ਮਾਪੇ ਬਣੇ ਵਜ਼ੀਰ ਖਾਨ

0
223

ਮਾਪੇ ਬਣੇ ਵਜ਼ੀਰ ਖਾਨ

ਸ. ਪ੍ਰਭਦਿਆਲ ਸਿੰਘ, ਸੁਨਾਮ (ਸੰਗਰੂਰ)-94638-65060

ਸੂਬਾ ਸਰਹਿੰਦ ਵਜ਼ੀਰ ਖਾਨ ਨੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਲਾਸਾਨੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਅਤੇ ਫੁੱਲਾਂ ਜਿਹੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀ ਖੂਨੀ ਦੀਵਾਰ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਦੇਸ਼ ਕੌਮ ਲਈ ਚਾਰ ਪੁੱਤਰਾਂ ਨੂੰ ਕੁਰਬਾਨ ਕਰਨ ਤੋਂ ਬਾਅਦ ਕਲਗੀਧਰ ਪਿਤਾ ਨੇ ਸਿੱਖ ਕੌਮ ਨੂੰ ਆਪਣੀ ਸੰਤਾਨ ਥਾਪਦੇ ਹੋਏ ਆਖਿਆ ਸੀ ‘ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਯਾ ਹੂਆ, ਜੀਵਤ ਕਈ ਹਜ਼ਾਰ।’ ਇਸੇ ਕਾਰਨ ਅਸੀਂ ਸਿੱਖ ਆਪਣੇ ਆਪ ਨੂੰ ਕਲਗੀਧਰ ਪਿਤਾ ਦੇ ਪੁੱਤਰ, ਧੀਆਂ ਮੰਨਦੇ ਹਾਂ। ਇਸ ਦਾ ਇਹ ਭਾਵ ਵੀ ਨਿਕਲਦਾ ਹੈ ਕਿ ਜਦੋਂ ਕੋਈ ਬੱਚਾ ਕਿਸੇ ਸਿੱਖ ਪਰਿਵਾਰ ਵਿੱਚ ਜਨਮ ਲੈਂਦਾ ਹੈ ਤਾਂ ਉਹ ਆਪਣੇ ਪਰਿਵਾਰ ਦਾ ਬੱਚਾ ਹੋਣ ਦੇ ਨਾਲ ਨਾਲ ਦਸ਼ਮੇਸ਼ ਪਿਤਾ ਜੀ ਦਾ ਵੀ ਬੱਚਾ ਹੁੰਦਾ ਹੈ। ਪਰ ਉਦੋਂ ਤੱਕ ਹੀ ਜਦੋਂ ਤੱਕ ਉਹ ਬੱਚਾ ਸਾਬਤ ਸੂਰਤ ਹੈ। ਅਨੇਕਾਂ ਸਿੱਖ ਪਰਿਵਾਰਾਂ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਮਾਪੇ ਆਪਣੇ ਸਾਲ, ਛੇ ਮਹੀਨਿਆਂ ਦੇ ਛੋਟੇ ਜਿਹੇ ਮਾਸੂਮ ਬੱਚਿਆਂ ਦੇ ਹੀ ਕੇਸ ਕਤਲ ਕਰਵਾ ਦਿੰਦੇ ਹਨ। ਅਣਭੋਲ ਜਿਹੇ ਬੱਚੇ, ਜਿਸ ਨੂੰ ਕੋਈ ਸਮਝ ਨਹੀਂ ਹੁੰਦੀ, ਉਸ ਨੂੰ ਨਾਈ ਦੀ ਕੁਰਸੀ ’ਤੇ ਬਿਠਾ ਦਿੱਤਾ ਜਾਂਦਾ ਹੈ। ਹੁਣ ਜੇਕਰ ਵਿਚਾਰ ਕਰੀਏ ਤਾਂ ਇਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹ ਕੰਮ ਕੋਈ ਮਾਮੂਲੀ ਜਾਂ ਸਧਾਰਨ ਕੰਮ ਹੀ ਹੈ ? ਨਹੀਂ, ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਜੇਕਰ ਮਾਪੇ ਆਪਣੇ ਬੱਚੇ ਦੇ ਕੇਸ ਕਤਲ ਕਰਵਾ ਦਿੰਦੇ ਹਨ ਤਾਂ ਉਹ ਵੀ ਉਹੀ ਕੰਮ ਕਰਦੇ ਪਏ ਹਨ ਜੋ ਸੂਬਾ ਸਰਹਿੰਦ ਵਜ਼ੀਰ ਖਾਨ ਨੇ ਕੀਤਾ। ਇੱਕ ਬੱਚੇ ਦੇ ਕੇਸ ਕਟਵਾਉਣ ਦਾ ਮਤਲਬ ਹੈ ਕਲਗੀਧਰ ਪਿਤਾ ਦੇ ਇੱਕ ਬੱਚੇ ਦਾ ਕਤਲ ਕਰਨਾ। ਜੇਕਰ ਮਾਪੇ ਖੁੱਦ ਹੀ ਬੱਚੇ ਦੇ ਕੇਸਾਂ ’ਤੇ ਕੈਂਚੀ ਚਲਵਾ ਰਹੇ ਹਨ ਤਾਂ ਇਹ ਸਮਝੋ ਕਿ ਉਹ ਵਜ਼ੀਰ ਖਾਨ ਦੀ ਤਰ੍ਹਾਂ ਹੀ ਸਾਹਿਬਜ਼ਾਦਿਆਂ ਦੀ ਕੂਲੀ (ਮੁਲਾਇਮ) ਗਰਦਨ ’ਤੇ ਛੁਰੀ ਚਲਵਾ ਰਹੇ ਹਨ।

ਛੋਟੀ ਉਮਰ ਵਿੱਚ ਹੀ ਬੱਚਿਆਂ ਦੇ ਕੇਸ ਕਤਲ ਕਰਵਾਉਣ ਦੇ ਕਾਰਨ ਵੀ ਕਈ ਹੁੰਦੇ ਹਨ, ਜਿਨ੍ਹਾਂ ਬਾਰੇ ਮਾਪੇ ਦੱਸਦੇ ਹੋਏ ਕਹਿੰਦੇ ਹਨ ਕਿ ਬੱਚੇ ਦੇ ਕੇਸ ਭਾਰੇ ਸਨ, ਬੱਚਾ ਕੰਘੀ ਨਹੀਂ ਕਰਵਾਉਂਦਾ, ਬੱਚੇ ਦੇ ਸਰੀਰ ਦਾ ਵਾਧਾ ਨਹੀਂ ਸੀ ਹੋ ਰਿਹਾ, ਬੱਚੇ ਦੇ ਸਿਰ ਵਿੱਚ ਸਿਕਰੀ ਸੀ ਆਦਿ। ਕਿਉਂਕਿ ਛੋਟੇ ਬੱਚੇ ਦੀ ਸਾਂਭ ਸੰਭਾਲ, ਉਸ ਨੂੰ ਨ੍ਹਵਾਉਣਾ, ਕੇਸ ਸੰਵਾਰਣੇ ਆਦਿ ਕੰਮ ਮਾਪਿਆਂ ਨੇ ਕਰਨੇ ਹੁੰਦੇ ਹਨ ਇਸ ਲਈ ਆਪਣੀ ਥੋੜੀ ਜਿਹੀ ਖੇਚਲ ਨੂੰ ਘਟਾਉਣ ਲਈ ਉਹ ਬੱਚੇ ਨੂੰ ਨਾਈ ਦੀ ਕੁਰਸੀ ਦਿਖਾ ਦਿੰਦੇ ਹਨ। ਹੈਰਾਨੀ ਉਦੋਂ ਵੱਧ ਹੁੰਦੀ ਹੈ ਜਦੋਂ ਪਿਤਾ ਦੇ ਸਿਰ ’ਤੇ ਕੇਸ ਹੁੰਦੇ ਹਨ, ਪੱਗ ਬੰਨ੍ਹੀ ਹੁੰਦੀ ਹੈ ਅਤੇ ਕੋਲ ਖੜੇ ਬੱਚੇ ਦਾ ਸਿਰ ਗੋਲਮੋਲ ਹੁੰਦਾ ਹੈ। ਫਿਰ ਇਹ ਪੁਛਣਾ ਪੈਂਦਾ ਹੈ ਕਿ, ਕੀ ਇਹ ਬੱਚਾ ਤੁਹਾਡਾ ਹੀ ਹੈ ? ਸ਼ਾਇਦ ਉਸ ਪਿਤਾ ਨੂੰ ਸਿਰ ’ਤੇ ਬੰਨ੍ਹੀ ਪੱਗ ਅਤੇ ਸਿਰ ਦੇ ਕੇਸ ਬਹੁਤ ਬੋਝ ਲੱਗਦੇ ਹੋਣਗੇ ਤਾਂ ਹੀ ਉਸ ਨੇ ਆਪਣੇ ਬੱਚੇ ਦਾ ਇਹ ਭਾਰ ਹਲਕਾ ਕੀਤਾ ਹੈ।

ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਬੱਚੇ ਵੱਡੇ ਹੋ ਕੇ ਵੀ ਤਾਂ ਕੇਸ ਕਟਵਾ ਹੀ ਦਿੰਦੇ ਹਨ। ਹਾਂ, ਠੀਕ ਹੈ ਪਰ ਜਦੋਂ ਕੋਈ ਬੱਚਾ ਜਵਾਨ ਹੋ ਕੇ ਆਪਣੀ ਸਮਝ ਅਨੁਸਾਰ ਫੈਸ਼ਨ ਪਿੱਛੇ ਲੱਗ ਕੇ ਕੇਸ ਕਟਵਾਉਂਦਾ ਹੈ ਤਾਂ ਇਸ ਕਾਰਵਾਈ ਲਈ ਉਹ ਖ਼ੁਦ ਜਿੰਮੇਵਾਰ ਹੁੰਦਾ ਹੈ। ਉਸ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੀ ਇਸ ਗਲਤੀ ਦੀ ਸਮਝ ਆ ਸਕਦੀ ਹੈ। ਬਹੁਤ ਸੰਭਾਵਨਾ ਹੈ ਕਿ ਉਸ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੋਵੇ ਤੇ ਉਹ ਆਪਣੀ ਗਲਤੀ ਦਾ ਸੁਧਾਰ ਕਰ ਲਵੇ ਪਰ ਜਿਸ ਬੱਚੇ ਨੇ ਆਪਣੇ ਸਿਰ ’ਤੇ ਕਦੇ ਕੇਸ ਦੇਖੇ ਹੀ ਨਹੀਂ, ਜਿਸ ਬੱਚੇ ਨੂੰ ਕੇਸ ਸੰਭਾਲਣ ਦੀ ਜਾਚ ਹੀ ਨਹੀਂ ਆਈ, ਉਸ ਨੂੰ ਕਦੇ ਵੀ ਕੇਸਾਂ ਦੇ ਕੱਟੇ ਜਾਣ ਦਾ ਪਛਤਾਵਾ ਨਹੀਂ ਹੋਵੇਗਾ ਕਿਉਂਕਿ ਉਸ ਨੇ ਖ਼ੁਦ ਤਾਂ ਇਹ ਗਲਤੀ ਕੀਤੀ ਹੀ ਨਹੀਂ ਤੇ ਉਹ ਖੁੱਦ ਨੂੰ ਇਸ ਗੱਲ ਦਾ ਜਿੰਮੇਵਾਰ ਵੀ ਨਹੀਂ ਮੰਨੇਗਾ। ਉਹ ਆਪਣੇ ਮਾਪਿਆਂ ਨੂੰ ਹੀ ਇਸ ਗੱਲ ਦਾ ਜਿੰਮੇਵਾਰ ਸਮਝੇਗਾ ਅਤੇ ਉਸ ਦੇ ਮਨ ’ਤੇ ਇਸ ਗੱਲ ਦਾ ਕੋਈ ਬੋਝ ਨਹੀਂ ਹੋਵੇਗਾ।

ਸੋ, ਸਭ ਮਾਪਿਆਂ ਨੂੰ ਬੇਨਤੀ ਹੈ ਕਿ ਤੁਸੀ ਵਜ਼ੀਰ ਖਾਨ ਨਾ ਬਣੋ ਅਤੇ ਆਪਣੀ ਜਿੰਮੇਵਾਰੀ ਨੂੰ ਸੰਭਾਲਦੇ ਹੋਏ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੀ ਦਿੱਤੀ ਹੋਈ ਕੇਸਾਂ ਦੀ ਅਣਮੋਲ ਦਾਤ ਨੂੰ ਸੰਭਾਲਣ ਦੀ ਜਾਚ ਸਿਖਾਉ। ਬੱਚਿਆਂ ਨੂੰ ਸਮੇਂ ਸਮੇਂ ’ਤੇ ਕੇਸਾਂ ਦੀ ਮਹੱਤਤਾ ਤੇ ਦਸਤਾਰ ਦੀ ਮਹੱਤਤਾ ਬਾਰੇ ਦੱਸੋ ਤਾਂ ਕਿ ਉਹ ਕੇਸਾਂ ਨਾਲ ਤੇਦਸਤਾਰ ਨਾਲ ਪਿਆਰ ਕਰਨ ਲੱਗ ਜਾਣ। ਇਹਨਾਂ ਦਾ ਸਤਿਕਾਰ ਕਰਦੇ ਹੋਏ ਇਹਨਾਂ ਨੂੰ ਆਪਣੇ ਜੀਵਨ ਦਾ ਇੱਕ ਅਤੁੱਟ ਅੰਗ ਬਣਾ ਲੈਣ। ਸਾਰੇ ਪਾਠਕਾਂ ਨੂੰ ਇਹ ਅਪੀਲ ਹੈ ਕਿ ਜੇਕਰ ਤੁਹਾਡੇ ਨੇੜੇ-ਤੇੜੇ ਕੁਝ ਅਜਿਹੇ ਮਾਪੇ ਹਨ ਜਿਹਨਾ ਨੇ ਇਹ ਗਲਤੀ ਕੀਤੀ ਹੈ, ਜੋ ਸੂਬਾ ਸਰਹਿੰਦ ਬਣ ਗਏ ਹਨ, ਤਾਂ ਕਿਰਪਾ ਕਰਕੇ ਉਹਨਾਂ ਨੂੰ ਸਮਝਾਉਣ ਦੀ ਇੱਕ ਵਾਰ ਕੋਸ਼ਿਸ਼ ਜਰੂਰ ਕਰੋ। ਵਾਹਿਗੁਰੂ ਮਿਹਰ ਕਰੇਗਾ।