ਮਰਮ ਬਨਾਮ ਭਰਮ (ਭਾਗ ਪਹਿਲਾ)

0
18

ਮਰਮ ਬਨਾਮ ਭਰਮ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਮਰਮ ਅਤੇ ਭਰਮ; ਗੁਰਬਾਣੀ ’ਚ ਦੋ ਐਸੇ ਸ਼ਬਦ ਹਨ, ਜਿਨ੍ਹਾਂ ਦਾ ਉਚਾਰਨ ਭਾਵੇਂ ਇੱਕ ਸਮਾਨ ਜਿਹਾ ਜਾਪਦਾ ਹੈ, ਪਰ ਇਨ੍ਹਾਂ ਦੇ ਅਰਥ; ਇੱਕ ਦੂਜੇ ਦੇ ਬਿਲਕੁਲ ਉਲ਼ਟ ਹਨ। ‘ਮਰਮ’; ਗੁਰਬਾਣੀ ਦੇ ਗਹਿਰੇ ਸੂਖਮ ਵਿਸ਼ਿਆਂ (ਨਿਰਾਕਾਰ, ਨਾਮ, ਹੁਕਮ, ਮਿਹਰ, ਗੁਰੂ ਜੋਤਿ, ਆਤਮ-ਪ੍ਰਕਾਸ਼ ਯਾਨੀ ਪੂਰਨ ਸੱਚ) ਨਾਲ਼ ਜੋੜਦਾ ਹੈ ਜਦਕਿ ‘ਭਰਮ’; ਇਨ੍ਹਾਂ ਤੋਂ ਦੂਰ ਲੈ ਜਾਣ ਵਾਲ਼ਾ ਹਨ੍ਹੇਰਾ ਹੈ, ਅਗਿਆਨ ਹੈ, ਝੂਠ ਹੈ।

ਜੇਕਰ ਕਹੀਏ ਕਿ ਮਿਰਚ ਕੌੜੀ ਹੁੰਦੀ ਹੈ ਤਾਂ ਹਰ ਕੋਈ ਯਕੀਨ ਕਰ ਲੈਂਦਾ ਹੈ ਕਿਉਂਕਿ ਜੀਭ (ਇੰਦ੍ਰੇ) ਨੇ ਮਿਰਚ ਦੀ ਕੁੜੱਤਣ ਦਾ ਅਹਿਸਾਸ ਕਰਾਇਆ ਹੁੰਦਾ ਹੈ। ਜੇਕਰ ਕਿਹਾ ਜਾਵੇ ਕਿ ਬਹੁਤਾ ਸ਼ੋਰ; ਦਿਮਾਗ਼ ਨੂੰ ਅਸ਼ਾਂਤ ਕਰਦਾ ਹੈ ਤਾਂ ਭੀ ਹਰ ਕੋਈ ਸੱਚ ਮੰਨੇਗਾ ਕਿਉਂਕਿ ਸ਼ੋਰ ਦਾ ਦੁਰਪ੍ਰਭਾਵ; ਕੰਨਾਂ ਰਾਹੀਂ ਹਰ ਇੱਕ ਨੇ ਭੋਗਿਆ ਹੁੰਦਾ ਹੈ। ਜੇਕਰ ਕਹੀਏ ਕਿ ਸੂਰਜ; ਰੌਸ਼ਨੀ ਕਰਦਾ ਹੈ ਤਾਂ ਭੀ ਮਨ ’ਚ ਕੋਈ ਦੁਬਿਧਾ ਨਹੀਂ ਉਪਜਦੀ ਕਿਉਂਕਿ ਅੱਖਾਂ ਨਾਲ਼ ਸੂਰਜ ਦੀ ਰੌਸ਼ਨੀ ਵੇਖੀ ਹੁੰਦੀ ਹੈ, ਪਰ ਜਦ ਕਹੀਏ ਕਿ ਜੀਵ-ਜੰਤਾਂ ਸਮੇਤ ਪੂਰੇ ਬ੍ਰਹਿਮੰਡ ਦੇ ਵਿਕਾਸ (ਗਤੀ) ਪਿੱਛੇ ਇੱਕ ਅਦ੍ਰਿਸ਼ ਸ਼ਕਤੀ ਕੰਮ ਕਰ ਰਹੀ ਹੈ ਤਾਂ ਵਿਰਲਾ ਹੀ ਇਸ ਸਚਾਈ ’ਤੇ ਭਰੋਸਾ ਕਰਦਾ ਹੈ। ਬਹੁਤੇ ਧਰਮੀ ਅਖਵਾਉਣ ਵਾਲ਼ੇ ਭੀ ਇਸ ’ਤੇ ਭਰੋਸਾ ਨਹੀਂ ਕਰਦੇ ਵੇਖੇ ਗਏ ਕਿਉਂਕਿ ਇਹ ਸਚਾਈ; ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਦੁਆਰਾ ਹੁੰਦੇ ਅਹਿਸਾਸ ਤੋਂ ਬੜੀ ਗਹਿਰੀ ਹੈ, ਜੋ ਇੱਕ ਮਹਾਂ ਪੁਰਸ਼ (ਗੁਰੂ ਜਾਂ ਭਗਤ) ਦੇ ਆਤਮ-ਪ੍ਰਕਾਸ਼ (ਅਨੁਭਵ) ਨੇ ਪ੍ਰਗਟ ਕੀਤੀ ਹੈ। ਇਹੀ ਧਰਮ ਦੇ ਬਾਰੀਕ ਰਾਜ਼ ਹਨ, ਜਿਨ੍ਹਾਂ ਨੂੰ ਆਮ ਬੰਦਾ ਨਹੀਂ ਪਕੜ ਸਕਦਾ। ਇਨ੍ਹਾਂ ਦਾ ਲਾਹਾ ਲੈਣ ਲਈ ਮਨ ’ਚ ਸ਼ਰਧਾ ਦਾ ਹੋਣਾ ਅਤਿ ਜ਼ਰੂਰੀ ਹੈ।

ਗੁਰਬਾਣੀ ਲਿਖਣ ਤੋਂ ਪਹਿਲਾਂ (ਅਤੀਤ ’ਚ) ਭੀ ਆਪਣੀ-ਆਪਣੀ ਸਮਝ ਅਨੁਸਾਰ ਧਰਮ ਬਾਰੇ ਬਹੁਤ ਕੁੱਝ ਬੋਲਿਆ ਤੇ ਲਿਖਿਆ ਗਿਆ ਹੈ। ਉਨ੍ਹਾਂ ’ਚ ਰਹੀਆਂ ਉਕਾਈਆਂ ਨੂੰ ਭੀ ਗੁਰਬਾਣੀ ਨੇ ‘ਭਰਮ’ ਐਲਾਨਿਆ ਹੈ। ‘ਮਰਮ’ ਤੇ ‘ਭਰਮ’ ਦੇ ਇਸ ਫ਼ਰਕ ਨੂੰ ਸਮਝਣ ’ਚ ਹੁੰਦੀ ਕੁਤਾਹੀ ਕਾਰਨ ਅੱਜ ਬਹੁਤੇ ਸਿੱਖ; ਜਾਂ ਤਾਂ ‘ਭਰਮ’ ’ਤੇ ਭੀ ਸ਼ਰਧਾ ਕਰਦੇ ਵੇਖੀਦੇ ਹਨ ਜਾਂ ‘ਮਰਮ’ ਨੂੰ ਭੀ ਆਮ ਗਿਆਨ ਵਾਙ ਤਰਕਵਿਤਰਕ ਨਾਲ਼ ਵਿਚਾਰਨ ਦੀ ਭੁੱਲ ਕੀਤੀ ਜਾਂਦੀ ਹੈ। ਇਨ੍ਹਾਂ ਦੋਵੇਂ ਸ਼ਬਦਾਂ ਦਾ ਫ਼ਰਕ; ਹੇਠਾਂ ਵਿਚਾਰਿਆ ਗਿਆ ਹੈ :

(ੳ). ਭਗਤ ਕਬੀਰ ਜੀ ਦੇ ਬੋਲ ਹਨ, ‘‘ਕਬੀਰ  ! ਰਾਮ ਕਹਨ ਮਹਿ ਭੇਦੁ ਹੈ; ਤਾ ਮਹਿ ਏਕੁ ਬਿਚਾਰੁ ਸੋਈ ਰਾਮੁ ਸਭੈ ਕਹਹਿ; ਸੋਈ ਕਉਤਕਹਾਰ ੧੯੦’’ (ਭਗਤ ਕਬੀਰ/੧੩੭੪) ਭਾਵ ਰਾਮ ਕਹਿਣ ’ਚ ਫ਼ਰਕ ਹੈ, ਤਾਂ ਤੇ ਵਿਚਾਰ ਜ਼ਰੂਰੀ ਹੈ। ਓਹੀ ਰਾਮ ਸ਼ਬਦ; (ਦਸ਼ਰਥ ਦੇ ਪੁੱਤਰ ਲਈ ਹੈ, ਜਿਸ ਨੂੰ) ਸਾਰੇ ਜਪਦੇ ਹਨ ਤੇ ਓਹੀ ਰਾਮ; ਜਗਤ-ਖੇਡ ਰਚਣ ਵਾਲ਼ੇ (ਦਾਤਾਰ-ਪਿਤਾ) ਲਈ ਵਰਤਿਆ ਜਾਂਦਾ ਹੈ। ਸੋ ਜਿਹੜਾ ਰਾਮ; ਸਰਬ ਵਿਆਪਕ ਹੈ; ਉਹ ਕੇਵਲ ਇੱਕ ਸਰੀਰ ’ਚ ਨਹੀਂ ਬਲਕਿ ਸਾਰਿਆਂ ’ਚ ਬਰਾਬਰ ਹੁੰਦਾ ਹੈ, ਇਸ ਲਈ ਕਿਹਾ ਗਿਆ ਹੈ, ‘‘ਕਬੀਰ  ! ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ੧੯੧’’ (ਭਗਤ ਕਬੀਰ/੧੩੭੪) ਭਾਵ ਰਾਮ ਦਾ ਨਾਮ ਸਦਾ ਜਪੋ, ਪਰ ਜਪਣ ਸਮੇਂ ਧਿਆਨ ਰੱਖਣਾ ਕਿ ਇੱਕ ਰਾਮ; ਅਨੇਕਾਂ ਰੂਪਾਂ ’ਚ ਰਮਿਆ ਹੈ, ਵਿਆਪਕ ਹੈ ਤੇ ਇੱਕ ਰਾਮ (ਦਸ਼ਰਥ ਦਾ ਪੁੱਤਰ) ਕੇਵਲ ਇੱਕੋ ਸਰੀਰ ਵਜੋਂ ਜਾਣਿਆ ਜਾਂਦਾ ਹੈ। ਸੋ ਸਰਬ ਵਿਆਪਕ ਰਾਮ ਨੂੰ ਜਪਣਾ ਹੈ। ਕਿਸੇ ਖ਼ਾਸ ਸਰੀਰ ਨੂੰ ਰੱਬ ਨਹੀਂ ਸਮਝਣਾ, ਪਰ ਅਫ਼ਸੋਸ ਕਿ ਡੇਰੇਦਾਰ ਵਰਗ; ਦਸ਼ਰਥ ਦੇ ਪੁੱਤਰ ਲਈ ਭੀ ਅਕਸਰ ਬ੍ਰਾਹਮਣਾਂ ਵਾਙ ਬੋਲਦਾ ਸੁਣੀਦਾ ਹੈ, ‘ਭਗਵਾਨ ਸ਼੍ਰੀ ਰਾਮ ਚੰਦਰ ਜੀ’।

ਜੈਸੇ ਦਰਖ਼ਤ ਦੇ ਭਾਵੇਂ ਜੜ੍ਹ (ਮੂਸਲੀ), ਤਣੇ, ਪੋਰੀ, ਟਹਿਣੀਆਂ, ਪੱਤੇ, ਫੁੱਲ, ਫਲ਼ ਆਦਿ ਹੁੰਦੇ ਹਨ, ਪਰ ਇਸ ਦਾ ‘ਮੂਲ’; ‘ਜੜ੍ਹ’ ਨੂੰ ਹੀ ਮੰਨਿਆ ਜਾਂਦਾ ਹੈ; ਐਸੇ ਹੀ ਗੁਰਬਾਣੀ ਅੰਦਰ ਭਾਵੇਂ ਨਿਰਾਕਾਰ, ਆਕਾਰ (ਕੁਦਰਤ), ਜ਼ਿੰਦਗੀ ਤੇ ਕਰਮਕਾਂਡਾਂ ਦਾ ਵਿਸਥਾਰ ਸਹਿਤ ਵਰਣਨ ਹੈ, ਪਰ ਧਰਮ ਦਾ ਮੂਲ; ਨਿਰਾਕਾਰ ਨਾਲ਼ ਜੁੜੇ ਗਹਿਰੇ-ਸੂਖਮ ਰਾਜ਼ ਹੀ ਹਨ; ਜਿਵੇਂ ਕਿ ਬਚਨ ਹਨ, ‘‘ਜਿਨ੍ਹੀ ਨਾਮੁ ਵਿਸਾਰਿਆ; ਦੂਜੈ+ਭਰਮਿ (’) ਭੁਲਾਈ   ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ (ਸੁਆਹ) ? (ਮਹਲਾ /੪੨੦) ਭਾਵ ਜਿਨ੍ਹਾਂ ਨੇ ਹੋਰ ਭਰਮ ’ਚ ਪੈ ਕੇ ਧਰਮ ਦਾ ਮੂਲ (ਰੱਬ ਦਾ ਨਾਮ ਹੀ) ਭੁਲਾ ਦਿੱਤਾ। ਉਹ (ਧਰਮ ਦੇ) ਮੂਲ ਨਾਲ਼ੋਂ ਟੁੱਟ ਕੇ ਟਹਿਣੀਆਂ ਨਾਲ਼ ਜੁੜੇ ਹੋਏ ਹਨ। ਕੀ ਸੁਆਹ ਲਾਹਾ ਲੈਣਗੇ ?, ਇਸ ਲਈ ਖ਼ਾਸ-ਖ਼ਾਸ ਬੰਦਿਆਂ ਨੂੰ ਰੱਬ ਮੰਨਣਾ; ਅਸਲ ਸਰਬ ਵਿਆਪਕ ਰੱਬ ਤੋਂ ਦੂਰ ਹੋਣਾ ਹੈ। ਇਸ ਤਰ੍ਹਾਂ ਧਰਮ ਦੇ ਗਹਿਰੇ ਰਾਜ਼ ਸਮਝਣੇ ਜਟਿਲ ਹੋ ਜਾਂਦੇ ਹਨ; ਜੈਸਾ ਕਿ ਕਿਹਾ ਹੈ, ‘‘ਘਟ ਹੀ ਭੀਤਰਿ ਬਸਤ ਨਿਰੰਜਨੁ; ਤਾ ਕੋ ਮਰਮੁ ਜਾਨਾ (ਮਹਲਾ /੬੩੨), ਜਿਥੈ ਵਥੁ ਹੋਵੈ, ਤਿਥਹੁ ਕੋਇ ਪਾਵੈ; ਮਨਮੁਖ ਭਰਮਿ ਭੁਲਾਵਣਿਆ ’’ (ਮਹਲਾ /੧੧੭) ਭਾਵ ਸਰੀਰ ਅੰਦਰ, ਜੋ ਰਾਮ ਵੱਸਦਾ ਹੈ; ਉਸ ਨੂੰ ਕੋਈ ਲੱਭਦਾ ਨਹੀਂ; ਮਨਮਤ ਕਾਰਨ ਲੋਕ ਭਰਮ ’ਚ ਫਸੇ ਕੁਰਾਹੇ ਪਏ ਹੋਏ ਹਨ, ਹੋਰ ਹੋਰ ਨੂੰ ਰੱਬ ਬਣਾਈ ਬੈਠੇ ਹਨ।

ਭਾਵੇਂ ਕਿ ਇਹ ਭੀ ਸੱਚ ਹੈ ਕਿ ਰੱਬ; ਜ਼ਰਰੇ-ਜ਼ਰਰੇ ’ਚ ਹੈ ਯਾਨੀ ਦਸ਼ਰਥ ਦੇ ਪੁੱਤਰ (ਰਾਮ ਚੰਦਰ) ’ਚ ਭੀ ਰੱਬ ਸੀ, ਪਰ ਸਿੱਖ ਨੇ ਆਪਣੇ ਅੰਦਰੋਂ ਰੱਬ ਨੂੰ ਖੋਜਣਾ ਹੈ; ਜਿਵੇਂ ਕਿ ਕਿਹਾ ਹੈ, ‘‘ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ  ?’’ (ਬਾਬਾ ਫਰੀਦ/੧੩੭੮) ਭਾਵ ਰੱਬ ਹਿਰਦੇ ’ਚ ਹੈ, ਉਸ ਨੂੰ ਬਾਹਰ ਜੰਗਲ਼ਾਂ ’ਚ ਨਾ ਲੱਭ। ਸਵਾਲ : ਕੀ ਜੰਗਲ਼ਾਂ ’ਚ ਰੱਬ ਨਹੀਂ ? ਜਵਾਬ : ਹਾਂ ਹੈ; ਜਿਵੇਂ ਕਿ ਕਿਹਾ ਹੈ, ‘‘ਖੰਡੀ, ਬ੍ਰਹਮੰਡੀ, ਪਾਤਾਲੀ, ਪੁਰੀਈ; ਤ੍ਰਿਭਵਣ ਤਾੜੀ ਲਾਈ ਹੇ ’’ (ਮਹਲਾ /੧੦੨੩) ਭਾਵ ਪ੍ਰਮਾਤਮਾ; ਖੰਡਾਂ, ਬ੍ਰਹਿਮੰਡਾਂ, ਪਾਤਾਲਾਂ, ਪੁਰੀਆਂ, ਤਿੰਨੇ ਲੋਕਾਂ ’ਚ ਗੁਪਤ ਰੂਪ ’ਚ ਵਿਆਪਕ ਹੈ, ਪਰ ਇਨ੍ਹਾਂ (ਬਾਹਰੀ ਖੰਡਾਂ, ਮੰਡਲਾਂ, ਦਰਖ਼ਤਾਂ, ਪੰਛੀਆਂ, ਪਸ਼ੂਆਂ) ’ਚੋਂ ਉਸ ਨੂੰ ਆਪਣੇ ਅਨੁਭਵ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ। ਭਗਤ ਆਪਣਾ ਆਤਮ-ਪ੍ਰਕਾਸ਼; ਪ੍ਰਫੁਲਿਤ ਕਰਨ ਲਈ ਆਪਣੇ ਅੰਦਰੋਂ ਹੀ ਰੱਬ ਨੂੰ ਖੋਜਦਾ ਹੈ; ਜਿਵੇਂ ਕਿ ਕਿਹਾ ਹੈ, ‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ ’’ (ਭਗਤ ਪੀਪਾ/੬੯੫) ਭਾਵ ਜੋ (ਰੱਬ), ਬ੍ਰਹਿਮੰਡ ’ਚ ਹੈ; ਓਹੀ ਸਰੀਰ ਅੰਦਰ ਹੈ। ਉਸ ਨੂੰ ਜਿਹੜਾ ਆਪਣੇ ਅੰਦਰੋਂ ਖੋਜਦਾ ਹੈ; ਓਹੀ ਪਾਉਂਦਾ ਹੈ, ‘‘ਜੋ ਬ੍ਰਹਮੰਡਿ (’); ਖੰਡਿ (’ਚੋਂ) ਸੋ ਜਾਣਹੁ ’’ (ਮਹਲਾ /੧੦੪੧) ਭਾਵ ਜੋ ਕੁਦਰਤ ’ਚ ਰਮਿਆ ਹੈ; ਉਸ ਨੂੰ ਆਪਣੇ ਸਰੀਰ (ਖੰਡ) ਅੰਦਰੋਂ ਲੱਭੋ। ਇਸ ਸਬੰਧ ’ਚ ਕੁੱਝ ਮਿਸਾਲਾਂ ਭੀ ਦਿੱਤੀਆਂ ਹਨ; ਜਿਵੇਂ ਕਿ ਕੁਰੰਕ (ਹਿਰਨ) ਦੇ ਅੰਦਰ ਕਸਤੂਰੀ (ਸੁਗੰਧੀ) ਹੁੰਦੀ ਹੈ, ਪਰ ਉਸ ਲਈ ਉਹ ਬਾਹਰ ਭਟਕਦਾ ਫਿਰਦਾ ਹੈ, ‘‘ਜੈਸੇ ਕੁਰੰਕ; ਨਹੀ ਪਾਇਓ ਭੇਦੁ   ਤਨਿ (’) ਸੁਗੰਧ; ਢੂਢੈ ਪ੍ਰਦੇਸੁ ’’ (ਭਗਤ ਰਵਿਦਾਸ/੧੧੯੬), ਇਸ ਤਰ੍ਹਾਂ ਰਾਮ ਨੂੰ ਆਪਣੇ ਸਰੀਰ ਦੇ ਬਾਹਰੋਂ ਲੱਭਣ ਵਾਲ਼ੇ ਬ੍ਰਾਹਮਣ ਤੇ ਡੇਰੇਦਾਰ; ਭਰਮ ’ਚ ਹਨ; ਜਿਵੇਂ ਕਿ ਕਿਹਾ ਹੈ, ‘ਸਭ ਕਿਛੁ ਘਰ ਮਹਿ; ਬਾਹਰਿ ਨਾਹੀ ਬਾਹਰਿ ਟੋਲੈ; ਸੋ ਭਰਮਿ (’) ਭੁਲਾਹੀ (ਮਹਲਾ /੧੦੨), ਜੋ ਬਾਹਰਿ; ਸੋ ਭੀਤਰਿ ਜਾਨਿਆ ਭਇਆ ਭੇਦੁ; ਭੂਪਤਿ ਪਹਿਚਾਨਿਆ ੩੦’’ (ਭਗਤ ਕਬੀਰ/੩੪੨) ਭਾਵ ਜੋ ਬਾਹਰ (ਹਰ ਥਾਂ) ਹੈ; (ਗੁਰੂ ਰਾਹੀਂ ਜਦੋਂ) ਉਸ ਦਾ ਭੇਤ/ਰਾਜ਼ (ਆਪਣੇ ਅੰਦਰ) ਜਾਣਿਆ, ਪ੍ਰਗਟ ਹੋਇਆ ਤਾਂ ਉਸ ਨੂੰ ਅੰਦਰੋਂ ਹੀ ਪਹਿਚਾਣ ਲਿਆ, ਪਾ ਲਿਆ।

ਆਪਣੇ ਅੰਦਰੋਂ ਰਾਮ ਨੂੰ ਲੱਭਣ ਕਾਰਨ ਕਬੀਰ ਜੀ ਨੂੰ ਲੋਗ ਪਾਗ਼ਲ ਕਹਿੰਦੇ ਹਨ ਜਦਕਿ ਕਬੀਰ ਜੀ ਦੇ ਅੰਦਰਲੇ ਰਾਜ਼ (ਬਦਲਾਅ/ਆਤਮ-ਪ੍ਰਕਾਸ਼) ਨੂੰ ਅੰਦਰਲਾ ਰਾਮ ਹੀ ਸਮਝ ਸਕਿਆ ਹੈ, ‘‘ਲੋਗੁ ਕਹੈ ਕਬੀਰੁ ਬਉਰਾਨਾ   ਕਬੀਰ ਕਾ ਮਰਮੁ; ਰਾਮਹਿ (ਨੇ) ਪਹਿਚਾਨਾ ’’ (ਭਗਤ ਕਬੀਰ/੧੧੫੮) ਸੋ ਜਦ ਤੱਕ ਬੰਦਾ; ਬਾਹਰ ਕਿਸੇ ਸਰੀਰ ਜਾਂ ਪੱਥਰ-ਮੂਰਤੀ ’ਚ ਰੱਬ ਨੂੰ ਵੇਖਦਾ ਰਹੇਗਾ; ਤਦ ਤੱਕ ਆਪਣੇ ਅੰਦਰੋਂ ਲੱਭਣ ਲਈ ਸੰਘਰਸ਼ ਨਹੀਂ ਕਰੇਗਾ ਯਾਨੀ ਆਪਣੀਆਂ ਵਾਸ਼ਨਾਵਾਂ ਨੂੰ ਨਹੀਂ ਮਾਰ ਸਕੇਗਾ। ਇਹੀ ਕਾਰਨ ਹੈ ਕਿ ਬ੍ਰਾਹਮਣ ਤੇ ਡੇਰੇਦਾਰ; ਸੰਗਤਾਂ ਨਾਲ਼ ਸਵੈ ਪੜਚੋਲ ਨਾਲ਼ ਸਬੰਧਿਤ ਕੋਈ ਗੱਲ ਨਹੀਂ ਕਰਦੇ। ਐਸੀ ਸੋਚ; ਤੰਗਦਿਲ ਤੇ ਹਿੰਸਕ ਹੁੰਦੀ ਹੈ। ਕੋਈ ਗਹਿਰੀ ਗੱਲ ਕਰੀਏ ਤਾਂ ਵਿਰੋਧ ਕਰਨ ਲੱਗਦੀ ਹੈ। ਵਿਚਾਰਕ ਮਤਭੇਦ ਹੋਣਾ ਸੁਭਾਵਕ ਹੈ, ਪਰ ਇਹ ਲੋਕ ਆਪਣੇ ਨਾਲ਼ ਅਸਹਿਮਤ ਬੰਦਿਆਂ ਨਾਲ਼ ਨਫ਼ਰਤ ਕਰਦੇ ਹਨ ਕਿਉਂਕਿ ਸਾਰਿਆਂ ਅੰਦਰ ਵੱਸਦਾ ਵਿਆਪਕ ਰਾਮ; ਇਨ੍ਹਾਂ ਨੂੰ ਨਜ਼ਰ ਨਹੀਂ ਆਇਆ ਹੁੰਦਾ।

ਐਸੀ ਆਕਾਰ-ਪੂਜਕ ਸੋਚ; ਸੱਚ ਨੂੰ ਭੀ ਆਪਣੀ ਸਮਝ ਅਨੁਸਾਰ ਬਿਆਨ ਕਰਦੀ ਹੈ; ਜਿਵੇਂ ਕਿ ਇਹ ਵਾਕ ਹੈ, ‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ   ਦ੍ਵਾਰਿਕਾ ਨਗਰੀ; ਕਾਹੇ ਕੇ ਮਗੋਲ ?   ਚੰਦਂੀ ਹਜਾਰ ਆਲਮ; ਏਕਲ ਖਾਨਾਂ   ਹਮ ਚਿਨੀ ਪਾਤਿਸਾਹ; ਸਾਂਵਲੇ ਬਰਨਾਂ ’’ (ਭਗਤ ਨਾਮਦੇਵ/੭੨੭) ਭਾਵ (ਹੇ ਪ੍ਰਭੂ ! ਹੇ ਪਿਆਰੇ ਯਾਰ !) ਤੇਰੇ ਬੋਲ ਬੜੇ ਪਿਆਰੇ ਹਨ। ਤੇਰੀ ਪਗੜੀ (ਭਾਵ ਸਰੂਪ ਭੀ) ਬੜਾ ਸੋਹਣਾ ਹੈ। ਨਾ ਹੀ ਤੂੰ ਕੇਵਲ ਦਵਾਰਕਾ ਨਗਰੀ ’ਚ (ਕ੍ਰਿਸ਼ਨ ਬਣਿਆ ਬੈਠਾ) ਹੈਂ ਤੇ ਨਾ ਹੀ ਕਿਤੇ ਇਸਲਾਮਿਕ ਧਰਮ ਦੇ ਕੇਂਦਰ ਮੱਕੇ ’ਚ ਹੈਂ ਭਾਵ ਤੂੰ ਹਰ ਥਾਂ ਹੈਂ। (ਸ੍ਰਿਸ਼ਟੀ ਦੇ) ਹਜ਼ਾਰਾਂ ਮੰਡਲਾਂ ਦਾ ਤੂੰ ਇਕਲੌਤਾ ਮਾਲਕ ਹੈਂ। ਸਾਵਲੇ ਰੰਗ ਦਾ ਕ੍ਰਿਸ਼ਨ ਭੀ ਤੂੰ ਆਪ ਹੀ ਹੈਂ।

ਐਸੇ ਹੀ ਬੋਲ; ਭਗਤ ਨਾਮਦੇਵ ਜੀ ਦੇ ਹਨ, ‘‘ਧਨਿ ਧੰਨਿ ਰਾਮ ਬੇਨੁ ਬਾਜੈ   ਮਧੁਰ ਮਧੁਰ ਧੁਨਿ ਅਨਹਤ ਗਾਜੈ ਰਹਾਉ   ਧਨਿ ਧਨਿ ਮੇਘਾ ਰੋਮਾਵਲੀ   ਧਨਿ ਧਨਿ ਕ੍ਰਿਸਨ; ਓਢੈ ਕਾਂਬਲੀ   ਧਨਿ ਧਨਿ; ਤੂ ਮਾਤਾ ਦੇਵਕੀ   ਜਿਹ ਗ੍ਰਿਹ; ਰਮਈਆ ਕਵਲਾਪਤੀ ’’ (ਭਗਤ ਨਾਮਦੇਵ/੯੮੮) ਭਾਵ ਮੈ, ਰਾਮ ਜੀ ਦੀ ਵੱਜ ਰਹੀ ਬੰਸਰੀ ਤੋਂ ਸਦਕੇ ਹਾਂ। ਬੜੀ ਪਿਆਰੀ ਧੁਨੀ ਨਿਰੰਤਰ ਗੱਜ ਰਹੀ ਹੈ ਯਾਨੀ ਲਗਾਤਾਰ ਅਨੰਦਿਤ ਕਰ ਰਹੀ ਹੈ। ਉਸ ਭੇਡੂ ਦੀ ਉੱਨ ਤੋਂ ਭੀ ਸਦਕੇ ਹਾਂ, ਜਿਸ ਦੀ ਬਣੀ ਕੰਬਲ਼ੀ ਨੂੰ ਕ੍ਰਿਸ਼ਨ ਜੀ ਪਹਿਨਦਾ ਹੈ। ਹੇ ਮਾਤਾ ਦੇਵਕੀ ! ਤੈਥੋਂ ਭੀ ਕੁਰਬਾਨ ਹਾਂ, ਜਿਸ ਦੇ ਘਰ ’ਚ ਸੋਹਣਾ ਕ੍ਰਿਸ਼ਨ ਜੀ ਪੈਦਾ ਹੋਇਆ ਹੈ। ਇਨ੍ਹਾਂ ਅਰਥਾਂ ਦਾ ਭਾਵ ਹੈ ਕਿ ਸਾਰਿਆਂ ’ਚ ਰੱਬ ਨੂੰ ਇੱਕ ਸਮਾਨ ਵੇਖਣਾ ਹੈ।

ਐਸੇ ਹੀ ਬੋਲ; ਭਗਤ ਕਬੀਰ ਜੀ ਦੇ ਹਨ, ‘‘ਬਿੰਦ੍ਰਾਬਨ ਮਨ ਹਰਨ ਮਨੋਹਰ; ਕ੍ਰਿਸਨ ਚਰਾਵਤ ਗਾਊ ਰੇ   ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ! ਮੋਹਿ ਕਬੀਰਾ ਨਾਊ ਰੇ ’’ (ਭਗਤ ਕਬੀਰ/੩੩੮) ਭਾਵ (ਹੇ ਪ੍ਰਭੂ !) ਬਿੰਦ੍ਰਾਬਨ ’ਚ ਕ੍ਰਿਸ਼ਨ ਜੀ ਗਾਈਆਂ ਚਾਰਦਾ ਸੀ (ਤੇ ਉਹ ਗੋਕਲ ਦੀਆਂ ਗੁਆਲਣਾਂ ਦੇ) ਮਨ ਨੂੰ ਮੋਹ ਲੈਣ ਵਾਲ਼ਾ ਸੀ ਭਾਵ ਉਨ੍ਹਾਂ ਲਈ ਬੜਾ ਸੁੰਦਰ ਸੀ, ਪਰ ਮੈ (ਤਾਂ ਗੁਆਲਣ ਨਹੀਂ ਤਾਂ ਜੋ ਖ਼ਾਸ ਬੰਦੇ ਭਾਵ ਕ੍ਰਿਸ਼ਨ ਜੀ ਨੂੰ ਮਨ ਦੇਵਾਂ) ਕਬੀਰ ਹਾਂ, ਜਿਸ ਦੇ ਮਨ ਨੂੰ ਮੋਹ ਲੈਣ ਵਾਲ਼ਾ ਮਾਲਕ ਭੀ ਤੂੰ ਹੀ ਹੈਂ (ਮੇਰੇ ਉੱਤੇ ਮਿਹਰ ਰੱਖ ਯਾਨੀ ਕਿ ਮੈ ਕ੍ਰਿਸ਼ਨ ਜੀ ਦੇ ਭਰੋਸੇ ਨਹੀਂ ਰਹਿਣਾ ਚਾਹੁੰਦਾ)।

ਜੇਕਰ ਉਕਤ ਸ਼ਬਦ; ਕ੍ਰਿਸ਼ਨ ਜੀ ਨੂੰ ਰੱਬ ਮੰਨਣ ਬਾਬਤ ਹੁੰਦੇ ਤਾਂ ਉਸ ਬਾਰੇ ਗੁਰੂ ਜੀ ਐਸਾ ਨਾ ਬੋਲਦੇ, ‘‘ਸਗਲੀ ਥੀਤਿ; ਪਾਸਿ ਡਾਰਿ ਰਾਖੀ   ਅਸਟਮ ਥੀਤਿ; ਗੋਵਿੰਦ ਜਨਮਾ ਸੀ   ਭਰਮਿ (’) ਭੂਲੇ ਨਰ; ਕਰਤ ਕਚਰਾਇਣ   ਜਨਮ ਮਰਣ ਤੇ ਰਹਤ ਨਾਰਾਇਣ ਰਹਾਉ .. ਸਗਲ ਪਰਾਧ ਦੇਹਿ ਲੋਰੋਨੀ   ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ   ਜਨਮਿ ਮਰੈ; ਆਵੈ ਜਾਇ   ਨਾਨਕ ਕਾ ਪ੍ਰਭੁ; ਰਹਿਓ ਸਮਾਇ ’’ (ਮਹਲਾ /੧੧੩੬) ਭਾਵ (ਚੰਦ੍ਰਮਾ ਦੀਆਂ) ਸਾਰੀਆਂ ਤਿੱਥਾਂ (ਦੂਜ, ਤੀਜ, ਪੂਰਨਮਾਸ਼ੀ, ਮੱਸਿਆ ਆਦਿ) ਪਿਛਾਂਹ ਕਰ ਦਿੱਤੀਆਂ ਯਾਨੀ ਅਰਥਹੀਣ ਮੰਨ ਲਈਆਂ। ਕੇਵਲ 8ਵੀਂ ਤਿੱਥ ਨੂੰ ਕਹਿੰਦੇ ਹਨ ਕਿ ਰੱਬ (ਕ੍ਰਿਸ਼ਨ ਜੀ) ਦਾ ਜਨਮ ਹੋਇਆ ਹੈ। ਐਸੇ ਲੋਕ ਭਰਮ ’ਚ ਫਸੇ ਹੋਣ ਕਾਰਨ ਕੁਰਾਹੇ ਪਏ ਹਨ ਤੇ ਕੱਚੀਆਂ (ਝੂਠੀਆਂ) ਗੱਲਾਂ ਕਰਦੇ ਹਨ ਜਦ ਕਿ ਅਸਲ ਪ੍ਰਭੂ; ਜਨਮ ਮਰਨ ਤੋਂ ਰਹਿਤ ਹੈ। ਕ੍ਰਿਸ਼ਨ ਜੀ ਨੂੰ ਪਾਲਕੀ (ਝੂਲੇ) ’ਚ ਪਾ ਕੇ ਲੋਰੀਆਂ ਦਿੰਦੇ ਹਨ, ਜੋ ਨਿਰਾ ਪਾਪ ਹੈ (ਨੋਟ : ਧਰਮ ਅਨੁਸਾਰ ਉਹ ਕਰਮ ਵੱਡਾ ਪਾਪ ਹੈ, ਜੋ ਸੱਚ ਨਾਲੋਂ ਤੋੜ ਕੇ ਝੂਠ ਨਾਲ਼ ਜੋੜੇ)। ਉਹ ਮੂੰਹ ਸੜ ਜਾਵੇ, ਜਿਸ ਨਾਲ਼ ਕਹਿੰਦੇ ਹਨ ਕਿ ਅਕਾਲ ਪੁਰਖ; (ਕ੍ਰਿਸ਼ਨ, ਰਾਮ ਆਦਿ ਬਣ) ਜਨਮ ਲੈਂਦਾ ਹੈ। ਅਸਲ ਮਾਲਕ; ਨਾ ਜਨਮ ਲੈ-ਲੈ ਕੇ ਮਰਦਾ ਹੈ ਤੇ ਨਾ ਹੀ ਜਨਮ-ਮਰਨ ਯਾਨੀ ਆਵਾਗਮਣ ’ਚ ਪੈਂਦਾ ਹੈ। ਨਾਨਕ ਦਾ ਉਹ ਪਾਤਿਸ਼ਾਹ; ਵਿਆਪਕ ਤੇ ਸਦਾ ਥਿਰ ਹੈ। ਪ੍ਰਭੂ ਦੀ ਹੋਂਦ ਬਾਰੇ ਇਹੀ ਵਿਆਖਿਆ; ‘ਜਪੁ’ ਜੀ ਦੇ ਅਰੰਭਕ ‘ਸਲੋਕ’ ’ਚ ਹੈ, ‘‘ਆਦਿ ਸਚੁ; ਜੁਗਾਦਿ ਸਚੁ   ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ)

ਇਹ ਭੁਲੇਖਾ ਨਾ ਰਹੇ ਕਿ ਗੁਰਬਾਣੀ ’ਚ ਗੁਰੂ ਜੀ (ਭਾਵ ਸਰੀਰ) ਨੂੰ ਭੀ ਤਾਂ ਅਕਾਲ ਪੁਰਖ ਸਮਾਨ ਮੰਨਿਆ ਹੈ; ਜਿਵੇਂ ਕਿ ‘‘ਜੋਤਿ ਰੂਪਿ (’) ਹਰਿ ਆਪਿ; ਗੁਰੂ ਨਾਨਕੁ ਕਹਾਯਉ (ਭਟ ਮਥੁਰਾ/੧੪੦੮), ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖ ਹਰਿ ’’ (ਭਟ ਮਥੁਰਾ/੧੪੦੯) ਭਾਵ ਭੱਟ ਮਥੁਰਾ ਜੀ ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ; ਪ੍ਰਤੱਖ ਹਰੀ ਸਮਾਨ ਹਨ; ਦੋਵਾਂ ’ਚ ਕੋਈ ਫ਼ਰਕ ਨਹੀਂ। ਧਿਆਨ ਰਹੇ ਕਿ ਇੱਥੇ ਗੁਰੂ ਸਾਹਿਬਾਨ ਨੂੰ ਹਰੀ ਵਰਗਾ ਗੁਣਕਾਰੀ ਤੇ ਪਰਉਪਕਾਰੀ ਕਿਹਾ ਹੈ, ਨਾ ਕਿ ਹਰੀ; ਜਿਵੇਂ ਕਿ ਕ੍ਰਿਸ਼ਨ ਜੀ ਤੇ ਰਾਮਚੰਦਰ ਜੀ ਆਦਿ ਦੇਵਤਿਆਂ ਨੂੰ ਹਰੀ ਹੀ ਸਮਝਿਆ ਜਾਂਦਾ ਹੈ। ਹਰੀ ਸਮਾਨ ਤੋਂ ਭਾਵ ਅਕਾਲ ਪੁਰਖ ਦੇ ਗੁਣਾਂ ਦਾ ਸਤਿਗੁਰੂ ਜੀ ਅੰਦਰ ਹੋਣਾ ਹੈ। ਗੁਰੂ; ਆਪਣੇ ਆਪ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ ਕਰਨ ਵਾਲ਼ਾ ਨਹੀਂ ਮੰਨਦਾ। ਸਤਿਗੁਰੂ ਜੀ ਤਾਂ ਅਕਾਲ ਪੁਰਖ ਅਤੇ ਆਪਣੇ ਵਿਚਕਾਰਲਾ ਅੰਤਰ ਭੀ ਸਪਸ਼ਟ ਕਰਦੇ ਹਨ, ‘‘ਆਪਿ ਨਿਰਾਲਮੁ; ਗੁਰ ਗਮ ਗਿਆਨਾ   ਜੋ ਦੀਸੈ; ਤੁਝ ਮਾਹਿ ਸਮਾਨਾ   ਨਾਨਕੁ ਨੀਚੁ ਭਿਖਿਆ ਦਰਿ ਜਾਚੈ; ਮੈ ਦੀਜੈ ਨਾਮੁ ਵਡਾਈ ਹੇ ੧੬’’ (ਮਹਲਾ /੧੦੨੧) ਭਾਵ (ਹੇ ਪ੍ਰਭੂ ! ਮਾਇਆ ਦੇ ਅਧੀਨ ਵਿਸ਼ਾਲ ਜਗਤ ਰਚਨ ਦੇ ਬਾਵਜੂਦ ਭੀ) ਤੂੰ ਆਪ ਮਾਇਆ ਤੋਂ ਨਿਰਲੇਪ ਹੈਂ। ਤੁਹਾਡੇ ਤੱਕ ਪਹੁੰਚ; ਗੁਰੂ ਦੇ ਗਿਆਨ ਨਾਲ਼ ਹੀ ਹੋ ਸਕਦੀ ਹੈ। ਵਿਖਾਈ ਦਿੰਦਾ ਸਾਰਾ ਜਗਤ; (ਆਖ਼ਿਰ) ਤੇਰੇ ਅੰਦਰ ਹੀ ਸਮਾਉਂਦਾ ਹੈ। ਨਿਮਾਣਾ ਨਾਨਕ; ਤੇਰੇ ਦਰ ਤੋਂ (ਨਾਮ ਦੀ) ਖ਼ੈਰ ਮੰਗਦਾ ਹੈ। ਮੈਨੂੰ ਇਹ ਖ਼ੈਰ ਪਾ ਕਿਉਂਕਿ ਨਾਮ (ਦੀ ਕਮਾਈ ਕਾਰਨ) ਹੀ ਮੇਰੀ ਅਸਲ ਇੱਜ਼ਤ ਹੈ ਯਾਨੀ ਮੇਰੇ ਅੰਦਰ ਤੇਰੇ ਨਾਮ ਕਾਰਨ ਉਪਜਿਆ ਆਤਮ-ਪ੍ਰਕਾਸ਼ ਹੀ ਮੈਨੂੰ (ਆਮ ਇਨਸਾਨ ਤੋਂ) ਗੁਰੂ ਬਣਾਉਂਦਾ ਹੈ, ਇੱਜ਼ਤ ਦਿਲਵਾਉਂਦਾ ਹੈ।

ਸੋ ਇਸ ਤਰ੍ਹਾਂ ਸਤਿਗੁਰੂ; ਆਪਣੀ ਸਿੱਖ-ਸੰਗਤ ’ਚ (ਸਦੀਵੀ ਕਾਇਮ ਕੀਤੀ ਜਾਂਦੀ ਦੇਹਧਾਰੀ ਗੁਰੂ- ਪਰੰਪਰਾ ਵਾਙ) ਆਪਣੀ ਵਿਲੱਖਣਤਾ ਨੂੰ ਸਿਰਮੌਰ ਨਹੀਂ ਜਤਾਉਂਦਾ ਬਲਕਿ ਹਰੀ (ਦੇ ਗੁਣਾਂ) ਨੂੰ ਹੀ ਵਰਣਨ ਕਰਦਾ ਹੈ, ‘‘ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ; ਜੋ ਅੰਮ੍ਰਿਤ ਬਚਨ ਸੁਣਾਵੈ   ਨਾਨਕ  ! ਭਾਗ ਭਲੇ ਤਿਸੁ ਜਨ ਕੇ; ਜੋ ਹਰਿ ਚਰਣੀ ਚਿਤੁ ਲਾਵੈ ’’ (ਮਹਲਾ /੧੨੬੪) ਯਾਨੀ ਗੁਰੂ; ਹਰੀ ਸਮਾਨ (ਭਾਵ ਹਰੀ ਦੇ ਗੁਣਾਂ ਤੋਂ ਵਾਕਫ਼) ਹੋਣ ਕਾਰਨ ਹੀ ਹਰੀ ਦੇ ਗੁਣਾਂ ਨਾਲ਼ ਸਿੱਖ ਦੀ ਸਾਂਝ ਬਣਾਉਂਦਾ ਹੈ। ਉਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ, ਜੋ (ਹਰੀ ਸਮਾਨ ਗੁਰੂ ਦੀ ਰਾਹੀਂ) ਹਰੀ ਦੇ ਚਰਨਾਂ ’ਚ ਚਿੱਤ ਜੋੜਦੇ ਹਨ। ਇਸ ਤਰ੍ਹਾਂ ਸਿੱਖ ਭੀ ਹਰੀ ਸਮਾਨ ਹੋ ਜਾਂਦੇ ਹਨ ਕਿਉਂਕਿ ‘‘ਜੈਸਾ ਸੇਵੈ; ਤੈਸੋ ਹੋਇ (ਮਹਲਾ /੨੨੩), ਨਿਰਭਉ ਜਪੈ; ਸਗਲ ਭਉ ਮਿਟੈ ’’ (ਸੁਖਮਨੀ/ਮਹਲਾ /੨੯੩) ਯਾਨੀ ਜੋ ਨਿਰਭਉ ਹਰੀ ਨੂੰ ਜਪਦਾ ਹੈ, ਉਹ ਭੀ ਨਿਰਭਉ (ਹਰੀ ਵਰਗਾ) ਹੋ ਜਾਂਦਾ ਹੈ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ, ‘‘ਹਰਿ ਜਨੁ ਐਸਾ ਚਾਹੀਐ; ਜੈਸਾ ਹਰਿ ਹੀ ਹੋਇ ’’ (ਭਗਤ ਕਬੀਰ/੧੩੭੨)

ਸ਼੍ਰੀਮਦ ਭਗਵਦ ਗੀਤਾ ਦੇ ਅਧਿਆਏ 10, ਸਲੋਕ 8 ’ਚ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਮੈ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹਾਂ। ਸਭ ਚੀਜ਼ਾਂ ਮੇਰੇ ਤੋਂ ਹੀ ਪੈਦਾ ਹੁੰਦੀਆਂ ਹਨ। ਜੋ ਬੁੱਧੀਮਾਨ ਮਨੁੱਖ ਇਹ ਜਾਣ ਲੈਂਦਾ ਹੈ, ਉਹ ਪੂਰੀ ਸ਼ਰਧਾ ਅਤੇ ਪ੍ਰੇਮਮਈ ਭਾਵਨਾ ਨਾਲ਼ ਮੇਰੀ ਪੂਜਾ ਕਰਦਾ ਹੈ।

ਅਧਿਆਏ 15, ਸਲੋਕ 12 ’ਚ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਮੈ ਸੂਰਜ ਦੀ ਚਮਕ ਵਰਗਾ ਹਾਂ, ਜੋ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ਮਾਨ ਕਰਦੀ ਹੈ। ਸੂਰਜ ਅਤੇ ਅੱਗ ਦੀ ਚਮਕ; ਮੇਰੇ ਤੋਂ ਹੀ ਪੈਦਾ ਹੁੰਦੀ ਹੈ ਜਦਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ, ‘‘ਜੋ ਹਮ ਕੋ ਪਰਮੇਸੁਰ ਉਚਰਿ ਹੈ ॥ ਤੇ ਸਭ ਨਰਕ ਕੁੰਡ ਮਹਿ ਪਰਿ ਹੈ ॥ ਮੋ ਕੋ ਦਾਸੁ ਤਵਨ ਕਾ ਜਾਨੋ ॥ ਯਾ ਮੈ ਭੇਦੁ ਨ ਰੰਚ ਪਛਾਨੋ ॥੩੨॥’’ (ਬਚਿਤ੍ਰ ਨਾਟਕ) ਭਾਵ ਜੋ ਮੈਨੂੰ ਪਰਮੇਸ਼ਰ ਮੰਨਦੇ ਹਨ; ਉਹ ਸਾਰੇ ਵਾਰ-ਵਾਰ ਜਨਮ ਲੈਂਦੇ ਰਹਿੰਣਗੇ ਯਾਨੀ ਸਚਾਈ ਤੋਂ ਟੁੱਟੇ ਹੋਣ ਕਾਰਨ ਨਿਰਾਕਾਰ-ਪ੍ਰਭੂ ’ਚ ਲੀਨ ਨਹੀਂ ਹੋ ਸਕਦੇ, ਮੁਕਤੀ ਨਹੀਂ ਪਾ ਸਕਦੇ। ਮੈਨੂੰ ਤਾਂ ਉਸ ਦਾ ਦਾਸ ਸਮਝਣਾ। ਇਸ ਗੱਲ ’ਚ ਰੱਤੀ ਭਰ ਭੀ ਝੂਠ ਨਹੀਂ ਹੈ।

ਸੋ ਸਾਰਿਆਂ ਅੰਦਰ ਹਰੀ ਵੱਸਦਾ ਹੋਣ ਕਾਰਨ ਸਿੱਖ ਨੇ ਸਭ ਨੂੰ ਇੱਕ ਸਮਾਨ (ਹਰੀ ਵਾਙ) ਵੇਖਣਾ ਹੈ, ਨਾ ਕਿ ਇਨ੍ਹਾਂ ਵਿੱਚੋਂ ਕਿਸੇ-ਕਿਸੇ ਨੂੰ ਹਰੀ ਮੰਨ ਲੈਣਾ ਹੈ ਤੇ ਕਿਸੇ ਨਾਲ਼ ਵਿਤਕਰਾ ਜਾਂ ਨਫ਼ਰਤ ਕਰਨ ਲੱਗਣਾ ਹੈ। ਕਿਸੇ ਖ਼ਾਸ ਬੰਦੇ ਜਾਂ ਮੂਰਤੀ ਨੂੰ ਹਰੀ ਮੰਨਣਾ; ਭਰਮ ਗ੍ਰਸਤ ਹੋਣਾ ਹੈ, ਜੋ ਸੱਚ (ਸੂਖਮ ਮਰਮ) ਤੋਂ ਤੋੜਦਾ ਹੈ।

ਗੁਰਬਾਣੀ ਅਨੁਸਾਰ ਮਾਇਆ ਬੜੀ ਬਲਵਾਨ ਹੈ। ਇਸ ਦਾ ਪ੍ਰਭਾਵ (ਯਾਨੀ ਸਖ਼ਤ ਪਰਦਾ) ਹੀ ਧਰਮ ਦਾ ਮੂਲ-ਭਾਵ ਜਾਣਨ ਨਹੀਂ ਦਿੰਦਾ। ਇਹ ਪਰਦਾ ਹੀ ਮਨ ਦਾ ਭਰਮ ਹੈ, ਕੂੜ ਦੀ ਪਾਲਿ/ਕੰਧ ਹੈ। ਮਰਮ; ਜਿੱਥੇ ਸ਼ਰਧਾਵਾਨ ਦੀ ਸੁਰਤਿ ਨੂੰ ਉੱਚਾ ਚੁੱਕਦਾ ਹੈ ਤੇ ਓਥੇ ਭਰਮ, ਮਨਮੁਖ ਦੀ ਸੁਰਤਿ ਨੂੰ ਹੇਠਾਂ, ਸਮਾਜਿਕ ਪੱਧਰ ਵੱਲ ਖਿੱਚਦਾ ਹੈ। ਰਵਿਦਾਸ ਜੀ ਦੇ ਬੋਲ ਹਨ, ‘‘ਮਾਧਵੇ  ! ਕਿਆ ਕਹੀਐ ਭ੍ਰਮੁ ਐਸਾ   ਜੈਸਾ ਮਾਨੀਐ; ਹੋਇ ਤੈਸਾ ਰਹਾਉ ’’ (ਭਗਤ ਰਵਿਦਾਸ/੬੫੮) ਭਾਵ ਹੇ ਮਾਇਆ ਦੇ ਪਤੀ (ਭਾਵ ਭਰਮ ਤੋਂ ਮੁਕਤ ਹਰੀ !) ਕਿਵੇਂ ਬਿਆਨ ਕਰੀਏ; ਭਰਮ ਐਸਾ ਹਨ੍ਹੇਰਾ ਹੈ ਕਿ ਇਸ ਅੰਦਰ ਭਟਕਿਆ ਬੰਦਾ; ਜੈਸਾ (ਸੰਸਾਰ ਨੂੰ) ਸਮਝਦਾ ਹੈ; ਅਸਲ ’ਚ ਉਹ ਵੈਸਾ (ਸਦਾ ਥਿਰ) ਨਹੀਂ ਹੈ।

ਜੇਕਰ ਕੈਂਸਰ ਦੇ ਮਰੀਜ਼ ਨੂੰ ਡਾਕਟਰ ਸਲਾਹ ਦੇਵੇ ਕਿ ਜਲਦੀ ਇਲਾਜ ਕਰਵਾ ਵਰਨਾ ਜਾਨ ਜਾ ਸਕਦੀ ਹੈ। ਭਰਮ ਗ੍ਰਸਤ ਕੋਈ ਬੰਦਾ ਉਸ ਨੂੰ ਕਹਿ ਦੇਵੇ ਕਿ ਡਾਕਟਰ ਪੈਸੇ ਕਮਾਉਣ ਲਈ ਅਕਸਰ ਐਸਾ ਹੀ ਬੋਲਦੇ ਹਨ; ਘਬਰਾਉਣ ਦੀ ਲੋੜ ਨਹੀਂ ਤਾਂ ਮਰੀਜ਼ ਦੀ ਮੌਤ ਪੱਕੀ ਹੈ। ਐਸੇ ਹੀ ਭਰਮ; ਸਦਾ ਸੱਚ ਨਾਲ਼ੋਂ ਤੋੜਦਾ ਹੈ। ਸੱਚ ਤੋਂ ਟੁੱਟੇ ਲੋਕ; (ਮਰਮ ਨਾਲ਼ ਸਬੰਧਿਤ ਵਿਸ਼ਿਆਂ ਪ੍ਰਤੀ ਸ਼ਰਧਾ ਨਾ ਹੋਣ ਕਾਰਨ) ਆਪਣਾ ਕੀਮਤੀ ਜਨਮ ਅਜਾਈਂ ਗਵਾ ਲੈਂਦੇ ਹਨ। ਭਰਮ ਮੁਕਤ ਹੋ ਕੇ ਹੀ ਧਰਮ ਕਮਾਅ ਹੁੰਦਾ ਹੈ। ਗੁਰਬਾਣੀ ਅੰਦਰ ‘ਮਰਮ’ ਦੇ ਅਰਥਾਂ ਲਈ ਕਿਤੇ ਕਿਤੇ ‘ਭੇਦ’ ਜਾਂ ‘ਭੇਤ’ ਸ਼ਬਦ ਭੀ ਆਇਆ ਹੈ; ਜਿਵੇਂ ਕਿ

  1. ਗੁਰ ਗੋਵਿੰਦੁ, ਗੁੋਵਿੰਦੁ ਗੁਰੂ ਹੈ; ਨਾਨਕ ! ਭੇਦੁ ਭਾਈ (ਮਹਲਾ /੪੪੨)
  2. ਕਲਿ ਮੈ ਮੁਕਤਿ ਨਾਮ ਤੇ ਪਾਵਤ; ਗੁਰੁ ਯਹ ਭੇਦੁ ਬਤਾਵੈ (ਮਹਲਾ /੮੩੧)
  3. ਮਾਰਗ ਪਾਏ ਉਦਿਆਨ (ਜੰਗਲ਼) ਮਹਿ; ਗੁਰਿ (ਨੇ) ਦਸੇ ਭੇਤ (ਮਹਲਾ /੮੧੦)

ਉਕਤ ਪਹਿਲੇ ਵਾਕ ’ਚ ‘ਭੇਦ’ ਦਾ ਅਰਥ ਹੈ ‘ਅੰਤਰ’ (ਫ਼ਰਕ, ਵਖਰੇਵਾਂ) ਜਦਕਿ ਦੂਜੇ ਤੇ ਤੀਜੇ ਵਾਕ ’ਚ ‘ਭੇਦ/ਭੇਤ’ ਦਾ ਅਰਥ ਹੈ ‘ਮਰਮ’। ਗੁਰਬਾਣੀ ’ਚ ਜ਼ਿਆਦਾਤਰ ਇਨ੍ਹਾਂ ਦੋਵਾਂ (ਮਰਮ-ਭਰਮ) ਦੀ ਹੀ ਤੁਲਨਾਤਮਿਕ ਵਿਚਾਰ ਹੈ। ਨਿਰਾਕਾਰ, ਉਸ ਦਾ ਹੁਕਮ, ਉਸ ਦੀ ਦਇਆ ਦਿਲੀ (ਮਿਹਰ, ਨਦਰਿ, ਦਾਤ), ਗੁਰੂ ਜੋਤਿ, ਨਾਮ-ਅੰਮ੍ਰਿਤ ਤੇ ਆਤਮ-ਪ੍ਰਕਾਸ਼ ਬਾਰੇ ਸੰਕੇਤਿਕ ਸ਼ਬਦ ਹਨ ‘ਮਰਮ, ਭੇਦ, ਭੇਤ’ ਜਦਕਿ ‘ਭਰਮ’ ਦੇ ਅਰਥਾਂ ’ਚ ‘ਦੂਜੈ ਭਾਇ, ਦੁਬਿਧਾ, ਮਾਇਆ, ਪੰਜ ਕਾਮਾਦਿਕ-ਵਿਕਾਰ, ਕਰਮਕਾਂਡ’, ਆਦਿਕ ਸ਼ਬਦ ਭੀ ਹਨ। ਗੁਰਬਾਣੀ ’ਚ ਜਿੱਥੇ ‘ਨਾਮ’; 9 ਰੂਪਾਂ ’ਚ ਤਕਰੀਬਨ 5150 ਵਾਰ ਹੈ; ਓਥੇ ‘ਭਰਮ’ ਸ਼ਬਦ ਭੀ 98 ਰੂਪਾਂ ’ਚ ਸੈਂਕੜੇ ਵਾਰ ਹੈ। ਗੁਰੂ ਸਾਹਿਬਾਨ ਦੁਆਰਾ ਰਚਿਆ ‘ਦੂਜੈ ਭਾਇ’ ਸੰਯੁਕਤ ਸ਼ਬਦ; ਨਵਾਂ, ਆਧੁਨਿਕ ਤੇ ਨਿਵੇਕਲਾ ਹੈ। ਇਸ ਦਾ ਅਰਥ ਹੈ ‘(ਰੱਬ ਤੋਂ ਬਿਨਾਂ) ਹੋਰ ਨਾਲ਼ ਪਿਆਰ ਪਾਉਣ ਨਾਲ਼’। ਗੁਰਬਾਣੀ ’ਚ ਇਹ 151 ਵਾਰ ਹੈ। ਇਨ੍ਹਾਂ ’ਚੋਂ ਗੁਰੂ ਨਾਨਕ ਸਾਹਿਬ ਨੇ 10 ਵਾਰ, ਗੁਰੂ ਅਮਰਦਾਸ ਜੀ ਨੇ 126 ਵਾਰ, ਗੁਰੂ ਰਾਮਦਾਸ ਜੀ ਨੇ 14 ਵਾਰ ਤੇ ਗੁਰੂ ਅਰਜਨ ਸਾਹਿਬ ਨੇ 1 ਵਾਰ ਵਰਤਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਅਮਰਦਾਸ ਜੀ; ਜ਼ਿੰਦਗੀ ਦਾ ਬਹੁਤਾ ਸਮਾਂ ਭਰਮ ’ਚ ਤੀਰਥ ਇਸ਼ਨਾਨ ਕਰਦੇ ਰਹੇ ਸਨ ਤਾਹੀਓਂ ਆਪ ਨੇ ਇਸ ਨੂੰ ਜ਼ਿਆਦਾ ਵਾਰ ਆਪਣੀ ਬਾਣੀ ’ਚ ਵਰਤਿਆ। ਸੋ ਧਰਮੀ ਬਣਨ ਲਈ ‘ਮਰਮ’ (ਸੱਚ) ਤੇ ‘ਭਰਮ’ (ਝੂਠ) ਦਾ ਫ਼ਰਕ ਜਾਣਨਾ ਅਤਿ ਜ਼ਰੂਰੀ ਹੈ; ਜਿਵੇਂ ਕਿ ਕੁਝ ਕੁ ਮਿਸਾਲ ਹਨ :

(1). ਕਿਸੇ ਦੇ ਘਰ ’ਚ ਮੌਤ ਹੋਣ ’ਤੇ ਬ੍ਰਾਹਮਣ ਅਨੁਸਾਰ ਪਾਤਕ (ਬ੍ਰਾਹਮਣ ਦੇ ਘਰ 10 ਦਿਨ ਅਸ਼ੁੱਭ, ਖੱਤਰੀ ਦੇ ਘਰ 12 ਦਿਨ, ਵੈਸ਼ ਦੇ ਘਰ 15 ਦਿਨ ਤੇ ਸ਼ੂਦਰ ਦੇ ਘਰ 30 ਦਿਨ ਅਸ਼ੁੱਭ ਹੋਣਾ) ਅਤੇ ਬੱਚਾ ਪੈਦਾ ਹੋਣ ’ਤੇ ਸੂਤਕ (ਬ੍ਰਾਹਮਣ ਦੇ ਘਰ 12 ਦਿਨ, ਖੱਤਰੀ ਦੇ ਘਰ 13 ਦਿਨ, ਵੈਸ਼ ਦੇ ਘਰ 17 ਦਿਨ ਤੇ ਸ਼ੂਦਰ ਦੇ ਘਰ 30 ਦਿਨ ਅਸ਼ੁੱਭ ਹੋਣਾ) ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਝੂਠ ਨੂੰ ਇਉਂ ਨੰਗਾ ਕੀਤਾ, ਰੱਦ ਕੀਤਾ, ‘‘ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ   ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ   ਨਾਨਕ  ! ਜਿਨ੍ਹੀ ਗੁਰਮੁਖਿ ਬੁਝਿਆ; ਤਿਨ੍ਹਾ ਸੂਤਕੁ ਨਾਹਿ ’’ (ਮਹਲਾ /੪੭੨) ਭਾਵ ਸੂਤਕ-ਪਾਤਕ ਇੱਕ ਭਰਮ ਹੈ। ਇਸ ਨਾਲ਼ ਬੰਦਾ (ਸੱਚ ਦੀ ਥਾਂ) ਹੋਰ ਪਾਸੇ (ਭਾਵ ਹਨ੍ਹੇਰੇ ’ਚ) ਜ਼ਿੰਦਗੀ ਭੋਗਦਾ ਹੈ। ਜਨਮ ਹੋਣਾ ਤੇ ਮਰਨਾ ਤਾਂ ਪ੍ਰਭੂ ਦਾ ਹੁਕਮ ਹੈ [ਤਾਂ ਤੇ ਭਰਮੀ ਬੰਦਾ; ਹੁਕਮ (ਪੂਰਨ ਸੱਚ) ਨੂੰ ਮੰਨਣ ਤੋਂ ਇਨਕਾਰੀ ਹੁੰਦਾ ਹੈ]। ਜਿਨ੍ਹਾਂ ਨੇ ਗੁਰੂ ਰਾਹੀਂ ਇਹ ਹੁਕਮ ਬੁੱਝ ਲਿਆ, ਉਨ੍ਹਾਂ ਅੰਦਰ ਇਹ ਭਰਮ ਨਹੀਂ ਹੁੰਦਾ, ਨਹੀਂ ਰਹਿੰਦਾ।

(2). ਬ੍ਰਾਹਮਣ; ਇੱਕ ਮੂਰਤੀ (ਪੱਥਰ) ਨੂੰ ਪੂਜਦਾ ਹੈ ਤੇ ਦੂਜੇ ਪੱਥਰ (ਮੰਦਿਰ ’ਚ ਹੇਠਾਂ ਲੱਗੇ ਫ਼ਰਸ਼ ’ਤੇ) ਪੈਰ ਧਰਦਾ ਹੈ ਭਾਵੇਂ ਕਿ ਦੋਵੇਂ ਬੇਜਾਨ ਹੀ ਹੁੰਦੇ ਹਨ। ਜੇਕਰ ਮੂਰਤੀ; ਦੇਵਤਾ (ਭਾਵ ਪ੍ਰਾਣ ਪ੍ਰਤਿਸ਼ਠਾ ਨਾਲ਼ ਜੀਵਤ ਹੋਇਆ ਦੇਵਤਾ) ਹੈ ਤਾਂ ਮੰਦਿਰ ’ਚ ਲੱਗਿਆ ਫ਼ਰਸ਼ ਭੀ ਦੇਵਤਾ (ਜੀਵਤ ਹੋਇਆ) ਹੈ, ‘‘ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ   ਜੇ ਓਹੁ ਦੇਉ; ਓਹੁ ਭੀ ਦੇਵਾ   ਕਹਿ ਨਾਮਦੇਉ; ਹਮ ਹਰਿ ਕੀ ਸੇਵਾ (ਭਗਤ ਨਾਮਦੇਵ/੫੨੫) ਨਾਮਦੇਵ ਤਾਂ (ਐਸੇ ਭਰਮ/ਝੂਠ ’ਚ ਪੈਣ ਦੀ ਥਾਂ) ਹਰੀ ਦੀ ਬੰਦਗੀ ਕਰਦਾ ਹੈ, ਸੱਚ ਨਾਲ਼ ਜੁੜਨਾ ਪਸੰਦ ਕਰਦਾ ਹੈ।

ਇਸ ਭਰਮ ਬਾਰੇ ਕਬੀਰ ਜੀ ਦੇ ਭੀ ਬੋਲ ਹਨ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ   ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ’’ (ਭਗਤ ਕਬੀਰ/੪੭੯) ਭਾਵ (ਮੂਰਤੀ ’ਤੇ ਚੜਾਉਣ ਲਈ) ਮਾਲਣ (ਦਰਖ਼ਤ ਦੇ) ਪੱਤੇ (ਫੁੱਲ, ਫਲ਼) ਤੋੜਦੀ ਹੈ, ਜਿਨ੍ਹਾਂ ’ਚ ਜਾਨ ਹੈ, ਪਰ ਜਿਸ ਮੂਰਤੀ ਵਾਸਤੇ ਤੋੜਦੀ ਹੈ; ਉਹ ਬੇਜਾਨ ਹੈ। ਗੁਰੂ ਰਾਮਦਾਸ ਜੀ ਦੇ ਭੀ ਬਚਨ ਹਨ, ‘‘ਭਰਮਿ (ਕਾਰਨ) ਭੂਲੇ ਅਗਿਆਨੀ ਅੰਧੁਲੇ; ਭ੍ਰਮਿ+ਭ੍ਰਮਿ (ਕੇ) ਫੂਲ ਤੋਰਾਵੈ ਨਿਰਜੀਉ ਪੂਜਹਿ, ਮੜਾ ਸਰੇਵਹਿ; ਸਭ ਬਿਰਥੀ ਘਾਲ ਗਵਾਵੈ ’’ (ਮਹਲਾ /੧੨੬੪) ਭਾਵ ਭਰਮ ਕਾਰਨ ਕੁਰਾਹੇ ਪਏ ਅਗਿਆਨੀ ਅਕਲਹੀਣ ਲੋਕ; ਭਟਕ-ਭਟਕ ਕੇ ਫੁੱਲ (ਪੱਤੇ) ਤੋੜਦੇ ਹਨ ਤੇ ਉਨ੍ਹਾਂ ਨਾਲ਼ ਬੇਜਾਨ (ਮੂਰਤੀ ਤੇ) ਸਮਾਧਾਂ ਪੂਜਦੇ ਹਨ। ਸੋ ਇਨ੍ਹਾਂ ਸਾਰੇ ਵਾਕਾਂ ਦਾ ਇਹੀ ਭਾਵ ਹੈ ਕਿ ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ  ?’’ (ਮਹਲਾ /੪੨੦)

(3). ਹਿੰਦੂ ਲੋਕ 68 ਤੀਰਥਾਂ ’ਤੇ ਇਸ ਭਰਮ ’ਚ ਆਪਣੇ ਸਰੀਰ ਨੂੰ ਇਸ਼ਨਾਨ ਕਰਾਉਣ ਜਾਂਦੇ ਹਨ ਕਿ ਇਸ ਨਾਲ਼ ਮਨ ਸਾਫ਼ ਹੁੰਦਾ ਹੈ, ਪਾਪਾਂ ਦੀ ਮੈਲ਼ ਧੋ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਇਸ ਭਰਮ ਬਾਰੇ ਕਿਹਾ ਹੈ, ‘‘ਅਠਸਠਿ ਤੀਰਥ ਭਰਮਿ (’) ਵਿਗੂਚਹਿ; ਕਿਉ ਮਲੁ ਧੋਪੈ ਪਾਪੈ  ?’’ (ਮਹਲਾ /੧੦੧੩) ਭਾਵ ਭਰਮ ’ਚ ਗ੍ਰਸਤ ਲੋਕ; 68 ਤੀਰਥਾਂ ’ਤੇ ਨ੍ਹਾਉਂਦੇ ਹਨ ਤੇ ਖ਼ੱਜਲ਼-ਖ਼ੁਆਰ ਹੁੰਦੇ ਹਨ। (ਸਰੀਰ ਨੂੰ ਧੋਣ ਨਾਲ਼ ਮਨ ਦੇ) ਪਾਪਾਂ ਦੀ ਮੈਲ਼ ਕਿਵੇਂ ਧੋਤੀ ਜਾ ਸਕਦੀ ਹੈ ?

ਜਿਆਦਾਤਰ ਪ੍ਰਾਚੀਨ ਧਾਰਮਿਕ ਰਹੁ-ਰੀਤਾਂ; ਬੰਦੇ ਅੰਦਰ ਇਸ ਮਨੌਤ ਕਾਰਨ ਭਰਮ ਪੈਦਾ ਕਰਦੀਆਂ ਹਨ ਕਿ ਧਰਮ ਦਾ ਸਬੰਧ ਸਰੀਰ ਨਾਲ਼ ਹੈ, ਸਰੀਰਕ ਪਵਿੱਤਰਤਾ ਨਾਲ਼ ਹੈ ਜਦਕਿ ਬਾਣੀਕਾਰਾਂ ਨੇ ਧਰਮ ਦਾ ਸਬੰਧ; ਸਰੀਰ ਦੀ ਥਾਂ ਮਨ ਨਾਲ਼ ਦੱਸਿਆ ਹੈ, ‘‘ਨਾਵਣ ਚਲੇ ਤੀਰਥੀ; ਮਨਿ+ਖੋਟੈ (ਕਾਰਨ) ਤਨਿ (’) ਚੋਰ   ਇਕੁ ਭਾਉ ਲਥੀ ਨਾਤਿਆ; ਦੁਇ ਭਾ ਚੜੀਅਸੁ ਹੋਰ   ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ ਨਿਕੋਰ   ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ’’ (ਮਹਲਾ /੭੮੯) ਭਾਵ ਮਨ ’ਚ ਪਾਪ-ਵਾਸ਼ਨਾ ਭਰੀ ਹੋਣ ਕਾਰਨ ਲੋਕ ਤੀਰਥਾਂ ’ਤੇ ਇਸ਼ਨਾਨ ਕਰਨ ਜਾਂਦੇ ਹਨ (ਤਾਂ ਕਿ ਇਹ ਲਹਿ ਜਾਵੇ)। ਜੇਕਰ ਇਸ ਤਰ੍ਹਾਂ ਇੱਕ ਹਿੱਸਾ ਸਰੀਰਕ ਮੈਲ਼ ਲਹਿ ਭੀ ਜਾਏ ਤਾਂ ਭੀ ਦੋ ਹਿੱਸੇ ਹੋਰ (ਕਿ ਮੈ ਤੀਰਥ ਇਸ਼ਨਾਨ ਕਰ ਆਇਆ) ਮਨ ਨੂੰ ਮੈਲ਼ ਚੜ੍ਹ ਜਾਂਦੀ ਹੈ। ਕੌੜ-ਤੂੰਬੀ ਨੂੰ ਪਾਣੀ ਨਾਲ਼ ਕਿੰਨਾ ਭੀ ਧੋ ਲਈਏ; ਉਸ ਅੰਦਰੋਂ ਕੁੜੱਤਣ ਨਹੀਂ ਜਾਂਦੀ। ਵਾਸ਼ਨਾਵਾਂ ਨੂੰ ਖ਼ਤਮ ਕਰਨ ਨਾਲ਼ ਹੀ ਮਨ ਪਵਿੱਤਰ ਹੁੰਦਾ ਹੈ। ਵਾਸ਼ਨਾਵਾਂ ਮੁਕਤ ਭਗਤ, ਬਿਨਾਂ ਸਰੀਰ ਧੋਤੇ ਭੀ ਪਵਿੱਤਰ ਹੁੰਦੇ ਹਨ ਜਦਕਿ ਚੋਰ; 68 ਤੀਰਥਾਂ ’ਤੇ ਇਸ਼ਨਾਨ ਕਰਕੇ ਭੀ ਚੋਰ ਹੀ ਬਣੇ ਰਹਿੰਦੇ ਹਨ। ਐਸੇ ਹੀ ਬਚਨ ਕਬੀਰ ਜੀ ਦੇ ਹਨ, ‘‘ਲਉਕੀ ਅਠਸਠਿ ਤੀਰਥ ਨ੍ਹਾਈ   ਕਉਰਾਪਨੁ ਤਊ ਜਾਈ ’’ (ਭਗਤ ਕਬੀਰ/੬੫੬) ਭਾਵ ਲੌਕੀ (ਅੱਲ/ਘੀਅ) ਨੂੰ 68 ਤੀਰਥ ਇਸਨਾਨ ਕਰਾ ਲਈਏ ਤਾਂ ਭੀ ਅੰਦਰੋਂ ਕੁੜੱਤਣ ਨਹੀਂ ਜਾਂਦੀ।

ਗੁਰਬਾਣੀ ’ਚ ਜਿੱਥੇ ਪੂਰਨ ਸੱਚ ਨੂੰ ਉਜਾਗਰ ਤੇ ਸਪਸ਼ਟ ਕਰ ਪ੍ਰਾਚੀਨ ਮੱਤਾਂ ਦੇ ਮੁਕਾਬਲੇ ਧਰਮ ਦੀ ਵਿਸ਼ਾਲ ਲਕੀਰ ਖਿੱਚੀ ਹੈ; ਓਥੇ ਉਨ੍ਹਾਂ ’ਚ ਰਹੀਆਂ ਗ਼ਲਤੀਆਂ (ਭਰਮ) ਨੂੰ ਭੀ ਤੱਥਾਂ-ਦਲੀਲਾਂ ਨਾਲ਼ ਨੰਗਾ (ਖ਼ਤਮ) ਕੀਤਾ ਹੈ। ਭਰਮੀ ਬੰਦਾ; ਨੀਵੇਂ ਪਾਸੇ ਡਿੱਗਦੇ ਪਾਣੀ ਵਾਙ ਸਦਾ ਸਰੀਰ ਨਾਲ਼ ਜੁੜੇ ਕਾਰਜਾਂ ਨੂੰ ਹੀ ਅਸਲ ਧਾਰਮਿਕ ਰਹੁ-ਰੀਤਾਂ ਮੰਨਦਾ ਹੈ ਕਿਉਂਕਿ (ਗੁਰੂ ਧਾਰਨ ਕਰਨ ਤੋਂ ਬਿਨਾਂ) ਅੰਦਰੂਨੀ ਵਾਸ਼ਨਾਵਾਂ ਨਾਲ਼ ਲੜਨ ਵਾਲ਼ਾ ਅੰਦਰ ਬਲ ਨਹੀਂ ਹੁੰਦਾ। ਉਕਤ ਨੰਬਰ 1 ’ਚ ਸੂਤਕ-ਪਾਤਕ ਭਰਮ ਦਾ ਸਬੰਧ ਭੀ ਸਰੀਰ ਦੇ ਜਨਮ-ਮਰਨ ਨਾਲ਼ ਹੈ। ਨੰਬਰ 2 ’ਚ ਦੇਵਤਿਆਂ ਦੀ ਮੂਰਤੀ ਨੂੰ ਪੂਜਣਾ ਭੀ ਨਾਸ਼ਵਾਨ ਸਰੀਰ ਦੀ ਪੂਜਾ ਹੈ। ਨੰਬਰ 3 ’ਚ ਤੀਰਥ-ਇਸ਼ਨਾਨ ਭੀ ਸਰੀਰਕ ਕਰਮ ਹੈ। ਇਸੇ ਤਰ੍ਹਾਂ ਜਾਤ-ਪਾਤ, ਵਰਣ ਆਸ਼ਰਮ, ਔਰਤ-ਮਰਦ ਵਿਤਕਰਾ, ਸੁੰਨਤ, ਦਾੜੀ ਰੱਖਣੀ ਤੇ ਮੁੱਛ ਕੱਟਣੀ ਜਾਂ ਮੁੱਛ ਰੱਖਣੀ ਤੇ ਦਾੜੀ ਕੱਟਣੀ, ਟੋਪੀ ਪਹਿਨਣੀ ਜਾਂ ਤਿਲਕ ਲਗਾਉਣਾ, ਆਦਿਕ ਸਰੀਰਕ ਕਰਮ ਹੀ ਹਨ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਬਾਹਰੀ ਚਿੰਨ੍ਹਾ ਕਾਰਨ ਹੀ ਦੁਨੀਆ ’ਚ ਧਰਮ ਦੇ ਨਾਂ ’ਤੇ ਸਿਆਸਤ ਤੇ ਫਿਰਕੂ ਦੰਗੇ ਹੁੰਦੇ ਆਏ ਹਨ। ਜੇਕਰ ਧਰਮ ਦਾ ਸਬੰਧ ਸਰੀਰ ਨਾਲ਼ ਜੋੜ ਕੇ ਖ਼ਾਸ ਸਰੀਰ ਨੂੰ ਮਹਾਨ ਬਣਾਉਣ ਦੀ ਥਾਂ; ਮਨ ਦੀ ਸ਼ੁੱਧਤਾ ਨਾਲ਼ ਹੁੰਦਾ ਤਾਂ ਨਰਮ-ਦਿਲ ਹੋਣ ਕਾਰਨ ਆਪਸੀ ਪਿਆਰ ਵਧਦਾ ਤੇ ਸਮਾਜਿਕ ਰਿਸ਼ਤੇ ਮਜ਼ਬੂਤ ਹੁੰਦੇ। ਅਸਲ ’ਚ ਬ੍ਰਾਹਮਣ ਦੀ ਸੋਚ ਦਾ ਆਧਾਰ ਹੀ ਆਕਾਰ ਪੂਜਾ ਤੇ ਸਮਾਜਿਕ ਭਿੰਨ-ਭੇਦ ਨੂੰ ਕਾਇਮ ਰੱਖਣਾ ਹੈ, ਜਿਸ ਨੂੰ ਧਰਮ ਦਾ ਨਾਂ ਦਿੱਤਾ ਗਿਆ ਜਦਕਿ ਜ਼ਿੰਦਗੀ ’ਚ ਸਫਲ ਹੋਣਾ; ਮਨ ਦੀ ਸਾਧਨਾ ਹੈ, ‘‘ਮਮਾ; ਮਨ ਸਿਉ ਕਾਜੁ ਹੈ, ਮਨ ਸਾਧੇ ਸਿਧਿ ਹੋਇ (ਭਗਤ ਕਬੀਰ/੩੪੨), ਮਨਿ+ਮੈਲੈ (ਨਾਲ਼) ਸਭੁ ਕਿਛੁ ਮੈਲਾ; ਤਨਿ+ਧੋਤੈ (ਨਾਲ਼) ਮਨੁ ਹਛਾ ਹੋਇ   ਇਹ ਜਗਤੁ ਭਰਮਿ (’) ਭੁਲਾਇਆ; ਵਿਰਲਾ ਬੂਝੈ ਕੋਇ ’’ (ਮਹਲਾ /੫੫੮) ਯਾਨੀ ਮੈਲ਼ੇ ਮਨ ਨਾਲ਼ ਸਭ ਕੁਝ (ਭਾਵ ਸਰੀਰ, ਬੋਲ-ਚਾਲ, ਸੋਚ ਤੇ ਕੰਮ) ਮੈਲ਼ਾ ਹੁੰਦਾ ਹੈ। ਤਨ ਧੋਣ ਨਾਲ਼ ਮਨ ਨਿਰਮਲ ਨਹੀਂ ਹੁੰਦਾ। ਇਹ ਰਾਜ਼; ਕੋਈ ਵਿਰਲਾ ਹੀ ਜਾਣ ਪਾਉਂਦਾ ਹੈ। ਜੋ ਇਹ ਜਾਣ ਗਿਆ, ਅਸਲ ’ਚ ਉਹੀ ਭੇਤੀ ਹੈ, ਮਰਮੀ ਹੈ, ‘‘ਮਰਮੀ ਹੋਇ; ਸੁ ਮਨ ਕਉ ਜਾਨੈ ’’ (ਭਗਤ ਕਬੀਰ/੩੪੨) ਯਾਨੀ ਸੂਖਮ ਕਰਤਾਰ ਨੂੰ ਜਾਣਨ ਵਾਲ਼ਾ ਹੀ ਆਪਣੀਆਂ ਵਾਸ਼ਨਾਵਾਂ ’ਤੇ ਜਿੱਤ ਹਾਸਲ ਕਰ ਪਾਉਂਦਾ ਹੈ।

ਧਰਮ ਦੇ ਨਾਂ ’ਤੇ ਹੁੰਦੇ ਸਰੀਰਕ ਕਰਮ; ਨਿਰਾ ਭਰਮ ਹਨ। ਇਹ ਮਨ ਨੂੰ ਪਵਿੱਤਰ ਨਹੀਂ ਕਰ ਸਕਦੇ। ਇਹ ਭਰਮ; ਸਹੀ ਮਾਰਗ ’ਤੇ ਚੱਲਣ ਵਾਲ਼ਿਆਂ ਨੂੰ ਭਰਮਤ ਨਾ ਕਰਨ, ਇਸ ਲਈ ਗੁਰਬਾਣੀ ’ਚ ਇਨ੍ਹਾਂ ਨੂੰ ਨਿਰਮੂਲ ਸਿੱਧ ਕੀਤਾ ਹੈ। ਮਨੁੱਖ ਜਾਤੀ ਅੰਦਰ ਅਕਸਰ ਬਹੁਤੀ ਚੇਤਨਾ ਨਾ ਹੋਣ ਕਾਰਨ ਉਨ੍ਹਾਂ ਨੂੰ ਭਰਮ ’ਚੋਂ ਕੱਢਣਾ ਮੁਸ਼ਕਲ ਹੈ ਤੇ ਇਸ ਵਿੱਚ ਫਸਾਉਣਾ ਅਸਾਨ ਹੈ। ਮਨੁੱਖ ਦੀ ਇਸ ਕਮਜ਼ੋਰੀ ਦਾ ਬ੍ਰਾਹਮਣ ਨੇ ਖ਼ੂਬ ਲਾਹਾ ਖੱਟਿਆ। ਬ੍ਰਾਹਮਣ ਨੇ ਭਰਮ ਤੇ ਕਲਪਿਤ ਸਾਖੀਆਂ ਨੂੰ ਹੀ ਧਰਮ (ਅਸਲ ਸੱਚ) ਕਿਹਾ। ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਭਾਵੇਂ ਕਿ ਉਨ੍ਹਾਂ ਨੇ ਸੱਚ ਹੀ ਕਿਹਾ ਸੀ; ਬ੍ਰਾਹਮਣਾਂ ਨੇ ਉਨ੍ਹਾਂ ਨਾਲ਼ ਦਿਲੋਂ ਧਰੋਹ/ਦਗ਼ਾ ਕੀਤਾ, ਪਰ ਅਫ਼ਸੋਸ ਕਿ ਭਰਮ ਤੋਂ ਮੁਕਤ ਹੋਣ ਦਾ ਦਾਅਵਾ ਕਰਨ ਵਾਲ਼ੇ ਡੇਰੇਦਾਰ ਭੀ ਬ੍ਰਾਹਮਣ ਦੀ ਸੋਚ ਦੇ ਵਧੇਰੇ ਨੇੜੇ ਰਹਿੰਦੇ ਹਨ ਤਾਹੀਓਂ ਬ੍ਰਾਹਮਣ ਦੀ ਤਰ੍ਹਾਂ ਇਹ ਭੀ ਔਰਤ ਨੂੰ (ਮਾਹਵਾਰੀ ਆਉਣ ਕਾਰਨ) ਸਰੀਰਕ ਪੱਖੋਂ ਅਪਵਿੱਤਰ ਮੰਨਦੇ ਹਨ। ਉਸ ਨੂੰ ਦਰਬਾਰ ਸਾਹਿਬ ’ਚ ਕੀਰਤਨ ਕਰਨ ਤੇ ਪੰਜ ਪਿਆਰਿਆਂ ’ਚ ਸ਼ਾਮਲ ਕਰਨ ਦੇ ਘੋਰ ਵਿਰੋਧੀ ਹਨ।

ਬਾਣੀਕਾਰਾਂ ਦੁਆਰਾ ਭਰਮ ਦਾ ਖੰਡਨ ਕਰਨ ਲਈ ਕੀਤੇ ਜਾਇਜ਼ ਤਰਕਾਂ ਨੂੰ ਆਧਾਰ ਬਣਾ ਕੁੱਝ ਸਿੱਖ; ਗੁਰਬਾਣੀ ਨੂੰ ਅਜੋਕਾ ਵਿਗਿਆਨਿਕ ਧਰਮ ਸਿੱਧ ਕਰਦੇ-ਕਰਦੇ ਕੁਦਰਤ ਦੇ ਪਿੱਛੇ ਕਾਰਜਸ਼ੀਲ ਗੁਪਤ ਸ਼ਕਤੀ ਨੂੰ ਭੀ ਮੰਨਣ ਤੋਂ ਇਨਕਾਰੀ ਹਨ। ਇਹ ਭੀ ਇੱਕ ਭਰਮ ਹੀ ਹੈ। ਬ੍ਰਾਹਮਣ; ਜਿੱਥੇ ਆਕਾਰ ਪੂਜਾ ਨੂੰ ਸਹੀ ਸਾਬਤ ਕਰਨ ਲਈ ਅਦ੍ਰਿਸ਼ ਨਿਰਾਕਾਰ ਦੀ ਹੋਂਦ ਅਤੇ ਉਸ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੈ; ਓਥੇ ਵਿਗਿਆਨ ਦੇ ਪੂਜਾਰੀ ਸਿੱਖ ਭੀ ਬ੍ਰਾਹਮਣ ਦੀ ਤਰ੍ਹਾਂ ਧਰਮ ਦੇ ਸੂਖਮ (ਮੂਲ-ਭਾਵ) ਤੋਂ ਟੁੱਟੇ ਹੋਏ ਹਨ ਜਦਕਿ ਇਹੀ, ਗੁਰਮਤਿ ਦੀ ਅਸਲ ਵਿਲੱਖਣਤਾ ਹੈ। ਐਸੇ ਹੀ ਕੁੱਝ ਕਾਰਨ ਕਰਕੇ ਗੁਰੂਆਂ ਦੇ ਨਾਂ ’ਤੇ ਵੱਸਦੇ ਰੰਗਲੇ ਪੰਜਾਬ ’ਚ ਨਸ਼ੇ, ਪਤਿਤਪੁਣਾ, ਗੈਂਗਵਾਰ, ਆਤਮ ਹੱਤਿਆਵਾਂ ਦਾ ਵਹਾਅ ਤੇਜ਼ ਹੈ ਕਿਉਂਕਿ ਧਰਮ ਦੀ ਸੋਝੀ ਨਹੀਂ। ਇਸ ਦਾ ਦੋਸ਼; ਅਸਲ ਸਿੱਖ ਪ੍ਰਚਾਰਕ ਨੂੰ ਭੀ ਲੈਣਾ ਪੈਣਾ ਹੈ।

‘ਮਨ’ ਦਾ ਆਮ ਪ੍ਰਚਿਲਤ ਅਰਥ ਹੈ ‘ਸੰਕਲਪ ਤੇ ਵਿਕਲਪ ਦਾ ਸੁਮੇਲ’। ‘ਸੰਕਲਪ’ ਤੋਂ ਭਾਵ ‘ਨਵੇਂ ਵਿਚਾਰ ਪੈਦਾ ਹੋਣੇ’ ਤੇ ‘ਵਿਕਲਪ’ ਤੋਂ ਭਾਵ ‘ਉਨ੍ਹਾਂ ਵਿਚਾਰਾਂ ’ਤੇ ਦ੍ਰਿੜ੍ਹ ਨਾ ਰਹਿਣ ਦੇਣਾ ਯਾਨੀ ਭਰਮ। ਇਸ ਮਨ ਬਾਰੇ ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਇਹੁ ਮਨੁ ਕਰਮਾ; ਇਹੁ ਮਨੁ ਧਰਮਾ   ਇਹੁ ਮਨੁ; ਪੰਚ ਤਤੁ ਤੇ ਜਨਮਾ ਸਾਕਤੁ ਲੋਭੀ; ਇਹੁ ਮਨੁ ਮੂੜਾ   ਗੁਰਮੁਖਿ ਨਾਮੁ ਜਪੈ; ਮਨੁ ਰੂੜਾ ’’ (ਮਹਲਾ /੪੧੫) ਭਾਵ ਐਸਾ ਮਨ; ਪੰਜ ਤੱਤਾਂ ਵਾਲ਼ੇ ਸਰੀਰ ਨਾਲ਼ ਉਪਜਦਾ ਹੈ। ਚੰਗੇ-ਮੰਦੇ ਕੰਮ ਕਰਦਾ ਹੋਇਆ ਨੇਮ ਨਿਬਾਹੁਦਾ ਹੈ। ਮਾਇਆਧਾਰੀ ਬਣ ਕੇ ਇਹ ਮਨ ਲਾਲਚੀ ਤੇ ਮੂਰਖ ਹੋ ਜਾਂਦਾ ਹੈ। ਜਦ ਗੁਰੂ ਦੀ ਰਾਹੀਂ ਨਾਮ ਜਪਦਾ ਹੈ ਤਾਂ ਸੁੰਦਰ (ਪਵਿੱਤਰ) ਹੋ ਜਾਂਦਾ ਹੈ। ਸੋ ਇਹ ਮਨ; ਜਨਮ ਲੈਣ ਸਮੇਂ ਤੋਂ ਉਪਜਣ ਕਾਰਨ ਬੰਦੇ ਦੇ ਨਾਵਾਂ ’ਚ ‘ਮ’ ਤੇ ‘ਨ’ ਅੱਖਰ (ਮਨੁੱਖ, ਮਾਨਵ, ਮੈਨ, ਆਦਿ) ਹੁੰਦੇ ਹਨ।

ਗੁਰਮਤਿ ਅਨੁਸਾਰ ਅਸਲ ਮਨ; ਅੰਤਹਿਕਰਣ ਹੈ, ਜਿਸ ’ਤੇ ਮੰਦੇ ਕਰਮਾਂ ਦੀ ਮੈਲ਼ ਚੜ੍ਹੀ ਹੁੰਦੀ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ’’ (ਮਹਲਾ /੬੫੧) ਇਸ ਮੈਲ਼ ਨੂੰ ‘ਜਪੁ’ ਜੀ ਦੀ ਪਹਿਲੀ ਪਉੜੀ ’ਚ ਕੂੜੈ ਪਾਲਿਤੇ ਲਿਖਿਆ ਨਾਲਿ ਕਿਹਾ ਹੈ। ਅੰਤਹਿਕਰਣ; ਉਹ ਅੰਦਰੂਨੀ ਇੰਦ੍ਰੀ ਹੈ, ਜਿਸ ਦੀ ਮੈਲ਼-ਪਰਛਾਈ ਰਹਿ ਕੇ ਬਾਹਰੀ ਚਾਰ ਇੰਦ੍ਰੀਆਂ (ਸੁਰਤਿ, ਮਤਿ, ਮਨਿ, ਬੁਧਿ) ਕੰਮ ਕਰਦੀਆਂ ਹਨ। ਅੰਤਹਿਕਰਣ ਦੀ ਮੈਲ਼ ਉਤਰਨ ਨਾਲ਼ ਪਾਰਦਰਸ਼ੀ ਹੋਇਆ ਅੰਤਹਿਕਰਣ ਹੀ ਬਾਹਰੀ ਚਾਰੋਂ ਇੰਦ੍ਰੀਆਂ ਨੂੰ ਘੜਨਾ ਹੈ, ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ, ਬੁਧਿ ..੩੬’’ (ਜਪੁ) ਕਿਉਂਕਿ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਅੰਦਰ ਵੱਸਦਾ ਇਲਾਹੀ ਨੂਰ (ਜੋਤਿ, ਰੂਹ, ਜਿੰਦ, ਆਤਮ-ਪ੍ਰਕਾਸ਼, ਨਾਮ-ਅੰਮ੍ਰਿਤ); ਬਾਹਰੀ ਚਾਰੋਂ ਇੰਦ੍ਰੀਆਂ ਤੱਕ ਹੂ-ਬਹੂ ਪਹੁੰਚ ਜਾਂਦਾ ਹੈ। ਇਹੀ ਹੈ ‘ਰੱਬ ਦਾ ਦਰਸ਼ਨ, ਮੁਕਤੀ ਅਤੇ ਪ੍ਰਮਾਤਮਾ ਵਾਙ ਸਭ ਨੂੰ ਇਕ ਸਮਾਨ ਵੇਖਣ ਵਾਲ਼ੀ ਦ੍ਰਿਸ਼ਟੀ’।

ਬਾਣੀਕਾਰਾਂ ਦੇ ਪਾਰਦਰਸ਼ੀ ਅੰਤਹਿਕਰਣ ਰਾਹੀਂ ਉਪਜਿਆ ਆਤਮ-ਪ੍ਰਕਾਸ਼ ਹੀ ਪੂਰਨ ਸੱਚ (ਅਸਲ ਧਰਮ) ਹੈ ਤਾਹੀਓਂ ਇਸ ਦਾ ਸਬੰਧ ਭੀ ਸਿੱਖ ਦੇ ਮਲ਼ੀਨ ਅੰਤਹਿਕਰਣ ਨੂੰ ਸਾਫ਼ ਕਰਨ ਨਾਲ਼ ਹੈ। ਸਾਰਿਆਂ ਅੰਦਰਲਾ ਆਤਮ-ਪ੍ਰਕਾਸ਼ ਹੀ ਅਕਾਲ ਪੁਰਖ ਦੀ ਸਰਬ ਵਿਆਪਕ ਹੋਂਦ ਹੈ। ਰਵਿਦਾਸ ਜੀ ਦੇ ਬਚਨ ਹਨ ਕਿ ਹਰੀ; ਸਾਰਿਆਂ ਅੰਦਰ ਆਪ ਹੀ ਆਪ ਹੈ। ਸਾਡੇ ਹੱਥਾਂ ਤੋਂ ਭੀ ਨੇੜੇ ਹੈ। ਉਹ ਜੋ ਭੀ ਕਰਨਾ ਚਾਹੁੰਦਾ ਹੈ; ਓਹੀ ਜਗਤ ’ਚ ਹੁੰਦਾ ਹੈ, ‘‘ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ਕਹਿ ਰਵਿਦਾਸ  ! ਹਾਥ ਪੈ ਨੇਰੈ; ਸਹਜੇ ਹੋਇ, ਸੁ ਹੋਈ ’’ (ਭਗਤ ਰਵਿਦਾਸ/੬੫੮) ਜੇਕਰ ਕੋਈ ਹਮਲਾ ਕਰੇ ਤਾਂ ਸਭ ਤੋਂ ਪਹਿਲਾਂ ਬਚਾਅ ਲਈ ਬੰਦੇ ਦੇ ਹੱਥ ਉੱਠਦੇ ਹਨ। ਪ੍ਰਮਾਤਮਾ; ਹੱਥਾਂ ਤੋਂ ਭੀ ਨੇੜੇ ਰਹਿ ਕੇ ਭਗਤਾਂ ਦੀ ਮਦਦ ਕਰਦਾ ਹੈ, ਪਰ ਇਹ ਭਰੋਸਾ ਕੇਵਲ ਗੁਰਮੁਖਾਂ ਨੂੰ ਹੁੰਦਾ ਹੈ। ਮਨਮੁਖ ਤਾਂ ਭਰਮ (ਹਨ੍ਹੇਰ) ’ਚ ਭਟਕ ਰਹੇ ਹੁੰਦੇ ਹਨ, ‘‘ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉਧੁਰਿ (ਤੋਂ) ਤੂ ਰਖਦਾ ਆਇਆ   ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ   ਗੁਰਮੁਖਾ ਨੋ ਪਰਤੀਤਿ (ਯਕੀਨ) ਹੈ ਹਰਿ ਜੀਉ ! ਮਨਮੁਖ ਭਰਮਿ (’) ਭੁਲਾਇਆ ’’ (ਮਹਲਾ /੬੩੭) ਐਸਾ ਹੀ ਹੁਕਮਨਾਮਾ; ਬਾਬਾ ਬੁੱਢਾ ਜੀ ਨੇ ‘ਆਦਿ ਗ੍ਰੰਥ’ ਸਾਹਿਬ ਜੀ ਦਾ ਪਹਿਲੀ ਵਾਰ ੧੭ ਭਾਦੋਂ ਸੰਮਤ ੧੭੬੩ (16 ਅਗਸਤ 1604) ਨੂੰ ਲਿਆ, ਜਦੋਂ ਸਾਮ੍ਹਣੇ ਗੁਰੂ ਅਰਜਨ ਸਾਹਿਬ ਜੀ ਬੈਠੇ ਹੋਏ ਸਨ, ‘‘ਸੰਤਾ ਕੇ ਕਾਰਜਿ (’) ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ਧਰਤਿ ਸੁਹਾਵੀ, ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ’’ (ਮਹਲਾ /੭੮੩) ਗੁਰੂ ਅਰਜਨ ਸਾਹਿਬ ਜੀ ਨੇ ਹੀ ਕਿਹਾ ਹੈ ਕਿ ਸਤਿ ਪੁਰਸ਼ਾਂ ਨੂੰ ਹਰੀ ਆਪ ਧਰਤੀ ’ਤੇ ਭੇਜਦਾ ਹੈ ਤਾਂ ਕਿ ਉਹ, ਲੋਕਾਂ ਨੂੰ ਦੱਸਣ ਕਿ ਪ੍ਰਭੂ; ਤੁਹਾਡੇ ਅਤੇ ਸਾਡੇ ਤੋਂ ਦੂਰ ਨਹੀਂ ਹਨ। ਜਿਨ੍ਹਾਂ ਨੂੰ ਇਹ ਸਮਝ ਲੱਗ ਗਈ, ਉਨ੍ਹਾਂ ਅੰਦਰੋਂ ਭਰਮ ਮਿਟ ਗਏ ਕਿਉਂਕਿ ਉਹ, ਸਰਬ ਵਿਆਪਕ ਰਾਮ ਦਾ ਸਿਮਰਨ ਕਰਨ ਲੱਗ ਪਏ, ‘‘ਸਾਧ ਪਠਾਏ ਆਪਿ ਹਰਿ; ਹਮ ਤੁਮ ਤੇ ਨਾਹੀ ਦੂਰਿ   ਨਾਨਕ  ! ਭ੍ਰਮ ਭੈ ਮਿਟਿ ਗਏ; ਰਮਣ ਰਾਮ ਭਰਪੂਰਿ ’’ (ਰੁਤੀ/ਮਹਲਾ /੯੨੯) ਭਗਤ ਕਬੀਰ ਜੀ ਨੇ ਭੀ ਕਿਹਾ ਕਿ ‘‘ਲੋਗਾ  ! ਭਰਮਿ ਭੂਲਹੁ ਭਾਈ   ਖਾਲਿਕੁ ਖਲਕ, ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ਰਹਾਉ ’’ (ਭਗਤ ਕਬੀਰ/੧੩੫੦) ਭਾਵ ਹੇ ਲੋਕੋ ! ਕਿਸੇ ਭਰਮ ’ਚ ਨਾ ਪਏ ਰਹਿਓ। ਮਾਲਕ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲ਼ਾ ਹੈ ਤੇ ਸਾਰੀ ਖ਼ਲਕਤ ’ਚ ਮੌਜੂਦ ਹੈ, ਹਰ ਥਾਂ ਵਿਆਪਕ ਹੈ (ਉਸ ਦਾ ਸਿਮਰਨ ਕਰੋ)।

ਅੱਜ ਹਰ ਪਾਸਿਓਂ ਸੁਣਨ ਨੂੰ ਮਿਲਦਾ ਹੈ ਕਿ ਹਰੀ, ਅੱਲ੍ਹਾ, ਰਾਮ, ਪ੍ਰਭੂ; ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਕੀ ਉਸ ਦੀ ਮੌਜੂਦਗੀ ਦਾ ਕਿਸੇ ਨੂੰ ਅਹਿਸਾਸ ਹੈ, ਡਰ ਹੈ ? ਜਵਾਬ ਹੈ : ਨਹੀਂ। ਜੇਕਰ ਡਰ ਹੁੰਦਾ ਤਾਂ ਹਰ ਪਾਸੇ ਪਾਪ ਨਾ ਹੁੰਦਾ, ‘‘ਨਿਕਟਿ ਬੁਝੈ; ਸੋ ਬੁਰਾ ਕਿਉ ਕਰੈ ਬਿਖੁ ਸੰਚੈ; ਨਿਤ ਡਰਤਾ ਫਿਰੈ ਹੈ ਨਿਕਟੇ ਅਰੁ ਭੇਦੁ ਪਾਇਆ ਬਿਨੁ ਸਤਿਗੁਰ ਸਭ ਮੋਹੀ ਮਾਇਆ ’’ (ਮਹਲਾ /੧੧੩੯) ਭਾਵ ਜੋ (ਗੁਰੂ ਦੀ ਰਾਹੀਂ) ਰੱਬ ਨੂੰ ਨੇੜੇ ਜਾਣਦਾ ਹੈ। ਉਹ ਕਿਸੇ ਦਾ ਬੁਰਾ ਨਹੀਂ ਕਰਦਾ, ਪਰ ਜੋ ਨੇੜੇ ਨਹੀਂ ਸਮਝਦਾ; ਉਹ ਮਾਇਆ ਜੋੜਦਾ ਹੈ ਤੇ ਉਸ ਨੂੰ ਕੋਈ ਖੋਹ ਨਾ ਲਵੇ, ਹਰ ਸਮੇਂ ਡਰਦਾ ਫਿਰਦਾ ਹੈ। ਪ੍ਰਮਾਤਮਾ ਨੇੜੇ ਜ਼ਰੂਰ ਹੈ, ਪਰ ਗੁਰੂ ਤੋਂ ਬਿਨਾਂ ਉਸ ਨੂੰ ਜਾਣਿਆ ਨਹੀਂ ਜਾ ਸਕਦਾ ਕਿਉਂਕਿ ਹਰ ਕੋਈ ਭਰਮ (ਮਾਇਆ) ’ਚ ਅੰਨ੍ਹਾ ਹੈ। ਇਸ ਬਾਰੇ ਗੁਰੂ ਅਰਜਨ ਸਾਹਿਬ ਦੇ ਬਚਨ ਹਨ, ‘‘ਨਿਕਟਿ ਸੁਨਉ, ਅਰੁ ਪੇਖਉ ਨਾਹੀ; ਭਰਮਿ+ਭਰਮਿ (ਕਾਰਨ) ਦੁਖ ਭਰੀਆ ’’ (ਮਹਲਾ /੧੨੦੯) ਭਾਵ ਉਹ ਨੇੜੇ ਹੈ, ਪਰ ਭਰਮ ਦਾ ਪਰਦਾ ਬਣਿਆ ਹੋਣ ਕਾਰਨ ਲੋਕ ਦੁਖੀ ਹਨ। ਗੁਰੂ ਹੀ ਭਰਮ ਤੋਂ ਮੁਕਤ ਕਰਦਾ ਹੈ, ‘‘ਨੇੜੈ ਨੇੜੈ ਸਭੁ ਕੋ ਕਹੈ ਗੁਰਮੁਖਿ ਭੇਦੁ; ਵਿਰਲਾ ਕੋ ਲਹੈ ਰਹਾਉ ’’ (ਮਹਲਾ /੧੧੩੯)

ਜਿਹੜਾ ਹਰੀ, ਅੱਲ੍ਹਾ, ਅਕਾਲ ਪੁਰਖ; ਕਣ-ਕਣ ’ਚ ਹੈ, ਉਹ ਸਭ ਨੂੰ ਆਪਣੇ ਹੁਕਮ ’ਚ ਨਾ ਚਲਾਵੇ; ਐਸਾ ਨਹੀਂ ਹੋ ਸਕਦਾ ਤਾਹੀਓਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ’ਚ ਪਹਿਲਾਂ ‘ਹੁਕਮ’ ਨੂੰ ਵਿਚਾਰਿਆ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ   ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ’’ ਯਾਨੀ ਜੋ ਸਮਝ ਲੈਂਦਾ ਹੈ ਕਿ ਮੈ ਹੁਕਮ ’ਚ ਹਾਂ; ਉਹ ਅਹੰਕਾਰ ਨਹੀਂ ਕਰਦਾ। ਸਵਾਲ : ਕਾਹਦਾ ਅਹੰਕਾਰ ? ਜਵਾਬ : ਐਸਾ ਅਹੰਕਾਰ ਕਿ ਆਹ ਮੈ ਕੀਤਾ, ਔਹ ਮੈ ਕੀਤਾ ਕਿਉਂਕਿ ਸਭ ਕੁੱਝ ਕਰਾਉਣ ਵਾਲ਼ਾ ਮਾਲਕ; ਸਮਝ ’ਚ ਆ ਗਿਆ। ਜਿਸ ਦੇ ਹੁਕਮ ’ਚ ਹਰ ਕੋਈ ਹੈ।  25ਵੀਂ ਪਉੜੀ ’ਚ ਭੀ ਕਿਹਾ ਕਿ ਅਹੰਕਾਰ-ਬੰਧਨ ਤੋਂ ਮੁਕਤ; ਮੈ ਹੁਕਮ (ਭਾਣੇ) ’ਚ ਹਾਂ, ਇਹ ਸਮਝ ਕੇ ਹੀ ਹੋਈਦਾ ਹੈ। ਹੋਰ ਸਾਧਨ; ਕੋਈ ਭੀ ਬੰਦਾ ਨਹੀਂ ਦੱਸ ਸਕਦਾ। ਜੇਕਰ ਕੋਈ ਮੂਰਖ ਦੱਸਦਾ ਹੈ ਤਾਂ ਉਹ ਅਹੰਕਾਰ ਮੁਕਤ ਨਹੀਂ ਹੁੰਦਾ ਸਗੋਂ ਅਹੰਕਾਰ ਕਾਰਨ ਜੁੱਤੀਆਂ ਖਾਂਦਾ ਹੈ, ਬੇਪੱਤੀ ਸਹਾਰਦਾ ਹੈ, ‘‘ਬੰਦਿ ਖਲਾਸੀ ਭਾਣੈ (’) ਹੋਇ ਹੋਰੁ; ਆਖਿ ਸਕੈ ਕੋਇ ਜੇ ਕੋ ਖਾਇਕੁ; ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ (’ਤੇ) ਖਾਇ ..੨੫’’ (ਜਪੁ), ਹੁਕਮ ਦੀ ਇਹ ਵਿਚਾਰ ‘ਜਪੁ’ ਜੀ ਦੇ ਅੰਤ ਤੱਕ ਸਚਖੰਡ (37ਵੀਂ ਪਉੜੀ) ’ਚ ਭੀ ਹੈ, ‘‘ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’ ਭਾਵ ਜਿਵੇਂ ਜਿਵੇਂ ਉਸ ਦਾ ਹੁਕਮ ਹੁੰਦਾ ਹੈ; ਉਸੇ ਤਰ੍ਹਾਂ ਜੀਵ-ਜੰਤ ਕੰਮ ਕਰਦੇ ਹਨ। ਇਸ ਹੁਕਮ ਨੂੰ ਸਮਝ ਕੇ ਹੀ ਮਾਲਕ ਦਾ ਭੇਤ (ਰਾਜ਼) ਜਾਣੀਦਾ ਹੈ, ‘‘ਕਹੁ ਨਾਨਕ  ! ਜਿਨਿ ਹੁਕਮੁ ਪਛਾਤਾ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ’’ (ਮਹਲਾ /੮੮੫) ਭਾਵ ਮਾਲਕ ਦਾ ਹੁਕਮ ਭਾਵੇਂ ਹਰ ਥਾਂ ਵਾਪਰ ਰਿਹਾ ਹੈ, ਪਰ ਜਿਸ ਵਿਰਲੇ ਨੇ ਸਮਝਿਆ ਕਿ ਮੈ ਭੀ ਹੁਕਮ ’ਚ ਹਾਂ; ਉਸ ਨੇ ਹੀ ਮਾਲਕ ਪ੍ਰਭੂ ਦਾ ਮਰਮ ਜਾਣਿਆ ਹੈ। ਉਹ, ਮਾਲਕ ਦੇ ਡਰ-ਅਦਬ ’ਚ ਰਹਿਣ ਲੱਗ ਜਾਂਦਾ ਹੈ। ਐਸੇ ਹੀ ਬਚਨ; ਗੁਰੂ ਅਮਰਦਾਸ ਸਾਹਿਬ ਜੀ ਦੇ ਹਨ, ‘‘ਬਾਬਾ  ! ਤੂੰ ਐਸੇ ਭਰਮੁ ਚੁਕਾਹੀ   ਜੋ ਕਿਛੁ ਕਰਤੁ ਹੈ, ਸੋਈ ਕੋਈ ਹੈ ਰੇ  ! ਤੈਸੇ ਜਾਇ ਸਮਾਹੀ ਰਹਾਉ ’’ (ਮਹਲਾ /੧੬੨) ਭਾਵ ਹੇ ਭਾਈ ! ਤੂੰ ਐਸਾ ਜਾਣ ਕੇ ਹੀ ਆਪਣਾ ਭਰਮ ਮਿਟਾ ਸਕਦਾ ਹੈਂ ਕਿ ਮਾਲਕ-ਪ੍ਰਭੂ; ਜਿਸ ਤਰ੍ਹਾਂ ਜੀਵ ਨੂੰ ਬਣਾਉਂਦਾ ਹੈ; ਜੀਵ ਵੈਸਾ ਹੀ ਬਣਦਾ ਹੈ। ਵੈਸੇ ਹੀ ਕੰਮ-ਕਾਰਾਂ ’ਚ ਜੀਵ ਰੁੱਝੇ ਰਹਿੰਦੇ ਹਨ ਕਿਉਂਕਿ ਇੱਦਾਂ ਸਮਝਣ ਨਾਲ਼ ਹਰ ਕੋਈ ਆਪਣੇ ਕੰਮ ਦਾ ਮਹੱਤਵ ਆਪਣੇ ’ਤੇ ਨਹੀਂ ਲੈਂਦਾ ਸਗੋਂ ਜਿਸ ਦੇ ਹੁਕਮ ’ਚ ਹੈ, ਉਸ ਨੂੰ ਮਾਣ ਦਿੰਦਾ ਹੈ। ਉਸ ਦੀ ਮਹਿਮਾ ਗਾਉਣ ਲੱਗਦਾ ਹੈ।

ਜਦ ਨੌਕਰ ਆਪਣੇ ਮਾਲਕ ਦਾ ਹੁਕਮ ਸਮਝ ਗਿਆ ਤਾਂ ਉਸ ਨੂੰ ਅੰਗ-ਸੰਗ ਮਹਿਸੂਸ ਭੀ ਕਰਦਾ ਹੈ। ਉਸ ਦੇ ਗੁਣ ਭੀ ਗਾਉਂਦਾ ਹੈ। ਉਸ ਦਾ ਨਾਮ ਜਪਦਾ ਹੈ; ਨਹੀਂ ਤਾਂ ਹੁਕਮ ਨੂੰ ਸਮਝਣਾ ਕਾਹਦੇ ਲਈ ਭਾਵ ਹੁਕਮ ਨੂੰ ਸਮਝਣ ਦਾ ਕੀ ਲਾਭ  ?

ਜਦ ਪ੍ਰਭੂ ਸਾਰਿਆਂ ਦੇ ਅੰਦਰ ਹੈ ਤਾਂ ਉਸ ਦੇ ਗੁਣ ਭੀ ਸਾਰਿਆਂ ਅੰਦਰ ਹੋਣੇ ਚਾਹੀਦੇ ਹਨ। ਉਸ ਦਾ ਨਾਮ ਭੀ ਸਭ ਦੇ ਅੰਦਰ ਹੈ; ਜਿਵੇਂ ਕਿ ਬਚਨ ਹਨ, ‘‘ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ   ਦੇਹੀ ਮਹਿ; ਇਸ ਕਾ ਬਿਸ੍ਰਾਮੁ ’’ (ਸੁਖਮਨੀ/ਮਹਲਾ /੨੯੩) ਭਾਵ ਪ੍ਰਭੂ ਦਾ ਅਮਰ ਕਰਨ ਵਾਲ਼ਾ ਨਾਮ, ਜੋ ਜਗਤ ਦੇ 9 ਖ਼ਜ਼ਾਨਿਆਂ ਸਮਾਨ ਹੈ; ਹਰ ਸਰੀਰ ਅੰਦਰ ਮੌਜੂਦ ਹੈ।

[ਨੋਟ : ਕੁਬੇਰ ਦੇ 9 ਖਜ਼ਾਨੇ/ਨਿਧੀਆਂ ਹਨ : ਪਦਮ (ਸੋਨਾ, ਚਾਂਦੀ), ਮਹਾਂ ਪਦਮ (ਹੀਰੇ, ਜਵਾਹਰਰਾਤ), ਸ਼ੰਖ (ਸੁੰਦਰ ਭੋਜਨ ਤੇ ਕੱਪੜੇ), ਮਕਰ (ਸ਼ਸਤਰ ਵਿਦਿਆ ਦੀ ਪ੍ਰਾਪਤੀ ਤੇ ਰਾਜ ਦਰਬਾਰ ’ਚ ਮਾਣ), ਕੱਛਪ (ਕੱਪੜੇ, ਦਾਣੇ ਦਾ ਵਪਾਰ), ਕੁੰਦ (ਸੋਨੇ ਦਾ ਵਪਾਰ), ਨੀਲ (ਮੋਤੀ ਤੇ ਮੂੰਗੇ ਦਾ ਵਪਾਰ), ਮੁਕੁੰਦ (ਰਾਗ ਆਦਿ ਕੋਮਲ ਹੁਨਰਾਂ ਦੀ ਪ੍ਰਾਪਤੀ) ਤੇ ਵਰਚ ਜਾਂ ਖਰਬ (ਮਿਸ਼ਰਣ, ਚਲਾਕ, ਸਭ ਨਾਲ਼ ਮਿਲ ਜਾਣ ਵਾਲ਼ਾ)।]

ਗੁਰੂ ਨਾਨਕ ਸਾਹਿਬ ਜੀ ਰੱਬ ਦੇ ਨਾਮ ਨੂੰ ਹੀ ਅੰਮ੍ਰਿਤ ਮੰਨਦੇ ਹਨ, ਜੋ ਹਰ ਬੰਦੇ ਅੰਦਰ ਹੈ, ‘‘ਮਨ ਰੇ  ! ਥਿਰੁ ਰਹੁ; ਮਤੁ ਕਤ ਜਾਹੀ ਜੀਉ   ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ; ਘਰਿ ਅੰਮ੍ਰਿਤੁ ਘਟ ਮਾਹੀ ਜੀਉ ਰਹਾਉ ’’ (ਮਹਲਾ /੫੯੮) ਗੁਰੂ ਅਮਰਦਾਸ ਜੀ ਭੀ ਇਹੀ ਕਹਿੰਦੇ ਹਨ, ‘‘ਘਟ ਅੰਤਰਿ ਅੰਮ੍ਰਿਤੁ ਰਖਿਓਨੁ; ਗੁਰਮੁਖਿ ਕਿਸੈ ਪਿਆਈ ’’ (ਮਹਲਾ /੯੫੧) ਭਾਵ ਹਰ ਹਿਰਦੇ ਅੰਦਰ ਅੰਮ੍ਰਿਤ ਨਾਮ ਉਸ (ਪ੍ਰਭੂ) ਨੇ ਰੱਖਿਆ ਹੈ। ਜਿਸ ਨੂੰ ਚਾਹੇ, ਉਸੇ ਨੂੰ ਪਿਲਾਉਂਦਾ ਹੈ। ਭਗਤ ਕਬੀਰ ਜੀ ਦੇ ਬਚਨ ਹਨ, ‘‘ਜੇਤੇ ਘਟ, ਅੰਮ੍ਰਿਤੁ ਸਭ ਹੀ ਮਹਿ; ਭਾਵੈ ਤਿਸਹਿ ਪੀਆਈ ’’ (ਭਗਤ ਕਬੀਰ/੧੧੨੩) ਗੁਰੂ ਅੰਗਦ ਸਾਹਿਬ ਜੀ ਦੇ ਬਚਨ ਹਨ ਕਿ ਨਾਮ-ਅੰਮ੍ਰਿਤ ਇੱਕੋ ਹੈ ਤੇ ਉਹ, ਸਾਰਿਆਂ ਦੇ ਅੰਦਰ ਹੈ, ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ   ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ’’ (ਮਹਲਾ /੧੨੩੮) ਸੋ ਜਿਸ ਤਰ੍ਹਾਂ ਧਰਤੀ ਅੰਦਰ ਹਰ ਥਾਂ ਪਾਣੀ ਭਰਪੂਰ ਹੈ; ਉਸੇ ਤਰ੍ਹਾਂ ਨਾਮ-ਅੰਮ੍ਰਿਤ ਸਾਰਿਆਂ ਜੀਵ-ਜੰਤਾਂ ਦੇ ਅੰਦਰ ਹੈ। ਸਵਾਲ : ਫਿਰ ਅੰਮ੍ਰਿਤ ਜਲ; ਪੰਜ ਪਿਆਰਿਆਂ ਰਾਹੀਂ ਕਿਉਂ ਛਕਾਇਆ ਜਾਂਦਾ ਹੈ ? ਜਵਾਬ : ਜਿਸ ਤਰ੍ਹਾਂ ਨਲਕਾ ਜਾਂ ਬੋਰ ਲਗਾ ਕੇ ਉਸ ਵਿੱਚ ਪਹਿਲਾਂ ਉੱਪਰੋਂ ਥੋੜ੍ਹਾ ਪਾਣੀ ਪਾਈਦਾ ਹੈ ਤਾਂ ਕਿ ਅੰਦਰਲਾ ਪਾਣੀ ਬਾਹਰ ਕੱਢਿਆ ਜਾ ਸਕੇ। ਇਸ ਬਾਰੇ ਐਸਾ ਭੀ ਕਿਹਾ ਕਿ ਧਰਤੀ ਅੰਦਰ ਭਰਪੂਰ ਪਾਣੀ ਹੈ, ਫਿਰ ਭੀ ਬੱਦਲਾਂ ਰਾਹੀਂ ਵਰਖਾ ਕੀਤੀ ਜਾਂਦੀ ਹੈ, ‘‘ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ; ਕਿਆ ਧਰਤੀ ਮਧੇ ਪਾਣੀ ਨਾਹੀ  ?’’ (ਮਹਲਾ /੧੬੨), ਵੈਸੇ ਹੀ ਪਹਿਲਾਂ ਅੰਮ੍ਰਿਤ ਛਕਾਈਦਾ ਹੈ ਤਾਂ ਕਿ ਨਿਤਨੇਮ ਰਾਹੀਂ ਨਾਮ-ਅੰਮ੍ਰਿਤ ਨੂੰ ਆਪਣੇ ਅੰਦਰੋਂ ਨਿੱਤ ਕੱਢਣ ਦਾ ਅਭਿਆਸ ਕੀਤਾ ਜਾ ਸਕੇ। ਇਹ ਅੰਮ੍ਰਿਤ-ਨਾਮ ਹੀ ਆਤਮ-ਪ੍ਰਕਾਸ਼ ਹੈ, ਇਲਾਹੀ ਜੋਤਿ ਹੈ, ਰੂਹ ਹੈ, ਜਿੰਦ ਹੈ, ਕਰਤਾਰ ਦੀ ਅੰਸ਼ ਹੈ, ‘‘ਕਹੁ ਕਬੀਰ ਇਹੁ ਰਾਮ ਕੀ ਅੰਸੁ’’ (ਭਗਤ ਕਬੀਰ/੮੭੧) ‘ਅੰਸ਼’ ਤੋਂ ਭਾਵ ਰੱਬ ਦਾ ਹਿੱਸਾ, ਭਾਗ, ਹੋਂਦ, ਗੁਣ, ਨਾਮ-ਅੰਮ੍ਰਿਤ। ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਕਰਤਾਰ ਦੀ ਇਸ ਹੋਂਦ (ਨਾਮ-ਅੰਮ੍ਰਿਤ) ਦਾ ਸੁਰਤਿ ਨੂੰ ਹੂ-ਬਹੂ ਅਹਿਸਾਸ ਹੁੰਦਾ ਹੈ। ਇਹੀ ਰੱਬ ਦਾ ਮਿਲਾਪ ਹੈ। ਆਵਾਗਮਣ ਤੋਂ ਮੁਕਤੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਦੀਆਂ ਤੋਂ ਇਹ ਸਚਾਈ ਪ੍ਰਗਟ ਕਿਉਂ ਨਾ ਹੋਈ ? ਇਸ ਦਾ ਜਵਾਬ; ਭਗਤ ਕਬੀਰ ਜੀ ਦਿੰਦੇ ਹਨ, ‘‘ਜੋਗੀ; ਗੋਰਖੁ ਗੋਰਖੁ ਕਰੈ ਹਿੰਦੂ; ਰਾਮ ਨਾਮੁ ਉਚਰੈ ਮੁਸਲਮਾਨ ਕਾ ਏਕੁ ਖੁਦਾਇ ਕਬੀਰ ਕਾ ਸੁਆਮੀ ਰਹਿਆ ਸਮਾਇ ’’ (ਭਗਤ ਕਬੀਰ/੧੧੬੦) ਭਗਤ ਨਾਮਦੇਵ ਜੀ ਕਹਿੰਦੇ ਹਨ, ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫) ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਕਾਦੀ; ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨ੍ਹਾਵੈ; ਜੀਆ ਘਾਇ ਜੋਗੀ; ਜੁਗਤਿ ਜਾਣੈ ਅੰਧੁ ਤੀਨੇ; ਓਜਾੜੇ ਕਾ ਬੰਧੁ ’’ (ਮਹਲਾ /੬੬੨) ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ; ਤ੍ਰਿਗੁਣਿ ਭਰਮਿ (’) ਭੁਲਾਈ ’’ (ਮਹਲਾ /੯੦੯) ਇਨ੍ਹਾਂ ਸਾਰੇ ਵਾਕਾਂ ਤੋਂ ਸਾਫ਼ ਹੈ ਕਿ ਕਿਸੇ ਨੂੰ ਭੀ ਪ੍ਰਮਾਤਮਾ; ਕਣ-ਕਣ ’ਚ ਮੌਜੂਦ ਹੈ, ਜੋਤਿ ਸਰੂਪ ਹੈ, ਉਸ ਦੇ ਹੁਕਮ ’ਚ ਜੀਵ-ਜੰਤ ਸਮੇਤ ਸਾਰਾ ਬ੍ਰਹਿਮੰਡ ਚੱਲਦਾ ਹੈ, ਦੀ ਸੋਝੀ ਹੀ ਨਹੀਂ ਸੀ/ਹੈ। ਇਹ ਭਰਮ; ਦੁਆਪਰ ਯੁੱਗ ’ਚ ਭੀ ਭਾਰੂ ਸੀ; ਜਿਵੇਂ ਕਿ ਵਾਕ ਹੈ, ‘‘ਜੁਗੁ ਦੁਆਪੁਰੁ ਆਇਆ, ਭਰਮਿ (’) ਭਰਮਾਇਆ; ਹਰਿ ਗੋਪੀ ਕਾਨ੍ਹੁ ਉਪਾਇ ਜੀਉ ’’(ਮਹਲਾ /੪੪੫) ਅਦ੍ਰਿਸ਼ ਨਿਰਾਕਾਰ ਨੂੰ ਪੰਜ ਗਿਆਨ ਇੰਦ੍ਰਿਆਂ ਨਾਲ਼ ਨਹੀਂ ਪਾਇਆ ਜਾ ਸਕਦਾ। ਉਹ ਵਿਖਾਈ ਨਹੀਂ ਦਿੰਦਾ, ਇਸ ਲਈ (ਗੁਰੂ ਤੋਂ ਬਿਨਾਂ) ਉਸ ਨਾਲ਼ ਸਬੰਧ ਕਿਵੇਂ ਬਣੇ, ‘‘ਵਿਣੁ ਡਿਠਾ ਕਿਆ ਸਾਲਾਹੀਐ  ? ਅੰਧਾ ਅੰਧੁ ਕਮਾਇ ’’ (ਮਹਲਾ /੬੪੬) ਮਨੁੱਖ ਨੂੰ ਸੂਖਮ ਸੱਚ ਵਿਖਾਉਣ ਵਾਲ਼ਾ ਨੇਤਰ; ਗੁਰੂ ਬਖ਼ਸ਼ਦਾ ਹੈ ਕਿਉਂਕਿ ਉਹੀ, ਅਕਾਲ ਪੁਰਖ ਦਾ ਰੂਪ ਹੈ। ਉਸ ਨਾਲ਼ ਅਭੇਦ ਹੈ ਤਾਹੀਓਂ ਗੁਰੂ; ਉਸ ਦੀ ਹੋਂਦ, ਉਸ ਦੇ ਹੁਕਮ, ਉਸ ਦੇ ਸੁਭਾਅ, ਉਸ ਦੀ ਦਇਆ ਦਿਲੀ ਤੋਂ ਵਾਕਫ਼ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਰੂਪੁ ਰੇਖਿਆ; ਮਿਤਿ ਨਹੀ ਕੀਮਤਿ; ਸਬਦਿ ਭੇਦਿ ਪਤੀਆਇਦਾ ’’ (ਮਹਲਾ /੧੦੩੪) ਭਾਵ ਉਸ ਦਾ ਨਾ ਕੋਈ ਰੂਪ ਹੈ, ਨਾ ਕੋਈ ਚਿੰਨ੍ਹ ਹੈ ਤਾਂ ਜੋ ਅੱਖਾਂ ਨਾਲ਼ ਵੇਖ ਸਕੀਏ। ਉਹ ਕਿੰਨਾ ਵੱਡਾ ਹੈ, ਕਿਹੋ ਜਿਹਾ ਹੈ; ਇਹ ਸੋਝੀ ਗੁਰੂ ਦੇ ਸ਼ਬਦ ’ਚ ਆਪਣੇ ਆਪ ਨੂੰ ਵਿੰਨ੍ਹ ਕੇ ਭਾਵ ਨਿਰੰਤਰ ਸ਼ਬਦ ਦੀ ਵਿਚਾਰ ਕੀਤਿਆਂ ਹੀ ਆਉਂਦੀ ਹੈ। ਅਦ੍ਰਿਸ਼ ਨਿਰਾਕਾਰ ਦੀ ਹੋਂਦ ਦਾ ਅਹਿਸਾਸ ਹੋਣਾ; ਪੰਜ ਗਿਆਨ ਇੰਦ੍ਰਿਆਂ ਵਾਲ਼ੇ ਅਹਿਸਾਸ (ਅਨੁਭਵ) ਤੋਂ ਭਿੰਨ ਹੁੰਦਾ ਹੈ, ਵਿਲੱਖਣ ਹੁੰਦਾ ਹੈ, ਬੜਾ ਗਹਿਰਾ ਹੁੰਦਾ ਹੈ।

ਸੋ ਪੂਰੀ ਵਿਚਾਰ ਦਾ ਨਿਚੋੜ ਹੈ ਕਿ ‘ਮਰਮ’; ਜੀਵਨ ’ਚ ਚਾਨਣ ਪੈਦਾ ਕਰਾਉਂਦਾ ਹੈ ਤੇ ਭਰਮ; ਜ਼ਿੰਦਗੀ ’ਚ ਹਨ੍ਹੇਰਾ ਭਰਦਾ ਹੈ। ਸਿਆਸਤਦਾਨ, ਮੀਡੀਆ ਤੇ ਪਾਖੰਡੀ ਲੋਕ; ਭਰਮ (ਝੂਠ, ਹਨ੍ਹੇਰੇ) ਨੂੰ ਜਿਊਂਦਾ ਰੱਖਣਾ ਚਾਹੁੰਦੇ ਹਨ। ਸਮਾਜਿਕ ਵਿੱਦਿਆ ’ਚ ਨਿਪੁੰਨ ਹੋਣਾ ਭੀ ਭਰਮ ਤੋਂ ਮੁਕਤ ਹੋਣਾ ਨਹੀਂ ਅਖਵਾਉਂਦਾ। ਗਿਆਨਵਾਨ ਬੰਦਿਆਂ ਅੰਦਰ ਭੀ ਭਰਮ ਭਾਰੂ ਹੁੰਦਾ ਹੈ।

 ਅੰਤ ’ਚ ਭੱਟ ਮਥਰਾ ਜੀ ਦੇ ਬਚਨ ਸਾਡੇ ਲਈ ਬੜੇ ਗੁਣਕਾਰੀ ਹਨ, ‘‘ਤਿਨ ਕੇ ਦੁਖ ਕੋਟਿਕ ਦੂਰਿ ਗਏ; ਮਥੁਰਾ ਜਿਨ੍ ਅੰਮ੍ਰਿਤ ਨਾਮੁ ਪੀਅਉ ਇਹ ਪਧਤਿ (ਰਾਹ) ਤੇ ਮਤ ਚੂਕਹਿ ਰੇ ਮਨ ! ਭੇਦੁ ਬਿਭੇਦੁ ਜਾਨ ਬੀਅਉ (ਦੂਜਾ)’’ (ਭਟ ਮਥੁਰਾ/੧੪੦੯) ਭਾਵ ਉਨ੍ਹਾਂ ਦੇ ਕਰੋੜਾਂ ਦੁੱਖ ਮਿਟ ਗਏ, ਜਿਨ੍ਹਾਂ ਨੇ ਆਪਣੇ ਅੰਦਰੋਂ ਅੰਮ੍ਰਿਤ ਨਾਮ ਕੱਢਿਆ ਤੇ ਪੀਤਾ। ਹੇ ਮਨ ! ਇਸ ਮਾਰਗ ਤੋਂ ਬਿਲਕੁਲ ਨਾ ਭਟਕੀਂ ਤੇ ਨਾ ਹੀ ਇਹ ਸਮਝ ਬੈਠੀਂ ਕਿ ਅਕਾਲ ਪੁਰਖ ਅਤੇ ਗੁਰੂ (ਅਰਜਨ ਸਾਹਿਬ) ’ਚ ਕੋਈ ਫ਼ਰਕ ਹੈ।

ਨੋਟ : ਅਗਲੇ ਭਾਗ ’ਚ ਅੰਦਰਲਾ ਨਾਮ-ਅੰਮ੍ਰਿਤ ਪ੍ਰਗਟ ਕਰਨ ’ਚ ਗੁਰੂ ਦਾ ਯੋਗਦਾਨ ਅਤੇ ਨਾਮ-ਅੰਮ੍ਰਿਤ ਦਾ ਸੁਰਤਿ ’ਤੇ ਪੈਂਦਾ ਪ੍ਰਭਾਵ ਵਿਚਾਰਿਆ ਜਾਣਾ ਹੈ।

—ਚੱਲਦਾ–