ਏਕਾ ਮਾਈ, ਜੁਗਤਿ ਵਿਆਈ
ਗਿਆਨੀ ਜਗਤਾਰ ਸਿੰਘ ਜਾਚਕ
ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਪਹਿਲੇ ਕੁਝ ਪਦਿਆਂ ’ਚ ਅਨਮਤੀ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅੰਤ ’ਚ ਗੁਰਮਤਿ ਵਿਚਾਰਧਾਰਾ ਦਾ ਨਿਰਣੈ ਜਨਕ ਵਰਣਨ ਕੀਤਾ ਹੈ; ਜਿਵੇਂ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਆਸਾ ਦੀ ਵਾਰ ਵਿਖੇ 6ਵੀਂ ਪਉੜੀ ਨਾਲ ਲਗਦੇ 14 ਤੁਕਾਂ ਵਾਲੇ ਪਹਿਲੇ ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਹਨ, ‘‘ਮੁਸਲਮਾਨਾ ਸਿਫਤਿ ਸਰੀਅਤਿ; ਪੜਿ ਪੜਿ ਕਰਹਿ ਬੀਚਾਰੁ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ; ਵੇਖਣ ਕਉ ਦੀਦਾਰੁ ॥’’ (ਮਹਲਾ ੧/੪੬੬) ਇਨ੍ਹਾਂ ’ਚ ਇਸਲਾਮ ਦੀ ਵਿਚਾਰਧਾਰਾ ਦਾ ਵੇਰਵਾ ਹੈ। ਦੱਸਿਆ ਹੈ ਕਿ ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ ਸਭ ਤੋਂ ਵਧੀਕ ਚੰਗੀ ਲੱਗਦੀ ਹੈ। ਇਸ ਲਈ ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ ਇਹ ਵਿਚਾਰ ਦੱਸਦੇ ਹਨ ਕਿ ਰੱਬ ਦਾ ਦੀਦਾਰ ਦੇਖਣ ਲਈ, ਜੋ ਮਨੁੱਖ ਸ਼ਰਹ ਦੀ ਬੰਦਸ਼ ’ਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।
ਇਨ੍ਹਾਂ ਤੋਂ ਅਗਲੀਆਂ ਦੋ ਤੁਕਾਂ ਹਨ, ‘‘ਹਿੰਦੂ ਸਾਲਾਹੀ ਸਾਲਾਹਨਿ; ਦਰਸਨਿ ਰੂਪਿ ਅਪਾਰੁ ॥ ਤੀਰਥਿ ਨਾਵਹਿ ਅਰਚਾ ਪੂਜਾ; ਅਗਰ ਵਾਸੁ ਬਹਕਾਰੁ ॥’’ (ਮਹਲਾ ੧/੪੬੬) ਜਿਨ੍ਹਾਂ ’ਚ ਮੂਰਤੀ-ਪੂਜਕ ਹਿੰਦੂਆਂ ਦੇ ਮਤ ਨੂੰ ਪੇਸ਼ ਕੀਤਾ ਹੈ। ਦੱਸਿਆ ਹੈ ਕਿ ਹਿੰਦੂ; ਸ਼ਾਸਤਰ ਰਾਹੀਂ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ, ਹਰੇਕ ਤੀਰਥ ’ਤੇ ਨ੍ਹਾਉਂਦੇ ਹਨ, ਮੂਰਤੀਆਂ ਅੱਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ। ਇਸ ਸਲੋਕ ਦੀ ਅਗਾਂਹ 5ਵੀਂ ਤੇ 6ਵੀਂ ਤੁਕ ਹੈ, ‘‘ਜੋਗੀ ਸੁੰਨਿ ਧਿਆਵਨਿ੍ ਜੇਤੇ; ਅਲਖ ਨਾਮੁ ਕਰਤਾਰੁ ॥ ਸੂਖਮ ਮੂਰਤਿ ਨਾਮੁ ਨਿਰੰਜਨ; ਕਾਇਆ ਕਾ ਆਕਾਰੁ ॥’’ (ਮਹਲਾ ੧/੪੬੬) ਇਸ ਵਿੱਚ ਨਾਥ-ਜੋਗੀਆਂ ਦੇ ਮਤ ਦਾ ਵਰਣਨ ਹੈ। ਦੱਸਿਆ ਹੈ ਕਿ ਜੋਗੀ ਲੋਕ ਸੁੰਨਿ-ਸਮਾਧੀ (ਫੁਰਨੇ ਰਹਿਤ) ਲਾ ਕੇ ਆਪਣੇ ਮਿੱਥੇ ਕਰਤਾਰ (ਸ਼ਿਵ ਜੀ) ਨੂੰ ਧਿਆਉਂਦੇ ਹਨ ਤੇ ‘ਅਲਖ, ਅਲਖ’; ਉਸ ਦਾ ਨਾਮ ਉਚਾਰਦੇ ਹਨ। (ਉਨ੍ਹਾਂ ਅਨੁਸਾਰ ਜਿਸ ਦਾ ਸਮਾਧੀ ’ਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ। ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਅਤੇ ਇਹ ਸਾਰਾ ਜਗਤ ਰੂਪ ਆਕਾਰ; ਉਸੇ ਦੀ ਹੀ ਕਾਇਆਂ (ਸਰੀਰ) ਦਾ ਵਿਸਥਾਰ ਹੈ।
ਇਸ ਤਰ੍ਹਾਂ ਸਲੋਕ ਦੀਆਂ ਅਗਲੀਆਂ ਦੋ ਤੁਕਾਂ ’ਚ ਵੈਦਿਕ ਦਰਸ਼ਨ ਦੇ ਜੁਗਾਂ ਦੀ ਵੰਡ ਮੁਤਾਬਕ ਸਤਜੁਗ ਦੇ ਮੰਨੇ ਧਰਮ ਦਾਨ-ਪੰੁਨ ਦੇ ਪ੍ਰਭਾਵ ਹੇਠ ਜਿਹੜੇ ਲੋਕ ਦਾਨੀ ਬਣੇ ਹੁੰਦੇ ਹਨ, ਉਨ੍ਹਾਂ ਦੀ ਚਰਚਾ ਕਰਨ ਉਪਰੰਤ, ਤੁਕ ਨੰਬਰ 9 ਤੇ 10 ਵਿੱਚ ਉਸ ਦੇ ਬਿਲਕੁਲ ਉਲ਼ਟ ਵਰਤਾਰੇ ਵਾਲੇ ਵਿਕਾਰੀਆਂ ਦੀ ਹਾਲਤ ਬਿਆਨ ਕੀਤੀ ਹੈ। ਅਗਾਂਹ 11ਵੀਂ ਤੇ 12ਵੀਂ ਤੁੱਕ ਵਿੱਚ ਜਲ ਥਲ ਆਦਿਕ ਸਥਾਨਾਂ ’ਤੇ ਵੱਸਦੇ ਅਨੇਕਾਂ ਜੀਅ-ਜੰਤਾਂ ਦਾ ਵਰਣਨ ਹੈ। ਸ਼ਬਦ ਦੀਆਂ ਅੰਤਲੀਆਂ 13 ਤੇ 14 ਨੰਬਰ ਤੁਕਾਂ ’ਚ ਗੁਰਦੇਵ ਜੀ ਨੇ ਗੁਰਮਤਿ ਦੇ ਉਸ ਸਿਧਾਂਤਿਕ ਪੱਖ ਨੂੰ ਉਜਾਗਰ ਕੀਤਾ ਹੈ, ਜੋ ਕਿ ਸਬੰਧਿਤ ਪਉੜੀ ਦੇ ਵਾਕ ‘‘ਉਤਮੁ ਏਹੁ ਬੀਚਾਰੁ ਹੈ; ਜਿਨਿ ਸਚੇ ਸਿਉ ਚਿਤੁ ਲਾਇਆ ॥ ਜਗਜੀਵਨੁ ਦਾਤਾ ਪਾਇਆ ॥੬॥’’ (ਮਹਲਾ ੧/੪੬੬) ਨਾਲ ਮੇਲ ਖਾਂਦਾ ਹੈ। ਇਸੇ ਲਈ ਮੰਨਿਆ ਜਾਂਦਾ ਹੈ ਕਿ ਵਾਰਾਂ ਦੀਆਂ ਪਉੜੀਆਂ ਨਾਲ ਭਾਵਾਰਥ ਪੱਖੋਂ ਮੇਲ ਖਾਂਦੇ ਸਲੋਕ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਰੂਪ ‘ਪੋਥੀ ਸਾਹਿਬ’ ਦੀ ਸੰਪਾਦਨਾ ਸਮੇਂ ਅੰਕਿਤ ਕੀਤੇ ਹਨ। ਇਹ ਤੱਥ ਉਦੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ, ਜਦੋਂ ਰਾਗ-ਬੱਧ ਬਾਣੀ ਤੋਂ ਪਿੱਛੋਂ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਪੜ੍ਹਦੇ ਹਾਂ।
ਆਸਾ ਦੀ ਵਾਰ ਦੇ ਉਦਾਹਰਨ ਰੂਪ ਉਪਰੋਕਤ ਸਲੋਕ ਦੀਆਂ ਉਹ ਪਾਵਨ ਤੁਕਾਂ ਹਨ, ‘‘ਨਾਨਕ ! ਭਗਤਾ ਭੁਖ ਸਾਲਾਹਣੁ; ਸਚੁ ਨਾਮੁ ਆਧਾਰੁ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ; ਗੁਣਵੰਤਿਆ ਪਾ ਛਾਰੁ ॥੧॥’’ (ਮਹਲਾ ੧/੪੬੬), ਇਨ੍ਹਾਂ ਰਾਹੀਂ ਸਮਝਾਇਆ ਹੈ ਕਿ ਗੁਰਮਤਿ ਮਾਰਗ ਦੇ ਪਾਂਧੀ ਭਗਤ-ਜਨ; ਨਾ ਤਾਂ ਮੁਸਲਮਾਨਾਂ ਵਾਂਗ ਸ਼ਰਈ ਕੱਟੜਤਾ ’ਚ ਬੱਝਦੇ ਹਨ, ਨਾ ਹਿੰਦੂਆਂ ਵਾਂਗ ਭਗਵਾਨ ਦੀਆਂ ਅਨੇਕਾਂ ਵੱਖ-ਵੱਖ ਮੂਰਤੀਆਂ ਬਣਾ ਕੇ ਪੂਜਦੇ ਹਨ, ਨਾ ਹੀ ਜੋਗੀਆਂ ਵਾਂਗ ਸਮਾਧੀਆਂ ਲਗਾਉਂਦੇ ਹਨ ਤੇ ਨਾ ਹੀ ਦਾਨੀਆਂ ਵਾਂਗ ਦਾਤੇ ਬਣ ਬੈਠਦੇ ਹਨ। ਉਨ੍ਹਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਹੀ ਤਾਂਘ ਲੱਗੀ ਰਹਿੰਦੀ ਹੈ। ਹਰੀ-ਪ੍ਰਭੂ ਦੇ ਸਦਾ ਅਟੱਲ ਰਹਿਣ ਵਾਲਾ ਨਾਮ ਨੂੰ ਹੀ ਆਪਣਾ ਵੱਡਾ ਆਸਰਾ ਸਮਝਦੇ ਹਨ। ਉਹ ਸਦਾ ਦਿਨ ਰਾਤ ਅਨੰਦ ’ਚ ਰਹਿੰਦੇ ਹਨ, ਫਿਰ ਭੀ ਆਪਣੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ।
ਇਸੇ ਤਰ੍ਹਾਂ ਜਪੁ ਜੀ ਦੇ ਵਿਚਾਰਧੀਨ 30ਵੇਂ ਬੰਦ ’ਚ ਕੁੱਲ 6 ਤੁਕਾਂ ਹਨ, ਜਿਨ੍ਹਾਂ ’ਚੋਂ ਪਹਿਲੀਆਂ ਦੋ ਵੈਦਿਕ ਦਰਸ਼ਨ ਦੇ ਉਸ ਪ੍ਰਚਲਿਤ ਖ਼ਿਆਲ ਨੂੰ ਪ੍ਰਗਟਾਉਂਦੀਆਂ ਹਨ, ਜਿਸ ਅਧੀਨ ਸਿੱਧ-ਜੋਗੀਆਂ ਸਮੇਤ ਵੇਦਾਂਤੀ ਤੇ ਪੌਰਾਣਿਕ-ਮਤੀ ਲੋਕ ਵਿਸਵਾਸ਼ ਰੱਖਦੇ ਹਨ ਕਿ ਇਕੱਲੀ ਮਾਇਆ (ਜੋ ਪੁਰਸ਼-ਪਤੀ ਤੋਂ ਬਗ਼ੈਰ) ਕਿਸੇ ਜੁਗਤੀ ਨਾਲ ਪ੍ਰਸੂਤ (ਵਿਆਈ) ਹੋਈ ਅਰਥਾਤ ਸੂਈ ਅਤੇ ਪ੍ਰਤੱਖ ਤੌਰ ’ਤੇ ਉਸ ਨੇ ਤਿੰਨ ਪੁੱਤਰ ਜੰਮੇ। ਜਿਨ੍ਹਾਂ ਵਿੱਚੋਂ ਇਕ ਘਰਬਾਰੀ (ਸੰਸਾਰੀ) ਬਣ ਗਿਆ ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ, ਜਿਸ ਨੂੰ ‘ਬ੍ਰਹਮਾ’ ਨਾਂ ਦਿੱਤਾ ਗਿਆ। ਦੂਜਾ, ਭੰਡਾਰੇ ਦਾ ਮਾਲਕ (ਭੰਡਾਰੀ) ਬਣ ਗਿਆ ਭਾਵ ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ, ਜਿਸ ਨੂੰ ‘ਵਿਸ਼ਨੂੰ’ ਦੇ ਨਾਂ ਤੋਂ ਜਾਣਿਆ ਜਾਣ ਲੱਗਾ ਅਤੇ ਤੀਜਾ, ਜੀਵਾਂ ਦੀ ਮੌਤ ਦਾ ਹੁਕਮ ਚਾੜ੍ਹਣ ਲਈ ਕਚਹਿਰੀ (ਦੀਬਾਣੁ) ਲਾਉਣ ਲੱਗ ਪਿਆ ਭਾਵ ਉਸ ਨੇ ਜੀਅ-ਜੰਤਾਂ ਦੇ ਅੰਤਮ ਫ਼ੈਸਲੇ ਵਜੋਂ ਮਾਰਨ ਦੀ ਜ਼ਿੰਮੇਵਾਰੀ ਚੁੱਕ ਲਈ, ਜਿਸ ਨੂੰ ‘ਸ਼ਿਵ’ ਆਖਿਆ ਗਿਆ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤਾਂ ਉਪਰੋਕਤ ਵਾਰਤਾ ਨੂੰ ਭਾਵੇਂ ਅਤਿ ਸੰਖੇਪ ਕਾਵਿ-ਰੂਪ ਦਿੰਦਿਆਂ ਹੇਠ ਲਿਖੀਆਂ ਦੋ ਤੁਕਾਂ ਵਿੱਚ ਹੀ ਵਰਣਨ ਕੀਤਾ ਹੈ ਪ੍ਰੰਤੂ ਇਹ ਮਾਇਆ ਰੂਪ ਔਰਤ ਕਿਸ ਜੁਗਤ ਨਾਲ ਪ੍ਰਸੂਤ ਹੋਈ, ਕਿਵੇਂ ਉਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਤੇ ਕਿਵੇਂ ਇਹ ਮਾਈ; ਪਾਰਬਤੀ ਦੇ ਰੂਪ ’ਚ ਸ਼ਿਵ ਜੀ ਦੀ ਪਤਨੀ ਬਣੀ; ਅਜਿਹਾ ਵਿਸਥਾਰ ਪੂਰਵਕ ਵੇਰਵਾ ਪੜ੍ਹਨਾ ਹੋਵੇ ਜਾਂ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਪੁਰਾਣ (ਬ੍ਰਹਮਵੈਰਤ ਪੁਰਾਣ, ‘ਵਿਸ਼ਨੂੰ ਪੁਰਾਣ’, ‘ਸ਼ਿਵ ਪੁਰਾਣ’ ਤੇ ‘ਭਾਗਵਤ ਪੁਰਾਣ’) ਪੜ੍ਹੇ ਜਾ ਸਕਦੇ ਹਨ। ਵੈਸੇ ਗੁਰਮੁਖੀ ਸਾਧਨਾ ਪੱਖੋਂ ਗੁਰਸਿੱਖਾਂ ਨੂੰ ਇਨ੍ਹਾਂ ਪੁਰਾਣਾਂ ਦੇ ਪਾਠ ਦੀ ਲੋੜ ਨਹੀਂ, ਕਿਉਂਕਿ ਰਾਮਕਲੀ ਸੱਦ ਵਿਚਲੇ ‘‘ਹਰਿ ਹਰਿ ਕਥਾ ਪੜਹਿ; ਪੁਰਾਣੁ ਜੀਉ ॥’’ (ਭਗਤ ਸੁੰਦਰ/੯੨੩) ਵਾਕ ਮੁਤਾਬਕ ਗੁਰਮਤਿ ਦ੍ਰਿਸ਼ਟੀਕੋਨ ਸਪਸ਼ਟ ਹੈ ਕਿ ਹਰੀ ਅਕਾਲ-ਪੁਰਖ ਦੀ ਸਿਫ਼ਤ-ਸਲਾਹ ਕਰਨੀ ਹੀ ਮੇਰੇ ਲਈ ਬਿਪਰਵਾਦੀ ‘ਪੁਰਾਣੁ’ ਹੈ। ਜਪੁ ਜੀ ਦੇ ਵਿਚਾਰਧੀਨ 30ਵੇਂ ਬੰਦ ਦੀਆਂ ਉਹ ਪਾਵਨ ਤੁਕਾਂ ਹਨ, ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’’
‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਮੁਤਾਬਕ ਇਸ ਤੁਕ ਦੇ ਅਰਥ ਹਨ, ‘ਇਹ ਮੰਨਿਆ ਜਾਂਦਾ ਹੈ ਕਿ ਇਕ ਮਾਇਆ ਕਿਸੇ ਵਿਉਂਤ ਨਾਲ ਸੂਈ ਅਤੇ ਉਸ ਤੋਂ ਤਿੰਨ ਚੇਲੇ ਜਾਂ ਪੁੱਤਰ ਪੈਦਾ ਹੋਏ, ਇਕ ਸੰਸਾਰ ਦੇ ਰਚਣ ਵਾਲਾ ਬ੍ਰਹਮਾ, ਇਕ ਪਾਲਣ ਦੇ ਸਮਿਆਨ ਰੱਖਣ ਵਾਲਾ ਵਿਸ਼ਨੂੰ ਅਤੇ ਇਕ ਮੌਤ ਦੇ ਹੁਕਮ ਚੜ੍ਹਾਣ ਲਈ ਕਚਹਿਰੀ ਲਾਣ ਵਾਲਾ ਸ਼ਿਵ’।
ਸੋ ਉਪਰੋਕਤ ਸਾਰੀ ਵਿਚਾਰ ਦਾ ਸਾਰੰਸ਼ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਕੇਵਲ ਗੁਰਮਤਿ ਹੀ ਨਹੀਂ, ਉਦਾਰਹਨਾਂ ਵਜੋਂ ਅਨਮਤੀ ਸਾਧਨਾ-ਪੱਧਤੀਆਂ ਤੇ ਕਥਾ-ਕਹਾਣੀਆਂ ਦਾ ਵਰਣਨ ਭੀ ਹੈ। ਗੁਰਵਾਕ ‘‘ਰਖਿ ਰਖਿ ਚਰਨ ਧਰੇ ਵੀਚਾਰੀ ॥’’ (ਮਹਲਾ ੧/੬੮੫) ਰਾਹੀਂ ਬਚਨ ਹਨ ਹੈ ਕਿ ਗੁਰਸਿੱਖ ਆਪਣੇ ਜੀਵਨ ਸਫਰ ’ਚ ਬੜਾ ਸੁਚੇਤ ਰਹਿ ਕੇ ਸਿੱਦਕ ਨਾਲ ਅਗਲਾ ਕਦਮ ਪੁੱਟਦਾ ਹੈ। ਇਸ ਲਈ ਗੁਰਬਾਣੀ ਪੜ੍ਹਦਿਆਂ, ਗਾਉਂਦਿਆਂ ਤੇ ਸੁਣਦਿਆਂ ਭੀ ਸੁਚੇਤਤਾ ਅਤਿਅੰਤ ਲਾਜ਼ਮੀ ਹੈ। ਸਾਰੀਆਂ ਸਿੱਖ ਮਿਸ਼ਨਰੀ ਸੰਸਥਾਵਾਂ ਤੇ ਵਿਸ਼ਵ ਵਿਦਿਆਲੇ ਇਸ ਪੱਖੋਂ ਬੜੇ ਸੁਚੇਤ ਹਨ, ਪਰ ਪਰੰਪਰਾਵਾਦੀ ਤੇ ਸੰਪਰਦਾਈ ਪ੍ਰਚਾਰਕ; ਲਕੀਰ ਦੇ ਫ਼ਕੀਰ ਹੋ ਕੇ ਵਿਚਰਦੇ ਹਨ। ਦਾਸਰੇ ਅਨੁਸਾਰ ਇਹੀ ਵੱਡਾ ਪਾੜਾ ਹੈ, ਜਿਹੜਾ ਇਨ੍ਹਾਂ ਨੂੰ ਦੋ ਧੜਿਆਂ ਵਿੱਚ ਵੰਡਦਾ ਹੈ।
ਪੌਰਾਣਿਕ-ਮਤੀ ਪ੍ਰਚਾਰਕਾਂ ਦੁਆਰਾ ਜਪੁ ਜੀ ਦੇ ਇਸ 30ਵੇਂ ਬੰਦ ਨੂੰ ਆਪਣੇ ਹੱਕ ’ਚ ਭਗਤਾਉਣਾ ਤਾਂ ਸਮਝ ਪੈਂਦਾ ਹੈ, ਪਰ ਵਧੇਰੇ ਦੁੱਖ ਉਦੋਂ ਹੁੰਦਾ ਹੈ, ਜਦੋਂ ਗੁਰਸਿੱਖੀ ਪਹਿਰਾਵੇ ’ਚ ਕਈ ਸੰਪਰਦਾਈ ਮਾਈ-ਭਾਈ ਵੀ ਉਸੇ ਢੰਗ ਨਾਲ ਵਿਚਾਰਨ ਲੱਗਦੇ ਹਨ। ਕੁਝ ਬਚਿਤਰ ਨਾਟਕੀ ਪ੍ਰਚਾਰਕ ‘ਏਕਾ ਮਾਈ’ ਨੂੰ ਰੱਬੀ ਸ਼ਕਤੀ ਦੱਸ ਕੇ ‘ਦੁਰਗਾ’ (ਮਹਾਂ ਮਾਈ, ਮਹਾਂਕਾਲੀ, ਜਗ-ਮਾਤਾ, ਭਗਉਤੀ ਤੇ ਪਾਰਬਤੀ ਆਦਿ) ਨਾਲ ਜੋੜਨ ਦਾ ਯਤਨ ਕਰਦੇ ਹਨ। ਤਾਂਤ੍ਰਿਕ ਜੋਗੀਆਂ ਦੇ ਦਿਸ਼੍ਰਟੀਕੋਨ ਤੋਂ ਭਾਵੇਂ ਇਹ ਸਹੀ ਹੈ ਕਿਉਂਕਿ ‘ਸ਼ੈਵ’ ਹੋਣ ਕਰਕੇ ਉਹ ਆਪਣੀ ਮਾਈ; ਪਾਰਬਤੀ ਨੂੰ ਹੀ ਮੰਨਦੇ ਹਨ। ਜੋਗੀਆਂ ਦੀ ਸਭ ਤੋਂ ਸ੍ਰੇਸ਼ਟ ਮੰਨੀ ਜਾਂਦੀ ‘ਆਈ ਪੰਥੀ’ ਸੰਪ੍ਰਦਾ ਤਾਂ ਸਿੱਧੇ ਰੂਪ ਹੀ ‘ਦੁਰਗਾ’ ਦੀ ਉਪਾਸ਼ਕ ਹੈ। ਇਸ ਸੰਪ੍ਰਦਾ ਦਾ ਹਿੰਦੀ ਵਿਚ ਹੇਠ ਲਿਖਿਆ ਮੰਤ੍ਰ ਉਪਰੋਕਤ ਹਕੀਕਤ ਦਾ ਅਕੱਟ ਗਵਾਹ ਹੈ :
ਕਾਲੀ ਕਾਲੀ ਮਹਾਕਾਲੀ। ਬ੍ਰਹਮਾ ਕੀ ਬੇਟੀ, ਇੰਦ੍ਰ ਕੀ ਸਾਲੀ।
ਉਡ ਬੈਠੀ ਪੀਪਲ ਕੀ ਡਾਲੀ । ਦੋਨੋ ਹਾਥ ਬਜਾਇਂ ਤਾਲੀ।
ਸ਼ਿਵ ਭੋਲੇ ਔਰ ਸ਼ਿਵ ਕੀ ਦੁਹਾਈ। ਸਰਵ ਕਾਰਜ ਸਿੱਧ ਕਰ ਮਾਂ ਮੇਰੀਯੇ ! !॥
ਨਿਊ ਮੈਕਸੀਕੋ ਦੇ ਸ਼ਹਰ ਐਸਪਾਨੋਲਾ (Espanola, US) ਦੇ ਨਿਵਾਸੀ ਜੋਗੀ ਹਰਿਭਜਨ ਸਿੰਘ ਨੇ ਇਸ ਸੰਪ੍ਰਦਾ ਦੇ ‘ਕੰੁਡਲਨੀ ਯੋਗਾ’ ਨੂੰ ਗੁਰਮਤੀ ਰੰਗ ਦੇ ਕੇ ਅਮਰੀਕਨ ਲੋਕਾਂ ਨੂੰ ਗੁੰਮਰਾਹ ਕੀਤਾ ਸੀ। ਉਸ ਦੇ ਚੇਲੇ ਉਪਰੋਕਤ ਮੰਤ੍ਰ ਦੀ ਥਾਂ ਜਪੁ ਜੀ ਦੇ ‘‘ਏਕਾ ਮਾਈ ਜੁਗਤਿ ਵਿਆਈ’’ ਤੁਕਾਂਸ਼ ਵਾਲੇ 30ਵੇਂ ਬੰਦ ਨੂੰ ਮੰਤ੍ਰ ਰੂਪ ਵਿੱਚ ਗਾਉਂਦੇ ਹਨ। ਅਜਿਹੇ ਇੱਕ ਪ੍ਰਚਾਰਕ ਦੇ ਮੂੰਹੋਂ ਮੈਂ ਬਚਿਤ੍ਰ-ਨਾਟਕੀ ‘ਚੰਡੀ ਚਰਿਤ੍ਰ’ ਦਾ ਛੰਦ ‘ਨਮੋ ਜੋਗ ਜ੍ਵਾਲੰ; ਧਰੀਯੰ ਜੁਆਲੰ ॥ ਨਮੋ ਸੁੰਭ ਹੰਤੀ; ਨਮੋ ਕਰੂਰ ਕਾਲੰ ..॥੪॥੨੨੩॥’’ (ਚੰਡੀ ਚਰਿਤ੍ਰ) ਵੀ ਸੁਣਿਆ; ਕਿਉਂਕਿ ਉਹ ਆਦਿ ਨਾਥ ਜੋਗੀ ਸ਼ਿਵ ਜੀ ਦੀ ਪਤਨੀ ਪਾਰਬਤੀ (ਦੁਰਗਾ, ਭਗਉਤੀ) ਮਾਈ ਨੂੰ ਜੋਗ-ਅਗਨ ਦੀ ਅਗਨੀ ਧਾਰਨ ਕਰਨ ਵਾਲੀ ਦੇਵੀ ਵਜੋਂ ਨਮਸ਼ਕਾਰ ਕਰਦੇ ਹਨ। ‘ਕੁੰਡਲਨੀ ਯੋਗਾ’ ਦੀ ਟ੍ਰੇਨਿੰਗ ਲਈ ਦੁਬਈ ਤੇ ਸਪੇਨ ਆਦਿਕ ਵੱਖ ਵੱਖ ਦੇਸ਼ਾਂ ’ਚ ਜੋ ਉਨ੍ਹਾਂ ਨੇ ਸੈਂਟਰ ਖੋਲ੍ਹੇ ਹਨ, ਉਨ੍ਹਾਂ ਦਾ ਨਾਂ ਹੀ ‘ਏਕਾ ਮਾਈ ਸਟੂਡੀਓ’ ਰੱਖਿਆ ਗਿਆ ਹੈ।
ਇਸ ਨੁਕਤੇ ’ਤੇ ਲਗਭਗ ਸਾਰੇ ਵਿਦਵਾਨ ਸਹਿਮਤ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਸ਼ਬਦ ਦੇ ਸਿਧਾਂਤਕ ਤੇ ਵਿਆਕਰਣਿਕ ਪੱਖ ਨੂੰ ਸਮਝਣ ਲਈ ‘ਰਹਾਉ’ ਦੇ ਪਦੇ ਨੂੰ ਆਧਾਰ ਮੰਨਣਾ ਪੈਂਦਾ ਹੈ। ਵਾਰਾਂ ਦੇ ਸਲੋਕਾਂ ਨੂੰ ਸਮਝਣ ਲਈ ਸਬੰਧਿਤ ‘ਪਉੜੀ’ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੁੰਦਾ ਹੈ; ਤਿਵੇਂ ਹੀ ਜਪੁ ਜੀ ਦੇ ਬੰਦਾਂ ਨੂੰ ਗੁਰਮਤਿ ਦ੍ਰਿਸ਼ਟੀਕੋਨ ਤੋਂ ਸਮਝਣ ਲਈ ਬੰਦ ਦੀਆਂ ਸਾਰੰਸ਼ ਰੂਪ ਅੰਤਲੀਆਂ ਤੁਕਾਂ ਨੂੰ ਵਿਸ਼ੇਸ਼ਤਾ ਦੇਣੀ ਬਣਦੀ ਹੈ। ਜੋਗ-ਮੱਤ ਨਾਲ ਸਬੰਧਿਤ ‘ਜਪੁ ਜੀ’ ਦੇ 28 ਤੋਂ 31 ਤਕ ਦੇ ਬੰਦਾਂ ਦੇ ਅਰਥ-ਭਾਵ ਵਿਚਾਰਨ ਲਈ ਚਾਰੋਂ ਵਾਕ ਅੰਤ ’ਚ ਦਰਜ ‘‘ਆਦੇਸੁ, ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’ ਵਾਕ ਨੂੰ ਚਾਰੋਂ ਪਉੜੀਆਂ ’ਚ ‘ਰਹਾਉ’ ਸਮਝਣਾ ਹੈ, ਪਰ ਗੁਰਮਤਿ ਦੇ ਪ੍ਰਚਾਰਕਾਂ ਨੂੰ 30ਵੇਂ ਬੰਦ ਦੀ ਹੇਠਲੀ ਤੁਕ ਵਿਚਲੇ ‘ਤਿਸੁ’ (ਪੜਨਾਂਵ) ਤੋਂ ਭੁਲੇਖਾ ਲੱਗਿਆ ਜਾਪਦਾ ਹੈ। ‘ਤਿਸੁ’ ਦਾ ਵਿਸ਼ੇ-ਪ੍ਰਸੰਗ ਅਨੁਸਾਰ ਅਰਥ ਹੈ ‘ਉਸ ਸ੍ਰਿਸ਼ਟੀ ਦੇ ਮੁੱਢ (ਆਦਿ) ਨੂੰ, ਜਿਸ ਦਾ ਆਪਣਾ ਕੋਈ ਮੁੱਢ ਨਹੀਂ (ਅਨਾਦਿ), ਜੋ ਨਾਸ ਰਹਿਤ ਹੈ (ਅਨਾਹਤਿ) ਤੇ ਸਦਾ ਨਿਰਲੇਪ (ਅਨੀਲ) ਰਹਿੰਦਾ ਹੈ; ਉਸ ਨੂੰ ਹੀ ਆਦੇਸ ਕਰਨਾ ਹੈ, ਨਮਸਕਾਰ ਕਰਨੀ ਹੈ, ਪਰ ਇਨ੍ਹਾਂ ਨੇ ‘ਤਿਸੁ’ ਦਾ ਅਰਥ ਉਹ ‘ਏਕਾ ਮਾਈ’ ਸਮਝ ਲਿਆ, ਜੋ ਕਿ ਗੁਰਮਤਿ-ਸਿਧਾਂਤ ਵਿਰੁੱਧ ਹੈ।
ਕੁੰਡਲਨੀ ਯੋਗਾ ਦੇ ਪ੍ਰਚਾਰਕ ਤਾਂ ‘ਤਿਸੁ’ ਪਦ ਨੂੰ ‘ਏਕਾ ਮਾਈ’ ਦਾ ਪੜਨਾਂਵ ਮੰਨਦੇ ਹਨ ਜਦ ਕਿ ਸੰਪਰਦਾਈ ਪ੍ਰਚਾਰਕ ਗੁਰਮਤੀ ਰੰਗ ਦੇਣ ਲਈ ਸੰਖਿਆ ਬੋਧਕ ਅੰਕ ‘ਏਕਾ’ ਨੂੰ ਇੱਕ-ਓਅੰਕਾਰੀ (ੴ ) ਏਕਾ (1) ਮੰਨ ਕੇ ਅਦੁੱਤੀ ਕਰਤਾਰ ਨਾਲ ਜੋੜਦੇ ਹਨ। ਉਹ ਰਾਮਕਲੀ ਸਿਧ ਗੋਸਟਿ ਦੇ ‘‘ਏਕੇ ਕਉ ਸਚੁ ਏਕਾ ਜਾਣੈ..॥’’ (ਗੋਸਟਿ (ਮਹਲਾ ੧/੯੪੦) ਵਾਕ ਨੂੰ ਪ੍ਰਮਾਣ ਵਜੋਂ ਵਰਤਦੇ ਹਨ। ਇਸੇ ਕਾਰਨ ਫ਼ਰੀਦਕੋਟ ਵਾਲੇ ਸੰਪ੍ਰਦਾਈ ਟੀਕੇ ’ਚ ਇਸ ਦੇ ਇਉਂ ਅਰਥ ਕੀਤੇ ਗਏ ਹਨ, ‘ਹੇ ਸਿੱਧੋ ! ਏਕ ਜੋ ਅਕਾਲਿ ਮੂਰਤਿ ਪਰਮਾਤਮਾ ਹੈ, ਵੁਹ ਜਬ (ਮਾਈ) ਮਾਇਆ ਸਾਥ (ਜੁਗਤਿ) ਮਿਲਤਾ ਭਇਆ ਤਬ ਮਾਇਆ (ਵਿਆਈ) ਪ੍ਰਸੂਤ ਹੋਤੀ ਭਈ’; ਪ੍ਰੰਤੂ ਜੇਕਰ ਇਨ੍ਹਾਂ ਵਾਕਾਂ ਦੇ ਸਾਰੰਸ਼ ਰੂਪ ‘‘ਆਦੇਸੁ, ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ ॥’’ ਨੂੰ ਆਧਾਰ ਬਣਾਈਏ ਤਾਂ ‘‘ਜਿਵ ਤਿਸੁ ਭਾਵੈ; ਤਿਵੈ ਚਲਾਵੈ.. ॥’’ ਵਾਕ ਵਿਚਲੇ ‘ਤਿਸੁ’ ਦਾ ਸਹਿਜੇ ਹੀ ਭਾਵ ‘‘ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’ ਵੱਲ ਉਲਥ ਕੇ ਉਸ ਨੂੰ ਜੋਗੀਆਂ ਦੀ ਸ਼ਬਦਾਵਲੀ ‘‘ਆਦੇਸੁ, ਤਿਸੈ ਆਦੇਸੁ ॥’’ ਉਚਾਰ ਕੇ ਜੋਗੀਆਂ ਵਾਂਗ ਕਿਸੇ ਮਹਾਂ ਮਾਈ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼ (ਸ਼ਿਵ) ਆਦਿਕ ਨੂੰ ਨਮਸ਼ਕਾਰ ਕਰਨ ਦੀ ਲੋੜ ਨਹੀਂ ਰਹਿੰਦੀ। ਇਹੀ ਉਪਦੇਸ਼ ਇਨ੍ਹਾਂ ਬਚਨਾਂ ਰਾਹੀਂ ਮਿਲਦਾ ਹੈ, ‘‘ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ; ਇਹੈ ਅਘਾਵਨ ਪਾਂਨ ਕਉ ॥ ਅਕਾਲ ਮੂਰਤਿ ਹੈ ਸਾਧ ਸੰਤਨ ਕੀ; ਠਾਹਰ ਨੀਕੀ ਧਿਆਨ ਕਉ ॥’’ (ਮਹਲਾ ੫/੧੨੦੮) ਭਾਵ ਸਾਧਕ ਸੰਤ-ਜਨ੍ਹਾਂ ਲਈ ਧਿਆਨ ਟਿਕਾਉਣ ਵਾਸਤੇ ‘ਅਕਾਲ-ਮੂਰਤਿ’ ਹੀ ਸਭ ਤੋਂ ਸੁੰਦਰ ਠਾਹਰ (ਵਧੀਆ ਟਿਕਾਣਾ) ਹੈ। ਇਸ ਲਈ ਸਭ ਤੋਂ ਉੱਤਮ ਢੰਗ ਹੈ ਕਿ ਗੁਰਬਾਣੀ ਦਾ ਵਿਚਾਰ-ਪੂਰਵਕ ਗਾਇਨ ਕੀਤਾ ਜਾਏ। ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰਤਾ ਤੇ ਗੁਰਮੁਖ ਸਿੱਖ ਪ੍ਰੋ. ਤੇਜਾ ਸਿੰਘ ਜੀ ਗੁਰਬਾਣੀ ਦੇ ਵਾਕ ‘‘ਧੁਨਿ ਮਹਿ ਧਿਆਨੁ; ਧਿਆਨ ਮਹਿ ਜਾਨਿਆ; ਗੁਰਮੁਖਿ ਅਕਥ ਕਹਾਨੀ ॥’’ (ਮਹਲਾ ੧/੮੭੯) ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਕਿ ਸ਼ਬਦ ਕੀਰਤਨ ਮੌਕੇ ‘ਗੁਰ ਸ਼ਬਦ ਦੀ ਧੁਨਿ ਉਠਾਂਦਿਆਂ ਹੀ ਧਿਆਨ ਲਗ ਜਾਂਦਾ ਹੈ ਅਤੇ ਧਿਆਨ ਲਗਦਿਆਂ ਹੀ ਹਰੀ ਦਾ ਗਿਆਨ ਹੋ ਜਾਂਦਾ ਹੈ ਭਾਵ ਹੋਰਨਾ ਸਾਧਨਾਂ ਵਿੱਚ ਉਚਾਰਨ, ਧਿਆਨ ਅਤੇ ਗਿਆਨ ਦੀਆਂ ਤਿੰਨ ਵੱਖੋ ਵੱਖਰੀਆਂ ਅਵਸਥਾ ਹਨ, ਜੋ ਵਰ੍ਹਿਆਂ ਬੱਧੀ ਮਿਹਨਤ ਨਾਲ ਪ੍ਰਾਪਤ ਹੁੰਦੀਆਂ ਹਨ, ਪਰ ਗੁਰ ਸ਼ਬਦ ਦੀ ਕਮਾਈ ਨਾਲ ਤਿੰਨੇ ਅਵਸਥਾ ਇੱਕ ਵਾਰ ਹੀ ਮਿਲ ਜਾਂਦੀਆਂ ਹਨ’।
ਫਰੀਦਕੋਟੀ ਟੀਕੇ ਵਾਲੇ ਅਰਥ ਕਿ ‘ਹੇ ਸਿੱਧੋ ! ਏਕ ਜੋ ਅਕਾਲਿ ਮੂਰਤਿ ਪਰਮਾਤਮਾ ਹੈ, ਵੁਹ ਜਬ (ਮਾਈ) ਮਾਇਆ ਸਾਥ (ਜੁਗਤਿ) ਮਿਲਤਾ ਭਇਆ ਤਬ ਮਾਇਆ (ਵਿਆਈ) ਪ੍ਰਸੂਤ ਹੋਤੀ ਭਈ’, ਨਾਲ ਸਹਿਮਤੀ ਰੱਖਣ ਵਾਲੇ ਸੱਜਣਾਂ ਦਾ ਵਿਚਾਰ ਹੈ ਕਿ ਕੁਦਰਤੀ ਨਿਯਮਾਂ ਮੁਤਾਬਕ ਨਰ ਤੇ ਮਾਦਾ ਦਾ ਸਰੀਰਕ ਮਿਲਾਪ ਜ਼ਰੂਰੀ ਹੈ; ਜਿਵੇਂ ਕਿ ਗੁਰ ਵਾਕ ਹੈ, ‘‘ਜੈਸੇ ਮਾਤ ਪਿਤਾ ਬਿਨੁ; ਬਾਲੁ ਨ ਹੋਈ ॥’’ (ਭਗਤ ਕਬੀਰ/੮੭੨), ਪਰ ਇਹ ਪ੍ਰਮਾਣ ਦੇਣ ਵਾਲੇ ਸੱਜਣਾਂ ਨੂੰ ਖ਼ਿਆਲ ਰੱਖਣਾ ਬਣਦਾ ਹੈ ਕਿ ਉਪਰੋਕਤ ਕੁਦਰਤੀ ਨਿਯਮ ਕਾਲ ਅਧੀਨ ਆਉਣ ਵਾਲੇ ਅਕਾਰਮਈ ਜੀਵ-ਜੰਤਾਂ ਬਾਰੇ ਹੈ, ਨਿਰੰਕਾਰੀ ਹਸਤੀ ਲਈ ਨਹੀਂ। ਗੁਰਮਤਿ ਦ੍ਰਿਸ਼ਟੀਕੋਨ ਤੋਂ ਕਰਤਾ-ਪੁਰਖ ‘ਅਕਾਲਿ ਮੂਰਤਿ’ ਹੈ, ਕਿਉਂਕਿ ਉਹ ਨਿਰੰਕਾਰ ਹੈ। ਗੁਰੂ ਨਜ਼ਰੀਏ ਤੋਂ ਮਾਇਆ (ਮਾਈ); ਇੱਕ ਪੌਰਾਣਿਕ-ਮੱਤੀ ਦੇਵੀ (ਹਸਤੀ) ਨਹੀਂ; ਜਿਵੇਂ ਕਿ ਬਚਨ ਹਨ, ‘‘ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ॥’’ (ਅਨੰਦ/ਮਹਲਾ ੩/੯੨੧) ਯਾਨੀ ਇਹੀ ਕਿਹਾ ਜਾ ਸਕਦਾ ਹੈ ਕਿ ਮਾਇਆ; ਸੰਸਾਰਕ ਜੀਵਾਂ ਅੰਦਰਲੇ ਮੋਹ ’ਚੋਂ ਪੈਦਾ ਹੋਇਆ ਇੱਕ ਭ੍ਰਮਣੀਕ ਤੇ ਭਾਵਾਤਮਕ ਖ਼ਿਆਲ ਹੈ, ਜਿਸ ਅਧੀਨ ਰਿਹਾ ਮਨੁੱਖ ਅਕਾਲ-ਪੁਰਖ ਨੂੰ ਛੱਡ ਕੇ ਹੋਰ ਹੋਰ ਚੀਜ਼ਾਂ ਦੇ ਮੋਹ ’ਚ ਪਲਚ ਜਾਂਦਾ ਹੈ।
ਇਹੀ ਕਾਰਨ ਹੈ ਕਿ ਸੰਜੋਗ ਦੇ ਨਿਯਮ ਅਧੀਨ ਜਦੋਂ ਜੀਵਾਂ ਦਾ ਮਿਲਾਪ ਹੁੰਦਾ ਹੈ, ਕਿਸੇ ਕਿਸਮ ਦੀ ਕੋਈ ਪਰਵਾਰਕ ਤੇ ਪਦਾਰਥਕ ਪ੍ਰਾਪਤੀ ਹੁੰਦੀ ਹੈ ਤਾਂ ਉਹ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਵਿਜੋਗ ਦੇ ਨਿਯਮ ਅਧੀਨ ਜਦੋਂ ਉਹ ਕਿਸੇ ਤਰ੍ਹਾਂ ਬਿਨਸਦੇ ਜਾਂ ਵਿਛੜਦੇ ਹਨ ਤਾਂ ਜੀਵ ਦੁਖੀ ਹੁੰਦੇ ਹਨ, ਪਰ ਜਦੋਂ ਕੋਈ ਮਨੁੱਖ ਪਰਮਾਤਮਾ ਦਾ ਸਦਾ ਥਿਰ ਨਾਮ (-ਰੂਪ ਨੌ-ਨਿਧਿ ਖ਼ਜ਼ਾਨਾ) ਪ੍ਰਾਪਤ ਕਰ ਲੈਂਦਾ ਹੈ; ਤਾਂ ਫਿਰ ਉਸ ਦਾ ਮਨ ਨਾ ਤਾਂ ਮਾਇਆ (ਮਾਈ) ਦਾ ਪੁੱਤਰ ਬਣਦਾ ਹੈ ਅਤੇ ਨਾ ਹੀ ਉਸ ਖ਼ਾਤਰ ਰੋਂਦਾ ਕਲਪਦਾ ਹੈ, ‘‘ਸਚੁ ਨਾਮੁ ਜਾ ਨਵ ਨਿਧਿ ਪਾਈ ॥ ਰੋਵੈ ਪੂਤੁ ਨ ਕਲਪੈ ਮਾਈ ॥’’ (ਮਹਲਾ ੧/੩੫੬)
ਉਪਰੋਕਤ ਕਿਸਮ ਦੇ ਅਰਥ ਕਰਨ ਮੌਕੇ ਗੁਰਮਤਿ ਦ੍ਰਿਸ਼ਟੀਕੋਨ ਤੋਂ ਦੂਜਾ ਨੁਕਤਾ ਇਹ ਵੀ ਧਿਆਨ ’ਚ ਰੱਖਣਾ ਜ਼ਰੂਰੀ ਹੈ ਕਿ ਜੇ ਅਸੀਂ ‘ਅਕਾਲ ਮੂਰਤਿ’ ਪਰਮਾਤਮਾ ਤੋਂ ਮਾਇਆ ਦੇ ਪ੍ਰਸੂਤ ਹੋਣ ਦੀ ਚਰਚਾ ਕਰਦੇ ਹਾਂ ਤਾਂ ਫਿਰ ਉਸ ਨਾਲ ‘ਨਿਰੰਜਨੁ’ ਤੇ ‘ਅਨੀਲੁ’ ਵਿਸ਼ੇਸ਼ਣ ਕਿਵੇਂ ਵਰਤੇ ਜਾ ਸਕਦੇ ਹਨ ? ਇਹ ਦੋਵੇਂ ਵਿਸ਼ੇਸ਼ਣ ਅਰਥਾਂ ਪੱਖੋਂ ਲਗਭਗ ਸਮਾਨਾਰਥਕ ਰੱਖਦੇ ਹਨ। ਗੁਰਬਾਣੀ ਕੋਸ਼ਾਂ ’ਚ ‘ਨਿਰੰਜਨ’ ਦਾ ਅਰਥ ਹੈ : ਅੰਜਨ (ਕੱਜਲ) ਰਹਿਤ, ਮੋਹ ਦੀ ਕਾਲਖ ਤੋਂ ਰਹਿਤ, ਮਾਇਆ ਤੋਂ ਨਿਰਲੇਪ ਅਤੇ ‘ਅਨੀਲੁ’ ਦਾ ਅਰਥ ਹੈ : ਰੰਗ ਰਹਿਤ, ਮੈਲ਼ ਰਹਿਤ, ਉੱਜਲ ਤੇ ਬੇਦਾਗ਼। ਜੇਕਰ ਅਸੀਂ ਮੰਨ ਲੈਂਦੇ ਹਾਂ ਕਿ ਮਾਇਆ ਦੇ ਸੰਜੋਗ ਨਾਲ ਅਕਾਲ-ਮੂਰਤਿ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ ਤਾਂ ਫਿਰ ਉਸ ਨੂੰ ‘ਸਰਬਕਲਾ ਸਮਰਥ’ ਕਰਤਾ ਕਿਵੇਂ ਮੰਨਿਆ ਜਾ ਸਕਦਾ ਹੈ ? ਜੇ ਅਜਿਹਾ ਸੰਪ੍ਰਦਾਈ ਦ੍ਰਿਸ਼ਟੀਕੋਨ ਸੱਚ ਹੈ ਤਾਂ ਫਿਰ ਗੁਰਦੇਵ ਜੀ ਹੇਠ ਲਿਖਿਆ ਉਪਦੇਸ਼ ਕਿਵੇਂ ਦੇ ਸਕਦੇ ਹਨ ਕਿ ਐ ਮਨੁੱਖ ! ਜਿਹੜਾ ਦਾਤਾਰ-ਪ੍ਰਭੂ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਮਾਇਆ ਦੀ ਪਾਹ ਤੋਂ ਨਿਰਲੇਪ (ਆਪਾਹੇ) ਹੈ। ਜੋ ਇਕ ਛਿਨ ਵਿੱਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ; ਉਹ ਪਰਮਾਤਮਾ ਹਰ ਵੇਲੇ ਤੇਰਾ ਵੀ ਮਦਦਗਾਰ ਹੈ, ‘‘ਜੀਅ ਜੰਤ ਕਉ ਰਿਜਕੁ ਸੰਬਾਹੇ ॥ ਕਰਣ ਕਾਰਣ ਸਮਰਥ ਆਪਾਹੇ ॥ ਖਿਨ ਮਹਿ ਥਾਪਿ ਉਥਾਪਨਹਾਰਾ; ਸੋਈ ਤੇਰਾ ਸਹਾਈ ਹੇ ॥’’ (ਮਹਲਾ ੫/੧੦੭੧)
ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਰਾਗੁ ਗੂਜਰੀ ਦੀ ਵਾਰ ਵਿੱਚ ਸ੍ਰਿਸ਼ਟੀ ਰਚਨਾ ਸਬੰਧੀ ਗੁਰਮਤਿ-ਦ੍ਰਿਸ਼ਟੀਕੋਨ ਪ੍ਰਗਟਾਉਂਦਿਆਂ ‘ਮਾਇਆ’ ਨੂੰ ਸ੍ਰਿਸ਼ਟੀ ਦਾ ਮੂਲ ਨਹੀਂ ਮੰਨਿਆ। ਉਨ੍ਹਾਂ ਦਾ ਕਥਨ ਹੈ ਕਿ ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾ ਕੇ ਜਗਤ ਰਚਨਾ ਦਾ ਮੁੱਢ ਬੰਨ੍ਹ ਦਿੱਤਾ। ਉਸ ਨੇ ਆਪਣੇ ਹੁਕਮ ’ਚ ਸ੍ਰਿਸ਼ਟੀ ਸਾਜ ਕੇ ਜੀਵਾਂ ਦੀ ਆਤਮਾ ਵਿਚ ਆਪਣੀ ਜੋਤਿ ਰਲਾਈ। ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ। ਗੁਰਮਤਿ ਦਾ ਇਹ ਸਿਧਾਂਤਿਕ ਬਚਨ ਸਤਿਗੁਰੂ ਨੇ ਸੁਣਾਇਆ ਹੈ, ਜੋ ‘ਧਨਾਸਰੀ ਮਹਲਾ ੧’ ਦੇ ਸਿਰਲੇਖ ਹੇਠ ਦਰਜ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥’’ (ਮਹਲਾ ੧/੧੩) ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਨ੍ਹਾਂ ਨੂੰ ਤਿੰਨੇ ਗੁਣਾਂ ਦੇ ਧੰਧੇ ’ਚ ਉਸ ਨੇ ਪਾ ਦਿੱਤਾ ਭਾਵ ਰਜੋ, ਸਤੋ ਤੇ ਤਮੋ ਗੁਣਾਂ ਵਾਲੇ ਸੰਸਾਰ ਦੀ ਰਚਨਾ ਕਰ ਦਿੱਤੀ। ਇਸ ਪ੍ਰਕਾਰ ਜੋਤਿ ਰੂਪ ਕਰਤਾ-ਪੁਰਖ ਨੇ ਸੰਜੋਗ ਵਿਜੋਗ-ਰੂਪ ਮਾਇਆ ਦਾ ਮੁੱਢ ਰਚਿਆ। (ਹੁਣ ਇਸ ਮਾਇਆ ’ਚ ਰਹਿੰਦਿਆਂ) ਸੁਖ ਉਸ ਨੇ ਲੱਭਾ, ਜੋ ਤੁਰੀਆ ਅਵਸਥਾ ਤੱਕ ਅੱਪੜਿਆ। ਹਜ਼ੂਰ ਦੀ ਰਚਿਤ ਪਾਵਨ ਪਉੜੀ ਹੈ, ‘‘ਸੰਜੋਗੁ ਵਿਜੋਗੁ ਉਪਾਇਓਨੁ; ਸ੍ਰਿਸਟੀ ਕਾ ਮੂਲੁ ਰਚਾਇਆ ॥ ਹੁਕਮੀ ਸ੍ਰਿਸਟਿ ਸਾਜੀਅਨੁ; ਜੋਤੀ ਜੋਤਿ ਮਿਲਾਇਆ ॥ ਜੋਤੀ ਹੂੰ ਸਭੁ ਚਾਨਣਾ; ਸਤਿਗੁਰਿ ਸਬਦੁ ਸੁਣਾਇਆ ॥ ਬ੍ਰਹਮਾ ਬਿਸਨੁ ਮਹੇਸੁ; ਤ੍ਰੈ ਗੁਣ ਸਿਰਿ ਧੰਧੈ ਲਾਇਆ ॥ ਮਾਇਆ ਕਾ ਮੂਲੁ ਰਚਾਇਓਨੁ; ਤੁਰੀਆ ਸੁਖੁ ਪਾਇਆ ॥੨॥’’ (ਮਹਲਾ ੩/੫੦੯)
ਇਸ ਪਉੜੀ ਰਾਹੀਂ ਇਹ ਸੋਝੀ ਵੀ ਮਿਲਦੀ ਹੈ ਕਿ ਗੁਰਬਾਣੀ ਦੇ ਪਾਠਕਾਂ ਨੇ ‘ਬ੍ਰਹਮਾ, ਵਿਸ਼ਨੂ ਤੇ ਮਹੇਸ਼’ ਦੀ ਕੋਈ ਵਿਸ਼ੇਸ਼ ਹੋਂਦ ਅਥਵਾ ਹਸਤੀ ਨਹੀਂ ਮੰਨਣੀ। ਉਨ੍ਹਾਂ ਦੇ ਨਾਵਾਂ ਨੂੰ ਪ੍ਰਚਲਿਤ ਲੋਕ ਮੁਹਾਵਰਿਆਂ ਦੇ ਰੂਪ ’ਚ ਪੜ੍ਹਦਿਆਂ ਮਾਇਆ ਦੇ ਤ੍ਰੈਗੁਣੀ ਪ੍ਰਭਾਵ ਨੂੰ ਹੀ ਧਿਆਨ ’ਚ ਰੱਖਣਾ ਹੈ। ਇਹ ਤਿੰਨ ਗੁਣ ਸੰਸਾਰ ਦੇ ਹਰੇਕ ਜੀਅ-ਜੰਤ ਅੰਦਰ ਮੌਜੂਦ ਹਨ; ਜਿਵੇਂ ਹਰੇਕ ਜੀਵ ਬ੍ਰਹਮੇ ਵਾਂਗ ਆਪਣੇ ਬੱਚੇ ਪੈਦਾ ਵੀ ਕਰ ਰਿਹਾ ਹੈ। ਵਿਸ਼ਨੂੰ ਵਾਂਗ ਪਾਲ਼ ਵੀ ਰਿਹਾ ਹੈ ਤੇ ਸ਼ਿਵਜੀ ਵਾਂਗ ਸੰਘਾਰਣ ਦੀ ਕਿਰਿਆ ਵੀ ਨਿਭਾ ਰਿਹਾ ਹੈ। ਇਹੀ ਕਾਰਨ ਹੈ ਕਿ ਸਤਿਗੁਰੂ ਜੀ ਨੇ ‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’’ (ਜਪੁ) ਦੇ ਪੌਰਾਣਿਕ ਖ਼ਿਆਲ ਮੁਤਾਬਕ ਆਪਣੇ ਦ੍ਰਿਸ਼ਟੀਕੋਨ ਤੋਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ’ਚੋਂ ਕਿਸੇ ਨੂੰ ਵੀ ਇੱਕ ਇਕਾਈ ਨਹੀਂ ਮੰਨਿਆ। ਸਤਿਗੁਰੂ ਜੀ ਦਾ ਕਥਨ ਹੈ ਕਿ ਸਾਡਾ ਮਾਲਕ ਪ੍ਰਭੂ ਐਸਾ ਬੇਅੰਤ ਹੈ ਕਿ ਮੈਂ ਉਸ ਦੇ ਪੂਰਨ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਕਾਰਨ ਹੈ ਕਿ ਜਿਸ ਨੇ ਜੀਵ ਰੂਪ ’ਚ ਕੋ੍ਰੜਾਂ ਹੀ ਵਿਸ਼ਨੂ-ਅਵਤਾਰ ਬਣਾਏ ਹੋਣ, ਜਿਹੜਾ ਕ੍ਰੋੜਾਂ ਹੀ ਸ਼ਿਵ ਪੈਦਾ ਕਰ ਕੇ ਫਿਰ ਉਨ੍ਹਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੋਵੇ, ਕ੍ਰੋੜਾਂ ਹੀ ਬ੍ਰਹਮੇ ਜਿਸ ਨੇ ਜਗਤ ਪੈਦਾ ਕਰਨ ਦੇ ਕੰਮੇ ਲਾਏ ਹੋਏ ਹੋਣ। ਕ੍ਰੋੜਾਂ ਹੀ ਬ੍ਰਹਮੰਡ, ਜਿਸ ਦੇ ਧਰਮ-ਅਸਥਾਨ ਹੋਣ, ਉਸ ਦੀ ਹਸਤੀ ਦੇ ਵਡੱਪਣ ਨੂੰ ਵਰਣਨ ਕਿਵੇਂ ਕੀਤਾ ਜਾ ਸਕਦਾ ਹੈ ਭਾਵ ਅਸੰਭਵ ਹੈ। ਪਾਵਨ ਗੁਰਵਾਕ ਹੈ, ‘‘ਕੋਟਿ ਬਿਸਨ ਕੀਨੇ ਅਵਤਾਰ ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ ਕੋਟਿ ਮਹੇਸ ਉਪਾਇ ਸਮਾਏ ॥ ਕੋਟਿ ਬ੍ਰਹਮੇ; ਜਗੁ ਸਾਜਣ ਲਾਏ ॥੧॥ ਐਸੋ ਧਣੀ ਗੁਵਿੰਦੁ ਹਮਾਰਾ ॥ ਬਰਨਿ ਨ ਸਾਕਉ; ਗੁਣ ਬਿਸਥਾਰਾ ॥੧॥ ਰਹਾਉ ॥’’ (ਮਹਲਾ ੫/੧੧੫੬)
ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਜਦੋਂ ਵੀ ਮੰਗਦਾ ਹਾਂ, ਸਿਰਫ਼ ਉਸ ਨਾਥ-ਪ੍ਰਭੂ ਦੇ ਦਰ ਤੋਂ ਮੰਗਦਾ ਹਾਂ। ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ। ਉਸ ਦੇ ਦਰ ’ਤੇ ਕ੍ਰੋੜਾਂ ਹੀ ਸੂਰਜ ਚਾਨਣ ਕਰ ਰਹੇ ਹਨ। ਜਿਸ ਦੇ ਦਰ ’ਤੇ ਕ੍ਰੋੜਾਂ ਹੀ ਸ਼ਿਵ ਜੀ ਵਰਗੇ ਦੇਵਤੇ ਅਤੇ ਉਸ ਦਾ ਕਲਪਿਤ ਨਿਵਾਸ ਸਥਾਨ ਮੰਨੇ ਜਾਂਦੇ ਕੈਲਾਸ਼ ਵਰਗੇ ਪਰਬਤ ਹਨ। ਦੁਰਗਾ ਵਰਗੀਆਂ ਕ੍ਰੋੜਾਂ ਹੀ ਦੇਵੀਆਂ, ਜਿਸ ਦੇ ਚਰਨਾਂ ਦੀ ਮਾਲਸ਼ ਕਰ ਰਹੀਆਂ ਹਨ। ਕ੍ਰੋੜਾਂ ਹੀ ਬ੍ਰਹਮੇ, ਜਿਸ ਦੇ ਦਰ ’ਤੇ ਵੇਦਾਂ ਦਾ ਉਚਾਰਨ ਕਰ ਰਹੇ ਹਨ, ‘‘ਕੋਟਿ ਸੂਰ ਜਾ ਕੈ ਪਰਗਾਸ ॥ ਕੋਟਿ ਮਹਾਦੇਵ ਅਰੁ ਕਬਿਲਾਸ ॥ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ ਬ੍ਰਹਮਾ ਕੋਟਿ ਬੇਦ ਉਚਰੈ ॥੧॥ ਜਉ ਜਾਚਉ ਤਉ ਕੇਵਲ ਰਾਮ ॥ ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥’’ (ਭਗਤ ਕਬੀਰ/੧੧੬੨)
ਇਸ ਲਈ ਜਪੁ ਜੀ ਦੇ 30ਵੇਂ ਬੰਦ ਦੀਆਂ ਹੇਠ ਲਿਖੀਆਂ ਤੁਕਾਂ ਦੇ ਅਰਥ ਇਸ ਪ੍ਰਕਾਰ ਕਰਨੇ ਯੋਗ ਜਾਪਦੇ ਹਨ ਕਿ (ਵੈਦਿਕ ਦਰਸ਼ਨ ਅਧੀਨ ਨਾਥ ਜੋਗੀਆਂ ਸਮੇਤ ਪੌਰਾਣਿਕ-ਮਤੀ ਵਿਚਾਰਧਾਰਾ ’ਚ ਇਕ ਖ਼ਿਆਲ ਅਜਿਹਾ ਵੀ ਪ੍ਰਚਲਿਤ ਹੈ ਕਿ ਇਕ ਮਾਇਆ ਕਿਸੇ ਵਿਉਂਤ ਨਾਲ ਸੂਈ ਅਤੇ ਉਸ ਤੋਂ ਤਿੰਨ ਚੇਲੇ ਜਾਂ ਪੁੱਤਰ ਪੈਦਾ ਹੋਏ, ਇਕ ਸੰਸਾਰ ਦੇ ਰਚਣ ਵਾਲਾ ਬ੍ਰਹਮਾ, ਇਕ ਜੀਵਾਂ ਨੂੰ ਪਾਲਣ ਦਾ ਪ੍ਰਬੰਧ ਕਰਨ ਵਾਲਾ ਵਿਸ਼ਨੂੰ ਅਤੇ ਇਕ ਮੌਤ ਦੇ ਹੁਕਮ ਚੜ੍ਹਾਣ ਲਈ ਕਚਹਿਰੀ ਲਾਣ ਵਾਲਾ ਸ਼ਿਵ ਮੰਨਿਆ ਗਿਆ, ਪਰ ਅਸਲ ਸਚਾਈ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ (ਭਾਵੈ) ਹੈ ਤੇ ਜਿਵੇਂ ਉਸ ਦਾ ਹੁਕਮ (ਫੁਰਮਾਣੁ) ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ-ਵਿਹਾਰ ਚਲਾ ਰਿਹਾ ਹੈ ਭਾਵ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਆਦਿਕ ਦੇਵਤਿਆਂ ਦੇ ਹੱਥ-ਵੱਸ ਕੁਝ ਨਹੀਂ। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ ਸਭ ਜੀਵਾਂ ਨੂੰ ਵੇਖਦਾ ਰਹਿੰਦਾ ਹੈ, ਪਰ ਜੀਵਾਂ ਨੂੰ ਉਹ ਅਕਾਲ ਪੁਰਖ ਨਹੀਂ ਦਿੱਸਦਾ, ‘‘ਜਿਵ ਤਿਸੁ ਭਾਵੈ; ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ; ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥’’
ਜਪੁ ਜੀ ਦੇ 28ਵੇਂ ਬੰਦ ਦੀ ਵਿਆਖਿਆ ਕਰਦਿਆਂ ਭੂਮਿਕਾ ਵਜੋਂ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਰਚਿਤ ‘ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ’ ਦਾ ਹਵਾਲਾ ਦਿੱਤਾ ਹੈ। ਉਸ ਵਿੱਚ ਭਾਈ ਸਾਹਿਬ ਲਿਖਦੇ ਹਨ ਕਿ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰੇਰਿਆ ਕਿ ਤੁਸੀਂ ਜੋਗ ਮਤ ਦੇ ਸੰਜੋਗੀ ਹੋ ਕੇ ਸੁਖ ਮਾਣਹੁ ਅਤੇ ਆਈ ਪੰਥੀ ਸੰਪ੍ਰਦਾ ਦਾ ਮੁਖੀ ਬਣ ਕੇ ਇਕ ਮਾਈ (ਪਾਰਬਤੀ) ਦੇ ਪੁਤਰ ਕਹਾਵੋ। ਸ੍ਰੀ ਨਾਨਕ ਪ੍ਰਕਾਸ਼ ਦੇ ਕਾਵਿਕ ਬੋਲ ਹਨ, ‘ਜੋਗ ਸੰਜੋਗੀ ਮਹਿ ਸੁਖ ਪਾਵਹੁ। ਇਕ ਮਾਈ ਕੇ ਪੂਤ ਕਹਾਵੋ’। ਹਜ਼ੂਰ ਨੇ ਉਨ੍ਹਾਂ ਦੇ ਉੱਤਰ ਵਿੱਚ ਕਿਹਾ ਕਿ ਜਦੋਂ ਇਹ ਸਾਰਾ ਜਗਤ ਉਸ ਪ੍ਰਭੂ ਰੂਪ ਮਾਂ ਦਾ ਪੁਤਰ ਹੈ, ਜੋ ਸਭ ਦਾ ਮੁੱਢ ਤੇ ਸਭ ਦਾ ਰਾਖਾ ਹੈ। ਜੋ ਸ੍ਰਿਸ਼ਟੀ ਦੇ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਵੀ ਹੈ ਤੇ ਅੱਗੋਂ ਲਈ ਵੀ ਸਦਾ ਮੌਜੂਦ ਰਹਿਣ ਵਾਲਾ ਹੈ। ਜੋ ਪਰੇ ਤੋਂ ਪਰੇ (ਅਪਰੰਪਰ) ਤੇ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੋਣ ਕਰਕੇ ਆਦੇਸ਼ (ਨਮਸਕਾਰ) ਕਰਨਜੋਗ ਹੈ, ਤਾਂ ਫਿਰ ਮੈਂ ਵਿਸ਼ੇਸ਼ ਤੌਰ ’ਤੇ ਤੁਹਾਡੇ ਵਿਸ਼ਵਾਸ ਮੁਤਾਬਕ ਉਸ ਦੀ ਪੈਦਾ ਕੀਤੀ ਹੋਈ ਕਿਸੇ ਦੁਰਗਾ ਜਾਂ ਪਾਰਬਤੀ ਆਦਿਕ ‘ਇੱਕ ਮਾਈ’ ਦਾ ਪੁੱਤਰ ਕਿਉਂ ਅਖਵਾਵਾਂ ? ਗੁਰ ਵਾਕ ਹੈ, ‘‘ਆਈ ਪੂਤਾ; ਇਹੁ ਜਗੁ ਸਾਰਾ ॥ ਪ੍ਰਭ ਆਦੇਸੁ ਆਦਿ ਰਖਵਾਰਾ ॥ ਆਦਿ ਜੁਗਾਦੀ; ਹੈ ਭੀ ਹੋਗੁ ॥ ਓਹੁ ਅਪਰੰਪਰੁ; ਕਰਣੈ ਜੋਗੁ ॥’’ (ਮਹਲਾ ੧/੮੪੦)
ਸੋ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਜਦੋਂ ਅਸੀਂ ਸਾਰੇ ਇੱਕ ਹਰੀ-ਪਭੂ ਮਾਂ ਪਿਉ ਦੇ ਪੁੱਤਰ ਧੀਆਂ ਬਣ ਕੇ ਇੱਕ ਪਰਵਾਰ ਦੇ ਰੂਪ ਵਿੱਚ ਭੈਣ ਭਰਾਂ ਅਖਵਾਉਂਦੇ ਹਾਂ, ਤਾਂ ਫਿਰ ਮੈਂ ਉਸ ਵਿਸ਼ਾਲ ਪਰਵਾਰ ਤੋਂ ਵੱਖਰਾ ਕਿਉਂ ਹੋਵਾਂ ? ‘‘ਆਈ ਪੰਥੀ ਸਗਲ ਜਮਾਤੀ.. ॥’’ (ਜਪੁ) ਤੁਕਾਂਸ਼ ਦੁਆਰਾ ਭੀ ਇਹੀ ਦੱਸਿਆ ਹੈ ਕਿ ਸਾਰਿਆਂ ਨਾਲ ਮੈਤ੍ਰੀ-ਭਾਵ ਵਾਲੀ ਭਾਈਚਾਰਕ (Brotherhood) ਸਾਂਝ ਬਣ ਕੇ ਜਿਊਣਾ ਹੀ, ਸਾਡੇ ਲਈ ‘ਆਈ-ਪੰਥੀ’ ਬਣਨਾ ਹੈ। ਇਸੇ ਲਈ ਮੈਂ ਤਾਂ ਸਦਾ ਗਾਉਂਦਾ ਹਾਂ ਕਿ ਹੇ ਮੇਰੇ ਮਾਲਕ-ਪ੍ਰਭੂ ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ। (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ, ਮੇਰੇ ਆਤਮਕ ਜੀਵਨ ਲਈ) ਜਦੋਂ ਤੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ, ‘‘ਮੇਰੇ ਸਾਹਿਬ ! ਹਉ ਕੀਤਾ ਤੇਰਾ ॥ ਜਾਂ ਤੂੰ ਦੇਹਿ; ਜਪੀ ਨਾਉ ਤੇਰਾ ॥੧॥ ਰਹਾਉ ॥’’ (ਮਹਲਾ ੧/੩੫੭)
ਗੁਰਬਾਣੀ ’ਚੋਂ ਵਿਚਾਰਨਜੋਗ ਇੱਕ ਹੋਰ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਸਾਰੇ ਗੁਰੂ ਸਾਹਿਬਾਨ ਨੇ ਹਰੀ-ਪ੍ਰਭੂ ਨੂੰ ਮਾਂ ਪਿਉ ਅਥਵਾ ਮਾਈ-ਬਾਪ ਦੇ ਸੰਯੁਕਤ ਰੂਪ ’ਚ ਬਿਆਨਿਆ ਹੈ। ਕਿਧਰੇ ਵੀ ਐਸਾ ਨਹੀਂ ਕਿਹਾ ਕਿ ਸੰਸਾਰ ਦੀ ਪੈਦਾਇਸ਼ ਲਈ ਉਸ ਨੇ ਪਹਿਲਾਂ ਇੱਕ ਮਾਈ ਰੂਪ ਮਾਇਆ ਨੂੰ ਮਾਂ ਵਜੋਂ ਪੈਦਾ ਕਰ ਗਰਭਵਤੀ ਕੀਤਾ। ਜਿਸ ਨੇ ਪ੍ਰਤੱਖ ਤੌਰ ’ਤੇ ਪ੍ਰਸੂਤ ਹੁੰਦਿਆਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੇ ਰੂਪ ’ਚ ਤਿੰਨ ਪੁਤਰਾਂ ਨੂੰ ਜਨਮ ਦੇ ਦਿੱਤਾ। ਇਨ੍ਹਾਂ ’ਚੋਂ ਬ੍ਰਹਮਾ ਜੀਵਾਂ ਨੂੰ ਜਨਮ ਦਿੰਦਾ ਹੈ, ਵਿਸ਼ਨੂੰ ਪਾਲ਼ਦਾ ਹੈ ਤੇ ਸ਼ਿਵ ਸੰਘਾਰਦਾ ਹੈ। ਪ੍ਰਮਾਣ ਸਰੂਪ ਗੁਰ ਵਾਕ ਹਨ, ‘‘ਹਰਿ ਆਪੇ ਮਾਤਾ; ਆਪੇ ਪਿਤਾ; ਜਿਨਿ ਜੀਉ ਉਪਾਇ, ਜਗਤੁ ਦਿਖਾਇਆ ॥ (ਅਨੰਦ/ਮਹਲਾ ੩/੯੨੧), ਨਾਨਕ ! ਪਿਤਾ ਮਾਤਾ ਹੈ ਹਰਿ ਪ੍ਰਭੁ; ਹਮ ਬਾਰਿਕ ਹਰਿ ਪ੍ਰਤਿਪਾਰੇ ॥ (ਮਹਲਾ ੪/੮੮੨), ਹਰਿ ਜੀ ਮਾਤਾ; ਹਰਿ ਜੀ ਪਿਤਾ; ਹਰਿ ਜੀਉ ਪ੍ਰਤਿਪਾਲਕ ॥ ਹਰਿ ਜੀ ਮੇਰੀ ਸਾਰ ਕਰੇ; ਹਮ ਹਰਿ ਕੇ ਬਾਲਕ ॥’’ (ਮਹਲਾ ੫/੧੧੦੨), ਆਦਿ। ਇਸ ਲਈ ‘‘ਓਹੁ ਵੇਖੈ; ਓਨਾ ਨਦਰਿ ਨ ਆਵੈ.. ॥’’ (ਜਪੁ) ਤੁਕਾਂਸ਼ ਵਿੱਚ ਧੁਨੀ ਇਹ ਵੀ ਜਾਪਦੀ ਹੈ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਵਾਂਗ ਤ੍ਰੈਗੁਣੀ ਮਾਇਆ ਦੇ ਪੁੱਤ (ਚੇਲੇ) ਬਣ ਕੇ ਕਿਸੇ ਵੀ ਮਨੁੱਖ ਲਈ ਰੱਬੀ ਦੀਦਾਰ ਕਰ ਸਕਣਾ ਅਸੰਭਵ ਹੈ। ਇਕ ਕਾਜ਼ੀ ਨੂੰ ਮੁਖ਼ਾਤਬ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਜੇ ਮਨੁੱਖੀ ਮਨ ਮਾਇਆ-ਮਾਈ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੋਵੇ ਤਾਂ ਸਾਰੇ ਮਜ਼੍ਹਬੀ ਕਿਤਾਬ ਦੇ ਮਸਲੇ ਸੁਣਨੇ ਸੁਣਾਣੇ ਬੇ-ਅਸਰ ਹੁੰਦੇ ਹਨ। ਉਹੀ ਬੰਦੇ ਮਾਲਕ-ਪ੍ਰਭੂ ਦੀ ਮਿਹਰ ਭਰੀ ਨਜ਼ਰ ਦੇ ਪਾਤ੍ਰ ਬਣਦੇ ਹਨ, ਉਹੀ ਬੰਦੇ ਉਸ ਦੇ ਦਿਲ ’ਚ ਪਸੰਦ ਆਉਂਦੇ ਹਨ, ਜਿਨ੍ਹਾਂ ਨੇ ਸ਼ਰਧਾ ਤੇ ਸਿੱਦਕ ਨਾਲ ਉਸ ਨੂੰ ਸਿਮਰਿਆ ਹੈ ਭਾਵ ਪਰਵਾਰਕ ਤੇ ਪਦਾਰਥਕ ਮੋਹ ਤੋਂ ਉਚੇਰੇ ਉੱਠ ਕੇ ਆਤਮ-ਰੰਗ ਨਾਲ਼ ਸਿਮਰਿਆ ਜਾਂਦਾ ਹੈ। ਗੁਰ ਵਾਕ ਹੈ, ‘‘ਆਖਣੁ ਸੁਨਣਾ ਪਉਣ ਕੀ ਬਾਣੀ; ਇਹੁ ਮਨੁ ਰਤਾ ਮਾਇਆ ॥ ਖਸਮ ਕੀ ਨਦਰਿ ਦਿਲਹਿ ਪਸਿੰਦੇ; ਜਿਨੀ ਕਰਿ ਏਕੁ ਧਿਆਇਆ ॥੩॥’’ (ਮਹਲਾ ੧/੨੪) ਧਿਆਨ ਰਹੇ ਕਿ ਸਾਡੀ ਨਜ਼ਰ ’ਚ ਰਮਤ-ਰਾਮ ਦੇ ਸਿਮਰਨ ਵਾਲਾ ਉਸ ਨੂੰ ਹੀ ਸਮਝਿਆ ਜਾਂਦਾ ਹੈ, ਜੋ ਇੱਕ ਮਾਇਆ ਦਾ ਪੁੱਤਰ ਬਣ ਕੇ ਉਸ ਦੀ ਸੇਵਾ ਕਰਨ ਦੀ ਥਾਂ, ਉਸ ਦਾ ਭੋਗ ਕਰੇ ਭਾਵ ਜੋ ਮਾਇਆ ਨੂੰ ਖਾ ਕੇ ਉਹਦੇ ਪ੍ਰਭਾਵ ਤੋਂ ਮੁਕਤ ਹੋ ਜਾਵੇ। ਐਸੇ ਮਨੁੱਖ ਦੀਆਂ ਨਿਸ਼ਾਨੀਆਂ ਇਹ ਹਨ ਕਿ ਉਹ ਖ਼ਿਮਾ-ਧਨ ਇਕੱਠਾ ਕਰਦਾ ਹੈ, ‘‘ਰਾਮ ਰਵੰਤਾ ਜਾਣੀਐ; ਇਕ ਮਾਈ ਭੋਗੁ ਕਰੇਇ ॥ ਤਾ ਕੇ ਲਖਣ ਜਾਣੀਅਹਿ; ਖਿਮਾ ਧਨੁ ਸੰਗ੍ਰਹੇਇ ॥੩॥’’ (ਮਹਲਾ ੧/੧੧੭੧)
ਇਸੇ ਰਾਗ ’ਚ ਆਪ ਨੇ ਆਪਣੇ ਤੀਜੇ ਜੋਤਿ-ਸਰੂਪ ’ਚ ਕਿਹਾ ਕਿ ਜਗਤ ਵਿਚ ਭਾਵੇਂ ਤ੍ਰੈਗੁਣੀ ਮਾਇਆ ਦਾ ਮੋਹ ਪਸਰ ਰਿਹਾ ਹੈ, ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਉਚਤਮ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ, ਜਿੱਥੇ ਮਾਇਆ ਦੇ ਤਿੰਨ ਗੁਣਾਂ (ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਵਾਲੇ ਰਜੋ, ਸਤੋ ਤੇ ਤਮੋ) ਦਾ ਪ੍ਰਭਾਵ ਹੀ ਨਹੀਂ ਰਹਿੰਦਾ। ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਨਾਲ਼ ਜੋੜਿਆ ਹੈ, ਉਹਨਾਂ ਦੇ ਮਨ ’ਚ ਹੀ ਪਰਮਾਤਮਾ ਦਾ ਨਾਮ ਵੱਸਦਾ ਹੈ, ‘‘ਤ੍ਰੈ ਗੁਣ ਮਾਇਆ ਮੋਹੁ ਹੈ; ਗੁਰਮੁਖਿ ਚਉਥਾ ਪਦੁ ਪਾਇ ॥ ਕਰਿ ਕਿਰਪਾ ਮੇਲਾਇਅਨੁ; ਹਰਿ ਨਾਮੁ ਵਸਿਆ ਮਨਿ (’ਚ) ਆਇ ॥ ਪੋਤੈ ਜਿਨ ਕੈ ਪੁੰਨੁ ਹੈ; ਤਿਨ ਸਤਸੰਗਤਿ ਮੇਲਾਇ ॥੧॥’’ (ਮਹਲਾ ੩/੩੦)
ਸਤਿਗੁਰਾਂ ਅਨੁਸਾਰ ਅਸਲ ਸਚਾਈ ਇਹ ਹੈ ਕਿ ਜਪੁ ਜੀ ਦੇ ਵਿਚਾਰਧੀਨ ਬੰਦ ਅੰਦਰਲੇ ਪੌਰਾਣਿਕ-ਮਤੀ ਦੇਵੀ ਦੇਵਤੇ (ਏਕਾ ਮਾਈ ਤੇ ਉਸ ਦੇ ਤਿੰਨ ਚੇਲੇ) ਵੀ ਮਨੁੱਖੀ ਮਨ ਅੰਦਰਲੀ ਸੁਖਾਂ ਦੀ ਕਾਮਨਾ ਅਤੇ ਦੁਖਾਂ ਦੇ ਡਰ ਵਾਲੇ ਭਰਮ ’ਚੋਂ ਹੀ ਪੈਦਾ ਹੋਏ ਹਨ। ਵੈਸੇ ਉਨ੍ਹਾਂ ਦੀ ਕੋਈ ਸਰੀਰਕ ਹੋਂਦ ਨਹੀਂ। ਸੁੱਖਾਂ ਦੀ ਪ੍ਰਾਪਤੀ ਅਤੇ ਦੁੱਖਾਂ ਦੀ ਨਿਵਿਰਤੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤਰਾਂ ਵਰਗੇ ਮਜ਼੍ਹਬੀ ਗ੍ਰੰਥਾਂ ਦੀ ਰਾਹੀਂ ਕਰਮਕਾਂਡ ਰਚੇ ਗਏ ਹਨ। ਸਾਰੇ ਸੰਸਾਰ ’ਚ ਸੁਖਾਂ ਦੀ ਲਾਲਸਾ (ਕਾਮ) ਤੇ ਦੁਖਾਂ ਤੋਂ ਡਰ (ਕ੍ਰੋਧ) ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਰੂਪ ਭਟਕਣਾ ਤੇ ਭਰਮ ਵਿੱਚ ਪਏ ਦੁਖੀ ਹੋ ਰਹੇ ਹਨ, ‘‘ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ॥ ਕਾਮੁ ਕ੍ਰੋਧੁ ਪਸਰਿਆ ਸੰਸਾਰੇ; ਆਇ ਜਾਇ ਦੁਖੁ ਪਾਵਣਿਆ ॥੨॥’’ (ਮਹਲਾ ੩/੧੨੯)
ਸੋ ਹਜ਼ੂਰ ਨੇ ਜੋਗੀਆਂ ਰਾਹੀਂ ਸਾਰੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਹੈ ਕਿ ਮਹਾਂ ਮਾਈ (ਏਕਾ ਮਾਈ) ਦੇ ਨਾਸ਼ਵੰਤ ਚੇਲਿਆਂ (ਬ੍ਰਹਮਾ ਵਿਸ਼ਨੂੰ ਤੇ ਮਹੇਸ਼) ਦੀ ਥਾਂ ਉਸ ਅਕਾਲ-ਪੁਰਖ ਨੂੰ ਨਮਸਕਾਰ (ਆਦੇਸ਼) ਕਰੋ, ਜੋ ਸਾਰੇ ਸੰਸਾਰ ਦਾ ਮੁੱਢ (ਆਦਿ) ਹੈ। ਜੋ ਸ਼ੁੱਧ ਸਰੂਪ (ਅਨੀਲੁ) ਹੈ। ਜਿਸ ਦਾ ਕੋਈ ਆਪਣਾ ਮੁੱਢ ਨਹੀਂ (ਅਨਾਦਿ)। ਜੋ ਨਾਸ ਰਹਿਤ (ਅਨਾਹਤਿ) ਹੈ ਤੇ ਜਿਹੜਾ ਹਰੇਕ ਜੁਗ ’ਚ ਭਾਵ ਸਦਾ ਤੋਂ ਇਕੋ ਜਿਹਾ ਹੀ ਰਹਿੰਦਾ ਹੈ, ਜੰਮਦਾ ਮਰਦਾ ਨਹੀਂ। ਪ੍ਰਭੂ ਨਾਲੋਂ ਵਿੱਥ ਪੈਦਾ ਕਰਨ ਵਾਲੀ ਹਉਮੈ ਦੀ ਕੂੜੀ ਦੀਵਾਰ ਨੂੰ ਤੋੜਦਿਆਂ ਸਚਿਆਰ ਹੋ ਕੇ ਜੀਊਣ ਲਈ ‘‘ਬੰਦਨਾ ਹਰਿ ਬੰਦਨਾ; ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥’’ (ਮਹਲਾ ੫/੬੮੩) ਹੀ ਸਫਲ ਜੀਵਨ-ਯਾਤਰਾ ਲਈ ਇਕੋ-ਇੱਕ ਸਰਲ, ਸੁਖਾਲਾ ਤੇ ਸਰਬੋਤਮ ਸਾਧਨ ਹੈ, ‘‘ਆਦੇਸੁ; ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥’’ (ਜਪੁ)