ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਮਾਘ

0
111

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਮਾਘ

ਕਿਰਪਾਲ ਸਿੰਘ ਬਠਿੰਡਾ

ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 929 ਉੱਪਰ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ‘ਰਾਮਕਲੀ ਰੁਤੀ’ ਸਿਰਲੇਖ ’ਚ ਮਾਘ ਤੇ ਫੱਗਣ ਦੋ ਮਹੀਨਿਆਂ ਦੀ ਬਰਫ਼ਾਨੀ ਰੁੱਤ ਦਾ ਜ਼ਿਕਰ ਹੈ। ਇਸ ਬਾਣੀ ਦੇ 7ਵੇਂ ਛੰਤ ’ਚ (ਗੁਰੂ ਸਾਹਿਬ ਜੀ ਸਤਿਸੰਗੀ ਸਹੇਲੀਆਂ ਨੂੰ ਸੰਬੋਧਨ ਕਰਦੇ ਹੋਏ ਬਚਨ ਕਰਦੇ ਹਨ ਕਿ ਹੇ ਸਹੇਲੀਓ !) ਮਾਘ ਅਤੇ ਫੱਗਣ (ਮਹੀਨੇ ਭੀ ਬੜੀਆਂ) ਖ਼ੂਬੀਆਂ ਵਾਲੇ ਹਨ। ਇਹ ਬਰਫ਼ਾਨੀ ਰੁੱਤ; ਜਿਵੇਂ ਮਨਾਂ ’ਚ ਪਿਆਰੀ ਲੱਗਦੀ ਹੈ (ਓਵੇਂ ਜਿਸ ਹਿਰਦੇ ’ਚ ਠੰਢ ਦਾ ਪੁੰਜ ਪ੍ਰਭੂ ਆ ਵਸੇ, ਉੱਥੇ ਭੀ ਵਿਕਾਰਾਂ ਦੀ ਤਪਸ਼ ਨਹੀਂ ਰਹਿੰਦੀ)। ਹੇ ਸਤਿਸੰਗੀ ਸਹੇਲੀਓ  ! ਤੁਸੀਂ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰੋ। (ਜੋ ਜੀਵ ਇਸਤ੍ਰੀ ਇਹ ਉਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਅੰਦਰ ਪ੍ਰਭੂ-ਪਤੀ ਆ ਪ੍ਰਗਟ ਹੁੰਦਾ ਹੈ। (ਜਿਸ ਹਿਰਦੇ ’ਚ) ਪ੍ਰੀਤਮ ਪ੍ਰਭੂ ਵੱਸ ਜਾਣ, ਉਹ ਸਦਾ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ। (ਉਸ ਹਿਰਦੇ ਦੀ) ਸੇਜ ਸੁੰਦਰ ਹੋ ਜਾਂਦੀ ਹੈ। ਉਹ, (ਸਰਬ-ਵਿਆਪਕ ਪ੍ਰਭੂ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ। ਉਸ ਨੂੰ ਜੰਗਲ਼, ਘਾਹ-ਤੀਲੇ ਯਾਨੀ ਤਿੰਨੇ ਭਵਨ ਹਰੇ-ਭਰੇ ਜਾਪਦੇ ਹਨ। ਜਿਸ ਨੂੰ ਪ੍ਰਭੂ-ਪਤੀ ਮਿਲ ਗਿਆ, ਜੋ ਮਨ ਕਰਕੇ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰ ਕਾਮਨਾ ਪੂਰੀ ਹੋ ਜਾਂਦੀ ਹੈ। (ਪੰਜਵੀਂ ਨਾਨਕ ਜੋਤਿ) ਗੁਰੂ ਅਰਜਨ ਸਾਹਿਬ ਜੀ ਬੇਨਤੀ ਕਰਦੇ ਹਨ ਕਿ ਹੇ ਸਹੇਲੀਓ ! ਤੁਸੀਂ ਭੀ ਮਾਇਆ ਦੇ ਪਤੀ (ਪ੍ਰਭੂ) ਨੂੰ ਮਿਲ ਕੇ ਸਦਾ ਆਨੰਦ ਮਾਣੋ, ‘‘ਹਿਮਕਰ ਰੁਤਿ ਮਨਿ ਭਾਵਤੀ; ਮਾਘੁ ਫਗਣੁ ਗੁਣਵੰਤ ਜੀਉ ਸਖੀ ਸਹੇਲੀ  ! ਗਾਉ ਮੰਗਲੋ; ਗ੍ਰਿਹਿ ਆਏ ਹਰਿ ਕੰਤ ਜੀਉ ਗ੍ਰਿਹਿ ਲਾਲ ਆਏ, ਮਨਿ ਧਿਆਏ; ਸੇਜ ਸੁੰਦਰਿ ਸੋਹੀਆ ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ; ਦੇਖਿ ਦਰਸਨ ਮੋਹੀਆ ਮਿਲੇ ਸੁਆਮੀ, ਇਛ ਪੁੰਨੀ; ਮਨਿ ਜਪਿਆ, ਨਿਰਮਲ ਮੰਤ ਜੀਉ ਬਿਨਵੰਤਿ ਨਾਨਕ, ਨਿਤ ਕਰਹੁ ਰਲੀਆ; ਹਰਿ ਮਿਲੇ ਸ੍ਰੀਧਰ ਕੰਤ ਜੀਉ ’’ (ਰਾਮਕਲੀ ਰੁਤੀ/ ਮਹਲਾ /੯੨੯)

ਦੋ ਮਹੀਨਿਆਂ ਦੀ ਇਸ ਹਿਮਕਰ ਰੁੱਤ ’ਚੋਂ ਇਸ ਮਹੀਨੇ ਕੇਵਲ ਮਾਘ ਮਹੀਨਾ ਹੀ ਵਿਚਾਰਿਆ ਜਾਣਾ ਹੈ। ਫੱਗਣ ਮਹੀਨਾ ਅਗਲੇ ਜਨਵਰੀ ਅੰਕ (ਮਿਸ਼ਨਰੀ ਸੇਧਾਂ) ’ਚ ਵਿਚਾਰਿਆ ਜਾਏਗਾ। ਮਾਘ ਮਹੀਨਾ ਬਿਕ੍ਰਮੀ ਕੈਲੰਡਰ ਦਾ 10ਵਾਂ ਮਹੀਨਾ ਹੈ। ਇਸ ਦਾ ਅੱਜ ਕੱਲ੍ਹ ਅਰੰਭਕ ਦਿਨ ਭਾਵ ਸੰਗਰਾਂਦ 14 ਜਨਵਰੀ (ਗ੍ਰੈਗੋਰੀਅਨ) ਹੁੰਦਾ ਹੈ ਅਤੇ ਇਸ ਵਿੱਚ ਕੁੱਲ ਦਿਨ 29 ਜਾਂ 30 ਹੁੰਦੇ ਹਨ। ਇਹ ਦੱਸਣ ਯੋਗ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੌਰਾਨ ਮਾਘ ਮਹੀਨੇ ਦੀ ਅਰੰਭਤਾ ਕਦੇ 26, ਕਦੇ 27 ਦਸੰਬਰ (ਜੂਲੀਅਨ) ਨੂੰ ਹੁੰਦੀ ਸੀ। ਇਸ ’ਚ 10 ਦਿਨ ਦਾ ਫ਼ਰਕ ਤਾਂ ਸੰਨ 1582 ’ਚ ਜੂਲੀਅਨ ਕੈਲੰਡਰ ’ਚ ਕੀਤੀ 10 ਦਿਨਾਂ ਦੀ ਸੋਧ ਤੋਂ ਬਾਅਦ ਗ੍ਰੈਗੋਰੀਅਨ ਕੈਲੰਡਰ ਲਾਗੂ ਹੋਣ ਸਮੇਂ ਪਿਆ ਅਤੇ ਬਾਕੀ ਦੇ 8-9 ਦਿਨਾਂ ਦਾ ਫ਼ਰਕ; ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੁਣ ਤੱਕ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਵੱਧ ਹੋਣ ਕਾਰਨ ਪਿਆ ਹੈ। ਇਸ ਲਈ ਸਦਾ ਮੰਗ ਕੀਤੀ ਜਾਂਦੀ ਰਹੀ ਹੈ ਕਿ ਬਿਕ੍ਰਮੀ ਕੈਲੰਡਰ ਦੇ ਵਧ ਰਹੇ ਫ਼ਰਕ ਨੂੰ ਰੋਕਣ ਲਈ ਇਸ ਵਿੱਚ ਸੋਧ ਕਰਨ ਦੀ ਵੈਸੀ ਹੀ ਲੋੜ ਹੈ; ਜਿਵੇਂ ਕਿ 1582 ’ਚ ਰੋਮ ਦੇ ਚਰਚ ਨੂੰ ਜੂਲੀਅਨ ਕੈਲੰਡਰ ਤੋਂ ਗ੍ਰੈਗੋਰੀਅਨ ਕੈਲੰਡਰ ਲਾਗੂ ਕਰਨ ਸਮੇਂ ਪਈ ਸੀ। ਇਸ ਨੂੰ ਮੁੱਖ ਰੱਖਦਿਆਂ ਹੀ 1999 ਸੀਈ ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਜਿਸ ਦਾ ਮਾਘ 11ਵਾਂ ਮਹੀਨਾ ਹੈ ਅਤੇ ਦਿਨਾਂ ਦੀ ਕੁੱਲ ਗਿਣਤੀ ਹਰ ਸਾਲ 30 ਦਿਨ ਹੈ। ਹਰ ਸਾਲ ਦਾ ਅਰੰਭ 13 ਜਨਵਰੀ ਨੂੰ ਹੀ ਹੁੰਦਾ ਹੈ ਤੇ ਹੋਣਾ ਹੈ।

ਗੁਰੂ ਗ੍ਰੰਥ ਸਾਹਿਬ ਜੀ ’ਚ ਦੋ ਬਾਰ੍ਹਾਂ ਮਾਹਾ ਦਰਜ ਹਨ। ਇੱਕ ਗੁਰੂ ਅਰਜਨ ਸਾਹਿਬ ਜੀ ਦਾ ਮਾਝ ਰਾਗ ’ਚ, ਜੋ ਪਾਵਨ ਅੰਕ 133 ’ਤੇ ਦਰਜ ਹੈ ਅਤੇ ਦੂਸਰਾ ਪਾਵਨ ਅੰਕ 1107 ’ਤੇ ਤੁਖਾਰੀ ਰਾਗੁ ’ਚ, ਜੋ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ। ਆਓ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਤੁਖਾਰੀ ਰਾਗ ਦੇ 15ਵੇਂ ਛੰਤ ਦੀ ਵਿਚਾਰ ਕਰੀਏ। ਸਮੇਂ ਦੇ ਕਰਮਕਾਂਡੀ ਲੋਕਾਂ ਵੱਲੋਂ ਮਾਘ ਮਹੀਨੇ ’ਚ ਤੀਰਥਾਂ ’ਤੇ ਜਾ ਕੇ ਇਸ਼ਨਾਨ ਅਤੇ ਦਾਨ ਕਰਨ ਦੀ ਮਿਥ ਦੇ ਮੁਕਾਬਲੇ ਇਸ ਛੰਤ ’ਚ ਅਸਲੀ ਨਾਮ-ਇਸ਼ਨਾਨ ਤੇ ਨਾਮ-ਦਾਨ ਦੇ ਦੱਸੇ ਮਹੱਤਵ ਨੂੰ ਸਮਝਾਇਆ ਗਿਆ ਹੈ।

ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਮਾਘ (ਮਹੀਨੇ) ਵਿਚ ਭਰਮੀ ਲੋਕ (ਪ੍ਰਯਾਗ ਆਦਿਕ ਉੱਤੇ ਇਸ਼ਨਾਨ ਕਰਨ ਨੂੰ ਪਵਿਤਰ ਹੋਣਾ ਮੰਨਦੇ ਹਨ, ਪਰ) ਜਿਸ ਨੇ ਆਪਣੇ ਹਿਰਦੇ ਵਿਚਲਾ ਤੀਰਥ ਪਛਾਣ ਲਿਆ; ਉਸ ਦਾ ਮਨ ਵੱਧ ਪਵਿਤਰ ਹੁੰਦਾ ਹੈ। ਜੋ ਰੱਬੀ ਗੁਣ ਆਪਣੇ ਹਿਰਦੇ ’ਚ ਧਾਰਨ ਕਰ ਉਸ ਨਾਲ਼ ਲਗਾਅ ਵਧਾ ਲੈਂਦਾ ਹੈ, ਉਹ ਅਡੋਲਤਾ ਹਾਸਲ ਕਰ ਲੈਂਦਾ ਹੈ, ਪ੍ਰਭੂ ਮਿਲਾਪ ਪਾ ਲੈਂਦਾ ਹੈ। (ਉਹ ਸਮਝਦਾ ਹੈ ਕਿ) ਹੇ ਸੁੰਦਰ ਪ੍ਰਭੂ ! ਜੇ ਮੈਂ ਆਪਣੇ ਹਿਰਦੇ ’ਚ ਤੇਰੇ ਗੁਣ ਧਾਰਨ ਕਰ, ਤੇਰੀ ਸਿਫ਼ਤ-ਸਾਲਾਹ ਸੁਣ ਕੇ ਤੈਨੂੰ ਪਸੰਦ ਹੋ ਜਾਵਾਂ, ਤਾਂ ਮਾਨੋ ਕਿ ਮੈਂ ਅਸਲ ਤੀਰਥ ਉੱਤੇ ਇਸ਼ਨਾਨ ਕਰ ਲਿਆ। ਤੇਰੇ ਵਿੱਚ ਲੀਨ ਹੋਣਾ ਹੀ ਗੰਗਾ, ਜਮਨਾ, ਸਰਸ੍ਵਤੀ ਯਾਨੀ ਤਿੰਨੇ ਨਦੀਆਂ ਦਾ ਸੰਗਮ ਤ੍ਰਿਬੇਣੀ ਦਾ ਇਸ਼ਨਾਨ ਹੈ। ਹਰ ਜੁਗ ’ਚ ਹੀ ਜਿਸ ਨੇ ਪ੍ਰਭੂ-ਪਰਮੇਸ਼ਰ ਨਾਲ ਸਾਂਝ ਪਾ ਲਈ, ਉਸ ਨੇ (ਤੀਰਥ-ਇਸ਼ਨਾਨ ਆਦਿ ਮਾਨੋ) ਸਾਰੇ ਪੁੰਨ ਕਰਮ ਦਾਨ ਤੇ ਪੂਜਾ ਕਰਮ ਕਰ ਲਏ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਮਾਘ ਮਹੀਨੇ ’ਚ (ਫੋਕਟ ਤੀਰਥ-ਇਸ਼ਨਾਨ ਦੀ ਥਾਂ) ਜਿਸ ਨੇ ਪ੍ਰਭੂ ਦਾ ਨਾਮ ਸਿਮਰਦਿਆਂ ਮਹਾਂ ਨਾਮ-ਰਸ ਪੀ ਲਿਆ, ਸਮਝੋ ਉਸ ਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ, ‘‘ਮਾਘਿ, ਪੁਨੀਤ ਭਈ; ਤੀਰਥੁ ਅੰਤਰਿ ਜਾਨਿਆ ਸਾਜਨ ਸਹਜਿ ਮਿਲੇ; ਗੁਣ ਗਹਿ ਅੰਕਿ ਸਮਾਨਿਆ ਪ੍ਰੀਤਮ ਗੁਣ ਅੰਕੇ, ਸੁਣਿ ਪ੍ਰਭ ਬੰਕੇ; ਤੁਧੁ ਭਾਵਾ ਸਰਿ ਨਾਵਾ ਗੰਗ ਜਮੁਨ ਤਹ ਬੇਣੀ ਸੰਗਮ; ਸਾਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸੁਰ; ਜੁਗਿ ਜੁਗਿ ਏਕੋ ਜਾਤਾ ਨਾਨਕ  ! ਮਾਘਿ ਮਹਾ ਰਸੁ; ਹਰਿ ਜਪਿ, ਅਠਸਠਿ ਤੀਰਥ ਨਾਤਾ ੧੫’’ (ਮਹਲਾ /੧੧੦੯)

ਇਸ ਵਿਚਾਰ ਨੂੰ ਗੁਰੂ ਅਰਜਨ ਸਾਹਿਬ ਜੀ ਕੁੱਝ ਹੋਰ ਵਿਸਥਾਰ ਸਹਿਤ ਸਮਝਾਉਂਦੇ ਹਨ ਕਿ ਮਾਘ ਵਿੱਚ (ਯਾਨੀ ਮਾਘੀ ਸਮੇਂ ਹਿੰਦੂ ਸਮਾਜ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦਾ ਹੈ, ਪਰ ਹੇ ਭਾਈ ! ਤੂੰ) ਗੁਰਮੁਖਾਂ ਦੀ ਸੰਗਤ ਵਿਚ (ਬੈਠ, ਇਹੀ ਹੈ ਸਰਬੋਤਮ ਤੀਰਥ-) ਇਸ਼ਨਾਨ। ਸੰਗਤ ਦੀ ਚਰਨ ਧੂੜ ਵਿਚ ਇਸ਼ਨਾਨ ਕਰ (ਭਾਵ ਨਿਮਰਤਾ ਸਹਿਤ ਗੁਰਮੁਖਾਂ ਦੀ ਸੰਗਤ ਕਰ, ਉੱਥੇ ਰਹਿ ਕੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ, ਹੋਰ ਸਭਨਾਂ ਨਾਲ਼ ਭੀ ਇਹ ਨਾਮ ਦੀ ਦਾਤਿ ਵੰਡ; ਇਉਂ ਕਈ ਜਨਮਾਂ ’ਚ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ਼ (ਤੇਰੇ ਮਨ ਤੋਂ) ਲਹਿ ਜਾਇਗੀ। ਤੇਰੇ ਅੰਦਰੋਂ ਅਹੰਕਾਰ ਦੂਰ ਹੋ ਜਾਏਗਾ। ਤੂੰ ਕਾਮ, ਕ੍ਰੋਧ ਆਦਿਕ ਵਿਸ਼ੇ ਵਿਕਾਰਾਂ ’ਚ ਨਹੀਂ ਫਸੇਂਗਾ; ਕੁੱਤੇ ਵਾਙ ਦਰ ਦਰ ’ਤੇ ਭਟਕਾਉਣ ਵਾਲ਼ਾ ਲੋਭ ਮਰ ਜਾਂਦਾ ਹੈ। ਸੱਚੇ ਰਸਤੇ ਉੱਤੇ ਤੁਰਿਆਂ ਜਗਤ ਵੀ ਸ਼ੋਭਾ ਕਰਦਾ ਹੈ।  68 ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਆਦਿਕ ਕਰਮ; ਨਾਮ-ਸਿਮਰਨ ਵਿੱਚ ਆ ਜਾਂਦੇ ਹਨ। ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹੀ (ਇਸ ਮਾਰਗ ਨੂੰ ਪਛਾਣਨ ਵਾਲਾ) ਸਿਆਣਾ ਮਨੁੱਖ ਹੈ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ, ਮੈਂ ਉਨ੍ਹਾਂ ਤੋਂ ਸਦਕੇ ਹਾਂ ਕਿਉਂਕਿ ਮਾਘ ਮਹੀਨੇ ਅੰਦਰ ਸਿਰਫ਼ ਉਹੀ ਅਸਲ ਸੁੱਚੇ ਹਨ (ਨਾ ਕਿ ਫੋਕਟ ਤੀਰਥਾਂ ’ਤੇ ਇਸ਼ਨਾਨ ਕਰਨ ਵਾਲ਼ੇ), ‘‘ਮਾਘਿ ਮਜਨੁ, ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ ਹਰਿ ਕਾ ਨਾਮੁ ਧਿਆਇ, ਸੁਣਿ; ਸਭਨਾ ਨੋ ਕਰਿ ਦਾਨੁ ਜਨਮ ਕਰਮ ਮਲੁ ਉਤਰੈ; ਮਨ ਤੇ ਜਾਇ ਗੁਮਾਨੁ ਕਾਮਿ ਕਰੋਧਿ ਮੋਹੀਐ; ਬਿਨਸੈ ਲੋਭੁ ਸੁਆਨੁ ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ਅਠਸਠਿ ਤੀਰਥ ਸਗਲ ਪੁੰਨ; ਜੀਅ ਦਇਆ ਪਰਵਾਨੁ ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ ਜਿਨਾ ਮਿਲਿਆ ਪ੍ਰਭੁ ਆਪਣਾ; ਨਾਨਕ ਤਿਨ ਕੁਰਬਾਨੁ ਮਾਘਿ ਸੁਚੇ ਸੇ ਕਾਂਢੀਅਹਿ; ਜਿਨ ਪੂਰਾ ਗੁਰੁ ਮਿਹਰਵਾਨੁ ੧੨’’  (ਮਾਝ ਬਾਰਹਮਾਹਾ/ਮਹਲਾ /੧੩੬)

ਸੋ ਰੁੱਤਾਂ ਨਾਲ਼ ਸੰਬੰਧਿਤ ਉਕਤ ਦੋਵੇਂ ਬਾਰਹ ਮਾਹਾਂ ਬਾਣੀਆਂ ’ਚ ਠੰਢੇ ਮਾਘ ਮਹੀਨੇ ਦਾ ਸਰੀਰ ਉੱਤੇ ਪੈਂਦੇ ਪ੍ਰਭਾਵ ਨੂੰ ਮਿਸਾਲ ਵਜੋਂ ਬਿਆਨ ਕਰ, ਹਿੰਦੂ ਸਮਾਜ ’ਚ ਮਾਘ ਦੇ ਮਹੀਨੇ ਤੀਰਥਾਂ ’ਤੇ ਕੀਤੇ ਜਾਂਦੇ ਇਸ਼ਨਾਨ, ਦਾਨ ਪੁੰਨ ਆਦਿਕ ਧਾਰਮਿਕ ਕਰਮਾਂ ਨੂੰ ਫੋਕਟ ਬਿਆਨ ਕਰ ਖੰਡਨ ਕੀਤਾ ਹੈ। ਪ੍ਰਭੂ ਦਾ ਨਾਮ ਆਪ ਜਪਣ ਅਤੇ ਹੋਰਨਾਂ ਨੂੰ ਜਪਾਉਣ ਨਾਲ, ਹੁੰਦੇ ਮਨ ਨਿਰਮਲ ਦੀ ਮਿਸਾਲ ਰਾਹੀਂ ਜੀਵਨ; ਕਾਮ, ਕ੍ਰੋਧ, ਲੋਭ ਆਦਿਕ ਵਾਸ਼ਨਾਵਾਂ ਤੋਂ ਮੁਕਤ ਹੁੰਦਾ ਬਿਆਨ ਕੀਤਾ ਹੈ।

ਇਤਿਹਾਸਕ ਤੌਰ ’ਤੇ ਭੀ ਮਾਘ ਮਹੀਨੇ ’ਚ ਵਾਪਰੀਆਂ ਵੱਡੀਆਂ ਘਟਨਾਵਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ :

(1). ਚੱਕ ਗੁਰੂ ਰਾਮ ਦਾਸ (ਜੋ ਅਜੋਕਾ ਅੰਮ੍ਰਿਤਸਰ ਸਾਹਿਬ ਹੈ) ਵਿਖੇ ਚੌਥੇ ਪਾਤਿਸਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਬਣਵਾਏ ਗਏ ਸਰੋਵਰ ਦੇ ਵਿਚਕਾਰ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਪਾਸੋਂ ੧ ਮਾਘ ਸੰਮਤ ੧੬੪੫; ਨਾਨਕਸ਼ਾਹੀ ਸੰਮਤ ੧੨੦/28 ਦਸੰਬਰ 1588 ਜੂਲੀਅਨ ਨੂੰ ਰਖਵਾਇਆ ਗਿਆ। ਇਸ ਯਾਦ ਨੂੰ ਤਰੋਤਾਜ਼ਾ ਰੱਖਣ ਲਈ ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ਇਹ ੧ ਮਾਘ ਯਾਨੀ ਮਾਘੀ/ 13 ਜਨਵਰੀ ਨੂੰ ਮਨਾਈ ਜਾਂਦੀ ਹੈ।

(2). ਚਮਕੌਰ ਦੀ ਗੜ੍ਹੀ ਛੱਡਣ ਉਪਰੰਤ ਮਾਲਵੇ ਵੱਲ ਆ ਰਹੇ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰ ਰਹੀ ਮੁਗ਼ਲ ਫ਼ੌਜ ਨਾਲ ਖਿਦਰਾਣੇ ਦੀ ਢਾਬ ਨੇੜੇ ੨੧ ਵੈਸਾਖ ੧੭੬੨; ਨਾਨਕਸ਼ਾਹੀ ਸੰਮਤ ੨੩੭/18 ਅਪ੍ਰੈਲ 1705 ਜੂਲੀਅਨ ਨੂੰ ਜੰਗ ਹੋਈ। ਸਿਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਵਹੀਰ ਨਾਲੋਂ ਵਿਛੜੇ 40 ਸਿੰਘ; ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਹੇਠ ਮੁੜ ਇਸ ਸਥਾਨ ’ਤੇ ਆ ਮਿਲੇ, ਜਿਨ੍ਹਾਂ ਨੇ ਘਮਾਸਾਨ ਹੋ ਰਹੀ ਜੰਗ ’ਚ ਬਹਾਦਰੀ ਨਾਲ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਨ੍ਹਾਂ ਨੂੰ ਗੁਰੂ ਸਾਹਿਬ ਜੀ ਵੱਲੋਂ 40 ਮੁਕਤਿਆਂ ਦਾ ਖਿਤਾਬ ਦਿੱਤਾ ਗਿਆ। ਇਨ੍ਹਾਂ ਮੁਕਤਿਆਂ ਕਾਰਨ ਹੀ ਖਿਦਰਾਣੇ ਦਾ ਨਾਂ, ਮੁਕਤਸਰ ਪਿਆ ਹੈ। ਇਹ ਜੰਗ ਤਾਂ ਭਾਵੇਂ ਵੈਸਾਖ ਦੇ ਮਹੀਨੇ ’ਚ ਹੋਈ ਸੀ, ਪਰ ਇਸ ਇਲਾਕੇ ’ਚ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਸ਼ਹੀਦਾਂ ਦੀ ਯਾਦ ’ਚ ਹਰ ਸਾਲ ਮਾਘ ਮਹੀਨੇ ਦੀ ਸੰਗਰਾਂਦ ਨੂੰ ਮੁਕਤਸਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ (ਮਾਘੀ) ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ’ਚ ੧ ਮਾਘ, ਹਰ ਸਾਲ 13 ਜਨਵਰੀ ਨੂੰ ਆਉਂਦਾ ਹੈ।

(3). 28 ਅਗਸਤ 1921 ਦੇ ਦਿਨ ਸ੍ਰੋਮਣੀ ਕਮੇਟੀ ਦੀ ਨਵੀਂ ਹੋਈ ਚੋਣ ਵਿੱਚ ਬਾਬਾ ਖੜਕ ਸਿੰਘ ਜੀ ਪ੍ਰਧਾਨ ਬਣੇ ਤਾਂ ਸਰਕਾਰ ਨੇ ਸ੍ਰੋਮਣੀ ਕਮੇਟੀ ਵਿੱਚ ਦਖਲ ਦੇਣਾ ਸੁਰੂ ਕਰ ਦਿੱਤਾ।  7 ਨਵੰਬਰ 1921 ਦੇ ਦਿਨ ਬਾਅਦ ਦੁਪਹਿਰ ਤਿੰਨ ਵਜੇ ਪੁਲਿਸ, ਸੁੰਦਰ ਸਿੰਘ ਰਾਮਗੜ੍ਹੀਆਂ ਦੇ ਘਰ ਗਈ ਅਤੇ ਉਸ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ (ਖ਼ਜ਼ਾਨੇ) ਦੀਆਂ ਤੇ ਕੁੱਝ ਹੋਰ ਚਾਬੀਆਂ ਲੈ ਲਈਆਂ। ਸਰਕਾਰ ਨੇ ਐਲਾਨ ਕੀਤਾ; ਸ੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ, ਇਸ ਕਾਰਨ ਚਾਬੀਆਂ ਲਈਆਂ ਗਈਆਂ ਹਨ। ਇਸ ਹਰਕਤ ਨਾਲ ਸਿੱਖਾਂ ਵਿੱਚ ਸਰਕਾਰ ਵਿਰੁੱਧ ਗੁੱਸੇ ਦੀ ਲਹਿਰ ਫੈਲ ਗਈ।  12 ਨਵੰਬਰ ਨੂੰ ਸ੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਫ਼ੈਸਲਾ ਹੋਇਆ ਕਿ ਬਹਾਦਰ ਸਿੰਘ ਨੂੰ ਗੁਰਦਵਾਰਾ ਇੰਤਜ਼ਾਮ ਵਿੱਚ ਦਖ਼ਲ ਨਾ ਦੇਣ ਦਿੱਤਾ ਜਾਏ। ਅਖੀਰ ਸਰਕਾਰ ਨੇ ਵੀ ਹਥਿਆਰ ਸੁੱਟਣ ਦਾ ਫ਼ੈਸਲਾ ਕਰ ਲਿਆ। ਸਰਕਾਰ ਨੇ ਸ੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਉਨ੍ਹਾਂ ਨੂੰ ਚਾਬੀਆਂ ਦੇਣ ਲਈ ਤਿਆਰ ਹੈ।  6 ਦਸੰਬਰ 1921 ਦੇ ਦਿਨ ਹੋਈ ਇੱਕ ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਦੀਆਂ ਚਾਬੀਆਂ ਉਦੋਂ ਤੱਕ ਵਾਪਸ ਨਾ ਲਵੇ ਜਦੋਂ ਤੱਕ ਸਰਕਾਰ ਇਸ ਸੰਬੰਧ ਵਿੱਚ ਗ੍ਰਿਫ਼ਤਾਰ ਕੀਤੇ ਸਾਰੇ ਆਗੂ ਰਿਹਾਅ ਨਹੀਂ ਕਰਦੀ। ਇਸ ਨਿਰਣੇ ਤੋਂ ਬਾਅਦ ਸਰਕਾਰ ਨੇ 17 ਜਨਵਰੀ 1922 ਨੂੰ 193 ’ਚੋਂ 150 ਆਗੂ ਰਿਹਾਅ ਕਰ ਦਿੱਤੇ। ਜਦੋਂ ੭ ਮਾਘ ਸੰਮਤ ੧੯੭੮/19 ਜਨਵਰੀ 1922 ਨੂੰ ਬਾਬਾ ਖੜਕ ਸਿੰਘ ਤੇ ਹੋਰ ਆਗੂ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਤਾਂ ਸਿੱਖ ਸੰਗਤ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸੇ ਦਿਨ ਅਕਾਲ ਤਖ਼ਤ ਦੇ ਸਾਮ੍ਹਣੇ ਸੰਗਤ ਦੇ ਭਾਰੀ ਇਕੱਠ ਵਿੱਚ ਸਰਕਾਰ ਵੱਲੋਂ ਭੇਜੇ ਨੁਮਾਇੰਦੇ ਤੋਂ ਚਾਬੀਆਂ ਬਾਬਾ ਖੜਕ ਸਿੰਘ ਨੇ ਸੰਗਤ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਭਰੇ ਦੀਵਾਨ ਵਿਚ ਪ੍ਰਾਪਤ ਕੀਤੀਆਂ। ਨਾਨਕਸ਼ਾਹੀ ਕੈਲੰਡਰ ’ਚ ਚਾਬੀਆਂ ਵਾਲ਼ਾ ਇਹ ਮੋਰਚਾ ਹਰ ਸਾਲ ੭ ਮਾਘ/19 ਜਨਵਰੀ ਨੂੰ ਮਨਾਇਆ ਜਾਂਦਾ ਹੈ।

(4). ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ ਮਾਘ ਸੁਦੀ ੧੩, ੧੪ ਮਾਘ ਸੰਮਤ ੧੭੩੮; ਨਾਨਕਸ਼ਾਹੀ ਸੰਮਤ ੨੧੩/11 ਜਨਵਰੀ 1682 ਜੂਲੀਅਨ ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਪਿਤਾ ਭਾਈ ਭਗਤਾ ਜੀ ਦੇ ਗ੍ਰਹਿ, ਪਿੰਡ ਪਹੂਵਿੰਡ ਵਿੱਚ ਹੋਇਆ। ਨਾਨਕਸ਼ਾਹੀ ਕੈਲੰਡਰ ’ਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ, ਹਰ ਸਾਲ ੧੪ ਮਾਘ/26 ਜਨਵਰੀ ਹੁੰਦਾ ਹੈ।

(5). (ਗੁਰੂ) ਹਰਿਰਾਇ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਦੇ ਘਰ ਮਾਘ ਸੁਦੀ ੧੩, ੧੯ ਮਾਘ ਸੰਮਤ ੧੬੮੬/ਨਾਨਕਸ਼ਾਹੀ ਸੰਮਤ ੧੬੧/16 ਜਨਵਰੀ 1630 ਜੂਲੀਅਨ ਨੂੰ ਹੋਇਆ। ਉਨ੍ਹਾਂ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ ੧੯ ਮਾਘ/31 ਜਨਵਰੀ ਗ੍ਰੈਗੋਰੀਅਨ ਨੂੰ ਆਉਂਦਾ ਹੈ, ਪਰ ਸ੍ਰੋਮਣੀ ਕਮੇਟੀ ਆਪਣੇ ਕੈਲੰਡਰ ’ਚ ਬਿਕ੍ਰਮੀ ਕੈਲੰਡਰ ਅਨੁਸਾਰ ਮਾਘ ਸੁਦੀ ੧੩ ਨੂੰ ਗੁਰ ਪੁਰਬ ਦਰਜ ਕਰਦੀ ਹੈ, ਜਿਸ ਕਾਰਨ ਨਾਨਕਸ਼ਾਹੀ ਸੰਮਤ ੫੫੩ ’ਚ ੩ ਫੱਗਣ (14 ਫ਼ਰਵਰੀ 2022); ਸੰਮਤ ੫੫੪ ’ਚ ੨੧ ਮਾਘ (3 ਫ਼ਰਵਰੀ 2023) ਅਤੇ ਇਸ ਸਾਲ ਸੰਮਤ ੫੫੫ ’ਚ ੧੧ ਫੱਗਣ (22 ਫ਼ਰਵਰੀ 2024) ਲਿਖਿਆ ਹੈ। ਕੀ ਕੋਈ ਜਗਿਆਸੂ ਬੰਦਾ ਭੀ ਸਮਝ ਸਕਦਾ ਹੈ ਕਿ ਇਤਿਹਾਸ ਮੁਤਾਬਕ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਿਸ ਤਾਰੀਖ ਨੂੰ ਸੀ ਅਤੇ ਅਗਾਂਹ ਕਿਸ ਤਾਰੀਖ਼ ਨੂੰ ਆਵੇਗਾ ? ਇਸੇ ਲਈ ਹੀ ਐਸੀ ਘੁੰਮਣਘੇਰੀ ’ਚੋਂ ਨਿਕਲਣ ਦੀ ਲੋੜ ਹੈ।

(6). ਸੰਨ 1761 ਵਿੱਚ ਆਪਣੇ ਪੰਜਵੇਂ ਹਮਲੇ ਸਮੇਂ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ 25-26 ਹਜ਼ਾਰ ਮਰਾਠਾ ਔਰਤਾਂ, ਬੱਚਿਆਂ ਨੂੰ ਬੰਦੀ ਬਣਾ ਕੇ ਅਬਦਾਲੀ ਕਾਬਲ ਨੂੰ ਜਾ ਰਿਹਾ ਸੀ। ਪੰਜਾਬ ਵਿਚ ਵੜਦੇ ਹੀ ਹਮੇਸ਼ਾਂ ਵਾਙ ਸਿੱਖ ਉਸ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਲੱਖਾਂ ਰੁਪਏ ਦਾ ਮਾਲ ਅਸਬਾਬ ਲੁੱਟ ਲਿਆ ਤੇ ਹਜ਼ਾਰਾਂ ਹਿੰਦੂ ਕੁੜੀਆਂ ਤੇ ਮੁੰਡਿਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਛੁਡਵਾ ਕੇ ਘਰੋਂ ਘਰੀ ਪਹੁੰਚਾਇਆ। ਸਿੱਖਾਂ ਹੱਥੋਂ ਹੋਈ ਇਸ ਬੇ-ਇੱਜ਼ਤੀ ਦਾ ਬਦਲਾ ਲੈਣ ਲਈ ਆਪਣੇ 6ਵੇਂ ਹਮਲੇ ਦੌਰਾਨ ਅਬਦਾਲੀ ਨੇ ੨੫ ਮਾਘ ਸੰਮਤ ੧੮੧੮; ਨਾਨਕਸ਼ਾਹੀ ਸੰਮਤ ੨੯੩/3 ਫ਼ਰਵਰੀ 1762 ਨੂੰ ਕੁੱਪ-ਰੋਹੀੜਾ ਵਿਖੇ ਸਿੱਖਾਂ ’ਤੇ ਜੋਰਦਾਰ ਹਮਲਾ ਕਰ ਦਿੱਤਾ। ਦੋਵਾਂ ਪਾਸਿਆਂ ਤੋਂ ਗਹਿ ਗੱਚ ਲੜਾਈ ਹੋਈ, ਜਿਸ ਵਿੱਚ 16-18 ਹਜ਼ਾਰ ਬੱਚੇ ਤੇ ਔਰਤਾਂ ਅਤੇ 10-12 ਹਜ਼ਾਰ ਸਿੰਘ ਸ਼ਹੀਦ ਹੋ ਗਏ।  10-12 ਹਜ਼ਾਰ ਹੀ ਅਬਦਾਲੀ ਦੇ ਫ਼ੌਜੀ ਮਾਰੇ ਗਏ। ਇਹ ਘਟਨਾ ਸਿੱਖ ਇਤਿਹਾਸ ’ਚ ਸਭ ਤੋਂ ਵੱਡਾ ਖੂਨੀ ਕਾਂਡ ਹੈ, ਜਿਸ ਨੂੰ ਵੱਡੇ ਘੱਲੂਘਾਰੇ ਦਾ ਨਾਂ ਦਿੱਤਾ ਹੈ। ਨਾਨਕਸ਼ਾਹੀ ਕੈਲੰਡਰ ’ਚ ਵੱਡਾ ਘੱਲੂਘਾਰਾ (ਕੁੱਪ-ਰੋਹੀੜਾ) ਹਰ ਸਾਲ ੨੫ ਮਾਘ/6 ਫ਼ਰਵਰੀ ਨੂੰ ਆਉਂਦਾ ਹੈ।

(7). ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਪਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ ੩੦ ਮਾਘ, ਬਿਕ੍ਰਮੀ ਸੰਮਤ ੧੭੪੩; ਨਾਨਕਸ਼ਾਹੀ ਸੰਮਤ ੨੧੮/26 ਜਨਵਰੀ 1687 ਜੂਲੀਅਨ ਨੂੰ ਹੋਇਆ। ਨਾਨਕਸ਼ਾਹੀ ਕੈਲੰਡਰ ਅਨੁਸਾਰ ਉਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ ੩੦ ਮਾਘ/11 ਫ਼ਰਵਰੀ ਨੂੰ ਆਉਂਦਾ ਹੈ ਜਦੋਂ ਕਿ ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਸੰਮਤ ੫੫੦ ’ਚ ੩੦ ਮਾਘ/12 ਫ਼ਰਵਰੀ 2019;  ਸੰਮਤ ੫੫੧ ’ਚ ੩੦ ਮਾਘ/12 ਫ਼ਰਵਰੀ 2020; ਸੰਮਤ ੫੫੨ ’ਚ ੨੯ ਮਾਘ/11 ਫ਼ਰਵਰੀ 2021; ਸੰਮਤ ੫੫੩ ’ਚ ੨੯ ਮਾਘ/11 ਫ਼ਰਵਰੀ 2022; ੫੫੪ ’ਚ ੩੦ ਮਾਘ/12 ਫ਼ਰਵਰੀ 2023 ਅਤੇ ੫੫੫ ’ਚ ੩੦ ਮਾਘ/12 ਫ਼ਰਵਰੀ 2024 ਈਸਵੀ ਦਰਜ ਹੈ।

ਜਿਹੜੀ ਸ੍ਰੋਮਣੀ ਕਮੇਟੀ ਸਾਹਿਬਜ਼ਾਦੇ ਦਾ ਜਨਮ ਦਿਨ ਹੀ ਹਰ ਸਾਲ ਬਦਲ ਦਿੰਦੀ ਹੈ, ਉਹ ਇਤਿਹਾਸ ਅਤੇ ਕੈਲੰਡਰ ਬਾਰੇ ਕਿੰਨੀ ਕੁ ਸੁਹਿਰਦ ਹੋ ਸਕਦੀ ਹੈ ? ਜਿਹੜੇ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ੨੩ ਪੋਹ/5 ਜਨਵਰੀ ਨਿਸ਼ਚਿਤ ਕਰਨ ’ਤੇ ਰੌਲ਼ਾ ਪਾ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਨੇ ਸਿੱਖ ਇਤਿਹਾਸ ਨੂੰ ਮਿਥਿਹਾਸ ਬਣਾ ਦਿੱਤਾ, ਉਨ੍ਹਾਂ ਨੇ ਭੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਦਿਨ ਦੀ ਤਾਰੀਖ਼ ਨੂੰ ਕਦੇ ਗ਼ਲਤ ਨਾ ਸਮਝਿਆ।