ਸ਼ਬਦ ਗੁਰੂ (ਭਾਗ 5)
ਗਿਆਨੀ ਰਣਜੋਧ ਸਿੰਘ
ਪੰਜਿ ਪਿਆਲੇ ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ; ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ।
ਪੁਛਨਿ ਸਿਖ ਅਰਦਾਸਿ ਕਰਿ; ਛਿਅ ਮਹਲਾਂ ਤਕਿ ਦਰਸੁ ਨਿਹਾਰੀ।
ਅਗਮ ਅਗੋਚਰ ਸਤਿਗੁਰੂ; ਬੋਲੇ ਮੁਖ ਤੇ ਸੁਣਹੁ ਸੰਸਾਰੀ।
ਕਲਿਜੁਗਿ ਪੀੜੀ ਸੋਢੀਆਂ; ਨਿਹਚਲ ਨੀਵ ਉਸਾਰਿ ਖਲਾਰੀ।
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥੪੮॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੮)
ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਭਾਈ ਪਿਰਾਣਾ ਜੀ, ਭਾਈ ਮੰਝ ਜੀ, ਭਾਈ ਬਿਧੀ ਚੰਦ ਜੀ ਤਥਾ ਸੁਹਿਰਦ ਸਿੱਖਾਂ ਨੇ ਗੁਰਬਾਣੀ ਦੀ ਇਨ੍ਹਾਂ ਬਚਨਾਂ ‘‘ਮੂਰਖ ਗੰਢੁ ਪਵੈ; ਮੁਹਿ ਮਾਰ ॥ (ਮਹਲਾ ੧/੧੪੩), ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥੨੦॥ (ਮਹਲਾ ੧/੧੪੧੨), ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ॥੧॥ (ਭਗਤ ਕਬੀਰ/੧੧੦੫), ਜਉ ਤਨੁ ਚੀਰਹਿ; ਅੰਗੁ ਨ ਮੋਰਉ ॥ ਪਿੰਡੁ ਪਰੈ; ਤਉ ਪ੍ਰੀਤਿ ਨ ਤੋਰਉ ॥’’ (ਭਗਤ ਕਬੀਰ/੪੮੪) ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਛੇਵੇਂ ਵਾਰਸ਼ ਥਾਪ ਦਿੱਤਾ। ਫਿਰ ਦੂਰ ਅੰਦੇਸ਼ੀ ਨਾਲ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਵੀ ਬਖ਼ਸ਼ ਦਿੱਤੀਆਂ :
ਦੋ ਤਲਵਾਰਾਂ ਬੱਧੀਆਂ; ਇੱਕ ਮੀਰੀ ਦੀ, ਇੱਕ ਪੀਰੀ ਦੀ।
ਇੱਕ ਅਜ਼ਮਤ ਦੀ, ਇੱਕ ਰਾਜ ਦੀ; ਜੋ ਰਾਖੀ ਕਰੇ ਵਜ਼ੀਰੀ ਦੀ। (ਭਾਈ ਨੱਥਾ ਮੱਲ ਜੀ ਸ਼ਾਹ ਅਬਦੁੱਲਾ ਜੀ)
ਕੁਝ ਲੋਕਾਂ ਅਤੇ ਕੁਝ ਨਾ ਸਮਝ ਸਿੱਖਾਂ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ’ਤੇ ਇਤਰਾਜ਼ ਵੀ ਕੀਤਾ ਸੀ। ਇਨ੍ਹਾਂ ਖੁਦਗਰਜ਼ਾਂ ਦੇ ਇਤਰਾਜ਼ ਕੀ ਸਨ ? ਉਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ :
ਧਰਮਸਾਲ ਕਰਿ ਬਹੀਦਾ; ਇਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹ ਘਰਿ ਆਵਦੇ; ਗੜਿ ਚੜਿਆ ਪਾਤਿਸਾਹ ਚੜਾਇਆ।
ਉਮਤਿ ਮਹਲੁ ਨ ਪਾਵਦੀ; ਨਠਾ ਫਿਰੈ, ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ; ਕੁਤੇ ਰਖਿ ਸਿਕਾਰੁ ਖਿਲਾਇਆ।
ਬਾਣੀ ਕਰਿ ਸੁਣਿ ਗਾਂਵਦਾ; ਕਥੈ ਨ ਸੁਣੈ ਨ ਗਾਵਿ ਸੁਣਾਇਆ।
ਸੇਵਕ ਪਾਸ ਨ ਰਖੀਅਨਿ; ਦੋਖੀ ਦੁਸਟ ਆਗੂ ਮੁਹਿ ਲਾਇਆ।
ਸਚੁ ਨ ਲੁਕੈ ਲੁਕਾਇਆ; ਚਰਣ ਕਵਲ ਸਿਖ ਭਵਰ ਲੁਭਾਇਆ।
ਅਜਰੁ ਜਰੈ; ਨ ਆਪੁ ਜਣਾਇਆ ॥੨੪॥ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੪)
ਅਧੂਰਾ ਗਿਆਨ ਅਤੇ ਖੁਦਗਰਜ਼ੀ; ਮਨੁੱਖ ਨੂੰ ਸੱਚ ਤੋਂ ਦੂਰ ਰੱਖਦੀ ਹੈ। ਐਸੇ ਲੋਕ ਹੀ ਹਮੇਸ਼ਾ ਧਰਮ ਵਿੱਚ ਖੜਦੁੰਬ (ਲੜਾਈ) ਮਚਾਉਂਦੇ ਹਨ। ਸੱਚ ਅਤੇ ਅਸਲ; ਇਨ੍ਹਾਂ ਨੂੰ ਪਤਾ ਨਹੀਂ ਹੁੰਦਾ। ਅਹੰਕਾਰ ਨੂੰ ਅੱਗੇ ਰੱਖਦੇ ਹਨ। ਗੁਰੂ ’ਤੇ ਵੀ ਇਤਰਾਜ਼ ਕਰਦੇ ਰਹਿੰਦੇ ਹਨ; ਜਿਵੇਂ ਕਿ
(1). ਪਹਿਲੇ ਗੁਰੂ ਤਾਂ ਧਰਮਸ਼ਾਲਾਂ ਬਣਾਉਂਦੇ ਸਨ। ਧਰਮਸ਼ਾਲ ਸਥਾਪਤ ਕਰਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਨੇ ਸ੍ਰੀ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ, ਗੁਰੂ ਰਾਮਦਾਸ ਜੀ ਨੇ ਚੱਕ ਗੁਰੂ ਰਾਮਦਾਸ (ਅੰਮ੍ਰਿਤਸਰ), ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਅਤੇ ਤਰਨ ਤਾਰਨ ਸਾਹਿਬ ਵਿਖੇ ਧਰਮਸ਼ਾਲਾਂ ਕਾਇਮ ਕੀਤੀਆਂ ਪਰ ਇਹ ‘‘ਇਕਤ ਥਾਉਂ ਨ ਟਿਕੈ ਟਿਕਾਇਆ।’’ ਭਾਵ ਇਹ ਗੁਰੂ ਹਰਿਗੋਬਿੰਦ ਤਾਂ ਇੱਕ ਥਾਂ ਟਿਕਦਾ ਹੀ ਨਹੀਂ ਹੈ। ਧਰਮਸ਼ਾਲ ਨਹੀਂ ਕਾਇਮ ਕਰਦਾ। ਧਰਮਸ਼ਾਲ ਬਣਾ ਗੁਰਬਾਣੀ ਦਾ ਪ੍ਰਚਾਰ ਹੀ ਨਹੀਂ ਕਰਦਾ ਹਾਲਾਂ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਧਰਮਸ਼ਾਲ ਬਣਾ ਗੁਰਮਤਿ ਪ੍ਰਚਾਰ ਦਾ ਕੇਂਦਰ ਕਾਇਮ ਕੀਤਾ ਹੈ, ਪਰ ਅਧੂਰਾ ਗਿਆਨ ਰੱਖਣ ਵਾਲੇ ਅਤੇ ਖੁਦਗਰਜ਼ ਹੰਕਾਰੀ ਲੋਕ ਫਿਰ ਵੀ ਇਤਰਾਜ਼ ਕਰਦੇ ਸਨ।
(2). ਦੂਸਰਾ ਇਤਰਾਜ਼ ਸੀ ਕਿ ਦੇਖੋ ਜੀ! ਪਹਿਲੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਬਾਦਿਸ਼ਾਹ ਸ਼ਰਧਾ ਨਾਲ ਆਉਂਦੇ ਸਨ; ਜਿਵੇਂ ਗੁਰੂ ਨਾਨਕ ਸਾਹਿਬ ਅੱਗੇ ਬਾਬਰ ਝੁਕਿਆ ਸੀ, ਗੁਰੂ ਅੰਗਦ ਸਾਹਿਬ ਅੱਗੇ ਹਮਾਯੂੰ ਝੁਕਿਆ ਸੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੇ ਦਰਬਾਰ ’ਚ ਅਕਬਰ ਬਾਦਿਸ਼ਾਹ ਸ਼ਰਧਾ ਨਾਲ ਆਇਆ ਸੀ ਤੇ ਗੁਰੂ ਅਰਜਨ ਸਾਹਿਬ ਕੋਲ ਤਾਂ ਜਹਾਂਗੀਰ ਵੀ ਆਇਆ ਸੀ, ਪਰ ‘‘ਗੜਿ ਚੜਿਆ ਪਾਤਿਸਾਹ ਚੜਾਇਆ।’’ ਭਾਵ ਇਹ ਗੁਰੂ ਹਰਿਗੋਬਿੰਦ ਤਾਂ ਬਾਦਿਸ਼ਾਹਾਂ ਦੇ ਕਿਲ੍ਹਿਆਂ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਇਸ ਕਰਕੇ ਜਹਾਂਗੀਰ ਨੇ ਇਸ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਕਰ ਲਿਆ ਹੈ। ਐਸੇ ਲੋਕ ਨਹੀਂ ਜਾਣਦੇ ਕਿ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਭੀ ਮਿੱਤਰਤਾ ਕਾਇਮ ਕੀਤੀ ਸੀ।
(3). ਤੀਸਰਾ ਇਤਰਾਜ਼ ਕਰਦੇ ਹਨ ਕਿ ਪਹਿਲੇ ਗੁਰੂ ਸਾਹਿਬਾਨ ਕੋਲ ਤਾਂ ਹਰ ਵੇਲੇ ਸੰਗਤਾਂ ਆਉਂਦੀਆਂ ਸਨ, ਸੰਗਤਾਂ ਜੁੜਦੀਆਂ ਸਨ, ਪਰ ਇਸ ਗੁਰੂ ਹਰਗੋਬਿੰਦ ਜੀ ਨੇ ਤਾਂ ਸੰਗਤਾਂ ਤੋੜ ਦਿੱਤੀਆਂ ਹਨ, ‘‘ਨਠਾ ਫਿਰੈ, ਨ ਡਰੈ ਡਰਾਇਆ।’’ ਭਾਵ ਇਹ ਗੁਰੂ ਤਾਂ ਦੌੜਿਆ ਭੱਜਿਆ ਰਹਿੰਦਾ ਹੈ, ਕਿਸੇ ਤੋਂ ਡਰਦਾ ਨਹੀਂ ਹੈ। ਕਿਸੇ ਬਾਦਿਸ਼ਾਹ ਦਾ ਵੀ ਡਰਾਇਆ ਨਹੀਂ ਡਰਦਾ।
(4). ਇਨ੍ਹਾਂ ਖੁਦਗਰਜ਼ਾਂ ਦਾ ਚੌਥਾ ਇਤਰਾਜ਼ ਹੈ ਕਿ ਪਹਿਲੇ ਗੁਰੂ ਸਾਹਿਬ ਤਾਂ ਮੰਜੀ ਗੁਰੂ ਦਰਬਾਰ ’ਚ ਸੁਸ਼ੋਭਿਤ ਕਰ ਸਤ-ਸੰਤੋਖ ਤੇ ਪ੍ਰੇਮ ਪਿਆਰ ਦਾ ਪ੍ਰਚਾਰ ਕਰਦੇ ਸਨ, ਪਰ ਇਹ ਤਾਂ ‘‘ਕੁਤੇ ਰਖਿ ਸਿਕਾਰੁ ਖਿਲਾਇਆ।’’ ਭਾਵ ਕੁੱਤੇ ਪਾਲ਼ ਲਏ ਹਨ। ਹਰ ਵੇਲੇ ਸ਼ਿਕਾਰ ਖੇਡਣ ’ਚ ਰਹਿੰਦੇ ਹਨ।
(5). ਪੰਜਵਾਂ ਇਤਰਾਜ਼ ਸੀ ਕਿ ਪਹਿਲੇ ਗੁਰੂ ਸਾਹਿਬ ਤਾਂ ਰੱਬੀ ਬਾਣੀ ਵਿਚਾਰਦੇ ਸਨ। ਬਾਣੀ ਆਪ ਗਾਉਂਦੇ ਸਨ। ਕੀਰਤਨ ਕਰਦੇ ਸਨ। ਰਬਾਬੀ ਕੀਰਤਨੀਆਂ ਕੋਲੋਂ ਬਾਣੀ ਸੁਣਦੇ ਭੀ ਸਨ, ਪਰ ਇਹ ਤਾਂ ‘‘ਕਥੈ ਨ ਸੁਣੈ ਨ ਗਾਵਿ ਸੁਣਾਇਆ।’’ ਭਾਵ ਇਹ ਤਾਂ ਨਾ ਬਾਣੀ ਉਚਾਰਦੇ ਹਨ। ਨਾ ਹੀ ਗੁਰਬਾਣੀ ਦਾ ਕੀਰਤਨ ਕਰਦੇ ਹਨ। ਨਾ ਹੀ ਗੁਰਬਾਣੀ ਦਾ ਕੀਰਤਨ ਸੁਣਦੇ ਹਨ। ਨਵੀਂ ਪ੍ਰੀਤ ਪਾ ਲਈ ਹੈ। ਕੀਰਤਨ ਦੀ ਥਾਂ ਢਾਡੀ ਵਾਰਾਂ ਆਰੰਭ ਕਰ ਰਹੀਆਂ ਹਨ।
(6). ਛੇਵਾਂ ਇਤਰਾਜ਼ ਸੀ ਕਿ ਪਹਿਲੇ ਗੁਰੂ ਸਾਹਿਬ ਕੋਲ ਤਾਂ ਹਰ ਵੇਲੇ ਸਿੱਖ ਸੇਵਕ ਰਹਿੰਦੇ ਸਨ; ਜਿਵੇਂ ਗੁਰੂ ਨਾਨਕ ਸਾਹਿਬ ਕੋਲ ਭਾਈ ਮਰਦਾਨਾ ਜੀ, ਭਾਈ ਤਾਰੂ ਪੋਪਟ ਜੀ, ਭਾਈ ਭਗੀਰਥ ਜੀ, ਭਾਈ ਦੌਲਤ ਖਾਂ ਲੋਦੀ, ਭਾਈ ਮੂਲਾ ਕੀੜ, ਇਤਿਆਦਿਕ। ਗੁਰੂ ਅੰਗਦ ਸਾਹਿਬ ਕੋਲ ਭਾਈ ਕੇਦਾਰੀ ਜੀ, ਭਾਈ ਮਾਲੂ ਸ਼ਾਹੀ, ਭਾਈ ਨਿਹੇਕਾਰੀ ਜੀ, ਭਾਈ ਨਾਰਾਇਣਾ ਜੀ, ਭਾਈ ਖਾਨੂ ਮਈਆ ਜੀ, ਆਦਿ। ਗੁਰੂ ਅਮਰਦਾਸ ਜੀ ਕੋਲ ਭਾਈ ਪਾਰੋ ਜੁਲਦਾ, ਭਾਈ ਅਮਰੂ ਜੀ, ਭਾਈ ਰਾਮੂ ਜੀ, ਭਾਈ ਮਹਿਤਾ ਜੀ, ਭਾਈ ਪਾਂਧਾ ਜੀ, ਆਦਿਕ ਸਨ। ਗੁਰੂ ਰਾਮਦਾਸ ਜੀ ਕੋਲ ਭਾਈ ਸਨਮੁਖ ਜੀ, ਭਾਈ ਮਾਣਕ ਚੰਦ, ਭਾਈ ਬਿਸਨਦਾਸ ਜੀ, ਭਾਈ ਭਾਰੂ ਦਾਸ ਜੀ, ਭਾਈ ਮਹਾਂ ਨੰਦ ਜੀ ਆਦਿਕ ਸਨ। ਗੁਰੂ ਅਰਜਨ ਸਾਹਿਬ ਜੀ ਕੋਲ ਭਾਈ ਬਹਿਲੋ ਜੀ, ਭਾਈ ਮੰਝ ਜੀ, ਭਾਈ ਗੁਰਦਾਸ ਜੀ, ਭਾਈ ਝਾਝੂ ਜੀ, ਭਾਈ ਮੁਕੰਦ ਜੀ, ਭਾਈ ਕੇਦਾਰਾ ਜੀ, ਆਦਿਕ ਸਨ, ਪਰ ਇਸ ਨੇ ਤਾਂ ‘‘ਦੋਖੀ ਦੁਸਟ ਆਗੂ ਮੁਹਿ ਲਾਇਆ।’’ ਭਾਵ ਦੁਸ਼ਟ ਬਿਧੀ ਚੰਦ, ਅਬਦੁਲ, ਢਾਡੀ ਨੱਥਾ ਮੱਲ, ਮੁਹਸਨਫਾਨੀ, ਭਾਈ ਬੱਲੂ ਨੂੰ ਕੋਲ ਰੱਖਿਆ ਹੈ ਜਦਕਿ ਇਹ ਸਾਰੇ ਯੋਧੇ ਸਨ। ਇਹ ਖੁਦਗਰਜ਼, ਹੰਕਾਰੀ ਅਤੇ ਅਧੂਰੇ ਗਿਆਨੀ ਐਸੇ ਇਤਰਾਜ਼ ਲੋਕਾਂ ਸਾਮ੍ਹਣੇ ਆਮ ਲਾਉਂਦੇ ਸਨ, ਗੁਰੂ ਸਾਹਿਬ ਕੋਲ ਨਹੀਂ ਆਖਦੇ ਸਨ। ਹੁਣ ਭਾਈ ਗੁਰਦਾਸ ਜੀ ਆਪਣੇ ਵੱਲੋਂ ਆਖਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਅਨੁਸਾਰ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹਨ, ਇਸ ਨਾਲ਼ ਨਿਰਮਲ ਪੰਥ ਦਾ ਸਿਧਾਂਤ ਨਹੀਂ ਬਦਲਿਆ। ਗੁਰੂ ਨਾਨਕ ਸਾਹਿਬ ਨੇ ਬਾਦਿਸ਼ਾਹਾਂ ਨੂੰ ਜਾਲਮ ਕਿਹਾ ਸੀ, ‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ੍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’’ (ਮਹਲਾ ੧/੧੨੮੮) ਇਸੇ ਨਿਰਮਲ ਪੰਥ ’ਤੇ ਚਲਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਵਹਾਅ ਨੂੰ ਹੋਰ ਤੇਜ਼ ਕੀਤਾ ਹੈ, ਇਸ ਸਚਾਈ ਤੋਂ ਨਿਰਮਲ ਪੰਥ ਦਾ ਗਿਆਨ ਰੱਖਣ ਵਾਲੇ ਕਿਸੇ ਭੁਲੇਖੇ ’ਚ ਨਹੀਂ ਪੈਂਦੇ, ‘‘ਚਰਣ ਕਵਲ ਸਿਖ ਭਵਰ ਲੁਭਾਇਆ।’’ ਭਾਵ ਗੁਰੂ ਦੇ ਸ਼ਬਦ ਰੂਪੀ ਚਰਨ; ਕਮਲ ਵਾਂਗ ਹਨ ਅਤੇ ਸਿੱਖ ਭਵਰੇ ਵਾਂਗ ਹਨ, ਜੋ ਹਰ ਵੇਲੇ ਸ਼ਬਦ ਗੁਰੂ ਨਾਲ ਲੁਭਿਤ ਰਹਿੰਦੇ ਹਨ। ਭਾਈ ਗੁਰਦਾਸ ਜੀ ਆਪਣੀ ਅਖੀਰਲੀ ਪੰਗਤੀ ’ਚ ਆਖਦੇ ਹਨ ਕਿ ਗੁਰੂ ਹਮੇਸ਼ਾ ਨਾ ਜਰੇ ਜਾਣ ਵਾਲੇ (ਚੁਗ਼ਲਖ਼ੋਰਾਂ) ਨੂੰ ਵੀ ਜਰਦਾ ਹੈ। ਗੁਰੂ ਮਹਾਨ ਸਹਿਨ ਸ਼ੀਲਤਾ ਵਾਲੇ ਹਨ। ਕਦੇ ਵੀ ਆਪਣੇ ਆਪ ਨੂੰ ਲੋਕਾਂ ’ਚ ਨਹੀਂ ਜਣਾਉਂਦੇ। ਸਦਾ ਗੰਭੀਰ ਰਹਿੰਦੇ ਹਨ। ਭਾਈ ਗੁਰਦਾਸ ਜੀ ਨੇ ਨਾ ਸਮਝ, ਖੁਦਗਰਜ਼ ਲੋਕਾਂ ਦੇ ਇਤਰਾਜ਼ਾਂ ਦਾ ਇੱਕ ਹੋਰ ਪਉੜੀ ’ਚ ਉੱਤਰ ਦਿੱਤਾ ਕਿ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਕਿਉਂ ਪਹਿਨੀਆਂ ਹਨ :
ਜਿਉ ਕਰਿ ਖੂਹਹੁ ਨਿਕਲੈ; ਗਲਿ ਬਧੇ ਪਾਣੀ। ਜਿਉ ਮਣਿ ਕਾਲੇ ਸਪ ਸਿਰਿ; ਹਸਿ ਦੇਇ ਨ ਜਾਣੀ।
ਜਾਣ ਕਥੂਰੀ ਮਿਰਗ ਤਨਿ; ਮਰਿ ਮੁਕੈ ਆਣੀ। ਤੇਲ ਤਿਲਹੁ ਕਿਉ ਨਿਕਲੈ; ਵਿਣੁ ਪੀੜੇ ਘਾਣੀ।
ਜਿਉ ਮੁਹੁ ਭੰਨੇ ਗਰੀ ਦੇ; ਨਲੀਏਰੁ ਨਿਸਾਣੀ।
ਬੇਮੁਖ ਲੋਹਾ ਸਾਧੀਐ; ਵਗਦੀ ਵਾਦਾਣੀ ॥੧੩॥ (ਵਾਰ ੩੪ ਪਉੜੀ ੧੩)
‘‘ਜਿਉ ਕਰਿ ਖੂਹਹੁ ਨਿਕਲੈ; ਗਲਿ ਬਧੇ ਪਾਣੀ।’’ ਤੋਂ ਭਾਵ ਖੂਹ ’ਤੇ ਘੜਾ ਅਤੇ ਰੱਸਾ ਪਿਆ ਹੋਵੇ। ਤੁਸੀਂ ਕਹੋ ਕਿ ਘੜਾ ਤੁਹਾਨੂੰ ਖੂਹ ਵਿੱਚੋਂ ਪਾਣੀ ਕੱਢ ਕੇ ਦੇਵੇਗਾ ਇਹ ਕਦੇ ਨਹੀਂ ਹੋਵੇਗਾ। ਪਾਣੀ ਦੀ ਪ੍ਰਾਪਤੀ ਵਾਸਤੇ ਘੜੇ ਦਾ ਗਲਾ ਰੱਸੇ ਨਾਲ ਬੰਨ੍ਹਣਾ ਪਵੇਗਾ ਫਿਰ ਰੱਸੇ ਨਾਲ ਬੰਨ੍ਹ ਕੇ ਘੜੇ ਨੂੰ ਖੂਹ ਵਿੱਚ ਵਰ੍ਹਾਉਣਾ ਪਵੇਗਾ, ਫਿਰ ਘੜੇ ਨੂੰ ਬਾਹਰ ਖਿੱਚਣਾ ਪਵੇਗਾ ਤਾਂ ਜਾ ਕੇ ਖੂਹ ਤੋਂ ਪਾਣੀ ਦੀ ਪ੍ਰਾਪਤੀ ਹੋਵੇਗੀ। ਸਿਰਫ ਘੜੇ ਜਾਂ ਖੂਹ ਅੱਗੇ ਹੱਥ ਜੋੜ ਕੇ ਮਿਨਤਾਂ ਤਰਲੇ ਕਰ ਕੇ ਪਾਣੀ ਦੀ ਪ੍ਰਾਪਤੀ ਨਹੀਂ ਹੋਵੇਗੀ। ਬਸ ਇਸੇ ਤਰ੍ਹਾਂ ਰਾਜ ਦੀ ਪ੍ਰਾਪਤੀ ਵਾਸਤੇ ਜਾਲਮ ਦਾ, ਬੇਮੁਖਾਂ ਦਾ ਗਲ਼ ਰੱਸੇ ਨਾਲ ਬੰਨ੍ਹਣਾ ਪਵੇਗਾ। ਜਾਲਮਾ ਅੱਗੇ ਲੁਕਣ ਨਾਲ ਸ਼ਾਂਤੀ ਨਹੀਂ ਬਣਦੀ। ਸਿਰਫ ਹੱਥ ਜੋੜਨ ਨਾਲ ਅਮਨ ਚੈਨ ਨਹੀਂ ਬਣਦਾ। ਹਿੰਮਤ ਨਾਲ ਇਨ੍ਹਾਂ ਨਾਲ ਜੂਝਣਾ ਪਵੇਗਾ ਅਤੇ ਜੂਝਣ ਵਾਸਤੇ ਸ਼ਸਤਰ ਚੁੱਕਣੇ ਪੈਣਗੇ, ‘ਸ਼ਸਤਰਨ ਕੇ ਅਧੀਨ ਹੈ ਰਾਜ। ਜੋ ਨਾ ਪਹਰੈ ਤਿਸ ਵਿਗਰਸ ਕਾਜ।’ (ਸਰਬਲੋਹ)
ਅੱਜ ਵੀ ਜਿਸ ਦੇਸ਼ ਕੋਲ ਆਧੁਨਿਕ ਹਥਿਆਰ ਹਨ, ਉਨ੍ਹਾਂ ਦਾ ਹੀ ਰਾਜ ਹੈ। ਸ਼ਸਤਰਾਂ ਤੋਂ ਬਗੈਰ ਤਾਂ ਮਨੁੱਖ ਭੇਡਾਂ ਦੀ ਤਰ੍ਹਾਂ ਹਨ :
ਬਿਨਾਂ ਸ਼ਸਤਰੰ ਕੇਸੰ ਨਰੰ ਭੇਡ ਜਾਨੋ। ਗਹੇ ਕਾਨ ਤਾ ਕੋ ਕਿਤੈ ਲੇ ਸਿਧਾਨੋ।
ਇਹੈ ਮੋਰ ਆਗਿਆ ਸੁਨੋ ਰੇ ਪਿਆਰੇ। ਬਿਨਾ ਤੇਗ ਕੇਸੰ ਦੇਵੋ ਨ ਦੀਦਾਰੇ। (ਰਹਿਤਨਾਮਾ)
ਭਾਈ ਗੁਰਦਾਸ ਜੀ ਆਖਦੇ ਹਨ ਕਿ ਇਸੇ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹਨ।
‘‘ਜਿਉ ਮਣਿ ਕਾਲੇ ਸਪ ਸਿਰਿ; ਹਸਿ ਦੇਇ ਨ ਜਾਣੀ।’’ ਤੋਂ ਭਾਵ ਹੈ ਕਿ ਸੱਪ ਦੇ ਸਿਰ ’ਤੇ ਕੀਮਤੀ ਮਣੀ ਹੁੰਦੀ ਹੈ। ਸੱਪ ਅੱਗੇ ਹੱਥ ਜੋੜੇ, ਆਖੋ ਕਿ ਨਾਗ ਦੇਵਤਾ ਜੀ! ਇਹ ਕੀਮਤੀ ਮਣੀ ਮੈਨੂੰ ਦੇ ਦੇਵੋ। ਸੱਪ ਮਣੀ ਨਹੀਂ ਦੇਵੇਗਾ। ਫੂੰਕਾਰੇ ਮਾਰੇਗਾ। ਮਣੀ ਦੀ ਪ੍ਰਾਪਤੀ ਵਾਸਤੇ ਸੱਪ ਦੀ ਸਿਰੀ ਨੂੰ ਫੇਹਣਾ ਪੈਂਦਾ ਹੈ। ਸੱਪ ਨੂੰ ਮਾਰਨਾ ਪੈਂਦਾ ਹੈ। ਫਿਰ ਮਣੀ ਦੀ ਪ੍ਰਾਪਤੀ ਹੁੰਦੀ ਹੈ। ਸੱਪ ਨੂੰ ਮਾਰਨ ਵਾਸਤੇ ਡੰਡਾ ਸੋਟਾ ਚਾਹੀਦਾ ਹੈ। ਖਾਲੀ ਹੱਥ ਸੱਪ ਨਹੀਂ ਮਰਦਾ। ਡੰਡਾ ਸੋਟਾ ਹੋਵੇ ਤੇ ਸੱਪ ਨੂੰ ਮਾਰਨ ਦੀ ਹਿੰਮਤ ਵੀ ਹੋਵੇ। ਇਸੇ ਤਰ੍ਹਾਂ ਰਾਜ ਦੀ ਪ੍ਰਾਪਤੀ ਵਾਸਤੇ ਤੇ ਸੁੱਖ-ਆਨੰਦ ਦੀ ਪ੍ਰਾਪਤੀ ਵਾਸਤੇ ਭੀ ਅੱਜ ਦੇ ਡੰਡੇ-ਸੋਟੇ ਦੀ ਲੋੜ ਹੈ। ਹਿੰਮਤ ਅਤੇ ਹਥਿਆਰਾਂ ਦੀ ਲੋੜ ਹੁੰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸੇ ਕਰਕੇ ਅਕਾਲ ਬੁੰਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਸਨ ਕਿ ਹੁਣ ਸਿੱਖ ਦਸਵੰਧ ਦੇ ਰੂਪ ’ਚ ਵਧੀਆ ਸ਼ਸਤਰ, ਵਧੀਆ ਘੋੜੇ, ਜਵਾਨੀਆਂ ਭੇਟ ਕਰਨ। ਤੁਸੀਂ ਦੇਖੋ! ਗੁਰੂ ਸਾਹਿਬ ਜੀ ਨੇ ਚਾਰ ਜੰਗ ਲੜੇ, ਚਾਰੇ ਹੀ ਜਿੱਤੇ; ਉਸ ਤੋਂ ਬਾਅਦ ਸ਼ਾਹਜਹਾਨ ਸਮੇਂ ਅਮਨ-ਸ਼ਾਂਤੀ ਸੁੱਖ ਚੈਨ ਬਣਿਆ। ਇਸੇ ਕਰਕੇ ਸ਼ਸਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਹਿਨੇ ਹਨ।
ਤੀਸਰੀ ਦਲੀਲ ਹੈ, ‘‘ਜਾਣ ਕਥੂਰੀ ਮਿਰਗ ਤਨਿ; ਮਰਿ ਮੁਕੈ ਆਣੀ।’’ ਭਾਵ ਹਿਰਨ ਦੇ ਸਰੀਰ ਅੰਦਰ, ਹਿਰਨ ਦੀ ਨਾਭੀ ’ਚ ਕਸਤੂਰੀ ਹੁੰਦੀ ਹੈ। ਜੋ ਬੜੀ ਖੂਸ਼ਬੂਦਾਰ ਤੇ ਕੀਮਤੀ ਹੁੰਦੀ ਹੈ। ਹਿਰਨ ਕੋਲੋਂ ਕਸਤੂਰੀ ਐਵੇਂ ਨਹੀਂ ਮਿਲ ਜਾਂਦੀ। ਹਿਰਨ ਦਾ ਸ਼ਿਕਾਰ ਕਰਨਾ ਪੈਂਦਾ ਹੈ। ਮਰਨ ਤੋਂ ਬਾਅਦ ਹੀ ਹਿਰਨ ਤੋਂ ਕਸਤੂਰੀ ਦੀ ਪ੍ਰਾਪਤੀ ਹੁੰਦੀ ਹੈ। ਹਿਰਨ ਦੇ ਸ਼ਿਕਾਰ ਵਾਸਤੇ ਕੁੱਤੇ ਵਗੈਰਾ ਚਾਹੀਦੇ ਹਨ, ਜੋ ਹਿਰਨ ਦੇ ਬਰਾਬਰ ਦੌੜ ਸਕਣ। ਬਸ ਇਸੇ ਕਾਰਨ ‘‘ਕੁਤੇ ਰਖਿ ਸਿਕਾਰੁ ਖਿਲਾਇਆ।’’ ਗਿਆ। ਕਸਤੂਰੀ ਦੀ ਮਹਿਕ ਵਾਸਤੇ, ਆਨੰਦ ਸੁੱਖ ਵਾਸਤੇ ਹੀ ਗੁਰੂ ਸਾਹਿਬ ਨੇ ਵਧੀਆ ਸ਼ਸਤਰ, ਵਧੀਆ ਘੋੜੇ, ਸੂਰਬੀਰ ਰੱਖੇ ਹਨ।
ਚੌਥੀ ਦਲੀਲ ਦਿੱਤੀ ਹੈ, ‘‘ਤੇਲ ਤਿਲਹੁ ਕਿਉ ਨਿਕਲੈ; ਵਿਣੁ ਪੀੜੇ ਘਾਣੀ।’’ ਭਾਵ ਤਿਲਾਂ ’ਚੋਂ ਤੇਲ ਦੀ ਪ੍ਰਾਪਤੀ ਵਾਸਤੇ ਤਿਲਾਂ ਨੂੰ ਕੋਹਲੂ ਅੰਦਰ ਪੀੜਨਾ ਪੈਂਦਾ ਹੈ। ਉਨ੍ਹਾਂ ਨੂੰ ਕੋਹਲੂ ਵਿੱਚ ਪੀੜਨ ਤੋਂ ਬਿਨਾਂ ਤੇਲ ਨਹੀਂ ਮਿਲਦਾ। ਜਾਲਮਾਂ ਨੂੰ ਜ਼ੁਲਮ ਤੋਂ ਹਟਾਉਣ ਲਈ ਪੀੜਨਾ ਪੈਂਦਾ ਹੈ ਤਾਂ ਹੀ ਸੁੱਖ ਅਨੰਦ ਰੂਪ ਤੇਲ ਮਿਲਦਾ ਹੈ। ਫਿਰ ਹੀ ਰਾਜ ਭਾਗ ਮਿਲਦਾ ਹੈ।
ਪੰਜਵੀਂ ਦਲੀਲ ਦਿੱਤੀ ਹੈ, ‘‘ਜਿਉ ਮੁਹੁ ਭੰਨੇ ਗਰੀ ਦੇ; ਨਲੀਏਰੁ ਨਿਸਾਣੀ।’’ ਨਾਰੀਅਲ ਖੋਪੇ ਅੰਦਰ ਗਿਰੀ ਹੁੰਦੀ ਹੈ। ਨਾਰੀਅਲ ਬਹੁਤ ਸਖ਼ਤ (ਕਠੋਰ) ਹੁੰਦਾ ਹੈ। ਕੋਈ ਚਾਹੇ ਕਿ ਹੱਥਾਂ ਨਾਲ ਹੀ ਨਾਰੀਅਲ ਨੂੰ ਭੰਨ ਕੇ ਗਿਰੀ ਦੀ ਪ੍ਰਾਪਤੀ ਹੋ ਜਾਵੇ, ਇਹ ਸੰਭਵ ਨਹੀਂ। ਉਸ ਨੂੰ ਹਥੋੜੇ ਨਾਲ ਭੰਨਣਾ ਪੈਂਦਾ ਹੈ। ਉਸ ਦਾ ਮੂੰਹ ਭੰਨਣਾ ਪੈਂਦਾ ਹੈ, ਫਿਰ ਗਿਰੀ ਮਿਲਦੀ ਹੈ। ਇਸੇ ਤਰ੍ਹਾਂ ਜਾਲਮਾਂ ਦਾ ਮੂੰਹ ਭੰਨਣਾ ਪੈਂਦਾ ਹੈ ਫਿਰ ਸੁੱਖ-ਅਨੰਦ ਤੇ ਅਮਨ-ਸ਼ਾਂਤੀ ਰੂਪ ਗਿਰੀ ਮਿਲਦੀ ਹੈ। ਮੂੰਹ ਭੰਨਣ ਵਾਸਤੇ ਸ਼ਸਤਰਾਂ ਦੀ ਲੋੜ ਹੁੰਦੀ ਹੈ। ਇਸੇ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਦੋ ਸ਼ਸਤਰ ਰੱਖੇ ਹਨ।
ਅਖੀਰ ’ਚ ਭਾਈ ਗੁਰਦਾਸ ਜੀ ਆਖਦੇ ਹਨ, ‘‘ਬੇਮੁਖ ਲੋਹਾ ਸਾਧੀਐ; ਵਗਦੀ ਵਾਦਾਣੀ ॥੧੩॥’’ ਭਾਵ ਜਾਲਮ ਅਤੇ ਬੇਮੁਖ ਲੋਕ; ਲੋਹੇ ਵਾਂਗ ਕਠੋਰ ਹੁੰਦੇ ਹਨ। ਕਠੋਰ ਨਿਰਦਈ ਲੋਕ ਹੀ ਜੁਲਮ ਕਰਦੇ ਹਨ। ਇਨ੍ਹਾਂ ਜਾਲਮਾਂ ਨੂੰ ਸੋਧਣ ਵਾਸਤੇ ਹਥੌੜਿਆਂ (ਵਾਦਾਣੀ) ਦੀ ਲੋੜ ਪੈਂਦੀ ਹੈ। ਲੋਹੇ ਨੂੰ ਸਾਧਣ ਵਾਸਤੇ ਹਥੌੜੇ ਦੀ ਲੋੜ ਪੈਂਦੀ ਹੈ। ਬਸ ਇਨ੍ਹਾਂ ਮੁਗਲ ਅਤੇ ਪਹਾੜੀਆਂ ਨੂੰ ਸੋਧਣ ਵਾਸਤੇ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹਨ ਤਾਂ ਕਿ ਸੁੱਖ-ਸ਼ਾਂਤੀ, ਅਮਨ-ਚੈਨ ਬਣਿਆ ਰਹੇ ਅਤੇ ਬਣਿਆ ਵੀ ਸੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਰਮਲ ਪੰਥ ਦੇ ਆਧਾਰ ’ਤੇ ਹੀ ਮੀਰੀ-ਪੀਰੀ ਦਾ ਸੰਕਲਪ ਬਖਸ਼ਿਆ। ਗੁਰੂ ਸਾਹਿਬ ਨੇ ਜੂਨ 1608 ਈ. ਨੂੰ ਸ੍ਰੀ ਦਰਬਾਰ ਸਾਹਿਬ ਦੇ ਸਨਮੁੱਖ ਸ਼੍ਰੀ ਅਕਾਲ ਬੁੰਗੇ (ਹੁਣ ਅਕਾਲ ਤਖਤ ਸਾਹਿਬ) ਜੀ ਦੀ ਸਥਾਪਨਾ ਕੀਤੀ। ਕਿਸੇ ਮਜ਼ਦੂਰ ਨੂੰ ਨਾ ਲਾਇਆ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ, ਭਾਈ ਪਰਾਗਾ ਜੀ, ਭਾਈ ਲੰਗਾਹ ਜੀ, ਭਾਈ ਜੇਠਾ ਜੀ, ਆਦਿ ਨੇ ਆਪ ਸ੍ਰੀ ਅਕਾਲ ਬੁੰਗੇ ਦੀ ਉਸਾਰੀ ਕੀਤੀ। ਜੋ ਇੱਕ ਥੜੇ ਦੇ ਰੂਪ ਵਿੱਚ ਸੀ। ਇਸ ਥੜਾ ਸਾਹਿਬ ’ਤੇ ਬਿਰਾਜ ਹੋ ਕੇ ਗੁਰੂ ਸਾਹਿਬ; ਸਿੱਖਾਂ ਨੂੰ ਮੁਖ਼ਾਤਬ ਹੁੰਦੇ ਸਨ। ਮੀਰੀ-ਪੀਰੀ ਦਾ ਸੰਕਲਪ; ਗੁਰੂ ਗ੍ਰੰਥ ਸਾਹਿਬ ਅੰਦਰ ਬਿਆਨਿਆ ਹੈ। ਭਗਤ ਕਬੀਰ ਜੀ ਨੇ ਭੀ ਰਾਗ ਮਾਰੂ ’ਚ ਮੀਰੀ-ਪੀਰੀ ਸਿਧਾਂਤ ਬਾਰੇ ਇਉਂ ਬਚਨ ਕੀਤੇ ਹਨ :
ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥੨॥੨॥’’ (ਭਗਤ ਕਬੀਰ/੧੧੦੫)
ਇਹ ਸ਼ਬਦ; ਸੰਤ-ਸਿਪਾਹੀ, ਭਗਤੀ-ਅਨੰਦ ਤੇ ਮੀਰੀ-ਪੀਰੀ ਨੂੰ ਬਿਆਨ ਕਰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਨੇ 38 ਸਾਲ ਨਾਨਕ-ਜੋਤਿ (ਗੁਰਿਆਈ) ’ਤੇ ਰਹਿ ਕੇ ਜੋਤਿ ਅਤੇ ਜੁਗਤਿ ਦਾ ਸਿਧਾਂਤ ਬਰਕਰਾਰ ਰੱਖਿਆ। ਇੱਕ ਰਤੀ ਭਰ ਵੀ ਸਿਧਾਂਤ ਨਾ ਬਦਲਿਆ। ਆਪ ਜਨਵਰੀ 1613 ਈ. ਤੋਂ ਲੈ ਕੇ 26 ਅਕਤੂਬਰ 1618 ਈ. ਤੱਕ 6 ਸਾਲ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹੇ। ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਪਹਾੜੀ ਰਾਜੇ ਰਿਹਾਅ ਵੀ ਕਰਵਾਏ ਸਨ। ਗੁਰੂ ਨਾਨਕ ਸਾਹਿਬ ਜੀ ਭੀ ਬਾਬਰ ਦੇ ਹੁਕਮ ਨਾਲ ਲਾਹੌਰ ਦੀ ਜੇਲ੍ਹ ’ਚ ਰਹੇ ਅਤੇ ਲਾਹੌਰ ਜੇਲ੍ਹ ਦੇ ਸਾਰੇ ਸਿਆਸੀ ਰਾਜਿਆਂ ਦੀ ਰਿਹਾਈ ਕਰਵਾਈ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਚੱਲਦੇ ਨਿਰਮਲ ਪੰਥ ਦੇ ਸਿਧਾਂਤ ਨਿਭਾਏ; ਜਿਵੇਂ ਗੁਰੂ ਨਾਨਕ ਸਾਹਿਬ ਜੀ ਅੱਗੇ ਬਾਬਰ ਝੁਕਿਆ ਸੀ; ਓਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਜਹਾਂਗੀਰ ਝੁਕਿਆ ਸੀ, ਸਿਧਾਂਤ ਬਦਲਿਆ ਨਹੀਂ ਹੈ। ਨਿਰਮਲ ਪੰਥ ਦੀ ਸੇਵਾ ਨਿਭਾਉਂਦੇ ਹੋਏ ਆਪ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ 7ਵੇਂ ਵਾਰਸ਼ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਮਹਾਨ ਸਪੂਤ ਗੁਰੂ ਹਰਿਰਾਇ ਸਾਹਿਬ ਜੀ ਨੂੰ ਸੌਂਪ ਕੇ ਆਪ 3 ਮਾਰਚ 1644 ਈ. ਨੂੰ ਜੋਤੀ-ਜੋਤਿ ਸਮਾ ਗਏ। ਇਹ ਜ਼ਿਕਰ ਬਚਿੱਤਰ ਨਾਟਕ ’ਚ ਭੀ ਆਇਆ ਹੈ :
ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ ॥
ਹਰੀ ਰਾਇ ਤਿਹ ਠਾਂ ਬੈਠਾਰੇ ..॥੧੨॥ (ਬਚਿਤ੍ਰ ਨਾਟਕ)
ਗੁਰੂ ਹਰਿਰਾਇ ਸਾਹਿਬ ਜੀ :- ਗੁਰੂ ਹਰਿਰਾਇ ਸਾਹਿਬ ਜੀ ਦਾ ਆਗਮਨ ਸੰਨ 16 ਜਨਵਰੀ 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ (ਅਨੰਤੀ) ਕਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ। 8 ਸਾਲ ਦੀ ਉਮਰ ਸੀ ਕਿ ਪਿਤਾ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰ ਗਏ। ਇਸ ਲਈ ਆਪ ਜੀ ਦਾ ਜ਼ਿਆਦਾ ਸਮਾਂ; ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੰਗਤ ਵਿੱਚ ਬੀਤਿਆ। 13 ਸਾਲ ਦੀ ਉਮਰ ’ਚ ਆਪ ਜੀ ਨੇ ਸੰਸਕ੍ਰਿਤ, ਫਾਰਸੀ ਤੇ ਸ਼ਸਤਰ ਵਿਦਿਆ ਪ੍ਰਾਪਤ ਕਰ ਲਈ ਸੀ। ਬਚਪਨ ’ਚ ਹੀ ਆਪ ਸੂਝ-ਬੂਝ ਵਾਲੇ ਜਰਨੈਲ, ਮਿਠ-ਬੋਲੜੇ, ਨਿਮਰਤਾ-ਸਹਜ, ਕੋਮਲ-ਜੀਵਨ ਵਾਲੇ ਸਨ। ਇੱਕ ਦਿਨ ਆਪ ਬਾਗ ਵਿੱਚ ਟਹਿਲ ਰਹੇ ਸਨ। ਆਪ ਦੇ ਚੋਲੇ ਨਾਲ ਲੱਕ ਕੇ ਕੁੱਝ ਕਲੀਆਂ ਟੁੱਟ ਗਈਆਂ ਸਨ। ਕੋਮਲ ਹਿਰਦੇ ਵਾਲੇ ਹੋਣ ਕਰਕੇ ਕਲੀਆਂ ਟੁੱਟੀਆਂ ਦੇਖ ਕੇ ਉਦਾਸ ਹੋ ਗਏ। ਦਾਦਾ ਗੁਰੂ ਹਰਿਗੋਬਿੰਦ ਸਾਹਿਬ ਨੇ ਬਚਨ ਕੀਤੇ ਕਿ ਟੁੱਟੀਆਂ ਕਲੀਆਂ ਤਾਂ ਮੁੜ ਬੂਟੇ ਨਾਲ ਨਹੀਂ ਜੁੜਨਗੀਆਂ। ਅੱਗੇ ਤੋਂ ਸੰਭਲ਼ ਕੇ ਚੱਲਣਾ, ਜਿੰਨਾ ਵੱਡਾ ਚੋਲਾ ਪਾਈਏ ਉਨੀ ਵੱਡੀ ਜ਼ਿੰਮੇਵਾਰੀ ਵੀ ਸੰਭਾਲਣੀ ਹੁੰਦੀ ਹੈ। ਗੁਰੂ ਦਾਦਾ ਜੀ ਦੀ ਇਹ ਸਿੱਖਿਆ ਹਰਿਰਾਇ ਸਾਹਿਬ ਨੇ ਜ਼ਿੰਦਗੀ ਭਰ ਨਿਭਾਈ। ਅੱਜ ਹਾਲਾਤ ਉਲ਼ਟ ਹਨ। ਕਲੀਆਂ ਟੁੱਟਣ ਦੀਆਂ ਗੱਲਾਂ ਤਾਂ ਇੱਕ ਪਾਸੇ ਰਹੀਆਂ, ਚੋਲਿਆਂ ਵਾਲੇ, ਧਾਰਮਿਕ ਲਿਬਾਸ ਵਾਲੇ ਤਾਂ ਲੋਕਾਂ ਦੇ ਦਿਲ ਟੁੱਟਣ ਦੀ ਵੀ ਪਰਵਾਹ ਨਹੀਂ ਕਰਦੇ। ਇਹ ਕੱਟੜ ਪੰਥੀ; ਗੁਰਮਤਿ ਪ੍ਰਚਾਰਕਾਂ ਦੀ ਬੇਇੱਜ਼ਤੀ ਕਰਨ ’ਚ ਫ਼ਕਰ ਮਹਿਸੂਸ ਕਰਦੇ ਹਨ। ਭਾਈ ਨੰਦ ਲਾਲ ਜੀ ਦੇ ਜ਼ਿੰਦਗੀ ਨਾਮਾ ਵਿੱਚ ਬਚਨ ਬੜੇ ਕੀਮਤੀ ਹਨ :
ਸ਼ਰਮ ਕੁਨ, ਹਾਣ ਸ਼ਰਮ ਕੁਨ; ਹਾਣ ਸ਼ਰਮ ਕੁਨ।
ਈਣ ਦਿਲਿ ਚੂੰ ਸੰਗਿ, ਖ਼ੁਦ ਰਾ ਨਰਮ ਕੁਨ ।੪੯। (ਭਾਈ ਨੰਦ ਲਾਲ ਗੋਇਆ)
ਸ਼ਰਮ ਕਰ ਤੂੰ ਸ਼ਰਮ ਕਰ ਤੂੰ ਸ਼ਰਮ ਕਰ।
ਆਪਣੇ ਪੱਥਰ ਦਿਲ ਨੂੰ ਤੂੰ ਵੀ ਨਰਮ ਕਰ। (ਡਾਕਟਰ ਗੁਰਦੇਵ ਸਿੰਘ ਪੰਕੋ )
ਗੁਰੂ ਹਰਿਰਾਏ ਸਾਹਿਬ; ਅਕਸਰ ਸੰਗਤਾਂ ਨੂੰ ਬਚਨ ਕਰਿਆ ਕਰਦੇ ਸਨ ਕਿ ਫੁੱਲਾਂ ਵਿੱਚ ਵੀ ਜਿੰਦ ਹੁੰਦੀ ਹੈ। ਇਨ੍ਹਾਂ ਨੂੰ ਤੋੜਨ ਦੀ ਥਾਂ ਇਨ੍ਹਾਂ ਦੀ ਖੂਬਸੂਰਤੀ ਅਤੇ ਮਹਿਕ ’ਚ ਵਾਹਿਗੁਰੂ ਨੂੰ ਅਨੁਭਵ ਕਰਨਾ ਚਾਹੀਦਾ ਹੈ। ਗੁਰੂ ਹਰਿਰਾਇ ਸਾਹਿਬ; ਅਕਸਰ ਹੀ ਕਬੀਰ ਸਾਹਿਬ ਜੀ ਦਾ ਸ਼ਬਦ ਗਾਇਆ ਕਰਦੇ ਸਨ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ਬ੍ਰਹਮੁ ਪਾਤੀ; ਬਿਸਨੁ ਡਾਰੀ; ਫੂਲ ਸੰਕਰਦੇਉ ॥ ਤੀਨਿ ਦੇਵ ਪ੍ਰਤਖਿ ਤੋਰਹਿ; ਕਰਹਿ ਕਿਸ ਕੀ ਸੇਉ ॥੨॥ ਪਾਖਾਨ ਗਢਿ ਕੈ ਮੂਰਤਿ ਕੀਨ੍ਹੀ; ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ; ਤਉ ਗੜ੍ਹਣਹਾਰੇ ਖਾਉ ॥੩॥ ਭਾਤੁ ਪਹਿਤਿ ਅਰੁ ਲਾਪਸੀ; ਕਰਕਰਾ ਕਾਸਾਰੁ ॥ ਭੋਗਨਹਾਰੇ ਭੋਗਿਆ; ਇਸੁ ਮੂਰਤਿ ਕੇ ਮੁਖ ਛਾਰੁ ॥੪॥ ਮਾਲਿਨਿ ਭੂਲੀ; ਜਗੁ ਭੁਲਾਨਾ; ਹਮ ਭੁਲਾਨੇ ਨਾਹਿ ॥ ਕਹੁ ਕਬੀਰ ! ਹਮ ਰਾਮ ਰਾਖੇ; ਕ੍ਰਿਪਾ ਕਰਿ ਹਰਿਰਾਇ !॥੫॥’’ (ਭਗਤ ਕਬੀਰ/੪੭੯) ਭਾਵ ਲੋਕ; ਮੂਰਤੀਆਂ ਅੱਗੇ ਚੜ੍ਹਾਉਣ ਲਈ ਫੁੱਲ ਪੱਤੀਆਂ ਤੋੜਦੇ ਹਨ। ਉਹ ਨਾਸਮਝ ਇਹ ਨਹੀਂ ਜਾਣਦੇ ਕਿ ਹਰੇਕ ਫੁੱਲ ਪੱਤੀ ’ਚ ਜਿੰਦ ਹੈ ਜਦਕਿ ਜਿਸ ਪੱਥਰ ਦੀ ਮੂਰਤੀ ਵਾਸਤੇ ਫੁੱਲ ਪੱਤੀਆਂ ਤੋੜਦੇ ਹਨ, ਉਹ ਪੱਥਰ-ਮੂਰਤੀਆਂ ਤਾਂ ਨਿਰਜਿੰਦ ਹਨ। ਇਸ ਅਗਿਆਨਤਾ ਕਰਕੇ ਲੋਕ ਕੁਰਾਹੇ ਪਏ ਹਨ ਕਿਉਂਕਿ ਅਕਾਲ ਪੁਰਖ ਸਤਿਗੁਰ ਤਾਂ ਪ੍ਰਕਾਸ਼ ਰੂਪ ਹੈ, ਨਾ ਕਿ ਨਿਰਜਿੰਦ ਪੱਥਰ। ਗੁਰੂ ਸਾਹਿਬ ਜੀ ਦੇ ਜੀਵਨ ਦੀ ਇਹ ਕਥਾ ਹਰ ਇਨਸਾਨ ਲਈ ਚਾਨਣ ਮੁਨਾਰਾ ਹੈ।
6 ਅਕਤੂਬਰ 1661 ਈ. ਨੂੰ ਗੁਰੂ ਹਰਿਰਾਇ ਜੀ ਜੋਤੀ-ਜੋਤਿ ਸਮਾ ਗਏ। ਆਪ ਤਕਰੀਬਨ 14 ਸਾਲ ਦੀ ਉਮਰ ’ਚ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ਼ ਬਣੇ। ਕੀਰਤਪੁਰ ਸਾਹਿਬ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ। ਇੱਥੇ ਬਹੁਤ ਕੀਮਤੀ ਬਾਗ ਲਗਾਇਆ, ਜਿਸ ਵਿੱਚ ਫਲ-ਫੁੱਲ, ਜੜੀ-ਬੂਟੀਆਂ ਲਗਾਈਆਂ। ਜੋ ਦਵਾਈਆਂ ’ਚ ਵਰਤੀਆਂ ਜਾਂਦੀਆਂ ਸਨ। ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ’ਚ ਸਿਆਣੇ ਵੈਦ ਰੱਖੇ ਹੋਏ ਸਨ। ਸ਼ਾਹਜਹਾਨ ਦੇ ਵੱਡੇ ਪੁੱਤਰ ਦਾਰਾ ਸਿਕੋਹ ਨੂੰ ਔਰੰਗਜ਼ੇਬ ਨੇ ਧੋਖੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਖਾਣੇ ’ਚ ਪਾ ਕੇ ਦੇ ਦਿੱਤਾ ਸੀ। ਦਾਰਾ ਸਿਕੋਹ ਕਿੱਧਰੋਂ ਵੀ ਤੰਦਰੁਸਤ ਨਾ ਹੋਇਆ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਦੋਂ ਦਾਰਾ ਸਿਕੋਹ ਕੀਰਤਪੁਰ ਆਇਆ ਤਾਂ ਆਪਣੀ ਬਿਮਾਰੀ ਦਾ ਖੁਲਾਸਾ ਕੀਤਾ। ਗੁਰੂ ਸਾਹਿਬ ਨੇ ਐਸਾ ਦਾਰੂ ਦਿੱਤਾ ਕਿ ਦਸਤਾਂ ਰਾਹੀਂ ਉਹ ਸ਼ੇਰ ਦੀ ਮੁੱਛ ਦਾ ਵਾਲ ਨਿਕਲ ਗਿਆ। ਦਾਰਾ ਸਿਕੋਹ ਤੰਦਰੁਸਤ ਹੋ ਗਿਆ। ਗੁਰੂ ਸਾਹਿਬ ਮਸੰਦਾਂ ਤੇ ਮੰਜੀਦਾਰਾਂ ਦਾ ਬਹੁਤ ਸਤਿਕਾਰ ਕਰਦੇ ਸਨ। ਅਕਸਰ ਕਿਹਾ ਕਰਦੇ ਸਨ, ‘‘ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ; ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥ ਮੇਰੈ ਮਨਿ; ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ; ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥ ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ; ਸੋ ਭਾਈ, ਸੋ ਮੇਰਾ ਬੀਰ ॥੨॥ ਮਿਲੁ ਮਿਲੁ ਸਖੀ, ਗੁਣ ਕਹੁ ਮੇਰੇ ਪ੍ਰਭ ਕੇ; ਲੇ ਸਤਿਗੁਰ ਕੀ ਮਤਿ ਧੀਰ ॥੩॥ ਜਨ ਨਾਨਕ ਕੀ ਹਰਿ ਆਸ ਪੁਜਾਵਹੁ; ਹਰਿ ਦਰਸਨਿ, ਸਾਂਤਿ ਸਰੀਰ ॥੪॥ (ਮਹਲਾ ੪/੮੬੨), ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ; ਹਉ ਤਿਸੁ ਪਹਿ ਆਪੁ ਵੇਚਾਈ ॥ (ਮਹਲਾ ੪/੭੫੭), ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥ ਚਰਨ ਗਹਉ ਬਕਉ ਸੁਭ ਰਸਨਾ; ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥’’ (ਮਹਲਾ ੫/੭੦੧)
ਅੱਜ ਤਾਂ ਸੰਤ; ਸੰਤਾਂ ਦੇ ਵਿਰੁੱਧ, ਜੱਥੇਦਾਰ; ਜਥੇਦਾਰਾਂ ਦੇ ਵਿਰੁੱਧ, ਗੁਰਦੁਆਰਾ ਪ੍ਰਬੰਧਕ ਕਮੇਟੀਆਂ; ਦੂਸਰੇ ਪ੍ਰਬੰਧਕਾਂ ਦੇ ਵਿਰੁੱਧ, ਪ੍ਰਚਾਰਕ; ਪ੍ਰਚਾਰਕਾਂ ਦੇ ਵਿਰੁੱਧ ਫੜਾਸ ਕੱਢ ਰਹੇ ਹਨ। ਸਾਨੂੰ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ ਤੋਂ ਤੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਗੁਰੂ ਹਰਿਰਾਇ ਸਾਹਿਬ ਜੀ ਦਾ ਅਨੰਦ ਕਾਰਜ 14 ਜਨਵਰੀ 1640 ਈ. ਨੂੰ ਭਾਈ ਦਇਆ ਰਾਮ ਜੀ ਦੀ ਬੇਟੀ ਸੁਲੱਖਣੀ ਜੀ ਨਾਲ 10 ਸਾਲ 1 ਮਹੀਨੇ ਦੀ ਉਮਰ ਵਿੱਚ ਹੋਇਆ। ਜਦੋਂ ਗੁਰੂ ਹਰਿਰਾਇ ਸਾਹਿਬ ਜੀ ਦੀ ਉਮਰ 14 ਸਾਲ 2 ਮਹੀਨੇ 13 ਦਿਨ ਦੀ ਸੀ ਤਾਂ ਗੁਰੂ ਹਰਿ ਗੋਬਿੰਦ ਸਾਹਿਬ ਜੀ 3 ਮਾਰਚ 1644 ਈ. ਨੂੰ ਜੋਤੀ ਜੋਤਿ ਸਮਾ ਗਏ, ਜੋ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਬਖ਼ਸ਼ ਗਏ। ਗੁਰੂ ਹਰਿਰਾਇ ਸਾਹਿਬ ਜੀ ਨੂੰ 2200 ਘੋੜ ਸਵਾਰ, ਪੈਦਲ ਫ਼ੌਜ ਵੀ ਸੰਭਾਲ ਗਏ ਸਨ। ਗੁਰੂ ਸਾਹਿਬ ਜੀ ਕੋਲ ਇੰਨ੍ਹੀ ਵੱਡੀ ਫ਼ੌਜ ਸ਼ਕਤੀ ਸੀ, ਪਰ ਕਦੇ ਵੀ ਆਪ ਨੇ ਦਿਖਾਵਾ ਨਹੀਂ ਸੀ ਕੀਤਾ। ਧਰਮ ਦੀ ਇਹ ਬਹੁਤ ਵੱਡੀ ਨਿਸ਼ਾਨੀ ਹੈ, ਜੋ ਸ਼ਕਤੀ-ਬਲ ਹੁੰਦਿਆਂ ਵੀ ਸਹਿਜ ਵਿੱਚ ਰਹੇ। ਫ਼ੁਰਮਾਨ ਹੈ, ‘‘ਮਤਿ ਹੋਦੀ ਹੋਇ ਇਆਣਾ ॥ ਤਾਣ ਹੋਦੇ; ਹੋਇ ਨਿਤਾਣਾ ॥ ਅਣਹੋਦੇ ਆਪੁ ਵੰਡਾਏ ॥ ਕੋ ਐਸਾ ਭਗਤੁ ਸਦਾਏ ॥੧੨੮॥’’ (ਭਗਤ ਫਰੀਦ/੧੩੮੪) ਭਾਵ ਮੱਤ ਉੱਚੀ ਹੋਵੇ, ਪਰ ਮਨ ਨੀਵਾਂ ਰਹੇ। ਤਾਣ, ਬਲ-ਸ਼ਕਤੀ ਹੋਵੇ, ਪਰ ਨਾਲ ਨਿਮਰਤਾ ਰਹੇ। ਵੰਡ ਛਕਣ ਦਾ ਸੁਭਾਅ ਹੋਵੇ, ਤਾਂ ਹੀ ਅਸਲ ’ਚ ਇਨਸਾਨ ਧਰਮੀ ਕਮਾਈਦਾ ਹੈ। ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਬਾਬਾ ਰਾਮਰਾਇ ਜੀ, ਬੀਬੀ ਰੂਪ ਕੌਰ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ ਸੰਤਾਨ ਸਨ। ਜਦੋਂ ਔਰੰਗਜੇਬ ਨੂੰ ਪਤਾ ਲੱਗਾ ਕਿ ਗੁਰੂ ਹਰਿਰਾਇ ਜੀ ਨੇ ਭਰਾ ਦਾਰਾ ਸਿਕੋਹ ਦੀ ਮਦਦ ਕੀਤੀ ਤਾਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਆਪਣੇ ਦਰਬਾਰ ’ਚ ਪੇਸ਼ ਹੋਣ ਲਈ ਕਿਹਾ। ਗੁਰੂ ਸਾਹਿਬ ਬਹੁਤ ਦੂਰ ਅੰਦੇਸ਼ੀ ਸਨ। ਉਨ੍ਹਾਂ ਨੇ ਆਪਣੇ ਵੱਡੇ ਸਪੁੱਤਰ ਬਾਬਾ ਰਾਮਰਾਇ ਨੂੰ ਦਿੱਲੀ ਭੇਜਿਆ। ਬਾਬਾ ਰਾਮਰਾਇ ਬਹੁਤ ਵਿਦਵਾਨ ਸਨ। ਉਨ੍ਹਾਂ ਨੇ ਔਰੰਗਜ਼ੇਬ ਦੇ 72 ਸਵਾਲਾਂ ਦੇ ਜਵਾਬ ਬੜੇ ਕਰਾਮਾਤੀ ਢੰਗ ਨਾਲ ਦਿੱਤੇ। ਔਰੰਗਜ਼ੇਬ ਨੇ ਇੱਕ ਤਰ੍ਹਾਂ ਨਾਲ ਰਾਮਰਾਇ ਨੂੰ ਨਜ਼ਰਬੰਦ ਕਰ ਲਿਆ ਸੀ। ਰਾਮਰਾਇ ਡੋਲ ਗਿਆ, ‘‘ਡੋਲਿ ਡੋਲਿ ਮਹਾ ਦੁਖੁ ਪਾਇਆ; ਬਿਨਾ ਸਾਧੂ ਸੰਗ ॥’’ (ਮਹਲਾ ੫/੪੦੫)
ਔਰੰਗਜ਼ੇਬ ਦੇ ਦਰਬਾਰ ’ਚ ਗੁਰਬਾਣੀ ਦੀ ਇੱਕ ਪੰਗਤੀ ’ਚ ਮੁਸਲਮਾਨ ਦੀ ਥਾਂ ਬੇਈਮਾਨ ਕਹਿ ਦਿੱਤਾ। ਜਦੋਂ ਗੁਰੂ ਹਰਿਰਾਇ ਸਾਹਿਬ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ ਰਾਮਰਾਇ ਸਾਡੇ ਮੱਥੇ ਨਾ ਲੱਗੇ। ਇਸ ਨੇ ਘੋਰ ਪਾਪ ਕੀਤਾ ਹੈ, ਜੋ ਰੱਬੀ ਬਾਣੀ ’ਚ ਬਦਲ ਕੀਤਾ ਹੈ ਜਦਕਿ ਅੱਜ ਤਾਂ ਗੁਰਬਾਣੀ ਦੀਆਂ ਪੰਗਤੀਆਂ ਬਹੁਤ ਬਦਲੀਆਂ ਜਾ ਰਹੀਆਂ ਹਨ। ਸਿਆਸੀ ਆਗੂਆਂ ਵੱਲੋਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਤੋੜਿਆ-ਮਰੋੜਿਆ ਜਾਂਦਾ ਹੈ। ਕਦੇ ਸਾਧ ਬਾਬਿਆਂ ਜਾਂ ਕੀਰਤਨੀਆਂ ਵੱਲੋਂ ਮਨਮਰਜ਼ੀ ਨਾਲ ਗੁਰਬਾਣੀ ਦੀ ਪੰਗਤੀਆਂ ਨੂੰ ਅੱਗੇ ਪਿੱਛੇ ਕਰਕੇ ਗਇਆ ਜਾਂਦਾ ਹੈ, ਪਰ ਸਿਰਮੌਰ ਸੰਸਥਾਂਵਾਂ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ।
ਗੁਰੂ ਸਾਹਿਬ ਨੇ ਰਾਮਰਾਇ ਨੂੰ ਮੂੰਹ ਨਹੀਂ ਸੀ ਲਾਇਆ ਭਾਵੇਂ ਉਨ੍ਹਾਂ ਦਾ ਹੀ ਪੁੱਤਰ ਸੀ। ਅੱਜ ਪੁੱਤਰ ਮੋਹ ’ਚ ਸਭ ਸਿਧਾਂਤ ਤੋੜੇ ਜਾ ਰਹੇ ਹਨ। ਆਖ਼ਿਰ ਰਾਮ ਰਾਇ ਨੂੰ ਉਸ ਦੇ ਮਸੰਦਾਂ ਨੇ ਹੀ ਸਾੜ ਕੇ ਮਾਰ ਦਿੱਤਾ ਸੀ। ਜੋ ਡੋਲ ਜਾਂਦਾ ਹੈ, ਉਹ ਗੁਰੂ ਤੋਂ ਦੂਰ ਹੋ ਜਾਂਦਾ ਹੈ ਤੇ ਆਖ਼ਿਰ ਦੁਖੀ ਹੀ ਸੰਸਾਰ ਤੋਂ ਵਿਦਾਅ ਹੋ ਜਾਂਦਾ ਹੈ। ਆਖ਼ਿਰ ਗੁਰੂ ਹਰਿਰਾਇ ਸਾਹਿਬ ਜੀ ਨੇ 6 ਅਕਤੂਬਰ 1661 ਈ. ਨੂੰ ਜੋਤੀ-ਜੋਤਿ ਸਮਾਉਣ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ਼ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੁਣਿਆ। ਆਪ 17 ਸਾਲ 7 ਮਹੀਨੇ 3 ਦਿਨ ਗੁਰਿਆਈ ’ਤੇ ਰਹੇ। ਸਾਢੇ 31 ਸਾਲ ਸਰੀਰਕ ਜਾਮੇ ਵਿੱਚ ਰਹੇ। ਇਸ ਛੋਟੀ ਉਮਰ ’ਚ ਸਿੱਖ ਜਗਤ ਨੂੰ ਮਹਾਨ ਮਹਾਨ ਉਪਦੇਸ਼ ਦੇ ਗਏ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ਼ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋ ਗਏ ਸਨ।
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ:- ਅੱਗੇ ਚੱਲਣ ਤੋਂ ਪਹਿਲਾਂ ਥੋੜ੍ਹਾ ਪਿਛਲਾ ਇਤਿਹਾਸ ਸੰਖੇਪ ’ਚ ਦੁਹਰਾ ਦੇਵਾਂ। ਗੁਰੂ ਨਾਨਕ ਸਾਹਿਬ ਜੀ ਧੁਰੋਂ ਅਕਾਲ ਪੁਰਖ ਤੋਂ ਵਰਸੋਏ ਹੋਏ ਜਗਤ ਗੁਰੂ; ਸੰਸਾਰ ’ਚ ਸੱਚ ਦਾ ਪੈਗਾਮ ਲੈ ਕੇ ਆਏ। ਅੱਗੋਂ ਗੁਰੂ ਅੰਗਦ ਸਾਹਿਬ ਜੀ, ਫਿਰ ਗੁਰੂ ਅੰਗਦ ਸਾਹਿਬ ਜੀ ਦੇ ਕੁੜਮ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਦੇ ਜਵਾਈ ਗੁਰੂ ਰਾਮਦਾਸ ਪਾਤਿਸ਼ਾਹ ਜੀ, ਗੁਰੂ ਰਾਮਦਾਸ ਪਾਤਿਸ਼ਾਹ ਦੇ ਮਹਾਨ ਸਪੁੱਤਰ ਗੁਰੂ ਅਰਜਨ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਦੇ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰਿਰਾਇ ਸਾਹਿਬ ਜੀ ਅਤੇ ਹੁਣ ਗੁਰੂ ਹਰਿਰਾਇ ਸਾਹਿਬ ਜੀ ਦੇ ਛੋਟੇ ਸਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ; ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ 8ਵੇਂ ਵਾਰਸ਼ ਬਣੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਕੀਰਤਪੁਰ ਸਾਹਿਬ ਵਿਖੇ 7 ਜੁਲਾਈ 1656 ਈ. ਨੂੰ ਮਾਤਾ ਸੁਲੱਖਣੀ ਜੀ ਦੀ ਗੋਦ ਵਿੱਚ ਪਿਤਾ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਹੋਇਆ। ਜਦੋਂ ਗੁਰੂ ਹਰਿਰਾਇ ਸਾਹਿਬ ਜੀ ਜੋਤੀ ਜੋਤਿ ਸਮਾਏ ਤਾਂ ਗੁਰਿਆਈ ਦੀ ਜ਼ਿੰਮੇਵਾਰੀ 6 ਅਕਤੂਬਰ ਸੰਨ 1661 ਈ. ਨੂੰ ਗੁਰੂ ਹਰਿਰਾਇ ਜੀ; ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਗਏ। ਇਸ ਵੇਲੇ ਆਪ ਜੀ ਦੀ ਉਮਰ 5 ਸਾਲ 3 ਕੁ ਮਹੀਨੇ ਸੀ।
ਗੁਰਮਤਿ ਦਾ ਨਜ਼ਰੀਆ:- ਧਰਮ ਦੀ ਦੁਨੀਆ ਵਿੱਚ ਉਮਰ ਦਾ ਤਕਾਜ਼ਾ ਕਦੇ ਨਹੀਂ ਹੁੰਦਾ ਬਲਕਿ ਧਰਮ ਦੀ ਦੁਨੀਆਂ ’ਚ ਸੋਚ ਅਤੇ ਸੁਰਤਿ ਦੀ ਅਹਿਮੀਅਤ ਮੰਨੀ ਜਾਂਦੀ ਹੈ। ਸ਼ੇਖ ਸਾਅਦੀ ਦੇ ਇਸ ਪ੍ਰਥਾਇ ਬਚਨ ਹਨ :
ਬਜੁਰਗੀ ਬ–ਅਕਲ ਅਸਤ ਨ ਕਿ ਬ–ਸਾਲ।
ਤਾਵੰਗਹੀ ਬਾ–ਦਿਲ ਅਸਤ ਨ ਕਿ ਬਾ–ਮਾਲ। (ਸ਼ੇਖ ਸਾਅਦੀ)
ਭਾਵ ਬਜ਼ੁਰਗੀ; ਸਿਆਣਪ, ਉਚੀ ਸੋਚ ਅਤੇ ਸੁਰਤਿ ਕਰਕੇ ਮੰਨੀ ਜਾਂਦੀ ਹੈ, ਨਾ ਕਿ ਵੱਡੀ ਉਮਰ ਕਰਕੇ ਮੰਨੀ ਜਾਂਦੀ ਹੈ। ਕਈ ਵਾਰ ਦੇਖਣ ’ਚ ਆਇਆ ਹੈ ਕਿ ਉਮਰ 80-90 ਸਾਲ ਹੁੰਦੀ ਹੈ, ਪਰ ਗੱਲਾਂ 10-12 ਸਾਲ ਦੀ ਉਮਰ ਦੇ ਬੱਚਿਆਂ ਵਾਲੀਆਂ ਹੁੰਦੀਆਂ ਹਨ ਬਲਕਿ ਇਸ ਤੋਂ ਵੀ ਘਟੀਆਂ। ਵਿਦੇਸ਼ਾਂ ਦੇ ਪਾਰਕਾਂ ਅਤੇ ਗੁਰਦੁਆਰਿਆਂ ’ਚ ਵੱਡੀ ਉਮਰ ਵਾਲੇ ਬਹੁਤ ਘਟੀਆਂ ਗੱਲਾਂ ਕਰਦੇ ਮੈਂ ਆਪ ਸੁਣੇ ਹਨ। ਬਹੁਤ ਘਟੀਆਂ ਗੱਲਾਂ ਮੈਨੂੰ ਖਿਮਾ ਕਰ ਦੇਣਾ ਇਹ ਜੋ ਬਜ਼ੁਰਗ ਬਹੂ-ਬੇਟੀਆਂ ਦੇ ਸੰਬੰਧਾਂ ਵਿੱਚ ਬਹੁਤ ਘਟੀਆਂ ਟਿੱਪਣੀਆਂ-ਕਮੈਂਟਸ ਦੱਸਦੇ ਹਨ। ਇਨ੍ਹਾਂ ਨੂੰ ਕਦੇ ਬਜ਼ੁਰਗ ਨਹੀਂ ਕਿਹਾ ਜਾ ਸਕਦਾ। ਦੂਸਰੇ ਪਾਸੇ 6 ਤੇ 8 ਸਾਲ ਦੇ ਬੱਚੇ ਐਸੀਆਂ ਗੱਲਾਂ ਕਰ ਗਏ, ਐਸੇ ਮਹਾਨ ਕਾਰਨਾਮੇ ਕਰ ਗਏ, ਜਿਨ੍ਹਾਂ ਨੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ 6 ਤੇ 8 ਸਾਲ ਦੇ ਬੱਚਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਅੱਗੋਂ ਦਲੇਰੀ ਨਾਲ ਬੱਚੇ ਆਖਦੇ ਹਨ ਵਜ਼ੀਰ ਖਾਂ! ਮੁਸਲਮਾਨ ਬਣ ਕੇ ਕੀ ਮੌਤ ਨਹੀ ਆਵੇਗੀ ? ਜੇ ਮੌਤ ਆਉਂਦੀ ਹੀ ਹੈ ਤਾਂ ਸਾਨੂੰ ਦੁਨੀਆਂ ਦੀ ਸ਼ੋਹਰਤ ਨਾਲੋਂ ਸੱਚ ਧਰਮ ਵਾਸਤੇ ਜ਼ੁਲਮ ਅਤੇ ਜਾਲਮ ਨੂੰ ਖਤਮ ਕਰਨ ਵਾਸਤੇ ਸ਼ਹੀਦੀ ਪਿਆਰੀ ਹੈ। ਬੱਚਿਆਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ। ਅੱਜ ਵੀ ਇਨ੍ਹਾਂ ਬੱਚਿਆਂ ਦੇ ਮਹਾਨ ਕਾਰਨਾਮਿਆਂ ਅੱਗੇ ਸਿਰ ਝੁਕਦਾ ਹੈ। ਉਮਰ ਭਾਵੇਂ ਛੋਟੀ ਸੀ, ਪਰ ਕਾਰਨਾਮੇ ਮਹਾਨ ਸਨ। ਫਿਰ ਦੇਖੋ ਕੱਥੂ ਨੰਗਲ (ਅੰਮ੍ਰਿਤਸਰ) ਬੂੜਾ ਜੀ, ਉਮਰ 12 ਸਾਲ, ਪਰ ਗੁਰੂ ਨਾਨਕ ਸਾਹਿਬ ਨਾਲ ਐਸੀਆਂ ਗੱਲਾਂ ਕੀਤੀਆਂ ਕਿ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨਾਂ ਕਹਿ ਦਿੱਤਾ ਸੀ। ਆਖਿਆ ਤੁਸੀਂ ਤਾਂ ਅਸਲ ਬੁੱਢੇ ਹੋ। ਇਹੀ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਹੋਏ ਸਨ। ਸੋ ਧਰਮ ਦੀ ਦੁਨੀਆ ਅੰਦਰ ਉਮਰ ਦਾ ਤਕਾਜ਼ਾ ਨਹੀਂ ਹੈ। ਧਰਮ ਦੀ ਦੁਨੀਆਂ ’ਚ ਉੱਚੀ ਸੁਰਤਿ ਅਤੇ ਉੱਚੀ ਸੋਚ ਦੀ ਅਹਿਮੀਅਤ ਹੈ।
ਗਾਥਾ ਸ਼ੇਖ ਸਾਅਦੀ ਅਤੇ ਬੱਚੇ ਦੀ:- ਇੱਕ ਵਾਰ ਸ਼ੇਖ ਸਾਅਦੀ ਯਾਤਰਾ ’ਤੇ ਸੀ। ਗਰਮੀਆਂ ਦੇ ਦਿਨ ਸਨ। ਚਲਦਿਆਂ-ਚਲਦਿਆਂ ਥੱਕ ਗਏ ਸਨ। ਪਿੰਡ ਤੋਂ ਬਾਹਰ ਇੱਕ ਦਰੱਖਤ ਥੱਲੇ ਆਰਾਮ ਕਰਨ ਲਈ ਬੈਠ ਗਏ ਸਨ। ਸ਼ੇਖ ਸਾਅਦੀ ਉਦਾਸ ਅਤੇ ਪ੍ਰੇਸ਼ਾਨ ਸੀ। ਇੱਕ 8-10 ਸਾਲ ਦਾ ਬੱਚਾ ਆ ਗਿਆ। ਕਹਿਣ ਲੱਗਾ ਬਾਬਾ ਤੂੰ ਉਦਾਸ ਅਤੇ ਪ੍ਰੇਸ਼ਾਨ ਕਿਉਂ ਹੈ ? ਸ਼ੇਖ ਸਾਅਦੀ ਨੇ ਕਿਹਾ ਬੱਚਾ ਮੈਂ ਭੁੱਖਾ ਹਾਂ। ਮੇਰੇ ਨਾਲ ਇਹ ਖੋਤਾ ਤੇ ਮੁਰਗਾ ਹੈ, ਇਹ ਵੀ ਭੁੱਖੇ ਹਨ। ਅਸੀਂ ਤਿੰਨ ਜਣੇ ਭੁੱਖੇ ਹਾਂ। ਮੇਰੇ ਕੋਲ ਸਿਰਫ ਇੱਕ ਹੀ ਆਨਾ ਹੈ, ਮੈਂ ਕੀ ਕਰਾਂ ? ਇੱਕ ਆਨੇ ’ਚ ਤਿੰਨ ਕਿਵੇਂ ਰੱਜਣਗੇ ? ਬੱਚੇ ਨੇ ਕਿਹਾ ਬਾਬਾ! ਤੂੰ ਤਾਂ ਬਿਲਕੁਲ ਬੱਚਿਆਂ ਵਾਲੀਆਂ ਗੱਲਾਂ ਕਰਦਾ ਹੈ। ਸ਼ੇਖ ਸਾਅਦੀ ਹੈਰਾਨ ਸੀ ਕਿ ਇਹ ਬੱਚਾ ਮੈਨੂੰ ਬੱਚਿਆਂ ਵਾਂਗ ਕਹਿ ਰਿਹਾ ਹੈ। ਸ਼ੇਖ ਨੇ ਕਿਹਾ ਬੱਚਾ! ਮੈਨੂੰ ਦੱਸ ਕਿ ਮੈਂ ਬੱਚਿਆਂ ਵਾਲੀ ਗੱਲ ਕਿਵੇਂ ਕੀਤੀ ? ਬੱਚੇ ਨੇ ਕਿਹਾ ਆਨੇ ਦੇ ਦੋ ਤਿੰਨ ਹਦਵਾਣੇ ਲੈ। ਹਦਵਾਣੇ (ਤਰਬੂਜ) ਵਿੱਚੋਂ ਗੁਦਾ ਤੂੰ ਆਪ ਖਾ, ਹਦਵਾਣੇ ਦੇ ਬੀਜ ਮੁਰਗੇ ਨੂੰ ਪਾ ਤੇ ਪੱਖੜ ਖੋਤੇ ਨੂੰ ਪਾ ਦੇਹ; ਤੁਸੀਂ ਤਿੰਨੋ ਰੱਜ ਜਾਵੋਗੇ। ਸ਼ੇਖ ਸਾਅਦੀ ਨੇ ਉਸ ਬੱਚੇ ਨੂੰ ਨਮਸਕਾਰ ਕੀਤੀ। ਬੱਚਾ ਉਮਰ ਵਿੱਚ ਭਾਵੇਂ ਛੋਟਾ ਸੀ, ਪਰ ਸਿਆਣਪ ਬਜ਼ੁਰਗਾਂ ਵਾਲੀ ਸੀ। ਐਸਾ ਕਈ ਵਾਰ ਸੁਭਾਵਕ ਹੁੰਦਾ ਹੈ। ਉਮਰ ਛੋਟੀ ਹੁੰਦੀ ਹੈ, ਗੱਲਾਂ ਮਹਾਨ ਹੁੰਦੀਆਂ ਹਨ। ਕਈ ਵਾਰ ਉਮਰ ਵੱਡੀ ਹੁੰਦੀ ਹੈ, ਪਰ ਗੱਲਾਂ ਨੀਚ ਹੁੰਦੀਆਂ ਹਨ। ਕਈ ਵਾਰ ਚੀਜ਼ਾਂ ਛੋਟੀਆਂ ਹੁੰਦੀਆਂ ਹਨ, ਪਰ ਕੀਮਤ ਬਹੁਤ ਵੱਡੀ ਹੁੰਦੀ ਹੈ। ਭਾਈ ਗੁਰਦਾਸ ਜੀ ਦੇ ਬਚਨ ਹਨ :
ਜੈਸੇ ਹੀਰਾ ਹਾਥ ਮੈ ਤਨਕ ਸੋ ਦਿਖਾਈ ਦੇਤ; ਮੋਲ ਕੀਏ ਦਮਕਨ ਭਰਤ ਭੰਡਾਰ ਜੀ।
ਜੈਸੇ ਬਰ ਬਾਧੇ ਹੁੰਡੀ ਲਾਗਤ ਨ ਭਾਰ ਕਛੁ; ਆਗੈ ਜਾਇ ਪਾਈਅਤ ਲਛਮੀ ਅਪਾਰ ਜੀ।
ਜੈਸੇ ਬਟਿ ਬੀਜ ਅਤਿ ਸੂਖਮ ਸਰੂਪ ਹੋਤ; ਬੋਏ ਸੈ ਬਿਬਿਧਿ ਕਰੈ ਬਿਰਖਾ ਬਿਸਥਾਰ ਜੀ।
ਤੈਸੇ ਗੁਰ ਬਚਨ ਸਚਨ ਗੁਰਸਿਖਨ ਮੈ; ਜਾਨੀਐ ਮਹਾਤਮ ਗਏ ਹੀ ਹਰਿਦੁਆਰ ਜੀ ॥੩੭੩॥
(ਭਾਈ ਗੁਰਦਾਸ ਜੀ/ਕਬਿੱਤ ੩੭੩)
ਸੋ ਉਮਰ ਨਹੀਂ, ਅਹਿਮੀਅਤ ਬਚਨਾ ਦੀ ਹੁੰਦੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਭਾਵੇਂ ਛੋਟੀ ਹੈ, ਪਰ ਆਪ ਦੇ ਬਚਨ ਅਤੇ ਜੀਵਨ ਦੇ ਕਾਰਨਾਮੇ ਮਹਾਨ ਹਨ। ਦੋ ਸਲੋਕ ਬੜੇ ਕੀਮਤੀ ਹਨ।
ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਹਾ ਅੰਤਰਿ ਸੁਰਤਿ ਗਿਆਨੁ ॥ ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ॥ ਓਇ ਸਦਾ ਅਨੰਦਿ ਬਿਬੇਕ ਰਹਹਿ; ਦੁਖਿ ਸੁਖਿ ਏਕ ਸਮਾਨਿ ॥ ਤਿਨਾ ਨਦਰੀ ਇਕੋ ਆਇਆ; ਸਭੁ ਆਤਮ ਰਾਮੁ ਪਛਾਨੁ ॥੪੪॥ ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ; ਜਿਨ੍ਹਾ ਅੰਤਰਿ ਹਰਿ ਸੁਰਤਿ ਨਾਹੀ ॥ ਵਿਚਿ ਹਉਮੈ ਕਰਮ ਕਮਾਵਦੇ; ਸਭ ਧਰਮਰਾਇ ਕੈ ਜਾਂਹੀ ॥ ਗੁਰਮੁਖਿ ਹਛੇ ਨਿਰਮਲੇ; ਗੁਰ ਕੈ ਸਬਦਿ ਸੁਭਾਇ ॥ ਓਨਾ ਮੈਲੁ ਪਤੰਗੁ ਨ ਲਗਈ; ਜਿ ਚਲਨਿ ਸਤਿਗੁਰ ਭਾਇ ॥ ਮਨਮੁਖ ਜੂਠਿ ਨ ਉਤਰੈ; ਜੇ ਸਉ ਧੋਵਣ ਪਾਇ ॥ ਨਾਨਕ ! ਗੁਰਮੁਖਿ ਮੇਲਿਅਨੁ; ਗੁਰ ਕੈ ਅੰਕਿ ਸਮਾਇ ॥੪੫॥’’ (ਮਹਲਾ ੩/੧੪੧੮)
ਭਾਵ ਗੁਰੂ ਦੇ ਰਸਤੇ ’ਤੇ ਚੱਲਣ ਵਾਲੇ ਸੁਰਤ ਅਤੇ ਸੋਚ ਕਰਕੇ ਕਮਜ਼ੋਰ (ਬੁੱਢੇ) ਨਹੀਂ ਹੁੰਦੇ। ਗੁਰੂ ਦੇ ਮਾਰਗ ਤੋਂ ਭਟਕੇ ਹੋਏ ਜਵਾਨ ਹੀ ਸੋਚ ਅਤੇ ਸੁਰਤਿ ਤੋਂ ਕਮਜ਼ੋਰ ਹੁੰਦੇ ਹਨ। ਸੰਖੇਪ ਵਿੱਚ ਕਹਾਂਗਾ ਰਾਮਰਾਇ ਦੇ ਕਹਿਣ ਉੱਤੇ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ। ਗੁਰੂ ਸਾਹਿਬ ਜੀ ਨੂੰ ਦਿੱਲੀ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜਾਂ ਦੀ ਡਿਊਟੀ ਲਾਈ ਗਈ। ਰਾਜਾ ਜੈ ਸਿੰਘ ਨੇ ਆਪਣੇ ਵਜ਼ੀਰ ਦੀਵਾਨ ਪਰਸਰਾਮ ਨੂੰ ਕੀਰਤਪੁਰ ਭੇਜਿਆ। ਗੁਰੂ ਸਾਹਿਬ ਜੀ ਨਾਲ ਦਾਦੀ ਬਸੀ ਜੀ, ਮਾਤਾ ਸੁਲੱਖਣੀ ਜੀ, ਦੀਵਾਨ ਦਰਗਾਹ ਮੱਲ ਜੀ, ਭਾਈ ਦਰੀਆ ਪਰਮਾਰ ਜੀ, ਭਾਈ ਮਨੀ ਰਾਮ (ਭਾਈ ਮਨੀ ਸਿੰਘ ਜੀ) ਅਤੇ ਹੋਰ ਸੁਹਿਰਦ ਸਿੱਖ; ਦਿੱਲੀ ਵੱਲ ਚੱਲ ਪਏ। ਅੰਬਾਲਾ ਤੋਂ ਪਿੰਡ ਪੰਜੋਖਰਾ ਪੜਾਅ ਕੀਤਾ। ਇੱਥੇ ਗੁਰੂ ਕੀ ਸੰਗਤ ਪਹਿਲਾਂ ਤੋਂ ਕਾਇਮ ਹੋ ਚੁੱਕੀ ਸੀ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਗਏ ਤਾਂ ਇੱਥੇ ਹੀ ਧਰਮਸ਼ਾਲ ’ਤੇ ਪੜਾਅ ਕੀਤਾ ਸੀ। ਇੱਥੇ ਰੋਜ਼ਾਨਾ ਸੰਗਤਾਂ ਜੁੜਦੀਆਂ ਸਨ। ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ ਸਨ। ਬ੍ਰਾਹਮਣ ਪੁਜਾਰੀ ਔਖੇ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਉਮੜ ਆਈਆਂ। ਪੰਡਿਤ ਲਾਲ ਚੰਦ ਵੀ ਪਹੁੰਚਿਆ, ਇਸ ਨੇ ਬੜੀ ਈਰਖਾ ਖਾਧੀ ਤੇ ਆਖੇ ਕਿ ਛੋਟਾ ਜਿਹਾ ਬਾਲ ਉਮਰ 8 ਕੁ ਸਾਲ, ਪਰ ਨਾਮ ਹਰਿਕ੍ਰਿਸ਼ਨ ਸਾਹਿਬ; ਗੁਰੂ ਨਾਨਕ ਦੇ ਵਾਰਸ਼। ਇਹ ਗੀਤਾ ਦੀ ਪੋਥੀ ਲੈ ਕੇ ਆਇਆ ਸੀ। ਕਹਿਣ ਲੱਗਾ ਕਿ ਤੁਸੀਂ ਕੁਝ ਸਲੋਕਾਂ ਦੇ ਅਰਥ ਕਰੋ। ਗੁਰੂ ਜੀ; ਪੰਡਿਤ ਲਾਲ ਚੰਦ ਦੀ ਚਾਲ ਨੂੰ ਸਮਝ ਗਏ ਕਿ ਸੰਗਤਾਂ ਵਿੱਚ ਗੁਰੂ ਦੀ ਹੇਠੀ ਕਰਨੀ ਚਾਹੁੰਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਹਰ ਸਿੱਖ ਸੰਤ-ਸਿਪਾਹੀ, ਗਿਆਨੀ ਹੈ। ਸਾਡੇ ਸਿੱਖਾਂ ਨੇ ਗੀਤਾਂ ਸਮੇਤ ਕਈ ਗ੍ਰੰਥ ਪੜ੍ਹੇ ਹਨ। ਤੁਸੀਂ ਜਿਸ ਸਿੱਖ ਨੂੰ ਕਹੋਗੇ ਉਹੀ ਗੀਤਾ ਦੇ ਸ਼ਲੋਕਾਂ ਦੇ ਅਰਥ ਕਰ ਦੇਵੇਗਾ। ਪੰਡਿਤ ਲਾਲ ਚੰਦ ਦੀ ਨਜ਼ਰਾਂ ’ਚ ਭਾਈ ਛੱਜੂ ਜੀ ਝਿਊਰ, ਇੱਕ ਸਾਧਾਰਨ ਜਿਹਾ ਸਿੱਖ ਆਇਆ। ਉਸ ਨੇ ਭਾਈ ਛੱਜੂ ਜੀ ਦਾ ਨਾਂ ਲੈ ਦਿੱਤਾ। ਭਾਈ ਛੱਜੂ ਜੀ ਨੇ ਗੀਤਾ ਦੇ ਸ਼ਲੋਕਾਂ ਦੇ ਅਰਥ ਨਿਵੇਕਲੇ ਜਿਹੇ ਢੰਗ ਨਾਲ ਕੀਤੇ। ਲਾਲ ਚੰਦ ਹੈਰਾਨ ਹੋ ਗਿਆ। ਉਸ ਦਾ ਹੰਕਾਰ ਟੁੱਟ ਗਿਆ। ਲਾਲ ਚੰਦ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ। ਆਪਣੇ ਕੀਤੇ ਦੀ ਮਾਫ਼ੀ ਵੀ ਮੰਗੀ। ਸਿੱਖੀ ’ਚ ਸ਼ਾਮਲ ਹੋ ਗਿਆ। ਅੱਗੇ ਚੱਲ ਕੇ ਇਸ ਨੇ ਖੰਡੇ ਦੀ ਪਾਹੁਲ ਛਕੀ ਤੇ ਜੰਗ ’ਚ ਲਾਲ ਸਿੰਘ ਜੀ ਨੇ ਸ਼ਹੀਦੀ ਪਾਈ।
ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਪਹੁੰਚਦੇ:- ਪੰਜੋਖੜਾ ਤੋਂ ਕੁਰਕਸ਼ੇਤਰ ਅਤੇ ਪਾਣੀਪਤ ਤੋਂ ਹੁੰਦੇ ਹੋਏ ਗੁਰੂ ਜੀ ਦਿੱਲੀ ਪਹੁੰਚਦੇ ਹਨ। ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ’ਚ ਉਤਾਰਾ ਕਰਵਾਇਆ ਗਿਆ। ਇਸ ਵੇਲੇ ਰਾਜਾ ਜੈ ਸਿੰਘ ਮਿਰਜ਼ਾ ਦੱਖਣ ਦਾ ਗਵਰਨਰ ਸੀ। ਬੰਗਲੇ ’ਚ ਰਾਜੇ ਦੀ ਪਤਨੀ ਰਾਣੀ ਪੁਸ਼ਪਾ ਵਤੀ ਅਤੇ ਪੁੱਤਰ ਕੰਵਰ ਰਾਮ ਸਿੰਘ ਸਨ। ਔਰੰਗਜ਼ੇਬ ਦੇ ਕਹੇ ’ਤੇ ਰਾਣੀ ਪੁਸ਼ਪਾ ਵਤੀ ਨੇ ਨੌਕਰਾਣੀਆਂ ਵਾਲੇ ਕੱਪੜੇ ਪਾਏ ਸਨ। ਨੌਕਰਾਣੀ ਨੂੰ ਰਾਣੀ ਦੇ ਬਸਤਰ ਪਹਿਨਾਏ ਗਏ ਸਨ ਤਾਂ ਕਿ ਗੁਰੂ ਸਾਹਿਬ ਜੀ ਦੀ ਪਰਖ ਹੋ ਸਕੇ। ਗੁਰੂ ਸਾਹਿਬ ਜੀ ਨੇ ਰਾਣੀ ਪੁਸ਼ਪਾ ਵਤੀ ਨੂੰ ਕਿਹਾ ਕਿ ਰਾਣੀ ਦੇ ਕੱਪੜੇ ਪਾ ਕੇ ਨੌਕਰਾਣੀ ਦੇ ਚਿਹਰੇ ਦੇ ਹਾਵ-ਭਾਵ, ਸੰਜੀਦਗੀ-ਸਲੀਕਾ, ਸੂਝ-ਬੂਝ ਨਹੀਂ ਬਦਲਦੇ। ਪਹਿਰਾਵੇ ਨਾਲ ਅੰਦਰੂਨੀ ਖੂਬੀਆਂ ’ਚ ਫ਼ਰਕ ਨਹੀਂ ਪੈਂਦਾ। ਰਾਣੀ ਪੁਸ਼ਪਾਵਤੀ ਗੁਰੂ ਸਾਹਿਬ ਜੀ ਦੇ ਚਰਨਾਂ ’ਤੇ ਡਿੱਗ ਪਈ। ਮਾਫੀ ਵੀ ਮੰਗੀ। ਭਾਈ ਗੁਰਦਾਸ ਜੀ ਦੇ ਬਚਨ ਹਨ।
ਪੁਤੁ ਜਣੈ ਵੜਿ ਕੋਠੜੀ; ਬਾਹਰਿ ਜਗੁ ਜਾਣੈ।
ਧਨੁ ਧਰਤੀ ਵਿਚਿ ਦਬੀਐ; ਮਸਤਕੁ ਪਰਵਾਣੈ। (ਵਾਰ ੩੬ ਪਉੜੀ ੨੦)
ਭਾਵ ਧੰਨ ਹੋਵੇ, ਚਿਹਰੇ ਦੇ ਹਾਵ-ਭਾਵ ਦੱਸ ਦਿੰਦੇ ਹਨ। ਪਹਿਰਾਵਾ ਅੰਦਰੂਨੀ ਅਵਸਥਾ ਨਹੀਂ ਬਦਲਦਾ। ਸਾਧ ਭਾਵੇਂ ਪਹਿਰਾਵਾ ਕਿਸ ਤਰ੍ਹਾਂ ਦਾ ਪਾ ਲੈਣ, ਪਰ ਮਨ ਦੀ ਹਾਲਤ ਛੁਪੀ ਨਹੀਂ ਰਹਿੰਦੀ ਖੈਰ…….
ਬਿਪਲ ਬਸਤ੍ਰ ਕੇਤੇ ਹੈ ਪਹਿਰੇ; ਕਿਆ ਬਨ ਮਧੇ ਬਾਸਾ ॥ ਕਹਾ ਭਇਆ ਨਰ ਦੇਵਾ ਧੋਖੇ; ਕਿਆ ਜਲਿ ਬੋਰਿਓ ਗਿਆਤਾ ॥੧॥ (ਭਗਤ ਕਬੀਰ/੩੩੮) ਭਾਵ ਖੁੱਲ੍ਹੇ ਚੋਲੇ ਭਾਵੇਂ ਜਿੰਨੇ ਮਰਜ਼ੀ ਪਾ ਲਵੋ, ਭਾਵੇਂ ਇਕਾਂਤ ਵਾਸਾ ਵੀ ਕਰ ਲਵੋ, ਭਾਵੇਂ ਪਾਣੀ ਨਾਲ ਸਿਰ ਸਮੇਤ ਸਰੀਰ ਇਸ਼ਨਾਨ ਕਰ ਲਿਆ ਜਾਏ, ਫਿਰ ਭੀ ਕੀ ਹੋਇਆ ? ਮਨੁੱਖ ਨੇ ਦੇਵਤਿਆਂ ਲਈ ਧੂਪ ਬਗੈਰਾ ਧੁਖਾ ਲਏ। ਇਸ ਨਾਲ ਭੀ ਮਨ ਦੀ ਅਵਸਥਾ ਨਹੀਂ ਸੁਧਰਦੀ। ਮਨ ਦੀ ਅਵਸਥਾ ਬਸਤਰਾਂ ਨਾਲ, ਕਰਮਕਾਂਡਾਂ ਨਾਲ ਉੱਚੇ ਸੁੱਚੇ ਨਹੀਂ ਬਣਦੀ। ਮਨ ਦੀ ਅਵਸਥਾ ਸੱਚ ਧਰਮ ਕਮਾਉਣ ਨਾਲ, ਰੱਬੀ ਗੁਣ ਨਾਲ, ਗੁਰਬਾਣੀ ਦੀ ਵਿਚਾਰ ਕਮਾਉਣ ਨਾਲ ਬਣਦੀ ਹੈ।
ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਾਣੀ ਪੁਸ਼ਪਾਵਤੀ ਨੂੰ ਕਿਹਾ ਕਿ ਨੌਕਰਾਨੀ ਨੇ ਬਸਤ੍ਰ ਭਾਵੇਂ ਰਾਣੀਆਂ ਵਾਲੇ ਪਾ ਲਏ, ਪਰ ਮਨ ਦੀ ਅਵਸਥਾ ਰਾਣੀਆਂ ਵਾਲੀ ਨਹੀਂ ਬਣੀ। ਰਾਣੀਆਂ ਵਾਲੇ ਬਸਤਰ ਪਾ ਕੇ ਮਨ ਦੀ ਅਵਸਥਾ ਨੌਕਰਾਣੀਆਂ ਵਾਲੀ ਹੈ। ਤੁਸੀਂ ਭਾਵੇਂ ਬਸਤਰ ਨੌਕਰਾਣੀ ਵਾਲੇ ਪਾਏ ਹਨ, ਪਰ ਮਨ ਦੀ ਅਵਸਥਾ ਤਾਂ ਰਾਣੀ ਵਾਲੀ ਹੀ ਹੈ। ਧਨ ਭਾਵੇਂ ਕਿਸੇ ਨੇ ਛੁਪਾ ਲਿਆ ਹੋਵੇ, ਪਰ ਚਿਹਰੇ ਦੇ ਹਾਵ-ਭਾਵ ਨਹੀਂ ਛੁਪਾਏ ਜਾਂਦੇ। ਨਾਮ ਧਨ, ਗੁਰਬਾਣੀ ਦੀ ਕਮਾਈ ਜੀਵਨ ਵਿੱਚੋਂ ਹੋਵੇ ਤਾਂ ਛੁਪਦੀ ਨਹੀਂ, ਪਰ ਕਮਾਈ ਨਾ ਹੋਵੇ ਤਾਂ ਬਸਤਰ ਹੀ ਪ੍ਰਗਟ ਕਰ ਦਿੰਦੇ ਹਨ ਕਿ ਅੰਦਰ ਕਮਾਈ ਨਹੀਂ ਹੈ। ਇਤਿਹਾਸ ਅੱਗੇ ਚੱਲਦਾ ਹੈ। ਬਾਬਾ ਤੇਗ ਬਹਾਦਰ ਜੀ (ਗੁਰੂ ਤੇਗ ਬਹਾਦਰ ਜੀ) ਨਾਲ ਵੀ ਮਿਲਾਪ ਹੋਇਆ। ਔਰੰਗਜ਼ੇਬ ਦੀ ਵੀ ਮੁਲਾਕਾਤ ਰਾਜਾ ਰਾਮ ਸਿੰਘ ਮਿਰਜ਼ਾ ਦੇ ਬੰਗਲੇ ’ਤੇ ਹੀ ਹੋਈ। ਇਸ ਦੀ ਵਿਚਾਰ ਅਗਲੀ ਵਿਚਾਰ ਰਾਹੀਂ ਕਰਾਂਗਾ। ਜੋ ਅਸੀਂ ਗੁਰਬਾਣੀ ਤੇ ਇਤਿਹਾਸ ਸੁਣਦੇ ਹਾਂ, ਉਹ ਸਾਡੇ ਜੀਵਨ ਦਾ ਆਧਾਰ ਬਣੇ ਤਾਂ ਕਿ ਸਾਡਾ ਸਾਰਿਆਂ ਦਾ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ ਆਪਹਿ ਮੇਲੇ ॥’’ (ਸੁਖਮਨੀ/ਮਹਲਾ ੫/੨੯੩) ਰੂਪ ਦਾਤਾਂ, ਬਰਕਤਾਂ ਮਿਲਣ। ਭੁੱਲਾਂ ਦੀ ਖਿਮਾ ।