ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬਰੇਰੀ ਵਿੱਚੋਂ ਅਹਿਮ ਦਸਤਾਵੇਜ ਵੇਚੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ

0
306

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬਰੇਰੀ ਵਿੱਚੋਂ ਅਹਿਮ ਦਸਤਾਵੇਜ ਵੇਚੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬਰੇਰੀ ਵਿੱਚੋਂ ਅਹਿਮ ਦਸਤਾਵੇਜ ਵੇਚੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਭਿਣਕ ਪੈਣ ਤੇ ਵਿਦਿਆਰਥੀਆਂ ਦੀ ਮੁਸਤੈਦਗੀ ਕਾਰਨ ਇਨ੍ਹਾਂ ਦਸਤਾਵੇਜਾਂ ਨਾਲ ਭਰਿਆ ਟਰੱਕ ਯੂਨੀਵਰਸਿਟੀ ਦੇ ਬਾਹਰ ਜਾਣ ਤੋਂ ਰੋਕ ਲਿਆ ਗਿਆ ਹੈ।ਇਨ੍ਹਾਂ ਦਸਤਾਵੇਜਾਂ ਵਿੱਚ ਗੁਰਬਾਣੀ ਦਾ ਇੱਕ ਪੁਰਾਤਨ ਹੱਥ ਲਿਖਤ ਖਰੜਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਇਤਿਹਾਸਿਕ ਦਸਤਾਵੇਜਾਂ, ਧਾਰਮਿਕ ਗ੍ਰੰਥਾਂ ਅਤੇ ਪੁਰਾਤਨ ਹੱਥ ਲਿਖਤ ਖਰੜਿਆਂ ਨਾਲ ਭਰਿਆ ਟਰੱਕ ਵਿਦਿਆਰਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਉਨ੍ਹਾਂ ਨੂੰ ਇਨ੍ਹਾਂ ਦਸਤਾਵੇਜਾਂ ਦੇ ਵੇਚੇ ਜਾਣ ਬਾਰੇ ਪਤਾ ਲੱਗਾ ਤਾਂ ਵਿਦਿਆਰਥੀਆਂ ਨੇ ਲਾਈਬਰੇਰੀ ਦੀ ਇੰਚਾਰਜ ਮੈਡਮ ਸਰੋਜ ਬਾਲਾ ਕੋਲ ਇਸ ਦੀ ਸ਼ਿਕਾਇਤ ਕੀਤੀ। ਮੈਡਮ ਨੇ ਕਿਹਾ ਕਿ ਲਾਇਬਰੇਰੀ ਵਿੱਚ ਇਨ੍ਹਾਂ ਦਸਤਾਵੇਜਾਂ ਦੀਆਂ ਦੋ-ਦੋ ਨਕਲਾਂ ਸਨ, ਇਸ ਲਈ ਇੱਕ-ਇੱਕ ਨਕਲ ਵੇਚੀ ਗਈ ਹੈ। ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਮੋਜੂਦ ਨਕਲਾਂ ਵਖਾਉਣ ਲਈ ਕਿਹਾ ਤਾਂ ਮੈਡਮ ਉਹ ਨਕਲਾਂ ਵਿਦਿਆਰਥੀਆਂ ਨੂੰ ਨਹੀਂ ਵਖਾ ਸਕੀ। ਵਿਦਿਆਰਥੀਆਂ ਦੇ ਦੱਸਣ ਅਨੁਸਾਰ ਲਾਇਬਰੇਰੀ ਇੰਚਾਰਜ ਮੈਡਮ ਨੂੰ ਜਦੋਂ ਉਨ੍ਹਾਂ ਟਰੱਕ ਵਿੱਚੋਂ ਮਿਲੇ “ਨਿਰਗੁਣਿਆਰਾ” ਮੈਗਜ਼ੀਨ ਦੀ ਕਾਪੀ ਵਖਾਉਣ ਲਈ ਕਿਹਾ ਤਾਂ ਮੈਡਮ ਨੇ ਵਿਦਿਆਰਥੀਆਂ ਤੋਂ ਟਰੱਕ ਵਿੱਚੋਂ ਮਿਲਿਆ “ਨਿਰਗੁਣਿਆਰਾ” ਮੈਗਜ਼ੀਨ ਫੜ ਕੇ ਪਾੜ ਦਿੱਤਾ। ਪਾੜਿਆ ਗਿਆ 1963 ਦਾ “ਨਿਰਗੁਣਿਆਰਾ” ਰਸਾਲਾ ਇਨ੍ਹਾਂ ਇਤਿਹਾਸਿਕ ਦਸਤਾਵੇਜਾਂ ਵਿੱਚ ਜਿੱਥੇ ਕਈ ਪੁਰਾਣੀਆਂ ਲਿਖਤਾਂ ਅਤੇ ਰਸਾਲੇ ਸ਼ਾਮਿਲ ਹਨ, ਉਸ ਦੇ ਨਾਲ ਹੀ ਕਈ ਧਾਰਮਿਕ ਸ੍ਰੋਤ ਵੀ ਹਨ। ਇਸ ਸਬੰਧੀ ਜਦੋਂ ਸਿੱਖ ਸਿਆਸਤ ਵੱਲੋਂ ਯੂਨੀਵਰਸਿਟੀ ਰਜਿਸਟਰਾਰ ਨਾਲ ਗੱਲ ਕੀਤੀ ਗਈ ਤਾਂਉਨ੍ਹਾਂ ਕਿਹਾ ਕਿ ਲਾਬਿਰੇਰੀ ਵਿੱਚੋਂ ਰੱਦੀ ਕੱਢਣ ਵੇਲੇ ਗਲਤੀ ਨਾਲ ਕੁਝ ਇਤਿਹਾਸਿਕ ਅਤੇਧਾਰਮਿਕ ਗ੍ਰੰਥ ਵੀ ਲਾਇਬਰੇਰੀ ਤੋਂ ਬਾਹਰ ਉਸ ਟਰੱਕ ਵਿੱਚ ਲੱਦ ਦਿੱਤੇ ਗਏ, ਜਿਸ ਦੀਯੂਨੀਵਰਸਿਟੀ ਵੱਲੋਂ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀਜਾਵੇਗੀ। ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਸਤਾਵੇਜਾਂ ਨੂੰ ਵੇਚਣ ਲਈ ਯੂਨੀਵਰਸਿਟੀ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਵੇਖਣ ਦੀ ਮੰਗ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਕਰ ਰਹੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਉਸ ਟੈਂਡਰ ਦੀ ਕਾਪੀ ਦੇਣ ਤੋਂ ਇਨਕਾਰੀ ਹੈ।
ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੰਦੇ ਹੋਏ ਵਿਦਿਆਰਥੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਸ ਘਟਨਾ ਦੇ ਰੋਸ ਵਜੋਂ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਦੇ ਮੇਨ ਗੇਟ ਤੇ ਧਰਨਾ ਲਾ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਮੰਗ ਹੈ ਕਿ ਟੈਂਡਰ ਦੀ ਕਾਪੀ ਵਿਦਿਆਰਥੀਆਂ ਨੂੰ ਦਿੱਤੀ ਜਾਵੇ, ਲਾਬਿਰੇਰੀ ਇੰਚਾਰਜ ਮੈਡਮ ਸਰੋਜ ਬਾਲਾ ਅਤੇ ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਨੂੰ ਬਰਖਾਸਤ ਕੀਤਾ ਜਾਵੇ ਅਤੇ ਲਾਇਬਰੇਰੀ ਵਿੱਚੋਂ ਬੇਚੀਆਂ ਗਈਆਂ ਕਿਤਾਬਾਂ ਅਤੇ ਇਤਿਹਾਸਿਕ ਦਸਤਾਵੇਜਾਂ ਨੂੰ ਮੁੜ ਲਾਬਿਰੇਰੀ ਵਿੱਚ ਸਥਾਪਿਤ ਕਰਕੇ ਸਹੀ ਸੰਭਾਲ ਲਈ ਇਨ੍ਹਾਂ ਦਸਤਾਵੇਜਾਂ ਨੂੰ ਡਿਜੀਟਲਾਈਜ਼ ਕੀਤਾ ਜਾਵੇ।

16-2-2016

ਕਰਮਜੀਤ ਸਿੰਘ