ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਜੂਝਣ ਵਾਲਾ ਸੂਰਮਾ, ਭਾਈ ਗੁਰਬਖਸ਼ ਸਿੰਘ ਸ਼ਹੀਦ
ਸ. ਬਲਰਾਜ ਸਿੰਘ ਸਿੱਧੂ (ਐੱਸ.ਐੱਸ.ਪੀ.)
5 ਫ਼ਰਵਰੀ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੇ 6ਵੇਂ ਹਮਲੇ ਵੇਲੇ ਵੱਡਾ ਘੱਲੂਘਾਰਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਹਰਿਮੰਦਰ ਸਾਹਿਬ ਨੂੰ ਨੀਹਾਂ ਵਿੱਚ ਬਾਰੂਦ ਲਗਾ ਕੇ ਮੂਲੋਂ ਨਸ਼ਟ ਕਰ ਦਿੱਤਾ ਸੀ, ਪਰ ਘੱਲੂਘਾਰੇ ਤੋਂ ਸਿਰਫ 9 ਮਹੀਨੇ ਬਾਅਦ 18 ਅਕਤੂਬਰ 1762 ਈਸਵੀ ਨੂੰ ਦਲ ਖਾਲਸਾ ਨੇ ਪਿੱਪਲੀ ਸਾਹਿਬ (ਅੰਮ੍ਰਿਤਸਰ ਅਟਾਰੀ ਰੋਡ ’ਤੇ ਪੁਤਲੀਘਰ ਦੇ ਨਜ਼ਦੀਕ) ਦੀ ਜੰਗ ਵਿੱਚ ਅਬਦਾਲੀ ਨੂੰ ਹਰਾ ਪੰਜਾਬ ਵਿੱਚੋਂ ਕੱਢ ਦਿੱਤਾ ਸੀ। ਅਬਦਾਲੀ ਦੇ ਜਾਣ ਤੋਂ ਬਾਅਦ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਤੇ ਦੁਬਾਰਾ ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਉਸਾਰੀ ਸ਼ੁਰੂ ਕੀਤੀ ਗਈ, ਪਰ ਅਬਦਾਲੀ ਦੇ ਦਿਲ ਵਿੱਚ ਇਸ ਹਾਰ ਦਾ ਬਹੁਤ ਗਮ ਸੀ। ਈਸਵੀ 1764 ਵਿੱਚ ਉਹ ਆਪਣੇ 7ਵੇਂ ਹਮਲੇ ਦੇ ਰੂਪ ਵਿੱਚ ਭਾਰਤ ਵੱਲ ਚੱਲ ਪਿਆ ਤੇ 1 ਨਵੰਬਰ 1764 ਨੂੰ 60,000 ਫ਼ੌਜ ਸਮੇਤ ਅਬਦਾਲੀ ਬਿਨਾਂ ਕਿਸੇ ਰੁਕਾਵਟ ਦੇ ਲਾਹੌਰ ਪਹੁੰਚ ਗਿਆ। ਲਾਹੌਰ ’ਤੇ ਕਬਜ਼ਾ ਜਮਾ ਕੇ 30 ਨਵੰਬਰ 1764 ਨੂੰ ਅਬਦਾਲੀ ਨੇ ਦਰਬਾਰ ਸਹਿਬ ਉੱਪਰ ਹਮਲਾ ਕੀਤਾ। ਉੱਥੇ ਹਾਜ਼ਰ ਸਿਰਫ 30 ਸਿੱਖਾਂ ਨੇ ਭਾਈ ਗੁਰਬਖਸ਼ ਸਿੰਘ ਸ਼ਹੀਦ ਦੀ ਅਗਵਾਈ ਹੇਠ ਰਣਤੱਤੇ ਵਿੱਚ ਅਬਦਾਲੀ ਦੀ ਫ਼ੌਜ ਨਾਲ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ।
ਅਜਿਹੇ ਸਿਰਲੱਥ ਸੂਰਮੇ ਭਾਈ ਗੁਰਬਖਸ਼ ਸਿੰਘ ਸ਼ਹੀਦ ਦਾ ਜਨਮ 10 ਅਪਰੈਲ 1688 ਈਸਵੀ ਨੂੰ ਪਿਤਾ ਦਸੌਂਧਾ ਸਿੰਘ ਤੇ ਮਾਤਾ ਮਾਈ ਲੱਛਮੀ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੀਲ ਵਿਖੇ ਹੋਇਆ। ਛੋਟੀ ਉਮਰ ਵਿੱਚ ਹੀ ਬਾਬਾ ਗੁਰਬਖਸ਼ ਸਿੰਘ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸੱਜ ਗਿਆ। ਜਦੋਂ ਮਿਸਲਾਂ ਦੀ ਸਥਾਪਨਾ ਹੋਈ ਤਾਂ ਉਹ ਬਾਬਾ ਦੀਪ ਸਿੰਘ ਦੀ ਸ਼ਹੀਦ ਮਿਸਲ ਵਿੱਚ ਸ਼ਾਮਲ ਹੋ ਗਿਆ। ਸੰਨ 1757 ਈਸਵੀ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖਸ਼ ਸਿੰਘ ਨੇ ਆਪਣਾ ਜਥਾ ਤਿਆਰ ਕਰ ਲਿਆ ਤੇ ਦਲ ਖਾਲਸਾ ਵੱਲੋਂ ਅਨੇਕਾਂ ਜੰਗਾਂ ਯੁੱਧਾਂ ਵਿੱਚ ਹਿੱਸਾ ਲਿਆ। ਸੰਨ 1762 ਈਸਵੀ ਵਿੱਚ ਅਬਦਾਲੀ ਦੇ ਵਾਪਸ ਕਾਬਲ ਜਾਣ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਨੇ ਆਪਣਾ ਹੈੱਡਕਵਾਟਰ ਅੰਮ੍ਰਿਤਸਰ ਬਣਾ ਲਿਆ ਤੇ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਦੀ ਦੇਖ ਰੇਖ ਕਰਨ ਲੱਗੇ।
7ਵੇਂ ਹਮਲੇ ਵੇਲੇ ਜਦੋਂ ਅਬਦਾਲੀ ਲਾਹੌਰ ਪਹੁੰਚ ਗਿਆ ਤਾਂ ਬਾਬਾ ਜੀ ਸਮਝ ਗਏ ਕਿ ਹੁਣ ਇਹ ਹਰਿਮੰਦਰ ਸਾਹਿਬ ’ਤੇ ਜ਼ਰੂਰ ਹਮਲਾ ਕਰੇਗਾ। ਉਨ੍ਹਾਂ ਨੇ ਦੂਰਦ੍ਰਿਸ਼ਟੀ ਵਰਤਦੇ ਹੋਏ ਫ਼ੌਜੀ ਸਿੰਘਾਂ ਤੋਂ ਇਲਾਵਾ ਸਾਰੇ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਅੰਮ੍ਰਿਤਸਰ ਤੋਂ ਬਾਹਰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਤੇ ਖ਼ੁਦ ਸ਼ਹੀਦੀ ਗਾਨੇ ਬੰਨ੍ਹ ਕੇ ਜਥੇ ਸਮੇਤ ਅਬਦਾਲੀ ਦਾ ਇੰਤਜ਼ਾਰ ਕਰਨ ਲੱਗ ਪਏ। ਉਸ ਵੇਲੇ ਉਨ੍ਹਾਂ ਕੋਲ ਸਿਰਫ 30 ਸੂਰਮੇ ਹਾਜ਼ਰ ਸਨ। ਅਬਦਾਲੀ ਦੀ ਫ਼ੌਜ ਨੂੰ ਵੇਖਦੇ ਸਾਰ ਜਥਾ ਉਸ ’ਤੇ ਟੁੱਟ ਪਿਆ। ਅਬਦਾਲੀ ਕੋਲ ਉਸ ਵੇਲੇ 25-30 ਹਜ਼ਾਰ ਦੇ ਕਰੀਬ ਫ਼ੌਜ ਸੀ। ਗਹਿਗੱਚ ਜੰਗ ਵਿੱਚ ਆਪਣੇ ਤੋਂ ਦੂਣੇ ਤੀਣੇ ਅਫਗਾਨ ਮਾਰ ਕੇ ਸਾਰਾ ਜਥਾ ਸ਼ਹੀਦੀ ਪ੍ਰਾਪਤ ਕਰ ਗਿਆ। ਉਸ ਵੇਲੇ ਅਬਦਾਲੀ ਦੀ ਫ਼ੌਜ ਵਿੱਚ ਕਾਜ਼ੀ ਨੂਰ ਮੁਹੰਮਦ ਹਾਜ਼ਰ ਸੀ, ਜੋ ਕਲਾਇਤ (ਬਲੋਚਿਸਤਾਨ) ਦੇ ਨਵਾਬ ਮੀਰ ਮੁਹੰਮਦ ਨਸੀਰ ਖਾਨ ਬਲੋਚ ਦਾ ਮੁੰਸ਼ੀ ਅਤੇ ਇਤਿਹਾਸਕਾਰ ਸੀ। ਉਸ ਨੇ ਇਸ ਅਸਾਵੀਂ ਜੰਗ ਅੱਖੀਂ ਡਿੱਠੀ ਸੀ। ਉਹ ਜੰਗਨਾਮਾ ਵਿੱਚ ਬਾਬਾ ਗੁਰਬਖਸ਼ ਸਿੰਘ ਅਤੇ ਸਾਥੀਆਂ ਦੀ ਬਹਾਦਰੀ ਬਾਰੇ ਲਿਖਦਾ ਹੈ, ‘ਜਦੋਂ ਸ਼ਾਹ ਦੀ ਫ਼ੌਜ ਚੱਕ (ਅੰਮ੍ਰਿਤਸਰ) ਵਿਖੇ ਪਹੁੰਚੀ ਤਾਂ ਉੱਥੇ ਸਿਰਫ 30 ਕੁ ਕਾਫਰ ਹਾਜ਼ਰ ਸਨ, ਜਿਨ੍ਹਾਂ ਨੂੰ ਮਰਨ ਦਾ ਕੋਈ ਭੈਅ ਨਹੀਂ ਸੀ। ਉਹ ਆਪਣੇ ਮਜ਼੍ਹਬ ਦੀ ਖਾਤਰ ਮਰਨ ਮਰਾਉਣ ’ਤੇ ਤੁਲੇ ਹੋਏ ਸਨ। ਨਾ ਤਾਂ ਇਨ੍ਹਾਂ ਨੂੰ ਮੌਤ ਦਾ ਡਰ ਸੀ ਤੇ ਨਾ ਹੀ ਤਸੀਹਿਆਂ ਦਾ। ਇਨ੍ਹਾਂ ਨੇ ਭਿਆਨਕ ਹੱਥੋ ਹੱਥ ਲੜਾਈ ਵਿੱਚ ਗਾਜ਼ੀਆਂ ਦੇ ਖੂਨ ਨਾਲ ਧਰਤੀ ਲਾਲ ਕਰ ਦਿੱਤੀ। ਉਹ ਮੌਤ ਬਣ ਕੇ ਗਾਜ਼ੀਆਂ ’ਤੇ ਟੁੱਟ ਪਏ ਤੇ ਕਈਆਂ ਨੂੰ ਮਾਰ ਕੇ ਦੋਜ਼ਖ ਵੱਲ ਚਲੇ ਗਏ’।
ਬਾਬਾ ਗੁਰਬਖਸ਼ ਸਿੰਘ ਜੀ ਦਾ ਗੁਰਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛਲੇ ਪਾਸੇ ਬਣਿਆ ਹੋਇਆ ਹੈ, ਜਿੱਥੇ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਚੱਲਦਾ ਰਹਿੰਦਾ ਹੈ।