ਹੋਰ ਕਚੀ ਹੈ ਬਾਣੀ ॥
ਗਿਆਨੀ ਰਣਜੋਧ ਸਿੰਘ (ਫਗਵਾੜਾ)
ਜੀਵਨ ’ਚ ਸਫਲ ਹੋਣ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਹੀ ਗਹਿਰੇ ਅਤੇ ਕੀਮਤੀ ਵਚਨ ਹਨ, ‘‘ਸੁਣਿ ਮੁੰਧੇ ਹਰਣਾਖੀਏ ! ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ॥’’ (ਮਹਲਾ ੧/੧੪੧੦) ਭਾਵ ਜਦੋਂ ਵੀ ਕੋਈ ਵਣਜ ਵਿਹਾਰ ਕਰਨਾ ਹੈ ਤਾਂ ਪਹਿਲਾਂ ਚੰਗੀ ਤਰ੍ਹਾਂ ਵਸਤੂ (ਚੀਜ਼) ਦੀ ਪਛਾਣ ਕਰ, ਪਰਖ ਕਰ। ਪਰਖ ਕਰਕੇ ਫਿਰ ਉਸ ਚੀਜ਼ ਦਾ ਵਣਜ ਵਿਵਹਾਰ ਕਰ ਤਾਂ ਹੀ ਤੂੰ ਜੀਵਨ ’ਚ ਸਫਲ ਹੋਏਂਗਾ। ਜੇ ਸਿਆਣਾ ਪਹਿਲਾਂ ਹੈ, ਪਰ ਵਣਜ ਕਰਨ ਸਮੇਂ ਪਰਖ ਨਾ ਕੀਤੀ, ਪਛਾਣ ਨਾ ਕੀਤੀ, ਫਿਰ ਜੀਵਨ ’ਚ ਸਫਲ ਨਹੀਂ ਹੋਏਂਗਾ, ਅਸਫਲ ਹੋ ਜਾਏਂਗਾ। ਲੋਕਾਂ ਦੀਆਂ ਨਜ਼ਰਾਂ ’ਚ ਅਣਜਾਣ ਵੀ ਹੋਏਂਗਾ, ਘਾਟਾ ਵੀ ਪਵੇਗਾ ਤੇ ਬਰਬਾਦ ਹੋ ਜਾਏਂਗਾ, ਇਸ ਲਈ ਸਫਲ ਜੀਵਨ ਲਈ ਪਹਿਲਾਂ ਪਰਖ ਅਤੇ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਐਸਾ ਕਿਉਂ ਕਰਨਾ ਜ਼ਰੂਰੀ ਹੈ ਕਿਉਂਕਿ ਸੰਸਾਰ ’ਚ ਅਕਸਰ ਅਸਲ ਦੀ ਨਕਲ ਚੱਲ ਹੀ ਪੈਂਦੀ ਹੈ। ਕੋਈ ਚੀਜ਼ ਜਿੰਨੀ ਵਧੀਆ ਕੀਮਤੀ ਅਤੇ ਅਸਰਦਾਰ ਹੋਵੇਗੀ, ਉਸ ਦੀ ਨਕਲ ਚੱਲ ਪਏਗੀ। ਨਕਲ ਕਰਨ ਦਾ ਇਹ ਸਿਲਸਿਲਾ ਹਰ ਥਾਂ, ਹਰ ਖੇਤਰ ’ਚ ਵਾਪਰਦਾ ਹੈ। ਇਹ ਨਕਲੀ ਦਾ ਸਿਲਸਿਲਾ ਕਿਉਂ ਚੱਲਦਾ ਹੈ ? ਇਸ ਦੀ ਕੀ ਵਜਾਅ ਹੈ। ਇਸ ਦੇ ਤੱਤ ਇਹੀ ਮਿਲਦੇ ਹਨ ਕਿ ਸੁਆਰਥੀ ਅਤੇ ਲੋਭੀ ਲੋਕ; ਰਾਤੋ ਰਾਤ ਅਮੀਰ ਬਣਨ ਵਾਸਤੇ ਲੋਕਾਂ ਨੂੰ ਧੋਖਾ ਦੇਣ ਲਈ ਅਸਲ ਦੀ ਨਕਲ ਬਣਾ ਲੈਂਦੇ ਹਨ। ਚੀਜ਼ ਨਕਲੀ ਹੁੰਦੀ ਹੈ ਤੇ ਮੋਹਰ ਅਸਲੀ ਹੁੰਦੀ ਹੈ। ਐਸੇ ਅਨਸਰ; ਸਮਾਜ ਅਤੇ ਕਾਨੂੰਨ ਦੀਆਂ ਨਜ਼ਰਾਂ ’ਚ ਗੁਨਾਹਗਾਰ (ਦੋਸ਼ੀ) ਹੁੰਦੇ ਹਨ। ਜਦੋਂ ਕਦੇ ਇਹ ਫਸਦੇ ਹਨ ਤਾਂ ਇਨ੍ਹਾਂ ਨੂੰ ਕੈਦ ਅਤੇ ਜੁਰਮਾਨਾ ਹੁੰਦਾ ਹੈ ਕਿਉਂਕਿ ਇਹ ਲੋਕ ਧੋਖੇਬਾਜ਼ ਹੁੰਦੇ ਹਨ। ਇਸੇ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ‘‘ਸੁਣਿ ਮੁੰਧੇ ਹਰਣਾਖੀਏ !’’
ਧਰਮ ਦੀ ਦੁਨੀਆ ਅੰਦਰ ਵੀ ਇਹ ਸਿਲਸਿਲਾ ‘ਆਦਿ ਕਾਲ’ ਤੋਂ ਚਲਿਆ ਆ ਰਿਹਾ ਹੈ। ਜੇਕਰ ਪਦਾਰਥ ਦੀ ਦੁਨੀਆਂ ’ਚ ਅਸਲ ਦੀ ਨਕਲ ਹੋ ਰਹੀ ਹੈ ਤਾਂ ਪਰਮਾਰਥ ਦੀ ਦੁਨੀਆ ’ਚ ਵੀ ਅਸਲ ਦੀ ਨਕਲ ਦਾ ਬਹੁਤ ਬੋਲਬਾਲਾ ਹੈ। ਪਦਾਰਥ ਅਤੇ ਪਰਮਾਰਥ ਦੇ ਖੇਤਰ ’ਚ ਨਕਲ ਦਾ ਸਿਲਸਿਲਾ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਨਕਲੀ ਭਗਵਾਨ, ਨਕਲੀ ਗੁਰੂ, ਨਕਲੀ ਸਾਧ, ਨਕਲੀ ਸੰਤ, ਨਕਲੀ ਬ੍ਰਹਮਗਿਆਨੀ, ਨਕਲੀ ਧਰਮ, ਨਕਲੀ ਧਾਰਮਿਕ ਗ੍ਰੰਥ, ਆਦਿ। ਭਗਵਾਨ ਰਜਨੀਸ਼, ਭਗਵਾਨ ਕ੍ਰਿਸ਼ਨ, ਭਗਵਾਨ ਰਾਮ; ਫਿਰ ਅੱਗੋਂ ਨਕਲ ਦੀ ਹੋਰ ਨਕਲ ਹੋ ਰਹੀ ਹੈ। ਨਾਟਕਾਂ, ਸੀਰੀਅਲਾਂ, ਰਾਮ ਲੀਲਾ, ਕ੍ਰਿਸ਼ਨ ਲੀਲਾ, ਆਦਿ ਸਭ ਨਕਲੀ ਹੁੰਦੇ ਹਨ। ਨਕਲੀਆਂ ਦੇ ਨਕਲੀ ਬਣਦੇ ਹਨ। ਨਾਮਧਾਰੀਆਂ ’ਚ ਅੱਜ ਦੀ ਤਾਰੀਖ ’ਚ 14ਵੇਂ ਗੁਰੂ ਦੀ ਗੱਦੀ ਚੱਲ ਰਹੀ ਹੈ। ਇਸ ਨਕਲੀ ਗੁਰਗੱਦੀ ਵਾਸਤੇ ਗੋਲੀਆਂ ਚੱਲ ਰਹੀਆਂ ਹਨ। ਨਕਲੀ ਨਿਰੰਕਾਰੀਆਂ ’ਚ ਨਕਲੀ ਗੁਰੂ ਬਹੁਤ ਹਨ। ਨੂਰ ਮਹਿਲ ’ਚ ਬਿਹਾਰ ਦਾ ਭਈਆ ਮਹੇਸ਼ ਕੁਮਾਰ ਝਾਅ (ਪੁੱਤਰ ਦਲੀਪ ਕੁਮਾਰ ਝਾਅ) ਨੇ ਨਕਲੀ ਨਾਮ ਰੱਖਿਆ ਹੈ ‘ਅਸ਼ੂਤੋਸ਼’। ਲੋਕਾਂ ਦੀਆਂ ਲਾਈਟਾਂ ਜਗਾਉਣ ਦਾ ਦਾਅਵਾ ਕਰਨ ਵਾਲੇ ਦੀਆਂ ਐਸੀਆਂ ਲਾਈਟਾਂ ਬੁਝੀਆਂ ਕਿ ਲੋਕਾਂ ਨੇ ਫਰਿਜ਼ ਵਿੱਚ ਹੀ ਲਾ ਦਿੱਤਾ। ਸਿਰਸੇ ’ਚ ਰਾਧਾ ਸਵਾਮੀਆਂ ’ਚੋਂ ਨਿਕਲਿਆ ‘ਗੁਰਮੀਤ ਸਿੰਘ’; ਨਕਲੀ ਨਾਂ ਰੱਖਿਆ ‘ਰਾਮ ਰਹੀਮ ਗੁਰਮੀਤ’; ਫਿਲਮ ‘Messager of GOD’ ’ਚ ਬਾਂਦਰਾਂ ਵਾਂਗ ਟਪੂਸੀਆਂ ਮਾਰਨ ਵਾਲਾ ਆਪਣੇ ਆਪ ਨੂੰ ਰੱਬ ਦਾ ਪੈਗ਼ੰਬਰ ਕਹਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਨਕਲੀ ਪੋਸ਼ਾਕ ਪਾ ਕੇ ‘ਜਾਮਿ-ਏ-ਇਨਸਾ’ ਦੇ ਨਾਂ ਹੇਠ ‘ਜਾਮਿ-ਏ-ਸ਼ੈਤਾਨ’ ਪਿਲਾਉਂਦਾ ਹੈ। ਭਨਿਆਰੇ ’ਚ ‘ਪਿਆਰਾ ਰਾਮ’ ਨਕਲੀ ਗੁਰੂ ਬਣ ਗਿਆ। ਸੋ ਨਕਲੀਆਂ ਦੀ ਬਹੁਤ ਪਰਮਾਰ ਹੈ। ਨਕਲੀ ਹਨੁਮਾਨ; ਮੈਂ ਆਪ ਬਾਜ਼ਾਰਾਂ ’ਚ ਟਪੂਸੀਆਂ ਲਾਉਂਦੇ ਦੇਖਿਆ ਹੈ। ਇੱਕ ਕਵੀ ਨਸੀਹਤ ਦਿੰਦਾ ਆਖਦਾ ਹੈ ‘ਲਿਬਾਸਿ ਖ਼ਿਜ਼ਰ ਮੇਂ, ਜਹਾਂ ਸੈਂਕੜੇ ਰਾਹਜਨ ਭੀ ਮਿਲਤੇ ਹੈਂ। ਅਗਰ ਦੁਨੀਆ ਮੇਂ ਰਹਿਣਾ ਹੈ ਤੋ ਕੁਛ ਪਹਿਚਾਣ ਪੈਦਾ ਕਰ ਅਕੀਬ’। ਯਾਨੀ ਧਾਰਮਿਕ ਲਿਬਾਸ ’ਚ ਹਜ਼ਾਰਾਂ ਹੀ ਰਾਹਜਨ (ਚੋਰ, ਡਾਕੂ) ਫਿਰਦੇ ਹਨ। ਅਗਰ ਦੁਨੀਆ ’ਚ ਧੋਖੇ ਤੋਂ ਬਚਣਾ ਹੈ ਤਾਂ ਗੁਰਬਾਣੀ ਦੀ ਬਰਕਤ ਨਾਲ ਕੁਝ ਪਛਾਣ ਅਤੇ ਪਰਖ ਜ਼ਰੂਰ ਕਰ ਵਰਨਾ ਇੱਥੇ ਨਿਰਮਲ ਬਾਬਾ, ਡਾਕੂ ਆਸਾਰਾਮ, ਚੰਦ੍ਰਾ ਸੁਆਮੀ, ਰਾਮ ਪਾਲ, ਪ੍ਰਗਿਆ ਪ੍ਰਾਚੀ, ਸ੍ਰੀ ਸ੍ਰੀ ਸ੍ਰੀ ਵਰਗੇ ਅਨੇਕ ਬਦਕਾਰ ਫਿਰਦੇ ਹਨ। ਇਹ ਸਭ ਗੁਰੂ ਦੀ ਰੀਸ ਕਰਦੇ ਹਨ। ਗੁਰੂ ਦੇ ਗੁਣ ਧਾਰਨ ਨਹੀਂ ਕਰਦੇ, ਰੀਸਾਂ ਕਰਦੇ ਹਨ। ਗੁਰਦੁਆਰਿਆਂ ਦੇ ਥਾਂ ਠਾਠ, ਡੇਰੇ, ਟਕਸਾਲਾਂ ਬਣਾਉਂਦੇ ਹਨ। ਸਿੱਖ ਰਹਿਤ ਮਰਿਆਦਾ ਦੇ ਮੁਕਾਬਲੇ ’ਤੇ ਆਪਣੀ ਵੱਖਰੀ ਮਰਿਆਦਾ ਬਣਾਉਂਦੇ ਹਨ। ਚੇਲੇ ਰੱਖਦੇ ਹਨ। ਵੱਖਰੀ ਕਿਸਮ ਦੇ ਚੋਲ਼ੇ ਪਾਉਂਦੇ ਹਨ। ਇੱਕ ਹੱਥ ’ਚ ਮਾਲਾ ਰੱਖਦੇ ਹਨ ਤੇ ਦੂਸਰੇ ਹੱਥ ’ਚ ਖੂੰਡੀ, ਕਿਰਪਾਨ, ਤੀਰ ਜਾਂ ਹੋਰ ਕੁਝ ਵੱਖਰਾ ਜਿਹਾ ਰੱਖਦੇ ਹਨ। ਫ਼ਤਿਹ ਦੀ ਥਾਂ ‘ਸਤਿਨਾਮ’ ਆਖਦੇ ਹਨ। ਬੁਲ੍ਹ ਫਰਕਦੇ ਹਨ ਤਾਂ ਕਿ ਲੋਕ ਸਮਝਣ ਕਿ ਸ਼ਾਇਦ ਇਹ ਸਿਮਰਨ ਕਰ ਰਹੇ ਹਨ। ਫਿਰ ਗੁਰੂ ਦੀ ਰੀਚ ਕਰਕੇ ਬਾਣੀ ਦੇ ਨਾਂ ਤੇ ਕਵਿਤਾਵਾਂ ਰਚਦੇ ਹਨ। ਫਿਰ ਉਨ੍ਹਾਂ ਦਾ ਕੱਚੀਆਂ ਧਾਰਨਾਵਾਂ ’ਤੇ ਕੀਰਤਨ ਕਰਦੇ ਹਨ। ਇਹ ਵੱਡੇ ਹੋਣ ਦਾ ਨਾਟਕ (ਰੀਸ) ਕਰਦੇ ਹਨ। ਗੁਰੂ ਸਾਹਿਬ ਇਨ੍ਹਾਂ ਪ੍ਰਥਾਏ ਬਚਨ ਕਰਦੇ ਹਨ, ‘‘ਜਿਸ ਨੋ ਸਾਹਿਬੁ ਵਡਾ ਕਰੇ; ਸੋਈ ਵਡ ਜਾਣੀ ॥ ਜਿਸੁ ਸਾਹਿਬ ਭਾਵੈ, ਤਿਸੁ ਬਖਸਿ ਲਏ; ਸੋ ਸਾਹਿਬ ਮਨਿ ਭਾਣੀ ॥ ਜੇ ਕੋ ਓਸ ਦੀ ਰੀਸ ਕਰੇ; ਸੋ ਮੂੜ ਅਜਾਣੀ ॥’’ (ਮਹਲਾ ੪/੩੦੨) ਅਕਾਲ ਪੁਰਖ ਆਪਣੇ ਹੁਕਮ (ਨਿਯਮ) ’ਚ ਜਿਸ ਨੂੰ ਮਹਾਨਤਾ ਬਖਸ਼ਦਾ ਹੈ, ਉਹੀ ਪੁਰਖ; ਜਸ ਦਾ ਪਾਤਰ ਬਣਦਾ ਹੈ। ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ’ਤੇ ਬਖਸ਼ਸ਼ ਕੀਤੀ, ਗੁਰੂ ਸਾਹਿਬ ਜੀ ਦੀ ਮਹਿਮਾ ਚਾਰੇ ਕੁੰਡਾਂ ’ਚ ਫੈਲ ਗਈ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ’ਤੇ ਬਖਸ਼ਸ਼ ਕੀਤੀ ਤਾਂ ਭਾਈ ਲਹਿਣਾ ਜੀ; ਗੁਰੂ ਅੰਗਦ ਸਾਹਿਬ ਹੋ ਗਏ। ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ’ਤੇ ਬਖਸ਼ਸ਼ ਕੀਤੀ ਤਾਂ ਬਾਬਾ ਅਮਰਦਾਸ ਜੀ; ਗੁਰੂ ਅਮਰਦਾਸ ਜੀ ਹੋ ਗਏ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਉੱਪਰ ਬਖਸ਼ਸ਼ ਕੀਤੀ ਤਾਂ ਉਹ ਗੁਰੂ ਰਾਮਦਾਸ ਪਾਤਿਸ਼ਾਹ ਹੋਏ। ਅੱਗੋਂ ਇਹ ਸਿਲਸਿਲਾ ਜਾਰੀ ਰਿਹਾ। ਇਨ੍ਹਾਂ ’ਤੇ ਕਿਉਂ ਬਖਸ਼ਸ਼ ਹੋਈ ? ਕਿਉਂਕਿ ਇਹ ਸਾਰੇ ਇਲਾਹੀ ਮਾਰਗ ’ਤੇ ਚੱਲੇ, ਪਰ ਜੋ ਉਸ ਮਾਰਗ ’ਤੇ ਨਹੀਂ ਚੱਲਦੇ, ਪ੍ਰਿਥਵੀ ਚੰਦ ਵਾਂਗ, ਰਾਮ ਰਾਏ ਵਾਂਗ, ਗੁਰੂ ਦੀ ਰੀਸ ਕਰਦੇ ਰਹੇ, ਉਹ ਮੂੜ ਅਜਾਣੀ ਅਤੇ ਮੂਰਖ ਹੁੰਦੇ ਹਨ। ਐਸਿਆਂ ਬਾਰੇ ਹੀ ਜ਼ਿਕਰ ਹੈ, ‘‘ਗਲਂੀ ਅਸੀ ਚੰਗੀਆ; ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ; ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ; ਜੋ ਸੇਵਹਿ ਦਰੁ ਖੜੀਆਹ ॥’’ (ਮਹਲਾ ੧/੮੫) ਰੀਸ ਕਰਨ ਵਾਲੇ ਗੱਲਾਂ ਦੇ ਬਾਦਿਸ਼ਾਹ ਹੁੰਦੇ ਹਨ, ਪਰ ਅੰਦਰਲੇ ਇਖਲਾਕ ਪੱਖੋਂ ਕੰਗਾਲ ਹੁੰਦੇ ਹਨ। ਬਾਹਰੋਂ ਹੰਸ ਜਾਪਦੇ ਹਨ, ਪਰ ਅੰਦਰ ਬਿਰਤੀ ਬਗਲਿਆਂ ਵਾਲੀ ਹੁੰਦੀ ਹੈ। ਬਾਹਰੋਂ ਸੰਤ ਲੱਗਦੇ ਹਨ, ਪਰ ਅੰਦਰੋਂ ਚੋਰ, ਠੱਗ, ਲੁੱਚੇ ਹੁੰਦੇ ਹਨ। ਗੁਰੂ ਦੀ ਰੀਸ ਕਰਦੇ ਹਨ। ਰੀਸ ਕਰਕੇ ਬਾਣੀ ਰਚਨ ਦਾ ਡਰਾਮਾ ਕਰਦੇ ਹਨ। ਐਸਿਆਂ ਪ੍ਰਥਾਇ ਗੁਰਬਾਣੀ ਦੇ ਬਚਨ ਹਨ, ‘‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ; ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ, ਕੂੜੇ ਝੜਿ ਪੜੀਐ ॥ ਓਨ੍ਾ ਅੰਦਰਿ ਹੋਰੁ, ਮੁਖਿ ਹੋਰੁ ਹੈ; ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥’’ (ਮਹਲਾ ੪/੩੦੪) ਰੀਸ ਕਰਨ ਦੀ ਥਾਂ ਸੱਤ ਸਰੂਪ ਗੁਰਬਾਣੀ ਵਰਗੇ ਬਣਨਾ ਚਾਹੀਦਾ ਹੈ। ਸੱਚ ਇਹ ਹੈ ਕਿ ਗੁਰੂ ਸਾਹਿਬ ਜੀ ਦੀ ਰੀਸ ਕਰਨ ਕਾਰਨ ਇਹ ਚੋਰ ਕਿਸਮ ਦੇ ਤਥਾ ਕਥਿਤ ਸਾਧ; ਕਚ ਕੜੱਚ ਸਾਖੀਆਂ ਸੁਣਾਉਂਦੇ ਹਨ। ਇਹ ਲੋਕ ਝੂਠੇ ਹੁੰਦੇ ਹਨ। ਸਮਾਂ ਪਾ ਕੇ ਇਨ੍ਹਾਂ ਦਾ ਪਾਜ ਉਤਰ ਜਾਂਦਾ ਹੈ; ਜਿਵੇਂ ਪਤਝੜ ’ਚ ਪੱਤੇ ਚੜ੍ਹ ਜਾਂਦੇ ਹਨ। ਇਨ੍ਹ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਕਿਉਂਕਿ ਅੰਦਰ ਲੋਭ ਦੀ ਕਾਲਖ ਹੁੰਦੀ ਹੈ ਤੇ ਮੂੰਹੋਂ ਕਹਿੰਦੇ ਹਨ ਕਿ ਅਸੀਂ ਤਾਂ ਤਿਆਗੀ, ਵੈਰਾਗੀ ਹਾਂ। ਇਹ ਸਿਰਫ਼ ਮਾਇਆ ਲਈ ਤਰ੍ਹਾਂ ਤਰ੍ਹਾਂ ਦੇ ਡਰਾਮੇ ਰਚਦੇ ਹਨ। ਇਸੇ ਮਾਇਆ ਕਾਰਨ ਡੇਰਿਆਂ ’ਚ ਫਸਾਦ ਹੁੰਦੇ ਹਨ। ਗੋਲੀਆਂ ਚੱਲਦੀਆਂ ਹਨ। ਮਾਇਆ ਲਈ ਬਹੁਤ ਤਪਦੇ, ਖਪਦੇ ਹਨ; ਸੱਚ ਕੀ ਬਾਣੀ ’ਚ ਇਨ੍ਹਾਂ ਬਾਰੇ ਸਾਹਿਬ ਫ਼ੁਰਮਾਉਂਦੇ ਹਨ ਕਿ ਰੀਸਾਂ ਕਰਨ ਵਾਲਿਆਂ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਗੁਰੂ ਸਾਹਿਬ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਇੱਕ ਦਿਨ ਹੰਸ; ਸਰੋਵਰ ’ਚ ਤੈਰਦੇ ਸਨ। ਬਗਲਿਆਂ ਨੇ ਉਨ੍ਹਾਂ ਤੈਰਦਿਆਂ ਨੂੰ ਵੇਖ ਲਿਆ ਤੇ ਇਨ੍ਹਾਂ ਦੇ ਮਨ ’ਚ ਭੀ ਤੈਰਨ ਦਾ ਚਾਅ ਪੈਦਾ ਹੋ ਗਿਆ ਕਿ ਅਸੀਂ ਪਾਣੀ ’ਚ ਤਾਰੀਆਂ ਲਾਈਏ। ਅਸੀਂ ਵੀ ਤਾਂ ਇਨ੍ਹਾਂ ਵਰਗੇ ਹਾਂ। ਸਾਡੇ ਖੰਭ ਵੀ ਇਨ੍ਹਾਂ ਵਾਂਗ ਚਿੱਟੇ ਹਨ। ਇਨ੍ਹਾਂ ਵਾਂਗ ਅਸੀਂ ਵੀ ਤਾਂ ਦੁੱਧ ਵਰਗੇ ਚਿੱਟੇ ਹਾਂ। ਇਹ ਬਗਲੇ ਸਰੋਵਰ ’ਚ ਉਤਰ ਗਏ। ਸਰੋਵਰ ਦਾ ਪਾਣੀ ਗਹਿਰਾ ਸੀ। ਇਨ੍ਹਾਂ ਨੂੰ ਹੰਸ ਵਾਂਗ ਤੈਰਨਾ ਆਉਂਦਾ ਨਹੀਂ ਸੀ। ਫਿਰ ਕੀ ਹੋਇਆ, ਗੁਰੂ ਸਾਹਿਬ ਦੱਸਦੇ ਹਨ, ‘‘ਹੰਸਾ ਵੇਖਿ ਤਰੰਦਿਆ; ਬਗਾਂ ਭਿ ਆਯਾ ਚਾਉ ॥ ਡੁਬਿ ਮੁਏ ਬਗ ਬਪੁੜੇ; ਸਿਰੁ ਤਲਿ ਉਪਰਿ ਪਾਉ ॥’’ (ਮਹਲਾ ੩/੫੮੫) ਬਾਬਾ ਫ਼ਰੀਦ ਜੀ ਭੀ ਇਹੀ ਮਿਸਾਲ ਦਿੰਦੇ ਹਨ, ‘‘ਹੰਸਾ ਦੇਖਿ ਤਰੰਦਿਆ; ਬਗਾ ਆਇਆ ਚਾਉ ॥ ਡੁਬਿ ਮੁਏ ਬਗ ਬਪੁੜੇ; ਸਿਰੁ ਤਲਿ ਉਪਰਿ ਪਾਉ ॥’’ (ਬਾਬਾ ਫਰੀਦ/੧੩੮੪) ਬਗਲੇ ਪਾਣੀ ’ਚ ਡੁੱਬ ਗਏ। ਉਨ੍ਹਾਂ ਦਾ ਸਿਰ; ਪਾਣੀ ’ਚ ਚਲਾ ਗਿਆ ਤੇ ਪੈਰ ਉੱਪਰ ਹੋ ਗਏ। ਵਿਚਾਰੇ ਮਰ ਗਏ। ਕਿੰਨਾ ਚੰਗਾ ਹੁੰਦਾ ਜੇਕਰ ਪਾਣੀ ’ਚ ਪਹਿਲਾਂ ਤੈਰਨਾ ਸਿੱਖ ਲੈਂਦੇ। ਫਿਰ ਪਾਣੀ ’ਚ ਉਤਰਨਾ ਠੀਕ ਹੁੰਦਾ, ਪਰ ਸਿਰਫ਼ ਰੀਸ ਕਰਨੀ, ਨਕਲ ਕਰਨੀ; ਗ਼ਲਤ ਹੁੰਦਾ ਹੈ।
ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤ ਮਾਰਤੰਡ ਦੇ ਦੂਸਰੇ ਭਾਗ ’ਚ ‘ਰੀਸ’ ਸਿਰਲੇਖ ਹੇਠ ਲਿਖਿਆ ਹੈ ਕਿ ‘ਗੁਣ’ ਅਤੇ ‘ਸਮਰੱਥਾਹੀਣ’ ਹੋ ਕੇ, ਆਪਣੇ ਆਪ ਨੂੰ ਯੋਗ ਸਮਝ ਕੇ ਝੂਠੀ ਰੀਸ ਕਰਨੀ; ਮੂਰਖਤਾ ਦਾ ਕੰਮ ਹੈ। ਜੋਗ ਪੁਰਖ ਨਾਲੋਂ ਵੀ ਵੱਧ ਕੇ ਦਿਖਾਉਣਾ ਹੈ, ਜੋ ਬੜਾ ਖਤਰਨਾਕ ਹੁੰਦਾ ਹੈ; ਜਿਵੇਂ ਕਿ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਹਨ, ‘‘ਮੰਤ੍ਰੀ ਹੋਇ ਅਠੂਹਿਆ; ਨਾਗੀ ਲਗੈ ਜਾਇ ॥ ਆਪਣ ਹਥੀ ਆਪਣੈ; ਦੇ ਕੂਚਾ ਆਪੇ ਲਾਇ ॥’’ (ਮਹਲਾ ੨/੧੪੮) ਭਾਵ ਇਕ ਆਦਮੀ ਬਿਸੂਆਂ ਨੂੰ ਫੜਨ ’ਚ ਮਾਹਰ ਸੀ। ਉਹ ਬਿਸੂ ਫੜ ਲੈਂਦਾ ਸੀ। ਇੱਕ ਦਿਨ ਉਸ ਨੇ ਸਪੇਰੇ ਨੂੰ ਸੱਪ ਫੜਦੇ ਦੇਖ ਲਿਆ। ਬਸ ਫਿਰ ਕੀ ਸੀ, ਮਨ ’ਚ ਆ ਗਿਆ ਕਿ ਅਗਰ ਮੈਂ ਬਿਸੂ ਫੜ ਸਕਦਾ ਹਾਂ ਤਾਂ ਫਿਰ ਸੱਪ ਕਿਉਂ ਨਹੀਂ ਫੜ ਸਕਦਾ। ਇੱਕ ਦਿਨ ਕਿਧਰੇ ਕਿਸੇ ਦੇ ਘਰ ’ਚ ਫਨੀਅਰ ਸੱਪ ਵੜ ਗਿਆ। ਰੌਲਾ ਪੈ ਗਿਆ। ਇਹ ਬਿਸੂ ਨੂੰ ਫੜਨ ਵਾਲਾ ਆਦਮੀ ਰੌਲਾ ਸੁਣ ਕੇ ਪਹੁੰਚ ਗਿਆ। ਸਾਰਿਆਂ ਨੂੰ ਕਹਿਣ ਲੱਗਾ ਕਿ ਸਾਰੇ ਪਿੱਛੇ ਹਟ ਜਾਓ। ਇਹ ਤਾਂ ਗੱਲ ਹੀ ਕੋਈ ਨਹੀਂ। ਹੁਣੇ ਸੱਪ ਨੂੰ ਫੜ ਕੇ ਪਟਾਰੀ ’ਚ ਪਾ ਲੈਣਾ ਹੈ। ਸਪੇਰੇ ਦੀ ਰੀਸ ਕਰਨ ਲੱਗ ਗਿਆ। ਫਨੀਅਰ ਸੱਪ ਫਰਾਟੇ ਮਾਰਦਾ ਬਾਹਰ ਨਿਕਲ ਆਇਆ। ਇਸ ਬਿਸੂ ਫੜ; ਫਨੀਅਰ ਨਾਗ ਨੂੰ ਹੱਥ ਪਾ ਬੈਠਾ। ਫਨੀਅਰ ਨੇ ਡੰਗ ਮਾਰਿਆ ਜੀਵਨ ਲੀਲ੍ਹਾ ਹੀ ਬਿਸੂ ਫੜ ਦੀ ਖਤਮ ਕਰ ਦਿੱਤੀ। ਇਸ ਤਰ੍ਹਾਂ ਰੀਜ ਕਰਨ ਵਾਲੇ ਆਪਣ ਹੱਥੀ ਆਪਣੇ ਹੀ ਜੀਵਨ ਨੂੰ ਲਾਂਬੂ ਲਾ ਲੈਂਦੇ ਹਨ। ਐਸੇ ਬਿਸੂ ਫੜ ਅੱਜ ਬਹੁਤ ਹਨ, ਜੋ ਫਨੀਅਰ ਨੂੰ ਫੜਨ ਦੀ ਰੀਸ (ਨਕਲ) ਕਰਦੇ ਹਨ। ਰਾਮ ਰਹੀਮ ਗੁਰਮੀਤ ਬਿਸੂਆਂ ਨੂੰ ਫੜਦਾ ਫੜਦਾ ‘ਜਾਮਿ-ਏ-ਸ਼ੈਤਾਨ’ ਵੰਡਣ ਦਾ ਢੋਂਗ ਰਚ ਬੈਠਾ। ਹੁਣ ਇੱਕ ਨੰਬਰ ਦੀਆਂ ਪੰਜ ਸੱਤ ਗੱਡੀਆਂ ਉੱਪਰ ਤਰਪਾਲ ਪਹਿਲਾਂ ਤਾਣਦਾ ਹੈ, ਫਿਰ ਛੁਪ ਕੇ ਪਤਾ ਨਹੀਂ ਲੱਗਦਾ ਕਿ ਕਿਸ ਗੱਡੀ ’ਚ ਬੈਠਦਾ ਹੈ ਕਿਉਂਕਿ ਫਨੀਅਰਾਂ (ਸਿੱਖਾਂ) ਨੂੰ ਹੱਥ ਪਾ ਬੈਠਾ। ਭਲ਼ਾਂ ਦੱਸੋ ਚੂਹਾ ਖੁੱਡ ’ਚ ਕਦੋਂ ਤੱਕ ਰਹੇਗਾ। ਕਦੋਂ ਤੱਕ ਬੱਕਰੇ ਦੀ ਮਾਂ ਸੁੱਖ ਮਨਾਉਂਦੀ ਰਹੇਗੀ। ਸਿੱਖ ਇਤਿਹਾਸ ਗਵਾਹ ਹੈ, ਸਿੱਖਾਂ ਨੇ ਬਿਛੂ ਫੜਾਂ ਨੂੰ ਛੱਡਿਆ ਨਹੀਂ। ਉਹ ਭਾਵੇਂ ਮੁਗਲ ਸਨ ਜਾਂ ਪਹਾੜੀ। ਉਹ ਬੇਅੰਤਾ ਸੀ ਜਾਂ ਇੰਦਰਾ। ਉਹ ਜਨਰਲ ਵੈਦਿਆ ਸੀ ਜਾਂ ਮਾਕਮ ਸੀ। ਨਕਲ ਕਰਨਾ ਬਾਂਦਰਾਂ ਦਾ ਕੰਮ ਹੈ। ਚਲੋ ਬਾਂਦਰ; ਬਾਂਦਰਾਂ ਦੀ ਨਕਲ ਲਾਉਂਦਾ ਰਹੇ, ਪਰ ਬਾਂਦਰ; ਸ਼ੇਰਾਂ ਦੀ ਨਕਲ ਕਰਨ ਲੱਗ ਪਵੇ। ਫਿਰ ਹਸ਼ਰ ਮਾੜਾ ਹੀ ਹੁੰਦਾ ਹੈ।
ਰੀਸ ਕਰਨ ਵਾਲਿਆਂ ਦੇ ਸਬੰਧ ’ਚ ਗੁਰੂ ਸਾਹਿਬ ਆਖਦੇ ਹਨ, ‘‘ਚੜਿ ਕੈ ਘੋੜੜੈ ਕੁੰਦੇ ਪਕੜਹਿ; ਖੂੰਡੀ ਦੀ ਖੇਡਾਰੀ ॥ ਹੰਸਾ ਸੇਤੀ ਚਿਤੁ ਉਲਾਸਹਿ; ਕੁਕੜ ਦੀ ਓਡਾਰੀ ॥’’ (ਮਹਲਾ ੫/੩੨੨) ਇੱਕ ਆਦਮੀ ਖੁੰਡੀ (ਗਲਫ਼) ਦੀ ਖੇਡ ਖੇਡਣੀ ਜਾਣਦਾ ਹੈ। ਖੂੰਡੀ ਫੜਨੀ ਹੀ ਜਾਣਦਾ ਹੈ, ਪਰ ਉਹ ਇੱਕ ਵਾਰ ਘੋੜਿਆਂ ਦੀ ਦੌੜ੍ਹ ਦੇਖ ਆਇਆ। ਬਸ ਫਿਰ ਕੀ ਸੀ। ਘੋੜਾ ਖਰੀਦ ਲਿਆ। ਘੋੜੇ ’ਤੇ ਚੜ੍ਹ ਬੈਠਾ। ਲਗਾਮ ਫੜ ਲਈ। ਘੋੜਾ ਬੇਕਾਬੂ ਹੋ ਗਿਆ। ਬੇਕਾਬੂ ਹੋ ਕੇ ਦੌੜ ਪਿਆ। ਇਹ ਖੂੰਡੀ ਦਾ ਖੇਡਾਰੀ ਘੋੜੇ ਤੋਂ ਡਿੱਗ ਪਿਆ। ਲੱਤਾਂ ਬਾਹਾਂ ਤੁੜਵਾ ਬੈਠਾ। ਇਹ ਡੇਰਿਆਂ ਵਾਲੇ ਸਭ ਖੂੰਡੀ ਦੇ ਖੇਡਾਰੀ ਹਨ। ਖੁਦੋ ਖੇਡਣਾ ਜਾਣਦੇ ਹਨ, ਪਰ ਡੇਰੇ ਬਣਾ ਕੇ, ਠਾਠ ਬਣਾ ਕੇ, ਗੁਰੂ ਦੀ ਰੀਸ ਕਰਨ ਲੱਗ ਪਏ। ਗੁਰੂ ਸਾਹਿਬ ਦੂਜੀ ਮਿਸਾਲ ਦਿੰਦੇ ਹਨ ਕਿ ਉਡਾਰੀ ਕੁਕੜ ਦੀ ਹੁੰਦੀ ਹੈ, ਪਰ ਹੰਸਾਂ ਦੀ ਰੀਸ ਕੁੱਕੜ ਕਰਨ ਲੱਗ ਪੈਂਦੇ ਹਨ। ਕੁਕੜ ਤਾਂ ਇੱਕ ਕੰਧ ਤੋਂ ਉਡਾਰੀ ਮਾਰ ਕੇ ਦੂਸਰੀ ਕੰਧ ’ਤੇ ਚਲਾ ਜਾਂਦਾ ਹੈ ਜਦਕਿ ਹੰਸ ਲੰਬੀ ਉਡਾਰੀ ਮਾਰਦਾ ਹੈ। ਅਗਰ ਕੁੱਕੜ ਉੱਡਣ ’ਚ ਹੰਸਾਂ ਦੀ ਰੀਸ ਕਰਨ ਲੱਗ ਪਵੇ ਤਾਂ ਨਦੀ ’ਚ ਡਿੱਗ ਕੇ ਮਰਨ ਵਾਲੀ ਗੱਲ ਹੋਵੇਗੀ। ਗੁਰੂ ਦਾ ਉਪਦੇਸ਼ ਸੁਣ ਕੇ ਕਮਾਉਣਾ ਸਹੀ ਹੁੰਦਾ ਹੈ, ਪਰ ਖ਼ੁਦ ਉਪਦੇਸ਼ ਮੰਨਣਾ ਨਹੀਂ, ਗੁਰੂ ਦੀ ਰੀਸ ਕਰਨੀ; ਇਹ ਬਹੁਤ ਗ਼ਲਤ ਹੁੰਦਾ ਹੈ।
ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸਵਾਦਲੀ ਕਥਾ ਲਿਖੀ ਹੈ ਕਿ ਜੋ ਯੋਗ ਨਹੀਂ ਹੁੰਦੇ, ਸਿਰਫ਼ ਨਕਲ ਕਰਦੇ ਹਨ, ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ, ਉਸ ਬਾਰੇ ਸੁਣੋ ਕਿ ਇੱਕ ਵੈਦ ਦੀ ਰੀਸ ਕਰਨ ’ਤੇ ਕੀ ਹੋਇਆ। ਇੱਕ ਪਿੰਡ ’ਚ ਮਾਹਨਾ ਵੈਦ ਸੀ। ਉਸ ਦੇ ਨਾਲ ਇੱਕ ਘੁੱਲਾ ਨਾਂ ਦਾ ਕੰਪਾਉਂਡਰ ਸੀ। ਜਦੋਂ ਵੀ ਮਾਹਨਾ ਵੈਦ ਕਿਸੇ ਮਰੀਜ਼ ਦਾ ਇਲਾਜ ਕਰਦਾ ਤਾਂ ਘੁੱਲਾ ਉਸ ਨੂੰ ਦੇਖਦਾ ਤੇ ਦਿਮਾਗ਼ ’ਚ ਨੋਟ ਕਰ ਲੈਂਦਾ ਸੀ। ਫਿਰ ਉਹ ਮਨ ਹੀ ਮਨ ਬੜਾ ਖੁਸ਼ ਹੁੰਦਾ। ਆਪਣੇ ਆਪ ’ਚ ਸਮਝਦਾ ਕਿ ਮੈਂ ਵੀ ਹੌਲ਼ੀ ਹੌਲ਼ੀ ਵੈਦ ਬਣ ਰਿਹਾ ਹਾਂ। ਕਦੇ ਕਦੇ ਮਾਹਨਾ ਭੀ ਵੈਦ ਦੀ ਗ਼ੈਰ ਹਾਜ਼ਰੀ ’ਚ ਮਰੀਜ਼ ਨੂੰ ਦਵਾ ਦਾਰੂ ਦੇ ਦਿੰਦਾ। ਵੈਦ ਦੀ ਨਕਲ ਕਰਨਾ ਘੁੱਲੇ ਦਾ ਸੁਭਾਅ ਸੀ। ਭਾਈ ਗੁਰਦਾਸ ਜੀ ਆਖਦੇ ਹਨ ਕਿ ਇੱਕ ਦਿਨ; ਪਿੰਡ ਦਾ ਕਿਸਾਨ ਦੌੜਾ ਦੌੜਾ ਵੈਦ ਮਾਹਨਾ ਕੋਲ ਆਇਆ ਤੇ ਕਿਹਾ ਮੇਰੀ ਉੱਠਣੀ ਖਰਬੂਜਿਆਂ ਦੇ ਖੇਤ ’ਚ ਚਰ ਰਹੀ ਸੀ। ਚਰਦਿਆਂ ਚਰਦਿਆਂ ਉਸ ਨੇ ਕੱਚਾ ਖਰਬੂਜਾ ਆਪਣੇ ਗਲ਼ (ਸੰਘ) ’ਚ ਸੰਘ ਫਸਾ ਲਿਆ। ਉਹ ਬੇਹਾਲ ਹੋ ਕੇ ਲੇਟ ਰਹੀ ਹੈ। ਤੜਪ ਰਹੀ ਹੈ। ਮਾਹਨਾ ਵੈਦ ਨੇ ਘੁੱਲੇ ਨੂੰ ਸੰਦੂਖੜੀ ਫੜਾਈ ਤੇ ਛੇਤੀ ਖੇਤ ’ਚ ਪਹੁੰਚ ਗਏ। ਉੱਠਣੀ ਲੱਤਾਂ ਖੁਰੀਆਂ ਮਾਰ ਰਹੀ ਸੀ। ਮਾਹਨਾ ਵੈਦ ਨੇ ਦੋ ਪੱਥਰ ਲਏ ਇੱਕ ਪੱਥਰ ਨੂੰ ਉੱਠਣੀ ਦੀ ਗਰਦਨ ’ਤੇ ਰੱਖਿਆ ਤੇ ਦੂਸਰਾ ਪੱਥਰ ਗਰਦਨ ਦੇ ਦੂਸਰੇ ਪਾਸੇ ਗਲ਼ ’ਤੇ ਜ਼ੋਰ ਨਾਲ ਮਾਰਿਆ। ਕੱਚਾ ਖਰਬੂਜਾ ਫਿਸ ਗਿਆ ਤੇ ਉੱਠਣੀ ਠੀਕ ਹੋ ਗਈ। ਘੁੱਲਾ ਸਭ ਦੇਖ ਰਿਹਾ ਸੀ। ਇਹ ਵੀ ਨੁਸਖਾ ਨੋਟ ਕਰ ਲਿਆ। ਹੁਣ ਘੁੱਲੇ ਨੂੰ ਵੈਦਗੀ ਦਾ ਪੂਰਾ ਬੁਖਾਰ ਚੜ੍ਹ ਗਿਆ ਸੀ। ਘਰ ਵਾਲੀ ਨੂੰ ਵੈਦਗੀ ਦਾ ਰੋਹਬ ਦਿਖਾਵੇ ਤੇ ਕਹੇ ਕਿ ਮੇਰੀ ਤੂੰ ਹੁਣ ਕਦਰ ਕਰਿਆ ਕਰ। ਮੈਂ ਹੁਣ ਵੈਦ ਬਣ ਗਿਆ ਹਾਂ। ਹੁਣ ਦੁਕਾਨ (ਡਿਸਪੈਂਸਰੀ) ਖੋਲ੍ਹ ਲੈਣੀ ਹੈ। ਮਾਹਨੇ ਦੀ ਨੌਕਰੀ-ਨੁਕਰੀ ਨਹੀਂ ਕਰਨੀ। ਫਿਰ ਵੈਦਗੀ ਤੋਂ ਵੇਹਲ ਨਹੀਂ ਮਿਲਿਆ ਕਰਨੀ, ਇਸ ਲਈ ਚੱਲ ਤੈਨੂੰ ਇੱਕ ਵਾਰ ਤੇਰੇ ਪੇਕੇ ਮਿਲਾ ਲਿਆਵਾਂ। ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਵੈਦਿ ਚੰਗੇਰੀ ਉਠਣੀ; ਲੈ ਸਿਲ ਵਟਾ ਕਚਰਾ ਭੰਨਾ। ਸੇਵਕਿ ਸਿਖੀ ਵੈਦਗੀ; ਮਾਰੀ ਬੁਢੀ ਰੋਵਨਿ ਰੰਨਾ। ਪਕੜਿ ਚਲਾਇਆ ਰਾਵਲੈ (ਰਾਜੇ ਨੇ); ਪਉਦੀ ਉਘੜਿ ਗਏ ਸੁ ਕੰਨਾ। ਪੁਛੈ ਆਖਿ ਵਖਾਣਿਉਨੁ; ਉਘੜਿ ਗਇਆ ਪਾਜੁ ਪਰਛੰਨਾ। ਪਾਰਖੂਆ ਚੁਣਿ ਕਢਿਆ; ਜਿਉ ਕਚਕੜਾ ਨ ਰਲੈ ਰਤੰਨਾ। ਮੂਰਖੁ ਅਕਲੀ ਬਾਹਰਾ; ਵਾਂਸਹੁ ਮੂਲਿ ਨ ਹੋਵੀ ਗੰਨਾ। ਮਾਣਸ ਦੇਹੀ ਪਸੂ ਉਪੰਨਾ ॥੧੬॥’’ (ਵਾਰ ੩੨ ਪਉੜੀ ੧੬) ਭਾਵ ਘੁੱਲਾ ਆਪਣੀ ਪਤਨੀ ਨੂੰ ਲੈ ਕੇ ਆਪਣੇ ਸਹੁਰੇ ਪਿੰਡ ਪਹੁੰਚ ਗਿਆ। ਸ਼ਾਮ ਦਾ ਸਮਾਂ ਸੀ। ਗੁਆਂਢ ’ਚ ਰੌਲਾ ਪੈ ਗਿਆ। ਲੋਕ ਇਕੱਠੇ ਹੋ ਗਏ। ਘੁੱਲਾ ਵੀ ਦੌੜ ਕੇ ਪਹੁੰਚ ਗਿਆ। ਪਤਾ ਲੱਗਾ ਕਿ ਇੱਕ ਬਿਰਧ ਅਧਖੜ ਔਰਤ; ਮੱਕੀ ਦੇ ਭੁੱਜੇ ਹੋਏ ਦਾਣੇ ਚੱਬ ਰਹੀ ਸੀ। ਇੱਕ ਮੱਕੀ ਦਾ ਦਾਣਾ ਉਸ ਦੇ ਸੰਘ ’ਚ ਫਸ ਗਿਆ। ਇਸ ਕਰਕੇ ਉਹ ਬੁੱਢੀ-ਮਾਂ ਵਿਆਕੁਲ ਸੀ। ਤੜਪ ਰਹੀ ਸੀ। ਘੁੱਲੇ ਨੇ ਕਿਹਾ ਕਿ ਸਾਰੇ ਪਿੱਛੇ ਹਟ ਜਾਓ। ਫਿਕਰ ਨਾ ਕਰੋ, ਹੁਣੇ ਇੱਕ ਮਿੰਟ ’ਚ ਠੀਕ ਕਰ ਦੇਵਾਂਗਾ। ਦੋ ਪੱਥਰ ਲਿਆਓ। ਦੋਵੇਂ ਪੱਥਰ ਲੈ ਲਏ। ਇੱਕ ਪੱਥਰ ਗਰਦਨ ’ਤੇ ਰੱਖਿਆ ਤੇ ਦੂਸਰਾ ਪੱਥਰ ਗਰਦਨ ਦੇ ਦੂਸਰੇ ਪਾਸੇ ਗਲ਼ ’ਤੇ ਜ਼ੋਰ ਨਾਲ ਮਾਰਿਆ। ਬੁੱਢੀ ਔਰਤ ਦੀ ਮੌਤ ਹੋ ਗਈ। ਘਰ ਦੀਆਂ ਔਰਤਾਂ ਸਮੇਤ ਸਾਰੇ ਉੱਚੀ ਉੱਚੀ ਰੋਣ ਲੱਗ ਪਏ। ਪਿੰਡ ਦੇ ਸਰਦਾਰ (ਰਾਵਲਾ) ਨੇ ਘੁੱਲੇ ਨੂੰ ਫੜ ਲਿਆ। ਲੋਕਾਂ ਨੇ ਖੂਬ ਕੁੱਟਿਆ। ਜਦੋਂ ਜੁਤੀਆਂ (ਪਉਦੀ) ਪਈਆਂ ਤਾਂ ਘੁੱਲੇ ਦੇ ਵੈਦਗੀ ਵਾਲੇ ਕੰਨ ਖੁੱਲ੍ਹੇ ਕਿ ਕਿਸ ਤਰ੍ਹਾਂ ਰੀਸ ਕਰੀਦੀ ਹੈ। ਕੁੱਟਮਾਰ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਪੁੱਛ-ਪੜਤਾਲ ਕੀਤੀ ਕਿ ਕਿਉਂ ਮਾਤਾ ਨੂੰ ਪੱਥਰ ਮਾਰ ਕੇ ਮਾਰਿਆ ਹੈ। ਘੁੱਲੇ ਨੇ ਦੱਸਿਆ ਕਿ ਮੇਰੇ ਉਸਤਾਦ ਵੈਦ ਮਾਹਲੇ ਨੇ ਇਸੇ ਤਰ੍ਹਾਂ ਉੱਠਣੀ ਦਾ ਇਲਾਜ ਕੀਤਾ ਸੀ। ਮੈਂ ਵੀ ਮਾਤਾ ਦਾ ਇਲਾਜ ਕਰ ਰਿਹਾ ਸੀ। ਮਾਤਾ ਦੀ ਲਿਖੀ ਹੀ ਇਸੇ ਤਰ੍ਹਾਂ ਸੀ। ਘੁੱਲੇ ਦਾ ਭੇਦ ਖੁਲ੍ਹ ਗਿਆ ਕਿ ਇਹ ਰੀਸ ਕਰਨ ਵਾਲਾ ਕੱਚਾ ਵੈਦ ਹੈ। ਸਿਆਣਿਆਂ ਨੇ ਮਸ਼ਵਰਾ ਕੀਤਾ ਕਿ ਕਦੇ ਵੀ ਅਜਿਹੇ ਕੱਚੇ ਵੈਦ ਨੂੰ ਪਿੰਡ ’ਚ ਨਾ ਵੜਨ ਦੇਣਾ।
ਤੁਸੀਂ ਦੱਸੋ ਕਦੇ ਕੱਚ ਵੀ ਕੰਚਨ ਹੋਇਆ ਹੈ ? ਭਾਈ ਗੁਰਦਾਸ ਜੀ ਆਖਦੇ ਹਨ ਕਿ ਰੀਸ ਕਰਨ ਵਾਲੇ ਮੂਰਖ ਹੁੰਦੇ ਹਨ। ਬਾਂਸ; ਕਦੇ ਭੀ ਗੰਨਾ ਨਹੀਂ ਬਣ ਸਕਦਾ। ਰੀਸ ਕਰਨ ਵਾਲੇ ਕਦੇ ਧਰਮੀ ਨਹੀਂ ਹੁੰਦੇ। ਕੱਚੀ ਰਚਨਾ ਦਾ ਕੀਰਤਨ ਕਰਨ ਵਾਲੇ ਭੀ ਕਦੇ ਸਾਧ, ਸੰਤ ਨਹੀਂ ਹੁੰਦੇ। ਚੋਰ ਹੁੰਦੇ ਹਨ। ਠੱਗ ਹੁੰਦੇ ਹਨ ਬੇਸ਼ੱਕ ਉਨ੍ਹਾਂ ਦਾ ਪਹਿਰਾਵਾ ਧਾਰਮਕ ਹੀ ਹੁੰਦਾ ਹੈ, ਪਰ ਅੰਦਰੋਂ ਪਸ਼ੂ ਹੁੰਦੇ ਹਨ, ਇਸ ਲਈ ਗੁਰੂ ਸਾਹਿਬ ਉਪਦੇਸ਼ ਕਰਦੇ ਹਨ, ‘‘ਸਿਖਹੁ ਸਬਦੁ ਪਿਆਰਿਹੋ ! ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ; ਨਾਨਕ ! ਸਿਮਰਤ ਏਕ ॥’’ (ਮਹਲਾ ੫/੩੨੦) ਭਾਵ ਸਤਸੰਗੀ ਪਿਆਰਿਓ ! ਸ਼ਬਦ ਗੁਰੂ ਨੂੰ ਹੀ ਜੀਵਨ ਦਾ ਆਧਾਰ ਬਣਾਉਣਾ ਹੈ। ਸ਼ਬਦ ਗੁਰੂ ਰਾਹੀਂ ਹੀ ਵਿਕਾਰਾਂ ਤੋਂ ਬਚ ਸਕੀਦਾ ਹੈ। ਅੰਦਰੋਂ ਸੁੱਖ-ਅਨੰਦ ਭੀ ਮਿਲਦਾ ਹੈ। ਰੀਸ ਕਰਨ ਵਾਲੇ, ਨਕਲ ਕਰਨ ਵਾਲੇ ਪਾਗਲ ਹੁੰਦੇ ਹਨ।
ਰੀਸ ਕਰਨ ਵਾਲਾ ਰੋਪੜ ਦਾ ਇੱਕ ਪਾਗਲ ਲਗਭਗ 100 ਕੁ ਸਾਲ ਪਹਿਲਾਂ ਦੀ ਘਟਨਾ ਹੈ। ਰੋਪੜ ’ਚ ਅੱਧ ਪਾਗਲ ਜਿਹਾ ਬੰਦਾ ਅਵਾਰਾ ਘੁੰਮਦਾ ਹੁੰਦਾ ਸੀ। ਕੱਪੜੇ ਮੈਲੇ, ਕਿਸੇ ਨੇ ਕੁਝ ਦੇ ਦੇਣਾ ਤਾਂ ਖਾ ਲੈਣਾ, ਨਾ ਦੇਣਾ ਤਾਂ ਭੁੱਖਾ ਹੀ ਰਹਿ ਲੈਣਾ। ਇਹ ਡਰਿਆ ਜਿਹਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਸੀ। ਉਹ ਆ ਗਏ, ਉਹ ਆ ਗਏ, ਆ ਗਏ, ਆ ਗਏ। ਉਨ੍ਹੀਂ ਦਿਨਾਂ ’ਚ ਪਲੇਗ ਦਾ ਰੋਗ ਚਾਰੋਂ ਤਰਫ਼ ਫੈਲ ਰਿਹਾ ਸੀ। ਤਦ ਖਾਸ ਇਲਾਜ ਹੈ ਨਹੀਂ ਸੀ। ਲੋਕ ਮਰ ਰਹੇ ਸਨ। ਇੱਕ ਅੰਨ੍ਹੇ ਸ਼ਰਧਾਲੂ (ਸ਼ਰਧਾ+ਉਲੂ) ਨੇ ਕਹਿ ਦਿੱਤਾ ਕਿ ਇਹ ਮਹਾਂ ਪੁਰਖ ਹੈ। ਇਹ ਤਾਂ ਪਹਿਲਾਂ ਹੀ ਭਵਿੱਖ ਬਾਣੀ ਕਰ ਰਿਹਾ ਸੀ। ਉਹ ਆ ਗਏ, ਉਹ ਆ ਗਏ..। ਇਸ ਦਾ ਇਸ਼ਾਰਾ ਪਲੇਗ-ਰੋਗ ਵੱਲ ਸੀ। ਆਪਾਂ ਸਮਝਦੇ ਹੀ ਨਹੀਂ, ਮਹਾਪੁਰਖਾਂ ਦੇ ਇਸ਼ਾਰੇ ਹੀ ਹੁੰਦੇ ਹਨ। ਇਹ ਗੱਲ ਅੱਗੇ ਤੋਂ ਅੱਗੇ ਫੈਲਦੀ ਗਈ। ਇਸ ਨੀਮ-ਪਾਗਲ ਮਹਾਂ ਪੁਰਖ ਨੂੰ ਲੱਭਿਆ ਗਿਆ। ਇਸ਼ਨਾਨ ਕਰਵਾਇਆ, ਚੰਗੇ ਬਸਤਰ ਪੁਆਏ ਤੇ ਸੁਆਦਲੇ ਪਦਾਰਥ ਆਉਣ ਲੱਗ ਪਏ। ਇਸ ਬਾਬਾ ਜੀ ਲਈ ਪਹਿਲਾਂ ਝੁਗੀ ਬਣੀ, ਫਿਰ ਕਮਰਾ, ਫਿਰ ਆਲੀਸ਼ਾਨ ਡੇਰਾ ਬਣ ਗਿਆ। ਬਾਬਾ ਜੀ ਰੰਗ ਕੱਢ ਗਏ। ਸ਼ਾਹੀ ਠਾਠ ਬਣ ਗਿਆ ਸੀ। ਚੇਲਿਆਂ ਤੇ ਚੇਲੀਆਂ ਦੀ ਭੀੜ ਲੱਗਣ ਲੱਗ ਪਈ। ਭਾਵੇਂ ਬਾਬਾ ਕਿਸੇ ਨੂੰ ਗਾਲ੍ਹ ਕੱਢੇ ਜਾਂ ਥੱਪੜ ਮਾਰੇ; ਸਭ ਅਸ਼ੀਰਵਾਦ ਕਹਿੰਦੇ ਸਨ। ਇੱਕ ਦਿਨ ਇਸ ਬਾਬੇ ਨੇ ਚੇਲਿਆਂ ਤੋਂ ਪੁੱਛਿਆ ਕਿ ਸਭ ਤੋਂ ਵਧੀਆ ਗੁਰੂ ਕੌਣ ਹੋਇਆ ਹੈ। ਅਖੀਰ ਵਿੱਚ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ। ਇਸ ਬਾਬੇ ਨੇ ਟੁੱਕੜ ਬੋਚ ਚੇਲਿਆਂ ਨੂੰ ਕਹਿ ਦਿੱਤਾ ਕਿ ਅੱਜ ਐਲਾਨ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਪ੍ਰਗਟ ਹੋ ਗਏ ਹਨ। ਇਹ ਧੁੰਮ ਮੱਚ ਗਈ। ਇੱਕ ਸ਼ਰਧਾਲੂ ਨੇ ਵਧੀਆ ਘੋੜਾ, ਕੀਮਤੀ ਬਸਤਰ, ਕਲਗੀ ਭੇਟ ਕਰ ਦਿੱਤੀ। ਬਸ ਇਹ ਗੁਰੂ ਗੋਬਿੰਦ ਸਿੰਘ ਪ੍ਰਗਟ ਹੋ ਗਿਆ। ਚਾਰੇ ਪਾਸੇ ਲੋਕ ਕਾਫਲੇ ਬਣਾ ਬਣਾ ਕੇ ਆ ਰਹੇ ਸਨ। ਨੋਟਾਂ ਦੀਆਂ ਬੋਰੀਆਂ ਭਰਨ ਲੱਗ ਗਈਆਂ। ਕੱਲ ਦਾ ਭਿਖਾਰੀ, ਅੱਜ ਰਾਜਿਆਂ ਦੀ ਬਰਾਬਰੀ ਕਰਨ ਲੱਗ ਪਿਆ। ਹੁਣ ਬਾਬੇ ਦੇ ਕਹਿਣ ’ਤੇ ਚੇਲਿਆਂ ਨੇ ਐਲਾਨ ਕਰ ਦਿੱਤਾ ਕਿ ਇਹ ਪ੍ਰਗਟ ਹੋਏ ਗੁਰੂ ਗੋਬਿੰਦ ਸਿੰਘ; ਸ਼ਾਹੀ ਘਰਾਣੇ ਦੀ ਲੜਕੀ ਨਾਲ ਵਿਆਹ ਕਰਵਾਏਗਾ। ਗੱਲ ਉੱਡਦੀ ਗਈ। ਲੋਕ ਆਪਣੀਆਂ ਲੜਕੀਆਂ ਦੇ ਰਿਸ਼ਤੇ ਲੈ ਕੇ ਆਉਣ ਲੱਗ ਪਏ, ਪਰ ਇਸ ਦੀ ਨਿਗਹਾ ਬਹੁਤ ਉੱਚੀ ਹੋ ਗਈ ਸੀ। ਗੱਲ ਨਾਭਾ ਪਤੀ ਰਾਜਾ ਹੀਰਾ ਸਿੰਘ ਕੋਲ ਪਹੁੰਚ ਗਈ। ਉਸ ਨੇ ਸਚਾਈ ਦਾ ਪਤਾ ਲਾਉਣ ਲਈ ਜ਼ਿੰਮੇਵਾਰ ਬੰਦੇ ਭੇਜੇ। ਉਨ੍ਹਾਂ ਨੇ ਆਣ ਕੇ ਜਾਣਕਾਰੀ ਦਿੱਤੀ ਕਿ ਸੱਚ ਮੁੱਚ ਹੀ ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਕਹਾਉਂਦਾ ਹੈ। ਰਾਜੇ ਦੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਰਾਜਾ ਹੀਰਾ ਸਿੰਘ ਨਾਭਾ ਨੇ ਸੰਦੇਸ਼ ਭੇਜ ਦਿੱਤਾ ਕਿ ਮਹਾਰਾਜ! ਸਾਡੇ ਮਹਲਾਂ ਵਿੱਚ ਚਰਨ ਪਾਉਣ। ਅਸੀਂ ਕੋਸ਼ਸ਼ ਕਰਾਂਗੇ ਕਿਸੇ ਰਾਜ ਘਰਾਣੇ ਦੀ ਲੜਕੀ ਨਾਲ ਵਿਆਹ ਹੋ ਜਾਵੇ। ਸੁਨੇਹਾ ਭੇਜ ਦਿੱਤਾ। ਇਸ ਨਕਲੀ ਗੁਰੂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਚੇਲਿਆਂ ਨੇ ਮਿਠਾਈਆਂ, ਪੈਸੇ ਵੰਡੇ। ਪੂਰੀ ਸੱਜ-ਧੱਜ ਨਾਲ ਕੀਮਤੀ ਬਸਤਰ, ਕੀਮਤੀ ਕਲਗੀ, ਕੀਮਤੀ ਘੋੜੇ ’ਤੇ ਸਵਾਰ ਉੱਪਰ ਛੱਤਰ ਸੇਵਕਾਂ ਨਾਲ ਨਾਭੇ ਪਹੁੰਚ ਗਿਆ। ਬਾਹਰ ਉਤਾਰਾ ਕਰਕੇ ਰਾਜੇ ਨੂੰ ਸੰਦੇਸ਼ ਭੇਜਿਆ। ਬਣਾਈ ਪਲੈਤ ਅਨੁਸਾਰ ਰਾਜਾ ਹੀਰਾ ਸਿੰਘ ਜੀ; ਆਪਣੇ ਅਫਸਰਾਂ ਸਿਪਾਹ-ਸਲਾਰਾਂ ਨਾਲ ਅੱਗੋਂ ਆ ਮਿਲਿਆ। ਰਾਜਾ ਹੀਰਾ ਸਿੰਘ ਦਾ ਰੋਹਬਦਾਰ ਪਹਿਰਾਵਾ, ਕੁੰਡੀਆਂ ਮੁੱਛਾਂ, ਸ਼ਾਨਦਾਰ ਦਸਤਾਰ, ਹੱਥ ਵਿੱਚ ਵੱਡੀ ਕਿਰਪਾਨ, ਚਿਹਰੇ ’ਤੇ ਜਲਾਲ, ਅਫਸਰਾਂ ਦਾ ਕਾਫਲਾ। ਰਾਜਾ ਹੀਰਾ ਸਿੰਘ ਦੇ ਆਉਣ ’ਤੇ ਇਹ ਨਕਲੀ ਗੁਰੂ; ਘੋੜੇ ਤੋਂ ਉਤਰ ਕੇ ਖਲੋ ਗਿਆ। ਹੀਰਾ ਸਿੰਘ; ਅੱਗੇ ਵਧਿਆ, ਨਜ਼ਰਾਂ ਨਾਲ ਨਜ਼ਰਾਂ ਮਿਲੀਆਂ, ਖਾਨਦਾਨੀ ਸਵੈ ਵਿਸ਼ਵਾਸ, ਰਾਜਾ ਹੋਣ ਦਾ ਅਹਿਸਾਸ, ਅੱਖਾਂ ਅਤੇ ਚਿਹਰੇ ਦਾ ਜਲਾਲ ਦੇਖ ਕੇ ਨਕਲੀ ਗੁਰੂ ਜੀ; ਅੰਦਰੋਂ ਹਿੱਲ ਗਿਆ। ਰਾਜੇ ਦਾ ਰੋਹਬ ਝੱਲ ਨਾ ਸਕਿਆ। ਇਹ ਗੁਰੂ ਅੰਦਰੋਂ ਡਰਦਾ ਅੱਗੇ ਵਧਿਆ। ਗੁਰੂ ਨੇ ਰਾਜਾ ਹੀਰਾ ਸਿੰਘ ਦੇ ਪੈਰਾਂ ਨੂੰ ਹੱਥ ਲਾ ਕੇ ਮੱਥਾ ਟੇਕਿਆ। ਹੀਰਾ ਸਿੰਘ ਨੇ ਬਾਹਾਂ ਤੋਂ ਫੜ ਕੇ ਗੁਰੂ ਨੂੰ ਖੜ੍ਹਾ ਕੀਤਾ। ਸਾਰਿਆਂ ਦੇ ਸਾਮ੍ਹਣੇ ਕੜਾਕ ਦੇਣ ਦੀ ਮੂੰਹ ’ਤੇ ਥੱਪੜ ਜੜ ਦਿੱਤਾ। ਆਖਿਆ ਬੇਈਮਾਨਾ! ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ’ਚ ਰਾਜੇ, ਮਹਾਰਾਜੇ ਨਮਸਕਾਰਾਂ ਨਿੱਤ ਕਰਦੇ ਹਨ। ਤੈਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਵੀ ਕਰਨੀ ਨਹੀਂ ਆਈ। ਮੇਰੇ ਸਿੱਖ ਦੇ ਚਰਨਾਂ ਵਿੱਚ ਢਹਿ ਪਿਆ। ਲੈ ਜਾਓ ਇਸ ਪਾਪੀ ਨੂੰ, ਇਸ ਦੇ ਪਾਪ ਦੀ ਕੜੀ ਤੋਂ ਕੜੀ ਸਜ਼ਾ ਦਿਓ। ਬਸ ਉਸ ਤੋਂ ਦੂਸਰੇ ਦਿਨ ਹੀ ਇਹ ਨਕਲੀ ਗੁਰੂ ਮਰ ਗਿਆ। ਕੋਈ ਯਾਦ ਕਰਨ ਵਾਲਾ ਵੀ ਨਾ ਰਿਹਾ। ਕੋਈ ਯਾਦਗਾਰ ਵੀ ਨਹੀਂ ਬਣੀ ਰਹੀ। ਐਸਿਆਂ ਬਾਰੇ ਗੁਰਬਾਣੀ ਦੇ ਬਲ ਹਨ, ‘‘ਕੇਤੇ ਮਾਤ ਪਿਤਾ ਸੁਤ ਧੀਆ ॥ ਕੇਤੇ ਗੁਰ ਚੇਲੇ ਫੁਨਿ ਹੂਆ ॥ ਕਾਚੇ ਗੁਰ ਤੇ ਮੁਕਤਿ ਨ ਹੂਆ ॥’’ (ਓਅੰਕਾਰ/ਮਹਲਾ ੧/੯੩੨) ਭਾਵ ਕੱਚੇ ਗੁਰੂ ਤੋਂ ਕਦੇ ਵੀ ਅਗਿਆਨਤਾ ਰੂਪ ਮੁਕਤੀ ਨਹੀਂ ਮਿਲਦੀ। ਕੱਚਾ, ਕਦੇ ਵੀ ਪਾਰ ਨਹੀਂ ਲੰਘਾਉਂਦਾ।
ਭਾਈ ਗੁਰਦਾਸ ਜੀ ਨੇ ਇਸ਼ਕ ਮਿਜ਼ਾਜ਼ੀ ਦੇ ਕਿੱਸਿਆਂ ਵਿੱਚੋਂ ਇੱਕ ਉਦਾਹਰਨ ਬੜੀ ਸੁੰਦਰ ਦੇ ਕੇ ਸਮਝਾਇਆ ਹੈ। ਪਾਕਿਸਤਾਨ ’ਚ ਸੋਹਣੀ ਮੇਹੀਵਾਲ ਦਾ ਕਿੱਸਾ ਪ੍ਰਚਲਿਤ ਹੈ। ਪੂਰਵੀ ਪੰਜਾਬ ਵਿੱਚ ਵੀ ਕੁਲਦੀਪ ਮਾਣਕ ਨੇ ਇਹ ਕਿੱਸਾ ਮਸ਼ਹੂਰ ਕੀਤਾ ਹੈ। ਕਿੱਸਾ ਕਹਿੰਦਾ ਹੈ ਕਿ ਸੋਹਣੀ ਦਾ ਇੱਸ਼ਕ ਮਾਹੀਵਾਲ ਨਾਲ ਸੀ। ਸੋਹਣੀ ਝਨਾਅ ਦਰਿਆ ਦੇ ਇੱਕ ਪਾਸੇ ਤੇ ਮਾਹੀਵਾਲ ਦੂਸਰੇ ਪਾਸੇ ਰਹਿੰਦਾ ਸੀ। ਕਿੱਸਾ ਲਵ ਸਟੋਰੀ ਕਹਿੰਦਾ ਹੈ ਕਿ ਸੋਹਣੀ ਰੋਜ਼ ਹੀ ਘੜੇ ’ਤੇ ਤੈਰ ਕੇ ਝਨਾਅ ਨੂੰ ਪਾਰ ਕਰਕੇ ਮਾਹੀਵਾਲ ਨੂੰ ਮਿਲਦੀ ਸੀ ਤੇ ਵਾਪਸ ਵੀ ਰਾਤੋ ਰਾਤ ਘੜੇ ਰਾਹੀਂ ਤੈਰ ਕੇ ਆ ਜਾਂਦੀ ਸੀ। ਇੱਕ ਦਿਨ ਕਿਸੇ ਨੇ ਪੱਕਾ ਘੜਾ ਚੁੱਕ ਲਿਆ ਤੇ ਕੱਚਾ ਘੜਾ ਝਾੜੀਆਂ ’ਚ ਉਸੇ ਥਾਂ ਰੱਖ ਦਿੱਤਾ। ਜਦੋਂ ਸੋਹਣੀ ਕੱਚੇ ਘੜੇ ਰਾਹੀਂ ਝਨਾਅ ਨੂੰ ਤੈਰਨ ਲੱਗੀ ਤਾਂ ਦਰਿਆ ਦੇ ਅੱਧ ਵਿੱਚ ਜਾ ਕੇ ਘੜਾ ਖੁਰ ਗਿਆ, ਗਲ਼ ਗਿਆ। ਸੋਹਣੀ ਦਰਿਆ ਵਿੱਚ ਡੁੱਬ ਕੇ ਮਰ ਗਈ। ਮਾਹੀਵਾਲ ਨੂੰ ਨਹੀਂ ਸੀ ਮਿਲ ਸਕੀ। ਭਾਈ ਗੁਰਦਾਸ ਜੀ ਇਸ ਸਾਖੀ ਰਾਹੀਂ ਗਹਿਰੀ ਰੂਹਾਨੀਅਤ ਰਮਜ਼ ਤੇ ਰਹੱਸ ਬਿਆਨ ਕਰਦੇ ਹਨ ਕਿ ਜਦੋਂ ਤੱਕ ਸੋਹਣੀ ਪੱਕੇ ਘੜੇ ਰਾਹੀਂ ਤੈਰਦੀ ਸੀ ਤਾਂ ਝਨਾਅ ਤੋਂ ਪਾਰ ਹੋ ਕੇ ਮਾਹੀਵਾਲ ਨੂੰ ਮਿਲਦੀ ਰਹੀ, ਪਰ ਜਿਸ ਰਾਤ ਕੱਚੇ ਘੜੇ ਰਾਹੀਂ ਝਨਾਅ ਵਿੱਚੋਂ ਲੰਘਣ ਲੱਗੀ ਤਾਂ ਡੁੱਬ ਗਈ। ਮਾਹੀਵਾਲ ਨੂੰ ਨਹੀਂ ਸੀ ਮਿਲ ਸਕੀ। ਭਾਈ ਸਾਹਿਬ ਦੇ ਬਚਨ ਹਨ, ‘‘ਮੇਹੀਵਾਲ ਨੋ ਸੋਹਣੀ; ਨੈ ਤਰਦੀ ਰਾਤੀ।’’ (ਵਾਰ ੨੭ ਪਉੜੀ ੧) ਭਾਈ ਸਾਹਿਬ, ਇਸ ਰਾਹੀਂ ਗੂਹਜ ਰਮਜ਼ ਅਤੇ ਰਹੱਸ ਬਿਆਨ ਕਰਦੇ ਹਨ ਕਿ ਜਿੰਦ (ਆਤਮਾ) ਸੋਹਣੀ ਹੈ ਅਤੇ ਅਕਾਲ ਪੁਰਖ; ਮਾਹੀਵਾਲ ਹੈ। ਸੰਸਾਰ-ਸਾਗਰ ਦਰਿਆ ਹੈ। ਜਦੋਂ ਜਿੰਦ (ਆਤਮਾ); ਸੱਚੀ ਪੱਕੀ ਬਾਣੀ ਦਾ ਆਸਰਾ ਲਵੇਗੀ ਤਾਂ ਸੰਸਾਰ ਸਾਗਰ ਤੋਂ ਪਾਰ ਹੋ ਕੇ ਅਕਾਲ ਪੁਰਖ ਨਾਲ ਮਿਲਾਪ ਕਰਦੀ ਰਹੇਗੀ, ਪਰ ਜਿਸ ਦਿਨ ਜਿੰਦ (ਆਤਮਾ) ਨੇ ਕੱਚੀ ਬਾਣੀ ਦਾ ਆਸਰਾ ਲਿਆ, ਇਹ ਸੰਸਾਰ-ਸਮੁੰਦਰ ’ਚ ਡੁੱਬ ਜਾਵੇ। ਅਕਾਲ ਪੁਰਖ ਨਾਲ ਮਿਲਾਪ ਨਹੀਂ ਹੋਵੇਗਾ, ਇਸ ਲਈ ਫ਼ੁਰਮਾਨ ਹੈ, ‘‘ਨਾਨਕ ! ਕਚੜਿਆ ਸਿਉ ਤੋੜਿ; ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ; ਓਇ ਮੁਇਆ ਨ ਜਾਹੀ ਛੋੜਿ’’ (ਮਹਲਾ ੫/੧੧੦੨) ਭਾਵ ਝੂਠੇ ਕਚੜਿਆਂ, ਸੁਆਰਥੀਆਂ, ਪਾਖੰਡੀਆਂ ਨਾਲੋਂ ਆਪਣੀ ਪ੍ਰੀਤ ਤੋੜ ਲੈ। ਰੱਬ ਨਾਲ ਪ੍ਰੀਤ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਲੱਭ ਲੈ। ਸੁਆਰਥੀ, ਕੱਚੇ ਲੋਕ ਤਾਂ ਸੁਆਰਥ ਪੂਰਾ ਨਾ ਹੋਣ ’ਤੇ ਸਾਥ ਛੱਡ ਦਿੰਦੇ ਹਨ, ਪਰ ਸੱਚੀ ਪ੍ਰੀਤ ਵਾਲੇ ਗੁਰਮੁਖ, ਸਤਸੰਗੀ ਜਨ; ਮਰਨ ਤੋਂ ਬਾਅਦ ਵੀ ਯਾਦ ਕਰਦੇ ਹਨ ਅਤੇ ਅਰਦਾਸਾਂ ਵੀ ਕਰਦੇ ਹਨ। ਕੱਚੀ ਬਾਣੀ ਦੇ ਸੰਬੰਧ ਵਿੱਚ ਅੰਮ੍ਰਿਤਮਈ ਬਚਨ ਹਨ, ‘‘ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥ ਕਹਦੇ ਕਚੇ; ਸੁਣਦੇ ਕਚੇ; ਕਚਂੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥੨੪॥’’ (ਅਨੰਦ/ਮਹਲਾ ੩/੯੨੦) ਭਾਵ ਸ਼ਬਦ ਗੁਰੂ ਤੋਂ ਬਿਨਾਂ ਕੀਰਤਨ ਦੇ ਰੂਪ ’ਚ ਗਾਈ ਜਾਣ ਵਾਲੀ ਹਰੇਕ ਕਵਿਤਾ; ਕੱਚੀ ਬਾਣੀ ਹੈ। ਕੱਚੀ ਬਾਣੀ ਸਦੀਵੀ ਸਚਾਈਆਂ ਤੋਂ ਸੱਖਣੀ ਹੁੰਦੀ ਹੈ। ਕੱਚੀ ਬਾਣੀ; ਅਮਲਾਂ ਤੋਂ ਖਾਲੀ, ਸਿਰਫ ਦਿਮਾਗ ਦੀ ਕਾਵਿ ਰਚਨਾ ਹੀ ਹੈ। ਐਸੀ ਕੱਚੀ ਰਚਨਾ ਦਾ ਨਕਲ ਵਜੋਂ ਕੀਰਤਨ ਕਰਨ ਵਾਲੇ ਅਤੇ ਸੁਣਨ ਵਾਲੇ ਝੂਠੇ ਕੱਚੇ ਹੁੰਦੇ ਹਨ। ਇਹ ਕੱਚੇ ਸਿਰਫ ਰਸਨਾ ਤੋਂ ਕਹਾਣੀਆਂ ਸੁਣਾਉਂਦੇ ਹਨ। ਵਾਹਿਗੁਰੂ ਵਾਹਿਗੁਰੂ ਕਰਦੇ ਹਨ। ਇਨ੍ਹਾਂ ਦਾ ਸਭ ਕੁਝ ਕਿਹਾ ਬੇਅਰਥ ਹੀ ਹੁੰਦਾ ਹੈ। ਇਹ ਸਭ ਮਾਇਆ ਦੀ ਖਾਤਰ ਹੀ ਕਹਿਣ ਮਾਤਰ ਹੁੰਦਾ ਹੈ। ਮਿਊਜ਼ਿਕ ਕੰਪਨੀਆਂ ਨਾਲ ਸੌਦੇ ਤਹਿ ਹੁੰਦੇ ਹਨ। ਉਹ ਸਿਰਫ ਕਲਾਕਾਰੀ ਹੀ ਹੁੰਦੀ ਹੈ, ਇਸੇ ਕਰਕੇ ਹੀ ਕੰਪਨੀਆਂ ਨਾਲ ਕੇਸ ਅਤੇ ਝਗੜੇ ਹੁੰਦੇ ਹਨ। ਗੁਰੂ ਅਮਰਦਾਸ ਜੀ ਆਖਦੇ ਹਨ ਕਿ ਸ਼ਬਦ ਗੁਰੂ ਤੋਂ ਬਗੈਰ, ਹੋਰ ਸਭ ਕੱਚੀ ਬਾਣੀ ਹੈ। ਇਸ ਲਈ ਕਿਹਾ ਹੈ ਕਿ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ! ਗਾਵਹੁ ਸਚੀ ਬਾਣੀ ॥’’ (ਅਨੰਦ/ਮਹਲਾ ੩/੯੨੦) ਅਤੇ ‘‘.. ਸੁਣਹੁ ਸਤਿ ਬਾਣੀ ॥’’ (ਅਨੰਦ/ਮਹਲਾ ੩/੯੨੨)
ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਇਹ ਕੱਚੀ ਬਾਣੀ ਲਿਖਣ ਦਾ ਸਿਲਸਿਲਾ ਸ਼ੁਰੂ ਹੈ। ਗੁਰੂ ਰਾਮਦਾਸ ਜੀ ਸਮੇਂ ਤਾਂ ਇਹ ਕੱਚੀ ਬਾਣੀ ਦਾ ਸਿਲਸਿਲਾ ਸਿਖਰਾ ’ਤੇ ਅਪੜ ਗਿਆ ਸੀ। ਗੁਰੂ ਰਾਮਦਾਸ ਜੀ ਪਾਤਿਸ਼ਾਹ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ; ਸੱਚੀ ਬਾਣੀ ਦੇ ਮੁਕਾਬਲੇ ’ਤੇ ਗੁਰੂ ਦੀ ਨਕਲ ਕਰਕੇ ਲਿਖਣ ਲੱਗ ਪਿਆ ਸੀ। ਕਵਿਤਾ ਦੇ ਅਖੀਰ ’ਚ ਨਾਨਕ ਨਾਂ ਭੀ ਲਿਖਦਾ ਸੀ। ਪ੍ਰਿਥਵੀ ਚੰਦ ਇਸ ਨਕਲੀ ਬਾਣੀ ਦੇ ਸਹਾਰੇ ਆਪਣੇ ਆਪ ਨੂੰ ਗੁਰੂ ਸਿੱਧ ਕਰਨ ਵਿੱਚ ਲੱਗਾ ਹੋਇਆ ਸੀ। ਇਸ ਦਾ ਜ਼ਿਕਰ ਬੰਸਾਵਲੀ ਨਾਮਾ ਦਾ ਕਰਤਾ ਕੇਸਰ ਸਿੰਘ ਛਿੱਬਰ ਕਰਦਾ ਹੈ, ‘ਮਿਹਰਬਾਨ ਪੁੱਤ ਪ੍ਰਿਥਏ ਦਾ ਕਵੀਸਰੀ ਕਰੇ। ਪਾਰਸੀ, ਹਿੰਦਵੀ, ਸਹੰਸਕ੍ਰਿਤ ਨਾਲੇ ਗੁਰਮੁਖੀ ਪੜੇ। ਤਿਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ॥੮੭॥… ਮੀਣਿਆਂ ਭੀ ਪੁਸਤਕ ਇੱਕ ਗ੍ਰੰਥ ਬਣਾਇਆ। ਚਹੁੰ ਪਾਤਿਸ਼ਾਹੀਆਂ ਦਾ ਸ਼ਬਦ, ਬਾਣੀ ਲਿਖ ਵਿੱਚ ਪਾਇਆ॥੮੮॥’ (ਪੰਜਵਾਂ ਚਰਨ, ਪੰਜਵੀਂ ਪਾਤਿਸ਼ਾਹੀ) ਭਾਵ ਇਹ ਨਕਲੀ ਬਾਣੀ ਮਿਹਰਬਾਨ ਰਚਦਾ ਸੀ ਤੇ ਪ੍ਰਿਥਵੀ ਚੰਦ ਇਸ ਨੂੰ ਇਸਤੇਮਾਲ ਕਰਦਾ ਸੀ। ਇਨ੍ਹਾਂ ਮੀਣਿਆਂ ਨੇ ਆਪਣਾ ਵੱਖਰਾ ਗ੍ਰੰਥ ਭੀ ਬਣਾ ਲਿਆ ਸੀ; ਜਿਵੇਂ ਭਨਿਆਰੇ ਵਾਲੇ ਨੇ ‘ਭਵ ਸਾਗਰ’, ਰਾਧਾ ਸੁਆਮੀਆਂ ਨੇ ‘ਸਾਰ ਬਚਨ’, ਨਕਲੀ ਨਿਰੰਕਾਰੀਆਂ ਨੇ ‘ਅਵਤਾਰ ਬਾਣੀ’, ਕੁਝ ਨਕਲੀ ਰਵਿਦਾਸੀਆ ਨੇ ‘ਅੰਮ੍ਰਿਤ ਬਾਣੀ’। ਪ੍ਰਿਥਵੀ ਚੰਦ ਅਤੇ ਮਿਹਰਬਾਨ ਦੀਆਂ ਕਰਤੂਤਾਂ ਦੇਖ ਕੇ ਗੁਰੂ ਅਰਜਨ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਸੁਹਿਰਦ ਸਿੱਖਾਂ ਨਾਲ ਮਸ਼ਵਰਾ ਕੀਤਾ। ਜਿਸ ਦਾ ਜ਼ਿਕਰ ਕੇਸਰ ਸਿੰਘ ਛਿੱਬਰ ਕਰਦਾ ਹੈ, ‘ਬਚਨ ਕੀਤਾ : ਭਾਈ ਗੁਰਦਾਸ! ਗੁਰੂ ਕੀ ਬਾਣੀ ਜੁਦਾ ਕਰੀਏ। ਮੀਣੇ ਪਾਂਦੇ ਨੇ ਰਲ਼ਾ, ਸੋ ਵਿਚ ਰਲ਼ਾ ਨਾ ਧਰੀਏ।’ (ਪੰਜਵਾਂ ਚਰਨ, ਪੰਜਵੀਂ ਪਾਤਿਸ਼ਾਹੀ) ਭਾਵ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਰੱਬੀ ਬਾਣੀ ਵਿੱਚ ਮੀਣੇ ਮਸੰਦ ਰਲ਼ਾ ਪਾਉਣ ਦੀ ਕੋਸ਼ਸ਼ ਕਰ ਰਹੇ ਹਨ। ਸੱਚ ਕੀ ਬਾਣੀ ਨੂੰ ਇੱਕ ਜਿਲਤ ਵਿੱਚ ਸੰਪਾਦਿਤ ਕੀਤਾ ਜਾਵੇ ਤਾਂ ਕਿ ਰਹਿੰਦੇ ਸਮੇਂ ਤੱਕ ਇਹ ਰੱਬੀ ਬਾਣੀ ਨਿਆਰੀ ਰਹਿ ਸਕੇ। ਫਿਰ ਗੁਰੂ ਅਰਜਨ ਪਾਤਿਸ਼ਾਹ ਨੇ ਆਪ ਆਪਣੀ ਦੇਖ ਰੇਖ ਵਿੱਚ ਪੋਥੀ ਸਾਹਿਬ ਤੋਂ ਰਾਮਸਰ ਅਸਥਾਨ ’ਤੇ ‘ਆਦਿ ਸ੍ਰੀ ਗ੍ਰੰਥ ਸਾਹਿਬ’ ਜੀ; ਤਰਤੀਬ ਅਨੁਸਾਰ ਰਾਗ, ਸਿਰਲੇਖ, ਵਾਰਾਂ, ਭਗਤਾਂ ਦੀ ਬਾਣੀ ਨੂੰ ਸੰਪਾਦਿਤ ਕਰਵਾਇਆ। ਫਿਰ ਇਸ ‘‘ਪੋਥੀ ਪਰਮੇਸਰ ਕਾ ਥਾਨੁ ॥’’ (ਮਹਲਾ ੫/੧੨੨੬) ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 16 ਅਗਸਤ 1604 ਈਸਵੀ (ਭਾਦੋਂ ਸੁਦੀ ੧, ਸੰਮਤ ੧੬੬੧, ੧੭ ਭਾਦੋਂ) ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਨੂੰ ਮੁੱਖ ਸੇਵਾਦਾਰ ਥਾਪਿਆ ਗਿਆ। ਫਿਰ ‘ਆਦਿ ਸ੍ਰੀ ਗ੍ਰੰਥ ਸਾਹਿਬ’ ਜੀ ਦੇ ਅਗਾਂਹ ਉਤਾਰੇ ਕਰਵਾਏ ਤਾਂ ਕਿ ਸਮੂਹ ਸਿੱਖ; ਇਸ ਰੱਬੀ ਬਾਣੀ ਨਾਲ ਜੁੜ ਸਕਣ। ਉਸ ਵੇਲੇ ਤਾਂ ਗੁਰੂ ਸਾਹਿਬ ਨੇ ਇਹ ਮਹਾਨ ਉਪਰਾਲਾ ਕਰ ਦਿੱਤਾ, ਪਰ ਅੱਜ ਫਿਰ ਮੀਣਿਆਂ ਦੀ ਸੋਚ ਵਾਲੇ ਗੁਰੂ ਦੀ ਨਕਲ ਕਰਕੇ, ਮਿਹਰਬਾਨ ਦੁਆਰਾ ਰਚੀ ਬਾਣੀ ਵਾਂਗ ਲਿਖ ਰਹੇ ਹਨ, ਗਾ ਭੀ ਰਹੇ ਹਨ। ਨਾਮੀ ਕੀਰਤਨੀਏ ਭੀ ਕੱਚੀ ਬਾਣੀ ਦੀਆਂ ਕੈਸਟਾਂ, ਸੀਡੀਜ਼ ਰਿਲੀਜ ਕਰਵਾ ਰਹੇ ਹਨ।
20 ਅਗਸਤ 1998 ਈਸਵੀ ਨੂੰ ਕੱਚੀ ਬਾਣੀ ਵਿਰੁੱਧ ਹੁਕਮਨਾਮਾ ਭੀ ਜਾਰੀ ਹੋਇਆ ਸੀ, ਪਰ ਉਹ ਹੁਕਮਨਾਮਾ ਸਿਰਫ ਜਾਰੀ ਹੀ ਹੋਇਆ ਸੀ, ਉਸ ਨੂੰ ਮੰਨਿਆ ਕਿਸੇ ਨੇ ਵੀ ਨਹੀਂ। ਨਾ ਹੀ ਕਿਸੇ ਉੱਤੇ ਕੋਈ ਕਾਰਵਾਈ ਹੋਈ ਕਿਉਂਕਿ ਜਾਰੀ ਕਰਨ ਵਾਲੇ ਆਪ ਹੀ ਹੁਕਮਨਾਮੇ ਨਹੀਂ ਮੰਨਦੇ। ਇਹ ਕੱਚੀ ਬਾਣੀ ਵਾਲੇ ਆਪਣੇ ਵੱਲੋਂ ਦਲੀਲਾਂ ਭੀ ਬਹੁਤ ਘੜਦੇ ਹਨ। ਆਪਣੇ ਆਪ ਨੂੰ ਸਹੀ ਸਿੱਧ ਕਰਦੇ ਹੋਏ ਆਖਦੇ ਹਨ ਕਿ ਕਥਾ ਦੇ ਬਚਨ ਭੀ ਤਾਂ ਕੱਚੀ ਰਚਨਾ ਹੈ, ਜੋ ਕਥਾ ਵਾਚਕ ਗੁਰਬਾਣੀ ਦੇ ਆਧਾਰ ’ਤੇ ਆਖਦਾ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਵੀ ਕੱਚੀ ਰਚਨਾ ਹੈ। ਉਹ ਕਿਉਂ ਕੀਤੀ ਜਾਂਦੀ ਹੈ ? ਢਾਡੀ ਅਤੇ ਕਵੀਸ਼ਰੀ ਭੀ ਤਾਂ ਕਵਿਤਾਵਾਂ ਹੀ ਹਨ, ਜੋ ਢਾਡੀ ਅਤੇ ਕਵੀਸ਼ਰੀ ਗਾਉਂਦੇ ਹਨ। ਭਾਈ ਨੰਦ ਲਾਲ ਸਿੰਘ ਦੀ ਰਚਨਾ ਅਤੇ ਭਾਈ ਗੁਰਦਾਸ ਜੀ ਦੀ ਰਚਨਾ; ਇਹ ਰਚਨਾ ਕਿਹੜੀ ਗੁਰੂ ਨੇ ਰਚੀ ਹੈ ? ਗੁਰਬਾਣੀ ਦੇ ਸ਼ਬਦਾਂ ਤੋਂ ਵਗ਼ੈਰ ਜੋ ਵੀ ਗੁਰੂ ਦੀ ਹਜੂਰੀ ਵਿੱਚ ਸਟੇਜਾਂ ’ਤੇ ਬੋਲਿਆ ਜਾਂਦਾ ਹੈ, ਉਹ ਭੀ ਤਾਂ ਕੱਚੀਆਂ ਗੱਲਾਂ ਹੀ ਹਨ। ਜੇ ਅਸੀਂ ਹਰਮੋਨੀਅਮ, ਤਬਲੇ ਦੀ ਤਾਲ ਅਤੇ ਸੁਰਾਂ ਵਿੱਚ ਇਤਿਹਾਸ ਗਾ ਲਿਆ, ਫਿਰ ਇਹ ਕੱਚੀ ਬਾਣੀ ਕਿਵੇਂ ਹੋ ਗਈ ? ਐਸੀਆਂ ਦਲੀਲਾਂ ਨਕਲ ਕਰਨ ਵਾਲੇ ਦਿੰਦੇ ਹਨ ਤੇ ਸੰਗਤਾਂ ਨੂੰ ਬਰਗਲਾ ਲੈਂਦੇ ਹਨ।
ਇਸ ਸਬੰਧੀ ਸੰਖੇਪ ਵਿੱਚ ਸਪਸ਼ਟ ਬੇਨਤੀ ਕਰਾਂਗਾ ਕਿ ਗੁਰਬਾਣੀ ਅਤੇ ਗੁਰੂ ਇਤਿਹਾਸ, ਸਿੱਖ ਇਤਿਹਾਸ ਨੂੰ ਪ੍ਰਚਾਰਨ ਲਈ ਵੱਖ ਵੱਖ ਵਿਧੀ ਵਿਧਾਨ ਬਣਾਏ ਗਏ ਹਨ। ਗੁਰਬਾਣੀ ਦੀ ਕਥਾ; ਗੁਰੂ ਦੇ ਉਪਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਭਾਈ ਗੁਰਦਾਸ ਜੀ ਤੋਂ ਰੀਤ ਆਰੰਭ ਹੋਈ ਦੱਸੀ ਜਾਂਦੀ ਹੈ। ਗੁਰੂ ਸਾਹਿਬ; ਆਪ ਵੀ ਸ਼ਬਦ ਦਾ ਕੀਰਤਨ ਕਰਦੇ ਸੰਗਤਾਂ ਨੂੰ ਸੁਖੈਨ ਕਰਕੇ ਸਮਝਾਉਂਦੇ ਰਹੇ ਸਨ। ਗੁਰ ਪ੍ਰਤਾਪ ਸੂਰਜ ਦੀ ਕਥਾ ਭੀ ਗੁਰੂ ਇਤਿਹਾਸ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਹੈ, ਪਰ ਇਹ ਇਤਿਹਾਸ ਗੁਰਬਾਣੀ ਦੀ ਕਸਵੱਟੀ ਰਾਹੀਂ ਪ੍ਰਚਾਰਿਆ ਜਾਵੇ, ਫਿਰ ਕਥਾ ਕਰਨੀ ਦਰੁਸਤ ਹੈ। ਢਾਡੀ ਵਾਰਾਂ; ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਸ੍ਰੀ ਅਕਾਲ ਬੁੰਗੇ ਭਾਈ ਨੱਥਾ ਮਲ ਅਤੇ ਭਾਈ ਅਬਦੁਲ ਜੀ ਰਾਹੀਂ ਆਰੰਭ ਕਰਵਾਈਆਂ ਸਨ ਤਾਂ ਕਿ ਜੰਗਾਂ ਯੁੱਧਾਂ ਵਾਸਤੇ ਸਿੱਖਾਂ ਵਿੱਚ ਯੋਧਿਆਂ ਦੀਆਂ ਵਾਰਾਂ ਗਾ ਕੇ ਜੋਸ਼ ਭਰਿਆ ਜਾਵੇ। ਫਿਰ ਕਵੀਸ਼ਰੀ; ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਰੰਭ ਹੋਈ ਦੱਸੀ ਜਾਂਦੀ ਹੈ। ਗੁਰੂ ਦਰਬਾਰ ਵਿੱਚ 52 ਕਵੀ ਸਨ, ਜੋ ਗੁਰਬਾਣੀ ਦੇ ਆਧਾਰ ਤੇ ਕਵਿਤਾਵਾਂ ਲਿਖਦੇ ਸਨ। ਕਵੀਸ਼ਰੀ ਦੇ ਰੂਪ ਵਿੱਚ ਗਾਉਂਦੇ ਸਨ। ਕਵਿਤਾਵਾਂ ਦਾ ਕੀਰਤਨ ਨਹੀਂ ਸੀ ਹੁੰਦਾ। ਭਾਈ ਨੰਦ ਲਾਲ ਸਿੰਘ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਕੀਰਤਨ ਸਿੱਖ ਰਹਿਤ ਮਰਿਆਦਾ ਵਿੱਚ ਕਰਨ ਦਾ ਵਿਧਾਨ ਲਿਖਿਆ ਹੈ। ਫਿਰ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਲੈਕਚਰ ਦੇ ਰੂਪ ਵਿੱਚ ਪ੍ਰਚਾਰਨ ਦਾ ਵਿਧਾਨ ਹੈ, ਪਰ ਰਾਗਾਂ ਵਿੱਚ ਸਟੇਜ ’ਤੇ ਬੈਠ ਕੇ ਤੰਤੀ ਸਾਜਾਂ ਅਤੇ ਤਬਲੇ ਦੀ ਤਾਲ ’ਤੇ ਜਾਂ ਹਾਰਮੋਨੀਅਮ ਰਾਹੀਂ ਸਿਰਫ ਗੁਰਬਾਣੀ ਦਾ ਹੀ ਕੀਰਤਨ ਹੋ ਸਕਦਾ ਹੈ। ਉਮੀਦ ਹੈ ਕਿ ਵਿਚਾਰ ਪਕੜ ਵਿੱਚ ਆਈ ਹੋਵੇਗੀ, ਪਰ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਪਤਾ ਕਿਵੇਂ ਲੱਗੇ ਕਿ ਕੋਈ; ਸ਼ਬਦ ਗੁਰੂ ਦਾ ਕੀਰਤਨ ਕਰ ਰਿਹਾ ਹੈ ਜਾਂ ਹੋਰ ਰਚਨਾ ਦਾ; ਇਹ ਆਮ ਕਰਕੇ ਕਿਹਾ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਪਰਥਾਏ ਸੁੰਦਰ ਬਚਨ ਕਹੇ ਹਨ, ‘‘ਜੇ ਆਪਿ ਪਰਖ ਨ ਆਵਈ; ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥’’ (ਮਹਲਾ ੩/੧੨੪੯) ਭਾਵ ਜੇ ਸਾਨੂੰ ਪਰਖ ਨਹੀਂ ਤਾਂ ਜੋ ਗੁਰਬਾਣੀ ਵਿੱਚ ਮਾਹਰ ਹਨ, ਉਨ੍ਹਾਂ ਨੂੰ ਪੁੱਛ ਲਿਆ ਕਰੀਏ। ਆਪ ਨੂੰ ਰਸਤਾ ਨਾ ਪਤਾ ਹੋਵੇ ਤਾਂ ਜਾਣੂ ਤੋਂ ਪੁੱਛ ਹੀ ਲਈਦਾ ਹੈ। ਹੁਣ ਤਾਂ ਰਸਤਾ ਦੱਸਣ ਲਈ ਨੈਵੀਕੇਸ਼ਨ ਹੈ। ਬਾਣੀ ਦੀ ਪਰਖ ਕਰਨ ਵਾਸਤੇ ਮੋਬਾਇਲ ਫ਼ੋਨ ਤੇ ਐਪਾਂ ਹਨ, ਪਰਖ ਕੀਤੀ ਜਾ ਸਕਦੀ ਹੈ।
ਇੱਕ ਵਾਰ ਭਾਈ ਗੁਰਦਾਸ ਜੀ ਕੋਲੋਂ ਸਿੱਖਾਂ ਨੇ ਪੁੱਛਿਆ ਸੀ ਕਿ ਕੱਚੀ ਅਤੇ ਸੱਚੀ ਬਾਣੀ ਦਾ ਪਤਾ ਕਿਵੇਂ ਲੱਗਦਾ ਹੈ। ਭਾਈ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਹਨ, ‘‘ਜੈਸੇ ਅਨਚਰ ਨਰਪਤ ਕੀ ਪਛਾਨੈਂ ਭਾਖਾ; ਬੋਲਤ ਬਚਨ ਖਿਨ ਬੂਝ ਬਿਨ ਦੇਖ ਹੀ।’’ (ਭਾਈ ਗੁਰਦਾਸ ਜੀ/ਕਬਿੱਤ ੫੭੦) ਭਾਵ ਸੇਵਕ (ਅਨਚਰ), ਮੰਤਰੀ, ਵਜੀਰ, ਸਲਾਹਕਾਰ; ਜ਼ਿਆਦਾਤਰ ਸਮਾਂ ਰਾਜੇ ਕੋਲ ਰਹਿੰਦਾ ਹੈ। ਰਾਜੇ ਦੀ ਹਰ ਗੱਲ ਬਾਤ ਸੁਣਦਾ ਹੈ। ਜਦੋਂ ਰਾਜਾ ਬਾਹਰਲੇ ਰਾਜਾਂ ਵਿੱਚ ਜਾਂਦਾ ਹੈ ਜਾਂ ਬਾਹਰਲੇ ਰਾਜੇ ਇਸ ਰਾਜੇ ਕੋਲ ਆਉਂਦੇ ਹਨ ਤਾਂ ਵੀ ਵਜ਼ੀਰ ਕੋਲ ਰਹਿਣ ਕਰਕੇ ਸਾਰੀ ਗੱਲਬਾਤ ਨਾਲ ਹੋ ਕੇ ਕਰਦੇ ਹਨ। ਹੌਲੀ ਹੌਲੀ ਰਾਜੇ ਦੇ ਸੁਭਾਅ ਦੇ ਜਾਣੂ ਹੋ ਜਾਂਦੇ ਹਨ। ਰਾਜੇ ਦੇ ਹਰ ਹੁਕਮ ਨੂੰ ਚੰਗੀ ਤਰ੍ਹਾਂ ਸਮਝਣਯੋਗ ਹੋ ਜਾਂਦੇ ਹਨ। ਇੱਕ ਆਮ ਆਦਮੀ ਰਾਜੇ ਦੀ ਗੱਲ ਨਹੀਂ ਸਮਝ ਸਕਦਾ ਕਿਉਂਕਿ ਉਹ ਰਾਜੇ ਤੋਂ ਦੂਰ ਹੁੰਦਾ ਹੈ। ਤੁਸੀਂ ਖ਼ਿਆਲ ਕਰਨਾ, ਅੱਜ ਵੀ ਜਦੋਂ ਸੀਐਮ. ਜਾਂ ਪੀਐਮ. ਕੋਈ ਵੀ ਸਟੇਟਮੈਂਟ ਦਿੰਦਾ ਹੈ ਤਾਂ ਨਜਦੀਕ ਖੜ੍ਹੇ ਰਾਜਨੀਤਿਕ ਮੰਤਰੀ ਝੱਟ ਸਮਝ ਜਾਂਦੇ ਹਨ। ਇਸ ਦੇ ਕੀ ਅਰਥ ਹਨ ਕਿਉਂਕਿ ਰੁਜਾਨਾ ਵਾਹ ਪੈਂਦਾ ਹੈ। ਉਦਾਹਰਨ ਦੇ ਕੇ ਭਾਈ ਸਾਹਿਬ ਆਖਦੇ ਹਨ ਕਿ ਗੁਰੂ ਸਾਹਿਬ; ਪਾਤਿਸ਼ਾਹਾਂ ਦੇ ਪਾਤਿਸ਼ਾਹ ਹਨ। ਸਤਸੰਗੀ, ਜੋ ਰੋਜ਼ ਗੁਰੂਬਾਣੀ ਪੜਦੇ, ਸੁਣਦੇ ਹਨ, ਉਨ੍ਹਾਂ ਸਿੱਖ ਸੇਵਕਾਂ ਨੂੰ ਚੱਟ ਪਤਾ ਲੱਗ ਜਾਂਦਾ ਹੈ ਕਿ ਇਹ ਗੁਰਬਾਣੀ ਹੈ ਜਾਂ ਕੋਈ ਹੋਰ ਰਚਨਾ। ਗੁਰਬਾਣੀ ਦੇ ਪਾਵਨ ਬਚਨ ਹਨ, ‘‘ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ; ਨਿਜ ਘਰਿ ਵਾਸਾ ਹੋਇ ॥’’ (ਓਅੰਕਾਰ/ਮਹਲਾ ੧/੯੩੫) ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਹਨ, ‘‘ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ; ਦੇਖਤ ਹੀ ਕਹੈ, ਖਰੌ ਖੋਟੋ ਰੂਪ ਰੇਖ ਹੀ।’’ (ਭਾਈ ਗੁਰਦਾਸ ਜੀ/ਕਬਿੱਤ ੫੭੦) ਭਾਵ ਇਕ ਜਿਊਲਰ (ਸੁਨਿਆਰ); ਹੀਰੇ, ਰਤਨ, ਸੋਨੇ ਦੀ ਪਰਖ ਕਰਨ ਜਾਣਦਾ ਹੈ ਕਿਉਂਕਿ ਉਹ ਰੋਜ਼ ਹੀ ਇਹ ਕੰਮ ਕਰਦਾ ਹੈ। ਉਸ ਨੂੰ ਪਰਖ ਦਾ ਤਜਰਬਾ ਹੋ ਜਾਂਦਾ ਹੈ। ਜਦੋਂ ਵੀ ਕੋਈ ਗਾਹਕ; ਹੀਰੇ, ਰਤਨ, ਸੋਨਾ ਲੈ ਕੇ ਜਿਊਲਰੀ ਕੋਲ ਆਉਂਦਾ ਹੈ ਤਾਂ ਉਹ ਝੱਟ ਪਰਖ ਕੇ ਦੱਸ ਦਿੰਦਾ ਹੈ ਕਿ ਇਸ ਦੀ ਕੀ ਕੁਆਲਿਟੀ ਹੈ। ਜੌਹਰੀ ਨੂੰ ਕੋਈ ਨਹੀਂ ਧੋਖਾ ਦੇ ਸਕਦਾ ਕਿਉਂਕਿ ਉਸ ਨੂੰ ਤਜਰਬਾ ਹੁੰਦਾ ਹੈ। ਭਾਈ ਗੁਰਦਾਸ ਜੀ ਆਖਦੇ ਹਨ ਸਿੱਖ ਧਰਮ ਦੀ ਦੁਨੀਆ ਅੰਦਰ ਗੁਰੂ ਦੀ ਬਾਣੀ ਹੀਰੇ, ਰਤਨ, ਜਵਾਹਰਾਤ ਹੈ। ਗੁਰੂ ਸਾਹਿਬ ਦੇ ਬੋਲ ਹਨ, ‘‘ਗੁਰ ਕਾ ਸਬਦੁ ਰਤੰਨੁ ਹੈ; ਹੀਰੇ ਜਿਤੁ ਜੜਾਉ ॥ ਸਬਦੁ ਰਤਨੁ ਜਿਤੁ ਮੰਨੁ ਲਾਗਾ; ਏਹੁ ਹੋਆ ਸਮਾਉ ॥’’ (ਅਨੰਦ/ਮਹਲਾ ੩/੯੨੦) ਸਿੱਖ ਜੌਹਰੀ ਹੁੰਦਾ ਹੈ। ਜੋ ਸਿੱਖ ਗੁਰੂ ਸ਼ਬਦ ਦਾ ਪ੍ਰੇਮੀ ਹੈ। ਉਹ ਝੱਟ ਪੜ, ਸੁਣ ਕੇ ਦੱਸ ਦਿੰਦਾ ਹੈ ਕਿ ਇਹ ਗੁਰੂ ਦੀ ਬਾਣੀ ਹੈ। ਇਸ ਦੇ ਇਹ ਅਰਥ ਬਣਦੇ ਹਨ, ਪਰ ਦੂਸਰੇ ਪਾਸੇ ਇਹ ਵੀ ਹੈ ‘‘ਨਾਨਕ ! ਅੰਧਾ ਹੋਇ ਕੈ; ਰਤਨਾ ਪਰਖਣ ਜਾਇ ॥ ਰਤਨਾ ਸਾਰ ਨ ਜਾਣਈ; ਆਵੈ ਆਪੁ ਲਖਾਇ ॥’’ (ਮਹਲਾ ੨/੯੫੪) ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਹਨ, ‘‘ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ; ਰਾਖੀਐ ਮਿਲਾਇ, ਭਿੰਨ ਭਿੰਨ ਕੈ ਸਰੇਖ ਹੀ।’’ (ਭਾਈ ਗੁਰਦਾਸ ਜੀ/ਕਬਿੱਤ ੫੭੦) ਭਾਵ ਹੰਸ ਅੱਗੇ ਦੁੱਧ ਤੇ ਪਾਣੀ ਮਿਲਾ ਕੇ ਰੱਖ ਦੇਵੋ। ਹੰਸ ਚੁੰਝ ਨਾਲ ਦੁੱਧ ਤੇ ਪਾਣੀ ਨੂੰ ਅਲੱਗ ਅਲੱਗ ਕਰ ਦੇਵੇਗਾ। ਦੁੱਧ ਦੇ ਫੁੱਟ ਖਾ ਲੈਂਦਾ ਹੈ ਤੇ ਪਾਣੀ ਛੱਡ ਦਿੰਦਾ ਹੈ। ਸਿੱਖ ਵੀ ਹੰਸ ਜੈਸੀ ਬਿਰਤੀ ਰੱਖਦਾ ਹੈ, ‘‘ਨਾਮਿ ਰਤੇ ਪਰਮ ਹੰਸ ਬੈਰਾਗੀ; ਨਿਜ ਘਰਿ ਤਾੜੀ ਲਾਈ ਹੇ ॥’’ (ਮਹਲਾ ੩/੧੦੪੬) ਭਾਵ ਰੱਬੀ ਬਾਣੀ ਦੀ ਵਿਚਾਰ; ਸਿੱਖ ਕੋਲ ਹੰਸ ਬਿਰਤੀ ਹੈ। ਬੁੱਧ ਨਾਲ ਸੱਚੀ ਬਾਣੀ ਅਤੇ ਕੱਚੀ ਬਾਣੀ ਨੂੰ ਨਿਖੇੜ ਲੈਂਦਾ ਹੈ, ਫਿਰ ਨਿਰੋਲ ਬਾਣੀ ਨੂੰ ਮਨ ’ਚ ਵਸਾ ਲੈਂਦਾ ਹੈ ਤੇ ਬਾਕੀ ਕੱਚੀਆਂ ਸਾਖੀਆਂ ਛੱਡ ਦਿੰਦਾ ਹੈ।
ਉਕਤ ਤਿੰਨੇ ਉਦਾਹਰਨਾਂ ਦੇ ਕੇ ਭਾਈ ਸਾਹਿਬ ਅੰਤ ’ਚ ਆਖਦੇ ਹਨ ‘‘ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ; ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ॥੫੭੦॥’’ (ਭਾਈ ਗੁਰਦਾਸ ਜੀ/ਕਬਿੱਤ ੫੭੦) ਭਾਵ ਗੁਰਬਾਣੀ ਦਾ ਪ੍ਰੇਮੀ, ਜਗਿਆਸੂ; ਗੁਰੂ ਸ਼ਬਦ ਨੂੰ ਸੁਣ ਕੇ ਝੱਟ ਸਮਝ ਜਾਂਦਾ ਹੈ ਕਿ ਇਹ ਮੇਰੇ ਗੁਰੂ ਦੁਆਰਾ ਰਚੀ ‘ਧੁਰ ਕੀ ਬਾਣੀ’ ਹੈ ਤੇ ਇਹ ਰਚਨਾ ਮੇਰੇ ਗੁਰੂ ਰਾਹੀਂ ਰਚੀ ਹੋਈ ਨਹੀਂ ਹੈ। ਫਿਰ ਹੋਰ ਹੋਰ ਕੱਚ ਕੜੱਚ ਰਚਨਾ ਜਾਂ ਸਾਖੀ ਨੂੰ ਨਹੀਂ ਮੰਨਦਾ ਯਾਨੀ ਜੀਵਨ ਦੇ ਲੇਖੇ ’ਚ ਨਹੀਂ ਲਿਆਉਂਦਾ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਜੀਵਨ ਦਾ ਆਧਾਰ ਮੰਨਦਾ ਹੈ।
ਸੋ ਗੁਰੂ ਪਰਮੇਸ਼ਰ ਕਿਰਪਾ ਕਰਨ ਤਾਂ ਜੋ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਸਾਡਾ ਸਾਰਿਆਂ ਦਾ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ (ਨੇ) ਆਪਹਿ ਮੇਲੇ ॥’’ (ਸੁਖਮਨੀ/ਮਹਲਾ ੫/੨੯੩) ਬਚਨਾਂ ਭਰਪੂਰ ਦਾਤਾਂ, ਬਰਕਤਾਂ ਮਿਲਣ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।










