ਵੱਡਾ ਘੱਲੂਘਾਰਾ

0
1041

ਵੱਡਾ ਘੱਲੂਘਾਰਾ

ਬਚਿੱਤਰ ਸਿੰਘ, ਮੋਬ : 94641-25868

ਵੱਡਾ ਘੱਲੂਘਾਰਾ ਅਠਾਰਵੀਂ ਸਦੀ ਦੇ ਸਿੱਖਾਂ ਦੀ ਬਹਾਦਰੀ ਦੀ ਇੱਕ ਲਾਮਿਸਾਲ ਘਟਨਾ ਹੈ, ਜਿਸ ਵਿੱਚ ਮੁੱਠੀ ਭਰ ਸਿੱਖ ਜਥਿਆਂ ਨੇ ਅਹਿਮਦ ਸ਼ਾਹ ਅਬਦਾਲੀ, ਸਰਹਿੰਦ ਦੇ ਨਵਾਬ ਜੈਨ ਖਾਂ ਤੇ ਮਲੇਰਕੋਟਲਾ ਨਵਾਬ ਭੀਖਨ ਖਾਂ ਦੀਆਂ ਸਾਂਝੀਆਂ ਟਿੱਡੀ ਦਲ ਫੌਜਾਂ ਦਾ ਅਦੁੱਤੀ ਬਹਾਦਰੀ ਨਾਲ ਮੁਕਾਬਲਾ ਕੀਤਾ। ਵੱਡਾਘੱਲੂਘਾਰਾ ਮਲੇਰਕੋਟਲਾ ਰਿਆਸਤ ਦੇ ਪਿੰਡਾਂ ਕੁੱਪ ਰਹੀੜੇ ਤੋਂ ਸ਼ੁਰੂ ਹੋ ਕੇ ਪਿੰਡ ਕੁਤਬਾ ਬਾਮਨੀ ਤੱਕ 15-20 ਮੀਲ ਦੇ ਇਲਾਕੇ ’ਚ 5 ਫਰਵਰੀ 1762 ਨੂੰ ਹੋਇਆ।ਲੜਾਈ ਸੁਭਾ ਸ਼ੁਰੂ ਹੋਈ ਜੋ ਸ਼ਾਮ ਤੱਕ ਖਤਮ ਹੋ ਗਈ। ਸਿਰਫ਼ ਇੱਕ ਦਿਨ ਦੀ ਲੜਾਈ ਵਿੱਚ 25 ਤੋਂ 30 ਹਜਾਰ ਸਿੱਖ ਸ਼ਹੀਦੀਆਂ ਪਾ ਗਏ। ਲਗਭਗ ਅੱਧੀ ਸਿੱਖ ਵੱਸੋਂ ਇੱਕ ਦਿਨ ਵਿੱਚ ਖ਼ਤਮ ਹੋ ਗਈ।

ਵੱਡੇ ਘੱਲੂਘਾਰੇ ਦਾ ਕਾਰਨ ਇਹ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ 1761 ਵਿੱਚ ਮਰਹੱਟਾ ਸ਼ਕਤੀ ਨੂੰ ਪਾਣੀਪੱਤ ਦੀ ਲੜਾਈ ਵਿੱਚ ਖਤਮ ਕਰ ਦਿੱਤਾ ਸੀ।ਕਾਬਲ ਨੂੰ ਮੁੜਦੇ ਅਹਿਮਦਸਾਹ ਨੂੰ ਸਿੱਖ ਜਥਿਆਂ ਨੇ ਹਮਲਾ ਕਰਕੇ ਉਸ ਤੋਂ ਹਜਾਰਾਂ ਹਿੰਦੁਸਤਾਨੀ ਔਰਤਾਂ ਛੁਡਵਾਈਆਂ ਜੋ ਉਹ ਗ਼ੁਲਾਮ ਬਣਾ ਕੇ ਲਿਜਾ ਰਿਹਾ ਸੀਅਤੇ ਉਸ ਦੇ ਲੁੱਟ ਦੇ ਮਾਲ ਦਾ ਕਾਫ਼ੀ ਹਿੱਸਾ ਸਿੱਖਾਂ ਨੇ ਖੋਹ ਲਿਆ ਸੀ। ਸਿੱਖ ਜਥੇ, ਲਾਹੌਰ ਦੇ ਨਵਾਬ ਖਵਾਜਾ ਉਬੇਦ ਖਾਨ ਨੂੰ ਪ੍ਰੇਸ਼ਾਨ ਕਰ ਰਹੇ ਸਨ ਅਤੇ ਸਿੱਖ ਜਥਿਆਂ ਨੇ ਅਬਦਾਲੀ ਦੇ ਮੁਖਬਰ ਆਕਲ ਦਾਸ ਜੰਡਿਆਲੇ ਵਾਲੇ ਦੀ ਹਵੇਲੀ ਨੂੰ ਘੇਰਾ ਪਾਇਆ ਹੋਇਆ ਸੀ। ਇਸ ਲਈ ਅਹਿਮਦ ਸ਼ਾਹ ਅਬਦਾਲੀ ਨੇ ਕਾਬਲ ਦੀ ਸ਼ਾਹੀ ਮਸੀਤ ਵਿੱਚ ਇਕੱਠ ਕਰਕੇ ਸਿੱਖ ਸ਼ਕਤੀ ਖਤਮ ਕਰਨ ਲਈ ਅਫਗਾਨਾਂ ਦੇ ਮਜ੍ਹਬੀ ਜਨੂੰਨ ਨੂੰ ਵੰਗਾਰਿਆ। ਉਸ ਨੇ ਆਪਣੇ ਨਾਲ 22 ਹਜਾਰ ਚੋਣਵੇਂ ਪਠਾਣ ਸਿਪਾਹੀ ਅਤੇ ਹਜਾਰਾਂ ਕੱਟੜ ਜਹਾਦੀਆਂ ਸਮੇਤ ਜਨਵਰੀ 1762 ਨੂੰ ਕਾਬਲ ਤੋਂ ਕੂਚ ਕੀਤਾ। ਜਦ ਉਸ ਨੇ ਖੈਬਰ ਦਰਿਆ ਪਾਰ ਕੀਤਾ ਤਾਂ ਸਿੱਖ ਸੂਹੀਆਂ ਨੇ ਸਾਰੀ ਖ਼ਬਰ ਸਿੱਖ ਜਥਿਆਂ ਨੂੰ ਭੇਜ ਦਿੱਤੀ। ਖਬਰ ਮਿਲਦਿਆਂ ਹੀ ਸਿੱਖ ਸਰਦਾਰਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਸਿੱਖ ਪਰਿਵਾਰਾਂ ਨੂੰ ਬਰਨਾਲਾ ਵਿਖੇ ਜਿੱਥੇ ਕਿ ਬਾਬਾ ਆਲਾ ਸਿੰਘ ਦਾ ਰਾਜ ਸੀ, ਪਹੁੰਚਾ ਦੇਣ ਅਤੇ ਫਿਰ ਅਬਦਾਲੀ ਨਾਲ ਸਿੱਧੀ ਟੱਕਰ ਲੈਣ। ਉਹ ਪਰਿਵਾਰਾਂ ਨੂੰ ਲੈ ਕੇ ਮਲੇਰਕੋਟਲਾ ਰਿਆਸਤ ਦੇ ਪਿੰਡ ਗੁਜਰਵਾਲ ਪਹੁੰਚ ਗਏ ਜੋ ਕਿ ਪਿੰਡ ਕੁਪਰਹੀੜੇ ਦੇ ਨਜਦੀਕ ਹੈ।

3 ਫਰਵਰੀ ਨੂੰ ਉਨ੍ਹਾਂ ਨੂੰ ਖਬਰ ਮਿਲੀ ਕਿ ਅਬਦਾਲੀ ਲਹੌਰ ਪਹੁੰਚ ਗਿਆ ਹੈ ਤੇ ਉਸ ਨੂੰ ਇੱਥੇ ਪਹੁੰਚਣ ਵਿੱਚ ਘੱਟ ਤੋਂ ਘੱਟ 4 ਦਿਨ ਲਗਣਗੇ ਤੇ ਉਸ ਦੇ ਆਉਣ ਤੋਂ ਪਹਿਲਾਂ ਹੀ ਉਹ ਬਰਨਾਲੇ ਪਹੁੰਚ ਜਾਣਗੇ। ਪ੍ਰੰਤੂ ਅਬਦਾਲੀ ਨੂੰ ਮਲੇਰਕੋਟਲਾ ਦੇ ਨਵਾਬ ਭੀਖਨ ਖਾਂ ਦਾ ਸੁਨੇਹਾ ਮਿਲਿਆ ਕਿ ਸਿੱਖ ਵਹੀਰ (ਪਰਿਵਾਰਾਂ ਸਮੇਤ)ਐਸੀ ਜਗ੍ਹਾ ’ਤੇ ਹਨ, ਜਿੱਥੇ ਕਿ ਉਨ੍ਹਾਂ ਨੂੰ ਅਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ। ਇਹ ਸੁਨੇਹਾ ਮਿਲਦਿਆਂ ਹੀ ਉਸ ਨੇ ਭੀਖਨ ਖਾਂ ਅਤੇ ਸਰਹਿੰਦ ਦੇ ਨਵਾਬ ਜੈਨ ਖਾਂ ਨੂੰ ਹੁਕਮ ਕੀਤਾ ਕਿ ਉਹ 5 ਫਰਵਰੀ ਨੂੰ ਸੁਭਾ ਆਪਣੀਆਂ ਫੌਜਾਂ ਨਾਲ ਸਿੱਖਾਂ ਦੇ ਅਗਵਾੜੇ ਤੋਂ ਹੱਲਾ ਬੋਲ ਦੇਣ ਅਤੇ ਉਸ ਨੇ ਆਪ ਲਹੌਰ ਤੋਂ ਮਲੇਰਕੋਟਲਾ ਦਾ 150 ਮੀਲ ਦਾ ਪੈਂਡਾ ਫੁਰਤੀ ਨਾਲ ਤਹਿ ਕੀਤਾ ਤੇ 5 ਫਰਵਰੀ ਨੂੰ ਸੁਭਾ 4 ਵਜੇ ਉਸ ਦੀਆਂ ਫੌਜਾਂ ਨੇ ਸਿੱਖਾਂ ਦੇ ਪਿਛਵਾੜੇ ਨੂੰ ਘੇਰ ਲਿਆ।

ਜੋ ਸਿੰਘ ਸਵੇਰ ਦੇ ਜਾਗੇ ਹੋਏ ਸਨ ਪਾਠ ਕਰ ਰਹੇ ਸਨ, ਉਨ੍ਹਾਂ ਨੇ ਘੋੜਿਆਂ ਦੀਆਂ ਟਾਪਾਂ ਦੀਆਂ ਅਵਾਜਾਂ ਸੁਣੀਆ। ਉਹ ਸਮਝ ਗਏ ਕਿ ਇਸਲਾਮੀ ਫੌਜਾਂ ਆ ਗਈਆਂ ਹਨ। ਉਨ੍ਹਾਂ ਨੇ ਤੁਰੰਤ ਜਥੇਦਾਰਾਂ ਨੂੰ ਸੂਚਨਾ ਦਿੱਤੀ। ਸਿੱਖ ਸਰਦਾਰਾਂ ਨੇ ਤੁਰੰਤ ਮੀਟਿੰਗ ਕੀਤੀ। ਇਸ ਔਖੇ ਸਮੇਂ ਸਿੱਖਾਂ ਦੀ ਅਗਵਾਈ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਸ਼ਾਮ ਸਿੰਘ ਕਰੋੜਸਿੰਘੀਆ, ਤਾਰਾ ਸਿੰਘ ਘੇਬਾ ਡੱਲੇਵਾਲੀਆ ਅਤੇ ਰਾਜਾ ਆਲਾ ਸਿੰਘ ਦਾ ਜਰਨੈਲ ਸੇਖੂ ਸਿੰਘ ਹੰਬਲਵਾਲ ਕਰ ਰਹੇ ਸਨ। ਉਨ੍ਹਾਂ ਨੇ ਫੈਸਲਾ ਕੀਤਾ ਕਿ ਬੱਚਿਆਂ, ਇਸਤਰੀਆਂ ਅਤੇ ਬਜ਼ੁਰਗਾਂ ਨੂੰ ਵਿਚਕਾਰ ਲੈ ਕੇ ਉਨ੍ਹਾਂ ਦੇ ਦੁਆਲੇ ਲੜਾਕੂ ਸਿੱਖਾਂ ਦਾ ਘੇਰਾ ਪਾਇਆ ਜਾਵੇ ਅਤੇ ਲੜਦੇ ਲੜਦੇ ਬਰਨਾਲੇ ਵੱਲ ਨੂੰ ਤੁਰਿਆ ਜਾਵੇ। ਇਸ ਯੁੱਧ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ: ‘ਤੁਰ ਤੁਰ ਲਰੋ ਅਰ ਲਰ ਲਰ ਤੁਰੋ। ਬਹੀਰ ਬਚਾਵਨ ਖਾਤਰ ਅੜੋ।’

ਬਰਨਾਲੇ ਵਾਲੇ ਪਾਸੇ ਜੈਨ ਖਾਂ ਤੇ ਭੀਖਨ ਖਾਂ ਦੀਆਂ ਫੌਜਾਂ ਸਿੱਖਾਂ ’ਤੇ ਹੱਲਾ ਬੋਲ ਰਹੀਆਂ ਸਨ ਅਤੇ ਪਿੱਛਲੇ ਪਾਸੇ ਅਬਦਾਲੀ ਦੀਆਂ ਫੌਜਾਂ ਬਹੁਤ ਨੁਕਸਾਨ ਕਰ ਰਹੀਆਂ ਸਨ। ਇੱਕ ਵਾਰ ਤਾਂ ਸਿੱਖਾਂ ਨੇ ਐਸਾ ਹੱਲਾ ਬੋਲਿਆ ਕਿ ਪਠਾਣਾ ਦੀ ਤੋਬਾ-2 ਕਰਵਾ ਦਿੱਤੀ। ਭਾਈ ਰਤਨ ਸਿੰਘ ਭੰਗੂ ਅਨੁਸਾਰ: ‘ਸਿੰਘਨ ਵਟ ਕਸੀਸ ਦਈ ਤਬ ਯਾਦ ਕਰਾ ਦਿਯੋ ਅੱਲਾ।’ ਇਸ ਯੁੱਧ ਵਿੱਚ ਵਹੀਰ ਨੂੰ ਬਚਾਉਣ ਲਈ ਸਿੱਖ ਸਰਦਾਰ ਜਿੱਥੇ ਘੇਰਾ ਕਮਜੋਰ ਲਗਦਾ ਆਪਣੇ ਘੋੜੇ ਦੌੜਾ ਕੇ ਜਾਂਦੇ ਤੇ ਘੇਰਾ ਮਜਬੂਤ ਕਰਦੇ। ਸਿੱਖ ਸਰਦਾਰਾਂ ਨੇ ਆਪਣੇ ਕੋਲ 2–2 ਘੋੜੇ ਰੱਖੇ ਹੋਏ ਸਨ ਜਦ ਘੋੜਾ ਥੱਕ ਜਾਂਦਾ, ਦੂਜਾ ਬਦਲ ਲੈਂਦੇ।

ਸਿੱਖਾਂ ਨੇ ਇਸੇ ਤਰ੍ਹਾਂ ਲੜਦੇ ਲੜਦੇ ਚਾਰ ਪੰਜ ਮੀਲ ਦਾ ਪੈਂਡਾ ਤੈਅ ਕਰ ਲਿਆ। ਅਬਦਾਲੀ ਚਾਹੁੰਦਾ ਸੀ ਕਿ ਸਿੱਖ ਜੰਮ ਕੇ ਲੜਨ ਪ੍ਰੰਤੂ ਜੈਨ ਖਾਂ ਤੇ ਭੀਖਨ ਖਾਂ ਦੀਆਂ ਫੌਜਾਂ ਉਨ੍ਹਾ ਨੂੰ ਰੋਕ ਨਾ ਸਕੀਆਂ। ਅਬਦਾਲੀ ਨੇ ਘੇਰਾ ਤੋੜਨ ਲਈ ਆਪਣੇ ਵਜ਼ੀਰ ਸਾਹ ਵਲੀ ਖਾਂ ਦੀ ਅਗਵਾਈ ਵਿੱਚ ਚੋਣਵੀਂ ਅੱਠ ਹਜਾਰ ਬਲੋਚੀ ਫੌਜ ਜੈਨ ਖਾਂ ਦੀ ਸਹਾਇਤਾ ਲਈ ਭੇਜੀ, ਜਿਸ ਨੇ ਵਹੀਰ ਦਾ ਸੁਰੱਖਿਆ ਘੇਰਾ ਤੋੜ ਦਿੱਤਾ। ਘੇਰਾ ਟੁੱਟਣ ਦੀ ਦੇਰ ਸੀ ਕਿ ਇਸਲਾਮੀ ਫੌਜਾਂ ਨੇ ਬੱਚਿਆਂ, ਇਸਤਰੀਆਂ ਅਤੇ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲੇਆਮ ਸ਼ੁਰੂ ਕਰ ਦਿੱਤਾ। ਜਦ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਰੱਖਿਆ ਘੇਰਾ ਟੁੱਟਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਸ: ਤਾਰਾ ਸਿੰਘ ਘੇਬਾ ਅਤੇ ਸੇਖੂ ਸਿੰਘ ਹੱਬਲਵਾਲ ਨੂੰ ਘੇਰਾ ਕਾਇਮ ਕਰਨ ਲਈ ਚੋਣਵੇਂ ਸਿੱਖ ਜਥੇ ਦੇ ਕੇ ਭੇਜਿਆ। ਜਦ ਉਨ੍ਹਾਂ ਨੇ ਬੱਚਿਆਂ, ਇਸਤਰੀਆਂ ਦਾ ਕਤਲੇਆਮ ਹੁੰਦਾ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। ਉਨ੍ਹਾਂ ਨੇ ਫੈਸਲਾ ਕੀਤਾ ਕਿ ਸ਼ਾਹਵਲੀ ਖਾਂ ਨੂੰ ਘੇਰ ਕੇ ਮਾਰਿਆ ਜਾਵੇ। ਉਹਅਫਗਾਨੀ ਫੌਜ ਨੂੰ ਚੀਰਦੇ ਹੋਏ ਸਾਹ ਵਲੀ ਖਾਂ ਦੇ ਨਜਦੀਕ ਪਹੁੰਚ ਗਏ। ਖਤਰਾ ਦੇਖਕੇ ਸਾਹ ਵਲੀ ਖਾਂ ਆਪਣਾਂ ਘੋੜਾ ਦੌੜਾ ਕੇ ਅਬਦਾਲੀ ਕੋਲ ਚਲਾ ਗਿਆ। ਸਿੱਖਾਂ ਨੇ ਉਸ ਦੀ ਫੌਜ ’ਤੇ ਐਨਾ ਭਿਆਨਕ ਅਤੇ ਤੇਜ ਹਮਲਾ ਕੀਤਾ ਕਿ ਦੁਸ਼ਮਣ ਦੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ ਅਤੇ ਦੁਬਾਰਾ ਸੁਰੱਖਿਆ ਘੇਰਾ ਕਾਇਮ ਕੀਤਾ।

ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਅਨੁਸਾਰ ‘ਜਿਤ ਵੱਲ ਪਰਤ ਸਿੰਘ ਭਟ ਦੌੜ। ਕਰਤ ਤੁਰਕਨ ਕੀ ਤੱਟੀ ਚੌੜ।’ ਸਿੱਖ ਵੈਰੀਆਂ ਨੂੰ ਵੱਢਦੇ ਟੁੱਕਦੇ ਅਤੇ ਆਪ ਉਨ੍ਹਾਂ ਦੇ ਵਾਰਾਂ ਤੋਂ ਬਚਦੇ ਬਚਾਉਂਦੇ ਬਰਨਾਲੇ ਵੱਲ ਅੱਗੇ ਵੱਧਣ ਲੱਗੇ। ਸਿੱਖ ਸਰਦਾਰ ਜਾਨਾਂ ਹੂਲ ਕੇ ਲੜੇ। ਜੱਸਾ ਸਿੰਘ ਆਹਲੂਵਾਲੀਆ ਦਾ ਚਿੱਟਾ ਚੋਲਾ ਜਖਮਾ ਵਿੱਚੋਂ ਖੂਨ ਵਗ ਵਗ ਕੇ ਗੇਰੂਆ ਰੰਗ ਦਾ ਹੋ ਗਿਆ। ਜਦ ਉਸ ਨੇ ਆਪਣੇ ਸਹਾਇਕ ਗੁਰਮੁੱਖ ਸਿੰਘ ਨੂੰ ਘੋੜਾ ਬਦਲਣ ਲਈ ਕਿਹਾ ਤਾਂ ਗੁਰਮੁੱਖ ਸਿੰਘ ਤੋਂ ਉਸ ਦੀ ਹਾਲਤ ਦੇਖੀ ਨਾ ਗਈ ਤੇ ਉਹ ਘੋੜੇ ਦੀ ਵਾਂਗ ਫੜਕੇ ਪਿੱਛੇ ਲਿਆਉਣ ਲੱਗਿਆ ਤੇ ਆਰਾਮ ਕਰਨ ਦੀ ਬੇਨਤੀ ਕੀਤੀ। ਪ੍ਰੰਤੂ ਜੱਸਾ ਸਿੰਘ ਆਹਲੂਵਾਲੀਆ ਨੇ ਇਨਕਾਰ ਕਰ ਦਿੱਤਾ ਤੇ ਫਿਰ ਲੜਾਈ ਵਿੱਚ ਕੁੱਦ ਪਿਆ। ਜਦ ਬਰਨਾਲੇ ਜਾ ਕੇ ਕੱਪੜੇ ਬਦਲੇ ਤਾਂ ਜੱਸਾ ਸਿੰਘ ਦੇ ਸਰੀਰ ’ਤੇ 22 ਫੱਟ ਸਨਅਤੇ ਚੜਤ ਸਿੰਘ ਸ਼ੁਕਰਾਚਾਰੀਆ ਦੇ ਸਰੀਰ ’ਤੇ 19 ਫੱਟ ਸਨ। ਸ਼ਾਮ ਢਲੀ ਤੱਕ ਸਿੱਖਾਂ ਨੇ ਲੜਦੇ ਲੜਦੇ ਵੀਹ ਮੀਲ ਪੈਂਡਾ ਤੈਅ ਕਰ ਲਿਆ ਤੇ ਹੁਣ ਕੁਤਬਾ ਬਾਮਨੀ ਪਿੰਡ ਨੇੜੇ ਇੱਕ ਪਾਣੀ ਦੀ ਢਾਬ ’ਤੇ ਪਹੁੰਚ ਗਏ। ਦੋਵਾਂ ਧਿਰਾਂ ਨੂੰ ਪਿਆਸ ਲੱਗੀ ਹੋਈ ਸੀ। ਜੱਸਾ ਸਿੰਘ ਆਹਲੂਵਾਲੀਆ ਨੇ ਹੁਕਮ ਕੀਤਾ ਕਿ ਪਾਣੀ ਛੇਤੀ ਤੋਂ ਛੇਤੀ ਪੀਤਾ ਜਾਵੇ। ਹੋ ਸਕੇ ਤਾਂ ਇੱਕ ਬੁੱਕ ਹੀ ਪੀਤਾ ਜਾਵੇ ਤਾਂ ਕਿ ਪਾਣੀ ਛੇਤੀ ਪੀ ਕੇ ਵੈਰੀ ਤੋਂ ਵਿੱਥ ਬਣਾਈ ਜਾਵੇ। ਸਿੱਖ ਫੌਜਾਂ ਪਾਣੀ ਛੇਤੀ ਪੀ ਕੇ ਅੱਗੇ ਕੂਚ ਕਰਨ ਲੱਗੀਆਂ। ਅਫਗਾਨੀ ਫੌਜਾਂ ਨੇ ਪਾਣੀ ਅਰਾਮ ਨਾਲ ਪੀਤਾ। ਉਹ ਐਨੀਆ ਥੱਕ ਚੁੱਕੀਆਂ ਸਨ ਕਿ ਇੱਥੇ ਢਾਬ ’ਤੇ ਰੁੱਕ ਗਈਆਂ ਅਤੇ ਮਲੇਰਕੋਟਲੇ ਚਲੀਆਂ ਗਈਆਂ।

ਸਿੰਘ ਬਰਨਾਲੇ ਪਹੁੰਚ ਗਏ। ਰਾਜਾ ਆਲਾ ਸਿੰਘ ਅਤੇ ਉਸ ਦੀ ਪਤਨੀ ਫ਼ਤਹਿ ਕੌਰ ਨੇ ਬਹੁਤ ਟਹਿਲ ਸੇਵਾ ਕੀਤੀ। ਸਾਰੀਆਂ ਫੌਜਾਂ ਨੂੰ ਲੰਗਰ ਛਕਾਇਆ ਤੇ ਮਲ੍ਹਮਪੱਟੀਆਂ ਕੀਤੀਆਂ। ਇੱਥੋਂ ਸਿੱਖ ਜਥੇ ਸੁਭਾ ਹੀ ਬਠਿੰਡੇ ਵੱਲ ਚਲੇ ਗਏ। ਅਬਦਾਲੀ ਆਪਣੀ ਫੌਜ ਲੈ ਕੇ ਬਰਨਾਲੇ ਪਹੁੰਚ ਗਿਆ। ਰਾਜਾ ਆਲਾ ਸਿੰਘ ਭਵਾਨੀਗੜ੍ਹ ਦੇ ਕਿਲੇ ਵਿੱਚ ਚਲਾ ਗਿਆ। ਅਬਦਾਲੀ ਨੇ ਰਾਜਾ ਆਲਾ ਸਿੰਘ ਉਤੇ ਸਿੱਖਾਂ ਦੀ ਸਹਾਇਤਾ ਕਰਨ ਬਦਲੇ ਪੰਜ ਲੱਖ ਰੁਪਿਆ ਜੁਰਮਾਨਾ ਕੀਤਾ ਅਤੇ ਕੇਸ ਕਤਲ ਕਰਨ ਦੀ ਸਜਾ ਸੁਣਾਈ। ਉਸ ਦੀ ਰਾਣੀ ਫ਼ਤਹਿ ਕੌਰ ਨੇ ਸ਼ਾਹ ਵਲੀ ਖਾਂ ਨੂੰ ਪ੍ਰੇਰ ਕੇ ਕੇਸ ਕਤਲ ਕਰਨ ਦੀ ਸਜਾ ਬਦਲ ਕੇ ਇੱਕ ਲੱਖ ਹੋਰ ਜੁਰਮਾਨਾ ਦਿੱਤਾ। ਇੱਥੋਂ ਅਬਦਾਲੀ ਲਾਹੌਰ ਵਾਪਸ ਮੁੜ ਗਿਆ।

ਵੱਡਾ ਘੱਲੂਘਾਰਾ ਸਿੱਖ ਕੌਮ ’ਤੇ ਬੜੀ ਭਾਰੀ ਸੱਟ ਸੀ ਪ੍ਰੰਤੂ ਸਿੱਖਾਂ ਨੇ ਇਸ ਨੂੰ ਨਿਰੰਕਾਰ ਦਾ ਹੁਕਮ ਹੀ ਸਮਝਿਆ। ਉਹ ਨਿਰਾਸ ਨਹੀਂ ਹੋਏ ਤੇ ਚੜ੍ਹਦੀ ਕਲਾ ਵਿੱਚ ਰਹੇ। ਤਿੰਨ ਮਹੀਨਿਆਂ ਬਾਅਦ ਹੀ ਉਨ੍ਹਾਂ ਨੇ ਮਲੇਰਕੋਟਲਾ ਦੇ ਨਵਾਬ ਭੀਖਨ ਖਾਂ ਨੂੰ ਮਾਰ ਮੁਕਾਇਆ। ਜਨਵਰੀ 1764 ਵਿੱਚ ਸਰਹਿੰਦ ਦੇ ਨਵਾਬ ਜੈਨ ਖਾਂ ਨੂੰ ਹਾਰ ਦਿੱਤੀ ਤੇ ਮੌਤ ਦੇ ਘਾਟ ਉਤਾਰ ਦਿੱਤਾ। ਅਕਤੂਬਰ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਅੰਮ੍ਰਿਤਸਰ ਦੀ ਲੜਾਈ ਵਿੱਚ ਹਾਰ ਦਿੱਤੀ ਤੇ ਉਹ ਰਾਤ ਦੇ ਹਨੇਰੇ ਵਿੱਚ ਲਹੌਰ ਨਸ ਗਿਆ। ਸਿੱਖਾਂ ਨੂੰ ਖਤਮ ਕਰਨ ਦਾ ਅਬਦਾਲੀ ਦਾ ਸੁਪਨਾ ਪੂਰਾ ਨਾ ਹੋ ਸਕਿਆ ਪਰ ਉਹ ਆਪ ਖਤਮ ਹੋ ਗਿਆ। ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਬੇਸ਼ਕੀਮਤੀ ਦਮਦਮੀ ਬੀੜ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਸੀ ਉਹ ਇਸ ਹਮਲੇ ਦੌਰਾਨ ਗੁੰਮ ਹੋ ਗਈ।