ਕੀਰਤਨ ਦੀ ਮਹੱਤਤਾ

0
245

ਕੀਰਤਨ ਦੀ ਮਹੱਤਤਾ

ਗਿਆਨੀ ਬਲਜੀਤ ਸਿੰਘ ਜੀ (ਡਾਇਰੈਕਟਰ ਐਜੁਕੇਸ਼ਨ)

ਜਿਸ ਪਵਿੱਤਰ ਪੰਗਤੀ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ’’ (ਮਹਲਾ /੧੦੭੫) ਦੀ ਵੀਚਾਰ ਪੰਜਾਬੀ ਵਾਰਤਾ ਰਾਹੀਂ ਅੱਜ ਅਸੀਂ ਸਾਂਝੀ ਕਰ ਰਹੇ ਹਾਂ ਉਹ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ‘ਮਾਰੂ ਰਾਗ’ ਅੰਦਰ ‘ਸੋਹਿਲੇ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1075 ’ਤੇ ਸੁਭਾਇਮਾਨ ਹੈ।

ਸਮਾਂ ਆਪਣੇ ਤਿੱਖੇ ਵੇਗ ਨਾਲ ਚੱਲਦਾ ਹੈ। ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ‘ਰਹੀ ਵਾਸਤੇ ਘਤ ਸਮੇਂ ਨੇ ਇਕ ਨ ਮੰਨੀ। ਫੜਿ ਫੜਿ ਰਹੀ ਧਰੀਕ ਸਮੇਂ ਖਿਸਕਾਈ ਕੰਨੀ।’ ਕੱਲ੍ਹ ਦੇ ਰਸਮੋਂ ਰਿਵਾਜ ਅੱਜ ਪੁਰਾਣੇ ਹੋ ਜਾਂਦੇ ਹਨ। ਅੱਜ ਦੀ ਸੋਚ ਕੱਲ੍ਹ ਨੂੰ ਪੂਰੀ ਨਹੀਂ ਉਤਰਦੀ। ਸਮਾਂ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ। ਸੰਸਾਰ ਵਿੱਚ ਕਿੰਨੀਆਂ ਸੰਸਕ੍ਰਿਤੀਆਂ ਪੈਦਾ ਹੋਈਆਂ ਤੇ ਮਿਟ ਗਈਆਂ। ਸਮਾਂ ਪੁਰਾਣੇ ਵੀਚਾਰ ਜਾਂ ਸੋਚ ਨੂੰ ਇਵੇਂ ਹੀ ਪਾਸੇ ਕਰ ਦਿੰਦਾ ਹੈ; ਜਿਵੇਂ ਦਰਖ਼ਤ ਨੂੰ ਪੱਤਿਆਂ ਨਾਲ ਕਿੰਨਾ ਵੀ ਮੋਹ ਹੋਵੇ, ਪਰ ਪੱਤਝੜ ਦੀ ਰੁੱਤ ਵਿੱਚ ਪੱਤੇ ਝੱੜ ਹੀ ਜਾਂਦੇ ਹਨ।

ਪਹਿਲਾਂ ਮਨੁੱਖ ਕੋਲ ਸਮਾਂ ਵਧੇਰੇ ਸੀ। ਸੁਆਸਾਂ ਨੂੰ ਰੋਕ ਕੇ ਲਮੇਂ ਸਮੇਂ ਤੱਕ ਸੁੰਨ ਪੈ ਰਹਿਣਾ। ਲੱਖਾਂ ਵਾਰੀ ਕਿਸੇ ਵਿਸ਼ੇਸ਼ ਮੰਤ੍ਰ ਦਾ ਜਾਪ ਕਰਨਾ। ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਤਪ ਸਾਧਣੇ ਆਦਿ ਜੀਵਨ ਦਾ ਮਨੋਰਥ ਸੀ। ਅਜੋਕਾ ਮਨੁੱਖੀ ਜੀਵਨ ਬਹੁਤ ਰੁਝੇਵਿਆਂ ਭਰਿਆ ਹੈ। ਇਸ ਨਾਲ ਭਾਸ਼ਾ, ਰਹਿਣ ਸਹਿਣ, ਖਾਨ ਪਾਨ, ਸਭ ਕੁਝ ਬਦਲਿਆ ਹੈ। ਜੀਵਨ ਦੀਆਂ ਲੋੜਾਂ ਇੰਨੀਆਂ ਵਧ ਗਈਆਂ ਹਨ ਕਿ ਮਨੁੱਖ ਇਨ੍ਹਾਂ ਦੀ ਪੂਰਤੀ ਲਈ ਰੁੱਝਿਆ ਰਹਿੰਦਾ ਹੈ। ਅਜੋਕਾ ਮਨੁੱਖ ਉਸ ਧਰਮ ਜਾਂ ਜੀਵਨ ਜਾਚ ਨੂੰ ਲੋਚਦਾ ਹੈ, ਜੋ ‘‘ਨਾਮਾ ਕਹੈ ਤਿਲੋਚਨਾ  ! ਮੁਖ ਤੇ ਰਾਮੁ ਸੰਮ੍ਾਲਿ   ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ’’ (ਭਗਤ ਕਬੀਰ/੧੩੭੬) ਜੋੜੀ ਰੱਖੇ। ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਨਵੀਨ ਵਿਚਾਰਧਾਰਾ ਨੂੰ ਜਨਮ ਦਿੱਤਾ ‘‘ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭) ਤਾਂ ਕਿ ਘੱਟ ਸਮੇਂ ਵਿੱਚ ਜੀਵਨ ਸਫਲ ਕੀਤਾ ਜਾ ਸਕੇ।

ਸਤਿਗੁਰੂ ਨੇ ਫ਼ੁਰਮਾਇਆ ਹੈ ਕਿ ਜੇ ਚੱਲ ਰਹੀ ਵਿਚਾਰਧਾਰਾ ਅਨੁਸਾਰ ਸਮੇਂ ਦੀ ਵੰਡ ਸਤਿਜੁਗ, ਤ੍ਰੇਤਾ, ਦੁਆਪਰ, ਕਲਿਯੁਗ ਨੂੰ ਮੰਨ ਲਿਆ ਜਾਏ ਤਾਂ ਵੀ ਸਾਨੂੰ ਇਸ ਫ਼ੈਸਲੇ ’ਤੇ ਪੁੱਜਣਾ ਪੈਂਦਾ ਹੈ ‘‘ਅਬ ਕਲੂ ਆਇਓ ਰੇ   ਇਕੁ ਨਾਮੁ ਬੋਵਹੁ ਬੋਵਹੁ   ਅਨ ਰੂਤਿ ਨਾਹੀ ਨਾਹੀ   ਮਤੁ, ਭਰਮਿ ਭੂਲਹੁ ਭੂਲਹੁ (ਮਹਲਾ /੧੧੮੫), ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ   ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ’’ (ਭਗਤ ਰਵਿਦਾਸ/੩੪੬)

ਗੁਰੂ ਅਮਰਦਾਸ ਜੀ ਨੇ ਫ਼ੁਰਮਾਨ ਕੀਤਾ ਹੈ ‘‘ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ’’ (ਮਹਲਾ /੭੯੭) ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਵੇਰ, ਦੁਪਹਿਰ ਤੇ ਸ਼ਾਮ ਸਮੇਂ ਗਾਏ ਜਾਣ ਵਾਲੇ 19 ਰਾਗਾਂ ਵਿੱਚ ਖਸਮ ਕੀ ਬਾਣੀ ਨੂੰ ਗਾਇਨ ਕੀਤਾ। ਭਾਈ ਮਰਦਾਨਾ ਜੀ ਨੂੰ ਗੁਰੂ ਕੀ ਹਜ਼ੂਰੀ ਵਿਚ ਪਹਿਲੇ ਕੀਰਤਨੀਏ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਨਾਂ ਨੇ ਲਗਭਗ 47 ਸਾਲ ਇਹ ਸੇਵਾ ਨਿਭਾਈ। ਗੁਰਬਾਣੀ ਦੇ ਕੀਰਤਨ ਦੀ ਮਹੱਤਤਾ ਇਹ ਹੈ ਕਿ ਇਸ ਵਿੱਚ ਸੰਗੀਤ, ਕਵਿਤਾ ਅਤੇ ਫ਼ਿਲਾਸਫ਼ੀ; ਤਿੰਨੇ ਗੱਲਾਂ ਦਾ ਸੁਮੇਲ ਹੈ। ਰਾਗ ਦੀ ਪ੍ਰਧਾਨਤਾ ਨਹੀਂ ਬਲਕਿ ਵਿਚਾਰਧਾਰਾ ਨੂੰ ਮੁੱਖ ਰੱਖਿਆ ਹੈ। ਫ਼ੁਰਮਾਨ ਕੀਤਾ ਹੈ ‘‘ਸਭਨਾ ਰਾਗਾਂ ਵਿਚਿ ਸੋ ਭਲਾ ਭਾਈਜਿਤੁ ਵਸਿਆ ਮਨਿ ਆਇ ’’ (ਮਹਲਾ /੧੪੨੩) ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਕੀਰਤਨ ਰਾਹੀਂ ਹੀ ‘‘ਸਬਦ ਸੁਰਤਿ ਕੀਨੀ ਵਰਖਾਈ ’’ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬) ਭਾਵ ਧਰਮ ਪ੍ਰਚਾਰ ਦੀ ਸੇਵਾ ਨਿਭਾਈ। ਗੁਰੂ ਅਮਰਦਾਸ ਜੀ ਨੇ ਪਹਿਲੀ ਪਾਤਿਸ਼ਾਹੀ ਦੁਆਰਾ ਗਾਏ ਗਏ 19 ਰਾਗਾਂ ਵਿੱਚੋਂ 17 ਰਾਗਾਂ ਵਿੱਚ ਗੁਰਬਾਣੀ ਉਚਾਰਨ ਕੀਤੀ ਤੇ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ ’’ (ਅਨੰਦ/ਮਹਲਾ /੯੨੦) ਵਚਨਾਂ ਰਾਹੀਂ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ’’ ਦੀ ਪਿਰਤ ਪਾਈ। ਗੁਰੂ ਰਾਮਦਾਸ ਜੀ ਨੇ ਸਿੱਖੀ ਜੀਵਨ ਜਾਚ ਦੀ ਪਰਿਭਾਸ਼ਾ ਅੰਕਿਤ ਕਰ ‘‘ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ.. ’’ (ਮਹਲਾ /੩੦੫) ਦੀ ਸਖ਼ਤ ਤਾਕੀਦ ਕੀਤੀ। ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ।

ਪੰਜਵੇਂ ਪਾਤਿਸ਼ਾਹ ਜੀ ਨੂੰ ਭੱਟਾਂ ਨੇ ‘‘ਕਲਜੁਗਿ ਜਹਾਜੁ ਅਰਜੁਨੁ ਗੁਰੂ..’’ (ਭਟ ਮਥੁਰਾ/੧੪੦੮) ਕਹਿ ਕੇ ਸਨਮਾਨਿਆ। ਪਾਤਿਸ਼ਾਹ ਜੀ ਨੇ ‘‘ਸਬਦੁ ਗੁਰੂ ਪਰਕਾਸਿਓ’’ (ਭਟ ਕਲੵ/੧੪੦੭) ਦੀ ਰਹਿਮਤ ਕੀਤੀ। ਆਪ ਜੀ ਦੀ ਬਾਣੀ ਸਾਰੇ ਗੁਰੂ ਸਾਹਿਬਾਨ ਤੋਂ ਵਧੇਰੇ ਹੈ। ਸਾਹਿਬ ਜੀ ਨੇ ਤੁਲਨਾਤਮਿਕ ਅਧਿਐਨ ਰਾਹੀਂ ਇਹ ਸੱਚ ਜਗਤ ਲੋਕਾਈ ਸਾਮ੍ਹਣੇ ਉਜਾਗਰ ਕੀਤਾ ਕਿ ਵੀਚਾਰ ਕੇ ਸਮਝਣ ਤੋਂ ਬਿਨਾਂ ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ.. ’’ (ਮਹਲਾ /੬੪੧) ਆਦਿ ਰਸਮੀ ਗੱਲਾਂ ਨਾਲ ‘‘ਪਿਆਰੇ ਇਨ ਬਿਧਿ ਮਿਲਣੁ ਜਾਈ; ਮੈ ਕੀਏ ਕਰਮ ਅਨੇਕਾ ’’ (ਮਹਲਾ /੬੪੧) ਵਚਨ ਉਚਾਰ ਕੇ ਸਾਹਿਬ ਜੀ ਇਸ ਨਿਰਨੇ ’ਤੇ ਪੁੱਜੇ ਕਿ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ   ਕਹੁ ਨਾਨਕਤਿਸੁ ਭਇਓ ਪਰਾਪਤਿ; ਜਿਸੁ ਪੁਰਬ ਲਿਖੇ ਕਾ ਲਹਨਾ   ਤੇਰੋ ਸੇਵਕੁ; ਇਹ ਰੰਗਿ ਮਾਤਾ   ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ; ਹਰਿ ਹਰਿ ਕੀਰਤਨਿ, ਇਹੁ ਮਨੁ ਰਾਤਾ ਰਹਾਉ ਦੂਜਾ ’’ (ਮਹਲਾ /੬੪੨) ਫਿਰ ਜੋਦੜੀ ਕੀਤੀ ‘‘ਸੋ ਅਸਥਾਨੁ ਬਤਾਵਹੁ ਮੀਤਾ  !  ਜਾ ਕੈ; ਹਰਿ ਹਰਿ ਕੀਰਤਨੁ ਨੀਤਾ ਰਹਾਉ ’’ (ਮਹਲਾ /੩੮੫) ਸਭ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ‘‘ਸਾਧਸੰਗਿ, ਹਰਿ ਕੀਰਤਨੁ ਗਾਈਐ   ਇਹੁ ਅਸਥਾਨੁ; ਗੁਰੂ ਤੇ ਪਾਈਐ ਰਹਾਉ ਦੂਜਾ ’’ (ਮਹਲਾ /੩੮੫) ਕਿਉਂਕਿ ਕੀਰਤਨ ਦੀ ਮਹੱਤਤਾ ਹੈ ‘‘ਮੀਚੁ ਹੁਟੈ ਜਮ ਤੇ ਛੁਟੈ; ਹਰਿ ਕੀਰਤਨ ਪਰਵੇਸ ’’ (ਮਹਲਾ /੨੯੭) ਭਾਵ ਜ਼ਿੰਦਗੀ ਵਿੱਚੋਂ ਮੌਤ ਦਾ ਡਰ ਵੀ ਮੁੱਕ ਜਾਂਦਾ ਹੈ, ਜਿਸ ਹਿਰਦੇ ਵਿੱਚ ਕੀਰਤਨ ਪ੍ਰਵੇਸ਼ ਕਰ ਜਾਏ ‘‘ਜਹ ਸਾਧੂ ਗੋਬਿਦ ਭਜਨੁ; ਕੀਰਤਨੁ ਨਾਨਕ ਨੀਤ   ਣਾ ਹਉ, ਣਾ ਤੂੰ, ਣਹ ਛੁਟਹਿ; ਨਿਕਟਿ ਜਾਈਅਹੁ ਦੂਤ ’’ (ਮਹਲਾ /੨੫੬) ਬੜੀ ਦ੍ਰਿੜ੍ਹਤਾ ਨਾਲ ਫ਼ੁਰਮਾਇਆ ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਮਹਲਾ /੭੪੭) ਪੰਜਵੇਂ ਪਾਤਿਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਤਾ ਤੇ ਬਲਵੰਡ ਜੀ; ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਸਾਹਿਬ ਜੀ ਆਪ ਸਰੰਦੇ ਨਾਲ ਧੁਰ ਕੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ। ਆਪ ਜੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਦੀਆਂ ਚਾਰ ਚੌਂਕੀਆਂ; ਜਿਵੇਂ ਅੰਮ੍ਰਿਤ ਵੇਲੇ ‘ਆਸਾ ਕੀ ਵਾਰ’, ਸਵਾ ਪਹਿਰ ਦਿਨ ਚੜ੍ਹੇ ‘ਚਰਨ ਕੰਵਲ ਬਿਲਾਵਲ ਦੀ ਚੌਂਕੀ’, ਆਥਣ ਵੇਲੇ ‘ਸੋ ਦਰ ਦੀ ਚੌਂਕੀ’ ਅਤੇ ਚਾਰ ਘੜੀਆਂ ਰਾਤ ਬੀਤੀ ‘ਕਲਿਆਣ ਦੀ ਚੌਂਕੀ’ ਦੀ ਪਰੰਪਰਾ ਆਰੰਭ ਕੀਤੀ।

ਵੀਚਾਰ ਅਧੀਨ ਪੰਕਤੀ ਤੋਂ ਪਹਿਲੇ ਪਦੇ ਵਿੱਚ ਜਿੱਥੋਂ ਇਹ ‘ਸੋਲਿਹਾ’ ਸ਼ੁਰੂ ਹੁੰਦਾ ਹੈ। ਸਾਹਿਬ ਜੀ ਨੇ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ’’  ਨੂੰ ਹੀ ਦੋਹਰਾ ਬਚਨ ਕੀਤਾ ‘‘ਅਨਿਕ ਕਰਮ ਕੀਏ ਬਹੁਤੇਰੇ   ਜੋ ਕੀਜੈ, ਸੋ ਬੰਧਨੁ ਪੈਰੇ ’’ (ਮਹਲਾ /੧੦੭੫) ਭਾਵ ਕਿ ਜੋ ਮਨੁੱਖਤਾ ਵਿੱਚ ਅਨੇਕ ਰਸਮੀ ਕਰਮ ਕੀਤੇ, ਉਹ ਜੀਵਨ ਦੌਰਾਨ ਪੈਰਾਂ ਲਈ ਬੰਧਨ ਹੀ ਬਣ ਗਏ। ਇਹ ਸਾਰਾ ਕੁੱਝ ਉਸ ਬੇਸਮਝ ਕਿਰਸਾਨ ਦੇ ਉੱਦਮ ਵਾਂਗ ਵਿਅਰਥ ਹੋ ਗਿਆ, ਜਿਸ ਨੇ ਰੁੱਤ ਦੀ ਪਹਿਚਾਣ ਤੋਂ ਬਿਨਾਂ ਹੀ ਬੇਰੱੁਤੀ ਫਸਲ ਬੀਜ ਦਿੱਤੀ ਪਰ ‘‘ਕੁਰੁਤਾ ਬੀਜੁ, ਬੀਜੇ ਨਹੀ ਜੰਮੈ; ਸਭੁ ਲਾਹਾ ਮੂਲੁ ਗਵਾਇਦਾ ’’ (ਮਹਲਾ /੧੦੭੫) ਇਸ ਲਈ ‘‘ਸਭ ਤੇ ਵਡਾ ਸਤਿਗੁਰੁ ਨਾਨਕੁ’’ (ਮਹਲਾ /੭੫੦) ਜੀ ਦੇ ਵੱਡਮੁਲੇ ਸਿਧਾਂਤ ‘‘ਅਬ ਕਲੂ ਆਇਓ ਰੇ   ਇਕੁ ਨਾਮੁ ਬੋਵਹੁ ਬੋਵਹੁ   ਅਨ ਰੂਤਿ ਨਾਹੀ ਨਾਹੀ ’’ (ਮਹਲਾ /੧੧੮੫) ਦਾ ਹੋਕਾ ਦੇਣ ਲਈ ਫ਼ੁਰਮਾਇਆ ‘‘ਕਲਜੁਗ ਮਹਿ ਕੀਰਤਨੁ ਪਰਧਾਨਾ   ਗੁਰਮੁਖਿ ਜਪੀਐ ਲਾਇ ਧਿਆਨਾ   ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ ਪਤਿ ਸਿਉ ਜਾਇਦਾ ’’ (ਮਹਲਾ /੧੦੭੬)

ਸੋ ਆਓ ਜ਼ਿੰਦਗੀ ਨੂੰ ਸਫਲ ਕਰਨ ਲਈ ਅਰਦਾਸ ਕਰੀਏ ‘‘ਸੁਣਿ ਬੇਨੰਤੀ ਸੁਆਮੀ ਅਪੁਨੇ; ਨਾਨਕੁ ਇਹੁ ਸੁਖੁ ਮਾਗੈ   ਜਹ ਕੀਰਤਨੁ ਤੇਰਾ ਸਾਧੂ ਗਾਵਹਿ; ਤਹ ਮੇਰਾ ਮਨੁ ਲਾਗੈ ’’ (ਮਹਲਾ /੬੧੦) ਕਿਉਂਕਿ ‘‘ਕੀਰਤਨੁ ਨਿਰਮੋਲਕ ਹੀਰਾ   ਆਨੰਦ ਗੁਣੀ ਗਹੀਰਾ ’’ (ਮਹਲਾ /੮੯੩) ਹੈ, ਪਰ ਇਸ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਮੰਨਣਾ ਹੀ ਪਵੇਗਾ ‘‘ਕਲਜੁਗ ਮਹਿ ਕੀਰਤਨੁ ਪਰਧਾਨਾ   ਗੁਰਮੁਖਿ ਜਪੀਐ ਲਾਇ ਧਿਆਨਾ   ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ ਪਤਿ ਸਿਉ ਜਾਇਦਾ ’’ (ਮਹਲਾ /੧੦੭੬)