਖ; ਪਸ਼ੂ-ਪੰਛੀਆਂ ਵਾਙ ਆਪਣੀ ਸੋਚ ਨੂੰ ਵਰਤਮਾਨ ਤੱਕ ਸੀਮਤ ਨਹੀਂ ਰੱਖ ਸਕਦਾ, ਕੇਵਲ ਭਗਤ ਹੀ ਰੱਖਦਾ ਹੈ।
ਆਮ ਬੰਦੇ ਲਈ ਜੋ ਧਰਤੀ ਹੈ; ਰੱਬ ਨੂੰ ਪਿਆਰ ਕਰਨ ਵਾਲ਼ਿਆਂ ਲਈ ਉਹ ‘ਧਰਮਸ਼ਾਲ’ ਹੈ ਯਾਨੀ ਧਰਮ ਕਮਾਉਣ ਦੀ ਜਗ੍ਹਾ। ਗੁਰੂ ਨਾਨਕ ਸਾਹਿਬ ਜੀ ਵੇਲ਼ੇ ਨਾਮ-ਜਪਣ ਵਾਲ਼ਾ ਸਥਾਨ; ਗੁਰਦੁਆਰਾ ਨਹੀਂ, ‘ਧਰਮਸ਼ਾਲ’ ਹੁੰਦਾ ਸੀ। ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ, ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ, ਅੰਧੇਰੁ ਪਲੋਆ। .. ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ।’’ (ਵਾਰ ੧ ਪਉੜੀ ੨੭) ਭਾਵ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ਼ ‘ਸੱਚ’ ਦਾ ਐਸਾ ਪ੍ਰਕਾਸ਼ ਹਰ ਪਾਸੇ ਫੈਲਿਆ; ਮਾਨੋ ਅਕਾਸ਼ ’ਚ ਸੂਰਜ ਚੜ੍ਹ ਆਇਆ ਹੋਵੇ, ਜਿਸ ਨੇ ਰਾਤ ਨੂੰ ਵਿਖਾਈ ਦੇਣ ਵਾਲ਼ੇ ਤਾਰੇ, ਹਨ੍ਹੇਰਾ ਤੇ ਧੁੰਦ ਯਾਨੀ ਕਿ ਲੋਕਾਂ ਅੰਦਰੋਂ ਅਗਿਆਨ ਤੇ ਅੰਧ ਵਿਸ਼ਵਾਸ ਮਿਟਾ ਦਿੱਤਾ। ਮਨੁੱਖ ਦੀ ਸੋਚ ਵਿੱਚ ਚਾਨਣ ਹੋ ਗਿਆ। ਜਗ੍ਹਾ ਜਗ੍ਹਾ ਧਰਮਸ਼ਾਲ ਬਣ ਗਏ। ਇਲਾਹੀ ਕੀਰਤਨ ਹੋਣ ਲੱਗਾ। ਮਾਨੋ ਨਿੱਤ ‘ਵਿਸਾਖੀ’ ਹੋਵੇ।
ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਦਾ ਜਨਮ 27 ਮਾਰਚ 1469 (ਚੇਤ ਸੁਦੀ ਪੁਰਨਮਾਸ਼ੀ ੧੫੨੬, ੧ ਵਿਸਾਖ; ਨਾਨਕਸ਼ਾਹੀ ੦੧) ਨੂੰ ਹੋਇਆ ਸੀ, ਇਸ ਲਈ ‘ਵਿਸਾਖੀ’; ਸਿੱਖਾਂ ਅੰਦਰਲੇ ਰੂਹਾਨੀਅਤ ਵਿਕਾਸ ਦਾ ਪਹਿਲਾ ਦਿਨ ਹੈ। ਸੰਨ 1699 ’ਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੀ ਭਵਿੱਖ ਵਾਸਤੇ ਸਿੱਖ ਕੌਮ ਦੀ ਰਹਿਨੁਮਾਈ (ਅਗਵਾਈ) ਕਰਨ ਦੀ ਜ਼ਿੰਮੇਵਾਰੀ ਪੰਜ ਪਿਆਰਿਆਂ (ਖ਼ਾਲਸਾ-ਪੰਥ) ਨੂੰ ਸੌਂਪਣ ਲਈ ‘੧ ਵਿਸਾਖ’ ਯਾਨੀ ਕਿ ‘ਵਿਸਾਖੀ ਵਾਲ਼ਾ ਦਿਨ’ ਹੀ ਚੁਣਿਆ ਸੀ।
ਜੋ ਭੀ ਜੀਵ ਵਰਤਮਾਨ ਤੱਕ ਸੋਚਦਾ ਹੈ, ਉਸ ਨੂੰ ਸਬਰ (ਰੱਜ) ਜਲਦੀ ਆਉਂਦਾ ਹੈ। ਸ਼ੇਰ ਦਾ ਅਗਰ ਪੇਟ ਭਰਿਆ ਹੋਵੇ ਤਾਂ ਕੋਲ਼ ਹਿਰਨ ਆ ਜਾਵੇ ਤਾਂ ਭੀ ਉਸ ਦਾ ਸ਼ਿਕਾਰ ਨਹੀਂ ਕਰਦਾ। ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਵਰਤਮਾਨ ਵਿਚਿ ਵਰਤਦਾ; ਹੋਵਣਹਾਰ ਸੋਈ ਪਰਵਾਣਾ। ਕਾਰਣੁ ਕਰਤਾ ਜੋ ਕਰੈ; ਸਿਰਿ ਧਰਿ ਮੰਨਿ, ਕਰੈ ਸੁਕਰਾਣਾ। ਰਾਜੀ ਹੋਇ ਰਜਾਇ ਵਿਚਿ; ਦੁਨੀਆਂ ਅੰਦਰਿ ਜਿਉ ਮਿਹਮਾਣਾ।’’ (ਵਾਰ ੧੮ ਪਉੜੀ ੨੧) ਭਾਵ ਵਰਤਮਾਨ ’ਚ ਰਹਿਣ ਵਾਲ਼ੇ ਨੂੰ ਜੋ ਭੀ ਮਿਲ ਜਾਏ, ਉਹ ਉਸੇ ’ਚ ਸੰਤੁਸ਼ਟ ਹੈ। ਕਰਤਾਰ ਵੱਲੋਂ ਜੋ ਭੀ ਮਿਲਿਆ, ਉਸ ਨੂੰ ਸਿਰ-ਮੱਥੇ ਪ੍ਰਵਾਣ ਕਰਕੇ ਮਾਲਕ ਦਾ ਸ਼ੁਕਰਾਨਾ ਕਰਦਾ ਹੈ। ਰੱਬੀ ਹੁਕਮ ਤੋਂ ਵਾਕਫ਼ ਉਹ ਭਗਤ; ਮਾਲਕ ਦੀ ਰਜ਼ਾ ’ਚ ਖ਼ੁਸ਼ ਰਹਿੰਦਾ ਹੈ। ਉਹ ਸੰਸਾਰਕ ਸਬੰਧ ਭੀ ਪ੍ਰਾਹੁਣੇ (ਮਹਿਮਾਨ) ਵਾਙ ਰੱਖਦਾ ਹੈ ਕਿਉਂਕਿ ਪਤਾ ਹੈ ਕਿ ਇੱਥੇ ਸਦਾ ਨਹੀਂ ਰਹਿਣਾ। ਐਸੀ ਅਵਸਥਾ ਦੀ ਤੁਲਨਾ; ਪਾਣੀ ਦੇ ਜੀਵ (ਮੁਰਗਾਬੀ/ਮੁਰਗ਼+ਆਬ) ਜਾਂ ਕਮਲ-ਫੁੱਲ ਨਾਲ਼ ਕੀਤੀ ਜਾਂਦੀ ਹੈ, ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕ ! ਨਾਮੁ ਵਖਾਣੇ ॥’’ (ਸਿਧ ਗੋਸਟਿ/ਮਹਲਾ ੧/੯੩੮) ਭਾਵ ਜਿਵੇਂ ਨਦੀ ’ਚ ਮੁਰਗਾਈ ਤੈਰਦੀ ਹੈ, ਪਰ ਪੰਖ; ਪਾਣੀ ਨਾਲ਼ ਭਿੱਜਣ ਨਹੀਂ ਦਿੰਦੀ। ਕੰਵਲ ਫੁੱਲ ਪਾਣੀ ’ਚ ਹੁੰਦਾ ਹੈ, ਪਰ ਗਲ਼ਦਾ ਨਹੀਂ; ਇਸੇ ਤਰ੍ਹਾਂ ਗੁਰੂ ਉਪਦੇਸ਼ ’ਚ ਸੁਰਤਿ ਨੂੰ ਜੋੜ ਕੇ ਨਾਮ ਜਪਣ ਵਾਲ਼ਾ ਉੱਚੀ ਹੁੰਦੀ ਸੁਰਤਿ ਨਾਲ਼ ਵਾਸ਼ਨਾਵਾਂ ਤੋਂ ਨਿਰਮੋਹ ਰਹਿ ਕੇ ਸੰਸਾਰ ਤੋਂ ਤਰਦਾ ਹੈ। ਐਸੀ ਕਮਾਈ; ਧਰਮ ਦੀ ਸਰਬੋਤਮ ਅਵਸਥਾ (ਸਚਖੰਡ, ਬੇਗ਼ਮਪੁਰਾ, ਤੁਰੀਆਵਸਥਾ ਤੇ ਦਸਮ ਦੁਆਰ) ਹੈ, ਜਿੱਥੇ ਭਗਤ; ਪਸ਼ੂ-ਪੰਛੀਆਂ ਵਾਙ ਵਰਤਮਾਨ ’ਚ ਰਹਿੰਦਾ ਹੈ, ਆਪਣੇ ਵਰਤਮਾਨ ਨੂੰ ਸੰਭਾਲ਼ਦਾ ਹੈ, ਨਾ ਕਿ ਭਗਤੀ ਵਿਹੂਣਾ ਬੰਦਾ ਪਸ਼ੂ ਸਮਾਨ ਹੁੰਦਾ ਹੈ। ਪਸ਼ੂ ਦਾ ਟੀਚਾ ਜੂਨ ਭੋਗਣਾ ਹੈ ਤੇ ਭਗਤ ਦਾ ਟੀਚਾ; ਮਾਲਕ (ਦੀ ਹੋਂਦ) ’ਤੇ ਭਰੋਸਾ ਕਰ ਉਸ ਵਿੱਚ ਅਭੇਦ ਹੋਣਾ ਹੈ ਜਦਕਿ ਭਗਤੀ ਤੋਂ ਸੱਖਣਾ ਬੰਦਾ; ਵਰਤਮਾਨ ਦੀ ਬਜਾਇ ਭੂਤ ਜਾਂ ਭਵਿੱਖ ਦੀਆਂ ਚਿੰਤਾਵਾਂ ’ਚ ਡੁੱਬਿਆ ਰਹਿੰਦਾ ਹੈ।
ਗੁਰਬਾਣੀ ਦੇ ਐਸੇ ਵਾਕ, ‘‘ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥ ਛਪਸਿ ਨਾਹਿ; ਕਛੁ ਕਰੈ ਛਪਾਇਆ ॥ ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ; ਲੋਭੁ ਸੁਆਨੁ (ਕੁੱਤਾ) ॥’’ (ਸੁਖਮਨੀ/ਮਹਲਾ ੫/੨੬੭) ਰਾਹੀਂ ਕਰਮਕਾਂਡੀ ਜੀਵਨ ਦੀ ਤੁਲਨਾ ਪਸ਼ੂ ਦੇ ਅਰਥਹੀਣ-ਟੀਚੇ ਨਾਲ਼ ਕੀਤੀ ਹੁੰਦੀ ਹੈ, ਨਾ ਕਿ ਪਸ਼ੂ ਦੇ ਸੁਭਾਅ ਨਾਲ਼ ਕਿਉਂਕਿ ਉਹ ਚੱਲਿਆ ਤਾਂ ਧਰਮੀ ਬਣਨ ਹੁੰਦਾ ਹੈ, ਪਰ ਫਸਿਆ ਰਿਹਾ ਸਾਰੀ ਉਮਰ ਕਰਮਕਾਂਡਾਂ ’ਚ।
ਗੁਰੂ ਰਾਮਦਾਸ ਜੀ ਭੀ ਧਰਮ ਦੀ ਇਸ ਸਰਬੋਤਮ ਅਵਸਥਾ ਦੀ ਤੁਲਨਾ ਮੁਰਗਾਬੀ ਦੇ ਸੁਭਾਅ ਨਾਲ਼ ਕਰਦੇ ਹਨ, ‘‘ਮਾਇਆ ਮੋਹੁ ਸਬਲੁ ਹੈ ਭਾਰੀ; ਮੋਹੁ ਕਾਲਖ ਦਾਗ ਲਗੀਜੈ ॥ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ; ਜਿਉ ਮੁਰਗਾਈ ਪੰਕੁ (ਪੰਖ) ਨ ਭੀਜੈ ॥’’ (ਮਹਲਾ ੪/੧੩੨੪) ਭਾਵ ਮਾਇਆਵੀ ਸਮੁੰਦਰ; ਬੜਾ ਭਿਆਨਕ, ਡਰਾਵਨਾ ਹੈ। ਇੱਥੇ ਮੋਹ-ਵਿਕਾਰ ਰੂਪ ਕਾਲ਼ਖ਼ ਚੰਬੜਦੀ ਹੈ, ਪਰ ਰੱਬ ਦੇ ਪਿਆਰੇ; ਇਸ ਤੋਂ ਨਿਰਲੇਪ ਰਹਿੰਦੇ ਹਨ; ਜਿਵੇਂ ਕਿ ਮੁਰਗਾਬੀ (ਨਦੀ ’ਚ ਹੁੰਦਿਆਂ ਭੀ ਪਾਣੀ ’ਚ) ਆਪਣੇ ਪੰਖ ਨਹੀਂ ਭਿੱਜਣ ਦਿੰਦੀ।
ਹੁਣ ਸਵਾਲ ਉਪਜਦਾ ਹੈ ਕਿ ਐਸੇ ਉੱਚੇ-ਸੁੱਚੇ ਜੀਵਨ; ਸ਼ਹਾਦਤ ਕਿਉਂ ਦਿੰਦੇ ਹਨ ? ਆਪਣਾ ਕੀਮਤੀ ਮਨੁੱਖਾ ਜਨਮ ਕਿਉਂ ਖ਼ਤਮ ਕਰਦੇ ਹਨ ? ਜਵਾਬ ਹੈ ‘ਹੋਰਾਂ ਦੇ ਭਲੇ ਜਾਂ ਕਲਿਆਣ ਲਈ’ ਯਾਨੀ ਆਪਣਾ ਜੀਵਨ ਸਫਲ ਕਰ ਚੁੱਕੇ ਰੱਬ ਦੇ ਪਿਆਰੇ; ਹੋਰਾਂ ਲਈ ਸ਼ਹਾਦਤ ਦਿੰਦੇ ਹਨ। ‘ਸ਼ਹਾਦਤ’ ਦਾ ਅੱਖਰੀਂ ਅਰਥ ਹੈ ‘ਸੱਚੀ ਗਵਾਹੀ’ ਯਾਨੀ ਆਦਰਸ਼ਮਈ ਜੀਵਨ, ਜੋ ਹੋਰਾਂ ਲਈ ਮਿਸਾਲ (ਗਵਾਹ) ਬਣੇ। ਐਸੀਆਂ ਰੂਹਾਂ ਦੁਆਰਾ ਦਿੱਤੀ ਜਾਂਦੀ ‘ਸ਼ਹਾਦਤ’; ਆਮ ਮਨੁੱਖ ਅੰਦਰ ਨਵੀਂ ਚੇਤਨਾ ਭਰਦੀ ਹੈ। ਇਤਿਹਾਸ ਗਵਾਹ ਹੈ ਕਿ 25 ਮਈ 1675 (੨੭ ਜੇਠ, ਨਾਨਕਸ਼ਾਹੀ ਸੰਮਤ ੨੦੭) ’ਚ ਜਦ 16 ਕਸ਼ਮੀਰੀ ਬ੍ਰਾਹਮਣ; ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਆਪਣੀ ਰੱਖਿਆ ਦਾ ਭਰੋਸਾ ਕਰਕੇ ਆਏ ਤਾਂ ਗੁਰੂ ਸਾਹਿਬ ਨੇ ਭੀ ਇਹੀ ਕਿਹਾ ਕਿ ਇੱਕ ਮਹਾਨ ਵਿਅਕਤੀ ਨੂੰ ਕੁਰਬਾਨੀ ਦੇਣੀ ਪੈਣੀ ਹੈ ਯਾਨੀ ਮਹਾਨ ਪੁਰਸ਼ ਦੀ ਕੁਰਬਾਨੀ ਨਾਲ਼ ਹੀ ਮਰੀਆਂ ਜ਼ਮੀਰਾਂ ਜਾਗਣਗੀਆਂ ਤੇ ਕ੍ਰਾਂਤੀ ਪੈਦਾ ਹੋਏਗੀ, ਜਿਸ ਦੇ ਡਰ ਕਾਰਨ ਔਰੰਗਜ਼ੇਬ ਦਾ ਜ਼ੁਲਮ ਰੁਕੇਗਾ। ਐਸਾ ਹੀ ਹੋਇਆ। ਗੁਰੂ ਸਾਹਿਬ ਦੁਆਰਾ ਦਿੱਤੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਸੁੱਤੀਆਂ ਜ਼ਮੀਰਾਂ ਜਾਗੀਆਂ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਗਵਾਈ ’ਚ ਆਪਣੇ ਅਧਿਕਾਰਾਂ ਲਈ ਲੜਨ ਲੱਗੀਆਂ। ਐਸੇ ਹੀ ਹਾਲਾਤ; ਗੁਰੂ ਅਰਜਨ ਸਾਹਿਬ ਜੀ ਦੀ ‘ਸ਼ਹਾਦਤ’ (30 ਮਈ 1606/ਜੇਠ ਸੁਦੀ ੪, ਬਿਕ੍ਰਮੀ ਸੰਮਤ ੧੬੬੩; ੨ ਹਾੜ; ਨਾਨਕਸ਼ਾਹੀ ੧੩੮) ਤੋਂ ਬਾਅਦ ਬਣੇ, ਜਦ ਬਾਦਿਸ਼ਾਹ ਜਹਾਂਗੀਰ ਨੇ ਜਨਵਰੀ 1613 ’ਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਜੋਕੇ ਗੁਰਦੁਆਰਾ ਮਜਨੂੰ ਟਿੱਲਾ (ਦਿੱਲੀ) ਤੋਂ ਗ੍ਰਿਫ਼ਤਾਰ ਕਰ 12 ਸਾਲ ਦੀ ਸਜ਼ਾ ਸੁਣਾ ਗਵਾਲੀਅਰ ਦੇ ਕਿਲ੍ਹੇ ’ਚ ਬੰਦ ਕੀਤਾ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਅਗਵਾਈ ’ਚ ਵਿਦ੍ਰੋਹ ਵਜੋਂ ਪੂਰੇ ਭਾਰਤ ’ਚ ਸ਼ਾਂਤਮਈ ਲਹਿਰ ਪੈਦਾ ਹੋਈ, ਜਿਸ ਤੋਂ ਡਰ ਕੇ ਜਹਾਂਗੀਰ ਨੇ ਸਮੇਂ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਰਿਹਾਅ ਹੀ ਨਹੀਂ ਕੀਤਾ ਬਲਕਿ ਗੁਰੂ ਸਾਹਿਬ ਦਾ ਹੁਕਮ ਮੰਨ ਕੇ 52 ਹਿੰਦੂ ਰਾਜਿਆਂ ਨੂੰ ਭੀ ਰਿਹਾਅ ਕਰਨਾ ਪਿਆ ਸੀ।
ਜੇ ਕਿਸੇ ਨਸ਼ੇੜੀ ਕੋਲ਼ ਬੈਠਦੇ ਰਹੀਏ ਤਾਂ ਬੰਦਾ ਖ਼ੁਦ ਭੀ ਨਸ਼ੇੜੀ ਬਣ ਜਾਂਦਾ ਹੈ ਕਿਉਂਕਿ ਜੈਸੀ ਸੰਗਤ; ਵੈਸੀ ਰੰਗਤ ਹੁੰਦੀ ਹੈ, ‘‘ਜੈਸਾ ਸੇਵੈ; ਤੈਸੋ ਹੋਇ ॥’’ (ਮਹਲਾ ੧/੨੨੩) ਜੇ ਪੱਥਰ ਨੂੰ ਪੂਜੀਏ ਤਾਂ ਦਿਲ; ਪੱਥਰ ਵਾਙ ਕਠੋਰ-ਨਿਰਦਈ ਹੋ ਜਾਂਦਾ ਹੈ। ਧਰਮ; ਬੰਦੇ ਦੇ ਦਿਲ ਨੂੰ ਮੋਮ ਵਾਙ ਨਰਮ ਚਾਹੁੰਦਾ ਹੈ, ‘‘ਮੁਸਲਮਾਣੁ; ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ; ਦਿਲ ਤੇ ਧੋਵੈ ॥’’ (ਮਹਲਾ ੫/੧੦੮੪) ਬਾਣੀਕਾਰਾਂ ਨੇ ਪੱਥਰ ਤੇ ਮੂਰਤੀ/ਤਸਵੀਰ ਨੂੰ ਪੂਜਣ ਤੋਂ ਵਰਜਿਆ ਹੈ, ‘‘ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ, ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ (ਚਰਨੀਂ ਪੈਂਦਾ) ॥ ਤਿਸ ਕੀ ਘਾਲ; ਅਜਾਂਈ (ਵਿਅਰਥ) ਜਾਇ ॥’’ (ਮਹਲਾ ੫/੧੧੬੦) ਘਾਲਣਾ ਉਹੀ ਸਫਲ ਹੈ, ਜੋ ਸੱਚ ਨੂੰ ਸਮਝ ਕੇ ਉਸ ਦਾ ਨਾਮ ਜਪੇ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥’’ (ਜਪੁ) ਭਾਵ ਜਿਨ੍ਹਾਂ ਨੇ ਨਾਮ ਜਪਿਆ, ਉਨ੍ਹਾਂ ਦੀ ਮਿਹਨਤ ਸਫਲ ਹੋ ਗਈ ਸਗੋਂ ਉਨ੍ਹਾਂ ਦੀ ਸੰਗਤ ਕਰਕੇ ਬੇਅੰਤ ਹੋਰ ਲੁਕਾਈ ਭੀ ਨਾਮ ਜਪ-ਜਪ ਕੇ ਮੁਕਤ ਹੋ ਗਈ। ਇਸ ਤਰ੍ਹਾਂ ਜਿਹੜੇ ਨਿਰਭਉ-ਪ੍ਰਭੂ (ਸੱਚ) ਨਾਲ਼ ਪਿਆਰ ਪਾਉਂਦੇ ਹਨ, ਉਹ ਭੀ ਉਸ ਵਾਙ ਡਰ-ਮੁਕਤ ਹੋ ਜਾਂਦੇ ਹਨ, ‘‘ਨਿਰਭਉ ਜਪੈ; ਸਗਲ ਭਉ ਮਿਟੈ ॥’’ (ਸੁਖਮਨੀ/ਮਹਲਾ ੫/੨੯੩) ਪਰਮਾਤਮਾ ਵਾਙ ਨਿਡਰ ਹੋ ਕੇ ਸੱਚ ਦੀ ਹਿਫ਼ਾਜ਼ਤ ਲਈ ਆਵਾਜ਼ ਬੁਲੰਦ ਕਰਨਾ ਹੀ ਜ਼ਮੀਰ ਦਾ ਜਾਗਣਾ ਹੈ। ਇਹੀ ਮਨੁੱਖਾ-ਜੀਵਨ ਦਾ ਟੀਚਾ ਹੈ। ਧਰਮ ਦਾ ਅਸਲ ਖੇਤਰ ਹੈ।
ਐਸੀਆਂ ਧਰਮ (ਸੱਚ) ਆਧਾਰਿਤ ਕ੍ਰਾਂਤੀਆਂ ਪੈਦਾ ਕਰਨ ਲਈ ਹੀ ਮਹਾਂ ਪੁਰਖ ਜਨਮ ਲੈਂਦੇ ਹਨ। ਕੁਦਰਤ ਦਾ ਵਿਧਾਨ ਹੈ ਕਿ ਮਾਸਾਹਾਰੀ ਹਮਲਾ ਕਰੇਗਾ ਕਿਉਂਕਿ ਉਸ ਦੀ ਖ਼ੁਰਾਕ; ਮਾਸ ਬਣਾਈ ਹੋਈ ਹੈ ਤੇ ਸਾਕਾਹਾਰੀ ਸਿੰਗਾਂ ਨਾਲ ਆਪਣੀ ਹਿਫ਼ਾਜ਼ਤ ਕਰੇਗਾ। ਕੁਦਰਤ ਨੇ ਕਿਸੇ ਮਾਸਾਹਾਰੀ ਨੂੰ ਸਿੰਗ ਨਹੀਂ ਦਿੱਤੇ ਅਤੇ ਸਾਕਾਹਾਰੀ ਨੂੰ ਤੇਜ਼ ਨਿਗਾਹ ਤੇ ਨੁਕੀਲੇ ਨੌਂਹ ਨਹੀਂ ਦਿੱਤੇ। ਸੰਘਰਸ਼ ਹੀ ਜੀਵਨ ਹੈ। ਕਰਤਾਰ ਦੀ ਖੇਡ ਹੈ। ਮਨਮੁਖ ਕਠੋਰ ਦਿਲ ਹੈ। ਵਧੀਕੀ ਕਰਨਾ ਉਸ ਦਾ ਸੁਭਾਅ ਹੈ। ਨਰਮ ਦਿਲ ਗੁਰਮੁਖਾਂ ਨੂੰ ਗੁਰੂ ਸਾਹਿਬਾਨ ਨੇ ਕਿਰਪਾਨ (ਸਿੰਗ) ਰੱਖਿਆ ਕਰਨ ਲਈ ਦਿੱਤੀ ਹੈ। ਸੱਚ ਦੀ ਹਿਫ਼ਾਜ਼ਤ ‘ਜਨੇਊ’ ਨਾ ਕਰ ਸਕਿਆ। ਸਦੀਆਂ ਤੱਕ ਮਾਸਾਹਾਰੀ; ਬ੍ਰਾਹਮਣਾਂ ਦਾ ਸ਼ਿਕਾਰ ਕਰਦੇ ਰਹੇ।
ਭਗਤ ਕਬੀਰ ਜੀ ਉਨ੍ਹਾਂ ਜਾਗਤ ਜ਼ਮੀਰਾਂ ਤੋਂ ਕੁਰਬਾਨ ਹੁੰਦੇ ਹਨ, ਜੋ ਸੁੱਤੇ ਪਏ ਭੀ ਨਿਰਭਉ (ਸੱਚ) ਨਾਲ਼ ਜੁੜੇ ਹਨ, ‘‘ਕਬੀਰ ! ਸੁਪਨੈ ਹੂ ਬਰੜਾਇ ਕੈ; ਜਿਹ ਮੁਖਿ (’ਚੋਂ) ਨਿਕਸੈ ਰਾਮੁ ॥ ਤਾ ਕੇ ਪਗ ਕੀ ਪਾਨਹੀ; ਮੇਰੇ ਤਨ ਕੋ ਚਾਮੁ ॥੬੩॥’’ (ਭਗਤ ਕਬੀਰ/੧੩੬੭) ਭਾਵ ਸੁੱਤੇ ਪਏ ਜਿਸ ਬੰਦੇ ਦੇ ਮੂੰਹੋਂ ਰਾਮ-ਰਾਮ ਨਿਕਲੇ। ਮੇਰੇ (ਕਬੀਰ ਦੇ) ਸਰੀਰ ਦੀ ਚਮੜੀ; ਉਸ ਦੀ ਜੁੱਤੀ ਬਣਨਾ ਲੋਚਦੀ ਹੈ। ਗੁਰੂ ਨਾਨਕ ਸਾਹਿਬ ਜੀ ਭੀ ਕਹਿੰਦੇ ਹਨ, ‘‘ਹਉ ਬਲਿਹਾਰੀ ਤਿਨ ਕਉ; ਜੋ ਹਰਿ ਚਰਣੀ ਰਹੈ, ਲਿਵ ਲਾਇ ॥’’ (ਮਹਲਾ ੧/੧੨੮੧) ਗੁਰੂ ਅਮਰਦਾਸ ਜੀ ਦੇ ਭੀ ਬਚਨ ਹਨ, ‘‘ਹਉ ਬਲਿਹਾਰੀ ਤਿਨ ਕਉ; ਜਿਨਿ ਧਿਆਇਆ ਹਰਿ ਨਿਰੰਕਾਰੁ ॥’’ (ਮਹਲਾ ੩/੯੧) ਗੁਰੂ ਅਰਜਨ ਸਾਹਿਬ ਦੇ ਭੀ ਬੋਲ ਹਨ, ‘‘ਹਉ ਬਲਿਹਾਰੀ; ਜੋ ਪ੍ਰਭੂ ਧਿਆਵਤ ॥’’ (ਮਹਲਾ ੫/੮੦੫) ਹੋਰਾਂ ਤੋਂ ਕੁਰਬਾਨ ਹੋਣ ਤੋਂ ਭਾਵ; ਸੱਚ ਪ੍ਰਤੀ ਹਰੇਕ ਦਾ ਲਗਾਅ ਪੈਦਾ ਕਰ ਧਰਮ-ਯੋਧੇ ਪੈਦਾ ਕਰਨਾ ਹੈ ਤਾਂ ਕਿ ਅਧਰਮ (ਕੂੜ) ਦਾ ਪ੍ਰਭਾਵ ਨਾ ਵਧੇ। ‘ਸ਼ਹਾਦਤ’ ਭੀ ਇਸੇ ਕੜੀ ਦਾ ਹਿੱਸਾ ਹੈ। ਨਮੂਨਾ (ਗਵਾਹੀ) ਪੇਸ਼ ਕਰਨਾ ਹੈ। ਅੱਜ ਭੀ ਜੇਕਰ ਦੇਹਧਾਰੀ ਗੁਰੂ, ਸ਼੍ਰੀ ਸ਼੍ਰੀ 1008 ਜਾਂ ਸੰਤ ਕਹਾਉਣ ਵਾਲ਼ੇ 2-4 ਕੁ ‘ਸ਼ਹਾਦਤ’ ਦੇਣ ਤਾਂ ਧਰਮ ਪ੍ਰਤੀ ਅਚਨਚੇਤ ਲਗਾਅ ਵਧੇਗਾ, ਪਰ ਐਸੇ ਮਿਲਣੇ ਕਿੱਥੇ ਨਹੀਂ ?
ਸੱਚ ਨਾਲ਼ ਲਗਾਅ ਪੈਦਾ ਕਰਨ ਲਈ ਹੀ ਦਿਨ ਭਰ ਦੇ ਮੁਲਾਂਕਣ ਵਜੋਂ ਰਾਤੀ ਸੋਹਿਲਾ ਸਾਹਿਬ ’ਚ ਇਹ ਸ਼ਬਦ ਪੜ੍ਹੀਦਾ ਹੈ, ‘‘ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ॥ ਅਉਧ ਘਟੈ ਦਿਨਸੁ ਰੈਣਾਰੇ ॥ ਮਨ ! ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥’’ (ਸੋਹਿਲਾ/ਮਹਲਾ ੫/੧੩) ਭਾਵ ਹੇ ਮੇਰੇ ਮਿਤਰੋ ! ਮੈ ਬੇਨਤੀ ਕਰਦਾ ਹਾਂ ਗਹੁ ਨਾਲ਼ ਸੁਣੋ ਕਿ ਇਹ ਮਨੁੱਖਾ ਜਨਮ; ਗੁਰੂ ਦੀ ਪ੍ਰੇਰਨਾ ਲੈਣ ਦਾ ਸਮਾਂ ਹੈ। ਜਿਸ ਨੇ ਇਸ ਸਮੇਂ ਲਾਭ ਖੱਟ ਲਿਆ। ਉਸ ਦਾ ਲੋਕ-ਪ੍ਰਲੋਕ ਸਫਲ ਹੈ (ਬਾਕੀ ਸਭ ਦਾ ਨਹੀਂ)। ਉਮਰ ਦਿਨ ਬਦਿਨ ਘਟ ਰਹੀ ਹੈ, ਗੁਰੂ ਨੂੰ ਮਿਲ ਕੇ ਧਰਮ ਦਾ ਅਸਲ ਕੰਮ ਕਰ ਜਾਓ।
ਸੱਚਾ ਗੁਰੂ ਓਹੀ ਹੈ, ਜਿਸ ਦੀ ਸਮਝ/ਸੋਚ; ਕੁਦਰਤ ਦੇ ਰਚੇਤਾ ਕਰਤਾਰ ਵਰਗੀ ਹੋਵੇ। ਕਰਤਾਰ ਹਮੇਸ਼ਾਂ ਲਾਚਾਰ-ਗ਼ਰੀਬ ਨਾਲ਼ ਖੜ੍ਹਦਾ ਹੈ; ਜਿਵੇਂ ਕਿ ਸੰਨ 1521 ’ਚ ਏਮਨਾਬਾਦ (ਲਹਿੰਦੇ ਪੰਜਾਬ) ’ਚ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ ਹੈ, ‘‘ਕਰਤਾ ! ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ; ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ ॥’’ (ਮਹਲਾ ੧/੩੬੦) ਭਾਵ ਹੇ ਕਰਤਾਰ ! ਜਦ ਇੱਕ ਅਹੰਕਾਰੀ; ਦੂਜੇ ਅਹੰਕਾਰੀ ਨੂੰ ਮਾਰਦਾ ਹੈ ਤਾਂ ਤੇਰੇ ਮਨ ’ਚ ਰੋਸ਼ ਨਹੀਂ ਹੁੰਦਾ, ਪਰ ਜੇ ਕੋਈ ਅਹੰਕਾਰੀ; ਨਿਮਾਣਿਆਂ (ਗਾਈਆਂ) ਨੂੰ ਮਾਰੇ ਤਾਂ ਤੂੰ ਉਸ ਤੋਂ ਪੁੱਛ-ਪੜਤਾਲ ਜ਼ਰੂਰ ਕਰਦਾ ਹੈਂ। ਮਾਲਕ ਦੀ ਇਸ ਸੋਚ ਮੁਤਾਬਕ ਹੀ ਗੁਰੂ ਨਾਨਕ ਸਾਹਿਬ ਨਿਮਾਣਿਆਂ ਨਾਲ਼ ਖੜ੍ਹੇ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ ! ॥ (ਮਹਲਾ ੧/੧੫) ਭਾਵ ਹੇ ਦਿਆਲੂ ਪ੍ਰਭੂ ! ਤੇਰੀ ਮਿਹਰ ਸਦਾ ਨਿਮਾਣਿਆਂ-ਨਿਤਾਣਿਆਂ ਉੱਤੇ ਹੁੰਦੀ ਹੈ, ਉੱਚੇ ਅਹੰਕਾਰੀਆਂ ’ਤੇ ਨਹੀਂ। ਨਾਨਕ ਨਿਤਾਣਿਆਂ ਨਾਲ਼ ਖੜ੍ਹਾ ਹੈ; ਵੱਡਿਆਂ ਨਾਲ਼ ਮੇਰਾ ਕਾਹਦਾ ਵਾਹ-ਵਾਸਤਾ ? ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਨੂੰ ਇਸ ਸਮੇਂ ਬਾਬਰ-ਸੈਨਾ ਨੇ ਜੇਲ੍ਹ ’ਚ ਬੰਦ ਕਰ ਦਿੱਤਾ ਸੀ, ਜਿੱਥੇ ਆਪ ਨੇ ਬਾਬਰ ਨੂੰ ਜਾਬਰ (ਧੱਕਾ ਕਰਨ ਵਾਲ਼ਾ) ਕਿਹਾ ਸੀ ਤੇ ਬੇਗੁਨਾਹ ਬੰਦੀਆਂ ਨੂੰ ਛੁਡਾ ਕੇ ਲਿਆਏ ਸਨ।
ਜੁਲਾਈ 1540 ’ਚ ਜਦ ਸ਼ੇਰ ਸ਼ਾਹ ਸੂਰੀ ਤੋਂ ਮੈਦਾਨੇ ਜੰਗ ’ਚ ਹਾਰ ਕੇ ਆਏ ਬਾਬਰ ਦੇ ਪੁੱਤਰ ਹਮਾਯੂੰ ਨੇ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ਉੱਤੇ ਤਲਵਾਰ ਕੱਢੀ ਤਾਂ ਗੁਰੂ ਸਾਹਿਬ ਨੇ ਕਿਹਾ, ‘ਓਏ ਮਰਦਾ ! ਇਹ ਤਲਵਾਰਾਂ ਮੈਦਾਨੇ-ਜੰਗ ’ਚ ਹੀ ਵਰਤੀਦੀਆਂ ਹਨ ?’ ਐਸਾ ਸੁਣ ਕੇ ਹਮਾਯੂੰ ਸ਼ਰਮਿੰਦਾ ਹੋਇਆ ਤੇ ਅਹਿਸਾਸ ਭੀ ਕੀਤਾ ਕਿ ਸਿੱਖ; ਬਾਦਿਸ਼ਾਹ, ਅਮੀਰੀ, ਨਵਾਬੀ ਜਾਂ ਤਾਕਤਵਰ ਤੋਂ ਡਰਦੇ ਨਹੀਂ। ਇਹ ਨਿਡਰ, ਦਲੇਰ ਅਤੇ ਸਪਸ਼ਟ ਸੋਚ ਵਾਲੇ ਇਨਸਾਨ ਹਨ।
ਸੋ ਭਗਤ ਕਬੀਰ ਜੀ ਆਪਣੇ ਚੰਮ ਦੀ ਜੁੱਤੀ ਕਿਸ ਲਈ ਬਣਾਉਣਾ ਲੋਚਦੇ ਹਨ ? ਜਵਾਬ ਹੈ ‘ਹੋਰਾਂ ਲਈ’। ਗੁਰੂ ਅਰਜਨ ਸਾਹਿਬ ਜੀ ਕਿੰਨਾ ਅੱਗੇ ਜੋਦੜੀ ਕਰ ਰਹੇ ਹਨ ਤਾਂ ਕਿ ਉਹ ਸੱਚ ਨਾਲ਼ ਜੁੜਨ। ਜਵਾਬ ਹੈ ‘ਹੋਰਾਂ ਲਈ’। ਗੁਰੂ ਨਾਨਕ ਸਾਹਿਬ ਜੀ; ਮਲਕ ਭਾਗੋ ਵਰਗੇ ਅਹੰਕਾਰੀਆਂ ਨੂੰ ਛੱਡ ਕੇ ਕਿਸ ਨਾਲ਼ ਖੜ੍ਹੇ ਹਨ ? ਜਵਾਬ ਹੈ ‘ਅਤਿ ਗ਼ਰੀਬ ਭਾਈ ਲਾਲੋ ਜੀ ਵਰਗਿਆਂ ਨਾਲ਼’। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ; ਲਾਚਾਰ ਕਸ਼ਮੀਰੀ ਪੰਡਿਤਾਂ ਨਾਲ਼ ਖੜ੍ਹੇ ਭਾਵੇਂ ਕਿ 11 ਨਵੰਬਰ 1675 (ਮੱਘਰ ਸੁਦੀ ੫, ਬ੍ਰਿਕਮੀ ਸੰਮਤ ੧੭੩੨; ੧੧ ਮੱਘਰ; ਨਾਨਕਸ਼ਾਹੀ ੨੦੭) ਨੂੰ ਚਾਂਦਨੀ ਚੌਕ (ਦਿੱਲੀ) ਵਿਖੇ ਸ਼ਹਾਦਤ ਹੀ ਦੇਣੀ ਪਈ।
ਅਹੰਕਾਰੀ ਬੰਦੇ ਲਈ ਦਇਆ ਜਾਂ ਰਹਿਮ; ਅਕਾਲ ਪੁਰਖ ਦੇ ਮਨ ’ਚ ਨਹੀਂ ਹੁੰਦਾ ਕਿਉਂਕਿ ਅਹੰਕਾਰੀ; ਉਸ ਦੀ ਹੋਂਦ ਨੂੰ ਮੰਨਣ ਤੋਂ ਹੀ ਇਨਕਾਰੀ ਹੁੰਦਾ ਹੈ। ਜੇ ਕੋਈ ਨੌਕਰ ਆਪਣੇ ਮਾਲਕ ਨੂੰ ਮਾਲਕ ਹੀ ਨਾ ਸਮਝੇ ਤਾਂ ਮਾਲਕ ਦੇ ਦਿਲ ’ਚ ਭੀ ਉਸ ਪ੍ਰਤੀ ਤਰਸ ਨਹੀਂ ਹੁੰਦਾ। ਸੱਚ ਦੇ ਪੈਰੋਕਾਰਾਂ (ਭਗਤਾਂ, ਫ਼ਕੀਰਾਂ, ਗੁਰੂਆਂ) ਨੂੰ ਤਸੀਹੇ ਦੇਣ ਜਾਂ ਸ਼ਹੀਦ ਕਰਨ ਵਾਲ਼ੇ ਅਹੰਕਾਰੀ ਬਾਦਿਸ਼ਾਹ; ਸਮਾਜ ਦੀਆਂ ਨਜ਼ਰਾਂ ’ਚ ਭਾਵੇਂ ਕੁੱਝ ਸਮੇਂ ਲਈ ਜੇਤੂ ਜਾਪਣ, ਪਰ ਅਸਲ ਮਾਲਕ (ਸੱਚ) ਸਾਮ੍ਹਣੇ ਉਹ ਜੀਵਨ-ਬਾਜ਼ੀ ਹਾਰ ਗਏ। ਗੁਰੂ ਅਰਜਨ ਸਾਹਿਬ ਜੀ ਦੀ ਸੋਚ ਨੂੰ ਝੂਠ ਦੀ ਦੁਕਾਨ ਕਹਿਣ ਵਾਲ਼ਾ ਜਹਾਂਗੀਰ; ਅਫੀਮ ਤੇ ਸ਼ਰਾਬ ਦਾ ਆਦੀ ਸੀ। ਇਸੇ ਰੋਗ ਕਾਰਨ 28 ਅਕਤੂਬਰ 1627 ਨੂੰ ਮਰ ਗਿਆ। ਉਸ ਦੇ ਪੁੱਤਰ ਸ਼ਾਹ ਜਹਾਨ ਨੂੰ ਉਸ ਦੇ ਪੋਤੇ ਔਰੰਗਜ਼ੇਬ ਨੇ 8 ਸਾਲ ਕੈਦ ’ਚ ਬੰਨ੍ਹ ਕੇ ਮਾਰਿਆ, ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਨੂੰ 30 ਅਗਸਤ 1559 ਨੂੰ ਮਾਰਿਆ, ਆਪਣੀ ਭੈਣ ਰੌਸ਼ਨਾਰਾ ਬੇਗ਼ਮ ਨੂੰ ਜ਼ਹਰ ਦੇ ਕੇ 11 ਸਤੰਬਰ 1671 ਨੂੰ ਮਾਰਿਆ ਤੇ ਆਪਣੀ ਬੇਟੀ ਜ਼ੇਨ-ਉਨ-ਨਿਸਾ ਨੂੰ 20 ਸਾਲ ਕੈਦ ’ਚ ਬੰਨ੍ਹ ਕੇ 27 ਮਈ 1702 ਨੂੰ ਮਾਰਿਆ, ਆਦਿ।
ਦੂਸਰੇ ਪਾਸੇ ਅਸਲ ਮਾਲਕ (ਸਦਾ ਥਿਰ) ਨਾਲ਼ ਪਿਆਰ ਕਰਨ ਵਾਲ਼ੇ ਬਾਬਾ ਫ਼ਤਿਹ ਸਿੰਘ ਜੀ (ਉਮਰ 7 ਸਾਲ), ਬਾਬਾ ਜੋਰਾਵਰ ਸਿੰਘ ਜੀ (9 ਸਾਲ), ਬਾਬਾ ਜੁਝਾਰ ਸਿੰਘ ਜੀ (15 ਸਾਲ), ਬਾਬਾ ਅਜੀਤ ਸਿੰਘ ਜੀ (18 ਸਾਲ), ਮਾਤਾ ਗੁੱਜਰ ਕੌਰ ਜੀ (81 ਸਾਲ) ਸਮੇਤ ਅਨੇਕਾਂ ਮਰਜੀਵੜੇ ਸਿੰਘ-ਸਿੰਘਣੀਆਂ; ਹੋਰਾਂ ਲਈ ਯਾਨੀ ਸਾਡੇ ਲਈ ‘ਸ਼ਹਾਦਤਾਂ’ ਦੇ ਗਏ ਤਾਂ ਕਿ ਸਾਡੇ ਅੰਦਰ ਕੂੜ ਦਾ ਮੁਕਾਬਲਾ ਕਰਨਯੋਗ ਚਾਨਣ (ਸੱਚ) ਪ੍ਰਗਟ ਹੋਵੇ। ਸੱਚ (ਅਸਲ ਮਾਲਕ) ਪ੍ਰਤੀ ਲਗਨ ਪੈਦਾ ਹੋਵੇ। ਮਨੁੱਖ ਜਾਤੀ ਦਾ ਫ਼ਰਜ਼ ਹੈ ਕਿ ਉਹ, ਇਨ੍ਹਾਂ ਦੋਵੇਂ ਮਾਰਗਾਂ (ਹੋਰਾਂ ਨੂੰ ਸਤਾਉਣਾ ਜਾਂ ਹੋਰਾਂ ਲਈ ਖ਼ੁਦ ਸ਼ਹਾਦਤ ਦੇਣੀ) ’ਚੋਂ ਕਿਹੜਾ ਰਾਹ ਪਸੰਦ ਕਰਦੀ ਹੈ, ਬਾਰੇ ਸੋਚ-ਵਿਚਾਰ ਕਰਿਆ ਕਰੇ। ਸੱਚ ਨਾਲ਼ ਜੁੜ ਕੇ ਲੋਕ-ਪ੍ਰਲੋਕ ਸੁਹੇਲਾ ਬਣਾਉਣਾ ਹੈ ਜਾਂ ਕਠੋਰ-ਦਿਲ ਰਹਿ ਕੇ ਜੀਵਨ-ਬਾਜ਼ੀ ਹਾਰਨੀ ਹੈ ਯਾਨੀ ਵਾਰ-ਵਾਰ ਜੰਮਣਾ-ਮਰਨਾ ਹੈ। ਭਾਵੇਂ ਕਿ ਅਹੰਕਾਰੀਆਂ ਦੀ ਭੀੜ ਸਾਮ੍ਹਣੇ ਸੱਚ ਬਾਰੇ ਬੋਲਣਾ ਕਠਿਨ ਹੈ, ‘‘ਆਖਣਿ ਅਉਖਾ; ਸਾਚਾ ਨਾਉ ॥’’ (ਸੋ ਦਰੁ/ਮਹਲਾ ੧/੯), ਪਰ ਇਹ ਭੀ ਸੱਚ ਹੈ ਕਿ ਜ਼ਮੀਰ ਨੂੰ ਸੱਚ ਨੇ ਹੀ ਜਗਾਉਣਾ ਹੈ, ‘‘ਆਖਾ ਜੀਵਾ; ਵਿਸਰੈ ਮਰਿ ਜਾਉ ॥’’, ਸੱਚ ਨੂੰ ਭੁਲਾ ਕੇ ਤਾਂ ਜ਼ਮੀਰ ਮਰਦੀ ਹੈ।
ਰੱਬ ਤੋਂ ਟੁੱਟੇ ਬੰਦੇ ਦੀ ਰਹਿਣੀ ਐਸੀ ਹੁੰਦੀ ਹੈ, ‘‘ਅੰਮ੍ਰਿਤੁ ਕਉਰਾ; ਬਿਖਿਆ ਮੀਠੀ ॥ ਸਾਕਤ ਕੀ ਬਿਧਿ; ਨੈਨਹੁ ਡੀਠੀ ॥ ਕੂੜਿ ਕਪਟਿ ਅਹੰਕਾਰਿ ਰੀਝਾਨਾ ॥ ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥’’ (ਮਹਲਾ ੫/੮੯੩) ਭਾਵ ਕਠੋਰ-ਚਿੱਤ ਨੂੰ ਨੇੜਿਓਂ ਵੇਖਿਆ ਤੇ ਸਮਝਿਆ ਕਿ ਉਸ ਨੂੰ ਨਾਮ-ਅੰਮ੍ਰਿਤ; ਕੌੜਾ ਜਾਪਦਾ ਹੈ ਤੇ ਕੌੜੀ ਜ਼ਹਰ (ਮਾਇਆ); ਮਿੱਠੀ ਲੱਗਦੀ ਹੈ ਕਿਉਂਕਿ ਉਹ ਝੂਠ, ਛਲ-ਕਪਟ ਤੇ ਅਹੰਕਾਰ ’ਚ ਮਸਤ ਹੈ ਤਾਹੀਓਂ ਸੱਚ ਦਾ ਸੁਨੇਹਾ; ਉਸ ਨੂੰ ਬਿੱਛੂ ਕੱਟਣ ਵਾਙ ਦਰਦ ਕਰਦਾ ਹੈ।
ਮਨੁੱਖ ਜਾਤੀ ਚੇਤੇ ਰੱਖੇ ਕਿ ਅਨੇਕਾਂ ਸਮਾਜਿਕ ਕਠਿਨਾਈਆਂ ਤੋਂ ਬਾਅਦ 6 ਅਕਤੂਬਰ 1708 (ਕੱਤਕ ਸੁਦੀ ੪, ਸੰਮਤ ੧੭੬੫; ੬ ਕੱਤਕ/ਨਾਨਕਸ਼ਾਹੀ ੨੪੦) ਨੂੰ ਬਖ਼ਸ਼ੀ ‘ਸ਼ਬਦ ਗੁਰੂ’ (ਗੁਰੂ ਗ੍ਰੰਥ ਸਾਹਿਬ ਜੀ) ਨੂੰ ਸਦੀਵੀ ਗੁਰਿਆਈ; ਕਿਆਮਤ ਤੱਕ ਝੂਠ ਵਿਰੁੱਧ ਮਨੁੱਖ ਨੂੰ ਸੰਘਰਸ਼ ਕਰਨ ਲਈ ਤਿਆਰ ਕਰਨ ਵਾਸਤੇ ਹੈ। ਇਹ ਕਿਸੇ ਇੱਕ ਵਰਗ ਦਾ ਗ੍ਰੰਥ ਸਾਹਿਬ ਨਹੀਂ। ਇਸ ਅੰਦਰ ਕਈ ਕਿੱਤਿਆਂ ਤੇ ਵਰਗਾਂ ਨਾਲ਼ ਸਬੰਧਿਤ ਮਹਾਂ ਪੁਰਸ਼ਾਂ ਦੇ ਅਨਮੋਲ ਬਚਨ ਹਨ, ਜੋ ਮਨੁੱਖ ਨੂੰ ਜਾਤ, ਰੰਗ, ਨਸਲ ਤੇ ਲਿੰਗ ਭੇਦ ਤੋਂ ਮੁਕਤ ਕਰ ਉਸ ਮਾਲਕ ਨਾਲ਼ ਮਜ਼ਬੂਤ ਸਬੰਧ ਬਣਾਉਣ ਲਈ ਪ੍ਰੇਰਦੇ ਹਨ, ਜੋ ਕਣ-ਕਣ ’ਚ ਮੌਜੂਦ ਹੈ ਯਾਨੀ ਕਿ ਸਾਡੇ ਸਦਾ ਅੰਗ-ਸੰਗ ਹੈ।
ਅੰਤ ’ਚ ਸ਼ੁਰੂਆਤੀ ਸ਼ਬਦਾਂ ਨੂੰ ਸੰਖੇਪ ’ਚ ਸਮਝੀਏ ਕਿ ਧਰਮ ਤੋਂ ਭਾਵ ਹੈ ‘ਸਚਾਈ, ਪੂਰਨ ਸਚਾਈ’। ਸਚਾਈ ਦਾ ਅਰਥ ‘ਕੁਦਰਤਿ’ ਜਾਂ ‘ਬ੍ਰਹਿਮੰਡ’ ਨਹੀਂ ਬਲਕਿ ਇਨ੍ਹਾਂ (ਜੀਵ-ਜੰਤ, ਤਾਰੇ, ਅਕਾਸ਼, ਬ੍ਰਹਿਮੰਡ) ਦੀ ਚਾਲ (ਰਹਿਣੀ, ਸੋਚ) ਪਿੱਛੇ ਇੱਕ ਅਦ੍ਰਿਸ਼-ਗ਼ੈਬੀ ਸ਼ਕਤੀ ਹੈ, ਜੋ ਚਾਲ ਰਹਿਤ (ਭਾਵ ਸਦਾ ਥਿਰ) ਹੈ। ਓਹੀ ਸਭ ਕੁੱਝ ਕਰ ਤੇ ਕਰਾ ਰਹੀ ਹੈ। ਉਸ ਨੂੰ ਸਵਿਕਾਰਨਾ, ਉਸ ’ਤੇ ਭਰੋਸਾ ਕਰਨਾ ਤੇ ਉਸ ਦੇ ਗੁਣਾਂ ਨੂੰ ਸਦਾ ਚੇਤੇ ਰੱਖਣਾ; ਸ਼ਰਧਾਵਾਨ ਬੰਦੇ ਅੰਦਰਲੇ ਚਾਨਣ (ਅਨੁਭਵ, ਬਲ) ’ਚ ਵਾਧਾ ਕਰਦਾ ਹੈ। ਉਹ ਸ਼ਕਤੀ; ਜੀਵ-ਜੰਤ ਤੇ ਮਨੁੱਖ ਪਾਸੋਂ ਕੀ ਚਾਹੁੰਦੀ ਹੈ, ਗੁਰਬਾਣੀ ’ਚ ਬਾਣੀਕਾਰਾਂ ਨੇ ਉਸੇ ਦਾ ਵਿਸਥਾਰ ਸਹਿਤ ਵਰਣਨ ਕੀਤਾ ਹੈ। ਇਹੀ ਉਸ ਦਾ ਹੁਕਮ ਹੈ। ਇਸ ਹੁਕਮ ’ਚ ਹਰ ਕੋਈ ਵਿਚਰਦਾ ਹੈ, ਪਰ ਅਹੰਕਾਰੀ ਬੰਦਾ ਮੰਨਦਾ ਨਹੀਂ ਤਾਹੀਓਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਹਨ, ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮਹਲਾ ੧/੧੪੫) ਭਾਵ ਭਗਤ ਤੇ ਦੁਨੀਆਦਾਰ ਦੀ ਸੋਚ ਆਪਸ ’ਚ ਕਦੇ ਨਹੀਂ ਮਿਲੇਗੀ। ਇਹੀ ਲੜਾਈ ਸੀ, ਹੈ ਤੇ ਰਹੇਗੀ।
ਇੱਥੇ ਇਹ ਸਵਾਲ ਨਾ ਰਹੇ ਕਿ ਅਹੰਕਾਰੀ ਬੰਦਾ ਭੀ ਜੇਕਰ ਕਰਤਾਰ ਦੇ ਹੁਕਮ ’ਚ ਹੈ ਤਾਂ ਉਸ ਨੂੰ ਦੋਸ਼ੀ ਕਿਵੇਂ ਮੰਨੀਏ ? ਜਵਾਬ : ਦੋਸ਼ੀ ਕੌਣ ਮੰਨਦਾ ਹੈ ਤੇ ਕਿਉਂ ਮੰਨਦਾ ਹੈ ? ਕਰਤਾਰ ਦੇ ਸੁਭਾਅ ਅਨੁਸਾਰ ਤਾਂ ਕੋਈ ਦੋਸ਼ੀ ਨਹੀਂ, ‘‘ਨਾ ਕੋ ਮੂਰਖੁ; ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥ ਅਗਮ ਅਗੋਚਰ ਬੇਅੰਤ ਅਥਾਹਾ ! ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥’’ (ਮਹਲਾ ੫/੯੮) ਭਾਵ ਹੇ ਪਹੁੰਚ/ਆਮ ਸਮਝ ਤੋਂ ਪਰੇ ! ਹੇ ਪੰਜ ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ ! ਹੇ ਬੇਅੰਤ ! ਹੇ ਗਹਿਰ ਗੰਭੀਰ ਪ੍ਰਭੂ ! ਹਰ ਪਾਸੇ ਤੇਰਾ ਹੀ ਹੁਕਮ ਵਾਪਰ ਰਿਹਾ ਹੈ। ਇੱਥੇ ਨਾ ਕੋਈ ਮੂਰਖ (ਅਹੰਕਾਰੀ) ਹੈ ਤੇ ਨਾ ਕੋਈ ਸਿਆਣਾ (ਭਗਤ) ਯਾਨੀ ਕਿ ਤੂੰ ਆਪ ਹੀ ਆਪ ਵਿਆਪਕ ਹੋ ਕੇ ਕਲਾ ਵਰਤਾ ਰਿਹਾ ਹੈਂ। ਤੇਰੀ ਇਸ ਅਪਰੰਪਰ ਤੇ ਗਹਿਰੀ ਸੂਖਮ ਖੇਡ ਦਾ ਪੂਰਾ ਰਾਜ਼ ਨਹੀਂ ਜਾਣਿਆ ਜਾ ਸਕਦਾ।
‘ਜਪੁ’ ਬਾਣੀ ’ਚੋਂ ਇੱਕ ਮਿਸਾਲ ਲਈਏ ਤਾਂ ਕਿ ਇਸ ਸਿਧਾਂਤ ਪ੍ਰਤੀ ਕੋਈ ਸੰਦੇਹ ਨਾ ਰਹੇ। ‘ਜਪੁ’ ਜੀ ਦੀ ਪਹਿਲੀ ਪਉੜੀ ’ਚ ਗੁਰੂ ਨਾਨਕ ਸਾਹਿਬ; ਇੱਕ ਮੋਨੀ ਬਾਰੇ ਕਹਿੰਦੇ ਹਨ, ‘‘ਚੁਪੈ ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ ..॥੧॥’’ ਭਾਵ ਮੌਨ ਧਾਰਨ ਨਾਲ਼ ਮਨ ਦੇ ਫੁਰਨੇ ਨਹੀਂ ਰੁਕਦੇ ਭਾਵੇਂ ਨਿਰੰਤਰ ਮੌਨ-ਸਮਾਧੀ ਲਾ ਕੇ ਬੈਠ ਜਾਈਏ।
ਅਗਾਂਹ 17ਵੀਂ ਪਉੜੀ ’ਚ ਕਿਹਾ ਹੈ, ‘‘ਅਸੰਖ ਮੋਨਿ; ਲਿਵ ਲਾਇ ਤਾਰ ..॥੧੭॥’’ ਭਾਵ ਹੇ ਨਿਰਾਕਾਰ ! ਤੇਰੀ ਜਗਤ-ਰਚਨਾ ’ਚ ਅਨੇਕਾਂ ਹੀ ਮੌਨੀ ਹਨ, ਜੋ ਨਿਰੰਤਰ ਮੌਨ ਧਾਰੀ ਰੱਖਦੇ ਹਨ।
ਅਗਾਂਹ 33ਵੀਂ ਪਉੜੀ ’ਚ ਫਿਰ ਕਿਹਾ ਹੈ, ‘‘ਆਖਣਿ ਜੋਰੁ; ਚੁਪੈ ਨਹ ਜੋਰੁ ..॥੩੩॥’’ ਭਾਵ ਨਾ ਕੋਈ ਆਪਣੇ ਆਪ ਮੌਨੀ ਬਣਿਆ ਹੈ ਤੇ ਨਾ ਹੀ ਕੋਈ ਆਪਣੇ ਆਪ ਵੱਧ ਬੋਲਣ ਵਾਲ਼ਾ ਯਾਨੀ ਸਿਆਣਾ ਹੈ। ਇਹ ਸਭ ਕਰਤਾਰ ਦੀ ਹੀ ਖੇਡ ਹੈ, ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥’’ (ਜਪੁ) ਭਾਵ ਜਿਸ ਮਾਲਕ ਦੇ ਹੱਥ ’ਚ ਸਭ ਕੁੱਝ ਕਰਨ-ਕਰਾਉਣ ਦੀ ਸਮਰੱਥਾ ਹੈ; ਓਹੀ ਸਭ ਕੁੱਝ ਕਰਦਾ ਤੇ ਵੇਖਦਾ ਪਿਆ ਹੈ। ਇੱਥੇ ਕੋਈ ਆਪਣੇ ਆਪ ਸਿਰੋਮਣੀ ਜਾਂ ਨੀਚ ਨਹੀਂ ਬਣਿਆ।
ਹੁਣ ਜੋ ਬੰਦਾ ਪਹਿਲੀ ਪਉੜੀ ਵਾਲ਼ੇ ਵਿਸ਼ੇ ਨੂੰ ਹੀ ਆਧਾਰ ਬਣਾ ਕੇ ਕਿਸੇ ਨੂੰ ਦੋਸ਼ੀ ਮੰਨੀ ਜਾਵੇ; ਉਹ 33ਵੀਂ ਪਉੜੀ ’ਚ ਬਿਆਨ ਕੀਤੇ ਗੁਰਮਤਿ ਦੇ ਗਹਿਰੇ ਅਸੂਲਾਂ ਨੂੰ ਕਦੇ ਨਹੀਂ ਸਮਝ ਸਕਦਾ, ਪਰ ਹਾਂ ਇਹ ਬੋਧ ਜ਼ਰੂਰੀ ਹੈ ਕਿ ਮਾਸਾਹਾਰੀ (ਅਹੰਕਾਰੀ); ਸਮਾਜ ’ਚ ਸਦਾ ਰਹਿਣੇ ਹਨ। ਸਾਕਾਹਾਰੀ (ਭਗਤ) ਨੂੰ ਆਪਣੀ ਏਕਤਾ ਬਣਾ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਇਹ ਵੈਸਾ ਹੀ ਟਕਰਾਅ ਹੈ; ਜਿਵੇਂ ਕਿ ਅਕਾਸ਼ ’ਚ ਇੱਕ ਤਾਰਾ; ਦੂਜੇ ਨਾਲ਼ ਟਕਰਾਅ ਕੇ ਖ਼ਤਮ ਹੁੰਦਾ ਹੈ ਯਾਨੀ ਦੋ ਤੋਂ ਇੱਕ ਹੁੰਦਾ ਹੈ ਜਾਂ ਦੋ ਤੋਂ ਤਿੰਨ ਤਾਰੇ ਬਣਦੇ ਹਨ, ‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ ॥ (ਭਗਤ ਪੀਪਾ/੬੯੫), ਜੋ ਬ੍ਰਹਮੰਡਿ (’ਚ); ਖੰਡਿ (’ਚ) ਸੋ ਜਾਣਹੁ ॥’’ (ਮਹਲਾ ੧/੧੦੪੧) ਭਾਵ ਜੋ ਨਿਯਮ ਜਾਂ ਗਤੀ ਬ੍ਰਹਿਮੰਡ ’ਚ ਕੰਮ ਕਰਦੀ ਹੈ; ਓਹੀ ਪਿੰਡ ਜਾਂ ਖੰਡ ਭਾਵ ਸਾਰੇ ਸਰੀਰ ਅੰਦਰ ਭੀ ਗਤੀਸ਼ੀਲ ਹੈ।
ਹਮਲਾ ਕਰਨਾ ਮਾਸਾਹਾਰੀ ਦਾ ਸੁਭਾਅ ਹੈ; ਉਸ ਤੋਂ ਬਚਾਅ ਕਰਨਾ ਭਗਤ ਦਾ ਫ਼ਰਜ ਹੈ, ਧਰਮ ਹੈ। ਨਿਜੀ ਹਿਤਾਂ ਲਈ ਹੋਰਾਂ ’ਤੇ ਹਮਲਾ ਕਰਨਾ ਜਾਂ ਕਿਸੇ ਨੂੰ ਨੀਵਾਂ ਵਿਖਾਉਣਾ ਅਧਰਮ ਹੈ ਕਿਉਂਕਿ ਹਰ ਕੋਈ ਆਪਣਾ ਚੰਗਾ-ਮੰਦਾ ਨਸੀਬ ਭੋਗ ਰਿਹਾ ਹੈ। ਆਮ ਬੰਦੇ ਨੂੰ ਅਸਲ ਮਾਲਕ ਦੀ ਹੋਂਦ ਤੋਂ ਜਾਣੂ ਕਰਾਉਣਾ ਤੇ ਉੁਸ ਵੱਲੋਂ ਮਿਲਦੀਆਂ ਦਾਤਾਂ, ਗੁਣ ਤੇ ਹੁਕਮ ਦਾ ਪਾਲ਼ਨ ਕਰਾਉਣਾ; ਧਰਮ/ਸੱਚ ਦਾ ਅਸਲ ਪ੍ਰਚਾਰ ਹੈ।










