25.5 C
Jalandhar
Tuesday, April 7, 2026
spot_img
Home Blog Page 217

ਰੂਹਾਨਿਅਤ ਤੋ ਸਖਣੀ ਪਦਾਰਥਵਾਦੀ ਤੇ ਤਰਕਵਾਦੀ ਸਿੱਖ ਧਾਰਮਿਕ ਭਾਵਨਾ।

0

ਰੂਹਾਨਿਅਤ ਤੋ ਸਖਣੀ ਪਦਾਰਥਵਾਦੀ ਤੇ ਤਰਕਵਾਦੀ ਸਿੱਖ ਧਾਰਮਿਕ ਭਾਵਨਾ।

ਹਰਮੀਤ ਸਿੰਘ ਖਾਲਸਾ, ਡਬਰਾ  (ਗਵਾਲੀਅਰ)-070009-33378     

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਸਮੇਂ ਹਿੰਦੋਸਤਾਨ ਵਿੱਚ ਮੁੱਖ ਰੂਪ ਵਿਚ ਹਿੰਦੂ ਅਤੇ ਇਸਲਾਮ ਧਰਮ ਹੀ ਪ੍ਰਚਲਿਤ ਸਨ ਪਰ ਧਰਮ ਸਿਰਫ ਕਰਮਕਾਂਡ ਅਤੇ ਰੀਤੀ ਰਿਵਾਜਾ ਦਾ ਨਾਮ ਹੀ ਸੀ। ਧਰਮ ਵਿਚੋਂ ਰੂਹਾਨੀਅਤ ਵਾਲਾ ਪੱਖ ਜਾਂ ਤਾਂ ਨਾ ਦੇ ਬਰਾਬਰ ਸੀ ਜਾਂ ਬਿਲਕੁਲ ਹੀ ਗਾਇਬ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਕ ਅਜਿਹਾ ਨਿਆਰਾ ਸਿੱਖ ਧਰਮ ਪ੍ਰਗਟ ਕੀਤਾ ਜਿਸ ਵਿਚ ਇਨਸਾਨ ਦਾ ਜੀਵਨ ਗੁਣਾਂ ਭਰਪੂਰ ਬਣ ਕੇ ਤੇ ਅਵਗੁਣ ਰਹਿਤ ਹੋ ਕੇ ਇਕ ਆਦਰਸ਼ਕ ਜੀਵਨ ਬਣ ਸਕੇ ਅਤੇ ਉਸ ਦੀ ਪ੍ਰਮਾਤਮਾ ਨਾਲ ਮਿਲਾਪ ਦੀ ਤੀਬਰ ਤਾਂਘ ਦੀ ਰੂਹਾਨੀ ਅਵਸਥਾ ਪੈਦਾ ਕਰਨ ਦੀ ਗੱਲ ਪਰਪੱਕ ਕੀਤੀ ਜਾ ਸਕੇ। ਜਦ ਤੱਕ ਗੁਰੂ ਸਾਹਿਬ ਸ਼ਰੀਰਕ ਜਾਮੇ ਵਿਚ ਮੌਜੂਦ ਸਨ ਉਦੋਂ ਤਕ ਆਮ ਸਿੱਖ ਦਇਆ, ਧੀਰਜ, ਖਿਮਾਂ, ਸੰਤੋਖ, ਨਿਮਰਤਾ, ਨਿਰਵੈਰਤਾ ਵਾਲੇ ਰਬੀ ਗੁਣਾਂ ਭਰਪੂਰ ਅਤੇ ਕਰਮਕਾਂਡ ਤੋਂ ਰਹਿਤ ਰੂਹਾਨੀ ਜੀਵਨ ਬਤੀਤ ਕਰਦੇ ਰਹੇ ਸਨ, ਸਿੱਖੀ ਕਿਰਦਾਰ ਦਾ ਆਲਮ ਇਹ ਸੀ ਕਿ ਜੇ ਕਿਸੇ ਸਿੱਖ ਦੀ ਗਵਾਹੀ ਕਚਿਹਰੀ ਵਿਚ ਹੋ ਜਾਂਦੀ ਸੀ ਤਾਂ ਉਸ ਨੂੰ ਸੱਚ ਮਨ ਕੇ ਫੈਸਲਾ ਸੁਣਾ ਦਿੱਤਾ ਜਾਂਦਾ ਸੀ। ਪਰ ਅਠਾਰਵੀਂ ਸਦੀ ਦੇ ਮੱਧ ਤੋਂ ਬਾਅਦ ਸਿੱਖ ਵਾਸਤੇ ਸਮਾਂ ਬਦਲਣਾ ਸ਼ੁਰੂ ਹੋ ਗਿਆ ਤੇ ਉਸ ਦੇ ਜੀਵਨ ਵਿਚੋਂ ਸਿਧਾਂਤ ਦੀ ਪਕੜ ਢਿੱਲੀ ਪੈਣੀ ਸ਼ੁਰੂ ਹੋ ਗਈ ਜਿਸ ਕਾਰਨ ਉਹ ਪਦਾਰਥਵਾਦ ਦੀ ਜਕੜ ਵਿਚ ਫਸਨਾ ਸ਼ੁਰੂ ਹੋ ਗਿਆ। ਇਸ ਦੌਰਾਨ ਸਿੱਖ ਨੇ ਪਦਾਰਥਵਾਦੀ ਦੁਨਿਆਵੀ ਤਰੱਕੀ ਤਾਂ ਕਰ ਲਈ ਪਰ ਰੂਹਾਨੀਅਤ ਵਾਲਾ ਪੱਖ ਕਮਜੋਰ ਹੁੰਦਾ ਗਿਆ ਅਤੇ ਪਹਿਲਾਂ ਜੋ ਸਿੱਖ ਦੀ ਪ੍ਰਮਾਤਮਾ ਅੱਗੇ ਅਰਦਾਸ ਚੰਗੇ ਗੁਣਾ ਦੇ ਧਾਰਨੀ ਹੋਣ ਦੀ, ਕੌਮ ਦੀ ਚੜਦੀ ਕਲਾ ਹੋਣ ਦੀ, ਭਾਣਾ ਮੰਨਣ ਦੀ, ਸਰਬਤ ਦੇ ਭਲੇ ਵਾਲੀ ਹੁੰਦੀ ਸੀ ਉਹ ਅਰਦਾਸ ਹੁਣ ਸੁੰਗੜ ਕੇ ਮਾਇਕ ਪਦਾਰਥਾਂ ਦੀ ਪ੍ਰਾਪਤੀ ਦੀ, ਕਾਰੋਬਾਰ ਵਿਚ ਵਾਧੇ ਦੀ, ਸੁੱਖਾਂ ਦੀ ਪ੍ਰਾਪਤੀ ਦੀ, ਧੀਆਂ ਦੀ ਬਜਾਏ ਮੁੰਡੇ ਪੈਦਾ ਹੋਣ ਦੀ, ਵਿਰੋਧੀ ਸੱਜਣ ਦੇ ਨੁਕਸਾਨ ਹੋਣ ਦੀ ਆਦਿ ਵਿਚ ਤਬਦੀਲ ਹੋ ਕੇ ਰਹਿ ਗਈ।

ਸਮਾਂ ਬੀਤਨ ਦੇ ਨਾਲ ਪੱਛਮ ਦੇ ਗਿਆਨ ਪ੍ਰਬੰਧ ਦੀ ਆਮਦ, ਤੇ ਉਸ ਦਾ ਪ੍ਰਭਾਵ ਕਬੂਲਨ ਕਾਰਨ ਸਿੱਖ ਭਾਵਨਾ ਤਰਕਵਾਦੀ ਬਣਦੀ ਗਈ ਅਤੇ ਉਸ ਨੇ ਆਪਣੇ ਧਰਮ, ਭਾਵ ਆਪਣੇ ਇਤਿਹਾਸ, ਆਪਣੀ ਪਰੰਪਰਾ, ਆਪਣੇ ਗੁਰੂ ਅਸਥਾਨ ਇਥੋਂ ਤੱਕ ਕਿ ਗੁਰੂ ਸਾਹਿਬਾਨ ਦਵਾਰਾ ਬਖਸ਼ੀ ਸਭ ਤੋਂ ਕੀਮਤੀ ਵਸਤੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਉਪਰ ਵੀ ਤਰਕ ਕਰ ਕੇ ਉਸ ਵਿਚ ਊਣਤਾਈਆ ਲਭਣੀਆਂ ਸ਼ੁਰੂ ਕਰ ਦਿੱਤੀਆਂ।  ਤਰਕਵਾਦੀ ਭਾਵਨਾ ਵਾਸਤੇ ਇਤਿਹਾਸ, ਪਰੰਪਰਾ ਆਦਿ ਦੇ ਬਹੁਤੇ ਮਾਇਨੇ ਨਹੀਂ ਹੁੰਦੇ ਅਤੇ ਹਰ ਉਹ ਗੱਲ ਜੋ ਉਸ ਦੇ ਤਰਕ ਦੇ ਅਧਾਰ ਤੇ ਠੀਕ ਨਹੀਂ ਬੈਠਦੀ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਪਰ ਤਰਕ ਤਾਂ ਸਿਰਫ ਉਸ ਵਕਤ ਤੱਕ ਹੀ ਠੀਕ ਹੁੰਦਾ ਹੈ ਜਦ ਤਕ ਉਸ ਤੋਂ ਵੱਡਾ ਕੋਈ ਹੋਰ ਤਰਕ ਸਾਹਮਣੇ ਨਹੀਂ ਆਇਆ ਹੁੰਦਾ। ਪਰ ਤਰਕਵਾਦੀ ਭਾਵਨਾ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਦੇ ਭਰਮ ਵਿਚ ਹੋਣ ਕਾਰਨ ਇਸ ਗੱਲ ਨੂੰ ਸਮਝਣ ਵਿੱਚ ਅਸਮਰੱਥ ਹੁੰਦੀ ਹੈ।

ਰੂਹਾਨੀਅਤ ਤੋਂ ਸੱਖਣੀ ਹੋਣ ਕਰਕੇ ਤਰਕਵਾਦੀ ਭਾਵਨਾ ਇਹ ਤਰਕ ਕਰਨ ਲਗ ਪਈ ਕਿ ਪੰਜ ਸਾਲ ਦੇ ਬੱਚੇ ਵਿਚ ਕਿਨੀ ਕੁ ਕਾਬਲੀਅਤ ਹੋਵੇਗੀ ਜੋ ਉਸ ਨੂੰ ਗੁਰਤਾਗੱਦੀ ਪ੍ਰਾਪਤ ਹੋ ਗਈ ? ਗੁਰੂ ਸਾਹਿਬ ਆਪਣੇ ਪੰਜੇ ਨਾਲ ਪਹਾੜ ਕਿਵੇਂ ਰੋਕ ਸਕਦੇ ਹਨ?  “ਅਕਾਲ” ਤਾਂ ਸਿਰਫ ਪ੍ਰਮਾਤਮਾ ਹੈ ਫੇਰ ਕੋਈ ਤੱਖਤ “ਅਕਾਲ ਤੱਖਤ” ਕਿਵੇਂ ਹੋ ਸਕਦਾ ਹੈ ? ਭੱਟ ਸਾਹਿਬਾਨਾ ਦੀ ਬਾਣੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚ ਕਿਵੇਂ ਦਰਜ ਕਰ ਸਕਦੇ ਹਨ ? ਇਸ ਤਰ੍ਹਾ ਦੇ ਬੇਅੰਤ ਤਰਕ ਕੀਤੇ ਜਾਣ ਲਗ ਪਏ। ਦੁਨਿਆਵੀ ਪੱਧਰ ਉਪਰ ਵਿਚਰਨ ਕਰਕੇ ਤਰਕਵਾਦੀ ਭਾਵਨਾ ਨੇ ਗੁਰੂ ਕੌਤਕਾਂ ਉਪਰ ਦੁਨਿਆਵੀ ਹਿਸਾਬ ਕਿਤਾਬ ਲਗਾ ਕੇ ਉਨ੍ਹਾਂ ਨੂੰ ਦੁਨਿਆਵੀ ਸਮਝ ਅਨੁਸਾਰ ਦੇਖਣਾ ਪਰਖਣਾ ਸ਼ੁਰੂ ਕਰ ਦਿੱਤਾ ਪਰ ਗੁਰੂ ਤਾਂ ਅਗੰਮ ਅਗੋਚਰ ਹੈ, ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ, ਫੇਰ ਗੁਰੂ ਕੌਤਕ ਸਾਡੀ ਆਮ ਜਹੀ ਤਰਕਵਾਦੀ ਸਮਝ ਵਿਚ ਕਿਵੇਂ ਆ ਸਕਦੇ ਹਨ ? ਗੁਰੂ ਸਾਹਿਬਾਨਾਂ ਦਵਾਰਾ ਸਿੱਖ ਸਿਧਾਂਤਾਂ ਨੂੰ ਆਪਣੇ ਪੂਰੇ ਜੀਵਨ ਵਿਚ ਅਮਲ ਵਿਚ ਲਿਆ ਕੇ ਇਤਿਹਾਸ ਦੇ ਰੂਪ ਵਿਚ ਦਰਜ ਕਰਨ ਤੋਂ ਬਾਅਦ ਤਰਕ ਦੀ ਗੁੰਜਾਇਸ਼ ਤਾਂ ਬਚਦੀ ਹੀ ਨਹੀਂ ਪਰ ਤਰਕਵਾਦੀ ਭਾਵਨਾ ਦਾ ਗੁਰੂ ਪ੍ਰਤੀ ਅਧੂਰਾ ਪਿਆਰ ਅਤੇ ਅਧੂਰਾ ਸਮਰਪਣ ਹੋਣ ਕਰਕੇ ਹੀ ਇਸ ਤਰ੍ਹਾ ਦੇ ਸ਼ੰਕੇ ਉਤਪਨ ਹੁੰਦੇ ਹਨ। ਇਸ ਦਾ ਦੂਜਾ ਪੱਖ ਵਿਚਾਰਦੇ ਹੋਏ ਇਹ ਵੀ ਸਮਝਣਾ ਜਰੂਰੀ ਹੈ ਕਿ ਪਰੰਪਰਾਵਾਦੀ ਡੇਰਿਆਂ ਅਤੇ ਟਕਸਾਲਾਂ ਵਿਚ ਬਹੁਤ ਸਾਰੇ ਅਜਿਹੇ ਰੀਤੀ ਰਿਵਾਜ ਅਤੇ ਕਰਮਕਾਂਡ ਵੱਸ ਗਏ ਜੋ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੇ, ਬਹੁਤਾ ਸੋਚ ਵਿਚਾਰ ਕੀਤੇ ਬਿਨਾਂ ਹੀ ਪੁਰਾਤਨ ਮਰਿਆਦਾ ਦੇ ਨਾਮ ਥੱਲੇ ਇਨ੍ਹਾ ਕਰਮਕਾਂਡਾਂ ਅਤੇ ਰੀਤੀ ਰਿਵਾਜਾਂ ਨੂੰ ਮਹੱਤਵ ਦਿੱਤਾ ਜਾਣ ਲੱਗ ਪਿਆ। ਇਨ੍ਹਾ ਰਿਵਾਜਾਂ ਬਾਰੇ ਪੁੱਛਣ ਤੇ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਪੁਰਾਤਨ ਮਰਿਆਦਾ ਦਾ ਹਵਾਲਾ ਦਿਤਾ ਜਾਂਦਾ ਹੈ। ਸਿੱਖ ਧਰਮ ਹੋਰ ਅਨਮੱਤ ਦੇ ਧਰਮਾਂ ਤੋਂ ਬਹੁਤ ਹੀ ਨਿਆਰਾ ਹੈ, ਇਥੇ ਨਾ ਤਾਂ ਕਰਮਕਾਂਡਾਂ ਅਤੇ ਫੋਕਟ ਰੀਤੀ ਰਿਵਾਜਾਂ ਦੀ ਜਗ੍ਹਾ ਹੈ ਅਤੇ ਨਾ ਹੀ ਤਰਕਵਾਦੀ ਭਾਵਨਾ ਦੀ, ਇਨ੍ਹਾਂ ਦੋਨਾਂ ਵਿਚ ਸੰਤੁਲਨ ਦੀ ਅਵਸਥਾ ਹੀ ਸਹੀ ਸਿੱਖ ਭਾਵਨਾ ਦੀ ਤਰਜਮਾਨੀ ਕਰਦੀ ਹੈ। ਇਸ ਅਵਸਥਾ ਨੂੰ ਸਮਝਣ ਅਤੇ ਅਮਲ ਵਿਚ ਲਿਆਉਣ ਲਈ ਬਹੁਤੀ ਮਸ਼ੱਕਤ ਨਹੀਂ ਕਰਨੀ ਪੈਂਦੀ ਗੁਰੂ ਕਾਲ ਦਾ ਇਤਿਹਾਸਕ ਸਮਾਂ ਇਸ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ। 

ਆਮ ਤੌਰ ਤੇ ਸਿੱਖਾਂ ਦਾ ਪੜਿਆ ਲਿਖਿਆ ਸ਼ਹਿਰੀ ਤਬਕਾ ਤਰਕਵਾਦੀ ਭਾਵਨਾ ਦੀ ਅਤੇ ਘੱਟ ਪੜਿਆ ਲਿਖਿਆ ਪੇਂਡੂ ਤਬਕਾ ਰੂੜੀਵਾਦੀ ਭਾਵਨਾ ਦੀ ਤਰਜਮਾਨੀ ਕਰਦਾ ਹੈ। ਬਹੁਤੇ ਪੜ੍ਹੇ ਲਿਖੇ ਸਿੱਖ, ਪੱਛਮ ਦੇ ਗਿਆਨ ਪ੍ਰਬੰਧ ਦੇ ਅਸਰ ਹੇਠ ਅਤੇ ਘੱਟ ਪੜ੍ਹੇ ਲਿਖੇ ਸਿੱਖ, ਰੂੜੀਵਾਦੀ ਵਿਚਾਰਧਾਰਾ ਦੇ ਅਸਰ ਹੇਠ ਆ ਗਏ, ਪਰ ਸਿੱਖੀ ਦੀ ਮੂਲ ਭਾਵਨਾ ਵਾਲੇ ਰੂਹਾਨੀ ਜੀਵਨ ਬਤੀਤ ਕਰਨ ਵਾਲੇ ਸਿੱਖ ਬਹੁਤ ਹੀ ਘੱਟ ਰਹਿ ਗਏ। ਇਸ ਨਿਘਾਰ ਦਾ ਸੱਭ ਤੋਂ ਵੱਡਾ ਕਾਰਨ ਸਹੀ ਪ੍ਰਚਾਰ ਦੀ ਘਾਟ ਹੈ ਅਤੇ ਸਹੀ ਪ੍ਰਚਾਰ ਦੀ ਘਾਟ ਇਕਸਾਰਤਾ ਦੀ ਅਣਹੋਂਦ ਕਾਰਨ ਹੈ। ਰੂੜੀਵਾਦੀ ਪ੍ਰਚਾਰਕ ਆਪਣੀ ਵਿਚਾਰਧਾਰਾ ਨੂੰ ਸਹੀ ਮੰਨਦੇ ਹੋਏ ਆਪਣਾ ਰੂੜੀਵਾਦੀ ਪ੍ਰਚਾਰ ਅਤੇ ਤਰਕਵਾਦੀ ਪ੍ਰਚਾਰਕ ਆਪਣੀ ਤਰਕ ਵਿਚਾਰਧਾਰਾ ਨੂੰ ਸਹੀ ਮੰਨਦੇ ਹੋਏ ਆਪਣਾ ਤਰਕਵਾਦੀ ਪ੍ਰਚਾਰ ਕਰਦੇ ਹਨ। ਜਿਹੜੇ ਸਿੱਖ ਇਨ੍ਹਾਂ ਦੋਨਾਂ ਵਿਚੋਂ ਕਿਸੇ ਇੱਕ ਪ੍ਰਚਾਰ ਦਾ ਅਸਰ ਕਬੂਲਦੇ ਹਨ ਉਸੇ ਹੀ ਵਿਚਾਰਧਾਰਾ ਦੇ ਬਣ ਜਾਂਦੇ ਹਨ ਅਤੇ ਰੂਹਾਨੀ ਪੱਖ ਦੋਨਾਂ ਵਿਚੋਂ ਹੀ ਮਨਫੀ ਹੁੰਦਾ ਜਾ ਰਿਹਾ ਹੈ।

ਗੁਰੂ ਸਾਹਿਬਾਨਾਂ ਦਵਾਰਾ ਪਰਪੱਕ ਕਰਾਈ ਗਈ ਸਿੱਖ ਵਿਚਾਰਧਾਰਾ ਬਹੁਤ ਹੀ ਸਰਲ ਅਤੇ ਨਿਰਮਲ ਹੈ। ਸਿੱਖ ਨੂੰ ਬਿਨਾਂ ਕਿਸੇ ਕਰਮਕਾਂਡ ਅਤੇ ਰੀਤੀ ਰਿਵਾਜ ਨਿਭਾਇਆਂ ਸਿਰਫ ਆਪਣੇ ਅੰਦਰ ਦੇ ਕੂੜ (ਮਾੜੀ ਸੋਚ, ਅਵਗੁਣ) ਨੂੰ ਕੱਢ ਕੇ, ਮਾਇਆ/ਤ੍ਰਿਸ਼ਨਾ ਤੋਂ ਨਿਰਲੇਪ ਰਹਿ ਕੇ ਰੱਬੀ ਗੁਣਾਂ ਦੇ ਧਾਰਨੀ ਹੁੰਦਿਆਂ ਰੋਜਾਨਾ ਦਾ ਜੀਵਨ ਸੱਚ ਦੇ ਅਧਾਰ ਤੇ ਬਤੀਤ ਕਰਦੇ ਹੋਇਆਂ, ਮਾਨਵਤਾ ਦੀ ਭਲਾਈ ਵਾਸਤੇ ਉਦਮੀ ਹੋਣਾ ਹੈ। ਕਿੰਨਾ ਸਰਲ ਹੈ, ਬੱਸ ਆਪਣੇ ਆਪ ਨੂੰ ਸੁਧਾਰਨਾ ਹੈ। ਜੇ ਅਜਿਹਾ ਆਦਰਸ਼ਕ ਅਤੇ ਰੂਹਾਨੀਅਤ ਭਰਪੂਰ ਜੀਵਨ ਸਾਰੀ ਮਨੁੱਖਤਾ ਅਪਣਾ ਲਏ ਤਾਂ ਦੁਨੀਆ ਵਿੱਚੋ ਝਗੜੇ/ਕਲੇਸ਼ ਹਮੇਸ਼ਾ ਵਾਸਤੇ ਹੀ ਖਤਮ ਹੋ ਸਕਦੇ ਹਨ।

ਆਸ ਹੈ ਕਿ ਐਨੀ ਸਰਲ ਜਹੀ ਗੱਲ ਸਾਡੀ ਸਮਝ ਵਿਚ ਆ ਜਾਵੇ ਅਤੇ ਅਸੀਂ ਆਪਣਾ ਜੀਵਨ ਗੁਰਮਤਿ ਅਨੁਸਾਰੀ ਬਤੀਤ ਕਰ ਕੇ ਪੂਰੀ ਦੁਨੀਆਂ ਵਿਚ ਇਕ ਮਿਸਾਲ ਕਾਇਮ ਕਰ ਸਕੀਏ।

ਸੰਸਾਰੀ ਅਤੇ ਨਿਰੰਕਾਰੀ ਵਿਦਿਆ ਬਾਰੇ ਵਿਸ਼ੇਸ਼ ਲੇਖ

0

ਸੰਸਾਰੀ ਅਤੇ ਨਿਰੰਕਾਰੀ ਵਿਦਿਆ ਬਾਰੇ ਵਿਸ਼ੇਸ਼ ਲੇਖ

ਅਵਤਾਰ ਸਿੰਘ ਮਿਸ਼ਨਰੀ (5104325827)

ਵਿਦਿਆ ਵੀਚਾਰੀ ਤਾਂ ਪਰਉਪਕਾਰੀ॥(੩੫੬) ਵਿਦਿਆ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਹਨ-ਇਲਮ, ਗਿਆਨ, ਪੜ੍ਹਾਈ, ਕਲਾ, ਐਜੂਕੇਸ਼ਨ, ਸਟੱਡੀ, ਜਾਨਣ ਦੀ ਕਿਰਿਆ। ਵਿਦਿਆ ਵੀ ਦੋ ਪ੍ਰਕਾਰ ਦੀ ਸੰਸਾਰੀ ਅਤੇ ਨਿਰੰਕਾਰੀ। ਸੰਸਾਰੀ ਵਿਦਿਆ ਮਾਂ ਬਾਪ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵੱਖ ਵੱਖ ਕਿਤਿਆਂ ਆਦਿ ਦੇ ਕੋਰਸਾਂ ਤੋਂ ਮਿਲਦੀ ਅਤੇ ਨਿਰੰਕਾਰੀ ਵਿਦਿਆ, ਧਰਮੀ ਪੁਰਸ਼ਾਂ, ਧਰਮ ਅਸਥਾਨਾਂ, ਧਰਮ ਵਿਦਿਆਲਿਆਂ, ਟਕਸਾਲਾਂ ਅਤੇ ਮਿਸ਼ਨਰੀ ਕਾਲਜਾਂ ਤੋਂ ਮਿਲਦੀ ਹੈ। ਅੱਜ ਇੱਕਵੀਂ ਸਦੀ ਦੇ ਸੰਸਾਰ ਵਿੱਚ ਅਨੇਕਾਂ ਬੋਲੀਆਂ ਵਿੱਚ ਵਿਦਿਆ ਹੈ। ਤੀਜਾ ਨੇਤ੍ਰ ਵਿਦਿਆ ਜੋ ਗਿਆਨ ਦੀ ਰੋਸ਼ਨੀ ਦਿੰਦੀ ਹੈ। ਵਿਦਿਆ ਨਾਲ ਹੀ ਅਜੋਕਾ ਮਨੁੱਖ ਅਕਾਸ਼ ਵਿੱਚ ਉੱਡਦਾ ਤੇ ਅਨੇਕਾਂ ਨਵੀਆਂ ਕਾਡਾਂ ਕੱਢ ਰਿਹਾ ਹੈ। ਵਿਗਿਆਨਕ ਵਿਦਿਆ ਨੇ ਸਾਬਤ ਕਰ ਦਿੱਤਾ ਹੈ ਕਿ ਚੰਦ, ਸੂਰਜ, ਮੰਗਲ ਅਤੇ ਸ਼ਨੀ ਆਦਿਕ ਕੋਈ ਗੈਬੀ ਗ੍ਰਹਿ ਜਾ ਦੇਵਤੇ ਨਹੀਂ ਸਗੋਂ ਅਕਾਸ਼ ਮੰਡਲ ਦੀਆਂ ਵੱਖ ਵੱਖ ਧਰਤੀਆਂ ਹਨ। ਅੱਜ ਸੰਸਾਰ ਦਾ ਸਾਰਾ ਦਾਰੋ ਮਦਾਰ ਵਿਦਿਆ ਦੇ ਸਹਾਰੇ ਚੱਲ ਰਿਹਾ ਅਤੇ ਸਾਰੀਆਂ ਅਧੁਨਿਕ ਸੁਖ ਸਹੂਲਤਾਂ ਵਿਦਿਆ ਵਿਗਿਆਨ ਕਰਕੇ ਹਨ। ਪ੍ਰਭੂ ਦਾ ਨਾਮ ਤੇ ਵਿਦਿਆ ਐਸਾ ਧਨ ਹੈ ਜਿਸ ਨੂੰ ਕੋਈ ਚੁਰਾ ਨਹੀਂ ਸਕਦਾ, ਜਲ ਡੋਬ ਅਤੇ ਅੱਗ ਸਾੜ ਨਹੀਂ ਸਕਦੀ-ਜਲਿ ਨਹੀ ਡੂਬੈ ਤਸਕਰੁ ਨਹੀਂ ਲੇਵੈ ਭਾਹਿ ਨ ਸਾਕੈ ਜਾਲੇ॥੧॥ (੬੭੯) ਵਿਦਿਆ ਤੋਂ ਬਿਨਾਂ ਕੋਈ ਵਿਦਵਾਨ ਜਾਂ ਪੰਡਿਤ ਨਹੀਂ ਹੋ ਸਕਦਾ- ਬਿਨੁ ਬਿਦਿਆ ਕਹਾ ਕੋਈ ਪੰਡਿਤ॥ (੧੧੪੦) ਗੁਰੂ ਦੀ ਰਹਿਮਤ ਨਾਲ ਵਿਦਿਆ ਪੜ੍ਹਨ ਵਾਲਾ ਸੰਸਾਰ ਵਿੱਚ ਆਦਰ ਮਾਨ ਪਾਉਂਦਾ ਹੈ-ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ (੧੩੨੯)

ਜਰਾ ਸੋਚੋ ! ਹਰੇਕ ਚੀਜ ਦਾ ਨਫਾ ਤੇ ਨੁਕਸਾਨ ਹੁੰਦਾ ਹੈ। ਅਜੋਕਾ ਮਨੁੱਖ ਸੰਸਾਰੀ ਵਿਦਿਆ ਵਿੱਚ ਤਾਂ ਸਿਖਰ ਤੇ ਪਹੁੰਚ ਗਿਆ ਪਰ ਨਿਰੰਕਾਰੀ ਵਿਦਿਆ ਨੂੰ ਨਕਾਰ ਰਿਹਾ ਹੈ। ਸੰਸਾਰਕ ਵਿਦਿਆ ਲਈ ਤਾਂ ਜਿੰਦਗੀ ਦੇ 20-20 ਸਾਲ ਬਲਕਿ ਸਾਰੀ ਜਿੰਦਗੀ ਲਗਾ ਦਿੰਦਾ ਹੈ ਪਰ ਨਿਰੰਕਾਰੀ ਵਿਦਿਆ ਲਈ ਇਸ ਕੋਲ 24 ਘੰਟਿਆਂ ਚੋਂ ਇੱਕ ਘੜੀ ਵੀ ਨਹੀਂ। ਸਾਰੀ ਵਿਦਿਆ ਪੈਸਾ, ਸ਼ੋਹਰਤ ਅਤੇ ਵਿਸ਼ੇ ਵਿਕਾਰਾਂ ‘ਤੇ ਵਰਤ ਰਿਹਾ ਹੈ। ਅਜੋਕੇ ਅਮੀਰਾਂ ਅਤੇ ਰਾਜਸੀ ਲੀਡਰਾਂ ਨੇ ਵਿਦਿਆ ਨੂੰ “ਵਿਚਾਰੀ” ਬਲਹੀਨ ਬਣਾ ਕੇ ਰੱਖ ਦਿੱਤੈ ਭਾਵ ਅਨਪੜ੍ਹ ਜਾਂ ਘੱਟ ਪੜ੍ਹੇ, ਪੜ੍ਹੇ ਲਿਖਿਆਂ ਅਤੇ ਵਿਦਵਾਨਾਂ ‘ਤੇ ਰਾਜ ਕਰ ਰਹੇ ਹਨ। ਅਨਪੜ੍ਹ ਲੀਡਰ ਵਿਦਿਆ ਮੰਤ੍ਰੀ ਪਰ ਪੋਸਟ ਗਰੈਜੂਏਟ ਰਿਕਸ਼ਾ ਚਲਾ ਰਹੇ ਹਨ। ਪੜ੍ਹੇ ਲਿਖੇ ਲੋਕ ਖੁਦ ਵੀ ਆਤਮ ਗਿਆਨ ਨਾ ਹੋਣ ਅਤੇ ਵਿਦਿਆ-ਹੰਕਾਰ ਕਰਕੇ ਮੂਰਖ ਹਨ-ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ (੧੪੦) ਇਸ ਦੀ ਮਸਾਲ ਹੈ ਕਿ ਪੜ੍ਹੇ ਲਿਖੇ ਅਧਿਆਪਕ, ਡਾਕਟਰ, ਵਿਗਿਆਨੀ ਅਤੇ ਗਿਆਨੀ ਅਨਪੜ੍ਹ ਡੇਰੇਦਾਰ ਸਾਧਾਂ, ਬਾਬਿਆਂ ਅਤੇ ਜੋਤਸ਼ੀਆਂ ਕੋਲ ਹੱਥ ਜੋੜ ਕੇ, ਮੰਨਤਾ ਮੰਨ ਰਹੇ ਤੇ ਚੰਗੇ ਮੰਦੇ ਦਿਨ, ਮਸਿਆ, ਪੁੰਨਿਆਂ, ਸੰਗ੍ਰਾਂਦਾਂ ਅਤੇ ਪੈਂਚਕਾਂ ਮਨਾ ਰਹੇ ਹਨ। ਪੜ੍ਹੇ ਲਿਖੇ ਚਲਾਕ ਤੇ ਹੰਕਾਰੀ, ਕਿਰਤੀਆਂ ਨੂੰ ਲੁੱਟਦੇ ਹਨ। ਅਧਿਆਪਕ, ਧਰਮ ਗੁਰੂ, ਪੰਡਿਤ, ਸੰਤ ਬਾਬੇ ਅਤੇ ਰਾਜਸੀ ਲੀਡਰ ਹੀ ਧੱਕੇ ਧੌਂਸ ਨਾਲ ਮਜਬੂਰੀ ਦਾ ਫਾਇਦਾ ਉਠਾ ਕੇ ਪਰਾਈਆਂ ਔਰਤਾਂ ਨਾਲ ਬਲਾਤਕਾਰ ਕਰ ਰਹੇ ਹਨ। ਪੈਸੇ ਤੇ ਚੌਧਰ ਦੀ ਤਾਕਤ ਨਾਲ ਪੜ੍ਹੇ ਲਿਖੇ ਬੇਰੁਜਗਾਰਾਂ ਅਤੇ ਵਿਦਵਾਨਾਂ ਨੂੰ ਖ੍ਰੀਦਿਆ ਜਾ ਰਿਹਾ ਹੈ। ਅਨਪੜ੍ਹ ਪ੍ਰਬੰਧਕ ਧਰਮ ਅਸਥਾਨਾਂ ਵਿਖੇ ਪੜ੍ਹੇ ਲਿਖੇ ਵਿਦਵਾਨਾਂ ਨੂੰ ਨੌਕਰ ਸਮਝ ਰਹੇ ਹਨ। ਪੈਸੇ ਦੇ ਜੋਰ ਨਾਲ, ਵਿਦਿਆ-ਗਿਆਨ ਨੂੰ ਘਰ ਘਰ ਪਹਿਚਾਉਣ ਵਾਲਾ ਮੀਡੀਆ ਵੀ ਖ੍ਰੀਦਿਆ ਜਾ ਰਿਹਾ ਹੈ। ਪੜ੍ਹੀਆਂ ਲਿਖੀਆਂ ਮਾਵਾਂ ਤੇ ਲਾਲਚੀ ਡਾਕਟਰ ਭਰੂਣ ਹਤਿਆ ਕਰਦੇ ਹਨ। ਪੜ੍ਹੇ ਲਿਖੇ ਮੂਰਖ ਤੇ ਚਾਲਬਾਜ ਦਰਿੰਦੇ ਧਰਮ, ਜਾਤ, ਦੇਸ਼, ਪਾਰਟੀ ਅਤੇ ਧੰਨ ਦੇ ਨਾਂ ‘ਤੇ ਬੇਕਸੂਰਾਂ ਅਤੇ ਮਸੂਮਾਂ ਦੇ ਕਤਲ ਕਰ ਰਹੇ ਹਨ। ਅੱਜ ਬਹੁਤੇ ਥਾਂਵਾਂ ਖਾਸ ਕਰ ਭਾਰਤ ਵਿੱਚ ਵਿਦਿਆ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਟਿਊਸ਼ਨਾਂ ਦੇ ਰੂਪ ਵਿੱਚ ਵਪਾਰ ਬਣਾ ਲਿਆ ਗਿਆ ਹੈ। ਮਾਇਆਧਾਰੀਆਂ ਵੱਲੋਂ ਥੋੜੇ ਪੈਸਿਆਂ ‘ਤੇ ਘਟੀਆ ਅਧਿਆਪਕ ਰੱਖ, ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖੇਡ, ਮੋਟੀ ਕਮਾਈ ਕੀਤੀ ਜਾ ਰਹੀ ਹੈ। ਸਰਕਾਰੀ, ਧਾਰਮਿਕ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਦਾਖਲਾ ਮੈਰਿਟ ਦੇ ਅਧਾਰ ‘ਤੇ ਨਹੀਂ ਸਗੋਂ ਸ਼ਪਾਰਸ਼ ਅਤੇ ਰਿਸ਼ਵਤ ਰਾਹੀਂ ਦਿੱਤਾ ਜਾਂਦਾ ਹੈ। ਇਸ ਲਈ ਅੱਜ ਉੱਚ ਵਿਦਿਆ ਵੀ ਅਮੀਰਾਂ ਅਤੇ ਰਾਜਸੀ ਲੀਡਰਾਂ ਦੇ ਬੱਚੇ ਹੀ ਲੈ ਸਕਦੇ ਹਨ। ਗਰੀਬਾਂ ਅਤੇ ਕਿਰਤੀ ਕਾਮਿਆਂ ਦੇ ਬੱਚੇ ਆਰਥਕ ਕਮਜੋਰੀ ਕਰਕੇ, ਵਿਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਸੰਸਾਰੀ ਵਿਦਿਆ ਵਿੱਚ ਜਿਆਦਾ ਲਾਲਚ, ਲਚਰਤਾ ਅਤੇ ਧਰਮ ਵਿਦਿਆ ਵਿੱਚ ਬਹੁਤੀ ਥਾਂਈਂ ਥੋਥੇ ਕਰਮਕਾਂਡ ਸਿਖਾਏ ਜਾਂਦੇ ਹਨ। ਪੁਰਾਨੇ ਜ਼ਮਾਨੇ ਵਿੱਚ ਬ੍ਰਾਹਮਣ ਤੇ ਰਾਜਾ ਹੀ ਵਿਦਿਆ ਲੈਂਦੇ ਪਰ ਕਹੇ ਜਾਂਦੇ ਸ਼ੂਦਰਾਂ ਤੇ ਔਰਤਾਂ ਨੂੰ ਇਹ ਅਧਿਕਾਰ ਨਹੀਂ ਸੀ। ਸਭ ਨੂੰ ਬਰਾਬਰ ਵਿਦਿਆ ਪੜ੍ਹਨ ਦਾ ਅਧਿਕਾਰ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਅਜੋਕੇ ਵਿਗਿਆਨ ਅਤੇ ਇਲੈਕਟ੍ਰੌਣਿਕ ਮੀਡੀਏ ਨੇ ਦਿੱਤਾ ਹੈ। 

ਵਿਦਿਆ ਤਾਂ ਹੀ ਪਰਉਪਕਾਰੀ ਹੋ ਸਕਦੀ ਹੈ ਜੇ ਉਸ ਦੀ ਸੁਹਿਰਤਾ ਨਾਲ ਵਿਚਾਰ ਕਰ, ਪਰਉਕਾਰੀ ਜੀਵਨ ਜੀਂਦੇ, ਆਪਣਾ ਤੇ ਹੋਰਨਾਂ ਦਾ ਭਲਾ ਚਿਤਵਿਆ ਜਾਵੇ। ਵਿਦਿਆ ਦੀਵੇ ਵਾਂਗ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦੀ ਹੈ-ਦੀਵਾ ਬਲੈ ਅੰਧੇਰਾ ਜਾਇ॥(੭੯੧) ਦੀਵੇ ਜਾਂ ਰੋਸ਼ਨੀ ਦਾ ਕੀ ਕਸੂਰ ਤੇ ਕਾਹਦੀ ਖੁਸ਼ੀ ਜਦ ਇਸ ਦੇ ਹੁੰਦੇ ਮਨੁੱਖ ਅਗਿਆਨਤਾ, ਵਹਿਮਾਂ-ਭਰਮਾਂ, ਹਉਮੇ-ਹੰਕਾਰ, ਵਿਸ਼ੇ-ਵਿਕਾਰ, ਜਾਤ-ਪਾਤ, ਛੂਆ-ਛਾਤ, ਊਚ-ਨੀਚ ਅਤੇ ਮਾਇਆ ਦੇ ਖੂਹਾਂ ਖੱਡਿਆਂ ਵਿੱਚ ਡਿਗਦਾ ਫਿਰੇ- ਕਬੀਰ ਮਨ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥੨੧੬॥ (੧੩੭੬) ਵਿਦਿਆ ਦਾ ਖਜ਼ਾਨਾ ਕਦੇ ਮੁਕਦਾ ਨਹੀਂ ਸਗੋਂ ਵਧਦਾ ਜਾਂਦਾ ਹੈ-ਫੈਲੇ ਵਿਦਿਆ ਚਾਨਣ ਹੋਏ (ਲੋਕ ਕਹਾਵਤ) ਸੋ ਚੰਗੇ ਇਨਸਾਨ, ਕਿਰਤੀ ਤੇ ਪਰਉਪਕਾਰੀ ਬਣਨ ਲਈ ਸੰਸਾਰ ਦੀ ਅਨੇਕ ਪ੍ਰਕਾਰੀ ਵਿਦਿਆ ਵੱਧ ਤੋਂ ਵੱਧ ਪੜ੍ਹਨੀ ਵਿਚਾਰਨੀ ਚਾਹੀਦੀ ਹੈ। ਹੁਣ ਅਨਪੜ੍ਹਤਾ ਦਾ ਜ਼ਮਾਨਾਂ ਨਹੀਂ ਰਹਿ ਗਿਆ ਕਿਉਂਕਿ ਅਨਪੜ੍ਹ ਅਜੋਕੇ ਸੰਸਾਰ ਵਿੱਚ ਤਰੱਕੀ ਨਹੀਂ ਕਰ ਸਕਦਾ, ਉਸ ਨੂੰ ਪੜ੍ਹੇ ਲਿਖੇ ਚਲਾਕ ਪੰਡਤ, ਪੁਜਾਰੀ, ਸਾਧ-ਸੰਤ ਅਤੇ ਰਾਜਨੀਤਕ ਲੀਡਰ ਲੁੱਟ ਲੈਂਦੇ ਹਨ। ਕਵੀ ਸੰਤੋਖ ਸਿੰਘ ਵੀ ਪੜ੍ਹੇ-ਅਨਪੜ੍ਹ ਬਾਰੇ ਦਰਸਾਂਦੇ ਹਨ-ਪੜ੍ਹਨ ਬਿਖੈ ਗੁਨ ਅਹੈਂ ਅਨੇਕੂ। ਸਦਾ ਗੁਨ ਪ੍ਰਾਪਤ ਆਦਿ ਬਿਬੇਕੂ। ਯਾਂ ਤੇ ਪੜ੍ਹਨ ਅਹੈ ਬਹੁ ਨੀਕਾ। ਅਨਪੜ੍ਹ ਰਹੈ ਅੰਧ ਨਿਤ ਹੀ ਕਾ।  (ਸੂਰਜ ਪ੍ਰਕਾਸ਼ ਰੁੱਤ-੩ ਅਧਿਆਇ-੪੩) ਵਿਦਿਆ ਜੀਵਨ ਦਾ ਖਜ਼ਾਨਾ ਹੈ ਜੋ ਕਦੇ ਮੁਕਦਾ ਨਹੀਂ। ਸੋ ਵਿਦਿਆ ਪੜ੍ਹੀ ਤਾਂ ਹੀ ਸਫਲੀ ਹੈ ਜੇ ਪਰਉਪਕਾਰੀ ਜੀਵਨ ਜੀਵਿਆ ਜਾਵੇ- ਜੀਅ ਜੰਤ ਸਭਿ ਸੁਖਿ ਬਸੇ, ਸਭ ਕੈ ਮਨਿ ਲੋਚ॥ ਪਰਉਪਕਾਰੁ ਨਿਤ ਚਿਤਵਤੇ, ਨਾਹੀ ਕਛੁ ਪੋਚ॥ (੮੧੬)

ਜਾਗੋ

0

ਜਾਗੋ

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ)- 94662-66708, 97287-43287

ਸਿੱਖਾ ਜਾਗ ਬਈ ਉ, ਹੁਣ ‘ਜਾਗੋ’ ਆਈ ਐ…………………………….।

ਕਿਉਂ ਸਿੱਖੀ ਮਨੋ ਭੁਲਾਈ ਐ, ਬਈ ਹੁਣ ਜਾਗੋ ਆਈ ਐ…………………..।

ਸਿੱਖ ਕੌਮ ਬਿਪਤਾ ਨੇ ਘੇਰੀ, ਹਾਲੇ ਵੀ ਨੀਂਦ ਖੁਲ੍ਹੀ ਨਾ ਤੇਰੀ।

ਕਿਉਂ ਸੁਤੈਂ ਲੈ ਰਜ਼ਾਈ ਐ, ਬਈ ਹੁਣ ਜਾਗੋ ਆਈ ਐ………………………।

ਬਾਹਰੋਂ-ਅੰਦਰੋਂ ਖੱਤਰਾ ਸਿੱਖੀ ਨੂੰ, ਵਾਲੋਂ ਨਿੱਕੀ ਖੰਡਿਉਂ ਤਿੱਖੀ ਨੂੰ।

ਕਾਲੀ ਬੋਲੀ ਨ੍ਹੇਰੀ ਛਾਈ ਐ, ਬਈ ਹੁਣ ਜਾਗੋ ਆਈ ਐ……………………।

ਗੁਰੂ ਗ੍ਰੰਥ ਦੀ ਕੀਤੀ ਬੇ-ਅਦਬੀ, ਸਰਕਾਰ ਵੀ ਹੱਲ ਨਾ ਕੋਈ ਲੱਭਦੀ।

ਕਿਸ ਨੇ ਇਹ ਸਾਜਿਸ਼ ਰਚਾਈ ਐ, ਬਈ ਹੁਣ ਜਾਗੋ ਆਈ ਐ……………….।

ਬਰਗਾੜੀ ਕਾਂਡ ਦੇ ਦੋਸ਼ੀ ਫੜੇ ਨਾ, ਬਾਕੀ ਮਸਲੇ ਵੀ ਹੱਲ ਕਰੇ ਨਾ।

ਦੋਖੀਆਂ ਦੀ ਹਿੰਮਤ ਵਧਾਈ ਐ, ਬਈ ਹੁਣ ਜਾਗੋ ਆਈ ਐ…………………।

ਸਿੱਖੀ ਸਰੂਪ ਅਤੇ ਆਨ ’ਤੇ ਹਮਲੇ, ਸਤਿਗੁਰਾਂ ਦੀ ਸ਼ਾਨ ’ਤੇ ਹਮਲੇ।

ਫੇਸ-ਬੁੱਕ ਰਾਹੀਂ ਵੀ ਅੱਗ ਲਗਾਈ ਐ, ਬਈ ਹੁਣ ਜਾਗੋ ਆਈ ਐ………….।

ਵੱਡੀ ਬਿੱਪਤਾ ਪਤਿਤ ਪੁਣੇ ਦੀ, ਉਸ ਤੋਂ ਵੀ ਵੱਡੀ ਸਾਧ ਲਾਣੇ ਦੀ।

ਜੋ ਚਿੱਟੀ ਸਿਉਂਕ ਬਣ ਛਾਈ ਐ, ਬਈ ਹੁਣ ਜਾਗੋ ਆਈ ਐ………………..।

ਚਿੱਟੀ ਸਿਉਂਕ ਨੇ ਹਮਲਾ ਕੀਤਾ, ਸਿੱਖੀ ਸਿਧਾਂਤ ਜਿਨ੍ਹੇਂ ਚੱਟ ਕਰ ਲੀਤਾ।

ਇਨ੍ਹਾਂ ਦੁੱਧ ਵਿਚ ਕਾਂਜੀ ਪਾਈ ਐ, ਬਈ ਹੁਣ ਜਾਗੋ ਆਈ ਐ……………….।

ਨਸ਼ਿਆਂ ਕੌਮ ਨੂੰ ਘੇਰਾ ਪਾਇਆ, ਗੌਰਮਿੰਟ ਘਰ-ਘਰ ਪਹੁੰਚਾਇਆ।

ਸਮੈਕ ਭੁੱਕੀ ਦੀ ‘ਹੋਮ-ਸਪਲਾਈ’ ਐ, ਬਈ ਹੁਣ ਜਾਗੋ ਆਈ ਐ…………….।

ਨੌਂਜਵਾਨ ਸਾਰੇ ਪਤਿਤ ਹੋਈ ਜਾਂਦੇ, ਬੁਢੇ ਵੀ ਸਿੱਖੀ ਤੋਂ ਦੂਰ ਹੋਈ ਜਾਂਦੇ।

ਬਚਿਆਂ ’ਤੇ ਹੀ ਆਸ ਲਗਾਈ ਐ, ਬਈ ਹੁਣ ਜਾਗੋ ਆਈ ਐ……………….।

ਕੌਮ ਦੇ ਆਗੂ ਗੱਦਾਰ ਨੇ ਬਹੁਤੇ, ਬਿਨਾਂ ਪਾਣੀ ਤੋਂ ਬੇੜੇ ਡਬੋਤੇ।

ਅਸੀਂ ਕੌਮ ਦੀ ਵਾਗ ਫੜਾਈ ਐ, ਬਈ ਹੁਣ ਜਾਗੋ ਆਈ ਐ………………..।

ਮਨੀ ਸਿੰਘ ਨੂੰ ਯਾਦ ਤੂੰ ਕਰ ਲੈ, ਤਾਰੂ ਸਿੰਘ ਦਾ ਧਿਆਨ ਤੂੰ ਧਰ ਲੈ।

ਬੰਦ-ਬੰਦ ਕਟਵਾਏ ਤੇ ਖੋਪਰੀ ਲੁਹਾਈ ਐ, ਬਈ ਹੁਣ ਜਾਗੋ ਆਈ ਐ……….।

ਗੀਤ ਸਿੱਖੀ ਦੇ ਜਾਗੋ ਗਾਵੇ, ਸੁਤਿਆਂ ਨੂੰ ਵਾਜਾਂ ਮਾਰ ਜਗਾਵੇ।

ਗੁਰਮਤਿ ਪ੍ਰਚਾਰਕਾਂ ਸਿਰ ’ਤੇ ਉਠਾਈ ਐ, ਬਈ ਹੁਣ ਜਾਗੋ ਆਈ ਐ………..।

ਸ਼ਰਣ ਪਏ ਨੂੰ ਸਤਿਗੁਰ ਤਾਰੇ, ਹਲਤ-ਪਲਤ ਸਦਾ ਹੋਏ ਰਖਵਾਰੇ।

ਜਿਸ ਸਤਿਗੁਰਾਂ ਦੀ ਓਟ ਟਿਕਾਈ ਐ, ਬਈ ਹੁਣ ਜਾਗੋ ਆਈ ਐ……………।

ਜੀਵਨ ਸਿੱਖ ਲੈ ਰਹਿਤ ’ਚ ਰਹਿਣਾ, ਗੁਰਬਾਣੀ ਦਾ ਮੰਨ ਕੇ ਕਹਿਣਾ।

ਜੋ ‘ਧੁਰ ਕੀ ਬਾਣੀ’ ਆਈ ਐ, ਬਈ ਹੁਣ ਜਾਗੋ ਆਈ ਐ…………………..।

ਵਹਿਮ ਭਰਮ ਤੂੰ ਛੱਡ ਦੇ ਸਾਰੇ,‘ਸਿੰਘ ਸੁਰਿੰਦਰ’ ਅਰਜ਼ ਗੁਜ਼ਾਰੇ।

ਕਿਉਂ ਤੈਨੂੰ ਸਮਝ ਨਾ ਆਈ ਐ, ਬਈ ਹੁਣ ਜਾਗੋ ਆਈ ਐ…………………।

ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ

0

ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ 

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)- 9815024920

ਦਸੰਬਰ 1704 ਦਾ ਉਹ ਸ਼ਹੀਦੀ ਹਫ਼ਤਾ ਜਦੋਂ ਮੇਰੇ ਚੋਜੀ ਪ੍ਰੀਤਮ, ਸਾਹਿਬ-ਏ-ਕਮਾਲ, ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ’ਤੇ ਕਹਿਰ ਬਣ ਕੇ ਆਇਆ, ਜਦ ਜੁਲਮ ਦੀ ਵੀ ਅੱਤ ਹੋ ਗਈ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 6 ਮਹੀਨੇ ਦੇ ਲੰਬੇ ਸਮੇਂ ਦੇ ਘੇਰੇ ਤੋਂ ਬਾਅਦ, ਕਿਸ ਤਰ੍ਹਾਂ ਜਦ ਝੂਠੀਆਂ ਕਸਮਾਂ ਖਾ ਕੇ ਦਸਮੇਸ਼ ਪਿਤਾ ਜੀ ਨੂੰ ਕਿਲ੍ਹਾ ਖਾਲੀ ਕਰਨ ਲਈ ਕਿਹਾ ਗਿਆ ਅਤੇ ਬਾਅਦ ਵਿੱਚ ਜਿਸ ਤਰ੍ਹਾਂ ਉਹਨਾਂ ਕਸਮਾਂ ਨੂੰ ਛਿੱਕੇ ’ਤੇ ਟੰਗ ਕੇ ਦਸਮੇਸ਼ ਪਿਤਾ ਦੇ ਭੁੱਖੇ-ਭਾਣੇ ਸਿੱਖਾਂ ਅਤੇ ਗੁਰੂ ਸਾਹਿਬ ਦੇ ਪੂਰੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਗਿਆ।

ਪਿੱਛੇ ਜਾਲਮ ਫੌਜਾਂ ਦਾ ਟਿੱਡੀ ਦਲ, ਦੂਜੇ ਪਾਸੇ ਗਿਣਤੀ ਵਿੱਚ ਸਿੱਖਾਂ ਦੀ ਗਿਣਤੀ ਅਤੇ ਉਹਨਾਂ ਦਾ ਪੂਰਾ ਪਰਿਵਾਰ, ਅੱਗੇ ਸਰਸਾ ਨਦੀ ਵੀ ਚੜ੍ਹੀ ਹੋਈ ਅਤੇ ਉਤੋਂ ਪੋਹ ਦਾ ਸਰਦ ਮਹੀਨਾ ਅਤਿ ਦੀ ਠੰਡੀ ਰਾਤ ਦਾ ਸਮਾਂ ਤੇ ਅੱਗੇ ਸਰਸਾ ਦਾ ਠੰਡਾ ਪਾਣੀ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿੰਘਾਂ ਨੇ ਆਪਣੇ ਘੌੜੇ ਸਰਸਾ ਨਦੀ ਵਿੱਚ ਠੇਲ੍ਹ ਦਿੱਤੇ। ਇਸ ਸਰਸਾ ਨਦੀ ਦੇ ਕੰਢੇ ’ਤੇ ਸਤਿਗੁਰੂ ਜੀ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਜੋ ਮੁੜ ਕਦੇ ਮਿਲ ਨਾ ਸਕਿਆ। ਇੱਕ ਕਵੀ ਲਿਖਦਾ ਹੈ: ‘ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਏਸ ਪਾਸੇ, ਜੋੜੀ ਓਸ ਪਾਸੇ।’

ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਕ ਪਾਸੇ, ਗੁਰੂ ਕੇ ਮਹਿਲ ਇੱਕ ਪਾਸੇ ਅਤੇ ਸਤਿਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਕੁੱਲ 40 ਸਿੰਘਾਂ ਦੇ ਨਾਲ ਤੀਜੇ ਹਿੱਸੇ ਵਿੱਚ ਵੰਡੇ ਇੱਕ ਪਾਸੇ ਨੂੰ ਚੱਲ ਪਏ। ਪੂਰਾ ਪਰਿਵਾਰ ਵਿਛੜ ਗਿਆ, ਉਸ ਸਥਾਨ ’ਤੇ ਅੱਜ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਸਥਿਤ ਹੈ।

ਰਸਤੇ ਵਿੱਚ ਚਲਦਿਆਂ ਗੁਰੂ ਕੇ ਸਿੰਘਾਂ ਨੇ ਪਾਤਸ਼ਾਹ ਨੂੰ ਸਵਾਲ ਕਰ ਦਿੱਤਾ, ਪਾਤਸ਼ਾਹ ਜੀਉ ! ਛੋਟੇ ਸਾਹਿਬਜ਼ਾਦੇ ਕਿੱਧਰ ਨੂੰ ਚਲੇ ਗਏ ਹਨ ? ਤਾਂ ਪਾਤਸ਼ਾਹ ਮੁਸਕਰਾਉਂਦੇ ਹੋਏ ਕਹਿਣ ਲੱਗੇ, ਉਹ ਆਪਣਾ ਫਰਜ਼ ਨਿਭਾਉਣ ਲਈ ਆਪਣੀ ਮੰਜ਼ਿਲ ਨੂੰ ਚਲੇ ਗਏ ਹਨ ਤਾਂ ਸਿੱਖਾਂ ਨੇ ਦੂਜਾ ਸਵਾਲ ਕਰ ਦਿੱਤਾ ਕਿ ਸਤਿਗੁਰੂ ਜੀ ਹੁਣ ਆਪਾਂ ਕਿੱਧਰ ਨੂੰ ਜਾਣਾ ਹੈ ਤਾਂ ਪਾਤਸ਼ਾਹ ਫਿਰ ਬੋਲੇ (ਜਿਸ ਨੂੰ ਕਿਸੇ ਕਵੀ ਨੇ ਬੜਾ ਸੁਹਣਾ ਲਿਖਿਆ ਹੈ): ‘ਹਮਨੇ ਭੀ ਪਹੁੰਚਣਾ ਹੈ, ਉਸ ਮੁਕਾਮ ਪਰ ਜਲਦ ਤਰ। ਕਟਵਾਣੇ ਹੋਂਗੇ ਜਹਾਂ ਜਾ ਕਰ, ਤੁਮਕੋ ਆਪਣੇ ਸਰ (ਸਿਰ/ਸੀਸ)। ਹੋਂਗੇ ਸ਼ਹੀਦ ਲੜ ਕਰ, ਯਹ ਦੋਨੋਂ ਪਿਸ਼ਰ। ਰਹਿ ਜਾਉਂਗਾ ਇਕੇਲਾ, ਮੈਂ ਕੱਲ੍ਹ ਤੱਕ ਲੁਟਾ ਕੇ ਘਰ। ਪਹਿਲੇ ਬਾਪ ਕਟਵਾਇਆ, ਅਬ ਬੇਟੇ ਕਟਵਾਉਂਗਾ, ਗੁਰੂ ਨਾਨਕ ਕਾ ਬਾਗ ਹੈ, ਖ਼ੂਨ-ਏ-ਜਿਗਰ ਸੇ ਸਜਾਉਂਗਾ।’

ਇਸ ਤਰ੍ਹਾਂ ਸਤਿਗੁਰੂ ਜੀ ਸਰਸਾ ਪਾਰ ਕਰਕੇ ਚਮਕੌਰ ਦੀ ਕੱਚੀ ਗੜੀ ਵਿਚ ਪੁਜੇ, ਤਾਂ ਸਿੱਖਾਂ ਫਿਰ ਪੁੱਛ ਕੀਤੀ, ਪਾਤਸ਼ਾਹ ! ਇਹ ਕਿਹੜੀ ਜਗ੍ਹਾ ਹੈ ? ਤਾਂ ਦਸਮੇਸ਼ ਪਿਤਾ ਜੀ ਨੇ ਜੁਆਬ ਦਿੰਦਿਆਂ ਕਿਹਾ: ‘ਜਿਸ ਖਿੱਤੇ ਮੇਂ ਕਹਿਤੇ ਥੇ ਆਣਾ, ਯਹ ਵੁਹੀ ਹੈ। ਜਿਸ ਜਗ੍ਹਾ ਸੇ ਲੂਟ ਕਰ ਹੈ ਜਾਣਾ, ਯਹ ਵੁਹੀ ਹੈ। ਜਿਸ ਜਗ੍ਹਾ ਪਰ ਹੈ, ਬੱਚੋਂ ਕੋ ਕਟਾਨਾ, ਯਹ ਵੁਹੀ ਹੈ। ਮਾਟੀ ਕਹਿ ਦੇਤੀ ਹੈ ਟਿਕਾਣਾ, ਯਹ ਵੁਹੀ ਹੈ।’

ਇੱਥੇ ਚਮਕੌਰ ਵਿਖੇ ਚੌਧਰੀ ਬੁੱਧੀ ਚੰਦ ਦੀ ਗੜ੍ਹੀ ਨੁਮਾ ਹਵੇਲੀ ਵਿੱਚ ਸੰਸਾਰ ਦੀ ਇੱਕ ਬੇ-ਮਿਸਾਲ ਜੰਗ ਸ਼ੁਰੂ ਹੋਈ। ਦਸਮੇਸ਼ ਪਿਤਾ ਨੇ ਚਮਕੌਰ ਦੀ ਇਸ ਕੱਚੀ ਗੜ੍ਹੀ ਵੱਲ ਤੱਕ ਕੇ ਸਿੰਘਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਜਿਸ ਨੂੰ ਪਾਂਧੀ ਨਨਕਾਣਵੀ ਨੇ ਆਪਣੀ ਕਵੀਤਾ ‘ਇਹ ਚਮਕੌਰ ਹੈ’ ਵਿੱਚ ਇਸ ਤਰ੍ਹਾਂ ਲਿਖਿਆ ਹੈ: ‘ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ, ਇਹ ਚਮਕੌਰ ਹੈ ਰਣ ਭਖਾਉਣ ਦੀ ਥਾਂ। ਆਹੂ ਲਾਹ ਕੇ ਮੁਗਲ ਚੁਗੱਤਿਆਂ ਦੇ, ਨਾਲ ਖ਼ੂਨ ਦੇ ਮਹਿੰਦੀਆਂ ਲਾਉਣ ਦੀ ਥਾਂ। ਰੱਤ ਪੀਣੀਆਂ ਬਿਜਲੀਆਂ ਹੱਥ ਤੋਲੋ, ਦੱਸ ਲੱਖ ਗੁਲਾਮ ਲਿਤਾੜ ਸੁਟੋ। ਸਿੰਘੋ ਸੂਰਿਓ ! ਉਠੋ ਤੂਫਾਨ ਬਣ ਕੇ, ਮੁਗਲ ਰਾਜ ਨੂੰ ਜੜੋਂ ਉਖਾੜ ਸੁਟੋ। ਤੁਹਾਡੇ ਹੱਥ ਵਿੱਚ ਪੱਤ ਅੱਜ ਖ਼ਾਲਸੇ ਦੀ, ਅੰਗ ਖ਼ਾਲਸੇ ਦਾ ਤੁਸਾਂ ਪਾਲਣਾ ਹੈ। ਭਾਵੇਂ ਚਾਲੀ ਹੋ, ਐਪਰ ਨਿਡਰ ਹੋ ਕੇ, ਤੁਸਾਂ ਤੇਗ਼ ਦਾ ਜੌਹਰ ਦਿਖਾਲਣਾ ਹੈ।’

ਅੱਗੋਂ ਸਿੰਘਾਂ ਨੇ ਵੀ ਜੁਆਬ ਵਿੱਚ ਕਿਹਾ, ਸਤਿਗੁਰੂ ਜੀਉ ! ‘ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ, ਅਸੀਂ ਖ਼ਾਲਸੇ ਹਾਂ, ਮਰਨਾ ਜਾਣਦੇ ਹਾਂ। ਸਵਾ ਲੱਖ ਨਾਲ ਇੱਕ-ਇੱਕ ਭਿੜ ਜਾਈਏ, ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ। ਕਲਗੀ ਵਾਲਿਆ ਤੇਰੀ ਆਸੀਸ ਲੈ ਕੇ, ਅਸੀਂ ਵਾਂਗ ਹਿਮਾਲਿਆ ਦੇ ਡੱਟ ਜਾਂ ਗੇ। ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟ ਦੇ, ਕੱਟ ਦੇ ਕੱਟ ਜਾਂ ਗੇ।’

ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਮੁਖ਼ਾਤਿਬ ਹੁੰਦੇ ਕਹਿਣ ਲੱਗੇ ਪਟਨਾ ਸਾਹਿਬ ਸਿੱਖੀ ਦਾ ਪੰਘੂੜਾ ਸੀ, ਜਿੱਥੇ ਖਾਲਸਾ ਖੇਡਿਆ ਹੈ, ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ, ਜਿੱਥੇ ਖ਼ਾਲਸੇ ਨੇ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ ਹੈ ਅਤੇ ਅੱਜ ਇਹ ਚਮਕੌਰ ਦੀ ਕੱਚੀ ਗੜ੍ਹੀ ਮੇਰੇ ਖਾਲਸੇ ਦੀ ਯੂਨੀਵਰਸਿਟੀ ਹੈ, ਮੈਂ ਦੇਖਦਾ ਹਾਂ ਅੱਜ ਮੇਰਾ ਖਾਲਸਾ ਕਿੰਨੇ ਨੰਬਰ ਲੈ ਕੇ ਪਾਸ ਹੁੰਦਾ ਹੈ।

ਇੱਥੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਇੱਕ ਪਾਸੇ ਕੱਚੀ ਗੜੀ ਅਤੇ ਭੁੱਖੇ ਭਾਣੇ ਗਿਣਤੀ ਦੇ ਸਿੰਘ ਦੂਜੇ ਪਾਸੇ ਲੱਖਾਂ ਦੀ ਫ਼ੌਜ ਦਾ ਲਾਓ ਲਸ਼ਕਰ। ਮੁਗਲਾਂ ਦੇ ਘੇਰਾ ਘੱਤਦਿਆਂ ਹੋਇਆ ਅਪੀਲ ਕੀਤੀ ਕਿ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ ਪਰ ਚਮਕੌਰ ਦੀ ਗੜ੍ਹੀ ਵਿੱਚੋਂ ਇੱਕੋ ਨਾਅਰਾ ਬੁਲੰਦ ਹੋਇਆ: ‘‘ਗਗਨ ਦਮਾਮਾ ਬਾਜਿਓ, ਪਰਿਉ ਨਿਸ਼ਾਨੇ ਘਾਉ॥ ਖੇਤ ਜੋ ਮਾਂਡਿਓ ਸੁਰਮਾ, ਅਬ ਜੂਝਣ ਕੋ ਦਾਓ॥’’

ਕਾਰਨ ਕੀ ਸੀ ? ਕਾਰਨ ਇਹ ਸੀ ਕਿ ਸਤਿਗੁਰੂ ਜੀ ਯੋਗ ਅਗਵਾਈ ਕਰ ਰਹੇ ਸਨ। ਪਾਤਸ਼ਾਹ ਨੇ ਸਿੰਘਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ। 5-5 ਸਿੰਘਾਂ ਦਾ ਜੱਥਾ ਗੜ੍ਹੀ ਵਿੱਚੋਂ ਬਾਹਰ ਨਿਕਲਦਾ, ਭੁੱਖੇ ਸ਼ੇਰਾਂ ਦੀ ਤਰ੍ਹਾਂ ਮੁਗਲਾਂ ਉੱਪਰ ਝਪਟ ਕਰਦਾ ਅਤੇ ਦੁਸ਼ਮਣਾਂ ਦਾ ਸਫਾਇਆ ਕਰਦਾ ਹੋਇਆ ਸ਼ਹਾਦਤਾਂ ਦਾ ਜਾਮ ਆਪਣੇ ਬੁਲ੍ਹਾਂ ਨਾਲ ਲਗਾ ਕੇ ਸਦਾ ਲਈ ਅਮਰ ਹੋ ਜਾਂਦਾ। ਹੌਲੀ-ਹੌਲੀ ਗੜ੍ਹੀ ਵਿੱਚੋਂ ਸਿੰਘਾਂ ਦੀ ਗਿਣਤੀ ਘੱਟਦੀ ਗਈ। ਕੁੱਝ ਸਿੰਘਾਂ ਨੇ ਆ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀਓ, ਆਪ ਜੀ ਅਤੇ ਦੋਵੇਂ ਸਾਹਿਬਜ਼ਾਦੇ ਕਿਸੇ ਤਰ੍ਹਾਂ ਬੱਚ ਕੇ ਇੱਥੋਂ ਨਿਕਲ ਜਾਵੋ ਤਾਂ ਕਿ ਆਪ ਸੱਭ ਦੀ ਜਾਨ ਬਚ ਸਕੇ, ਪਰ ਦਸਮੇਸ਼ ਪਿਤਾ ਸਿੰਘਾਂ ਨੂੰ ਕਹਿਣ ਲੱਗੇ ‘ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਓ ? ਤੁਸੀਂ ਸੱਭ ਮੇਰੇ ਸਾਹਿਬਜ਼ਾਦੇ ਹੋ।’ ਇਹ ਸੁਣ ਕੇ ਸੱਭ ਸਿੰਘ ਚੁੱਪ ਕਰ ਗਏ।

ਸਿੰਘਾਂ ਦੀ ਗਿਣਤੀ ਘੱਟਦੀ ਦੇਖ ਕੇ ਅਤੇ ਚੜ੍ਹਦੀ ਕਲਾ ਵਿੱਚ ਸਿੰਘਾਂ ਵੱਲੋਂ ਸ਼ਹਾਦਤਾਂ ਪੀਣ ਦੇ ਦ੍ਰਿਸ਼ਾਂ ਨੂੰ ਦੇਖ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਪਾਤਸ਼ਾਹ ਕੋਲ ਬੇਨਤੀ ਕੀਤੀ, ਕਿ ਪਿਤਾ ਜੀ ! ਮੈਨੂੰ ਵੀ ਆਗਿਆ ਦੇਵੋ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਚਾਹੁੰਦਾ ਹਾਂ। ਉਸ ਸਮੇਂ ਆਪ ਜੀ ਦੀ ਉਮਰ 18 ਵਰ੍ਹਿਆਂ ਦੇ ਕਰੀਬ ਸੀ। ਤਾਂ ਸਤਿਗੁਰੂ ਜੀ ਨੇ ਆਪਣੇ ਹੱਥੀਂ ਆਪਣੇ ਪੁੱਤਰ ਨੂੰ ਲਾੜੀ ਮੌਤ ਵਿਆਹੁਣ ਲਈ ਮੈਦਾਨ-ਏ-ਜੰਗ ਵੱਲ ਤੋਰਿਆ। ਬਾਬਾ ਅਜੀਤ ਸਿੰਘ ਜੀ ਨੇ ਵੀ ਸਪੱਸ਼ਟ ਕਰ ਦਿੱਤਾ (ਜਿਸ ਨੂੰ ਇੱਕ ਕਵੀ ਦੀ ਜੁਬਾਨੀ ਹੈ): ‘ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਅਗਰ ਜੀਤਾ ਭੀ ਗਿਆ, ਤੋ ਜੀਤਾ ਨਹੀਂ ਆਊਂਗਾ।’

ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਉਤਰਦਿਆਂ ਹੀ ਦੁਸ਼ਮਣ ਦਲ ’ਤੇ ਇਵੇਂ ਪਏ ਕਿ ਮੁਗਲ ਅੱਲਾ, ਅੱਲਾ ਪੁਕਾਰ ਉੱਠੇ। ਹਰ ਪਾਸੇ ਹਾਹਾਕਾਰ ਮੱਚ ਗਈ। ਇਸੇ ਤਰ੍ਹਾਂ ਸੈਂਕੜੇ ਮੁਗਲਾਂ ਦਾ ਸਫਾਇਆ ਕਰਦਿਆਂ ਹੋਇਆ, ਮੇਰੇ ਚੋਜੀ ਪ੍ਰੀਤਮ ਦੀਆਂ ਅੱਖਾਂ ਸਾਮ੍ਹਣੇ ਸਤਿਗੁਰੂ ਜੀ ਦੇ ਵੱਡੇ ਫਰਜੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਜਦ ਇਹ ਸ਼ਹਾਦਤ ਤੱਕੀ ਤਾਂ ਪਾਤਸ਼ਾਹ ਨੇ ਜੈਕਾਰਾ ਲਗਾ ਕੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ, ਮਿਰਜ਼ਾ ਮੁਹੰਮਦ ਅਬਦੁਲ ਗਨੀ ਲਿਖਦਾ ਹੈ: ‘ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ। ਔਰ ਅਰਜ਼ ਕੀ, ਕਿ ਬੰਦੇ ਪਰ ਕਿ੍ਰਪਾ ਕੀ ਕਰ ਨਜ਼ਰ। ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ। ਬੇਟੇ ਕੀ ਜਾਂ (ਜਾਨ), ਧਰਮ ਕੀ ਖ਼ਾਤਰ ਫਿਦਾ ਹੁਈ।’

ਜਦ ਬਾਬਾ ਜੁਝਾਰ ਸਿੰਘ ਨੇ ਵੱਡੇ ਵੀਰ ਦੀ ਸ਼ਹਾਦਤ ਅੱਖੀ ਡਿੱਠੀ ਤਾਂ ਆਪ ਜੀ ਨੇ ਵੀ ਜੋਸ਼ ਵਿੱਚ ਆ ਕੇ ਪਿਤਾ ਗੋਬਿੰਦ ਸਿੰਘ ਨੂੰ ਅਰਜ਼ ਕੀਤੀ ਕਿ ਮੈਨੂੰ ਵੀ ਇਜਾਜ਼ਤ ਦੇਵੋ ਤਾਂ ਕਿ ਮੈਂ ਵੀ ਵੱਡੇ ਵੀਰ ਦੀ ਤਰ੍ਹਾਂ ਆਪਣਾ ਧਰਮ ਨਿਭਾ ਸਕਾਂ। ਪਾਤਸ਼ਾਹ ਨੇ ਦ੍ਰਿੜ੍ਹ ਇਰਾਦੇ ਨੂੰ ਪਰਖਣ ਲਈ ਕਿਹਾ ਕਿ ਤੇਰੀ ਉਮਰ ਅਜੇ ਖੇਡਣ ਮੱਲ੍ਹਣ ਦੀ ਹੈ। ਤੇਰਾ ਜਿਸਮ/ਸਰੀਰ ਅਜੇ ਦੁਸ਼ਮਣਾਂ ਦੇ ਫੱਟ ਜ਼ਰਣ ਵਾਲਾ ਨਹੀਂ ਤਾਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਪਾਤਸ਼ਾਹ ਨੂੰ ਮੁਖਾਤਿਬ ਹੁੰਦਿਆਂ ਕਿਹਾ: ‘ਲੜਨਾ ਨਹੀਂ ਆਤਾ, ਮੁਝੇ ਮਰਨਾ ਤੋ ਆਤਾ ਹੈ। ਖੁਦ ਬੜ੍ਹਾ ਕੇ ਗਲਾ, ਤੇਗ ਪੇ ਧਰਨਾ ਤੋ ਆਤਾ ਹੈ।’ ਤਾਂ ਪਾਤਸ਼ਾਹ ਨੇ ਵੱਡੇ ਪੁੱਤਰ ਦੀ ਤਰ੍ਹਾਂ ਛੋਟੇ ਸਾਹਿਬਜ਼ਾਦੇ ਨੂੰ ਵੀ ਹੱਥੀਂ ਤਿਆਰ ਕਰਕੇ ਮੌਤ ਵਿਆਹੁਣ ਲਈ ਵਿਦਾ ਕੀਤਾ ਅਤੇ ਆਪਣੇ ਲਖਤੇ ਜਿਗਰ ਨੂੰ ਮੈਦਾਨੇ-ਏ-ਜੰਗ ਵਿੱਚ ਤੋਰਦਿਆਂ ਕਿਹਾ (ਜਿਸ ਨੂੰ ਕਾਵਿ ਰੂਪ ’ਚ ਬੜਾ ਸੋਹਣਾ ਲਿਖਿਆ ਹੈ): ‘ਲੈ ਜਾਉ ਸਿਧਾਰੋ ਤੁਮਹੇ ਕਰਤਾਰ ਕਉ ਸੌਂਪਾ। ਮਰ ਜਾਉ ਯਾ ਮਾਰੋ, ਤੁਮਹੇ ਕਰਤਾਰ ਕਉ ਸੌਂਪਾ। ਰੱਬ ਕੋ ਨਾ ਬਿਸਾਰੋ ਤੁਮਹੇ ਕਰਤਾਰ ਕਉ ਸੌਂਪਾ।ਸਿੱਖੀ ਕਉ ਉਭਾਰੋ, ਤੁਮਹੇ ਕਰਤਾਰ ਕਉ ਸੌਂਪਾ।’ ਅਤੇ ਤਮੰਨਾ ਜ਼ਾਹਰ ਕੀਤੀ: ‘ਖਵਾਹਿਸ਼ ਹੈ ਤੁਮਹੇ ਤੇਗ਼ ਚਲਾਤੇ ਹੁਏ ਦੇਖੂੰ। ਹਮ ਆਂਖ ਸੇ ਬਰਛੀ ਤੁਮਹੇ ਖਾਤੇ ਹੂਏ ਦੇਖੂੰ।’

ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਪਣੀ ਬੀਰਤਾ ਨਾਲ ਦੁਸ਼ਮਣਾਂ ਵਿੱਚ ਭਾਜੜ ਪਾ ਦਿੱਤੀਆਂ ਅਤੇ ਆਪ ਜੀ ਨੇ ਵੀ ਦੁਸ਼ਮਣ ਦਲ ਦਾ ਆਹੂ ਲਾਹੁੰਦਿਆਂ ਹੋਇਆ ਅੰਤ ਸ਼ਹੀਦੀ ਪ੍ਰਾਪਤ ਕੀਤੀ। ਬੜਾ ਵਧੀਆ ਲਿਖਿਆ ਹੈ ਯੋਗੀ ਅੱਲ਼ਾ ਯਾਰ ਖਾਂ ਨੇ: ‘ਲਾਖੋਂ ਕੀ ਜਾਨ ਲੇ ਕੇ, ਦਲੇਰੋਂ ਨੇ ਜਾਨ ਦੀ, ਸਤਿਗੁਰੂ ਗੋਬਿੰਦ ਕੇ, ਸ਼ੇਰੋਂ ਨੇ ਜਾਨ ਦੀ।’

ਇਸ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜੰਦਾਂ ਨੇ ਚਮਕੌਰ ਦੀ ਧਰਤੀ ਉੱਪਰ ਆਪਣੀ ਸ਼ਹਾਦਤ ਦਿੱਤੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਦੀ ਧਰਤੀ ’ਤੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਕੇ ਸਿੱਖੀ ਦੀ ਨੀਂਹ ਹੋਰ ਮਜ਼ਬੂਤ ਕਰ ਦਿੱਤੀ। ਸ਼ਹੀਦੀ ਪ੍ਰਵਾਨ ਕਰ ਲਈ ਪਰ ਵਜੀਰ ਖਾਨ ਦੇ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਆਪਣਾ ਧਰਮ ਛੱਡਣਾ ਪ੍ਰਵਾਨ ਨਾ ਕੀਤਾ। ਇਹਨਾਂ ਦੋਹਾਂ ਸਾਕਿਆਂ ਨੂੰ ‘ਸਾਕਾ ਚਮਕੌਰ’ ਅਤੇ ‘ਸਾਕਾ ਸਰਹੰਦ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਹਰ ਸਾਲ ਦਸੰਬਰ ਦੇ ਉਸ ਕਹਿਰੀ ਹਫ਼ਤੇ ਨੂੰ ਯਾਦ ਕੀਤਾ ਜਾਂਦਾ ਹੈ।

ਧੰਨ ਸੀ ਜੇਰਾ ਮੇਰੇ ਕਲਗੀਆਂ ਵਾਲੇ ਦਾ, ਜਿਹਨਾਂ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਨੂੰ ਸਾਹਮਣੇ ਦੇਖ ਕੇ ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ ਬਖ਼ਸ਼ਿਆ। ਬੜਾ ਸੁਹਣਾ ਲਿਖਦਾ ਹੈ ਇੱਕ ਕਵੀ: ‘ਦੋਂਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ, ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।’

ਸ਼ਾਇਦ ਇਸੇ ਕਰਕੇ ਲਿਖਿਆ ਹੈ, ਯੋਗੀ ਅੱਲਾ ਯਾਰ ਖਾਂ ਨੇ ‘ਬੱਸ ਏਕ ਹੀ ਤੀਰਥ ਹੈ ਹਿੰਦ ਮੇਂ, ਯਾਤਰਾ ਕੇ ਲੀਏ। ਕਟਵਾਏ ਬਾਪ ਨੇ ਬੇਟੇ ਜਹਾਂ, ਖੁਦਾ ਕੇ ਲੀਏ।’

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਇਕੱਠੇ ਹੋ ਕੇ ਗੁਰਮਤਾ ਕੀਤਾ ਕਿ ਦਸਮੇਸ਼ ਪਿਤਾ ਗੜ੍ਹੀ ਖਾਲੀ ਕਰ ਜਾਣ। ਪਾਤਸ਼ਾਹ ਨੇ ਬੇਨਤੀ ਪ੍ਰਵਾਨ ਕਰਦਿਆਂ ਰਾਤ ਸਮੇਂ ਦੁਸ਼ਮਣਾਂ ਨੂੰ ਲਲਕਾਰ ਕੇ ਗੜ੍ਹੀ ਵਿੱਚੋਂ ਨਿਕਲੇ, ਨਾਲ ਭਾਈ ਦਇਆ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ। ਕਿਸੇ ਨੇ ਬੜੀ ਖੂਬਸੂਰਤ ਕਾਲਪਨਿਕ ਤਸਵੀਰ ਖਿੱਚਦਿਆਂ ਗੁਰੂ ਸਾਹਿਬ ਦੇ ਵੱਡੇ ਜਿਗਰੇ ਨੂੰ ਬਿਆਨ ਕਰਦੀ ਘਟਨਾ ਲਿਖੀ ਹੈ ਕਿ ਰਾਤ ਦੇ ਹਨੇਰੇ ਵਿੱਚ ਜਦ ਆਪ ਜੀ ਗੜ੍ਹੀ ਛੱਡ ਕੇ ਆਪਣੇ ਅਗਲੇ ਪੰਧ ਵੱਲ ਨੂੰ ਵੱਧ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਆਪ ਜੀ ਦੇ ਚਰਨਾਂ ਨੂੰ ਠ੍ਹੋਕਰ ਲੱਗੀ ਅਤੇ ਆਪ ਜੀ ਡਿੱਗਦੇ-ਡਿਗਦੇ ਸੰਭਲ਼ ਗਏ ਅਤੇ ਅੱਗੇ ਨੂੰ ਹੋ ਤੁਰੇ ਨੇ। ਪਿੱਛੇ ਆ ਰਹੇ ਭਾਈ ਦਇਆ ਸਿੰਘ ਜੀ ਨੇ ਜਦ ਤੱਕਿਆ ਕਿ ਪਾਤਸ਼ਾਹ ਜੀ ਦੀ ਠ੍ਹੌਕਰ ਕਿਸ ਚੀਜ਼ ਨਾਲ ਲੱਗੀ ਹੈ ਤਾਂ ਅੱਖਾਂ ਵਿੱਚੋਂ ਛਮ-ਛਮ ਨੀਰ ਵਹਿ ਤੁਰਿਆ, ਤੱਕ ਕੇ ਦੰਗ ਰਹਿ ਗਏ ਕਿ ਇਹ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਮ੍ਰਿਤਕ ਸਰੀਰ ਪਿਆ ਹੋਇਆ ਸੀ ਆਪ ਜੀ ਨੇ ਆਪਣਾ ਕਮਰਕੱਸਾ ਖੋਲ੍ਹਿਆ ਅਤੇ ਉਸ ਮ੍ਰਿਤਕ ਸਰੀਰ ਨੂੰ ਢੱਕਣ ਲੱਗੇ ਤੇ ਮੇਰੇ ਚੋਜੀ ਪ੍ਰੀਤਮ ਦਸਮੇਸ਼ ਪਿਤਾ ਨੇ ਪਿੱਛੇ ਮੁੜ ਕੇ ਦੇਖਦਿਆਂ ਕਿਹਾ ਸਿੰਘ ਜੀ ! ਆਹ ਕੀ ਕਰਨ ਲੱਗੇ ਜੇ ? ਤਾਂ ਅੱਗੋਂ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਪਾਤਸ਼ਾਹ ਇਹ ਬਾਬਾ ਅਜੀਤ ਸਿੰਘ ਜੀ ਦਾ ਮ੍ਰਿਤਕ ਸਰੀਰ ਤੱਕ ਕੇ ਮੇਰੇ ਕਦਮ ਰੁੱਕ ਗਏ ਨੇ, ਮੈਂ ਤਾਂ ਸਿਰਫ ਆਪਣਾ ਫਰਜ਼ ਅਦਾ ਕਰ ਰਿਹਾ ਹਾਂ, ਤਾਂ ਧੰਨ ਮੇਰੇ ਦਸਮੇਸ਼ ਪਿਤਾ ਕਹਿਣ ਲੱਗੇ (ਇਸ ਦ੍ਰਿਸ਼ ਨੂੰ ਇੱਕ ਕਵੀ ਨੇ ਆਪਣੇ ਖੁਬਸੂਰਤ ਲਫਜ਼ਾਂ ’ਚ ਕੈਦ ਕਰ ਲਿਆ): ‘ਸੁਣ ਕੇ ਬਾਤ, ਗੁਰੂ ਜੀ ਬੋਲੇ ! ਕਹਿਣ ਲੱਗੇ, ਓ ਗੁਰਸਿੱਖਾ ! ਧਰਮ ਕੀ ਰਾਹ ਪੇ ਜੋ ਹੈਂ ਮਰਤੇ, ਨਹੀਂ ਕਫ਼ਨ ਕਿਸਮਤ ਮੇਂ ਲਿਖਾ। ਔਰ ਭੀ ਕਿਤਨੇ ਲਾਲ ਹੈਂ ਮੇਰੇ, ਜਿਨਹੋਂ ਨੇ ਯਹਾਂ ਸ਼ਹੀਦੀ ਪਾਈ। ਪੁਰਜਾ-ਪੁਰਜਾ ਕਟ ਮਰੇ, ਪਰ ਦੁਸ਼ਮਣ ਕੋ ਨਾ ਪਿੱਠ ਦਿਖਲਾਈ। ਫਿਰ ਏਕ ਕੇ ਸੰਗ ਪਿਆਰ ਜਤਾਨਾ, ਯਹ ਕਹੀਂ ਕਾ ਇਨਸਾਫ ਨਹੀਂ ਹੈ। ਬੇਟੇ-ਬੇਟੇ ਮੇਂ ਜੋ ਫ਼ਰਕ ਸਮਝੇ, ਐਸਾ ਭੀ ਕੋਈ ਬਾਪ ਨਹੀਂ ਹੈ।’

ਗੱਲ ਕੀ ਸਾਨੂੰ (ਸਾਰੇ ਪੰਥ ਨੂੰ) ਆਪਣੇ ਪੁੱਤਰਾਂ ਵਾਲਾ ਮਾਣ ਦਿੱਤਾ, ਪਰ ਅੱਜ ਅਫਸੋਸ, ਅਤਿ ਅਫਸੋਸ ਕਿ ਅੱਜ ਅਸੀਂ ਪਾਤਸ਼ਾਹ ਦੀਆਂ ਕੁਰਬਾਨੀਆਂ, ਸਿੱਖਿਆਵਾਂ, ਗੁਰਮਤਿ ਅਸੂਲਾਂ ਨੂੰ ਭੁੱਲ ਕੇ ਆਪ ਹੀ ਬੇਦਾਵਾ ਲਿਖ ਕੇ ਦੇ ਰਹੇ ਹਾਂ। ਅੱਜ ਆਪਣੇ ਅੰਦਰ ਝਾਤ ਮਾਰ ਕੇ ਆਪਾ ਪੜਚੋਲ ਕਰਨ ਦੀ ਲੋੜ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਬਣਾਇਆ ਸੀ ਅਤੇ ਅਸੀਂ ਕੀ ਬਣ ਗਏ ਹਾਂ ? ਸਾਡੇ ਵਾਸਤੇ ਗੁਰੂ ਜੀ ਨੇ ਆਪਣਾ ਸਾਰਾ ਪਰਵਾਰ ਕੁਰਬਾਨ ਕਰ ਦਿੱਤਾ ਪਰ ਧੰਨ ਓਏ ਸਿੱਖੋ ! ਅੱਜ ਕੁੜੀ ਮਾਰਾਂ ਵਿੱਚ ਤੁਹਾਡੀ ਗਿਣਤੀ ਵੱਧ, ਸ਼ਰਾਬ ਪੀਣ ਵਾਲਿਆਂ ਵਿੱਚ ਤੁਹਾਡੀ ਗਿਣਤੀ ਵੱਧ, ਜਾਤਾਂ-ਪਾਤਾਂ ਵਿੱਚ ਫਸੇ ਤੁਸੀਂ, ਬ੍ਰਹਾਮਣੀ ਕਰਮਕਾਂਢਾਂ ਵਿੱਚ ਹੋਏ ਚੂਰ ਤੁਸੀਂ, ਤੇ ਮੇਰੇ ਨੌਜਵਾਨ ਵੀਰਾਂ/ਭੈਣਾਂ ਨੇ ਗੁਰੂ ਦੀ ਸਿੱਖਿਆ ਤਾਂ ਕੀ ਮੰਨਣੀ ਸੀ ਅੱਜ ਕੇਸ-ਦਾਹੜ੍ਹੀਆਂ ਕਟਵਾ ਕੇ ਉਸ ਦਾ ਬਖਸ਼ਿਆ ਰੂਪ ਵੀ ਨਹੀਂ ਰਹਿਣ ਦਿੱਤਾ। ਅੱਜ ਮੁੜ ਆਉ ਖਾਲਸਾ ਜੀਉ ! ਆਪਣਾ ਵਿਰਸਾ ਸੰਭਾਲੀਏ ! ! ਆਪਣਾ ਘਰ ਸੰਭਾਲੀਏ। ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ‘‘.. ਸਾਬਤ ਸੂਰਤਿ, ਦਸਤਾਰ ਸਿਰਾ ॥’’ (ਮ: ੫/੧੦੮੪) ਸਿਧਾਂਤ ਅਪਣਾਈਏ ਵੇਖੋ ਕਿੰਨਾ ਮਾਣ ਦਿੱਤਾ ਸੀ ਅਸਾਂ ਨੂੰ ਤੇ ਅਸੀਂ ਕੀ ਬਣੇ ਫਿਰਦੇ ਹਾਂ। ਆਉ, ਅੱਜ ਦਸੰਬਰ ਦੇ ਇਸ ਸ਼ਹੀਦੀ ਹਫਤੇ ਵਿੱਚ ਉਹਨਾਂ ਦੀ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਆਪਣੇ ਸੁੱਤੇ ਹੋਏ ਜ਼ਮੀਰ ਤੇ ਅਣਖ ਨੂੰ ਜਗਾਈਏ ਕਿਤੇ ਇਹ ਵੀ ਇੱਕ ਮੇਲੇ ਦੀ ਤਰ੍ਹਾਂ ਹੀ ਨਾ ਲੰਘ ਜਾਵੇ: ‘ਜਾਗੇ ਅਣਖ਼ ਚਮਕੌਰ ਨੂੰ ਵੇਖਦਿਆਂ ਹੀ, ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ। ਢੱਠੇ ਹੋਏ ਸੱਭ ਦਿਲ ਖਲੋ ਜਾਂਦੇ, ਚਿਣਿਆ ਕੰਧਾਂ ਵਿੱਚ ਵੇਖ ਪਰਵਾਰ ਤੇਰਾ।’

ਅੰਤ ਵਿੱਚ ਇਕ ਦਰਦੀ ਦਿਲ ਸ਼ਾਇਰ ਦੀਆਂ ਕੁੱਝ ਸਤਰਾਂ ਲਿਖ ਕੇ ਕਲਮ ਨੂੰ ਰੋਕਦਾ ਹਾਂ: ‘ਮੈਂ ਡੁਬਦੇ ਵੇਖਦਾਂ ਸੂਰਜ ਤੇ ਚੜ੍ਹਦੇ ਚੰਨ ਵੇਖਦਾ ਹਾਂ। ਇੱਥੇ ਔਕੜਾਂ ਵਿੱਚ ਇਸ਼ਕ ਨੂੰ, ਆਨੰਦ ਵੇਖਦਾ ਹਾਂ। ਜਿੱਥੇ ਫਲਸਫੇ ਤੇਰੇ ਮੁਕੰਮਲ ਰੂਪ ਪਾਇਆ ਏ,ਕਿਤੇ ਚਮਕੌਰ ਵੇਖਦਾਂ ਤੇ ਕਿਤੇ ਸਰਹੰਦ ਵੇਖਦਾ ਹਾਂ।’

ਜੂਝਾਰੂ ਬਿਰਤੀ ਦੇ ਧਨੀ:-ਸਾਹਿਬਜ਼ਾਦਾ ਜੁਝਾਰ ਸਿੰਘ

0

(ਸਾਕਾ ਚਮਕੌਰ ਸਾਹਿਬ ’ਤੇ)         

ਜੂਝਾਰੂ ਬਿਰਤੀ ਦੇ ਧਨੀ:-ਸਾਹਿਬਜ਼ਾਦਾ ਜੁਝਾਰ ਸਿੰਘ 

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

ਸਿੱਖ ਇਤਿਹਾਸ ਜਿੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੂੰ ਸੰਤ-ਸਿਪਾਹੀ ਦੇ ਲ਼ਕਬ ਨਾਲ ਨਿਵਾਜ਼ਦਾ ਹੈ ਉੱਥੇ ਪੁੱਤਰਾਂ ਦਾ ਦਾਨੀ ਕਹਿ ਕੇ ਵੀ ਅਥਾਹ ਮਾਣ-ਸਤਿਕਾਰ ਬਖ਼ਸ਼ਦਾ ਹੈ। ਉਨ੍ਹਾਂ ਦੇ ਇਸ (ਪੁੱਤਰ) ਦਾਨ ਦੀ ਗਵਾਹੀ ਸਿੱਖ ਇਤਿਹਾਸ ਦੇ ਦੋ ਖ਼ੂਨੀ ਸਾਕੇ, ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਰਹਿੰਦੀ ਦੁਨੀਆਂ ਤੱਕ ਭਰਦੇ ਰਹਿਣਗੇ। ਇਨ੍ਹਾਂ ਸਾਕਿਆਂ ਵਿਚੋਂ ਸਾਕਾ ਚਮਕੌਰ ਸਾਹਿਬ ਇੱਕ ਅਜਿਹਾ ਵਿਲੱਖਣ ਸਾਕਾ ਹੈ ਜਿਸ ਵਿੱਚ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਬੇਵਸਾਹੀ ਦਾ ਸ਼ਿਕਾਰ ਹੋਏ ਕਲਗੀਧਰ ਪਾਤਸ਼ਾਹ ਦੇ ਮੁੱਠੀ ਭਰ ਸਿੰਘਾਂ ਨੇ ਹਜ਼ਾਰਾਂ ਦੀ ਤਾਦਾਦ ਵਿਚਲੀਆਂ ਫੌਜਾਂ ਨੂੰ ‘ਲੋਹ ਦੇ ਚਨੇ’ ਚਬਾ ਕੇ ਸ਼ਾਹਦਤ ਦੇ ਜਾਮ ਪੀਤੇ ਸਨ। ਸ਼ਹਾਦਤ ਦੇ ਇਸ ਜਾਮ ਨੂੰ ਪੀਣ ਵਾਲੇ ਮਰਜੀਵੜਿਆਂ ਵਿੱਚ ਜਿੱਥੇ ਦਸਮ ਪਿਤਾ ਦੇ ਸਿਦਕੀ ਸਿੱਖਾਂ, ਤਿੰਨ ਪਿਆਰਿਆਂ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਨਾਮ ਵਰਨਣਯੋਗ ਹੈ, ਉੱਥੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਨਾਂਅ ਵੀ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ।

ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਬਿਕ੍ਰਮੀ 1747 (21 ਚੇਤ 1690) ਨੂੰ ਗੁਰੂ ਸਾਹਿਬ ਦੇ ਮਹਿਲ ਮਾਤਾ ਸੁੰਦਰ ਕੌਰ (ਪਿਛਲਾ ਨਾਂ ਮਾਤਾ ਜੀਤੋ) ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਗੁਰੂ ਸਾਹਿਬ ਨੇ ਆਪਣੇ ਦੂਸਰੇ ਸਪੁੱਤਰ ਜੁਝਾਰ ਸਿੰਘ ਦੀ ਪਾਲਣ-ਪੋਸ਼ਣਾ ਵੀ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਵਾਂਗ ਹੀ ਪੂਰੀ ਤਨਦੇਹੀ ਅਤੇ ਯੋਗ ਅਗਵਾਈ ਨਾਲ ਕੀਤੀ। ਵੱਡੇ ਵੀਰ ਅਜੀਤ ਸਿੰਘ ਦੀ ਤਰ੍ਹਾਂ ਹੀ ਜੁਝਾਰ ਸਿੰਘ ਨੂੰ ਵੀ ਜਿਸਮਾਨੀ ਕਰਤੱਬਾਂ, ਘੋੜ-ਸਵਾਰੀ, ਤੀਰਅੰਦਾਜ਼ੀ, ਨੇਜੇ-ਭਾਲੇ ਅਤੇ ਤਲਵਾਰਬਾਜ਼ੀ ਵਿਚ ਨਿਪੁੰਨ ਸੈਨਿਕ ਬਣਾਇਆ ਗਿਆ। ਗੁਰੂ ਪਿਤਾ ਵੱਲੋਂ ਆਪਣੇ ਇਸ ਪੁੱਤਰ ਨੂੰ ਫੌਜੀ ਮੁਹਿੰਮਾ ਦਾ ਹਿੱਸੇਦਾਰ ਬਣਨ ਲਈ ਵੀ ਅਕਸਰ ਹੀ ਭੇਜਿਆ ਜਾਂਦਾ ਸੀ। ਇਸ ਹਿੱਸੇਦਾਰੀ ਅਤੇ ਗੁਰੂ ਪਿਤਾ ਦੀ ਯੋਗ ਰਾਹਨੁਮਾਈ ਕਾਰਨ ਸਾਹਿਬਜ਼ਾਦਾ ਜੁੁਝਾਰ ਸਿੰਘ ਜੂਝਣ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦੇ ਸਨ।

ਇਸ ਜੂਝਣ ਵਾਲੀ ਬਿਰਤੀ ਕਾਰਨ ਹੀ ਚਮਕੌਰ ਸਾਹਿਬ ਦੇ ਮੈਦਾਨ-ਏ-ਜੰਗ ਵਿਚ ਆਪਣੇ ਵੱਡੇ ਵੀਰ ਅਜੀਤ ਸਿੰਘ ਨੂੰ ਦੁਸ਼ਮਣ ਦਲ ਨਾਲ ਲੋਹਾ ਲੈਂਦਾ ਦੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਖ਼ੂਨ ਵੀ ਉਬਾਲੇ ਖਾਣ ਲੱਗ ਪਿਆ। ਰਣ ਵਿਚ ਵੈਰੀਆਂ ਦੇ ਆਹੂ ਲਾਹੁੰਦਿਆਂ ਜਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤਾਂ ਜੁਝਾਰ ਸਿੰਘ ਨੇ ਗੁਰੂ ਪਿਤਾ ਕੋਲ ਆ ਕੇ ਬੇਨਤੀ ਕੀਤੀ ਕਿ ‘ਪਿਤਾ ਜੀ ! ਮੈਨੂੰ ਵੀ ਆਗਿਆ ਬਖ਼ਸ਼ੋ ਤਾਂ ਜੋ ਮੈਂ ਵੀ ਗੁਰਸਿੱਖਾਂ ਦੇ ਮੋਢੇ ਨਾਲ ਮੋਢੇ ਜੋੜ ਕੇ ਵੀਰ ਅਜੀਤ ਸਿੰਘ ਵਾਂਗ ਦੁਸ਼ਮਣ ਦੇ ਨਾਲ ਦੋ ਹੱਥ ਕਰ ਸਕਾਂ। ਮੇਰੀ ਉਮਰ ਭਾਵੇਂ ਛੋਟੀ ਹੈ ਪਰ ਦੇਖਿਉ ਮੈਂ ਦੁਸ਼ਮਣਾਂ ਦੇ ਦੰਦ ਕਿਵੇਂ ਖੱਟੇ ਕਰਦਾ ਹਾਂ। ਪਿਤਾ ਜੀ  ! ਜਲਦੀ ਕਰੋ, ਮੈਂ ਵੀ ਆਪਣੇ ਵੱਡੇ ਵੀਰ ਕੋਲ ਜਾਣਾ ਹੈ।’ ਸਾਹਿਬਜ਼ਾਦਾ ਜੁਝਾਰ ਸਿੰਘ ਵੱਲੋ ਦਿਖਾਏ ਇਸ ਜੋਸ਼ ਅਤੇ ਉਤਸ਼ਾਹ ਨੂੰ ਕਵੀ ਸੈਨਾਪਤਿ ਇੰਝ ਬਿਆਨ ਕਰਦਾ ਹੈ: ‘ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁਚਿਓ ਆਨ। ਦੌਰਿਓ ਦਲ ਮੈਂ ਧਾਇ ਕੈ ਕਰ ਮੈਂ ਗਹੀ ਕਮਾਨ।’

ਸਾਹਿਬਜ਼ਾਦਾ ਜੁਝਾਰ ਸਿੰਘ ਦੇ ਯੁੱਧ-ਚਾਅ ਨੂੰ ਕਵੀ ਰਤਨ ਸਿੰਘ ਭੰਗੂ ਕੁੱਝ ਇਸ ਤਰ੍ਹਾਂ ਬਿਆਨ ਕਰਦਾ ਹੈ:- ‘ਐਸੇ ਰੌਰੇ ਜਬ ਊਹਾਂ ਭਯੋ। ਸਾਹਬ ਜੁਝਾਰ ਸਿੰਘ ਮਨ ਮੈਂ ਠਯੋ। ਅਬ ਜੀਵਨ ਕੋ ਕੁਛ ਧ੍ਰਮ ਨਾਹੀਂ। ਪੁਤ੍ਰ ਜੀਵੈ ਲੜ ਪਿਤਾ ਮਰਾਹੀ।’

ਪੁੱਤਰ ਦੇ ਜੰਗੀ-ਜੋਸ਼ ਨੂੰ ਦੇਖ ਕੇ ਹਜ਼ੂਰ ਨੇ ਜੁਝਾਰ ਸਿੰਘ ਦੇ ਨਾਲ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ (ਦੋਵੇਂ ਪਿਆਰੇ) ਭਾਈ ਮੋਹਰ ਸਿੰਘ ਅਤੇ ਭਾਈ ਲਾਲ ਸਿੰਘ ਨੂੰ (ਜੱਥੇ ਦੇ ਰੂਪ ਵਿਚ) ਚਮਕੌਰ ਦੀ ਗੜ੍ਹੀ ਤੋਂ ਬਾਹਰ ਭੇਜ ਦਿੱਤਾ। ਜਿਉਂ ਹੀ ਇਹ ਪੰਜ ਸ਼ੇਰ ਗੜ੍ਹੀ ਵਿਚੋਂ ਬਾਹਰ ਨੂੰ ਆਏ ਤਾਂ ਇਨ੍ਹਾਂ ਨੇ ਵੈਰੀ ਦੀ ਫੌਜ ’ਤੇ ਹੱਲਾ ਬੋਲ ਦਿੱਤਾ। ਇਧਰ ਜੂਝਾਰ ਸਿੰਘ ਆਪਣੇ ਸਾਥੀਆਂ ਸਮੇਤ ਜੂਝ ਰਿਹਾ ਸੀ ਉਧਰ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ’ਚੋਂ ਤੀਰਾਂ ਦੀ ਬੁਛਾੜ ਕਰ ਰਹੇ ਸਨ। ਉਮਰ ਪੱਖੋਂ ਨਿੱਕੇ ਪਰ ਯੁੱਧ ਕਲਾ ਪੱਖੋਂ ਤਿੱਖੇ ਇਸ ਸੂਰਮੇ ਦੀ ਸੂਰਮਤਾਈ ਨੂੰ ਦੇਖ ਕੇ ਵੈਰੀ ਵੀ ਦੰਗ ਰਹਿ ਗਏ। ਸਵਾ ਲੱਖ ਨਾਲ ਏਕ ਲੜਾਊਂ ਵਾਲੀ ਨੀਤੀ/ਮੇਹਰ ਸਦਕਾ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਸਾਥੀਆਂ ਸਮੇਤ ਕਈ-ਕਈ ਮੁਗਲ ਸਿਪਾਹੀਆਂ ’ਤੇ ਭਾਰੀ ਪੈਂਦੇ ਹੋਏ ਅਖੀਰ 8 ਪੋਹ ਸੰਮਤ 1761 ਮੁਤਾਬਕ 22 ਦਸੰਬਰ 1704 ਈ. ਨੂੰ ਸ਼ਹੀਦੀਆਂ ਪਾ ਗਏ।

ਮਾਤਾ ਖੀਵੀ ਜੀ ਦੀ ਲਾਡਲੀ ਬੱਚੀ ‘ਬੀਬੀ ਅਮਰੋ’

0

ਮਾਤਾ ਖੀਵੀ ਜੀ ਦੀ ਲਾਡਲੀ ਬੱਚੀ ‘ਬੀਬੀ ਅਮਰੋ’ 

ਸਿੱਖ ਧਰਮ ਵਿਚ ਇਸਤ੍ਰੀ ਦਾ ਬਹੁਤ ਹੀ ਸਤਿਕਾਰਯੋਗ ਸਥਾਨ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਦੀ 19 ਵੀਂ ਪਾਉੜੀ ਦੇ ਸਲੋਕ ਵਿਚ ਮਨੁੱਖੀ ਸਮਾਜ ਵਿਚ ਇਸਤਰੀ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ : ‘‘ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ॥’’

ਜਿਹੜੀ ਔਰਤ ਰਾਜਿਆਂ, ਭਗਤਾਂ ਅਤੇ ਸੂਰਮਿਆਂ ਨੂੰ ਜਨਮ ਦਿੰਦੀ ਹੈ ਭਲਾ ਉਸ ਔਰਤ ਨੂੰ ਮਾੜੀ ਕਿਵੇਂ ਕਿਹਾ ਜਾ ਸਕਦਾ ਹੈ। ਗੁਰੂ ਸਾਹਿਬ ਦੀ ਇਸ ਇਨਕਲਾਬੀ ਸੋਚ ਵਿਚੋਂ ਪੈਦਾ ਹੋਈ ਔਰਤ ਦੀ ਸਤਿਕਾਰਤ ਹਸਤੀ ਕਾਰਨ ਬਹੁਤ ਸਾਰੀਆਂ ਬੀਬੀਆਂ ਦਾ ਸਿੱਖ ਧਰਮ ਨਾਲ ਡੂੰਘਾ ਅਤੇ ਸਦੀਵੀ ਸੰਬੰਧ ਰਿਹਾ ਹੈ। ਇਹ ਸੰਬੰਧ ਗੁਰਬਾਣੀ ਅਤੇ ਕੁਰਬਾਨੀ ਦੋਵਾਂ ਯੁੱਗਾਂ ਵਿਚ ਹੀ ਬਣਿਆ ਰਿਹਾ ਹੈ। ਗੁਰਬਾਣੀ ਯੁੱਗ ਵਿਚ ਗੁਰੂ ਨਾਨਕ ਦੇ ਘਰ/ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਇਸਤਰੀਆਂ ਵਿਚ ਹੀ ਸ਼ਾਮਲ ਹਨ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਦਾ ਨਾਮ ‘ਬੀਬੀ ਅਮਰੋ’।

ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਸਿੱਖੀ ਵਿਚ ਉਭਾਰਨ ਵਾਲੀ ‘ਬੀਬੀ ਅਮਰੋ’ ਦਾ ਜਨਮ 1532 ਈ. ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੇ ਘਰ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਹੋਇਆ। ਘਰੇਲੂ ਮਹੌਲ ਧਾਰਮਿਕ ਹੋਣ ਕਰਕੇ ਬੀਬੀ ਜੀ ਦਾ ਬਚਪਨ ਵੀ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਸੀ।

ਗੁਰੂ ਅੰਗਦ ਦੇਵ ਜੀ ਜਿੱਥੇ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਕਰਵਾਇਆ ਕਰਦੇ ਸਨ ਉੱਥੇ ਉਨ੍ਹਾਂ ਨੂੰ ਗੁਰਬਾਣੀ ਵੀ ਕੰਠ ਕਰਵਾਇਆ ਕਰਦੇ ਸਨ। ਬੀਬੀ ਅਮਰੋ ਨੇ ਆਪਣੀ ਮੁੱਢਲੀ ਤਲ਼ੀਮ ਵੀ ਗੁਰੂ ਪਿਤਾ ਕੋਲੋਂ ਹੀ ਹਾਸਲ ਕੀਤੀ। ਮਾਤਾ ਖੀਵੀ ਜੀ ਵੀ ਆਪਣੀ ਸੁਘੜ-ਸਿਆਣੀ ਧੀ ਨੂੰ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਉਦੇਸ਼ ਅਤੇ ਉਪਦੇਸ਼ ਤੋਂ ਗਿਆਤ ਕਰਵਾਉਂਦੇ ਸਨ ਉੱਥੇ ਗੁਰੂ ਸਾਹਿਬ ਦੇ ਸਿੱਖਾਂ ਦੇ ਪਰਉਪਕਾਰੀ ਜੀਵਨ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਕਰਵਾਇਆ ਕਰਦੇ ਸਨ। ਮਾਤਾ ਜੀ ਵੱਲੋਂ ਮਿਲੀ ਸੁਚੱਜੀ ਅਗਵਾਈ ਸਦਕਾ ਬੀਬੀ ਜੀ ਨੂੰ ਬਹੁਤ ਸਾਰੀ ਗੁਰਬਾਣੀ ਕੰਠ ਹੋ ਗਈ ਸੀ। ‘ਸਿਧ ਗੋਸਟਿ’ ਦੀ ਬਾਣੀ ਦਾ ਪਾਠ ਉਹ ਜ਼ੁਬਾਨੀ ਹੀ ਕਰਿਆ ਕਰਦੇ ਸਨ। ਉਮਰ ਦੇ ਵਧਣ ਦੇ ਨਾਲ ਬੀਬੀ ਅਮਰੋ ਜੀ ਉਪਰ ਗੁਰਮਤਿ ਦਾ ਰੰਗ ਹੋਰ ਵੀ ਗੂੜ੍ਹਾ ਚੜ੍ਹਨ ਲੱਗਾ। ਚੁੱਲ੍ਹਾ-ਚੌਂਕਾ ਕਰਦਿਆਂ ਵੀ ਆਪਣੀ ਸੁਰਤ ਪਰਮਾਤਮਾ ਨਾਲ ਜੋੜੀ ਰੱਖਦੇ ਸਨ।

ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਸਮਾਂ

0

ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਸਮਾਂ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮੈਨੂੰ ਇੱਕ ਸੂਝਵਾਨ ਸੱਜਣ ਨੇ ਦੱਸਿਆ ਕਿ ਮਹਾਂਭਾਰਤ ਦੇ ਅਖੀਰ ਵਿਚ ਲਿਖਿਆ ਹੈ- ਜਦੋਂ ਭਗਵਾਨ ਕ੍ਰਿਸ਼ਨ ਕੌਰਵਾਂ ਦੀ ਹਾਰ ਤੋਂ ਬਾਅਦ ਜੰਗਲ ਵਿਚ ਆਪਣੇ ਗੁਰੂ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਸਾਰੀ ਗਾਥਾ ਸੁਣ ਕੇ ਕ੍ਰਿਸ਼ਨ ਜੀ ਨੂੰ ਕਿਹਾ ਕਿ ਤੈਨੂੰ ਤਾਂ ਕੌਰਵਾਂ ਪਾਂਡਵਾਂ ਵਿਚ ਮੇਲ ਮਿਲਾਪ ਕਰਵਾਉਣਾ ਚਾਹੀਦਾ ਸੀ, ਜੰਗ ਕਿਉਂ ਕਰਵਾਈ ? ਇਸ ਉੱਤੇ ਕ੍ਰਿਸ਼ਨ ਜੀ ਦਾ ਜਵਾਬ ਸੀ, ‘ਮੇਰਾ ਇਕ ਰੂਪ ਸਿਆਸਤਦਾਨ ਦਾ ਹੈ। ਸਿਆਸਤ ਵਿਚ ਤਾਂ ਇਹੋ ਕੁੱਝ ਹੁੰਦਾ ਹੈ। ਜਦੋਂ ਇਕ ਦਾ ਸਾਥ ਦਿਉ ਤਾਂ ਦੂਜੇ ਨੂੰ ਹਰ ਹਾਲ ਹਰਾਉਣਾ ਹੀ ਹੁੰਦਾ ਹੈ। ਜਿਸ ਨੂੰ ਜਿਤਾਉਣਾ ਹੋਵੇ, ਉਸ ਦੀਆਂ ਮਾੜੀਆਂ ਗੱਲਾਂ ਉੱਤੇ ਪਰਦਾ ਪਾਉਣਾ ਪੈਂਦਾ ਹੈ।’ 

ਮੇਰੇ ਪਿਤਾ ਜੀ ਨੇ ਵੀ ਇਕ ਵਾਰ 70-80 ਸਾਲ ਪੁਰਾਣੀ ਛਪੀ ਇਕ ਕਿਤਾਬ ਵਿੱਚੋਂ ਕੁੱਝ ਸਤਰਾਂ ਪੜ੍ਹ ਕੇ ਸੁਣਾਈਆਂ ਸਨ। ਉਨ੍ਹਾਂ ਦਾ ਸਾਰ ਅੰਸ਼ ਕੁੱਝ ਇੰਜ ਸੀ- ‘ਸਿਆਸਤ ਇਕ ਡੂੰਘੀਆਂ ਜੜ੍ਹਾਂ ਵਾਲੇ ਦਰਖਤ ਵਾਂਗ ਹੁੰਦੀ ਹੈ। ਦਰਖਤ ਦੀਆਂ ਜੜ੍ਹਾਂ ਤੇ ਟਾਹਣੀਆਂ ਉਹੀ ਰਹਿੰਦੀਆਂ ਹਨ। ਰੁੱਤ ਦੇ ਬਦਲਣ ਨਾਲ ਪੁਰਾਣੇ ਪੱਤੇ ਝੜ ਜਾਂਦੇ ਹਨ ਤੇ ਨਵੇਂ ਪੱਤੇ ਪੁੰਗਰ ਪੈਂਦੇ ਹਨ। ਕੁੱਝ ਚਿਰ ਤਾਂ ਲੱਗਦਾ ਹੈ ਕਿ ਪਹਿਲੇ ਮੁਰਝਾ ਚੁੱਕੇ ਪੱਤਿਆਂ ਨਾਲ ਇਹ ਖਿੜੇ ਤੇ ਧੋਤੇ ਨਵੇਂ ਨਕੋਰ ਪੱਤੇ ਕੁੱਝ ਵੱਖ ਹੋਣਗੇ। ਪਰ ਝਟਪਟ ਦਿਸਣ ਲੱਗ ਪੈਂਦਾ ਹੈ ਕਿ ਇਹ ਬਿਲਕੁਲ ਪਹਿਲਾਂ ਵਰਗੇ ਹੀ ਪੱਤੇ ਹਨ। ਬਿਲਕੁਲ ਉਹੀ ਰੰਗ-ਰੂਪ, ਉਸੇ ਹੀ ਤਰ੍ਹਾਂ ਦੀ ਬਣਤਰ, ਇੱਥੋਂ ਤਕ ਕਿ ਪੱਤਿਆਂ ਵਿਚਲੀਆਂ ਲਾਈਨਾਂ ਵੀ ਪਹਿਲੇ ਪੱਤਿਆਂ ਵਾਂਗ ਹੀ ਹਨ। ਹਰ ਸਾਲ ਪਤਝੜ ਬਹਾਰ ਤੋਂ ਬਾਅਦ ਭਾਵੇਂ ਹਰ ਕਿਸੇ ਨੂੰ ਨਵੇਂ ਪੱਤਿਆਂ ਲਈ ਉਮੀਦ ਬਣੀ ਰਹਿੰਦੀ ਹੈ। ਪਰ ਹਾਸਲ ਕੁੱਝ ਵੱਖ ਨਹੀਂ ਹੁੰਦਾ। ਸਿਆਸਤ ਦੇ ਬੂਟੇ ਦੀ ਖਾਦ ਹੁੰਦੀ ਹੈ ‘ਝੂਠ’। ਜਿੰਨੀ ਵੱਧ ਖਾਦ, ਓਨੇ ਹੀ ਵੱਧ ਫਲ ਤੇ ਪੱਤੇ।’

ਹੁਣ ਇਕ ਤੀਜੀ ਉਦਾਹਰਣ ਵੱਲ ਝਾਤ ਮਾਰੀਏ। ਹਿਟਲਰ ਦੇ ਪ੍ਰਚਾਰ ਮੰਤਰੀ ਗੋਇਬਲਜ਼ ਅਨੁਸਾਰ ਸਫਲਤਾ ਦਾ ਮੰਤਰ ਸੀ, ਜਿੰਨੀ ਵੱਧ ਵਾਰ ਝੂਠ ਨੂੰ ਦੁਹਰਾਇਆ ਜਾਏ, ਉਨ੍ਹਾਂ ਹੀ ਉਹ ਸੱਚ ਜਾਪਣ ਲੱਗ ਪੈਂਦਾ ਹੈ। ਇਸੇ ਲਈ ਸਿਆਸਤ ਵਿਚ ਕੋਈ ਵੀ ਇਕ ਗੱਲ ਜੋ ਦੂਜੀ ਧਿਰ ਨੂੰ ਢਾਹੁਣ ਲਈ ਕਾਰਗਰ ਸਾਬਤ ਹੋ ਰਹੀ ਹੋਵੇ (ਭਾਵੇਂ ਝੂਠੀ ਹੀ ਹੋਵੇ), ਵੱਡੀ ਪੱਧਰ ’ਤੇ ਦੁਹਰਾਈ ਜਾਂਦੀ ਹੈ। ਇਹੋ ਫਾਰਮੂਲਾ ਹੁਣ ਵੀ ਅਜ਼ਮਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜ਼ਮਾਇਆ ਜਾਵੇਗਾ। ਦਰਅਸਲ, ਸਿਆਸਤ ਵਿਚ ਸਿਰਫ਼ ਖਿਡਾਰੀ ਬਦਲਦੇ ਹਨ, ਖੇਡ ਨਹੀਂ ਬਦਲਦੀ। ਇਹ ਦਸਤੂਰ ਸਦੀਆਂ ਤੋਂ ਚਲਦਾ ਆ ਰਿਹਾ ਹੈ।

ਜਿੰਨ੍ਹਾਂ ਕੋਈ ਵੱਧ ਝੂਠ ਬੋਲ ਸਕਦਾ ਹੋਵੇ, ਵੱਧ ਤਮਾਸ਼ਾ ਕਰ ਕੇ ਜ਼ਿਆਦਾ ਭੀੜ ਇਕੱਠੀ ਕਰ ਸਕਦਾ ਹੋਵੇ, ਪਿਛਲੇ ਸਿਆਸਤਦਾਨਾਂ ਨੂੰ ਸ਼ਬਦ ਭੰਡਾਰ ਦੀਆਂ ਨਿਵਾਣਾਂ ਨਾਲ ਭੰਡ ਸਕਦਾ ਹੋਵੇ, ਅਸ਼ਿਸ਼ਟ ਵਿਹਾਰ ਦੀ ਸਿਖਰ ਛੂਹ ਸਕਦਾ ਹੋਵੇ, ਓਨ੍ਹਾਂ ਹੀ ਉਸ ਦੇ ਜਿੱਤਣ ਦੇ ਆਸਾਰ ਵੱਧ ਹੋ ਜਾਂਦੇ ਹਨ। ਜਿਵੇਂ ਦਰਖ਼ਤ ਨੂੰ ਬਹੁਤੇ ਪਾਣੀ ਦੀ ਲੋੜ ਨਹੀਂ ਹੁੰਦੀ, ਇੰਜ ਹੀ ਜਨਤਾ ਉੱਤੇ ਚੁਣਾਵੀ ਏਜੰਡਿਆਂ ਦੇ ਵਰਕੇ, ਪਾਣੀ ਦੇ ਛਿੱਟੇ ਵਾਂਗ ਤਰੋਂਕ ਦਿੱਤੇ ਜਾਂਦੇ ਹਨ ਤਾਂ ਜੋ ਉਹ ਪਾਣੀ ਵਿਚ ਸਿਰਫ ਭਿੱਜੇ ਹੀ ਮਹਿਸੂਸ ਕਰਨ। ਉਨ੍ਹਾਂ ਦੀ ਪਿਆਸ ਨਾ ਬੁੱਝੇ। ਇਨ੍ਹਾਂ ਏਜੰਡਿਆਂ ਨਾਲ ਕਿਸੇ ਦਾ ਕੁੱਝ ਲੈਣਾ ਦੇਣਾ ਨਹੀਂ ਹੁੰਦਾ। ਇਹ ਸਿਰਫ਼ ਕਿਸੇ ਵੀ ਹਾਲ ਵਿਚ ਵੋਟਾਂ ਹਾਸਲ ਕਰਨ ਦਾ ਜ਼ਰੀਆ ਹੁੰਦੇ ਹਨ।

ਅੱਜ ਦੇ ਦਿਨ ਵੀ ਜੇ ਪੰਜਾਬ ਅੰਦਰ ਝਾਤ ਮਾਰੀਏ ਤਾਂ ਬਥੇਰੇ ਨੌਜਵਾਨ ਫੇਰ ਪੁਰਾਣੇ ਪੱਤੇ ਝੜਨ ਤੇ ਨਵੇਂ ਪੁੰਗਰਨ ਨਾਲ ਉਹੀ ਸਦੀਆਂ ਪੁਰਾਣੀ ਨਵੀਂ ਉਮੀਦ, ਨਵੇਂ ਬਦਲਾਓ ਦੀ ਉਡੀਕ ਵਿਚ ਬੈਠੇ ਹਨ। ਪਰ ਅਸਲੀਅਤ ਕੀ ਹੈ, ਇਹ ਵਾਰ-ਵਾਰ ਕਹਿਣ ਦੀ ਲੋੜ ਨਹੀਂ ਹੈ।

ਜੇ ਮੁੱਖ ਤਿੰਨ ਪਾਰਟੀਆਂ ਨੂੰ ਗਹੁ ਨਾਲ ਵੇਖੀਏ ਤਾਂ ਇਹੋ ਏਜੰਡੇ ਹਨ : ਆਪਣੇ ਆਪ ਨੂੰ ਹੀਰੋ ਸਾਬਤ ਕਰਨਾ, ਕਿਸੇ ਵੀ ਤਰੀਕੇ ਕੁਰਸੀ ਹਾਸਲ ਕਰਨੀ, ਹਰ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ, ਜੋ ਨਸ਼ਾ ਅਮਰੀਕਾ ਤੇ ਕੈਨੇਡਾ ਨਹੀਂ ਬੰਦ ਕਰਵਾ ਸਕੇ ਅਤੇ ਦਿੱਲੀ, ਮੁੰਬਈ, ਮਹਾਰਾਸ਼ਟਰ, ਰਾਜਸਥਾਨ, ਗੋਆ ਆਦਿ ਵਿਚ ਧੜੱਲੇ ਨਾਲ ਵਿਕ ਰਿਹਾ ਹੈ, ਉਸ ਨੂੰ ਇਕ ਮਹੀਨੇ ਅੰਦਰ ਪੰਜਾਬ ਵਿਚ ਬੰਦ ਕਰਵਾਉਣ ਦਾ ਹੋਕਾ ਦੇਣਾ, ਟਿਕਟਾਂ ਦੀ ਵੰਡ ਵੇਲੇ ਕਰੋੜਾਂ ਇਕੱਠੇ ਕਰਨੇ, ਲੋਕਾਂ ਦੀ ਭੀੜ ਇਕੱਠੀ ਕਰ ਕੇ ਤੇ ਆਪਣੀ ਤਾਕਤ ਦਿਖਾ ਕੇ ਲੋਕਾਂ ਨੂੰ ਭਰਮਾਉਣਾ, ਸੜਕਾਂ ਦੇ ਕੋਨਿਆਂ ਉੱਤੇ ਆਪੋ ਆਪਣੀਆਂ ਫੋਟੋਆਂ ਦੇ ਫਲੈਕਸ ਲਾ ਕੇ ਆਪਣੀ ਹਾਉਮੈ ਨੂੰ ਪੱਠੇ ਪਾਉਣੇ, ਦੂਜੀਆਂ ਧਿਰਾਂ ਦੇ ਵਿਰੁੱਧ ਡਟ ਕੇ ਭੜਾਸ ਕੱਢਣੀ, ਤਾਕਤ ਵਿਚ ਆਉਣ ਉੱਤੇ ਦੂਜੀ ਪਾਰਟੀ ਵਾਲਿਆਂ ਨੂੰ ਜੇਲ੍ਹਾਂ ਵਿਚ ਡੱਕਣ ਬਾਰੇ ਰੌਲਾ ਪਾਉਣਾ ਅਤੇ ਇਲਜ਼ਾਮਤਰਾਸ਼ੀ ਦੀਆਂ ਹੱਦਾਂ ਪਾਰ ਕਰਨੀਆਂ।

ਲੋਕ ਮੁੱਦੇ ਤਿਆਗ ਕੇ ਘਰੇਲੂ ਕਿਸਮ ਦੇ ਮੁੱਦੇ ਪ੍ਰਚਾਰ ਦਾ ਵਿਸ਼ਾ ਬਣਾਏ ਜਾ ਰਹੇ ਹਨ। ਇਖ਼ਲਾਕ ਗ਼ਾਇਬ ਹੈ। ਕੀ ਕੋਈ ਪਾਰਟੀ ਅਜਿਹੀ ਹੈ ਜਿਸ ਦੇ ਕਿਸੇ ਆਗੂ ਵੱਲੋਂ ਔਰਤਾਂ ਨਾਲ ਛੇੜਛਾੜ ਨਹੀਂ ਕੀਤੀ ਜਾ ਰਹੀ ? ਕੀ ਕਿਸੇ ਪਾਰਟੀ ਵਿਚ ਕੁਰਸੀ ਦੀ ਤਾਕਤ ਵਿਚ ਅੰਨ੍ਹੇ ਹੋ ਕੇ ਪਤਨੀਆਂ ਨੂੰ ਤਲਾਕ ਜਾਂ ਘਰੇਲੂ ਹਿੰਸਾ ਦਾ ਸ਼ਿਕਾਰ ਨਹੀਂ ਬਣਾਇਆ ਜਾ ਰਿਹਾ ? ਕੀ ਕੋਈ ਪਾਰਟੀ ਉਸ ਦੀਆਂ ਸਫ਼ਾਂ ਵਿਚ ਨਾਜਾਇਜ਼ ਸਬੰਧ ਬਣਾਉਣ ਵਾਲੇ ਆਗੂ ਨਾ ਹੋਣ ਦਾ ਦਾਅਵਾ ਕਰ ਸਕਦੀ ਹੈ ? ਕੀ ਕੋਈ ਪਾਰਟੀ ਲੋਕਾਂ ਵੱਲੋਂ ਇਕੱਠੇ ਕੀਤੇ ਜਾਂ ਰਿਸ਼ਵਤ ਦੇ ਰੂਪ ਵਿਚ ਲਏ ਪੈਸਿਆਂ ਨੂੰ ਪਾਰਟੀ ਫੰਡਾਂ ਦਾ ਨਾਂ ਦੇ ਕੇ ਨਾਜਾਇਜ਼ ਇਸਤੇਮਾਲ ਨਹੀਂ ਕਰ ਰਹੀ ? ਕੀ ਸਾਰੀਆਂ ਪਾਰਟੀਆਂ ਵੱਲੋਂ ਲੋਕਾਂ ਲਈ ਕੀਤੇ ਨਿੱਕੇ ਤੋਂ ਨਿੱਕੇ ਕੰਮਾਂ ਬਦਲੇ ਅਹਿਸਾਨਮੰਦੀ ਨਹੀਂ ਮੰਗੀ ਜਾ ਰਹੀ ? ਹਰ ਪਾਰਟੀ ਵਿਚ ਨਕਲੀ ਡਿਗਰੀਆਂ ਵਾਲੇ ਲੋਕ ਬੈਠੇ ਹਨ- ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ? ਸੱਚਮੁੱਚ ਜਿਸ ਕਿਸਮ ਦਾ ਦੰਭ ਅੱਜ ਕੱਲ੍ਹ ਵੇਖਿਆ ਜਾ ਰਿਹਾ ਹੈ, ਉਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਪਾਰਟੀਆਂ ਨੂੰ ਲੋਕ ਮਸਲਿਆਂ ਦੀ ਸੁੱਧ ਹੀ ਨਹੀਂ। ਉਹ ਸੱਤਾ ਹਥਿਆਉਣ ਤੇ ਪੰਜ ਸਾਲ ਮੌਜਾਂ ਕਰਨ ਦਾ ਟੀਚਾ ਸਾਹਮਣੇ ਰੱਖ ਕੇ ਚੋਣ ਲੜ ਰਹੀਆਂ ਹਨ। ਇਸੇ ਲਈ ਪ੍ਰਚਾਰ ਦੀ ਭਾਸ਼ਾ ਤੇ ਮਿਆਰ ਏਨਾ ਨੀਵਾਂ ਹੈ।

ਨੌਟੰਕੀਬਾਜ਼ਾਂ ਦੀਆਂ ਮਜ਼ਾਕੀਆਂ ਗੱਲਾਂ ਨਾਲ ਦੇਸ਼ ਨਹੀਂ ਉਸਰਿਆ ਕਰਦੇ। ਨਾ ਹੀ ਸੜਕਾਂ ਤੇ ਮੁਫ਼ਤ ਬਿਜਲੀਆਂ ਨਾਲ ਤਰੱਕੀ ਕਰਦੇ ਹਨ। ਦੇਸ਼ ਤਰੱਕੀ ਕਰਦੇ ਹਨ-ਬੁੱਧੀਜੀਵੀਆਂ ਨਾਲ, ਉਸਾਰੂ ਸੋਚ ਨਾਲ, ਕਿਰਤੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਨਾਲ, ਸਮਾਜ ਦੇ ਸਭ ਵਰਗਾਂ ਦੇ ਉਥਾਨ ਲਈ ਕੰਮ ਕਰਨ ਨਾਲ, ਨਾ ਕਿ ਦੂਜੇ ਨੂੰ ਢਾਹ ਕੇ ਜੇਲ੍ਹਾਂ ਵਿਚ ਡੱਕ ਦੇਣ ਦੇ ਐਲਾਨਾਂ ਨਾਲ। ਜਿਹੜੇ ਮੁਲਕ ਤਰੱਕੀ ਕਰ ਚੁੱਕੇ ਹਨ, ਉੱਥੇ ਦਿਮਾਗ਼ ਵਾਲਿਆਂ ਦੀ ਕਦਰ ਕੀਤੀ ਜਾਂਦੀ ਹੈ, ਖੋਜੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ, ਕਲਮਾਂ ਵਾਲਿਆਂ ਨੂੰ ਸਿਰਾਂ ਉੱਤੇ ਬਿਠਾਇਆ ਜਾਂਦਾ ਹੈ, ਖਿਡਾਰੀਆਂ ਦੀ ਬੱਲੇ-ਬੱਲੇ ਕੀਤੀ ਜਾਂਦੀ ਹੈ, ਮਾਂ ਬੋਲੀ ਨੂੰ ਵਧਣ ਦੀ ਖੁੱਲ ਦਿੱਤੀ ਜਾਂਦੀ ਹੈ ਅਤੇ ਸਾਹਿਤ ਤੇ ਲੇਖਣ ਨੂੰ ਸਰਵੋਤਮ ਥਾਂ ਦਿੱਤੀ ਜਾਂਦੀ ਹੈ। ਉੱਥੇ ਬਾਲਪਣ ਨੂੰ ਇਨਸਾਨੀ ਗੁਣ ਸਿਖਾਏ ਜਾਂਦੇ ਹਨ ਅਤੇ ਸ਼ਖਸ਼ੀਅਤ ਦਾ ਹਿੱਸਾ ਬਣਾਏ ਜਾਂਦੇ ਹਨ, ਪਰ ਅਜਿਹਾ ਏਜੰਡਾ ਤਾਂ ਤਿੰਨਾਂ ਪ੍ਰਮੁੱਖ ਧਿਰਾਂ ਦੀ ਸੋਚ ਦਾ ਅੰਗ ਹੀ ਨਹੀਂ। ਉਨ੍ਹਾਂ ਵਿੱਚੋਂ ਕੋਈ ਵੀ ਨਿਆਰੀ ਜਾਂ ਸੁਥਰੀ ਹੋਣ ਦਾ ਪ੍ਰਭਾਵ ਦੇਣ ਲਈ ਯਤਨਸ਼ੀਲ ਵੀ ਨਹੀਂ।

ਲੋੜ ਹੈ ਕਿ ਅਜਿਹੇ ਲੋਕਾਂ ਨੂੰ ਲੱਭ ਕੇ ਅਗਾਂਹ ਲਿਆਉਣ ਦੀ ਜੋ ਪੁਰਾਣੀ ਸਿਆਸਤ ਦੇ ਦਰਖ਼ਤ ਨੂੰ ਜੜ੍ਹੋਂ ਪੁੱਟ ਕੇ ਅਤੇ ਨਵੇਂ ਬੂਟੇ ਲਾ ਕੇ ਸੂਬੇ ਤੇ ਮੁਲਕ ਨੂੰ ਤਰੱਕੀ ਦੇ ਰਾਹ ਤੋਰ ਸਕਣ। ਕੇਵਲ ਫੇਸਬੁੱਕਾਂ ਉੱਤੇ ਆਪਣਾ ਹੀ ਬਖ਼ਾਨ ਕਰਨ, ਲੱਖਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਨ ਜਾਂ ਸੜਕਾਂ ਕੰਢੇ ਫਲੈਕਸਾਂ ਲਾ ਕੇ ਆਪਣੀ ਹਊਮੈ ਨੂੰ ਪੱਠੇ ਪਾਉਣ ਵਾਲਿਆਂ ਵਿੱਚੋਂ ਸਾਨੂੰ ਅਜਿਹੇ ਸੁਥਰੇ ਲੋਕ ਨਹੀਂ ਲੱਭਣਗੇ। ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਹੁਣ ਸਮਾਂ ਹੈ। ਇਸ ਲਈ ਵੋਟ ਦੇ ਹੱਕ ਦੀ ਸੁਹਜਮਈ ਵਰਤੋਂ ਅਤਿਅੰਤ ਜ਼ਰੂਰੀ ਹੈ।

ਅਣਗਹਿਲੀ ਹੀ ਬਣਦੀ ਹੈ: ‘ਏਡਜ਼ ਦਾ ਕਾਰਨ’

0

ਅਣਗਹਿਲੀ ਹੀ ਬਣਦੀ ਹੈ: ‘ਏਡਜ਼ ਦਾ ਕਾਰਨ’

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)-98146-99446

‘ਏਡਜ਼’ ਦਾ ਸ਼ਬਦਿਕ ਅਰਥ ਹੈ: ‘ਗ੍ਰਹਿਣ ਕੀਤੀ ਕੋਈ ਸਰੀਰਕ ਰੱਖਿਆ ਪ੍ਰਣਾਲੀ ਦੀ ਕਮਜ਼ੋਰੀ’ (Acquired Immuno Deficiency Syndrome) ਇਹ ਰੋਗ ਐਚ. ਆਈ. ਵੀ. ਵਾਇਰਸ ਰਾਹੀਂ ਹੁੰਦਾ ਹੈ ਅਤੇ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫੈਲਦਾ ਹੈ। ਇਹ ਰੋਗ ਪਹਿਲੀ ਵਾਰ ਅਮਰੀਕਾ ਵਿੱਚ ਪਾਇਆ ਗਿਆ। ਹੌਲੀ ਹੌਲੀ ਅਮਰੀਕਾ ਤੋਂ ਫੈਲਦਾ ਹੋਇਆ ਇਹ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਜਾ ਪਹੁੰਚਿਆ। ਹੁਣ ਭਾਰਤ ਵਿਚ ਹੀ ਨਹੀਂ ਪੰਜਾਬ ਵਿਚ ਵੀ ਏਡਜ਼ ਦੇ ਰੋਗੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਸਰਕਾਰੀ ਅੰਕੜਿਆਂ ਦੀ ਰਿਪੋਰਟ ਦੇ ਮੁਕਾਬਲੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ ਕਿਉਂਕਿ ਏਡਜ਼ ਦੀ ਬੀਮਾਰੀ ਤੋਂ ਪੀੜਤ ਰੋਗੀ ਅਤੇ ਉਸ ਦੇ ਵਾਰਿਸ ਸ਼ਰਮ ਦੇ ਮਾਰੇ ਹੀ ਇਸ ਰੋਗ ਬਾਰੇ ਦੱਸਣ ਤੋਂ ਚੁੱਪ ਵੱਟੀ ਰੱਖਦੇ ਹਨ ਅਤੇ ਬਹੁਤ ਸਾਰੇ ਅਜਿਹੇ ਮਰੀਜ਼ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਸ ਬਾਰੇ ਵੀ ਉਸ ਦੇ ਪਰਿਵਾਰ ਵਾਲੇ ਵੀ ਸਹੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰਦੇ ਹਨ ਅਤੇ ਕਈ ਵਾਰ ਏਡਜ਼ ਦੇ ਮਰੀਜ਼ ਨੂੰ ਕੈਂਸਰ ਦਾ ਮਰੀਜ਼ ਕਹਿ ਕੇ ਹੀ ਛੁਟਕਾਰਾ ਕਰ ਲੈਂਦੇ ਹਨ ਕਿਉਂਕਿ ‘ਏਡਜ਼’ ਜਿੱਥੇ ਇੱਕ ਜਾਨਲੇਵਾ ਬੀਮਾਰੀ ਹੈ, ਉੱਥੇ ਇਹ ਇੱਕ ਸਮਾਜਿਕ ਸਮੱਸਿਆ ਵੀ ਹੈ ਕਿਉਂਕਿ ਇਸ ਦੇ ਕਾਰਨਾਂ ਤੋਂ ਹੁਣ ਲੋਕ ਭਲੀਭਾਂਤ ਜਾਣੂੰ ਹਨ। ਇਸੇ ਕਰਕੇ ‘ਏਡਜ਼’ ਦਾ ਨਾਂ ਸੁਣ ਕੇ ਜਿੱਥੇ ਪੀੜਤ ਘਬਰਾ ਜਾਂਦਾ ਹੈ ਉੱਥੇ ਉਸ ਦੇ ਪਰਿਵਾਰ ਵਾਲਿਆਂ ਦੀ ਰੋਟੀ ਵੀ ਛੁੱਟ ਜਾਂਦੀ ਹੈ ਅਤੇ ਡਾਕਟਰਾਂ ਦੇ ਕਹਿਣ ’ਤੇ ਜਦੋਂ ਪੀੜਤ ਦੇ ਬੱਚਿਆਂ ਜਾਂ ਉਸ ਦੇ ਪਤੀ/ਪਤਨੀ ਦਾ ਖ਼ੂਨ ਟੈਸਟ ਕਰਵਾਉਣ ਦੀ ਗੱਲ ਕਹੀ ਜਾਂਦੀ ਹੈ ਤਾਂ ਇਹ ਇੱਕ ਬੜੀ ਵੱਡੀ ਸਮੱਸਿਆ ਬਣ ਜਾਂਦੀ ਹੈ। 

ਏਡਜ਼ ਕਿਉਂ ਹੁੰਦੀ ਹੈ ?: ਏਡਜ਼ ਦਾ ਵਾਇਰਸ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਖ਼ੂਨ ਰਾਹੀਂ ਜਾਂ ਯੋਨ ਸੰਬੰਧਾਂ ਰਾਹੀਂ ਫੈਲਦਾ ਹੈ। ਬਿਨਾਂ ਜਾਂਚ ਕੀਤੇ ਖ਼ੂਨ ਚੜ੍ਹਾਏ ਜਾਣ ਨਾਲ, ਅਨਡਿਸਪੋਜ਼ਏਬਲ ਸੂਈਆਂ ਦੀ ਵਰਤੋਂ, ਨਸ਼ੇੜੀ ਲੋਕ ਜੋ ਇੱਕ ਦੂਜੇ ਦੀਆਂ ਸਰਿੰਜਾਂ ਬਿਨਾਂ ਸਾਫ਼ ਕੀਤੇ ਵਰਤ ਲੈਂਦੇ ਹਨ, ਟੈਟੂ ਖੁਦਵਾਉਣ ਨਾਲ, ਬੱਸ ਅੱਡਿਆਂ ਜਾਂ ਰੇਲਵੇ ਸਟੇਸ਼ਨਾਂ ’ਤੇ ਬੈਠੇ ਕੰਨਾਂ ਦੇ ਮਾਹਰ ਅਖਵਾਉਣ ਵਾਲ਼ਿਆਂ ਕੋਲੋਂ ਕੰਨ ਸਾਫ਼ ਕਰਵਾਉਣ ਨਾਲ, ਸਮਿਗੀਆਂ ਵਿੱਚ ਜਾਂ ਇੱਕ ਤੋਂ ਵੱਧ ਸੈਕਸ ਸੰਬੰਧ ਸਥਾਪਿਤ ਕਰਨ ਨਾਲ। ਏਡਜ਼ ਦਾ ਵਾਇਰਸ ਬੜੀ ਤੇਜ਼ੀ ਨਾਲ ਸਰੀਰ ’ਤੇ ਹਮਲਾ ਕਰਦਾ ਹੈ। ਬੱਸ ਫਿਰ ਕੀ, ਜਦੋਂ ਇੱਕ ਵਾਰ ਇਹ ਵਾਇਰਸ ਸਰੀਰ ਅੰਦਰ ਦਾਖਲ ਹੋ ਗਿਆ ਤਾਂ ਸਮਝੋ ਮਾਮਲਾ ਗੜਬੜ ਹੈ। ਜਿਵੇਂ ਏਡਜ਼ ਨਾਮ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਵਾਇਰਸ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਖ਼ਤਮ ਕਰ ਦਿੰਦਾ ਹੈ। ਸਰੀਰ ਵਿੱਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਸ਼ੁਰੂਆਤੀ ਬੁਖ਼ਾਰ ਜਾਂ ਪੇਟ ਦੀ ਖ਼ਰਾਬੀ ਤੋਂ ਹੁੰਦਾ ਹੈ। ਵਾਰ-ਵਾਰ ਛਾਤੀ ਦਾ ਜਾਮ ਹੋਣਾ, ਭੁੱਖ ਘੱਟ ਜਾਣੀ, ਸਰੀਰ ਦਾ ਵਜ਼ਨ ਘਟਣ ਲੱਗ ਜਾਂਦਾ ਹੈ। ਰੋਗੀ ਸੁੱਕ ਕੇ ਤੀਲਾ ਹੋ ਜਾਂਦਾ ਹੈ। ਜਿੱਥੇ ਏਡਜ਼ ਵਿੱਚ ਭੁੱਖ ਘਟ ਲੱਗਣ ਕਰਕੇ ਸਰੀਰ ਦੀ ਤਾਕਤ ਘਟ ਜਾਂਦੀ ਹੈ ਉੱਥੇ ਜਿਸ ਮਰੀਜ਼ ਨੂੰ ਪਤਾ ਹੁੰਦਾ ਹੈ ਕਿ ਉਸ ਨੂੰ ਏਡਜ਼ ਨੇ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਤਾਂ ਉਹ ਰੋਗੀ ਮਾਨਸਿਕ ਤੌਰ ’ਤੇ ਵੀ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਹੈ ਕਿਉਂਕਿ ਉਹਦੇ ਮਨ ਅੰਦਰ ਡਰ ਪੈਦਾ ਹੋ ਜਾਂਦਾ ਹੈ ਕਿ ਇਸ ਬੀਮਾਰੀ ਦਾ ਤਾਂ ਹੱਲ ਹੈ ਹੀ ਨਹੀਂ। ਇਸ ਕਰਕੇ ਏਡਜ਼ ਦੇ ਰੋਗੀ ਨੂੰ ਮਨੋਬਲ ਦੀ ਵਧੇਰੇ ਜਰੂਰਤ ਹੁੰਦੀ ਹੈ। ਏਡਜ਼ ਦਾ ਇਲਾਜ ਏਡਜ਼ ਦੀ ਤੀਬਰਤਾ ’ਤੇ ਨਿਰਭਰ ਕਰਦਾ ਹੈ। ਇਹ ਕਹਿਣਾ ਬਿਲਕੁਲ ਗਲਤ ਹੋਵੇਗਾ ਕਿ ਏਡਜ਼ ਦਾ ਮਤਲਬ ਸਿਰਫ਼ ਮੌਤ, ਕਿਉਂਕਿ ਵਿਗਿਆਨਕ ਖੋਜਾਂ ਨੇ ਏਡਜ਼ ਉਪਰ ਵੀ ਕਾਬੂ ਪਾਉਣ ਦਾ ਯਤਨ ਕੀਤਾ ਹੈ। ਬੇਸ਼ੱਕ ਏਡਜ਼ ਦੇ ਵਾਇਰਸ ਨੂੰ ਖ਼ੂਨ ਵਿਚੋਂ ਨੈਗੇਟਿਵ ਕਰਨ ਵਾਲੀ ਦਵਾਈ ਬਾਰੇ ਤਾਂ ਹਾਲੇ ਅਟਕਲਾਂ ਹੀ ਹਨ ਪਰ ਏਡਜ਼ ਕਰਕੇ ਸਰੀਰ ਵਿੱਚ ਪੈਦਾ ਹੋਣ ਵਾਲੀਆਂ ‘ਸੈਕੰਡਰੀ ਇਨਫੈਕਸ਼ਨਜ਼’ ਨੂੰ ਦਵਾਈਆਂ ਦੀ ਵਰਤੋਂ ਨਾਲ ਰੋਕਿਆ ਜਾ ਸਕਦਾ ਹੈ। ਕਈ ਕੇਸਾਂ ਵਿੱਚ ਏਡਜ਼ ਦਾ ਵਾਇਰਸ ਸਾਈਲੈਂਟ ਰਹਿੰਦਾ ਹੈ। ਉਦਾਹਰਣ ਲਈ ਮੰਨ ਲਵੋ ਕਿ ਕਿਸੇ ਆਦਮੀ ਨੂੰ ਏਡਜ਼ ਹੋ ਗਈ, ਉਸ ਤੋਂ ਉਸ ਦੀ ਪਤਨੀ ਨੂੰ ਹੋ ਗਈ। ਉਨ੍ਹਾਂ ਦੇ ਘਰ ਪੈਦਾ ਹੋਣ ਵਾਲੇ ਬੱਚਿਆਂ ਨੂੰ ਏਡਜ਼ ਹੋਣ ਦਾ 50-50 ਪ੍ਰਤੀਸ਼ਤ ਖਤਰਾ ਰਹਿੰਦਾ ਹੈ। ਜੇਕਰ ਉਨ੍ਹਾਂ ਦੇ ਬੱਚਿਆਂ ਵਿੱਚ ਏਡਜ਼ ਦਾ ਵਾਇਰਸ ਚਲਿਆ ਜਾਂਦਾ ਹੈ ਤਾਂ ਉਹ ਲੰਮੇ ਚਿਰ ਤੱਕ ਕੁਝ ਵੀ ਨਹੀਂ ਕਹਿੰਦਾ। ਹਾਂ ਇਹ ਜ਼ਰੂਰ ਹੈ ਕਿ ਜਿਸ ਆਦਮੀ ਨੂੰ ਇਹ ਸ਼ੁਰੂ ਹੋਈ ਉਸ ਨੂੰ ਤਾਂ ਇਹ ਜਰੂਰ ਮਾਰ ਸਕਦੀ ਹੈ ਪਰ ਉਸ ਦੀ ਪਤਨੀ ਨੂੰ ਵੀ ਹੋ ਸਕਦਾ, ਇਹ ਕੁਝ ਨਾ ਕਹੇ। ਇਹ ਸਾਰੀ ਸਥਿਤੀ ਹਰ ਕਿਸੇ ਦੇ ਸਰੀਰ ’ਤੇ ਨਿਰਭਰ ਕਰਦੀ ਹੈ ਕਿਉਂਕਿ ਕਈਆਂ ਦੀ ਰੱਖਿਆ ਪ੍ਰਣਾਲੀ ਜ਼ਿਆਦਾ ਮਜ਼ਬੂਤ ਹੁੰਦੀ ਹੈ ਉਨ੍ਹਾਂ ’ਤੇ ਇਸ ਦਾ ਅਸਰ ਛੇਤੀ ਕੀਤਿਆਂ ਨਹੀਂ ਹੁੰਦਾ। ਭਾਵੇਂ ਕਿ ਏਡਜ਼ ਦਾ ਪਹਿਲਾ ਰੋਗੀ ਅਮਰੀਕਾ ਵਿੱਚ 1980 ਵਿੱਚ ਮਿਲਿਆ ਅਤੇ ਉਸ ਤੋਂ ਪਿੱਛੋਂ ਏਡਜ਼ ਦੇ ਕਾਰਨਾਂ ਦੀ ਜਾਂਚ ਸ਼ੁਰੂ ਹੋਈ। ਪਰ ਸਿੱਖ ਗੁਰੂ ਸਾਹਿਬਾਨਾਂ ਨੇ ਸਾਨੂੰ ਅੱਜ ਤੋਂ ਕਈ ਸੌ ਸਾਲ ਪਹਿਲਾਂ ਆਪਣੀ ਪਵਿੱਤਰ ਬਾਣੀ ਰਾਹੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ ਦੀ ਸਿੱਖਿਆ ਦਿੱਤੀ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਏਡਜ਼ ਦੇ ਭਾਵੇਂ ਹੋਰ ਬਹੁਤ ਸਾਰੇ ਕਾਰਨ ਹਨ ਪਰ ਕਾਮ ਹੀ ਇਸ ਦਾ ਸਭ ਤੋਂ ਵੱਡਾ ਕਾਰਨ ਹੋ ਨਿਬੜਦਾ ਹੈ। ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਸਮਝਾਉਂਦੇ ਹੋਏ ਲਿਖਿਆ ਹੈ ਕਿ ਹੇ ਮਨੁੱਖ  ! ਜਿਸ ਤਰ੍ਹਾਂ ਸੁਹਾਗਾ (ਖਾਰਾ ਲੂਣ) ਸੋਨੇ ਨੂੰ ਢਾਲ ਦਿੰਦਾ ਹੈ, ਉਸੇ ਤਰ੍ਹਾਂ ਕਾਮ ਅਤੇ ਕ੍ਰੋਧ ਆਦਿ ਸਾਡੇ ਸਰੀਰ ਨੂੰ ਗਾਲ ਦਿੰਦੇ ਹਨ: ‘‘ਕਾਮੁ ਕ੍ਰੋਧੁ; ਕਾਇਆ ਕਉ ਗਾਲੈ ॥ ਜਿਉ; ਕੰਚਨ ਸੋਹਾਗਾ ਢਾਲੈ ॥’’ (ਮ: ੧/੯੩੨) ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਪਰਾਈ ਇਸਤ੍ਰੀ ਦੇ ਸੰਗ ਨੂੰ ਸੱਪਾਂ ਦੇ ਸਾਥ ਦੀ ਤੁਲਨਾ ਦਿੰਦੇ ਹੋਏ ਫੁਰਮਾਇਆ ਹੈ: ‘‘ਜੈਸਾ ਸੰਗੁ ਬਿਸੀਅਰ ਸਿਉ ਹੈ, ਰੇ ! ਤੈਸੋ ਹੀ ਇਹੁ ਪਰ ਗ੍ਰਿਹੁ ॥’’ (ਮ: ੫/੪੦੩)

ਭਗਤ ਨਾਮਦੇਵ ਜੀ ਨੇ ਵੀ ਬੜੇ ਸੁੰਦਰ ਸ਼ਬਦਾਂ ਵਿੱਚ ਇਨਸਾਨ ਨੂੰ ਪਰ-ਇਸਤਰੀ ਦੇ ਸੰਗ ਤੋਂ ਵਰਜਦਿਆਂ ਉਸ ਮਨੁੱਖ ਦੀ ਤੁਲਨਾ ਉਸ ਤੋਤੇ ਨਾਲ ਕੀਤੀ ਹੈ ਜੋ ਸਿੰਬਲ ਦੇ ਰੁੱਖ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਹੈ ਪਰ ਤੋਤੇ ਨੂੰ ਸਿੰਬਲ ਰੁੱਖ ਤੋਂ ਹਾਸਲ ਕੁਝ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਕਾਮੀ ਮਨੁੱਖ ਘਰ ਦੀ ਨਾਰ ਨੂੰ ਤਿਆਗ ਕੇ ਜਦੋਂ ਪਰਾਈ ਇਸਤਰੀ ਦਾ ਸੰਗ ਕਰਦਾ ਹੈ ਤਾਂ ਏਡਜ਼ ਵਰਗੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ: ‘‘ਘਰ ਕੀ ਨਾਰਿ, ਤਿਆਗੈ ਅੰਧਾ ॥ ਪਰ ਨਾਰੀ ਸਿਉ, ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ, ਸੂਆ ਬਿਗਸਾਨਾ ॥ ਅੰਤ ਕੀ ਬਾਰ, ਮੂਆ ਲਪਟਾਨਾ ॥’’ (ਭਗਤ ਨਾਮਦੇਵ/੧੧੬੫)

ਏਡਜ਼ ਹੋਣ ’ਤੇ ਕੀ ਕੀਤਾ ਜਾਵੇ :- ਜਦੋਂ ਕਿਸੇ ਔਰਤ/ਆਦਮੀ ਨੂੰ ਆਪਣੇ ਬਾਰੇ ਏਡਜ਼ ਹੋਣ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਚੰਗੇ ਡਾਕਟਰ ਦੀ ਸਲਾਹ ਨਾਲ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਵੇਖਣ ਵਿਚ ਆਇਆ ਹੈ ਕਿ ਅਣਗਹਿਲੀ ਨਾਲ ਏਡਜ਼ ਦਾ ਸ਼ਿਕਾਰ ਹੋਏ ਮਰੀਜ਼ ਜਾਣ ਬੁੱਝ ਕੇ ਖਰੀਦੀ ਗਈ ਏਡਜ਼ ਦੇ ਮੁਕਾਬਲੇ ਜ਼ਿਆਦਾ ਵਧੀਆ ਜ਼ਿੰਦਗੀ ਬਤੀਤ ਕਰਦੇ ਹਨ। ‘ਜਾਣ ਬੁੱਝ’ ਕੇ ਦਾ ਮਤਲਬ ਸੈਕਸ ਸੰਬੰਧਾਂ ਰਾਹੀਂ। ‘ਖਰੀਦੀ’ ਸ਼ਬਦ ਇੱਥੇ ਤਾਂ ਵਰਤਿਆ ਹੈ ਕਿਉਂਕਿ ਇਹ ਬੀਮਾਰੀ ਮਨੁੱਖ ਖਰੀਦਦਾ ਹੈ ਤਾਂ ਹੀ ਇਸ ਦਾ ਨਾਮ Acquired ਰੱਖਿਆ ਗਿਆ ਹੈ। ‘ਅਣਗਹਿਲੀ’ ਤੋਂ ਭਾਵ ਡਾਕਟਰਾਂ ਦੀ ਅਣਗਹਿਲੀ। ਟੀਕਾ ਲਾਉਣ ਲੱਗਿਆਂ ਸਰਿੰਜ ਜਾਂ ਸੂਈਆਂ ਨੂੰ ਨਾ ਉਬਾਲਣਾ, ਓਪਰੇਸ਼ਨ ਵੇਲੇ ਔਜਾਰਾਂ ਨੂੰ ਚੰਗੀ ਤਰ੍ਹਾਂ ਸਟਰਲਾਈਜ਼ ਨਾ ਕਰਨਾ, ਬਿਨਾਂ ਜਾਂਚ ਕੀਤਿਆਂ ਖ਼ੂਨ ਚੜ੍ਹਾਉਣਾ, ਆਦਿ। 

ਆਪਣੀ ਕੀਤੀ ’ਤੇ ਪਛੁਤਾਉਣ ਨਾਲੋਂ ਉਸ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ, ਜਿਹੜੀਆਂ ਮਨੁੱਖੀ ਮਨ ਨੂੰ ਤਕੜਾ ਕਰਕੇ ਬਿਮਾਰੀ ਨਾਲ ਲੜਨ ਦੇ ਸਮਰੱਥ ਬਣਾਉਂਦੀਆਂ ਹਨ। ਇਸ ਤੋਂ ਇਲਾਵਾ ਲੱਛਣਾਂ ਮੁਤਾਬਕ ਇੱਕ ਤੋਂ ਵੱਧ ਕੇ ਇੱਕ ਦਵਾਈਆਂ ਹਨ, ਜੋ ਏਡਜ਼ ਦੇ ਰੋਗੀ ਨੂੰ ਕੁੱਝ ਆਸ ਦੀ ਕਿਰਨ ਦਿਖਾਉਂਦੀਆਂ ਹਨ। 

ਏਡਜ਼ ਰੋਗ ਬਾਰੇ ਆਮ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਜਿਵੇਂ ਕਿ ਏਡਜ਼ ਦਾ ਰੋਗੀ ਇੱਕ ਤਾਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਹੁੰਦਾ ਹੈ, ਦੂਸਰਾ ਆਮ ਜਾਣਕਾਰੀ ਦੀ ਘਾਟ ਕਾਰਨ ਘਰ ਵਾਲੇ, ਰਿਸ਼ਤੇਦਾਰ, ਦੋਸਤ-ਮਿੱਤਰ ਉਸ ਤੋਂ ਘਿਰਣਾ ਕਰਨ ਲੱਗ ਜਾਂਦੇ ਹਨ। ਇਸ ਤਰ੍ਹਾਂ ਕੀਤਿਆਂ ਏਡਜ਼ ਦਾ ਰੋਗੀ ਛੇਤੀ ਮੌਤ ਦੇ ਮੂੰਹ ਜਾ ਪੈਂਦਾ ਹੈ। ਲੋਕ ਮਨਾਂ ਵਿੱਚ ਘਰ ਕਰ ਚੁੱਕੀਆਂ ਗੱਲਾਂ ਨੂੰ ਮਨ ’ਚੋਂ ਕੱਢਣਾ ਜਰੂਰੀ ਹੈ ਜਿਵੇਂ ਕਿ ਏਡਜ਼ ਦਾ ਰੋਗ ਨਾ ਤਾਂ ਕਿਸੇ ਨੂੰ ਹੱਥ ਲਾਉਣ ਨਾਲ ਫੈਲਦਾ ਹੈ ਅਤੇ ਨਾ ਹੀ ਸਾਹ ਦੁਆਰਾ ਜਾਂ ਕਿਸੇ ਏਡਜ਼ ਰੋਗੀ ਦੇ ਕੱਪੜੇ ਬਦਲਣ ਨਾਲ। ਇੱਥੋਂ ਤੱਕ ਕਿ ਜੇਕਰ ਏਡਜ਼ ਰੋਗੀ ਦੇ ਨਾਲ ਬਹਿ ਕੇ ਖਾਣਾ ਵੀ ਖਾ ਲਿਆ ਜਾਵੇ ਤਾਂ ਵੀ ਇਹ ਰੋਗ ਨਹੀਂ ਹੁੰਦਾ।

ਤੇ ਹੁਣ ਕਰੀਏ ਇਨ੍ਹਾਂ ਨੂੰ ਵੀ ਅਗਨ ਭੇਟ

0

ਤੇ ਹੁਣ ਕਰੀਏ ਇਨ੍ਹਾਂ ਨੂੰ ਵੀ ਅਗਨ ਭੇਟ

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

ਹਰ ਸਾਲ ਅਸੀਂ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ (ਰਾਵਣ ਦਾ ਭਰਾ) ਅਤੇ ਮੇਘ ਨਾਥ (ਰਾਵਣ ਦਾ ਪੁੱਤ) ਦੇ ਪੁਤਲੇ ਸਾੜਦੇ ਹਾਂ ਅਤੇ ਇਸ ਨੂੰ ਬਦੀ ਉੱਪਰ ਨੇਕੀ ਦੀ ਜਿੱਤ ਐਲਾਨਦੇ ਹਾਂ, ਪਰ ਜੇਕਰ ਅਸੀਂ ਆਪਣੇ ਸਮਾਜਕ ਵਰਤਾਰਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਨ੍ਹਾਂ ਵਿੱਚ ਅਜੇ ਵੀ ਬਦੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਹੈ। ਕਹਿਣ ਨੂੰ ਤਾਂ ਅਸੀਂ ਇੱਕਵੀਂ ਸਦੀ ਵਿਚ ਵਿਚਰ ਰਹੇ ਹਾਂ ਪਰ ਮਾਨਸਿਕ ਪੱਖੋਂ ਅੱਜੇ ਵੀ ਡਾਵਾਂਡੋਲ ਹੀ ਹੋਏ ਫਿਰਦੇ ਹਾਂ। ਦੁਸਹਿਰੇ ਵਾਲੇ ਦਿਨ ਰਾਵਣ ਦੀ ਬੁਰਾਈ ਤਾਂ ਚਿੱਤਵ ਲੈਂਦੇ ਹਾਂ ਪਰ ਜਿਹੜੀਆਂ ਬੁਰਾਈਆਂ/ਬਦੀਆਂ ਅਸੀਂ ਸੁੱਤੇ-ਸਿੱਧ ਹੀ ਕਰ ਜਾਂਦੇ ਹਾਂ ਉਨ੍ਹਾਂ ਵੱਲੋਂ (ਜਾਣ-ਬੁੱਝ) ਬੇਧਿਆਨੇ ਹੋਏ ਰਹਿੰਦੇ ਹਾਂ। ਇੱਥੇ ਇੱਕ ਵਿਡੰਬਨਾ ਇਹ ਵੀ ਹੈ ਕਿ ਅਸੀਂ ਆਪਣੀ ਬੁਰਾਈ ਨੂੰ ਚੰਗਿਆਈ ਦੀ ਚਾਸ਼ਣੀ ਵਿਚ ਭਿਉਂ ਕੇ ਇਸ ਤਰ੍ਹਾਂ ਪੇਸ਼ ਕਰਦੇ/ਦਿਖਾਉਂਦੇ ਹਾਂ ਕਿ ਓਪਰੀ ਨਜ਼ਰੇ ਦੇਖਿਆਂ ਕਿਸੇ ਨੂੰ ਉਹ ਬੁਰਾਈ ਨਜ਼ਰ ਹੀ ਨਹੀਂ ਆਉਂਦੀ।

ਸਿਧਾਂਤਕ ਅਤੇ ਵਿਹਾਰਕ ਪੱਖੋਂ ਸਾਡਾ ਜੀਵਨ ਵਡੇਰੀਆਂ ਵਿੱਥਾਂ ਦਾ ਸ਼ਿਕਾਰ ਹੋਈ ਜਾ ਰਿਹਾ ਹੈ। ਸਾਡੇ ਵਿਚੋਂ ਬਹੁਤਿਆਂ ਦੀ ਹਯਾਤੀ ਦਾ ਅਮਲੀ ਪੱਖ ‘ਹਾਥੀ ਦੇ ਦੰਦਾਂ’ ਵਰਗਾ ਹੋਇਆ ਪਿਆ ਹੈ। ਅਸੀਂ ਜੋ ਕਹਿੰਦੇ ਹਾਂ ਕਰਦੇ ਨਹੀਂ ਅਤੇ ਜੋ ਕਰਦੇ ਹਾਂ ਉਹ ਛੇਤੀ ਕੀਤਿਆਂ ਕਿਸੇ ਨੂੰ ਦੱਸਦੇ ਨਹੀਂ। ਸੱਚੇ ਅਤੇ ਸੁੱਚੇ ਜੀਵਨ ਦੀ ਹਾਮੀ ਸਾਡੇ ਗੁਰੂਆਂ-ਪੀਰਾਂ ਨੇ ਖੁੱਲ੍ਹ ਕੇ ਭਰੀ ਹੈ, ਪਰ ਸਾਡੇ ਵੱਲੋਂ ਅਜੇ ਵੀ ਇਸ ਜੀਵਨ ਦੀ ਪੂਰਨ ਹਮਾਇਤ ਨਹੀਂ ਕੀਤੀ ਜਾ ਰਹੀ। ਆਪਣੇ ਨਿੱਜੀ ਅਤੇ ਪਰਿਵਾਰਕ ਹਿੱਤਾਂ ਨੂੰ ਪਿਆਰਦਿਆਂ ਅਸੀਂ ਅਕਸਰ ਹੀ ਝੂਠ ਅਤੇ ਜੂਠ ਦਾ ਸਹਾਰਾ ਲੈ ਲੈਂਦੇ ਹਾਂ ਅਤੇ ਮਹਾਂ ਪੁਰਖਾਂ ਦੇ ਬਚਨਾਂ ਤੋਂ ਬੇਮੁੱਖ ਹੋ ਜਾਂਦੇ ਹਾਂ।

ਸਾਡੇ ਰਹਿਬਰਾਂ ਨੇ ਹਉਮੈ (ਹੰਕਾਰ) ਨੂੰ ਦੀਰਘ ਰੋਗ ਕਹਿ ਕੇ ਇਸ ਤੋਂ ਬਚਣ ਲਈ ਉਪਦੇਸ਼ਿਆ ਹੈ ਪਰ ਅਸੀਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਸਿਰਫ ਸੁਣਨ-ਸੁਣਾਉਣ ਤੱਕ ਹੀ ਸੀਮਤ ਕਰ ਛੱਡਦੇ ਹਾਂ ਅਤੇ ਹਉਮੈ ਭਰਪੂਰ ਗਤੀ-ਵਿਧੀਆਂ ਦਾ ਪ੍ਰਗਟਾਵਾ ਕਰਕੇ ਅਥਾਹ ਮਾਣ ਮਹਿਸੂਸ ਕਰਦੇ ਹਾਂ। ਕਈ ਮਾਮਲਿਆਂ ਵਿਚ ਸਾਡੀ ਹਉਮੈ/ਹੰਕਾਰ ਦਾ ਕੱਦ ਰਾਵਣ ਦੇ ਹੰਕਾਰ ਤੋਂ ਕਿਤੇ ਵੱਡਾ ਨਿਕਲ ਜਾਂਦਾ ਹੈ ਅਤੇ ਸਾਡੀਆਂ ਬਦੀਆਂ ਉਸ ਤੋਂ ਵੀ ਕਈ ਗੁਣਾਂ ਭਾਰੀਆਂ ਸਾਬਤ ਹੁੰਦੀਆਂ ਹਨ।

ਕਿਸੇ ਦੇ ਦੁੱਖ ਨੂੰ ਵੰਡਾਉਣ ਜਾਂ ਘਟਾਉਣ ਦੀ ਭਾਵਨਾ ਸਾਡੇ ਵਿੱਚੋਂ ਕਾਫੀ ਹੱਦ ਤੱਕ ਮਨਫ਼ੀ ਹੋ ਚੁੱਕੀ ਹੈ। ਦੁੱਖ ਨੂੰ ਵੰਡਾਉਣਾ ਤਾਂ ਇੱਕ ਪਾਸੇ ਰਿਹਾ ਅਸੀਂ ਤਾਂ ਕਈ ਵਾਰ ਦੂਜਿਆਂ ਦੇ ਦੁੱਖ ਵਿਚ ਵੀ ਸੁੱਖ ਮਹਿਸੂਸਣ ਲੱਗ ਪੈਂਦੇ ਹਾਂ।

ਰਾਵਣ ਦੇ ਪੁਤਲਿਆਂ ਨੂੰ ਸਾੜਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਸਾਡੇ ਆਪਣੇ ਕਿਰਦਾਰਾਂ ਵਿਚ ਕਿਧਰੇ ਕੋਈ ਛੇਕ ਤਾਂ ਨਹੀਂ, ਜੇਕਰ ਹੈ ਤਾਂ ਫਿਰ ਸਾਡੀ ਸਾਂਝ ਛਾਣਨੀ ਨਾਲ ਜੁੜਦੀ ਹੈ, ਛੱਜ ਨਾਲ ਨਹੀਂ। ਛਾਣਨੀ ਵਰਗਾ ਕਿਰਦਾਰ ਲੈ ਕਿ ਅਸੀਂ ਛੱਜ ਵਰਗੀ ਆਵਾਜ਼ ਕੱਢਣ ਦਾ ਹੱਕ ਨਹੀਂ ਰੱਖਦੇ।

ਦੁਸਹਿਰੇ ਵਾਲੇ ਦਿਨ ਰਾਵਣ ਅਤੇ ਉਸ ਦੇ ਸਹਿਯੋਗੀਆਂ ਦੇ ਵੱਡੇ-ਵੱਡੇ ਪੁਤਲਿਆਂ ਨੂੰ ਸਾੜ ਕੇ ਬਦੀ ਉੱਪਰ ਨੇਕੀ ਨੂੰ ਭਾਰੂ ਹੁੰਦੀ ਤਾਂ ਦਿਖਾ ਦਿੰਦੇ ਹਾਂ ਪਰ ਆਪਣੇ ਅੰਦਰਲੇ ਰਾਵਣਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿ) ਨੂੰ ਅਗਨ-ਭੇਟ ਨਹੀਂ ਹੋਣ ਦਿੰਦੇ ਕਿਉਂਕਿ ਇਨ੍ਹਾਂ ਨੂੰ ਅਸੀਂ ਮੁੱਢ ਤੋਂ ਹੀ ਆਪਣੇ ਹਿੱਤਕਾਰੀ ਮੰਨਦੇ ਆ ਰਹੇ ਹਾਂ ਅਤੇ ਆਪਣੇ ਸੁਆਰਥਾਂ ਦੀ ਸਿੱਧੀ ਤੱਕ ਮੰਨਦੇ ਰਹਾਂਗੇ।

ਰਾਵਣ ਦੇ ਪੁਤਲਿਆਂ ਨੂੰ ਸਾੜਨ ਵਾਲੇ ਭਾਈਚਾਰੇ ਵਿੱਚੋਂ ਕਈਆਂ ਦੀਆਂ ਆਪਣੀਆਂ ਬਦੀਆਂ ਦੇ ਬੋਹਲ ਵੀ ਕਾਫੀ ਉੱਚੇ ਹੁੰਦੇ ਹਨ ਪਰ ਅੱਗ ਦੇਣ ਵਿਚ ਉਹ ਆਪਣਾ ਮੋਹਰੀ ਰੋਲ ਅਦਾ ਕਰ ਰਹੇ ਹੁੰਦੇ ਹਨ।

ਸਦੀਆਂ ਤੋਂ ਚੱਲਦੀ ਆ ਰਹੀ ਇਸ ਰਿਵਾਇਤ ਨੂੰ ਮੋਢਾ ਦੇਈ ਰੱਖਣ ਨਾਲੋਂ ਸਾਨੂੰ ਆਪਣੇ ਕਾਰ-ਵਿਹਾਰ ਨੂੰ ਤਰਕ ਸੰਗਤ ਬਣਾਉਣਾ ਚਾਹੀਦਾ ਹੈ ਅਤੇ ਲੋਕ ਦਿਖਾਵੇ ਦੀ ਸਾੜ-ਫੂਕ ਨਾਲੋਂ ਸਾਨੂੰ ਆਪਣੇ ਸਮਾਜ ਵਿਚਲੀਆਂ ਬੁਰਾਈਆਂ/ਬਦੀਆਂ ਜਿਵੇਂ ਭਿ੍ਰਸ਼ਟਾਚਾਰ, ਭਰੂਣ-ਹੱਤਿਆ, ਗ਼ਰੀਬੀ, ਅਨਪੜ੍ਹਤਾ, ਰਿਸ਼ਵਤਖ਼ੋਰੀ ਅਤੇ ਬਲਾਤਕਾਰ ਆਦਿ ਨੂੰ ਸਾੜਨ/ਖ਼ਤਮ ਕਰਨ ਲਈ ਤੀਲੀ ਤਿਆਰ ਰੱਖਣੀ ਚਾਹੀਦੀ ਹੈ ਤਾਂ ਜੋ ਸਹੀ ਅਰਥਾਂ ਵਿਚ ਅਸੀਂ ਇਨ੍ਹਾਂ ਰਾਵਣ ਰੂਪੀ ਵਿਕਰਾਲ ਬਿਮਾਰੀਆਂ ਉਰਫ਼ ਬੁਰਾਈਆਂ ਤੋਂ ਦੇਸ਼ ਦੇ ਆਮ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰ ਸਕੀਏ ਅਤੇ ਦੁਸਹਿਰੇ ਦਾ ਅਸਲੀ ਆਨੰਦ ਲੈ ਸਕੀਏ।

—–੦—-

 

ਧੂਤੇ ! !

0

ਧੂਤੇ  ! !

ਲੋਕੀਂ ਪੁੱਛਣ ਧੂਤੇ ਕਿਹੜੇ  ? ਪੁੱਟਦੇ ਜੋ ਸਿੱਖੀ ਦੇ ਵਿਹੜੇ।
ਮੂਰਖਤਾ ਬਲਬੂਤੇ ਜਿਹੜੇ । ਖੁਦ ਨੂੰ ਸਿੱਖ ਸਦਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਗੁਰੂਆਂ ਨੀਵਾਂ ਰਹਿਣਾ ਦੱਸਿਆ । ਨਾਲ ਸਬਰ ਦੇ ਸਹਿਣਾ ਦੱਸਿਆ ।
ਮਾਖਿਓਂ ਮਿੱਠਾ ਕਹਿਣਾ ਦੱਸਿਆ, ਪਰ ਜੋ ਅੱਗ ਵਰ੍ਹਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਬਾਣੀ ਛੱਡ ਕੇ ਬਾਣਾ ਫੜਿਆ । ਪੂਜਾ, ਹਵਨ ਕਰਾਣਾ ਫੜਿਆ ।
ਸੰਗਤ ਨੂੰ ਭੜਕਾਣਾ ਫੜਿਆ । ਪਾਧੇ ਕੀਆਂ ਪੁਗਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਬਾਣੀ, ਵਾਂਗ ਮੰਤਰਾਂ ਪੜ੍ਹਦੇ । ਗੁਰੂ-ਸਿਧਾਂਤ ਮੰਨਣ ਤੋਂ ਡਰਦੇ ।
ਸ਼ਬਦ-ਵੀਚਾਰ ਕਦੇ ਨਾ ਕਰਦੇ । ਛਿੱਕਲੀ-ਲੜੀਆਂ ਲਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਜਦ ਤੋਂ ਗਿਆਨ-ਯੁੱਗ ਹੈ ਆਇਆ । ਸੋਸ਼ਲ ਮੀਡੀਏ ਸੱਚ ਦਿਖਾਇਆ ।
ਅੰਧ-ਵਿਸ਼ਵਾਸਾਂ ਜੱਗ ਹਸਾਇਆ । ਜਿਸ ਤੋਂ ਰਹੇ ਡਰਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਦੇਖੇ ਗੁਰੂ-ਦੁਆਰੇ ਜਾ ਕੇ । ਅਕਲਾਂ ਜੋੜਿਆਂ ਵਿੱਚ ਛੁਪਾ ਕੇ ।
ਗਿਆਨ-ਗੁਰੂ ਦੀ ਜੋਤ ਭੁਲਾ ਕੇ । ਘਿਓ ਦੀ ਜੋਤ ਜਗਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਜਿੱਥੇ ਪੈਰ ਸਾਫ਼ ਨੇ ਕਰਦੇ । ਅੰਮ੍ਰਿਤ ਕਹਿ ਕੇ ਚੂਲੀਆਂ ਭਰਦੇ ।
ਕਰਨੋਂ ਕਰਮ-ਕਾਂਡ ਨਾ ਡਰਦੇ । ਸ਼ਰਧਾ ਅਜਬ ਦਿਖਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਗੁਰੂਆਂ ਜਾਤ-ਪਾਤ ਮਿਟਾਈ । ਇਨ੍ਹਾਂ ਮੁੜ ਕੇ ਗਲ ਨਾਲ ਲਾਈ ।
ਪੁੱਟ ਕੇ ਊਚ-ਨੀਚ ਦੀ ਖਾਈ । ਛੂਆ-ਛਾਤ ਵਧਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਗੁਰੂਆਂ ਔਰਤ ਸੀ ਸਤਿਕਾਰੀ । ਇਹਨਾਂ ਕਰਤੀ ਮੁੜ ਦੁਖਿਆਰੀ ।
ਭਰਦੇ ਹੀਣ-ਭਾਵਨਾ ਭਾਰੀ । ਜੋ ਤਿਉਹਾਰ ਮਨਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਦਸਮੇ ਗੁਰਾਂ ਵੱਲ ਪਿੱਠ ਕਰਕੇ । ਉਹਨਾਂ ਦਾ ਹੀ ਨਾਂ ਫਿੱਟ ਕਰਕੇ ।
ਔਰਤ ਜਾਤੀ ਨੂੰ ਠਿੱਠ ਕਰਕੇ । ਬਿਪਰੀ ਨਾਟ ਪੜਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਸਮਝਣ ਗੁਰੂ ਗ੍ਰੰਥ ਅਧੂਰਾ । ਜੋੜ ਬਚਿੱਤਰ ਕਰਦੇ ਪੂਰਾ ।
ਪਾ ਕੇ ਅੰਮ੍ਰਿਤ ਦੇ ਵਿੱਚ ਕੂੜਾ । ਸਿੱਖੀ ਧ੍ਰੋਹ ਕਮਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਬਾਹਰੋਂ ਮਜ਼ਹਬ ਧਾਰ ਤਾਂ ਲੀਤਾ । ਅੰਦਰ ਧਰਮ ਨਾ ਧਾਰਣ ਕੀਤਾ ।
ਅੰਮ੍ਰਿਤ ਰੋਜ ਕਦੇ ਨਾ ਪੀਤਾ । ਕੇਵਲ ਰੀਤ ਨਿਭਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Most Viewed Posts