ਸਿੱਖ ਪੰਥ-ਗੁਰੂ ਗ੍ਰੰਥ ਬਨਾਮ ਬਿਪਰਵਾਦੀ ਸੋਚ ਤੇ ਭਾਰਤੀ ਕਾਨੂੰਨ

0
228

ਸਿੱਖ ਪੰਥ-ਗੁਰੂ ਗ੍ਰੰਥ ਬਨਾਮ ਬਿਪਰਵਾਦੀ ਸੋਚ ਤੇ ਭਾਰਤੀ ਕਾਨੂੰਨ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ) 9855401843

1947 ਤੋਂ ਸਿੱਖ ਪੰਥ ਦੇ ਗਲ ਪਈ ਸਿਆਸੀ ਗੁਲਾਮੀ ਦੌਰਾਨ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਅਨੇਕਾਂ ਵਾਰ ਹਮਲੇ ਹੋਏ ਅਤੇ ਕਈ ਵਾਰ ਸਿੱਖ ਪੰਥ ਦੀਆਂ ਅਣਗਹਿਲੀਆਂ ਕਾਰਨ ਹਾਦਸੇ ਵੀ ਵਾਪਰੇ। ਇਹ ਹਮਲੇ ਤੇ ਹਾਦਸੇ ਅੱਜ ਵੀ ਜਾਰੀ ਹਨ ਕਿਉਂਕਿ ਸਾਨੂੰ ਕਿਸੇ ਇਕ ਹੋਈ ਘਟਨਾ ਨੂੰ ਇਕੱਲੇ ਰੂਪ ਵਿੱਚ ਦੇਖਣ ਦੀ ਆਦਤ ਪੈ ਗਈ ਹੈ ਅਤੇ ਅਸੀਂ ਇਸ ਨੂੰ ਸਚ ਮੁੱਚ ਵਿੱਚ ਸਮਝਣ ਤੇ ਹੱਲ ਕਰਨ ਬਾਰੇ ਚੱਲਣ ਦੇ ਰਾਹ ਪੈਂਦੇ ਨਹੀਂ ਅਤੇ ਜਿੰਨਾ ਚਿਰ ਸਿੱਖ ਪੰਥ ਆਪਣਾ ਨਜ਼ਰੀਆ ਸਿੱਖ ਪੰਥ ਦੀ ਸਿਆਸੀ ਅਜ਼ਾਦੀ ਵਾਲਾ ਨਹੀਂ ਬਣਾ ਲੈਂਦਾ ਉਦੋਂ ਤੱਕ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੇ ਜਾਰੀ ਰਹਿਣ ਦਾ ਬੁਨਿਆਦੀ ਲਾਭ ਵੋਟ ਰਾਜਨੀਤੀ ਵਿੱਚ ਸਰਗਰਮ ਹਰ ਧਿਰ ਨੂੰ ਹੀ ਹੁੰਦਾ ਰਹੇਗਾ।

ਸਿੱਖ ਪੰਥ-ਗੁਰੂ ਗ੍ਰੰਥ:

ਸਾਨੂੰ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਸਿੱਖ ਪੰਥ-ਗੁਰੂ ਗ੍ਰੰਥ ਦਾ ਸਿਧਾਂਤ ਕੀ ਹੈ ਅਤੇ ਅਜਿਹੇ ਸਿਧਾਤਾਂ ਤੋਂ ਕਿਸ ਨੂੰ ਤਕਲੀਫ ਹੋ ਸਕਦੀ ਹੈ ? ਸਿੱਖ ਪੰਥ-ਗੁਰੂ ਗ੍ਰੰਥ ਦਾ ਨੁਕਸਾਨ ਕਰਕੇ ਕਿਸ ਦਾ ਫਾਇਦਾ ਹੋ ਸਕਦਾ ਹੈ ? ਸਿੱਖ ਪੰਥ-ਗੁਰੂ ਗ੍ਰੰਥ ਦੇ ਮੁੱਢਲੇ ਸਿਧਾਂਤ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’, ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ॥’’ ਜਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ।’ ਕਹਿਣ ਨਾਲ ਨੁਕਸਾਨ ਕਿਸ ਨੂੰ ਹੁੰਦਾ ਹੈ ?

ਸਿੱਖ ਪੰਥ ਉਹਨਾਂ ਸਿੱਖਾਂ ਦਾ ਸਮੂਹ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਤੇ ਮੁਕਤੀ-ਦਾਤਾ ਮੰਨਦੇ ਹੋਏ ਇਹਨਾਂ ਦੇ ਸਿਧਾਤਾਂ ਉੱਪਰ ਚੱਲਦੇ ਹੋਏ ਆਪਣਾ ਜੀਵਨ ਨਿਰਬਾਹ ਕਰਦੇ ਹਨ। ਨਾਲ ਹੀ ਸਿੱਖ ਪੰਥ ਦਾ ਇਹ ਮੁੱਢਲਾ ਫਰਜ਼ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਦੁਨੀਆਂ ਵਿੱਚ ਲਾਗੂ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਵੇ। ਅੱਜ ਸਮੁੱਚੀ ਲੋਕਾਈ ਅਸ਼ਾਂਤੀ ਵਿੱਚ ਤ੍ਰਾਹ-ਤ੍ਰਾਹ ਕਰ ਰਹੀ ਹੈ ਅਤੇ ਇਸ ਮਾਨਸਿਕ ਤੇ ਸਰੀਰਕ ਗੁਲਾਮੀ ਦੇ ਸਮੇਂ ਵਿੱਚ ਕੇਵਲ ਦਸਾਂ ਪਾਤਸ਼ਾਹੀਆਂ ਦੀ ‘ਜੋਤ’: ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਵਿਚਾਰਧਾਰਾ ਹੀ ਜਗਤ ਜਲੰਦੇ ਨੂੰ ਰੱਖ ਲੈਣ ਦੀ ਸਮੱਰਥਾ ਰੱਖਦੀ ਹੈ। ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਅਕਾਲ ਪੁਰਖ ਨੂੰ ਜਦੋਂ ਭਾਇਆ ਤਾਂ ਇਸ ਧਰਤੀ ਉੱਪਰ ਸਿੱਖ ਪੰਥ-ਗੁਰੂ ਗ੍ਰੰਥ ਦਾ ਸਿਆਸੀ ਰਾਜ ਸਥਾਪਤ ਹੋਣ ਤੋਂ ਬਾਅਦ ਲੋਕਾਈ ਨੂੰ ਉਸ ਦੀ ਰੋਸ਼ਨੀ ਨਾਲ ਠੰਢ ਜ਼ਰੂਰ ਪਵੇਗੀ।

ਬਿਪਰਵਾਦੀ ਸੋਚ:

ਤਾਂ ਫਿਰ ਕੌਣ ਹਨ, ਉਹ ਲੋਕ ਜਿਹਨਾਂ ਨੂੰ ਸਰਬੱਤ ਦੇ ਭਲੇ ਦੀ ਸੋਚ ਤੇ ਮਨੁੱਖਤਾ ਦੀ ਬਰਾਬਰੀ ਤੋਂ ਤਕਲੀਫ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਸਮਾਜ ਵਿੱਚ ਬਰਾਬਰਤਾ ਤੇ ਭਾਈਚਾਰੇ ਦਾ ਮਾਹੌਲ ਬਣੇ? ਬਿਨਾਂ ਸ਼ੱਕ ਇਹ ਤਾਂ ਉਹੀ ਲੋਕ ਹੋ ਸਕਦੇ ਹਨ ਜੋ ਆਪਣੇ ਆਪ ਨੂੰ ‘ਮੰਨੂ, ਪੁਰੋਹਿਤ ਹਰਦਿਆਲ, ਚੰਦੂ, ਗੰਗੂ, ਸੁੱਚਾ ਨੰਦ, ਲਖਪਤ ਰਾਏ, ਜਸਪਤ ਰਾਏ, ਲਾਲਾ ਲਾਜਪਤ ਰਾਏ, ਲਾਲਾ ਹਰਦਿਆਲ, ਲਾਲਾ ਪਰਮਾਨੰਦ, ਸਰਦਾਰ ਪਟੇਲ, ਦਯਾਨੰਦ ਸਰਸਵਤੀ, ਹਰਬੰਸ ਲਾਲ ਖੰਨਾ, ਪਵਨ ਕੁਮਾਰ ਪਟਿਆਲਾ, ਲਾਲਾ ਜਗਤ ਨਾਰਾਇਣ, ਇੰਦਰਾ ਗਾਂਧੀ ਤੇ ਜਨਰਲ ਵੈਦਿਆ’ ਆਦਿ ਦੇ ਵਾਰਸ ਮੰਨਦੇ ਹੋਣ। ਜਿਹਨਾਂ ਨੇ ਸਦਾ ਚਾਹਿਆ ਹੈ ਕਿ ਗੁਰੂਆਂ ਦੀ ਅਜਾਦੀ, ਬਰਾਬਰਤਾ ਤੇ ਭਾਈਚਾਰੇ ਵਾਲੀ ਸੋਚ ਅਤੇ ਉਸ ਸੋਚ ਵਿੱਚੋਂ ਨਿਕਲਣ ਵਾਲੇ ਸਿਆਸੀ, ਸਮਾਜਕ ਜਾਂ ਆਰਥਕ ਢਾਂਚਿਆਂ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਅਤੇ ਸਮਾਜ ਨੂੰ ਹਮੇਸ਼ਾਂ ਜਾਤਾਂ-ਗੋਤਾਂ-ਵਰਣਾਂ ਵਿੱਚ ਵੰਡ ਕੇ ਆਪਣਾ ਹਲਵਾ-ਮਾਂਡਾ ਚਾਲੂ ਰੱਖਿਆ ਜਾਵੇ। ਇੱਥੋਂ ਤੱਕ ਕਿ ਸਮਾਜ ਦਾ ਵੱਡਾ ਹਿੱਸਾ ਇਹਨਾਂ ਦੀ ਸੇਵਾ ਵਿੱਚ ਰਹੇ ਅਤੇ ਇਹ ਹਿੱਸਾ ਅਧਿਆਤਮਕ ਗਿਆਨ ਤਾਂ ਇਕ ਪਾਸੇ ਰਿਹਾ, ਸਗੋਂ ਦੁਨਿਆਵੀਂ ਵਿੱਦਿਆ ਤੋਂ ਵੀ ਵਾਂਝਾ ਰਹੇ ਅਤੇ ਜੇਕਰ ਇਸ ਹਿੱਸੇ ਦੇ ਕਿਸੇ ਵਿਅਕਤੀ ਦੇ ਕੰਨਾਂ ਵਿੱਚ ਗਿਆਨ ਦੀ ਗੱਲ ਚਲੀ ਜਾਵੇ ਤਾਂ ਉਹਨਾਂ ਗੁਸਤਾਖ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਕੇ ਸਜ਼ਾ ਦਿੱਤੀ ਜਾਵੇ। ਕੀ ਅਜਿਹੀ ਸੋਚ ਦੇ ਮਾਲਕਾਂ ਨੂੰ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਚੰਗੀ ਲੱਗ ਸਕਦੀ ਹੈ? ਕੀ ਉਹ ਚਾਹੁੰਣਗੇ ਕਿ ਦੁਨੀਆਂ ਵਿੱਚ ਮਨੁੱਖਤਾ ਪੱਖੀ ਸੋਚ ਦਾ ਪਸਾਰਾ ਹੋਵੇ। ਹੁਣ ਤਾਂ ਅਜਿਹੀ ਸੋਚ ਵਾਲਿਆਂ ਦਾ ਸਿੱਧੇ ਰੂਪ ਵਿੱਚ ਰਾਜ ਵੀ ਦਿੱਲੀ ਉੱਪਰ ਹੋ ਚੁੱਕਾ ਹੈ। ਉਹੀ ਦਿੱਲੀ ਜਿਸ ਨੇ ਕਦੇ ਇਹਨਾਂ ਦੇ ਧਾਰਮਿਕ ਚਿੰਨਾਂ ਨੂੰ ਉਤਾਰ ਕਰਕੇ ਢੇਰ ਲਗਾ ਦਿੱਤੇ ਸਨ ਅਤੇ ਇਹਨਾਂ ਦੀਆਂ ਧੀਆਂ-ਭੈਣਾਂ ਦਾ ਮੁੱਲ ਟਕਾ-ਟਕਾ ਪਾਇਆ ਸੀ ਤੇ ਇਸੇ ਸਿੱਖ ਪੰਥ-ਗੁਰੂ ਗ੍ਰੰਥ ਸਾਹਿਬ ਜੀ ਦੀ ਸੁੱਚੀ ਸੋਚ ਵਾਲਿਆਂ ਨੇ ਆਪਣੇ ਆਪੇ ਵਾਰ ਕੇ ਇਹਨਾਂ ਦੀ ਪੱਤ ਰੱਖੀ ਸੀ ਪਰ ਇਹ ਅਕ੍ਰਿਤਘਣ ਲੋਕ ਉਹ ਸਭ ਕੁਝ ਵਿਸਾਰ ਕੇ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਦੂਜੇ ਮਤਾਂ ਨੂੰ ਅੱਖਾਂ ਦਿਖਾ ਰਹੇ ਹਨ ਅਤੇ ਕਦੇ ‘ਘਰ-ਵਾਪਸੀ’, ‘ਲਵ-ਜੇਹਾਦ’ ਜਾਂ ‘ਗਊ ਰੱਖਿਆ’ ਦੇ ਨਾਮ ਉੱਪਰ ਨਾਹਰੇ ਲਗਾ ਕੇ ਲੋਕਾਂ ਵਿੱਚ ਦਹਿਸ਼ਤ ਪਾਉਂਦੇ ਰਹਿੰਦੇ ਹਨ ਅਤੇ ਕਦੇ ਕਹਿੰਦੇ ਹਨ ਕਿ ਦਿੱਲੀ ਤਖ਼ਤ ਪਰ 1000 ਸਾਲ ਬਾਅਦ ਸਾਡਾ ਰਾਜ ਸਥਾਪਤ ਹੋ ਗਿਆ ਹੈ ਅਤੇ ਜੋ ਵੀ ਇਸ ਰਾਜ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਹ ਸਾਡੇ ਮੁਤਾਬਕ ਰਹੇ, ਨਹੀਂ ਤਾਂ ਇੱਥੋਂ ਚਲਾ ਜਾਵੇ। ਇਹ ਕਦੇ ਮੁਜੱਫਰਾਬਾਦ ਵਿੱਚ ਦੰਗੇ ਕਰਾਉਂਦੇ ਹਨ ਅਤੇ ਕਦੇ ਦਾਦਰੀ ਵਰਗੇ ਘਿਣਾਉਣੇ ਕਾਂਡ ਕਰਕੇ ਉਸ ਉੱਪਰ ਮਾਣ ਕਰਦੇ ਹਨ। ਅਜਿਹੀ ਸੋਚ ਵਾਲਿਆਂ ਨੇ ਆਪਣੀਆਂ ਪਰੰਪਰਾਵਾਂ ਮੁਤਾਬਕ ਇੱਕ ਘੋੜਾ ਵੀ ਦੁਨੀਆਂ ਵਿੱਚ ਛੱਡਿਆ ਹੋਇਆ ਹੈ, ਜਿਸ ਦੇ ਦੁਨੀਆਂ ਭਰਮਣ ਤੋਂ ਬਾਅਦ ਇਹ ਦੁਨੀਆਂ ਵਿੱਚ ਹਿੰਦੂ ਰਾਜ ਦਾ ਐਲਾਨ ਵੀ ਕਰ ਸਕਦੇ ਹਨ ਕਿਉਂਕਿ ਉਹ ਘੋੜਾ ਕਿਸੇ ਨੇ ਅਜੇ ਫੜਿਆ ਨਹੀਂ ਭਾਵੇਂ ਕਿ ਸਿੱਖ ਪੰਥ-ਗੁਰੂ ਗ੍ਰੰਥ ਦੀ ਸੋਚ ਵਾਲਿਆਂ ਨੇ ਉਸ ਦਾ ਕਈ ਥਾਂ ਰਾਹ ਜਰੂਰ ਰੋਕਿਆ ਹੈ। ਇਹਨਾਂ ਦੇ ਰਾਜ ਸਥਾਪਤ ਹੋਣ ਤੋਂ ਬਾਅਦ ਭਾਰਤ ਭਰ ਵਿੱਚ ਫਿਰਕੂ ਤਣਾਅ ਤੇ ਫਿਰਕੂ ਦੰਗੇ ਵਧੇ ਹੀ ਹਨ ਕਿਉਂਕਿ ਇਹਨਾਂ ਦੇ ਰਾਜ ਦਾ ਗੁਜਰਾਤ ਮਾਡਲ ਵਕਤੀ ਤੌਰ ’ਤੇ ਸਫਲ ਸਾਬਤ ਹੋਣ ਕਾਰਨ ਇਹ ਸਾਰੇ ਰਾਜਾਂ ਵਿੱਚ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ ਇਸ ਕੰਮ ਵਿੱਚ ਇਹਨਾਂ ਦੀਆਂ ਸੈਂਕੜੇ ਜਥੇਬੰਦੀਆਂ ਲੱਗੀਆਂ ਹੋਈਆਂ ਹਨ ਅਤੇ ਇਹ ਆਪਣੀ ਵਿਚਾਰਧਾਰਾ ਨੂੰ ਸਹੀ ਸਿੱਧ ਕਰਨ ਲਈ ਆਪਣਾ ਇੱਕ ਨਵਾਂ ਗ੍ਰੰਥ ਵੀ ਤਿਆਰ ਕਰਨ ਲੱਗੇ ਹੋਏ ਹਨ। ਇਹਨਾਂ ਲੋਕਾਂ ਨੇ ਗੁਜਰਾਤ ਤੋਂ ਬਾਅਦ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਜੰਮੂ ਕਸ਼ਮੀਰ, ਕਰਨਾਟਕਾ ਤੋਂ ਬਾਅਦ ਹੁਣ ਪੰਜਾਬ ਵੱਲ ਮੂੰਹ ਕਰ ਲਿਆ ਹੈ ਅਤੇ ਸਮਝ ਕੇ ਚੱਲੋ ਕਿ ਦਸੰਬਰ 2015 / ਜਨਵਰੀ 2016, ਗੱਲ ਕਿ ਬਿਹਾਰ ਚੋਣਾਂ ਤੋਂ ਬਾਅਦ ਪੰਜਾਬ ਇਹਨਾਂ ਦੇ ਸਿੱਧੇ ਐਕਸ਼ਨ ਅਧੀਨ ਆ ਜਾਵੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ:

ਕਿਸੇ ਸਿੱਖ ਲਈ ਕਿਸੇ ਆਪਣੇ ਦੀ ਮੌਤ ਤਾਂ ਸਹਾਰਨਯੋਗ ਹੋ ਸਕਦੀ ਹੈ ਪਰ ਗੁਰੂ ਦੀ ਬੇਅਦਬੀ ਕਦੇ ਵੀ ਨਹੀਂ। ਇਹ ਗੱਲ ਸਭ ਸਿੱਖ ਤਾਂ ਜਾਣਦੇ ਹੀ ਹਨ ਪਰ ਨਾਲ ਹੀ ਇਸ ਸੋਚ ਦੇ ਵਿਰੋਧੀ ਵੀ ਜਾਣਦੇ ਹਨ ਅਤੇ ਕਈ ਵਾਰ ਉਹ ਅਜਿਹੀਆਂ ਘਟਨਾਵਾਂ ਨੂੰ ਸਰ-ਅੰਜ਼ਾਮ ਦਿੰਦੇ ਹਨ ਕਿ ਸਿੱਖ ਭੜਕ ਜਾਣ ਤੇ ਉਸ ਭੜਕਾਹਟ ਦਾ ਕਿਸੇ ਨੂੰ ਫਾਇਦਾ ਜਾਂ ਨੁਕਸਾਨ ਜ਼ਰੂਰ ਹੋਵੇਗਾ। ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੇਵਲ ਉਹਨਾਂ ਦੇ ਸਰੂਪ ਨਾਲ ਛੇੜ-ਛਾੜ ਕਰਨੀ ਜਾਂ ਅੱਗ ਲਾਉਣੀ ਹੀ ਨਹੀਂ ਹੈ ਸਗੋਂ ਜਦੋਂ ਕਿਸੇ ਸਿੱਖ ਜਾਂ ਕਿਸੇ ਪ੍ਰਬੰਧਕੀ ਕਮੇਟੀ ਦੀ ਅਣਗਹਿਲੀ ਕਾਰਨ ਕੋਈ ਹਾਦਸਾ ਵਾਪਰ ਜਾਵੇ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਹੈ ਅਤੇ ਇਸ ਤੋਂ ਅੱਗੇ ਜਾ ਕੇ ਜੇਕਰ ਸੋਚੀਏ ਤਾਂ ਜੇਕਰ ਕੋਈ ਸਿੱਖ ਗੁਰੂ ਜੀ ਦਾ ਹੁਕਮ ਨਾ ਮੰਨੇ ਤਾਂ ਉਹ ਵੀ ਗੁਰੂ ਜੀ ਦੀ ਬੇਅਦਬੀ ਹੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਇਹ ਘਟਨਾਵਾਂ ਨਵੀਆਂ ਨਹੀਂ ਹਨ ਇਹ ਲਗਾਤਾਰ ਹੁੰਦੀਆਂ ਹਨ ਕਦੇ ਸਾਡੀ ਅਣਗਹਿਲੀ, ਲਾਪਰਵਾਹੀ ਜਾਂ ਕਮਜ਼ੋਰੀ ਕਾਰਨ ਅਤੇ ਕਦੇ ਸਾਡੇ ਸਿਧਾਂਤ ਤੋਂ ਥਿੜਕਣ ਕਾਰਨ। ਗੁਰੂ ਸਾਹਿਬ ਜੀ ਦੇ ਜ਼ਿਆਦਾ ਸਰੂਪਾਂ ਦੀ ਬੇਅਦਬੀ ਗੁਰੂ-ਘਰਾਂ ਵਿੱਚ ਬਿਜਲੀ ਦੇ ਸ਼ਾਟ-ਸਰਕਟ ਕਾਰਨ ਹੁੰਦੀ ਹੈ, ਕਦੇ ਕੋਈ ਗੁਰੂ ਸਾਹਿਬ ਦੇ ਸਰੂਪ ਨੂੰ ਖੂਹ ਵਿੱਚ ਸੁੱਟਦਾ ਹੈ, ਕਦੇ ਕੋਈ ਚੁੱਕ ਕੇ ਲੈ ਜਾਂਦਾ ਹੈ, ਕੋਈ ਅੰਗ-ਅੰਗ ਪਾੜਦਾ ਹੈ, ਜਾਂ ਕੋਈ ਅੱਗ ਲਾ ਦਿੰਦਾ ਹੈ, ਇਹ ਸਭ ਬੇਅਦਬੀਆਂ ਹਨ ਅਤੇ ਸਾਨੂੰ ਇਹਨਾਂ ਖਿਲਾਫ ਡਟ ਕੇ ਖਲੋਣਾ ਚਾਹੀਦਾ ਹੈ ਪਰ ਇਹਨਾਂ ਸਭ ਨਾਲ ਗੁਰੂ ਜੀ ਦੇ ਸਿਧਾਂਤ ਨੂੰ ਕੋਈ ਰੱਤੀ ਭਰ ਵੀ ਸੱਟ ਨਹੀਂ ਵੱਜਦੀ ਸਗੋਂ ਸਿੱਖ ਹਿਰਦੇ ਵਲੂੰਧਰੇ ਜਾਣ ਕਰਕੇ ਆਪਣੇ ਗੁਰੂ ਪ੍ਰਤੀ ਸੁਚੇਤ ਅਤੇ ਸਿਧਾਂਤ ਪ੍ਰਤੀ ਉਸੇ ਤਰ੍ਹਾਂ ਹੋਰ ਦ੍ਰਿੜ੍ਹ ਹੀ ਹੁੰਦੇ ਹਨ ਜਿਵੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਸਮੇਂ ਹੋਏ ਸਨ। ਇਸ ਦੇ ਨਾਲ ਹੀ ਜਦੋਂ ਕਿਸੇ ਦੁਸ਼ਟ ਅਤੇ ਮਨੁੱਖਤਾ ਦੇ ਕਾਤਲ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸਿਰੋਪਾਓ ਬਖਸ਼ ਦਿੱਤਾ ਜਾਂਦਾ ਹੈ ਜਾਂ ਕਿਸੇ ਕਾਤਲ-ਬਲਾਤਕਾਰੀ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਮੁਆਫ਼ੀਆਂ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੈ, ਉੱਥੇ ਗੁਰੂ ਸਿਧਾਂਤ ਨੂੰ ਭਾਰੀ ਠੇਸ ਵੀ ਹੁੰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਰੂਪ ਵਿੱਚ ਅਦਬ ਕਾਇਮ ਰੱਖਣ ਲਈ ਕਈ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਹਨ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਜਿਹੇ ਕਾਗਜ਼ ਉੱਪਰ ਕੀਤੀ ਜਾਵੇ ਜੋ ਨਾ ਪਾੜਿਆ ਜਾ ਸਕੇ ਅਤੇ ਨਾ ਸਾੜਿਆ ਜਾ ਸਕੇ ਅਤੇ ਇੱਥੋਂ ਤੱਕ ਉਸ ਉੱਪਰ ਕਿਸੇ ਤਰਲ ਪਦਾਰਥ ਪਾਣੀ, ਸਿਆਹੀ ਆਦਿ ਵੀ ਅਸਰ ਨਾ ਕਰ ਸਕੇ। ਦੂਜਾ, ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸਰੂਪ ਨੂੰ ਛਪਾਈ ਸਮੇਂ ਹੀ ਅਣਦਿਸਦੇ ਤੇ ਗੁਪਤ ਰੂਪ ਵਿੱਚ ਕੋਈ ਖਾਸ ਨਿਸ਼ਾਨੀ ਜਾਂ ਨੰਬਰ ਲਗਾਇਆ ਜਾਵੇ ਜਿਸ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਲੈ ਜਾਣ ਵਾਲਿਆਂ ਦਾ ਸਾਰਾ ਰਿਕਾਰਡ ਰੱਖਿਆ ਜਾਵੇ ਅਤੇ ਕਿਸੇ ਸਰੂਪ ਪ੍ਰਤੀ ਕਿਸੇ ਦੀ ਜਿੰਮੇਵਾਰੀ ਆਇਦ ਕੀਤੀ ਜਾ ਸਕੇ ਅਤੇ ਨਾਲ ਹੀ ਹਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦਿੱਤਾ ਜਾਵੇ, ਪੂਰੀ ਘੋਖ ਕਰਨ ਉਪਰੰਤ ਤੇ ਲੋੜ ਮੁਤਾਬਕ ਹੀ ਸਰੂਪ ਦਿੱਤਾ ਜਾਵੇ। ਸਭ ਤੋਂ ਮਹੱਤਵਪੂਰਨ ਗੱਲ ਕਿ ਪਿੰਡਾਂ-ਸ਼ਹਿਰਾਂ ਵਿੱਚੋਂ ਜਾਤਾਂ ਆਧਾਰਤ ਗੁਰੂ-ਘਰ ਬੰਦ ਕਰਕੇ ਇੱਕ ਹੀ ਗੁਰੂ-ਘਰ ਦੀ ਸਥਾਪਤੀ ਵੱਲ ਨੂੰ ਵਧਣ ਦੇ ਪ੍ਰੋਗਰਾਮ ਉਲੀਕੇ ਜਾਣ। ਗੁਰੂ-ਘਰਾਂ ਵਿੱਚ ਸੇਵਾਦਾਰਾਂ, ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਤੇ ਪਾਠੀ ਸਿੰਘਾਂ ਦੇ ਚੰਗੇ ਸੇਵਾਫਲ ਨਿਯਤ ਕੀਤੇ ਜਾਣ ਤਾਂ ਜੋ ਉਹ ਗੁਰੂ ਘਰਾਂ ਵਿੱਚ ਪੂਰਾ ਸਮਾਂ ਸੇਵਾ ਵਿੱਚ ਹਾਜ਼ਰ ਰਹਿਣ। ਆਧੁਨਿਕਤਾ ਦਾ ਫਾਇਦਾ ਲੈਂਦਿਆਂ ਨਿਗਰਾਨੀ ਲਈ ਸੀ. ਸੀ. ਟੀ. ਵੀ. ਕੈਮਰੇ ਜ਼ਰੂਰ ਲਗਾਏ ਜਾਣ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੀ ਅਦਬ ਦੀ ਕਾਇਮੀ ਦੇ ਨਾਲ-ਨਾਲ ਸਿਧਾਂਤ ਦਾ ਅਦਬ ਕਾਇਮ ਰੱਖਣਾ ਵੀ ਅਤਿ ਜ਼ਰੂਰੀ ਹੈ। ਹਰ ਸਿੱਖ ਇੱਕ ਅਕਾਲ ਪੁਰਖ ਪਰਮਾਤਮਾ ਵਿੱਚ ਹੀ ਯਕੀਨ ਰੱਖਦਾ ਹੋਇਆ ‘ਕਿਰਤ ਕਰੋ-ਨਾਮ ਜਪੋ-ਵੰਡ ਛਕੋ।’ ਦੇ ਮੁੱਢਲੇ ਸਿਧਾਂਤ ਨੂੰ ਹੀ ਆਪਣੀ ਜਿੰਦਗੀ ਬਸਰ ਕਰਨ ’ਚ ਆਧਾਰ ਬਣਾਵੇ ਅਤੇ ਸਰਬੱਤ ਦੇ ਭਲੇ ਲਈ ਸੱਚ ਪ੍ਰਤੀ ਤੱਤਪਰਤਾ ਰੱਖਦਾ ਹੋਇਆ ਸੱਚ ਲਈ ਦ੍ਰਿੜ੍ਹ ਹੋਣ ਵੱਲ ਨੂੰ ਵਧੇ ਅਤੇ ਇਸ ਤੋਂ ਅੱਗੇ ਦੁਨੀਆਂ ਵਿੱਚੋਂ ਸਰੀਰਕ ਤੇ ਮਾਨਸਿਕ ਗੁਲਾਮੀ ਦੇ ਖ਼ਾਤਮੇ ਲਈ ਯਤਨਸ਼ੀਲ਼ ਰਹੇ।

ਸਿੱਖ ਆਚਰਨ ਦੇ ਝਲਕਾਰੇ:

ਭਾਰਤੀ ਮੀਡੀਏ ਨੇ ਹਮੇਸ਼ਾਂ ਸਿੱਖਾਂ ਨੂੰ ਨਾਕਾਰਾਤਮਕ ਤਰੀਕੇ ਨਾਲ ਹੀ ਪੇਸ਼ ਕੀਤਾ ਹੈ ਅਤੇ ਉੱਚ ਸਿੱਖ ਆਚਰਨ ਦੇ ਝਲਕਾਰਿਆਂ ਦੀ ਪੇਸ਼ਕਾਰੀ ਤੋਂ ਹਮੇਸ਼ਾਂ ਟਾਲਾ ਵੱਟੀ ਰੱਖਿਆ ਹੈ ਪਰ ਸੋਸ਼ਲ ਮੀਡੀਏ ਦੇ ਕਾਰਨ ਸਿੱਖ ਆਚਰਨ ਦੇ ਝਲਕਾਰੇ ਮਨ ਨੂੰ ਵੈਰਾਗਮਈ ਕਰ ਗਏ। ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਉਪਜੇ ਹਾਲਾਤਾਂ ਵਿੱਚ ਸਿੱਖ ਬਿਨਾਂ ਸ਼ੱਕ ਸੁਭਾਵਿਕ ਰੂਪ ਵਿੱਚ ਜਜਬਾਤੀ ਹੋ ਕੇ ਸੜ੍ਹਕਾਂ ਉੱਪਰ ਉਤਰ ਆਏ ਅਤੇ ਇਸ ਸਾਰੇ ਕਾਸੇ ਦੀ ਕਮਾਨ ਭਾਵੇਂ ਕਿਸੇ ਦਿਸਦੇ ਹੱਥਾਂ ਵਿੱਚ ਨਹੀਂ ਸੀ ਪਰ ਅਸਲ ਵਿੱਚ ਇਸ ਦੀ ਕਮਾਨ ਸਿੱਖ ਪੰਥ ਦੀ ਉਹ ਸਪਿਰਟ ਕਰ ਰਹੀ ਸੀ ਜਿਸ ਦੀ ਲਿਵ ਧੁਰ ਅੰਦਰ ਤੱਕ ਗੁਰੂ-ਪਿਆਰ ਨਾਲ ਜੁੜੀ ਹੋਈ ਹੈ। ਇਹ ਪੰਥ ਦੀ ਸਪਰਿਟ ਹੀ ਸੀ ਜਿਸ ਦੇ ਝਲਕਾਰੇ ਦੇਖਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਉੱਪਰ ਕਾਬਜਾਂ ਵੱਲੋਂ ਗ਼ਲਤ ਤਰੀਕੇ ਨਾਲ ਪੰਥਕ ਭਾਵਨਾਵਾਂ ਨੂੰ ਅਣਦੇਖਿਆ ਕਰਕੇ ਜਾਰੀ ਕੀਤੇ ਗਏ ਮੁਆਫ਼ੀਨਾਮੇ ਰੱਦ ਕਰਨੇ ਪਏ ਅਤੇ ਸਰਕਾਰ ਨੇ ਸਿੱਖਾਂ ਉੱਪਰ ਦਰਜ਼ ਕੇਸਾਂ ਨੂੰ ਤੁਰੰਤ ਵਾਪਸ ਲੈਣ ਦਾ ਐਲਾਨ ਕੀਤਾ। ਇਸ ਸੰਘਰਸ਼ ਵਿੱਚ ਪੁਲਿਸ ਵੱਲੋਂ ਡਾਂਗਾਂ ਮਾਰਨ ਤੋਂ ਪਹਿਲਾਂ ਲੰਗਰ ਸਮੇਂ ਪੁਲਿਸ ਨੂੰ ਪਿਆਰ ਨਾਲ ਬਿਠਾ ਕੇ ਲੰਗਰ ਛਕਾਉਣਾ ਤੇ ਜਦੋਂ ਪੁਲਿਸ ਤਸ਼ੱਦਦ ਕਰਕੇ ਸਿੰਘਾਂ ਨੂੰ ਥਾਣੇ ਲੈ ਗਈ ਤਾਂ ਹੋਰਨਾਂ ਸੰਗਤਾਂ ਵੱਲੋਂ ਸਿੰਘਾਂ ਲਈ ਜਦੋਂ ਥਾਣੇ ਵਿੱਚ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਤਾਂ ਤਸ਼ੱਦਦ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਵੀ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਉਣ ਨਾਲ ਸਿੱਧ ਹੋ ਗਿਆ ਕਿ ਸਿੱਖ ਦਾ ਕਿਸੇ ਨਾਲ ਕੋਈ ਵੈਰ ਨਹੀਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਭਾਈ ਘਨੱਈਏ ਦੇ ਵਾਰਸ ਅੱਜ ਵੀ ਦਰਸ਼ਨ ਦੇ ਜਾਂਦੇ ਹਨ ਅਤੇ ਲੰਗਰ ਦੀ ਮਹਾਨ ਪਰੰਪਰਾ ਤੋਂ ਵੀ ਹਰ ਕੋਈ ਬਲਿਹਾਰੀ ਜਾਂਦਾ ਹੈ। ਇਸ ਤੋਂ ਇਲਾਵਾ ਵੀ ਸਿੱਖਾਂ ਵੱਲੋਂ ਜਿੱਥੇ ਵੀ ਧਰਨਾ ਜਾਂ ਮੁਜ਼ਾਹਰਾ ਕੀਤਾ ਗਿਆ ਉੱਥੇ ਸੰਗਤਾਂ ਵੱਲੋਂ ਤਿਆਰ ਕੀਤੇ ਲੰਗਰ, ਸਭ ਸੰਗਤਾਂ ਸਮੇਤ ਪੁਲਿਸ ਨੇ ਅਤੇ ਆਮ ਲੋਕਾਂ ਨੇ ਵੀ ਰਲ ਕੇ ਛਕੇ। ਇੱਕ ਹੋਰ ਗੱਲ ਕਿ ਕਿਸੇ ਝੜਪ ਦੌਰਾਨ ਹਮੇਸ਼ਾਂ ਇਹ ਹੁੰਦਾ ਹੈ ਕਿ ਜੇਕਰ ਇਕ ਧਿਰ ਦਾ ਕੋਈ ਵਿਅਕਤੀ ਦੂਜੀ ਧਿਰ ਦੇ ਕਈ ਵਿਅਕਤੀਆਂ ਦੇ ਕਾਬੂ ਆ ਜਾਵੇ ਤਾਂ ਉਸ ਦੇ ਡਾਂਗ ਜ਼ਿਆਦਾ ਵਰ ਜਾਂਦੀ ਹੈ ਪਰ ਇਸ ਸੰਘਰਸ਼ ਦੌਰਾਨ ਜਦੋਂ ਇਕ ਜਗ੍ਹਾ ਪੁਲਿਸ ਦੀ ਸਿੱਖਾਂ ਨਾਲ ਝੜਪ ਹੋ ਗਈ ਤਾਂ ਸਿੱਖ ਨੌਜਵਾਨਾਂ ਨੇ ਇਕੱਲੇ ਕਾਬੂ ਆਏ ਨਿਹੱਥੇ ਬਜ਼ੁਰਗ ਪੁਲਿਸ ਅਫਸਰ ਨੂੰ ਬਚਾ ਕੇ ਸਿੱਧ ਕਰ ਦਿੱਤਾ ਕਿ ਸਿੱਖ ਆਚਰਨ ਆਪਣੇ ਉੱਪਰ ਪਈ ਭੀੜ ਦੇ ਬਾਵਜੂਦ ਵੀ ਡੋਲਦਾ ਨਹੀਂ। ਮੇਰੀ ਬਿਨਾਂ ਵਜਾਹ ਗੈਰ-ਜ਼ਰੂਰੀ ਜਜਬਾਤਾਂ ਦੇ ਵਹਿਣ ਵਿੱਚ ਵਹਿ ਕੇ ਡਾਂਗਾਂ-ਕਿਰਪਾਨਾਂ ਲਹਿਰਾਉਣ ਵਾਲੇ ਨੌਜਵਾਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਡਾਂਗ ਜਾਂ ਕਿਰਪਾਨ ਦੁਸ਼ਟ ਨੂੰ ਸੋਧਣ ਸਮੇਂ ਹੀ ਲਹਿਰਾਓ, ਜੇ ਨਹੀਂ ਸੋਧ ਸਕਦੇ ਤਾਂ ਇਸ ਨੂੰ ਸਾਂਭ ਕੇ ਰੱਖੋ, ਬਿਨਾਂ ਵਜਾਹ ਸਿੱਖਾਂ ਦੇ ਅਕਸ ਨੂੰ ਬਦਨਾਮ ਕਰਨ ਦਾ ਇੱਕ ਵੀ ਮੌਕਾ ਦੋਖੀਆਂ ਨੂੰ ਨਾ ਦਿਓ। ਇਤਿਹਾਸ ਗਵਾਹ ਹੈ ਕਿ ਜੂਨ 1984 ਜਾਂ ਨਵੰਬਰ 1984 ਜਾਂ ਉਸ ਤੋਂ ਬਾਅਦ ਕਦੇ ਵੀ ਸਿਖਾਂ ਨੇ ਕਿਸੇ ਇੱਕ ਵਰਗ ਪ੍ਰਤੀ ਕੋਈ ਨਫ਼ਰਤੀ ਹਿੰਸਾ ਦਾ ਪੱਲਾ ਨਹੀਂ ਫੜਿਆ, ਹਾਂ ਪੰਥ ਦੋਖੀਆਂ ਤੇ ਦੁਸ਼ਟਾਂ ਨੂੰ ਸੋਧਣ ਵਿੱਚ ਕੋਈ ਕਸਰ ਵੀ ਬਾਕੀ ਨਹੀਂ ਛੱਡੀ ਭਾਵੇਂ ਉਹ ਅਨਮਤੀਏ ਹੋਣ ਜਾਂ ਸਿੱਖੀ ਸਰੂਪ ਵਾਲੇ।

ਪੰਥਕ ਰਵਾਇਤਾਂ ਬਨਾਮ ਭਾਰਤੀ ਕਾਨੂੰਨ:

‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਦੀ ਬੇਅਦਬੀ ਤੋਂ ਬਾਅਦ ਦੁਸ਼ਟ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ? ਇਸ ਲ਼ਈ ਪੰਥਕ ਰਵਾਇਤਾਂ ਅਤੇ ਭਾਰਤੀ ਕਾਨੂੰਨ ਵਿੱਚ ਬਹੁਤ ਭਿੰਨਤਾ ਹੈ। ਪੰਥਕ ਰਵਾਇਤਾਂ ਮੁਤਾਬਕ ਤਾਂ ਗੁਰੂ ਦੀ ਬੇਅਦਬੀ ਦੀ ਇੱਕ ਹੀ ਸਜ਼ਾ ਹੈ ਕਿ ਦੁਸ਼ਟ ਨੂੰ ਇਸ ਜਹਾਨ ਵਿੱਚੋਂ ਚੱਲਦਾ ਕੀਤਾ ਜਾਵੇ ਪਰ ਇਹ ਨਾ ਸਮਝਿਆ ਜਾਵੇ ਕਿ ਇਹ ਕਿਸੇ ਬਦਲੇ ਦੀ ਭਾਵਨਾ ਤਹਿਤ ਕੀਤਾ ਜਾਂਦਾ ਹੈ ਸਗੋਂ ਇਸ ਦਾ ਭਾਵ ਹੈ ਕਿ ਅਜਿਹੇ ਦੁਸ਼ਟ ਲਈ ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਕੋਈ ਥਾਂ ਨਹੀਂ ਹੈ ਅਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦਾ ਵਿਰੋਧੀ ਬਾਂਸ ਬਿਰਤੀ ਵਾਲਾ ਹੋਣ ਕਾਰਨ ਉਸ ਦੇ ਸੁਧਾਰ ਦੀ ਕੋਈ ਆਸ ਨਹੀਂ ਹੁੰਦੀ। ਦੂਜੇ ਪਾਸੇ ਭਾਰਤੀ ਕਾਨੂੰਨ ਮੁਤਾਬਕ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਦੀ ਬੇਅਦਬੀ ਕੋਈ ਖਾਸ ਥਾਂ ਨਹੀਂ ਰੱਖਦੀ। ਭਾਰਤੀ ਕਾਨੂੰਨ ਮੁਤਾਬਕ ਕਿਸੇ ਵਰਗ ਦੀਆਂ ਧਾਰਮਿਕ ਭਾਵਾਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਇੰਡੀਅਨ ਪੀਨਲ ਕੋਡ ਦੇ ਚੈਪਟਰ 15 ਤਹਿਤ ਧਾਰਾਂਵਾਂ 295 ਤੋਂ 298 ਤੱਕ ਪ੍ਰਬੰਧ ਕੀਤਾ ਗਿਆ ਹੈ। ਜੇਕਰ ਕਿਸੇ ਵੀ ਧਾਰਮਿਕ ਅਸਥਾਨ ਦੀ ਪਵਿੱਤਰਤਾ ਭੰਗ ਹੁੰਦੀ ਹੈ, ਤਾਂ ਧਾਰਾ 295 ਤਹਿਤ ਕੇਸ ਬਣਦਾ ਹੈ ਜਿਸ ਵਿੱਚ ਵੱਧ ਤੋਂ ਵੱਧ ਸਜ਼ਾ 2 ਸਾਲ ਹੈ ਅਤੇ ਜੇਕਰ ਕਿਸੇ ਦੇ ਧਰਮ ਜਾਂ ਧਾਰਮਕ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਾਉਂਦਾ ਹੈ ਤਾਂ ਉਸ ਵਿਰੁੱਧ ਧਾਰਾ 295-ਏ ਤਹਿਤ ਕੇਸ ਬਣਦਾ ਹੈ, ਜਿਸ ਵਿੱਚ ਵੱਧ ਤੋਂ ਵੱਧ ਸਜ਼ਾ 3 ਸਾਲ ਹੈ। ਧਾਰਮਿਕ ਸਭਾ ਵਿੱਚ ਵਿਘਨ ਪਾਉਣ ਵਿਰੁੱਧ ਧਾਰਾ 296 ਹੈ, ਜਿਸ ਵਿੱਚ ਵੱਧ ਤੋਂ ਵੱਧ ਸਜ਼ਾ 1 ਸਾਲ ਹੈ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਮਸ਼ਾਨ-ਘਾਟ ਵਿੱਚ ਜਾਣ ਵਿਰੁੱਧ ਧਾਰਾ 297 ਹੈ ਅਤੇ ਕਿਸੇ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਧਾਰਾ 298 ਹੈ, ਜਿਹਨਾਂ ਵਿੱਚ ਵੱਧ ਤੋਂ ਵੱਧ ਸਜ਼ਾ 1 ਸਾਲ ਹੈ। ਸੋ, ਸਪਸ਼ਟ ਹੈ ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬੇਅਦਬੀ ਲਈ ਧਾਰਾ 295-ਏ ਤਹਿਤ ਕਾਰਵਾਈ ਹੋਵੇਗੀ ਜਿਸ ਤਹਿਤ ਵੱਧ ਵੱਧ ਸਜ਼ਾ 3 ਸਾਲ ਹੈ, ਜਿਸ ਦੀ ਜਮਾਨਤ 1 ਮਹੀਨੇ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਅਤੇ ਜੇਕਰ 3 ਸਾਲ ਸਜ਼ਾ ਹੋ ਵੀ ਗਈ ਤਾਂ ਫੌਜਦਾਰੀ ਜਾਬਤਾ ਦੀ ਧਾਰਾ 389 ਤਹਿਤ ਤੁਰੰਤ ਹੀ ਜਮਾਨਤ ਹੋ ਜਾਂਦੀ ਹੈ; ਜਿਵੇ: ਪਿਆਰੇ ਭਨਿਆਰੇ ਵਾਲੇ ਤੇ ਉਸ ਦੇ 7 ਸਾਥੀਆਂ ਨੂੰ 2001 ਵਿੱਚ ਕੀਤੀ ਬੇਅਦਬੀ ਲਈ ਜਦੋਂ ਮਈ 2013 ਵਿੱਚ 3 ਸਾਲ ਸਜ਼ਾ ਹੋਈ ਤਾਂ ਉਹਨਾਂ ਨੂੰ 40, 000/- ਦੇ ਜਮਾਨਤਨਾਮੇ ਉੱਪਰ ਤੁਰੰਤ ਛੱਡ ਵੀ ਦਿੱਤਾ ਗਿਆ।

ਸਭ ਤੋਂ ਮਹੱਵਪੂਰਨ ਗੱਲ ਇਹ ਕਿ ਭਾਰਤੀ ਨਿਆਂ ਪ੍ਰਬੰਧ ਲੰਮੇਰਾ ਹੋਣ ਕਾਰਨ ਦੇਰੀ ਨਾਲ ਮਿਲੇ ਨਿਆਂ ਨੂੰ ਅਨਿਆਂ ਹੀ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਧਾਰਾ 295-ਏ ਤਹਿਤ ਸਜ਼ਾ ਕਰਾਉਣ ਲਈ ਜ਼ਰੂਰੀ ਹੈ ਕਿ ਸਬੰਧਤ ਸਰਕਾਰ ਦੇ ਗ੍ਰਹਿ ਵਿਭਾਗ ਦੀ ਫੌਜਦਾਰੀ ਜਾਬਤਾ ਦੀ ਧਾਰਾ 196 ਤਹਿਤ ਮਨਜੂਰੀ ਜ਼ਰੂਰੀ ਹੈ, ਜੋ ਨਾ ਹੋਣ ਕਾਰਨ ਦੋਸ਼ੀ ਵਿਰੁੱਧ ਗਵਾਹੀਆਂ ਹੋਣ ਦੇ ਬਾਵਜੂਦ ਵੀ ਦੋਸ਼ੀ ਬਰੀ ਹੋ ਜਾਂਦਾ ਹੈ; ਜਿਵੇ ਕਿ ਅਗਸਤ 2012 ਵਿਚ ਸਾਹਨੇਵਾਲ ਵਿੱਚ ਹੋਈ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬੇਅਦਬੀ ਦੇ ਕੇਸ ਵਿੱਚ ਦੋਸ਼ੀਆਂ ਖਿਲ਼ਾਫ ਬਾਦਲ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 295-ਏ ਦਾ ਕੇਸ ਚਲਾਉਣ ਦੀ ਮਨਜੂਰੀ ਨਹੀਂ ਦਿੱਤੀ ਗਈ ਤਾਂ ਦੋਸ਼ੀ 295-ਏ ਵਿੱਚੋਂ ਬਰੀ ਹੋ ਗਿਆ ਪਰ ਬਹਿਸ ਕਰਨ ਉਪਰੰਤ ਕੋਰਟ ਨੂੰ ਇਹ ਜਚਾਇਆ ਗਿਆ ਕਿ ਕਿਉਂਕਿ ਬੇਅਦਬੀ ਦੀ ਘਟਨਾ ਧਾਰਮਿਕ ਅਸਥਾਨ ਗੁਰੂ-ਘਰ ਦੇ ਅੰਦਰ ਹੋਈ ਹੈ ਤਾਂ ਸਜ਼ਾ ਧਾਰਾ 295 ਤਹਿਤ ਵੀ ਕੀਤੀ ਜਾ ਸਕਦੀ ਹੈ ਕਿਉਂਕਿ 295 ਤਹਿਤ ਸਜ਼ਾ ਕਰਾਉਣ ਲਈ ਕਿਸੇ ਸਰਕਾਰ ਦੀ ਮਨਜੂਰੀ ਦੀ ਲੋੜ ਨਹੀਂ ਹੈ ਤਾਂ ਕੋਰਟ ਵੱਲੋਂ ਧਾਰਾ 295 ਤਹਿਤ ਵੱਧ ਤੋਂ ਵੱਧ ਸਜ਼ਾ 2 ਸਾਲ ਕੀਤੀ ਗਈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਧਾਰਾ 295-ਏ ਵਿੱਚ ਸਜ਼ਾ 10 ਸਾਲ ਅਤੇ ਫੌਜਦਾਰੀ ਜਾਬਤੇ ਦੀ ਧਾਰਾ 438 (ਬਾਹਰੋ-ਬਾਹਰ ਜਮਾਨਤ) ਦੀ ਸਹੂਲਤ ਬੰਦ ਕਰਨਾ ਪਾਸ ਕੀਤਾ ਹੈ ਪਰ ਅਜੇ ਤੱਕ ਇਸ ਦਾ ਨੋਟੀਫਿਕੇਸ਼ਨ ਨਾ ਹੋਣ ਕਰਕੇ ਇਹ ਲਾਗੂ ਨਹੀਂ ਹੋ ਸਕਿਆ। ਸਿਤਮਜ਼ਰੀਫੀ ਦੀ ਗੱਲ ਹੈ ਕਿ ਸਾਹਨੇਵਾਲ ਦੇ ਕੇਸ ਸਮੇਂ ਆਪਣੀ ਬਣਦੀ ਜਿੰਮੇਵਾਰੀ ਨਾ ਨਿਭਾਉਣ ਵਾਲੀ ਬਾਦਲ ਸਰਕਾਰ ਅੱਜ ਦੋਸ਼ੀਆਂ ਦੀ ਭਾਲ ਲਈ 1 ਕਰੋੜ ਦੇ ਇਨਾਮ, ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਦੇ ਦਾਅਵੇ ਤੇ ਜੁਡੀਸ਼ਲ ਜਾਂਚ ਦਾ ਐਲਾਨ ਕੇਵਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਥ ਵਿੱਚ ਆਪਣੀ ਗੁਆਚਦੀ ਜਾ ਰਹੀ ਸਾਖ ਨੂੰ ਬਹਾਲ ਰੱਖਣ ਲਈ ਕਰ ਰਹੀ ਹੈ। ਮੈਨੂੰ ਯਾਦ ਹੈ ਕਿ ਸਾਹਨੇਵਾਲ ਵਾਲੇ ਕੇਸ ਵਿੱਚ ਧਾਰਾ 295-ਏ ਦੀ ਮਨਜੂਰੀ ਲਈ ਕਿੱਥੇ-ਕਿੱਥੇ ਨਹੀਂ ਸੁਨੇਹੇ ਭੇਜੇ ਪਰ ਕਿਸੇ ਨੇ ਨਹੀਂ ਸੁਣੀ। ਉਹ ਤਾਂ ਭਾਈ ਮਨਦੀਪ ਸਿੰਘ ਕੁੱਬੇ ਹੀ ਸੀ ਜਿਸ ਨੇ ਪੰਥ ਦੀ ਡਿੱਗੀ ਪੱਗ ਸਿਰ ਉੱਪਰ ਰੱਖੀ ਪਰ ਉਸ ਨੂੰ ਅਦਾਲਤ ਨੇ 5 ਸਾਲ ਦੀ ਸਜ਼ਾ ਕੀਤੀ। ਜਿਕਰਯੋਗ ਹੈ ਕਿ ਸਾਹਨੇਵਾਲ ਦੀ ਘਟਨਾ ਵਿੱਚ ਸਾਜ਼ਿਸਕਰਤਾ ਵਜੋਂ ਟਿੰਕੂ ਨਾਮੀ ਸਥਾਨਕ ਆਗੂ ਦਾ ਨਾਮ ਆਇਆ ਸੀ ਜਿਸ ਸਬੰਧੀ ਕੋਈ ਜਾਂਚ ਹੀ ਨਹੀਂ ਕੀਤੀ ਗਈ ਸਗੋਂ ਉਹ ਪੁਲਿਸ ਨੂੰ ਆਪਣੇ ਬੰਦੇ (ਦੋਸ਼ੀ ਦਲੀਪ ਕੁਮਾਰ) ਨੂੰ ਛੱਡਣ ਲਈ ਫੋਨ ਕਰਦਾ ਰਿਹਾ ਪਰ ਜਦੋਂ ਭਾਈ ਮਨਦੀਪ ਸਿੰਘ ਨੇ ਬਿਨਾਂ ਕੇਸ ਪਾਏ ਹਵਾਲਾਤ ਵਿੱਚ ਬੰਦ ਕੀਤੇ ਦਲੀਪ ਕੁਮਾਰ ਨੂੰ ਗੋਲੀਆਂ ਮਾਰ ਦਿੱਤੀਆਂ ਤਾਂ ਪੁਲਿਸ ਨੂੰ ਮਜਬੂਰਨ ਦਲੀਪ ਕੁਮਾਰ ਖਿਲਾਫ ਵੀ ਪਰਚਾ ਕੱਟਣਾ ਪਿਆ। ਭਾਰਤੀ ਨਿਆਂ ਪ੍ਰਬੰਧ ਵੱਲੋਂ ਸਿੱਖ ਸੱਭਿਆਚਾਰ ਨੂੰ ਮਾਨਤਾ ਨਾ ਦੇਣ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਜ਼ਾ 2 ਸਾਲ ਅਤੇ ਉਸ ਦੁਸ਼ਟ ਨੂੰ ਬਣਦੀ ਸਜ਼ਾ ਤੋਂ ਘੱਟ ਸਜ਼ਾ (ਭਾਈ ਮਨਦੀਪ ਸਿੰਘ ਕੁੱਬੇ ਵੱਲੋਂ ਗੋਲੀਆਂ ਮਾਰਨ ਤੋਂ ਬਾਅਦ ਦੋਸ਼ੀ ਦਲੀਪ ਕੁਮਾਰ ਬਚ ਗਿਆ ਸੀ, ਇਸ ਲਈ ਸਜ਼ਾ ਧਾਰਾ 307 ਇਰਾਦਾ ਕਤਲ ਵਿੱਚ ਹੋਈ ਸੀ) ਦੇਣ ਵਾਲੇ ਨੂੰ 5 ਸਾਲ ਦੀ ਸਜ਼ਾ ਕੀਤੀ ਗਈ ਸੀ। ਇਸੇ ਤਰ੍ਹਾਂ ਬਰਗਾੜੀ ਦੀ ਘਟਨਾ ਵਿੱਚ ਵੀ ਜੂਨ ਮਹੀਨੇ ਵਿੱਚ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਚੋਰੀ ਹੋਣ ਤੋਂ ਲੈ ਕੇ 12 ਅਕਤੂਬਰ ਨੂੰ ਗੁਰੂ ਸਾਹਿਬ ਦੇ ਅੰਗ ਖਿਲਾਰਨ ਤੱਕ ਕੋਈ ਜਾਂਚ ਜਾਣ-ਬੁਝ ਕੇ ਨਹੀਂ ਕੀਤੀ ਗਈ ਤਾਂ ਜੋ ਮਸਲਾ ਵਧ ਜਾਵੇ ਤੇ ਇਸ ਵਿੱਚੋਂ ਉਪਜੇ ਹਲਾਤਾਂ ਦਾ ਕੋਈ ਫਾਇਦਾ ਲੈ ਲਿਆ ਜਾਵੇ।

ਪੰਥ ਦੇ ਦਾਨਸ਼ਵਰਾਂ ਨੂੰ ਚਾਹੀਦਾ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਦਾ ਓਟ-ਆਸਰਾ ਲੈ ਕੇ ਸਾਰੀ ਸਥਿਤੀ ਨੂੰ ਸਚ ਮੁੱਚ ਵਿੱਚ ਸਮਝ ਕੇ ਉਸ ਉਪਰੰਤ ਕੋਈ ਕਾਰਵਾਈ ਕਰਨ ਅਤੇ ਦੋ-ਧਾਰੀ ਪ੍ਰੋਗਰਾਮ ਉਲੀਕਣ, ਇਕ ਤਾਂ ਇਹਨਾਂ ਰੋਜ਼-ਰੋਜ਼ ਦੀਆਂ ਘਟਨਾਵਾਂ ਨੂੰ ਠੱਲਣ ਲਈ ਪ੍ਰੋਗਰਾਮ ਅਤੇ ਇਸ ਦੇ ਨਾਲ ਹੀ ਸਮੁੱਚੇ ਪੰਥ ਨੂੰ ਇਕ ਲੜੀ ਵਿੱਚ ਪ੍ਰੋਣ ਲਈ ਲੰਮੇਰੇ ਪ੍ਰੋਗਰਾਮ ਤਾਂ ਜੋ ਪੰਥ ਦੀ ਹੋਂਦ-ਹਸਤੀ ਨੂੰ ਕਾਇਮ ਰੱਖਣ ਤੇ ਗੁਰੂ ਗ੍ਰੰਥ ਸਾਹਿਬ ਵੱਲੋਂ ਦਰਸਾਏ ਸਰਬੱਤ ਦੇ ਭਲੇ ਵਾਲਾ ਬੇਗ਼ਮਪੁਰਾ, ਹਲੇਮੀ-ਰਾਜ ਸਿਰਜਣ ਲਈ ਕੌਮਾਂਤਰੀ ਤੇ ਲੋਕਲ ਪੱਧਰ ਉੱਪਰ ਕੰਮ ਕੀਤਾ ਜਾ ਸਕੇ। 1947 ਤੋਂ ਬਾਅਦ ਦਿੱਲੀ ਤਖ਼ਤ ਉੱਪਰ ਬੈਠੇ ਲੋਕਾਂ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਸਦਾ ਹੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚੋਂ ਮਨੁੱਖਤਾ ਨੂੰ ਸਰੀਰਕ ਤੇ ਮਾਨਸਿਕ ਗੁਲਾਮੀ ਤੋਂ ਮੁਕਤ ਕਰਾਉਣ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ ਪਰ ਸਮਾਂ ਹਮੇਸ਼ਾਂ ਇੱਕ ਜਿਹਾ ਨਹੀਂ ਰਹਿੰਦਾ। ਆਓ ! ਗੁਰੂ ਕੇ ਸਿੱਖ-ਸਿੰਘ-ਖ਼ਾਲਸੇ ਬਣ ਕੇ ਗੁਰੂ ਵੱਲੋਂ ਸਾਡੇ ਉੱਪਰ ਆਇਦ ਕੀਤੇ ਫਰਜ਼ਾਂ ਨੂੰ ਪਛਾਣੀਏ। ਅਕਾਲ ਸਹਾਇ !