ਗੁਰੂ ਦੇ ਉਪਕਾਰ ’ਤੇ ਕੱਟੜਪੰਥੀਆਂ ਦਾ ਸਾੜਾ
ਸਮੁੰਦਰ ਵਿਚ ਉਠਦੀਆਂ ਲਹਿਰਾਂ ਦਾ ਭਾਵੇਂ ਕੋਈ ਅੰਤ ਪਾ ਲਵੇ ਪਰ ਕਿਸੇ ਵੀ ਗੁਰੂ ਜੀ ਵੱਲੋਂ ਕੀਤੇ ਪਰਉਪਕਾਰਾਂ ਦਾ ਅੰਤ ਪਾਉਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ, ਇਸੇ ਤਰਾਂ ਗੁਰੂ ਅਰਜਨ ਸਾਹਿਬ ਜੀ ਦਾ ਸਮੁੱਚਾ ਜੀਵਨ ਹੀ ਲੋਕ ਕਲਿਆਣੀ ਤੇ ਪਰਤੱਖ ਹਰਿ ਦੇ ਗੁਣਾਂ ਨਾਲ ਭਰਿਆ ਹੋਇਆ ਹੈ ਆਉ ਇਸ ਵਿਚੋਂ ਕੁਝ ਝਲਕਾਰੇ ਪ੍ਰਾਪਤ ਕਰੀਏ।
ਸੰਨ ੧੫੯੫ ਈਸਵੀ ਵਿੱਚ ਸਖ਼ਤ ਔੜ ਲਗ ਗਈ (ਬਰਸਾਤ ਨਾ ਹੋਈ) । ਪਾਣੀ ਦੀ ਥੁੜ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਜੀ ਨੇ ਖੂਹ ਖੁਦਵਾਏ। ਪਾਣੀ ਦੀ ਬਹੁਤਾਤ ਲਈ ਛੇ-ਹਰਟਾਂ ਵਾਲਾ ਖੂਹ ਵੀ ਲਵਾਇਆ, ਜਿੱਥੇ ਛੇਹਰਟਾ ਨਾਮਕ ਨਗਰ ਵਸ ਗਿਆ। ਛੇਹਰਟੇ ਦੇ ਨੇੜੇ ਗੁਰੂ ਕੀ ਵਡਾਲੀ ਵਿਖੇ (ਗੁਰੂ) ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ। ਸੰਨ ੧੫੯੭ ਈਸਵੀ ਵਿੱਚ ਲਾਹੌਰ ਵਿੱਚ ਕਾਲ ਪੈ ਗਿਆ। ਕਾਲ ਦੇ ਕਾਰਣ ਕਈ ਬੀਮਾਰੀਆਂ ਫ਼ੈਲ ਗਈਆਂ। ਲਾਹੌਰ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਮੁਰਦਿਆਂ ਦੇ ਢੇਰ ਲੱਗਣ ਲਗ ਪਏ। ਗੁਰੂ ਸਾਹਿਬ ਜੀ ਸਿੱਖਾਂ ਤੇ ਪਰਿਵਾਰ ਸਮੇਤ ਲਾਹੌਰ ਪਹੁੰਚੇ ਗੁਰੂ ਘਰ ਦਾ ਸਾਰਾ ਦਸਵੰਧ ਦੁਖੀਆਂ ਦੇ ਦੁੱਖ ਵੰਡਾਉਣ ਲਈ ਖਰਚ ਕੀਤਾ। ਆਪਣੇ ਹੱਥੀਂ ਸੇਵਾ ਕੀਤੀ। ਅਕਬਰ ਬਾਦਸ਼ਾਹ ਆਗਰੇ ਤੋਂ ਲਾਹੌਰ ਆਇਆ ਗੁਰੂ ਸਾਹਿਬ ਜੀ ਦੀ ਲੋਕਾਈ ਦੀ ਕੀਤੀ ਸੇਵਾ ਤੋਂ ਪ੍ਰਸੰਨ ਹੋਇਆ ਤੇ ਗੁਰੂ ਸਾਹਿਬ ਜੀ ਦੇ ਕਹਿਣ ਤੇ ਅਕਬਰ ਬਾਦਸ਼ਾਹ ਨੇ ਗ਼ਰੀਬ ਕਿਸਾਨਾਂ ਦਾ ਮਾਮਲਾ (ਜ਼ਮੀਨ ਤੇ ਲੱਗਣ ਵਾਲਾ ਟੈਕਸ) ਮੁਆਫ਼ ਕਰ ਦਿੱਤਾ। ਗੁਰੂ ਅਰਜਨ ਸਾਹਿਬ ਜੀ ਨੇ ਚੂਨਾ ਮੰਡੀ (ਲਾਹੌਰ) ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੇ ਆਗਮਨ ਅਸਥਾਨ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ। ਡੱਬੀ ਬਾਜ਼ਾਰ (ਲਾਹੌਰ) ਵਿੱਚ ਗੁਰਦੁਆਰਾ ਬਾਉਲੀ ਸਾਹਿਬ ਬਣਵਾਉਣਾ ਆਰੰਭ ਕੀਤਾ। ਇਸ ਤਰ੍ਹਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ। ਯਤੀਮਾਂ ਦੀ ਪਾਲਣਾ ਲਈ ਆਸ਼ਰਮ ਬਣੇ, ਲੰਗਰ ਜਾਰੀ ਕੀਤੇ ਗਏ। ਗੁਰੂ ਅਰਜਨ ਸਾਹਿਬ ਜੀ ਤਕਰੀਬਨ ੮ ਮਹੀਨੇ ਲਾਹੌਰ ਵਿਖੇ ਲੋਕਾਈ ਦੀ ਸੇਵਾ ਕਰਦੇ ਰਹੇ। ਲਾਹੌਰ ਤੋਂ ਵਾਪਸੀ ਸਮੇਂ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਹੋ ਕੇ ਅੰਮ੍ਰਿਤਸਰ ਪੁੱਜੇ। ਥੋੜ੍ਹਾ ਸਮਾਂ ਅੰਮ੍ਰਿਤਸਰ ਠਹਿਰ ਕੇ ਡੇਰਾ ਬਾਬਾ ਨਾਨਕ, ਕਰਤਾਰਪੁਰ, ਕਲਾਨੌਰ, ਬਾਰਠ ਆਦਿਕ ਪਿੰਡਾਂ ਵਿੱਚ ਦੋ ਸਾਲ ਦਾ ਪ੍ਰਚਾਰਕ ਦੌਰਾ ਲਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਸੰਨ ੧੬੦੧ ਈਸਵੀ ਵਿੱਚ ਗੁਰੂ ਸਾਹਿਬ ਜੀ ਵਾਪਸ ਅੰਮ੍ਰਿਤਸਰ ਆ ਗਏ। ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਅੰਮ੍ਰਿਤਸਰ ਦੀ ਇਮਾਰਤ ਮੁਕੰਮਲ ਹੋ ਚੁੱਕੀ ਸੀ। ਇਸ ਵਿੱਚ ਆਪ ਜੀ ਨੇ ਰੋਜ਼ਾਨਾ ਸਤਿਸੰਗ ਦੀ ਮਰਯਾਦਾ ਕਾਇਮ ਕੀਤੀ। ਅੰਮ੍ਰਿਤਸਰ ਵਾਪਸ ਆਉਣ ਸਮੇਂ ਬਾਲ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਸੀਤਲਾ (ਚੇਚਕ) ਨਿਕਲ ਆਈ। ਕੁਝ ਹਿੰਦੂ ਨਰ-ਨਾਰੀ ਵੀ ਹਾਲ-ਚਾਲ ਪੁੱਛਣ ਆਏ। ਕਈਆਂ ਸਲਾਹ ਦਿੱਤੀ ਕਿ ਬੱਚੇ ਨੂੰ ਸੀਤਲਾ ਦੇ ਮੰਦਰ ਵਿੱਚ ਮੱਥਾ ਟਿਕਾਓ। ਗੁਰੂ ਸਾਹਿਬ ਜੀ ਨੇ ਭਰਮੀ ਲੋਕਾਂ ਨੂੰ ਸਮਝਾਇਆ ਕਿ ਸੀਤਲਾ ਕੋਈ ਦੇਵੀ ਨਹੀਂ। ਇਹ ਤਾਂ ਬਿਮਾਰੀ ਹੈ ਤੇ ਇਸ ਦਾ ਇਲਾਜ ਕਰਨਾ ਚਾਹੀਦਾ ਹੈ। ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਅੰਮ੍ਰਿਤਸਰ ਦੀ ਤਿਆਰੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਦਾ ਕੰਮ ਆਰੰਭ ਕਰਵਾਇਆ। ਸਾਰੀ ਬਾਣੀ ਗੁਰੂ ਸਾਹਿਬਾਨਾਂ ਦੀ ਤੇ ਭਗਤਾਂ ਦੀ ਗੁਰੂ ਸਾਹਿਬ ਜੀ ਦੇ ਪਾਸ ਹੀ ਸੀ। ਗੁਰੂ ਸਾਹਿਬ ਜੀ ਨੇ ਸੰਪਾਦਨਾ ਦੇ ਇਸ ਮਹਾਨ ਕੰਮ ਦੀ ਭਾਰੀ ਜ਼ਿੰਮੇਵਾਰੀ ਭਾਈ ਗੁਰਦਾਸ ਜੀ ਨੂੰ ਸੌਂਪੀ। ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਜੀ ਦੀ ਅਗਵਾਈ ਹੇਠ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਇਹ ਸੇਵਾ ਬਹੁਤ ਸੁਚੱਜੇ ਢੰਗ ਨਾਲ ਨਿਭਾਈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਥਮ ਪ੍ਰਕਾਸ਼ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ੧੬ ਅਗਸਤ ਸੰਨ ੧੬੦੪ ਈਸਵੀ ਵਿੱਚ ਕੀਤਾ ਗਿਆ। (ਰੋਮਨ ਕਲੰਡਰ ਵਿੱਚ ਹੋਈ ਸੋਧ ਮੁਤਾਬਿਕ ਹੁਣ ਇਹ ਤਰੀਕ ੧ ਸਤੰਬਰ ਸੰਨ ੧੬੦੪ ਈਸਵੀ ਗਿਣੀ ਜਾਂਦੀ ਹੈ।) ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ। ਗੁਰੂ ਸਾਹਿਬ ਜੀ ਦੇ ਸਮੇਂ ਸਿੱਖ ਧਰਮ ਦੇ ਪ੍ਰਚਾਰ ਦੀ ਵੱਧ ਰਹੀ ਲਹਿਰ ਨੇ ਜ਼ਾਤਅਭਿਮਾਨੀਆਂ ਤੇ ਭਰਵੀਂ ਸੱਟ ਮਾਰੀ ਜਿਸ ਨਾਲ ਭਾਰੀ ਗਿਣਤੀ ਵਿੱਚ ਜਿੱਥੇ ਉੱਚ-ਜਾਤੀਏ ਹਿੰਦੂਆਂ ਤੇ ਮੁਸਲਮਾਨਾਂ ਨੇ ਸਿੱਖ ਧਰਮ ਗ੍ਰਹਿਣ ਕੀਤਾ ਉੱਥੇ ਲੱਖਾਂ ਦੀ ਗਿਣਤੀ ਵਿੱਚ ਸ਼ੂਦਰ ਤੇ ਵੈਸ਼ ਅਖਵਾਉਣ ਵਾਲਿਆਂ ਨੇ ਵੀ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਣ ਕੀਤੀ। ਬਹੁਤ ਸਾਰੇ ਮੁਸਲਮਾਨ ਵੀ ਸਿੱਖ ਬਣੇ। ਇਹ ਗੱਲ ਕੱਟੜ ਸ਼ਰਈ ਮੁਸਲਮਾਨਾਂ ਤੇ ਮੁਲਾਣਿਆਂ ਲਈ ਬਹੁਤ ਚੁਭਵੀਂ ਸੀ। ਸ਼ੇਖ਼ ਅਹਿਮਦ ਸਰਹੰਦੀ ਮੁਜ਼ੱਦਦ ਅਲਫ਼ਥਾਨੀ ਤੇ ਸ਼ੇਖ਼ ਫ਼ਰੀਦ ਬੁਖ਼ਾਰੀ ਵਰਗੇ ਜਨੂੰਨੀ ਮੁਸਲਮਾਨਾਂ ਨੇ ਜਹਾਂਗੀਰ ਦਾ ਸਾਥ ਦੇ ਕੇ ਉਸ ਨੂੰ ਅਕਬਰ ਤੋਂ ਬਾਅਦ ਰਾਜ-ਗੱਦੀ ਤੇ ਬਿਠਾਇਆ ਅਤੇ ਉਸ ਦੇ ਕੰਨ ਭਰੇ ਕਿ ਸਿੱਖੀ ਦੀ ਇਸ ਲਹਿਰ ਨੂੰਖ਼ਤਮ ਕਰਨਾ ਚਾਹੀਦਾ ਹੈ। ਇਸ ਕੰਮ ਵਿੱਚ ਗੁਰੂ ਸਾਹਿਬ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ, ਚੰਦੂ, ਭਗਤ ਕਾਨ੍ਹਾ, ਪੀਲੂ, ਛੱਜੂ, ਤੇ ਗੁਰੂ ਘਰ ਦੇ ਵਿਰੋਧੀਆਂ ਬੀਰਬਲ ਆਦਿਕ ਨੇ ਆਪਣੀ ਬ੍ਰਾਹਮਣਵਾਦੀ ਸੋਚਅਧੀਨ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ।ਜਹਾਂਗੀਰ ਬਾਦਸ਼ਾਹ ਜਦੋਂ ਤਖ਼ਤ ਤੇ ਬੈਠਾ ਤਾਂ ਉਸ ਦਾ ਪੁੱਤਰ ਖ਼ੁਸਰੋ ਰਾਜ ਹਥਿਆਉਣ ਲਈ ਬਾਗ਼ੀ ਹੋ ਉਠਿਆ ਪਰ ਮੁਕਾਬਲਾ ਨਾ ਕਰ ਸਕਣ ਕਰਕੇ ਲਾਹੌਰ ਵੱਲ ਦੌੜਿਆ ਤੇ ਗੋਇੰਦਵਾਲ ਸਾਹਿਬ ਤੋਂ ਲੰਘਿਆ। ਸ਼ੇਖ਼ ਫ਼ਰੀਦ ਬੁਖ਼ਾਰੀ ਨੇ ਇੱਕ ਝੂਠੀ ਸ਼ਿਕਾਇਤ ਬਾਦਸ਼ਾਹ ਪਾਸ ਲਗਾਈ ਕਿ ਗੁਰੂ ਸਾਹਿਬ ਜੀ ਨੇ ਖ਼ੁਸਰੋ (ਜੋ ਕਿ ਜਹਾਂਗੀਰ ਦਾ ਪੁੱਤਰ ਸੀ ਅਤੇ ਉਸ ਦੇ ਖ਼ਿਲਾਫ਼ ਬਗ਼ਾਵਤ ਕਰਕੇ ਦੌੜਿਆ ਸੀ) ਦੀ ਸਹਾਇਤਾ ਕੀਤੀ ਹੈ ਅਤੇ ਗੋਇੰਦਵਾਲ ਸਾਹਿਬ ਵਿਖੇ ਉਸ ਨੂੰ ਅਸੀਸ ਦਿੱਤੀ ਹੈ। ਜਦੋਂ ਕਿ ਅਜਿਹੀ ਸਹਾਇਤਾ ਦਾ ਸੁਆਲ ਹੀ ਨਹੀਂ ਉਠਦਾ ਅਤੇ ਇਤਿਹਾਸ ਮੁਤਾਬਿਕ ਬਗ਼ਾਵਤ ਦੇ ਸਾਰੇ ਸਮੇਂ ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਸਾਹਿਬ ਵਿੱਚ ਹੀ ਨਹੀਂ ਸਨ। ਬਾਦਸ਼ਾਹ ਜਹਾਂਗੀਰ ਨੇ ਜੋ ਕਿ ਜਨੂੰਨੀ ਮੁਸਲਮਾਨਾਂ ਦੀ ਸਹਾਇਤਾ ਨਾਲ ਹੀ ਤਖ਼ਤ ਤੇ ਬੈਠਾ ਸੀ ਬਿਨਾਂ ਪੜਤਾਲ ਕੀਤੇ ਗੁਰੂ ਸਾਹਿਬ ਜੀ ਤੇ ਲਗਾਏ ਹੋਏ ਸਹਾਇਤਾ ਕਰਨ ਦੇ ਝੂਠੇ ਇਲਜ਼ਾਮ ਦੇ ਬਹਾਨੇ ਹੀ ਉਹਨਾਂ ਨੂੰ ਯਾਸਾ (ਇਹ ਕਾਨੂੰਨ ਚੰਗੇਜ਼ ਖ਼ਾਂ ਨੇ ੧੨੧੮ ਈਸਵੀ ਵਿੱਚ ਬਣਾਇਆ ਸੀ, ਇਸ ਵਿੱਚ ਐਸੇ ਤਸੀਹੇ ਦਿੱਤੇ ਜਾਂਦੇ ਹਨ ਜੋ ਬਹੁਤ ਦਰਦ ਪੈਦਾ ਕਰਦੇ ਹਨ ਪਰ ਇਨਸਾਨ ਦਾ ਖ਼ੂਨ ਨਹੀਂ ਨਿਕਲਦਾ, ਆਮ ਤੌਰ ਤੇ ਧਾਰਮਿਕ ਵਿਅਕਤੀਆਂ ਦੇ ਖ਼ੂਨ ਡੋਲ੍ਹਣ ਦੇ ਪਾਪ ਤੋਂ ਬਚਣ ਲਈ ਉਹਨਾਂ ਨੂੰ ਸ਼ਹੀਦ ਕਰਨ ਦਾ ਇਹ ਤਰੀਕਾ ਅਪਣਾਇਆ ਜਾਂਦਾ ਹੈ) ਦੇ ਤਰੀਕੇ ਨਾਲ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਬੁਲਾਇਆ ਗਿਆ। ਗੁਰੂ ਸਾਹਿਬ ਜੀ ਹਾਲਾਤ ਮੁਤਾਬਿਕ ਗੁਰਿਆਈ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਸੌਂਪ ਕੇ ਲਾਹੌਰ ਆ ਗਏ। ਸਰਕਾਰੀ ਅਹਿਲਕਾਰ ਚੰਦੂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਸੜਦੇ-ਉਬਲਦੇ ਪਾਣੀ ਦੀ ਦੇਗ਼ ਵਿੱਚ ਬਿਠਾਇਆ। ਫਿਰ ਨੰਗੇ ਪਿੰਡੇ ਉੱਤੇ ਸੜਦੀ-ਬਲਦੀ ਤੱਤੀ ਰੇਤ ਪੁਆਈ ਗਈ। ਗੁਰੂ ਸਾਹਿਬ ਜੀ ਨੂੰ ਲੋਹ ਉੱਤੇ ਬਿਠਾ ਕੇ ਹੇਠਾਂ ਅੱਗ ਦਾ ਭਾਂਬੜ ਮਚਾਇਆ ਗਿਆ। ਸਤਿਗੁਰੂ ਜੀ ਦਾ ਸਾਰਾ ਸਰੀਰ ਤਸੀਹਿਆਂ ਨਾਲ ਛਾਨਣੀ ਹੋ ਗਿਆ ਪਰ ਆਪ ਜੀ ਅਕਾਲ ਪੁਰਖ ਦੇ ਭਾਣੇ ਵਿੱਚ ਅਡੋਲ ਟਿਕੇ ਰਹੇ। ਇਹਨਾਂ ਭਿਆਨਕ ਤਸੀਹਿਆਂ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਵਹਾ (ਰੋੜ੍ਹ) ਦਿੱਤਾ ਗਿਆ। ਇਸ ਤਰ੍ਹਾਂ ਸਿੱਖ ਧਰਮ ਨੂੰ ਉੱਚੇ ਮੁਕਾਮ ਤੇ ਪਹੁੰਚਾ ਕੇ ੩੦ ਮਈ ਸੰਨ ੧੬੦੬ ਈਸਵੀ ਨੂੰ ਗੁਰੂ ਅਰਜਨ ਸਾਹਿਬ ਜੀ ਸਖ਼ਤ ਤਸੀਹੇ ਸਹਾਰਦੇ ਹੋਏ ਸ਼ਹੀਦ ਹੋ ਗਏ। ਗੁਰੁ ਅਰਜਨ ਸਾਹਿਬ ਦੀ ਸ਼ਹਾਦਤ ਬਾਰੇ ਜਹਾਂਗੀਰ ਨੇ ਆਪਣੀ ਸਵੈ-ਜੀਵਨੀ ਤੁਜ਼ਕੇਜਹਾਂਗੀਰੀ ਵਿੱਚ ਆਪ ਵਰਣਨ ਕਰਦੇ ਹੋਏ ਲਿਖਿਆ ਹੈ। ਸ਼ੇਖ ਅਹਿਮਦ ਸਰਹੰਦੀ ਮੁਜ਼ੱਦਦ ਅਲਫ਼ਥਾਨੀ ਨੇ ਭੀ ਆਪਣੀਆਂ ਚਿੱਠੀਆਂ ਦੇ ਸੰਗ੍ਰਿਹ ਮਕਤੂ ਬਾਤ ਇਮਾਮ ਰਬਾਨੀ ਵਿੱਚ ਆਪਣੀ ਕਰਤੂਤ ਦਾ ਵਰਣਨ ਕੀਤਾ ਹੈ।