ਭਰੂਣ ਦੇ ਵਧਣ ਫੁਲਣ ’ਤੇ ਅਸਰ ਪਾਉਂਦੇ ਕੁਝ ਤੱਤ

0
254

ਭਰੂਣ ਦੇ ਵਧਣ ਫੁਲਣ ’ਤੇ ਅਸਰ ਪਾਉਂਦੇ ਕੁਝ ਤੱਤ

ਡਾ. ਹਰਸ਼ਿੰਦਰ ਕੌਰ, ਐਮ.ਡੀ.- ਫੋਨ ਨੰ: 0175-2216783

ਮਾਂ ਦੇ ਪੇਟ ਅੰਦਰ ਪਲ ਰਿਹਾ ਭਰੂਣ ਮਾਂ ਦੇ ਸਾਰੇ ਅਸਰ ਆਪਣੇ ਉੱਤੇ ਲੈਂਦਾ ਹੈ। ਇਸ ਦੇ ਨਾਲ ਨਾਲ ਬੱਚੇਦਾਨੀ ਦਾ ਆਕਾਰ ਅਤੇ ਬਿਮਾਰੀ ਵੀ ਉਸ ਉੱਤੇ ਅਸਰ ਪਾਉਂਦੇ ਹਨ। ਜੀਨ ਦਾ ਅਸਰ ਵੀ ਬੱਚੇ ਦੇ ਭਾਰ ’ਤੇ ਪੈਂਦਾ ਹੈ। ਲਗਪਗ 38 ਫ਼ੀਸਦੀ ਬੱਚਿਆਂ ਦਾ ਜਨਮ ਸਮੇਂ ਦਾ ਭਾਰ ਖ਼ਾਨਦਾਨੀ ਜੀਨਾਂ ’ਤੇ ਆਧਾਰਿਤ ਹੁੰਦਾ ਹੈ।

ਜਿਹੜੀਆਂ ਚੀਜ਼ਾਂ ਭਰੂਣ ’ਤੇ ਅਸਰ ਪਾਉਂਦੀਆਂ ਹਨ, ਉਹ ਹਨ:

ਜੱਚਾ ਦੀ ਉਮਰ: ਜਿਵੇਂ ਜਿਵੇਂ ਮਾਂ ਦੀ ਉਮਰ ਵਧਦੀ ਜਾਵੇ, ਭਰੂਣ ਦਾ ਭਾਰ ਵੀ ਵਧ ਹੁੰਦਾ ਜਾਂਦਾ ਹੈ। ਲਗਪਗ 34 ਸਾਲ ਦੀ ਉਮਰ ਤਕ ਦੀਆਂ ਮਾਵਾਂ ਦਾ ਭਰੂਣ ਭਾਰਾ ਹੁੰਦਾ ਹੈ। ਵੀਹ ਸਾਲ ਤੋਂ ਘੱਟ ਉਮਰ ਦੀਆਂ ਮਾਵਾਂ ਦੇ ਬੱਚਿਆਂ ਦਾ ਭਾਰ ਘੱਟ ਹੁੰਦਾ ਹੈ ਤੇ 34 ਵਰ੍ਹਿਆਂ ਤੋਂ ਵੱਧ ਉਮਰ ਵਾਲੀਆਂ ਮਾਵਾਂ ਦੇ ਬੱਚੇ ਵੀ ਕਮਜ਼ੋਰ ਪੈਦਾ ਹੁੰਦੇ ਹਨ।

ਮਾਂ ਦਾ ਭਾਰ ਅਤੇ ਲੰਬਾਈ: ਗਿੱਠੀਆਂ ਤੇ ਪਤਲੀਆਂ ਮਾਵਾਂ ਦੇ ਬੱਚੇ ਵੀ ਲੰਬਾਈ ਵਿੱਚ ਛੋਟੇ ਤੇ ਘੱਟ ਭਾਰ ਦੇ ਜੰਮਦੇ ਹਨ ਅਤੇ ਕਈ ਵਾਰ ਪੂਰੇ ਸਮੇਂ ਤੋਂ ਪਹਿਲਾਂ ਹੀ ਜੰਮ ਪੈਂਦੇ ਹਨ। ਲੰਮੀਆਂ ਤੇ ਨਰੋਈਆਂ ਮਾਵਾਂ ਦੇ ਬੱਚੇ ਜ਼ਿਆਦਾਤਰ ਲੰਮੇ ਅਤੇ ਠੀਕ ਭਾਰ ਦੇ ਜੰਮਦੇ ਹਨ।
ਮਾਂ ਦੀ ਖ਼ੁਰਾਕ: ਮਾਂ ਦੀ ਖ਼ੁਰਾਕ ਦਾ ਬੱਚੇ ’ਤੇ ਕਾਫ਼ੀ ਅਸਰ ਪੈਂਦਾ ਹੈ। ਮਾਂ ਦੇ ਸਰੀਰ ਅੰਦਰਲੇ ਪ੍ਰੋਟੀਨ ਦੀ ਮਾਤਰਾ ਖ਼ਾਸਕਰ ਐਲਬਿਊਮਿਨ ਬੱਚੇ ਦੇ ਭਾਰ ’ਤੇ ਅਸਰ ਪਾਉਂਦੀ ਹੈ।

ਮਾਂ ਦੀ ਕਸਰਤ ਜਾਂ ਵਾਧੂ ਕੰਮ ਦਾ ਭਾਰ: ਜੇ ਜੱਚਾ ਪਹਿਲੇ ਤਿੰਨ ਮਹੀਨਿਆਂ ਦੇ ਗਰਭ ਦੌਰਾਨ ਭਾਰਾ ਕੰਮ ਕਰਦੀ ਰਹੇ ਤਾਂ ਭਰੂਣ ਨੂੰ ਬੱਚੇਦਾਨੀ ਅੰਦਰ ਪੂਰਾ ਲਹੂ ਨਹੀਂ ਪਹੁੰਚਦਾ। ਇੰਜ ਭਰੂਣ ਪੂਰੀ ਤਰ੍ਹਾਂ ਵੱਧ ਫੁੱਲ ਨਹੀਂ ਸਕਦਾ ਕਿਉਂਕਿ ਉਸ ਨੂੰ ਪੂਰੀ ਖ਼ੁਰਾਕ ਨਹੀਂ ਪਹੁੰਚਦੀ। ਲਹੂ ਰਾਹੀਂ ਜਾਂਦੀ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਵੀ ਭਰੂਣ ਕਮਜ਼ੋਰ ਰਹਿ ਜਾਂਦਾ ਹੈ। ਜੇ ਜੱਚਾ ਗਰਮੀਆਂ ਵਿੱਚ ਕਾਫ਼ੀ ਭਾਰਾ ਕੰਮ ਕਰਦੀ ਰਹੇ ਤਾਂ ਉਸ ਦੇ ਸਰੀਰ ਵਿੱਚੋਂ ਪਾਣੀ ਤੇ ਲੋੜੀਂਦੇ ਕਣ ਘੱਟ ਹੋ ਜਾਂਦੇ ਹਨ ਜਿਸ ਨਾਲ ਲਹੂ ਵਿਚਲਾ ਤਰਲ ਵੀ ਘਟ ਜਾਂਦਾ ਹੈ। ਇੰਜ ਭਰੂਣ ਦਾ ਵਧਣਾ ਰੁੱਕ ਜਾਂਦਾ ਹੈ ਜਾਂ ਕਾਫ਼ੀ ਘੱਟ ਹੋ ਜਾਂਦਾ ਹੈ। ਭਾਰਤ ਵਿੱਚ ਘਰ ਦਾ ਕੰਮ ਕਰਦੀਆਂ ਔਰਤਾਂ ਦੇ ਬੱਚਿਆਂ ਤੇ ਘਰੋਂ ਬਾਹਰ ਕੰਮ ਕਰਦੀਆਂ ਔਰਤਾਂ ਦੇ ਕੁੱਖੋਂ ਜੰਮੇਂ ਬੱਚਿਆਂ ਦੇ ਔਸਤਨ ਭਾਰ ਵਿੱਚ ਬਹੁਤਾ ਫ਼ਰਕ ਵੇਖਣ ਨੂੰ ਨਹੀਂ ਮਿਲਦਾ ।

ਦਰਅਸਲ ਭਾਰਤ ਵਿੱਚ ਜੱਚਾ ਦੀ ਖ਼ੁਰਾਕ ਦਾ ਬਹੁਤਾ ਧਿਆਨ ਨਾ ਰੱਖਣ ਸਦਕਾ ਹੀ ਵਿਕਸਿਤ ਦੇਸ਼ਾਂ ਨਾਲੋਂ ਨਵਜੰਮੇ ਬੱਚੇ ਘੱਟ ਭਾਰ ਦੇ ਜੰਮਦੇ ਹਨ। ਬਹੁਤ ਜ਼ਿਆਦਾ ਗ਼ਰੀਬੀ ਵਿੱਚ ਪਲ ਰਹੇ ਬੱਚੇ ਵੀ ਸੰਤੁਲਿਤ ਖ਼ੁਰਾਕ ਨਾ ਮਿਲਣ ਸਦਕਾ ਭੁੱਖਮਰੀ ਦੇ ਸ਼ਿਕਾਰ ਹੋ ਜਾਂਦੇ ਹਨ। ਜਿਹੜੀਆਂ ਔਰਤਾਂ ਭਾਰ ਢੋਣ ਦਾ ਕੰਮ ਕਰਦੀਆਂ ਰਹਿੰਦੀਆਂ ਹਨ ਤੇ ਵੇਲੇ ਸਿਰ ਲੋੜੀਂਦੀ ਖ਼ੁਰਾਕ ਨਹੀਂ ਲੈ ਸਕਦੀਆਂ, ਉਨ੍ਹਾਂ ਦੇ ਬੱਚੇ ਵੀ ਕਾਫ਼ੀ ਕਮਜ਼ੋਰ ਪੈਦਾ ਹੁੰਦੇ ਹਨ।

ਤਮਾਕੂ/ਬੀੜੀ ਪੀਣ ਵਾਲੀਆਂ ਮਾਵਾਂ: ਕਈ ਖੋਜਾਂ ਬਾਅਦ ਇਹ ਸਾਬਤ ਹੋ ਚੁੱਕਿਆ ਹੈ ਕਿ ਤਮਾਕੂ ਬੀੜੀ ਪੀਣ ਵਾਲੀਆਂ ਮਾਵਾਂ ਦੇ ਭਰੂਣ ਘੱਟ ਵਧਦੇ ਹਨ ਅਤੇ ਅਜਿਹੀਆਂ ਮਾਵਾਂ ਦਾ ਗਰਭ ਡਿੱਗ ਵੀ ਸਕਦਾ ਹੈ।

ਵੱਧ ਬੱਚੇ: ਚੌਥੇ ਜਾਂ ਪੰਜਵੇਂ ਬੱਚੇ ਦੇ ਪੈਦਾ ਹੋਣ ਤਕ ਤਾਂ ਬੱਚੇ ਦਾ ਭਾਰ ਮਾਂ ਦੇ ਢਿੱਡ ਅੰਦਰ ਠੀਕ ਠਾਕ ਵਧਦਾ ਰਹਿੰਦਾ ਹੈ ਪਰ ਉਸ ਤੋਂ ਬਾਅਦ ਪੈਦਾ ਹੋਏ ਬੱਚੇ ਕਮਜ਼ੋਰ ਹੁੰਦੇ ਹਨ ਅਤੇ ਮਾਂ ਦੀਆਂ ਹੱਡੀਆਂ ਵੀ ਕਮਜ਼ੋਰ ਕਰ ਦਿੰਦੇ ਹਨ।

ਔਲ (ਪਲਾਸੈਂਟਾ): ਜੇ ਔਲ ਛੋਟੀ ਹੋਵੇ ਤਾਂ ਬੱਚੇ ਦਾ ਭਾਰ ਘੱਟ ਹੁੰਦਾ ਹੈ ਅਤੇ ਭਰੂਣ ਮਾਂ ਦੇ ਢਿੱਡ ਅੰਦਰ ਪੂਰੀ ਤਰ੍ਹਾਂ ਵਧਦਾ ਫੁੱਲਦਾ ਨਹੀਂ। ਜੇ ਔਲ ਵੱਡੀ ਹੋਵੇ ਤਾਂ ਭਰੂਣ ਨੂੰ ਪੂਰੀ ਖ਼ੁਰਾਕ ਪਹੁੰਚਦੀ ਹੈ ਅਤੇ ਭਰੂਣ ਤਗੜਾ ਹੋ ਜਾਂਦਾ ਹੈ।

ਨਰ/ਮਾਦਾ: ਜੇ ਨਰ ਬੱਚਾ ਹੋਵੇ ਤਾਂ 5 ਮਹੀਨਿਆਂ ਦੇ ਨਰ ਭਰੂਣ ਦਾ ਟੈਸਟੋਸਟੀਰੋਨ ਵਧਣ ਲੱਗ ਪੈਂਦਾ ਹੈ ਜਿਸ ਨਾਲ ਉਸ ਦਾ ਭਾਰ ਮਾਦਾ ਬੱਚੇ ਨਾਲੋਂ ਵੱਧ ਹੋ ਜਾਂਦਾ ਹੈ। ਜੇ ਲਹੂ ਵਿੱਚ ਆਕਸੀਜਨ ਦੀ ਕਮੀ ਹੋ ਜਾਵੇ ਤਾਂ ਇਸ ਦਾ ਅਸਰ ਮਾਦਾ ਭਰੂਣ ’ਤੇ ਵੱਧ ਹੁੰਦਾ ਹੈ ਅਤੇ ਉਸ ਦਾ ਵਧਣਾ-ਫੁੱਲਣਾ ਨਰ ਭਰੂਣ ਦੇ ਮੁਕਾਬਲੇ ਘੱਟ ਹੋ ਜਾਂਦਾ ਹੈ।

ਹਾਰਮੋਨ: ਮਾਂ ਦੇ ਸਰੀਰ ਅੰਦਰ ਵਧੀਆ ਹਾਰਮੋਨ ਦੇ ਵਾਧੇ ਨਾਲ ਭਰੂਣ ਵੀ ਚੰਗਾ ਭਾਰਾ ਹੋ ਜਾਂਦਾ ਹੈ। ਪਰ, ਜੇ ਹਾਰਮੋਨ ਮਾੜੇ ਹੋਣ ਅਤੇ ਮਾਂ ਢਹਿੰਦੀ ਕਲਾ ਵਿੱਚ ਹੋਵੇ ਤਾਂ ਭਰੂਣ ਦਾ ਵਧਣਾ-ਫੁੱਲਣਾ ਰੁਕ ਜਾਂਦਾ ਹੈ।

ਜੱਚਾ ਦਾ ਬਲੱਡ ਪ੍ਰੈਸ਼ਰ ਤੇ ਸ਼ੱਕਰ ਰੋਗ: ਜੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਗਰਭ ਠਹਿਰਨ ਤੋਂ ਪਹਿਲਾਂ ਦੀ ਹੋਵੇ ਜਾਂ ਗਰਭ ਦੌਰਾਨ ਹੋਵੇ ਤਾਂ ਇਸ ਦਾ ਸਹੀ ਇਲਾਜ ਕਰਵਾਉਣ ਦੀ ਲੋੜ ਹੈ ਕਿਉਂਕਿ ਇਹ ਭਰੂਣ ਨੂੰ ਪੂਰੀ ਤਰ੍ਹਾਂ ਵਧਣ-ਫੁੱਲਣ ਨਹੀਂ ਦਿੰਦਾ। ਇੰਜ ਹੀ ਸ਼ੱਕਰ ਰੋਗ ਨੂੰ ਕਾਬੂ ਰੱਖਣ ਲਈ ਜੱਚਾ ਨੂੰ ਹਮੇਸ਼ਾਂ ਹੀ ਇਨਸੂਲਿਨ ਦੇ ਟੀਕੇ ਲਵਾਉਣੇ ਚਾਹੀਦੇ ਹਨ ਤਾਂ ਜੋ ਬੱਚੇ ਨੂੰ ਜਮਾਂਦਰੂ ਨੁਕਸ ਹੋਣ ਤੋਂ ਬਚਾਇਆ ਜਾ ਸਕੇ।

ਜੱਚਾ ਵੱਲੋਂ ਖਾਧੀਆਂ ਜਾ ਰਹੀਆਂ ਦਵਾਈਆਂ: ਗਰਭ ਦੇ ਪਹਿਲੇ ਤਿੰਨ ਮਹੀਨੇ ਸਿਵਾਏ ਫੋਲਿਕ ਐਸਿਡ ਦੇ ਬੇਲੋੜੀਆਂ ਦਵਾਈਆਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਜੇ ਦੌਰੇ ਵਾਲੀਆਂ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਇਕਦਮ ਡਾਕਟਰੀ ਸਲਾਹ ਨਾਲ ਬਦਲ ਲੈਣੀਆਂ ਚਾਹੀਦੀਆਂ ਹਨ। ਭਰੂਣ ਲਈ ਖ਼ਤਰਨਾਕ ਸਾਬਤ ਹੋ ਚੁੱਕੀਆਂ ਦਵਾਈਆਂ ਹਨ- ਫੈਨੀਟਾਇਨ, ਸੋਡੀਅਮ ਵੈਲਪਰੋਏਟ, ਐਰਿਥਰੋਮਾਈਸਿਨ, ਬੀਟਾ ਬਲੌਕਰ ਤੇ ਵਾਰਫੈਰਿਨ ਆਦਿ।

ਅਲਟਰਾਸਾਊਂਡ ਰਾਹੀਂ ਮਾਂ ਦੇ ਢਿੱਡ ਅੰਦਰ ਭਰੂਣ ਦਾ ਆਕਾਰ ਨਾਪਿਆ ਜਾ ਸਕਦਾ ਹੈ ਕਿ ਹਰ ਮਹੀਨੇ ਭਰੂਣ ਠੀਕ ਠਾਕ ਵਧ ਰਿਹਾ ਹੈ ਜਾਂ ਨਹੀਂ। ਇੰਜ ਹੀ ਕਿਸੇ ਕਮੀ ਸਦਕਾ ਖ਼ਾਸ ਕਰ ਫੋਲਿਕ ਐਸਿਡ ਦੀ ਘਾਟ ਕਾਰਣ ਜੇ ਭਰੂਣ ਦੀ ਰੀੜ ਦੀ ਹੱਡੀ ਪੂਰੀ ਨਾ ਬਣੀ ਹੋਵੇ ਤਾਂ ਉਹ ਵੀ ਦਿਸ ਜਾਂਦਾ ਹੈ। ਜੇ ਬਹੁਤ ਹੀ ਜ਼ਿਆਦਾ ਨੁਕਸ ਹੋਵੇ ਅਤੇ ਭਰੂਣ ਦਾ ਜੰਮਦੇ ਸਾਰ ਮਰ ਜਾਣ ਦਾ ਖ਼ਤਰਾ ਹੋਵੇ ਤਾਂ ਭਰੂਣ ਡੇਗਣ ਵਿੱਚ ਹੀ ਫ਼ਾਇਦਾ ਹੁੰਦਾ ਹੈ। ਜੇ ਅਲਟਰਾਸਾਊਂਡ ਰਾਹੀਂ ਪਤਾ ਲੱਗੇ ਕਿ ਭਰੂਣ ਕਮਜ਼ੋਰ ਹੈ ਤਾਂ ਮਾਂ ਦੀ ਖ਼ੁਰਾਕ ਸੰਤੁਲਿਤ ਕੀਤੀ ਜਾ ਸਕਦੀ ਹੈ ਤੇ ਮਾਂ ਨੂੰ ਲੋੜੀਂਦੇ ਵਿਟਾਮਿਨ, ਲੋਹ ਕਣ ਤੇ ਕੈਲਸ਼ੀਅਮ ਵੇਲੇ ਸਿਰ ਦਿੱਤੇ ਜਾ ਸਕਦੇ ਹਨ ਤਾਂ ਜੋ ਭਰੂਣ ਸਹੀ ਸਲਾਮਤ ਠੀਕ ਠਾਕ ਵਧ-ਫੁੱਲ ਸਕੇ।

ਕਈ ਖੋਜਾਂ ਰਾਹੀਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਜੇ ਜੱਚਾ ਨੂੰ ਫੋਲਿਕ ਐਸਿਡ ਗਰਭ ਠਹਿਰਨ ਵੇਲੇ ਸ਼ੁਰੂ ਤੋਂ ਹੀ ਖੁਆਈ ਜਾਵੇ ਤਾਂ ਭਰੂਣ ਦੇ ਦਿਮਾਗ਼ ਤੇ ਰੀੜ੍ਹ ਦੀ ਹੱਡੀ ਦੇ ਨੁਕਸ ਵੀ ਕਾਫ਼ੀ ਘਟ ਜਾਂਦੇ ਹਨ। ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਜੇ ਜੱਚਾ ਨੂੰ ਸੱਤਵੇਂ ਮਹੀਨੇ ਵਿੱਚ ਵੀ ਖੁਆਈਆਂ ਜਾਣ ਤਾਂ ਵੇਖਣ ਵਿੱਚ ਆਇਆ ਹੈ ਕਿ ਭਰੂਣ ਦਾ ਭਾਰ ਵਧਣ ਲੱਗ ਪੈਂਦਾ ਹੈ ਅਤੇ ਉਹ ਸਿਹਤਮੰਦ ਹੋ ਜਾਂਦਾ ਹੈ।

ਪਹਾੜਾਂ ਵਿੱਚ ਵਸਦੀਆਂ ਮਾਵਾਂ ਵਿੱਚ ਆਕਸੀਜਨ ਦੀ ਕਮੀ ਸਦਕਾ ਉਨ੍ਹਾਂ ਦੇ ਬੱਚੇ ਜ਼ਿਆਦਾਤਰ ਕਮਜ਼ੋਰ ਅਤੇ ਘੱਟ ਲੰਬਾਈ ਵਾਲੇ ਪੈਦਾ ਹੁੰਦੇ ਹਨ। ਇੰਜ ਹੀ ਦਿਲ ਦੇ ਰੋਗਾਂ ਵਾਲੀਆਂ ਮਾਵਾਂ ਦੇ ਬੱਚੇ ਵੀ ਬਹੁਤੇ ਸਿਹਤਮੰਦ ਨਹੀਂ ਹੁੰਦੇ। ਸ਼ਰਾਬ ਦੀ ਵਰਤੋਂ ਨਾਲ ਜਿੱਥੇ ਜਮਾਂਦਰੂ ਰੋਗ ਹੋ ਜਾਂਦੇ ਹਨ, ਉੱਥੇ ਭਰੂਣ ਕਮਜ਼ੋਰ ਵੀ ਹੋ ਜਾਂਦਾ ਹੈ।