ਬੋਰਡ ਵਾਲਿਓ ! ਇਸ ਵਾਰੀ ਰੱਖਿਓ ਬਈ ਪੂਰਾ ਧਿਆਨ..

0
423

ਬੋਰਡ ਵਾਲਿਓ ! ਇਸ ਵਾਰੀ ਰੱਖਿਓ ਬਈ ਪੂਰਾ ਧਿਆਨ.. 

ਰਮੇਸ਼ ਬੱਗਾ ਚੋਹਲਾ (ਲੁਧਿਆਣਾ)

ਪੰਜਾਬ ਸਕੂਲ ਸਿੱਖਿਆ ਬੋਰਡ ਸਕੂਲੀ ਸਿੱਖਿਆ ਨਾਲ ਜੁੜਿਆ ਹੋਇਆ ਇੱਕ ਮਹੱਤਵ ਪੂਰਨ ਅਦਾਰਾ ਹੈ। ਵੱਖ-ਵੱਖ ਸ਼ੇਣੀਆਂ ਦੇ ਪਾਠਕ੍ਰਮ ਅਨੁਸਾਰ ਪਾਠ-ਪੁਸਤਕਾਂ ਦੀ ਛਪਾਈ ਦੇ ਨਾਲ-ਨਾਲ ਸੈਕੰਡਰੀ (ਦਸਵੀਂ) ਅਤੇ ਸੀਨੀਅਰ ਸੈਕੰਡਰੀ (ਬਾਰਵੀਂ) ਦੇ ਆਖਰੀ ਡੰਡੇ ’ਤੇ ਪਹੁੰਚੇ ਤਾਲਿਬਇਲਮਾਂ ਦਾ ਆਪਣੀ ਪ੍ਰਚਲਿਤ ਪ੍ਰੀਖਿਆ ਪ੍ਰਣਾਲੀ ਰਾਹੀਂ ਮੁਲੰਕਣ ਕਰਨਾ ਵੀ ਇਸ ਦੇ ਪ੍ਰਮੁੱਖ ਕਾਰਜਾਂ ਵਿਚ ਸ਼ਾਮਲ ਹੈ। ਉਂਝ ਤਾਂ ਬੋਰਡ ਵੱਲੋਂ ਆਪਣੇ ਇਹ ਕਾਰਜ ਬਾਖ਼ੂਬੀ ਨਾਲ ਨਿਭਾਏ ਜਾ ਰਹੇ ਹਨ ਪਰ ਕਦੇ-ਕਦਾਈਂ ਇਸ ਦੇ ਕੰਮ-ਢੰਗ ਵਿਚ ਕਿਸੇ ਅਣਗਹਿਲੀ ਜਾਂ ਲਾਪਰਵਾਹੀ ਦੇ ਅੰਸ਼ ਵੀ ਦਿਖਾਈ ਦੇ ਜਾਂਦੇ ਹਨ। ਇਸ ਤਰ੍ਹਾਂ ਦੇ ਕੁੱਝ ਅੰਸ਼ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਮਾਰਚ 2016 ਦੀ ਪ੍ਰੀਖਿਆ ਵਿਚ ਵੀ ਦੇਖਣ ਨੂੰ ਮਿਲੇ ਸਨ।

ਪੰਜਾਬ ਦੀ ਸਕੂਲੀ ਸਿੱਖਿਆ ਦਾ ਇੱਕ ਅਹਿਮ ਅੰਗ ਕਰਕੇ ਜਾਣਿਆ ਜਾਣ ਵਾਲਾ ਇਹ ਬੋਰਡ ਪੰਜਾਬੀ ਭਾਸ਼ਾ (ਜਿਸ ਨੂੰ ਸਰਕਾਰੀ ਹਲਕਿਆਂ ਵਿਚ ਰਾਜ-ਭਾਸ਼ਾ ਅਤੇ ਸਾਹਿਤਕ ਹਲਕਿਆਂ ਵਿਚ ਮਾਤ-ਭਾਸ਼ਾ ਦੇ ਤੌਰ ’ਤੇ ਸਤਿਕਾਰਿਆ ਜਾਂਦਾ ਹੈ) ਨੂੰ ਆਪਣੇ ਪ੍ਰਸ਼ਨ-ਪੱਤਰਾਂ ਵਿਚ ਕਿਸ ਕਰੂਪਤਾ ਨਾਲ ਪੇਸ਼ ਕਰ ਰਿਹਾ ਹੈ ਇਸ ਦੀ ਝਲਕ ਬੋਰਡ ਵੱਲੋਂ ਭੇਜੇ ਜਾ ਰਹੇ ਪਿਛਲੇ ਸਾਲ ਦੇ ਪ੍ਰਸ਼ਨ-ਪੱਤਰਾਂ ਦੇ ਮੁੱਖੜਿਆਂ ਤੋਂ ਸਾਫ਼ ਦਿਖਾਈ ਦਿੰਦੀ ਰਹੀ ਹੈ।

ਬੋਰਡ ਵੱਲੋਂ ਭੇਜੇ ਗਏ ਪ੍ਰਸ਼ਨ-ਪੱਤਰਾਂ ਦੇ ਪਹਿਲੇ ਪੰਨੇ ਦੀ ਸਿਖਰ ’ਤੇ ਮੋਟੇ ਲਫ਼ਜਾਂ ਵਿਚ ਜਿੱਥੇ ਪੇਪਰ ਦਾ ਵਿਸ਼ਾ ਲਿਖਿਆ ਮਿਲਦਾ ਹੈ ਉੱਥੇ ਨਾਲ ਹੀ ਲਿਖਿਆ ਮਿਲਦਾ ਹੈ: ‘ਸਲਾਨਾ ਪਰੀਖਿਆ ਪ੍ਰਨਾਲੀ।’

ਹੁਣ ਜੇਕਰ ਇਸ ਲਿਖਾਵਟ ਨੂੰ ਕਿਸੇ ਭਾਸ਼ਾਈ ਮਾਹਿਰ ਦੀ ਲੋਇਣ ਤੋਂ ਦੇਖੀਏ ਤਾਂ ਉਹ ਇਸ ਨੂੰ ਭਾਸ਼ਾਈ ਸ਼ੁੱਧਤਾ ਤੋਂ ਸੱਖਣੀ ਹੀ ਕਹੇਗਾ ਕਿਉਂਕਿ ਪਰੀਖਿਆ ਸ਼ਬਦ ਨੂੰ ਛੱਡ ਕੇ ਦੋਵਾਂ ਸ਼ਬਦਾਂ (ਸਲਾਨਾ ਅਤੇ ਪ੍ਰਨਾਲੀ) ਦੇ ਮੁਹਾਂਦਰੇ ਪੂਰੀ ਤਰ੍ਹਾਂ ਨਾਲ ਵਿਗਾੜ ਕੇ ਪੇਸ਼ ਕੀਤਾ ਗਿਆ ਸੀ।

ਜੇਕਰ ਵਿਆਕਰਨਕ ਪੱਖ ਤੋਂ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸਲਾਨਾ (ਬੋਰਡ ਵੱਲੋਂ ਗ਼ਲਤ ਛਾਪਿਆ) ਸ਼ਬਦ ਸਾਲ (ਨਾਂਵ) ਦਾ ਵਿਸ਼ੇਸ਼ਣ ਹੈ। ਵਿਆਕਰਨ ਦੇ ਨਿਯਮ ਦੱਸਦੇ ਹਨ ਕਿ ਵਿਸ਼ੇਸ਼ਣ ਦਾ ਸਿੱਧਾ ਸੰਬੰਧ ਉਸ ਦੇ ਨਾਂਵ ਜਾਂ ਪੜਨਾਂਵ ਨਾਲ ਹੁੰਦਾ ਹੈ ਅਤੇ ਇਸ ਦੇ ਮੂਲ ਵਿਚ ਵੀ ਆਮ ਤੌਰ ’ਤੇ ਉਹ ਨਾਂਵ ਹੀ ਕੰਮ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਵਿਸ਼ੇਸ਼ਣ ਦੇ ਰੂਪ ਵਿਚ ਵਰਤੇ ਗਏ ਸਾਲਾਨਾ ਸ਼ਬਦ ਨੂੰ ਆਧਾਰ ਬਖ਼ਸ਼ਣ ਵਾਲਾ ਸ਼ਬਦ ‘ਸਾਲ’ ਹੈ। ਜਿਹੜਾ ਕਾਰਜ ਸਾਲ ਦੇ ਵਕਫ਼ੇ ਨਾਲ ਕੀਤਾ ਜਾਂਦਾ ਹੈ ਉਸ ਨੂੰ ਸਾਲਾਨਾ ਭਾਵ ਸਾਲ+ਨਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਪੰਜਾਬੀ ਵਿਆਕਰਨ ਦੀ ਕਸਵੱਟੀ ’ਤੇ ਪਰਖਿਆਂ ‘ਸਾਲਾਨਾ’ ਸ਼ਬਦ ਹੀ ਸਹੀ ਅਤੇ ਸ਼ੁੱਧ ਬਣਦਾ ਹੈ, ਨਾ ਕਿ ‘ਸਲਾਨਾ’।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਇਸ ਸਾਲ ਦੇ ਪ੍ਰਸ਼ਨ-ਪੱਤਰਾਂ ਵਿਚ ਵਰਤਿਆ ਗਿਆ ਦੂਸਰਾ ਸ਼ਬਦ ਹੈ: ‘ਪ੍ਰਨਾਲੀ’। ਬੁੱਤਾ-ਸਾਰ ਪੱਖ ਤੋਂ ਤਾਂ ਇਹ ਸ਼ਬਦ ਵੀ ਆਪਣਾ ਅਰਥ ਸੰਚਾਰ ਕਰੀ ਜਾ ਰਿਹਾ ਹੈ ਪਰ ਇਸ ਦਾ ਮਿਆਰੀ ਰੂਪ ‘ਪ੍ਰਣਾਲੀ’ ਹੈ। ਜਿਹੜਾ ਸ਼ਬਦ (ਪ੍ਰਨਾਲੀ) ਬੋਰਡ ਵੱਲੋਂ ਆਪਣੇ ਪ੍ਰਸ਼ਨ-ਪੱਤਰਾਂ ਵਿਚ ਵਰਤਿਆ ਗਿਆ ਸੀ ਉਹ ਆਪਣੇ ਸਹੀ ਸਰੂਪ ਤੋਂ ਕਾਫੀ ਹੱਦ ਤੱਕ ਸੱਖਣਾ ਸੀ।

ਇਹ ਦੋਵੇਂ ਸ਼ਬਦ (ਸਲਾਨਾ ਅਤੇ ਪ੍ਰਨਾਲੀ) ਉਸ ਵੇਲੇ ਤਾਂ ਹੋਰ ਵੀ ਹਾਸੋਹੀਣੇ ਲੱਗਦੇ ਸਨ ਜਦੋਂ ਇਨ੍ਹਾਂ ਦੀ ਵਰਤੋਂ ਮਾਤ ਭਾਸ਼ਾ (ਪੰਜਾਬੀ-ਏ) ਦੇ ਪ੍ਰਸ਼ਨ-ਪੱਤਰ ਵਿਚ ਵੀ ਬਰਾਬਰਤਾ ਨਾਲ ਕੀਤੀ ਗਈ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੋਲ ਹਰੇਕ ਵਿਸ਼ੇ ਦੇ ਵਿਦਿਅਕ ਮਾਹਰ ਅਤੇ ਛਪਣ ਵਾਲੀ ਕਿਸੇ ਲਿਖਤ ਦੀ ਕਚਿਆਈ ਨੂੰ ਪੜ੍ਹਨ ਵਾਲੇ ਪੜ੍ਹਾਕੂ (ਪਰੂਫ਼ ਰੀਡਰ) ਮੌਜੂਦ ਹੁੰਦੇ ਹਨ ਪਰ ਇਸ ਦੇ ਬਾਵਜੂਦ ਇਹ ਕਚਿਆਈਆਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਤਾਂ ਇਨ੍ਹਾਂ ਕਚਿਆਈਆਂ ਨੂੰ ਕੇਵਲ ਲਾਪਰਵਾਹੀ ਦੇ ਖ਼ਾਤੇ ਵਿਚ ਹੀ ਪਾਇਆ ਜਾ ਸਕਦਾ ਹੈ। ਇਹ ਲਾਪਰਵਾਹੀ/ਕੁਤਾਹੀ ਸਿਰਫ਼ ਮਗਰਲੇ ਸ਼ੈਸਨ ਵਿਚ ਹੀ ਨਹੀਂ ਸਗੋਂ ਇਸ ਤੋਂ ਪੂਰਵਲੇ ਸੈਸ਼ਨਾਂ/ਸਾਲਾਂ ਦੇ ਬੋਰਡ ਦੇ ਪੱਕੇ ਪਰਚਿਆਂ ਵਿਚ ਵੀ ਦੇਖਣ ਨੂੰ ਮਿਲਦੀ ਰਹੀ ਹੈ। ਇੱਥੇ ਹੀ ਬੱਸ ਨਹੀਂ ਪੰਜਾਬੀ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਵੀ ਬੋਰਡ ਦੀ ਬੇਧਿਆਨੀ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਮਾਨਤਾ ਪ੍ਰਾਪਤ ਸ਼ਬਦ PUNJABI ਨੂੰ ਵੀ ਬੋਰਡ ਦੇ ਪੇਪਰਾਂ ਵਿਚ PANJABI ਲਿਖਿਆ ਜਾ ਰਿਹਾ ਹੈ ਅਤੇ ਇਹ ਸਾਰਾ ਕੁਝ ਲਗਾਤਾਰਤਾ ਨਾਲ ਹੁੰਦਾ ਆ ਰਿਹਾ ਹੈ।

ਬੋਰਡ ਦੀਆਂ ਇਸ ਵਿਦਿਅਕ ਸ਼ੈਸਨ (2017) ਦੀਆਂ ਪ੍ਰੀਖਿਆਵਾਂ ਦਾ ਸ੍ਰੀ ਗਣੇਸ਼ ਫਰਵਰੀ ਮਹੀਨੇ ਦੇ ਛੇਕੜਲੇ ਦਿਨ (28 ਫਰਵਰੀ) ਤੋਂ ਹੋਣ ਜਾ ਰਿਹਾ ਹੈ, ਬੋਰਡ ਨੂੰ ਚਾਹੀਦਾ ਹੈ ਕਿ ਇਸ ਵਾਰੀ ਉਹ ਪ੍ਰਸ਼ਨ-ਪੱਤਰਾਂ ਵਿਚਲੀਆਂ ਪਿਛਲਿਆਂ ਸ਼ੈਸਨਾਂ / ਵਰ੍ਹਿਆਂ ਦੀਆਂ ੳੂਣਤਾਈਆਂ ਪ੍ਰਤੀ ਆਪਣੀ ਅੱਖ ਖੁੱਲ੍ਹੀ ਰੱਖੇ ਅਤੇ ਆਪਣੀਆਂ ਭਾਸ਼ਾਈ ਤੁਰੱਟੀਆਂ ਕਾਰਨ ਹਾਸੋਹੀਣਤਾ ਪ੍ਰਗਟਾਵਾ ਨ ਕਰੇ।

—੦—