ਧਰਮ ਦੀ ਅਸਲ ਪਹਿਚਾਨ

0
196

ਧਰਮ ਦੀ ਅਸਲ ਪਹਿਚਾਨ

ਗਿਆਨੀ ਅਵਤਾਰ ਸਿੰਘ

ਧਰਮ ਪ੍ਰਤੀ ਆਸਥਾ ਰੱਖਣ ਵਾਲ਼ੇ ਅਕਸਰ ਕਹਿੰਦੇ ਹਨ ਕਿ ਧਰਮ; ਮਾਨਵਤਾ ਨੂੰ ਜੋੜਦਾ ਹੈ ਜਦ ਕਿ ਧਰਮ ਦਾ ਵਿਰੋਧ ਕਰਨ ਵਾਲ਼ਿਆਂ ਦਾ ਮੱਤ ਹੈ ਕਿ ਜਿੰਨਾ ਨਰਸੰਘਾਰ; ਧਰਮ ਦੇ ਨਾਂ ’ਤੇ ਹੋਇਆ ਹੈ, ਓਨਾ ਤਾਂ ਦੂਸਰੇ ਵਿਸ਼ਵ ਯੁੱਧ ਸਮੇਂ ਪ੍ਰਮਾਣੂ ਬੰਬਾਂ ਨਾਲ਼ ਭੀ ਨਹੀਂ ਹੋਇਆ। ਮਾਨਵਤਾ ’ਚ ਵੰਡੀਆਂ, ਵਿਤਕਰੇ ਆਦਿ ਧਰਮ ਦੇ ਕਾਰਨ ਹੀ ਪੈਦਾ ਹੋਏ ਹਨ, ਆਦਿ।

ਦਰਅਸਲ ਧਰਮ ਦੇ ਖੇਤਰ ਵਿੱਚ ਇੱਕ ਮਨੁੱਖ ਦਾ ਰੋਲ ਮਾਡਲ (ਭਾਵ ਪ੍ਰੇਰਣਾ ਦਾ ਸ੍ਰੋਤ); ਕੋਈ ਦੂਜਾ ਮਨੁੱਖ ਹੀ ਬਣਦਾ ਹੈ। ਉਸ ਨੂੰ ਪੀਰ, ਪੈਗ਼ੰਬਰ, ਦੇਵਤਾ, ਰਿਸ਼ੀ, ਮਹਾਤਮਾ, ਭਗਵਾਨ, ਗੁਰੂ ਆਦਿ ਮੰਨਦੇ ਹਾਂ, ਪਰ ਉਨ੍ਹਾਂ ਦੀ ਜੀਵਨਸ਼ੈਲੀ (ਰਹਿਣੀ ਬਹਿਣੀ); ਜਿੰਨੀ ਭੀ ਆਮ ਜ਼ਿੰਦਗੀ ਤੋਂ ਉਤਾਂਹ (ਅਪਹੁੰਚ) ਬਿਆਨ ਕੀਤੀ ਜਾਏਗੀ, ਓਨਾ ਹੀ ਉਨ੍ਹਾਂ ਦਾ ਗਿਆਨ; ਆਮ ਮਨੁੱਖ ਨੂੰ ਲਾਭ ਨਹੀਂ ਪਹੁੰਚਾਏਗਾ ਭਾਵ ਲਾਭ ਨਹੀਂ ਦੇ ਪਾਏਗਾ। ਜੇਕਰ ਕਹੀਏ ਕਿ ਇੱਕ ਦੇਵਤਾ (ਜੋ ਕਿ ਕਦੇ ਮਨੁੱਖ ਹੀ ਰਿਹਾ ਹੈ) ਸਭ ਨੂੰ ਪੈਦਾ ਕਰਦਾ ਹੈ, ਦੂਜਾ ਸਭ ਨੂੰ ਰਿਜ਼ਕ ਦਿੰਦਾ ਹੈ, ਤੀਜਾ ਵਰਖਾ ਕਰਦਾ ਹੈ, ਆਦਿ ਆਦਿ ਤਾਂ ਇਨ੍ਹਾਂ ਨੂੰ ਰੋਲ ਮਾਡਲ ਸਮਝ ਕੇ ਕੀਤੀ ਭਗਤੀ, ਕਿਸੇ ਦਾ ਭਲਾ ਨਹੀਂ ਕਰੇਗੀ ਕਿਉਂਕਿ ਰੋਲ ਮਾਡਲ ਦਾ ਮਤਲਬ ਹੁੰਦਾ ਹੈ, ਉਸ ਵਰਗਾ ਬਣਨਾ। ਕੀ ਆਮ ਮਨੁੱਖ; ਵਿਸ਼ਨੂੰ ਦੀ ਭਗਤੀ ਕਰਕੇ ਸਭ ਨੂੰ ਰਿਜ਼ਕ ਦੇਣ ਵਾਲ਼ਾ ਬਣ ਸਕਦਾ ਹੈ ਜਾਂ ਇੰਦਰ ਦੇਵਤੇ ਦੀ ਭਗਤੀ ਕਰ ਵਰਖਾ ਕਰਨ ਦਾ ਅਧਿਕਾਰ ਪਾ ਸਕਦਾ ਹੈ, ਆਦਿ ਆਦਿ ? ਜਵਾਬ ਹੈ : ਨਹੀਂ। ਇਸ ਲਈ ਇਨ੍ਹਾਂ ਦੇ ਨਾਂ ’ਤੇ ਦਿੱਤਾ ਜਾ ਰਿਹਾ ਉਪਦੇਸ਼/ਗਿਆਨ; ਸਮਾਜ ’ਚ ਏਕਤਾ ਕਾਇਮ ਨਹੀਂ ਕਰ ਸਕਦਾ। ਧਰਮ ਦੇ ਨਾਂ ’ਤੇ ਪਰੋਸੇ ਜਾ ਰਹੇ ਐਸੇ ਕੂੜ ਪ੍ਰਚਾਰ ਦਾ ਵਿਰੋਧ ਕਰਨਾ ਵਾਜਬ ਹੈ, ਨਾ ਕਿ ਅਸਲ ਧਰਮ ਦਾ ਵਿਰੋਧ ਕੀਤਿਆਂ ਕਿਸੇ ਦਾ ਭਲਾ ਹੋਣ ਵਾਲ਼ਾ ਹੈ।

ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਆਮ ਮਾਨਵਤਾ ਵਿੱਚ ਖੜ੍ਹ ਕੇ, ਉਨ੍ਹਾਂ ਦੇ ਦੁੱਖ-ਸੁੱਖ ਨੂੰ ਨੇੜਿਓਂ ਤੱਕ ਕੇ, ਉਨ੍ਹਾਂ ਦੇ ਰੋਗ ਦਾ ਇਲਾਜ ਲੱਭਿਆ, ਜਿਸ ਨਾਲ਼ ਮਨੁੱਖਤਾ ਤੰਦਰੁਸਤ ਹੋਣ ਲੱਗੀ। ਬਿਰਧ ਅਵਸਥਾ ਤੱਕ ਭਾਵੇਂ ਕਿ ਸਰੀਰਕ ਅੰਗ ਕੁੱਝ ਕੰਮ ਦੇਣ, ਪਰ ਮਾਨਸਿਕ ਸੰਤੁਲਨ ਅਕਸਰ ਹਰ ਕੋਈ ਗਵਾ ਲੈਂਦਾ ਹੈ। ਇਸ ਦਾ ਕਾਰਨ; ਜ਼ਿੰਦਗੀਭਰ ਹੰਢਾਈ ਮਾਨਸਿਕ ਕਮਜ਼ੋਰੀ ਹੈ। ਜਿਸ ਦਾ ਇਲਾਜ; ਧਰਮ (ਰੂਹਾਨੀਅਤ ਬਲ/ਚਾਨਣ) ਨੂੰ ਕਮਾਉਣ ਵਿੱਚ ਹੈ ਤਾਂ ਜੋ ਪਰਵਾਰਿਕ, ਸਮਾਜਿਕ ਅਤੇ ਕੌਮੀ ਫ਼ਰਜ਼ਾਂ ਨੂੰ ਚੜ੍ਹਦੀ ਕਲਾ ’ਚ ਰਹਿੰਦਿਆਂ ਅੰਤ ਤੱਕ ਪੁਗਾਇਆ ਜਾ ਸਕੇ। ਐਸੀ ਬਲਵਾਨ ਜ਼ਿੰਦਗੀ; ‘ਨਿਡਰਤਾ, ਸ਼ਾਂਤੀ ਅਤੇ ਆਸ਼ਾਵਾਦੀ ਵਿਚਾਰਾਂ’ ’ਚੋਂ ਉਪਜਦੀ ਹੈ, ਪਰ ਇਹ ਗੁਣ ਪ੍ਰਾਪਤ ਕਿਵੇਂ ਹੋਣ ? ਜਵਾਬ ਹੈ ‘ਐਸੀ ਸ਼ਕਤੀ ’ਤੇ ਭਰੋਸਾ ਕਰਨਾ, ਆਪਣੇ ਆਪ ਨੂੰ ਨਿਰਬਲ ਸਮਝਦਿਆਂ ਉਸ ਦੇ ਗੁਣ ਗਾਉਣਾ, ਜੋ ਸਮੁੱਚੀ ਮਨੁੱਖ ਜਾਤੀ ਲਈ ਇੱਕ ਸਮਾਨ ਹੋਵੇ, ਨਾ ਕਿ ਕਿਸੇ ਖ਼ਾਸ ਵਰਗ ਤੱਕ ਸੀਮਤ।

ਐਸਾ ਗੁਣਾਂ ਭਰਪੂਰ ਰੂਹਾਨੀਅਤ ਬਲ/ਚਾਨਣ; ਜੀਵਨਭਰ ਕਾਇਮ ਰਹਿੰਦਾ ਹੈ; ਜਿਵੇਂ ਕਿ 95 ਸਾਲ ਦੀ ਉਮਰ ’ਚ ਗੁਰੂ ਅਮਰਦਾਸ ਜੀ ਫ਼ੁਰਮਾ ਰਹੇ ਹਨ, ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਹਾ ਅੰਤਰਿ ਸੁਰਤਿ ਗਿਆਨੁ ’’ ਇਸ ਦਾ ਕਾਰਨ ਭੀ ਆਪ ਜੀ ਬਿਆਨ ਕਰ ਰਹੇ ਹਨ ਕਿ ‘‘ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ਓਇ ਸਦਾ ਅਨੰਦਿ ਬਿਬੇਕ ਰਹਹਿ; ਦੁਖਿ+ਸੁਖਿ (’) ਏਕ ਸਮਾਨਿ ਤਿਨਾ ਨਦਰੀ ਇਕੋ ਆਇਆ; ਸਭੁ ਆਤਮ ਰਾਮੁ ਪਛਾਨੁ ’’ (ਮਹਲਾ /੧੪੧੮) ਭਾਵ ਜੋ ਹਰੀ ਦੇ ਗੁਣ ਗਾਉਂਦੇ ਹਨ, ਜਿਨ੍ਹਾਂ ਅੰਦਰ ਉੱਚੀ ਸਮਝ ਹੈ, ਜੋ ਅੰਦਰੋਂ ਅਡੋਲਤਾ/ਸ਼ਾਂਤੀ ’ਚ ਟਿਕੇ ਰਹਿੰਦੇ ਹਨ। ਉਹ ਦੁੱਖ-ਸੁੱਖ ’ਚ ਭੀ ਇੱਕ ਸਮਾਨ ਭਾਵ ਅਨੰਦਿਤ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਕੇਵਲ ਉਹੀ (ਰੋਲ ਮਾਡਲ) ਨਜ਼ਰ ਆਉਂਦਾ ਹੈ, ਜੋ ਸਰਬ ਵਿਆਪਕ ਹੈ, ਨਾ ਕਿ ਕਿਸੇ ਖ਼ਾਸ ਫਿਰਕੇ ਜਾਂ ਖ਼ਾਸ ਸਥਾਨ ਤੱਕ ਸੀਮਤ।

ਬਾਬਾ ਫ਼ਰੀਦ ਜੀ 93 ਸਾਲ ਦੀ ਉਮਰ ਤੱਕ, ਭਗਤ ਰਵਿਦਾਸ ਜੀ 150 ਸਾਲ ਤੱਕ, ਭਗਤ ਕਬੀਰ ਜੀ 120 ਸਾਲ ਤੱਕ, ਗੁਰੂ ਨਾਨਕ ਸਾਹਿਬ ਜੀ 70 ਸਾਲ ਤੱਕ ਬੁੱਢੇ ਨਾ ਹੋਏ ਤੇ ਆਪਣਾ ਇਲਾਹੀ ਨੂਰ/ਬਲ ਬਿਆਨ ਕਰਦੇ ਰਹੇ। ਇਹੀ ਬਲ; ਬਾਲਪਨ ’ਚ ਭੀ ਮਾਣਿਆ ਜਾ ਸਕਦਾ ਹੈ; ਜਿਵੇਂ ਕਿ ਗੁਰੂ ਹਰਿਸ਼ਨ ਸਾਹਿਬ ਜੀ ਮਾਤਰ 8 ਸਾਲ ਦੇ ਸਨ। ਚਾਰੋਂ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ-18 ਸਾਲ, ਬਾਬਾ ਜੁਝਾਰ ਸਿੰਘ-14 ਸਾਲ, ਬਾਬਾ ਜ਼ੋਰਾਵਰ ਸਿੰਘ-9 ਸਾਲ ਅਤੇ ਬਾਬਾ ਫ਼ਤਹਿ ਸਿੰਘ-6 ਸਾਲ) ਬਾਲਪਨ ਵਿੱਚ ਹੀ ਸਨ। ਅੱਜ ਬਾਲਗ਼ ਹੋਣ ਦੀ ਉਮਰ 18 ਸਾਲ ਰੱਖੀ ਹੈ। ਵੈਸੇ ਮੈਡੀਕਲ ਸਾਇੰਸ ਨੇ ਬੱਚੇ ਦੀ ਬੁੱਧੀ 25 ਸਾਲ ਤੱਕ ਪੂਰਨ ਵਿਕਸਿਤ ਹੁੰਦੀ, ਮੰਨੀ ਹੈ।

ਸੋ ਜੈਸਾ ਰੋਲ ਮਾਡਲ (ਪ੍ਰੇਰਣਾ ਦਾ ਸ੍ਰੋਤ) ਹੋਏਗਾ; ਵੈਸੀ ਹੀ ਜ਼ਿੰਦਗੀ ਉਪਜਦੀ ਹੈ। ਕਈ ਬਾਲਪਨ ’ਚ ਸਫਲ ਹੋ ਗਏ ਤੇ ਕਈ ਬੁਢੇਪੇ ਤੱਕ ਅਸਫਲ ਰਹੇ। 120 ਸਾਲ ਤੱਕ ਸਾਮ੍ਹਣੇ ਮਰਦੀ ਅਸਫਲ ਜ਼ਿੰਦਗੀ ਨੂੰ ਵੇਖ ਕਬੀਰ ਸਾਹਿਬ ਨੇ ਫ਼ੁਰਮਾਇਆ, ‘‘ਕਬੀਰਾ  ! ਮਰਤਾ ਮਰਤਾ ਜਗੁ ਮੁਆ; ਮਰਿ ਭਿ ਜਾਨੈ ਕੋਇ ਐਸੀ ਮਰਨੀ ਜੋ ਮਰੈ; ਬਹੁਰਿ ਮਰਨਾ ਹੋਇ ’’ (ਭਗਤ ਕਬੀਰ/੫੫੫) ਭਾਵ ਜਗਤ ਮਰਦਾ, ਮਰ ਰਿਹਾ ਹੈ, ਪਰ (ਸਫਲ ਜ਼ਿੰਦਗੀ ਭੋਗਣ ਲਈ ਬੁਰੇ ਪਾਸਿਓਂ) ਕਿਵੇਂ ਮਰਨਾ ਹੈ, ਇਹ ਕੋਈ ਨਹੀਂ ਜਾਣਨਾ ਚਾਹੁੰਦਾ। ਜਿਹੜਾ ਐਸੀ ਮੌਤ ਮਰ ਗਿਆ, ਉਹ ਮੁੜ ਕਦੇ ਨਹੀਂ ਮਰਦਾ ਭਾਵ ਨਾ ਬੁਢੇਪੇ ਤੱਕ, ਨਾ ਜਨਮ ਮਰਨ ’ਚ ਪੈ ਪੈ ਕੇ।

ਜਿਨ੍ਹਾਂ ਨੇ ਅਸਲ ਪ੍ਰੇਰਣਾ ਦੇ ਸ੍ਰੋਤ ਨੂੰ ਆਪਣਾ ਆਦਰਸ਼ ਬਣਾ ਸਫਲ ਜ਼ਿੰਦਗੀ ਭੋਗੀ ਭਾਵ ਜੋ ਜੀਵਨ ’ਚ ਸਫਲ ਹੁੰਦੇ ਰਹੇ, ਉਨ੍ਹਾਂ ਪਾਸੋਂ ਮਦਦ ਲੈਣ ਲਈ ਅਕਸਰ ਅਸਫਲ ਜ਼ਿੰਦਗੀ ਜਿਊਣ ਵਾਲ਼ੇ ਆਇਆ ਕਰਦੇ ਹਨ। ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋਣ ਵੇਲ਼ੇ 52 ਪਹਾੜੀ ਰਾਜਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਸੋਂ ਮਦਦ ਮੰਗੀ। ਉਨ੍ਹਾਂ ਦੇ ਹੀ ਵੰਸ਼ਜ (ਦੇ ਕੁੱਝ ਪਹਾੜੀ ਰਾਜੇ); ਅਕਸਰ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਮਦਦ ਮੰਗਦੇ ਰਹੇ ਹਨ (ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ’ਚੋਂ ਕੁਝ ਅਕ੍ਰਿਤਘਣ ਰਾਜੇ; ਗੁਰੂ ਗੋਬਿੰਦ ਸਿੰਘ ਜੀ ’ਤੇ ਹਮਲੇ ਕਰਨ ਲਈ ਮੁਗਲ ਸਰਕਾਰ ਕੋਲ਼ ਝੂਠੀਆਂ ਤੁਹਮਤਾਂ ਲਾਉਂਦੇ ਰਹੇ ਹਨ)। 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਭੀ ਭਾਈ ਕਿਰਪਾ ਰਾਮ ਦੱਤ ਦੀ ਅਗਵਾਈ ’ਚ 25 ਮਈ 1675 ਦੇ ਦਿਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ’ਚੋਂ ਮਦਦ ਲੈਣ ਪਹੁੰਚਦਾ ਹੈ। ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਗੁਰੂ ਸਾਹਿਬ ਨੇ ਭੀ ਜਾਨ ਦੀ ਪਰਵਾਹ ਨਾ ਕਰਦਿਆਂ ਕਹਿ ਦਿੱਤਾ ਕਿ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾ ਦਿਓ ਕਿ ਜੇਕਰ ਗੁਰੂ ਸਾਹਿਬ ਨੂੰ ਮੁਸਲਮਾਨ ਬਣਾ ਲੈਣ ਤਾਂ ਸਾਰਾ ਪੰਡਿਤ ਸਮਾਜ ਭੀ ਮੁਸਲਮਾਨ ਬਣਨ ਲਈ ਤਿਆਰ ਹੈ। ਨਤੀਜਾ ਓਹੀ ਨਿਕਲਣਾ ਸੀ ਕਿ ਬਲਿਦਾਨ ਦੇ ਦਿੱਤਾ, ਪਰ ਹਾਰ ਨਾ ਮੰਨੀ; ਜਿਵੇਂ ਕਿ ਬੋਲ ਹਨ, ‘‘ਧਰਮ ਹੇਤ ਸਾਕਾ ਜਿਨਿ ਕੀਆ ਸੀਸੁ ਦੀਆ ਪਰੁ ਸਿਰਰੁ ਦੀਆ ’’ ਭਾਵ ਸਚਾਈ ਲਈ ਆਪਾ ਕੁਰਬਾਨ ਕਰ ਲਿਆ, ਸੀਸ ਬਲਿਦਾਨ ਦੇ ਦਿੱਤਾ, ਪਰ ਆਪਣਾ ਕੀਤਾ (ਬ੍ਰਾਹਮਣਾਂ ਨਾਲ਼) ਇਕਰਾਰ (ਆਪਣਾ ਸਿਧਾਂਤ) ਨਾ ਛੱਡਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਕਿ ਜੋ ਭੀ ਪੀੜਤ; ਗੁਰੂ ਦਾ ਆਸਰਾ ਤੱਕਦਾ ਹੈ, ਉਸ ਨੂੰ ਗਲ਼ ਨਾਲ਼ ਲਗਾਉਣਾ ਉਸ ਦਾ ਸੁਭਾਅ ਹੈ, ‘‘ਜੋ ਸਰਣਿ ਆਵੈ, ਤਿਸੁ ਕੰਠਿ (ਨਾਲ਼) ਲਾਵੈ; ਇਹੁ ਬਿਰਦੁ ਸੁਆਮੀ ਸੰਦਾ (ਦਾ)’’ (ਮਹਲਾ /੫੪੪) ਜਦ ਕਿ ਭਾਰਤ ਦੇ ਪੀੜਤਾਂ ਦੀ ਬਾਂਹ; ਕਬੀਲੇ ਦੇ ਉਹ ਪੈਰੋਕਾਰ ਫੜਨ ਲਈ ਅੱਗੇ ਨਾ ਆਏ, ਜੋ ਲੰਬੇ ਲੰਬੇ ਭਾਸ਼ਣਾਂ ਰਾਹੀਂ ਕਹਿੰਦੇ ਰਹੇ ਕਿ ਸਾਡਾ ਆਦਰਸ਼ (ਵਿਸ਼ਨੂੰ); ਸਭ ਨੂੰ ਰਿਜ਼ਕ ਦਿੰਦਾ ਹੈ, ਰੱਖਿਆ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਦੀ ਨਾਰੀ (ਇੱਜ਼ਤ) ਨੂੰ ਬੰਧਕ ਬਣਾ ਪੰਜਾਬ ਸੂਬੇ ਰਾਹੀਂ ਕਾਬਲ-ਕੰਧਾਰ ਲਿਜਾਇਆ ਜਾਂਦਾ ਸੀ। ਮਰਜੀਵੜੇ ਗੁਰੂ ਦੇ ਸਿੱਖ; ਉਨ੍ਹਾਂ ਬੇਵੱਸਾਂ ਦੀ ਬਾਂਹ ਫੜਨ ਲਈ ਆਪਣਾ ਆਪ ਕੁਰਬਾਨ ਕਰਦੇ ਰਹੇ ਤਾਹੀਓਂ ਅਖੌਤੀ ਵਿਸ਼ਨੂੰ ਭਗਤ ਰੌਂਦੇ ਕੁਰਲਾਉਂਦੇ ਕਿਹਾ ਕਰਦੇ ਸਨ ਕਿ 12 ਵਜੇ ਸਾਡੀ ਬਾਂਹ ਫੜਨ ਲਈ ਗੁਰੂ ਦੇ ਲਾਲ ਜ਼ਰੂਰ ਆਉਣਗੇ।

ਸੋ ਜ਼ਿੰਦਗੀ ਭਾਵੇਂ ਛੋਟੀ ਹੋਵੇ, ਪਰ ਅਣਖ-ਇੱਜ਼ਤ ਨਾਲ਼ ਭੋਗਣੀ ਧਾਰਮਿਕ ਨੈਤਿਕਤਾ ਹੀ ਸਿਖਾਉਂਦੀ ਹੈ। ਗੁਰੂ ਅਤੇ ਸਿੱਖ ਕਿਰਦਾਰਾਂ ਨੂੰ ਆਦਰਸ਼ ਮੰਨ ਕੇ ਉਹੀ ਕਸ਼ਮੀਰੀ ਪੰਡਿਤ; ਅੰਮ੍ਰਿਤ ਛਕ ਕੇ ਆਪਣੇ ਹੱਥ ’ਚ ਤਲਵਾਰ ਫੜ ਬਾਕੀਆਂ ਲਈ ਆਦਰਸ਼ ਬਣ ਗਏ ਹਨ ਵਰਨਾ ‘‘ਖਾਣਾ ਪੀਣਾ ਹਸਣਾ ਸਉਣਾ.. ’’ (ਮਹਲਾ /੧੨੫੪) ਤਾਂ ਪਸ਼ੂ-ਪੰਛੀ ਭੀ ਮਾਣਦੇ ਪਏ ਹਨ।