‘‘ਧੁਰ ਕੀ ਬਾਣੀ ਆਈ ॥’’ ਵਾਕ ਦੇ ਸਮਝੇ ਜਾਂਦੇ ਗ਼ਲਤ ਅਰਥ

0
434

‘‘ਧੁਰ ਕੀ ਬਾਣੀ ਆਈ ’’ ਵਾਕ ਦੇ ਸਮਝੇ ਜਾਂਦੇ ਗ਼ਲਤ ਅਰਥ

ਗਿਆਨੀ ਅਵਤਾਰ ਸਿੰਘ

ਸੋਰਠਿ ਰਾਗ ’ਚ ਪੰਜਵੇਂ ਪਾਤਿਸ਼ਾਹ ਜੀ ਦਾ ਪਾਵਨ ਬਚਨ ਹੈ, ‘‘ਧੁਰ ਕੀ ਬਾਣੀ ਆਈ ਤਿਨਿ, ਸਗਲੀ ਚਿੰਤ ਮਿਟਾਈ ’’ (ਮਹਲਾ /੬੨੮) ਜੋ ਧਾਰਮਿਕ ਸਮਾਗਮਾਂ ’ਚ ਅਕਸਰ ਬੋਲਿਆ ਤੇ ਪੜ੍ਹਿਆ ਜਾਂਦਾ ਹੈ। ਇਸ ਦਾ ਅਰਥ ਸਮਝਿਆ ਜਾਂਦਾ ਹੈ ਕਿ ਸਮੁੱਚੀ ਗੁਰਬਾਣੀ; ਮਨੁੱਖਤਾ ਦੇ ਭਲੇ ਲਈ ਸੰਸਾਰ ਵਿਖੇ ‘‘ਧੁਰ ਕੀ ਬਾਣੀ ਆਈ’’ ਹੈ ਯਾਨੀ ਕਿ ਇਹੋ ਬਾਣੀ; ਧੁਰ ਤੋਂ ਆਈ ਹੈ, ਬਾਕੀ ਕੋਈ ਹੋਰ ਰਚਨਾ ਧੁਰ ਤੋਂ ਨਹੀਂ ਆਈ ਜਦ ਕਿ ਇਸ ਸ਼ਬਦ ਦਾ ਇਹ ਅਰਥ ਬਿਲਕੁਲ ਭੀ ਨਹੀਂ ਹੈ। ਜੇਕਰ ਥੋੜ੍ਹੀ ਦੇਰ ਲਈ ਇਹ ਅਰਥ ਮੰਨ ਭੀ ਲਈਏ ਤਾਂ ਤੀਸਰੇ ਪਾਤਿਸ਼ਾਹ ਜੀ ਦੇ ਇਸ ਵਾਕ ਦਾ ਕੀ ਅਰਥ ਹੋਏਗਾ, ‘‘ਹਰਿ, ਜੀਉ ਗੁਫਾ ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ’’ (ਅਨੰਦ/ਮਹਲਾ /੯੨੨) ਅਰਥ : ਹਰੀ ਨੇ (ਹਰ) ਸਰੀਰ ਰੂਪੀ ਗੁਫ਼ਾ ਅੰਦਰ ਜਿੰਦ (ਆਤਮ-ਸ਼ਕਤੀ) ਟਿਕਾ ਕੇ (ਸਭ ਨੂੰ) ਬੋਲਣ ਦੀ ਸਮਰੱਥਾ ਬਖ਼ਸ਼ੀ। ਇਸ ਵਾਕ ਤੋਂ ਸਾਫ਼ ਹੈ ਕਿ ਹਰ ਮਨੁੱਖ ਨੂੰ ਬੋਲਣ ਦੀ ਜਾਚ; ਅਕਾਲ ਪੁਰਖ ਪਾਸੋਂ ਭਾਵ ਧੁਰ ਤੋਂ ਹੀ ਮਿਲੀ ਹੁੰਦੀ ਹੈ। ਇਸੇ ਤਰ੍ਹਾਂ ਦਾ ਵਿਚਾਰ ਗੁਰੂ ਨਾਨਕ ਸਾਹਿਬ ਜੀ ਦਿੰਦੇ ਹਨ ਕਿ ਜਿੰਨੇ ਭੀ ਜੀਵ-ਜੰਤ ਸੰਸਾਰ ’ਚ ਪੈਦਾ ਕੀਤੇ ਹੋਏ ਹਨ, ਉਨ੍ਹਾਂ ਸਾਰਿਆਂ ਅੰਦਰ ਅਕਲ; ਇੱਕੋ ਅਕਾਲ ਪੁਰਖ ਨੇ ਯਾਨੀ ਧੁਰ ਤੋਂ ਪਾਈ ਹੈ; ਅਕਲ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਕੀਤਾ ਗਿਆ, ‘‘ਏਕਾ ਸੁਰਤਿ; ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ (ਕੀਤਾ)’’ (ਮਹਲਾ /੨੫) ਇਸ ਲਈ ਪੰਜਵੇਂ ਪਾਤਿਸ਼ਾਹ ਜੀ ਦੇ ਉਕਤ ਬੋਲ ‘‘ਧੁਰ ਕੀ ਬਾਣੀ ਆਈ’’ ਨੂੰ ਵਿਚਾਰਨਾ ਜ਼ਰੂਰੀ ਹੈ।

ਸਮੁੱਚੀ ਗੁਰਬਾਣੀ ਅੰਦਰ 35 ਮਹਾਂ ਪੁਰਸ਼ਾਂ ਦਾ ਭਾਵੇਂ ਕਿ ਸਿਧਾਂਤਿਕ ਟੀਚਾ ਇੱਕੋ ਹੈ ਭਾਵ ਸਾਂਝਾ ਹੈ, ਪਰ ਹਰ ਬਾਣੀਕਾਰ ਦਾ ਸੱਚ ਪ੍ਰਤੀ ਅਨੁਭਵ (ਤਜਰਬਾ) ਆਪਣਾ ਆਪਣਾ ਵੱਖਰਾ ਹੈ। ਇਸ ਅਨੁਭਵੀ ਅੰਤਰ ਦੀ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਗੁਰਬਾਣੀ ਦੇ ਅਰਥ; ਗੁਰਮਤਿ ਦੇ ਉਲ਼ਟ ਸਮਝ ਲਏ ਜਾਂਦੇ ਹਨ, ਜੋ ਵਿਵਾਦ ਦਾ ਕਾਰਨ ਬਣਦੇ ਹਨ। ਮਿਸਾਲ ਵਜੋਂ ਪੰਜਵੇਂ ਪਾਤਿਸ਼ਾਹ ਨੇ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ’ਚ ‘ਸੰਤ’ ਸ਼ਬਦ 62 ਵਾਰ ਵਰਤਿਆ। ਉਨ੍ਹਾਂ ਨੇ ਆਪਣੀ ਸਮੁੱਚੀ ਬਾਣੀ ’ਚ ‘ਸੰਤ’ ਸ਼ਬਦ ਕਿਨ੍ਹਾਂ ਅਰਥਾਂ ’ਚ ਵਧੇਰੇ ਵਰਤਿਆ, ਇਹ ਜਾਣਕਾਰੀ ਨਾ ਹੋਣ ਕਾਰਨ ਸੁਖਮਨੀ ਸਾਹਿਬ ਵਿਖੇ ‘ਸੰਤ’ ਦਾ ਅਰਥ ਚੋਲ਼ਾਧਾਰੀ ਮਨੁੱਖ ਸਮਝਿਆ ਲਿਆ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਦੁਆਰਾ ਮੂਲ ਮੰਤਰ ਦੇ ਅੰਤ ’ਚ ‘ਗੁਰ ਪ੍ਰਸਾਦਿ’ (ਸੰਯੁਕਤ ਸ਼ਬਦ) ਦਰਜ ਕੀਤੇ ਗਏ ਹਨ। ਜਿਨ੍ਹਾਂ ਦਾ ਅਰਥ ਹੈ ‘ਗੁਰੂ ਦੀ ਕਿਰਪਾ ਨਾਲ਼’ (ੴ ਮਿਲਦਾ ਹੈ)। ਇਹੀ ਅਰਥ ਗੁਰੂ ਅਰਜਨ ਸਾਹਿਬ ਨੇ ‘ਸੰਤ ਪ੍ਰਸਾਦਿ’ (ਸੰਯੁਕਤ ਸ਼ਬਦ) ਵਿੱਚੋਂ ਲਏ ਹਨ। ਚੇਤੇ ਰਹੇ ਕਿ ਗੁਰਬਾਣੀ ’ਚ ਇਹ ਸ਼ਬਦ 42 ਵਾਰ ਹਨ, ਜਿਨ੍ਹਾਂ ’ਚੋਂ 41 ਵਾਰ ਪੰਜਵੇਂ ਪਾਤਿਸ਼ਾਹ ਨੇ ਅਤੇ ਇੱਕ ਵਾਰ ਭਗਤ ਕਬੀਰ ਜੀ ਨੇ ਵਰਤੇ ਹਨ।

ਸੁਖਮਨੀ ਸਾਹਿਬ; ਗਉੜੀ ਰਾਗ ’ਚ ਹੈ। ਇਸੇ ਰਾਗ ’ਚ ਪੰਜਵੇਂ ਪਾਤਿਸ਼ਾਹ ਨੇ ‘ਸੰਤ ਪ੍ਰਸਾਦਿ’ ਸ਼ਬਦ; 12 ਵਾਰ ਦਰਜ ਕੀਤੇ ਹਨ; ਜਿਵੇਂ ਕਿ ‘‘ਸੰਤ ਪ੍ਰਸਾਦਿ (ਨਾਲ਼); ਜਪੈ ਹਰਿ ਨਾਉ (ਗਉੜੀ/ਮਹਲਾ /੧੮੩), ਸੰਤ ਪ੍ਰਸਾਦਿ; ਹਰਿ ਕੀਰਤਨੁ ਗਾਉ (ਗਉੜੀ/ਮਹਲਾ /੧੮੩), ਸੰਤ ਪ੍ਰਸਾਦਿ; ਪਰਮ ਪਦੁ ਪਾਇਆ ’’ (ਗਉੜੀ/ਮਹਲਾ /੨੦੨) ਇਨ੍ਹਾਂ ਵਾਕਾਂ ’ਚ ‘ਸੰਤ’ ਦਾ ਅਰਥ; ਚੋਲ਼ਾਧਾਰੀ ਮਨੁੱਖ ਨਹੀਂ ਹੋ ਸਕਦਾ; ਇਸੇ ਤਰ੍ਹਾਂ ਸੁਖਮਨੀ ਸਾਹਿਬ ’ਚ ਭੀ ‘ਸੰਤ’ ਦਾ ਅਰਥ ਕੋਈ ਚੋਲ਼ਾਧਾਰੀ ਮਨੁੱਖ ਨਹੀਂ ਬਲਕਿ ‘ਗੁਰੂ’ ਹੈ; ਜਿਵੇਂ ਕਿ ਵਾਕ ਹੈ, ‘‘ਸੰਤ ਕੈ ਦੂਖਨਿ; ਆਰਜਾ ਘਟੈ (ਸੁਖਮਨੀ/ਮਹਲਾ /੨੭੯) ਭਾਵ ਗੁਰੂ ਦੀ ਨਿੰਦਾ ਕਰਨ ਨਾਲ਼ ਉਮਰ (ਅਜਾਈਂ ਚਲੀ) ਜਾਂਦੀ ਹੈ ਕਿਉਂਕਿ ‘‘ਸਤਿਗੁਰੁ, ਅੰਦਰਹੁ ਨਿਰਵੈਰੁ ਹੈ ਸਤਿਗੁਰੁ ਸਭਨਾ ਦਾ ਭਲਾ ਮਨਾਇਦਾ; ਤਿਸ ਦਾ ਬੁਰਾ ਕਿਉ ਹੋਇ  ?’’ (ਮਹਲਾ /੩੦੨) ਜਦ ਕਿ ਚੋਲ਼ਾਧਾਰੀ ਮਨੁੱਖ; ਮਨ ’ਚ ਈਰਖਾ ਰੱਖਦੇ ਵੇਖੇ ਜਾ ਸਕਦੇ ਹਨ।

ਇਸੇ ਰਾਗ ’ਚ ਭਗਤ ਕਬੀਰ ਜੀ ਨੇ ਭੀ ‘ਸੰਤ ਪ੍ਰਸਾਦਿ’ ਸ਼ਬਦ; ‘ਗੁਰੂ’ ਲਈ ਵਰਤੇ ਹਨ, ‘‘ਚਰਨ ਕਮਲ ਗੋਬਿੰਦ; ਰੰਗੁ ਲਾਗਾ ਸੰਤ ਪ੍ਰਸਾਦਿ (ਨਾਲ਼) ਭਏ ਮਨ ਨਿਰਮਲ; ਹਰਿ ਕੀਰਤਨ ਮਹਿ ਅਨਦਿਨੁ ਜਾਗਾ ਰਹਾਉ ’’ (ਗਉੜੀ ਥਿਤੀ/ਭਗਤ ਕਬੀਰ/੩੪੩) ਅਰਥ : ਗੁਰੂ ਦੀ ਕਿਰਪਾ ਨਾਲ਼ ਪ੍ਰਭੂ ਦੇ ਸੁੰਦਰ ਚਰਨਾਂ/ਗੁਣਾਂ ਨਾਲ਼ ਮਨ ਜੁੜ ਗਿਆ, ਨਿਰਮਲ ਹੋ ਗਿਆ ਕਿਉਂਕਿ ਹਰੀ ਦੀ ਸਿਫ਼ਤ ਕਰਦਿਆਂ ਹਰ ਦਿਨ (ਵਿਕਾਰਾਂ ਵੱਲੋਂ) ਸੁਚੇਤ ਰਿਹਾ।

ਜੇਕਰ ਕਬੀਰ ਜੀ ਦੇ ਇਸ ਵਾਕ ’ਚ ‘ਸੰਤ’ ਦਾ ਅਰਥ ਚੋਲ਼ਾਧਾਰੀ ਮਨੁੱਖ ਕਰੀਏ ਤਾਂ ਇਨ੍ਹਾਂ ਨੇ ਐਸੇ ਪਾਖੰਡੀਆਂ ਬਾਰੇ ਇਹ ਭੀ ਕਿਹਾ ਹੈ, ‘‘ਗਜ ਸਾਢੇ ਤੈ ਤੈ ਧੋਤੀਆ; ਤਿਹਰੇ ਪਾਇਨਿ ਤਗ (ਜਨੇਊ) ਗਲੀ ਜਿਨ੍ਹਾ ਜਪਮਾਲੀਆ; ਲੋਟੇ ਹਥਿ ਨਿਬਗ ਓਇ ਹਰਿ ਕੇ ਸੰਤ ਆਖੀਅਹਿ; ਬਾਨਾਰਸਿ ਕੇ ਠਗ ’’ (ਭਗਤ ਕਬੀਰ/੪੭੬) ਭਗਤ ਜੀ ਅਨੁਸਾਰ ‘ਸੰਤ’ (ਗੁਰੂ) ਅਤੇ ਪ੍ਰਭੂ; ਇੱਕ ਸਮਾਨ ਹਨ, ‘‘ਸੰਤਾ ਕਉ ਮਤਿ ਕੋਈ ਨਿੰਦਹੁ; ਸੰਤ ਰਾਮੁ ਹੈ ਏਕੁੋ ਕਹੁ ਕਬੀਰ ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕੁੋ (ਭਗਤ ਕਬੀਰ/੭੯੩) ਅਰਥ : ਗੁਰੂ ਦੀ ਕੋਈ ਨਿੰਦਿਆ ਨਾ ਕਰਿਓ ਕਿਉਂਕਿ ਗੁਰੂ ਅਤੇ ਹਰੀ; ਇੱਕੋ ਹੀ ਹਨ ਤਾਹੀਓਂ ਮੈਂ ਓਹੀ ਗੁਰੂ (ਜੋ ਹਰੀ ਨਾਲ਼ ਅਭੇਦ ਹੈ) ਲੱਭਿਆ ਹੈ। ਜਿਸ ਦਾ ਨਾਂ ‘ਬਿਬੇਕ, ਰੌਸ਼ਨੀ’ ਹੈ। ਐਸੇ ਹੀ ‘ਗੁਰੂ ਗਿਆਨ’ (ਸ਼ਬਦ ਪ੍ਰਕਾਸ਼) ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘ਗੁਰੂ’ ਕਿਹਾ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਮਹਲਾ /੯੪੩), ਤੀਸਰੇ ਪਾਤਿਸ਼ਾਹ ਨੇ ਭੀ ਕਿਹਾ, ‘‘ਵਾਹੁ ਵਾਹੁ ਬਾਣੀ, ਨਿਰੰਕਾਰ (ਦਾ ਰੂਪ) ਹੈ; ਤਿਸੁ ਜੇਵਡੁ ਅਵਰੁ ਕੋਇ ’’ (ਮਹਲਾ /੫੧੫), ਗੁਰੂ ਰਾਮਦਾਸ ਜੀ ਨੇ ਭੀ ਕਿਹਾ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ’’ (ਮਹਲਾ /੯੮੨), ਗੁਰੂ ਅਰਜਨ ਸਾਹਿਬ ਨੇ ਭੀ ਕਿਹਾ, ‘‘ਪੋਥੀ; ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਭਾਵ ਸ਼ਬਦ-ਪੋਥੀ ’ਚ ਰੱਬ ਦਾ ਨਿਵਾਸ ਹੈ, ਮਾਲਕ ਦੇ ਗੁਣ ਹਨ। ਹਰੀ ਨਾਲ਼ ਜੁੜਨ ਦਾ ਇਹੀ (ਸ਼ਬਦ-ਪ੍ਰਕਾਸ਼ ਰੂਪ ਪੋਥੀ) ਸਾਧਨ ਹੈ।

ਸੋ ਸ਼ਬਦ ਪ੍ਰਕਾਸ਼; ਗੁਰੂ ਹੈ, ਸੰਤ ਹੈ, ਜੋ ਅਕਾਲ ਪੁਰਖ ਵਾਙ ਨਿਰਮਲ ਹੈ ਜਾਂ ਅਕਾਲ ਪੁਰਖ ਦੇ ਗੁਣ; ਬਾਣੀ ਹੈ ਤੇ ਇਹੀ ਬਾਣੀ; ਗੁਰੂ ਹੈ, ਸੰਤ ਹੈ, ਬਿਬੇਕ ਹੈ। ‘ਬਿਬੇਕ’ ਦੇ ਅੱਖਰੀਂ ਅਰਥ ਹਨ ‘ਸਰਗੁਣ (ਸੰਸਾਰ) ਨੂੰ ਕਲਪਨਾ ਸਹਿਤ ਤਰਕ/ਸੰਦੇਹ ਨਾਲ਼ ਵਾਚਣਾ ਤੇ ਨਿਰਗੁਣ (ਪ੍ਰਭੂ) ਨੂੰ ਸ਼ਰਧਾ ਵਾਲ਼ੀ ਅੱਖ ਨਾਲ਼ ਵੇਖਣਾ’। ‘ਗੁਰੂ’ (ਸ਼ਬਦ) ਦਾ ਭੀ ਇਹੀ ਅਰਥ ਹੈ ‘ਜਗਤ (ਹਨ੍ਹੇਰੇ) ’ਚ ਨਿਰਗੁਣ (ਪ੍ਰਭੂ ਦਾ) ਪ੍ਰਕਾਸ਼/ਚਾਨਣ ਵੇਖਣਾ’। ਸੰਖੇਪ ਸ਼ਬਦਾਂ ’ਚ ਸਮਝ ਸਕਦੇ ਹਾਂ ਕਿ ਦਿਮਾਗ਼ ’ਚ ਤਰਕ ਭਾਵਨਾ + ਮਨ ’ਚ ਸ਼ਰਧਾ = ਬਿਬੇਕ (ਸੰਤ/ਗੁਰੂ)।

ਗੁਰੂ ਅਰਜਨ ਸਾਹਿਬ ਜੀ ਦੇ ਵਾਕ ‘‘ਧੁਰ ਕੀ ਬਾਣੀ ਆਈ’’ ਦਾ ਸਹੀ ਉਚਾਰਨ ਹੈ, ‘‘ਧੁਰ ਕੀ ਬਾਣੀ, ਆਈ’’ ਅਤੇ ਇਸ ਦੇ ਅਰਥ ਹਨ ‘ਜਗਤ ਦੇ ਮੂਲ (ਭਾਵ ਸ੍ਰੋਤ) ਦੀ ਮਹਿਮਾ; (ਮੇਰੇ ਹਿਰਦੇ ’ਚੋਂ) ਆਈ ਹੈ, ਪ੍ਰਗਟ ਹੋਈ ਹੈ’। ਗੁਰਮਤਿ ’ਚ ਇਹ ਵਿਲੱਖਣਤਾ ਹੈ ਕਿ ਇਸ ਨੇ ਆਕਾਰ; ਜਿਵੇਂ ਕਿ ਦੇਵਤੇ, ਸੰਤ, ਤਸਵੀਰ, ਪੱਥਰ-ਮੂਰਤੀ, ਦਰਖ਼ਤ, ਪਸ਼ੂ-ਪੰਛੀ ਆਦਿ ਨੂੰ ਸਰਬ ਸ਼ਕਤੀਮਾਨ ਨਹੀਂ ਮੰਨਿਆ ਬਲਕਿ ਇਨ੍ਹਾਂ ਸਾਰਿਆਂ ਨੂੰ ਰਚਨ ਵਾਲ਼ੇ (ੴ) ਨੂੰ ਸਿਰਮੌਰ ਕਿਹਾ ਹੈ। ਉਸ ਨਾਲ਼ ਪਿਆਰ ਕਰਨ ਵਾਲ਼ੇ ਸਮੂਹ ਨੂੰ ਸੱਚੀ ਸੰਗਤ ਕਿਹਾ ਹੈ; ਜਿਵੇਂ ਕਿ ‘‘ਸਤਸੰਗਤਿ ਕੈਸੀ ਜਾਣੀਐ  ? ਜਿਥੈ, ਏਕੋ ਨਾਮੁ ਵਖਾਣੀਐ ਏਕੋ ਨਾਮੁ ਹੁਕਮੁ ਹੈ; ਨਾਨਕ  ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ’’ (ਮਹਲਾ /੭੨) ਅਰਥ : ਸਵਾਲ : ਕੈਸਾ ਇਕੱਠ; ਸੰਗਤ ਹੈ ? ਜਵਾਬ : ਜਿਸ ਥਾਂ ਕੇਵਲ ਅਕਾਲ ਪੁਰਖ ਦਾ ਨਾਮ ਜਪਿਆ ਜਾਵੇ। ਇਹੀ ਪ੍ਰਭੂ ਵੱਲੋਂ ਹੁਕਮ ਹੈ (ਕਿ ਸੰਗਤ ’ਚ ਮੇਰਾ ਨਾਮ ਜਪਣਾ ਹੈ, ਜੋ) ਸਤਿਗੁਰੂ ਨੇ (ਸਾਨੂੰ) ਸਮਝਾ ਦਿੱਤਾ। ਗੁਰਬਾਣੀ ’ਚ ਸੰਗਤ ਨੂੰ ‘ਸੰਤ ਜਨ’ ਭੀ ਕਿਹਾ ਹੈ।

ਗੁਰਬਾਣੀ ’ਚ ਪ੍ਰਭੂ ਦੇ ਦੋ ਰੂਪ (ਸਰਗੁਣ ਤੇ ਨਿਰਗੁਣ) ਹਨ। ਸਰਗੁਣ ਤੋਂ ਭਾਵ ਹੈ ‘ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ)’ ਯਾਨੀ ਵਿਖਾਈ ਦਿੰਦਾ ਸਾਰਾ ਜਗਤ (ਜਾਂ ਬ੍ਰਹਿਮੰਡ)। ‘ਰਜੋ’ ਤੋਂ ਭਾਵ ਹੈ ‘ਭੱਜ ਦੌੜ’ ਯਾਨੀ ਪਦਾਰਥਾਂ ਨਾਲ਼ ਸੰਬੰਧ ਤੇ ਉਨ੍ਹਾਂ ਕਾਰਨ ਉਪਜਿਆ ਅਹੰਕਾਰ। ‘ਤਮੋ’ ਤੋਂ ਭਾਵ ਹੈ ‘ਹਨ੍ਹੇਰਾ’ (ਅਗਿਆਨ, ਕ੍ਰੋਧ) ਤੇ ‘ਸਤੋ’ ਤੋਂ ਭਾਵ ਹੈ ‘ਵਿਖਾਵੇ ਮਾਤਰ ਕੀਤੇ ਜਾਂਦੇ ਧਾਰਮਿਕ ਕੰਮ’, ਜਿਨ੍ਹਾਂ ਨੂੰ ਕਰਨ ਪਿੱਛੇ ਕੋਈ ਲਾਲਸਾ ਛੁਪੀ ਹੁੰਦੀ ਹੈ ਅਤੇ ਨਿਰਗੁਣ ਤੋਂ ਭਾਵ ਹੈ ‘ਜੋ ਇਨ੍ਹਾਂ ਤਿੰਨੇ ਗੁਣਾਂ ਤੋਂ ਬਾਹਰ ਹੈ ਭਾਵ ਅਦ੍ਰਿਸ਼, ਨਿਰਾਕਾਰ ਪ੍ਰਭੂ।

ਨਿਰਗੁਣ ਪ੍ਰਭੂ; ਆਪਣੇ ਸਰਗੁਣ ਰੂਪ (ਸ੍ਰਿਸ਼ਟੀ) ਦੇ ਕਣ ਕਣ ’ਚ ਵਿਆਪਕ ਹੈ। ਸਰਗੁਣ ਤੇ ਨਿਰਗੁਣ; ਦੋਵੇਂ ਨਾਵ ਮਾਤਰ ਹਨ; ਵੈਸੇ ਇੱਕੋ (ਨਿਰਗੁਣ) ਦਾ ਹੀ ਹਰ ਥਾਂ ਨਿਵਾਸ ਹੈ, ‘‘ਸਰਗੁਣ ਨਿਰਗੁਣ ਥਾਪੈ ਨਾਉ ਦੁਹ ਮਿਲਿ; ਏਕੈ ਕੀਨੋ ਠਾਉ ’’ (ਮਹਲਾ /੩੮੭) ਜਿਵੇਂ ਮਨ ਅਤੇ ਸਰੀਰ ਭਾਵੇਂ ਦੋ ਨਾਂ ਹਨ; ਉਂਝ ਜ਼ਿੰਦਗੀ ਇੱਕੋ ਹੁੰਦੀ ਹੈ।

ਇੱਕ ਦਰਖ਼ਤ ’ਤੇ ਕਈ ਟਹਿਣੀਆਂ, ਪੱਤੇ, ਫੁੱਲ, ਫਲ਼ ਆਦਿ ਲੱਗਦੇ ਹਨ, ਜੋ ਸਮੇਂ ਨਾਲ਼ ਡਿੱਗ-ਝੜ ਜਾਂਦੇ ਹਨ ਭਾਵ ਸਥਿਰ ਨਹੀਂ ਹੁੰਦੇ ਜਦ ਕਿ ਇਨ੍ਹਾਂ ਦਾ ਮੂਲ (ਸ੍ਰੋਤ, ਜੜ੍ਹ); ਪੱਤਝੜ, ਠੰਢ ਆਦਿ ’ਚ ਭੀ ਕਾਇਮ ਰਹਿੰਦਾ ਹੈ। ਇਸੇ ਤਰ੍ਹਾਂ ਪੰਜਵੇਂ ਪਾਤਿਸ਼ਾਹ ਨੇ ਨਿਰਗੁਣ (ਜਗਤ ਦੇ ਮੂਲ) ਨੂੰ ਦਰਖ਼ਤ (ਦਾ ਮੂਲ) ਅਤੇ ਸਰਗੁਣ ਰੂਪ ਨੂੰ ਟਹਿਣੀਆਂ, ਫਲ਼ ਆਦਿ ਕਿਹਾ, ‘‘ਤੂੰ ਪੇਡੁ; ਸਾਖ ਤੇਰੀ ਫੂਲੀ ਤੂੰ ਸੂਖਮੁ; ਹੋਆ ਅਸਥੂਲੀ ’’ (ਮਹਲਾ /੧੦੨) ਭਾਵ ਹੇ ਪ੍ਰਭੂ ! ਤੂੰ (ਵਿਸ਼ਾਲ ਜਗਤ ਦਾ ਆਧਾਰ/ਮੂਲ) ਰੁੱਖ ਹੈਂ। ਸਾਰੀ ਜਗਤ ਰਚਨਾ; ਤੇਰਾ ਪਸਾਰਾ ਹੈ। ਪਹਿਲਾਂ ਆਪ ਅਦ੍ਰਿਸ਼ (ਸੂਖਮ) ਸੀ, ਜੋ ਹੁਣ ਦ੍ਰਿਸ਼ਟਮਾਨ (ਸਰਗੁਣ) ਬਣ ਗਿਆ। ਸੋ ‘‘ਧੁਰ ਕੀ ਬਾਣੀ, ਆਈ’’ ਤੋਂ ਭਾਵ ਹੈ ਕਿ ਮੇਰੇ ਅੰਦਰੋਂ ਸੂਖਮ (ਅਦ੍ਰਿਸ਼) ਦੀ ਮਹਿਮਾ ਗਾਉਣ ਵਾਲ਼ੀ ਭਾਵਨਾ ਪ੍ਰਗਟ ਹੋਈ ਹੈ (ਨਾ ਕਿ ਅਸਥੂਲ/ਸਰਗੁਣ/ਟਹਿਣੀਆਂ ਦੀ ਮਹਿਮਾ)।

ਆਦਿ ਕਾਲ ਤੋਂ ਕਰਤਾਰ ਦੇ ‘ਸਰਗੁਣ’ ਰੂਪ ਨੂੰ ਪੂਜਿਆ ਜਾਂਦਾ ਰਿਹਾ ਹੈ। ਇਸ ’ਤੇ ਧਿਆਨ ਇਕਾਗਰ ਕਰਨਾ ਅਸਾਨ ਹੈ ਕਿਉਂਕਿ ਇਹ, ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਦੀ ਪਕੜ ’ਚ ਹੈ ਜਦ ਕਿ ਨਿਰਗੁਣ; ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ ਹੈ। ਉਸ ਲਈ ਧਿਆਨ ਇਕਾਗਰ ਕਰਨਾ ਮੁਸ਼ਕਲ ਹੈ ਤਾਹੀਓਂ ਗੁਰਬਾਣੀ ’ਚ ਅਨੁਭਵੀ ਸੰਤ ਜਨਾਂ ਦੇ ਸਮੂਹ (ਸੰਗਤ) ਨੂੰ ਗੁਰੂ ਸਮਾਨ ਦਰਜਾ ਦਿੱਤਾ ਅਤੇ ਸਰਗੁਣ ਨੂੰ ਪੂਜਣ ਵਾਲ਼ਿਆਂ ਨੇ ਸੰਗਤ ਦੀ ਥਾਂ ਹਮੇਸ਼ਾਂ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸਿਰਮੌਰ ਮੰਨਿਆ। ਉਸ ਦੀ ਮੌਤ ਤੋਂ ਬਾਅਦ ਉਸ ਦੀ ਮੂਰਤੀ ਬਣਾਈ ਗਈ। ਇਸ ਤਰ੍ਹਾਂ ਪੰਡਿਤ; ਸਰਗੁਣ ਨੂੰ ਪੂਜਦੇ ਪੂਜਦੇ ਨਿਰਜਿੰਦ-ਮੂਰਤੀ ਦੇ ਉਪਾਸ਼ਕ ਬਣ ਗਏ ਕਿਉਂਕਿ ਸੂਖਮ (ਅਦ੍ਰਿਸ਼) ਨੂੰ ਪਕੜਨ ਦੀ ਸਮਰੱਥਾ ਵਾਲ਼ਾ ਕੋਈ ਅਨੁਭਵੀ ਪੁਰਸ਼; ਚਾਰੇ ਜੁਗਾਂ ’ਚ ਪੈਦਾ ਨਾ ਹੋਇਆ। ਗੁਰੂ ਨਾਨਕ ਸਾਹਿਬ ਨੇ ਇਸ ਸੰਬੰਧ ’ਚ ਕਿਹਾ ਕਿ ਜੋ ਲੋਕ; ਸੂਖਮ ਨੂੰ ਭੁਲਾ ਕੇ ਅਸਥੂਲ (ਟਹਿਣੀਆਂ, ਫੁੱਲ ਆਦਿ) ਨੂੰ ਪੂਜਦੇ ਹਨ, ਕੀ ਪੱਤਝੜ ਵਾਙ ਨਾਸ ਹੋਏ ਇਨ੍ਹਾਂ ਦੇ ਸਰੀਰ ਦੀ ਸੁਆਹ ਇਕੱਠੀ ਕਰਨਗੇ, ‘‘ਜਿਨ੍ਹੀ ਨਾਮੁ ਵਿਸਾਰਿਆ; ਦੂਜੈ ਭਰਮਿ ਭੁਲਾਈ ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ ?’’ (ਮਹਲਾ /੪੨੦) ਇਸ ‘ਦੂਜੈ ਭਰਮਿ’ ਨੂੰ ਗੁਰਬਾਣੀ ’ਚ 151 ਵਾਰ ‘ਦੂਜੈ ਭਾਇ’ ਤੇ 47 ਵਾਰ ‘ਦੂਜਾ ਭਾਉ’ ਕਿਹਾ ਹੈ। ਇਹ ਸ਼ਬਦ; ਪ੍ਰਚਲਿਤ ਧਾਰਮਿਕ ਗ੍ਰੰਥਾਂ ’ਚ ਨਹੀਂ। ਇਹੀ ਨਵੇਕਲੇ ਸ਼ਬਦ; ‘ਮਾਇਆ’ ਦੀ ਸੰਪੂਰਨ ਵਿਆਖਿਆ ਕਰਦੇ ਹਨ (ਨਾ ਕਿ ਪ੍ਰਚਲਿਤ ਪੰਜ ‘ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ’); ਜਿਵੇਂ ਕਿ ਵਾਕ ਹੈ, ‘‘ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ’’ (ਅਨੰਦ/ਮਹਲਾ /੯੨੧) ਅਰਥ : (ਅਸਲ ’ਚ) ਇਹ ‘ਮਾਇਆ’ ਹੈ, ਜਿਸ ਨਾਲ਼ (ਸੂਖਮ-ਪ੍ਰਭੂ ਤੋਂ ਬਿਨਾਂ) ਹੋਰ ਨਾਲ਼ ਪਿਆਰ ਪਿਆ, ਮੋਹ ਉਪਜਿਆ ਤੇ ਹਰੀ ਨੂੰ ਭੁੱਲਾ ਦਿੱਤਾ। ਇੱਥੇ ‘ਭਾਉ’ (ਪਿਆਰ) ਤੋਂ ਭਾਵ ਮੋਹ ਹੈ, ਮਾਇਆ ਹੈ। ‘ਦੂਜੈ ਭਾਇ’ ਦਾ ਅਰਥ ਹੁੰਦਾ ਹੈ ‘ਹੋਰ ਪਿਆਰ ਕਾਰਨ’। ਉਕਤ ਵਾਕ ’ਚ ‘‘ਦੂਜੈ ਭਰਮਿ ਭੁਲਾਈ’’ ਦਾ ਅਰਥ ਹੈ (ਸੂਖਮ ਤੋਂ ਬਿਨਾਂ) ‘ਹੋਰ ਪਿਆਰ ਕਾਰਨ ਕੁਰਾਹੇ ਪੈ ਕੇ (ਨਾਮ ਵਿਸਾਰਿਆ)’। ਇਉਂ ਗੁਰਮਤਿ ਅਨੁਸਾਰ ‘ਸਿਮਰਨ ਕਰਨ’ ਸਮੇਂ ‘ਸੇਵਾ ਕਰਨ’ ਵੱਲ ਧਿਆਨ ਦੌੜਾਨਾ ਭੀ ‘ਮਾਇਆ’ ਹੈ।

ਸਰਗੁਣ ਰੂਪ (ਆਕਾਰ, ਟਹਿਣੀਆਂ) ਦਾ ਪਿਆਰ ਇੱਕ ਭਰਮ ਹੈ, ਭੁਲੇਖਾ ਹੈ ਕਿ ਇਹ ਹਮੇਸ਼ਾਂ ਸਾਥ ਦੇਵੇਗਾ। ਇਸੇ ਰੋਗ ਕਾਰਨ ਸਦੀਵੀ ਸਾਥ ਦੇਣ ਵਾਲ਼ਾ ਮਾਲਕ (ਸੂਖਮ) ਭੁਲਾ ਦਿੱਤਾ ਗਿਆ। ਇਹ ਰਾਜ਼ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ, ‘‘ਜਿਨ੍ਹੀ ਨਾਮੁ ਵਿਸਾਰਿਆ; ਦੂਜੈ ਭਰਮਿ (’) ਭੁਲਾਈ (ਭੁਲਾਇਭੁਲ ਕੇ, ਪੈ ਕੇ) ’’, ਅੰਨ੍ਹੀ ਪਰਜਾ ਦਾ ਮਾਰਗ ਦਰਸ਼ਨ (ਭਾਵ ਪੰਡਿਤ) ਹੀ ਅੰਨ੍ਹਾ ਹੈ। ਜਿਨ੍ਹਾਂ ’ਚ ਲੰਬਾ ਸਮਾਂ ਗੁਜ਼ਾਰਨ ਵਾਲ਼ੇ ਗੁਰੂ ਅਮਰਦਾਸ ਜੀ ਅਨੁਸਾਰ ਸਰਗੁਣ ਤੇ ਨਿਰਗੁਣ ਦਾ ਅੰਤਰ ਕੋਈ ਅੰਨ੍ਹਾ ਨਹੀਂ ਸਮਝ ਸਕਦਾ ਤਾਹੀਓਂ ਮੂਲ (ਸੂਖਮ) ਤੋਂ ਵਿਛੁੜ ਕੇ ਹਨ੍ਹੇਰੇ (ਸਰਗੁਣ) ਨੂੰ ਪੂਜਦਾ ਹੈ, ‘‘ਅੰਧੇ ਗੁਰੂ ਤੇ ਭਰਮੁ ਜਾਈ ਮੂਲੁ ਛੋਡਿ; ਲਾਗੇ ਦੂਜੈ ਭਾਈ ’’ (ਮਹਲਾ /੨੩੨) ਅੰਨ੍ਹਾ ਭਗਤ; ਕੰਨਾਂ ਤੋਂ ਬਹਿਰਾ ਭੀ ਹੁੰਦਾ ਹੈ ਤਾਹੀਓਂ ਸੁਜਾਖੇ ਗੁਰੂ ਦੇ ਬਚਨਾਂ ਤੋਂ ਲਾਭ ਨਹੀਂ ਉਠਾ ਸਕਦਾ, ‘‘ਅੰਧੇ, ਗੁੰਗੇ; ਅੰਧ ਅੰਧਾਰੁ ਪਾਥਰੁ ਲੇ ਪੂਜਹਿ; ਮੁਗਧ ਗਵਾਰ ਓਹਿ ਜਾ ਆਪਿ ਡੁਬੇ; ਤੁਮ ਕਹਾ ਤਰਣਹਾਰੁ  ?’’ (ਮਹਲਾ /੫੫੬)

ਉਕਤ ਵਿਚਾਰ ਤੋਂ ਬਾਅਦ ‘‘ਧੁਰ ਕੀ ਬਾਣੀ, ਆਈ’’ ਵਿਸ਼ਾ ਸੁਤੇ ਹੀ ਸਪਸ਼ਟ ਹੋ ਜਾਂਦਾ ਹੈ। ਇਹ ਸ਼ਬਦ; ਦੋ ਬੰਦਾਂ ਵਾਲ਼ਾ ਹੈ। ਇਨ੍ਹਾਂ ’ਚ ਇੱਕ ‘ਰਹਾਉ’ ਬੰਦ ਭੀ ਹੈ। ਜੋ ਪੂਰੇ ਸ਼ਬਦ-ਵਿਸ਼ੇ ਦਾ ਕੇਂਦਰੀ ਭਾਵ (ਤੱਤ-ਸਾਰ) ਹੁੰਦਾ ਹੈ। ‘ਰਹਾਉ’ ਬੰਦ ਰਾਹੀਂ ਗੁਰੂ ਸਾਹਿਬ; ‘ਧੁਰ’ (ਮੂਲ) ਨੂੰ ਸਪਸ਼ਟ ਕਰਦੇ ਹਨ ਕਿ ਹੇ ਸੰਤੋ ਭਾਵ ਸਚਾਈ ਦੀ ਤਲਾਸ਼ ਕਰਨ ਵਾਲ਼ਿਓ ! ਉਹ ਧੁਰ ਹੈ ‘‘ਪਾਰਬ੍ਰਹਮੁ ਪੂਰਨ ਪਰਮੇਸਰੁ’’; ਜੋ ਸਰਬ ਵਿਆਪਕ ਹੈ। ਇਸ ਲਈ ਜਿਹੜਾ ਭੀ ਉਸ ਦੀ ਬੰਦਗੀ ਕਰੇਗਾ, ਉਹ ਹਰ ਥਾਂ ਅਨੰਦ ਮਾਣੇਗਾ, ‘‘ਸੰਤਹੁ ! ਸੁਖੁ ਹੋਆ ਸਭ ਥਾਈ ਪਾਰਬ੍ਰਹਮੁ ਪੂਰਨ ਪਰਮੇਸਰੁ; ਰਵਿ ਰਹਿਆ ਸਭਨੀ ਜਾਈ ਰਹਾਉ ’’

ਪਹਿਲੇ ਬੰਦ ’ਚ ਉਪਦੇਸ਼ ਹੈ ਕਿ ਪਰਮੇਸ਼ਰ (ਜਗਤ ਦੇ ਮੂਲ ਯਾਨੀ ਧੁਰ) ਨੇ ਜਿਸ ਜਿਸ ’ਤੇ ਕਿਰਪਾ ਕਰ (ਉਨ੍ਹਾਂ ਦੇ ਹਿਰਦੇ ਨੂੰ) ਧੀਰਜ (ਸਹਾਰਾ) ਦਿੱਤਾ, ਉਨ੍ਹਾਂ ਦੇ ਸਾਰੇ ਦੁੱਖ ਨਾਸ ਹੋ ਗਏ। ਉਹ ਸਦਾ ਅਨੰਦਿਤ ਰਹਿੰਦੇ ਹਨ, ‘‘ਪਰਮੇਸਰਿ (ਨੇ), ਦਿਤਾ ਬੰਨਾ ਦੁਖ ਰੋਗ ਕਾ ਡੇਰਾ, ਭੰਨਾ ਅਨਦ ਕਰਹਿ; ਨਰ ਨਾਰੀ ਹਰਿ ਹਰਿ ਪ੍ਰਭਿ (ਨੇ), ਕਿਰਪਾ ਧਾਰੀ ’’

 ਦੂਜੇ (ਭਾਵ ਅੰਤਮ) ਬੰਦ ’ਚ ਉਪਦੇਸ਼ ਹੈ ਕਿ ਧੁਰ (ਸੂਖਮ); ਦਇਆਲੂ ਭੀ ਹੈ, ਮਿਹਰਵਾਨ ਭੀ ਹੈ, ‘‘ਧੁਰ ਕੀ ਬਾਣੀ, ਆਈ ਤਿਨਿ, ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰਿ ਨਾਨਕ ! ਸਾਚੁ ਵਖਾਨਾ ’’ (ਮਹਲਾ /੬੨੮) ਅਰਥ : ਹੇ ਨਾਨਕ ! ਆਖ ਕਿ ਇਹੀ ਪੂਰਨ ਸਚਾਈ ਹੈ ਕਿ ਜੋ ਦਇਆਵਾਨ, ਮਿਹਰਵਾਨ, ਅਕਾਲ ਪੁਰਖ ਹੈ, ਉਸੇ ਧੁਰ ਦੀ ਬਾਣੀ (ਯਾਨੀ ਵਡਿਆਈ; ਮੇਰੇ ਹਿਰਦੇ ’ਚੋਂ) ਪ੍ਰਗਟ ਹੋਈ ਹੈ (ਭਾਵ ਮੈਂ ਕਿਸੇ ਰਵਾਇਤੀ ਧਰਮ ਵਾਙ ਸਰਗੁਣ ਨੂੰ ਨਹੀਂ ਪੂਜਦਾ)। ਉਸ (ਨਿਰਗੁਣ-ਧੁਰ) ਨੇ ਹੀ ਮੇਰੀ ਸਾਰੀ ਚਿੰਤਾ ਦੂਰ ਕਰ ਦਿੱਤੀ।

ਸੋ ਇਸ ਸ਼ਬਦ ਦੇ ਸਾਰੇ ਬੰਦਾਂ ’ਚ ਵਾਰ-ਵਾਰ ਕਿਹਾ ਗਿਆ ਕਿ ‘ਧੁਰ’ ਦੀ ਸਿਫ਼ਤ-ਸਲਾਹ ਕਰਨ ਨਾਲ਼ ਹਰ ਥਾਂ ਅਨੰਦ ਮਿਲਦਾ ਹੈ, ਕੋਈ ਚਿੰਤਾ ਜਾਂ ਦੁੱਖ ਪੋਹ ਨਹੀਂ ਸਕਦਾ; ਜਿਵੇਂ ਕਿ ਵਾਕ ਹਨ, ‘‘ਸੁਖੁ ਹੋਆ ਸਭ ਥਾਈ ਰਹਾਉ, ਦੁਖ ਰੋਗ ਕਾ ਡੇਰਾ, ਭੰਨਾ , ਤਿਨਿ, ਸਗਲੀ ਚਿੰਤ ਮਿਟਾਈ ’’ ਇਹ ਸੱਚ ਭੀ ਹੈ ਕਿ ਜੋ ਬੰਦਾ, ਜਿਸ ਤੋਂ ਪ੍ਰਭਾਵਤ ਹੈ, ਜਿਸ ਦੀ ਪੂਜਾ ਕਰਦਾ ਹੈ, ਉਸ ਵਰਗਾ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਜੈਸਾ ਸੇਵੈ; ਤੈਸੋ ਹੋਇ ’’ (ਮਹਲਾ /੨੨੩) ਜੇਕਰ ਕੋਈ ਨਸ਼ੇੜੀ ਕੋਲ਼ ਬੈਠੇਗਾ ਤਾਂ ਨਸ਼ਾ ਕਰਨ ਲੱਗੇਗਾ। ਚੋਰ ਨਾਲ਼ ਬੈਠੇਗਾ ਤਾਂ ਚੋਰੀ ਕਰਨ ਨੂੰ ਪਿਆਰ ਕਰੇਗਾ, ਪਰ ਜੇਕਰ ਕੋਈ ਅਨੰਦ ਦੇ ਸ੍ਰੋਤ (ਨਿਰਗੁਣ-ਧੁਰ) ਨਾਲ਼ ਪਿਆਰ ਕਰੇਗਾ ਤਾਂ ਹਰ ਥਾਂ ਅਨੰਦਿਤ ਰਹੇਗਾ ਕਿਉਂਕਿ ਉਹ, ਸਰਬ ਵਿਆਪਕ ਹੋਣ ਕਾਰਨ ਉਸ ਦੇ ਹਿਰਦੇ ਨੂੰ ਹਰ ਥਾਂ ਧਰਵਾਸ ਦੇਈ ਰੱਖਦਾ ਹੈ। ਗੁਰੂ ਅਰਜਨ ਸਾਹਿਬ ਜੀ ਅਨੁਸਾਰ ਜੋ ‘ਧੁਰ’ (ਆਦਿ ਪੁਰਖ ਹਰੀ/ਜਗਤ ਦੇ ਮੂਲ) ਨੂੰ ਪਿਆਰ ਕਰਦਾ ਹੈ, ਉਹੀ ਅਸਲ ‘ਚ ਸਿਆਣਾ ਹੈ, ‘‘ਧੂਰਤੁ ਸੋਈ; ਜਿ ਧੁਰ ਕਉ ਲਾਗੈ ’’ (ਮਹਲਾ /੧੨੨੧)

ਗੁਰਮਤਿ ਅਨੁਸਾਰ ਸਫਲ ਜ਼ਿੰਦਗੀ ਉਹ ਹੈ, ਜਿਸ ਅੰਦਰ ਬਿਬੇਕ ਹੋਵੇ, ਪ੍ਰਕਾਸ਼-ਬਲ ਹੋਵੇ, ਭੈ ਤੇ ਚਿੰਤਾ ਮੁਕਤ ਹੋਵੇ, ਇਨਸਾਫ਼ ਪਸੰਦ ਹੋਵੇ, ਸਬਰ-ਸੰਤੋਖੀ ਹੋਵੇ, ਨਿਮਰਤਾ ਭਰਪੂਰ ਹੋਵੇ, ਕਿਰਤੀ ਹੋਵੇ, ਗ੍ਰਿਹਸਤੀ ਹੋਵੇ ਆਦਿ, ਪਰ ਐਸੀ ਜ਼ਿੰਦਗੀ ਤਦ ਹੀ ਪਨਪੇਗੀ, ਜੇਕਰ ਉਸ ਦਾ ਆਦਰਸ਼ (ਰੋਲ ਮਾੱਡਲ, ਪ੍ਰੇਰਨਾ-ਸ੍ਰੋਤ) ਭੀ ਜਾਨਦਾਰ ਹੋਵੇ ਤੇ ਹਰ ਥਾਂ ਮੌਜੂਦ ਹੋਵੇ। ਜਿਵੇਂ ਜਾਨਦਾਰ ਵਸਤੂ; ਜਾਨਦਾਰ ਸਰੀਰ ਨੂੰ ਜੀਵਤ ਰੱਖਦੀ ਹੈ, ਨਾ ਕਿ ਨਿਰਜਿੰਦ ਵਸਤੂ। ਗੁਰੂ ਸਾਹਿਬ ਦਾ ਬਚਨ ਹੈ ਕਿ ਜਿੰਨੇ ਅੰਨ ਦੇ ਦਾਣੇ ਹਨ, ਉਨ੍ਹਾਂ ਸਾਰਿਆਂ ’ਚ ਜੀਵਨ ਹੈ ਭਾਵ ਮਨੁੱਖ ਦੀ ਖ਼ੁਰਾਕ ਭੀ ਜਾਨਦਾਰ ਵਸਤੂ ਹੈ, ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ ’’ (ਆਸਾ ਕੀ ਵਾਰ/ਮਹਲਾ /੪੭੨), ਪਾਣੀ ਭੀ ਜਾਨਦਾਰ ਹੈ, ਜਿਸ ਤੋਂ ਸਾਰੀ ਬਨਸਪਤੀ ਉੱਗਦੀ ਹੈ, ‘‘ਪਹਿਲਾ ਪਾਣੀ ਜੀਉ ਹੈ; ਜਿਤੁ, ਹਰਿਆ ਸਭੁ ਕੋਇ ’’ (ਆਸਾ ਕੀ ਵਾਰ/ਮਹਲਾ /੪੭੨), ਇਸੇ ਤਰ੍ਹਾਂ ‘ਨਿਰਗੁਣ-ਧੁਰ’ ਭੀ ਜਾਨਦਾਰ ਹੈ। ਉਸ ਦੀ ਥਾਂ ਸਰਗੁਣ (ਆਕਾਰ) ਪੂਜਕ ਪੰਡਿਤ; ਨਿਰਜਿੰਦ (ਮੂਰਤੀ) ਪੂਜਕ ਬਣ ਬੈਠਾ। ਜਿਸ ਨੂੰ ਪ੍ਰਸੰਨ ਕਰਨ ਲਈ ਜਾਨਦਾਰ ਵਸਤੂਆਂ (ਫੁੱਲ, ਪੱਤੇ, ਫਲ਼ ਆਦਿ) ਹੀ ਭੇਟਾ ਵਜੋਂ ਚੜ੍ਹਾਉਂਦਾ ਹੈ। ਇਸ ਸੰਬੰਧੀ ਭਗਤ ਕਬੀਰ ਜੀ ਦੇ ਬਚਨ ਹਨ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ਭੂਲੀ ਮਾਲਨੀ ਹੈ ਏਉ ਸਤਿਗੁਰੁ ਜਾਗਤਾ ਹੈ ਦੇਉ ਰਹਾਉ ਬ੍ਰਹਮੁ ਪਾਤੀ; ਬਿਸਨੁ ਡਾਰੀ; ਫੂਲ ਸੰਕਰਦੇਉ ਤੀਨਿ ਦੇਵ ਪ੍ਰਤਖਿ ਤੋਰਹਿ; ਕਰਹਿ ਕਿਸ ਕੀ ਸੇਉ  ?…. ਮਾਲਿਨਿ ਭੂਲੀ, ਜਗੁ ਭੁਲਾਨਾ; ਹਮ ਭੁਲਾਨੇ ਨਾਹਿ ਕਹੁ ਕਬੀਰ  ! ਹਮ ਰਾਮ ਰਾਖੇ; ਕ੍ਰਿਪਾ ਕਰਿ ਹਰਿ ਰਾਇ ’’ (ਭਗਤ ਕਬੀਰ/੪੭੯) ਅਰਥ : ਜਿਸ ਪੱਥਰ-ਮੂਰਤੀ ਨੂੰ ਪ੍ਰਸੰਨ ਕਰਨ ਲਈ (ਬਾਗ਼ ਦੀ ਰਖਵਾਲੀ ਕਰਨ ਵਾਲ਼ੀ) ਮਾਲਣ ਹੀ ਪੱਤੇ ਤੋੜ ਕੇ ਭੇਟਾ ਚੜ੍ਹਾਉਣ ਲਈ ਦੇਵੇ, ਜਿਨ੍ਹਾਂ ’ਚ ਜਾਨ ਹੈ ਜਦ ਕਿ ਪੂਜੀ ਜਾ ਰਹੀ ਪੱਥਰ-ਮੂਰਤੀ; ਨਿਰਜਿੰਦ (ਜਾਨ ਰਹਿਤ) ਹੈ।੧। ਇਸ ਤਰ੍ਹਾਂ ਮਾਲਣ ਭਰਮ-ਭੁਲੇਖੇ ’ਚ ਹੈ (ਕਿ ਇਹ ਸਦਾ ਸਾਥ ਨਿਭਾਏਗਾ ਜਦ ਕਿ ਸਦਾ ਦਾ ਸਾਥੀ ਨਿਰਗੁਣ) ਸਤਿਗੁਰੂ; ਜਾਨਦਾਰ ਦੇਵਤਾ ਹੈ, ਹਰ ਥਾਂ ਪ੍ਰਕਾਸ਼ਮਈ ਹੈ। ਰਹਾਉ। ਹੇ ਪੱਥਰ-ਪੂਜ ਪੰਡਿਤ ! ਪੱਤਿਆਂ ’ਚ ਬ੍ਰਹਮਾ ਹੈ, ਟਹਿਣੀਆਂ ’ਚ ਵਿਸ਼ਨੂੰ ਤੇ (ਛੇਤੀ ਨਾਸ ਹੋਣ ਵਾਲ਼ੇ) ਫੁੱਲਾਂ ’ਚ ਸ਼ਿਵਜੀ ਹੈ। ਇਹ ਤਿੰਨੇ ਦੇਵਤੇ ਤੂੰ ਸ਼ਰੇਆਮ ਮਾਰ ਦਿੱਤੇ, ਤੋੜ ਦਿੱਤੇ; ਫਿਰ ਪੂਜਾ ਕਿਸ ਦੀ ਕੀਤੀ ਹੈ ?।੨।… ਸੋ ਮਾਲਣ (ਭਰਮ ਕਾਰਨ) ਕੁਰਾਹੇ ਪਈ ਹੈ, ਪੰਡਿਤ ਸਮਾਜ ਕੁਰਾਹੇ ਪਿਆ ਹੈ, ਪਰ ਅਸੀਂ ਕੁਰਾਹੇ ਨਹੀਂ ਪਏ ਕਿਉਂਕਿ ਮੈਨੂੰ ਕਿਰਪਾ ਕਰਕੇ ਉਸ ਪਾਤਿਸ਼ਾਹ ਨੇ ਇਸ ਭਰਮ ’ਚੋਂ ਕੱਢ ਲਿਆ, ਜਿਹੜਾ ਜਾਨਦਾਰ ਹੈ, ਜੀਵਤ ਹੈ, ਸਦਾ ਜਾਗਦਾ ਹੈ ਭਾਵ ਜੋ ਸਰਬ ਵਿਆਪਕ ਹੋ ਕੇ ਆਪਣੇ ਸੇਵਕਾਂ ਦਾ ਧਿਆਨ ਰੱਖਦਾ ਹੈ ਤਾਹੀਓਂ ਭਗਤਾਂ ਨੂੰ ਅਹਿਸਾਸ ਹੁੰਦਾ ਜਾਂਦਾ ਹੈ ਕਿ ਮੇਰਾ ਦਾਤਾਰ ਪਿਤਾ ਸਦਾ ਨਵੇਂ ਰੂਪ ’ਚ ਦਰਸ਼ਨ ਦਿੰਦਾ ਹੈ, ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ਰਹਾਉ (ਮਹਲਾ /੬੬੦) ਕੀ ਕਿਸੇ ਨਿਰਜਿੰਦ ਵਸਤੂ ਨੂੰ ਰੋਜ਼ਾਨਾ ਨਵੇਂ ਰੂਪ ’ਚ ਵੇਖਿਆ ਜਾ ਸਕਦਾ ਹੈ ? ਜਵਾਬ ਹੈ : ਨਹੀਂ। ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਨਿਰੰਤਰ ਉੱਠਦੀ ਉਸ ਅਕਾਲ ਪੁਰਖ, ਪਰਮੇਸ਼ਰ ਦੀ ਸਿਫ਼ਤ ਬਾਰੇ ਚਾਨਣਾ ਪਾ ਰਹੇ ਹਨ, ਜੋ ਜਗਤ ਦਾ ਮੂਲ ਹੈ, ਸ੍ਰੋਤ ਹੈ, ਧੁਰਾ ਹੈ, ਨਿਰਗੁਣ ਹੈ। ਐਸੇ ਜਾਨਦਾਰ ਮਾਲਕ ਨੂੰ ਜੀਵਦਿਆਂ ਭੀ ਯਾਦ ਰੱਖਣਾ ਹੈ ਤੇ ਮਰਨ ਸਮੇਂ ਭੀ ਚੇਤੇ ਰੱਖਣਾ ਹੈ ਕਿਉਂਕਿ ਮਰਨ ਉਪਰੰਤ ਭੀ ਉਸੇ ਜਾਨਦਾਰ ’ਚ ਲੀਨ ਹੋਣਾ ਹੈ, ਨਾ ਕਿ ਕਿਸੇ ਨਿਰਜਿੰਦ ਵਸਤੂ ਵਿੱਚ, ‘‘ਸੇਵਕ ਕੀ; ਓੜਕਿ (ਅੰਤ ਤੱਕ) ਨਿਬਹੀ ਪ੍ਰੀਤਿ ਜੀਵਤ ਸਾਹਿਬੁ ਸੇਵਿਓ ਅਪਨਾ; ਚਲਤੇ ਰਾਖਿਓ ਚੀਤਿ (’)’’ ਰਹਾਉ (ਮਹਲਾ /੧੦੦੦), ਗੁਰੂ ਅਮਰਦਾਸ ਜੀ ਦੇ ਅੰਤਮ ਬੋਲਾਂ ਨੂੰ ਬਾਬਾ ਸੁੰਦਰ ਜੀ ਨੇ ਕਲਮਬੰਦ ਕੀਤਾ ਕਿ ਸਰੀਰਕ ਚੋਲ਼ਾ ਛੱਡਣ ਉਪਰੰਤ ਗੁਰੂ (ਅਮਰਦਾਸ); (ਜਾਨਦਾਰ) ਹਰੀ ਕੋਲ਼ ਜਾ ਰਿਹਾ ਹੈ, ‘‘ਧੁਰਿ (ਤੋਂ) ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ, ਜਾਇ ਹਰਿ ਪ੍ਰਭ ਪਾਸਿ ਜੀਉ ’’ (ਸਦ/ਬਾਬਾ ਸੁੰਦਰ ਜੀ/੯੨੩), ਇੱਥੇ ਭੀ ਉਸੇ ‘ਧੁਰ’ ਦਾ ਸੁਨੇਹਾ ਮਿਟਦਾ ਨਹੀਂ, ਬਾਰੇ ਜ਼ਿਕਰ ਹੈ; ਜਿਸੇ ‘‘ਧੁਰ ਕੀ ਬਾਣੀ, ਆਈ’’ ਕਿਹਾ ਹੈ, ਪਰ ਅੰਨ੍ਹਾ ਤੇ ਬੋਲਾ ਸਮਾਜ; ਜਾਗਦੇ ਬੰਦੇ ਨੂੰ ਸੁੱਤਾ ਅਤੇ ਸੁੱਤੇ ਨੂੰ ਜਾਗਦਾ ਸਮਝਦਾ ਹੈ। ਜੋ ਜ਼ਮੀਰ ਪੱਖੋਂ ਮਰ ਗਿਆ, ਉਸ ਨੂੰ ਧਨੀ ਸਮਝ ਬੈਠਦਾ ਹੈ ਭਾਵ ਉਸ ਨੂੰ ਚਲਦੀ ਫਿਰਦੀ ਲਾਸ਼ ਸਮਝ ਕੇ ਦੁੱਖ ਨਹੀਂ ਪ੍ਰਗਟਾਉਂਦਾ, ਪਰ ਜੋ ਚੜ੍ਹਦੀ ਕਲਾ ’ਚ ਹੈ, ਉਸ ਨੂੰ (ਸਮਾਜਿਕ ਫ਼ਰਜ਼ ਨਿਭਾਉਣ ਪੱਖੋਂ) ਮਰਿਆ ਸਮਝਦਾ ਹੈ, ‘‘ਸੂਤੇ ਕਉ ਜਾਗਤੁ ਕਹੈ; ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ; ਮੂਏ ਨਹੀ ਰੋਤਾ ’’ (ਮਹਲਾ /੨੨੯) ਭਾਈ ਗੁਰਦਾਸ ਜੀ ਦਾ ਇਸ ਨਾਲ਼ ਸੰਬੰਧਿਤ ਇਹ 462ਵਾਂ ਕਬਿੱਤ ਹੈ :

ਪੂਰਨ ਬ੍ਰਹਮ ਸਮਸਰਿ ਦੁਤੀਆ ਨਾਸਤਿ; ਪ੍ਰਤਿਮਾ, ਅਨੇਕ ਹੋਇ ਕੈਸੇ ਬਨਿ ਆਵਈ ?

ਪਦ ਅਰਥ : ਸਮਸਰਿ- ਵਰਗਾ। ਦੁਤੀਆ- ਦੂਜਾ। ਨਾਸਤਿ-ਨਹੀਂ। ਪ੍ਰਤਿਮਾ-(ਪੱਥਰ ਦੀ) ਮੂਰਤੀ।

ਅਰਥ : ਸਰਬ ਵਿਆਪਕ (ਜਾਨਦਾਰ) ਪ੍ਰਭੂ ਵਰਗਾ ਕੋਈ ਹੋਰ ਨਹੀਂ। ਪੱਥਰ-ਮੂਰਤੀ; (ਪ੍ਰਭੂ ਵਾਙ) ਅਨੇਕਾਂ ਰੂਪਾਂ ’ਚ ਕਿਵੇਂ ਪ੍ਰਗਟ ਹੋ ਸਕਦੀ ਹੈ ?

ਘਟਿ ਘਟਿ ਪੂਰਨ ਬ੍ਰਹਮ ਦੇਖੈ, ਸੁਨੈ, ਬੋਲੈ; ਪ੍ਰਤਿਮਾ ਮੈ ਕਾਹੇ ਪ੍ਰਗਟਿ ਹੁਇ ਦਿਖਾਵਈ

ਅਰਥ : ਪੂਰਨ ਪਰਮੇਸ਼ਰ ਹਰ ਸਰੀਰ ’ਚ ਬੈਠਾ ਸਭ ਕੁੱਝ ਵੇਖਦਾ, ਸੁਣਦਾ ਤੇ (ਸਾਰਿਆਂ ਦੀ ਜ਼ਬਾਨ ਰਾਹੀਂ) ਬੋਲਦਾ ਹੈ। (ਜੇਕਰ ਪੱਥਰ-ਮੂਰਤੀ ਭੀ ਜਾਨਦਾਰ ਹੈ ਤਾਂ ਪ੍ਰਭੂ ਵਾਙ ਸਭ ਕੁੱਝ ਵੇਖ ਕੇ, ਸੁਣ ਕੇ, ਬੋਲ ਕੇ) ਪ੍ਰਗਟ ਹੋ ਕੇ ਕਿਉਂ ਨਹੀਂ ਵਿਖਾ ਦਿੰਦੀ ?

ਘਰ ਘਰ ਘਰਨਿ ਅਨੇਕ ਏਕ ਰੂਪ ਹੁਤੇ; ਪ੍ਰਤਿਮਾ ਸਕਲ ਦੇਵ ਸਥਲ ਹੁਇ ਸੁਹਾਵਈ

ਅਰਥ : ਜਿਵੇਂ ਹਰ ਘਰ ’ਚ ਮਿੱਟੀ ਦੇ ਬਣੇ ਅਨੇਕਾਂ ਭਾਂਡਿਆਂ ਦੀ ਸ਼ਕਲ ਇੱਕ ਜੈਸੀ ਹੁੰਦੀ ਹੈ; ਇਉਂ ਪੱਥਰ-ਮੂਰਤੀ (ਜੇਕਰ ਰੱਬ ਹੈ ਤਾਂ) ਸਾਰੇ ਦੇਵ-ਸਥਾਨਾਂ (ਭਾਵ ਮੰਦਿਰਾਂ) ’ਚ (ਇੱਕੋ ਜਿਹੀ ਸ਼ਕਲ ਵਾਲ਼ੀ) ਕਿਉਂ ਨਹੀਂ ਸ਼ੋਭਦੀ ਭਾਵ ਇੱਕੋ ਰੱਬ ਦੇ ਰੂਪ ’ਚ ਬਣੀਆਂ ਪੱਥਰ-ਮੂਰਤੀਆਂ ਭਿੰਨ ਭਿੰਨ ਸ਼ਕਲਾਂ ਦੀਆਂ ਕਿਉਂ ਹਨ ?

ਸਤਿਗੁਰ ਪੂਰਨ ਬ੍ਰਹਮ ਸਾਵਧਾਨ ਸੋਈ; ਏਕ ਜੋਤਿ, ਮੂਰਤਿ ਜੁਗਲ ਹੁਇ, ਪੁਜਾਵਈ

(ਭਾਈ ਗੁਰਦਾਸ ਜੀ/ਕਬਿੱਤ ੪੬੨)

ਪਦ ਅਰਥ : ਸਾਵਧਾਨ-ਚੇਤਨ ਸੱਤਾ ਭਾਵ ਜਾਨਦਾਰ, ਪ੍ਰਤੱਖ ਰੂਪ ’ਚ। ਜੁਗਲ- ਦੋ ਮੂਰਤੀਆਂ ਭਾਵ ਸਰਗੁਣ ਤੇ ਨਿਰਗੁਣ।

ਅਰਥ : ਉਹੀ (ਨਿਰਗੁਣ) ਪੂਰਨ ਪਾਰਬ੍ਰਹਮ; (ਸਰਗੁਣ ਰੂਪ ’ਚ) ਪ੍ਰਤੱਖ ਤੌਰ ’ਤੇ ਸਤਿਗੁਰੂ ਹੈ। (ਦੋਵਾਂ ’ਚ) ਜੋਤਿ ਇੱਕੋ ਹੈ ਭਾਵੇਂ ਕਿ ਦੋ (ਸਰਗੁਣ ਤੇ ਨਿਰਗੁਣ) ਮੂਰਤੀਆਂ ਹਨ। (ਨਿਰਗੁਣ; ਸਰਗੁਣ ਰੂਪ ’ਚ) ਸਤਿਗੁਰੂ ਬਣ ਕੇ ਆਪਣੇ ਆਪ ਨੂੰ ਪੂਜਾਅ ਰਿਹਾ ਹੈ ਭਾਵ ਅਕਾਲ ਪੁਰਖ; ਸਤਿਗੁਰੂ ਬਣ ਕੇ ਆਪਣੀ ਹੋਂਦ (ਯਾਨੀ ਗੁਣਾਂ) ਨੂੰ ਮਾਨਵਤਾ ’ਚ ਪ੍ਰਗਟ ਕਰ ਰਿਹਾ ਹੈ, ਨਾ ਕਿ ਪੱਥਰ ਰੂਪ ਹੋ ਕੇ।

ਸੋ ‘ਧੁਰ’ (ਜਗਤ ਦੇ ਮੂਲ, ਸੂਖਮ, ਅਦ੍ਰਿਸ਼) ਦੀ ਮਹਿਮਾ; ਦਿਲੋਂ ਗਾਉਣ ਨਾਲ਼ ਹੀ ਸ਼ਰਧਾਵਾਨ ਬੰਦੇ ਦੀਆਂ ਸਾਰੀਆਂ ਚਿੰਤਾਵਾਂ ਤੇ ਸਾਰੇ ਦੁੱਖ ਦੂਰ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਰੋਗਾਂ ਨੂੰ ਦੇਣ ਵਾਲ਼ਾ ਭੀ ਉਹ ਖ਼ੁਦ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਬਚਨ ਹਨ, ‘‘ਕੇਤਿਆ, ਦੂਖ ਭੂਖ ਸਦ ਮਾਰ ਏਹਿ ਭਿ ਦਾਤਿ ਤੇਰੀ; ਦਾਤਾਰ !.. ੨੫’’ ਗੁਰੂ ਅਮਰਦਾਸ ਜੀ ਭੀ ਬਚਨ ਹਨ, ‘‘ਚਿੰਤਾ ਭਿ ਆਪਿ ਕਰਾਇਸੀ; ਅਚਿੰਤੁ ਭਿ ਆਪੇ ਦੇਇ ਨਾਨਕ  ! ਸੋ ਸਾਲਾਹੀਐ; ਜਿ ਸਭਨਾ ਸਾਰ ਕਰੇਇ ’’ (ਮਹਲਾ /੧੩੭੬) ਅਰਥ : ਉਹ (ਧੁਰ-ਮਾਲਕ) ਆਪ ਹੀ ਚਿੰਤਾ ਕਰਾਏਗਾ ਤੇ ਆਪ ਹੀ (ਬਖ਼ਸ਼ਸ਼ ਕਰ) ਚਿੰਤਾ ਮੁਕਤ ਕਰੇਗਾ। ਐਸੇ ਪ੍ਰਭੂ ਦੀ ਮਹਿਮਾ ਗਾਉਣੀ ਹੈ, ਜਿਹੜਾ ਸਾਰਿਆਂ ਦੀ ਸੰਭਾਲ਼ ਕਰਦਾ ਹੈ। ‘ਜਪੁ’ ਬਾਣੀ ਦੀ ਇਸ 25ਵੀਂ ਪਉੜੀ ਦੇ ਅੰਤ ’ਚ ਉਸ ਦੀ ਮਿਹਰ ਦਾ ਜ਼ਿਕਰ ਹੈ, ‘‘ਜਿਸ ਨੋ ਬਖਸੇ ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫ ਭਾਵ ‘ਧੁਰ’ ਦੀ ਮਹਿਮਾ ਗਾਉਣ ਵਾਲ਼ਾ (ਦੁੱਖ ਤੇ ਚਿੰਤਾਵਾਂ ਨੂੰ ਕਾਬੂ ਕਰ) ਦੁਨਿਆਦਾਰੀ ਬਾਦਿਸ਼ਾਹਾਂ ਦਾ ਬਾਦਿਸ਼ਾਹ ਬਣ ਜਾਂਦਾ ਹੈ ਭਾਵ ਸਦਾ ਅਨੰਦਿਤ ਤੇ ਬੇਫ਼ਿਕਰ ਰਹਿੰਦਾ ਹੈ। ਇਹੀ ਉਪਦੇਸ਼ ਪੰਜਵੇਂ ਪਾਤਿਸ਼ਾਹ ਜੀ ਨੇ ਹਥਲੇ ਵਾਕ ‘‘ਧੁਰ ਕੀ ਬਾਣੀ, ਆਈ ਤਿਨਿ, ਸਗਲੀ ਚਿੰਤ ਮਿਟਾਈ ’’ (ਮਹਲਾ /੬੨੮) ’ਚ ਦਿੱਤਾ ਹੈ।

ਗੁਰਬਾਣੀ ਅੰਦਰ ‘ਬਾਣੀ’ ਸ਼ਬਦ ਦੇ ਇਹ ਤਿੰਨ ਕੁ ਅਰਥ ਹਨ :

(1). ਰੱਬ ਦੀ ਮਹਿਮਾ :  ‘‘ਰੂੜੀ ਬਾਣੀ ਜੇ ਰਪੈ; ਨਾ ਇਹੁ ਰੰਗੁ ਲਹੈ, ਜਾਇ ਰਹਾਉ ’’ (ਮਹਲਾ /੪੨੭)

ਅਰਥ : ਰੱਬ ਦੀ ਸੁੰਦਰ ਸਿਫ਼ਤ ਨਾਲ਼ ਜੇਕਰ ਮਨ ਰੰਗ ਜਾਵੇ ਤਾਂ ਇਹ ਗੂੜ੍ਹਾ ਰੰਗ ਨਾ ਲਹਿੰਦਾ ਹੈ, ਨਾ ਨਾਸ ਹੁੰਦਾ ਹੈ।

(2). ਬਨਾਵਟ : ‘‘ਕਰਮਖੰਡ ਕੀ ਬਾਣੀ ਜੋਰੁ ..੩੭’’ (ਜਪੁ)

ਅਰਥ : ਰੱਬ ਦੀ ਮਿਹਰ ਭਰਪੂਰ ਅਵਸਥਾ ਦੀ ਬਣਤਰ (ਵਿਕਾਰਾਂ ਦੇ ਮੁਕਾਬਲੇ) ਬੜੀ ਤਾਕਤਵਰ ਹੁੰਦੀ ਹੈ।

(3). ਪਦ ਰਚਨਾ :  ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ  ! ਗਾਵਹੁ ਸਚੀ ਬਾਣੀ ਬਾਣੀ ਗਾਵਹੁ, ਗੁਰੂ ਕੇਰੀ; ਬਾਣੀਆ ਸਿਰਿ ਬਾਣੀ ’’ (ਅਨੰਦ/ਮਹਲਾ /੯੨੦)

ਅਰਥ : ਹੇ ਗੁਰੂ ਦੇ ਪਿਆਰੇ ਸਿੱਖੋ ! (ਗੁਰੂ ਦੀ ਸ਼ਰਨ) ਆਓ ਤੇ ਗੁਰੂ ਦੁਆਰਾ ਰਚੀ ਪਦ-ਰਚਨਾ ਨੂੰ ਜਪੋ (ਕਿਉਂਕਿ ਇਹ ਰਚਨਾ ਹੋਰ) ਪਦ-ਰਚਨਾਵਾਂ ਵਿੱਚੋਂ ਸ੍ਰੇਸ਼ਠ ਹੈ।

ਵਿਚਾਰ ਅਧੀਨ ਵਾਕ ‘‘ਧੁਰ ਕੀ ਬਾਣੀ, ਆਈ’’ ’ਚ ‘ਬਾਣੀ’ ਦਾ ਅਰਥ ‘ਮਾਲਕ ਦੀ ਸਿਫ਼ਤ’ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਸ ਨੂੰ ਪ੍ਰਭੂ ਕੀ ਬਾਣੀ ਭੀ ਕਿਹਾ ਹੈ, ‘‘ਨਿਤ ਉਠਿ ਗਾਵਹੁ; ਪ੍ਰਭ ਕੀ ਬਾਣੀ ’’ (ਮਹਲਾ /੧੩੪੦), ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ ਸਚ ਕੀ ਬਾਣੀ ਭਾਵ ‘ਸਦੀਵੀ ਸਥਿਰ ਪ੍ਰਭੂ ਦੀ ਮਹਿਮਾ’ ਅਤੇ ਖਸਮ ਕੀ ਬਾਣੀ ਕਿਹਾ ਹੈ, ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ ! (ਮਹਲਾ /੭੨੩), ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩) ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ; ਭਾਈ ਮਰਦਾਨਾ ਜੀ ਨੂੰ ਅਕਸਰ ਕਹਿੰਦੇ ਹਨ ਕਿ ‘ਮਰਦਾਨਿਆ ! ਰਬਾਬ ਵਜਾ, ਬਾਣੀ ਆਈ ਹੈ’ ਭਾਵ ਮੇਰੇ ਅੰਦਰੋਂ ‘ਧੁਰ’ ਦੇ ਗੁਣ ਉਤਪੰਨ ਹੋਏ ਹਨ।

ਸੋ ‘‘ਧੁਰ ਕੀ ਬਾਣੀ, ਆਈ’’ ਦਾ ਇਹ ਭਾਵ ਸਮਝਣਾ ਕਿ ਗੁਰਬਾਣੀ ਹੀ ‘ਧੁਰ ਤੋਂ ਆਈ ਰਚਨਾ ਹੈ, ਪ੍ਰੇਰਨਾ ਹੈ; ਹੋਰ ਕੋਈ ਨਹੀਂ’; ਗ਼ਲਤ ਹੈ। ਪੂਰੀ ਵਿਚਾਰ ਦਾ ਨਿਚੋੜ ਹੈ ਕਿ ਸਾਰਾ ਜਗਤ; ਕੈਮਰੇ ਦੁਆਰਾ ਖਿੱਚੀ ਹੋਈ ਫੋਟੋ ਮਾਤਰ ਹੈ ਜਾਂ ਕਿਸੇ ਚਿਤਰਕਾਰ ਦੁਆਰਾ ਕੀਤੀ ਗਈ ਚਿਤਰਕਾਰੀ ਹੈ; ਜੋ ਸਦੀਵੀ ਸਾਥ ਦੇਣ ਵਾਲ਼ੀ ਨਹੀਂ। ਜਗਿਆਸੂ ਸਿੱਖ ਨੇ ਸਦੀਵੀ ਸਥਿਰ ਜਾਨਦਾਰ ਚਿਤਰਕਾਰ ਨੂੰ ਆਪਣਾ ਆਦਰਸ਼ ਬਣਾਉਣਾ ਹੈ, ਉਸ ਦੀ ਬੰਦਗੀ ਕਰਨੀ ਹੈ, ਨਾ ਕਿ ਇਸ ਜਗਤ-ਚਿਤਰ ਦੀ, ‘‘ਚਚਾ; ਰਚਿਤ ਚਿਤ੍ਰ ਹੈ ਭਾਰੀ ਤਜਿ ਚਿਤ੍ਰੈ; ਚੇਤਹੁ ਚਿਤਕਾਰੀ ਚਿਤ੍ਰ ਬਚਿਤ੍ਰ ਇਹੈ ਅਵਝੇਰਾ ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ ’’ (ਭਗਤ ਕਬੀਰ/੩੪੦) ਓਹੀ ਚਿਤੇਰਾ (ਚਿਤਰਕਾਰ); ਜਗਤ ਰੂਪ ਦਰਖ਼ਤ ਦਾ ਮੂਲ ਹੈ, ਧੁਰ ਹੈ। ਉਸੇ ਦੀ ਮਹਿਮਾ ਗੁਰ ਸਾਹਿਬ ਦੇ ਦਿਲ ’ਚੋਂ ਪ੍ਰਗਟ ਹੋਈ ਹੈ। ਇਸ (ਗੁਰੂ ਸਿੱਖਿਆ) ਨੂੰ ਅਪਣਾਅ ਕੇ ਭਗਤ; ਬੁਢੇਪੇ ਦੀ ਚਿੰਤਾ, ਪਦਾਰਥਾਂ ਦੀ ਚਿੰਤਾ, ਪਰਵਾਰ ਦੀ ਚਿੰਤਾ, ਸਰੀਰ ਦੀ ਚਿੰਤਾ, ਆਦਿਕ ਸਭ ਕੁੱਝ ਮਾਲਕ ਦੇ ਭਰੋਸੇ ਤਿਆਗ ਦਿੰਦਾ ਹੈ।

ਸੋ ਜਿਸ ਜਿਸ ਦੇ ਹਿਰਦੇ ’ਚੋਂ ‘‘ਧੁਰ ਕੀ ਬਾਣੀ, ਆਈ ’’, ਉਸੇ ਉਸੇ ਦੀ ‘‘ਤਿਨਿ, ਸਗਲੀ ਚਿੰਤ ਮਿਟਾਈ ’’ (ਮਹਲਾ /੬੨੮), ਨਾ ਕਿ ਸਰਗੁਣ ਰੂਪ ਕਿਸੇ ਦੇਵਤੇ, ਚੋਲ਼ਾਧਾਰੀ ਸੰਤ, ਬ੍ਰਹਮ ਗਿਆਨੀ, ਭੇਖੀ ਗੁਰੂ, ਪਸ਼ੂ-ਪੰਛੀ ਆਦਿਕ ਟਹਿਣੀਆਂ, ਪੱਤਿਆਂ ਦੀ ਪੂਜਾ ਕਰਨ ਨਾਲ਼ ਇਨ੍ਹਾਂ ਰੋਗਾਂ ਤੋਂ ਮੁਕਤ ਹੋ ਕੇ ਬਾਦਿਸ਼ਾਹਾਂ ਦਾ ਬਾਦਿਸ਼ਾਹ ਬਣਿਆ ਜਾ ਸਕਦਾ ਹੈ।