ੴ ਸਤਿ ਗੁਰ ਪ੍ਰਸਾਦਿ ॥
ਗੁਰਮਤਿ ਸਿੱਧਾਂਤ: ‘‘ਕਿਵ ਕੂੜੈ ਤੁਟੈ ਪਾਲਿ’’
ਹਰ ਵੇਲੇ ਦੀ ਸਾਂਝ
ਹਰੇਕ ਪ੍ਰਾਣੀ ਦਾ ਇਹ ਜੀਵਨ-ਤਜਰਬਾ ਹੈ ਕਿ ਜਿਸ ਚੀਜ਼ ਨਾਲ ਦਿਨ ਰਾਤ ਹਰ ਵੇਲੇ ਵਾਹ ਪੈਂਦਾ ਰਹੇ, ਉਹ ਚੀਜ਼ ਪਿਆਰੀ ਲੱਗਣ ਲੱਗ ਪੈਂਦੀ ਹੈ । ਜਨਮ-ਸਮੇਂ ਤੋਂ ਹੀ, ਪਹਿਲਾਂ ਜੀਵ ਨੂੰ ਮਾਂ ਦੇ ਦੁੱਧ ਨਾਲ, ਫਿਰ ਮਾਂ ਪਿਉ ਨਾਲ, ਫਿਰ ਭੈਣਾਂ ਭਰਾਵਾਂ ਨਾਲ ਹਰ ਵੇਲੇ ਵਾਹ ਪੈਂਦਾ ਹੈ ਤੇ ਉਹਨਾਂ ਨਾਲ ਉਸ ਦਾ ਮੋਹ-ਪਿਆਰ ਬਣਦਾ ਜਾਂਦਾ ਹੈ। ਜਿਉਂ ਜਿਉਂ ਜੀਵ ਵਡੇਰੀ ਉਮਰ ਦਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਦਿੱਸਦੇ ਸੰਸਾਰ ਦੇ ਹੋਰ ਪਦਾਰਥ ਵਰਤਣੇ ਸ਼ੁਰੂ ਕਰਦਾ ਹੈ । ਸਾਕਾਂ-ਅੰਗਾਂ ਨਾਲ, ਘਰ ਨਾਲ, ਧਨ-ਪਦਾਰਥ ਨਾਲ ਇਸ ਦੀ ਅਪਣੱਤ ਵਧਦੀ ਜਾਂਦੀ ਹੈ । ਇਹ ਮੇਰੇ ਮਾਪੇ ਹਨ, ਅਹੁ ਕੋਈ ਹੋਰ ਹਨ; ਇਹ ਮੇਰੇ ਭੈਣ ਹਨ, ਅਹੁ ਕੋਈ ਹੋਰ ਹਨ; ਇਹ ਸਾਡਾ ਘਰ ਹੈ, ਅਹੁ ਕਿਸੇ ਹੋਰ ਦਾ ਹੈ-ਇਸ ਤਰ੍ਹਾਂ ਸਹਜੇ ਸਹਜੇ ਜੀਵ ਦੇ ਮਨ ਵਿਚ ਮੇਰ-ਤੇਰ ਤੇ ਵਿਤਕਰਾ ਭੀ ਬਣਨ ਲੱਗ ਪੈਂਦਾ ਹੈ । ਇਸ ਦੇ ਨਾਲ ਨਾਲ ਹੀ ਹੋਰ ਸਭਨਾਂ ਦੇ ਮੋਹ-ਪਿਆਰ ਨਾਲੋਂ ਆਪਣੇ ਸਰੀਰ ਦਾ ਮੋਹ-ਪਿਆਰ ਜੀਵ ਦੇ ਅੰਦਰ ਵਧੀਕ ਪ੍ਰਬਲ ਹੁੰਦਾ ਜਾਂਦਾ ਹੈ ।
ਇਸ ਅਪਣੱਤ ਦਾ ਨਤੀਜਾ
ਛੋਟੇ ਬਾਲਾਂ ਵੱਲ ਹੀ ਤੱਕੋ ! ਸਰੀਰਕ ਅਪਣੱਤ ਦੇ ਕਾਰਨ ਹੀ ਬਾਲ ਆਪਣੇ ਛੋਟੇ ਤੇ ਕਮਜ਼ੋਰ ਭੈਣ ਭਰਾਵਾਂ ਤੋਂ ਭੀ ਕੋਈ ਖਾਣ ਵਾਲੀ ਚੀਜ਼ ਖੋਹ ਕੇ ਆਪ ਖਾ ਲੈਂਦਾ ਹੈ, ਕਈ ਵਾਰੀ ਉਹਨਾਂ ਨੂੰ ਧੌਲ ਧੱਪਾ ਕਰ ਕੇ ਭੀ ਖ਼ੁਸ਼ ਹੁੰਦਾ ਹੈ । ਸਹਜੇ ਸਹਜੇ ਇਹ ਵਾਦੀ ਪੱਕਦੀ ਜਾਂਦੀ ਹੈ ਤੇ ਵਧਦੀ ਜਾਂਦੀ ਹੈ । ਹੋਰ ਕਮਜ਼ੋਰ ਹਾਣੀਆਂ ਨਾਲ ਭੀ ਇਹ ਸਲੂਕ ਸ਼ੁਰੂ ਕਰ ਦੇਂਦਾ ਹੈ ਤੇ ਇਸ ਵਿਚ ਉਸ ਨੂੰ ਕੋਈ ਭੈੜ ਨਹੀਂ ਜਾਪਦਾ ।
ਜਿਉਂ ਜਿਉਂ ਮਨੁੱਖ ਸਿਆਣੀ ਉਮਰ ਦਾ ਹੁੰਦਾ ਜਾਂਦਾ ਹੈ, ਇਹ ਸਰੀਰਕ ਅਪਣੱਤ; ਆਪਣਿਆਂ ਨਾਲ ਮੋਹ-ਪਿਆਰ, ਆਪਣੇ ਘਰ ਦਾ ਮੋਹ, ਆਪਣੀ ਜਾਇਦਾਦ ਦੀ ਖਿੱਚ-ਇਹ ਸਭ ਕੁਝ ਉਸ ਦੇ ਮਨ ਵਿਚ ਜ਼ੋਰ ਪਾਈ ਜਾਂਦਾ ਹੈ ਤੇ ਇਸ ਦੀ ਖ਼ਾਤਰ ਹੀ ਦਿਨ ਰਾਤ ਦੌੜ-ਭੱਜ ਕਰਦੇ ਰਹਿਣਾ ਉਸ ਦੀ ਜ਼ਿੰਦਗੀ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ ।
ਅਣਦਿੱਸਦੇ ਨਾਲ ਸਾਂਝ ਕਿਵੇਂ ਬਣੇ !
ਜਿਸ ਕਰਤਾਰ ਨੇ ਇਹ ਦੁਨੀਆ ਰਚੀ ਹੋਈ ਹੈ, ਉਹ ਇਹਨਾਂ ਅੱਖਾਂ ਨਾਲ ਮਨੁੱਖ ਨੂੰ ਦਿੱਸਦਾ ਨਹੀਂ । ਦਿੱਸਦਾ ਹੈ ਇਹ ਜਗਤ, ਦਿੱਸਦਾ ਹੈ ਇਹ ਘਰ-ਘਾਟ; ਇਹ ਧਨ ਪਦਾਰਥ । ਸੋ, ਕੁਦਰਤੀ ਤੌਰ ਤੇ ਇਸੇ ਨਾਲ ਹੀ ਮਨੁੱਖ ਦਾ ਪਿਆਰ ਬਣ ਸਕਦਾ ਹੈ ਤੇ ਬਣਦਾ ਰਹਿੰਦਾ ਹੈ । ਇਸ ਦਿੱਸਦੇ ਦੇ ਨਾਲ ਹੀ ਮਨੁੱਖ ਇਕ-ਮਿਕ ਹੋਈ ਜਾਂਦਾ ਹੈ । ਹੋਰ ਕਰ ਭੀ ਕੀਹ ਸਕਦਾ ਹੈ ? ਜਦੋਂ ਕਦੇ ਆਪਣੇ ਕਿਸੇ ਅੱਤ ਪਿਆਰੇ ਨੂੰ ਮੌਤ ਖੋਹ ਲੈ ਜਾਂਦੀ ਹੈ, ਜਦੋਂ ਕਦੇ ਦਿਨ ਰਾਤ ਦੀ ਮਿਹਨਤ ਨਾਲ ਜੋੜਿਆ ਹੋਇਆ ਧਨ ਕਿਸੇ ਕਾਰਨ ਖੁੱਸ ਜਾਂਦਾ ਹੈ, ਤਦੋਂ ਠੇਡਾ ਤਾਂ ਤਕੜਾ ਵੱਜਦਾ ਹੈ, ਪਰ ਫਿਰ ਉਸੇ ਦੌੜ-ਭੱਜ ਵਿਚ ਰੁੱਝ ਜਾਂਦਾ ਹੈ । ਹੋਰ ਕਰੇ ਭੀ ਕੀਹ ? ਦਿੱਸਦਾ ਜੁ ਇਹੋ ਕੁਝ ਹੋਇਆ । ਅਣ-ਦਿੱਸਦਾ ਇਸ ਦੇ ਮਨ ਤੋਂ ਕਿਤੇ ਦੂਰ ਹੀ ਟਿਕਿਆ ਰਹਿੰਦਾ ਹੈ । ਅਣਦਿੱਸਦੇ ਨਾਲੋਂ ਵਿਥ ਦਿਨੋ ਦਿਨ ਵਧਦੀ ਜਾਂਦੀ ਹੈ ।
ਜੀਵਨ ਦਾ ਸਹਾਰਾ
ਵੇਖੋ ਪਸ਼ੂ ਪੰਛੀਆਂ ਵੱਲ ! ਧਰਤੀ ਉੱਤੇ ਉੱਗਾ ਹੋਇਆ ਘਾਹ-ਬੂਟ ਬਥੇਰਾ ਹੈ, ਇਹਨਾਂ ਦੇ ਸਰੀਰ ਦੀ ਪਾਲਣਾ ਵਾਸਤੇ । ਇਹ ਮਨੁੱਖ ਹੀ ਹੈ ਜਿਸ ਨੂੰ ਆਪਣੇ ਸਰੀਰ ਦੀ ਪਰਵਰਿਸ਼ ਵਾਸਤੇ ਅੰਨ ਧਨ ਪੈਦਾ ਕਰਨ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ । ਹਰ ਵੇਲੇ ਸਿਰਫ਼ ਸਰੀਰ ਨਾਲ ਵਾਹ ਪੈਣ ਕਰ ਕੇ ਮਨੁੱਖ ਨੂੰ ਸਿਰਫ਼ ਸਰੀਰ ਹੀ ਆਪਣਾ ਆਪਾ ਜਾਪਦਾ ਹੈ, ਇਸੇ ਨੂੰ ਪਾਲਦੇ ਰਹਿਣਾ ਹੀ ਇਸ ਦੀ ਜ਼ਿੰਦਗੀ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ ।
ਮਨੁੱਖ ਨਿੱਤ ਇਹ ਭੀ ਵੇਖਦਾ ਹੈ ਕਿ ਅੰਨ ਧਨ ਦੀ ਘਾਟ ਦੇ ਕਾਰਨ ਅਨੇਕਾਂ ਬੰਦੇ ਰੁਲ ਰੁਲ ਕੇ ਮਰ ਜਾਂਦੇ ਹਨ । ਸੋ, ਅੰਨ ਧਨ ਹੀ ਮਨੁੱਖ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ।
ਇਸ ਤੋਂ ਉਕਾਈਆਂ
ਮੇਰ ਤੇਰ, ਆਪਣੇ ਪਰਾਏ ਦੀ ਸੂਝ-ਇਹੋ ਜਿਹੇ ਸੰਸਕਾਰ ਤਾਂ ਛੋਟੀ ਉਮਰ ਤੋਂ ਹੀ ਜੀਵ ਦੇ ਮਨ ਵਿਚ ਵਧਣੇ ਸ਼ੁਰੂ ਹੋ ਜਾਂਦੇ ਹਨ । ਇਸ ਦਾ ਅਸਰ ਪੈਣ ਲੱਗ ਪੈਂਦਾ ਹੈ, ਅੰਨ ਧਨ ਦੀ ਕਮਾਈ ਉੱਤੇ । ਕਿਨ੍ਹਾਂ ਤਰੀਕਿਆਂ ਨਾਲ ਕਮਾਇਆ ਜਾਏ-ਇਹ ਗੱਲ ਸੋਚਣ ਦੀ ਲੋੜ ਹੀ ਨਹੀਂ ਜਾਪਦੀ । ਜਿਤਨਾ ਵਧੀਕ ਕਮਾਉ, ਉਤਨਾ ਹੀ ਵਧੀਕ ਕਾਮਯਾਬ ਮਨੁੱਖ ਦਾ ਜੀਵਨ । ਸੋ, ਕੀਹ ਹੁੰਦਾ ਹੈ ? ਕੀਹ ਹੋ ਰਿਹਾ ਹੈ ? ਪਰਾਇਆ ਹੱਕ ਖੋਹ ਸਕਣਾ-ਇਹ ਮਨੁੱਖ ਦੀ ਸਿਆਣਪ ਤੇ ਅਕਲਮੰਦੀ ਸਮਝੀ ਜਾਣ ਲੱਗ ਪਈ ਤੇ ਸਮਝੀ ਜਾ ਰਹੀ ਹੈ ।
ਪਰਾਏ ਹੱਕ ਤੋਂ ਅਨੇਕਾਂ ਮਾਨਸਿਕ ਰੋਗ
ਜਦੋਂ ਧਨ ਕਮਾਣਾ ਹੀ ਜੀਵਨ ਦਾ ਨਿਸ਼ਾਨਾ ਬਣ ਜਾਏ; ਜਦੋਂ ਮਨੁੱਖ ਜਿਤਨਾ ਹੀ ਧਨਾਢ ਉਤਨਾ ਹੀ ਕਾਮਯਾਬ ਸਮਝਿਆ ਜਾਣ ਲੱਗ ਪਏ; ਤਦੋਂ ਕੁਦਰਤੀ ਤੌਰ ਤੇ ਇਹ ਨਤੀਜਾ ਨਿਕਲਦਾ ਹੈ ਕਿ ਧਨ ਕਮਾਣ ਦੇ ਕੋਝੇ ਢੰਗ ਮਨੁੱਖ ਦੇ ਮਨ ਉੱਤੇ ਆਪਣਾ ਜ਼ੋਰ ਪਾ ਲੈਂਦੇ ਹਨ । ਮਨੁੱਖ ਅਨਪੜ੍ਹ ਹੋਣ ਚਾਹੇ ਪੜ੍ਹੇ ਹੋਏ, ਮਾਇਆ ਜੋੜਨ ਦਾ ਗ਼ਲਤ ਰਸਤਾ ਕਿਸੇ ਦਾ ਲਿਹਾਜ਼ ਨਹੀਂ ਕਰਦਾ । ਜੇ ਅਨਪੜ੍ਹਾਂ ਵਿਚ ਡਾਕੇ ਠੱਗੀ ਖੋਹਾ-ਖੋਹੀ ਆਦਿਕ ਤਰੀਕੇ ਚੱਲ ਪੈਂਦੇ ਹਨ, ਤਾਂ ਪੜ੍ਹੇ ਹੋਏ ਬੰਦੇ ਰਿਸ਼ਵਤ ਆਦਿਕ ਦਾ ਸ਼ਿਕਾਰ ਹੋ ਜਾਂਦੇ ਹਨ ।
ਜਗਤ ਵਿਚ ਕੀਹ ਵੇਖ ਰਹੇ ਹਾਂ ? ਗੁਆਂਢੀ ਦੀ ਤਰੱਕੀ ਵੇਖ ਕੇ ਸਾੜਾ, ਗੁਆਂਢੀ ਨੂੰ ਨੁਕਸਾਨ ਅਪੜਾਣ ਲਈ ਉਸ ਦੀ ਨਿੰਦਾ-ਚੁਗ਼ਲੀ, ਲਾਲਚ ਦਾ ਹੜ੍ਹ, ਵੈਰ-ਵਿਰੋਧ, ਕ੍ਰੋਧ ਤੇ ਨਫ਼ਰਤ, ਪਰਾਇਆ ਰੂਪ ਤੱਕ ਕੇ ਉਸ ਵੱਲ ਭੈੜੀ ਨਿਗਾਹ ‘ਮੈਂ ਵੱਡਾ ਹਾਂ, ਮੈਂ ਸਿਆਣਾ ਹਾਂ, ਦੁਨੀਆ ਸਭ ਤੋਂ ਵਧੀਕ ਮੇਰਾ ਆਦਰ-ਮਾਣ ਕਰੇ’-ਇਹੋ ਜਿਹਾ ਅਫਰੇਵਾਂ ਤੇ ਅਹੰਕਾਰ । ਗੱਲ ਕੀਹ, ਚੁਫੇਰੇ ਵਿਕਾਰਾਂ ਦੇ ਭਾਂਬੜ ਬਲ ਰਹੇ ਹਨ । ਕੋਈ ਘਰ ਵੇਖੋ, ਕੋਈ ਪਿੰਡ ਵੇਖੋ, ਕੋਈ ਸ਼ਹਿਰ ਵੇਖੋ, ਘਰ ਘਰ ਇਹੀ ਅੱਗ ਹੈ, ਹਰੇਕ ਹਿਰਦਾ ਅਨੇਕਾਂ ਰੋਗਾਂ ਨਾਲ ਤਪਿਆ ਪਿਆ ਹੈ ?
ਇਸ ਸੜਨ ਤੋਂ ਕੌਣ ਬਚਾਂਦਾ ਹੈ
ਇਸ ਸੜਨ ਤੋਂ ਉਹੀ ਬਚਾ ਸਕਦਾ ਹੈ ਜੋ ਆਪ ਇਸ ਸੜਨ ਤੋਂ ਬਚਿਆ ਹੋਇਆ ਹੈ; ਉਹੀ ਬਚਾ ਸਕਦਾ ਹੈ ਜੋ ਆਪ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਭੀ ਸੁਚੱਜਾ ਕਮਾਊ ਹੈ; ਉਹੀ ਬਚਾ ਸਕਦਾ ਹੈ ਜੋ ਆਪ ਗ੍ਰਿਹਸਤੀ ਹੁੰਦਾ ਹੋਇਆ ਭੀ ਸੁਚੱਜਾ ਗ੍ਰਿਹਸਤੀ ਹੈ । ਡੁੱਬ ਰਹੇ ਨੇ ਡੁੱਬਦਿਆਂ ਨੂੰ ਕੀਹ ਬਚਾਣਾ ਹੋਇਆ ? ਤੇ ਦੁਨੀਆਦਾਰਾਂ ਤੋਂ ਅਟੰਕ ਨਿਵੇਕਲਾ ਕਿਸੇ ਜੰਗਲ ਦੇ ਗੋਸ਼ੇ ਵਿਚ, ਕਿਸੇ ਪਹਾੜ ਦੀ ਗੁਫ਼ਾ ਵਿਚ, ਬੈਠਾ ਭੀ ਕੀਹ ਜਾਣੇ ਦੁਨੀਆਦਾਰਾਂ ਦੀਆਂ ਮਾਨਸਿਕ ਔਕੜਾਂ ਨੂੰ ? ਜੇ ਦੁਨੀਆ ਦੇ ਸਾਰੇ ਹੀ ਲੋਕ ਕਿਰਤ-ਕਾਰ ਛੱਡ ਕੇ ਨਿਵੇਕਲੇ ਹੋ ਬੈਠਣ ਤਾਂ ਰੋਟੀਆਂ ਰੁੱਖਾਂ ਨੂੰ ਤਾਂ ਲੱਗ ਨਹੀਂ ਜਾਣੀਆਂ, ਤੇ ਰੋਟੀ ਤੋਂ ਬਿਨਾ ਢਿੱਡ ਦਾ ਝੁਲਕਾ ਸ਼ਾਂਤ ਨਹੀਂ ਹੋ ਸਕਦਾ ।
ਸੋ, ਕੌਣ ਹੈ ਉਹ ਬਚਾਣ ਵਾਲਾ ? ਗੁਰਸਿੱਖਾਂ ਵਾਲੀ ਬੋਲੀ ਵਿਚ ਅਸੀ ਉਸ ਨੂੰ ‘ਗੁਰੂ’ ਆਖਦੇ ਹਾਂ ਜੋ ਗ੍ਰਿਹਸਤੀ ਹੁੰਦਾ ਹੋਇਆ ਗ੍ਰਿਹਸਤੀਆਂ ਦੀਆਂ ਔਕੜਾਂ ਜਾਣਦਾ ਹੋਇਆ ਸੁਚੱਜਾ ਜੀਵਨ-ਰਾਹ ਦੱਸਦਾ ਹੈ ।
ਸਿੱਧੀ-ਪੱਧਰੀ ਗੱਲ
ਵਗਦੇ ਦਰਿਆ ਦਾ ਕੁਝ ਪਾਣੀ ਹੜ੍ਹਾਂ ਦੇ ਦਿਨਾਂ ਵਿਚ ਉਛਲ ਕੇ ਕੰਢਿਆਂ ਤੋਂ ਲਾਂਭੇ ਕਿਸੇ ਛੱਪੜ ਟੋਏ ਵਿਚ ਜਾ ਪਏ, ਦਰਿਆ ਨਾਲੋਂ ਉਸ ਦਾ ਸੰਬੰਧ ਟੁੱਟ ਜਾਏ, ਤਾਂ ਦਿਨ ਪਾ ਕੇ ਉਸ ਵਿਚ ਕੀੜੇ ਪੈ ਜਾਂਦੇ ਹਨ, ਉਸ ਦਾ ਰੰਗ ਖ਼ਰਾਬ ਹੋ ਜਾਂਦਾ ਹੈ, ਉਸ ਵਿਚ ਬੋ ਪੈ ਜਾਂਦੀ ਹੈ ।
ਸਿਰਜਣਹਾਰ ਕਰਤਾਰ; ਜ਼ਿੰਦਗੀ ਦਾ ਦਰਿਆ ਹੈ, ਸਾਰੇ ਜੀਵ ਉਸ ਦਰਿਆ ਦੀਆਂ ਲਹਿਰਾਂ ਹਨ । ਜਿਤਨਾ ਚਿਰ ਇਹ ਲਹਿਰਾਂ ਦਰਿਆ ਦੇ ਅੰਦਰ ਹਨ, ਇਹਨਾਂ ਦੀ ਜ਼ਿੰਦਗੀ ਦਾ ਪਾਣੀ ਸੁਅੱਛ ਹੈ । ਜਦੋਂ ਨਿਰੀ ਮਾਇਆ ਕਮਾਣ ਦੇ ਟੋਏ ਵਿਚ ਪੈ ਕੇ ਇਹ ਜੀਵ-ਲਹਿਰਾਂ ਦਰਿਆ-ਪ੍ਰਭੂ ਨਾਲੋਂ ਵੱਖ ਹੋ ਜਾਂਦੀਆਂ ਹਨ, ਤਾਂ ਇਹਨਾਂ ਵਿਚ ਅਨੇਕਾਂ ਹੀ ਆਤਮਕ, ਮਾਨਸਕ ਰੋਗਾਂ ਦੀ ਬੋ ਪੈਦਾ ਹੋ ਜਾਂਦੀ ਹੈ ।
ਬੱਸ ! ਇਹੀ ਹੈ ਭੇਤ ਜੋ ‘ਗੁਰੂ’ ਆ ਕੇ ਵਿਲਕ ਰਹੇ ਬੰਦਿਆਂ ਨੂੰ, ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਬੰਦਿਆਂ ਨੂੰ, ਸਮਝਾਂਦਾ ਹੈ ।
ਇੱਕੋ ਹੀ ਮੁੱਢਲਾ ਰੋਗ, ਇੱਕੋ ਹੀ ਦਵਾਈ
ਆਪਣੇ ਅਤੇ ਆਪਣੇ ਪਰਵਾਰ ਦੇ ਸਰੀਰਕ ਨਿਰਬਾਹ ਦੀ ਖ਼ਾਤਰ ਧਨ-ਪਦਾਰਥ ਕਮਾਂਦਾ ਕਮਾਂਦਾ ਮਨੁੱਖ ਧਨ-ਪਦਾਰਥ ਨੂੰ ਹੀ ਆਪਣੀ ਜ਼ਿੰਦਗੀ ਦਾ ਸਹਾਰਾ ਸਮਝ ਲੈਂਦਾ ਹੈ । ਇਹ ਜਿੰਦ ਹੈ ਤਾਂ ਪਰਮਾਤਮਾ ਦੀ ਅੰਸ਼, ਪਰ ਜਿਵੇਂ ਜਗਤ ਦੀ ਮਾਇਆ ਪਰਤੱਖ ਦਿੱਸਦੀ ਹੈ ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ । ਮਨੁੱਖ ਨੂੰ ਉਸ ਦੀ ਹਸਤੀ ਦਾ ਯਕੀਨ ਕਿਵੇਂ ਆਵੇ ? ਉਸ ਵੱਲ ਪਰਤੇ ਕਿਵੇਂ ? ਸੋ ਜੀਵ-ਆਤਮਾ ਤੇ ਪਰਮਾਤਮਾ ਦੇ ਵਿਚਕਾਰ ਮਾਇਆ ਦੇ ਮੋਹ ਦੀ ਵਿੱਥ ਪੈ ਜਾਂਦੀ ਹੈ, ਇਕ ਕੰਧ ਜਿਹੀ ਬਣ ਜਾਂਦੀ ਹੈ । ਇਹ ਵਿੱਥ, ਇਹ ਕੰਧ ਜਿਹੀ ਹੀ, ਅਸਲ ਮੁੱਢਲਾ ਰੋਗ ਹੈ । ਇਸ ਮੁੱਢਲੇ ਰੋਗ ਤੋਂ ਅਨੇਕਾਂ ਮਾਨਸਕ ਰੋਗ ਪੈਦਾ ਹੋ ਕੇ ਜਗਤ ਨੂੰ ਨਰਕ ਬਣਾ ਰਹੇ ਹਨ । ਇਸ ਦਾ ਇਲਾਜ ? ਇਸ ਦਾ ਇਲਾਜ ਇਹ ਹੈ ਕਿ ਸਿਰਜਣਹਾਰ ਕਰਤਾਰ ਨਾਲ ਮੇਲ ਬਣਾਇਆ ਜਾਏ । ਜਿਸ ਨੂੰ ਮੁੜ ਮੁੜ ਯਾਦ ਕਰਦੇ ਰਹੀਏ, ਉਸ ਨਾਲ ਪਿਆਰ ਬਣ ਜਾਂਦਾ ਹੈ । ਜਿਸ ਨਾਲ ਡੂੰਘਾ ਪਿਆਰ ਪੈ ਜਾਂਦਾ ਹੈ ਉਸ ਨਾਲ ਸੁਭਾਉ ਮਿਲ ਜਾਂਦਾ ਹੈ, ਉਸ ਨਾਲ ਇੱਕ-ਰੂਪ ਹੋ ਜਾਈਦਾ ਹੈ, ਉਸ ਦਾ ਕੀਤਾ ਹਰੇਕ ਕੰਮ ਚੰਗਾ ਲੱਗਦਾ ਹੈ । ਜਿਉਂ ਜਿਉਂ ਜਿੰਦ ਦੇ ਸੋਮੇ ਸਿਰਜਣਹਾਰ ਨਾਲ ਮੇਲ-ਜੋਲ ਬਣਦਾ ਹੈ, ਉਹੀ ਜਿੰਦ ਦਾ ਸਹਾਰਾ ਬਣਦਾ ਜਾਂਦਾ ਹੈ । ਇਹ ਸਮਝ ਆਉਣ ਲੱਗ ਪੈਂਦੀ ਹੈ ਕਿ ਧਨ-ਪਦਾਰਥ ਸਿਰਫ਼ ਚੰਦ ਰੋਜ਼ਾ ਸਰੀਰਕ ਨਿਰਬਾਹ ਵਾਸਤੇ ਕਮਾਣਾ ਹੈ, ਇਹ ਸਾਡਾ ਸਦਾ ਦਾ ਸਾਥੀ ਨਹੀਂ ਹੈ । ਫਿਰ, ਜੋ ਸਦਾ ਦਾ ਸਾਥੀ ਨਹੀਂ ਉਸ ਦੀ ਖ਼ਾਤਰ ਠੱਗੀ-ਫ਼ਰੇਬ, ਨਿੰਦਾ-ਈਰਖਾ, ਵੈਰ-ਵਿਰੋਧ ਸਹੇੜ ਕੇ ਇਸ ਚੰਦ-ਰੋਜ਼ਾ ਜੀਵਨ ਨੂੰ ਨਰਕ ਕਿਉਂ ਬਣਾਇਆ ਜਾਏ ?
ਕਰਮ ਅਤੇ ਉਹਨਾਂ ਦਾ ਪ੍ਰਭਾਵ
ਕੋਈ ਪੇਂਡੂ ਛੋਟਾ ਬਾਲ ਆਪਣੀ ਮਾਂ ਨਾਲ ਸ਼ਹਿਰ ਵਿਚ ਆਵੇ ਜਿੱਥੇ ਹਰ ਵੇਲੇ ਅੱਗੇ ਪਿੱਛੇ ਛਾਬੜੀਆਂ ਵਾਲੇ ਮਿਠਿਆਈ ਆਦਿਕ ਵੇਚਦੇ ਹੋਣ । ਉਸ ਛੋਟੇ ਬਾਲ ਨੂੰ ਕੋਈ ਖਿੱਚ ਨਹੀਂ ਪੈਂਦੀ ਕਿ ਆਪਣੀ ਮਾਂ ਦੇ ਖਹਿੜੇ ਪਏ ਉਹ ਮਿਠਿਆਈ ਆਦਿਕ ਲੈ ਦੇਣ ਵਾਸਤੇ । ਕਿਉਂ ? ਉਸ ਨੇ ਨਾਹ ਕਦੇ ਮਿਠਿਆਈ ਵੇਖੀ, ਨਾਹ ਖਾਧੀ । ਉਸ ਨੂੰ ਆਪਣੇ ਅੰਦਰੋਂ ਪ੍ਰੇਰਨਾ ਕਿਵੇਂ ਉੱਠੇ ? ਪਰ ਜੇ ਮਾਂ ਕਿਸੇ ਇਕ ਛਾਬੜੀ ਵਾਲੇ ਪਾਸੋਂ ਕੁਝ ਲੈ ਕੇ ਬਾਲ ਨੂੰ ਖਵਾ ਦੇਵੇ, ਫਿਰ ਵੇਖੋ ਉਸ ਬੱਚੇ ਦਾ ਹਾਲ । ਜਿਉਂ ਜਿਉਂ ਕੋਈ ਛਾਬੜੀ ਵਾਲਾ ਆਵੇਗਾ, ਬੱਚਾ ਮਾਂ ਦੇ ਖਹਿੜੇ ਪਏਗਾ ਕਿ ਮੈਨੂੰ ਅਹਿ ਚੀਜ਼ ਲੈ ਦੇ, ਅਹੁ ਸ਼ੈ ਲੈ ਦੇ । ਇਹ ਫ਼ਰਕ ਕਿਉਂ ? ਬਾਲ ਦੀ ਜੀਭ ਨੇ ਮਿਠਿਆਈ ਦਾ ਸੁਆਦ ਚੱਖ ਲਿਆ ਹੈ, ਉਸ ਦੇ ਮਨ ਵਿਚ ਉਹ ਸੁਆਦ ਟਿਕ ਗਿਆ ਹੈ । ਛਾਬੜੀ ਵੇਖਦਿਆਂ ਹੀ ਮਨ ਵਿਚ ਟਿਕੇ ਉਹ ਸੰਸਕਾਰ ਜਾਗ ਪੈਂਦੇ ਹਨ ਤੇ ਬੱਚੇ ਨੂੰ ਪ੍ਰੇਰਦੇ ਹਨ, ਹੋਰ ਮਿਠਿਆਈ ਖਾਣ ਲਈ ।
ਜਿਹੜਾ ਭੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ । ਮਨ ਕੀਹ ਹੈ ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿੱਤਰ ਗੁਪਤ ਚਿੱਤਰ । ਇਹ ਗੁਪਤ ਚਿੱਤਰ, ਇਕ ਤਾਂ ਮਨੁੱਖ ਦੇ ਹੁਣ ਤਕ ਦੇ ਕੀਤੇ ਹੋਏ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਸਦਾ ਪ੍ਰੇਰਦੇ ਰਹਿੰਦੇ ਹਨ ।
ਜਦ ਤੋਂ ਦੁਨੀਆ ਬਣੀ ਹੈ, ਜਦ ਤਕ ਬਣੀ ਰਹੇਗੀ, ਮਨੁੱਖ ਦੀ ਮਾਨਸਕ ਬਣਤਰ ਬਾਰੇ ਕੁਦਰਤਿ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ, ਪਰ ਹਾਂ, ਮਨੁੱਖ ਦੀ ਇਹ ਮਾਨਸਕ ਬਣਤਰ ਖ਼ਾਸ ਨਿਯਮਾਂ ਅਨੁਸਾਰ ਬਦਲ ਭੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ । ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ । ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਜਤਨ ਸਦਾ ਕਰਦਾ ਰਹਿੰਦਾ ਹੈ । ਦੁਨੀਆ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ ।
ਗੁਰੂ ਆਪਣੀ ਬਾਣੀ ਦੀ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਣ ਵਿਚ ਜੋੜਦਾ ਹੈ, ਸਿਫ਼ਤਿ-ਸਾਲਾਹ ਵਿਚ ਟਿਕਾਂਦਾ ਹੈ । ਇਸ ਸਿਫ਼ਤਿ-ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਣੀ ਹੈ । ਜਿਉਂ ਜਿਉਂ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਉਂ ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ । ਇਸੇ ਦਾ ਨਾਮ ਹੈ ‘ਮਨ ਨੂੰ ਮਾਰਨਾ,’ ‘ਆਪਾ-ਭਾਵ ਮਿਟਾਣਾ’, ‘ਗੁਰੂ ਦੀ ਸਰਨ ਪੈਣਾ’ ।
ਗੁਰੂ ਮਿਲਦਾ ਹੈ ਪ੍ਰਭੂ ਦੀ ਮਿਹਰ ਨਾਲ
ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਆਪਣੇ ਆਪ ਨੂੰ ਸਹੀ ਜੀਵਨ-ਰਸਤੇ ਉੱਤੇ ਤੋਰ ਸਕੇ । ਆਪ ਤਾਂ ਇਹ ਆਪਣੇ ਸਰੀਰ ਨਾਲ, ਧਨ-ਪਦਾਰਥ ਨਾਲ, ਮਾਇਆ ਦੇ ਮੋਹ ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਮਨ ਦੇ ਮਾਇਕ ਸੰਸਕਾਰਾਂ ਦੇ ਹੇਠ ਨੱਪਿਆ ਰਹਿੰਦਾ ਹੈ ਤੇ ਉਹ ਸੰਸਕਾਰ ਇਸ ਨੂੰ ਸਦਾ ਮਿੱਠੇ ਲੱਗਣੇ ਹੋਏ । ਮਾਇਆ ਹੋਈ ਹੀ ਮਿੱਠੀ ਗੁੜ ਵਰਗੀ । ਆਪਣੇ ਇਸ ਮਿੱਠੇ ਆਪੇ ਨੂੰ ਇਹ ਕਿਵੇਂ ਮਾਰੇ ? ਮਾਰਨ ਦਾ ਖ਼ਿਆਲ ਹੀ ਕਿਵੇਂ ਆਵੇ ?
ਸੋ, ਪ੍ਰਭੂ ਮਿਹਰ ਕਰਦਾ ਹੈ, ਜੀਵ ਨੂੰ ਗੁਰੂ ਮਿਲਾਂਦਾ ਹੈ । ਜਿਸ ਦੇ ਭਾਗ ਜਾਗਦੇ ਹਨ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਸੁਚੇਤ ਹੁੰਦਾ ਹੈ । ਉਸ ਨੂੰ ਸਮਝ ਆਉਂਦੀ ਹੈ ਕਿ ਇਸ ਚੰਦ-ਰੋਜ਼ਾ ਜੀਵਨ ਦੀ ਖ਼ਾਤਰ ਗ਼ਲਤ ਤਰੀਕਿਆਂ ਨਾਲ ਧਨ-ਪਦਾਰਥ ਨਹੀਂ ਕਮਾਣਾ, ਇਹ ਧਨ-ਪਦਾਰਥ ਸਦਾ ਦਾ ਸਾਥੀ ਨਹੀਂ ਹੈ । ਅਸਲ ਸਾਥੀ ਹੈ ਸਿਰਜਣਹਾਰ, ਜੋ ਮੇਰੇ ਅੰਦਰ ਵੱਸ ਰਿਹਾ ਹੈ, ਜੋ ਸਭਨਾਂ ਵਿਚ ਵੱਸ ਰਿਹਾ ਹੈ; ਜੋ ਜਗਤ ਦੇ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ । ਬੱਸ ! ਜਿਉਂ ਜਿਉਂ ਪ੍ਰਭੂ ਦੀ ਯਾਦ ਵਿਚ ਚੁੱਭੀ ਲਾਂਦਾ ਹੈ, ਮਨੁੱਖ ਦਾ ਜੀਵਨ ਪਲਟਦਾ ਜਾਂਦਾ ਹੈ, ਮਨੁੱਖ ਦੀ ਕਿਰਤ-ਕਾਰ ਸੁਚੱਜੀ ਹੁੰਦੀ ਜਾਂਦੀ ਹੈ ?
ਗੁਰੂ ਕੌਣ ਹੈ
ਸਰੀਰਕ ਤੌਰ ਤੇ ਸਦਾ ਇਥੇ ਕਿਸੇ ਨੇ ਟਿਕੇ ਨਹੀਂ ਰਹਿਣਾ । ਕੁਦਰਤ ਦੇ ਨਿਯਮਾਂ ਅਨੁਸਾਰ ਜਗਤ ਰਚਨਾ ਦੇ ਸਮੇਂ ਤੋਂ ਹੀ ਮਨੁੱਖ ਦੀ ਮਾਨਸਕ ਬਣਤਰ ਦੇ ਨਿਯਮ ਅਟੱਲ ਤੁਰੇ ਆ ਰਹੇ ਹਨ । ਇਹ ਨਿਯਮ ਸਦਾ ਲਈ ਅਟੱਲ ਤੁਰਿਆ ਆ ਰਿਹਾ ਹੈ ਕਿ ਜ਼ਿੰਦਗੀ ਦੇ ਦਰਿਆ (ਪਰਮਾਤਮਾ) ਵਿਚ ਜੁੜੇ ਰਿਹਾਂ ਹੀ ਸੁੱਚਾ ਜੀਵਨ ਹਾਸਲ ਹੋ ਸਕਦਾ ਹੈ । ਗੁਰੂ ਨੇ ਇਹ ਸਾਰੇ ਨਿਯਮ ਆਪਣੀ ਬਾਣੀ ਵਿਚ ਸਮਝਾ ਦਿੱਤੇ ਹਨ । ਸੋ, ਇਹ ਬਾਣੀ ਸਦਾ ਲਈ ਮਨੁੱਖ ਦੇ ਸਹੀ ਜੀਵਨ ਦੀ ਅਗਵਾਈ ਕਰਦੀ ਰਹੀ ਹੈ, ਕਰਦੀ ਰਹੇਗੀ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵੇਖੋ । ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਸੇ ਖ਼ਿਆਲ ਦੀ ਹੀ ਵਿਆਖਿਆ ਹੈ ਕਿ ‘ਕਿਵ ਕੂੜੈ ਤੁਟੈ ਪਾਲਿ’ । ਗੁਰੂ; ਬਾਣੀ ਹੈ ਤੇ ਬਾਣੀ ਹੀ ਗੁਰੂ ਹੈ, ਸਦਾ-ਥਿਰ ਗੁਰੂ ਹੈ । ਗੁਰੂ ਦਾ ਸਰੀਰਕ ਇਤਿਹਾਸ ਮਨੁੱਖ ਦੀ ਅਗਵਾਈ ਲਈ ਪੂਰਨੇ ਹਨ । ਇਹ ਇਤਿਹਾਸ ਗੁਰਬਾਣੀ ਦੇ ਅਨੁਕੂਲ ਹੀ ਹੋ ਸਕਦਾ ਹੈ । ਸਰੀਰਕ ਜਾਮੇ ਵੇਲੇ ਗੁਰੂ ਦੀ ਕਥਨੀ ਤੇ ਕਰਣੀ ਮੁਕੰਮਲ ਤੌਰ ਤੇ ਇੱਕ-ਰੂਪ ਰਹੇ ਹਨ।
ਅਨੁਪਾਨ-ਅੰਮ੍ਰਿਤ ਵੇਲਾ ਤੇ ਸਾਧ ਸੰਗਤਿ
ਕਿਸੇ ਸਰੀਰਕ ਰੋਗ ਦਾ ਇਲਾਜ ਕਰਨ ਵਾਸਤੇ ਨਿਰੀ ਦਵਾਈ ਹੀ ਕਾਫ਼ੀ ਨਹੀਂ ਹੋਇਆ ਕਰਦੀ । ਇਹ ਧਿਆਨ ਰੱਖਣਾ ਭੀ ਜ਼ਰੂਰੀ ਹੁੰਦਾ ਹੈ ਕਿ ਦਵਾਈ ਦੁੱਧ, ਪਾਣੀ, ਚਾਹ, ਸ਼ਰਬਤ ਆਦਿਕ ਕਿਸ ਚੀਜ਼ ਨਾਲ ਖਾਣੀ ਹੈ । ਕੋਈ ਦਵਾਈ ਖ਼ਾਲੀ ਪੇਟ ਸਵੇਰੇ ਹੀ ਖਾਣੀ ਹੁੰਦੀ ਹੈ, ਕੋਈ ਰੋਟੀ ਤੋਂ ਪਿਛੋਂ, ਕੋਈ ਪਹਿਲਾਂ । ਇਸੇ ਤਰ੍ਹਾਂ ਖ਼ੁਰਾਕ ਦਾ ਭੀ ਪੂਰਾ ਧਿਆਨ ਰੱਖਣਾ ਹੁੰਦਾ ਹੈ । ਕੋਈ ਚੀਜ਼ ਖਾਣੀ ਹੁੰਦੀ ਹੈ, ਕੋਈ ਨਹੀਂ ਖਾਣੀ ਹੁੰਦੀ ।
ਆਤਮਕ ਤੇ ਮਾਨਸਕ ਰੋਗਾਂ ਵਾਸਤੇ ਭੀ ਇਹੋ ਜਿਹੇ ਹੀ ਨਿਯਮ ਹਨ । ਰੋਗ ਹੈ ‘ਜਗਤ ਦਾ ਮੋਹ’ ਇਸ ਦੀ ਦਵਾਈ ਹੈ ‘ਪ੍ਰਭੂ-ਚਰਨਾਂ ਵਿਚ ਜੁੜਨਾ’ । ਸੂਰਜ ਚੜ੍ਹਦੇ ਸਾਰ ਮਨੁੱਖ ਦੀ ਸੁਰਤਿ ਜਗਤ ਦੇ ਧੰਦਿਆਂ ਵਿਚ ਖਿੰਡ ਜਾਂਦੀ ਹੈ । ਦੁਨੀਆ ਵਾਲੇ ਕੰਮ ਭੀ ਮਨ ਲਾ ਕੇ ਕੀਤਿਆਂ ਹੀ ਸਿਰੇ ਚੜ੍ਹਦੇ ਹਨ ਤੇ ਮਨ ਇਕੋ ਪਾਸੇ ਹੀ ਲੱਗ ਸਕਦਾ ਹੈ-ਚਾਹੇ ਪ੍ਰਭੂ ਦੀ ਯਾਦ ਵਿਚ ਜੁੜੇ, ਚਾਹੇ ਰੋਜ਼ੀ ਕਮਾਣ ਵਾਸਤੇ ਲੋੜੀਂਦੀ ਦੌੜ-ਭੱਜ ਵੱਲ ਪਰਤੇ । ਸੋ, ਸਭ ਤੋਂ ਵਧੀਆ ਗੱਲ ਇਹੀ ਹੈ ਕਿ ਦੁਨੀਆ ਦੀ ਦੌੜ-ਭੱਜ ਤੋਂ ਪਹਿਲਾਂ ਪਹਿਲਾਂ ਹੀ ਮਨੁੱਖ ਆਤਮਕ ਰੋਗਾਂ ਨੂੰ ਦੂਰ ਕਰਨ ਵਾਲੀ ਦਵਾਈ ਵਰਤ ਲਿਆ ਕਰੇ । ਗੁਰਮਤਿ ਦੀ ਬੋਲੀ ਵਿਚ ਇਉਂ ਕਹਿ ਲਵੋ ਕਿ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿਕ ਨਾਲ ਸਰੀਰਕ ਆਲਸ ਦੂਰ ਕਰ ਕੇ ਗੁਰਬਾਣੀ ਵਿਚ ਮਨ ਜੋੜੇ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕੇ ।
‘ਇੱਕ ਇੱਕ ਤੇ ਦੋ ਯਾਰਾਂ’ ਦਾ ਅਖਾਣ ਸਾਡੀ ਬੋਲੀ ਵਿਚ ਪ੍ਰਸਿੱਧ ਹੈ । ਜਿਵੇਂ ਦੁਨਿਆਵੀ ਦੌੜ-ਭੱਜ ਵਿਚ ਇਹ ‘ਗੁਰ’ ਬੜਾ ਹੀ ਜ਼ਰੂਰੀ ਹੈ ਤਿਵੇਂ ਆਤਮਕ ਜੀਵਨ ਉੱਚਾ ਕਰਨ ਵਿਚ ਭੀ ਇਹ ਬੜੀ ਸਹਾਇਤਾ ਕਰਦਾ ਹੈ । ਗੁਰਸਿੱਖੀ ਦੀ ਬੋਲੀ ਵਿਚ ਇਸ ਨੂੰ ਆਖੀਦਾ ਹੈ ‘ਸਾਧ ਸੰਗਤਿ’ । ਸੋ, ਅੰਮ੍ਰਿਤ ਵੇਲੇ ਉੱਠ ਕੇ ਸਿੱਖ ਗੁਰਦੁਆਰੇ ਸਾਧ ਸੰਗਤਿ ਵਿਚ ਜਾਵੇ । ਉਂਞ ਤਾਂ ਜਿਤਨੇ ਹੀ ਵਧੀਕ ਸਤਸੰਗੀ ਹੋਣ, ਉਤਨਾ ਹੀ ਵਧੀਕ ਆਤਮਕ ਆਨੰਦ ਮਿਲਦਾ ਹੈ; ਪਰ ਮਿਲੇ ਮਨ ਵਾਲੇ ਜੇ ਦੋ ਜਣੇ ਭੀ ਰਲ ਕੇ ਗੁਰੂ ਦੀ ਬਾਣੀ ਗਾ ਰਹੇ ਹਨ, ਪੜ੍ਹ ਰਹੇ ਹਨ, ਤਾਂ ਉਹ ‘ਸਾਧ ਸੰਗਤਿ’ ਕਰ ਰਹੇ ਹਨ । ਇਹ ਸਾਧ ਸੰਗਤਿ ਇਕ ਸਕੂਲ ਹੈ ਜਿਥੋਂ ਮਨੁੱਖ ਨੇ ਉੱਚਾ ਆਤਮਕ ਜੀਵਨ ਸਿੱਖਣਾ ਹੈ।
ਅਨੁਪਾਨ-ਸਕੂਲ ਦੀ ਪੜ੍ਹਾਈ ਦਾ ਅੱਭਿਆਸ
ਸਾਧ ਸੰਗਤਿ ਵਿਚ ਅੰਮ੍ਰਿਤ ਵੇਲੇ ਜਾ ਕੇ ਮਨੁੱਖ ਨੇ ਪਰਮਾਤਮਾ ਦੇ ਚਰਨਾਂ ਵਿਚ ਜੁੜਨਾ ਹੈ; ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਹੈ-ਇਹ ਤਾਂ ਹੈ ਦਵਾਈ ਆਤਮਕ ਰੋਗ ਨੂੰ ਦੂਰ ਕਰਨ ਲਈ । ਉਹ ਰੋਗ ਹੈ ‘ਜਗਤ ਦਾ ਮੋਹ’ ‘ਮਾਇਆ ਦੀ ਪਕੜ’ । ਇਸ ਦਵਾਈ ਦੇ ਨਾਲ ਨਾਲ ਗੁਰੂ ਦੀ ਬਾਣੀ ਦੀ ਰਾਹੀਂ ਉਸ ਅਨੁਪਾਨ (ਉਹ ਵਸਤੂ, ਜੋ ਭੋਜਨ ਖਾਣ ਤੋਂ ਬਾਅਦ ਲਈਦੀ ਹੈ) ਦਾ ਭੀ ਹਰ ਰੋਜ਼ ਚੇਤਾ ਕਰਦੇ ਰਹਿਣਾ ਹੈ, ਜੋ ਇਸ ਦਵਾਈ ਦਾ ਪੂਰਾ ਅਸਰ ਹੋਣ ਵਿਚ ਮਦਦ ਕਰਨ । ਉਹ ਹਨ ‘ਹੱਕ ਦੀ ਕਮਾਈ’, ‘ਖ਼ਲਕਤ ਦੀ ਸੇਵਾ’ ਆਦਿਕ ।
ਜਿਵੇਂ ਸਕੂਲ ਵਿਚੋਂ ਵਿੱਦਿਆਰਥੀ ਜਿਹੜਾ ਸਬਕ ਪੜ੍ਹ ਕੇ ਆਉਂਦਾ ਹੈ, ਘਰ ਆ ਕੇ ਉਸ ਨੇ ਉਸ ਸਬਕ ਨੂੰ ਧਿਆਨ ਨਾਲ ਯਾਦ ਕਰਨਾ ਹੁੰਦਾ ਹੈ, ਤਿਵੇਂ ਸਤਸੰਗ ਵਿਚੋਂ ਸਿੱਖੇ ਸ਼ਬਦ ਦਾ ਅੱਭਿਆਸ ਮਨੁੱਖ ਨੇ ਸਾਰੇ ਦਿਨ ਦੀ ਕਿਰਤ-ਕਾਰ ਵੇਲੇ ਕਰਦੇ ਰਹਿਣਾ ਹੈ । ਜੇ ਇਹ ਅਨੁਪਾਨ ਕਿਰਤ-ਕਾਰ ਵੇਲੇ ਭੁੱਲ ਗਏ, ਤਾਂ ਸਵੇਰ ਵੇਲੇ ਵਰਤੀ ਦਵਾਈ ਕਾਟ ਨਹੀਂ ਕਰੇਗੀ, ਆਤਮਕ ਰੋਗ ਟਿਕਿਆ ਹੀ ਰਹੇਗਾ ।
ਪਰਹੇਜ਼, ਸੰਜਮ
ਇਹ ਇਕ ਖੋਤੇ-ਚੜ੍ਹੀ ਗੱਲ ਹੈ ਕਿ ਜਿਹੜਾ ਮਨੁੱਖ ਮੂੰਹ ਨਹੀਂ ਰੱਖਦਾ, ਉਸ ਨੂੰ ਦਵਾਈ ਕੋਈ ਕਾਟ ਨਹੀਂ ਕਰ ਸਕਦੀ । ਪਰਹੇਜ਼ ਬਹੁਤ ਹੀ ਜ਼ਰੂਰੀ ਹੈ । ਇਹੀ ਹਾਲ ਹੈ ਆਤਮਕ ਰੋਗਾਂ ਦਾ । ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤਿ ਵਿਚ ਜਾ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਵਾਈ ਵਰਤ ਆਵੇ, ਗੁਰੂ ਦੀ ਬਾਣੀ ਦਾ ਪਾਠ ਕਰ ਲਏ, ਪਰ ਜੇ ਉਹ ਸਾਰਾ ਦਿਨ ਕਿਰਤ-ਕਾਰ ਵਿਚ, ਕਾਰ-ਵਿਹਾਰ ਵਿਚ ਸੰਜਮ ਨਹੀਂ ਵਰਤਦਾ ਤਾਂ ਆਤਮਕ ਰੋਗ ਉਵੇਂ ਹੀ ਟਿਕਿਆ ਰਹੇਗਾ ।
ਰੋਜ਼ੀ ਕਮਾਣ ਦੇ ਆਮ ਤੌਰ ਤੇ ਚਾਰ ਪੰਜ ਵਸੀਲੇ ਹੀ ਹਨ-ਵਾਹੀ, ਹੱਟੀ, ਵਪਾਰ, ਨੌਕਰੀ ਤੇ ਮਜ਼ਦੂਰੀ । ਹਰੇਕ ਮਨੁੱਖ ਚੰਗੀ ਤਰ੍ਹਾਂ ਆਪ ਹੀ ਜਾਣਦਾ ਹੈ ਕਿ ਉਹ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰ ਰਿਹਾ ਹੈ ਜਾਂ ਨਹੀਂ । ਜੇ ਨਹੀਂ ਕਰਦਾ ਤਾਂ ਉਹ ਪਰਾਇਆ ਹੱਕ ਖਾ ਰਿਹਾ ਹੈ ।
ਕਾਮ-ਵੱਸ ਹੋ ਕੇ ਪਰਾਏ ਰੂਪ ਨੂੰ ਭੈੜੀ ਨਿਯਤ ਨਾਲ ਤੱਕਣਾ, ਪਰ ਇਸਤ੍ਰੀ-ਗਾਮੀ ਹੋਣਾ-ਜੀਵਨ ਸਫ਼ਰ ਵਿਚ ਇਕ ਬੜੀ ਭਾਰੀ ਉਖੇੜ ਹੈ । ਈਰਖਾ, ਨਿੰਦਾ, ਅਹੰਕਾਰ, ਲਾਲਚ ਆਦਿਕ ਅਨੇਕਾਂ ਹੀ ਜੀਵਨ-ਠੇਡੇ ਹਨ ਜਿਨ੍ਹਾਂ ਤੋਂ ਸਦਾ ਬਚ ਕੇ ਰਹਿਣਾ ਹੈ; ਨਹੀਂ ਤਾਂ ਅੰਮ੍ਰਿਤ ਵੇਲੇ ਦੀ ਵਰਤੀ ਦਵਾਈ ਰੋਗ ਨੂੰ ਕੱਟ ਨਹੀਂ ਸਕੇਗੀ ।
ਹੁਣ ਤਕ ਦੀ ਵਿਚਾਰ ਦਾ ਨਿਚੋੜ
ਮਾਇਆ ਦਾ ਮੋਹ ਕਈ ਰੂਪਾਂ ਵਿਚ ਜੀਵ ਨੂੰ ਪ੍ਰਭੂ-ਚਰਨਾਂ ਨਾਲੋਂ ਵਿਛੋੜੀ ਰੱਖਦਾ ਹੈ। ਜੀਵ ਅਨੇਕਾਂ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ । ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ। ਗੁਰੂ ਆਪਣੀ ਬਾਣੀ ਰਾਹੀਂ ਮਨੁੱਖ ਨੂੰ ਪ੍ਰਭੂ-ਚਰਨਾਂ ਵਿਚ ਜੋੜਦਾ ਹੈ। ਅੰਮ੍ਰਿਤ ਵੇਲੇ ਉੱਠਣ ਦਾ, ਸਾਧ ਸੰਗਤਿ ਵਿਚ ਜੁੜ ਕੇ ਨਾਮ ਸਿਮਰਨ ਦਾ ਅਭਿਆਸੀ ਬਣਨ ਦੀ ਤਾਕੀਦ ਕਰਦਾ ਹੈ ਤੇ ਨਾਲ ਨਾਲ ਉਹ ਸਿਖਾਂਦਾ ਹੈ ਕਿ ਹੱਕ ਦੀ ਕਮਾਈ ਕਰਨੀ ਹੈ। ਉਸ ਕਮਾਈ ਵਿੱਚੋਂ ਵਿਤ ਅਨੁਸਾਰ ਖ਼ਲਕਤ ਦੀ ਸੇਵਾ ਕਰਨੀ ਹੈ। ਪਰਾਏ ਧਨ, ਪਰਾਏ ਤਨ, ਪਰਾਈ ਨਿੰਦਾ ਆਦਿਕ ਵੱਲੋਂ ਪਰਹੇਜ਼ ਕਰਦੇ ਰਹਿਣਾ ਹੈ । ਗੁਰੂ ਆਪਣੇ ਉਪਦੇਸ਼ ਨਾਲ, ਆਪਣੀ ਕਰਣੀ ਨਾਲ, ਮਨੁੱਖ ਨੂੰ ਉੱਚੇ ਆਚਰਨ ਵਾਲਾ ਮਨੁੱਖ ਬਣਾਂਦਾ ਹੈ, ਮਨੁੱਖ ਨੂੰ ਦੇਵਤਾ ਬਣਾ ਦੇਂਦਾ ਹੈ । ਜੀਵਾਤਮਾ ਨੂੰ ਪਰਮਾਤਮਾ ਨਾਲ ਇਕ-ਮਿਕ ਕਰਦਾ ਹੈ ।
ਪਰ ਕਈ ਭੁਲੇਖੇ
ਭੈੜੀਆਂ ਵਾਦੀਆਂ ਆਪਣੇ ਅੰਦਰੋਂ ਦੂਰ ਕਰ ਕੇ ਉੱਚਾ ਸੁੱਚਾ ਆਚਰਨ ਬਣਾਨਾ ਬਹੁਤ ਹੀ ਔਖਾ ਕੰਮ ਹੈ, ਪਹਾੜ ਉੱਤੇ ਚੜ੍ਹਨ ਵਾਂਗ ਹੈ । ਕਿਸੇ ਭੀ ਇਕ ਭੈੜੀ ਵਾਦੀ ਦਾ ਜ਼ੋਰ ਵਿਚਾਰ ਵੇਖੋ । ਕੀ ਦੂਜਿਆਂ ਦੀ ਨਿੰਦਾ ਕਰਨ ਦੀ ਪੈ ਚੁੱਕੀ ਵਾਦੀ ਛੱਡਣਾ ਕੋਈ ਸੌਖਾ ਕੰਮ ਹੈ ? ਇਹ ਇਕ ਐਸਾ ਚਸਕਾ ਹੈ ਕਿ ਘੰਟਿਆਂ-ਬੱਧੀ ਇਸ ਨਿਕੰਮੀ ਵਾਦੀ ਵਿਚ ਲੰਘ ਜਾਂਦੇ ਹਨ। ਆਪਣੇ ਕਈ ਕੰਮ ਉਤਨੇ ਵਿਚ ਵਿਗੜ ਜਾਂਦੇ ਹਨ, ਪਰ ਨਿੰਦਕ; ਨਿੰਦਾ ਕਰਨੀ ਤੇ ਸੁਣਨੀ ਨਹੀਂ ਛੱਡਦਾ ।
ਸੋ, ਇਸ ਸੌਖੇ ਜੀਵਨ-ਰਾਹ ਵੱਲੋਂ ਹਟ ਕੇ ਮਨੁੱਖ ਨਿਰੀਆਂ ਧਾਰਮਿਕ ਰਸਮਾਂ ਕਰਨ ਨੂੰ ਹੀ ਧਰਮ ਸਮਝ ਲੈਂਦਾ ਹੈ । ਇਹ ਰਸਮਾਂ ਪੂਰੀਆਂ ਕਰ ਕੇ ਆਪਣੇ ਥਾਂ ਇਹ ਮਨੌਤ ਬਣਾ ਲੈਂਦਾ ਹੈ ਕਿ ਮੈਂ ਧਰਮੀ ਬਣ ਰਿਹਾ ਹਾਂ । ਵੇਖਣਾ ਇਹ ਹੁੰਦਾ ਹੈ ਕਿ ਅਜਿਹੀ ਕਿਸੇ ਮਿਥੀ ਹੋਈ ਧਾਰਮਿਕ ਰਸਮ ਦੇ ਕਰਨ ਨਾਲ ਜੀਵਨ ਵਿਚ ਕੋਈ ਫ਼ਰਕ ਪਿਆ ਹੈ ਜਾਂ ਨਹੀਂ। ਕੋਈ ਭੈੜੀ ਵਾਦੀ ਅੱਗੇ ਨਾਲੋਂ ਕਮਜ਼ੋਰ ਹੋਈ ਹੈ ਜਾਂ ਨਹੀਂ ।
(ੳ) ਤੀਰਥ-ਇਸ਼ਨਾਨ :
ਉਂਞ ਤਾਂ ਦਿਨ ਸਾਰੇ ਇਕੋ ਜਿਹੇ ਹੀ ਹਨ, ਪਰ ਮਨੁੱਖ ਕਿਸੇ ਖ਼ਾਸ ਇੱਕ ਦਿਨ ਨੂੰ ਪਵਿੱਤਰ ਮੰਨ ਕੇ ਉਸ ਦਿਨ ਕਿਸੇ ਤੀਰਥ ਉੱਤੇ ਇਸ਼ਨਾਨ ਕਰ ਕੇ ਸਮਝ ਲੈਂਦਾ ਹੈ ਕਿ ਮੈਂ ਪੁੰਨ ਕਰਮ ਕਰ ਆਇਆ ਹਾਂ । ਨਿਰਾ ਫ਼ਰਜ਼ ਕਰ ਲੈਣਾ ਕਾਫ਼ੀ ਨਹੀਂ ਹੈ । ਲੋੜ ਇਸ ਗੱਲ ਦੀ ਹੈ ਕਿ, ਕੀ ਤੀਰਥ-ਇਸ਼ਨਾਨ ਦੀ ਬਰਕਤਿ ਨਾਲ ਹੱਕ ਦੀ ਕਮਾਈ ਕਰਨ ਦੀ ਆਦਤ ਬਣ ਗਈ ਹੈ, ਪਰ-ਇਸਤ੍ਰੀ ਵੱਲ ਵਿਕਾਰ ਵਾਲੀ ਨਿਗਾਹ ਪੈਣੋਂ ਹੱਟ ਗਈ ਹੈ, ਕਿਸੇ ਨਾਲ ਈਰਖਾ ਤਾਂ ਨਹੀਂ ਰਹੀ, ਕਿਸੇ ਦਾ ਨੁਕਸਾਨ ਹੁੰਦਾ ਵੇਖ ਕੇ ਮਨ ਖ਼ੁਸ਼ ਤਾਂ ਨਹੀਂ ਹੁੰਦਾ । ਜੇ ਤੀਰਥ-ਇਸ਼ਨਾਨ ਨਾਲ ਮਨ ਵਿਚ ਭਲੇ ਪਾਸੇ ਦੀ ਇਹੋ ਜਹੀ ਕੋਈ ਤਬਦੀਲੀ ਨਹੀਂ ਆਈ ਤਾਂ ਤੀਰਥ-ਇਸ਼ਨਾਨ ਤੋਂ ਆਤਮਕ ਜੀਵਨ ਵਾਲੇ ਪਾਸੇ ਦਾ ਖੱਟਿਆ ਕੀਹ ?
(ਅ) ਤਿਆਗ :
ਗ੍ਰਿਹਸਤੀ ਮਨੁੱਖ ਸਮਝਦਾ ਹੈ ਕਿ ਜਿਹੜਾ ਮਨੁੱਖ ਘਰ ਛੱਡ ਕੇ ਜੰਗਲ ਦੇ ਗੋਸ਼ੇ ਵਿਚ ਜਾ ਬੈਠਾ ਹੈ ਉਸ ਉੱਤੇ ਮਾਇਆ ਦੇ ਮੋਹ ਦਾ ਪ੍ਰਭਾਵ ਨਹੀਂ ਪੈਂਦਾ, ਪਰ ਇਹ ਭਾਰੀ ਭੁਲੇਖਾ ਹੈ । ਸਰਬ-ਵਿਆਪਕ ਪਰਮਾਤਮਾ ਸਾਰੀ ਖ਼ਲਕਤ ਵਿਚ ਵੱਸਦਾ ਹੈ । ਜੇ ਉਸ ਨੂੰ ਖ਼ਲਕਤ ਵਿਚ ਨਾ ਵੇਖਿਆ, ਜੇ ਖ਼ਲਕਤ ਦੀ ਸੇਵਾ ਨਾ ਕੀਤੀ, ਜੇ ਖ਼ਲਕਤ ਤੋਂ ਰੁੱਸ ਕੇ ਲਾਂਭੇ ਜਾ ਬੈਠੇ ਤਾਂ ਮਨੁੱਖ ਦੇ ਅੰਦਰ ਪ੍ਰੇਮ-ਪਿਆਰ ਕਿਵੇਂ ਪੈਦਾ ਹੋ ਸਕਦਾ ਹੈ ? ਪਰਮਾਤਮਾ ਹੈ ਪਿਆਰ-ਸਰੂਪ । ਰੁੱਖੇ ਸੁਭਾਉ ਵਾਲੇ ਤਿਆਗੀ ਦਾ ਪਿਆਰ-ਸਰੂਪ ਪ੍ਰਭੂ ਨਾਲ ਮੇਲ ਹੋਣਾ ਅਸੰਭਵ ਹੈ। ਸਰੀਰ ਨੂੰ ਭੋਜਨ ਚਾਹੀਦਾ ਹੈ, ਕੱਪੜਾ ਚਾਹੀਦਾ ਹੈ, ਇਸ ਦਾ ਭਾਰ ਗ੍ਰਿਹਸਤੀ ਦੇ ਮੋਢਿਆਂ ਉੱਤੇ ਕਿਉਂ ਪਏ ? ਸਮਾਧੀਆਂ ਦੇ ਆਸਰੇ ਰਿੱਧੀਆਂ ਸਿੱਧੀਆਂ ਆਦਿਕ ਕਰਾਮਾਤੀ ਤਾਕਤਾਂ ਹਾਸਲ ਕੀਤਿਆਂ ‘ਤਿਆਗੀ’ ਮਨੁੱਖ ਸਗੋਂ ਵਧੀਕ ਔਝੜੇ ਜਾ ਪੈਂਦਾ ਹੈ । ਕਿਸੇ ਨੂੰ ਸਰਾਪ ਦਾ ਡਰ ਦੇਂਦਾ ਹੈ, ਕਿਸੇ ਨੂੰ ਵਰ ਦਾ ਲਾਲਚ ਦੇਂਦਾ ਹੈ । ਪਰਮਾਤਮਾ ਨਾਲੋਂ ਵਿੱਥ ਤਾਂ ਇਸ ਦੀ ਬਣੀ ਹੀ ਰਹੀ ਤੇ ਖ਼ਲਕਤ ਨਾਲੋਂ ਭੀ ।
(ੲ) ਮੂਰਤੀ :
ਜਿਸ ਨਾਲ ਪਿਆਰ ਹੋਵੇ, ਕੁਦਰਤੀ ਤੌਰ ਤੇ ਜੀ ਕਰਦਾ ਹੈ ਕਿ ਉਸ ਦੀ ਸੂਰਤ ਸਾਡੀਆਂ ਅੱਖਾਂ ਦੇ ਸਾਹਮਣੇ ਟਿਕੀ ਰਹੇ, ਪਰ ਇਹ ਪਿਆਰ ਹੈ ਦੁਨੀਆਵੀ ਪਿਆਰ, ਦੁਨੀਆਵੀ ਰਿਸ਼ਤੇਦਾਰਾਂ ਵਾਲਾ ਪਿਆਰ । ਸਰੀਰ; ਸਦਾ ਨਾਲ ਨਹੀਂ ਨਿਭ ਸਕਦੇ । ਮਨੁੱਖ ਦਾ ਜੀਅ ਲੋਚਦਾ ਹੈ ਕਿ ਮੇਰੇ ਅਤਿ ਪਿਆਰੇ ਸੰਬੰਧੀ ਦੀ ਸਰੀਰਕ ਸ਼ਕਲ ਸਦਾ ਲਈ ਮੇਰੇ ਪਾਸ ਟਿਕੀ ਰਹੇ; ਜੇ ਉਹ ਸਰੀਰਕ ਤੌਰ ਤੇ ਮੈਥੋਂ ਵਿੱਛੁੜ ਜਾਏ ਤਾਂ ਭੀ ਉਸ ਦੀ ਤਸਵੀਰ ਦੀ ਰਾਹੀਂ, ਉਸ ਦੀ ਮੂਰਤੀ ਦੀ ਰਾਹੀਂ, ਮੈਂ ਉਸ ਨੂੰ ਵੇਖ ਸਕਿਆ ਕਰਾਂ, ਪਰ ਜਿਸ ਮਹਾਂ ਪੁਰਖ ਨੂੰ, ਜਿਸ ਅਵਤਾਰ ਨੂੰ, ਜਿਸ ਗੁਰੂ ਨੂੰ ਮਨੁੱਖ ਆਪਣਾ ਇਸ਼ਟ ਬਣਾਂਦਾ ਹੈ, ਉਸ ਨੂੰ ਬਣਾਂਦਾ ਹੈ ਆਪਣਾ ਆਤਮਕ ਜੀਵਨ ਉੱਚਾ ਕਰਨ ਲਈ । ਆਤਮਕ ਜੀਵਨ ਦੀ ਉੱਚਤਾ ਇਹ ਹੈ ਕਿ ਮਨੁੱਖ ਦੇ ਅੰਦਰੋਂ ਮੇਰ-ਤੇਰ ਮਿਟੇ, ਵੈਰ-ਵਿਰੋਧ ਦੂਰ ਹੋਵੇ, ਨਫ਼ਰਤ-ਈਰਖਾ ਮੁੱਕੇ; ਆਪਣੇ ਅੰਦਰ ਵੱਸਦਾ ਪਰਮਾਤਮਾ ਸਾਰੀ ਖ਼ਲਕਤ ਵਿਚ ਵੱਸਦਾ ਦਿੱਸੇ ਤਾਂ ਕਿ ਮਨੁੱਖ ਸਭ ਦਾ ਭਲਾ ਮੰਗੇ, ਵਧੀਕੀ ਕਰਨ ਵਾਲੇ ਦਾ ਭੀ ਭਲਾ ਮੰਗੇ । ਇਹ ਆਤਮਕ ਉੱਚਤਾ ਤਦੋਂ ਹੀ ਮਨੁੱਖ ਦੇ ਅੰਦਰ ਪੱਲ੍ਹਰ ਸਕਦੀ ਹੈ ਜੇ ਇਹ ਉੱਚੇ ਸੁੱਚੇ ਜੀਵਨ ਵਾਲੇ ਆਪਣੇ ਇਸ਼ਟ ਦੇ ਆਤਮਾ ਨਾਲ ਜੁੜਿਆ ਰਹੇ । ਉੱਚੇ ਮਹਾਂ ਪੁਰਖ ਦਾ ਆਤਮਾ ਹੈ ਉਸ ਦੀ ਬਾਣੀ । ਜਿਉਂ ਜਿਉਂ ਮਨੁੱਖ ਆਪਣੇ ਇਸ਼ਟ (ਮਹਾਂ ਪੁਰਖ) ਦੀ ਬਾਣੀ ਨਾਲ ਜੁੜਦਾ ਹੈ, ਉਸ ਦੇ ਅੰਦਰ ਆਤਮਕ ਜੀਵਨ ਉੱਚਾ ਬਣਾਣ ਵਾਲੇ ਗੁਣ ਵਧਦੇ ਫੁਲਦੇ ਹਨ ।
ਜੋ ਮਨੁੱਖ ਆਪਣੇ ਇਸ਼ਟ ਦੇ ਆਤਮਕ ਜੀਵਨ ਨਾਲ, ਆਤਮਾ ਨਾਲ, ਬਾਣੀ ਨਾਲ ਇਕ-ਮਿਕ ਹੋਣ ਦੇ ਥਾਂ ਉਸ ਦੀ ਤਸਵੀਰ ਬਣਾ ਕੇ ਉਸ ਦੀ ਮੂਰਤੀ ਬਣਾ ਕੇ ਆਪਣੀਆਂ ਅੱਖਾਂ ਦੀ ਰਾਹੀਂ, ਉਸ ਤਸਵੀਰ ਨੂੰ, ਉਸ ਦੀ ਮੂਰਤੀ ਨੂੰ ਆਪਣੇ ਦਿਮਾਗ਼ ਵਿਚ ਵਸਾਣ ਦਾ ਜਤਨ ਕਰਨ ਲੱਗਦਾ ਹੈ, ਤਾਂ ਉਹ ਸਦੀਵੀ ਆਤਮਾ ਦੇ ਥਾਂ ਨਾਸਵੰਤ ਸਰੀਰ ਨਾਲ ਹੀ ਪਿਆਰ ਬਣਾਂਦਾ ਹੈ । ਆਤਮਕ ਉੱਚਤਾ ਲਾਂਭੇ ਹੀ ਰਹਿ ਜਾਂਦੀ ਹੈ । ਨਿੱਤ ਮੂਰਤੀ ਅੱਗੇ ਧੂਪ ਧੁਖਾ ਕੇ ਪੂਜਾ ਆਦਿਕ ਕਰਨ ਵਾਲਾ ਮਨੁੱਖ ਕਦੇ ਇਹ ਸੋਚਣ ਦੀ ਖੇਚਲ ਹੀ ਨਹੀਂ ਕਰ ਸਕਦਾ, ਨਹੀਂ ਕਰਦਾ ਕਿ ਇਸ ਉੱਦਮ ਨਾਲ ਮਨ ਵਿੱਚੋਂ ਭੈੜੀਆਂ ਵਾਦੀਆਂ ਕਿੰਨੀਆਂ ਕੁ ਕਮਜ਼ੋਰ ਹੋਈਆਂ ਹਨ, ਕਿੰਨੀਆਂ ਕੁ ਘਟੀਆਂ ਹਨ । ਇਹ ਇਕ ਰਸਮੀ ਉੱਦਮ ਹੀ ਬਣਿਆ ਰਹਿ ਜਾਂਦਾ ਹੈ।
ਭਗਵਾਨ ਦੀ ਮੂਰਤੀ ਬਣਾਣੀ ਤਾਂ ਹੈ ਹੀ ਇਕ ਅਲੋਕਾਰ ਗੱਲ । ਉਸ ਦੀ ਤਸਵੀਰ ਉਸ ਦੀ ਮੂਰਤੀ ਤਾਂ ਬਣ ਹੀ ਨਹੀਂ ਸਕਦੀ, ਪਰ ਹਾਂ, ਸਾਰੀ ਦੁਨੀਆ ਦੇ ਜੀਅ ਜੰਤ ਉਸ ਦੀਆਂ ਮੂਰਤੀਆਂ ਹਨ । ਇਹਨਾਂ ਨੂੰ ਪੈਦਾ ਕਰ ਕੇ ਇਹਨਾਂ ਵਿਚ ਉਹ ਵੱਸਦਾ ਭੀ ਹੈ ਤੇ ਇਹਨਾਂ ਤੋਂ ਨਿਰਲੇਪ ਵੱਖਰਾ ਭੀ ਹੈ । ਭਗਵਾਨ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਨ ਵਾਲਾ ਮਨੁੱਖ ਉਸ ਦੀ ਸਰਬ-ਵਿਆਪਕਤਾ ਭੁਲਾ ਕੇ ਉਸ ਨੂੰ ਸਿਰਫ਼ ਉਸ ਦੀ ਮੂਰਤੀ ਵਿਚ ਹੀ ਵੇਖਣ ਦਾ ਜਤਨ ਕਰਦਾ ਰਹਿੰਦਾ ਹੈ ਤੇ ਵੇਖਣ ਦਾ ਆਦੀ ਹੋ ਜਾਂਦਾ ਹੈ । ਸਰਬ-ਵਿਆਪਕ ਨੂੰ ਸਾਰੀ ਖ਼ਲਕਤ ਵਿਚ ਵੇਖਣ ਦੀ ਆਦਤ ਬਣਾ ਕੇ ਜਿਹੜਾ ਹਿਰਦਾ ਵਿਸ਼ਾਲ ਬਣਨਾ ਸੀ, ਉਹ ਸੁੰਗੜ ਕੇ ਖ਼ਲਕਤ ਨਾਲੋਂ ਕੱਟਿਆ ਰਹਿੰਦਾ ਹੈ । ਉਸ ਵਿਚ ਸਰਬ-ਵਿਆਪਕ ਦੇ ਉੱਚੇ ਗੁਣ ਪੱਲ੍ਹਰਨ ਦੇ ਥਾਂ; ਮੇਰ-ਤੇਰ, ਵੈਰ-ਵਿਰੋਧ, ਨਫ਼ਰਤ-ਈਰਖਾ ਪੈਦਾ ਕਰਨ ਵਾਲੇ ਭੈੜ ਹੀ ਵਧਦੇ ਰਹਿੰਦੇ ਹਨ ।
ਗੁਰਮਤਿ ਦੀ ਪਟੜੀ :
ਗ੍ਰਿਹਸਤ ਵਿਚ ਰਹਿੰਦਿਆਂ, ਕਿਰਤ-ਕਾਰ ਕਰਦਿਆਂ ਮਨੁੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਯਾਦ ਵਿਚ ਨਿੱਤ ਜੁੜਨਾ ਹੈ । ਕਿਰਤ-ਕਾਰ ਵਿਚ ਕਮਾਈ ਸਦਾ ਹੱਕ ਦੀ ਕਰਨੀ ਹੈ ਤੇ ਉਸ ਵਿੱਚੋਂ ਲੋੜਵੰਦਾਂ ਦੀ ਸੇਵਾ ਭੀ ਕਰਦੇ ਰਹਿਣਾ ਹੈ। ਸੇਵਾ ਕਰਨੀ ਹੈ ਨਿਰਮਾਣ ਰਹਿ ਕੇ । ਦਿਨ ਵੇਲੇ ਭੀ ਜਦੋਂ ਸਬੱਬ ਬਣੇ, ਭਲੇ ਮਨੁੱਖਾਂ ਦੀ ਸੁਹਬਤ (ਭਾਵ ਸੰਗਤ) ਕਰਨੀ ਹੈ । ਕੁਸੰਗ ਤੋਂ ਬਚਣਾ ਹੈ । ਕਿਸੇ ਨੂੰ ਕੋਈ ਤਕਲੀਫ਼ ਦੇਣੀ ਜਾਂ ਕਿਸੇ ਦਾ ਕੋਈ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਦਾ ਦਿਲ ਭੀ ਕਦੇ ਕੋਈ ਖਰ੍ਹਵਾ ਬੋਲ ਵਰਤ ਕੇ ਨਹੀਂ ਦੁਖਾਣਾ । ਦੂਜੇ ਵੱਲੋਂ ਹੋਈ ਵਧੀਕੀ ਨੂੰ ਜਰਨਾ ਹੈ, ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਹੀ ਕਰਨੀ ਹੈ । ਪਰਮਾਤਮਾ ਦੀ ਯਾਦ ਦੀ ਇੰਨੀ ਆਦਤ ਪਕਾਣੀ ਹੈ ਕਿ ਤੁਰਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਇਹ ਯਾਦ ਮਨ ਵਿਚ ਟਿਕੀ ਰਹੇ । ਇਸ ਯਾਦ ਦੀ ਬਰਕਤ ਨਾਲ ਮਨ ਨੂੰ ਸਦਾ ਵਿਕਾਰਾਂ ਵੱਲੋਂ ਰੋਕਦੇ ਰਹਿਣਾ ਹੈ । ਇਸ ਤਰ੍ਹਾਂ ਅੰਦਰ ਪੁਰਾਣੇ ਟਿਕੇ ਹੋਏ ਭੈੜੇ ਸੰਸਕਾਰ ਸਹਜੇ ਸਹਜੇ ਮਿਟਦੇ ਮਿਟਦੇ ਉੱਕਾ ਹੀ ਮਿਟ ਜਾਣਗੇ, ਆਚਰਨ ਇੰਨਾ ਉੱਚਾ ਹੋ ਜਾਏਗਾ ਕਿ ਜੀਵਾਤਮਾ ਤੇ ਪਰਮਾਤਮਾ ਇਕ-ਰੂਪ ਹੋ ਜਾਏਗਾ । ਬੱਸ ! ਇਹ ਹੈ ਮੁਕਤੀ । ਮੁਕਤੀ ਤੋਂ ਭਾਵ ਹੈ ਵਿਕਾਰਾਂ ਵੱਲੋਂ ਮੁਕੰਮਲ ਆਜ਼ਾਦੀ । ਜਿਹੜਾ ਮਨੁੱਖ ਇਸ ਅਵਸਥਾ ’ਤੇ ਅੱਪੜ ਗਿਆ, ਉਸ ਦੀ ਪਰਮਾਤਮਾ ਨਾਲੋਂ ਵਿੱਥ ਮੁੱਕ ਗਈ । ਉਸ ਨੂੰ ਆਪਣੇ ਅੰਦਰ ਤੇ ਬਾਹਰ ਹਰ ਥਾਂ ਹਰੇਕ ਜੀਵ ਵਿਚ ਉਹ ਸਿਰਜਣਹਾਰ ਪ੍ਰਭੂ ਹੀ ਦਿੱਸ ਪਿਆ । ਉਹ ਕਦੇ ਲੁਕ ਕੇ ਭੀ ਕੋਈ ਵਿਕਾਰ ਨਹੀਂ ਕਰ ਸਕਦਾ । ਲੁਕੇ ਕਿਸ ਤੋਂ ? ਵੇਖਣ ਵਾਲਾ ਤਾਂ ਉਸ ਨੂੰ ਆਪਣੇ ਹੀ ਅੰਦਰ ਬੈਠਾ ਪ੍ਰਤੱਖ ਸਦਾ ਦਿੱਸਦਾ ਹੈ । ਸੁਖ ਆਵੇ ਚਾਹੇ ਦੁੱਖ ਆਵੇ, ਉਸ ਨੂੰ ਸਭ ਕੁਝ ਪਰਮਾਤਮਾ ਦੀ ਰਜ਼ਾ ਵਿਚ ਆਇਆ ਦਿੱਸਦਾ ਹੈ ਤੇ ਰਜ਼ਾ ਉਸ ਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ ।
ਜੀਵਨ-ਸਫ਼ਰ ਦੀ ਇਸ ਪਟੜੀ ਉੱਤੇ ਮਨੁੱਖ ਨੂੰ ਗੁਰੂ ਤੋਰਦਾ ਹੈ, ਆਪਣੇ ਉਪਦੇਸ਼ ਦੀ ਰਾਹੀਂ, ਆਪਣੀ ਬਾਣੀ ਦੀ ਰਾਹੀਂ, ਆਪਣੇ ਜੀਵਨ-ਪੂਰਨਿਆਂ ਦੀ ਰਾਹੀਂ ਤੇ ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ ।