ਜ਼ਬਾਨ ਦੀ ਮਹੱਤਤਾ ਤੇ ਪਸਾਰ

0
198

ਜ਼ਬਾਨ ਦੀ ਮਹੱਤਤਾ ਤੇ ਪਸਾਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜੀਵ-ਵਿਗਿਆਨ ਵਿਚ ਕੀੜਿਆਂ ਦੀਆਂ ਕਿਸਮਾਂ ਪੜ੍ਹਾਉਣ ਲੱਗਿਆਂ ਕਈ ਗਰੁੱਪ ਪੜ੍ਹਾਏ ਜਾਂਦੇ ਹਨ। ਹਰ ਗਰੁੱਪ ਵਿਚਲੇਕੀੜਿਆਂ ਨੂੰ ਵੱਖੋ-ਵੱਖ ਮੰਨ ਕੇ ਸਿਰਫ਼ ਇਕ ਕੀੜੇ ਬਾਰੇ ਪੂਰੀ ਜਾਣਕਾਰੀ ਦੱਸਣ ਬਾਅਦ ਕਿ ਇਸ ਦੇ ਖੰਭ, ਆਵਾਜ਼, ਮੂੰਹ, ਲੱਤਾਂ, ਸਰੀਰ ਉੱਪਰਲੇ ਵਾਲ, ਮਾਦਾ ਨੂੰ ਰਿਝਾਉਣ ਦੇ ਤਰੀਕੇ ਆਦਿ ਸਮਝ ਕੇ, ਉਸੇ ਗਰੁੱਪ ਦੇ ਹੋਰ ਕੀੜਿਆਂ ਨੂੰ ਵੱਖ-ਵੱਖ ਨਹੀਂ ਪੜ੍ਹਿਆ ਜਾਂਦਾ। ਇੰਜ ਹੀ ਦੂਜੇ ਗਰੁੱਪ ਦੇ ਕੀੜਿਆਂ ਵਿੱਚੋਂ ਇਕ ਬਾਰੇ ਸਮਝ ਕੇ ਉਸ ਦੇ ਬਾਕੀ ਗਰੁੱਪਾਂ ਨਾਲੋਂ ਕੀ ਵੱਖ ਗੁਣ ਹਨ, ਉਸ ਬਾਰੇ ਪੜ੍ਹਿਆ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਹਨ੍ਹੇਰੇ ਵਿਚ ਵੀ ਇਕੱਲੀ ਆਵਾਜ਼ ਰਾਹੀਂ ਪਤਾ ਲਾਇਆਜਾ ਸਕਦਾ ਹੈ ਕਿ ਇਹ ਕਿਹੜਾ ਕੀੜਾ ਹੈ।

ਬਿਲਕੁਲ ਇੰਜ ਹੀ ਘੋੜਿਆਂ ਦੀਆਂ ਨਸਲਾਂ, ਖੱਚਰ, ਗਾਂ, ਮੱਝ, ਕਾਂ, ਚਿੜੀ, ਬਟੇਰ, ਘੁੱਗੀ ਆਦਿ ਦੇ ਵੱਖੋ-ਵੱਖ ਗਰੁੱਪ ਉਨ੍ਹਾਂ ਦੀ ਬਾਹਰੀ ਦਿਖ ਤੇ ਉਨ੍ਹਾਂ ਦੇ ਖਾਣ-ਪੀਣ, ਜੀਣ ਆਦਿ ਦੇ ਢੰਗ ਤੋਂ ਬਣਾਏ ਗਏ ਹਨ। ਸਾਹਮਣੇ ਨਾ ਵੀ ਦਿਸ ਰਹੇ ਹੋਣ, ਫਿਰ ਵੀ ਉਨ੍ਹਾਂ ਦੀ ਆਵਾਜ਼ ਤੋਂ ਹੀ ਪਛਾਣੇ ਜਾ ਸਕਦੇ ਹਨ ਕਿ ਹਿਣਕ ਰਿਹਾ ਹੈ ਤਾਂ ਕੀ ਹੈ, ਭੌਂਕ ਰਿਹਾ ਹੈ ਤਾਂ ਕੀ ਹੈ, ਆਦਿ।

ਜੇ ਸਾਰੇ ਕੀੜੇ ਇੱਕੋ ਤਰ੍ਹਾਂ ਦੇ ਹੋਣ ਤੇ ਸਭ ਦਾ ਖਾਣਾ ਪੀਣਾ ਇੱਕੋ ਜਿਹਾ ਹੋਵੇ ਅਤੇ ਜੀਣ ਦਾ ਇੱਕੋ ਢੰਗ ਹੋਵੇ ਤਾਂ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕਣ ਲੱਗੇ ਕਿਉਂਕਿ ਖਾਣਾ ਪੀਣਾ ਖ਼ਤਮ ਹੁੰਦੇ ਸਾਰ ਸਭ ਇਕ ਦੂਜੇ ਨੂੰ ਮਾਰ ਕੇ ਆਪ ਜ਼ਿੰਦਾ ਰਹਿਣ ਲਈ ਢਿੱਡ ਭਰਨ ਬਾਰੇ ਸੋਚਣ ਲੱਗ ਪੈਣਗੇ। ਇੰਜ ਹੀ ਜੇ ਸਾਰੇ ਸਿਰਫ਼ ਸ਼ੇਰ ਹੀ ਹੋਣਗੇ ਤੇ ਹੋਰ ਕੋਈ ਜਾਨਵਰ ਨਹੀਂ ਹੋਏਗਾ ਤਾਂ ਇਕ ਦੂਜੇ ਨੂੰ ਮਾਰ ਘੱਤਣਗੇ।

ਇਸੇ ਲਈ ਕੁਦਰਤ ਨੇ ਸਭ ਨੂੰ ਵੱਖਰਾ ਦਰਸਾਉਣ ਲਈ ਉਨ੍ਹਾਂ ਦੀ ਆਵਾਜ਼, ਉਨ੍ਹਾਂ ਦੇ ਖਾਣ-ਪੀਣ ਤੋਂ ਲੈ ਕੇ ਬੱਚੇ ਜੰਮਣ ਜਾਂ ਅੰਡਾ ਦੇਣ ਤੱਕ ਦਾ ਢੰਗ ਵੱਖ ਕੀਤਾ ਹੋਇਆ ਹੈ। ਕੁਦਰਤ ਦਾ ਕਮਾਲ ਵੇਖੋ ਕਿ ਸੁੰਡੀਆਂ ਖਾਣ ਵਾਲੇ ਪੰਛੀ ਦੇ ਮਰਨ ਬਾਅਦ ਹੋਰ ਸੁੰਡੀਆਂ ਉਸੇ ਪੰਛੀ ਨੂੰ ਖਾ ਜਾਂਦੀਆਂ ਹਨ। ਸਭ ਵੱਖ ਹੁੰਦੇ ਹੋਏ ਵੀ ਇਕ ਦੂਜੇ ਦੇ ਪੂਰਕ ਬਣੇ ਹੋਏ ਹਨ, ਇਸੇ ਲਈ ਸਭ ਜ਼ਿੰਦੇ ਹਨ ਤੇ ਵਧ ਫੁੱਲ ਰਹੇ ਹਨ।

ਇਹੋ ਕੁੱਝ ਮਨੁੱਖ ਉੱਤੇ ਲਾਗੂ ਹੁੰਦਾ ਹੈ। ਵੱਖ ਪਛਾਣ, ਵੱਖ ਰੀਤ-ਰਿਵਾਜ਼, ਵੱਖ ਖਾਣ ਪੀਣ, ਸਾਹਿਤ, ਸੱਭਿਆਚਾਰ ਆਦਿ ਇਨ੍ਹਾਂ ਨੂੰ ਵੱਖੋ-ਵੱਖ ਗਰੁੱਪਾਂ ਵਿਚ ਵੰਡ ਚੁੱਕਿਆ ਹੈ। ਇਨ੍ਹਾਂ ਵਿੱਚੋਂ ਜਦੋਂ ਕੋਈ ਸਾਹਮਣੇ ਨਾ ਵੀ ਦਿਸ ਰਿਹਾ ਹੋਵੇ ਤਾਂ ਪਛਾਣ ਰਹਿ ਜਾਂਦੀ ਹੈ ਸਿਰਫ ਆਵਾਜ਼ ਯਾਨੀ ‘ਜ਼ਬਾਨ’।

ਜੀਉਣ ਦੇ ਵੱਖੋ-ਵੱਖ ਢੰਗ ਤਰੀਕੇ, ਜ਼ਬਾਨ ਤੇ ਸੱਭਿਆਚਾਰ ਹੀ ਇਕ ਗਰੁੱਪ ਦੇ ਮਨੁੱਖਾਂ ਨੂੰ ਦੂਜੇ ਗਰੁੱਪ ਪ੍ਰਤੀ ਖਿੱਚ ਦਰਸਾਉਣ ਦਾ ਕਾਰਨ ਹੈ ਕਿ ਇਨ੍ਹਾਂ ਵਿਚ ਕੀ ਵੱਖ ਹੈ, ਉਹ ਸਮਝਿਆ ਜਾਵੇ, ਜਿਵੇਂ ਕੀੜਿਆਂ ਦੇ ਗਰੁੱਪ ਪੜ੍ਹੇ ਜਾਂਦੇ ਹਨ !

ਜੇ ਇਹ ਸਾਰੇ ਮਨੁੱਖ ਆਪੋ ਆਪਣੀ ਪਛਾਣ ਗੁਆ ਕੇ ਸਿਰਫ਼ ਇੱਕੋ ਸੱਭਿਆਚਾਰ, ਇੱਕੋ ਜ਼ਬਾਨ, ਇੱਕੋ ਪਹਿਰਾਵਾ, ਰੀਤ-ਰਿਵਾਜ਼, ਖਾਣ-ਪੀਣ ਤੇ ਸਾਹਿਤ ਅਪਣਾ ਲੈਣ ਤਾਂ ਸਾਰਿਆਂ ਦਾ ਅਗਾਂਹ ਵਧਣ ਦਾ ਇੱਕੋ ਨਿਸ਼ਾਨਾ ਹੋਵੇਗਾ ਤੇ ਸਾਰੇ ਇਕ ਦੂਜੇ ਨੂੰ ਦੁਸ਼ਮਨ ਮੰਨ, ਦੂਜੇ ਨੂੰ ਢਾਅ ਕੇ ਅਗਾਂਹ ਲੰਘਣ ਦੀ ਕੋਸ਼ਿਸ਼ ਵਿਚ ਜੁੱਟਜਾਣਗੇ।

ਯਾਨੀ, ਇਕ ਦੂਜੇ ਨੂੰ ਜਾਣਨ ਦੀ ਖਿੱਚ ਖ਼ਤਮ ਹੁੰਦੇ ਸਾਰ ਸਿਰਫ਼ ਕੰਪੀਟੀਸ਼ਨ ਕਰਨ ਵਾਲਾ ਇਕ ਜੀਅ ਦਿਸਣਾ ਸ਼ੁਰੂ ਹੋ ਜਾਂਦਾ ਹੈ।

ਦੁਨੀਆਂ ਭਰ ਦੇ ਚਿੰਤਕ ਸਿਰਫ਼ ਇਹੀ ਨੁਕਤਾ ਸਮਝਾਉਣ ਵਿਚ ਜੁਟੇ ਹਨ ਕਿ ਜ਼ਬਾਨ ਨੂੰ ਸੰਭਾਲ ਕੇ ਰੱਖਣ ਨਾਲ ਜਿੱਥੇ ਵਿਰਸਾ ਸੁਰੱਖਿਅਤ ਰਹਿੰਦਾ ਹੈ, ਉੱਥੇ ਵੱਖ ਪਛਾਣ ਵੀ ਬਚ ਜਾਂਦੀ ਹੈ ਜੋ ਦੂਜੇ ਗਰੁੱਪ ਨੂੰ ਦੁਸ਼ਮਨ ਬਣਾਉਣ ਦੀ ਥਾਂ ਉਸ ਨਾਲ ਸਾਂਝ ਗੰਢਣ ਦਾ ਕੰਮ ਕਰਦੀ ਹੈ।

ਮਸਲਨ, ਪੰਜਾਬੀ ਤੇ ਤਾਮਿਲ ਮਿਲ ਜਾਣ ਤਾਂ ਇਕ ਦੂਜੇ ਤੋਂ ਉਨ੍ਹਾਂ ਦੇ ਵੱਖ ਤਿਉਹਾਰਾਂ, ਵੱਖ ਸਾਹਿਤ, ਵੱਖ ਖਾਣ-ਪੀਣ ਤੇ ਜੀਊਣ ਦਾ ਢੰਗ ਪੁੱਛਣ, ਤਾਂ ਕੋਈ ਤਾਂ ਹਲ ਹੋ ਸਕਦਾ ਹੈ ਪਰ, ਜੇ ਦੁਨੀਆਂ ਭਰ ਵਿਚ ਸਾਰੇ ਹੀ ਅੰਗਰੇਜ਼ ਬਣਨ ਦੀ ਕੋਸ਼ਿਸ਼ ਵਿਚ ਜੁਟੇ ਹੋਣ, ਸਭ ਉਹੀ ਪਹਿਰਾਵੇ ਨੂੰ ਤਰਜੀਹ ਦੇਣ, ਇੱਕੋ ਜ਼ਬਾਨ ਬੋਲਣ ਤੇ ਇੱਕੋ ਟੀਚੇ ਤੱਕ ਪਹੁੰਚਣ ਨੂੰ ਤਰਜੀਹ ਦੇਣ ਲੱਗ ਪੈਣ ਤਾਂ ਆਪੋ ਵਿਚ ਕੌੜ ਪੈਦਾ ਹੋਣੀ ਸੁਭਾਵਿਕ ਹੈ ਕਿ ਦੂਜਾ ਜਣਾ ਮੇਰਾ ਹੱਕ ਖੋਹਣ ਲੱਗ ਪਿਆ ਹੈ !

ਕਿਸੇ ਗਰੁੱਪ ਦੇ ਮਨੁੱਖ ਦੂਜੇ ਤੋਂ ਨੀਵੇਂ ਨਹੀਂ ਹੁੰਦੇ ਕਿਉਂਕਿ ਉਹ ਆਪੋ ਆਪਣੀ ਵੱਖ ਪਛਾਣ ਸਦਕਾ ਕਿਸੇ ਮੁਕਾਬਲੇ ਵਿਚ ਹਨ ਹੀ ਨਹੀਂ।

ਕੋਈ ਪੰਜਾਬੀ ਫਰਾਂਸੀਸੀ ਸਿੱਖੇ, ਚੀਨੀ ਜ਼ਬਾਨ ਸਿੱਖੇ, ਅੰਗਰੇਜ਼ੀ, ਰੂਸੀ ਆਦਿ ਕੋਈ ਵੀ ਸਿੱਖ ਲਵੇ, ਆਪਣੇ ਗਿਆਨ ਵਿਚ ਵਾਧਾ ਕਰ ਰਿਹਾ ਹੋਵੇਗਾ ਤੇ ਦੂਜੇ ਗਰੁੱਪ ਵਾਲਿਆਂ ਲਈ ਸਾਂਝ ਗੰਢਣ ਦਾ ਕੰਮ ਵੀ ਕਰੇਗਾ ਪਰ, ਜਿਉਂ ਹੀ ਉਹ ਆਪਣੀ ਪਛਾਣ ਗੁਆ ਕੇ ਅਜਿਹੇ ਗਰੁੱਪ ਵਿਚ ਵੜੇਗਾ, ਉਹ ਮੁਕਾਬਲੇ ਵਿਚਗਿਣਿਆ ਜਾਏਗਾ। ਇਸੇ ਲਈ ਆਪਣੀ ਜ਼ਬਾਨ ਤੇ ਪਛਾਣ ਰੱਖਣੀ ਇਸ ਵੇਲੇ ਦੀ ਲੋੜ ਬਣ ਚੁੱਕੀ ਹੈ। ਦੁਨੀਆਂ ਭਰ ਦੇ ਭਾਸ਼ਾ ਵਿਗਿਆਨੀ ਇਸੇ ਲਈ ਜ਼ੋਰ ਪਾ ਰਹੇ ਹਨ ਕਿ ਆਪੋ ਆਪਣੀ ਜ਼ਬਾਨ ਨੂੰ ਬਚਾਉਣ ਤੇ ਪ੍ਰਫੁਲਿਤ ਕਰਨ ਉੱਤੇ ਤਵੱਜੋ ਦਿਓ, ਤਾਂ ਜੋ ਤੁਸੀਂ ਸਭ ਵਰਗੇ ਹੁੰਦੇ ਹੋਏ ਵੀ ਆਪਣੀ ਵੱਖ ਪਛਾਣ ਕਾਇਮ ਰੱਖ ਸਕੋ।

ਜਿਵੇਂ ਰੋਜ਼ ਕੋਈ ਨਾ ਕੋਈ ਜ਼ਬਾਨ ਮਰਨ ਵੱਲ ਚਾਲੇ ਪਾ ਰਹੀ ਹੈ, ਉਸ ਗਰੁੱਪ ਦੀ ਕੋਈ ਅਲੱਗ ਪਛਾਣ ਬਚਣੀ ਹੀ ਨਹੀਂ ਤੇ ਅਜਿਹੇ ਮਨੁੱਖ ਬਿਨ੍ਹਾਂ ਜੜ੍ਹ ਦਾ ਰੁਖ ਬਣ ਕੇ ਰਹਿ ਜਾਣੇ ਹਨ।

ਮਨੁੱਖੀ ਗਰੁੱਪ ਵਿਚਲੀ ਜ਼ਬਾਨ ਬਚਾਉਣ ਦੇ ਪੰਜ ਤਰੀਕੇ ਹਨ- ਉਹ ਜ਼ਬਾਨ ‘ਪੜ੍ਹੀ’, ‘ਲਿਖੀ’, ‘ਬੋਲੀ’, ‘ਸੁਣੀ’ ਤੇ ‘ਵੇਖੀ’ ਜਾ ਰਹੀ ਹੋਵੇ। ਇਨ੍ਹਾਂ ਪੰਜਾਂ ਤਰੀਕਿਆਂ ਵਿੱਚੋਂ ਇਕ ਵੀ ਤਰੀਕਾ ਜੇ ਘੱਟ ਰਹਿ ਜਾਵੇ ਤਾਂ ਉਸ ਜ਼ਬਾਨ ਦਾ ਘੇਰਾ ਭੀੜਾ ਹੋ ਜਾਂਦਾ ਹੈ। ਮਸਲਨ, ਸਿਰਫ਼ ਸੁਣੀ ਤੇ ਬੋਲੀ ਜਾ ਰਹੀ ਹੋਵੇ ਪਰ ਪੜ੍ਹਨ, ਲਿਖਣ, ਵੇਖਣ ਖੁਣੋਂ ਰਹਿ ਜਾਣ ਕਾਰਨ ਪਹਿਲੀ ਪੁਸ਼ਤ ਤੋਂ ਹੀ ਲਗਭਗ 25 ਪ੍ਰਤੀਸ਼ਤ ਸ਼ਬਦ ਲੋਪ ਹੋ ਜਾਂਦੇ ਹਨ ਜੋ ਸਿਰਫ਼ ਸਾਹਿਤ ਰਾਹੀਂ ਰਚੇ ਜਾ ਰਹੇ ਹੋਣ। ਦੂਜੀ ਪੁਸ਼ਤ ਵਿਚ 60 ਪ੍ਰਤੀਸ਼ਤ ਤੇ ਤੀਜੀ ਉੱਤੇ ਲਗਭਗ ਖ਼ਤਮ।

ਕਿਸੇ ਵੀ ਜ਼ਬਾਨ ਦਾ ਪਸਾਰ ਦਾ ਮਤਲਬ ਹੁੰਦਾ ਹੈ ਕਿ ਹੋਰ ਗਰੁੱਪਾਂ ਵਾਲੇ ਵੀ ਉਸ ਨੂੰ ਪੜ੍ਹਨਾ ਚਾਹੁਣ। ਇਸ ਲਈ ਜ਼ਰੂਰੀ ਹੈ ਕਿ ਸ਼ੁਰੂ ਵਿਚ ਇਕ ਗਰੁੱਪ ਵਿਚਲਾ ਸਾਹਿਤ ਦੂਜੇ ਗਰੁੱਪ ਦੀ ਜ਼ਬਾਨ ਵਿਚ ਤਰਜਮਾ ਕਰ ਕੇ ਛਾਪਿਆ ਜਾਵੇ।

ਜੇ ਜ਼ਬਾਨ ਦਾ ਪਸਾਰ ਹੀ ਨਾ ਹੋ ਰਿਹਾ ਹੋਵੇ ਤੇ ਗਰੁੱਪ ਅੰਦਰ ਵੀ ਜ਼ਬਾਨ ਹਰ ਬੱਚੇ ਵੱਲੋਂ ਲਿਖੀ, ਪੜ੍ਹੀ ਅਤੇ ਬੋਲੀ ਨਾ ਜਾ ਰਹੀ ਹੋਵੇ ਤਾਂ ਪੂਰੇ ਗਰੁੱਪ ਦਾ ਹੀ ਘੇਰਾ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ। ਜਿੰਨੇ ਪੜ੍ਹਨ, ਲਿਖਣ ਤੇ ਬੋਲਣ ਵਾਲੇ ਘਟਦੇ ਜਾਣ, ਉਸ ਗਰੁੱਪ ਦੀ ਵੱਖ ਪਛਾਣ ਦੇ ਖ਼ਤਮ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।

ਪੰਜਾਬੀ ਜ਼ਬਾਨ ਸਮੇਤ ਸੈਂਕੜੇ ਹੋਰ ਜ਼ਬਾਨਾਂ ਨੂੰ ਇਸੇ ਲਈ ਖ਼ਤਰੇ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ ਕਿਉਂਕਿ ਇਸ ਜ਼ਬਾਨ ਵਿਚ ਬਹੁਗਿਣਤੀ ਬੱਚੇ ਲਿਖ ਤੇ ਪੜ੍ਹ ਨਹੀਂ ਰਹੇ। ਨਿਰੀ ਬੋਲਣ ਚਾਲਣ ਨਾਲ ਇਸ ਦਾ ਘੇਰਾ ਪੁਸ਼ਤ-ਦਰ-ਪੁਸ਼ਤ ਘਟਦਾ ਜਾਣਾ ਹੈ। ਉੱਤੋਂ ਮਾਰ ਇਹ ਕਿ ਕਿਤਾਬਾਂ ਤੋਂ ਬਾਹਰ ਵੇਖਣ ਨੂੰ ਵੀ ਇਹ ਜ਼ਬਾਨ ਕਿਤੇ-ਕਿਤੇ ਹੀ ਦਿਸਦੀ ਹੈ, ਬਾਕੀ ਹਰ ਬੋਰਡ ਉੱਤੇ ਪੰਜਾਬੀ ਦਾ ਸੰਸਕ੍ਰਿਤੀਕਰਨ ਜਾਂ ਹਿੰਦੀ ਤੇ ਅੰਗਰੇਜ਼ੀ ਹੀ ਦਿਸ ਰਹੇ ਹਨ।

ਦਿਮਾਗ਼ ਵਿਚ ਅੱਖਾਂ ਰਾਹੀਂ ਛਪਣ ਵਾਲੇ ਬੋਲੀ ਦੇ ਅੱਖ਼ਰ ਲੋਪ ਹੁੰਦੇ ਸਾਰ ਦਿਮਾਗ਼ ਦੀ ਹਾਰਡ ਡਿਸਕ ਉਨ੍ਹਾਂ ਅੱਖਰਾਂ ਨੂੰ ਬੇਲੋੜੇ ਸਮਝ ਛੱਡ ਦਿੰਦੀ ਹੈ ਤੇ ਦੂਜੀ ਜ਼ਬਾਨ ਦੇ ਅੱਖਰ ਸਮੋ ਲੈਂਦੀ ਹੈ।

ਜ਼ਬਾਨ ਬਚਣ ਦੇ ਆਸਾਰ ਬਾਰੇ ਮੌਜੂਦਾ ਪੁਸ਼ਤ ਵਾਲੇ ਨਹੀਂ ਸਮਝ ਸਕਦੇ ਕਿਉਂਕਿ ਉਹ ਤੀਜੀ ਪੁਸ਼ਤ ਤੱਕ ਜ਼ਬਾਨ ਦੇ ਪਸਾਰ ਬਾਰੇ ਨਹੀਂ ਸੋਚਦੇ ਤੇ ਅਣਜਾਣ ਬਣੇ ਸੰਤੁਸ਼ਟ ਰਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੋਰ ਜ਼ਬਾਨਾਂ ਰਾਹੀਂ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਰਹਿਣਗੇ।

ਹੋਰ ਜ਼ਬਾਨਾਂ ਮਾਂ ਬੋਲੀ ਦੇ ਨਾਲੋ ਨਾਲ ਸਿੱਖੀਆਂ ਜਾਣ ਤਾਂ ਤਰੱਕੀ ਹੁੰਦੀ ਹੈ ਪਰ ਹੋਰ ਜ਼ਬਾਨਾਂ ਮਾਂ ਬੋਲੀ ਨੂੰ ਮਿੱਝ ਕੇ ਸਿੱਖੀਆਂ ਜਾਣ ਤਾਂ ਦੂਜੇ ਗਰੁੱਪ ਦੀਆਂ ਅੱਖਾਂ ਵਿਚ ਰੜਕ ਪੈਦਾ ਕਰ ਦਿੰਦੀਆਂ ਹਨ ਕਿ ਇਹ ਕਿਸੇ ਵਖ ਪਛਾਣ ਵਾਲਾ ਨਹੀਂ ਬਲਕਿ ਸਾਡੇ ਵਿਚਲਾ ਹੀ ਇਕ ਬਣ ਕੇ ਮੁਕਾਬਲੇ ਲਈ ਆ ਖਲੋਤਾ ਹੈ !

ਏਨੇ ਕੁ ਨੁਕਤੇ ਜੇ ਸਮਝ ਆ ਗਏ ਹੋਣ ਤਾਂ ਪੰਜਾਬੀ ਜ਼ਬਾਨ ਦੇ ਚਿੰਤਕਾਂ ਨੂੰ ਹੰਭਲਾ ਮਾਰਨ ਦੀ ਲੋੜ ਭਾਸਦੀ ਹੈ।

ਇਸ ਲਈ :-

(1). ਆਪਣੀ ਜ਼ਬਾਨ ਵਿਚ ਰਚਿਆ ਸਾਹਿਤ ਹੋਰਨਾਂ ਜ਼ਬਾਨਾਂ ਵਿਚ ਤਰਜਮਾ ਕਰ ਕੇ ਛਾਪਿਆ ਜਾਏ।

(2). ਬੋਰਡਾਂ ਉੱਤੇ ਹਮੇਸ਼ਾ ਪਹਿਲੇ ਨੰਬਰ ਉੱਤੇ ਪੰਜਾਬੀ ਜ਼ਬਾਨ ਹੋਵੇ। ਉਸ ਦੇ ਨਾਲ ਹੇਠਾਂ ਭਾਵੇਂ ਹੋਰ ਜ਼ਬਾਨ ਵੀ ਸ਼ਾਮਲ ਕਰ ਲਈ ਜਾਏ।

(3). ਬੱਚਿਆਂ ਨੂੰ ਪੰਜਾਬੀ ਵਿਚ ਸਾਹਿਤ ਰਚਣ ਤੇ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ।

(4). ਘਰਾਂ ਵਿਚ ਤੇ ਸਕੂਲਾਂ ਦੇ ਫਰੀ ਪੀਰੀਅਡਾਂ ਵਿਚ ਬੱਚਿਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਵਿਚ ਬੋਲਣ ਲਈ ਉਤਸਾਹਿਤ ਕੀਤਾ ਜਾਵੇ।

(5). ਪੰਜਾਬੀ ਜ਼ਬਾਨ ਵਿਚ ਕਵਿਤਾ ਤੇ ਲੇਖ ਮੁਕਾਬਲੇ ਕਰਵਾਏ ਜਾਣ। ਅੰਤਰ ਕਾਲਜ ਡੀਬੇਟ ਅਤੇ ਡੈਕਲਾਮੇਸ਼ਨ ਪੰਜਾਬੀ ਵਿਚ ਹੋਣ। ਇੰਜ ਲੋਪ ਹੁੰਦੇ ਜਾਂਦੇ ਸ਼ਬਦਾਂ ਵਿਚ ਨਵੀਂ ਰੂਹ ਫੂਕੀ ਜਾਂਦੀ ਹੈ।

(6). ਪੰਜਾਬੀ ਜ਼ਬਾਨ ਕਿੱਤਾ ਮੁਹੱਈਆ ਕਰਵਾਉਣ ਜੋਗੀ ਹੋਵੇ ਤੇ ਪੰਜਾਬੀ ਦੇ ਅਧਿਆਪਿਕਾਂ ਨੂੰ ਬਾਕੀਆਂ ਨਾਲੋਂ ਕੁੱਝ ਵੱਧ ਤਨਖ਼ਾਹ ਦਿੱਤੀ ਜਾਵੇ।

(7). ਬੈਂਕਾਂ, ਕੋਰਟਾਂ ਦਾ ਕੰਮ ਪੰਜਾਬੀ ਵਿਚ ਹੋਵੇ।

(8). ਪੰਜਾਬੀ ਦੇ ਬਾਲ ਰਸਾਲਿਆਂ ਲਈ ਸਰਕਾਰ ਵੱਲੋਂ ਛੋਟ ਹੋਵੇ ਤੇ ਹਰ ਸਕੂਲ ਵਿਚ ਰੱਖਣੇ ਲਾਜ਼ਮੀ ਕੀਤੇ ਜਾਣ।

(9). ਚੌਥੀ ਜਮਾਤ ਤੱਕ ਹੋਰ ਕਿਸੇ ਜ਼ਬਾਨ ਦੇ ਆਧਾਰ ਉੱਤੇ ਗਣਿਤ ਜਾਂ ਸਾਇੰਸ ਨਾ ਪੜ੍ਹਾਈ ਜਾਵੇ।

ਇਸ ਵੇਲੇ ਦੇ ਅੰਕੜੇ ਕੁੱਝ ਗੰਭੀਰ ਹਨ ਤੇ ਚਿੰਤਾ ਦਾ ਵਿਸ਼ਾ ਇਸ ਲਈ ਬਣ ਚੁੱਕੇ ਹਨ ਕਿ ਪੰਜਾਬ ਅੰਦਰਲੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚਲੇ ਬੱਚਿਆਂ ਵਿੱਚੋਂ ਸਿਰਫ਼ 18 ਕੁ ਪ੍ਰਤੀਸ਼ਤ ਨੂੰ ਹੀ ਪੰਜਾਬੀ ਦੀ ਪੂਰੀ ਪੈਂਤੀ ਅੱਖਰੀ ਆਉਂਦੀ ਹੈ। ਦੂਜੇ ਪਾਸੇ 100 ਪ੍ਰਤੀਸ਼ਤ ਨੂੰ ਅੰਗਰੇਜ਼ੀ ਦੀ ਏ, ਬੀ, ਸੀ ਰਟੀ ਪਈ ਹੈ।

ਵਿਕਸਿਤ ਦੇਸਾਂ ਵਿਚ ਬਾਹਰੋਂ ਆ ਕੇ ਵਸਣ ਵਾਲਿਆਂ ਲਈ ਉੱਥੋਂ ਦੀ ਬੋਲੀ ਸਿੱਖਣੀ ਲਾਜ਼ਮੀ ਕੀਤੀ ਗਈ ਹੈ। ਇਸ ਦਾ ਮਕਸਦ ਇਹੋ ਹੈ ਕਿ ਬਾਹਰੋਂ ਆ ਕੇ ਉੱਥੇ ਵੱਸਣ ਵਾਲੇ ਕਿਤੇ ਆਪੋ ਆਪਣੀ ਬੋਲੀ ਨੂੰ ਪ੍ਰਫੁਲਿਤ ਕਰਨ ਲੱਗ ਪਏ ਅਤੇ ਰੁਜ਼ਗਾਰ ਦਾ ਵਧੀਆ ਸਾਧਨ ਵੀ ਜੁਟਾ ਗਏ ਤਾਂ ਉੱਥੋਂ ਦੇ ਵਸਨੀਕਾਂ ਦੀ ਜ਼ਬਾਨ ਕਿਤੇਗੁੰਮ ਨਾ ਹੋ ਜਾਏ।

ਪੰਜਾਬ ਅੰਦਰ ਨਿਰੋਲ ਪੰਜਾਬੀ ਬਾਲ ਰਸਾਲੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਹਨ। ਬਾਕੀਆਂ ਵਿਚ ਅੰਗਰੇਜ਼ੀ ਹਿੰਦੀ ਬਦੋਬਦੀ ਠੂਸ ਕੇ ਸਿਰਫ਼ ਵਿਕਰੀ ਵਧਾਉਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦਾ ਬੱਚੇ ਦੇ ਮਨ ਉੱਤੇ ਕੀ ਸਦੀਵੀ ਅਸਰ ਪੈਣਾ ਹੈ, ਉਸ ਬਾਰੇ ਕੋਈ ਚਿੰਤਿਤ ਨਹੀਂ ?

ਪ੍ਰੀ-ਨਰਸਰੀ ਸਕੂਲਾਂ ਵਿਚ ਅੰਗਰੇਜ਼ੀ ਦੀਆਂ ਕਵਿਤਾਵਾਂ ਰਟਾਈਆਂ ਜਾਂਦੀਆਂ ਹਨ ਤੇ ਏ, ਬੀ, ਸੀ ਹੀ ਸਿਖਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬੀ ਬੱਚੇ ਪੈਂਤੀ ਅੱਖਰੀ ਲੰਮੇ ਸਮੇਂ ਤੱਕ ਯਾਦ ਨਹੀਂ ਰੱਖ ਸਕਦੇ। ਬਥੇਰੇ ਬੱਚੇ ਲਿਖੇ ਅੱਖਰ ਪਛਾਨਣ ਵਿਚ ਵੀ ਗੜਬੜ ਕਰ ਜਾਂਦੇ ਹਨ।

ਏਨਾ ਕੁੱਝ ਜਾਣ ਲੈਣ ਬਾਅਦ ਕੁੱਝ ਹੋਰ ਸਪਸ਼ਟ ਕਰਨ ਨੂੰ ਨਹੀਂ ਰਹਿ ਜਾਂਦਾ ਕਿ ਕਿਉਂ ਵਿਸ਼ਵ ਪੱਧਰ ਦੇ ਭਾਸ਼ਾ ਵਿਗਿਆਨੀਆਂ ਨੇ ਪੰਜਾਬੀ ਜ਼ਬਾਨ ਨੂੰ ਖ਼ਤਰੇ ਦੇ ਦਾਇਰੇ ਅੰਦਰ ਮੰਨ ਲਿਆ ਹੈ ਤੇ ਇਸ ਨੂੰ ਬਚਾਉਣ ਲਈ ਕੀ ਯਤਨ ਤੁਰੰਤ ਕਰਨ ਦੀ ਲੋੜ ਹੈ ? ਇਹ ਵੀ ਸਪਸ਼ਟ ਹੋ ਚੁੱਕਿਆ ਹੈ।