ਗੁਰਬਾਣੀ ਰਚਨ ਦਾ ਮੰਤਵ (ਭਾਗ ਦੂਜਾ)
ਗਿਆਨੀ ਅਵਤਾਰ ਸਿੰਘ
‘ਧਰਮ’; ਸੰਸਕ੍ਰਿਤ ਦਾ ਸ਼ਬਦ ਹੈ ਤੇ ਕੋਸ਼ਾਂ ’ਚ ਇਸ ਦੇ ਅਰਥ ਹਨ ‘ਫ਼ਰਜ਼, ਰਿਵਾਜ, ਪ੍ਰਾਕ੍ਰਿਤੀ, ਸੁਭਾਅ, ਇਨਸਾਫ਼, ਦੇਸ ਦੀ ਰੀਤ ਤੇ ਸੰਸਾਰ ਨੂੰ ਧਾਰਨ ਕਰਨ ਵਾਲ਼ਾ ਪਵਿੱਤਰ ਨਿਯਮ ਯਾਨੀ ਸੰਸਾਰਕ ਗਤੀ ਦਾ ਆਧਾਰ/ਸਰੋਤ; ਜਿਵੇਂ ਕਿ ਅੱਗ ਦਾ ਧਰਮ ਹੈ ‘ਸਾੜਨਾ’, ਸੂਰਜ ਦਾ ਧਰਮ ਹੈ ‘ਰੌਸ਼ਨੀ ਤੇ ਗਰਮੀ’ ਦੇਣਾ।
‘ਮਜ਼੍ਹਬ’ (ਮਜ਼ਹਬ); ਫ਼ਾਰਸੀ ਦਾ ਸ਼ਬਦ ਹੈ ਤੇ ਕੋਸ਼ਾਂ ’ਚ ਇਸ ਦੇ ਅਰਥ ਹਨ ‘ਰਸਤਾ, ਈਮਾਨ, ਅਕੀਦਾ, ਸੱਚੀ ਗੱਲ ’ਤੇ ਵਿਸ਼ਵਾਸ, ਦਿਲ ਦਾ ਭਰੋਸਾ’। ਇਨ੍ਹਾਂ ਦੋਵਾਂ ਅਰਥਾਂ ਨੂੰ ਸਮਾਨੰਤਰ ਵਾਚੀਏ ਤਾਂ ‘ਧਰਮ’ (ਸੰਸਕ੍ਰਿਤ) ਦੇ ਅਰਥਾਂ ’ਚ ‘ਦਿਲ ਦਾ ਭਰੋਸਾ’ ਤੇ ਸੱਚੀ ਗੱਲ ’ਤੇ ਵਿਸ਼ਵਾਸ’; ਅਰਥ ਨਹੀਂ ਹਨ। ਸ਼ਾਇਦ ਇਸੇ ਕਾਰਨ ਭਗਤ ਨਾਮਦੇਵ ਜੀ; ਮੁਸਲਮਾਨ ਨੂੰ ਕਾਣਾ (ਕੇਵਲ ਇੱਕ ਅੱਖ ਤੋਂ ਅੰਨ੍ਹਾ) ਤੇ ਹਿੰਦੂ ਨੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਮੰਨਦੇ ਹਨ, ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥’’ (ਭਗਤ ਨਾਮਦੇਵ/੮੭੫)
ਪੰਡਿਤ; ਪ੍ਰਾਕ੍ਰਿਤੀ (ਕੁਦਰਤ) ਦਾ ਉਪਾਸ਼ਕ ਹੈ, ਜੋ ‘ਦੇਵਤੇ, ਪੱਥਰ-ਮੂਰਤੀ, ਪੇਡ-ਪੌਦੇ (ਪਿੱਪਲ, ਤੁਲਸੀ), ਸੂਰਜ, ਚੰਦ, ਗ੍ਰਹਿ, ਆਦਿ ਦੀ ਪੂਜਾ ਕਰਦਾ ਹੈ ਯਾਨੀ ਕੁਦਰਤ ਨੂੰ ਆਦਰਸ਼ ਮੰਨਦਾ ਹੈ। ਇਸ ਪੂਜਾ ਵਾਸਤੇ ‘ਦਿਲ ’ਚ ਭਰੋਸਾ ਜਾਂ ਵਿਸ਼ਵਾਸ ਹੋਣਾ’; ਜ਼ਰੂਰੀ ਨਹੀਂ ਹੁੰਦਾ ਕਿਉਂਕਿ ਪ੍ਰਾਕ੍ਰਿਤੀ; ਖ਼ੁਦ ਇੱਕ ਚਿੱਤਰ ਹੈ, ਜਿਸ ਨੂੰ ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਪ੍ਰਤੱਖ ਵੇਖ ਜਾਂ ਮਹਿਸੂਸ ਕਰਦੇ ਹਨ। ਤਰਕ ਵਿਤਰਕ ਦੀ ਸੰਭਾਵਨਾ ਨਹੀਂ ਹੁੰਦੀ। ਐਸੀ ਹੀ ਸੋਚ; ਕੁੱਝ ਅੱਪਗ੍ਰੇਡ (ਮਾਡਰਨ) ਸਿੱਖਾਂ ਦੀ ਹੈ। ਦੋਵਾਂ ਵਾਸਤੇ ਧਰਮ ਲਈ ਦਿਲ ’ਚ ਭਰੋਸਾ ਹੋਣਾ, ਜ਼ਰੂਰੀ ਨਹੀਂ। ਭਰੋਸਾ ਹੋਣਾ; ਇਨ੍ਹਾਂ ਅਨੁਸਾਰ ਅੰਧ ਭਗਤੀ ਹੈ, ਨਾ ਕਿ ਸੱਚੀ ਭਗਤੀ। ਉਂਞ ਇਹ, ਉਸ ਅਰਦਾਸ ’ਚ ਖੜ੍ਹੇ ਹੁੰਦੇ ਹਨ, ਜਿਸ ਵਿੱਚ ‘ਭਰੋਸਾ ਦਾਨ’ ਮੰਗਿਆ ਜਾ ਰਿਹਾ ਹੁੰਦਾ ਹੈ।
ਗੁਰਬਾਣੀ; ਕੁਦਰਤ ਦੀ ਪੂਜਾ ਦੇ ਵਿਰੁਧ ਹੈ; ਜੈਸਾ ਕਿ ਸ਼ੁਰੂ ’ਚ ਹੀ ਵਾਕ ਹੈ, ‘‘ਥਾਪਿਆ ਨ ਜਾਇ; ਕੀਤਾ ਨ ਹੋਇ ..॥੫॥’’ (ਜਪੁ) ਭਾਵ ‘ੴ’ ਦੀ ਮੂਰਤੀ (ਸ਼ਕਲ) ਨਹੀਂ ਬਣ ਸਕਦੀ। ਜਿਸ ਦੀ ਤਸਵੀਰ ਨਹੀਂ; ਉਹ ਸਥਾਪਿਤ ਭੀ ਨਹੀਂ ਹੋਏਗਾ ਯਾਨੀ ਉਸ ਨੂੰ ਮੰਦਿਰ, ਮਸਜਿਦ ਜਾਂ ਗੁਰਦੁਆਰੇ ’ਚ ਮੂਰਤੀ ਬਣਾ ਕੇ ਨਹੀਂ ਟਿਕਾਇਆ ਜਾ ਸਕਦਾ। ਮੂਰਤੀ ਜਾਂ ਤਸਵੀਰ ਰੂਪ ’ਚ ਪੂਜਣਾ ਮਨ੍ਹਾ ਹੈ, ਵਰਜਿਤ ਹੈ।
ਗੁਰੂ ਨਾਨਕ ਸਾਹਿਬ ਦੁਆਰਾ ਕੀਤਾ 40-50 ਹਜ਼ਾਰ ਕਿਲੋਮੀਟਰ ਦਾ ਸਫ਼ਰ; ਇੱਕ ਧਰਮ ਦਾ ਪ੍ਰਚਾਰ ਨਹੀਂ ਬਲਕਿ ਸੱਚ ਨੂੰ ਉਜਾਗਰ ਕਰਨਾ ਸੀ। ਬੰਦੇ ਕੋਲ਼ ਜੋ ਵਸਤੂ ਹੋਵੇ; ਉਸੇ ਦਾ ਵਪਾਰ ਕਰਦਾ ਹੈ। ਗੁਰੂ ਸਾਹਿਬ ਅੰਦਰ ‘ਸਚ’ ਸੀ। ਆਪ ਨੇ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ’ਚ ਸਪਸ਼ਟ ਕੀਤਾ, ‘‘ਆਦਿ ਸਚੁ; ਜੁਗਾਦਿ ਸਚੁ ॥’’
ਪੰਜਾਬੀ ਕੋਸ਼ਾਂ ’ਚ ‘ਸੱਚ’ ਦਾ ਅਰਥ ਹੈ ‘ਯਥਾਰਥ, ਅਸਲ, ਵਾਸਤਵਿਕਤਾ, ਹਕੀਕਤ, ਜੋ ਝੂਠ ਨਾ ਹੋਵੇ, ਠੀਕ, ਬਿਲਕੁੱਲ ਸੱਚ, ਪਰ ਗੁਰਬਾਣੀ ’ਚ ‘ਸਚੁ’ ਨੂੰ ਇਨ੍ਹਾਂ ਅਰਥਾਂ ਲਈ ਨਹੀਂ ਵਰਤਿਆ; ਜਿਵੇਂ ਕਿ ਕਹੀਏ, ‘ਬੱਚਿਆਂ ਦੀ ਦੇਖ-ਭਾਲ਼ ਮਾਤਾ-ਪਿਤਾ ਕਰਦੇ ਹਨ। ਜਨਤਾ ਦੀ ਰੱਖਿਆ ਰਾਜਾ ਕਰਦਾ ਹੈ। ਸੋਨਾ-ਚਾਂਦੀ; ਕੀਮਤੀ ਧਾਤੂ ਹਨ’। ਪੰਜਾਬੀ ਕੋਸ਼ਾਂ ਮੁਤਾਬਕ ਇਹ ਸਾਰੇ ਵਾਕ ‘ਸੱਚ’ ਹਨ ਜਦਕਿ ਗੁਰਮਤਿ ਅਨੁਸਾਰ ਝੂਠ ਹਨ, ‘‘ਕੂੜੁ ਰਾਜਾ, ਕੂੜੁ ਪਰਜਾ; ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ, ਕੂੜੁ ਮਾੜੀ; ਕੂੜੁ ਬੈਸਣਹਾਰੁ ॥ ਕੂੜੁ ਸੁਇਨਾ, ਕੂੜੁ ਰੁਪਾ (ਚਾਂਦੀ); ਕੂੜੁ ਪੈਨ੍ਹਣਹਾਰੁ ॥ ਕੂੜੁ ਕਾਇਆ, ਕੂੜੁ ਕਪੜੁ; ਕੂੜੁ ਰੂਪੁ ਅਪਾਰੁ ॥ ਕੂੜੁ ਮੀਆ (ਪਤੀ), ਕੂੜੁ ਬੀਬੀ; ਖਪਿ ਹੋਏ ਖਾਰੁ ॥ ਕੂੜਿ+ਕੂੜੈ (’ਚ) ਨੇਹੁ ਲਗਾ; ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ? ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ, ਕੂੜੁ ਮਾਖਿਉ; ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ; ਤੁਧੁ ਬਾਝੁ, ਕੂੜੋ ਕੂੜੁ ॥੧॥’’ (ਆਸਾ ਕੀ ਵਾਰ/ਮਹਲਾ ੧/੪੬੮) ਭਾਵ ਹੇ ਪਭੂ ! ਤੇਰੇ ਤੋਂ ਇਲਾਵਾ; ਹਰ ਰਾਜਾ, ਪ੍ਰਜਾ (ਜਨਤਾ), ਸਾਰਾ ਸੰਸਾਰ, ਸੁੰਦਰ ਮਹਿਲ-ਮਾੜੀਆਂ, ਸੋਨਾ, ਚਾਂਦੀ, ਸਰੀਰ, ਕੱਪੜਾ, ਸੁੰਦਰਤਾ, ਪਤੀ, ਪਤਨੀ, ਆਦਿ ਸਭ ਝੂਠੇ ਹਨ, ਨਾਸ਼ਵਾਨ ਹਨ, ਜੋ (ਤੇਰੀ ਤਰ੍ਹਾਂ) ਸਦਾ ਸਾਥ ਨਹੀਂ ਨਿਭਾ ਸਕਦੇ। ਇਨ੍ਹਾਂ ’ਚ ਗ੍ਰਸਤ ਲੋਕ; ਅਸਲ ਮਾਲਕ ਨੂੰ ਭੁਲਾ ਲੈਂਦੇ ਹਨ, ਜੋ ਸਦਾ ਥਿਰ, ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ ਹੈ ਭਾਵ ‘ਨਾਸ਼ਵਾਨ ਸੰਸਾਰ ਬਣਨ ਤੋਂ ਪਹਿਲਾਂ ਭੀ ਕਰਤਾਰ ਥਿਰ ਸੀ। ਜੁਗਾਂ ਦੀ ਅਰੰਭਤਾ ਸਮੇਂ ਭੀ ਕਾਇਮ (ਥਿਰ) ਸੀ। ਹੁਣ ਭੀ ਮੌਜੂਦ (ਥਿਰ) ਹੈ ਤੇ ਸੰਸਾਰ ਦੇ ਨਾਸ ਹੋਣ ਉਪਰੰਤ (ਕਿਆਮਤ ਤੋਂ ਬਾਅਦ) ਭੀ ਕਾਇਮ (ਥਿਰ) ਰਹੇਗਾ’। ਇਸ (ਸਚ) ਨੂੰ ਸਿਰਮੌਰ ਮੰਨਿਆ ਹੈ; ਜਿਵੇਂ ਕਿ ‘ਜਪੁ’ ਜੀ ਸਾਹਿਬ ’ਚ ਹੀ ਵਾਰ-ਵਾਰ ਦੁਹਰਾਇਆ ਹੈ, ‘‘ਤੂ ਸਦਾ ਸਲਾਮਤਿ; ਨਿਰੰਕਾਰ !॥, ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ.. ॥, ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’ ਇਨ੍ਹਾਂ ਵਾਕਾਂ ’ਚ ‘ਸਦਾ ਸਲਾਮਤਿ, ਜਾਇ ਨ ਜਾਸੀ, ਅਨਾਹਤਿ, ਜੁਗੁ ਜੁਗੁ ਏਕੋ ਵੇਸੁ’ ਦੇ ਇੱਕੋ ਹੀ ਅਰਥ ਹਨ ‘ਉਹ ਮਾਲਕ ਸਦਾ ਥਿਰ ਹੈ’। ਇਸੇ ਸਬੰਧ ’ਚ ਗੁਰਬਾਣੀ ਦੇ ਅੰਤ ’ਚ ਦਰਜ; ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਹਨ, ‘‘ਨਿਜ ਕਰਿ ਦੇਖਿਓ ਜਗਤੁ ਮੈ; ਕੋ ਕਾਹੂ ਕੋ ਨਾਹਿ ॥ ਨਾਨਕ ! ਥਿਰੁ ਹਰਿ ਭਗਤਿ ਹੈ; ਤਿਹ ਰਾਖੋ ਮਨ ਮਾਹਿ ॥੪੮॥’’ (ਮਹਲਾ ੯/੧੪੨੯) ਭਾਵ ਮੈ ਜਗਤ ’ਚ ਬਹੁਤ ਨੇੜਿਓਂ ਵੇਖਿਆ ਹੈ ਕਿ ਕੋਈ ਕਿਸੇ ਦਾ ਸਦੀਵੀ ਆਸਰਾ ਨਹੀਂ। ਕੇਵਲ ਹਰੀ ਦਾ ਨਾਮ ਹੀ ਸਥਿਰ ਹੈ, ਉਸ ਨੂੰ ਆਪਣੇ ਹਿਰਦੇ ’ਚ ਪ੍ਰੋ ਕੇ ਰੱਖੋ।
ਗੁਰਬਾਣੀ ਅੰਦਰ ਸੰਸਕ੍ਰਿਤ ਦੇ ਸਤਿ (‘ਸਤ੍ਯ’ ਤਤਸਮ) ਦਾ ਤਦਭਵ ਰੂਪ ‘ਸਚੁ’ ਹੈ, ਗੁਰਮੁਖੀ ਦਾ ਸ਼ਬਦ ਨਹੀਂ। ਗੁਰੂ ਨਾਨਕ ਸਾਹਿਬ ਨੇ ਇਸੇ ਅਰਥ (ਸਦਾ ਥਿਰ) ਲਈ ‘ਸਚੁ’ ਨੂੰ ਵਰਤਿਆ ਹੈ; ਜਿਵੇਂ ਕਿ ‘‘ਕੂੜ ਨਿਖੁਟੇ ਨਾਨਕਾ ! ਓੜਕਿ ਸਚਿ (’ਚ ਲੀਨ ਰਿਹਾਂ) ਰਹੀ ॥ (ਮਹਲਾ ੧/੯੫੩), ਕੂੜ ਨਿਖੁਟੇ ਨਾਨਕਾ ! ਸਚੁ ਕਰੇ, ਸੁ ਹੋਈ ॥ (ਮਹਲਾ ੧/੧੨੮੩), ਸਚਿ (’ਚ) ਮਿਲੈ ਸਚਿਆਰੁ; ਕੂੜਿ (ਨਾਲ਼) ਨ ਪਾਈਐ ॥ ਸਚੇ ਸਿਉ ਚਿਤੁ ਲਾਇ; ਬਹੁੜਿ ਨ ਆਈਐ ॥’’ (ਮਹਲਾ ੧/੪੧੯) ਭਾਵ ਸਚ (ਕਰਤਾਰ) ’ਚ ਸਚਿਆਰ ਬਣ ਕੇ ਹੀ ਲੀਨ ਹੋਈਦਾ ਹੈ। ਕੂੜ ’ਚ ਗ੍ਰਸਤ ਰਿਹਾਂ ਸਚ ਨਹੀਂ ਪਾਇਆ ਜਾ ਸਕਦਾ। ਸਚ ਨਾਲ਼ ਚਿੱਤ ਜੋੜ ਕੇ ਮੁੜ-ਮੁੜ ਜਨਮ (ਆਵਾਗਮਣ) ਨਹੀਂ ਹੁੰਦਾ, ਕੂੜਾ-ਸਰੀਰ ਨਹੀਂ ਧਾਰਨਾ ਪੈਂਦਾ।
‘ਸਤਿ’ (ਤਤਸਮ) ਉੱਤੇ ਗੁਰਬਾਣੀ ਦਾ ਕੋਈ ਭੀ ਵਿਆਕਰਨ ਨਿਯਮ ਲਾਗੂ ਨਹੀਂ ਹੁੰਦਾ ਕਿਉਂਕਿ ਇਸ ਦੀ ਅੰਤਮ ਸਿਹਾਰੀ; ਮੂਲਕ ਹੈ, ਜੋ ਸਬੰਧਿਤ ਭਾਸ਼ਾ ’ਚ ਉਚਾਰਨ ਹੁੰਦੀ ਹੈ, ਪਰ ‘ਸਚੁ, ਸਚਿ, ਸਚ’ (ਤਦਭਵ) ਉੱਤੇ ਵਿਆਕਰਨ ਨਿਯਮ ਲਾਗੂ ਹੁੰਦੇ ਹਨ ਭਾਵ ‘ਸਚਿ’ ਤੇ ‘ਸਚੁ’ ਦੀ ਅੰਤ ਸਿਹਾਰੀ ਤੇ ਅੰਤ ਔਂਕੜ; ਅਰਥ ਸਮਝਾਉਣ ਲਈ ਹਨ, ਨਾ ਕਿ ਉਚਾਰਨ ਲਈ। ‘ਸਚੁ’ ਤੇ ‘ਸਚਿ’ ਦਾ ਉਚਾਰਨ ‘ਸਚ’ ਹੈ।
‘ਸਚਿਆਰ’ ਹੋਣ ਤੋਂ ਭਾਵ ਸੱਚ ਨੂੰ ਜਾਣ ਕੇ ਉਸ ਵਿੱਚ ਲੀਨ ਹੋਣਾ, ਉਸ ਵਰਗਾ ਬਣਨਾ ਹੈ। ਸਚ ’ਚ ਅਭੇਦ ਹੋਏ ਭਗਤ; ਆਪਣਾ ਅਨੁਭਵ ਬਿਆਨ ਕਰਦੇ ਹਨ ਕਿ ‘‘ਜਿਉ ਕਾਮੀ; ਕਾਮਿ (’ਚ) ਲੁਭਾਵੈ ॥ ਤਿਉ ਹਰਿ ਦਾਸ; ਹਰਿ ਜਸੁ ਭਾਵੈ (ਪਸੰਦ)॥ (ਮਹਲਾ ੫/੬੨੯), ਕਾਮੀ ਪੁਰਖ ਕਾਮਨੀ ਪਿਆਰੀ ॥ ਐਸੀ ਨਾਮੇ ਪ੍ਰੀਤਿ ਮੁਰਾਰੀ ॥’’ (ਭਗਤ ਨਾਮਦੇਵ/੧੧੬੪) ਭਾਵ ਜਿਸ ਤਰ੍ਹਾਂ ਕਾਮੀ ਪੁਰਸ਼; ਪਰਾਈ ਔਰਤ ਨੂੰ ਪਿਆਰ ਕਰਦਾ ਹੈ; ਉਸੇ ਤਰ੍ਹਾਂ ਹਰੀ ਦਾ ਸੇਵਕ; ਹਰੀ ਨੂੰ ਪਿਆਰ ਕਰਦਾ ਹੈ, ਉਸ ਦੇ ਗੁਣ ਗਾਉਂਦਾ ਹੈ। ਕਾਮੀ ਬੰਦੇ ਦੀ ਇਸਤਰੀ ਪ੍ਰੀਤ ਵਰਗੀ ਨਾਮਦੇਵ ਦੀ ਪ੍ਰੀਤ; ਮੁਰਾਰੀ-ਕ੍ਰਿਸ਼ਨ (ਪ੍ਰਭੂ) ਨਾਲ਼ ਹੈ। ਸੋ ‘ਸਚੁ’ ਨੂੰ ਪਿਆਰ ਕਰ-ਕਰ ‘ਸਚਿਆਰ’ ਹੋਣ ਲਈ ‘ਸਚੁ’ ਪ੍ਰਤੀ ਮਨ ’ਚ ਭਰੋਸਾ, ਵਿਸ਼ਵਾਸ ਹੋਣਾ ਅਤਿ ਜ਼ਰੂਰੀ ਹੈ, ਨਾ ਕਿ ਪੰਡਿਤ ਜਾਂ ਆਧੁਨਿਕ ਸਿੱਖਾਂ ਵਾਙ ਅਸ਼ਰਧਕ ਰਹਿ ਕੇ ਇਹ ਅਵਸਥਾ ਹਾਸਲ ਹੁੰਦੀ ਹੈ।
ਕੁਦਰਤ ਦਾ ਉਪਾਸ਼ਕ (ਪੰਡਿਤ); ਕੁਦਰਤ ਨੂੰ ਕਦੇ ਭੀ ਨਾਸ਼ਵਾਨ ਨਹੀਂ ਕਹੇਗਾ ਕਿਉਂਕਿ ਕੁਦਰਤ ਉਸ ਦਾ ਆਦਰਸ਼ ਹੈ, ਭਗਵਾਨ ਹੈ। ਮਾਡਰਨ ਸਿੱਖਾਂ ਦਾ ਆਦਰਸ਼ (ਰੱਬ); ਕੁਦਰਤ ਦਾ ਨਿਯਮ ਹੈ। ਇਹ ਭੀ ਕੁਦਰਤ ਨੂੰ ਨਾਸ਼ਵਾਨ ਨਹੀਂ ਬੋਲਣਗੇ ਤਾਂ ਕਿ ਬੰਦਾ ਇਸ ਨਾਲ਼ ਗਹਿਰੇ ਸਬੰਧ ਨਾ ਬਣਾਏ। ਕੁਦਰਤ ਨੂੰ ਨਾਸ਼ਵਾਨ ਕਹਿਣ ਨਾਲ਼ ਪੰਡਿਤ ਤੇ ਇਨ੍ਹਾਂ ਸਿੱਖਾਂ ਦਾ ਆਦਰਸ਼ (ਰੱਬ) ਭੀ ਮਰਦਾ ਹੈ। ਧਰਮ ਦੀ ਵਿਆਖਿਆ ’ਚ ਇਨ੍ਹਾਂ ਦੇ ਇਹੀ ਬੋਲ ਹੋਣਗੇ ਕਿ ‘ਕੁਦਰਤ ਵਾਙ ਨਿਯਮ ਦਾ ਪਾਲਣ ਕਰੋ’ ਯਾਨੀ ਕਿ ਇਨ੍ਹਾਂ ਅਨੁਸਾਰ ਮਨੁੱਖ; ਕੁਦਰਤ ਦੇ ਨਿਯਮ ਦਾ ਪਾਲਣ ਨਹੀਂ ਕਰ ਰਿਹਾ।
ਕੁਦਰਤ ’ਚ ਮਾਸਾਹਾਰੀ ਜੀਵ; ਸਾਕਾਹਾਰੀ ਜੀਵਾਂ ਨੂੰ (ਮਾਰ ਕੇ ਜਾਂ ਬਿਨਾਂ ਮਾਰੇ ਜੀਵਦਿਆਂ ਹੀ) ਖਾਂਦੇ ਹਨ। ਉਨ੍ਹਾਂ ਦੇ ਬੱਚੇ ਭੀ ਮਾਰ ਦਿੰਦੇ ਹਨ। ਫਿਰ ਭੀ ਉਹ ਕੁਦਰਤ ਦੇ ਨਿਯਮ ’ਚ ਹਨ ਕਿਉਂਕਿ ਹਿੰਸਕ ਜੀਵਾਂ ਨੂੰ (ਐਸਾ ਕਰਨ ਲਈ) ਨੁਕੀਲੇ ਪੰਜੇ ਤੇ ਤੇਜ਼ ਨਿਗ੍ਹਾ ਕਰਤਾਰ ਨੇ ਹੀ ਦਿੱਤੀ ਹੁੰਦੀ ਹੈ ਜਦਕਿ ਮਨੁੱਖ ਜਾਤੀ; ਐਨੀ ਹਿੰਸਕ (ਜ਼ਾਲਮ) ਨਹੀਂ ਹੁੰਦੀ। ਜੇਕਰ 1-2% ਬੰਦੇ ਜ਼ਾਲਮ ਹੋਣ ਤਾਂ ਭੀ ਬਾਕੀ 98% ਨੂੰ ਧਰਮੀ ਨਹੀਂ ਮੰਨਿਆ ਜਾ ਸਕਦਾ ਯਾਨੀ ਧਰਮੀ ਹੋਣ ਦਾ ਪੈਮਾਨਾ; ਕੁਦਰਤ ਦੇ ਨਿਯਮ ਦਾ ਪਾਲਣ ਕਰਨਾ ਜਾਂ ਨਾ ਕਰਨਾ, ਨਹੀਂ ਹੁੰਦਾ।
ਗੁਰਬਾਣੀ ਅਨੁਸਾਰ ਸਾਰਾ ਸੰਸਾਰ; ਉਸ ਦੇ ਹੁਕਮ (ਨਿਯਮ) ’ਚ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ..॥੨॥, ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ॥ ਨਾਨਕ ! ਅਗਹੁ ਹਉਮੈ ਤੁਟੈ; ਤਾਂ ਕੋ ਲਿਖੀਐ ਲੇਖੈ ॥’’ (ਮਹਲਾ ੨/੧੨੪੩) ਭਾਵ ਪ੍ਰਭੂ; ਆਪਣੇ ਹੁਕਮ ’ਚ ਬੰਦੇ ਨੂੰ ਪੈਦਾ ਕਰਕੇ, ਹੁਕਮ ’ਚ ਹੀ ਚਲਾਉਂਦਾ ਹੈ। ਜਦ ਇਹ ਸਮਝ ਆ ਗਈ ਤਾਂ ਬੰਦਾ ਖ਼ੁਦ ਨੂੰ ਵੱਖਰੀ ਹਸਤੀ ਸਮਝ ਕੇ ਅਹੰਕਾਰ ਨਹੀਂ ਕਰਦਾ। ਐਸਾ ਹੀ ਇਹ ਬਚਨ ਸਮਝਾਉਂਦੇ ਹਨ, ‘‘ਨਾਨਕ ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥, ਅਗਹੁ ਹਉਮੈ ਤੁਟੈ; ਤਾਂ ਕੋ ਲਿਖੀਐ ਲੇਖੈ ॥’’ (ਮਹਲਾ ੨/੧੨੪੩) ਯਾਨੀ ਬੰਦਾ; ਪਹਿਲਾਂ ਆਪਣੀ ਵੱਖਰੀ ਹੋਂਦ ਖ਼ਤਮ ਕਰੇ ਤਾਂ ਹੀ ਲੇਖੇ ’ਚ ਪਏਗਾ, ਸਚ ’ਚ ਅਭੇਦ ਹੋਏਗਾ।
ਰਾਜਾ; ਰਸਤਿਆਂ ’ਚ ਮੁਸਾਫ਼ਰਾਂ ਲਈ ਲੰਗਰ ਲਗਵਾਉਂਦਾ ਹੈ। ਰਸਦ-ਪਾਣੀ ਦੀ ਘਾਟ ਨਾ ਰਹੇ, ਨਿਰੰਤਰ ਸਮੱਗਰੀ ਭੇਜਦਾ ਰਹਿੰਦਾ ਹੈ। ਸਮਾਂ ਬੀਤਦਾ ਗਿਆ। ਲੰਗਰ ’ਚ ਕੰਮ ਕਰਨ ਵਾਲ਼ੇ ਆਪਣੇ ਰਾਜੇ ਨੂੰ ਭੁੱਲ ਗਏ ਕਿਉਂਕਿ ਰਸਦ-ਪਾਣੀ ਲੈਣ ਲਈ ਕਦੇ ਉਸ ਕੋਲ਼ ਜਾਣ ਦੀ ਲੋੜ ਨਾ ਪਈ, ‘‘ਦਾਤਿ ਪਿਆਰੀ; ਵਿਸਰਿਆ ਦਾਤਾਰਾ ॥’’ (ਮਹਲਾ ੫/੬੭੬) ਗੁਰਬਾਣੀ ’ਚ ਬਿਨਾਂ ਮੰਗੇ, ਕਰਤਾਰ ਵੱਲੋਂ ਦਾਨ ਮਿਲਣ ਦਾ ਜ਼ਿਕਰ 5 ਵਾਰ ਹੈ। ਜਿਨ੍ਹਾਂ ’ਚੋਂ 4 ਵਾਰ ਗੁਰੂ ਨਾਨਕ ਸਾਹਿਬ ਤੇ ਇੱਕ ਵਾਰ; ਗੁਰੂ ਰਾਮਦਾਸ ਜੀ ਕਰਦੇ ਹਨ, ‘‘ਅਣਮੰਗਿਆ ਦਾਨੁ ਦੇਵਣਾ; ਕਹੁ ਨਾਨਕ ! ਸਚੁ ਸਮਾਲਿ ਜੀਉ ॥ (ਮਹਲਾ ੧/੭੩), ਅਣਮੰਗਿਆ ਦਾਨੁ ਦੀਜੈ ਦਾਤੇ ! ਤੇਰੀ ਭਗਤਿ ਭਰੇ ਭੰਡਾਰਾ ॥ (ਮਹਲਾ ੧/੪੩੭), ਸੁਣੇ, ਦੇਖੇ, ਬਾਝੁ ਕਹਿਐ; ਦਾਨੁ ਅਣਮੰਗਿਆ ਦਿਵੈ ॥ (ਮਹਲਾ ੧/੭੬੬), ਥਿਰੁ ਨਾਰਾਇਣੁ, ਥਿਰੁ ਗੁਰੂ; ਥਿਰੁ ਸਾਚਾ ਬੀਚਾਰੁ ॥ .. ਅਣਮੰਗਿਆ ਦਾਨੁ ਦੇਵਸੀ; ਵਡਾ ਅਗਮ ਅਪਾਰੁ ॥੩੪॥’’ (ਓਅੰਕਾਰ/ਮਹਲਾ ੧/੯੩੪), ਤੂ ਕਰਣ ਕਾਰਣ ਸਮਰਥੁ ਹੈ; ਤੂ ਕਰਹਿ, ਸੁ ਥੀਆ ॥ ਤੂ ਅਣਮੰਗਿਆ ਦਾਨੁ ਦੇਵਣਾ; ਸਭਨਾਹਾ ਜੀਆ ॥’’ (ਮਹਲਾ ੪/੫੮੫) ਸੋ ਬਿਨਾਂ ਮੰਗਿਆਂ ਰਸਦ-ਪਾਣੀ ਮਿਲਣ ਕਾਰਨ ਬੰਦਾ ਉਸ ਨੂੰ ਭੁਲਾ ਕੇ ਕਹਿਣ ਲੱਗਾ ‘ਲੰਗਰ ਮੇਰੇ ਵੱਲੋਂ ਹੈ’ ਯਾਨੀ ਘਰ-ਮਕਾਨ, ਗੱਡੀਆਂ ਮੈ ਖ਼ਰੀਦੀਆਂ ਹਨ, ਬੱਚਿਆਂ ਨੂੰ ਮੈ ਕਾਬਲ ਬਣਾਇਆ ਹੈ, ਮੈ ਅਕਲਮੰਦ ਹਾਂ, ਉਦਾਰਵਾਦੀ ਹਾਂ, ਆਦਿ। ਇਹੀ ਹੈ ‘ਕੂੜ ਦੀ ਪਾਲਿ (ਕੰਧ)’, ਜਿਸ ਨੇ ਮਾਲਕ ਨਾਲ਼ੋਂ ਸਬੰਧ ਤੋੜਿਆ, ਵਿਚਕਾਰ ਪਰਦਾ ਪਾਈ ਰੱਖਿਆ। ਹਰ ਕੋਈ ਇਸ ‘ਕੂੜ ਦੀ ਪਾਲਿ’ ਅਨੁਸਾਰ ਜਨਮ ਲੈਂਦਾ ਤੇ ਮਰਦਾ ਹੈ ਕਿਉਂਕਿ ਵਿਚਕਾਰਲਾ ਪਰਦਾ ਕਾਇਮ ਹੈ, ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ)॥’’ (ਓਅੰਕਾਰ/ਮਹਲਾ ੧/੯੩੭) ‘ਲੇਖੁ’ ਤੋਂ ਭਾਵ ‘ਕੂੜ ਦੀ ਪਾਲਿ’ ਹੈ।
ਮਾਲਕ ਨੇ ਸੋਚਿਆ ਕਿ ‘ਕੂੜ ਦੀ ਪਾਲਿ’ ਐਨੀ ਮਜ਼ਬੂਤ ਨਾ ਕਰਾਂ ਕਿ ਹਰ ਕੋਈ ਮੈਥੋਂ ਟੁਟਿਆ ਰਹੇ ਤੇ ਜੰਮਦਾ-ਮਰਦਾ ਫਿਰੇ। ਇਸ ਲਈ ਸੁਵਿਧਾ ਭੀ ਜ਼ਰੂਰੀ ਹੈ; ਜਿੱਦਾਂ ਸਕੂਲਾਂ, ਕਾਲਜਾਂ ’ਚ ਸਿਲੇਬਸ ਪੜ੍ਹਨ ਉਪਰੰਤ ਪੇਪਰ ਦੇਣ ਦੀ ਸੁਵਿਧਾ ਹੈ ਤਾਂ ਕਿ ਸਿਲੇਬਸ ਨੂੰ ਪਾਰ ਕੀਤਾ ਜਾ ਸਕੇ ਯਾਨੀ ਜੰਮਣਾ-ਮਰਨਾ (ਆਵਾਗਮਣ) ਖ਼ਤਮ ਹੋਵੇ। ਮਾਲਕ ਨੇ ਆਪਣੀ ਇਸ ਗਹਿਰੀ ਵਿਓਂਤ ਤੋਂ ਜਾਣੂ ਆਪਣੇ ਖ਼ਾਸ ਵਫ਼ਾਦਾਰ (ਗੁਰੂ) ਨੂੰ ਮਨੁੱਖਾ ਜੂਨੀ ’ਚ ਭੇਜਿਆ ਕਿਉਂਕਿ ਇਹੀ ਜੂਨ; ਬਾਕੀਆਂ ਨਾਲੋਂ ਵੱਧ ਚੇਤਨ ਹੈ। ਪਾਵਨ ਬਚਨ ਹਨ, ‘‘ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥’’ (ਮਹਲਾ ੫/੩੭੪) ਭਾਵ ਸਾਰੀਆਂ ਜੂਨਾਂ; ਮਨੁੱਖ ਦੀ ਸੇਵਾ ਲਈ ਹਨ। ਇਸ ਧਰਤੀ ’ਤੇ ਚੌਧਰ; ਮਨੁੱਖ ਦੀ ਚੱਲਦੀ ਹੈ।
ਸਤਿਗੁਰੂ ਨੇ ਸ਼ਰਧਾਵਾਨ ਮਨੁੱਖ ਨੂੰ ਸਚ ਨਾਲ਼ ਜੋੜ ਕੇ ‘‘ਲੇਖੁ ਨ ਮਿਟਈ ਹੇ ਸਖੀ !’’ ਵਾਲ਼ਾ ਭਰਮ ਤੋੜ ਦਿੱਤਾ; ਜੈਸਾ ਕਿ ਵਾਕ ਹੈ, ‘‘ਸੰਤਨ ਮੋ ਕਉ ਪੂੰਜੀ ਸਉਪੀ; ਤਉ ਉਤਰਿਆ ਮਨ ਕਾ ਧੋਖਾ (ਭਰਮ)॥ ਧਰਮਰਾਇ ਅਬ ਕਹਾ ਕਰੈਗੋ ? ਜਉ ਫਾਟਿਓ ਸਗਲੋ ਲੇਖਾ ॥ (ਮਹਲਾ ੫/੬੧੪), ਸਿਮਰਤ ਨਾਮੁ; ਕਿਲਬਿਖ ਸਭਿ ਕਾਟੇ ॥ ਧਰਮਰਾਇ ਕੇ ਕਾਗਰ ਫਾਟੇ ॥’’ (ਮਹਲਾ ੫/੧੩੪੮)
ਸਤਿਗੁਰੂ; ਆਪ ਜਨਮ ਮਰਨ ਤੋਂ ਰਹਿਤ ਹਨ, ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥’’ (ਮਹਲਾ ੫/੭੪੯) ਭਾਵ ਸਤਿਗੁਰੂ; ਆਪ ਜਨਮ-ਮਰਨ ਦੇ ਗੇੜ ’ਚ ਨਹੀਂ। ਉਹ ਤਾਂ ਭਰਮ (ਅਗਿਆਨਤਾ) ਕਾਰਨ ਜੰਮਣ-ਮਰਨ ’ਚ ਭਟਕ ਰਿਹਾਂ ਨੂੰ ਜੂਨ-ਸਿਲੇਬਸ ’ਚੋਂ ਕੱਢਣ ਆਏ ਹਨ। ਅਸਲ ਦਾਤਾਰ ਪਿਤਾ ਦੀ ਹੋਂਦ ਤੋਂ ਜਾਣੂ ਕਰਾ; ਮੈ ਮੈ ਕਾਰਨ ਉਪਜੀ ‘ਕੂੜ ਦੀ ਪਾਲਿ’ (ਪਰਦਾ) ਖ਼ਤਮ ਕਰਨ ਆਏ ਹਨ। ਸਤਿਗੁਰੂ; ਖ਼ੁਦ ‘ਸਚੁ’ (ਥਿਰ) ’ਚ ਅਭੇਦ ਹਨ; ਸ਼ਰਧਾਵਾਨਾਂ ਨੂੰ ਭੀ ਸਚ ’ਚ ਲੀਨ ਕਰ ਲੈਂਦੇ ਹਨ। ਉਸ ਦੀ ਬੰਦਗੀ ਤੇ ਨੇਕ ਕੰਮ ਕਰਨਾ ਹੀ ਅਸਲ ਸਿੱਖੀ ਹੈ, ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥’’ (ਸੁਖਮਨੀ/ਮਹਲਾ ੫/੨੬੬)
ਕਰਤਾਰ ਦਾ ਸੁਭਾਅ; ਭਗਤ ਵਾਸਤੇ ਹੁਕਮ ਹੈ ਤੇ ਕੁਦਰਤ ਲਈ ਨਿਯਮ; ਜਿਵੇਂ ਕਿ ਲੰਗਰ ਲਈ ਰਸਦ ਭੇਜਣੀ; ਮਾਲਕ ਦਾ ਸੁਭਾਅ ਹੈ ਤੇ ਲੰਗਰ ਲਗਾਉਣ ਵਾਲ਼ਿਆਂ ਲਈ ‘ਹੁਕਮ’ ਹੈ। ਕਰਤਾਰ ਵਰਗੀ ਸੋਚ ਦਾ ਮਾਲਕ; ਸਤਿਗੁਰੂ ਹੈ ਤਾਹੀਓਂ ਕਰਤਾਰ ਦੇ ਇਸ ਸੁਭਾਅ ਤੋਂ ਜਾਣੂ ਹੈ; ਜਿਵੇਂ ਕਿ ਬਚਨ ਹਨ, ‘‘ਕਰਤੇ ਕੀ ਮਿਤਿ (ਵਡੱਪਣ) ਕਰਤਾ ਜਾਣੈ ਕੈ (ਜਾਂ) ਜਾਣੈ ਗੁਰੁ ਸੂਰਾ (ਸੂਰਮਾ)॥ (ਓਅੰਕਾਰ/ਮਹਲਾ ੧/੯੩੦), ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ! ਗੁਰੁ ਮਿਲਿਆ ਸੋਈ ਜੀਉ ॥ (ਮਹਲਾ ੧/੫੯੯), ਮਾਨੁਖ ਕਾ ਕਰਿ ਰੂਪੁ ਨ ਜਾਨੁ ॥’’ (ਮਹਲਾ ੫/੮੯੫) ਸਚ ਦੇ ਇਸ ਸੁਭਾਅ ਤੋਂ ਜਾਣੂ ਹੋ ਕੇ ਸੇਵਕ-ਭਾਵਨਾ ’ਚ ਰਹਿਣਾ; ਮਨੁੱਖ ਦਾ ਟੀਚਾ ਹੈ। ਮਨੁੱਖ ਨੇ ਸਚ ਨੂੰ ਜਾਣਨਾ, ਉਸ ’ਤੇ ਭਰੋਸਾ ਕਰਨਾ ਤੇ ਉਸ ਵਿੱਚ ਲੀਨ ਹੋਣਾ ਹੈ। ਸਤਿਗੁਰੂ ਦਾ ਟੀਚਾ; ਸਚ ਨੂੰ ਪ੍ਰਗਟ ਕਰਨਾ, ਕੂੜ ਸਾਮ੍ਹਣੇ ਸਚ ਦੀ ਹਾਰ ਨਾ ਹੋਵੇ, ਨਿਰੰਤਰ ਸਚ ਦੀ ਹਿਫ਼ਾਜ਼ਤ ਲਈ ਵਕਾਲਤ ਕਰਨਾ ਹੈ। ਸੋ ਧਰਮ ਦੀ ਲੋੜ; ਮਨੁੱਖ ਨੂੰ ਹੈ; ਗੁਰੂ ਜਾਂ ਰੱਬ ਨੂੰ ਨਹੀਂ, ਇਸ ਲਈ ਬਚਨ ਕੀਤੇ ਹਨ ਕਿ ਦਾਤਾਰ-ਪਿਤਾ ਦੀ ਕੋਈ ਤਾਰੀਫ਼ ਕਰੇ; ਉਹ ਵੱਡਾ ਨਹੀਂ ਹੋ ਜਾਂਦਾ ਤੇ ਨਾ ਸਿਫ਼ਤ ਕਰੇ; ਉਹ ਛੋਟਾ ਨਹੀਂ ਹੋ ਜਾਂਦਾ, ‘‘ਜੇ ਸਭਿ ਮਿਲਿ ਕੈ; ਆਖਣਿ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥’’ (ਸੋ ਦਰੁ/ਮਹਲਾ ੧)
ਰਾਹਗੀਰਾਂ ਲਈ ਲੰਗਰ ’ਚ ਕੰਮ ਕਰਨਾ ਭੀ ਮਾਲਕ ਦੇ ਹੁਕਮ ਦਾ ਪਾਲਣ ਕਰਨਾ ਹੀ ਹੈ, ਹੁਕਮ ’ਚ ਚੱਲਣਾ ਹੈ। ਸਰੀਰਕ ਦੁੱਖ-ਭੁੱਖ ਦਾ ਮੂਲ ਕਾਰਨ; ਰਸਦ-ਪਾਣੀ (ਯਾਨੀ ਅਕਲ, ਸੁਆਸ, ਸਰੀਰ, ਬੱਚੇ, ਧਨ-ਦੌਲਤ) ਦੇਣ ਵਾਲ਼ੇ ਨੂੰ ਭੁਲਾ ਕੇ ‘ਲੰਗਰ ਮੇਰੇ ਵੱਲੋਂ ਹੈ’ ਆਖ-ਆਖ ਵਧਾਇਆ ਗਿਆ ਆਪਣਾ ਅਹੰਕਾਰ ਹੈ। ਗੁਰੂ; ਮਨੁੱਖ ਨੂੰ ਇਹ ਦਾਤਾਂ ਦੇਣ ਵਾਲ਼ੇ (ਸਚ, ਦਾਤਾਰ) ਦੀ ਸੋਝੀ ਕਰਾਉਂਦਾ ਹੈ। ਇਹ ਯੁਕਤੀ ਸਮਝਣ ਦੀ ਥਾਂ ਇਹ ਕਹਿਣਾ ਕਿ ਮਨੁੱਖ; ਪ੍ਰਭੂ ਦੇ ਹੁਕਮ ’ਚ ਨਹੀਂ ਚੱਲਦਾ, ਇਸ ਲਈ ਦੁੱਖ-ਭੁਖ ਵਾਪਰਦੇ ਹਨ; ਨਿਰੀ ਮਨਮਤ ਹੈ। ਐਸੇ ਲੋਕ; ਪੰਡਿਤ ਵਾਙ ਕੁਦਰਤ (ਆਕਾਰ) ਨੂੰ ਸਿੱਧੇ ਜਾਂ ਅਸਿੱਧੇ ਸਿਰਮੌਰ ਮੰਨ ਕੇ ਨਿਰਾਕਾਰ ਤੋਂ ਟੁੱਟੇ ਹੋਏ ਕੁਰਾਹੇ ਪਏ ਹੁੰਦੇ ਹਨ ਤੇ ਹੋਰਾਂ ਦਾ ਕੀਮਤੀ ਜੀਵਨ ਬਰਬਾਦ ਕਰਦੇ ਹਨ।
ਜਿਸ ਤਰ੍ਹਾਂ ਇੱਕ ਵਕੀਲ; ਕਾਨੂੰਨ ਨੂੰ ਸਮਝ ਕੇ ਉਸ ਦੀ ਹਿਫ਼ਾਜ਼ਤ ਲਈ ਅਦਾਲਤਾਂ ’ਚ ਪੈਰਵੀ ਕਰਦਾ ਹੈ। ਉਸੇ ਤਰ੍ਹਾਂ ‘ਸਚੁ’ ਨੂੰ ਸਮਝ ਚੁੱਕੇ ਬਾਣੀਕਾਰਾਂ ਨੇ ਮਨੁੱਖਤਾ ਦੇ ਕਲਿਆਣ ਲਈ ਸਚ ਨੂੰ ਪ੍ਰਗਟ ਕੀਤਾ, ਸਚ ਤੋਂ ਮਨੁੱਖਤਾ ਨੂੰ ਜਾਣੂ ਕਰਾਇਆ। ਵਕੀਲਾਂ ਵਾਙ ਬਾਣੀਕਾਰਾਂ ਨੇ ਸਚ ਦੀ ਪੈਰਵੀ ਕੀਤੀ ਤਾਂ ਜੋ ਸਚ ਉੱਤੇ ਕੂੜ ਰੂਪ ਪਰਦਾ ਨਾ ਪਏ। ਕੁਦਰਤ (ਕੂੜ) ਦੀ ਪੂਜਾ ਕਰਨ ਵਾਲ਼ੇ ਭੀ ਜ਼ਿਆਦਾਤਰ ਸਚ ਨੂੰ ਲੱਭਦੇ ਸਨ ਤਾਹੀਓਂ ਗੁਰੂ/ਭਗਤ ਸਾਹਿਬਾਨ ਦੀ ਸਿੱਖਿਆ ਦਾ (ਧਰਮ ਨੂੰ ਧੰਦਾ ਬਣਾ ਚੁੱਕੇ ਕੁੱਝ ਪੰਡਿਤ ਤੇ ਕਾਜ਼ੀਆਂ ਤੋਂ ਇਲਾਵਾ) ਬਹੁਤਾਤ ਸ਼ਰਧਾਵਾਨਾਂ ਨੇ ਵਿਰੋਧ ਨਾ ਕੀਤਾ, ਸਚ ਨੂੰ ਅਪਣਾਅ ਲਿਆ ਭਾਵੇਂ ਕਿ ਉਹ ਹਿੰਦੂ ਸਨ ਜਾਂ ਮੁਸਲਿਮ ਜਾਂ ਜੋਗੀ।
ਅਕਸਰ ਸੁਣੀਦਾ ਹੈ ਕਿ ਸਿੱਖੀ ਦੇ ਤਿੰਨ ਮੁੱਢਲੇ ਅਸੂਲ (ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛੱਕਣਾ) ਹਨ ਭਾਵੇਂ ਕਿ ਇਹ ਭੀ ਅਹਿਮ ਹਨ, ਪਰ ਇਨ੍ਹਾਂ ’ਚ ਸਚ ਦੀ ਪੈਰਵੀ ਕਰਨਾ, ਸ਼ਾਮਲ ਨਹੀਂ, ਜੋ ਕਿ ਗੁਰਮਤਿ ਦਾ ਆਧਾਰ ਹੈ, ਧੁਰਾ ਹੈ।
ਕਿਰਤ ਕਰਨਾ : ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀਂ ਕਿਰਤ ਕੀਤੀ। ਸੁਲਤਾਨਪੁਰ ਲੋਧੀ ਵਿਖੇ ਮੋਦੀਖ਼ਾਨਾ ਸੰਭਾਲ਼ਿਆ। ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਖੇਤੀ ਕੀਤੀ। ਭਗਤ ਕਬੀਰ ਜੀ ਨੇ ਉਪਜੀਵਕਾ (ਰੋਜ਼ੀ) ਲਈ ਤਾਣੀ ਬੁਣੀ। ਭਗਤ ਰਵੀਦਾਸ ਜੀ; ਜੁਤੀਆਂ ਗੰਢਦੇ ਰਹੇ, ਆਦਿ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਕਿਰਤ’; ਬੰਦੇ ਨੂੰ ਪਰਵਾਰ ਤੇ ਸਮਾਜ ’ਚ ਇੱਜ਼ਤ ਦਿਵਾਉਂਦੀ ਹੈ। ਭਗਤ ਕਬੀਰ ਜੀ ਨੇ ਕਿਹਾ ਹੈ ਕਿ ਜਿਸ ਕੋਲ਼ ਮਾਇਆ ਨਹੀਂ, ਉਸ ਦੇ ਘਰ ਆਏ ਮਹਿਮਾਨ ਭੀ ਭੁਖੇ ਵਾਪਸ ਮੁੜਦੇ ਹਨ, ‘‘ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥ ਆਵਤ ਪਹੀਆ; ਖੂਧੇ ਜਾਹਿ ॥ ਵਾ ਕੈ ਅੰਤਰਿ; ਨਹੀ ਸੰਤੋਖੁ ॥ ਬਿਨੁ ਸੋਹਾਗਨਿ; ਲਾਗੈ ਦੋਖੁ ॥’’ (ਭਗਤ ਕਬੀਰ/੮੭੨) ਭਾਵ ਜਿਸ ਦੇ ਘਰ ’ਚ ਅੰਨ-ਪਾਣੀ, ਧਨ-ਦੌਲਤ ਨਹੀਂ। ਓਥੇ ਆਏ ਪ੍ਰਾਹੁਣੇ ਭੀ ਨਿਰਾਸ਼ ਮੁੜਦੇ ਹਨ। ਉਸ ਦੇ ਮਨ ’ਚ ਸੰਤੋਖ ਨਹੀਂ ਉਪਜ ਸਕਦਾ। ਇਸ ਸੰਤੋਖ ਦਾ ਜ਼ਿਕਰ; ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਮ ਸ਼ਬਦ ’ਚ ਭੀ ਕੀਤਾ ਹੈ, ‘‘ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥’’ (ਮੁੰਦਾਵਣੀ/ਮਹਲਾ ੫/੧੪੨੯), ਘਰ ਆਏ ਮਹਿਮਾਨ ਦੀ ਸੇਵਾ ਨਾ ਹੋਣੀ; ਗ਼ਰੀਬ ਹਾਲਾਤਾਂ ਦਾ ਦੋਸ਼ ਲੱਗਦਾ ਹੈ। ਇਸੇ ਕਾਰਨ ਅੱਜ ਬਹੁਤੇ ਗ਼ਰੀਬ-ਸਿੱਖ ਪ੍ਰਚਾਰਕਾਂ ਪਾਸੋਂ ਸੁਣਿਆ ਗੁਰੂ ਸ਼ਬਦ; ਸਿੱਖ ਸੰਗਤਾਂ ’ਤੇ ਬਹੁਤਾ ਅਸਰ ਨਹੀਂ ਕਰਦਾ।
ਵੰਡ ਛੱਕਣਾ : ਜੇਕਰ ਹੱਥੀਂ ਕਿਰਤ ਕੀਤੀ ਹੋਏ ਤਾਂ ਹੀ ਹੋਰਾਂ ਦੀ ਮਦਦ ਕੀਤੀ ਜਾ ਸਕਦੀ ਹੈ ਤੇ ਹਿਰਦੇ ਅੰਦਰ ਉਦਾਰ-ਭਾਵਨਾ ਜਨਮ ਲੈਂਦੀ ਹੈ। ਸਮਾਜਕ ਰਿਸ਼ਤੇ ਮਜ਼ਬੂਤ ਹੁੰਦੇ ਹਨ। ਕੌਮੀ ਕਾਰਜਾਂ ’ਚ ਯੋਗਦਾਨ ਪਾਇਆ ਜਾ ਸਕਦਾ ਹੈ।
ਨਾਮ ਜਪਣਾ : ‘ਨਾਮ ਜਪਣ’ ਤੋਂ ਭਾਵ ਦੇਣ ਵਾਲ਼ੇ (ਦਾਤਾਰ) ਨੂੰ ਯਾਦ ਕਰਨਾ ਹੈ। ਜਿਸ ਪਾਸੋਂ ਮਿਲੀਆਂ ਦਾਤਾਂ ਨਾਲ਼ ਮਨੁੱਖ; ਪਰਵਾਰਿਕ, ਸਮਾਜਕ ਤੇ ਕੌਮੀ ਫ਼ਰਜ਼ ਨਿਭਾਉਣ ਯੋਗ ਬਣਦਾ ਹੈ।
ਉਕਤ ਤਿੰਨੇ ਗੁਣ; ਹਰ ਮਨੁੱਖ ਅੰਦਰ ਹੋਣੇ ਅਤਿ ਜ਼ਰੂਰੀ ਹਨ, ਪਰ ਜ਼ਰਾ ਸੋਚੀਏ ਕਿ ਇਹ ਤਿੰਨੇ ਕੰਮ ਕਰਨ ਵਾਲ਼ੇ ਬੰਦੇ ਦਾ ਸਮਾਜ ’ਚ ਵਿਰੋਧ ਹੋਏਗਾ ? ਜਵਾਬ ਹੈ : ਨਹੀਂ। ਫਿਰ ਗੁਰੂ ਅਤੇ ਸਿੱਖਾਂ ਨੂੰ ਸ਼ਹੀਦ ਕਿਉਂ ਕੀਤਾ ਗਿਆ ? ਇਸ ਦਾ ਅਸਲ ਕਾਰਨ ਹੈ ਕਿ ਇਨ੍ਹਾਂ ਨੇ ‘ਸਚੁ’ ਉੱਤੇ ਕੂੜ ਦਾ ਪਰਦਾ ਨਹੀਂ ਪੈਣ ਦਿੱਤਾ ਤੇ ਕੂੜ ਦੇ ਉਪਾਸ਼ਕ; ਆਪਣੀ ਉਪਜੀਵਕਾ ਨੂੰ ਬਚਾਉਣ ਲਈ ਸੱਚੇ ਭਗਤਾਂ ਦੇ ਵਿਰੋਧੀ ਬਣੇ। ਹੁਣ ਭੀ ਇਹ ਮਾਨਸਿਕਤਾ ਜੀਵਤ ਹੈ ਤੇ ਅਗਾਂਹ ਕਿਆਮਤ ਤੱਕ ਜੀਵਤ ਰਹੇਗੀ। ‘ਸਚ’ ਨੂੰ ਉਜਾਗਰ ਕਰਦੇ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਹਨ, ‘‘ਸਚੁ, ਪੂਰੈ+ਗੁਰਿ (ਨੇ) ਉਪਦੇਸਿਆ; ਨਾਨਕੁ ਸੁਣਾਵੈ ॥੩॥’’ (ਮਹਲਾ ੫/੧੧੯੩) ਭਾਵ ਜੋ ਸਚ; ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਉਸੇ ਬਾਰੇ ਹੁਣ ਗੁਰੂ ਅਰਜਨ ਸਾਹਿਬ ਦੱਸ ਰਹੇ ਹਨ ਭਾਵ ਉਸੇ ਸਚ ਦੀ ਵਕਾਲਤ ਕਰ ਰਹੇ ਹਨ। ਐਸੀ ਹੀ ਕਮਾਈ ਬਾਰੇ ਬਾਬਾ ਫ਼ਰੀਦ ਜੀ ਕਹਿੰਦੇ ਹਨ, ‘‘ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ॥’’ (ਬਾਬਾ ਫਰੀਦ/੪੮੮) ਭਾਵ ਜਿੰਨ੍ਹਾਂ ਨੇ ਸਚ ਜਾਣ ਲਿਆ, ਮੈ ਉਨ੍ਹਾਂ ਦੇ ਪੈਰ ਚੁੰਮਦਾ ਹਾਂ।
ਸੋ ਅੱਜ ਜੇ ਕਿਸੇ ਸੰਤ, ਬ੍ਰਹਮਗਿਆਨੀ, ਸ਼੍ਰੀ ਸ਼੍ਰੀ 1008, ਮਹਾਤਮਾ, ਸ਼ੰਕਰਾਚਾਰੀਆ, ਗੁਰੂ, ਆਦਿ ਦੇ ਬੋਲਾਂ ਦਾ ਵਿਰੋਧ ਨਹੀਂ ਹੁੰਦਾ ਤਾਂ ਸਮਝ ਲੈਣਾ ਕਿ ਉਹ ਕੂੜ ਦੇ ਉਪਾਸ਼ਕਾਂ ਵਿਰੁਧ ਨਹੀਂ ਹਨ। ਉਨ੍ਹਾਂ ਅੰਦਰ ਸਚ ਦੀ ਪੈਰਵੀ ਕਰਨਯੋਗ ਸਮਰੱਥਾ ਨਹੀਂ, ਸਮਝ ਨਹੀਂ। ਅਫ਼ਸੋਸ ਕਿ ਬਹੁਤਾਤ ਸਿੱਖ ਭੀ ਗੁਰਮਤਿ ਨੂੰ ਖ਼ੁਦ ਸਮਝਣ ਦੀ ਥਾਂ ਧਰਮ ਦੇ ਨਾਂ ’ਤੇ ਇੱਧਰੋਂ ਓਧਰੋਂ ਸੁਣੀਆਂ-ਸੁਣਾਈਆਂ ਕਹਾਣੀਆਂ, ਅਰਥਹੀਣ ਗੱਪਾਂ ਨੂੰ ਹੀ ਸਚ ਮੰਨਦੇ-ਮੰਨਦੇ ਕੌਮ ’ਚ ਕਈ ਧੜਿਆਂ ਨੂੰ ਜਨਮ ਦੇ ਬੈਠੇ ਹਨ। ਧੜਿਆਂ ’ਚ ਵੰਡੇ ਹਰ ਸਿੱਖ ਲਈ ਓਹੀ ‘ਸਚ’ ਹੈ, ਜੋ ਗੁਰੂ ਅਤੇ ਸਿੱਖ ਦੇ ਆਪਸੀ ਪਵਿੱਤਰ ਰਿਸ਼ਤੇ (ਸਬੰਧਾਂ) ਵਿਚਕਾਰ ਬਣੇ ਕਿਸੇ ਨਾ ਕਿਸੇ ਵਿਚੋਲੇ (ਸੰਤ ਜਾਂ ਬ੍ਰਹਮ ਗਿਆਨ ਜਾਂ ਪ੍ਰਚਾਰਕ) ਦੁਆਰਾ ਦੱਸਿਆ ਹੁੰਦਾ ਹੈ, ਨਾ ਕਿ ਖ਼ੁਦ ਗੁਰਬਾਣੀ ਨੂੰ ਵਿਚਾਰ-ਵਿਚਾਰ ‘ਸਚੁ’ ਨੂੰ ਜਾਣਿਆ ਹੈ।
ਧਿਆਨ ਰਹੇ ਕਿ ਗੁਰਬਾਣੀ ’ਚ ਸੰਤ ਜਨਾਂ ਦੀ ਸੰਗਤ ਨੂੰ ਭੀ ਗੁਰੂ ਸਮਾਨ ਦਰਜਾ ਪ੍ਰਾਪਤ ਹੈ ਬਸ਼ਰਤੇ ਕਿ ਉਹ ਸੰਗਤ; ਕੇਵਲ ਅਕਾਲ ਪੁਰਖ ਮਾਲਕ ਨੂੰ ਯਾਦ ਕਰਦੀ ਹੋਵੇ, ‘‘ਸਤਸੰਗਤਿ ਕੈਸੀ ਜਾਣੀਐ ?॥ ਜਿਥੈ, ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ; ਨਾਨਕ ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ॥’’ (ਮਹਲਾ ੧/੭੨)
‘ਸਚ’ ਨੂੰ ਜਾਣ ਚੁੱਕਿਆ ਹੀ ਹਰ ਜਗ੍ਹਾ; ਸਚ ਦੀ (ਕੂੜ ਦੇ ਹੱਥੋਂ ਹੁੰਦੀ) ਹਾਰ ਸਮੇਂ ਡੱਟ ਕੇ ਖੜ੍ਹਨਾ; ਆਪਣਾ ਕੌਮੀ ਫ਼ਰਜ਼ ਸਮਝੇਗਾ। ਅੱਜ ਘਰ-ਘਰ, ਪਿੰਡ-ਪਿੰਡ, ਸ਼ਹਰ-ਸ਼ਹਰ ’ਚ ਜ਼ਾਲਮ ਅਤੇ ਪਰਾਇਆ ਮਾਲ ਖਾਣ ਵਾਲ਼ੇ; ਨਿਮਾਣਿਆ ਤੇ ਨਿਤਾਣਿਆ ਦਾ ਹੱਕ ਮਾਰਨ ਲਈ ਮੂੰਹ ਖੋਲ੍ਹੀ ਬੈਠੇ ਹਨ। ਐਸੇ ਹਾਲਾਤਾਂ ’ਚ ਹੁੰਦੀ ਕੂੜ ਦੀ ਜਿੱਤ ਨੂੰ ਨੇੜੇ ਖੜ੍ਹਾ ਪੰਜ ਕਕਾਰ ਧਾਰੀ ਸਿੱਖ; ਫ਼ਸਲਾਂ ਦੀ ਰਾਖੀ ਲਈ ਖੇਤ ’ਚ ਗੱਡੇ ਡਰਨੇ ਵਾਙ ਵੇਖਦਾ ਪਿਆ ਹੁੰਦਾ ਹੈ। ਮੂਹੋਂ ਕੁੱਝ ਬੋਲਣ ਦਾ ਸਾਹਸ ਨਹੀਂ ਜੁਟਾ ਪਾਉਂਦਾ ਜਦਕਿ ਗੁਰਬਾਣੀ ਦੇ ਬੋਲ ਹਨ, ‘‘ਨਿਰਭਉ ਜਪੈ; ਸਗਲ ਭਉ ਮਿਟੈ ॥ (ਸੁਖਮਨੀ/ਮਹਲਾ ੫/੨੯੩) ਭਾਵ ਜੋ ਡਰ ਮੁਕਤ ਹਰੀ ਦਾ ਸਿਮਰਨ ਕਰਦਾ ਹੈ, ਉਹ ਖ਼ੁਦ ਭੀ ਡਰ ਮੁਕਤ ਹੋ ਜਾਂਦਾ ਹੈ।
ਸੰਗਤਾਂ ’ਚ ਸ਼ਰਾਬ ਬਾਰੇ, ਕਰਵਾ ਚੌਥ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਜਾਣ ਸਮੇਂ ਅੱਗੇ ਅੱਗੇ ਛਿੜਕੇ ਜਾਂਦੇ ਪਾਣੀ ਬਾਰੇ, ਕਿਰਪਾਨ ਦੇ ਦਿਨ ਬ ਦਿਨ ਘਟਦੇ ਆਕਾਰ ਬਾਰੇ ਜਾਂ ਗੁਰਦੁਆਰਿਆਂ ’ਚ ਲੱਗਦੀ ਬਿਜਲੀ ਦੀ ਸਿੱਧੀ ਕੁੰਡੀ-ਚੋਰੀ ਬਾਰੇ ਬੋਲ ਕੇ ਵੇਖਣਾ, ਪਤਾ ਲੱਗ ਜਾਣਾ ਹੈ ਕਿ ‘ਸਚ’ ਦੀ ਪੈਰਵੀ ਕਰਨ ਵਾਲ਼ੇ ਕਿੰਨੇ ਕੁ ਹਨ। ਗੁਰੂ ਨਾਨਕ ਸਾਹਿਬ ਦੇ ਇਹ ਬੋਲ ਅਜੋਕੇ ਹਲਾਤਾਂ ਮੁਤਾਬਕ ਸਹੀ ਢੁਕਦੇ ਹਨ, ‘‘ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ !॥’’ (ਮਹਲਾ ੧/੭੨੨) ਬੜੀਆਂ ਘਾਲਣਾ ਨਾਲ਼ ਉਜਾਗਰ ਕੀਤੇ ‘ਸਚ’ ਦੀ ਰੌਸ਼ਨੀ; ਜਦ ਕੂੜ ਦੇ ਪ੍ਰਭਾਵ ਕਾਰਨ ਸਾਨੂੰ ਮੱਧਮ ਜਿਹੀ ਪ੍ਰਤੀਤ ਹੁੰਦੀ ਹੈ ਤਾਂ ਨਾ ਧਰਮ ਕਮਾਇਆ ਜਾਣਾ ਹੈ ਤੇ ਨਾ ਹੀ ਭਗਤਾਂ ਦਾ ਮਾਣ ਸਤਿਕਾਰ ਕਾਇਮ ਰਹਿਣਾ ਹੈ।
ਗੁਰੂ ਸਾਹਿਬ ਨੇ ‘ਕਿਰਤ ਕਰਨ ਤੇ ਵੰਡ ਛਕਣ’ ਦਾ ਉਪਦੇਸ਼; ਓਨ੍ਹਾਂ ਲੋਕਾਂ ਦੇ ਸੰਦਰਭ ’ਚ ਕਿਹਾ ਹੈ, ਜੋ ‘ਕਿਰਤ’ ਨੂੰ ਮਾਇਆਵੀ ਔਗੁਣ ਸਮਝ ਕੇ ਗ੍ਰਿਹਸਤੀ ਜੀਵਨ ਨੂੰ ਛੱਡ ਚੁੱਕੇ ਸਨ; ਜਿਵੇਂ ਕਿ ‘‘ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ; ਜਾਤਿ ਗਵਾਏ ॥ ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ, ਮੂਲਿ ਨ ਲਗੀਐ ਪਾਇ ॥ ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥੧॥’’ (ਮਹਲਾ ੧/੧੨੪੫) ਭਾਵ ਆਤਮ ਗਿਆਨ ਤੋਂ ਸੱਖਣਾ ਪੰਡਿਤ; ਭਗਤੀ ਦੇ ਗੀਤ ਗਾਉਂਦਾ ਹੈ। ਮੌਲਵੀ; ਆਪਣੀ ਉਪਜੀਵਕਾ ਲਈ ਮਸਜਿਦ ’ਚ ਜਾ ਕੇ ਨਮਾਜ਼ ਪੜ੍ਹਦਾ ਹੈ। ਕਿਰਤ ਕਰਨ ਤੋਂ ਭੱਜਿਆ ਯੋਗੀ; ਆਪਣੇ ਕੰਨਾਂ ’ਚ ਛੇਦ ਕਰਵਾ ਲੈਂਦਾ ਹੈ। ਇੱਕ ਹੋਰ (ਕਬੀਲਾ) ਫ਼ਕੀਰ ਬਣ ਕੇ ਜਾਤ-ਬਰਾਦਰੀ ਦੀ ਰੀਤ (ਯਾਨੀ ਗ੍ਰਿਹਸਤ ’ਚ ਰਹਿ ਕੇ ਕਿਰਤ ਕਰਨੀ) ਛੱਡ ਦਿੰਦਾ ਹੈ। ਐਸੇ ਜੋ ਜੋ ਆਪਣੇ ਆਪ ਨੂੰ ਗੁਰੂ, ਪੀਰ ਅਖਵਾਉਂਦੇ ਹਨ ਤੇ ਮਾਇਆਵੀ ਲੋਕਾਂ ਦੇ ਘਰ ਰੋਟੀਆਂ ਮੰਗਣ ਭੀ ਜਾਂਦੇ ਹਨ, ‘‘ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ; ਧਰਤੀ ਨਾਲਿ ॥ ਗਾਵਨਿ ਗੋਪੀਆ; ਗਾਵਨਿ ਕਾਨ੍ ॥ ਗਾਵਨਿ ਸੀਤਾ ਰਾਜੇ ਰਾਮ ॥’’ (ਆਸਾ ਕੀ ਵਾਰ/ਮਹਲਾ ੧/੪੬੫) ਭਾਵ ਭੋਜਨ ਲਈ ਕ੍ਰਿਸ਼ਨ ਜੀ, ਰਾਮ ਚੰਦਰ ਜੀ, ਮਾਤਾ ਸੀਤਾ ਜੀ ਆਦਿ ਦਾ ਸ੍ਵਾਂਗ ਧਾਰਦੇ ਹਨ। ਨੱਚਦੇ ਹੋਏ ਧਰਤੀ ’ਤੇ ਲੇਟ ਭੀ ਜਾਂਦੇ ਹਨ। ਐਸੇ ਗੁਰੂ, ਪੀਰਾਂ ਦੇ ਚਰਨੀਂ ਬਿਲਕੁਲ ਨਹੀਂ ਲੱਗਣਾ ਚਾਹੀਦਾ ਭਾਵ ਉਨ੍ਹਾਂ ਨੂੰ ਆਪਣਾ ਆਦਰਸ਼ ਨਹੀਂ ਮੰਨਣਾ ਚਾਹੀਦਾ ਕਿਉਂਕਿ ਉਹ ਖ਼ੁਦ ਕੁਰਾਹੇ ਪਏ ਹੋਏ ਹੁੰਦੇ ਹਨ।
ਸੋ ਅੱਜ ਕਿਹੜਾ ਬੰਦਾ ਹੈ, ਜਿਹੜਾ ਕਿਰਤ ਨਹੀਂ ਕਰਦਾ। ਆਪਣਾ ਪਰਵਾਰ ਨਹੀਂ ਪਾਲ਼ਦਾ। ਪੈਸੇ ਲਈ ਪੰਜਾਬੀ ਵਿਦੇਸ਼ ਜਾਂਦੇ ਹਨ। ਕਿਸਾਨ; ਖੇਤੀ ਕਰਦੇ ਹਨ। ਵਪਾਰੀ; ਵਪਾਰ ਕਰਦੇ ਹਨ। ਨੌਕਰ; ਨੌਕਰੀ ਕਰਦੇ ਹਨ। ਆਪਣੇ ਘਰ-ਬਾਰ ਛੱਡਦੇ ਹਨ। ਕੀ ਇਨ੍ਹਾਂ ਸਾਰਿਆਂ ਨੂੰ ‘ਧਰਮੀ’ ਕਿਹਾ ਜਾ ਸਕਦਾ ਹੈ ਕਿਉਂਕਿ ਇਹ ‘ਕਿਰਤ’ ਕਰਦੇ ਹਨ ? ਜਵਾਬ ਹੈ ‘ਨਹੀਂ’। ਸੋ ਗੁਰਮਤਿ ਦਾ ਟੀਚਾ ‘ਸਚੁ’ ਨੂੰ ਜਾਣਨਾ, ਉਸ ਵਿੱਚ ਲੀਨ ਹੋਣਾ। ਕੂੜ ਦੇ ਪ੍ਰਭਾਵ ਸਾਮ੍ਹਣੇ ਸਚ ਨੂੰ ਅਲੋਪ ਹੁੰਦਾ ਨਹੀਂ ਵੇਖਣਾ। ਸਾਡੀਆਂ ਅੱਖਾਂ ’ਚੋਂ ਗਾਇਬ ਨਹੀਂ ਹੋਣ ਦੇਣਾ। ਵਕੀਲ ਵਾਙ ਸਚ ਦੇ ਨਾਲ ਖੜ੍ਹਨਾ ਹੈ। ਇਹ ਭੀ ਸੱਚ ਹੈ ਕਿ ਜੋ ਸੱਚ ਦਾ ਉਪਾਸ਼ਕ ਹੋਵੇਗਾ, ਓਹੀ ਉਸ ਦੀ ਪੈਰਵੀ ਕਰੇਗਾ ਕਿਉਂਕਿ ਜਿਸ ਅੰਦਰ ਜੋ ਵਸਤੂ ਹੋਵੇ, ਉਹ ਉਸੇ ਦਾ ਵਪਾਰ ਕਰਦਾ ਹੈ। ਅਫ਼ਸੋਸ ਕਿ ਅੱਜ ਬਹੁਤਾਤ ਲੋਕ; ਸਚ ਨੂੰ ਸਮਝਣ ਤੋ ਉਸ ਦੇ ਨਾਲ਼ ਖੜਨ ਲਈ ਤਿਆਰ ਨਹੀਂ। ਇਸੇ ਦਾ ਹੀ ਨਤੀਜਾ ਹੈ ਕਿ ਮਨ ਦੀ ਸ਼ਾਂਤੀ ਲਈ ਬੰਦਾ ਨਸ਼ਿਆਂ ਤੱਕ ਦਾ ਸਹਾਰਾ ਲੈਂਦਾ ਫਿਰਦਾ ਹੈ।