ਪਾਖੰਡਵਾਦ, ਧੰਨਾ ਭਗਤ ਅਤੇ ਪ੍ਰੇਮਾ ਭਗਤੀ
ਰਮੇਸ਼ ਚੋਹਲਾ (ਲੁਧਿਆਣਾ)-94631-32719
ਮੱਧ ਕਾਲ ਵਿੱਚ ਉੱਭਰੀ ਭਗਤੀ ਲਹਿਰ ਨੇ ਮਨੁੱਖ ਦੇ ਅਧਿਆਤਮਕ ਵਿਕਾਸ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਹੈ। ਇਸ ਲਹਿਰ ਨਾਲ ਜੁੜੇ ਭਗਤ ਆਪਣੀ ਭਗਤੀ-ਭਾਵਨਾ ਸਦਕਾ ਅਕਾਲ ਪੁਰਖ ਦੀ ਕਿਰਪਾ ਦੇ ਵਿਸ਼ੇਸ਼ ਪਾਤਰ ਬਣੇ ਰਹੇ ਸਨ। ਇਲਾਕਾਈ ਅਤੇ ਭਾਸ਼ਾਈ ਹੱਦਬਸਤ ਤੋਂ ਉੱਪਰ ਉੱਠ ਕੇ ਵਿਚਰਨ ਵਾਲੇ ਇਹ ਮਹਾਂ ਪੁਰਖ ਆਪਣੀ ਸਰਬ ਕਲਿਆਣੀ ਸੋਚ ਸਦਕਾ ਆਪਸੀ ਭਾਈਚਾਰੇ ਅਤੇ ਬਰਾਬਰਤਾ ਦੇ ਹਾਮੀ ਰਹੇ ਹਨ। ਅਥਾਹ ਸ਼ਰਧਾ ਅਤੇ ਦ੍ਰਿੜ੍ਹ ਇਰਾਦੇ ਦੇ ਮਾਲਕ ਇਨ੍ਹਾਂ ਭਗਤਾਂ ਨੇ ਆਪਣੀ ਰੂਹ ਨੂੰ ਰੱਬੀ ਰੰਗ ਵਿੱਚ ਰੰਗ ਕੇ ਅਜਿਹੇ ਵਡਮੁੱਲੇ ਅਤੇ ਪਵਿੱਤਰ ਬਚਨ ਉਚਾਰਨ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਕੋਈ ਵੀ ਵਿਅਕਤੀ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਬਣਾ ਸਕਦਾ ਹੈ। ਸਮਾਜਿਕ ਅਤੇ ਸਭਿਆਚਾਰਕ ਵਖਰੇਵੇਂ ਦੇ ਬਾਵਜੂਦ ਇਨ੍ਹਾਂ ਭਗਤਾਂ ਦੀ ਟੇਕ ਹਮੇਸ਼ਾਂ ਇੱਕ ਅਕਾਲ ਪੁਰਖ ’ਤੇ ਰਹੀ ਹੈ। ਇਸ ਟੇਕ ਸਦਕਾ ਹੀ ਇਹ ਭਗਤ ਪਰਮ ਪਿਤਾ (ਅਕਾਲ ਪੁਰਖ) ਨਾਲ ਇਕਸੁਰ ਹੁੰਦੇ ਰਹੇ ਹਨ। ਸੋਚ ਪੱਖੋਂ ਉੱਚੇ ਅਤੇ ਵਿਵਹਾਰ ਪੱਖੋਂ ਸੁੱਚੇ ਇਨ੍ਹਾਂ ਭਗਤਾਂ ਦੀ ਚਾਲ ਸੰਸਾਰੀਆਂ ਨਾਲੋਂ ਕੁੱਝ ਨਿਰਾਲੀ ਬਣੀ ਰਹੀ ਹੈ। ਇਸ ਚਾਲ ਦੀ ਗਵਾਹੀ ਤੀਸਰੇ ਪਾਤਿਸਾਹ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਪਾਵਨ ਬਾਣੀ ਆਨੰਦ ਸਾਹਿਬ ਦੀ 14ਵੀਂ ਪਾਉੜੀ ਵਿੱਚ ਇਸ ਤਰ੍ਹਾਂ ਕਰਦੇ ਹਨ ‘‘ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ॥ ਲਬੁ ਲੋਭੁ ਅੰਹਕਾਰ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ॥’’ (ਮਹਲਾ ੩/੯੧੮)
ਇਸ ਨਿਰਾਲੀ ਚਾਲ ਕਾਰਨ ਭਗਤਾਂ ਅਤੇ ਸੰਸਾਰੀਆਂ ਦਾ ਜੋੜ, ਘੱਟ ਹੀ ਬਣਦਾ ਰਿਹਾ ਹੈ। ਇਨ੍ਹਾਂ ਬਿਖਮ ਮਾਰਗ ਦੇ ਪਾਂਧੀ ਭਗਤਾਂ ਨੂੰ ਜਦੋਂ ਕਦੇ ਸੰਸਾਰੀ ਲੋਕਾਂ ਨੇ ਸਤਾਉਣ ਜਾਂ ਅਜਮਾਉਣ ਦਾ ਕੋਈ ਕੋਝਾ ਯਤਨ ਕੀਤਾ ਹੈ ਤਾਂ ਆਪਣੇ ਪਿਆਰੇ ਭਗਤਾਂ ਦੀ ਬਾਂਹ ਪ੍ਰਭੂ ਨੇ ਅੱਗੇ ਹੋ ਕੇ ਆਪ ਫੜੀ ਹੈ। ਇਸ ਗੱਲ ਨੂੰ ਤਸਦੀਕ ਕਰਦੇ ਹੋਏ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇੰਝ ਫ਼ੁਰਮਾਉਂਦੇ ਹਨ ‘‘ਹਰਿ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ॥’’ ਸਿਦਕਦਿਲੀ ਅਤੇ ਸਮਰਪਣ ਦੀ ਭਾਵਨਾ ਨਾਲ ਕੀਤੀ ਪ੍ਰੇਮਾ-ਭਗਤੀ ਜਦੋਂ ਆਪਣੀ ਸਿਖਰ ਛੋਹ ਜਾਂਦੀ ਹੈ ਤਾਂ ਉਸ ਵਕਤ ਰੱਬ ਨੂੰ ਵੀ ਆਪਣੇ ਭਗਤਾਂ ਦੀ ਗੱਲ ਸੁਣਨੀ ਪੈਂਦੀ ਹੈ। ਅਜਿਹੀ ਹੀ ਭਗਤ ਤੇ ਰੱਬ ਦੇ ਮਿਲਾਪ ਵਾਲੀ ਵਾਰਤਾਲਾਪ ਦਾ ਜ਼ਿਕਰ ਧੰਨੇ ਭਗਤ ਜੀ ਨੂੰ ਵੀ ਕਰਨਾ ਪਿਆ ਜਦੋਂ ਉਸ ਨੇ ਆਪਣੇ ਭੋਲੇਪਨ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੀ।
ਜੱਟਕੀ ਜ਼ਿੱਦ ਤੇ ਅਟੱਲ ਭਰੋਸਤਾ ਨਾਲ ਰੱਬੀ ਬਖ਼ਸ਼ਿਸ਼ ਦਾ ਪਾਤਰ ਬਣਨ ਵਾਲੇ ਅਤੇ ਇਸ ਬਖ਼ਸ਼ਿਸ ਦੀ ਬਾਦੌਲਤ ਆਪਣੇ ਖੇਤਾਂ ਦੇ ਨੱਕੇ ਮੁੜਵਾਉਣ ਵਾਲੇ ਭਗਤ ਧੰਨਾ ਜੀ ਦਾ ਜਨਮ 20 ਅਪ੍ਰੈਲ ਸੰਨ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਭਾਈ ਭੋਲਾ ਅਤੇ ਮਾਤਾ ਦਾ ਨਾਮ ਧੰਨੋ ਸੀ। ਆਪ ਦਾ ਸ਼ੁਮਾਰ ਉਨ੍ਹਾਂ ਸਿੱਦਕਵਾਨਾਂ ਵਿੱਚ ਕੀਤਾ ਜਾਂਦਾ ਹੈ ਜਿਹੜੇ ਆਪਣਾ ਹੱਥ ਕਾਰ (ਕਿਰਤ) ਵੱਲ ਅਤੇ ਦਿਲ ਪਿਆਰੇ (ਪ੍ਰਭੂ) ਵੱਲ ਲਗਾਈ ਰੱਖਦੇ ਹਨ। ਇਸ ਲਗਨ ਸਦਕਾ ਉਨ੍ਹਾਂ ਨੇ ਉਸ ਪਰਮ ਪਿਤਾ ਦੇ ਨਾ ਸਿਰਫ਼ ਦਰਸ਼ਨ ਹੀ ਅਨੁਭਵ ਕੀਤੇ ਸਗੋਂ ਉਸ ਦੀ ਯਾਦ ਨੂੰ ਆਪਣੇ ਕੰਮ-ਕਾਜ ਦਾ ਨਿਰੰਤਰ ਹਿੱਸਾ ਵੀ ਬਣਾ ਲਿਆ।
ਭਗਤ ਧੰਨਾ ਜੀ ਨਾਲ ਜੁੜੇ ਸਾਖੀ-ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੇ ਅਨੁਸਾਰ ਬਚਪਨ ਸਮੇਂ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦੇ ਬੜੇ ਧਿਆਨ ਨਾਲ ਦੇਖਿਆ। ਦੇਖਣ ਉੁਪਰੰਤ ਭਗਤ ਜੀ ਦੇ ਮਨ ਵਿੱਚ ਵੀ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ। ਆਪਣੀ ਇਸ ਪ੍ਰਚੰਡਿਤ ਇੱਛਾ ਕਾਰਨ ਉਨ੍ਹਾਂ ਨੇ ਪੰਡਿਤ ਜੀ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿੱਚ ਉਸ ਪੰਡਿਤ ਨੇ ਭਗਤ ਜੀ ਨੂੰ ਕੁੱਝ ਦੁਨਿਆਵੀ ਵਸਤਾਂ ਦਕਸ਼ਣਾ ਦੇ ਰੂਪ ਵਿੱਚ ਦੇਣ ਲਈ ਕਿਹਾ। ਜੋ ਭਗਤ ਜੀ ਨੇ ਸਹਿਜ ਨਾਲ ਹੀ ਦੇਣੀਆਂ ਪ੍ਰਵਾਨ ਕਰ ਲਈਆਂ। ਇਸ ਸਮਝੌਤੇ ਤੋਂ ਬਾਅਦ ਉਸ ਚੁਸਤ-ਲਾਲਚ ਪੰਡਿਤ ਨੇ ਇਕ ਸਧਾਰਨ ਪੱਥਰ ਭਗਤ ਧੰਨਾ ਜੀ ਦੇ ਸਪੁਰਦ ਕਰ ਦਿੱਤਾ। ਸਿਦਕੀ ਭਾਵਨਾ ਅਤੇ ਸੱਚੀ ਲਗਨ ਵਾਲੇ ਭਗਤ ਨੇ ਉਸ ਸਧਾਰਨ ਪੱਥਰ ਨੂੰ (ਭਗਵਾਨ ਸਮਝ ਕੇ) ਇਸ਼ਨਾਨ ਕਰਾ ਕੇ ਉਸ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ ਅਤੇ ਉਸ ਨੂੰ ਪ੍ਰਸ਼ਾਦੇ-ਪਾਣੀ ਆਦਿ ਨੂੰ ਭੋਗ ਲਗਾਉਣ ਲਈ ਕਿਹਾ। ਪੱਥਰ ਵੱਲੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਭਗਤ ਨੇ ਆਪ ਵੀ ਕੁੱਝ ਖਾਣ ਤੋਂ ਇਨਕਾਰ ਕਰ ਦਿੱਤਾ। ਭਗਤ ਧੰਨਾ ਜੀ ਦੇ ਇਸ ਹੱਠ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੀ 13ਵੀਂ ਪਾਉੜੀ ’ਚ ਇਸ ਤਰ੍ਹਾਂ ਭਰੀ ਹੈ ‘‘ਠਾਕੁਰ ਨੋ ਨ੍ਹਾਵਾਲਿ ਕੈ; ਛਾਹਿ ਰੋਟੀ ਲੈ ਭੋਗੁ ਚੜ੍ਹਾਵੈ। ਹਥਿ ਜੋੜਿ ਮਿਨਤਿ ਕਰੈ; ਪੈਰੀ ਪੈ ਪੈ ਬਹੁਤੁ ਮਨਾਵੈ। ਹਉ ਭੀ ਮੁਹੁ ਨ ਜਠਾਲਾਸਾਂ; ਤੂ ਰੁਠਾ ਮੈ ਕਿਹੁ ਨਾ ਸੁਖਾਵੇ। ਗੋਸਾਈ ਪਰਤਖਿ ਹੋਇ; ਰੋਟੀ ਖਾਹਿ, ਛਾਹਿ ਮੁਹਿ ਲਾਵੈ। ਭੋਲਾ ਭਾਉ ਗੋਬਿੰਦੁ ਮਿਲਾਵੈ।’’
ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਇੱਕ ਸ਼ਬਦ ਵਿੱਚ ਜਿੱਥੇ ਹੋਰ ਬਹੁਤ ਸਾਰੇ ਭਗਤਾਂ ਦੀ ਸੁਚੱਜੀ ਕਮਾਈ ਦਾ ਜ਼ਿਕਰ ਕਰਦੇ ਹਨ, ਉੱਥੇ ਭਗਤ ਧੰਨਾ ਜੀ ਨੂੰ ‘‘ਧੰਨੈ ਸੇਵਿਆ ਬਾਲ ਬੁਧਿ’’ ਕਹਿ ਕੇ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਹਵਾਲਾ ਦਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਦੇ ਅੰਗ ੪੮੮ ਉੱਪਰ ਸ਼ੁਸੋਭਿਤ ਆਪਣੇ ਇਕ ਹੋਰ ਪਾਵਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਪੰਜਵੇਂ ਨਾਨਕ ਫ਼ੁਰਮਾਉਂਦੇ ਹਨ ‘‘ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥’’ (ਮਹਲਾ ੫/੪੮੮) ਗੁਰੂ ਅਰਜਨ ਸਾਹਿਬ ਇਨ੍ਹਾਂ ਪਾਵਨ ਪੰਕਤੀਆਂ ਰਾਹੀਂ ਇਹ ਸਪਸ਼ਟ ਕਰਦੇ ਹਨ ਕਿ ਭਗਤ ਧੰਨਾ ਜੀ ਨੇ ਇਸ ਗੱਲ ਨੂੰ ਭਲੀਭਾਂਤ ਸਮਝ ਲਿਆ ਸੀ ਕਿ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣ ਨਾਲ ਉਸ ਤੋਂ ਪੂਰਵਕਾਲੀ ਭਗਤਾਂ (ਨਾਮਦੇਵ, ਰਵੀਦਾਸ ਅਤੇ ਸੈਣ ਆਦਿਕ) ਨੇ ਰੱਬੀ ਪਿਆਰ ਨੂੰ ਭਗਤੀ ਨਾਲ ਹਾਸਲ ਕੀਤਾ ਹੈ ਤਾਂ ਇਹ ਯੁਕਤੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਉਸ ਦੀ ਇਸ ਸਮਰਪਣ ਭਾਵਨਾ ਵਾਲੀ ਭਗਤੀ ਨੇ ਉਸ ਨੂੰ ਸਾਖਿਆਤ (ਅਨੁਭਵ) ਰੂਪ ਵਿੱਚ ਪ੍ਰਭੂ ਦੇ ਦਰਸ਼ਨ-ਦੀਦਾਰੇ ਕਰਵਾ ਦਿੱਤੇ ਸਨ। ਗੱਲ ਸਿਰਫ਼ ਦਰਸ਼ਨ-ਦੀਦਾਰੇ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਪ੍ਰਭੂ ਨੇ ਆਪਣੇ ਪਿਆਰੇ ਅਤੇ ਨਿਆਰੇ ਭਗਤ ਦੇ ਸਾਰੇ ਕਾਰਜ ਵੀ ਭਰੋਸੇ ਰੱਖਣ ਬਦਲੇ ਆਪਣੇ ਜ਼ਿੰਮੇ ਲੈ ਲਏ ਸਨ।
ਗੋਪਾਲ ਵੱਲੋਂ ਨਿਭਾਏ ਜਾ ਰਹੇ ਇਸ ਜ਼ਿੰਮੇ ਨੂੰ ਦੇਖ ਕੇ ਹੀ ਭਗਤ ਧੰਨਾ ਜੀ ਫ਼ੁਰਮਾਉਂਦੇ ਹਨ ‘‘ਗੋਪਾਲ ! ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥’’ (ਭਗਤ ਧੰਨਾ/੬੯੫) ਭਗਤ ਧੰਨਾ ਜੀ ਦੀ ਵਡਿਆਈ ਇਸ ਪੱਖੋਂ ਵੀ ਹੈ ਕਿ ਜਿੱਥੇ ਕੁੱਝ ਧਾਰਮਿਕ ਰਹਿਬਰ ਔਰਤ ਨੂੰ ਭਗਤੀ-ਮਾਰਗ ਲਈ ਰੁਕਾਵਟ ਮੰਨਦੇ ਰਹੇ ਉੱਥੇ ਉਨ੍ਹਾਂ ਨੇ ਬੁਲੰਦ ਆਵਾਜ਼ ’ਚ ਕਿਹਾ ‘‘ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥’’ (ਭਗਤ ਧੰਨਾ/੬੯੫) ਔਰਤ ਜਾਤੀ ਅਤੇ ਕਿਰਤ ਦੇ ਪ੍ਰਤੀ ਅਜਿਹੀ ਸਤਿਕਾਰਤ ਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਪੂਰਨ ਅਤੇ ਬਣਦਾ ਸਤਿਕਾਰ ਕਰਦਿਆਂ ਹੀ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਲਾਹੀ ਬਚਨਾਂ ਦਾ ਉਚਾਰਨ ਕਰਨ ਵਾਲੇ 6 ਗੁਰੂ ਸਾਹਿਬਾਨਾਂ, 11 ਭੱਟਾਂ, 3 ਗੁਰੂ ਦੇ ਨਿਕਟਵਰਤੀਆਂ ਅਤੇ 15 ਭਗਤਾਂ ਦੀ ਬਾਣੀ ਨੂੰ ਇਕ (ਆਦਿ ਗ੍ਰੰਥ ਸਾਹਿਬ ਦੇ ਰੂਪ) ਲੜੀ ’ਚ ਪਰੋਇਆ ਤਾਂ ਭਗਤ ਧੰਨਾ ਜੀ ਦੇ 3 ਪਵਿੱਤਰ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ) ਵਿੱਚ ਸ਼ਾਮਲ ਕਰ ਲਏ ਹਨ।
ਭਗਤੀ ਲਹਿਰ ਦੇ ਪ੍ਰਮੁੱਖ ਭਗਤ ਧੰਨਾ ਜੀ ਆਪਣੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ 15 ਦਸੰਬਰ 1502 ਈਸਵੀ ਨੂੰ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਭਗਤੀ-ਭਾਵਨਾ ਜਿੱਥੇ ਪਾਖੰਡਵਾਦ ਤੋਂ ਨਿਰਲੇਪ ਹੈ, ਉੱਥੇ ਸੱਚੀ ਸੁੱਚੀ ਕਿਰਤ ਕਰਦਿਆਂ ਕਰਤਾਰ ਨਾਲ ਜੁੜਨ ਦੀ ਇੱਕ ਅਤਿ ਉੱਤਮ ਮਿਸਾਲ ਵੀ ਹੈ।