ਭਾਈ ਤਾਰੂ ਸਿੰਘ ਜੀ

0
89

ਭਾਈ ਤਾਰੂ ਸਿੰਘ ਜੀ

ਬਲਰਾਜ ਸਿੰਘ

ਭਾਈ ਤਾਰੂ ਸਿੰਘ ਪਿੰਡ ਪੂਹਲੇ ਦਾ ਰਹਿਣ ਵਾਲਾ ਸੰਧੂ ਗੋਤਰ ਦਾ ਇੱਕ ਭਜਨੀਕ ਗੁਰਸਿੱਖ ਸੀ, ਜੋ ਖੇਤੀਬਾੜੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਸੀ। ਆਉਂਦੇ ਜਾਂਦੇ ਸਿੱਖਾਂ ਦੇ ਜਥੇ ਉਸ ਕੋਲ ਲੰਗਰ ਪਾਣੀ ਛੱਕ ਜਾਂਦੇ ਸਨ। ਇਹ ਪਿੰਡ ਹੁਣ ਜਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਅਧੀਨ ਆਉਂਦਾ ਹੈ ਤੇ ਭਿੱਖੀਵਿੰਡ ਤੋਂ ਕਰੀਬ 5-6 ਕਿਲੋਮੀਟਰ ਲਹਿੰਦੇ ਵੱਲ ਹੈ। ਭਾਈ ਤਾਰੂ ਸਿੰਘ ਦੇ ਪਿਤਾ ਦਾ ਨਾਮ ਸ. ਜੋਧ ਸਿੰਘ ਸੀ ਤੇ ਮਾਤਾ ਦਾ ਨਾਮ ਬੀਬੀ ਧਰਮ ਕੌਰ ਸੀ।  ਇੱਕ ਛੋਟੀ ਭੈਣ ਸੀ, ਜਿਸ ਦਾ ਨਾਮ ਤਾਰੋ ਸੀ।  ਭਾਈ ਤਾਰੂ ਸਿੰਘ ਦੇ ਪਿਤਾ ਦੀ ਮੌਤ ਉਸ ਦੇ ਬਚਪਨ ਵਿੱਚ ਹੀ ਹੋ ਗਈ ਸੀ। ਭਾਈ ਤਾਰੂ ਸਿੰਘ ਦਾ ਪਾਲਣ ਪੋਸ਼ਣ ਉਸ ਦੀ ਮਾਤਾ ਨੇ ਗੁਰਬਾਣੀ ਦੇ ਮੁਤਾਬਕ ਕੀਤਾ ਸੀ। ਇਸ ਲਈ ਉਹ ਬਚਪਨ ਤੋਂ ਹੀ ਹਰੇਕ ਦੀ ਮਦਦ ਕਰਨ ਵਾਲਾ ਬੜਾ ਧਾਰਮਿਕ ਤੇ ਸੱਚਾ ਸੁੱਚਾ ਇਨਸਾਨ ਸੀ।  ਇੱਕ ਦਿਨ ਪੱਟੀ ਇਲਾਕੇ ਦਾ ਮਛੇਰਾ ਰਹੀਮ ਬਖ਼ਸ਼, ਬੜੀ ਆਸ ਲੈ ਕੇ ਉਸ ਕੋਲ ਆਇਆ ਤੇ ਰੋਣ ਲੱਗਾ ਕਿ ਪੱਟੀ ਦੇ ਫ਼ੌਜਦਾਰ ਨੇ ਜ਼ਬਰਦਸਤੀ ਉਸ ਦੀ ਜਵਾਨ ਬੇਟੀ ਆਪਣੇ ਘਰ ਪਾ ਲਈ ਹੈ, ਕੋਈ ਵੀ ਉਸ ਦੀ ਫ਼ਰਿਆਦ ਨਹੀਂ ਸੁਣ ਰਿਹਾ। ਭਾਈ ਤਾਰੂ ਸਿੰਘ ਨੇ ਸ਼ਰਨ ਪਏ ਦੀ ਮਦਦ ਕਰਨ ਲਈ ਸਿੰਘਾਂ ਦੇ ਜਥੇ ਨੂੰ ਬੁਲਾ ਕੇ ਪੱਟੀ ’ਤੇ ਹਮਲਾ ਕਰਵਾ ਦਿੱਤਾ। ਲੜਾਈ ਵਿੱਚ ਫ਼ੌਜਦਾਰ ਮਾਰਿਆ ਗਿਆ ਤੇ ਲੜਕੀ ਮਛੇਰੇ ਨੂੰ ਵਾਪਸ ਮਿਲ ਗਈ।  ਸਿੰਘ ਤਾਂ ਕੰਮ ਕਰ ਕੇ ਜੰਗਲ਼ਾਂ ਨੂੰ ਤੁਰ ਗਏ, ਪਰ ਜੰਡਿਆਲਾ ਗੁਰੂ ਦੇ ਬਦਨਾਮ ਸਰਕਾਰੀ ਚੁਗ਼ਲ ਆਕਿਲ ਦਾਸ (ਹਰਿਭਗਤ ਨਿਰੰਜਨੀਆਂ) ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਕੋਲ ਚੁਗ਼ਲੀ ਕੀਤੀ ਕਿ ਇਸ ਸਾਰੇ ਕਾਂਡ ਦਾ ਕਰਤਾ ਧਰਤਾ ਭਾਈ ਤਾਰੂ ਸਿੰਘ ਹੈ।  ਜ਼ਕਰੀਆ ਖ਼ਾਨ ਨੇ ਉਸੇ ਵੇਲੇ ਇੱਕ ਹਜ਼ਾਰ ਫ਼ੌਜੀ ਮੋਮਨ ਖ਼ਾਨ ਫ਼ੌਜਦਾਰ ਦੀ ਕਮਾਨ ਹੇਠ ਪੂਹਲੇ ਪਿੰਡ ਵੱਲ ਨੂੰ ਤੋਰ ਦਿੱਤੇ। ਉਹ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਵੱਲ ਨੂੰ ਚੱਲ ਪਏ।

ਰਾਤ ਨੂੰ ਫ਼ੌਜ ਨੇ ਪਿੰਡ ਭੜਾਨੇ ਪੜਾਅ ਕੀਤਾ। ਪਿੰਡ ਵਾਸੀਆਂ ਨੇ ਭਾਈ ਤਾਰੂ ਸਿੰਘ ਨੂੰ ਮਿਲਣ ਦਾ ਪ੍ਰਬੰਧ ਕਰ ਲਿਆ। ਉਹਨਾਂ ਨੇ ਤਾਕਤ ਨਾਲ ਭਾਈ ਤਾਰੂ ਸਿੰਘ ਨੂੰ ਛੁਡਾਉਣ ਦੀ ਮੰਸ਼ਾ ਜ਼ਾਹਰ ਕੀਤੀ, ਪਰ ਭੜਾਣੀਏਂ ਸਿੱਖਾਂ ’ਤੇ ਸਰਕਾਰੀ ਕਹਿਰ ਟੁੱਟਣ ਦੇ ਖ਼ਤਰੇ ਕਾਰਨ ਉਹ ਨਾ ਮੰਨਿਆਂ। ਲਾਹੌਰ ਉਸ ਨੂੰ ਜ਼ਕਰੀਆ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਜ਼ਕਰੀਆ ਖ਼ਾਨ ਨੇ ਉਸ ਨੂੰ ਮੌਤ ਜਾਂ ਇਸਲਾਮ ਚੁਣਨ ਲਈ ਕਿਹਾ। ਅੱਗੇ ਕਿਸੇ ਸਿੱਖ ਨੇ ਧਰਮ ਛੱਡਿਆ ਸੀ, ਜੋ ਭਾਈ ਤਾਰੂ ਸਿੰਘ ਛੱਡ ਦਿੰਦੇ ? ਜਦੋਂ ਸੂਬੇ ਨੇ ਕਿਹਾ ਕਿ ਜੇ ਧਰਮ ਨਾ ਛੱਡਿਆ ਤਾਂ ਮਾਰ ਦਿੱਤਾ ਜਾਵੇਂਗਾ ਤਾਂ ਭਾਈ ਤਾਰੂ ਸਿੰਘ ਨੇ ਕਿਹਾ, ‘ਜੇ ਮੈਂ ਇਸਲਾਮ ਕਬੂਲ ਕਰ ਲਵਾਂ ਤਾਂ ਕੀ ਫਿਰ ਮੈਨੂੰ ਮੌਤ ਨਹੀਂ ਆਵੇਗੀ ?’  ਇਸ ’ਤੇ ਗੁਸੇ ਵਿੱਚ ਆ ਕੇ ਸੂਬੇ ਨੇ ਉਸ ਨੂੰ ਜੇਲ੍ਹ ਵਿੱਚ ਸੁੱਟ ਕੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ।  ਉਸ ਦੇ ਸਾਹਮਣੇ ਹੀ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਅਤੇ ਸ. ਦਿਆਲ ਸਿੰਘ ਸਹਿੰਸਰੇ ਵਾਲਾ ਚਰਖੜੀ ਉੱਤੇ ਅਤੇ ਸ. ਗਰਜਾ ਸਿੰਘ ਨੂੰ ਸੂਲੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਕਈ ਦਿਨਾਂ ਬਾਅਦ ਜਦੋਂ ਦੁਬਾਰਾ ਭਾਈ ਤਾਰੂ ਸਿੰਘ ਨੂੰ ਸੂਬੇ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਅਤੇ ਜ਼ਕਰੀਆ ਖ਼ਾਨ ਦਰਮਿਆਨ ਸਿੱਖ ਇਤਿਹਾਸ ਦਾ ਪ੍ਰਸਿੱਧ ਸੰਵਾਦ ਹੋਇਆ। ਜ਼ਕਰੀਆ ਖ਼ਾਨ ਦੇ ਬਾਰ ਬਾਰ ਕੇਸ ਕਤਲ ਕਰਾਉਣ ਲਈ ਕਹਿਣ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਨਾ ਮੰਨਿਆਂ ਤਾਂ ਸੂਬੇ ਨੇ ਖਿੱਝ ਕੇ ਕਿਹਾ, ਤੈਨੂੰ ਕੇਸਾਂ ਦਾ ਬੜਾ ਮਾਣ ਐ, ਮੈਂ ਤੇਰੇ ਕੇਸ ਜੁੱਤੀਆਂ ਨਾਲ ਉੱਡਾ ਦਿਆਂਗਾ। ਭਾਈ ਤਾਰੂ ਸਿੰਘ ਨੇ ਅੱਗੋਂ ਜਗਤ ਪ੍ਰਸਿੱਧ ਜਵਾਬ ਦਿੱਤਾ, ‘ਮੇਰੀ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭ ਜਾਵੇਗੀ, ਪਰ ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲੱਗਣਾ ਪਵੇਗਾ।’  ਸੂਬੇ ਨੇ ਸੜ ਬਲ਼ ਕੇ ਹੁਕਮ ਦਿੱਤਾ ਕਿ ਇਸ ਦੇ ਕੇਸ ਸਣੇ ਖੋਪੜੀ ਲਾਹ ਦਿਓ ਤਾਂ ਜੋ ਦੁਬਾਰਾ ਕਦੇ ਵੀ ਇਸ ਦੇ ਸਿਰ ’ਤੇ ਕੇਸ ਨਾ ਆਉਣ। ਜ਼ਲਾਦ ਨੇ ਨਖਾਸ ਚੌਂਕ ਅੰਦਰ ਸਿਰ ਦੀ ਚਮੜੀ, ਸਣੇ ਕੇਸਾਂ ਦੇ ਤਿੱਖੀ ਛੁਰੀ ਨਾਲ ਖੁਰਚ ਕੇ ਉਤਾਰ ਦਿੱਤੀ। ਭਾਈ ਸਾਹਿਬ ਨੇ ਬੜੇ ਸਬਰ ਨਾਲ ਸਾਰਾ ਜ਼ੁਲਮ ਜਰ ਲਿਆ।

ਖੋਪੜੀ ਉਤਾਰਨ ਤੋਂ ਬਾਅਦ ਭਾਈ ਤਾਰੂ ਸਿੰਘ ਨੂੰ ਦੁਬਾਰਾ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਭਾਣਾ ਰੱਬ ਦਾ, ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਉਸ ਨੇ ਬੜੇ ਇਲਾਜ਼ ਕਰਵਾਏ ਪਰ ਬੰਨ੍ਹ ਨਾ ਖੁੱਲ੍ਹਿਆ। ਉਸ ਨੂੰ ਯਕੀਨ ਹੋ ਗਿਆ ਕਿ ਭਾਈ ਤਾਰੂ ਸਿੰਘ ਦੇ ਸਰਾਪ ਕਾਰਨ ਮੈਨੂੰ ਬੰਨ੍ਹ ਪਿਆ ਹੈ। ਉਸ ਨੇ ਸੁਬੇਗ ਸਿੰਘ ਨੂੰ ਭਾਈ ਤਾਰੂ ਸਿੰਘ ਦੀ ਮਿੰਨਤ ਕਰਨ ਲਈ ਭੇਜਿਆ। ਭਾਈ ਤਾਰੂ ਸਿੰਘ ਨੇ ਕਿਹਾ ਕਿ ਮੈਂ ਹੁਣ ਕੁਝ ਨਹੀਂ ਕਰ ਸਕਦਾ, ਪੰਥ ਨੂੰ ਬੇਨਤੀ ਕਰ ਕੇ ਵੇਖ ਲਓ।  ਸੁਬੇਗ ਸਿੰਘ ਨਜ਼ਰਾਨੇ ਲੈ ਕੇ ਅੰਮ੍ਰਿਤਸਰ ਪਹੁੰਚਿਆ। ਅੱਗੇ ਬੁੱਢਾ ਦਲ ਦਾ ਉਤਾਰਾ ਹੋਇਆ ਸੀ। ਉਸ ਨੇ ਨਵਾਬ ਕਪੂਰ ਸਿੰਘ ਨੂੰ ਬੇਨਤੀ ਕੀਤੀ।  ਪੰਥ ਦੇ ਇਕੱਠ ਵਿੱਚ ਫ਼ੈਸਲਾ ਹੋਇਆ ਕਿ ਸੰਤ ਸਰੂਪ ਭਾਈ ਤਾਰੂ ਸਿੰਘ ਨੂੰ ਕਸ਼ਟ ਦੇਣ ਵਾਲੇ ਸੂਬੇਦਾਰ ਦਾ ਅੱਵਲ ਤਾਂ ਭਲਾ ਹੋ ਨਹੀਂ ਸਕਦਾ, ਪਰ ਫਿਰ ਵੀ ਭਾਈ ਤਾਰੂ ਸਿੰਘ ਦੀ ਜੁੱਤੀ ਸੂਬੇਦਾਰ ਦੇ ਸਿਰ ਵਿੱਚ ਮਾਰ ਕੇ ਵੇਖ ਲਓ ਸ਼ਾਇਦ ਬੰਨ੍ਹ ਖੁਲ੍ਹ ਜਾਵੇ।  ਸੂਬੇਦਾਰ ਨੇ ਇਹੀ ਗ਼ਨੀਮਤ ਸਮਝੀ।  ਜਦੋਂ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖ਼ਾਨ ਦੇ ਸਿਰ ਵਿੱਚ ਵੱਜਦੀ ਤਾਂ ਉਸ ਨੂੰ ਖੁਲ੍ਹ ਕੇ ਪਿਸ਼ਾਬ ਆ ਜਾਂਦਾ। ਇਸ ਉਪਕਾਰ ਬਦਲੇ ਸੁਬੇਗ ਸਿੰਘ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ। ਉਸ ਨੇ ਜਗ੍ਹਾ-ਜਗ੍ਹਾ ’ਤੇ ਲਟਕਾਏ ਸਿੱਖਾਂ ਦੇ ਸਿਰ ਉਤਾਰ ਕੇ ਅੰਤਿਮ ਸੰਸਕਾਰ ਕਰਵਾਏ ਅਤੇ ਸ਼ਹੀਦ ਗੰਜ ਬਣਵਾਇਆ।  ਅਖੀਰ ਆਪਣੇ ਪਾਪਾਂ ਦਾ ਫਲ਼ ਭੋਗ ਕੇ 30 ਜੂਨ ਨੂੰ ਸੂਬੇਦਾਰ ਜ਼ਕਰੀਆ ਖ਼ਾਨ ਨਰਕਾਂ ਨੂੰ ਤੁਰ ਗਿਆ। ਜਦ ਇਹ ਖ਼ਬਰ ਭਾਈ ਤਾਰੂ ਸਿੰਘ ਤੱਕ ਪਹੁੰਚੀ ਤਾਂ ਉਹ ਵੀ ਖੋਪਰੀ ਲੱਥਣ ਤੋਂ 6 ਦਿਨ ਬਾਅਦ ਪਹਿਲੀ ਜੁਲਾਈ 1745 ਈ. ਨੂੰ 25 ਸਾਲ ਦੀ ਉਮਰ ਵਿੱਚ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

1762 ਈ. ਵਿੱਚ ਜਦੋਂ ਭੰਗੀ ਸਰਦਾਰਾਂ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਤਾਂ ਉਹਨਾ ਨੇ ਭਾਈ ਸਾਹਿਬ ਦੀ ਯਾਦ ਵਿੱਚ ਉਸ ਜਗ੍ਹਾ ’ਤੇ (ਨੌ ਲੱਖਾ ਬਜ਼ਾਰ ਦੇ ਨਜ਼ਦੀਕ) ਗੁਰਦਵਾਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਉਸਾਰਿਆ। ਅੰਗਰੇਜ਼ ਰਾਜ ਸਮੇਂ ਇਸ ਜਗ੍ਹਾ ਦੀ ਮਲਕੀਅਤ ਲਈ ਬੜੇ ਮੁਕੱਦਮੇ ਚੱਲੇ ਪਰ 1940 ਵਿੱਚ ਲਾਹੌਰ ਹਾਈ ਕੋਰਟ ਦੀ ਡਬਲ ਬੈਂਚ ਨੇ ਹਮੇਸ਼ਾਂ ਲਈ ਇਸ ਗੁਰਦਵਾਰੇ ’ਤੇ ਸਿੱਖਾਂ ਦਾ ਅਧਿਕਾਰ ਮੰਨ ਲਿਆ।  ਹੁਣ ਇਹ  ਗੁਰੂ ਘਰ ਪਾਕਿਸਤਾਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ।  ਭਾਰਤ ਅਤੇ ਵਿਦੇਸ਼ਾਂ ਤੋਂ ਜਥੇ ਇੱਥੇ ਯਾਤਰਾ ਲਈ ਆਉਂਦੇ ਰਹਿੰਦੇ ਹਨ।