29.7 C
Jalandhar
Tuesday, April 21, 2026
spot_img
Home Blog Page 184

ਗੱਲ ਸਪੱਸ਼ਟ ਜਿਹੀ ਨਹੀਂ ਦਿਲਾਂ ’ਚ ਵਸਾਈ ਜਾਂਦੀ।

0

ਗੱਲ ਸਪੱਸ਼ਟ ਜਿਹੀ ਨਹੀਂ ਦਿਲਾਂ ’ਚ ਵਸਾਈ ਜਾਂਦੀ।

ਬੀਬੀ ਸੁਖਵਿੰਦਰ ਕੌਰ ‘ਨਿਰਮਲ’

ਬਾਬਾ ਨਾਨਕ ਜੀ! ਆ ਕੇ ਵੇਖ ਜ਼ਰਾ, ਵਾੜ ਕਿੰਝ ਅੱਜ ਖੇਤ ਨੂੰ ਖਾਈ ਜਾਂਦੀ ?

ਮਿੱਠੀ ਬੋਲੀ ਉਹ ਗੁਰੂ ਅੰਗਦ ਵਾਲੀ, ਪਹਿਲਾਂ ਵਾਂਗ ਨਹੀਂ ਅੱਜ ਪੜ੍ਹਾਈ ਜਾਂਦੀ।

ਬਸ ਪੰਗਤ ਤੱਕ ਹੀ ਹੈ ਜ਼ੋਰ ਸਾਰਾ, ਗੱਲ ਅਮਰ ਦੀ ਸੰਗਤ ਵਾਲੀ, ਭੁਲਾਈ ਜਾਂਦੀ ?

ਆ ਕੇ ਵੇਖ ਗੁਰੂ ਰਾਮਦਾਸ ਰਾਮਸਰ ਤਾਂਈ, ਬਾਣੀ ਕਿੰਝ ਹੈ ਉੱਥੇ ਸਮਝਾਈ ਜਾਂਦੀ।

ਕੈਂਸ ਕਰ ਰਹੇ ਨੇ ਸ਼ਹੀਦੀ ਅਰਜਨ ਦੀ ’ਤੇ, ਕਿਉਂ ਨਹੀਂ ਚੰਦੂਆਂ ਨੂੰ ਸਜ਼ਾ ਸੁਣਾਈ ਜਾਂਦੀ।

ਸਿਧਾਂਤ ਦੀ ਰਾਖੀ ਲਈ ਲੜੇ ਕਿੰਝ ਬੰਦਾ, ਮੀਰੀ ਪੀਰੀ ਹਰਗੋਬਿੰਦ! ਅਜਾਇਬ ਘਰ ’ਚ ਹੀ ਪਾਈ ਜਾਂਦੀ।

ਹਰਿਰਾਇ ਤੇ ਗੁਰੂ ਹਰਕਿ੍ਰਸ਼ਨ ਜੀ ਤੇਰੇ ਅੱਗੇ, ਅਰਦਾਸ ਆਪਣੇ ਕੰਮ ਤੱਕ ਹੀ ਕਰਾਈ ਜਾਂਦੀ।

ਤੇਗ਼ ਪਿਤਾ! ਕਿਵੇਂ ਦਸਤਾਰ ਲਈ ਸਿਰ ਦਿੱਤਾ, ਅਕਿ੍ਰਤਘਣਾਂ ਕੋਲ਼ੋਂ ਨਹੀਂ ਸਿਰ ’ਤੇ ਸਜਾਈ ਜਾਂਦੀ।

ਜੋੜਿਆ ਨਾਲ ਗੁਰੂ ਗ੍ਰੰਥ ਦੇ ਸੀ ਤੂੰ ਮੇਰੇ ਗੋਬਿੰਦ! ਪਰ ਮੰਜੀ ਹੋਰ ਕਿਉਂ ਗ੍ਰੰਥ ਦੀ ਟਿਕਾਈ ਜਾਂਦੀ।

ਸਿਰ ਬਦਲੇ ਖ਼ਾਲਸੇ ਨੂੰ ਦਿਤਾ ਸੀ ਕੀ ਸੰਦੇਸ਼? ਇਕੱਠ ’ਚ ਗੱਲ ਕਿਹੜੀ ਹੈ ਜੋ ਸੁਣਾਈ ਜਾਂਦੀ ?

‘ਬਾਣੀ ਹੀ ਗੁਰੂ ਹੈ’ ਫ਼ਿਰ ਇਹ ਭਟਕਣ ਕਾਹਦੀ? ਗੱਲ ਸਪੱਸ਼ਟ ਜਿਹੀ ਨਹੀਂ ਦਿਲਾਂ ’ਚ ਵਸਾਈ ਜਾਂਦੀ।

ਗਾਈਆਂ

0

ਗਾਈਆਂ

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫ਼ਤਿਹਾਬਾਦ) -94662-66708, 97287-43287

ਗਾਈਆਂ ਲੋਕੋ ਗਾਈਆਂ, ਆਖਦੇ ਗਊ ਭਗਤ ਇਨ੍ਹਾਂ ਨੂੰ ਮਾਈਆਂ, ਪਰ ਕਿਸਾਨਾਂ ‘ਗਲ’ ਨੇ ਪਾਈਆਂ, ਪਤਾ ਨਹੀਂ ਕਿਧਰੋਂ ਆਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਕੀਤੀ ਭਾੜੇ ਤੇ ਸੀ ਬਿਜਾਈ, ਮਹਿੰਗੇ ਮੁੱਲ ਦੀ ਖਾਦ ਵੀ ਪਾਈ। ਉਪਰੋਂ ਸਪਰੇਅ ਵੀ ਮੁੱਲ ਕਰਾਈ, ਮਹਿੰਗੀਆਂ ਪਾਈਆਂ ਦਵਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਬਿਮਾਰੀ ’ਤੋਂ ਮਸਾਂ ਹੀ ਫ਼ਸਲ ਬਚਾਈ, ਜਦ ਹੁਣ ਪੱਕਣ ’ਤੇ ਹੈ ਆਈ। ਖੇਤਾਂ ’ਚ ਡਾਰ ਗਾਈਆਂ ਦੀ ਆਈ, ਫਿਰਦੀਆਂ ਭੁੱਖੀਆਂ ਤਿਹਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਜੋ ਵੀ ਸਬਜੀ ਖੇਤਾਂ ’ਚ ਹੈ ਲਾਈ, ਉਸ ਦੀ ਕਰ ਗਈਆਂ ਸਭ ਖਾਹ ਸਫਾਈ। ਅਸਾਂ ਇਕ ’ਡੰਗ’ ਵੀ ਨਾ ਬਣਾਈ, ਮਿਹਨਤਾਂ ਕੀਤੀਆਂ ਰਾਸ ਨਾ ਆਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਲਾਗੇ ਦੇ ਪਿੰਡ ਵਾਲਾ ਕੋਈ ਛੱਡ ਗਿਆ, ਅਪਣੀ ਜੂਹ ’ਚੋਂ ਬਾਹਰ ਕੱਢ ਗਿਆ। ਟਰਾਲੀ ਜਾਂ ਟੈਂਪੂ ਉੱਤੇ ਛੱਡ ਗਿਆ, ਜਾਂ ਕਿਸੇ ਟਰੱਕ ’ਤੋਂ ਉਤਰਵਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਤੂੜੀ ਵੀ ਗਊਸ਼ਾਲਾ ਪਹੁੰਚਾਈ, ਟਰਾਲੀ ਪਠਿਆਂ ਨਾਲ ਭਰ ਅਪੜਾਈ। ਫਿਰ ਵੀ ਇਹ ਸਮਝ ਨਾ ਆਈ, ‘ਗਊਸ਼ਾਲਾ ਨੇ ਕਿਉਂ ਠੁਕਰਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਉਹ ਵੀ ਸਾਂਭਣ ਗਊਆਂ ਦੁਧਾਰੂ, ਫੰਡਰਾਂ ਨੂੰ ਕਿਹੜਾ ਦਾਣਾ ਚਾਰੂ। ਏਹੀ ਹੈ ਸੋਚ ਉਹਨਾਂ ’ਤੇ ਭਾਰੂ, ਤਾਂ ਹੀ ਤਾਂ ਬਾਹਰ ਭਜਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਲਗਦੈ, ਇਹ ਧੰਧਾ ਲਾਹੇ ਦਾ ਬਣਿਆਂ, ‘ਦਾਨ’ ’ਚੋਂ ਤਾਣਾ-ਬਾਣਾ ਤਣਿਆਂ। ਨਾਲੇ ‘ਪੁੰਨ’ ਤੇ ਨਾਲੇ ‘ਫਲੀਆਂ’, ਵਪਾਰੀਆਂ ਸਕੀਮਾਂ ਬਣਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਗਊਆਂ ਦੇ ਨਾਂ ’ਤੇ ਦਾਨ ਉਗਰਾਹੁੰਦੇ, ਗੋਲਕਾਂ ਦੁਕਾਨਾਂ ਉੱਤੇ ਟਿਕਾਉਂਦੇ। ਦਾਣਾ ਆਟਾ ਵੀ ਘਰਾਂ ’ਚੋਂ ਲਿਆਉਂਦੇ, ਰੇਹੜੀਆਂ ਕਈ ਲਗਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਜਿੰਨੀਆਂ ‘ਗਊਆਂ ਨੇ ਅਵਾਰਾ’, ਮੰਡੀਆਂ ਵਿਚ ਨੁਕਸਾਨ ਕਰਨ ਇਹ ਭਾਰਾ। ਘੁੰਮਣ ਸੜਕਾਂ ’ਤੇ ਹਜ਼ਾਰਾਂ, ਮੁੜ-ਮੁੜ ਆ ਜਾਂਦੀਆਂ, ਕਈ ਵਾਰ ਭਜਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਐਕਸੀਡੈਂਟ ਵੀ ਬਹੁਤ ਕਰਾਉਂਦੀਆਂ, ਅਚਾਣਕ ਸੜਕਾਂ ’ਤੇ ਆ ਗਿਰਾਉਂਦੀਆਂ। ਕੀਮਤੀ ਜਾਨਾਂ ਇਉਂ ਗਵਾਉਂਦੀਆਂ, ਜੋ ਕਦੇ ਵੀ ਨਾ ਹੋਣ ਭਰਪਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ ।

ਗਊ ਦੇ ਜਾਏ ਜਦ ਆਪਸ ’ਚ ਲੜਦੇ, ਤੇਰੇ ਜਿਹੇ ਗਊ ਭਗਤ ਨਾ ਨੇੜੇ ਖੜ੍ਹਦੇ। ‘ਸੁਰਿੰਦਰ’ ਵਰਗਿਆਂ ਕਈਆਂ ਨੂੰ ਦਰੜਦੇ, ‘ਬੱਚੇ ਬੁੱਢੇ’ ਦੇਣ ਦੁਹਾਈਆਂ ਨੇ।

ਗਊ ਦਿਆ ਭਗਤਾ ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਗਊ ਦਿਆ ਭਗਤਾ! ਗੱਲ ਸੁਣ ਯਾਰਾ, ਗੱਲ ਦਾ ‘ਤੱਤ-ਸਾਰ’ ਇਹ ਸਾਰਾ। ਕਰਦੀਆਂ ਨਿੱਤ ਹੀ ਬਹੁਤ ਉਜਾੜਾ, ਤੇਰੀਆਂ ਗਾਈਆਂ ਭਾਵ ਮਾਈਆਂ ਨੇ।

ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।

ਮੰਗੇ ਪਾਹੁਲ ਖੁੱਦ ਬਖਸ਼ਣ ਹਾਰ….।

0

ਮੰਗੇ ਪਾਹੁਲ ਖੁੱਦ ਬਖਸ਼ਣ ਹਾਰ….।

ਗੁਰੂ ਗੋਬਿੰਦ ਸਿੰਘ ਜੀ ਨੇ ਵਿਚ ਅਨੰਦ ਪੁਰ ਦੇ, ਖੇਲ੍ਹ ਕੀਤਾ ਸੀ ਅਜ਼ਬ ਕਮਾਲ ਐ ਲੋਕੋ।

ਇੱਕ ਸਿੱਖ ਦੇ ਸਿਰ ਦੀ ਜਦ ਮੰਗ ਕੀਤੀ, ਝੱਲਿਆ ਜਾਏ ਨਾ ਚੇਹਰੇ ਦਾ ਜ਼ਲਾਲ ਐ ਲੋਕੋ।

ਸਾਰੇ ਵੇਖਣ ਇੱਕ ਦੂਜੇ ਦੇ ਮੂੰਹ ਵੰਨੀਂ, ਆਇਆ ਗੁਰਾਂ ਨੂੰ ਕੀ ਇਹ ਖ਼ਿਆਲ ਐ ਲੋਕੋ।

ਅੱਗੇ ਕਿਸੇ ਨਾ ਏਦਾਂ ਦਾ ਸਵਾਲ ਕੀਤਾ, ਇਹ ਤਾਂ ਨਵਾਂ ਹੀ ਹੋਇਆ ਕਮਾਲ ਐ ਲੋਕੋ।

ਆਖ਼ਰ ‘ਦਇਆ ਰਾਮ’ ਕੀਤੀ ਤਿਆਰੀ, ‘ਧਰਮ’ ਆਇਆ ਹੈ ਦਇਆ ਦੇ ਨਾਲ ਐ ਲੋਕੋ।

ਕੀਤੀ ਹਿੰਮਤ ਤਾਂ ‘ਹਿੰਮਤ ਸਿੰਘ’ ਹੋਇਐ, ‘ਮੋਹਕਮ ਸਿੰਘ’ ਵੀ ਹੋਇਐ ਨਿਹਾਲ ਐ ਲੋਕੋ।

ਕੀਤੀ ਤਿਆਰੀ ‘ਸਾਹਿਬ ਸਿੰਘ’ ਬਣਿਆ, ਪੰਚਾਇਤੀ ਰਾਜ ਦੀ ਚੱਲੀ ਇਉਂ ਚਾਲ ਐ ਲੋਕੋ।

‘ਰਾਏ’ ਰਾਮ ਤੇ ਸਨ ਜੋ ‘ਚੰਦ’ ਪਹਿਲਾਂ, ਕੀਤੇ ‘ਸਿੰਘ’ ਗੁਰਾਂ ਕਰ ਸੰਭਾਲ ਐ ਲੋਕੋ।

ਜਿਸ ਨੇ ‘ਗਿਦੱੜੋਂ’ ‘ਸ਼ੇਰ’ ਸੀ ਬਣਾ ਦਿੱਤੇ, ਉਹ ਤਾਂ ਹੈ ਮਾਂ ਗੁਜ਼ਰੀ ਦਾ ਲਾਲ ਐ ਲੋਕੋ।

ਊਚ ਨੀਚ ਤੇ ਜਾਤ-ਪਾਤ ਦੀ ਭੈੜੀ ਵੰਡ ਸੀ ਜੋ, ਉਸ ਨੂੰ ਸਿੱਖੀ ’ਚੋਂ ਦਿੱਤਾ ਨਿਕਾਲ ਐ ਲੋਕੋ ।

ਸਵਾ ਲੱਖ ਨਾਲ ਇੱਕ ਲੜਾ ਦਿੱਤਾ, ਐਸੀ ਸ਼ਕਤੀ ਹੈ ‘ਪਾਹੁਲ ਖੰਡੇਧਾਰ’ ਐ ਲੋਕੋ।

‘ਚਿੜੀਆਂ’ ਨੇ ‘ਬਾਜਾਂ’ ਦੇ ਖੰਭ ਮਰੋੜ ਦਿੱਤੇ, ਐਸੀ ਜ਼ੁਰਅੱਤ ਭਰੀ ਕਲਗੀ ਧਾਰ ਐ ਲੋਕੋ।

‘ਪਹੁਲ ਖੰਡੇ’ ਦੀ ਬਹੁਤ ਅਮੋਲ ਹੈ ਜੀ, ਬੇ-ਅੰਮਿ੍ਰਤੀਆ ਜਾਣੇ ਕੀ ਇਸ ਦੀ ਸਾਰ ਐ ਲੋਕੋ।

‘ਅੰਮਿ੍ਰਤ’ ਦਾਤਾ ਵੀ ਸਵਾਲੀ ਬਣ ਗਿਆ ਏ, ਮੰਗੇ ‘ਪਾਹੁਲ’ ਖੁਦ ਬਖਸ਼ਣ ਹਾਰ ਐ ਲੋਕੋ।

‘ਖਾਲਸਾ’ ਪ੍ਰਗਟ ਗੁਰਾਂ ਜੋ ਕਰ ਦਿੱਤਾ, ਪ੍ਰਮਾਤਮਾ ਦੀ ਮੌਜ਼ ਦਾ ਹੈ ਚਮਤਕਾਰ ਐ ਲੋਕੋ।

‘ਪਾਹੁਲ’ ਲੈ ਰਹਿਤਾਂ ਦਾ ਧਾਰਨੀ ਜੋ, ‘ਸੁਰਿੰਦਰ ਸਿੰਘ’ ਜਾਏ ਉਸੇ ਤੋਂ ਬਲਿਹਾਰ ਐ ਲੋਕੋ।

ਮੈਂ ਤਾਂ ਸੁਣਿਆ ਸੀ ਤੇਰੇ ਸਕੂਲ ਅੰਦਰ, ਪੜ੍ਹਣ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ।

ਜਾ ਕੇ ਵੇਖਿਆ ਜਦੋਂ ਸਕੂਲ ਅੰਦਰ, ਪੜ੍ਹਣ ਵਾਲਿਆਂ ਦੇ ਸਿਰ ’ਤੇ ਸੀਸ ਕੋਈ ਨਾ।

ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ ‘ਫਤਿਹਾਬਾਦ’-97287-43287,94662-66708

E -MAIL= sskhalsa223@yahoo.com, surindersinghkhalsa83@gmail.com

ਤੇਰੀ ਬਾਣੀ ਹੇ ਦਇਆਲ ਪ੍ਰਭੂ !

0

ਤੇਰੀ ਬਾਣੀ ਹੇ ਦਇਆਲ ਪ੍ਰਭੂ !

ਤੇਰੀ ਬਾਣੀ
ਹੇ ਦਇਆਲ ਪ੍ਰਭੂ!
ਤੇਰੀ ਉਸਤਤਿ ਹੈ,
ਜੋ ਗੁਰੂ ਦੀ ਪ੍ਰੀਤ ‘ਚੋਂ ਨਿਕਲਦੀ ਹੈ।
ਤੇਰੀ ਬਾਣੀ ਹੈ,
ਜੋ ਪ੍ਰਵਾਨੇ ਦੇ ਪਿਆਰ ‘ਚੋਂ ਝਲਕਦੀ ਹੈ।
ਤੇਰੀ ਦਾਤ ਹੈ
ਜੋ ਭਗਤਾਂ ਦੇ ਕਾਰਜ ਸਵਾਰਦੀ ਹੈ।
ਤੇਰੀ ਮਿਹਰ ਹੈ,
ਜੋ ਗੁਰਸਿੱਖਾਂ ਦੇ ਜੀਵਨ ‘ਚੋਂ ਪ੍ਰਗਟਦੀ ਹੈ।
ਤੇਰੀ ਬਖਸ਼ਿਸ਼ ਹੈ,
ਜੋ ਸੇਵਕਾਂ ਨੂੰ ਤਾਰਦੀ ਹੈ।
‘ਦੀਪ’ ਬਾਣੀ ਤੋਂ ਨਿਹਾਲ ਹੈ,
ਜੋ ਸਭ ਦੇ ਦੁੱਖਾਂ ਨੂੰ ਦੂਰ ਕਰਦੀ ਹੈ।

ਬੱਚੀ ਸੰਦੀਪ ਕੌਰ ਦੀਪ, ਮੋਬਾ: 9316830522

ਤੜਕਾ ਵੇਲਾ

0

ਤੜਕਾ ਵੇਲਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਾਹ! ਤੜਕਾ ਵੇਲਾ ਕੁਦਰਤ ਦਾ,
ਰੰਗ ਤੇਰੇ ਰੰਗੀ ਫ਼ਿਤਰਤ ਦਾ।
ਚੁੱਪ-ਚਾਂ ਹੈ ਸੁਨਮਸਾਂ ਸਾਰੇ,
ਇੱਕ ਵਸਦਾ ਤੇਰਾ ਨਾਂ ਸਾਰੇ।
ਇੱਕ ਨਾਮ ਦੀ ਭਿਖਿਆ ਪਾ ਦਾਤਾ!
ਜੇ ਦੇਣੈ; ਨਾਮ ਦਿਵਾ ਦਾਤਾ।
ਜੱਗ ਮੋਹ ਤੋਂ ਮੁੜਣ ਦਾ ਵੱਲ ਆਵੇ,
ਤੇਰੇ ਨਾਲ ਜੁੜਣ ਦਾ ਵੱਲ ਆਵੇ
ਤੇਰਾ ਧਿਆਨ ਧਰਾਂ ਤੇਰਾ ਨਾਮ ਲਵਾਂ,
ਹਰ ਪਲ ਹੀ ਤੇਰੇ ਨਾਲ ਰਵਾਂ।
ਉਹ ਵਕਤ ਸਵੇਰਾ ਸੁਹਣਾ ਏ,
ਜਦ ਮੇਲ ਸੱਜਣ ਸੰਗ ਹੋਣਾ ਏਂ।

ਅੱਜ ਦੇ ਸਿੱਖ

0

ਅੱਜ ਦੇ ਸਿੱਖ

_ਬਲਬੀਰ ਸਿੰਘ ਬੋਬੀ, ਪਿੰਡ ਤੇ ਡਾਕ: ਤੱਖਰਾਂ (ਲੁਧਿਆਣਾ) 92175-92531

ਲਾਇਆ ਬੂਟਾ ਸਿੱਖੀ ਦਾ ਸਾਰੇ ਹੀ ਜਗਤ ਅੰਦਰ, ਤਾਂ ਹੀ ਅਸੀਂ ਬਣੇ ਬਾਬੇ ਨਾਨਕ ਦੇ ਸਿੱਖ ਹਾਂ।

ਜਿਹੜੇ ਕਰਮਕਾਂਡਾਂ ’ਚੋਂ ਸਾਨੂੰ ਕੱਢਿਆ ਸੀ ਗੁਰਾਂ ਨੇ, ਉਹਨਾਂ ਵਿਚ ਹੀ ਫਸਦੇ ਜਾਂਦੇ ਅਸੀਂ ਸਿੱਖ ਹਾਂ।

ਗੁਰਬਾਣੀ ਨਾਲ ਜੁੜਨਾ ਹੀ ਸੀ ਆਧਾਰ ਸਾਡਾ, ਪਰ ਅਸੀਂ ਥਾਓਂ-ਥਾਈਂ ਜਾਣ ਵਾਲੇ ਸਿੱਖ ਹਾਂ।

ਕਿਤੇ ਸ਼ਨੀ-ਦੇਵਤੇ ਕਿਤੇ ਗੁੱਗਾ ਮਾੜੀ ਪੂਜ, ਵੀਰਵਾਰ ਤੇਲ ਚਿਰਾਗ ਪਾਉਣ ਵਾਲੇ ਸਿੱਖ ਹਾਂ।

ਲਾਈਨਾਂ ਵਿਚ ਖੜ੍ਹ ਮੱਥਾ ਟੇਕ ਦੇਵੀਆਂ ਦੇ, ਭਰ-ਭਰ ਗੱਡੀਆਂ ਲੈ ਜਾਣ ਵਾਲੇ ਸਿੱਖ ਹਾਂ।

ਟੂਣੇ-ਟਾਮਣਿਆਂ ਦੇ ਵਿਚ ਹੀ ਉਲਝ ਕੇ, ਪਾਂਡਿਆਂ ਨੂੰ ਹੱਥ ਦਿਖਾਉਣ ਵਾਲੇ ਸਿੱਖ ਹਾਂ।

ਮੁੰਦੀਆਂ ਦੇ ਵਿਚ ਮਹਿੰਗੇ-ਮਹਿੰਗੇ ਨਗ ਜੜ, ਨਿੱਤ ਰਾਸ਼ੀਆਂ ਦੇ ਨਾਲ ਜੁੜੇ ਹੋਏ ਸਿੱਖ ਹਾਂ।

ਗੁਰੂਆਂ ਦੇ ਸੱਚੇ-ਸੁੱਚੇ ਭੁੱਲ ਉਪਦੇਸ਼ ਬੱਬੀ, ਦੇਹਧਾਰੀ ਪਾਖੰਡੀਆਂ ਨਾਲ ਜੁੜੇ ਹੋਏ ਸਿੱਖ ਹਾਂ।

ਕੀ ਅਸਾਂ ਨੂੰ ਪਤਾ ਹੈ ?

0

ਕੀ ਅਸਾਂ ਨੂੰ ਪਤਾ ਹੈ ?

(1). ਇੱਕ ਆਮ ਔਰਤ ਦਿਨ ਵਿੱਚ 20,000 ਸ਼ਬਦ ਬੋਲ ਲੈਂਦੀ ਹੈ ਜਦਕਿ ਆਦਮੀ ਕੇਵਲ 7000 ਸ਼ਬਦ ਹੀ ਬੋਲ ਸਕਦਾ ਹੈ।

(2). ਔਰਤ ਦਾ ਦਿਲ 250 ’ਤੋਂ 300 ਗ੍ਰਾਮ ਜਦਕਿ ਮਰਦ ਦਾ ਦਿਲ 300 ’ਤੋਂ 350 ਗ੍ਰਾਮ (ਭਾਵ 25% ਵੱਡਾ) ਹੁੰਦਾ ਹੈ।

(3). ਔਰਤ ਦਾ ਦਿਲ ਮਰਦ ਦੇ ਮੁਕਾਬਲੇ ਜਿਆਦਾ ਧੜਕਦਾ ਹੈ। (ਭਾਵ ਔਰਤ 1 ਮਿੰਟ=75 ਵਾਰ ਜਦਕਿ ਮਰਦ 1 ਮਿੰਟ=70 ਵਾਰ)

(4). ਜਿਆਦਾ ਖਾਣ ਨਾਲ ਸਰੀਰ ਦੀ ਸੁਣਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ।

(5). ਮਨੁੱਖ ਖਾਣੇ ’ਤੋਂ ਬਿਨਾ ਹਫਤੇ ਗੁਜਾਰ ਸਕਦਾ ਹੈ ਪਰ ਨੀਂਦਰ ’ਤੋਂ ਬਿਨਾ 11 ਦਿਨ ਨਹੀਂ।

(6) ਬਚਪਨ ਵਿੱਚ ਸਰੀਰ ਦੀਆਂ 300 ਹੱਡੀਆਂ ਹੁੰਦੀਆਂ ਹਨ ਜਦਕਿ ਵੱਡੇ ਹੁੰਦਿਆਂ 206 ਹੱਡੀਆਂ ਹੀ ਰਹਿ ਜਾਂਦੀਆਂ ਹਨ।

(7). ਦੰਦਾਂ ’ਤੋਂ ਬਿਨਾ ਸਰੀਰ ਦੇ ਹਰ ਭਾਗ ਵਿੱਚ ਆਪਣੇ ਆਪ ਠੀਕ ਹੋਣ ਦੀ ਸ਼ਕਤੀ ਹੁੰਦੀ ਹੈ।

(8). ਪੈਦਾ ਹੋਣ ’ਤੋਂ 6 ਮਹੀਨੇ ਪਹਿਲਾਂ ਹੀ ਦੰਦ ਆ ਜਾਂਦੇ ਹਨ।

(9). ਜੁੜਵੇਂ ਬੱਚਿਆਂ ’ਤੋਂ ਇਲਾਵਾ ਹਰ ਇੱਕ ਦੇ ਸਰੀਰ ਦੀ ਖੁਸ਼ਬੂ ਅਲੱਗ ਅਲੱਗ ਹੁੰਦੀ ਹੈ।

(10). ਇਨਸਾਨੀ ਨੱਕ ’ਚ 50,000 ਪ੍ਰਕਾਰ ਦੀ ਖੁਸ਼ਬੂ ਲੈਣ ਦੀ ਸ਼ਕਤੀ ਹੁੰਦੀ ਹੈ।

(11). ਇੱਕ ਕਦਮ ਚੱਲਣ ਲਈ ਵੀ ਸਰੀਰ ਦੀਆਂ 200 ਨਸਾਂ ਕੰਮ ਕਰਦੀਆਂ ਹਨ।

(12). ਇਨਸਾਨ ਆਪਣੇ ਖੁਦ ਗੁਦਗੁਦੀ ਨਹੀਂ ਕਰ ਸਕਦਾ।

ਬੀਬੀ ਅਮਨਪ੍ਰੀਤ ਕੌਰ (ਮਾਨਸਾ)

(1). ਔਕਟੋਪਸ (ਪਾਣੀ ਵਾਲਾ ਜੀਵ) ਦੇ ਤਿੰਨ ਦਿਲ ਹੁੰਦੇ ਹਨ। ਵੱਡੇ ਜੀਵਾਂ ਨੂੰ ਧੋਖਾ ਦੇਣ ’ਚ ਵੀ ਇਹ ਜੀਵ ਸਰਬ ਸ਼੍ਰੇਸਟ ਹੈ।

(2). ਤਿੱਤਲੀਆਂ ਆਪਣੇ ਪੈਰਾਂ ਰਾਹੀਂ ਸੁਆਦ ਲੈਂਦੀਆਂ ਹਨ।

(3). ਛੁਤੁਰਮੁਰਗ (ਜਮੀਨ ’ਤੇ ਚੱਲਣ ਵਾਲਾ ਅਤੇ ਤੇਜ ਦੌੜਣ ਵਾਲਾ ਸਭ ’ਤੋਂ ਵੱਡਾ ਮੁਰਗਾ) ਦੀਆਂ ਅੱਖਾਂ ਉਸ ਦੇ ਦਿਮਾਗ਼ ’ਤੋਂ ਵੱਡੀਆਂ ਹੁੰਦੀਆਂ ਹਨ।

(4). ਚੂਹਾ ਅਤੇ ਘੋੜਾ ਕਦੇ ਵੀ ਉਲਟੀ ਨਹੀਂ ਕਰਦੇ।

(5). ਮਨੁੱਖ ਜੀਵ ਦੀ ਅੱਖ ਪੈਦਾ ਹੋਣ ਸਮੇਂ ਦੇ ਆਕਾਰ ’ਤੋਂ ਬਾਅਦ ਵਧਦੀ ਨਹੀਂ ਹੈ ਜਦਕਿ ਨੱਕ ਅਤੇ ਕੰਨ ਹਮੇਸ਼ਾਂ ਵਧਦੇ ਰਹਿੰਦੇ ਹਨ।

(6). ਮਨੁੱਖ ਦੇ ਦਿਮਾਗ਼ ਵਿੱਚ 80% ਪਾਣੀ ਹੁੰਦਾ ਹੈ।

(7). ਸੋਮਵਾਰ ਨੂੰ ਦਿਲ ਦਾ ਦੌਰਾ ਵੱਧ ਪੈਣ ਦੀ ਸੁਭਾਵਨਾ ਹੁੰਦੀ ਹੈ।

(8). ਮਨੁੱਖ ਦਾ ਦਿਮਾਗ਼ ਦਿਨ ਦੇ ਮੁਕਾਬਲੇ ਰਾਤ ਨੂੰ ਜਿਆਦਾ ਸਕ੍ਰਿਅ, ਚੁਸਤ ਹੁੰਦਾ ਹੈ।

(9). ਕੀੜੀਆਂ ਕਦੇ ਵੀ ਸੌਂਦੀਆਂ ਨਹੀਂ।

(10). ਕੋਕਾ ਕੋਲਾ (ਕੋਲਡ ਡਿ੍ਰੰਕ) ’ਚ ਰੰਗ ਮਿਲਾਉਣ ’ਤੋਂ ਬਿਨਾ, ਉਸ ਦਾ ਰੰਗ ਹਰਾ ਹੁੰਦਾ ਹੈ।

(11). ਗਾਜਰ ਜਿਆਦਾ ਖਾਣ ਨਾਲ ਚਮੜੀ ਦਾ ਰੰਗ ਸੰਤਰੀ ਹੋ ਜਾਂਦਾ ਹੈ।

(12). ਠੰਡੇ ਪਾਣੀ ਦੇ ਮੁਕਾਬਲੇ ਗਰਮ ਪਾਣੀ ਜਿਆਦਾ ਭਾਰੀ ਹੁੰਦਾ ਹੈ।

ਬੱਚੀ ਗਗਨਦੀਪ ਕੌਰ, ਜਲੰਧਰ (ਦਸਵੀਂ ਕਲਾਸ)

APP ਦਾ 51 ਸੂਤਰੀ ਮੈਨੀਫੈਸਟੋ

0

APP ਦਾ 51 ਸੂਤਰੀ ਮੈਨੀਫੈਸਟੋ

ਬਲਬੀਰ ਸਿੰਘ ਸੂਚ

ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 51 ਸੂਤਰੀ ਯੂਥ ਮੈਨੀਫੈਸਟੋ ਰਿਲੀਜ਼ ਕਰ ਦਿੱਤਾ ਹੈ। ਅੰਮ੍ਰਿਤਸਰ ’ਚ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯੂਥ ਦਾ ਚੋਣ ਮੈਨੀਫੈਸਟੋ ਜਾਰੀ ਕਰਨ ਦਾ ਐਲਾਨ ਕੀਤਾ । ਮੈਨੀਫੈਸਟੋ ਨੂੰ ਮੁੱਖ ਤੌਰ ’ਤੇ 5 ਭਾਗਾਂ (ਰੋਜ਼ਗਾਰ, ਨਸ਼ਾ ਵਿਰੋਧੀ ਮੁਹਿੰਮ, ਸਕੂਲੀ ਸਿੱਖਿਆ, ਉੱਚ ਸਿੱਖਿਆ ਤੇ ਖੇਡਾਂ) ’ਚ ਵੰਡਿਆ ਗਿਆ। ਸਭ ਤੋਂ ਖਾਸ ਗੱਲ ਇਹ ਕੀਤੀ ਗਈ ਕਿ ਦਿੱਲੀ ਵਾਙ ਪੰਜਾਬ ਦੇ ਪਿੰਡਾਂ ਤੇ ਵਿਦਿਅਕ ਸੰਸਥਾਵਾਂ ’ਚ ਮੁਫਤ ਵਾਈਫਾਈ ਸਹੂਲਤ ਦਿੱਤੀ ਜਾਵੇਗੀ ।

(ੳ). ਰੋਜ਼ਗਾਰ

(1). ਪਹਿਲਾ ਵਾਅਦਾ ਇਹ ਕੀਤਾ ਗਿਆ ਕਿ ਅਗਰ 2017 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੂਬੇ ’ਚ 25 ਲੱਖ ਨੌਕਰੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।

(2). ਨੌਕਰੀਆਂ ਲਈ ਭਰਤੀ ਤੇ ਹੋਰ ਕੰਮਾਂ ’ਚੋਂ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਮੁਕੰਮਲ ਸ਼ਕਤੀ ਵਾਲ਼ਾ ਜਨ ਲੋਕਪਾਲ ਬਿੱਲ ਲਿਆਉਣਾ।

(3). ਸਿਆਸੀ ਲੀਡਰਾਂ ਤੇ ਮਾਫੀਆ ਦੇ ਕਬਜੇ ’ਚੋਂ ਸ਼ਰਾਬ, ਰੇਤਾ, ਬਜਰੀ, ਟ੍ਰਾਂਸਪੋਰਟ ਆਦਿ ਧੰਦਿਆਂ ਨੂੰ ਕੱਢ ਕੇ ਨੌਜਵਾਨਾਂ ਲਈ ਰੋਜ਼ਗਾਰ ਮੁਹੱਇਆ ਕਰਵਾਉਣਾ; ਜਿਵੇਂ ਕਿ ਤਾਮਿਲਨਾਡੂ ’ਚ ਰੇਤਾ, ਬਜਰੀ, ਟ੍ਰਾਂਸਪੋਰਟ ਆਦਿਕ ਧੰਦਿਆਂ ਨੂੰ ਕਾਰਪੋਰੇਸ਼ਨ ਬਣਾ ਕੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

(4). ‘ਵਿਦੇਸ਼ੀ ਰੋਜ਼ਗਾਰ ਨੌਜਵਾਨ ਬੋਰਡ’ ਦਾ ਗਠਨ ਕਰਨਾ, ਤਾਂ ਜੋ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ’ਚ ਜਾਣ ਵਾਲੇ ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਕੀਤਾ ਜਾ ਸਕੇ ਤੇ ਵੱਖੋ ਵੱਖ ਸਫਾਰਤਖਾਨਿਆਂ ਨਾਲ ਸੰਪਰਕ ਕਰਕੇ ਸਬੰਧਤ ਮੁਲਕਾਂ ’ਚ ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦਿਲਵਾਉਣਾ। ਸਾਰੇ ਏਜੰਟਾਂ ਨੂੰ ਕਾਨੂੰਨ ਦੇ ਦਾਇਰੇ ’ਚ ਲਿਆਉਣ ਦੀ ਤਜਵੀਜ਼ ਕੀਤੀ ਗਈ ਤਾਂ ਕਿ ਗਲਤ ਏਜੰਟਾਂ ਰਾਹੀਂ ਨੌਜਵਾਨ ਜਾਨ ਜੋਖਿਮ ’ਚ ਪਾ ਕੇ ਵਿਦੇਸ਼ ਨਾ ਜਾਣ।

(5). ਦੋਆਬਾ ਖੇਤਰ ’ਚ ਕਾਂਸ਼ੀਰਾਮ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਏਗੀ।

(6). ਚੋਣ ਮੈਨੀਫੈਸਟੋ ’ਚ ਮੌਜੂਦਾ ITIਸੀ ਦਾ ਰੂਪ ਬਦਲ ਕੇ ਸਭ ਦੀ ਸਮਰੱਥਾ ਦੁਗਣੀ ਕਰਨਾ ਹੈ। ਪਿੰਡ, ਬਲਾਕ ਪੱਧਰ ’ਤੇ ਕਿੱਤਾ ਮੁਖੀ ਟ੍ਰੇਨਿੰਗ ਸੈਂਟਰ ਖੋਲਣ ਦੀ ਵੀ ਗੱਲ ਕੀਤੀ ਗਈ ਹੈ।

(8). ਕਿਸੇ ਵੀ ਸਰਕਾਰੀ ਅਸਾਮੀ (ਨੌਕਰੀ) ਲਈ ਭਰੀ ਜਾਣ ਵਾਲੀ ਹਰ ਫੀਸ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ।

(9). ਚੋਣ ਮੈਨੀਫੈਸਟੋ ’ਚ ਇਹ ਵੀ ਵਾਅਦਾ ਕੀਤਾ ਗਿਆ ਕਿ ਸਰਕਾਰੀ ਅਦਾਰਿਆਂ ’ਚ ਠੇਕੇ ’ਤੇ ਨੌਕਰੀ ਕਰਦੇ ਤਮਾਮ ਮੁਲਾਜ਼ਮਾਂ ਬਾਰੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।

(ਅ) ਨਸ਼ਾ ਵਿਰੋਧੀ ਮੁਹਿੰਮ

(1). ਪਹਿਲਾ ਵਾਅਦਾ ਇਹ ਸੀ ਕਿ ਕੇਵਲ ਇੱਕ ਮਹੀਨੇ ’ਚ ਨਸ਼ੇ ਦੀ ਸਪਲਾਈ ਚੇਨ ਨੂੰ ਖਤਮ ਕਰ ਦਿੱਤਾ ਜਾਏਗਾ।

(2). ਇਕ ਡਰੱਗ ਟਾਸਕ ਫੋਰਸ ਬਣਾਈ ਜਾਏਗੀ, ਜੋ ਨਸ਼ਿਆਂ ਨੂੰ ਨੱਥ ਪਾਉਣ ਲਈ ਹਰ ਵੇਲੇ ਸਰਗਰਮ ਰਹੇਗੀ।

(3). ਪੰਜਾਬ ’ਚ ਨਸ਼ਾ ਵੇਚਣ ਵਾਲਿਆਂ ਲਈ ਖਾਸ ਕਾਨੂੰਨ ਬਣਾ ਕੇ ਮੌਤ ਤੱਕ ਉਮਰ ਕੈਦ ਤੇ ਸਾਰੀ ਜਾਇਦਾਦ ਜ਼ਬਤ ਕਰਨ ਦੀ ਵਿਓਂਤ ਹੈ।

(4). ਸਰਕਾਰੀ ਨਸ਼ਾ ਕੇਂਦਰਾਂ ’ਚ ਮਰੀਜ਼ ਲਈ ਮੁਫਤ ਇਲਾਜ ਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਦੀ ਫੀਸ ਨਿਸ਼ਚਿਤ ਕਰਨਾ।

(5). ਨਸ਼ਾਖੋਰੀ ਦੀ ਆੜ ’ਚ ਸਿਆਸੀ ਰੰਜਿਸ਼ ਅਧੀਨ ਨੌਜਵਾਨਾਂ ਉੱਤੇ ਪਾਏ ਗਏ ਸਾਰੇ ਮੁਕੱਦਮੇ ਰੱਦ ਕਰਨਾ।

(6). ਹਰ ਪਿੰਡ ਤੇ ਸ਼ਹਿਰ ’ਚ ਸਿਹਤ ਕਲੀਨਿਕਾਂ ਰਾਹੀਂ ਮੁਫਤ ਦਵਾਈਆਂ ਤੇ ਮੁਫਤ ਟੈਸਟ ਕਰਨੇ।

(7). ਸਥਾਨਿਕ ਤੇ ਪੰਚਾਇਤੀ ਚੋਣਾਂ ਵੇਲੇ ਉਮੀਦਵਾਰ ਤੋਂ ਨਸ਼ਾ ਨਾ ਕਰਨ ਵਾਲਾ ਹਲਫਿਆ ਬਿਆਨ ਲੈਣਾ ਤੇ ਉਲੰਘਣਾ ਕਰਨ ’ਤੇ ਕਾਰਵਾਈ ਦੀ ਤਜਵੀਜ਼ ਹੈ।

(8). MP ਤੇ MLA’s ਦੇ ਪਿਸ਼ਾਬ ਨਮੂਨੇ ਅਚਨਚੇਤ ਲੈਣਾ, ਵੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਾਇਆ ਗਿਆ, ਆਦਿ।

(ੲ) ਸਕੂਲੀ ਸਿੱਖਿਆ

(1). ਹਰ ਪ੍ਰਾਇਮਰੀ ਸਕੂਲ ’ਚ ਘੱਟੋ-ਘੱਟ 5 ਅਧਿਆਪਕ ਲਾਜ਼ਮੀ ਕਰਨਾ।

(2). ਅਧਿਆਪਕਾਂ ਨੂੰ ਅਧਿਆਪਨ ਤੋਂ ਬਿਨ੍ਹਾਂ ਕਿਸੇ ਹੋਰ ਕੰਮਾਂ ’ਚ ਡਿਊਟੀ ਨਾ ਲਗਾਉਣਾ।

(3). ਵਾਧੂ ਕੰਮਾਂ ਲਈ ਅਸਟੇਟ ਅਫਸਰਾਂ ਦੀ ਨਿਯੁਕਤੀ ਤੋਂ ਇਲਾਵਾ ਪੰਜ ਸਕੂਲਾਂ ’ਤੇ ਇਕ ਅਸਟੇਟ ਅਫਸਰ ਦੀ ਨਿਗਰਾਨੀ ਜ਼ਰੂਰੀ ਬਣਾਉਣਾ।

(4). 9ਵੀਂ ਤੋਂ ਬਾਅਦ ਹਰੇਕ ਬੱਚੇ ਲਈ ਮੁਫਤ ਲੈਪਟਾਪ ਮੁਹੱਈਆ ਕਰਵਾਉਣਾ।

(5). ਹਰੇਕ ਹਾਈ ਸਕੂਲ ’ਚ ਇਕ ਕੰਪਿਊਟਰ ਲੈਬ ਬਣਾਉਣੀ।

(6). ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਦਾ ਸਾਲਾਨਾ ਆਡਿਟ ਕਰਵਾਉਣਾ।

(7). ਪ੍ਰਾਈਵੇਟ ਸਕੂਲਾਂ ’ਚ ਅਧਿਆਪਕਾਂ ਦੇ ਹੋ ਰਹੇ ਆਰਥਿਕ ਸੋਸ਼ਣ ਨੂੰ ਨੱਥ ਪਾਉਣ ਲਈ ਖਾਸ ਕਾਨੂੰਨ ਬਣਾਉਣਾ।

(8). ਸਕੂਲਾਂ ਤੇ ਕਾਲਜਾਂ ਲਈ ਮੁਫਤ ਬੱਸ ਸੇਵਾ।

(9). ਮਹਿਲਾਵਾਂ ਲਈ ਵੱਖਰੀ ਮੁਫਤ ਬੱਸ ਸੇਵਾ ਸ਼ੁਰੂ ਕਰਨਾ, ਆਦਿ।

(ਸ) ਉੱਚ ਸਿੱਖਿਆ

(1). ਉੱਚ ਸਿੱਖਿਆ ਪ੍ਰਾਪਤ ਕਰਨ ਲਈ ਬਿਨ੍ਹਾਂ ਗਰੰਟੀ 10 ਲੱਖ ਦਾ ਲੋਨ, ਯਕੀਨੀ ਬਣਾਉਣਾ।

(2). 3 ਨਵੇਂ ਮੈਡੀਕਲ ਕਾਲਜ ਖੋਲਣੇ।

(3). ਹਰ ਜ਼ਿਲ੍ਹੇ ਦਾ ਆਪਣਾ ਵੱਖਰਾ ਡਿਗਰੀ ਕਾਲਜ ਕਰਨਾ।

(4). ਮੋਹਾਲੀ ਨੂੰ ਫਿਲਮ ਸਿਟੀ ਬਣਾਉਣਾ।

(5). ਵਰਕਿੰਗ ਪ੍ਰੋਫੈਸਨਲਸ ਲਈ ਹੋਸਟਲ ਦੀ ਤਜਵੀਜ਼।

(6). ਸਿਆਸੀ ਪ੍ਰਭਾਵ ਤੋਂ ਮੁਕਤ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਦੀ ਨਿਯੁਕਤੀ।

(7). ਸਿੱਖਿਆ ਦੇ ਬਜਟ ’ਚ ਹਰ ਸਾਲ ਉਚਿਤ ਵਾਧਾ ਕਰਨਾ, ਆਦਿ।

(ਹ) ਖੇਡਾਂ

(1). ਪੰਜਾਬ ਓਲੰਪਿਕ ਮਿਸ਼ਨ ਦੀ ਸਥਾਪਨਾ ਕਰਨਾ, ਤਾਂ ਜੋ ਸੂਬੇ ’ਚੋਂ ਖਿਡਾਰੀ ਤਿਆਰ ਕਰਕੇ ਓਲੰਪਿਕ ’ਚ ਭੇਜੇ ਜਾਣ।

(2). ਹਰ ਸਕੂਲ, ਕਾਲਜ ਤੇ ਬਲਾਕ ਪੱਧਰ ’ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਕੋਚਾਂ ਦੀ ਨਿਯੁਕਤੀ ਕਰਨੀ।

(3). ਇੱਕ ਸਪੋਰਟਸ ਸਕੂਲ ਤੇ ਇਕ ਖੇਡ ਕਾਲਜ ਹਰ ਇਲਾਕੇ (ਮਾਂਝਾ, ਮਾਲਵਾ ਤੇ ਦੁਆਬਾ ਖੇਤਰ) ’ਚ ਬਣਾਉਣਾ।

(4). ਓਲੰਪਿਕ ਪੱਧਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਨੂੰ 5 ਕਰੋੜ, ਚਾਂਦੀ ਦਾ ਤਗਮਾ ਲੈ ਕੇ ਆਉਣ ਵਾਲੇ ਨੂੰ 4 ਕਰੋੜ ਤੇ ਸਿਲਵਰ ਮੈਡਲ ਜਿੱਤਣ ਵਾਲੇ ਨੂੰ 3 ਕਰੋੜ ਦਾ ਨਕਦ ਇਨਾਮ ਦੇਣਾ, ਆਦਿ ਇਕਰਾਰ ਆਮ ਆਦਮੀ ਪਾਰਟੀ ਦੇ ਯੂਥ ਚੋਣ ਮੈਨੀਫੈਸਟੋ ’ਚ ਸ਼ਾਮਲ ਕੀਤੇ ਗਏ ਹਨ।

ਨੋਟ ਬੰਦੀ ਦੀ ਸਿਆਸੀ ਆਰਥਕਤਾ

0

ਨੋਟ ਬੰਦੀ ਦੀ ਸਿਆਸੀ ਆਰਥਕਤਾ

ਡਾ. ਪਿਆਰਾ ਲਾਲ ਗਰਗ- 99145-05009

ਇੱਕ ਮਹੀਨਾ ਹੋ ਗਿਆ ਜਦ 8 ਨਵੰਬਰ ਨੂੰ ਰਾਤ ਅੱਠ ਵਜੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਐਲਾਨ ਕਰ ਦਿੱਤਾ ਸੀ ਕਿ 500 ਤੇ 1000 ਦੇ ਨੋਟ ਰਾਤ ਦੇ 12 ਵਜੇ ਤੋਂ ਬੰਦ ਤੇ ਉਸ ਤੋਂ ਬਾਅਦ ਇਹ ਨੋਟ ਰੱਦੀ ਦੇ ਢੇਰ ਹੋ ਜਾਣਗੇ, 9 ਨਵੰਬਰ ਨੂੰ ਸਾਰੇ ਬੈਂਕ ਅਤੇ 9 ਤੇ 10 ਨਵੰਬਰ ਨੂੰ ਸਾਰੇ ਏ ਟੀ ਐਮ ਵੀ ਬੰਦ ਰਹਿਣਗੇ। ਐਲਾਨ ਕੀਤਾ ਕਿ ਇਸ ਨਾਲ ਕਾਲੇ ਧਨ ਅਤੇ ਨਕਲੀ ਨੋਟਾਂ ਨੂੰ ਨੱਥ ਪੈ ਜਾਵੇਗੀ। ਹੋ ਰਹੀਆਂ ਅਤਵਾਦੀ ਕਾਰਵਾਈਆਂ ਤੇ ਨਕੇਲ ਕਸੀ ਜਾਵੇਗੀ । ਚੋਣਾਂ ਵਿੱਚ ਕਾਲੇ ਧਨ ’ਤੇ ਚੋਟ ਨੂੰ ਪ੍ਰਧਾਨ ਮੰਤਰੀ ਨੇ ਚੁਟਕੀਆਂ ਲੈ ਲੈ ਕੇ, ਵਿਰੋਧੀਆਂ ’ਤੇ ਤਨਜ਼ਾਂ ਕਸ ਕੇ ਵੱਡੇ ਝੂਠ ਦੀ ਪੁੱਠ ਚੜ੍ਹਾ ਦਿੱਤੀ। ਲੋਕ ਹੱਕੇ ਬੱਕੇ ਰਹਿ ਗਏ ਪਰ ਕਿਸੇ ਨੇ ਇਸ ਨੂੰ ਮਾੜਾ ਨਹੀਂ ਕਿਹਾ। ਇਸ ਦਾ ਲੇਖਾ ਜੋਖਾ ਹੁਣ ਜਰੂਰੀ ਹੈ। 

ਨੋਟਬੰਦੀ ਦੀ ਸਿਆਸੀ ਆਰਥਕਤਾ ਨੂੰ ਸਮਝਣ ਲਈ ਇਸ ਦਾ ਵਿਸ਼ਲੇਸ਼ਣ ਜਰੂਰੀ ਹੈ। ਵਿਸ਼ਲੇਸ਼ਣ ਕਰੀਏ : ਜਾਹਰਾ ਉਦੇਸਾਂ ਦੀ ਪੂਰਤੀ, ਉਨ੍ਹਾਂ ਦਾ ਅਰਥਚਾਰੇ ਪ੍ਰਭਾਵ, ਬੈਂਕਾਂ ਦੀ ਆਰਥਕਤਾ ’ਤੇ ਪ੍ਰਭਾਵ, ਪ੍ਰਚੂਨ ਵਪਾਰ ’ਤੇ, ਰੇੜੀ ਫੜ੍ਹੀ ਵਾਲਿਆਂ ’ਤੇ , ਫੇਰੀ ਵਾਲਿਆਂ ’ਤੇ , ਛੋਟੇ-ਛੋਟੇ ਧੰਧੇ ਕਰਨ ਵਾਲਿਆਂ ’ਤੇ ਅਤੇ ਨਿੱਕੇ-ਨਿੱਕੇ ਕਾਰੋਬਾਰੀਆਂ ’ਤੇ ਪ੍ਰਭਾਵ, ਇਨ੍ਹਾਂ ਨਾਲ ਜੁੜੇ ਦਿਹਾੜੀਦਾਰਾਂ ਤੇ ਸਵੈ ਰੁਜਗਾਰਾਂ ’ਤੇ ਪ੍ਰਭਾਵ, ਖੇਤੀ ਦੀ ਬਿਜਾਈ ਵਿੱਚ ਆਈਆਂ ਸਮੱਸਿਆਵਾਂ, ਬਿਜਾਈ ਪਛੜਣ ਕਰਕੇ ਝਾੜ ’ਤੇ ਪ੍ਰਭਾਵ, ਦੇਸ ਦੀ ਅੰਨ ਪੂਰਤੀ, ਖੇਤੀ ਨਾਲ ਜੁੜੇ ਧੰਦਿਆਂ ਅਤੇ ਖੇਤ ਮਜਦੂਰਾਂ ’ਤੇ ਪ੍ਰਭਾਵ, ਨੋਟ ਬਦਲੀ ਪ੍ਰਕਿਰਿਆ ’ਤੇ ਹੋਣ ਵਾਲੇ ਖਰਚੇ ਦਾ ਪ੍ਰਭਾਵ, ਲੋਕਾਂ ’ਤੇ ਆਈਆਂ ਸਮਾਜਕ, ਸਰੀਰਕ ਤੇ ਮਾਨਸਕ ਤਕਲੀਫਾਂ ਦੇ ਫੋਰੀ ਤੇ ਦੂਰ ਰਸ ਸਿੱਟੇ, ਸਨਅਤੀ ਉਤਾਪਦਨ ’ਤੇ ਪ੍ਰਭਾਵ। ਅਰਥਚਾਰੇ ’ਤੇ ਇਨ੍ਹਾਂ ਦਾ ਪ੍ਰਭਾਵ, ਦੇਸ ਦੀ ਆਰਥਕਤਾ ਦੀ ਦਸ਼ਾ ਤੇ ਦਿਸ਼ਾ ! 

ਕਾਲਾ ਧਨ ਜਾਇਦਾਦਾਂ, ਸੋਨਾ ਤੇ ਨਕਦੀ ਵਿੱਚ ਦੇਸ ਦੇ ਕੁੱਲ ਘਰੇਲੂ ਉਤਪਾਦਨ ਦਾ 22% ਹੈ। ਪਿਛਲੇ ਪੰਜ ਸਾਲਾਂ ਵਿੱਚ ਕਾਲੇ ਧਨ ਦੀ ਫੜ ਫੜਾਈ ਅਨੁਸਾਰ ਇਸ ਵਿੱਚ ਨਕਦੀ 6% ਹੈ। ਅਪ੍ਰੈਲ 2016 ਤੋਂ 31 ਅਕਤੂਬਰ ਤੱਕ ਪਕੜੇ ਗਏ 7700 ਕਰੋੜ ਦੇ ਕਾਲੇ ਧਨ ਵਿੱਚ ਨਕਦੀ ਕੇਵਲ 408 ਕਰੋੜ ਹੈ। ਕੁੱਲ ਕਾਲਾ ਧਨ 30 ਤੋਂ 33 ਲੱਖ ਕਰੋੜ ਹੈ ਜਿਸ ਵਿੱਚ ਨਕਦੀ ਕੇਵਲ ਦੋ ਲੱਖ ਕਰੋੜ ਹੀ ਹੈ। ਰਿਜ਼ਰਵ ਬੈਂਕ ਅਨੁਸਾਰ 11.55 ਲੱਖ ਕਰੋੜ ਦੇ ਪੁਰਾਣੇ ਨੋਟ ਜਮ੍ਹਾ ਹੋ ਗਏ। ਅਜੇ ਕਾਲਾ ਧਨ ਪਕੜ ਵਿੱਚ ਨਹੀਂ ਆਇਆ। 

ਨੋਟ ਬੰਦੀ ਨਾਲ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਵਿੱਚ ਵਰਤੇ ਜਾਂਦੇ ਕਾਲੇ ਧਨ ’ਤੇ ਕੋਈ ਵੱਡੀ ਚੋਟ ਲੱਗਣ ’ਤੇ ਵੀ ਪ੍ਰਸ਼ਨ ਚਿੰਨ੍ਹ ਹਨ। ਪਾਰਟੀਆਂ ’ਤੇ ਕੋਈ ਟੈਕਸ ਨਹੀਂ ਅਤੇ 20,000 ਤੱਕ ਦੇ ਚੰਦੇ ਲਈ ਵੱਡੇ ਹਿਸਾਬ ਕਿਤਾਬ ਦੀ ਲੋੜ ਨਹੀਂ। ਫਿਰ ਵੀ ਖੁਦ ਪ੍ਰਧਾਨ ਮੰਤਰੀ ਇਸ ਦੁਸ਼-ਪ੍ਰਚਾਰ ਵਿੱਚ ਸਿੱਧੇ ਸ਼ਾਮਲ ਹਨ।

ਭਾਰਤੀ ਅੰਕੜਾ ਸੰਸਥਾ ਮੁਤਾਬਕ ਨਕਲੀ ਨੋਟ 400 ਕਰੋੜ ਦੇ ਮੁੱਲ ਦੇ ਹਨ। ਸਾਲਾਨਾ ਆਉਣ ਵਾਲੇ 70 ਕਰੋੜ ਦੇ ਨਕਲੀ ਨੋਟਾਂ ਵਿੱਚੋਂ ਤੀਜਾ ਹਿਸਾ ਪਕੜੇ ਜਾਂਦੇ ਹਨ। ਗ੍ਰਹਿ ਮੰਤਰਾਲੇ ਨੇ 3 ਮਈ ਨੂੰ ਸਾਲ 2015 ਵਿੱਚ ਨਕਲੀ ਨੋਟਾਂ ਦੀ ਆਮਦ ਵਿੱਚ ਕਮੀ ਆਉਣ ਦਾ ਦਾਅਵਾ ਕੀਤਾ। ਦੇਸ ਵਿੱਚ ਚੱਲ ਰਹੇ ਕੁਲ ਨੋਟਾਂ ਦਾ ਕਰੀਬ ਅੱਠਵਾਂ ਹਿੱਸਾ ਕਾਲਾ ਧਨ ਤੇ ਨਕਲੀ ਨੋਟ ਹਨ।

ਨੋਟ ਬੰਦੀ ਅਮਲ ਦੇ ਨਿਰਵਿਘਨ ਸਫਲ ਹੋਣ ਨਾਲ ਵੀ 30 ਤੋਂ 33 ਲੱਖ ਕਰੋੜ ਦੇ ਕਾਲੇ ਧਨ ਵਿੱਚੋਂ ਨੋਟਾਂ ਵਿਚਲਾ ਕੇਵਲ ਦੋ ਲੱਖ ਕਰੋੜ ਹੀ ਪਕੜ ਵਿੱਚ ਆਵੇਗਾ, ਬਾਕੀ 28 ਤੋਂ 31 ਲੱਖ ਕਰੋੜ ਕਾਲਾ ਧਨ ਉਸੇ ਤਰ੍ਹਾਂ ਰਹੇਗਾ। ਵੱਡਿਆਂ ਵੱਲੋਂ ਕਾਲਾ ਧਨ ਪਹਿਲਾਂ ਹੀ ਬਿਲੇ ਲਗਾ ਦਿੱਤੇ ਜਾਣ ਦੇ ਚਰਚੇ ਵੀ ਆਮ ਹਨ ਤੇ ਹੁਣ 173 ਕਰੋੜ ਦੇ ਨਵੇਂ ਨੋਟ ਫੜੇ ਜਾਣ ਨਾਲ ਇਹ ਸੱਚ ਵੀ ਹੋ ਰਹੇ ਹਨ। ਬੀ ਜੇ ਪੀ ਵੱਲੋਂ ਉੜੀਸਾ, ਬਿਹਾਰ ਤੇ ਉਤਰਾਖੰਡ ਵਿੱਚ ਵੱਡੀਆਂ ਜਾਇਦਾਦਾਂ ਦੀ ਖ੍ਰੀਦ। ਬੰਗਾਲ ਵਿੱਚ ਇੱਕ ਕਰੋੜ 8 ਨਵੰਬਰ ਨੂੰ ਜਮ੍ਹਾ ਕਰਵਾਉਣਾ ਇਨ੍ਹਾਂ ਸ਼ੰਕਿਆਂ ਨੂੰ ਸੱਚ ਸਾਬਤ ਕਰ ਰਿਹਾ ਹੈ। ਨਕਲੀ ਨੋਟ 2000 ਦੇ ਵੀ ਛਪਣੇ ਸੁਰੂ ਹੋ ਗਏ ਤੇ ਚੰਡੀਗੜ੍ਹ ਵਿੱਚ ਹੀ ਵੱਡੀ ਖੇਪ ਪਕੜੀ ਗਈ ਹੈ। ਅੱਤਵਾਦੀ ਗਤੀਵਿਧੀਆਂ ਵੀ ਨਗਰੋਟਾ ਤੇ ਨਾਭਾ ਜੇਲ੍ਹ ਵਿੱਚ ਹੋ ਗਈਆਂ। ਨਵੇਂ ਨਕਲੀ ਨੋਟ ਅਤੇ 28-31 ਲੱਖ ਕਰੋੜ ਦਾ ਕਾਲਾ ਧਨ ਤਾਂ ਵਰਤਿਆ ਜਾ ਹੀ ਸਕਦਾ ਹੈ। ਸਰਕਾਰ ਨੇ ਪਿਛਲੇ ਸਾਲ ਬਾਹਰਲੇ ਮੁਲਕਾਂ ਵਿੱਚ ਧਨ ਭੇਜਣ ਦੀ ਸੀਮਾ ਨਰਮ ਕਰਕੇ ਇਸ ਨੂੰ 75,000 ਡਾਲਰ ਤੋਂ ਵਧਾ ਕੇ 2,50,000 ਡਾਲਰ (45 ਲੱਖ ਰੁਪਏ ਤੋਂ ਵਧਾ ਕੇ ਡੇਢ ਕਰੋੜ) ਕਰ ਦਿੱਤੀ ਸੀ। ਇਸ ਨਾਲ ਕਾਲਾ ਧਨ ਬਾਹਰ ਭੇਜਣ ਵਿੱਚ ਮਦਦ ਮਿਲੀ।

ਫੈਸਲਾ ਲੈਣ ਦੇ ਗੁਝੇ ਮੰਤਵ: ਡੁਬਦੀਆਂ ਬੈਂਕਾਂ ਨੂੰ ਸਹਾਰਾ ਦੇਣਾ, ਮਰੇ ਕਰਜਿਆਂ ’ਤੇ ਲੀਕ ਫੇਰਨੀ, ਰਾਜ ਸ਼ਕਤੀ ਦੇ ਧੱਕੇ ਨਾਲ ਇੱਕਠੇ ਕੀਤੇ ਪੈਸੇ ਨਾਲ ਧੰਨਾ ਸੇਠਾਂ ਨੂੰ ਹੋਰ ਕਰਜੇ ਦੇਣੇ, ਮੋਦੀ ਜੀ ਦੇ ਦੋਸਤ ਅਡਾਨੀ ਨੂੰ ਆਸਟਰੇਲੀਆ ਵਿੱਚ ਖਨਨ ਲਈ 6000 ਕਰੋੜ ਦਾ ਕਰਜਾ ਮਨਜੂਰ ਕਰ ਦਿੱਤਾ ਜਦਕਿ ਉਸ ਵੱਲ ਪਹਿਲਾਂ ਹੀ 70,000 ਕਰੋੜ ਦੇ ਕਰੀਬ ਕਰਜਾ ਹੈ ਤੇ ਬੈਂਕ ਕੋਈ ਵੇਰਵੇ ਦੇਣ ਨੂੰ ਤਿਆਰ ਨਹੀਂ। ਵਿੱਚ ਕੰਮ ਕਾਜ ਲਈ ਕਰਜਾ ਮਨਜੂਰ ਵੀ ਕਰ ਦਿੱਤਾ, ਪੇਟੀਐਮ ਵਰਗਿਆਂ ਨੂੰ ਅਰਬਾਂ ਦੀ ਕਮਾਈ ਕਰਵਾਉਣੀ। ਪੇ ਟੀ ਐਮ ਨੇ ਜਾਂ ਹੋਰਾਂ ਨੇ 1-3 % ਤੱਕ ਦਾ ਖਰਚਾ ਸੇਵਾ ਦਾ ਵਸੂਲ ਕਰਨਾ ਹੈ। ਗਰੀਬ ਜੋ 5000 ਰੁਪਏ ਨਾਲ ਮਹੀਨਾ ਚਲਾਉਂਦਾ ਸੀ ਹੁਣ ਮੋਦੀ ਜੀ ਨੇ ਧੱਕੇ ਨਾਲ ਉਸ ਦਾ ਪੇਟ ਕਟਵਾ ਦਿੱਤਾ ਤੇ 100 ਰੁਪਿਆ ਪੇ ਟੀ ਐਮ ਲੈ ਜਾਵੇਗਾ ਤੇ ਉਸ ਕੋਲ ਰਹਿ ਜਾਣਗੇ 4900 ਹੀ। ਹੈ ਨਾ ‘ਡਾਢਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ’। ਇਹ ਸਾਰੇ ਗੁਝੇ ਮੰਤਵ ਹੁਣ ਭਲੀ ਭਾਂਤ ਸਾਡੇ ਸਾਹਮਣੇ ਆ ਗਏ ਹਨ।

ਬੈਂਕਾਂ ਦੀ ਆਰਥਕਤਾ: ਬਿਜਨਸ ਸਟੈਂਡਰਡ ਅਨੁਸਾਰ ਜੂਨ 2016 ਵਿੱਚ ਸਰਕਾਰੀ ਬੈਂਕਾਂ ਦੀ ਵਿਤੀ ਸਥਿਤੀ ਬਹੁਤ ਮਾੜੀ ਸੀ, ਉਨ੍ਹਾਂ ਦੇ ਸਟਾਕ ਗਿਰ ਗਏ ਸਨ, ਉਹ ਦੀਵਾਲੀਆਪਨ ਵੱਲ ਵਧ ਰਹੇ ਸਨ, ਬੈਂਕਾਂ ਵਿੱਚ ਸਰਕਾਰੀ ਪੈਸਾ ਝੋਕਣਾ ਪੈਣਾ ਸੀ। ਇਨ੍ਹਾਂ ਦਾ ਮਾਰਚ 2015 ਦਾ 3.09 ਲੱਖ ਕਰੋੜ ਦਾ ਡੁਬਿਆ ਕਰਜਾ ਮਾਰਚ 2016 ਤੱਕ 5.59 ਲੱਖ ਕਰੋੜ ਹੋ ਕੇ ਹੁਣ 6 ਲੱਖ ਕਰੋੜ ਤੋਂ ਟੱਪ ਗਿਆ। ਬੈਂਕਾਂ ਨੇ 1,80,000 ਕਰੋੜ ਰੁਪਏ ਮੰਗੇ ਸਨ। ਭਾਰਤੀ ਸਟੇਟ ਬੈਂਕ ਦੀ ਚੇਅਰਪਰਸਨ ਅਰੁੰਧਤੀ ਭਟਾਚਾਰੀਆ ਅਨੁਸਾਰ ਜੂਨ 2015 ਤੱਕ ਡੁਬੇ ਕਰਜੇ 56,834.28 ਕਰੋੜ ਦੇ ਸਨ ਜੋ ਕੁੱਲ ਕਰਜੇ ਦਾ 4.15% ਸਨ। ਉਹ ਵਧ ਕੇ ਜੂਨ 2016 ਵਿੱਚ ਕਰੀਬ ਦੁਗਣੇ 1,05,782.96 ਕਰੋੜ ( 7.14% ) ਹੋ ਗਏ। ਨੋਟ ਬੰਦੀ ਕਾਰਨ ਬੈਂਕ ਕੋਲ 11 ਨਵੰਬਰ ਤੱਕ 50,000 ਕਰੋੜ ਰੁਪਏ ਜਮ੍ਹਾ ਹੋ ਗਏ, ਬੈਂਕ ਬਚ ਗਿਆ। ਨੋਟ ਬੰਦੀ ਬੈਂਕ ਵਾਸਤੇ ਬਹੁਤ ਲਾਹੇਮੰਦ ਰਿਹਾ।

ਲੋਕਾਂ ਦਾ ਪੈਸਾ ਬੈਂਕਾਂ ਵਿੱਚ ਜਮ੍ਹਾ ਹੁੰਦੇ ਸਾਰ ਧੰਨਾ ਸੇਠਾਂ ਦੇ 10,000 ਕਰੋੜ ਦੇ ਡੁਬੇ ਕਰਜੇ ’ਤੇ ਲੀਕ ਮਾਰਨੀ ਸੁਰੂ ਕਰ ਦਿੱਤੀ। ਕਿੰਗ ਫਿਸ਼ਰ ਦੇ ਵਿਜੇ ਮਾਲਿਆ ਦੇ 1201 ਕਰੋੜ ਸਮੇਤ 7016 ਕਰੋੜ ਤਾਂ ਵੱਟੇ ਖਾਤੇ ਪਾ ਵੀ ਦਿੱਤਾ ਗਿਆ। ਭਾਰਤੀ ਸਟੇਟ ਬੈਂਕ ਨੇ ਜੂਨ 2016 ਤੱਕ 48,000 ਕਰੋੜ ਦੇ ਮਰਨਾਊ ਕਰਜਿਆਂ ’ਤੇ ਪਹਿਲਾਂ ਹੀ ਲੀਕ ਫੇਰ ਦਿੱਤੀ ਸੀ। ਕਿਹਾ ਜਾ ਰਿਹਾ ਹੈ ਕਿ ਇਹ ਕਰਜਾ ਮਾਫ ਨਹੀਂ ਕੀਤਾ ਪਰ ਇਹ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਕਿਸਾਨਾਂ ਦਾ, ਛੋਟੇ ਦੁਕਾਨਦਾਰਾਂ ਦਾ, ਟੈਂਪੂ ਆਦਿ ਖ੍ਰੀਦ ਕੇ ਕੰਮ ਚਲਾਉਣ ਵਾਲ਼ਿਆਂ ਦਾ, ਘਰ ਖ੍ਰੀਦਨ ਵਾਲਿਆਂ ਦਾ ਕਰਜਾ ਉਸੇ ਵੱਟੇ ਖਾਤੇ ਕਿਉਂ ਨਹੀਂ ਪਾਇਆ ਜਾਂਦਾ ? 

ਨਿੱਕੇ ਮੋਟੇ ਧੰਦਿਆਂ, ਪ੍ਰਚੂਨ ਵਪਾਰ ਅਤੇ ਰੁਜਗਾਰ ’ਤੇ ਪ੍ਰਭਾਵ: ਬਜਾਰਾਂ, ਮੰਡੀਆਂ ਤੇ ਮਨੋਰੰਜਨ ਸਥਾਨਾਂ ’ਤੇ ਸੁੰਨ ਪਸਰ ਗਿਆ। ਛੋਟੇ ਦੁਕਾਨਦਾਰਾਂ ਦੀ ਵਿਕਰੀ ਨਾ ਦੇ ਬਰਾਬਰ ਰਹਿ ਗਈ। ਫੇਰੀ ਵਾਲੇ, ਰੱਦੀ ਖ੍ਰੀਦਨ ਵਾਲੇ, ਪਲਾਸਟਿਕ ਵਾਲੇ, ਛੋਟੇ ਮੋਟੇ ਧੰਦੇ ਕਰਨ ਵਾਲੇ ਨਜ਼ਰ ਨਹੀਂ ਆਉਂਦੇ। ਸਬਜ਼ੀਆਂ, ਫਲਾਂ, ਰੋਜ ਵਰਤੋਂ ਦਾ ਨਿੱਕਾ ਮੋਟਾ ਤੇ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਦਾ ਆਉਣਾ ਘਟ ਗਿਆ। ਲੋਕ ਤੰਗ ਹੋਣ ਲੱਗੇ, ਸਬਰ ਦੇ ਬੰਨ੍ਹ ਟੁੱਟਣ ਲੱਗੇ। ਪ੍ਰੰਤੂ ਪ੍ਰਧਾਨ ਮੰਤਰੀ ਜੀ ਤੇ ਰਾਜ ਕਰਦੀ ਪਾਰਟੀ, ਐਡੇ ਵੱਡੇ ਸਾਰਥਕ ਅਪ੍ਰੇਸ਼ਨ ਦੀ ਤਕਲੀਫ ਝੱਲ਼ਣ ਦਾ ਰਾਗ ਅਲਾਪਦੀ ਰਹੀ। ਦਿਹਾੜੀ ਕਰਨ ਵਾਲਿਆਂ ਨੂੰ ਦਿਹਾੜੀ ਨਹੀਂ ਮਿਲ ਰਹੀ, ਕਾਰਖਾਨਿਆਂ ਤੇ ਦਰਮਿਆਨੇ ਕਾਰੋਬਾਰਾਂ ਵਿੱਚ ਛਾਟੀ ਦਾ ਦੌਰ ਸੁਰੂ ਹੋ ਗਿਆ।

ਖੇਤੀ ਦੀ ਆਰਥਕਤਾ ’ਤੇ ਪ੍ਰਭਾਵ: 15 ਨਵੰਬਰ ਤੱਕ 35 ਲੱਖ ਹੈਕਟੇਅਰ ਵਿੱਚੋਂ ਕੇਵਲ 22 ਲੱਖ ਹੈਕਟੇਅਰ ਵਿੱਚ ਕਣਕ ਦੀ ਬਿਜਾਈ ਹੋਈ। ਲੇਟ ਬਿਜਾਈ ਕਰਕੇ ਝਾੜ 1.5 ਕੁਆਂਟਲ ਪ੍ਰਤੀ ਏਕੜ ਘਟੇਗਾ, ਅੰਨ ਸਮਸੱਸਿਆ ਵੱਧੇਗੀ। ਫਲ ਸਬਜ਼ੀਆਂ ਦੀ ਵਿਕਰੀ ਰੁਕਨ ਨਾਲ ਭਾਅ ਗਿਰ ਗਏ। ਕਿਸਾਨ ਦੀ ਡੋਲਦੀ ਆਰਥਕਤਾ ਹੋਰ ਡੋਲ ਜਾਵੇਗੀ। ਕਿਸਾਨੀ ਨਾਲ ਜੁੜੇ ਧੰਦਿਆ ਵਿੱਚ ਮੰਦੀ ਨਾਲ, ਆਮਦਨ ਘਟਣ ਨਾਲ, ਬੇਰੁਜਗਾਰੀ ਵਧਣ ਨਾਲ, ਅਰਥਚਾਰਾ ਡਾਵਾਂ ਡੋਲ ਹੋਣ ਨਾਲ, ਖੁਦਕਸ਼ੀਆਂ, ਨਸ਼ੇ ਤੇ ਜੁਰਮ ਵਧ ਸਕਦੇ ਹਨ। ਸਹਿਕਾਰੀ ਬੈਂਕਾਂ ਨੂੰ ਪੁਰਾਣੇ ਨੋਟਾਂ ਦੀ ਮਨਾਹੀ ਕਰਕੇ ਕਿਸਾਨਾਂ ਨੂੰ ਹੋਰ ਵੀ ਢਾਅ ਲਾ ਦਿੱਤੀ ਗਈ।

ਰੋਜ ਮਰ੍ਹਾ ਦੇ ਜੀਵਨ ਦੀ ਆਰਥਕਤਾ ’ਤੇ ਪ੍ਰਭਾਵ: ਦੇਸ ਦੀਆਂ 1,34,014 ਬੈਂਕਾਂ ਵਿੱਚ ਲੰਬੀਆਂ ਲਾਈਨਾਂ ਹਨ, ਦੋ ਚਾਰ ਹਜਾਰ ਲਈ ਸਾਰਾ-ਸਾਰਾ ਦਿਨ ਲਾਈਨ ਵਿਚ ਲੱਗ ਕੇ ਖਾਲੀ ਹੱਥ ਮੁੜਨਾ ਆਮ ਹੈ, 2,01,861 ਏ ਟੀ ਐਮਾਂ ਵਿੱਚੋਂ ਬਹੁਤੀਆਂ ਨਕਾਰਾ ਹਨ, ਚਲਦੀਆਂ ਵਿੱਚੋਂ ਚਾਰ ਪੰਜ ਸੌ ਗਾਹਕ ਭੁਗਤਾ ਕੇ ਖਾਲੀ ਹੋ ਜਾਂਦੀਆਂ ਹਨ। ਲੋੜੀਂਦੀ ਯੋਜਨਾਬੰਦੀ ਤੋਂ ਬਿਨਾਂ ਕੀਤੇ ਤੱਤ ਭੜੱਤੇ ਫੈਸਲੇ ਬਾਬਤ ਲੋਕਾਂ ਦੀ ਨਰਾਜਗੀ ਵਧਣੀ ਸੁਰੂ ਹੋ ਗਈ। ਗਾਹਕਾਂ ਦੀਆਂ ਲੜਾਈਆਂ, ਬੈਂਕ ਅਮਲੇ ਨਾਲ ਲੜਾਈਆਂ ਹੋਣ ਲੱਗੀਆਂ ਹਨ। ਵਿਆਹ ਸ਼ਾਦੀਆਂ ਦੀ ਰੁੱਤ, ਬਿਜਾਈ ਦਾ ਮੌਸਮ ਤੇ ਇਸ ਮਹੀਨੇ ਤਨਖਾਹ ਦੇ ਕੇਵਲ 10,000 ਮਿਲਣ ਕਰਕੇ ਕਾਫੀ ਦਿੱਕਤਾਂ ਆ ਗਈਆਂ। ਮੰਗਣੀਆਂ ਟੁੱਟ ਗਈਆਂ, ਵਿਆਹਾਂ ਵਿੱਚ ਲੜਾਈ ਝਗੜੇ ਹੋ ਗਏ, ਲਾਈਨਾਂ ਵਿੱਚ ਲੱਗੇ 90 ਤੋਂ ਵੱਧ ਲੋਕਾਂ ਦੀਆਂ ਮੌਤਾਂ ਤੇ ਖੁਦਕਸੀਆਂ। ਬੈਂਕ ਕਰਮਚਾਰੀਆਂ ’ਤੇ ਹੱਦੋਂ ਵੱਧ ਮਾਨਸਕ ਤੇ ਸਰੀਰਕ ਤਨਾਅ ਹੈ, ਬੀਮਾਰੀਆਂ ਦਾ ਵਾਧਾ ਤੇ ਮੌਤਾਂ ਦਾ ਗੇੜ ਸੁਰੂ ਹੋ ਗਿਆ। ਇੱਕ ਪਾਸੇ ਸ਼ਾਦੀ ਲਈ ਢਾਈ ਲੱਖ ਨਹੀਂ ਮਿਲਦਾ ਦੂਜੇ ਪਾਸੇ ਪਹਿਲਾਂ ਰੈਡੀਆਂ ਨੇ 500 ਕਰੋੜ ਖਰਚਿਆ ਤੇ ਹੁਣ ਮੋਦੀ ਦੇ ਵਜੀਰ ਗਡਕਰੀ ਦੀ ਧੀ ਦੇ ਵਿਆਹ ’ਤੇ 10,000 ਮਹਿਮਾਨ ਤੇ 50 ਚਾਰਟਡ ਜਹਾਜ। ਇਹ ਸੱਭ ਕਿੱਥੋਂ ? ਇਹ ਸੱਭ ਕੁੱਝ ਇੱਕ ਸੁਲਝੇ ਹੋਏ ਨੇਤਾ ਦਾ ਨਹੀਂ ਸਗੋਂ ਇੱਕ ਅਜਿਹੇ ਨੇਤਾ ਦਾ ਕੀਤਾ ਹੈ ਜੋ ਮਹਿੰ ਵੀ ਕਾਲੀ ਤੇ ਭੇਡ ਵੀ ਕਾਲੀ ਕਹਿ ਕੇ ਸੱਭ ਨੂੰ ਇੱਕੋ ਰੱਸੇ ਵੱਟ ਰਿਹਾ ਹੈ ਤੇ ਜਿਹੜਾ ਕੋਈ ਕਿੰਤੂ ਪ੍ਰੰਤੂ ਕਰਦਾ ਹੈ ਚਾਹੇ ਉਸ ਦੀ ਆਪਣੀ ਪਾਰਟੀ ਦਾ ਜਾਂ ਵਿਰੋਧੀ ਉਸ ਦੇ ਸਿਰ ਕਾਲੇ ਧਨ ਦਾ ਤੇ ਦੇਸ਼ ਧਰੋਹ ਦਾ ਸਮਰਥਕ ਹੋਣ ਦਾ ਬਿਲਾ ਲਗਾ ਦਿੱਤਾ ਜਾਂਦਾ ਹੈ। ਇਹ ਸੱਭ ਮਾਨਸਕਤਾ ਦੇਸ਼ ਲਈ ਘਾਤਕ ਸਾਬਤ ਹੋ ਸਕਦੀ ਹੈ।

ਉਦਯੋਗਾਂ ਦੀ ਆਰਥਕਤਾ ’ਤੇ ਪ੍ਰਭਾਵ: ਉਤਪਾਦਨ ਘਟ ਗਿਆ, ਛਾਂਟੀਆਂ ਦਾ ਦੌਰ ਚੱਲ ਪਿਆ, ਮਾਲ ਦੀ ਬਿਕਰੀ ਰੁੱਕ ਗਈ, ਮਾਲ ਖਰਾਬ ਹੋਣ ਲੱਗ ਗਿਆ।

ਦੇਸ ਦੀ ਆਰਥਕਤਾ ਉਪਰ ਨੋਟਬੰਦੀ ਦੇ ਫੌਰੀ ਤੇ ਦੂਰਰਸ ਪ੍ਰਭਾਵਾਂ ਬਾਬਤ ਚਰਚਾ ਸੁਰੂ ਹੋ ਗਈ। ਅਗਾਊਂ ਤਿਆਰੀ ਦੀ ਘਾਟ, ਸਰਕਾਰੀ ਅਣਗਹਿਲੀ, ਲੋਕਾਂ ਪ੍ਰਤੀ ਉਦਾਸੀਨਤਾ ਤੇ ਹੋਰ ਬਹੁਤ ਕੁੱਝ ਸਾਹਮਣੇ ਆਉਣ ਲੱਗਿਆ। ਕਈਆਂ ਨੇ ਟੈਕਸ ਨੀਤੀਆਂ ਤੇ ਹੋਰ ਚੋਰ ਮੋਰੀਆਂ ਰਾਹੀਂ ਕਾਲਾ ਧਨ ਪਹਿਲਾਂ ਹੀ ਬਿਲੇ ਲੱਗਾ ਦਿੱਤਾ। ਚਹੇਤਿਆਂ ਤੇ ਸੂਹੀਆਂ ਕੋਲ ਪਹਿਲਾਂ ਹੀ ਸੂਚਨਾ ਹੋਣ ਦੇ ਸਪਸ਼ਟ ਸੰਕੇਤ ਆ ਗਏ। ਵੱਡਿਆਂ ਵੱਲੋਂ ਪਹਿਲੀ ਰਾਤ ਨੂੰ ਹੀ ਹਜਾਰਾਂ ਕਰੋੜਾਂ ਦੇ ਸੋਨੇ ਦੀ ਵਿਕਰੀ, ਅਫਸਰਸ਼ਾਹੀ ਵੱਲੋਂ ਕਾਲੇ ਨੂੰ ਚਿੱਟਾ ਕਰਨ ਵਾਸਤੇ ਲਾਲ, ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਵਰਤਨ ਦੀਆਂ ਤੇ ਵਿਚਕਾਰਲੇ ਦਰਜੇ ਦੇ ਵਪਾਰੀਆਂ ਵੱਲੋਂ ਕਾਲੇ ਨੂੰ ਚਿੱਟਾ ਕਰਨ ਦੀਆਂ ਖਬਰਾਂ ਆਮ ਹੋ ਗਈਆਂ। ਅਰਜਤ ਪਟੇਲ ਦਾ ਪ੍ਰੈਸ ਮਿਲਣੀ ਵਿੱਚ 8 ਨਵੰਬਰ ਦਾ ਬਿਆਨ ਕਿ 2000 ਤੇ 500 ਦੇ ਨਵੇਂ ਨੋਟ 6 ਮਹੀਨੇ ਪਹਿਲਾਂ ਛਪਣੇ ਸੁਰੂ ਹੋ ਗਏ ਸਨ, ਬਹੁਤ ਕੁੱਝ ਅਣਕਹਿਆ ਕਹਿ ਗਿਆ। ਨਵੇਂ ਨੋਟਾਂ ’ਤੇ ਉਸ ਦੇ ਦਸਤਖਤ ਪਹਿਲਾਂ ਹੀ ਕਿਵੇਂ ਆਏ ? ਜਦ ਪੰਜਾਹ ਦਿਨਾਂ ਵਿੱਚ ਕੇਵਲ 1.2 ਲੱਖ ਕਰੋੜ ਦੇ ਨੋਟ ਛਾਪੇ ਜਾ ਸਕਦੇ ਹਨ ਤਾਂ ਪ੍ਰਧਾਨ ਮੰਤਰੀ ਦਾ 50 ਦਿਨ ਵਿੱਚ ਸੱਭ ਕੁੱਝ ਠੀਕ ਕਰਨ ਦਾ ਵਾਇਦਾ ਵੀ ਸਹੀ ਨਹੀਂ ਤੇ ਹੁਣ ਮਹੀਨੇ ਬਾਅਦ ਕੁੱਝ ਵੀ ਢਰੇ (ਉਚਿਤ) ਨਹੀਂ ਆ ਰਿਹਾ ਦਿਸਦਾ ਪਰ ਮੋਦੀ ਜੀ ਕਹਿ ਰਹੇ ਹਨ ਅਜੇ 20 ਦਿਨ ਬਾਕੀ ਹਨ। ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ’ਤੇ ਕਾਲੇ ਧਨ ਦੇ ਨਾਮ, ਨਿਜੀ, ਸਮਾਜਕ ਤੇ ਵਪਾਰਕ ਲੋੜਾਂ ਲਈ ਆਪਣਾ ਹੀ ਪੈਸਾ ਕਢਵਾਉਣ ’ਤੇ ਰੋਕਾਂ, ਦਿਨ ਦਿਹਾੜੇ ਸਰਕਾਰੀ ਜੋਰ ਨਾਲ ਡਾਕਾ ਹੈ। ਅਜਿਹੇ ਝੂਠ, ਕਚ ਘਰੜ ਫੈਸਲਿਆਂ, ਗੰਭੀਰ ਬੇਨਿਯਮੀਆਂ, ਤਿਆਰੀ ਦੀਆਂ ਗੰਭੀਰ ਕਮੀਆਂ, ਨਿੱਤ ਨਵੇਂ ਤੇ ਪਲ-ਪਲ ਬਦਲਦੇ ਐਲਾਨਾਂ ਨੇ ਸਰਕਾਰ ਪ੍ਰਤੀ ਬੇਵਿਸ਼ਵਾਸੀ ਪੈਦਾ ਕਰ ਦਿੱਤੀ ਤੇ ਸਰਕਾਰ ਦੇ ਅਕਸ ਨੂੰ ਢਾਹ ਲੱਗੀ ਹੈ। ਹਾਂ ! ਨਕਦੀ ਨਾਲ ਬਿਨਾਂ ਟੈਕਸ ਤਾਰੇ ਕੀਤੇ ਜਾ ਰਹੇ ਛੋਟੇ ਵਪਾਰ ’ਤੇ ਕੋਈ ਚੋਟ ਜਰੂਰ ਵੱਜ ਸਕਦੀ ਹੈ। 

ਭਾਰਤੀ ਅਰਥਚਾਰੇ ਦੇ ਨਿਰੀਖਣ ਕੇਂਦਰ ਦੇ ਅੰਦਾਜ਼ੇ ਹਨ ਕਿ, ਨੋਟ ਛਾਪਣ, ਬੈਂਕਾਂ ਰਾਹੀਂ ਵੰਡਣ, ਏ ਟੀ ਐਮਾਂ ਨੂੰ ਮੁੜ ਸੋਧਣ, ਸੈਕੜੇ ਕਰੋੜਾਂ ਕੰਮ ਦੇ ਘੰਟਿਆਂ ਦੀ ਬਰਬਾਦੀ, ਕਾਰਨ 1.28 ਲੱਖ ਕਰੋੜ ਰੁਪਏ ਦਾ ਖਰਚਾ ਹੋਵੇਗਾ। ਬਿਨਾਂ ਅਗਾਊਂ ਤਿਆਰੀ ਦੇ ਲਿਆ ਇਹ ਫੈਸਲਾ ਦੇਸ ਦੇ ਅਰਥਚਾਰੇ ਦਾ ਬੇਥਾਹ ਨੁਕਸਾਨ ਕਰੇਗਾ ਤੇ ਜਨ ਸਧਾਰਨ ਦੇ ਗੁਜਰ ਬਸਰ ’ਤੇ ਵੱਡੀ ਚੋਟ ਮਾਰੇਗਾ। ਜੀ ਡੀ ਪੀ ਵਿੱਚ ਵੱਡੀ ਗਿਰਾਵਟ ਦਰਜ ਹੋਵੇਗੀ। ਪ੍ਰੰਤੂ ਪੇਟੀਐਮ ਨੂੰ, ਐਫ ਡੀ ਆਈ ਨੂੰ, ਮਾਲ ਸਭਿਆਚਾਰ ਨੂੰ, ਭੋਜਨ ਪਦਾਰਥਾਂ ਦੀਆਂ ਦਰਾਮਦਾਂ ਨੂੰ ਬੜਾਵਾ ਮਿਲੇਗਾ, ਦੇਸ਼ ਦੀ ਆਰਥਕਤਾ ਦੇ ਬਦੇਸੀ ਪੂੰਜੀ ਦੇ ਹੋਰ ਅਧੀਨ ਹੋ ਜਾਣ ਦੇ ਆਸਾਰ ਪੈਦਾ ਹੋਣ ਨਾਲ ਸਾਡੀ ਆਜਾਦੀ ’ਤੇ ਰੋਕਾਂ ਲੱਗਣਗੀਆਂ।

50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ

0

50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ

ਡਾ. ਹਰਸ਼ਿੰਦਰ ਕੌਰ, ਐਮ. ਡੀ. (ਪਟਿਆਲਾ)-0175-2216783 

ਸਰੀਰ ਇਕ ਮਸ਼ੀਨ ਵਾਂਗ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਇਸ ਦੇ ਪੁਰਾਣੇ ਸੈੱਲ ਟੁੱਟਦੇ ਝੜਦੇ ਰਹਿੰਦੇ ਹਨ ਤੇ ਲਗਾਤਾਰ ਨਵੇਂ ਸੈੱਲ ਬਣਦੇ ਰਹਿੰਦੇ ਹਨ। ਪਰ, ਜਿਵੇਂ ਪੁਰਾਣੀ ਮਸ਼ੀਨ ਦੇ ਕੁੱਝ ਪੁਰਜ਼ੇ ਘਸ ਜਾਂਦੇ ਹਨ ਤੇ ਕੁੱਝ ਤਬਦੀਲ ਕਰਨੇ ਪੈਂਦੇ ਹਨ। ਉਸੇ ਤਰ੍ਹਾਂ ਹੀ ਸਰੀਰ ਦੇ ਕਈ ਅੰਗ ਘਸ ਜਾਂਦੇ ਹਨ ਤੇ ਕਈਆਂ ਵਿਚ ਨੁਕਸ ਪੈ ਜਾਂਦਾ ਹੈ ਜਿਸ ਦਾ ਇਲਾਜ ਕਰਨਾ ਪੈਂਦਾ ਹੈ।

(1). ਪਹਿਲਾਂ ਗੱਲ ਕਰੀਏ ਸੈੱਲਾਂ ਦੀ :-

ਪੁਰਾਣੇ ਸੈੱਲ ਟੁੱਟ ਕੇ ਨਵੇਂ ਬਣਨਾ ਤਾਂ ਇਨਸਾਨੀ ਸਰੀਰ ਦਾ ਦਸਤੂਰ ਹੈ। ਸੈੱਲ ਅੰਦਰਲੇ ਜੀਨ ਹੀ ਕੁਦਰਤ ਨੇ ਅਜਿਹੇ ਬਣਾਏ ਹਨ ਕਿ ਕੰਪਿਊਟਰ ਦੇ ਪ੍ਰੋਗਰਾਮ ਵਾਂਗ ਬੁੱਢੇ ਹੋ ਜਾਣ ਉੱਤੇ ਉਹ ਆਪਣੇ ਆਪ ਨੂੰ ਖ਼ਤਮ ਕਰ ਲੈਂਦੇ ਹਨ। ਅਜਿਹੀ ਥਾਂ ਉੱਤੇ ਨਵੇਂ ਸੈੱਲ ਉੱਗਣ ਲੱਗ ਪੈਂਦੇ ਹਨ। ਜਿਵੇਂ ਜਿਵੇਂ ਉਮਰ ਵੱਧਦੀ ਹੈ, ਸੈੱਲਾਂ ਦੀ ਵੰਡ ਹੌਲੀ ਹੋ ਜਾਂਦੀ ਹੈ ਤੇ ਚਮੜੀ ਦੀ ਲਚਕ ਘੱਟਣ ਨਾਲ ਇਹ ਢਿੱਲੀ ਪੈ ਜਾਂਦੀ ਹੈ। ਜਿਵੇਂ-ਜਿਵੇਂ ਸੈੱਲ ਵੰਡ ਕੇ ਦੋ ਜਾਂ ਚਾਰ ਵਿਚ ਤਬਦੀਲ ਹੋਣ ਦੀ ਥਾਂ ਲੰਮੇ ਹੁੰਦੇ ਰਹਿੰਦੇ ਹਨ, ਉਨ੍ਹਾਂ ਦੇ ਮਰ ਜਾਣ ਦੇ ਆਸਾਰ ਵੱਧ ਹੋ ਜਾਂਦੇ ਹਨ। ਸੈੱਲ ਵਿਚਲੇ ਟੀਲੋਮੀਅਰ ਕਣ ਇਸ ਦਾ ਫ਼ੈਸਲਾ ਕਰਦੇ ਹਨ ਕਿ ਜੀਨ ਨੇ ਕਦੋਂ ਸੈੱਲਾਂ ਦੀ ਮੌਤ ਦਾ ਐਲਾਨ ਕਰਨਾ ਹੈ ਕਿਉਂਕਿ ਸੈੱਲਾਂ ਦੀ ਹਰ ਵੰਡ ਦੌਰਾਨ ਟੀਲੋਮੀਅਰ ਦਾ ਆਕਾਰ ਘਟਦਾ ਜਾਂਦਾ ਹੈ। ਜਦੋਂ ਟੀਲੋਮੀਅਰ ਕਣ ਬਹੁਤ ਜ਼ਿਆਦਾ ਛੋਟੇ ਹੋ ਜਾਂਦੇ ਹਨ ਅਤੇ ਹੋਰ ਟੁੱਟ ਕੇ ਦੋ ਬਣਨ ਵਿਚ ਅਸਮਰੱਥ ਹੋ ਜਾਂਦੇ ਹਨ ਤਾਂ ਸੈੱਲ ਹੋਰ ਵੰਡਿਆ ਨਹੀਂ ਜਾਂਦਾ ਤੇ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।

ਕਈ ਵਾਰ ਟੀਲੋਮੀਅਰ ਠੀਕ ਵੀ ਹੋਵੇ, ਤਾਂ ਵੀ ਸੈੱਲ ਮਰ ਜਾਂਦੇ ਹਨ। ਇਸ ਦਾ ਕਾਰਨ ਹੁੰਦਾ ਹੈ-ਰੇਡੀਓ ਕਿਰਨਾਂ, ਕੀਮੋਥੈਰੇਪੀ, ਫਰੀ ਰੈਡੀਕਲ, ਤੇਜ਼ ਧੁੱਪ ਵਿਚ ਬਹੁਤ ਦੇਰ ਰਹਿਣਾ, ਤੇਜ਼ ਦਵਾਈਆਂ, ਆਦਿ।

(2). ਅੱਖਾਂ :-

(1). ਅੱਖਾਂ ਅੰਦਰਲਾ ਲੈਂਸ ਸਖ਼ਤ ਹੋ ਜਾਂਦਾ ਹੈ। ਲਚਕ ਖ਼ਤਮ ਹੁੰਦੇ ਸਾਰ ਨੇੜੇ ਦੀਆਂ ਚੀਜ਼ਾਂ ਸਾਫ਼ ਨਹੀਂ ਦਿਸਦੀਆਂ।

(2). ਲੈਂਸ ਕੁੱਝ ਗਾੜ੍ਹਾ ਵੀ ਹੋ ਜਾਂਦਾ ਹੈ। ਇਸੇ ਲਈ ਘੱਟ ਰੌਸ਼ਨੀ ਵਿਚ ਦਿਸਣਾ ਘੱਟ ਹੋ ਜਾਂਦਾ ਹੈ।

(3). ਤੇਜ਼ ਰੌਸ਼ਨੀ ਵਿਚ ਪੁਤਲੀ ਦੀ ਹਰਕਤ ਵਿਚ ਚੁਸਤੀ ਨਹੀਂ ਰਹਿੰਦੀ।

(4). ਲੈਂਸ ਹਲਕੀ ਪਿਲੱਤਣ ਵਿਚ ਹੋ ਜਾਂਦਾ ਹੈ ਜਿਸ ਨਾਲ ਰੰਗਾਂ ਦੀ ਪਛਾਣ ਵਿਚ ਗੜਬੜੀ ਹੋ ਸਕਦੀ ਹੈ।

(5). ਨਰਵ ਸੈੱਲ ਘੱਟ ਹੋ ਜਾਣ ਕਾਰਨ ਡੂੰਘਾਈ ਦਾ ਅਹਿਸਾਸ ਵੀ ਘੱਟ ਹੋ ਜਾਂਦਾ ਹੈ।

(6). ਅੱਖਾਂ ਵਿਚ ਨਮੀ ਘੱਟਣ ਨਾਲ ਸੁੱਕਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਹੈ ਤੇ ਅੱਖਾਂ ਵਾਰ-ਵਾਰ ਮਲਣੀਆਂ ਪੈਂਦੀਆਂ ਹਨ।

(7). ਨਜ਼ਰ ਘੱਟਣੀ ਦਰਅਸਲ ਵਧਦੀ ਉਮਰ ਦੀ ਪਹਿਲੀ ਨਿਸ਼ਾਨੀ ਵੀ ਮੰਨ ਲਈ ਗਈ ਹੈ। ਕੋਈ ਵਿਰਲਾ ਹੀ ਪੂਰੀ ਨਜ਼ਰ ਨਾਲ ਸੱਠਾਂ ਸਾਲਾਂ ਤਕ ਪਹੁੰਚਦਾ ਹੈ, ਵਰਨਾ ਕੋਈ ਨਾ ਕੋਈ ਅੱਖ ਦੀ ਤਕਲੀਫ਼, ਖਾਸ ਕਰ ਡੇਢ ਫੁੱਟ ਤੋਂ ਨੇੜੇ ਦੀ ਰੱਖੀ ਬਰੀਕ ਚੀਜ਼ ਅਤੇ ਅੱਖਰ ਵੇਖਣ ਵਿਚ ਦਿੱਕਤ ਤਾਂ ਹਰ ਕਿਸੇ ਨੂੰ ਹੀ ਹੋਣ ਲੱਗ ਪੈਂਦੀ ਹੈ। ਕਿਸੇ-ਕਿਸੇ ਦੀ ਦੂਰ ਦੀ ਨਿਗਾਹ ਵੀ ਕਮਜ਼ੋਰ ਹੋ ਜਾਂਦੀ ਹੈ।

(8). ਸੱਠ ਸਾਲ ਦੇ ਬੰਦੇ ਦੇ ਰੈਟੀਨਾ ਦੇ ਸੈੱਲ ਰੌਸ਼ਨੀ ਪ੍ਰਤੀ ਓਨੇ ਸੰਵੇਦਨਸ਼ੀਲ ਨਹੀਂ ਰਹਿੰਦੇ ਜਿੰਨੇ ਜਵਾਨ ਬੰਦੇ ਵਿਚ ਹੁੰਦੇ ਹਨ। ਇਸੇ ਲਈ ਪੜ੍ਹਨ ਵਾਸਤੇ ਜਿੰਨੀ ਲਾਈਟ 20 ਸਾਲ ਦੇ ਨੌਜਵਾਨ ਨੂੰ ਚਾਹੀਦੀ ਹੁੰਦੀ ਹੈ, ਉਸ ਤੋਂ ਤਿੰਨ ਗੁਣਾ ਵੱਧ ਲਾਈਟ 60 ਵਰ੍ਹਿਆਂ ਦੇ ਬੰਦੇ ਨੂੰ ਲੋੜੀਂਦੀ ਹੈ।

(9). ਵਧਦੀ ਉਮਰ ਨਾਲ ਰੰਗ ਵੀ ਓਨੇ ਭੜਕੀਲੇ ਤੇ ਤਿੱਖੇ ਨਹੀਂ ਲੱਗਦੇ ਜਿੰਨੇ 20 ਵਰ੍ਹਿਆਂ ਦੇ ਨੌਜਵਾਨ ਨੂੰ ਦਿਸਦੇ ਹਨ।

(10). ਪੁਤਲੀ ਦਾ ਹਨ੍ਹੇਰੇ ਵਿਚ ਤੇ ਰੌਸ਼ਨੀ ਵਿਚ ਝਟਪਟ ਸੁੰਗੜਨਾ ਤੇ ਫੈਲਣਾ ਵੀ ਬਹੁਤ ਹੌਲੀ ਹੋ ਜਾਣ ਸਦਕਾ ਇਕਦਮ ਹਨ੍ਹੇਰੇ ਵਿਚ ਜਾਂਦਿਆਂ ਉੱਕਾ ਹੀ ਨਾ ਦਿਸਣਾ ਤੇ ਤੇਜ਼ ਰੌਸ਼ਨੀ ਵਿਚ ਚੁੰਧਿਆ ਜਾਣਾ ਆਮ ਹੀ ਵੇਖਣ ਨੂੰ ਮਿਲਦਾ ਹੈ।

(11). ਚਿੱਟਾ ਜਾਂ ਕਾਲਾ ਮੋਤੀਆ ਵੀ ਹੋ ਸਕਦਾ ਹੈ।

(12). ਅੱਖਾਂ ਅੰਦਰਲੇ ਪਾਣੀ ਵਿਚਲਾ ਕੁੱਝ ਹਿੱਸਾ ਗਾੜ੍ਹਾ ਹੋਣ ਕਾਰਨ ‘ਫਲੋਟਰ’ ਜਾਂ ਕਾਲੇ ਧੱਬੇ ਜਿਹੇ ਕਦੇ ਕਦਾਈਂ ਅੱਖਾਂ ਅੱਗੇ ਘੁੰਮਦੇ ਮਹਿਸੂਸ ਹੋ ਸਕਦੇ ਹਨ।

(13). ਅੱਖਾਂ ਵਿਚਲੇ ਸੈੱਲ ਜਿਹੜੇ ਨਮੀ ਬਣਾਉਂਦੇ ਹਨ, ਘੱਟ ਹੋ ਜਾਣ ਕਾਰਨ ਅੱਖਾਂ ਸੁੱਕੀਆਂ ਮਹਿਸੂਸ ਹੁੰਦੀਆਂ ਹਨ ਤੇ ਮਿੱਟੀ ਘੱਟਾ ਪੈ ਜਾਣ ਉੱਤੇ ਪੁਤਲੀ ਵਿਚ ਜ਼ਖ਼ਮ ਬਣ ਸਕਦੇ ਹਨ। ਹੰਝੂ ਵੀ ਘੱਟ ਹੋ ਜਾਂਦੇ ਹਨ।

(14). ਅਲਟਰਾਵਾਇਲਟ ਕਿਰਨਾਂ ਦੇ ਅਸਰ ਹੇਠ ਅਤੇ ਧੁੱਪ ਮਿੱਟੀ ਨਾਲ ਲਗਾਤਾਰ ਵਾਹ ਪੈਂਦੇ ਰਹਿਣ ਕਾਰਨ ਅੱਖ ਦਾ ਚਿੱਟਾ ਡੇਲਾ ਵੀ ਹਲਕਾ ਪੀਲਾ ਪੈ ਜਾਂਦਾ ਹੈ।

(15). ਅੱਖਾਂ ਦੇ ਕਾਲੇ ਡੇਲੇ ਦੇ ਦੁਆਲੇ ਚਿੱਟਾ ਕਿਨਾਰਾ ਦਿਸਣ ਲੱਗ ਪੈਂਦਾ ਹੈ। ਇਹ ਕੈਲਸ਼ੀਅਮ ਤੇ ਕੋਲੈਸਟਰੋਲ ਜੰਮਣ ਸਦਕਾ ਹੁੰਦਾ ਹੈ।

(16). ਅੱਖਾਂ ਦੇ ਦੁਆਲੇ ਦੇ ਪੱਠੇ ਢਿੱਲੇ ਪੈਣ ਕਾਰਨ ਹੇਠਲੀ ਪਲਕ ਰਤਾ ਲਟਕ ਜਾਂਦੀ ਹੈ।

(17). ਅੱਖਾਂ ਅੰਦਰ ਨੂੰ ਵੜੀਆਂ ਮਹਿਸੂਸ ਹੁੰਦੀਆਂ ਹਨ ਕਿਉਂਕਿ ਅੱਖਾਂ ਦੇ ਪਿਛਲੇ ਪਾਸੇ ਤੇ ਆਲੇ-ਦੁਆਲੇ ਦਾ ਥਿੰਦਾ ਖੁਰ ਜਾਂਦਾ ਹੈ।

(3). ਦਿਮਾਗ਼ :-

ਦਿਮਾਗ਼ ਅੰਦਰਲੇ ਸੈੱਲ ਉਮਰ ਵਧਣ ਨਾਲ ਲਗਾਤਾਰ ਘਟਦੇ ਰਹਿੰਦੇ ਹਨ। ਜੇ ਦਿਮਾਗ਼ ਨੂੰ ਲਗਾਤਾਰ ਆਹਰੇ ਲਾਇਆ ਜਾਂਦਾ ਰਿਹਾ ਹੋਵੇ ਤੇ ਵਿਹਲਾ ਨਾ ਬਿਠਾਇਆ ਜਾਵੇ ਤਾਂ ਸੈੱਲਾਂ ਦੇ ਘੱਟਣ ਦੇ ਬਾਵਜੂਦ ਬਾਕੀ ਸੈੱਲਾਂ ਵਿਚਲੇ ਜੋੜ ਲਗਾਤਾਰ ਬਣਦੇ ਰਹਿੰਦੇ ਹਨ। ਜੇ ਦਿਮਾਗ਼ ਨੂੰ ਲਿਖਣ ਪੜ੍ਹਨ ਵੱਲ ਲਾਈ ਰੱਖਿਆ ਜਾਵੇ ਤਾਂ ਨਵੇਂ ਸੈੱਲ ਵੀ ਬਣਨ ਲੱਗ ਪੈਂਦੇ ਹਨ।

ਦਰਅਸਲ ਕੁਦਰਤ ਨੇ ਦਿਮਾਗ਼ ਵਿਚ ਪਹਿਲਾਂ ਹੀ ਕੁੱਝ ਫ਼ਾਲਤੂ ਸੈੱਲ ਭਰੇ ਹੁੰਦੇ ਹਨ ਜਿਨ੍ਹਾਂ ਨੂੰ ‘ਰਿਡੰਡੈਂਟ ਸੈੱਲ’ ਕਿਹਾ ਜਾਂਦਾ ਹੈ। ਇਨ੍ਹਾਂ ਸਦਕਾ ਹੀ ਬਹੁਤ ਸਾਰੇ ਲੋਕ ਇੱਕੋ ਸਮੇਂ ਕਈ ਤਰ੍ਹਾਂ ਦੇ ਕੰਮਾਂ ਨੂੰ ਕਰਨ ਦੀ ਸਮਰੱਥਾ ਰੱਖਦੇ ਹਨ। ਮਸਲਨ ਇੰਜੀਨੀਅਰਿੰਗ ਦਾ ਕੰਮ ਅਤੇ ਗਾਉਣ ਦਾ !

ਜਿਨ੍ਹਾਂ ਨੂੰ ਸੁਸਤ ਪਏ ਸੈੱਲਾਂ ਨੂੰ ਰਵਾਂ ਕਰਨ ਦਾ ਢੰਗ ਆ ਜਾਏ ਤੇ ਰੋਜ਼ਾਨਾ ਅਖ਼ਬਾਰ ਪੜ੍ਹਨ, ਪਹੇਲੀਆਂ ਬੁੱਝਣ, ਆਦਿ ਵੱਲ ਜੁਟੇ ਰਹਿਣ ਤਾਂ ਵੱਡੀ ਉਮਰ ਤੱਕ ਦਿਮਾਗ਼ ਨੂੰ ਚੁਸਤ- ਦਰੁਸਤ ਰੱਖਿਆ ਜਾ ਸਕਦਾ ਹੈ ਤੇ ਯਾਦਾਸ਼ਤ ਵੀ ਸਾਂਭੀ ਜਾ ਸਕਦੀ ਹੈ, ਪਰ ਜੇ ਅਜਿਹਾ ਨਾ ਕੀਤਾ ਜਾਵੇ ਤਾਂ ਵਧਦੀ ਉਮਰ ਨਾਲ

(1). ਦਿਮਾਗ਼ ਵੱਲ ਲਹੂ ਦਾ ਜਾਣਾ ਘੱਟ ਹੋ ਜਾਂਦਾ ਹੈ।

(2). ਨਾੜੀਆਂ ਭੀੜੀਆਂ ਹੋ ਜਾਂਦੀਆਂ ਹਨ।

(3). ਸੈੱਲਾਂ ਵਿੱਚੋਂ ਸੁਣੇਹੇ ਲਿਜਾਉਣ ਵਾਲੇ ਰਿਸੈਪਟਰ ਅਤੇ ਕੈਮੀਕਲ ਘੱਟ ਹੋ ਜਾਂਦੇ ਹਨ।

(4). ਕੰਮ ਕਾਰ ਕਰਨ ਦੀ ਸਮਰੱਥਾ ਤੇ ਸੋਚਣ ਸਮਝਣ ਦੀ ਸ਼ਕਤੀ ਘੱਟਣ ਲੱਗ ਜਾਂਦੀ ਹੈ।

(5). ਸੁਣੇਹੇ ਛੇਤੀ ਨਾ ਜਾਣ ਸਦਕਾ ਸਰੀਰ ਦੀ ਹਿਲਜੁਲ ਵੀ ਹੌਲੀ ਹੋ ਜਾਂਦੀ ਹੈ ਤੇ ਕੰਮ ਮੁਕਾਉਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।

(6). ਸੱਤਰ ਵਰ੍ਹਿਆਂ ਦੀ ਉਮਰ ਬਾਅਦ ਕੁੱਝ ਸ਼ਬਦ, ਅੱਖਰ ਯਾਦ ਰੱਖਣ, ਥੁੜ ਚਿਰੀਆਂ ਯਾਦਾਂ, ਲੋਕਾਂ ਤੇ ਥਾਵਾਂ ਦੇ ਨਾਂ, ਹੋਰ ਨਵੀਂ ਜ਼ਬਾਨ ਸਿੱਖਣ ਅਤੇ ਪਿਛਲੇ ਹਫ਼ਤੇ ਜਾਂ ਮਹੀਨੇ ਦੀਆਂ ਯਾਦਾਂ ਉਘਾੜਨ ਵਿਚ ਔਖਿਆਈ ਆਉਣ ਲੱਗ ਪੈਂਦੀ ਹੈ। ਪਰ, ਬਚਪਨ ਜਾਂ ਜਵਾਨੀ ਦੀ ਹਰ ਗੱਲ ਯਾਦ ਰਹਿ ਜਾਂਦੀ ਹੈ।

(7). ਸੱਠ ਸਾਲ ਦੀ ਉਮਰ ਬਾਅਦ ਰੀੜ੍ਹ ਦੀ ਹੱਡੀ ਦੇ ਸੈੱਲ ਵੀ ਘੱਟ ਹੋ ਜਾਂਦੇ ਹਨ।

(8). ਨਿੱਕੀਆਂ ਮੋਟੀਆਂ ਸੱਟਾਂ, ਝਰੀਟਾਂ, ਚੀਰੇ ਆਦਿ ਪੈਣ ਸਮੇਂ ਕਈ ਵਾਰ ਪਤਾ ਹੀ ਨਹੀਂ ਲੱਗਦਾ ਤੇ ਬਾਅਦ ਵਿਚ ਲਹੂ ਸਿੰਮਦਾ ਵੇਖ ਕੇ ਸੱਟ ਦਾ ਪਤਾ ਲੱਗਦਾ ਹੈ ਕਿਉਂਕਿ ਨਸਾਂ ਰਾਹੀਂ ਸੁਣੇਹਾ ਹੌਲੀ ਪਹੁੰਚਦਾ ਹੈ ਤੇ ਨਸਾਂ ਦੀ ਰਿਪੇਅਰ ਵੀ ਹੌਲੀ ਹੋ ਜਾਂਦੀ ਹੈ। ਸਰੀਰਕ ਤਾਕਤ ਵੀ ਘਟੀ ਹੋਈ ਮਹਿਸੂਸ ਹੁੰਦੀ ਹੈ।(4). ਢਿੱਡ ਤੇ ਅੰਤੜੀਆਂ :-

ਖਾਣੇ ਦੀ ਪਾਈਪ ਰਤਾ ਘੱਟ ਜ਼ੋਰ ਨਾਲ ਖਾਣਾ ਅਗਾਂਹ ਧੱਕਦੀ ਹੈ ਤੇ ਢਿੱਡ ਵਿੱਚੋਂ ਵੀ ਖਾਣਾ ਰਤਾ ਹੌਲੀ-ਹੌਲੀ ਅਗਾਂਹ ਲੰਘਦਾ ਹੈ। ਇਸੇ ਲਈ ਖਾਣਾ ਹਜ਼ਮ ਹੌਲੀ-ਹੌਲੀ ਹੁੰਦਾ ਹੈ ਤੇ ਛੇਤੀ ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਢਿੱਡ ਦੀ ਲਚਕ ਘਟਣ ਨਾਲ ਇੱਕੋ ਸਮੇਂ ਬਹੁਤਾ ਢਿੱਡ ਭਰ ਕੇ ਖਾਧਾ ਵੀ ਨਹੀਂ ਜਾਂਦਾ।

ਲੈਕਟੇਜ਼ ਰਸ ਘੱਟਣ ਨਾਲ ਬਹੁਤ ਸਾਰੇ ਬਜ਼ੁਰਗਾਂ ਨੂੰ ਦੁੱਧ ਪੀਣ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਢਿੱਡ ਵਿਚ ਅਫਾਰਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਾਂ ਟੱਟੀਆਂ ਲੱਗ ਜਾਂਦੀਆਂ ਹਨ।

ਅੰਤੜੀਆਂ ਦੀ ਹਿਲਜੁਲ ਘੱਟਣ ਨਾਲ ਕਬਜ਼ ਆਮ ਹੀ ਹੋ ਜਾਂਦੀ ਹੈ।

(5). ਜਿਗਰ :-

ਜਿਗਰ ਦੇ ਸੈੱਲ ਘਟਣ ਨਾਲ ਇਸ ਦਾ ਕੰਮ ਕਾਰ ਵੀ ਹੌਲੀ ਹੋ ਜਾਂਦਾ ਹੈ। ਘੱਟ ਰਸ ਨਿਕਲਣ ਸਦਕਾ ਹਾਜ਼ਮੇ ਵਿਚ ਦਿੱਕਤ ਆਉਂਦੀ ਹੈ ਤੇ ਖਾਧੀ ਦਵਾਈ ਦੇ ਅਸਰ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿਚ ਵੀ ਵੱਧ ਸਮਾਂ ਲੱਗਦਾ ਹੈ। ਇਸੇ ਲਈ ਦਵਾਈ ਦਾ ਅਸਰ ਵੱਧ ਸਮੇਂ ਤਕ ਸਰੀਰ ਉੱਤੇ ਹੁੰਦਾ ਰਹਿੰਦਾ ਹੈ। ਜਿਗਰ ਵੱਲ ਜਾਂਦਾ ਲਹੂ ਵੀ ਘੱਟ ਜਾਂਦਾ ਹੈ। ਜਿਗਰ ਦਾ ਸਾਈਜ਼ ਵੀ ਛੋਟਾ ਹੋ ਜਾਂਦਾ ਹੈ।

(6). ਦਿਲ ਅਤੇ ਨਾੜੀਆਂ :-

ਦਿਲ ਦੇ ਪੱਠਿਆਂ ਅਤੇ ਨਾੜੀਆਂ ਦੀ ਲਚਕ ਘੱਟ ਹੋ ਜਾਂਦੀ ਹੈ। ਦਿਲ ਅੰਦਰ ਲਹੂ ਦਾ ਭਰਨਾ ਤੇ ਨਿਕਲਣਾ ਵੀ ਹੌਲੀ ਹੋ ਜਾਂਦਾ ਹੈ। ਜੇ ਦਿਲ ਵੱਲੋਂ ਵੱਧ ਲਹੂ ਬਾਹਰ ਧੱਕਿਆ ਜਾਵੇ ਤਾਂ ਨਾੜੀਆਂ ਦੇ ਸਖ਼ਤ ਹੋਣ ਕਾਰਨ ਏਨਾ ਲਹੂ ਸੰਭਾਲਿਆ ਨਹੀਂ ਜਾਂਦਾ ਤੇ ਬਲੱਡ ਪ੍ਰੈੱਸ਼ਰ ਦੀ ਬੀਮਾਰੀ ਹੋ ਸਕਦੀ ਹੈ।

ਕਸਰਤ ਦੌਰਾਨ ਜਿੰਨਾ ਲਹੂ ਜਵਾਨ ਦਿਲ ਧੱਕ ਸਕਦਾ ਹੈ, ਓਨਾ ਬੁਢੇਪੇ ਦੌਰਾਨ ਨਹੀਂ ਧੱਕ ਸਕਦਾ। ਪਰ, ਜੇ ਏਰੋਬਿਕ ਕਸਰਤ ਲਗਾਤਾਰ ਕੀਤੀ ਜਾਂਦੀ ਰਹੇ (ਭੱਜਣਾ/ਸਾਈਕਲ ਚਲਾਉਣਾ, ਤੈਰਨਾ, ਆਦਿ) ਤਾਂ ਦਿਲ ਦੇ ਪੱਠੇ ਲੰਮੀ ਉਮਰ ਤਕ ਲਚਕੀਲੇ ਤੇ ਸਿਹਤਮੰਦ ਰੱਖੇ ਜਾ ਸਕਦੇ ਹਨ।

ਨਾੜੀਆਂ ਭੀੜੀਆਂ ਹੋਣ ਕਾਰਨ ਹਾਰਟ ਅਟੈਕ ਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਵੀ ਕਈ ਗੁਣਾਂ ਵੱਧ ਹੋ ਜਾਂਦਾ ਹੈ।

(7). ਫੇਫੜੇ :-

ਸਾਹ ਲੈਣ ਵਿਚ ਮਦਦ ਕਰਨ ਵਾਲੇ ਪੱਠੇ ਉਮਰ ਵਧਣ ਨਾਲ ਕਮਜ਼ੋਰ ਪੈ ਜਾਂਦੇ ਹਨ। ਫੇਫੜਿਆਂ ਅੰਦਰਲੇ ਐਲਵੀਓਲੀ ਤੇ ਪਤਲੀਆਂ ਲਹੂ ਦੀਆਂ ਨਸਾਂ ਵੀ ਘੱਟ ਹੋ ਜਾਂਦੀਆਂ ਹਨ। ਇਸੇ ਲਈ ਸਰੀਰ ਨੂੰ ਘੱਟ ਆਕਸੀਜਨ ਪਹੁੰਚਦੀ ਹੈ। ਇਸੇ ਕਰਕੇ ਕਸਰਤ ਕਰਨੀ ਥੋੜੀ ਔਖੀ ਹੋ ਸਕਦੀ ਹੈ। ਜਿਹੜੇ ਸਿਗਰਟ ਜਾਂ ਬੀੜੀ ਸੇਵਨ ਕਰਦੇ ਹੋਣ, ਉਨ੍ਹਾਂ ਨੂੰ ਵੱਧ ਔਖਿਆਈ ਹੁੰਦੀ ਹੈ। ਰੈਗੂਲਰ ਕਸਰਤ ਕਰਨ ਵਾਲਿਆਂ ਨੂੰ ਘੱਟ ਦਿੱਕਤ ਆਉਂਦੀ ਹੈ। ਪਹਾੜਾਂ ਉੱਤੇ ਘੱਟ ਆਕਸੀਜਨ ਹੋਣ ਕਾਰਨ ਬਜ਼ੁਰਗਾਂ ਨੂੰ ਵੱਧ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਖੰਘਾਰ ਕੱਢਣ ਵਾਲੇ ਪੱਠੇ ਕਮਜ਼ੋਰ ਪੈ ਜਾਂਦੇ ਹਨ। ਇਸੇ ਲਈ ਫੇਫੜਿਆਂ ਅੰਦਰ ਮਿੱਟੀ ਜਾਂ ਕੀਟਾਣੂ ਵੜ ਜਾਣ ਉੱਤੇ ਉਨ੍ਹਾਂ ਨੂੰ ਬਾਹਰ ਕੱਢਣ ਵਿਚ ਔਖਿਆਈ ਹੁੰਦੀ ਹੈ। ਇਹੀ ਕਾਰਨ ਹੈ ਕਿ ਵਡੇਰੀ ਉਮਰ ਵਿਚ ਫੇਫੜਿਆਂ ਦੇ ਰੋਗ ਸਰੀਰ ਨੂੰ ਛੇਤੀ ਜਕੜ ਲੈਂਦੇ ਹਨ।

(8). ਸੈਕਸ ਹਾਰਮੋਨ :-

ਔਰਤਾਂ ਵਿਚ ਸੈਕਸ ਹਾਰਮੋਨਾਂ ਦੀ ਘਾਟ ਪੁਰਸ਼ਾਂ ਨਾਲੋਂ ਛੇਤੀ ਹੋ ਜਾਂਦੀ ਹੈ ਤੇ ਮਾਹਵਾਰੀ ਬੰਦ ਹੋਣ ਨਾਲ ਈਸਟਰੋਜਨ ਦੀ ਕਮੀ ਹੋ ਜਾਂਦੀ ਹੈ। ਅੰਡਕੋਸ਼ ਤੇ ਬੱਚੇਦਾਨੀ ਦੇ ਆਕਾਰ ਛੋਟੇ ਹੋ ਜਾਂਦੇ ਹਨ। ਬੱਚੇਦਾਨੀ ਦੀ ਰਾਹ ਦੀ ਪਰਤ ਪਤਲੀ ਹੋ ਜਾਂਦੀ ਹੈ ਤੇ ਤਰਲ ਵੀ ਨਹੀਂ ਰਹਿੰਦੀ। ਇਸੇ ਲਈ ਸਰੀਰਕ ਸੰਬੰਧਾਂ ਦੌਰਾਨ ਖ਼ੁਰਕ, ਪੀੜ ਜਾਂ ਲਹੂ ਪੈ ਸਕਦਾ ਹੈ। ਛਾਤੀ ਦੇ ਪੱਠੇ ਵੀ ਢਿੱਲੇ ਪੈ ਜਾਂਦੇ ਹਨ। ਬੱਚੇ ਦੇ ਠਹਿਰਨ ਦੇ ਆਸਾਰ ਘੱਟ ਹੋ ਜਾਂਦੇ ਹਨ।

ਇਸ ਉਮਰ ਵਿਚ ਸਰੀਰਕ ਸੰਬੰਧ ਬਣਾਉਣ ਵਿਚ ਕੋਈ ਰੋਕ ਨਹੀਂ ਹੁੰਦੀ ਬਲਕਿ ਬਹੁਤ ਸਾਰੀਆਂ ਕਰੀਮਾਂ ਤੇ ਜੈੱਲ ਬਜ਼ਾਰ ਵਿਚ ਮਿਲਦੇ ਹਨ ਜਿਸ ਨਾਲ ਕੁਦਰਤੀ ਤਰੀਕੇ ਰਾਹੀਂ ਨਮੀ ਵਧਾਈ ਜਾ ਸਕਦੀ ਹੈ ਤੇ ਚੁਸਤ ਦਰੁਸਤ ਜ਼ਿੰਦਗੀ ਜੀਅ ਕੇ ਲੰਮੇ ਸਮੇਂ ਤਕ ਸਿਹਤਮੰਦ ਅਤੇ ਖੁਸ਼ਮਿਜ਼ਾਜ਼ ਰਿਹਾ ਜਾ ਸਕਦਾ ਹੈ। ਇੰਜ ਰਿਸ਼ਤਿਆਂ ਵਿਚਲੀ ਫਿੱਕ ਵੀ ਘੱਟ ਜਾਂਦੀ ਹੈ।

ਪੁਰਸ਼ਾਂ ਵਿਚ ਸੈਕਸ ਹਾਰਮੋਨ ਹੌਲੀ-ਹੌਲੀ ਘੱਟਦੇ ਹਨ। ਟੈਸਟੋਸਟੀਰੋਨ ਦੇ ਘੱਟਣ ਨਾਲ ਸ਼ਕਰਾਣੂ ਘੱਟ ਹੋ ਜਾਂਦੇ ਹਨ ਤੇ ਹੌਲੀ-ਹੌਲੀ ਵਡੇਰੀ ਉਮਰ ਵਿਚ ਸਰੀਰਕ ਸੰਬੰਧ ਬਣਾਉਣ ਦੀ ਇੱਛਾ ਘੱਟ ਹੋਣ ਲੱਗ ਪੈਂਦੀ ਹੈ। ਬਹੁਗਿਣਤੀ ਪੁਰਸ਼ ਵਡੇਰੀ ਉਮਰ ਤਕ ਸਰੀਰਕ ਸੰਬੰਧ ਬਣਾਈ ਰੱਖਣ ਦੀ ਇੱਛਾ ਬਰਕਰਾਰ ਰੱਖਦੇ ਹਨ। ਜੇ ਪਤਨੀਆਂ ਸਾਥ ਨਾ ਦੇਣ ਤਾਂ ਮਜਬੂਰਨ ਕਈ ਪੁਰਸ਼ ਬਾਹਰ ਝਾਤ ਰੱਖਣ ਲੱਗ ਪੈਂਦੇ ਹਨ ਤੇ ਰਿਸ਼ਤਿਆਂ ਵਿਚ ਨਿੱਘ ਵੀ ਘੱਟਣ ਲੱਗ ਪੈਂਦਾ ਹੈ। ਇਸੇ ਲਈ ਮਰਦ ਤੇ ਔਰਤ, ਦੁਹਾਂ ਨੂੰ 60 ਵਰ੍ਹਿਆਂ ਦੀ ਉਮਰ ਤੋਂ ਬਾਅਦ ਵੀ ਇਹ ਸੰਬੰਧ ਬਿਨਾਂ ਕਿਸੇ ਕਿਸਮ ਦੇ ਮਾਨਸਿਕ ਤਣਾਓ ਦੇ ਕਦੇ ਕਦਾਈਂ ਜ਼ਰੂਰ ਰੱਖਣਾ ਚਾਹੀਦਾ ਹੈ।

(9). ਇਮਿਊਨ ਸਿਸਟਮ :-

ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਦੇ ਸੈੱਲ ਕਮਜ਼ੋਰ ਪੈ ਜਾਂਦੇ ਹਨ। ਉਹ ਕੀਟਾਣੂਆਂ ਨੂੰ ਛੇਤੀ ਮਾਰ ਨਹੀਂ ਸਕਦੇ। ਇਸੇ ਲਈ ਬੀਮਾਰੀਆਂ ਛੇਤੀ ਹੋਣ ਲੱਗ ਪੈਂਦੀਆਂ ਹਨ। ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾਂ ਵੱਧ ਹੋ ਜਾਂਦਾ ਹੈ। ਟੀਕਾਕਰਣ ਦਾ ਅਸਰ ਇਸ ਉਮਰ ਵਿਚ ਘੱਟ ਹੁੰਦਾ ਹੈ। ਐਲਰਜੀ ਘੱਟ ਹੁੰਦੀ ਹੈ। ਸ਼ੱਕਰ ਰੋਗ, ਜੋੜਾਂ ਦਾ ਦਰਦ, ਖੰਘ, ਜ਼ੁਕਾਮ ਆਮ ਹੀ ਹੋਣ ਲੱਗ ਪੈਂਦਾ ਹੈ।

ਫੇਫੜਿਆਂ ਵਿਚਲੇ ਇਮਿਊਨ ਸੈੱਲ ਕੀਟਾਣੂਆਂ ਨੂੰ ਮਾਰ ਸਕਣ ਵਿਚ ਅਸਮਰੱਥ ਹੋ ਜਾਂਦੇ ਹਨ ਤੇ ਇਸੇ ਲਈ ਵਡੇਰੀ ਉਮਰ ਵਿਚ ਨਿਮੂਨੀਆ ਕਾਰਨ ਆਮ ਹੀ ਮੌਤ ਹੋ ਜਾਂਦੀ ਹੈ।

(10). ਹੱਡੀਆਂ ਵਿੱਚੋਂ ਲਹੂ ਦਾ ਬਣਨਾ :-

ਲਹੂ ਬਣਾਉਣ ਵਾਲੇ ਸੈੱਲ ਘੱਟ ਹੋ ਜਾਂਦੇ ਹਨ। ਇਸੇ ਲਈ ਲਹੂ ਵਗਣ ਉੱਤੇ ਜਾਂ ਬੀਮਾਰੀ ਸਮੇਂ ਲਹੂ ਦੀ ਕਾਫ਼ੀ ਘਾਟ ਹੋ ਜਾਂਦੀ ਹੈ ਤੇ ਲਹੂ ਚੜ੍ਹਾਉਣਾ ਵੀ ਪੈ ਸਕਦਾ ਹੈ।

(11). ਇਨਸੂਲਿਨ ਤੇ ਗਰੋਥ ਹਾਰਮੋਨ :-

ਗਰੋਥ ਹਾਰਮੋਨ ਘੱਟਣ ਨਾਲ ਪੱਠੇ ਘੱਟ ਜਾਂਦੇ ਹਨ। ਐਲਡੋਸਟੀਰੋਨ ਘੱਟਣ ਨਾਲ ਸਰੀਰ ਅੰਦਰੋਂ ਲੂਣ ਦੀ ਕਮੀ ਸਦਕਾ ਪਾਣੀ ਦੀ ਘਾਟ ਛੇਤੀ ਹੋ ਜਾਂਦੀ ਹੈ। ਇਨਸੂਲਿਨ ਘੱਟ ਬਣਨ ਲੱਗ ਪੈਂਦੀ ਹੈ। ਇਸੇ ਲਈ ਸ਼ੱਕਰ ਰੋਗ ਤੋਂ ਬਚਣ ਲਈ ਰੋਜ਼ਾਨਾ ਕਸਰਤ ਤੇ ਘੱਟ ਥਿੰਦੇ ਵਾਲੀ ਖ਼ੁਰਾਕ ਹੀ ਲੈਣੀ ਚਾਹੀਦੀ ਹੈ। ਮੂੰਹ ਦਾ ਸੁਆਦ ਠੀਕ ਰੱਖਣ ਲਈ ਮਿੱਠਾ ਕਦੇ ਕਦਾਈਂ ਲਿਆ ਜਾ ਸਕਦਾ ਹੈ।

(12). ਗੁਰਦੇ :-

ਸੈੱਲ ਘੱਟਣ ਨਾਲ ਗੁਰਦੇ ਵੀ ਛੋਟੇ ਹੋ ਜਾਂਦੇ ਹਨ। ਤੀਹ ਸਾਲ ਦੀ ਉਮਰ ਤੋਂ ਬਾਅਦ ਹੀ ਗੁਰਦੇ ਦਾ ਫਿਲਟਰ ਕੰਮ ਕਾਰ ਘਟਾਉਣਾ ਸ਼ੁਰੂ ਕਰ ਦਿੰਦਾ ਹੈ ਜੋ ਵਡੇਰੀ ਉਮਰ ਵਿਚ ਦਿੱਕਤ ਪੈਦਾ ਕਰਦਾ ਹੈ। ਸਰੀਰ ਅੰਦਰੋਂ ਜ਼ਿਆਦਾ ਪਾਣੀ ਬਾਹਰ ਕੱਢਣ ’ਤੇ ਲੂਣ ਸਾਂਭੀ ਰੱਖਣ ਨਾਲ ਬੀਮਾਰੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇੰਜ ਪਾਣੀ ਘੱਟਣ ਦੇ ਆਸਾਰ ਕਈ ਗੁਣਾਂ ਵੱਧ ਹੋ ਜਾਂਦੇ ਹਨ।

ਪਿਸ਼ਾਬ ਦਾ ਮਸਾਣਾ ਕਮਜ਼ੋਰ ਹੋਣ ਅਤੇ ਬਲੈਡਰ ਥੈਲੀ ਦੇ ਸੁੰਗੜਨ ਕਾਰਨ ਪਿਸ਼ਾਬ ਵਾਰ-ਵਾਰ ਆਉਣ ਲੱਗ ਪੈਂਦਾ ਹੈ। ਕਈ ਵਾਰ ਆਪਣੇ ਆਪ ਹੀ ਬੂੰਦਾਂ ਨਿਕਲ ਜਾਂਦੀਆਂ ਹਨ ਤੇ ਪਜਾਮਾ ਗਿੱਲਾ ਹੋ ਜਾਂਦਾ ਹੈ।

ਪਿਸ਼ਾਬ ਦੀ ਥੈਲੀ ਢਿੱਲੀ ਪੈ ਜਾਣ ਕਾਰਨ ਕਈ ਵਾਰ ਪੂਰਾ ਪਿਸ਼ਾਬ ਕੀਤਾ ਨਹੀਂ ਜਾਂਦਾ ਤੇ ਥੈਲੀ ਵਿਚ ਪਿਸ਼ਾਬ ਜਮਾਂ ਹੋਇਆ ਰਹਿ ਜਾਂਦਾ ਹੈ ਜੋ ਕੀਟਾਣੂਆਂ ਦੇ ਹਮਲੇ ਸਦਕਾ ਬੀਮਾਰੀ ਕਰ ਸਕਦਾ ਹੈ।

ਔਰਤਾਂ ਵਿਚ ਵੀ ਪਿਸ਼ਾਬ ਦਾ ਰਾਹ ਛੋਟਾ ਹੋ ਜਾਂਦਾ ਹੈ ਤੇ ਸੁੰਗੜ ਜਾਂਦਾ ਹੈ। ਪੁਰਸ਼ਾਂ ਵਿਚ ਪਰੌਸਟੇਟ ਦਾ ਆਕਾਰ ਵਧਣ ਨਾਲ ਪਿਸ਼ਾਬ ਕਰਨ ਵਿਚ ਦਿੱਕਤ ਆਉਣ ਲੱਗ ਪੈਂਦੀ ਹੈ।

(13). ਹੱਡੀਆਂ ਤੇ ਜੋੜ :-

ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਛੇਤੀ ਟੁੱਟ ਸਕਦੀਆਂ ਹਨ। ਈਸਟਰੋਜਨ ਹੱਡੀਆਂ ਨੂੰ ਤਾਕਤ ਬਖ਼ਸ਼ਦੀ ਹੈ ਪਰ ਮਾਹਵਾਰੀ ਦੇ ਬੰਦ ਹੋਣ ਬਾਅਦ ਈਸਟਰੋਜਨ ਘੱਟਣ ਸਦਕਾ ਔਰਤਾਂ ਦੀਆਂ ਹੱਡੀਆਂ ਬਹੁਤ ਕਮਜ਼ੋਰ ਪੈ ਜਾਂਦੀਆਂ ਹਨ।

ਸਰੀਰ ਖਾਧੀ ਹੋਈ ਖ਼ੁਰਾਕ ਵਿੱਚੋਂ ਘੱਟ ਕੈਲਸ਼ੀਅਮ ਹਜ਼ਮ ਕਰਨ ਲੱਗ ਪੈਂਦਾ ਹੈ ਸੋ ਹੱਡੀਆਂ ਵਿਚ ਕੈਲਸ਼ੀਅਮ ਵੀ ਘੱਟ ਹੋ ਜਾਂਦਾ ਹੈ। ਵਿਟਾਮਿਨ ਡੀ ਦੀ ਕਮੀ ਵੀ ਹੋ ਜਾਂਦੀ ਹੈ। ਕੁੱਝ ਕਿਸਮ ਦੀਆਂ ਹੱਡੀਆਂ ਵੱਧ ਖ਼ੁਰਦੀਆਂ ਹਨ ਤੇ ਕੁੱਝ ਘੱਟ। ਜਿਹੜੀਆਂ ਵੱਧ ਖ਼ੁਰਦੀਆਂ ਹਨ, ਉਹ ਹਨ-ਪੱਟ ਦੀ ਹੱਡੀ ਦਾ ਸਿਰਾ, ਗੁੱਟ, ਬਾਹਵਾਂ ਦੀਆਂ ਹੱਡੀਆਂ ਦੇ ਸਿਰੇ ਤੇ ਰੀੜ੍ਹ ਦੀ ਹੱਡੀ ਦੇ ਮਣਕੇ।

ਵੱਡੀ ਉਮਰ ਵਿਚ ਗਲੇ ਦੀ ਹੱਡੀ ਦੇ ਮਣਕੇ ਕਮਜ਼ੋਰ ਹੋ ਕੇ ਅਗਾਂਹ ਮੁੜ ਜਾਂਦੇ ਹਨ। ਇੰਜ ਗਲੇ ਨੂੰ ਪਿਛਲੇ ਪਾਸਿਓਂ ਦਬਾਓ ਪੈ ਜਾਂਦਾ ਹੈ ਤੇ ਰੋਟੀ ਅੰਦਰ ਲੰਘਾਉਣ ਵਿਚ ਦਿੱਕਤ ਹੋ ਸਕਦੀ ਹੈ ਜਾਂ ਤੇਜ਼ੀ ਨਾਲ ਕੋਈ ਚੀਜ਼ ਪੀਣ ਨਾਲ ਇਕਦਮ ਹੱਥੂ ਆ ਸਕਦਾ ਹੈ।

ਰੀੜ੍ਹ ਦੀ ਹੱਡੀ ਦਾ ਉੱਪਰਲਾ ਸਿਰਾ ਜੋ ਸਿਰ ਨਾਲ ਜੁੜਦਾ ਹੈ, ਉਸ ਦੀ ਕਮਜ਼ੋਰੀ ਤੇ ਰਤਾ ਕੁ ਟੇਢਾ ਹੋ ਜਾਣ ਕਾਰਨ ਗਰਦਨ ਥੋੜਾ ਅਗਾਂਹ ਝੁਕ ਜਾਂਦੀ ਹੈ।

ਕੁਦਰਤ ਦਾ ਕਰਿਸ਼ਮਾ ਵੇਖੇ ਕਿ ਜਿੰਨਾ ਮਰਜ਼ੀ ਕੋਈ ਜਵਾਨੀ ਵੇਲੇ ਤੀਸ ਮਾਰ ਖਾਂ ਰਿਹਾ ਹੋਵੇ ਤੇ ਚੌਧਰ ਜਮਾਉਂਦਾ ਰਿਹਾ ਹੋਵੇ, ਏਸ ਉਮਰੇ ਆ ਕੇ ਉਸ ਨੂੰ ਮਜਬੂਰੀ ਵਿਚ ਹਲੀਮੀ ਅਪਣਾਉਣੀ ਪੈਂਦੀ ਹੈ ਤੇ ਸਿਰ ਵੀ ਝੁਕਾਉਣਾ ਪੈਂਦਾ ਹੈ ਜੋ ਆਉਣ ਵਾਲੀਆਂ ਨਸਲਾਂ ਲਈ ਇਕ ਸਬਕ ਹੈ !

ਰੀੜ੍ਹ ਦੀ ਹੱਡੀ ਦੇ ਮਣਕੇ ਘਸ ਕੇ ਛੋਟੇ ਹੋ ਜਾਂਦੇ ਹਨ ਤੇ ਇਸੇ ਲਈ ਇਸ ਉਮਰ ਵਿਚ ਹਰ ਇਕ ਦੀ ਲੰਬਾਈ ਕੁੱਝ ਘੱਟ ਹੋ ਜਾਂਦੀ ਹੈ।

ਜੋੜਾਂ ਵਿਚਲੀ ਗਰੀਸ ਵੀ ਉਮਰ ਵਧਣ ਨਾਲ ਘਸ ਕੇ ਘੱਟ ਹੋ ਜਾਂਦੀ ਹੈ ਤੇ ਜੋੜਾਂ ਵਿਚ ਤਕਲੀਫ਼ ਜਾਂ ਸੱਟਾਂ ਛੇਤੀ ਲੱਗਣ ਲੱਗ ਪੈਂਦੀਆਂ ਹਨ। ਉਮਰ ਭਰ ਜੋੜਾਂ ਨੂੰ ਲਗਾਤਾਰ ਵਰਤਣ ਨਾਲ ਜੋੜ ਕੁੱਝ ਸਖ਼ਤ ਹੋ ਜਾਂਦੇ ਹਨ। ਜੇ ਭਾਰ ਵੱਧ ਹੋਵੇ ਤਾਂ ਇਹ ਤਕਲੀਫ਼ ਛੇਤੀ ਹੋ ਸਕਦੀ ਹੈ। ਇਸ ਨਾਲ ‘ਓਸਟੀਓਆਰਥਰਾਈਟਿਸ’ ਹੋਣ ਲੱਗ ਪੈਂਦਾ ਹੈ।

ਜੋੜਾਂ ਵਿਚਲੇ ਲਿਗਾਮੈਂਟ ਵੀ ਕੱਸੇ ਜਾਂਦੇ ਹਨ ਤੇ ਜੋੜ ਆਕੜਨ ਲੱਗ ਪੈਂਦੇ ਹਨ। ਸੈੱਲ ਛੇਤੀ ਰਿਪੇਅਰ ਨਹੀਂ ਕਰ ਸਕਦੇ, ਸੋ ਸੱਟ ਫੇਟਾਂ ਜਲਦੀ ਲੱਗਣ ਲੱਗ ਪੈਂਦੀਆਂ ਹਨ ਜਾਂ ਨਿੱਕੀ ਜਿਹੀ ਸੱਟ ਅਤੇ ਝਟਕੇ ਨਾਲ ਹੀ ਹੱਡੀ ਟੁੱਟ ਸਕਦੀ ਹੈ।

ਇਸ ਸਭ ਤੋਂ ਬਚਣ ਲਈ ਇੱਕੋ ਰਾਮ ਬਾਣ ਹੈ :- ਕਸਰਤ, ਤੇ ਉਹ ਵੀ ਰੋਜ਼ਾਨਾ !

(14). ਪੱਠੇ :-

ਪੱਠਿਆਂ ਦਾ ਆਕਾਰ ਤੇ ਤਾਕਤ 30 ਵਰ੍ਹਿਆਂ ਦੀ ਉਮਰ ਪੂਰੀ ਹੋਣ ਤੋਂ ਬਾਅਦ ਘੱਟਣ ਲੱਗ ਪੈਂਦੇ ਹਨ। ਪੱਠੇ ਹਲਕੇ ਲਟਕ ਵੀ ਜਾਂਦੇ ਹਨ। ਬਾਕੀ ਦੀ ਪੂਰੀ ਉਮਰ ਪੱਠਿਆਂ ਦਾ ਆਕਾਰ ਘਟਦਾ ਰਹਿੰਦਾ ਹੈ। ਟੈਸਟੋਸਟੀਰੋਨ ਦੇ ਘਟਣ ਨਾਲ ਪੱਠੇ ਹੋਰ ਪਤਲੇ ਹੋ ਜਾਂਦੇ ਹਨ। ਪੱਠੇ ਛੇਤੀ ਨਾਲ ਖੁੱਲਦੇ ਤੇ ਮੁੜਦੇ ਵੀ ਨਹੀਂ ਜਿਸ ਸਦਕਾ ਸਰੀਰ ਵੀ ਢਿੱਲਾ ਪੈ ਜਾਂਦਾ ਹੈ।

ਜਿੰਨੇ ਪੱਠੇ ਜਵਾਨੀ ਵੇਲੇ ਤਾਕਤ ਨਾਲ ਭਰ ਲਏ ਜਾਣ, ਉਸ ਤੋਂ ਸਿਰਫ਼ 10 ਤੋਂ 15 ਪ੍ਰਤੀਸ਼ਤ ਹੀ ਬੁਢੇਪੇ ਵੇਲੇ ਘਟਦੇ ਹਨ। ‘ਸਾਰਕੋਪੀਨੀਆ’ ਜਾਂ ਪੱਠਿਆਂ ਦਾ ਉੱਕਾ ਹੀ ਸੁੱਕ ਜਾਣਾ, ਸਿਰਫ਼ ਬੁਢੇਪੇ ਕਾਰਨ ਨਹੀਂ ਹੁੰਦਾ। ਕਿਸੇ ਲੰਬੀ ਬੀਮਾਰੀ ਜਾਂ ਬਿਲਕੁਲ ਹੀ ਹਿਲਜੁਲ ਨਾ ਕਰਨ ਸਦਕਾ ਹੋ ਸਕਦਾ ਹੈ।

ਜਿਹੜੇ ਲੋਕ ਕਸਰਤ ਦੇ ਸ਼ੌਕੀਨ ਹੋਣ ਤੇ ਰੋਜ਼ਾਨਾ ਕਸਰਤ ਕਰਦੇ ਰਹਿਣ, ਉਹ 100 ਵਰ੍ਹਿਆਂ ਦੇ ਹੋਣ ਉੱਤੇ ਵੀ ਕਈ ਨੌਜਵਾਨਾਂ ਨੂੰ ਤਾਕਤ ਵਜੋਂ ਪਿਛਾਂਹ ਛੱਡ ਜਾਂਦੇ ਹਨ।

ਜ਼ਰੂਰੀ ਨੁਕਤਾ :-

50 ਵਰ੍ਹਿਆਂ ਦੀ ਉਮਰ ਬਾਅਦ ਕਿਸੇ ਵੀ ਬੀਮਾਰੀ ਕਾਰਨ ਜੇ ਮੰਜੇ ਉੱਤੇ ਲੇਟਣਾ ਪੈ ਜਾਵੇ, ਤਾਂ ਹਰ ਲੇਟਣ ਦੇ ਇਕ ਦਿਨ ਵਿਚਲੀ ਪੱਠਿਆਂ ਦੀ ਘਟੀ ਤਾਕਤ ਦੁਬਾਰਾ ਹਾਸਲ ਕਰਨ ਲਈ 2 ਹਫ਼ਤੇ ਵਾਧੂ ਕਸਰਤ ਕਰਨੀ ਪੈਂਦੀ ਹੈ। ਲਗਾਤਾਰ ਕਸਰਤ ਕਰਦੇ ਰਹਿਣ ਨਾਲ ਪੱਠਿਆਂ ਦਾ ਆਕਾਰ ਵੀ ਲੰਮੇ ਸਮੇਂ ਤਕ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਵਾਸਤੇ ਦੰਡ ਬੈਠਕਾਂ ਜਾਂ ਭਾਰ ਚੁੱਕਣ, ਡੰਬਲ ਵਰਤਣ, ਵੱਡੇ ਰਬੜ ਖਿੱਚਣ ਆਦਿ ਵਰਗੀਆਂ ਕਸਰਤਾਂ ਸਹੀ ਰਹਿੰਦੀਆਂ ਹਨ। 

75 ਵਰ੍ਹਿਆਂ ਦੀ ਉਮਰ ਉੱਤੇ ਸਰੀਰ ਅੰਦਰਲਾ ਫੈਟ ਜਾਂ ਥਿੰਦਾ ਜਵਾਨੀ ਨਾਲੋਂ ਦੁਗਣਾ ਹੋ ਜਾਂਦਾ ਹੈ ਜੋ ਬੀਮਾਰੀਆਂ ਦੀ ਜੜ੍ਹ ਹੈ। ਅਜਿਹਾ ਥਿੰਦਾ ਪੱਠਿਆਂ ਨੂੰ ਵੀ ਖੋਰ ਦਿੰਦਾ ਹੈ। ਇਸੇ ਲਈ ਰੋਜ਼ਾਨਾ ਕਸਰਤ ਦੀ ਬਹੁਤ ਅਹਿਮੀਅਤ ਹੈ, ਖ਼ਾਸ ਕਰ ਜੇ ਸ਼ੱਕਰ ਰੋਗ ਤੋਂ ਬਚਣਾ ਹੋਵੇ ਤਾਂ !

(15). ਵੱਖੋ-ਵਖਰੇ ਅੰਗ :-

ਸੈੱਲਾਂ ਦੇ ਲਗਾਤਾਰ ਟੁੱਟਦੇ ਰਹਿਣ ਤੇ ਹੋਰ ਨਾ ਬਣਨ ਸਦਕਾ ਹਰ ਅੰਗ ਵਿਚਲੇ ਸੈੱਲ ਘੱਟ ਹੋ ਜਾਂਦੇ ਹਨ, ਜਿਵੇਂ ਗੁਰਦੇ, ਜਿਗਰ, ਅੰਡਕੋਸ਼, ਗਦੂਦ, ਆਦਿ। ਇਸੇ ਕਰਕੇ ਇਹ ਸਾਰੇ ਅੰਗ ਪੂਰਾ ਕੰਮ ਕਾਰ ਨਹੀਂ ਕਰ ਸਕਦੇ। ਦਿਮਾਗ਼ ਵਿੱਚੋਂ ਬਹੁਤੇ ਸੈੱਲ ਨਹੀਂ ਘੱਟਦੇ। ਪਰ, ਜੇ ਨਸ ਬੰਦ ਹੋਣ ਨਾਲ ਪਾਸਾ ਮਾਰਿਆ ਗਿਆ ਹੋਵੇ ਜਾਂ ਨਸਾਂ ਦੇ ਸੁੱਕਣ ਦੀ ਬੀਮਾਰੀ ਹੋਵੇ ਜਿਵੇਂ ਪਾਰਕਿਨਸਕ ਜਾਂ ਐਲਜ਼ੀਮਰ, ਤਾਂ ਕਾਫੀ ਸੈੱਲ ਖ਼ਤਮ ਹੋ ਜਾਂਦੇ ਹਨ।

ਸਰੀਰ ਅੰਦਰਲੇ ਸਾਰੇ ਅੰਗ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਜੇ ਕੋਈ ਇਕ ਅੰਗ ਆਪਣਾ ਕੰਮ ਕਾਰ ਘਟਾ ਦੇਵੇ ਤਾਂ ਇਸ ਦਾ ਅਸਰ ਬਾਕੀ ਸਾਰੇ ਅੰਗਾਂ ਉੱਤੇ ਵੀ ਪੈ ਜਾਂਦਾ ਹੈ।

ਤੀਹ ਸਾਲਾਂ ਦੀ ਉਮਰ ਤਕ ਸਾਰੇ ਅੰਗ ਬਹੁਤ ਫੁਰਤੀਲੇ ਹੁੰਦੇ ਹਨ ਪਰ ਫਿਰ ਹੌਲੀ-ਹੌਲੀ ਕੰਮ ਕਾਰ ਘਟਾ ਦਿੰਦੇ ਹਨ। ਇਸੇ ਲਈ ਤਿੱਖੀ ਧੁੱਪ, ਬਹੁਤੀ ਠੰਡ, ਬਹੁਤੀ ਸਖ਼ਤ ਕਸਰਤ, ਇਕਦਮ ਕਿਸੇ ਦੀ ਮੌਤ ਦੀ ਖ਼ਬਰ ਆਦਿ ਵਧਦੀ ਉਮਰ ਵਿਚ ਜਾਨਲੇਵਾ ਸਾਬਤ ਹੋ ਸਕਦੇ ਹਨ।

(16). ਕੰਨ :-

ਸਾਰੀ ਉਮਰ ਉੱਚੀਆਂ ਆਵਾਜ਼ਾਂ ਸੁਣਦਿਆਂ, ਹੌਲੀ-ਹੌਲੀ ਕੰਨਾਂ ਦੀ ਸੁਣਨ ਸ਼ਕਤੀ ਘੱਟ ਜਾਂਦੀ ਹੈ। ਵਡੇਰੀ ਉਮਰ ਵਿਚ ਤਿੱਖੀ ਚੀਕਵੀਂ ਆਵਾਜ਼ ਸੁਣਨੀ ਔਖੀ ਹੋ ਜਾਂਦੀ ਹੈ। ਏਸੇ ਲਈ ਕਈ ਵਾਰ ਬਜ਼ੁਰਗਾਂ ਨੂੰ ਆਪਣੀਆਂ ਵਹੁਟੀਆਂ ਤੇ ਨਿੱਕੇ ਬੱਚਿਆਂ ਦੀ ਆਵਾਜ਼ ਸੌਖਿਆਂ ਸੁਣਦੀ ਨਹੀਂ। ਨਤੀਜਾ-ਬੋਲ ਬੁਲਾਰਾ, ਲੜਾਈ ਝਗੜੇ ! ! ਸਿਤਾਰ ਦੀ ਆਵਾਜ਼ ਵੀ ਓਨੀ ਮਧੁਰ ਨਹੀਂ ਜਾਪਦੀ।

ਏਸੇ ਲਈ ਬਜ਼ੁਰਗਾਂ ਦੇ ਨੇੜੇ ਹੋ ਕੇ ਇੱਕ-ਇੱਕ ਅੱਖਰ ਸਾਫ਼ ਤੇ ਅਲੱਗ ਬੋਲਣ ਦੀ ਲੋੜ ਹੁੰਦੀ ਹੈ, ਨਾ ਕਿ ਉੱਚੀ ਤੇ ਤੇਜ਼-ਤੇਜ਼ ਬੋਲ ਕੇ ਗੱਲ ਸੁਣਾਉਣ ਦੀ। ਛੇਤੀ-ਛੇਤੀ ਬੋਲਣਾ ਬਜ਼ੁਰਗਾਂ ਨੂੰ ਸੁਣਦਾ ਹੀ ਨਹੀਂ ਤੇ ਉਨ੍ਹਾਂ ਨੂੰ ਇੰਜ ਲੱਗਦਾ ਹੈ ਜਿਵੇਂ ਕੋਈ ਮੂੰਹ ਵਿਚ ਹੀ ਗੁਣਗੁਣਾ ਰਿਹਾ ਹੈ। ਜ਼ਿਆਦਾਤਰ ‘ਕ’, ‘ਟ’, ‘ਸ’, ‘ਪ’ ਤੇ ‘ਚ’ ਸੁਣਨ ਵਿਚ ਦਿੱਕਤ ਆਉਂਦੀ ਹੈ।

ਕਈ ਬਜ਼ੁਰਗਾਂ ਦੇ ਕੰਨਾਂ ਵਿੱਚੋਂ ਲੰਮੇ ਵਾਲ ਬਾਹਰ ਨਿਕਲਦੇ ਦਿਸਣ ਲੱਗ ਪੈਂਦੇ ਹਨ।

(17). ਚਮੜੀ :-

ਵਡੇਰੀ ਉਮਰ ਵਿਚ ਚਮੜੀ ਪਤਲੀ ਖ਼ੁਰਦਰੀ ਤੇ ਝੁਰੜੀਆਂ ਨਾਲ ਭਰ ਜਾਂਦੀ ਹੈ। ਜਿਹੜੇ ਜਣੇ ਬਹੁਤੀ ਧੁੱਪ ਵਿਚ ਨਾ ਫਿਰਦੇ ਰਹੇ ਹੋਣ, ਉਹ ਆਪਣੀ ਉਮਰ ਤੋਂ ਛੋਟੇ ਲੱਗਦੇ ਹਨ ਕਿਉਂਕਿ ਉਨ੍ਹਾਂ ਦੀ ਚਮੜੀ ਓਨੀ ਖ਼ਰਾਬ ਨਹੀਂ ਹੁੰਦੀ।

ਚਮੜੀ ਵਿਚ ਕੋਲਾਜਨ ਤੇ ਈਲਾਸਟਿਨ ਘਟਣ ਕਾਰਨ ਚਮੜੀ ਛੇਤੀ ਫਟਣ ਲੱਗ ਪੈਂਦੀ ਹੈ। ਚਮੜੀ ਹੇਠਲੀ ਥਿੰਦੇ ਦੀ ਪਰਤ ਵੀ ਪਤਲੀ ਹੋ ਜਾਂਦੀ ਹੈ ਜੋ ਸਰੀਰ ਅੰਦਰਲੀ ਗਰਮੀ ਨੂੰ ਬਾਹਰ ਨਿਕਲਣ ਤੋਂ ਰੋਕ ਨਹੀਂ ਸਕਦੀ ਤੇ ਵਡੇਰੀ ਉਮਰ ਵਿਚ ਛੇਤੀ ਠੰਡ ਲੱਗਣ ਦੇ ਆਸਾਰ ਵੱਧ ਜਾਂਦੇ ਹਨ। ਚਮੜੀ ਵਿੱਚ ਦਿਮਾਗ਼ ਵੱਲੋਂ ਆਉਂਦੀਆਂ ਨਸਾਂ ਵੀ ਘੱਟ ਹੋ ਜਾਂਦੀਆਂ ਹਨ। ਇਸੇ ਲਈ ਪੀੜ, ਤਾਪਮਾਨ ਤੇ ਦਬਾਓ ਨੂੰ ਮਹਿਸੂਸ ਕਰਨ ਦੀ ਤਾਕਤ ਵੀ ਘੱਟ ਜਾਂਦੀ ਹੈ ਜਿਸ ਸਦਕਾ ਸੱਟਾਂ ਲੱਗਣ ਦਾ ਛੇਤੀ ਪਤਾ ਨਹੀਂ ਲਗਦਾ। ਚਮੜੀ ਵਿਚ ਪਸੀਨੇ ਦੇ ਗਲੈਂਡ ਵੀ ਘੱਟ ਜਾਂਦੇ ਹਨ ਤੇ ਲਹੂ ਦੀਆਂ ਨਾੜੀਆਂ ਵੀ। ਇਨ੍ਹਾਂ ਕਰਕੇ ਗਰਮੀਆਂ ਵਿਚ ਸਰੀਰ ਵਾਧੂ ਗਰਮੀ ਪਸੀਨੇ ਰਾਹੀਂ ਬਾਹਰ ਨਹੀਂ ਕੱਢ ਸਕਦਾ ਤੇ ਹੀਟ ਸਟਰੋਕ ਹੋਣ ਦਾ ਖ਼ਤਰਾ ਕਈ ਗੁਣਾਂ ਵੱਧ ਹੋ ਜਾਂਦਾ ਹੈ। ਚਮੜੀ ਗੰਦਗੀ ਬਾਹਰ ਕੱਢਣ ਵਿਚ ਅਸਮਰੱਥ ਹੋ ਜਾਂਦੀ ਹੈ ਤੇ ਰੰਗ ਦੇਣ ਵਾਲੇ ਮੇਲੈਨੋਸਾਈਟ ਸੈੱਲ ਵੀ ਘੱਟ ਜਾਂਦੇ ਹਨ। ਸੋ ਅਲਟਰਾਵਾਇਲਟ ਕਿਰਨਾਂ ਤੋਂ ਹੋ ਰਹੇ ਮਾੜੇ ਅਸਰਾਂ ਤੋਂ ਬਚਾਓ ਨਹੀਂ ਹੋ ਸਕਦਾ ਤੇ ਚਮੜੀ ਉੱਤੇ ਕਾਲੇ ਧੱਬੇ ਜਾਂ ਤਿਲ ਬਣਨੇ ਸ਼ੁਰੂ ਹੋ ਜਾਂਦੇ ਹਨ।

ਚਮੜੀ ਵਿਟਾਮਿਨ ਡੀ ਵੀ ਘੱਟ ਬਣਾਉਣ ਲੱਗ ਪੈਂਦੀ ਹੈ ਜਿਸ ਕਰਕੇ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ।

(18). ਮੂੰਹ ਅਤੇ ਨੱਕ :-

ਆਮ ਤੌਰ ਉੱਤੇ ਪੰਜਾਹ ਸਾਲਾਂ ਦੀ ਉਮਰ ਉੱਤੇ ਸੁਆਦ ਚੱਖਣ ਤੇ ਖੁਸ਼ਬੋ ਸੁੰਘਣ ਦੀ ਸ਼ਕਤੀ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ।

ਨੱਕ ਅੰਦਰਲੀ ਪਰਤ ਪਤਲੀ ਹੋਣ ਤੇ ਜੀਭ ਉੱਪਰਲੇ ਸੁਆਦ ਚੱਖਣ ਵਾਲੇ ਸੈੱਲ ਘਟਣ ਨਾਲ ਬਹੁਤੀਆਂ ਚੀਜ਼ਾਂ ਖੁਸ਼ਬੋ ਰਹਿਤ ਅਤੇ ਬਕਬਕੀਆਂ ਜਾਪਣ ਲੱਗ ਪੈਂਦੀਆਂ ਹਨ। ਮੂੰਹ ਅੰਦਰ ਘੱਟ ਥੁੱਕ ਬਣਨ ਨਾਲ ਮੂੰਹ ਸੁੱਕਾ ਮਹਿਸੂਸ ਹੁੰਦਾ ਰਹਿੰਦਾ ਹੈ। ਜਬਾੜਾ ਹੇਠਾਂ ਢਿਲਕ ਜਾਣ ਨਾਲ ਵੀ ਮੂੰਹ ਕੁੱਝ ਖੁੱਲਾ ਰਹਿ ਜਾਂਦਾ ਹੈ ਤੇ ਮੂੰਹ ਰਾਹੀਂ ਸਾਹ ਲੈਣ ਨਾਲ ਵੀ ਮੂੰਹ ਸੁੱਕਾ ਮਹਿਸੂਸ ਹੁੰਦਾ ਹੈ।

ਮਸੂੜਿਆਂ ਦੇ ਸੁੰਗੜ ਜਾਣ ਕਾਰਨ ਇਨ੍ਹਾਂ ਵਿੱਚੋਂ ਦੰਦਾਂ ਦੀਆਂ ਜੜ੍ਹਾਂ ਬਾਹਰ ਨਿਕਲ ਆਉਂਦੀਆਂ ਹਨ ਤੇ ਦੰਦਾਂ ਵਿਚ ਕੀੜਾ ਲੱਗਣ ਤੇ ਦੰਦ ਖੁਰਨ ਦੇ ਆਸਾਰ ਵੱਧ ਜਾਂਦੇ ਹਨ। ਵਧਦੀ ਉਮਰ ਨਾਲ ਨੱਕ ਵਿੱਚੋਂ ਲੰਮੇ ਵਾਲ ਦਿਸਣ ਲਗ ਪੈਂਦੇ ਹਨ, ਨੱਕ ਥੋੜਾ ਲੰਮਾ ਹੋ ਜਾਂਦਾ ਹੈ ਤੇ ਇਸ ਦੀ ਨੋਕ ਰਤਾ ਕੁ ਅਗਾਂਹ ਢਿਲਕ ਜਾਂਦੀ ਹੈ।

ਸਾਰ :-

ਵਧਦੀ ਉਮਰ ਨਾਲ ਹੋ ਰਹੇ ਬਦਲਾਓ ਕਿਸੇ ਵੀ ਪਾਸਿਓਂ ਢਹਿੰਦੀ ਕਲਾ ਵੱਲ ਜਾਣ ਦਾ ਕਾਰਨ ਨਹੀਂ ਹਨ। ਚੇਤੇ ਰਹੇ ਕਿ ਪੱਕਿਆ ਹੋਇਆ ਫਲ ਹੀ ਮਿੱਠਾ ਹੁੰਦਾ ਹੈ। ਕੌੜੇ ਮਿੱਠੇ ਤਜਰਬਿਆਂ ਨਾਲ ਭਰਪੂਰ ਹੋ ਕੇ ਇਸ ਉਮਰ ਉੱਤੇ ਪਹੁੰਚਣਾ ਤੇ ਹੋਰਨਾਂ ਨੂੰ ਸੇਧ ਦੇਣ ਯੋਗ ਬਣਨਾ ਆਪਣੇ ਆਪ ਵਿੱਚ ਹੀ ਇਕ ਮਿਸਾਲ ਹੈ।

ਜਿੱਥੇ ਅਨੇਕ ਲੋਕ ਐਕਸੀਡੈਂਟਾਂ ਨਾਲ ਛੋਟੀ ਉਮਰੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਹੋਣ, ਅਨੇਕ ਜੰਮਦੇ ਸਾਰ ਆਖ਼ਰੀ ਸਾਹ ਲੈ ਲੈਂਦੇ ਹੋਣ ਤੇ ਕਈ ਜਾਨਲੇਵਾ ਬੀਮਾਰੀਆਂ ਨਾਲ ਜੂਝਦੇ ਚੜ੍ਹਦੀ ਜਵਾਨੀ ਵਿਚ ਅੱਡੀਆਂ ਰਗੜ ਕੇ ਮਰ ਜਾਂਦੇ ਹੋਣ, ਉੱਥੇ ਕਿਸਮਤਾਂ ਵਾਲੇ ਹੀ 60 ਸਾਲਾਂ ਦੀ ਦਹਿਲੀਜ਼ ਪਾਰ ਕਰਦੇ ਹਨ। ਇਸੇ ਲਈ ਝੂਰਨਾ ਛੱਡ ਕੇ ਸ਼ੁਕਰਾਨਾ ਕਰਨ ਦੀ ਲੋੜ ਹੈ। ਟੀਚਾ ਮਿਥਣ ਨਾਲ ਸਮਾਂ ਲੰਘਣ ਦਾ ਪਤਾ ਹੀ ਨਹੀਂ ਲੱਗਦਾ। ਦੋਸਤੀਆਂ ਗੰਢਣੀਆਂ ਤੇ ਹੱਸਣਾ ਇਸ ਉਮਰ ਵਿਚ ਬਹੁਤ ਜ਼ਰੂਰੀ ਹੈ। ਇਕ ਸਾਥੀ ਦੀ ਲੋੜ ਇਸ ਉਮਰ ਵਿਚ ਬਹੁਤ ਹੁੰਦੀ ਹੈ।

ਵਧਦੀ ਉਮਰ ਵਿਚ ਵੀ ਜਵਾਨ ਦਿਸਣ ਅਤੇ ਨੌਜਵਾਨਾਂ ਵਰਗੀ ਤਾਕਤ ਮਹਿਸੂਸ ਕਰਦੇ ਰਹਿਣ ਲਈ ਤਿੰਨ ਨੁਕਤੇ ਅਤਿ ਜ਼ਰੂਰੀ ਹਨ-ਸੰਤੁਲਿਤ ਖ਼ੁਰਾਕ, ਖੁਸ਼ ਰਹਿਣਾ ਤੇ ਰੋਜ਼ ਦੀ ਕਸਰਤ ! ਹਾਲੇ ਵੀ ਦੇਰ ਨਹੀਂ ਹੋਈ। ਅੱਜ ਤੋਂ ਹੀ ਸ਼ੁਰੂ ਕਰਨ ਵਿਚ ਕੋਈ ਹਰਜ਼ ਨਹੀਂ। ਰੱਬ ਰਾਖਾ ! !

Most Viewed Posts