ਕੁਆਰੀ ਕਾਇਆ ਜੁਗਤਿ

0
103

ਕੁਆਰੀ ਕਾਇਆ ਜੁਗਤਿ

ਗਿਆਨੀ ਜਗਤਾਰ ਸਿੰਘ ਜਾਚਕ

ਜਗਤ-ਗੁਰ ਬਾਬਾ ਨਾਨਕ ਪਾਤਿਸ਼ਾਹ ਜੀ ਦੇ ਆਗਮਨ ਮੌਕੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਨੇਪਾਲ ਤੱਕ ਗੋਰਖ-ਮਤੀ ਨਾਥ ਜੋਗੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ । ਇਸ ਦੇ ਕੁਝ ਪ੍ਰਤੱਖ ਪ੍ਰਮਾਣ ਹਨ ‘ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਅਚੱਲ ਬਟਾਲੇ ਦਾ ਮੱਠ (ਮੰਦਰ), ਪਾਕਿਸਤਾਨ ਦੇ ਜ਼ਿਲ੍ਹਾ ਪੇਸ਼ਾਵਰ ਵਿਖੇ ਮੱਠ ‘ਗੋਰਖ ਹੱਟੜੀ’, ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਅੰਦਰ ਉੱਚਾ ਟਿੱਲਾ ਗੋਗਾ-ਮੇੜੀ ਮੰਦਰ ਅਤੇ ਨੇਪਾਲ ਦਾ ਜ਼ਿਲ੍ਹਾ ‘ਗੋਰਖਾ’, ਜਿਥੇ ਸ੍ਰੀ ਗੋਰਖਨਾਥ ਦੀ ਗੁਫ਼ਾ ਤੇ ਇੱਕ ਮੂਰਤੀ ਵੀ ਦੱਸੀ ਜਾਂਦੀ ਹੈ’। ਮੰਨਿਆ ਜਾਂਦਾ ਹੈ ਕਿ 10ਵੀਂ ਸ਼ਤਾਬਦੀ ਵਿੱਚ ਸਭ ਤੋਂ ਪਹਿਲਾਂ ਗੋਰਖ ਜੀ ਇੱਥੇ ਹੀ ਦਿਸੇ ਸਨ। ਭਾਰਤੀ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ‘ਗੋਰਖਪੁਰ’, ਜੋ ਗੋਰਖਨਾਥ ਦਾ ਜਨਮ ਸਥਾਨ ਵੀ ਮੰਨਿਆ ਜਾਂਦਾ ਹੈ, ਉਹ ਵੀ ਨੇਪਾਲ ਦੀ ਹੱਦ ਨਾਲ ਹੀ ਲੱਗਦਾ ਹੈ। ਇੱਥੇ ਹੀ ‘ਗੋਰਖਨਾਥ ਮੱਠ (ਮੰਦਰ)’ ਹੈ, ਜੋ ਨਾਥ-ਜੋਗੀਆਂ ਦਾ ਕੇਂਦਰੀ ਧਰਮ-ਸਥਾਨ ਹੈ । ਨੇਪਾਲੀਆਂ ਨੂੰ ‘ਗੋਰਖੇ’ ਤਾਂ ਹੁਣ ਵੀ ਸੱਦਿਆ ਜਾਂਦਾ ਹੈ, ਪ੍ਰੰਤੂ ਕੋਈ ਸਮਾਂ ਸੀ ਜਦੋਂ ਨੇਪਾਲ ਦੇਸ਼ ਨੂੰ ਗੋਰਖਾ-ਰਾਜ ਵਜੋਂ ਹੀ ਜਾਣਿਆ ਜਾਂਦਾ ਸੀ, ਕਿਉਂਕਿ ਸ੍ਰੀ ਗੋਰਖ ਨਾਥ ਨੂੰ ‘ਗੋਰਖਾ ਨਾਥ’ ਵੀ ਸੱਦਿਆ ਜਾਂਦਾ ਰਿਹਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਭ੍ਰਾਤਾ ਬਾਬਾ ਪ੍ਰਿਥੀਚੰਦ ਦੇ ਬੇਟੇ ਬਾਬਾ ਮਿਹਰਵਾਨ (ਸ੍ਰੀ ਮਨੋਹਰਦਾਸ) ਜੀ ਦੀਆਂ ਲਿਖਤਾਂ ਵਿੱਚ ਸ੍ਰੀ ਗੋਰਖ ਨਾਥ ਨੂੰ ‘ਗੋਰਖਾ ਨਾਥ’ ਵੀ ਲਿਖਿਆ ਮਿਲਦਾ ਹੈ।

ਨੇਪਾਲ ਦੀ ਹੱਦ ਨਾਲ ਲੱਗਦੇ ਉੱਤਰ ਪ੍ਰਦੇਸ਼ ਅੰਦਰਲਾ ‘ਗੋਰਖਪੁਰ’ ਨਾਥ-ਜੋਗੀਆਂ ਦਾ ਕੇਂਦਰੀ ਧਰਮ-ਸਥਾਨ ਹੈ। ਹੁਣ ਇਹ ਸਥਾਨ ਆਰ.ਐਸ.ਐਸ ਦੀ ਹਿੰਦੂ ਰਾਸ਼ਟਰ ਵਾਲੀ ਰਾਜਨੀਤਕ ਰਣਨੀਤੀ ਤਹਿਤ ਭਾਜਪਾ ਦੀ ਰਾਜਨੀਤੀ ਦਾ ਕੇਂਦਰ ਬਣ ਚੁੱਕਾ ਹੈ। ਕਾਰਨ ਹੈ ਕਿ ਉਥੋਂ ਦਾ ਮਹੰਤ ਜੋਗੀ ਅਦਿਤ੍ਯ ਨਾਥ, ਪਹਿਲਾਂ ਭਾਜਪਾ ਵੱਲੋਂ ਲੋਕ-ਸਭਾ ਦਾ ਮੈਂਬਰ ਚੁਣਿਆ ਜਾਂਦਾ ਰਿਹਾ ਅਤੇ ਹੁਣ ਉਹ ਉੱਤਰ ਪ੍ਰਦੇਸ਼ ਦਾ ਮੌਜੂਦਾ ਮੁੱਖ-ਮੰਤ੍ਰੀ ਹੈ। ਪ੍ਰਸਿੱਧ ਵਪਾਰੀ ਸੁਆਮੀ ਰਾਮਦੇਵ ਅਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਆਦਿਕ ਵੀ ਉਸੇ ਸ਼੍ਰੇਣੀ ਵਿੱਚ ਹੀ ਗਿਣੇ ਜਾਂਦੇ ਹਨ। ਉਹ ਬਸਤਰ ਤਾਂ ਭਾਵੇਂ ਭਗਵੇਂ ਤੇ ਸਫ਼ੈਦ ਪਹਿਨਦੇ ਹਨ, ਪ੍ਰੰਤੂ ਉਨ੍ਹਾਂ ਦੇ ਪਹਿਰਾਵੇਂ ’ਚੋਂ ਜੋਗੀਆਂ ਦੇ ਪ੍ਰੰਪਰਾਗਤਿ ਬਾਹਰੀ ਚਿੰਨ ਮੁਦ੍ਰਾ, ਖਿੰਥਾ, ਖੱਪਰ, ਝੋਲੀ ਤੇ ਡੰਡਾ ਆਦਿਕ ਗਾਇਬ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਪੁ-ਜੀ ਦਾ ਹੇਠ ਲਿਖਿਆ 28ਵਾਂ ਬੰਦ ਉਚਾਰਨ ਕੀਤਾ ਹੈ, ‘‘ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ..੨੮’’ (ਜਪੁ)

ਇਸ ਲੇਖ ਦਾ ਮਨੋਰਥ ਪਾਠਕਾਂ ਨਾਲ ਕੇਵਲ ‘ਕੁਆਰੀ ਕਾਇਆ ਜੁਗਤਿ’ ਦੇ ਗੁਰਮਤੀ ਅਰਥ-ਭਾਵ ਸਾਂਝੇ ਕਰਨਾ ਹੈ, ਕਿਉਂਕਿ ਜੋਗੀਆਂ ਦੇ ‘ਆਈ-ਪੰਥ’ ਦੀ ਤਾਂਤ੍ਰਿਕ ਸਾਧਨਾ ਦਾ ਇਹ ਪੱਖ ਬੜਾ ਗੁੰਝਲਦਾਰ ਹੈ। ਸਾਹਿਤਕ ਕੋਸ਼ਾਂ ਮੁਤਾਬਕ ‘ਕੁਆਰੀ’ ਪਦ ਦਾ ਅਰਥ ਹੈ, ਉਹ ਨੌਜਵਾਨ ਲੜਕੀ, ਜੋ ਵਿਆਹੀ ਨਾ ਹੋਵੇ। ਜਿਸ ਨੇ ਅਜੇ ਆਪਣੇ ਪੁਰਸ਼-ਪਤੀ ਨਾਲ ਮਿਲ ਕੇ ਕਾਮਾਦਿਕ ਰਸ ਨਾ ਮਾਣਿਆ ਹੋਵੇ। ਇਸ ਦ੍ਰਿਸ਼ਟੀਕੋਨ ਤੋਂ ਹੀ ਪ੍ਰਭੂ-ਪਤੀ ਦੇ ਮਿਲਾਪ ਤੋਂ ਹੀਣੀ ਜੀਵ ਇਸਤ੍ਰੀ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਕ ਹੈ, ‘‘ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ਕਿਉ ਰਲੀਆ ਮਾਨੈ ? ਬਾਝੁ ਭਤਾਰਾ ’’ (ਭਬਤ ਕਬੀਰ/੭੯੨) ਤਾਂਤਰਿਕ-ਮਤੀ ਤੇ ਹਠ-ਯੋਗ ਸਾਧਨਾ ਵਿੱਚ ‘ਕੁਆਰੀ ਕੰਨਿਆ’ ਦਾ ਸਾਥ ਵੀ ਲਿਆ ਜਾਂਦਾ ਹੈ। ‘ਵੈੱਬ-ਦੁਨੀਆ’ ਨਾਂ ਦੀ ਹਿੰਦੀ ਵੈੱਬਸਾਈਟ ਉੱਤੇ ਤੰਤ੍ਰ ਸ਼ਾਸ਼ਤਰ ਦੇ ‘ਮੈਥਨ’ ਅਤੇ ‘ਕੁਆਰੀ ਕੰਨਿਆ’ ਆਦਿਕ ਸ਼ਬਦਾਂ ਬਾਰੇ ਲਿਖਿਆ ਹੈ ਕਿ ਵਾਸਤਵ ਵਿੱਚ ਇਨ੍ਹਾਂ ਦਾ ਅਰਥ ਸ਼ਾਬਦਿਕ ਨਾ ਹੋ ਕੇ ਗੁਪਤ ਸੀ। ਜਿਸ ਵਿੱਚ ‘ਕੁਆਰੀ ਕੰਨਿਆ’ ਦਾ ਮਹੱਤਵ ਨਾਰੀ ਅੰਦਰਲੀ ਚੁੰਬਕੀ ਸ਼ਕਤੀ (ਗ੍ਰੈਵਟੀ ਅਥਵਾ ਮੈਗਨੈਟਕ ਫੋਰਸ) ਤੋਂ ਸੀ। ਅਜਿਹਾ ਨਾ ਸਮਝਣ ਕਾਰਨ ਹੀ ਤਾਂਤਰਿਕ ਸਾਧਨਾ ਪ੍ਰਤੀ ਕਈ ਕਿਸਮ ਦੀਆਂ ਭ੍ਰਾਂਤੀਆਂ ਪੈਦਾ ਹੋਈਆਂ ਹਨ।

ਸਾਈਟ ਮੁਤਾਬਕ ਮੰਨਿਆ ਗਿਆ ਹੈ ਕਿ ਨਾਰੀ, ਜਿੰਨਾ ਵੀ ਪੁਰਸ਼ ਦੇ ਸੰਪਰਕ ਵਿੱਚ ਆਉਂਦੀ ਹੈ, ਰਿਸਨ ਕਾਰਨ ਓਨੀ ਹੀ ਉਸ ਦੀ ਚੁੰਬਕੀ ਸ਼ਕਤੀ ਘਟਦੀ ਹੈ। ਇਹ ਚੁੰਬਕੀ ਸ਼ਕਤੀ ਹੀ ਉਹ ਆਧਾਰ-ਸ਼ਕਤੀ ਹੈ, ਜਿਸ ’ਤੇ ਕਾਬੂ ਪਾ ਕੇ ਕਾਮ-ਸ਼ਕਤੀ ਨੂੰ ਆਤਮ-ਸ਼ਕਤੀ ਵਿੱਚ ਬਦਲਿਆ ਜਾਂਦਾ ਹੈ। ਇਹ ਸ਼ਕਤੀ ਮਨੁੱਖੀ ਸਰੀਰ ਦੇ ਦੋ ਕੇਂਦਰਾਂ ਤੋਂ ਵਲੀਨ ਹੁੰਦੀ ਹੈ। ਪਹਿਲਾ ਹੈ ਮੂਲਾਧਾਰ ਚੱਕ੍ਰ, ਜਿੱਥੋਂ ਇਹ ਜਨਨ-ਇੰਦਰੀ ਦੇ ਰਸਤੇ ਕੁਦਰਤ ਵਿੱਚ ਵਲੀਨ ਹੁੰਦੀ ਹੈ, ਪ੍ਰੰਤੂ ਤਾਂਤਰਿਕ ਜਾਂ ਹੱਠ-ਜੋਗ ਦੀ ਸਾਧਨਾ ਸਦਕਾ ਜੇ ਇਹ ਸ਼ਕਤੀ ਮਾਨਵੀ ਭਰਵੱਟਿਆਂ ਦੇ ਵਿਚਕਾਰਲੇ ਅਗਿਆ-ਚੱਕ੍ਰ ਨੂੰ ਵਿੰਨ੍ਹਦੀ ਹੈ ਤਾਂ ਜੋਗੀਆਂ ਮੁਤਾਬਕ ਦਸਮ-ਦੁਆਰ ਅੰਦਰਲੇ ‘ਸਹਸਤਾਰ-ਚਕ੍ਰ’ ਵਿੱਚ ਪਹੁੰਚ ਕੇ ਬ੍ਰਹਮ ਵਿੱਚ ਲੀਨ ਹੋ ਜਾਂਦੀ ਹੈ। ਸਾਈਟ ਮੁਤਾਬਕ ਉਪਰੋਕਤ ਵਿਚਾਰ ਦਾ ਸਾਰੰਸ਼ ਇਹ ਹੈ ਕਿ ਤਾਂਤ੍ਰਿਕ-ਸਾਧਨਾ ਵਿੱਚ ਕੁਆਰੀ ਕੰਨਿਆ ਦੇ ਸਹਿਯੋਗ ਤੇ ਪ੍ਰਯੋਗ ਦਾ ਮਨੋਰਥ ਦੇਹ ਸੁਖ ਮਾਨਣਾ ਨਹੀਂ ਬਲਕਿ ਉਸ ਅੰਦਰਲੀ ਸ਼ਕਤੀ ਦੀ ਭੈਰਵੀ ਵਰਤੋਂ ਕਰਕੇ ਬ੍ਰਹਮ ਨਾਲ ਜੁੜਣਾ ਹੈ।

ਅਚਾਰੀਆ ਰਜਨੀਸ਼ (ਓਸ਼ੋ) ਕਹਿੰਦਾ ਹੈ ‘ਨਾਥ ਸੰਪਰਦਾਯ ਅਤੇ ਤਾਂਤ੍ਰਿਕਾਂ ਦੇ ਬਹੁਤ ਸਾਰੇ ਸੰਪਰਦਾਯ ਹਨ, ਜਿਹੜੇ ਸਾਧਨਾ ਕਰਨ ਲਈ ਕਿਸੇ ਕੁਆਰੀ ਇਸਤ੍ਰੀ ਨੂੰ ਲੱਭਦੇ ਹਨ; ਕਿਉਂਕਿ ਕੁਆਰੀ ਇਸਤ੍ਰੀ ਨਾਲ ਖ਼ਾਸ ਤਾਂਤ੍ਰਿਕ ਸੰਭੋਗ ਦੇ ਮਾਧਿਅਮ ਨਾਲ ਧਿਆਨ ਦੀ ਉਪਲਬਧੀ ਹੋ ਸਕਦੀ ਹੈ। ਇਹ ਹੋ ਸਕਦਾ ਹੈ ਕਿ ਤੰਤਰ ਨੇ ਇਸ ਦਾ ਮਾਰਗ ਲੱਭਿਆ ਹੈ, ਪਰ ਆਦਮੀ ਬੇਈਮਾਨ ਹੈ। ਤੰਤਰ ਦੇ ਨਾਮ ਉੱਤੇ ਹਜ਼ਾਰਾਂ ਯੋਗੀ ਤਾਂਤ੍ਰਿਕ ਕੁਆਰੀਆਂ ਨੂੰ ਲੈ ਕੇ ਘੁੰਮ ਰਹੇ ਸਨ। ਤਾਂਤ੍ਰਿਕ ਦੀ ਇੱਕ ਵੱਡੀ ਪਰੰਪਰਾ ਗੁਆਚ ਗਈ ਇਸੇ ਦੁਰਾਚਾਰ ਦੇ ਕਾਰਨ। ਆਦਮੀ ਤਾਂ ਬਹੁਤ ਹੁਸ਼ਿਆਰ ਹੈ। ਉਹ ਹਰ ਚੀਜ਼ ਵਿੱਚ ਆੜ ਲੱਭ ਲੈਂਦਾ ਹੈ’। ਪੁਸਤਕ-ੴ ਸਤਿਨਾਮ, ਪੰ. 370 ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ‘ਕੁਆਰੀ ਕਾਇਆ ਜੁਗਤਿ’ ਕਹਿ ਕੇ ਜੋਗੀਆਂ ਨੂੰ ਆਪਣੀ ਕਾਇਆਂ ਕੁਆਰੀ ਰੱਖਣ ਦੀ ਪ੍ਰੇਰਨਾ ਕੀਤੀ ਭਾਵ ਆਪਣੇ ਸਰੀਰ ਨੂੰ ਵਿਕਾਰੀ ਹੋਣ ਤੋਂ ਬਚਾਉਣ ਦਾ ਉਪਦੇਸ਼ ਦਿੱਤਾ।

ਦਾਸਰੇ (ਲੇਖਕ) ਦਾ ਖ਼ਿਆਲ ਹੈ ਕਿ ਅਚਾਰੀਆ ਰਜ਼ਨੀਸ਼ ਜੀ ਦੀ ਸਾਧਨਾ ਦਾ ਆਧਾਰ ਵੀ ਉਪਰੋਕਤ ਕਿਸਮ ਦੀ ਤਾਂਤਰਿਕ ਸਾਧਨਾ ਹੀ ਸੀ, ਜਿਸ ਅਧੀਨ ਉਸ ਨੇ ਪੂਰੇ ਯੂਰਪ ਮਹਾਂਦੀਪ ਨੂੰ ਪ੍ਰਭਾਵਤ ਕੀਤਾ । ਇਹੀ ਕਾਰਨ ਹੈ ਕਿ ਯੂ-ਟਿਊਬ ਉਸ ਨੂੰ ਪ੍ਰਸਿੱਧ ਜੋਗੀਆਂ ਦੀ ਸੂਚੀ ਵਿੱਚ ਦਰਸਾਉਂਦੀ ਹੈ। ਇਸ ਪੱਖੋਂ ਵਿਸਥਾਰ ਲਈ ਅਚਾਰੀਆ ਜੀ ਦੀ ‘ਸੰਭੋਗ ਸੇ ਸਮਾਧੀ ਓਰ’ ਪੁਸਤਕ ਪੜ੍ਹੀ ਜਾ ਸਕਦੀ ਹੈ। ਅਮਰੀਕਾ ਵਿਖੇ ਜੋਗੀ ਹਰਿਭਜਨ ਸਿੰਘ ਨੇ ਵੀ ਹੱਠ-ਯੋਗ ਦੇ ਇਸੇ ਕੁਢੰਗ ਨੂੰ ਹੀ ‘ਕੰਡਲਨੀ ਯੋਗਾ’ ਨਾਂ ਦੇ ਕੇ ਅਮਰੀਕਨ ਲੋਕਾਂ ਨੂੰ ਅਕਰਸ਼ਤ ਕੀਤਾ ਹੈ; ਕਿਉਂਕਿ ਅਜਿਹੀ ਸਾਧਨਾ ਦੇ ਬਹਾਨੇ ਉਨ੍ਹਾਂ ਦੀਆਂ ਕਾਮਿਕ ਰੁਚੀਆਂ ਦੀ ਪੂਰਤੀ ਵੀ ਹੁੰਦੀ ਸੀ। ਹਰਿਭਜਨ ਸਿੰਘ ਯੋਗੀ ਦੀ ਪੀ.ਏ. ਨਿਯੁਕਤ ਰਹੀ ਪ੍ਰੇਮਕਾ ਕੌਰ ਦੀ ਲਿਖੀ ਪੁਸਤਕ ‘ਵਾਈਟ ਬਰਡ ਇਨ ਦਾ ਗੋਲਡਨ ਕੇਜ’ ਇਸ ਹਕੀਕਤ ਦੀ ਪ੍ਰਤੱਖ ਗਵਾਹ ਹੈ। ਸਾਡੇ ਸਿੱਖ ਧਾਰਮਕ ਆਗੂ ਵੀ ਜੋਗੀ ਦੇ ਮਾਇਕ ਪ੍ਰਭਾਵ ਹੇਠ ਉਹਦੇ ਸੁਨਿਹਰੀ ਪਿੰਜਰੇ ਦੇ ਪੰਛੀ ਬਣੇ ਰਹੇ। ਉਸ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਜੋਗੀ ਦੇ ਕੇਸਾਧਾਰੀ ਅਨੁਆਈਆਂ ਦਾ ਸ਼ਬਦ ਗਾਇਨ ਸੁਣ ਸੁਣਾ ਕੇ, ਇਸ ਨੂੰ ਸਿੱਖੀ ਦਾ ਵਿਕਾਸ ਪ੍ਰਚਾਰਦੇ ਰਹੇ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਟ ‘ਭਾਈ ਗਯੰਦ ਜੀ’ ਦੇ ਹੇਠ ਲਿਖੇ ਉਨ੍ਹਾਂ ਬੋਲਾਂ ਨੂੰ ਵੀ ਭੁੱਲੇ ਰਹੇ, ਜਿਨ੍ਹਾਂ ਦੁਆਰਾ ਉਸ ਨੇ ਐਲਾਨ ਕੀਤਾ ਸੀ ਕਿ ਜਿਹੜੇ ਮਨੁੱਖਾਂ ਨੇ ਗੁਰੂ ਦੇ ਬਚਨ ਧੂ੍ਰ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ ਦੇ ਭੈ ਤੋਂ ਬਚ ਗਏ ਹਨ। ਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ ਸਮਝਦੇ ਹਨ : ‘‘ਜਿਨਹੁ ਬਾਤ ਨਿਸਲ ਧ੍ਰੂਅ ਜਾਨੀ; ਤੇਈ ਜੀਵ ਕਾਲ ਤੇ ਬਚਾ ਤਿਨ੍ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ; ਜਲਹਰ ਬਿੰਬ ਜੁਗਤਿ ਜਗੁ ਰਚਾ ’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨)

ਉਹਨਾਂ ਦੀਆਂ ਮਾਨਸਿਕ ਗੁੰਝਲਾਂ ਅਥਵਾ ਮਨ ਦੇ ਵੱਟ ਸਤ-ਸੰਗ ਵਿਚ ਸੁਭਾਵਕ ਹੀ ਖੁਲ੍ਹ ਗਏ। ਉਹ ਆਤਮਕ ਤੌਰ ’ਤੇ ਪਰਮਾਨੰਦ ਮਾਣਦੇ ਹਨ ਅਤੇ ਗੁਰੂ ਦੀ ਬਰਕਤ ਨਾਲ ਸੰਸਾਰ ਵਿੱਚ ਉਨ੍ਹਾਂ ਦਾ ਜਸ ਪ੍ਰਗਟਦਾ (ਮੱਚਦਾ) ਹੈ। ਤਾਂ ਤੇ ਇਹੋ ਜਿਹੇ ਸੱਚੇ ਗੁਰੂ ਨੂੰ ਮਨ, ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ : ‘‘ਕੁੰਡਲਨੀ ਸੁਰਝੀ ਸਤਸੰਗਤਿ; ਪਰਮਾਨੰਦ, ਗੁਰੂ ਮੁਖਿ ਮਚਾ ਸਿਰੀ ਗੁਰੂ ਸਾਹਿਬੁ ਸਭ ਊਪਰਿ; ਮਨ ਬਚ ਕ੍ਰੰਮ ਸੇਵੀਐ ਸਚਾ ’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨)

ਸ੍ਰੀ ਗੁਰੂ ਨਾਨਕ ਸਾਹਿਬ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੂਹ ਬ੍ਰਹਮ-ਗਿਆਨੀ ਬਾਣੀਕਾਰ; ਨਰ ਅਤੇ ਮਦੀਨ ਅੰਦਰਲੀ ਪਰਸਪਰ ਕੁਦਰਤੀ ਖਿਚਤੋਂ ਭਲੀਭਾਂਤ ਜਾਣੂ ਸਨ। ਉਹ ਸਮਝਦੇ ਸਨ ਕਿ ਇਹ ਕੁਦਰਤੀ ਸਮਤੁਲਨ ਬਣਾਈ ਰੱਖਣ ਵਿੱਚ ਸਹਾਇਕ ਹੋਣ ਵਾਲੀ ਕੁਦਰਤੀ ਖਿਚ (ਗਰੂਤਾ-ਸ਼ਕਤੀ) ਦਾ ਹੀ ਇੱਕ ਅੰਗ ਹੈ, ਜੋ ਰੱਬੀ ਹੁਕਮ (ਕੁਦਰਤੀ ਨਿਯਮ) ਅਧੀਨ ਹਰੇਕ ਸ਼੍ਰੇਣੀ ਦੀ ਸੰਤਾਨ ਪ੍ਰਕ੍ਰਿਆ ਲਈ ਲਾਜ਼ਮੀ ਹੈ। ਉਹ ਅਕਾਲ-ਪੁਰਖ ਸਾਹਿਬ ਦੀ ਕੌਤਕੀ ਵਡਿਆਈ ਦਾ ਵਰਣਨ ਕਰਦੇ ਹੋਏ ਐਲਾਨੀਆ ਆਖਦੇ ਸਨ ‘‘ਪੁਰਖ ਮਹਿ ਨਾਰਿ; ਨਾਰਿ ਮਹਿ ਪੁਰਖਾ; ਬੂਝਹੁ ਬ੍ਰਹਮ ਗਿਆਨੀ ’’ (ਮਹਲਾ /੮੭੯), ਪਰ ਮਾਇਆ ਮੋਹ ਦੇ ਪ੍ਰਭਾਵ ਹੇਠ ਵਰਤਣ ਵਾਲੇ ਜਿਨ੍ਹਾਂ ਲੋਕਾਂ ਨੂੰ ਐਸੀ ਸੋਝੀ ਨਹੀਂ ਹੁੰਦੀ, ਉਨ੍ਹਾਂ ਲਈ ਅਜਿਹੀ ਅੰਤਰੀਵ ਤੇ ਪਰਸਪਰ ਖਿੱਚ ਕੇਵਲ ਕਾਮਿਕ ਰੁਚੀ ਦੀ ਪੂਰਤੀ ਦਾ ਸਾਧਨ ਬਣ ਕੇ ਹੀ ਰਹਿ ਜਾਂਦੀ ਹੈ। ਗੁਰਬਾਣੀ ਵਿੱਚ ਇਸ ਮਾਨਵੀ ਕਮਜ਼ੋਰੀ ਤੇ ਮਨੋਵਿਗਿਆਨਕ ਪੱਖ ਨੂੰ ਇਉਂ ਪ੍ਰਗਟ ਕੀਤਾ ਹੈ ‘‘ਇਸਤਰੀ ਪੁਰਖ ਕਾਮਿ ਵਿਆਪੇ ਜੀਉ; ਰਾਮ ਨਾਮ ਕੀ ਬਿਧਿ ਨਹੀ ਜਾਣੀ ’’ (ਮਹਲਾ /੨੪੬) ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਰਤਕਾਰ ਤੇ ਗ੍ਰਿਹਸਤੀ ਜੀਵਨ ਨੂੰ ਮਹੱਤਵ ਦਿੰਦਿਆਂ ਹੱਠ-ਜੋਗ (ਕੁੰਡਲਨੀ ਯੋਗਾ) ਵਰਗੀ ਇਕਾਂਤਕ ਤੇ ਬਿਖਮ ਸਾਧਨਾ ਦੀ ਥਾਂ ਗੁਰਦੁਆਰੇ ਦੇ ਸਾਂਝੇ ਸਤਿਸੰਗ ਨੂੰ ਹੀ ਅਧਿਆਤਮਕ ਸਾਧਨਾ ਦਾ ਸਰਬੋਤਮ ਸਥਾਨ ਸਥਾਪਿਤ ਕੀਤਾ ।

ਭੱਟ ਗਯੰਦ ਜੀ ਦਾ ਉਪਰੋਕਤ ਵਾਕ ‘‘ਕੁੰਡਲਨੀ ਸੁਰਝੀ ਸਤਸੰਗਤਿ; ਪਰਮਾਨੰਦ, ਗੁਰੂ ਮੁਖਿ ਮਚਾ ’’ ਅਸਲ ਵਿੱਚ ਇਸ ਹਕੀਕਤ ਦਾ ਐਲਾਨ ਹੈ ਕਿ ਜਿਸ ਪ੍ਰਾਪਤੀ ਲਈ ਹਠ-ਜੋਗੀ ਕੁੰਡਲਨੀ ਜਗਾ ਕੇ ਆਪਣੀ ਕੁਦਰਤੀ ਸ਼ਕਤੀ ਨੂੰ ਖਟ-ਚਕ੍ਰਾਂ (1. ਮੂਲਾਧਾਰ, 2. ਸ੍ਵਾਧਿਸ਼ਠਾਨ, 3. ਮਣੀਪੁਰ 4. ਅਨਹਤ, 5. ਵਿਸ਼ੁਧ, 6. ਆਗਿਆ) ਵਿੱਚੋਂ ਲੰਘਾਉਣ ਦੀ ਬਿਖਮ-ਸਾਧਨਾ ਕਰਦੇ ਹਨ, ਉਹ ਆਤਮਕ ਅਨੰਦ ਅਸੀਂ ਗੁਰੂ ਅਗਵਾਈ ਦੀ ਬਰਕਤ ਸਦਕਾ ਸਤਿਸੰਗ ਰਾਹੀਂ ਸਹਿਜ-ਸੁਭਾਵਕ ਹੀ ਮਾਣ ਲਿਆ ਹੈ। ਯੋਗ-ਸ਼ਾਸਤਰ ਤਾਂ ਕੇਵਲ ਚਿੱਤ ਬਿਰਤੀਆਂ ਦੇ ਨਿਰੋਧ ਨੂੰ ਹੀ ਯੋਗ ਮੰਨਦਾ ਹੈ, ਪਰ ਗੁਰਮਤਿ ਦ੍ਰਿਸ਼ਟੀਕੋਨ ਤੋਂ ‘ਜੋਗ’ ਨਾਮ ਹੈ ‘ਸ਼ਬਦ ਸੁਰਤਿ’ ਦੇ ਸੁਮੇਲ ਦੁਆਰਾ ਅਕਾਲ-ਪੁਰਖ ਨਾਲ ਜੁੜਣ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲਾ ‘‘ਰਾਜ ਲੀਲਾ; ਤੇਰੈ ਨਾਮਿ ਬਨਾਈ ਜੋਗੁ ਬਨਿਆ; ਤੇਰਾ ਕੀਰਤਨੁ ਗਾਈ ’’ (ਮਹਲਾ /੩੮੫) ਗੁਰਵਾਕ, ਭੱਟ ਭਾਈ ਗਯੰਦ ਜੀ ਵਰਗੇ ਗੁਰਸਿੱਖ ਸਾਧਕ ਸਤਿਸੰਗੀਆਂ ਦੀ ਸਦਾ ਲਈ ਅਗਵਾਈ ਕਰਦਾ ਰਹੇਗਾ। ਇਸ ਰਾਹੀਂ ਗੁਰੂ ਪੰਚਮ ਪਾਤਿਸ਼ਾਹ ਖ਼ੁਦ ਕਹਿੰਦੇ ਹਨ ਕਿ ਹੇ ਪ੍ਰਭੂ ! ਤੇਰੇ ਨਾਮ-ਸਿਮਰਨ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ, ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ। ਜਦੋਂ ਮੈਂ ਕੀਰਤਨ ਰੂਪ ਤੇਰੀ ਸਿਫ਼ਤਿ-ਸਾਲਾਹ ਗਾਂਦਾ ਹਾਂ ਤਾਂ ਮੈਨੂੰ ਜੋਗ ਵਾਲਾ ਆਤਮਕ ਅਨੰਦ ਪ੍ਰਾਪਤ ਹੋ ਜਾਂਦਾ ਹੈ ਭਾਵ ਦੁਨੀਆ ਵਾਲਾ ਸੁੱਖ ਤੇ ਫ਼ਕੀਰੀ ਵਾਲਾ ਆਤਮਕ ਅਨੰਦ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ।

ਗੁਰਮਤਿ ਦੀ ਹੱਠ-ਯੋਗ ਵਾਲੀ ਕਠਨ ਸਾਧਨਾ ਤੋਂ ਨਿਰਾਲੀ, ਸੁਖਾਲੀ ਤੇ ਸਹਜਮਈ ਸੁਖਦਾਈ ਸਾਧਨਾ ਨੂੰ ‘ਸਹਜ ਜੋਗ’,‘ਭਗਤਿ-ਜੋਗ’ ਅਤੇ ‘ਰਾਜ-ਜੋਗ’ ਨਾਮ ਦਿੱਤੇ ਜਾ ਸਕਦੇ ਹਨ; ਕਿਉਂਕਿ ਗੁਰਬਾਣੀ ਦੇ ਸ਼ਬਦਾਂ ’ਚੋਂ ਇਨ੍ਹਾਂ ਨਾਵਾਂ ਦੀ ਪੁਸ਼ਟੀ ਹੁੰਦੀ ਹੈ, ‘‘ਗੁਰਿ (ਨੇ) ਮਨੁ ਮਾਰਿਓ ਕਰਿ ਸੰਜੋਗੁ ਅਹਿਨਿਸਿ ਰਾਵੇ ਭਗਤਿ ਜੋਗੁ ਗੁਰ ਸੰਤ ਸਭਾ; ਦੁਖੁ ਮਿਟੈ ਰੋਗੁ ਜਨ ਨਾਨਕ  ! ਹਰਿ ਵਰੁ ਸਹਜ ਜੋਗੁ (ਮਹਲਾ /੧੧੭੦), ਪੂਰਾ ਸੁਖੁ; ਪੂਰਾ ਸੰਤੋਖੁ ਪੂਰਾ ਤਪੁ; ਪੂਰਨ ਰਾਜੁ ਜੋਗੁ ’’ (ਮਹਲਾ /੧੮੮)

ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਦਾ ਪਰਤੱਖ ਅਨੰਦ ਮਾਨਣ ਵਾਲੇ ਭੱਟ ਕਵੀ ਕਲਸਹਾਰ ਜੀ ਨੇ ਤਾਂ ਮਹਲੇ ਪਹਿਲੇ, ਮਹਲੇ ਦੂਜੇ, ਮਹਲੇ ਚੌਥੇ ਤੇ ਮਹਲੇ ਪੰਜਵੇਂ ਤੱਕ ਸਾਰੇ ਗੁਰੂ ਸਾਹਿਬਾਨ ਨੂੰ ਰਾਜ-ਜੋਗ ਮਾਨਣ ਵਾਲੇ ਦੱਸਿਆ ਹੈ। ਉਸ ਨੇ ਗੁਰਸਿੱਖ ਹੋਣ ਦੇ ਨਾਂ ’ਤੇ ‘‘ਸਤਿਗੁਰੁ ਵਡਾ ਕਰਿ ਸਾਲਾਹੀਐ; ਜਿਸੁ ਵਿਚਿ ਵਡੀਆ ਵਡਿਆਈਆ ’’ (ਮਹਲਾ /੪੭੩) ਗੁਰਵਾਕ ਦੇ ਚਾਨਣ ਵਿੱਚ ਜਗਤ-ਗੁਰੂ ਸਾਹਿਬਾਨ ਦੀਆਂ ਵਡਿਆਈਆਂ ਦਾ ਵਰਣਨ ਕਰਦਿਆਂ ਲਿਖਿਆ ਹੈ :

ਕਬਿ ਕਲ, ਸੁਜਸੁ ਗਾਵਉ ਗੁਰ ਨਾਨਕ; ਰਾਜੁ ਜੋਗੁ ਜਿਨਿ ਮਾਣਿਓ

(ਸਵਈਏ ਮਹਲੇ ਪਹਿਲੇ ਕੇ/ਭਟ ਕਲ/੧੩੮੯)

ਗੁਰੁ ਜਗਤ, ਫਿਰਣਸੀਹ, ਅੰਗਰਉ; ਰਾਜੁ ਜੋਗੁ ਲਹਣਾ ਕਰੈ

(ਸਵਈਏ ਮਹਲੇ ਦੂਜੇ ਕੇ/ਭਟ ਕਲ/੧੩੯੧)

ਇਹੁ ਰਾਜ ਜੋਗ ਗੁਰ ਰਾਮਦਾਸਤੁਮ੍ ਹੂ ਰਸੁ ਜਾਣੇ ੧੨

(ਸਵਈਏ ਮਹਲੇ ਚਉਥੇ ਕੇ/ਭਟ ਕਲ/੧੩੯੮)

ਗੁਰ ਅਰਜੁਨ, ਕਲਚਰੈ (ਕੱਲ-ਉੱਚਰੈ); ਤੈ ਰਾਜ ਜੋਗ ਰਸੁ ਜਾਣਿਅਉ

(ਸਵਈਏ ਮਹਲੇ ਪੰਜਵੇਂ ਕੇ/ਭਟ ਕਲ/੧੪੦੭)