ਗੁਰੂ ਸਾਹਿਬਾਨ ਦੀ ਦੂਰ-ਅੰਦੇਸ਼ੀ ਨੇ ਸਿੱਖ ਕੌਮ ਨੂੰ ਤੰਬਾਕੂ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ

0
117

ਗੁਰੂ ਸਾਹਿਬਾਨ ਦੀ ਦੂਰ-ਅੰਦੇਸ਼ੀ ਨੇ ਸਿੱਖ ਕੌਮ ਨੂੰ ਤੰਬਾਕੂ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ

ਗਿਆਨੀ ਅਵਤਾਰ ਸਿੰਘ

ਤੰਬਾਕੂ ਇੱਕ ਕਿਰਸਾਨੀ ਉਤਪਾਦ ਹੈ ਜੋ ‘ਨਿਕੋਟੀਆਨਾ’ ਕੁਲ ਦੇ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਨੂੰ ਖਾਇਆ, ਕੀਟਨਾਸ਼ਕ ਵਜੋਂ ਵਰਤਿਆ ਅਤੇ ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ’ਤੇ ਹੁੰਦੀ ਹੈ। ਕਿਊਬਾ, ਚੀਨ, ਭਾਰਤ ਅਤੇ ਸੰਯੁਕਤ ਰਾਜ ਵਰਗੇ ਦੇਸ਼ਾਂ ਦੀ ਤੰਬਾਕੂ ਇੱਕ ਨਫ਼ਾਦਾਇਕ ਫਸਲ ਹੈ। ਤੰਬਾਕੂ ਨਾਂ ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਵਾਰ ਦੇ ਹਰ ਪੌਦੇ ਨੂੰ ਕਿਹਾ ਜਾ ਸਕਦਾ ਹੈ, ਜੋ ਉਸ ਦੇ ਪੱਤਿਆਂ ਤੋਂ ਬਣੇ ਉਤਪਾਦਾਂ; ਜਿਵੇਂ ਸਿਗਰਟਾਂ ਆਦਿ ਵਿੱਚ ਵਰਤੇ ਜਾਂਦੇ ਹਨ। ਤੰਬਾਕੂ ਦੇ ਬੂਟੇ; ਪੌਦਾ ਜੀਵ-ਇੰਜਨੀਅਰੀ ਵਿੱਚ ਵੀ ਵਰਤੇ ਜਾਂਦੇ ਹਨ ਅਤੇ 70 ਤੋਂ ਵੱਧ ਪ੍ਰਜਾਤੀਆਂ ਵਿੱਚੋਂ ਕੁਝ ਸਜਾਵਟੀ ਤੌਰ ’ਤੇ ਵੀ ਵਰਤੇ ਜਾਂਦੇ ਹਨ। ਮੁੱਖ ਵਪਾਰਕ ਪ੍ਰਜਾਤੀ (ਐੱਨ. ਤਾਬਾਕੁਮ) ਨੂੰ ਜ਼ਿਆਦਾਤਰ ਨਿਕੋਟੀਆਨਾ ਪੌਦਿਆਂ ਵਾਂਗ ਤਪਤ-ਖੰਡੀ ਅਮਰੀਕਾ ਦਾ ਮੂਲ-ਵਾਸੀ ਮੰਨਿਆ ਜਾਂਦਾ ਹੈ, ਪਰ ਇਹ ਇੰਨੇ ਚਿਰ ਤੋਂ ਵਾਹੇ ਜਾ ਰਹੇ ਹਨ ਕਿ ਹੁਣ ਇਸ ਦੀ ਕੋਈ ਜੰਗਲੀ ਪ੍ਰਜਾਤੀ ਬਚੀ ਹੈ, ਪਤਾ ਨਹੀਂ। ਐੱਨ. ਰਸਟਿਕਾ ਵੀ ਇੱਕ ਹਲਕੇ ਸੁਆਦ ਅਤੇ ਤੇਜ਼ੀ ਨਾਲ਼ ਸੜਨ ਵਾਲੀ ਪ੍ਰਜਾਤੀ ਤੰਬਾਕੂ ਸੀ, ਜੋ ਅਕਸਰ ਵਰਜਿਨੀਆ ਵਿੱਚ ਉਗਾਇਆ ਜਾਂਦਾ ਸੀ, ਪਰ ਹੁਣ ਇਹ ਖੇਤੀ ਜ਼ਿਆਦਾਤਰ ਤੁਰਕੀ, ਭਾਰਤ ਅਤੇ ਰੂਸ ਵਿੱਚ ਹੁੰਦੀ ਹੈ। ਖਾਰਾ ਨਿਕੋਟੀਨ; ਤੰਬਾਕੂ ਦਾ ਸਭ ਤੋਂ ਵੱਧ ਜਾਣਿਆ ਪਛਾਣਿਆ ਉਤਪਾਦ ਮੰਨਿਆ ਜਾਂਦਾ ਹੈ। ਨਿਕੋਟੀਨ ਆਪਣੇ ਆਪ ਵਿੱਚ ਹੀ ਬਹੁਤ ਝੱਸ (ਪੱਕੇ ਅਮਲ) ਵਾਲਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਬੀਟਾ-ਕਾਰਬੋਲੀਨ ਅਤੇ ਨਿਕੋਟੀਨ ਦਾ ਪਰਸਪਰ ਸੁਮੇਲ ਹੀ ਤੰਬਾਕੂ ਨੂੰ ਫੂਕਣ ਯਾਨੀ ਪੀਣ ਦੀ ਆਦਤ ਪੈਦਾ ਕਰਦਾ ਹੈ। ਤੰਬਾਕੂ ਦੇ ਹਾਨੀਕਾਰਕ ਪ੍ਰਭਾਵ; ਇਸ ਦੇ ਧੂੰਏ ਵਿਚਲੇ ਹਜ਼ਾਰਾਂ ਤਰ੍ਹਾਂ ਦੇ ਵੱਖ-ਵੱਖ ਸੰਯੋਗਾਂ (ਜਿਵੇਂ ਕਿ ਬੈਂਜ਼ਪਾਇਰੀਨ, ਫ਼ਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆ, ਫ਼ੀਨੋਲ ਆਦਿਕ) ਕਰ ਕੇ ਉਪਜਦੇ ਹਨ।

ਤੰਬਾਕੂਨੋਸ਼ੀ ਵਿੱਚੋਂ 21 ਪ੍ਰਕਾਰ ਦੀ ਜ਼ਹਰ ਪੈਦਾ ਹੁੰਦੀ ਹੈ, ਜਿਨ੍ਹਾਂ ਵਿੱਚੋਂ ਨਿਕੋਟੀਨ ਸਭ ਤੋਂ ਜ਼ਹਿਰੀਲੀ ਜ਼ਹਰ ਹੁੰਦੀ ਹੈ। ਨਿਕੋਟੀਨ ਦੀ ਜ਼ਹਿਰੀਲੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੀ ਇੱਕ ਬੂੰਦ ਨਾਲ 6 ਬਿੱਲੀਆਂ ਜਾਂ 2 ਕੁੱਤੇ ਮਰ ਸਕਦੇ ਹਨ।  8 ਬੂੰਦਾਂ ਘੋੜੇ ਨੂੰ ਮਾਰਨ ਲਈ ਕਾਫ਼ੀ ਹਨ। ਇਸ ਤੋਂ ਬਿਨਾਂ ਨਿਕੋਟੀਨ ਜ਼ਹਰ ਨਾੜੀ ਤੰਤਰ ਦੇ ਨਾਲ-ਨਾਲ ਫੇਫੜਿਆਂ ਵਰਗੇ ਕੋਮਲ ਅੰਗਾਂ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਜੀਅ ਕੱਚਾ ਹੋਣ ਲੱਗਦਾ ਹੈ, ਜਿਸ ਨਾਲ ਖ਼ੂਨ ਦਾ ਦਬਾਅ ਵੱਧ ਜਾਂਦਾ ਹੈ। ਨਿਕੋਟੀਨ ਦੀ ਲਗਾਤਾਰ ਵਰਤੋਂ ਅੱਖਾਂ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਕਈ ਵਾਰ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਨਿਕੋਟੀਨ ਨਾਲ ਗਲੇ ਦੇ ਅਨੇਕਾਂ ਰੋਗ ਅਤੇ ਪੇਟ ਵਿੱਚ ਜ਼ਖਮ ਵੀ ਸੰਭਵ ਹਨ। ਤੰਬਾਕੂ ਵਿੱਚ ਮੌਜੂਦ ‘ਅਲਕਤਰੇ’ ਦੇ ਹਾਨੀਕਾਰਕ ਪਦਾਰਥ; ਨੱਕ, ਮੂੰਹ, ਬੁੱਲ੍ਹਾਂ, ਗਲੇ, ਜੀਭ, ਗੁਰਦੇ ਅਤੇ ਫੇਫੜਿਆਂ ਵਿੱਚ ਜਾਂਦੇ ਹਨ, ਜਿਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਗੁਰਦੇ ਵਿੱਚ ‘ਅਲਕਤਰੇ’ ਨਾਲ ‘ਐਂਫੀਸੀਮਾ’ ਨਾਂ ਦਾ ਰੋਗ ਹੋ ਜਾਂਦਾ ਹੈ, ਜੋ ਕੈਂਸਰ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਇਸ ਨਾਲ ਰੋਗੀ ਦੀ ਤੜਫ-ਤੜਫ ਕੇ ਜਾਨ ਨਿਕਲਦੀ ਹੈ। ਪਾਨ ਮਸਾਲਾ, ਜ਼ਰਦਾ, ਬੀੜੀਆਂ ਅਤੇ ਸਿਗਰਟਾਂ ਦੀ ਵਰਤੋਂ ਕਰਨਾ ਹਾਨੀਕਾਰਕ ਹੈ; ਜਿਵੇਂ ਕਿ

  1. ਤੰਬਾਕੂਨੋਸ਼ੀ ਕਰਨ ਨਾਲ ਫੇਫੜਿਆਂ ਦੇ ਕੈਂਸਰ ਹੋਣ ਦਾ ਗੰਭੀਰ ਖਤਰਾ ਹੈ।
  2. ਦਿਲ ਦੀਆਂ ਬਿਮਾਰੀਆਂ ਵਾਲੇ ਕੁੱਲ ਮਰੀਜ਼ਾਂ ਵਿੱਚ; 30% ਮਰੀਜ਼ ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ ਅਤੇ 65 ਸਾਲ ਤੋਂ ਘੱਟ ਉਮਰ ਵਿੱਚ ਦਿਲ ਦੇ ਦੌਰੇ ਨਾਲ ਮਰਨ ਵਾਲਿਆਂ ਵਿੱਚ; 40% ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ। ਸਵਾਮੀ ਦਿਆਨੰਦ ਸਰਸਵਤੀ ਨੇ ਕਿਹਾ ਸੀ ਕਿ ਮੇਰੇ ਮ੍ਰਿਤਕ ਸਰੀਰ ਨੂੰ ਵੀ ਕੋਈ ਉਹ ਹੱਥ ਨਾ ਲਾਵੇ ਜਿਸ ਨੇ ਕਦੇ ਤੰਬਾਕੂ ਸੇਵਨ ਕੀਤਾ ਹੈ।
  3. ਦਮਾ ਅਤੇ ਸਾਹ ਦੀਆਂ ਬਿਮਾਰੀਆਂ ਵੀ ਜ਼ਿਆਦਾਤਰ ਤੰਬਾਕੂਨੋਸ਼ੀ ਕਾਰਨ ਹੁੰਦੀਆਂ ਹਨ।
  4. ਤੰਬਾਕੂ ਦੇ ਸੇਵਨ ਨਾਲ ਇਨਸਾਨ ਨੂੰ 30 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ।
  5. ਤੰਬਾਕੂਨੋਸ਼ਾਂ ਵਿੱਚ ਕੰਨਾਂ ਨੂੰ ਸਿਗਨਲ ਭੇਜਣ ਵਾਲੇ ਖਿੱਤਿਆਂ ਵਿੱਚ ਤਬਦੀਲੀ ਆ ਜਾਂਦੀ ਹੈ ਅਤੇ ਅੱਲ੍ਹੜ ਉਮਰ ਵਿੱਚ ਦਿਮਾਗ ਲਈ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ।
  6. ਸਿਗਰਟ ਪੀਣ ਨਾਲ ਪੈਦਾ ਹੋਈ ਜ਼ਹਿਰੀਲੀ ਗੈਸ ਨਿਕੋਟੀਨ ਦਾ ਕੁੱਖ ਵਿੱਚ ਪਲ ਰਹੇ ਭਰੂਣ ਦੇ ਦਿਮਾਗੀ ਵਿਕਾਸ ’ਤੇ ਵੀ ਬੁਰਾ ਅਸਰ ਪੈਂਦਾ ਹੈ। ਆਪਣੇ ਗਰਭ ਦਰਮਿਆਨ ਤੰਬਾਕੂਨੋਸ਼ੀ ਕਰਨ ਵਾਲੀਆਂ ਮਾਵਾਂ ਦੇ ਬੱਚੇ 12 ਗੁਣਾਂ ਵੱਧ ਹਿੰਸਕ ਅਤੇ ਹਮਲਾਵਰ ਹੋ ਸਕਦੇ ਹਨ।
  7. ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ ਅੰਦਾਜ਼ਨ 90 ਲੱਖ ਲੋਕ ਮਰ ਜਾਂਦੇ ਹਨ। ਕੇਵਲ ਭਾਰਤ ਵਿੱਚ 8 ਲੱਖ ਲੋਕ ਸਿਗਰਟ ਨੋਸ਼ੀ ਕਰ ਕੇ ਮਰਦੇ ਹਨ।
  8. ਤੰਬਾਕੂਨੋਸ਼ੀ ਦੇ ਮੂੰਹ ਵਿੱਚੋਂ ਨਿਕਲਿਆ ਧੂੰਆਂ ਨੇੜੇ ਬੈਠੇ ਵਿਅਕਤੀ ਨੂੰ ਵੀ ਬਿਮਾਰੀ ਦੀ ਲਪੇਟ ਵਿੱਚ ਲੈ ਸਕਦਾ ਹੈ। ਤੰਬਾਕੂਨੋਸ਼ੀ ਵਾਤਾਵਰਨ ਲਈ ਵੀ ਮਾਰੂ ਹੈ।

ਭਾਰਤੀ ਦੰਡ ਵਿਧਾਨ ਦੀ ਧਾਰਾ 278 ਅਨੁਸਾਰ ਸਜ਼ਾਯੋਗ ਅਪਰਾਧ ਹੈ। ਸੁਪਰੀਮ ਕੋਰਟ ਨੇ 1 ਮਈ 2004 ਤੋਂ ਜਨਤਕ ਥਾਂਵਾਂ ’ਤੇ ਸਿਗਰਟ ਪੀਣ ਉੱਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਨਤਕ ਥਾਂਵਾਂ ਵਿੱਚ ਸਿਨੇਮੇ, ਪਾਰਕ, ਪੈਦਲ ਰਸਤੇ, ਬੱਸ ਅੱਡੇ, ਰੇਲਵੇ ਸਟੇਸ਼ਨ, ਰੇਲ ਦੇ ਡੱਬੇ, ਜਨਤਕ ਆਵਾਜਾਈ ਦੇ ਸਾਧਨ ਸ਼ਾਮਲ ਹਨ।

ਅੱਜ ਦੁਨੀਆ ਵਿਚ ਤਕਰੀਬਨ 1 ਅਰਬ 34 ਕਰੋੜ ਲੋਕ ਤੰਬਾਕੂ ਪੀਂਦੇ ਹਨ ਅਤੇ ਭਾਰਤ ਵਿਚ ਤਕਰੀਬਨ 26.7 ਕਰੋੜ ਤੰਬਾਕੂ ਸੇਵਨ ਕਰਨ ਵਾਲੇ ਹਨ। ਤੰਬਾਕੂ ਉਪਭੋਗਤਾਵਾਂ ਦੀ ਆਦਤ ਛੱਡਣ ਵੱਲ ਧਿਆਨ ਖਿੱਚਣ ਦੇ ਉਦੇਸ਼ ਨਾਲ ‘ਵਰਲਡ ਨੋ ਤੰਬਾਕੂ ਦਿਵਸ’ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ, ਜੋ ਤੰਬਾਕੂ ਦੀ ਵਰਤੋਂ ਨਾਲ ਜੁੜੇ ਸਿਹਤ ਅਤੇ ਹੋਰ ਜੋਖਮਾਂ ਨੂੰ ਉਜਾਗਰ ਕਰਦਾ ਹੈ ਅਤੇ ਵਿਸ਼ਵ ਪੱਧਰ ’ਤੇ ਤੰਬਾਕੂ ਦੀ ਖਪਤ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਨੀਤੀਆਂ ਤਿਆਰ ਕਰਦਾ ਹੈ।

ਭਾਰਤ ਵਿੱਚ ਤੰਬਾਕੂ ਉਤਪਾਦਾਂ ’ਤੇ ਨਿਰਧਾਰਿਤ ਸਿਹਤ ਚੇਤਾਵਨੀਆਂ ਦੇ ਆਕਾਰ ਨੂੰ 1 ਅਪ੍ਰੈਲ, 2016 ਤੋਂ 85% ਪੈਕ ’ਤੇ ਛਾਪਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।

ਧੰਨ ਹਨ ਸਿੱਖ ਕੌਮ ਦੇ ਰਹਿਬਰ ਗੁਰੂ, ਜਿਨ੍ਹਾਂ ਨੇ ਇਸ ਭਿਆਨਕ ਬਿਮਾਰੀ ਤੋਂ ਸਿੱਖਾਂ ਨੂੰ ਬਹੁਤ ਪਹਿਲਾਂ ਹੀ ਸੁਚੇਤ ਕਰ ਰੱਖਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੰਬਾਕੂ ਦੇ ਸੇਵਨ ’ਤੇ ਸਦੀਵੀ ਪਾਬੰਦੀ ਲਗਾਉਣ ਲਈ ਚਾਰ ਕੁਰਹਿਤਾਂ (ਕੇਸ ਕੱਟਣੇ, ਪਰਾਈ ਇਸਤਰੀ ਨਾਲ਼ ਸਰੀਰਕ ਸੰਬੰਧ, ਹਲਾਲ ਕੀਤਾ ਮਾਸ ਖਾਣਾ ਅਤੇ ਤੰਬਾਕੂ ਦੇ ਸੇਵਨ ਕਰਨ ਨੂੰ) ਵਰਜਿਤ ਕਰ ਰੱਖਿਆ ਹੈ ਫਿਰ ਭੀ ਅੱਜ ਪੰਜਾਬ ਦੀ ਭਟਕੀ ਹੋਈ ਨੌਜਵਾਨੀ, ਜੋ ਗੁਰੂ ਦੀ ਸਿੱਖਿਆ ਦਾ ਲਾਭ ਉਠਾਉਣ ਦੀ ਬਜਾਇ ਇਸ ਬੱਜਰ ਪਾਪ ਨੂੰ ਸਹੇੜ ਕੇ ਆਪਣੇ ਸਰੀਰ, ਪਰਵਾਰ ਅਤੇ ਸਮਾਜ ਦਾ ਨੁਕਸਾਨ ਕਰਦੀ ਪਈ ਹੈ।