ਸੰਗਰੂਰ ਲੋਕ ਸਭਾ ਚੋਣ ਨਤੀਜਿਆਂ ਨੇ ਬਦਲੇ ਰਾਜਨੀਤਕ ਸਮੀਕਰਨ

0
188

ਸੰਗਰੂਰ ਲੋਕ ਸਭਾ ਚੋਣ ਨਤੀਜਿਆਂ ਨੇ ਬਦਲੇ ਰਾਜਨੀਤਕ ਸਮੀਕਰਨ

ਕਿਰਪਾਲ ਸਿੰਘ (ਬਠਿੰਡਾ)-88378-13661

ਫ਼ਰਵਰੀ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ 117 ’ਚੋਂ 92 ਸੀਟਾਂ ਵੱਡੇ ਫਰਕ ਨਾਲ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਆਪਣੇ ਸਭ ਤੋਂ ਮਜ਼ਬੂਤ ਕਿਲ੍ਹੇ ਸੰਗਰੂਰ (ਲੋਕ ਸਭਾ ਹਲਕੇ) ’ਚ ਕੇਵਲ ਤਿੰਨ ਕੁ ਮਹੀਨੇ ਪਿੱਛੋਂ ਉਸ ਵਿਅਕਤੀ ਤੋਂ ਚੋਣ ਹਾਰ ਜਾਣਾ; ਜਿਸ ਨੂੰ ਜਮਾਨਤ ਜ਼ਬਤ ਕਰਵਾਉਣ ਦਾ ਰਿਕਾਰਡ ਬਣਾਉਣ ਵਾਲਾ ਕਹਿ ਕੇ ਮਖੌਲ ਕੀਤੇ ਜਾਂਦੇ ਸਨ; ਜਿੱਥੇ ਹੈਰਾਨੀਜਨਕ ਹੈ ਉੱਥੇ ਪੰਜਾਬ ਦੀ ਭਵਿੱਖ ਦੀ ਰਾਜਨੀਤੀ ’ਚ ਵੱਡੇ ਫੇਰਬਦਲ ਹੋਣ ਦੇ ਸੰਕੇਤ ਵੀ ਹਨ। ਪਹਿਲਾ ਸੰਕੇਤ ਤਾਂ ਇਹ ਹੈ ਕਿ ਪੰਜਾਬੀ ਆਜ਼ਾਦ ਵਿਰਤੀ ਦੇ ਮਾਲਕ ਹੋਣ ਕਰਕੇ ਫੈੱਡਰਲ ਢਾਂਚੇ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਦੀ ਦਖ਼ਲ ਅੰਦਾਜ਼ੀ ਦੇ ਸਖ਼ਤ ਖਿਲਾਫ਼ ਹਨ। ਪੰਜਾਬੀਆਂ ਦੀ ਇਸ ਬਣੀ ਸੋਚ ਦੇ ਠੋਸ ਕਾਰਨ ਹਨ ਕਿ ਪੰਜਾਬ ’ਚ ਬਹੁ ਗਿਣਤੀ ਸਿੱਖਾਂ ਦੀ ਹੈ ਪਰ ਪੂਰੇ ਭਾਰਤ ’ਚ ਸਿੱਖ ਅਤਿ ਘੱਟ ਗਿਣਤੀ ’ਚ ਹਨ। ਭਾਰਤ ਦਾ ਸੰਵਿਧਾਨ ਭਾਵੇਂ ਧਰਮ ਨਿਰਪੱਖ ਹੈ ਪਰ ਰਾਜਨੀਤੀ ’ਚ ਗੁਣਾਂ ਦੀ ਨਹੀਂ ਬਲਕਿ ਵੋਟਾਂ ਦੀ ਗਿਣਤੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਰਾਸ਼ਟਰਵਾਦੀ ਪਾਰਟੀਆਂ ਦੀ ਨੀਤੀ ਹਮੇਸ਼ਾਂ ਬਹੁ ਗਿਣਤੀ ਨੂੰ ਖੁਸ਼ ਰੱਖਣ ਕਾਰਨ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਕੇਵਲ ਅਣਗੌਲ਼ਿਆ ਹੀ ਨਹੀਂ ਕੀਤਾ ਜਾਂਦਾ ਬਲਕਿ ਵਿਤਕਰਾ ਵੀ ਕੀਤਾ ਜਾਂਦਾ ਹੈ।

ਦੂਸਰੇ ਪਾਸੇ ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ  ਸੁਨਿ ਰੇ ਮਨਾਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭ ਦੀ ਸਿੱਖਿਆ ਰਾਹੀਂ ਇੰਨਾ ਬਲਵਾਨ ਬਣਾ ਦਿੱਤਾ ਹੈ ਕਿ ਉਹ ਨਾ ਕਿਸੇ ਤੋਂ ਡਰਦੇ ਹਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਮਜ਼ਲੂਮਾਂ ’ਤੇ ਅਤਿਆਚਾਰ ਕਰਨ ਵਾਲੇ ਬਾਬਰ ਨੂੰ ਵੰਗਾਰਦੇ ਹੋਏ ਕਿਹਾ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ (ਮਹਲਾ /੭੨੨), ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨਿ੍ ਬੈਠੇ ਸੁਤੇ ਚਾਕਰ ਨਹਦਾ ਪਾਇਨਿ੍ ਘਾਉ ਰਤੁ ਪਿਤੁ ਕੁਤਿਹੋ ਚਟਿ ਜਾਹੁ ’’ (ਮਹਲਾ /੧੨੮੮) ਇਨ੍ਹਾਂ ਉਪਦੇਸ਼ਾਂ ’ਤੇ ਪਹਿਰਾ ਦਿੰਦੇ ਹੋਏ ਰਾਜਿਆਂ ਨੂੰ ਵੰਗਾਰਨ ਦੀ ਸਿੱਖ ਹਿੰਮਤ ਰੱਖਦੇ ਹਨ। ਸਿੱਖ ਕੇਵਲ ਆਪਣੇ ਹਿੱਤਾਂ ਲਈ ਹੀ ਜਾਨ ਨਿਸ਼ਾਵਰ ਨਹੀਂ ਕਰਦੇ ਬਲਕਿ ਦੂਸਰੇ ਧਰਮਾਂ ਦੇ ਮਜਲੂਮਾਂ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਵੀ ਸ਼ਹੀਦੀਆਂ ਪ੍ਰਾਪਤ ਕਰਨ ਤੋਂ ਪਿੱਛੇ ਨਹੀਂ ਹਟਦੇ। ਤਿਲਕ ਜੰਝੂ ਜਿਸ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਉਸੇ ਤਿਲਕ ਜੰਝੂ ਪਹਿਨਣ ਦੀ ਧਾਰਮਿਕ ਅਜ਼ਾਦੀ ਲਈ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ’ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਆਪਣੇ ਤਿੰਨ ਸਿੱਖਾਂ ਸਮੇਤ ਸ਼ਹਾਦਤ ਪ੍ਰਾਪਤ ਕਰਨ ਦੀ ਮਿਸਾਲ ਸਾਰੀ ਦੁਨੀਆਂ ’ਚ ਅੱਜ ਤੱਕ ਕਿਧਰੇ ਨਹੀਂ ਮਿਲਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ; ਸਿੱਖ ਯੋਧਿਆਂ ਨੇ ਹਿੰਦੂਆਂ ਦੀਆਂ ਬਹੂ ਬੇਟੀਆਂ ਅਤੇ ਧਨ ਦੌਲਤ ਲੁੱਟ ਕੇ ਗਜਨੀ ਦੇ ਬਜਾਰਾਂ ਨੂੰ ਲਿਜਾਂਦੇ ਹੋਏ ਧਾੜਵੀਆਂ ਦਾ ਰਾਹ ਰੋਕ ਕੇ ਉਨ੍ਹਾਂ ਨੂੰ ਛੁਡਵਾ ਕੇ ਬਾਇੱਜ਼ਤ ਘਰੋ ਘਰੀ ਪਹੁੰਚਾਉਣ ਸਮੇਂ ਸੈਂਕੜੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮੁਗਲ ਪਠਾਣਾਂ ਦੀ 700 ਸਾਲਾਂ ਤੋਂ ਗੁਲਾਮੀ ਤੋਂ ਛੁਟਕਾਰਾ ਪਾ ਕੇ 1710 ਈਸਵੀ ’ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖ਼ਾਲਸਾ ਰਾਜ ਸਥਾਪਿਤ ਕੀਤਾ, ਜਿਸ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਅਤੇ ਵਾਹੀਕਾਰਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ।  12 ਅਪ੍ਰੈਲ 1801 (ਵੈਸਾਖੀ ਵਾਲੇ ਦਿਨ) ਮਹਾਰਾਜਾ ਰਣਜੀਤ ਸਿੰਘ ਨੇ ਤਖ਼ਤ ਨਸ਼ੀਨ ਹੋ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਸਲਤਨਤ (ਜਿਸ ਨੂੰ ਸਿੱਖ ਰਾਜ ਤੇ ਸਰਕਾਰ ਖ਼ਾਲਸਾ ਜਾਂ ਸਿਰਫ਼ ਪੰਜਾਬ ਵੀ ਆਖਿਆ ਜਾਂਦਾ ਸੀ) ਚੀਨ ਦੀਆਂ ਸਰਹੱਦਾਂ ਤੋਂ ਲੈ ਕੇ ਅਫ਼ਗਾਨਿਸਤਾਨ ਅਤੇ ਸਿੰਧ ਤੱਕ ਸੀ। ਭਾਰਤ ਦੀ ਕੁਲ ਅਬਾਦੀ ਦਾ 2% ਤੋਂ ਵੀ ਘੱਟ ਹੋਣ ਦੇ ਬਾਵਜੂਦ ਅਜ਼ਾਦੀ ’ਚ ਸਿੱਖਾਂ ਦਾ ਯੋਗਦਾਨ 90% ਹੈ, ਪਰ ਅਜ਼ਾਦੀ ਤੋਂ ਬਾਅਦ ਦੇਸ਼ ਦੀ ਹੋਈ ਵੰਡ ਕਾਰਨ ਸਭ ਤੋਂ ਵੱਧ ਨੁਕਸਾਨ ਵੀ ਸਿੱਖਾਂ ਦਾ ਹੀ ਹੋਇਆ। ਅੱਧੋਂ ਵੱਧ ਪੰਜਾਬ ਛੱਡ ਕੇ ਆਉਣਾ ਪਿਆ। ਜਾਨ ਨਾਲੋਂ ਪਿਆਰੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਿਆਂ ਤੋਂ ਵਾਂਝੇ ਹੋਏ ਅਤੇ ਲੱਖਾਂ ਲੋਕ ਮਾਰੇ ਗਏ। ਉਸ ਉਪਰੰਤ ਪੰਜਾਬ ਦੀ ਫਿਰ ਹੋਈ ਵੰਡ ਦੌਰਾਨ ਪੰਜਾਬ ਦੇ ਤਿੰਨ ਹਿੱਸੇ ਕਰਕੇ ਇਸ ਨੂੰ ਪੰਜਾਬ ਹਰਿਆਣਾ ਹਿਮਾਚਲ ’ਚ ਵੰਡ ਦਿੱਤਾ। ਪੰਜਾਂ ਦਰਿਆਵਾਂ ’ਚੋਂ ਪੰਜਾਬ ਦੇ ਹਿੱਸੇ ਕੇਵਲ ਦੋ ਦਰਿਆ ਸਤਲੁਜ ਬਿਆਸ ਹੀ ਰਹਿ ਗਏ। ਇਨ੍ਹਾਂ ਦੇ ਪਾਣੀਆਂ ਦਾ ਕੰਟਰੋਲ ਵੀ ਭਾਰਤ ਸਰਕਾਰ ਨੇ ਆਪਣੇ ਹੱਥ ਰੱਖ ਕੇ ਪੰਜਾਬ ਨੂੰ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਕਰ ਦਿੱਤਾ। ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਖੇਤਰ ਪੰਜਾਬ ਤੋਂ ਬਾਹਰ ਰੱਖ ਕੇ ਇਸ ਨੂੰ ਲੰਗੜਾ ਪੰਜਾਬ ਬਣਾ ਦਿੱਤਾ। ਇਸ ਰਹਿੰਦੇ ਖੂੰਹਦੇ ਪੰਜਾਬ ਨਾਲ ਵੀ ਕੇਂਦਰ ਸਰਕਾਰ ਵੱਲੋਂ ਭਾਰੀ ਵਿਤਕਰੇ ਕਰਦੇ ਹੋਏ ਗੁਆਂਢੀ ਸੂਬਿਆਂ ਦੀਆਂ ਸਨਅਤਾਂ ਨੂੰ ਭਾਰੀ ਰਿਆਇਤਾਂ ਦੇ ਕੇ ਪੰਜਾਬ ਦੀਆਂ ਸਨਅਤਾਂ ਨੂੰ ਨੁਕਸਾਨ ਪਹੁੰਚਾਇਆ।

ਇਹ ਵਿਤਕਰੇ ਦੂਰ ਕਰਨ ਲਈ ਹੀ ਪੰਜਾਬ ਨੂੰ ਖੇਤਰੀ ਪਾਰਟੀ ਚਾਹੀਦੀ ਹੈ, ਜੋ ਫੈੱਡਰਲ ਢਾਂਚੇ ਅਨੁਸਾਰ ਪੰਜਾਬ ਅਤੇ ਪੰਥਕ ਮੰਗਾਂ ਦੀ ਪੂਰਤੀ ਲਈ ਕੰਮ ਕਰੇ। ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਪਾਰਟੀ ਸੀ, ਜਿਹੜੀ ਇਹ ਲੋੜਾਂ ਪੂਰੀਆਂ ਕਰ ਸਕਦੀ ਹੈ। ਸ਼ੁਰੂ ਸ਼ੁਰੂ ’ਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਮੰਗਾਂ ਲਈ ਲੜਦੀ ਰਹੀ, ਪਰ ਜਦੋਂ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ’ਚ ਆਇਆ ਉਸ ਨੇ ਆਪਣੇ ਪਰਵਾਰਕ ਹਿੱਤਾਂ ਦੀ ਪੂਰਤੀ ਲਈ ਇਸ ਪੰਥਕ ਪਾਰਟੀ ਨੂੰ ਪਰਵਾਰਕ ਪਾਰਟੀ ਬਣਾ ਕੇ ਸਿਧਾਂਤਕ ਤੌਰ ’ਤੇ ਪੰਥ ਵਿਰੋਧੀ ਭਾਜਪਾ ਦੀ ਝੋਲ਼ੀ ਪਾ ਦਿੱਤਾ, ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ਪੈ ਕੇ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਬਣੀ ਹੋਈ ਹੈ। ਕਾਂਗਰਸ ਅਤੇ ਅਕਾਲੀ ਦਲ (ਬਾਦਲ) ਦੀਆਂ ਨੀਤੀਆਂ ਅਤੇ ਕੰਮ ਕਰਨ ਦੇ ਢੰਗ ਤੋਂ ਨਰਾਜ਼ ਹੋ ਕੇ ਪੰਜਾਬੀ ਤੀਸਰੇ ਬਦਲ ਦੀ ਭਾਲ਼ ’ਚ ਸਨ, ਪਰ ਤੀਸਰੇ ਬਦਲ ਦੀ ਅਣਹੋਂਦ ਕਾਰਨ ਬੇ-ਵਸੀ ’ਚ ਵਾਰੋ ਵਾਰੀ ਕਾਂਗਰਸ ਜਾਂ ਅਕਾਲੀ-ਭਾਜਪਾ ਗਠਜੋੜ ਦੀਆਂ ਸਰਕਾਰਾਂ ਬਣਾਉਂਦੇ ਰਹੇ। ਸੰਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ‘ਆਪ’ ਪੰਜਾਬ ਦੇ ਚੋਣ ਮੈਦਾਨ ’ਚ ਆਈ; ਜਿਸ ਦੌਰਾਨ ਇਸ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ।  13 ਵਿੱਚੋਂ 4 ਸੀਟਾਂ ਵੱਡੇ ਫ਼ਰਕ ਨਾਲ ਜਿੱਤੀਆਂ ਜਦੋਂ ਕਿ ਲੁਧਿਆਣਾ ਤੋਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਬਹੁਤ ਥੋੜ੍ਹੇ ਫਰਕ ਨਾਲ ਚੋਣ ਹਾਰ ਗਏ। ਸੰਗਰੂਰ ਤੋਂ ਭਗਵੰਤ ਸਿੰਘ ਮਾਨ ਆਪ ਦੀ ਟਿਕਟ ’ਤੇ 5,33,237 ਵੋਟਾਂ ਪ੍ਰਾਪਤ ਕਰਕੇ 2,11,721 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤੇ ਜਦੋਂ ਕਿ ਦਿੱਲੀ ਜਿੱਥੇ ਆਪ ਦੀ ਸਰਕਾਰ ਸੀ; ’ਚੋਂ ਇੱਕ ਵੀ ਸੀਟ ਹਾਸਲ ਨਾ ਕਰ ਸਕੇ। ਬਾਕੀ ਦੇਸ਼ ’ਚ ਕੁਲ ਲੜੀਆਂ 432 ਸੀਟਾਂ ’ਤੋਂ ਅਰਵਿੰਦ ਕੇਜ਼ਰੀਵਾਲ ਸਮੇਤ 414 ਆਪਣੀਆ ਜ਼ਮਾਨਤਾਂ ਵੀ ਨਾ ਬਚਾ ਸਕੇ। ਜਿੰਨਾ ਜੋਰ ਪਾਰਟੀ ਨੇ ਕੇਜ਼ਰੀਵਾਲ ਦੀ ਸੀਟ ’ਤੇ ਲਾਇਆ ਜੇ ਉਨਾਂ ਪੰਜਾਬ ’ਚ ਲਾਇਆ ਹੁੰਦਾ ਤਾਂ ਘੱਟ ਤੋਂ ਘੱਟ ਦੋ ਹੋਰ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਸਕਦੇ ਸਨ ਕਿਉਂਕਿ ਅਕਾਲੀ ਦਲ ਬਾਦਲ ਨੇ 4, ਕਾਂਗਰਸ ਨੇ 3 ਅਤੇ ਭਾਜਪਾ ਨੇ 2 ਸੀਟਾਂ ਹੀ ਜਿੱਤੀਆਂ ਸਨ। ਪੰਜਾਬ ’ਚੋਂ ਮਿਲੇ ਵੱਡੇ ਹੁੰਗਾਰੇ ਨਾਲ ਸੰਭਾਵਨਾ ਸੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੀ ਸਰਕਾਰ ਬਣੇਗੀ ਪਰ ਕੇਜਰੀਵਾਲ ਜਿਹੜੇ ਅਧਿਕਾਰਾਂ ਦੇ ਵਿਕੇਂਦਰੀਕਰਨ ਦੇ ਨਾਹਰੇ ਨਾਲ ਰਾਜਨੀਤੀ ’ਚ ਆਏ ਸਨ ਉਹ ਦਿੱਲੀ ਵਿਧਾਨ ਸਭਾ ’ਚ 70 ’ਚੋਂ 67 ਸੀਟਾਂ ਹਾਸਲ ਕਰਨ ਉਪਰੰਤ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਕਰਕੇ ਆਪਣੇ ਹੱਥ ’ਚ ਲੈਣ ਦੇ ਰਾਹ ਪੈ ਗਏ। ਪਾਰਟੀ ਦੇ ਪ੍ਰਮੁੱਖ ਅਤੇ ਮੋਢੀ ਆਗੂ ਪਸ਼ਾਂਤ ਭੂਸ਼ਨ, ਜੋਗਿੰਦਰ ਯਾਦਵ, ਕੁਮਾਰ ਵਿਸ਼ਵਾਸ਼ ਪਾਰਟੀ ’ਚੋਂ ਕੱਢ ਦਿੱਤੇ। ਪੰਜਾਬ ’ਚ ਵੀ ਉਸੇ ਰਸਤੇ ਚੱਲਦਿਆਂ ਪੰਜਾਬ ਦੀ ਗੱਲ ਕਰਨ ਦੇ ਸਮਰੱਥ ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਕੇਜ਼ਰੀਵਾਲ ਦੇ ਇਸ ਰਵੱਈਏ ਨੂੰ ਪੰਜਾਬੀਆਂ ਨੇ ਪਸੰਦ ਨਾ ਕੀਤਾ, ਜਿਸ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਥੇ ਪਾਰਟੀ 100 ਸੀਟਾਂ ਜਿੱਤਣ ਦੀ ਆਸ ਲਾਈ ਬੈਠੀ ਸੀ, ਕੇਵਲ 20 ਸੀਟਾਂ ਹੀ ਹਾਸਲ ਹੋਈਆਂ। 2019 ’ਚ ਪਾਰਟੀ ਨੇ ਪੂਰੇ ਭਾਰਤ ’ਚ 35 ਉਮੀਦਵਾਰ ਖੜ੍ਹੇ ਕੀਤੇ ਜਿਨ੍ਹਾਂ ’ਚੋਂ ਕੇਵਲ ਭਗਵੰਤ ਮਾਨ ਹੀ ਸੰਗਰੂਰ ਤੋਂ ਆਪਣੀ ਸੀਟ ਬਚਾ ਸਕਿਆ ਅਤੇ ਉਸ ਦੀ ਜਿੱਤ ਦਾ ਫ਼ਰਕ 2,11,721 ਤੋਂ ਘਟ ਕੇ 1,10,211 ਵੋਟਾਂ ਦਾ ਹੀ ਰਹਿ ਗਿਆ। 2017 ਵਿਧਾਨ ਸਭਾ ਅਤੇ 2019 ਲੋਕ ਸਭਾ ਚੋਣ ਨਤੀਜੇ ਦੱਸਦੇ ਹਨ ਕਿ ਭਾਵੇਂ ਪੰਜਾਬ ’ਚ ਆਪ ਦੇ ਆਧਾਰ ਨੂੰ 2014 ਦੇ ਮੁਕਾਬਲੇ ਬਹੁਤ ਵੱਡਾ ਖੋਰਾ ਲੱਗਾ ਹੈ ਪਰ ਫਿਰ ਵੀ ਜੇ ਆਪ ਲਈ ਆਸ ਦੀ ਕਿਰਨ ਵਿਖਾਈ ਦਿੰਦੀ ਸੀ ਤਾਂ ਉਹ ਕੇਵਲ ਪੰਜਾਬ ਹੀ ਹੈ ਜਿਸ ਨੂੰ ਪੌੜੀ ਬਣਾ ਕੇ ਕੇਜਰੀਵਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਸਕਦਾ ਹੈ।

ਕਿਸਾਨ ਮੋਰਚੇ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਚੇਤਨਾ ਅਤੇ ਹੱਕਾਂ ’ਤੇ ਡਾਕਾ ਮਾਰਨ ਵਾਲੇ ਲੁਟੇਰਿਆਂ ਦੀ ਪਛਾਣ ਕਰਵਾ ਦਿੱਤੀ। ਤੀਸਰਾ ਹੋਰ ਕੋਈ ਬਦਲ ਨਾ ਹੋਣ ਕਾਰਨ; ਹੁਣ ਤੱਕ ਰਲ ਮਿਲ ਕੇ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਬਾਦਲ ਦਲ ਅਤੇ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਬਕ ਸਿਖਾਉਣ ਲਈ ਪੰਜਾਬੀਆਂ ਨੇ ਇੱਕ ਮੌਕਾ ਆਪ ਨੂੰ ਦੇਣ ਦਾ ਮਨ ਬਣਾ ਲਿਆ; ਸਿੱਟੇ ਵਜੋਂ ਆਪ ਨੇ 117 ’ਚੋਂ 92 ਸੀਟਾਂ ਭਾਰੀ ਬਹੁਮਤ ਨਾਲ ਜਿੱਤੀਆਂ। ਕੇਜ਼ਰੀਵਾਲ ਲਈ ਇਹ ਮੌਕਾ ਸੀ ਕਿ ਪੰਜਾਬ ’ਚ ਲੋਕਾਂ ਦੀਆਂ ਭਾਵਨਾਵਾਂ, ਮਾਨਸਿਕਤਾ ਅਤੇ ਲੋੜਾਂ ਨੂੰ ਸਮਝਦੇ ਹੋਏ ਉਨ੍ਹਾਂ ਦੀਆਂ ਆਸਾਂ ’ਤੇ ਪੂਰਾ ਉੱਤਰ ਕੇ ਦਿੱਲ ਜਿੱਤਦੇ, ਪਰ ਉਹ ਆਪਣੇ ਪਹਿਲੇ ਹੀ ਟੈਸਟ ਵਿੱਚ ਫੇਲ ਹੋ ਗਏ ਜਦੋਂ ਰਾਜ ਸਭਾ ਲਈ ਪੰਜਾਬ ਦੇ ਕੋਟੇ ’ਚੋਂ ਖਾਲੀ ਹੋਈਆਂ 7 ਸੀਟਾਂ ’ਚੋਂ ਇੱਕ ਵੀ ਮੈਂਬਰ ਪੰਜਾਬ ਦੇ ਹੱਕ ’ਚ ਬੋਲਣ ਵਾਲਾ ਜਾਂ ਪੰਜਾਬ ਦੀਆਂ ਲੋੜਾਂ ਤੇ ਭਾਵਨਾਵਾਂ ਨੂੰ ਸਮਝਣ ਵਾਲਾ ਨਾ ਚੁਣਿਆ। ਪੰਜਾਬ ਦੇ ਲੋਕਾਂ ਨੇ ਆਪ ਦੇ 92 ਵਿਧਾਇਕ ਜਿਤਾਏ, ਜਿਨ੍ਹਾਂ ਦੀਆਂ ਵੋਟਾਂ ਨਾਲ ਆਪ 7 ਰਾਜ ਸਭਾ ਮੈਂਬਰ ਜਿਤਾਉਣ ’ਚ ਸਫਲ ਹੋਈ ਪਰ ਉਨ੍ਹਾਂ ਵਿੱਚੋਂ ਬਹੁਤੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਹਰਿਆਣੇ ਦਾ ਪੱਖ ਪੂਰਦੇ ਹੋਣ ਜਾਂ ਚੁੱਪ ਰਹਿਣ ਤਾਂ ਪੰਜਾਬੀਆਂ ਨੂੰ ਠੱਗੇ ਗਏ ਹੋਣ ਦਾ ਅਹਿਸਾਸ ਹੋਇਆ।

ਪੰਜਾਬ ਦੀ ਵਿਤੀ ਹਾਲਤ ਪਹਿਲਾਂ ਹੀ ਇੰਨੀ ਨਾਜ਼ੁਕ ਹੈ ਕਿ ਚੋਣ ਵਾਅਦੇ ਪੂਰੇ ਕਰਨ ਦੇ ਸਰਕਾਰ ਕਾਬਲ ਨਹੀਂ; ਪਰ ਜਿਨ੍ਹਾਂ ਦਿੱਤੇ ਜਾਣ ਵਾਲੇ ਲਾਭਾਂ ਦਾ ਹਾਲੀ ਨੋਟੀਫਿਕੇਸ਼ਨ ਵੀ ਨਹੀਂ ਹੋਇਆ ਉਨ੍ਹਾਂ ਲਈ ਕੇਵਲ ਕੀਤੇ ਗਏ ਐਲਾਨਾਂ ਨੂੰ ਹੀ ਪੰਜਾਬ ਦੇ ਖਜ਼ਾਨੇ ’ਚੋਂ ਕਰੋੜਾਂ ਰੁਪਏ ਖਰਚ ਕੇ ਪਹਿਲੀ ਗਰੰਟੀ ਪੂਰੀ, ਪੰਜਾਂ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਆਦਿ ਦੇ ਵੱਡੇ ਵੱਡੇ ਇਸ਼ਤਿਹਾਰ ਉਨ੍ਹਾਂ ਸੂਬਿਆਂ ’ਚ ਛਪਵਾਏ ਜਾ ਰਹੇ ਹਨ ਜਿਨ੍ਹਾਂ ’ਚ ਨੇੜਲੇ ਭਵਿੱਖ ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਦੇ ਲੋਕ ਹੁਣ ਇੰਨੇ ਭੋਲ਼ੇ ਨਹੀਂ ਰਹੇ ਕਿ ਇਹ ਨਾ ਸਮਝਣ ਕਿ ਆਰਥਿਕ ਤੌਰ ’ਤੇ ਪਹਿਲਾਂ ਹੀ ਲੁੱਟੇ ਪੁੱਟੇ ਪੰਜਾਬ ਦੇ ਪੈਸੇ ਨਾਲ ਆਪ ਹਿਮਾਚਲ, ਗੁਜਰਾਤ ਅਤੇ ਹਰਿਆਣਾ ’ਚ ਚੋਣਾਂ ਜਿੱਤਣਾ ਚਾਹ ਰਹੀ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਬੜੇ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਪੰਜਾਬ ’ਚ ਵੀ.ਵੀ.ਆਈ.ਪੀ. ਕਲਚਰ ਖਤਮ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਸਕਿਉਰਟੀ ਘਟਾ ਕੇ ਇਸ਼ਤਿਹਾਰ ਦੇ ਦਿੱਤੇ ਜਾ ਜਾਂਦੇ ਹਨ ਕਿ ਵੀ.ਵੀ.ਆਈ.ਪੀ. ਕਲਚਰ ਖਤਮ; ਦੂਸਰੇ ਪਾਸੇ ਮੁੱਖ ਮੰਤਰੀ ਦੀ ਸਕਿਉਰਟੀ ਪਹਿਲਾਂ ਨਾਲੋਂ ਵੀ ਵਧਾਈ ਗਈ, ਮੁੱਖ ਮੰਤਰੀ ਦੀ ਮਾਤਾ ਅਤੇ ਭੈਣ ਨੂੰ ਸਕਿਉਰਟੀ ਦਿੱਤੀ ਜਿਹੜੀ ਇਸ ਤੋਂ ਪਹਿਲਾਂ ਕਿਸੇ ਵੀ ਮੁੱਖ ਮੰਤਰੀ ਦੇ ਪਰਵਾਰਕ ਮੈਂਬਰ ਨੂੰ ਨਹੀਂ ਸੀ। ਕੇਜ਼ਰੀਵਾਲ ਦੀ ਸਕਿਉਰਟੀ ਲਈ ਪੰਜਾਬ ਦੇ 60 ਜਵਾਨ ਤੇ ਅਫ਼ਸਰ ਦਿੱਲੀ ਤਾਇਨਾਤ ਕੀਤੇ। ਰਾਘਵ ਚੱਢੇ ਨਾਲ 45 ਸਕਿਉਰਟੀ ਵਾਲੇ ਲਾਏ ਗਏ। ਅੱਜ ਤੱਕ ਕਿਸੇ ਵੀ ਰਾਜ ਸਭਾ ਮੈਂਬਰ ਨੂੰ ਇਸ ਤਰ੍ਹਾਂ ਦੀ ਭਾਰੀ ਸੁਰੱਖਿਆ ਨਹੀਂ ਸੀ ਦਿੱਤੀ ਗਈ। ਪੰਜਾਬ ਦੇ ਮਾਮਲਿਆਂ ’ਚ ਦਿੱਲੀ ਦੀ ਲੋੜੋਂ ਵੱਧ ਦਖ਼ਲ ਅੰਦਾਜ਼ੀ ਸਮੇਤ ਇਨ੍ਹਾਂ ਫੈਸਲਿਆਂ ਤੋਂ ਲੋਕ ਨਰਾਜ਼ ਹੋ ਕੇ ਸਮਝਣ ਲੱਗੇ ਕਿ ਇਨ੍ਹਾਂ ਦੇ ਦੰਦ ਹਾਥੀ ਵਾਙ ਵਿਖਾਉਣ ਲਈ ਹੋਰ ਤੇ ਖਾਣ ਲਈ ਹੋਰ ਹਨ। ਲੋਕਾਂ ਦੇ ਟੈਕਸ ਦੇ ਪੈਸੇ ਨਾਲ ਆਪਣੀ ਰਾਜਨੀਤੀ ਕਰਨ ’ਚ ਇਹ ਪਹਿਲੀਆਂ ਪਾਰਟੀਆਂ ਨਾਲੋਂ ਵੀ ਦੋ ਕਦਮ ਅੱਗੇ ਜਾਂਦੇ ਦਿੱਸੇ ਤਾਂ ਲੋਕਾਂ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ।

ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਲਗਾਤਾਰ ਦੋ ਵਾਰ ਵੱਡੇ ਫ਼ਰਕ ਨਾਲ ਜਿੱਤੀ; ਕੇਵਲ ਤਿੰਨ ਮਹੀਨੇ ਪਹਿਲਾਂ ਮਾਰਚ ਮਹੀਨੇ ’ਚ ਮੁਕੰਮਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਆਪ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ’ਚੋਂ ਹੂੰਝਾ ਫੇਰ ਜਿੱਤ ਹਾਸਲ ਕੀਤੀ। ਇਸ ਹਲਕੇ ਵਿੱਚੋਂ ਹੀ ਭਗਵੰਤ ਮਾਨ ਮੁੱਖ ਮੰਤਰੀ, ਹਰਪਾਲ ਸਿੰਘ ਚੀਮਾ ਵਿਤ ਮੰਤਰੀ ਅਤੇ ਮੀਤ ਹੇਅਰ ਸਿੱਖਿਆ ਮੰਤਰੀ ਬਣੇ। ਆਪ ਦਾਅਵਾ ਕਰਦੀ ਸੀ ਕਿ ਸੰਗਰੂਰ ਆਪ ਦੀ ਰਾਜਧਾਨੀ ਹੈ ਜਿੱਥੋਂ ਕਦੇ ਵੀ ਉਹ ਚੋਣ ਨਹੀਂ ਹਾਰਨਗੇ। ਇਸ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਆਪ ਨੂੰ ਸੀਸ਼ਾ ਵਿਖਾ ਦਿੱਤਾ ਕਿ ਪੰਜਾਬ ਦੇ ਲੋਕ ਪੰਜਾਬ ਹਿੱਤਾਂ ਸੰਬੰਧੀ ਕਿੰਨੇ ਚੇਤਨ ਹੋ ਚੁੱਕੇ ਹਨ। ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਕਮਲਜੀਤ ਕੌਰ ਰਾਜੋਆਣਾ ਦਾ ਪੰਜਵਾਂ ਸਥਾਨ ਅਤੇ ਜ਼ਮਾਨਤ ਜ਼ਬਤ ਹੋਣਾ ਸੰਕੇਤ ਦਿੰਦਾ ਹੈ ਕਿ ਉਹ ਆਪਣਾ ਖੇਤਰੀ ਅਤੇ ਪੰਥਕ ਪਾਰਟੀ ਹੋਣ ਦਾ ਦਾਅਵਾ ਗੁਆ ਚੁੱਕੇ ਹਨ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਵਿਖਾ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦੀ ਪਹਿਲੀ ਤਰਜੀਹ ਖੇਤਰੀ ਪਾਰਟੀ ਹੈ ਜਿਹੜੀ ਕਿ ਮੌਜੂਦਾ ਸਮੇਂ ਕੇਵਲ ਤੇ ਕੇਵਲ ਸਿਮਰਨਜੀਤ ਸਿੰਘ ਮਾਨ ਵਿੱਚੋਂ ਹੀ ਵਿਖਾਈ ਦਿੱਤੀ। ਭਵਿੱਖ ਵਿੱਚ ਰਾਜ ਸਭਾ ’ਚ ਆਪ ਤੇ ਬਾਦਲ ਦਲ ਦੇ ਮੈਂਬਰਾਂ ਅਤੇ ਲੋਕ ਸਭਾ ’ਚ ਸੁਖਬੀਰ ਬਾਦਲ ਹਰਮਿਰਤ ਕੌਰ ਬਾਦਲ ਅਤੇ ਸਿਮਰਨਜੀਤ ਸਿੰਘ ਮਾਨ ਦੀ ਕਾਰਗੁਜਾਰੀ ਤੈਅ ਕਰੇਗੀ ਕਿ ਭਵਿੱਖ ਕਿਸ ਪਾਰਟੀ ਦਾ ਹੋਵੇਗਾ ਜਿਸ ਦਾ ਪਹਿਲਾ ਟੈਸਟ 2024 ’ਚ ਹੀ ਹੋਣ ਜਾ ਰਿਹਾ ਹੈ। ਬਾਦਲ ਦਲ ਨੇ ਸਿੱਖਾਂ ਅਤੇ ਪੰਜਾਬੀਆਂ ’ਚ ਬਣਿਆ ਆਪਣਾ ਆਧਾਰ, ਭਾਜਪਾ ਦੀ ਝੋਲ਼ੀ ’ਚ ਡੇਗ ਕੇ ਪੰਥਕ ਤੇ ਪੰਜਾਬ ਦੀਆਂ ਖੇਤਰੀ ਮੰਗਾਂ ਨੂੰ ਵਿਸਾਰਨ ਸਦਕਾ ਗੁਆ ਲਿਆ। ਭਾਵੇਂ ਕਿਸਾਨ ਅੰਦੋਲਨ ਦੇ ਦਬਾਅ ਹੇਠ ਬਾਦਲ ਦਲ ਨੇ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮੰਗਾਂ ਦੀ ਆਵਾਜ਼ ਉਠਾ ਕੇ ਆਪਣੇ ਆਪ ਨੂੰ ਵੱਖ ਵਿਖਾਉਣ ਦਾ ਯਤਨ ਕੀਤਾ ਪਰ ਲੋਕਾਂ ਨੇ ਭਰੋਸਾ ਨਾ ਕੀਤਾ ਅਤੇ ਸਮਝਦੇ ਸਨ ਕਿ ਬਾਦਲ ਅੰਦਰੋ ਅੰਦਰੀ ਭਾਜਪਾ ਨਾਲ ਮਿਲੇ ਹੋਏ ਸਨ/ਹਨ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦੇ ਇੱਕ ਟੈਲੀਫੋਨ ਦੇ ਨਾਲ ਹੀ ਜਿਸ ਤਰ੍ਹਾਂ ਬਹੁਤ ਕਾਹਲ਼ੀ ’ਚ ਰਾਸ਼ਟਰਪਤੀ ਲਈ ਭਾਜਪਾ ਉਮੀਦਵਾਰ ਸ੍ਰੀਮਤੀ ਮੁਰਮੂ ਦਰੋਪਦੀ ਨੂੰ ਹਿਮਾਇਤ ਦੇਣ ਦਾ ਐਲਾਨ ਅਕਾਲੀ ਦਲ ਨੇ ਕਰ ਦਿੱਤਾ ਇਸ ਨੇ ਲੋਕਾਂ ਦੀ ਮਨੌਤ ’ਤੇ ਮੋਹਰ ਲਾ ਦਿੱਤੀ ਕਿ ਭਾਜਪਾ ਅਤੇ ਬਾਦਲ ਦਲ ਕੇਵਲ ਅੰਦਰੋਂ ਨਹੀਂ ਸਗੋਂ ਬਾਹਰੋਂ ਵੀ ਇੱਕ ਹਨ। ਘੱਟ ਗਿਣਤੀ ’ਚੋਂ ਅਤੇ ਔਰਤ ਹੋਣ ਦੇ ਨਾਤੇ ਮੁਰਮੂ ਦਰੋਪਦੀ ਨੂੰ ਹਿਮਾਇਤ ਦੇਣ ਦਾ ਸੁਖਬੀਰ ਬਾਦਲ ਦਾ ਇਹ ਦਾਅਵਾ ਵੀ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਕਿਉਂਕਿ ਜੇ ਇਹੀ ਆਧਾਰ ਹੈ ਤਾਂ ਉਨ੍ਹਾਂ ਨੇ ਰਾਸ਼ਟਰਪਤੀ ਲਈ ਗਿਆਨੀ ਜ਼ੈਲ ਸਿੰਘ ਅਤੇ ਪ੍ਰਧਾਨ ਮੰਤਰੀ ਲਈ ਡਾ: ਮਨਮੋਹਨ ਸਿੰਘ ਦਾ ਘੱਟ ਗਿਣਤੀ ਨਾਲ ਸੰਬੰਧਿਤ ਪੰਜਾਬੀ ਸਿੱਖ ਹੋਣ ਦੇ ਨਾਤੇ ਸਮਰਥਨ ਕਿਉਂ ਨਹੀਂ ਸੀ ਕੀਤਾ? ਜੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਤਰਜ਼ੀਹ ਦੇਣ ਅਤੇ ਸੰਵਿਧਾਨ ਦੀ ਰਾਖੀ ਦੀ ਗੱਲ ਹੋਵੇ ਤਾਂ ਯਸਵੰਤ ਸਿਨ੍ਹਾਂ ਦੀ ਹਿਮਾਇਤ ਕਰਨੀ ਬਣਦੀ ਸੀ ਕਿਉਂਕਿ ਉਹ ਆਪਣੇ ਪ੍ਰਚਾਰ ਮੁਹਿੰਮ ’ਚ ਇਹ ਮੁੱਦੇ ਬੜੇ ਜੋਰ ਸ਼ੋਰ ਨਾਲ ਉੱਠਾ ਰਹੇ ਹਨ ਅਤੇ ਭਾਜਪਾ ਦਾ ਘੱਟ ਗਿਣਤੀ ਵਿਰੋਧੀ ਫਿਰਕੂ ਚਿਹਰਾ ਕਿਸੇ ਤੋਂ ਛੁਪਿਆ ਹੋਇਆ ਨਹੀਂ। ਸੁਖਬੀਰ ਦਾ ਇਹ ਬਹਾਨਾ ਕਿ ਉਹ ਕਾਂਗਰਸ ਦੇ ਉਮੀਦਵਾਰ ਦੀ ਹਿਮਾਇਤ ਨਹੀਂ ਕਰ ਸਕਦੇ, ਵੀ ਸੰਘੋਂ ਹੇਠਾਂ ਨਹੀਂ ਉੱਤਰਦਾ ਕਿਉਂਕਿ ਯਸਵੰਤ ਸਿਨ੍ਹਾਂ ਪਹਿਲਾਂ ਭਾਜਪਾ ’ਚ ਸੀ ਅਤੇ ਵਾਜਪਾਈ ਦਾ ਨਿਕਟਵਰਤੀ ਅਤੇ ਉਸ ਦੀ ਕੈਬਿਨਿਟ ’ਚ ਮੰਤਰੀ ਰਿਹਾ ਹੈ। ਮੋਦੀ ਦੀਆਂ ਗ਼ਲਤ ਨੀਤੀਆਂ ਕਾਰਨ ਉਹ ਭਾਜਪਾ ਛੱਡ ਪਿਛਲੇ ਸਾਲ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਾਮੂਲ ਕਾਂਗਰਸ ’ਚ ਸ਼ਾਮਲ ਹੋ ਗਿਆ ਸੀ। ਮਮਤਾ ਬੈਨਰਜੀ ਨੇ ਹੀ ਉਸ ਦਾ ਨਾਮ ਵਿਰੋਧੀ ਦਲਾਂ ਦੇ ਸਾਂਝੇ ਉਮੀਦਵਾਰ ਵਜੋਂ ਤਜ਼ਵੀਜ ਕੀਤਾ ਜਿਸ ਨੂੰ ਸਰਬ ਸੰਮਤੀ ਨਾਲ ਸਭ ਦਲਾਂ ਨੇ ਪ੍ਰਵਾਨਗੀ ਦੇ ਦਿੱਤੀ ਜਿਸ ਵਿੱਚ ਕਾਂਗਰਸ ਵੀ ਸ਼ਾਮਲ ਹੈ। ਇਸ ਲਈ ਉਸ ਨੂੰ ਕੇਵਲ ਕਾਂਗਰਸ ਦਾ ਉਮੀਦਵਾਰ ਕਹਿਣਾ ਗੁੰਮਰਾਹਕੁਨ ਹੈ। ਜਿਸ ਤਰ੍ਹਾਂ ਭਾਜਪਾ ਨੇ ਆਂਧਰਾ ਪ੍ਰਦੇਸ਼ ’ਚ ਚੰਦਰਬਾਬੂ ਨਾਇਡੂ ਦੀ ਤੈਲਗੂ ਦੇਸਮ ਪਾਰਟੀ, ਬਿਹਾਰ ’ਚ ਨਿਤੀਸ਼ ਕੁਮਾਰ ਦੀ ਜੇਡੀਯੂ ਅਤੇ ਮਹਾਂਰਾਸ਼ਟਰ ’ਚ ਸ਼ਿਵਸੈਨਾ ਦੇ ਆਧਾਰ ਨੂੰ ਵੱਡਾ ਖੋਰਾ ਲਾਇਆ, ਉਸੇ ਤਰ੍ਹਾਂ ਪੰਜਾਬ ’ਚ ਅਕਾਲੀ ਦਲ ਬਾਦਲ ਨੂੰ ਤਬਾਹੀ ਦੇ ਕੰਢੇ ਲੈ ਆਂਦਾ ਹੈ, ਜਿਸ ਦਾ ਘੱਟੋ ਘੱਟ ਸੁਖਬੀਰ ਦੀ ਅਗਵਾਈ ’ਚ ਮੁੜ ਸੁਰਜੀਤ ਹੋਣਾ ਸੰਭਵ ਨਹੀਂ। ਇਸ ਲਈ ਭਵਿੱਖ ’ਚ ਮੁਕਾਬਲਾ ਆਪ ਅਤੇ ਸ੍ਰੋਮਣੀ ਅਕਾਲੀ ਦਲ (ਅ) ’ਚ ਹੋਣ ਦੀ ਸੰਭਾਵਨਾ ਵਧੀ ਹੈ।

ਜਿਸ ਤਰ੍ਹਾਂ 2017 ’ਚ ਕੇਜ਼ਰੀਵਾਲ ਨੇ ਪੰਜਾਬ ’ਚ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਉਸੇ ਤਰ੍ਹਾਂ 2022 ਦੀ ਜਿੱਤ ਤੋਂ ਬਾਅਦ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਅਤੇ ਪੰਜਾਬ ਦੇ ਖਜ਼ਾਨੇ ’ਚੋਂ ਹਿਮਾਚਲ, ਗੁਜਰਾਤ ਅਤੇ ਹਰਿਆਣਾ ਦੇ ਮੀਡੀਏ ’ਚ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਦੂਜੀ ਵਾਰ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ। ਇਨ੍ਹਾਂ ਸੂਬਿਆਂ ’ਚ ਹੋਣ ਜਾ ਰਹੀਆਂ ਚੋਣਾਂ ’ਚ ਲਾਭ ਮਿਲਣ ਦੀ ਬਜਾਏ ਉਲਟਾ ਨੁਕਸਾਨ ਹੋ ਸਕਦਾ ਹੈ ਕਿ ਜਿਹੜੀ ਪਾਰਟੀ ਪੰਜਾਬ ’ਚ ਤਿੰਨ ਮਹੀਨਿਆਂ ਪਿੱਛੋਂ ਹੀ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ ਉਹ ਸਾਡੇ ਸੂਬੇ ’ਚ ਜਿੱਤ ਕੇ ਕੀ ਗੁਲ ਖਿਲਾਰੇਗੀ? ਬਾਕੀ ਲੋਕ ਹੁਣ ਇੰਨੇ ਕੁ ਸਿਆਣੇ ਹੋ ਗਏ ਜਾਪਦੇ ਹਨ ਕਿ ਮੁਫਤਖੋਰੀ ਦੇ ਲਾਭਾਂ ਤੋਂ ਉੱਪਰ ਉੱਠ ਕੇ ਸਮੇਂ ਸਮੇਂ ’ਤੇ ਆਪਣੇ ਕੌਮੀ ਅਤੇ ਖੇਤਰੀ ਮੁੱਦਿਆਂ ’ਤੇ ਵੀਚਾਰ ਕਰ ਕੇ ਫੈਸਲੇ ਲੈਣਗੇ।