ਭਗਤ ਰਵਿਦਾਸ ਜੀ: ਕਿਰਤੀ ਵਿਚਾਰਧਾਰਾ

0
468

ਭਗਤ ਰਵਿਦਾਸ ਜੀ: ਕਿਰਤੀ ਵਿਚਾਰਧਾਰਾ

ਡਾ. ਕੁਲਵੰਤ ਸਿੰਘ ਜੋਗਾ, ਪ੍ਰਧਾਨ ਪੀ. ਐੱਚ. ਡੀ., ਅਧਿਆਪਕ ਫ਼ਰੰਟ (ਪੰਜਾਬ)-94641-53862

ਮੱਧਕਾਲ ਵਿੱਚ ਭਾਰਤੀ ਸਮਾਜ ਵਿੱਚ ਅਫ਼ਰਾ-ਤਫ਼ਰੀ ਫੈਲੀ ਹੋਈ ਸੀ ਅਤੇ ਸਮਾਜ ਘੋਰ ਨਿਰਾਸ਼ਤਾ ਵਿੱਚੋਂ ਗੁਜ਼ਰ ਰਿਹਾ ਸੀ। ਸਮੇਂ ਦੇ ਪ੍ਰਚਲਿਤ ਧਰਮ ਇਸਲਾਮ ਅਤੇ ਹਿੰਦੂ ਭਰਿਸ਼ਟ ਹੋ ਚੁੱਕੇ ਸਨ। ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਵਿਤਕਰਿਆਂ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ ਅਤੇ ਹਰ ਖੇਤਰ ਵਿੱਚ ਗਿਰਾਵਟ ਆ ਚੁੱਕੀ ਸੀ। ਜਨ-ਸਾਧਾਰਣ ਜਿੱਥੇ ਇੱਕ ਪਾਸੇ ਇਸਲਾਮ ਦੀ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋ ਰਿਹਾ ਸੀ, ਉੱਥੇ ਦੂਜੇ ਪਾਸੇ ਹਿੰਦੂ ਸਮਾਜ ਬ੍ਰਾਹਮਣਵਾਦ ਦੁਆਰਾ ਪੈਦਾ ਕੀਤੀਆਂ ਜਾਤਾਂ-ਪਾਤਾਂ ਦੇ ਪੁੜ ਵਿੱਚ ਪਿਸ ਰਿਹਾ ਸੀ। ਸਮੇਂ ਦੇ ਬ੍ਰਾਹਮਣਾਂ ਨੇ ਆਪਣਾ ਤੋਰੀ-ਫੁਲਕਾ ਚਲਾਉਣ ਲਈ ਧਾਰਮਿਕ ਗ੍ਰੰਥਾਂ ਦਾ ਸਹਾਰਾ ਲੈਂਦਿਆਂ ਸੱਚੀਆਂ-ਝੂਠੀਆਂ ਉਦਾਹਰਣਾਂ ਦੁਆਰਾ ਲੋਕਾਂ ਵਿੱਚ ਇਹ ਗੱਲ ਕੁੱਟ-ਕੁੱਟ ਕੇ ਭਰ ਦਿੱਤੀ ਸੀ ਕਿ ਜਾਤਾਂ-ਪਾਤਾਂ ਦੀ ਇਹ ਵੰਡ ਬ੍ਰਹਮਾ ਨੇ ਖ਼ੁਦ ਕੀਤੀ ਹੈ ਅਤੇ ਉਸ ਨੇ ਬ੍ਰਾਹਮਣ ਨੂੰ ਮੁਖ ਤੋਂ, ਖੱਤਰੀ ਨੂੰ ਬਾਹਵਾਂ ਤੋਂ, ਵੈਸ ਨੂੰ ਢਿੱਡ ਤੋਂ ਅਤੇ ਸ਼ੂਦਰ ਨੂੰ ਪੈਰਾਂ ਤੋਂ ਪੈਦਾ ਕੀਤਾ ਹੈ। ਜਾਤਾਂ-ਪਾਤਾਂ ਵਿੱਚ ਵੰਡੇ ਕਿਰਤੀ ਲੋਕ ਬਹੁਤ ਸਾਰੀਆਂ ਵਧੀਕੀਆਂ ਦਾ ਸ਼ਿਕਾਰ ਹੋ ਰਹੇ ਸਨ। ਉਨ੍ਹਾਂ ਨੂੰ ਬਹੁਤ ਹੀ ਘਿਰਣਤ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ।

ਸ਼ੂਦਰ ਦਾ ਕੰਮ ਉਪਰਲੇ ਤਿੰਨੇ ਵਰਣਾਂ ਦੇ ਲੋਕਾਂ ਦੀ ਸੇਵਾ ਅਤੇ ਕਿਰਤ ਕਰਨਾ ਸੀ। ਕਿਰਤੀ ਵਰਗ ਨੂੰ ਦੂਹਰੀ-ਤੀਹਰੀ ਗੁਲਾਮੀ ਵਾਲਾ ਜੀਵਨ ਬਸਰ ਕਰਨਾ ਪੈ ਰਿਹਾ ਸੀ। ਅਜਿਹੀ ਘੋਰ ਨਿਰਾਸ਼ਤਾ ਵਾਲੇ ਦੌਰ ਵਿੱਚ ਕ੍ਰਾਂਤੀਕਾਰੀ ਸੋਚ ਦੇ ਧਾਰਣੀ ਭਗਤ ਰਵਿਦਾਸ ਜੀ ਦਾ ਸੰਮਤ 1433, ਮਾਘ ਸੁਦੀ ਪੁੰਨਿਆ ਨੂੰ ਬਨਾਰਸ ਦੇ ਲਾਗਲੇ ਪਿੰਡ ਮੰਡੂਰ ਵਿਖੇ ਕਿਰਤੀ ਪਰਿਵਾਰ ਵਿੱਚ ਪਿਤਾ ਰਘੂ ਜੀ ਅਤੇ ਮਾਤਾ ਸੁਬਿਨਿਆ ਜੀ ਦੇ ਗ੍ਰਹਿ ਵਿਖੇ ਹੋਇਆ।

ਭਗਤ ਰਵਿਦਾਸ ਜੀ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੁਆਰਾ ਧਾਰਮਿਕ ਕੱਟੜਤਾ ਅਤੇ ਜਾਤ-ਪਾਤ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਰਤੀ ਵਰਗ ਵਿੱਚ ਚੇਤਨਾ ਪੈਦਾ ਕੀਤੀ ਕਿ ਸਾਰੇ ਮਨੁੱਖ ਇੱਕ ਸਮਾਨ ਹਨ। ਸ਼ੂਦਰ ਵਰਣ ਵਾਲੇ ਲੋਕ ਜਿਨ੍ਹਾਂ ਨੂੰ ਮੰਨੂਵਾਦੀਆਂ ਨੇ ਸਭ ਤੋਂ ਹੇਠਲੀ ਸ਼੍ਰੇਣੀ ਵਿੱਚ ਰੱਖਿਆ ਸੀ, ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਉਹ ਕਿਸੇ ਵੀ ਤਰ੍ਹਾਂ ਘਟੀਆ ਜਾਂ ਮਾੜੇ ਨਹੀਂ। ਉਨ੍ਹਾਂ ਕਿਰਤੀ ਜਮਾਤ ਵਿੱਚੋਂ ਹੀਣ ਭਾਵਨਾ ਦੂਰ ਕਰਨ ਲਈ ਅਤੇ ਉਨ੍ਹਾਂ ਨੂੰ ਕਿਰਤ ਪ੍ਰਤੀ ਪ੍ਰੇਰਿਤ ਕਰਨ ਲਈ ਜੁੱਤੀਆਂ ਗੰਢਣ ਦੀ ਕਿਰਤ ਕੀਤੀ। ਉਨ੍ਹਾਂ ਨੂੰ ਆਪਣੇ ਪਿਤਾ ਪੁਰਖੀ ਕਿਰਤ ਨਾਲ ਜੁੜੇ ਹੋਣ ਦਾ ਮਾਣ ਸੀ, ਜਿਸ ਦਾ ਜ਼ਿਕਰ ਉਹ ਆਪਣੀ ਬਾਣੀ ਵਿੱਚ ਵੀ ਕਰਦੇ ਹਨ: ‘‘ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥੧॥ ਰਹਾਉ ॥ ਆਰ ਨਹੀ ਜਿਹ ਤੋਪਉ ॥ ਨਹੀ ਰਾਂਬੀ ਠਾਉ ਰੋਪਉ ॥੧॥’’ (ਭਗਤ ਰਵਿਦਾਸ/੬੫੯)

ਉਨ੍ਹਾਂ ਆਪਣੇ ਜੀਵਨ ਵਿੱਚ ਕਿਰਤ ਕਮਾਈ ਕਰਦਿਆਂ ਮੰਨੂਵਾਦੀਆਂ ਦੁਆਰਾ ਦੁਰਕਾਰੇ ਵਰਗ ਕਿਰਤ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ। ਆਰਥਿਕ ਤੰਗੀਆਂ ਦੇ ਬਾਵਜੂਦ ਵੀ ਆਪ ਨੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸੁਨਿਹਰੀ ਅਸੂਲ ਨੂੰ ਆਪਣੇ ਜੀਵਨ ਵਿੱਚ ਅਪਣਾਈ ਰੱਖਿਆ। ਉਨ੍ਹਾਂ ਦਾ ਇਹ ਦ੍ਰਿੜ੍ਹ ਵਿਸ਼ਵਾਸ ਸੀ ਕਿ ਜਿਹੜਾ ਮਨੁੱਖ ਗ੍ਰਹਿਸਥੀ ਜੀਵਨ ਜਿਉਂਦਾ ਹੋਇਆ ਸੱਚੀ-ਸੁੱਚੀ ਕਿਰਤ ਨਾਲ ਜੁੜਿਆ ਰਹਿੰਦਾ ਹੈ, ਉਸ ਨੂੰ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ। ਬਾਹਰੀ ਵਿਖਾਵਿਆਂ ਤੋਂ ਦੂਰ ਆਪ ਜੀ ਸਬਰ-ਸੰਤੋਖ ਵਾਲਾ ਜੀਵਨ ਬਤੀਤ ਕਰਦੇ ਹੋਏ ਹਮੇਸ਼ਾਂ ਕਿਰਤ ਕਰਨ ਵਿੱਚ ਮਗਨ ਰਹਿੰਦੇ ਸਨ।

ਭਗਤ ਰਵਿਦਾਸ ਜੀ ਕਿਰਤ ਕਮਾਈ ਦੁਆਰਾ ਸਿਰਫ਼ ਵਿਅਕਤੀਗਤ ਹੀ ਨਹੀਂ, ਸਗੋਂ ਸਮੁੱਚੇ ਸਮਾਜ ਵਿੱਚ ਸੁਧਾਰ ਕਰਨਾ ਚਾਹੁੰਦੇ ਸਨ। ਨਿਮਾਣਿਆਂ, ਨਿਤਾਣਿਆਂ ਤੇ ਦੱਬੇ-ਕੁਚਲੇ ਲੋਕਾਂ ਨੂੰ ਆਪ ਜੀ ਨੇ ਸਮਰੱਥਾਵਾਨ ਬਣਨ ਦਾ ਗਾੜੀ ਰਾਹ ਵਿਖਾਇਆ। ਕਿਸੇ ਕਾਲਪਨਿਕ ਸੁਰਗ ਦੀ ਥਾਂ ਆਪ ਨੇ ਕਿਰਤ ਕਮਾਈ ਕਰਦਿਆਂ ਸਿਹਤਮੰਦ ਸਮਾਜ ਸਥਾਪਿਤ ਕਰਨ ਦਾ ਸੱਦਾ ਦਿੱਤਾ। ਆਪ ਜੀ ਦੁਆਰਾ ਰਚੀ ਹੋਈ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਆਪ ਜੀ ਦੇ ਕਿਰਤੀ ਜੀਵਨ ਦੀ ਪੁਸ਼ਟੀ ਕਰਦੀ ਹੈ। ਆਪ ਉਪਜੀਵਕਾ ਲਈ ਆਰਥਿਕ ਤੰਗੀਆਂ ਦੇ ਬਾਵਜੂਦ ਬਹੁਤ ਹੀ ਸੰਤੋਖ ਵਾਲਾ ਜੀਵਨ ਬਤੀਤ ਕਰਦੇ ਸਨ ਅਤੇ ਇਹ ਤੰਗੀਆਂ ਤੁਰਸ਼ੀਆਂ ਆਪ ਜੀ ਨੂੰ ਕਿਰਤ ਕਰਨ ਤੋਂ ਦੂਰ ਕਰਨ ਦੀ ਬਜਾਏ ਕਿਰਤ ਕਮਾਈ ਲਈ ਸਮਰਪਿਤ ਭਾਵਨਾ ਬਣਾਉਣ ਵਿੱਚ ਸਹਾਇਕ ਸਿੱਧ ਹੋਈਆਂ।

ਭਗਤ ਰਵਿਦਾਸ ਜੀ ਦਾ ਉੱਚਾ-ਸੁੱਚਾ ਅਤੇ ਸਬਰ-ਸੰਤੋਖ ਵਾਲਾ ਜੀਵਨ ਮਨੁੱਖਤਾ ਨੂੰ ਇਸ ਗੱਲ ਦੀ ਸੋਝੀ ਕਰਵਾਉਂਦਾ ਹੈ ਕਿ ਗ੍ਰਹਿਸਥੀ ਵਿੱਚ ਰਹਿ ਕੇ ਸੱਚੀ-ਸੁੱਚੀ ਕਿਰਤ ਕਰਨ ਵਾਲਾ ਮਨੁੱਖ ਹੀ ਪ੍ਰਮਾਤਮਾ ਦਾ ਪਿਆਰਾ ਹੋ ਸਕਦਾ ਹੈ। ਅਧਿਆਤਮਕਤਾ ਦੀ ਆੜ ਹੇਠ ਗ੍ਰਹਿਸਥ, ਸਮਾਜ ਤੇ ਕਿਰਤ ਤੋਂ ਟੁੱਟ ਜਾਣ ਵਾਲਾ ਮਨੁੱਖ ਕਦੇ ਵੀ ਪ੍ਰਭੂ ਦਾ ਪਿਆਰਾ ਨਹੀਂ ਹੋ ਸਕਦਾ। ਇਸੇ ਲਈ ਉਨ੍ਹਾਂ ਫ਼ਜ਼ੂਲ ਦੇ ਕਰਮ-ਕਾਂਡਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਧਿਆਤਮਕ ਪ੍ਰਾਪਤੀ ਲਈ ਕਿਰਤ ਤੋਂ ਦੂਰ ਲੈ ਜਾਣ ਵਾਲੇ ਅਜਿਹੇ ਕਰਮ-ਕਾਂਡਾਂ ਨੇ ਸਮਾਜ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਤਾਂ ਆਪ ਨੇ ਪੂਰੀ ਦਲੇਰੀ ਨਾਲ ਅਜਿਹੇ ਨਿਰਾਰਥਕ ਕਰਮ-ਕਾਂਡਾਂ ਦੀ ਨਿਖੇਧੀ ਕੀਤੀ। ਪੁਜਾਰੀ ਸ਼੍ਰੇਣੀ ਦੁਆਰਾ ਪ੍ਰਮਾਤਮਾ ਨੂੰ ਭੇਟ ਕੀਤੇ ਜਾਂਦੇ ਦੁੱਧ, ਫੁੱਲ ਤੇ ਪਾਣੀ ਆਦਿ ਨੂੰ ਫ਼ਜ਼ੂਲ ਦੇ ਕਰਮ-ਕਾਂਡ ਦੱਸਿਆ। ਆਪ ਜੀ ਨੇ ਫ਼ੁਰਮਾਇਆ ਕਿ ਪ੍ਰਭੂ ਪੂਜਾ ਨਮਿੱਤ ਭੇਟ ਕੀਤੇ ਇਹ ਪਦਾਰਥ ਸੁੱਚੇ ਨਹੀਂ ਹਨ ਕਿਉਂਕਿ ਦੁੱਧ ਵੱਛੇ ਨੇ ਜੂਠਾ ਕਰ ਛੱਡਿਆ ਹੈ, ਫੁੱਲ ਭੌਰੇ ਦੁਆਰਾ ਜੂਠੇ ਕੀਤੇ ਹਨ ਅਤੇ ਪਾਣੀ ਮੱਛੀ ਨੇ ਜੂਠਾ ਕਰ ਦਿੱਤਾ ਹੈ। ਇਸ ਲਈ ਪਰਮਾਤਮਾ ਨੂੰ ਸਮਰਪਣ ਕਰਨ ਲਈ ਇਨ੍ਹਾਂ ਵਿੱਚੋਂ ਕੁੱਝ ਵੀ ਸੁੱਚਾ ਨਹੀਂ ਹੈ: ‘‘ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ ॥੧॥ ਮਾਈ ! ਗੋਬਿੰਦ ਪੂਜਾ ਕਹਾ ਲੈ ਚਰਾਵਉ ? ॥ ਅਵਰੁ ਨ ਫੂਲੁ, ਅਨੂਪੁ ਨ ਪਾਵਉ ॥੧॥ ਰਹਾਉ ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ, ਪੂਜ ਕਰਹਿ ਤੇਰੀ ਦਾਸਾ ? ॥੩॥ ਤਨੁ ਮਨੁ ਅਰਪਉ, ਪੂਜ ਚਰਾਵਉ ॥ ਗੁਰ ਪਰਸਾਦਿ, ਨਿਰੰਜਨੁ ਪਾਵਉ ॥੪॥ ਪੂਜਾ ਅਰਚਾ ਆਹਿ ਨ ਤੋਰੀ ॥ ਕਹਿ ਰਵਿਦਾਸ, ਕਵਨ ਗਤਿ ਮੋਰੀ ? ॥੫॥੧॥’’ (ਭਗਤ ਰਵਿਦਾਸ/੫੨੫)

ਆਪਣੇ ਆਪ ਨੂੰ ਸੁੱਚਾ ਅਤੇ ਸਵੱਛ; ਸਿਰਫ਼ ਤਨ ਤੇ ਮਨ ਨੂੰ ਪਰਮਾਤਮਾ ਅੱਗੇ ਅਰਪਣ ਕਰਦਿਆਂ ਕੀਤੀ ਨੇਕ ਕਿਰਤ ਕਮਾਈ ਦੁਆਰਾ ਹੀ ਰੱਖਿਆ ਜਾ ਸਕਦਾ ਹੈ। ਉਸ ਦੇ ਪਿਆਰ ਤੇ ਮਿਹਰ ਦਾ ਪਾਤਰ ਬਣਨ ਲਈ ਸੇਵਾ ਭਾਵਨਾ ਨਾਲ ਕੀਤੀ ਨੇਕ ਕਿਰਤ ਅਤਿ ਜ਼ਰੂਰੀ ਹੈ। ਹਰ ਮਨੁੱਖ ਨੂੰ ਫ਼ਜ਼ੂਲ ਦੇ ਕਰਮ-ਕਾਂਡਾਂ ਤੋਂ ਦੂਰ ਰਹਿ ਕੇ ਸੁਹਿਰਦਤਾ ਨਾਲ ਕਿਰਤ ਕਰਨੀ ਚਾਹੀਦੀ ਹੈ। ਜੇਕਰ ਹਰ ਇੱਕ ਮਨੁੱਖ ਅਜਿਹੀ ਕੀਤੀ ਜਾਣ ਵਾਲੀ ਨੇਕ ਕਿਰਤ ਨਾਲ ਜੁੜ ਜਾਵੇ ਤਾਂ ਸਮਾਜ ਵਿੱਚੋਂ ਬਹੁਤ ਸਾਰੀਆਂ ਬੁਰਿਆਈਆਂ ਦਾ ਖ਼ਾਤਮਾ ਹੋ ਸਕਦਾ ਹੈ ਅਤੇ ਨਵੇਂ ਨਰੋਏ ਤੇ ਤੰਦਰੁਸਤ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਬਾਹਰੀ ਵਿਖਾਵਿਆਂ ਅਤੇ ਕਾਰਜਹੀਣ ਭੇਖ ਧਾਰ ਕੇ ਕੋਈ ਵੀ ਉਸ ਦੀ ਖ਼ੁਸ਼ੀ ਦਾ ਪਾਤਰ ਨਹੀਂ ਬਣ ਸਕਦਾ। ਕਿਰਤ ਕਮਾਈ ਤੋਂ ਦੂਰ ਵਿਹਲੜ ਅਤੇ ਅਧਿਆਤਮਕਤਾ ਦੀ ਆੜ ਹੇਠ ਕਿਰਤੀ ਲੋਕਾਂ ਦੀ ਕਮਾਈ ਦੁਆਰਾ ਗੁਜ਼ਾਰਾ ਕਰਨ ਵਾਲਾ ਮਨੁੱਖ ਕਦੇ ਵੀ ਮਨ ਦਾ ਪਵਿੱਤਰ ਨਹੀਂ ਹੋ ਸਕਦਾ। ਮਨ ਦੀ ਸ਼ੁੱਧਤਾ ਲਈ ਪ੍ਰਭੂ ਭਗਤੀ ਦੇ ਨਾਲ-ਨਾਲ ਕਿਰਤ ਕਮਾਈ ਕਰਨੀ ਵੀ ਜ਼ਰੂਰੀ ਹੈ। ਇਸ ਤਰ੍ਹਾਂ ਆਪ ਜੀ ਨੇ ਕਿਰਤ ਦੀ ਮਹੱਤਤਾ ਨੂੰ ਸਮਝਦਿਆਂ ਕਰਮਹੀਣ ਦੀ ਥਾਂ ਕਰਮਸ਼ੀਲ ਹੋ ਕੇ ਪ੍ਰਭੂ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਕਿਰਤ ਕਮਾਈ ਕਰਨ ਦਾ ਸਿਰਫ਼ ਆਪ ਨੇ ਸਿਧਾਂਤਕ ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਪੂਰਾ ਜੀਵਨ ਉਪਜੀਵਕਾ ਲਈ ਕਿਰਤ ਕਮਾਈ ਨਾਲ ਅਮਲੀ ਰੂਪ ਵਿੱਚ ਜੁੜੇ ਰਹੇ। ਆਪ ਨੇ ਕਿਰਤ ਵਰਗ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਅਧਿਆਤਮਕਤਾ ਅਤੇ ਕਿਰਤ ਪਰਸਪਰ ਵਿਰੋਧੀ ਨਹੀਂ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਰਤੀ ਵਰਗ ਵਿੱਚੋਂ ਬ੍ਰਾਹਮਣਵਾਦ ਦੁਆਰਾ ਪੈਦਾ ਕੀਤੀ ਹੀਣ ਭਾਵਨਾ ਨੂੰ ਦੂਰ ਕਰਦਿਆਂ ਕਿਰਤ ਤੋਂ ਦੂਰ ਕਰਨ ਵਾਲੇ ਕਰਮ-ਕਾਂਡਾਂ ਅਤੇ ਥੋਥੇ ਰੀਤੀ-ਰਿਵਾਜ਼ਾਂ ਦਾ ਬਹੁਤ ਹੀ ਦਲੇਰੀ ਨਾਲ ਵਿਰੋਧ ਕੀਤਾ।

ਅਸਲ ਵਿੱਚ ਭਗਤ ਰਵਿਦਾਸ ਜੀ ਨੇ ਸਿੱਧੇ-ਸਾਦੇ, ਨਰੋਏ, ਸਿਹਤਮੰਦ ਅਤੇ ਸਵੱਛ ਸਮਾਜ ਦੀ ਸਥਾਪਨਾ ਲਈ ਕਿਰਤ ਦੇ ਮਹੱਤਵ ਨੂੰ ਪੂਰਨ ਰੂਪ ਵਿੱਚ ਸਵੀਕਾਰ ਕੀਤਾ ਹੈ। ਕਿਰਤ ਤੋਂ ਦੂਰ ਜਾਣ ਵਾਲੇ ਮਨੁੱਖ ਨੂੰ ਆਪ ਵੱਡਾ ਗੁਨਾਹਗਾਰ ਮੰਨਦੇ ਹਨ। ਆਪ ਕਿਰਤ ਕਮਾਈ ਦੁਆਰਾ ਆਪਣੇ ਅਤੇ ਆਪਣੇ ਪਰਿਵਾਰ ਦੀ ਉਪਜੀਵਕਾ ਦੇ ਨਾਲ-ਨਾਲ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਸਿਧਾਂਤ ਨਾਲ ਨਿੱਗਰ-ਨਰੋਏ ਸਮਾਜ ਨੂੰ ਸਿਰਜਨ ਵਿੱਚ ਵਿਸ਼ਵਾਸ ਰੱਖਦੇ ਸਨ। ਆਪ ਅਜਿਹਾ ਸਮਾਜ ਵੇਖਣ ਦੇ ਚਾਹਵਾਨ ਸਨ, ਜੋ ਊਚ-ਨੀਚ, ਜਾਤ-ਪਾਤ, ਅਮੀਰੀ-ਗ਼ਰੀਬੀ ਦੇ ਭੇਦ-ਭਾਵ ਤੋਂ ਮੁਕਤ ਹੋਵੇ। ਜਿੱਥੇ ਚੋਰੀ ਆਦਿ ਵਰਗੀ ਕਿਸੇ ਵੀ ਮਾੜੀ ਘਟਨਾ ਵਾਪਰਣ ਦਾ ਡਰ ਨਾ ਹੋਵੇ। ਕਿਸੇ ਨੂੰ ਕੋਈ ਗ਼ਮ ਜਾਂ ਚਿੰਤਾ ਨਾ ਹੋਵੇ ਸਗੋਂ ਹਰ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣ: ‘‘ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ, ਅੰਦੋਹੁ; ਨਹੀ ਤਿਹਿ ਠਾਉ ॥ ਨਾਂ ਤਸਵੀਸ, ਖਿਰਾਜੁ ਨ ਮਾਲੁ ॥ ਖਉਫੁ ਨ ਖਤਾ, ਨ ਤਰਸੁ ਜਵਾਲੁ ॥੧॥ ਅਬ, ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ, ਮੇਰੇ ਭਾਈ ! ॥੧॥ ਰਹਾਉ ॥ ਕਾਇਮੁ, ਦਾਇਮੁ; ਸਦਾ ਪਾਤਿਸਾਹੀ ॥ ਦੋਮ ਨ ਸੇਮ; ਏਕ ਸੋ ਆਹੀ ॥’’ (ਭਗਤ ਰਵਿਦਾਸ/੩੪੫)

ਆਪ ਜੀ ਦੇ ਉਪਰੋਕਤ ਬਚਨ ਸਮੁੱਚੀ ਮਾਨਵਤਾ ਦੇ ਕਲਿਆਣ ਦੀ ਗੱਲ ਕਰਦੇ ਹਨ, ਜੋ ਕਿ ਅਸਲ ਸਮਾਜਵਾਦ ਹੈ। ਅੱਜ ਦੇ ਤੇਜ਼ ਤਰਾਰ ਯੁੱਗ ਵਿੱਚ ਜਦੋਂ ਸੱਚੀ-ਸੁੱਚੀ ਕਿਰਤ ਨੂੰ ਸਖ਼ਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਪ ਜੀ ਦਾ ਜੀਵਨ ਅਤੇ ਸਿੱਖਿਆਵਾਂ ਸਾਡੇ ਲਈ ਚਾਨਣ ਮੁਨਾਰਾ ਹਨ। ਜੇਕਰ ਹਰ ਮਨੁੱਖ ਇਨ੍ਹਾਂ ਸਿੱਖਿਆਵਾਂ ਉੱਪਰ ਚੱਲਣ ਦਾ ਯਤਨ ਕਰੇ ਤਾਂ ਸਮਾਨਤਾ, ਸੁਤੰਤਰਤਾ ਅਤੇ ਖ਼ੁਸ਼ਹਾਲੀ ਭਰੇ ਇੱਕ ਨਵੇਂ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ। ਅਜਿਹਾ ਸਮਾਜ ਜਿਸ ਵਿੱਚ ਮਨੁੱਖਤਾ ਦਾ ਕੋਈ ਵੀ ਹਿੱਸਾ ਬੁਨਿਆਦੀ ਹੱਕਾਂ ਤੋਂ ਬਗ਼ੈਰ ਨਹੀਂ ਰਹੇਗਾ ਅਤੇ ਅਮੀਰੀ ਅਤੇ ਗ਼ਰੀਬੀ ਵਿੱਚ ਵਧ ਰਿਹਾ ਪਾੜਾ ਵੀ ਦੂਰ ਹੋ ਜਾਵੇਗਾ। ਅਜਿਹਾ ਸਮਾਜ ਜਿਸ ਦੀ ਕਲਪਨਾ ਭਗਤ ਰਵਿਦਾਸ ਜੀ ਨੇ ਕੀਤੀ, ਤਦ ਹੀ ਸੰਭਵ ਹੈ ਜੇਕਰ ਮਨੁੱਖਤਾ ਆਪ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਅਪਣਾਉਣ ਦਾ ਯਤਨ ਕਰੇ।