ਬੀਬੀ ਰਾਜਿੰਦਰ ਕੌਰ ਦਾ ਕਤਲ ਕਿਉਂ ਹੋਇਆ !

0
364

ਬੀਬੀ ਰਾਜਿੰਦਰ ਕੌਰ ਦਾ ਕਤਲ ਕਿਉਂ ਹੋਇਆ !

ਸਰਬਜੀਤ ਸਿੰਘ ਘੁਮਾਣ-97819-91622

‘ਸੰਤ ਸਿਪਾਹੀ’ ਵਰਗੇ ਪੰਥਕ ਪਰਚੇ ਦੇ ਸੰਪਾਦਕ ਵਜੋਂ ਨਾਮਣਾ ਖੱਟਣ ਵਾਲੇ ਅਤੇ ਪਾਰਲੀਮੈਂਟ ਵਿਚ ਸਿਖ ਹੱਕਾਂ ਦੀ ਰਾਖੀ ਲਈ  ਗਰਜਣ ਵਾਲੇ, ਬੀਬੀ ਰਾਜਿੰਦਰ ਕੌਰ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਹੋਣਹਾਰ ਧੀ ਸਨ । ੧੦ ਫਰਵਰੀ ੧੯੩੧ ਨੂੰ ਜਨਮੇ ਬੀਬੀ ਰਾਜਿੰਦਰ ਕੌਰ ਨੂੰ ੫ ਫਰਵਰੀ ੧੯੮੯ ਨੂੰ ਬਠਿੰਡੇ ਵਿਚ ਇਕ ਸਮਾਗਮ ਦੀ ਸਮਾਪਤੀ ਮੌਕੇ ਕਤਲ ਕਰ ਦਿਤਾ ਗਿਆ ਸੀ। ਸਰਕਾਰੀ ਤਾਕਤਾਂ ਨੇ ਬੜੀ ਯੋਜਨਾਬੱਧ ਢੰਗ ਨਾਲ ਕੂੜ ਪਰਚਾਰ ਕਰਕੇ ਇਸ ਘਿਨਾਉਣੇ ਕਤਲ ਨੂੰ ਖਾਲਿਸਤਾਨੀ ਜੁਝਾਰੂਆਂ ਦੇ ਖਾਤੇ ਪਾਉਣ ਦਾ ਯਤਨ ਕੀਤਾ। ਪਰ ਪੰਥਕ ਸਫਾਂ ਵਿਚ ਇਹ ਤੱਥ ਹੁਣ ਜੱਗ ਜਾਹਿਰ ਹੈ ਕਿ ਬੀਬੀ ਰਾਜਿੰਦਰ ਕੌਰ ਨੂੰ ਕਤਲ ਕਰਨ ਵਾਲੇ ਉਹ ਨਹੀ ਜਿੰਨਾਂ ਨੇ ਗੋਲੀਆਂ ਮਾਰੀਆਂ, ਅਸਲ ਕਾਤਲ ਉਹ ਲੋਕ ਹਨ ਜਿਹੜੇ ਬੀਬੀ ਰਾਜਿੰਦਰ ਕੌਰ ਵਲੋਂ ਬੋਲੇ ਜਾ ਰਹੇ ਸੱਚ ਤੋਂ ਡਰਦੇ ਸਨ।
ਅਸਲ ਵਿਚ ਅਪਰੇਸ਼ਨ ਬਲ਼ੈਕ ਥੰਡਰ ਬਾਰੇ ਬੀਬੀ ਰਾਜਿੰਦਰ ਕੌਰ ਨੇ ‘ਸੰਤ ਸਿਪਾਹੀ’ ਵਿਚ ਸਾਫ ਤੇ ਨਿਰਪੱਖ ਲਿਖਤਾਂ ਲਿਖੀਆਂ, ਉਨਾਂ ਸਦਕਾ ਕਈ ਐਹੋ ਜਿਹੇ ਲੋਕਾਂ ਦੇ ਮਖੌਟੇ ਲੱਥ ਗਏ ਸਨ ਜਿਹੜੇ ਦਾਵਾ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਾਰਿਸ ਹੋਣ ਦਾ ਕਰਦੇ ਸਨ ਪਰ ਉਨਾਂ ਦਾ ਮੁਖ ਮਕਸਦ ਸੰਤ ਭਿੰਡਰਾਂਵਾਲਿਆਂ ਦੇ ਨਿਸ਼ਾਨੇ ਅਤੇ ਉਸ ਨਿਸ਼ਾਨੇ ਦੀ ਪੂਰਤੀ ਲਈ ਚੱਲ ਰਹੇ ਸੰਘਰਸ਼ ਵਿਰੁਧ ਕੰਮ ਕਰਨਾ ਸੀ। ਜੂਨ ੧੯੮੪ ਤੋਂ ਬਾਦ ਹਜਾਰਾਂ ਸਿਖ ਗੱਭਰੂ ਸਿਰਾਂ ਉਤੇ ਖੱਫਣ ਬੰਨ੍ਹ ਕੇ ਤੁਰ ਪਏ ਸਨ। ਉਨਾਂ ਨੂੰ ਇਹੀ ਯਾਦ ਸੀ ਕਿ ਸੰਤਾਂ ਨੇ ਕਿਹਾ ਸੀ, “ਜੇ ਦਰਬਾਰ ਸਾਹਿਬ ਉਤੇ ਹਮਲਾ ਹੋ ਗਿਆਂ , ਫੇਰ ਖਾਲਿਸਤਾਨ ਦੀ ਨੀਂਹ ਰੱਖ ਦਿਤੀ ਜਾਏਗੀ’। ਖਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਦੇ ਬਿਖੜੇ ਮਾਰਗ ਉਤੇ ਤੁਰ ਰਹੇ ਸਿਰਲੱਥ ਜੁਝਾਰੂਆਂ ਦੇ ਅਦੁਤੀ ਕਾਰਨਾਮੇ ਭਾਰਤੀ ਹਾਕਮਾਂ ਦੀ ਨੀਂਦ ਉੜਾ ਰਹੇ ਸਨ। ਭਾਰਤੀ ਹਕੂਮਤ ਨੇ ਖਾਲਿਸਤਾਨ ਦੇ ਸਪਸ਼ਟ ਨਿਸ਼ਾਨੇ ਪ੍ਰਤੀ ਭੰਬਲਭੂਸੇ ਪਾਉਣ ਅਤੇ ਸਿਖ ਜੁਝਾਰੂਆਂ ਨੂੰ ਸਿਰ ਫਿਰੇ ਕਾਤਲ ਦਰਸਾਉਣ ਲਈ ਜੋ ਨੀਤੀ ਲਾਗੂ ਕੀਤੀ, ਉਸ ਤਹਿਤ ਕਈ ਚਾਲਾਂ ਚੱਲੀਆਂ ਗਈਆਂ। ਇਸੇ ਤਹਿਤ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ, ਸੰਤ ਭਿੰਡਰਾਂਵਾਲਿਆਂ ਦੇ ਵਾਰਿਸ ਸਮਝੇ ਜਾਂਦੇ ਕੁਝ ਲੋਕਾਂ ਤੇ ਹੋਰ ਹਸਤੀਆਂ ਨੂੰ ਉਭਾਰ ਕੇ ਪੰਥ ਦੀ ਮੋਹਰੀ ਥਾਂ ਉਤੇ ਲਿਆ ਕੇ , ਫਿਰ ਉਨਾਂ ਰਾਂਹੀ ਖਾਲਿਸਤਾਨ ਅਤੇ ਜੁਝਾਰੂਆਂ ਵਿਰੁਧ ਭਰਮ-ਭੁਲੇਖੇ ਪਾਉਣ ਦੀ ਇਕ ਸੰਵੇਦਨਸ਼ੀਲ਼, ਡੂੰਘੀ ਅਤੇ ਗੰਭੀਰ ਚਾਲ ਚੱਲੀ ਗਈ ਸੀ।
ਪ੍ਰੋ. ਦਰਸ਼ਨ ਸਿੰਘ ਰਾਗੀ ਨੇ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਹੈਸੀਅਤ ਵਿਚ ੪ ਅਗਸਤ ੧੯੮੭ ਨੂੰ  ਕਨਵੈਨਸ਼ਨ ਬੁਲਾਈ ਜਿਸ ਵਿਚ ਤਿੰਨ ਮੁਦੇ ਸਨ-

1. ਪੰਥ ਦਾ ਨਿਸ਼ਾਨਾ ਕੀ ਹੈ ?
2. ਇਸ ਨੂੰ ਹਾਸਿਲ ਕਿਵੇਂ ਕੀਤਾ ਜਾਏ ?
3. ਇਸ ਜੱਦੋ ਜਹਿਦ ਦੀ ਅਗਵਾਈ ਕੌਣ ਕਰੇ ?

ਜੁਝਾਰੂਆਂ ਨੇ ਇਸ ਦਾ ਸਿਧਾ ਅਰਥ ਇਹੀ ਕੱਢਿਆ ਕਿ ਅਸਲ ਵਿਚ ਸਰਕਾਰ ਨੇ ਜਥੇਦਾਰ ਰਾਗੀ ਰਾਂਹੀ ਖਾਲਿਸਤਾਨ ਦੇ ਸ਼ੰਘਰਸ਼ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜੁਝਾਰੂ ਸਪਸ਼ੱਟ ਪੁੱਛ ਰਹੇ ਸਨ ਕਿ ਕੌਮ ਦਾ ਨਿਸ਼ਾਨਾ ਤਾਂ ਖਾਲਿਸਤਾਨ ਹੈ ਜਿਸ ਦੀ ਪ੍ਰਾਪਤੀ ਲਈ ੧੯੮੪ ਤੋਂ ਸੰਘਰਸ਼ ਚੱਲ ਹੀ ਰਿਹਾ ਹੈ, ਹੁਣ ਨਵਾਂ ਨਿਸ਼ਾਨਾ ਕਿਹੜਾ ਮਿਥਣਾ ਹੈ ? ਪ੍ਰੋ. ਦਰਸ਼ਨ ਸਿੰਘ ਦੀਆਂ ਗਿਣਤੀਆਂ-ਮਿਣਤੀਆਂ ਲਾਂਭੇ ਸੁਟਦਿਆਂ ਸਿੰਘਾਂ ਨੇ ਕਿਹਾ ਕਿ , “ਸਾਡਾ ਨਿਸ਼ਾਨਾ ਖਾਲਿਸਤਾਨ ਹੈ, ਇਸ ਲਈ ਸੰਘਰਸ਼ ਦੀ ਅਗਵਾਈ ਬੇਸ਼ੱਕ ਅਕਾਲ ਤਖਤ ਸਾਹਿਬ ਦੇ ਨਾਂ ਹੇਠ ਪ੍ਰੋ.ਦਰਸ਼ਨ ਸਿੰਘ ਕਰ ਲੈਣ”।
ਇਸ ਮਗਰੋਂ ਸਰਕਾਰ ਨੇ ਜੇਲ ਵਿਚ ਨਜਰਬੰਦ ਸੰਤ ਭਿੰਡਰਾਂਵਾਲਿਆਂ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਨੂੰ ਸਾਹਮਣੇ ਲਿਆਂਦਾ। ਭਾਈ ਰੋਡੇ ਨੂੰ ੨੬ ਜਨਵਰੀ ੧੯੮੬ ਨੂੰ ਹੋਏ ਸਰਬੱਤ ਖਾਲਸਾ ਵਿਚ ਜਥੇਦਾਰ ਐਲਾਨਿਆ ਗਿਆ ਸੀ। ਪਰ ਜੇਲ਼ ਵਿਚ ਸਰਕਾਰੀ ਏਜੰਸੀਆਂ ਉਨਾਂ ਤੇ ਪ੍ਰਭਾਵ ਪਾਉਣ ਵਿਚ ਸਫਲ ਹੋ ਗਈਆਂ। ਸਰਕਾਰ ਨੇ ਭਾਈ ਰੋਡੇ ਰਾਂਹੀ “ਖਾਲਿਸਤਾਨ ਦੀ ਥਾਂ ਪੂਰਨ ਆਜਾਦੀ” ਦਾ ਨਵਾਂ ਨਾਅਰਾ ਪ੍ਰਚੱਲਤ ਕਰਨਾ ਚਾਹਿਆ ਤਾਂ ਕਿ ਖਾਲਿਸਤਾਨ ਵਰਗਾ ਉਭਰਵਾਂ ਸ਼ਬਦ ਰੁਲ-ਖੁਲ ਜਾਵੇ। ਦੂਜਾ ਮਸਲਾ ਜੁਝਾਰੂਆਂ ਦਾ ਸੀ ਜਿਸ ਬਾਰੇ ਭਾਈ ਰੋਡੇ ਨੇ ਸਰਕਾਰੀ ਨੁੰਮਾਇੰਦਿਆਂ ਨੂੰ ਕਿਹਾ, “ਮੈਂ ਜੁਝਾਰੂਆਂ ਨੂੰ ਤੁਹਾਡੇ ਸਾਹਮਣੇ ਬਿਠਾ ਦਿਆਂਗਾ, ਤੁਸੀ ਉਨਾਂ ਨੂੰ ਚਾਹੇ ਖਾਲਿਸਤਾਨ ਤੇ ਰਾਜੀ ਕਰ ਲਵੋ, ਚਾਹੇ ਅਨੰਦਪੁਰ ਦੇ ਮਤੇ ਉਤੇ ਸਹਿਮਤ ਕਰ ਲਿਓ।”
ਸਰਕਾਰੀ ਏਜੰਸੀਆਂ ਭਾਈ ਰੋਡੇ ਨੂੰ ਸੰਘਰਸ਼ ਵਿਰੁਧ ਵਰਤ ਰਹੀਆਂ ਸੀ ਤੇ ਉਨਾਂ ਨੂੰ ਪਤਾ ਵੀ ਨਹੀ ਸੀ ਲੱਗਣ ਦੇਣਾ ਚਾਹੁੰਦੀਆਂ ਕਿ ਅਸਲ ਨਿਸ਼ਾਨਾ ਕੀ ਹੈ ? ਭਾਈ ਰੋਡੇ ਤਾਂ ਇਸ ਨੂੰ ਕੌਮ ਅਤੇ ਸਰਕਾਰ ਵਿਚਾਲੇ ਕਿਸੇ ਸਮਝੌਤੇ ਲਈ ਸਰਗਰਮੀ ਸਮਝਦੇ ਹੋਣਗੇ ਜਦ ਕਿ ਅਸਲ ਵਿਚ ਤਾਂ ਇਹ ਚਾਲ ਖਾੜਕੂ ਸੰਘਰਸ਼ ਦਾ ਲੱਕ ਤੋੜਨ ਲਈ ਚੱਲੀ ਗਈ ਸੀ।
ਸਰਕਾਰ ਨੇ ਭਾਈ ਰੋਡੇ ਨੂੰ ਸੰਘਰਸ਼ ਵਿਰੁਧ ਪੂਰੀ ਤਰਾਂ ਵਰਤਿਆ ਵੀ ਤੇ ਬਦਨਾਮ ਵੀ ਕੀਤਾ। ਭਾਈ ਰੋਡੇ ੪ ਮਾਰਚ ੧੯੮੮ ਵਿਚ ਬਾਹਰ ਆਏ ਤੇ ੮ ਅਪਰੈਲ ੧੯੮੮ ਨੂੰ ਸਰਕਾਰ ਦੀ ਆਪਣੀ ਬਣਾਈ ਨਕਲੀ ਖਾੜਕੂਆਂ ਦੀ ਜਥੇਬੰਦੀ ‘ਬਲੈਕ ਕੈਟ ਕਮਾਂਡੋ ਫੋਰਸ” ਨੇ ਅਜੀਤ ਅਖਬਾਰ ਵਿਚ ੨੬ ਇਲਜਾਮ ਲਾਏ ਕਿ ਭਾਈ ਜਸਵੀਰ ਸਿੰਘ ਰੋਡੇ ਸਰਕਾਰ ਨਾਲ ਮਿਲੇ ਹੋਏ ਹਨ।
ਸਰਕਾਰ ਨੇ ਦਰਬਾਰ ਸਾਹਿਬ ਵਿਖੇ ਅਨੇਕਾਂ ਨਕਲੀ ਖਾੜਕੂ ਵਾੜ ਦਿਤੇ ਜੋ ਜੁਝਾਰੂਆਂ ਨੂੰ ਬਦਨਾਮ ਕਰਨ ਲਈ ਧਮਕੀ-ਪਤਰ, ਫਿਰੌਤੀਆਂ ਤੇ ਕਤਲ ਤੱਕ ਕਰੀ ਜਾ ਰਹੇ ਸਨ। ਆਮ ਲੋਕਾਂ ਵਿਚ ਸੰਘਰਸ਼ ਨੂੰ ਬਦਨਾਮ ਕਰਨ ਲਈ ਚੱਲੀਆਂ ਜਾ ਰਹੀਆਂ ਇਨਾਂ ਚਾਲਾਂ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਸੀ। ਇੰਝ ਜਾਪਦਾ ਸੀ ਕਿ ਭਾਈ ਜਸਵੀਰ ਸਿੰਘ ਰੋਡੇ ਦੇ ਹਮਾਇਤੀ ਬਣੇ ਹੋਏ ਖਾੜਕੂਆਂ ਤੇ ਅਤੇ ਭਾਈ ਰੋਡੇ ਦੇ ਵਿਰੋਧੀ ਖਾੜਕੂਆਂ ਵਿਚਾਲੇ ਕਦੇ ਵੀ ਗੋਲੀ ਚੱਲ ਸਕਦੀ ਹੈ। ਇਹੋ ਜਿਹੇ ਮਹੌਲ਼ ਵਿਚ ਅਪਰੇਸ਼ਨ ਬਲੈਕ ਥੰਡਰ ਕੀਤਾ ਗਿਆ ਜਿਸ ਦੀ ਸਾਰੀ ਕਾਰਵਾਈ ਇਸ ਢੰਗ ਨਾਲ ਚਲਾਈ ਗਈ ਕਿ ਸਰਕਾਰੀ ਏਜੰਟਾਂ ਉਹ ਡਰਾਮੇ ਕਰਨ, ਜਿਸ ਨਾਲ ਲੋਕਾਂ ਵਿਚ ਜੁਝਾਰੂਆਂ ਦਾ ਅਕਸ ਬਦਨਾਮ ਹੋਵੇ।
ਬੀਬੀ ਰਾਜਿੰਦਰ ਕੌਰ ਜੀ ਇਨਾਂ ਸਰਕਾਰੀ ਚਾਲਾਂ ਬਾਰੇ ਬਹੁਤ ਡੂੰਘਾਈ ਨਾਲ ਲਿਖਦੇ ਰਹੇ ਸਨ। ਆਮ ਲੋਕਾਂ ਵਿਚ ਖਾੜਕੂਆਂ ਨੂੰ ਬਦਫੈਲ, ਗੁੰਡੇ, ਜਨਾਨੀਬਾਜ਼, ਨਸ਼ੇੜੀ ਤੇ ਦਰਬਾਰ ਸਾਹਿਬ ਅੰਦਰ ਅਯਾਸ਼ੀਆਂ ਕਰਨ ਵਾਲੇ ਦਰਸਾਉਣ ਲਈ ਹਿੰਦ ਸਮਾਚਾਰ ਵਿਚ ਝੂਠੀਆਂ ਤੇ ਮਨੋਕਲਪਿਤ ਕਹਾਣੀਆਂ ਛਪ ਰਹੀਆਂ ਸਨ। ਦਰਬਾਰ ਸਾਹਿਬ ਤੋਂ ਸਰਗਰਮੀਆਂ ਕਰਨ ਵਾਲੇ ਇਨਾਂ ਖਾੜਕੂਆਂ ਨਾਲ, ਭਾਵੇਂ ਬੀਬੀ ਜੀ ਦੀ ਕਦੇ ਸੁਰ ਨਹੀ ਸੀ ਮਿਲਦੀ, ਸਗੋਂ ਉਹ ਤਾਂ ਉਨਾਂ ਦੇ ਕਈ ਕੰਮਾਂ ਦੇ ਸਖਤ ਅਲੋਚਕ ਵੀ ਸਨ, ਪਰ ਤਾਂ ਵੀ ਉਨਾਂ ਨੇ ਹਿੰਦ ਸਮਾਚਾਰ ਅਖਬਾਰ ਵਿਚ ਛਪੀਆਂ ਕਹਾਣੀਆਂ ਦਾ ਭਾਂਡਾ ਜੁਲਾਈ ੧੯੮੮ ਦੇ ਅੰਕ ਵਿਚ ਪੂਰੀ ਤਰਾਂ ਭੰਡਿਆ। ਜੁਲਾਈ ਅੰਕ ਤੇ ਮੋਟਾ ਕਰਕੇ ਲਿਖਿਆਂ ਹੋਇਆ ਸੀ, “ਪੰਥਕ ਗਦਾਰ ਤੇ ਸਰਕਾਰੀ ਏਜੰਟ ਕੌਣ ?”

ਭਾਰਤੀ ਹਕੂਮਤ ਜਿਹੜੀਆਂ ਚਾਲਾਂ ਚੱਲ ਕੇ ਸਿਖ ਸੰਘਰਸ਼ ਦਾ ਬੇੜਾ ਡੋਬਣਾ ਚਾਹੁੰਦੀ ਸੀ, ਬੀਬੀ ਰਾਜਿੰਦਰ ਕੌਰ ਉਨਾਂ ਸਾਰੀਆਂ ਚਾਲਾਂ ਨੂੰ ਨਸ਼ਰ ਕਰ ਦਿੰਦੇ ਸਨ। ਇਹ ਤੱਥ ਅਹਿਮ ਹੈ ਕਿ ਉਦੋਂ ਅਖਬਾਰਾਂ ਤੇ ਹੋਰ ਮੀਡੀਆਂ ਸਰੋਤਾਂ ਨੂੰ ਤਾਂ ਸਰਕਾਰ ਕਾਬੂ ਕਰ ਲੈਂਦੀ ਸੀ ਪਰ ‘ਸੰਤ ਸਿਪਾਹੀ’ ਵਿਚ ਛਪਦੇ ਸੱਚ ਨੂੰ ਬੰਦ ਕਰਵਾਉਣਾ ਸਰਕਾਰ ਲਈ ਮੁਸ਼ਕਿਲ ਸੀ। ਬੀਬੀ ਜੀ ਦਾ ਕਿਸੇ ਐਸੇ ਬੰਦੇ ਨਾਲ ਕੋਈ ਨਿਜੀ ਵੈਰ ਨਹੀ ਸੀ ਜਿਹੜਾ ਦਿਲੀ ਦਾ ਦਲਾਲ ਬਣ ਕੇ ਸਿਖ ਸੰਘਰਸ਼ ਵਿਚ ਕੋਈ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੋਵੇ। ਪਰ ਜਦ ਸੰਤ ਸਿਪਾਹੀ ਵਿਚ ਸਰਕਾਰੀ ਖੇਡ ਨਸ਼ਰ ਹੁੰਦੀ ਤਾਂ ਹਰੇਕ ਹਥ ਠੋਕੇ ਦਾਂ ਨਾਂ ਅਤੇ ਉਸ ਦੀ ਪੰਥ-ਵਿਰੋਧੀ ਸਰਗਰਮੀ ਛਪਣੀ ਹੀ ਛਪਣੀ ਸੀ। ਇਹੋ ਜਿਹੇ ਮਹੌਲ਼ ਵਿਚ ਸਰਕਾਰੀ ਏਜੰਸੀਆਂ ਤਾਂ ਕਲਪਦੀਆਂ ਹੀ ਸਨ ਨਾਲ ਹੀ ਉਹ ਲੋਕ ਵੀ ਸੰਤ ਸਿਪਾਹੀ ਤੋਂ ਸਤੇ ਪਏ ਸੀ ਜਿੰਨਾਂ ਦੀ ਅਸਲੀਅਤ ਨਸ਼ਰ ਹੋਈ ਹੁੰਦੀ ਸੀ।
ਜੂਨ ੧੯੮੮ ਤੋਂ ਲੈ ਕੇ ਜਨਵਰੀ ੧੯੮੯ ਤੱਕ ਦੇ ਹਰ “ਸੰਤ ਸਿਪਾਹੀ’ ਅੰਕ ਵਿਚ ਭਾਈ ਰੋਡੇ ਰਾਂਹੀ ਚੱਲੀ ਗਈੇ ਸਰਕਾਰੀ ਚਾਲ ਦੇ ਵੇਰਵੇ ਦਰਜ਼ ਹੁੰਦੇ ਸਨ। ਭਾਈ ਜਸਵੀਰ ਸਿੰਘ ਰੋਡੇ ਤੇ ਸਰਕਾਰ ਦੀ ਮਿਲੀਭੁਗਤ ਬਾਰੇ ਜਿਹੜੇ ਵਿਚਾਰ ਤੇ ਬਿਆਨ ਹੋਰਨਾਂ ਅਖਬਾਰਾਂ ਨੇ ਨਹੀ ਛਾਪਣੇ ਸੀ, ਉਹ ਵੀ ਸੰਤ ਸਿਪਾਹੀ ਵਿਚ ਧੱੜਲੇ ਨਾਲ ਛਪੇ। ਸਰਕਾਰ ਸਮਝ ਗਈ ਕਿ ਜਿੰਨਾ ਚਿਰ ਬੀਬੀ ਰਾਜਿੰਦਰ ਕੌਰ ਜਿਉਂਦੀ ਹੈ ਉਨਾਂ ਚਿਰ ਉਸ ਦੀਆਂ ਪੰਥ-ਵਿਰੋਧੀ ਚਾਲਾਂ ਕਦੇ ਵੀ ਕਾਮਯਾਬ ਨਹੀ ਹੋਣਗੀਆਂ। ਇੰਝ ਬੀਬੀ ਜੀ ਨੂੰ ਖਤਮ ਕਰਨ ਦਾ ਫੈਸਲਾ ਹੋ ਗਿਆ।

ਜਦ ਫੈਸਲਾ ਹੋ ਗਿਆਂ ਤਾਂ ਸਾਰੀ ਖੇਡ ਇੰਝ ਖੇਡੀ ਗਈ ਕਿ ਇਸ ਕਤਲ ਲਈ ਉਹ ਹੱਥ ਵਰਤੇ ਜਾਣ ਜਿਹੜੇ ਖਾਲਿਸਤਾਨ ਲਈ ਜੂਝਦੇ ਵੀ ਜਾਪਣ। ਪਰ ਸੱਚ ਨੇ ਤਾਂ ਸੌ ਪਰਦੇ ਪਾੜ ਕੇ ਸਾਹਮਣੇ ਆ ਜਾਣਾ ਹੁੰਦਾ ਹੈ। ਇਸ ਮਾਮਲੇ ਵਿਚ ਦੋ ਤੱਥ ਸਪਸ਼ਟ ਹਨ। ਇਕ ਤਾਂ ਇਹ ਕਿ ਕਿਸੇ ਨੇ ਵੀ ਇਸ ਕਤਲ ਨੂੰ ਖਾਲਿਸਤਾਨੀ ਜੁਝਾਰੂ ਸਿੰਘਾਂ ਦਾ ਕੀਤਾ ਨਹੀ ਮੰਨਿਆ। ਦੂਜਾ ਇਹ ਕਿ ਹਰੇਕ ਨੂੰ ਯਕੀਨ ਹੈ ਕਿ ਇਹ ਕਤਲ ਸਰਕਾਰੀ ਖੇਡ ਹੈ।

ਉਂਝ ਮਗਰੋਂ ਸਰਕਾਰ ਅਤੇ ਹੋਰ ਪੰਥ-ਦੋਖੀਆਂ ਨੇ ਬੜਾ ਜੋਰ ਲਾਇਆ ਕਿ ਇਹ ਕਾਰਾ ਸਿਖ ਜੁਝਾਰੂਆਂ ਦੇ ਖਾਤੇ ਪੈ ਜਾਵੇ। ਪਰ ਦੁਨੀਆਂ ਜਾਣਦੀ ਸੀ ਕਿ ਜੁਝਾਰੂਆਂ ਨੂੰ ਤਾਂ ਬੀਬੀ ਜੀ ਦਾ ਕਤਲ ਕਰਨ ਦੀ ਕੋਈ ਲੋੜ ਹੀ ਨਹੀ ਸੀ। ਬੀਬੀ ਰਾਜਿੰਦਰ ਕੌਰ ਤਾਂ ਪੰਥ-ਪਿਆਰ ਵਾਲੀ ਐਸੀ ਹਸਤੀ ਸਨ ਕਿ ਉਨਾਂ ਨਾਲ ਮੱਤਭੇਦ ਰੱਖਣ ਵਾਲੇ ਸਿੰਘ ਵੀ ਉਨਾਂ ਬਾਰੇ ਕਦੇ ਅਪਸ਼ਬਦ ਨਹੀ ਸੀ ਬੋਲਦੇ, ਕਤਲ ਤਾਂ ਬਹੁਤ ਦੂਰ ਦੀ ਗੱਲ ਹੈ। ਦਰਅਸਲ ਬੀਬੀ ਰਾਜਿੰਦਰ ਕੌਰ ਦਾ ਜੁਝਾਰੂ ਲਹਿਰ ਨਾਲ ਕੋਈ ਟਕਰਾਅ ਹੈ ਹੀ ਨਹੀ ਸੀ। ਜਿਹੋ ਜਿਹੇ ਮਹੌਲ਼ ਵਿਚ ਬੀਬੀ ਜੀ ਦੀ ਪਰਵਰਿਸ਼ ਹੋਈ ਸੀ ਤੇ ਜਿਹੋ ਜਿਹੀ ਉਨਾਂ ਦੀ ਮਾਨਸਿਕਤਾ ਸੀ, ਉਹ ਜੁਝਾਰੂ ਲਹਿਰ ਦੇ ਸਮਾਨ ਅੰਤਰ ਚੱਲ ਰਹੇ ਸੀ ਨਾ ਕਿ ਟਕਰਾਅ ਵਿਚ। ਬਹੁਤੀ ਵਾਰ ਤਾਂ ਉਹ ਜੁਝਾਰ ਲਹਿਰ ਦੀ ਪਿਠ ਤੇ ਖੜ੍ਹੇ ਦਿਸਦੇ ਸਨ।
ਬੀਬੀ ਜੀ ਨੇ ਪੰਥਕ ਵਿਚਾਰਧਾਰਾ ਦੀ ਸੇਧ ਆਪਣੇ ਪਿਤਾ ਉਸ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਤੋਂ ਹਾਸਿਲ ਕੀਤੀ ਸੀ ਜੋ ਲਗਭਗ ੪੦ ਸਾਲ ਦਾ ਲੰਮਾ ਸਮਾਂ ਸਿੱਖ ਸਿਆਸਤ ਵਿਚ ਛਾਏ ਰਹੇ ਸਨ। ਘਰ-ਪਰਿਵਾਰ ਵਿਚ ਅਕਸਰ ਹੀ ਸਿਖ ਸਰਗਰਮੀਆਂ ਦੀ ਚਰਚਾ ਚੱਲਦੀ ਰਹਿੰਦੀ ਸੀ। ਇਸ ਮਹੌਲ ਦਾ ਬੀਬੀ ਰਾਜਿੰਦਰ ਕੌਰ ਦੀ ਮਾਨਸਿਕਤਾ ਉਤੇ ਸਿੱਧਾ ਅਸਰ ਪਿਆ। ਉਹ ਪੜ੍ਹੇ-ਲਿਖੇ ਤੇ ਵਿਦਵਾਨ ਹਸਤੀ ਸਨ। ਦਸਵੀ ਤੱਕ ਦੀ ਪੜਾਈ ਤਾਂ ਉਨਾਂ ਨੇ ਘਰ ਬਹਿ ਕੇ ਹੀ ਕੀਤੀ ਸੀ ਫਿਰ ਗਿਆਨੀ ਤੇ ਬੀ.ਏ.ਕੀਤੀ। ਪਰ ਮੁਲਕ ਦੇ ਵੰਡਾਰੇ ਮਗਰੋਂ ਉਹ ਦਿਲੀ ਆ ਗਏ ਤੇ ਫਿਲਾਸਫੀ ਵਿਸ਼ੇ ਤੇ ਐਮ.ਏ.ਕੀਤੀ। ਉਨਾਂ ਨੇ ਦੂਜੇ ਧਰਮਾਂ ਦਾ ਵੀ ਅਧਿਐਨ ਕੀਤਾ ਹੋਇਆ ਸੀ। ਉਨਾਂ ਨੇ ਪੀ.ਐਚ.ਡੀ ਦਾ ਵਿਸ਼ਾ ਚੁਣਿਆ, “ਸਿਖ ਧਰਮ ਵਿਚ ਵਾਹਿਗੁਰੂ ਦਾ ਸੰਕਲਪ”। ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਪ੍ਰੋਫੈਸਰ ਲੱਗੇ ਰਹੇ। ਉਨਾਂ ਦਾ ਅਨੰਦ ਕਾਰਜ ੬ ਮਾਰਚ ੧੯੬੦ ਨੂੰ ਵਿੰਗ ਕਮਾਂਡਰ ਕਮਲਜੀਤ ਸਿੰਘ ਨਾਲ ਹੋਇਆ। ਉਨਾਂ ਦੀ ਸਪੁਤਰੀ ਬੀਬੀ ਕਿਰਨਜੋਤ ਕੌਰ ਅੱਜ ਵੀ ਪੰਥਕ ਪਿੜ ਵਿਚ ਸਰਗਰਮ ਹਨ। ਉਹ ਕਈ ਮੁਲਕਾਂ ਵਿਚ ਗਏ। ਅਨੇਕਾਂ ਸਭਾਵਾਂ-ਸਮਾਗਮਾਂ ਵਿਚ ਖੋਜ-ਭਰਪੂਰ ਤਕਰੀਰਾਂ ਕੀਤੀਆਂ। ਉਹ ‘ਜਥੇਦਾਰ’ ਅਖਬਾਰ ਦਾ ਕੰਮ ਦੇਖਦੇ ਰਹੇ। ‘ਸੰਤ ਸਿਪਾਹੀ’ ਤਾਂ ਉਨਾਂ ਦੇ ਬੇਬਾਕ-ਨਿਧੜਕ ਲੇਖਾਂ ਕਰਕੇ ਹੀ ਸਿਖ ਜਗਤ ਦਾ ਸਭ ਤੋਂ ਵੱਧ ਸਤਿਕਾਰਿਆ ਪਰਚਾ ਬਣ ਸਕਿਆ ਸੀ।
ਬੀਬੀ ਰਾਜਿੰਦਰ ਕੌਰ ਦੇ ਪਿਤਾ ਮਾਸਟਰ ਤਾਰਾ ਸਿੰਘ ਦੀ ਸਿਆਸੀ ਭੂਮਿਕਾ ਬਾਰੇ ਪੰਥ ਵਿਚ ਕਈ ਰਾਵਾਂ ਹਨ। ਪੰਥ ਦਾ ਇਕ ਹਿੱਸਾ ਉਨਾਂ ਤੋਂ ਨਿਰਾਸ਼, ਨਾਰਾਜ਼ ਤੇ ਮਾਯੂਸ ਵੀ ਹੈ। ਇਹ ਸੱਚਾਈ ਆਪਣੀ ਥਾਂ ਹੈ ਕਿ ਪ੍ਰਭਾਵਸ਼ਾਲੀ ਦਬਾਵਾਂ, ਕਾਰਨਾਂ ਤੇ ਘਟਨਾਵਾਂ ਕਰਕੇ, ਮਾਸਟਰ ਜੀ ਨੂੰ ਅਨੇਕਾਂ ਵਾਰ ਪੰਥਕ ਜਿੰਮੇਵਾਰੀ ਨਿਭਾਉਣ ਤੋਂ ਪਿਛੇ ਹਟਣਾ ਪਿਆ ਪਰ ਉਹ ਪੰਥਕ ਜਜਬਾਤਾਂ ਦੀ ਤਰਜ਼ਮਾਨੀ ਕਰਨ ਵਿਚ ਝਿਜਕਦੇ ਨਹੀ ਸਨ। ਮਾਸਟਰ ਤਾਰਾ ਸਿੰਘ ਅੰਦਰਲਾ ਪੰਥਕ-ਦਰਦ ਹੀ ਬੀਬੀ ਰਾਜਿੰਦਰ ਕੌਰ ਦੀ ਅਗਵਾਈ ਕਰਦਾ ਰਿਹਾ। ੧੯੪੭ ਤੋਂ ਬਾਦ ਜਦ ਕਾਂਗਰਸੀ ਹਿੰਦੂ ਆਗੂਆਂ ਨੇ ਪਹਿਲਾਂ ਕੀਤੇ ਸਾਰੇ ਵਾਦੇ ਤੋੜ ਕੇ ਸਿਖਾਂ ਨੂੰ ਗੁਲਾਮੀ ਦੇ ਸੰਗਲਾਂ ਵਿਚ ਨਰੜਨਾ ਚਾਹਿਆ ਤਾਂ ਮਾਸਟਰ ਤਾਰਾ ਸਿੰਘ ਨੇ ਸਪਸ਼ਟ ਸਟੈਂਡ ਲਿਆ।
੨੫ ਫਰਵਰੀ ੧੯੪੮ ਨੂੰ ਉਨਾਂ ਸਪਸ਼ੱਟ ਕਿਹਾ, “ਸਾਡਾ ਸਭਿਆਚਾਰ ਹਿੰਦੂਆਂ ਨਾਲੋਂ ਅੱਲਗ ਹੈ। ਅਸੀ ਇਕ ਅਜਿਹਾ ਸੂਬਾ ਚਾਹੁੰਦੇ ਹਾਂ ਜਿਥੇ ਅਸੀ ਆਪਣੇ ਸੱਭਿਆਚਾਰ ਤੇ ਰਵਾਇਤਾਂ ਨੂੰ ਬਚਾ ਕੇ ਰੱਖ ਸਕੀਏ। ਮੈਂ ਪੰਥ ਲਈ ਧਾਰਮਿਕ, ਸਮਾਜਿਕ, ਰਾਜਸੀ ਤੇ ਹੋਰਨਾਂ ਮਾਮਲਿਆਂ ਵਿਚ ਸਵੈ-ਨਿਰਣੇ ਦਾ ਹੱਕ ਮੰਗਦਾ ਹਾਂ। ਜੇਕਰ ਪੰਥ ਦੀ ਹੋਂਦ ਨੂੰ ਬਚਾਉਣ ਦੀ ਮੰਗ ਕਰਨਾ ਫਿਰਕੂਪੁਣਾ ਹੈ ਤਾਂ ਮੈਂ ਫਿਰਕਾਪ੍ਰਸਤ ਹੀ ਸਹੀ ਅਤੇ ਇਸ ਲਈ ਜਬਰ ਝੱਲਣ ਵਾਸਤੇ ਤਿਆਰ ਹਾਂ। ਜੇਕਰ ਪੰਥ ਹੀ ਖਤਮ ਹੋ ਗਿਆ ਤਾਂ ਮੇਰੀ ਜਿਉਂਦੇ ਰਹਿਣ ਦੀ ਕੋਈ ਤਮੰਨਾ ਨਹੀ”
ਮਾਸਟਰ ਜੀ ਆਪਣੇ ਨਿਸ਼ਾਨੇ ਬਾਰੇ ਕਹਿੰਦੇ ਸਨ , “ਸ਼੍ਰੋਮਣੀ ਅਕਾਲੀ ਦਲ ਦਾ ਮੰਤਵ ਸਿਖਾਂ ਨੂੰ ਪ੍ਰਾਂਤਿਕ ਤੌਰ ਤੇ ਹਿੰਦੂ ਗੁਲਾਮੀ ਵਿਚੋਂ ਕੱਢਣਾ ਹੈ। ਇਸ ਸੂਬੇ ਦੀ ਮੈਂ ਪੂਰੀ ਅੰਦਰੂਨੀ ਆਜ਼ਾਦੀ ਮੰਗਦਾ ਹਾਂ, ਜਿਸ ਤਰਾਂ ਕਸ਼ਮੀਰ ਨੂੰ ਦਿਤੀ ਗਈ ਹੈ। ਅਜਿਹਾ ਸੂਬਾ ਜਿਸ ਸੂਬੇ ਦੀ ਅਸੰਬਲੀ ਵਿਚ ਹਿੰਦੂ ਗਲਬਾ ਨਾਹ ਹੋਵੇ”
ਦਸੰਬਰ ੧੯੪੯ ਨੂੰ ਉਨਾਂ ਕਿਹਾ , “ਮੈਂ ਹਿੰਦੂ ਦੀ ਗੁਲਾਮੀ ਤੋਂ ਬਚਣਾ ਹੈ, ਕਿਉਂਕਿ ਹਿੰਦੂ ਕੱਟੜ ਫਿਰਕੂ ਹਨ। ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਐਸੇ ਇਕ ਵੀ ਹਿੰਦੂ ਨੂੰ ਮੈਂ ਨਹੀ ਜਾਣਦਾ ਜੋ ਫਿਰਕੂ ਨਾ ਹੋਵੇ ਤੇ ਕੌਮੀ ਨਾ ਅਖਵਾਂਦਾ ਹੋਵੇ। ਮੈਨੂੰ ਫਿਰਕੂ ਅਖਵਾਉਣ ਤੋਂ ਡਰ ਨਹੀ ਲੱਗਦਾ, ਪਰ ਕੌਮੀ ਅਖਵਾਉਣ ਤੋਂ ਜਰੂਰ ਡਰ ਲੱਗਦਾ ਹੈ ਕਿਉਂਕਿ ਇਸ ਲਫਜ਼ ਵਿਚ ਫਿਰਕੂਪੁਣੇ ਦਾ ਪਾਖੰਡ ਰਲ ਜਾਂਦਾ ਹੈ। ਜੇ ਹਿੰਦੂ ਭਰਾਵਾਂ ਨੂੰ ਪਸੰਦ ਹੈ ਤਾਂ ਮੇਰੇ ਮੱਥੇ ਉਤੇ ਪੱਕਾ ਫਿਰਕੂ ਲਿਖ ਕੇ ਲਾ ਦੇਣ, ਪਰ ਮੇਰੀ ਮੰਗ ਮੰਨ ਲੈਣ ਕਿਉਂਕਿ ਮੈਂ ਹਿੰਦੂ ਗਲਬੇ ਹੇਠ ਨਹੀ ਰਹਿਣਾ”।
ਇਕ ਵਾਰ ਮਾਸਟਰ ਜੀ ਨੇ ਇਹ ਵੀ ਕਿਹਾ, “ਮੇਰਾ ਦੇਸ਼ ਉਹ ਹੈ ਜਿਥੇ ਮੇਰਾ ਪੰਥ ਵੱਸਦਾ ਹੈ। ਪੰਥ ਦੀ ਖਾਤਿਰ ਮੈਂ ਦੇਸ਼ ਛੱਡਣ ਨੂੰ ਤਿਆਰ ਹਾਂ ਪਰਦੇਸ਼ ਦੀ ਖਾਤਰ ਪੰਥ ਛੱਡਣ ਨੂੰ ਤਿਆਰ ਨਹੀ। ਇਹ ਗੱਲ ਪੱਕੀ ਸਮਝੋ ਕਿ ਮੇਰੇ ਲਈ ਪਹਿਲਾ, ਦੂਜਾ, ਤੀਜਾ ਸਭ ਕੁਝ ਪੰਥ ਹੀ ਹੈ। ਦੇਸ਼ ਤਾਂ ਮੇਰਾ ਹਿੰਦੋਸਤਾਨ ਤਦ ਹੀ ਹੈ ਜੇ ਪੰਥ ਇਸ ਵਿਚ ਵੱਸਦਾ ਹੈ”।
ਸਪਸ਼ਟ ਹੈ ਕਿ ਮਾਸਟਰ ਤਾਰਾ ਸਿੰਘ ਹਿੰਦੂਆਂ ਦੇ ਗਲਬੇ ਤੋਂ ਮੁਕਤ ਇਕ ਖੁਦਮੁਖਤਿਆਰ ਸੂਬੇ ਲਈ ਲੜਦੇ ਰਹੇ ਜਿਸ ਬਾਰੇ ਮਿਸਟਰ ਨਹਿਰੂ ਨੇ ਵੀ ੧੯੪੭ ਤੋਂ ਪਹਿਲਾਂ ਵਾਦਾ ਕੀਤਾ ਸੀ। ਮਾਸਟਰ ਜੀ ਤੋਂ ਬਾਦ ਬੀਬੀ ਰਾਜਿੰਦਰ ਕੌਰ ਵੀ ਇਸੇ ਸੋਚ ਉਤੇ ਪਹਿਰਾ ਦਿੰਦੇ ਰਹੇ। ਉਹ ਸਿਖਾਂ ਦੀ ਵੱਖਰੀ ਸਿਆਸੀ ਹੋਂਦ ਹਸਤੀ ਦੇ ਪੱਕੇ ਮੁਦਈ ਸਨ। ਇਕ ਵਾਰ ਸੰਤ ਭਿੰਡਰਾਂਵਾਲਿਆਂ ਦੇ ਪਿਤਾ ਜਥੇਦਾਰ ਜੋਗਿੰਦਰ ਸਿੰਘ ਰੋਡੇ  ਨੇ ਉਨਾਂ ਨੂੰ ਪੁਛਿਆ, “ਤੁਸੀ ਖਾਲਿਸਤਾਨ ਦੇ ਹੱਕ ਵਿਚ ਹੋ ਕਿ ਨਹੀ? ਤਾਂ ਬੀਬੀ ਜੀ ਨੇ ਕਿਹਾ , “ਮੈਂ ਸਿਖ ਰਾਜ ਦੇ ਹੱਕ ਵਿਚ ਹਾਂ। ਹੁਣ ਤੁਸੀ ਆਪ ਹੀ ਸੋਚੋ ਕਿ ਸਿੱਖ ਰਾਜ ਵਿਚ  ਖਾਲਿਸਤਾਨ ਆਂਉਦਾ ਹੈ ਕਿ ਨਹੀ”। ਉਨਾਂ ਦਾ ਖਾਲਿਸਤਾਨੀ ਵਿਚਾਰਧਾਰਾ ਨਾਲ ਕੋਈ ਵਿਰੋਧ ਨਹੀ ਸੀ। ਉਨਾਂ ਦੇ ਅਲੋਚਕ ਤਾਂ ਉਨਾਂ ਨੂੰ ਕੱਟੜ ਖਾਲਿਸਤਾਨੀ ਮੰਨਦੇ ਸਨ। ਕੋਈ ਖਾਲਿਸਤਾਨੀ ਉਨਾਂ ਨੂੰ ਮਾਰਨ ਦੀ ਸੋਚ ਹੀ ਨਹੀ ਸੀ ਸਕਦਾ।
ਪੰਥਕ ਪਿੜ ਵਿਚ ਵਿਚਰਦੇ ਹਰ ਸਿਖ ਦਾ ਸਾਥ ਦੇਣਾ ਉਹ ਆਪਣਾ ਧਰਮ ਸਮਝਦੇ ਸੀ। ਜਦੋਂ ਵੀ ਕਿਧਰੇ ਸਿਖਾਂ ਨਾਲ ਧੱਕਾ ਹੁੰਦਾ ਤਾਂ ਸਭ ਨੂੰ ਪਤਾ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਬੀਬੀ ਰਾਜਿੰਦਰ ਕੌਰ ਉਥੇ ਪੁਜਣਗੇ। ਕਲਕਤੇ ਗੁਰਦੁਆਰੇ ਨੂੰ ਪੰਥ-ਦੋਖੀਆਂ ਨੇ ਅੱਗ ਲਾਈ, ਮੇਰਠ ਦੇ ਗੁਰਦੁਆਰੇ ਤੇ ਹਿੰਦੂ ਕਟੜਪੰਥੀਆਂ ਨੇ ਕਬਜ਼ਾ ਕੀਤਾ, ਦਿਲ਼ੀ ਦੇ ਸਿਖਾਂ ਤੇ ਜੁਲਮ ਹੋਇਆ, ਹਰਿਆਣੇ ਦੇ ਪੁੰਡਰੀ ਵਿਚ ਨਿਹੰਗ ਸਿੰਘਾਂ ਦੇ ਕਤਲ ਹੋਏ ਜਾਂ ਕਿਧਰੇ ਹੋਰ ਕੋਈ ਇਹੀ ਘਟਨਾ ਵਾਪਰੀ ਤਾਂ ਬੀਬੀ ਰਾਜਿੰਦਰ ਕੌਰ ਤੁਰੰਤ ਉਥੇ ਪੁਜੇ। ਕਪੂਰੀ ਨਹਿਰ ਦੇ ਮੋਰਚੇ ਮੌਕੇ ਉਹ ਸਭ ਤੋਂ ਮੋਹਰੀ ਸਨ। ਉਨਾਂ ਨੇ ਇਸਤਰੀ ਅਕਾਲੀ ਦਲ ਦੀ ਅਗਵਾਈ ਕੀਤੀ। ਇਸ ਅਕਾਲੀ ਦਲ ਨੇ ਸਦਾ ਹੀ ਮੌਕਾਪ੍ਰਸਤ ਅਕਾਲੀਆਂ ਨੂੰ ਬਿਪਤਾ ਪਾਈ ਰੱਖੀ।
ਨਕਲੀ ਨਿਰੰਕਾਰੀਆਂ ਵਿਰੁਧ ਸੰਘਰਸ਼, ਜੂਨ ਤੇ ਨਵੰਬਰ ੧੯੮੪ ਦੇ ਸਾਕੇ ਤੇ ਇਸ ਤੋਂ ਬਾਦ ਬਣੇ ਹਾਲਾਤਾਂ ਵਿਚ ਉਨਾਂ ਨੇ ਪੰਥਕ ਫਰਜ਼ ਬੜੀ ਜਿੰਮੇਵਾਰੀ ਨਾਲ ਨਿਭਾਇਆ। ਘੱਲੂਘਾਰੇ ਮਗਰੋਂ ਦਰਬਾਰ ਸਾਹਿਬ ਨੂੰ ਫੌਜਾਂ ਤੋਂ ਆਜਾਦ ਕਰਵਾਉਣ ਲਈ,ਬੀਬੀਆਂ ਦਾ ਜਥਾ ਲੈ ਕੇ ਜਦ ਉਹ ਸ਼ਹੀਦਾਂ ਵਾਲੇ ਗੁਰਦੁਆਰਾ ਸਾਹਿਬ ਤੋਂ ਨਿਕਲੇ ਉਦੋਂ ਦਿਲੀ ਦਰਬਾਰ ਦੀ ਖਾਕੀ ਵਰਦੀ ਦੀ ਪੂਰੀ ਦਹਿਸ਼ਤ ਸੀ, ਪਰ ਉਨਾਂ ਪਰਵਾਹ ਨਹੀ ਸੀ ਕੀਤੀ।
ਜੇ ਉਹ ਸਰਕਾਰ ਨਾਲ ਟੱਕਰ ਲੈਣ ਲੱਗੇ ਨਹੀ ਘਬਰਾਉਂਦੇ ਤਾਂ ਪੰਥਕ ਭੇਸ ਵਿਚ ਵਿਚਰਦੇ ਗਲਤ ਅਨਸਰਾਂ ਦੀ ਕਦੋਂ ਪਰਵਾਹ ਕਰਦੇ ਸਨ ? ਉਨਾਂ ਤੋਂ ਤਾਂ ਉਹ ਸਿਖ ਆਗੂ ਵੀ ਘਬਰਾਂਉਦੇ ਸਨ ਜਿਹੜੇ ਪੰਥਕ ਹਿਤਾਂ ਨੂੰ ਸਿਆਸੀ ਸਵਾਰਥਾਂ ਦੀ ਬਲੀ ਚਾੜਨ ਦੀ ਬਿਰਤੀ ਰੱਖਦੇ ਸਨ। ਇਹੋ ਜਿਹੀ ਹਸਤੀ ਨੇ ਜਦੋਂ ਨਿਧੜਕ ਹੋ ਕੇ ਸਰਕਾਰੀ ਪਿਠੂਆਂ ਦੇ ਪਾਜ ਉਧੇੜੇ ਤਾਂ ਉਨਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਇਹ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਉਹ ਖਾਲਿਸਤਾਨੀ ਜੁਝਾਰੂਆਂ ਨੂੰ ਆਪਣੇ ਹੀ ਬੱਚੇ ਤੇ ਭਰਾ ਮੰਨਦੇ ਸਨ। ਉਹ ਕਹਿੰਦੇ ਸਨ ਕਿ ਇਨਾਂ ਨੇ ਹਥਿਆਰ ਸਰਕਾਰੀ ਜੁਲਮ ਵਿਰੁਧ ਹੀ ਚੱਕੇ ਹਨ। ਜਿਹੜੀ ਹਸਤੀ ਸਦਾ ਹੀ ਜੁਝਾਰੂਆਂ ਦਾ ਪੱਖ ਪੂਰਦੀ ਹੋਵੇ, ਉਹ ਉਸ ਨੂੰ ਕਿਉਂ ਨਿਸ਼ਾਨਾ ਬਣਾਉਣਗੇ ?
ਸਿਖ ਹੱਕਾਂ ਦੀ ਰਾਖੀ ਲਈ ਉਹ ਬੇਧੜਕ ਤੇ ਬੇਲਾਗ (ਨਿਰਪਖ) ਹੋ ਕੇ ਬੋਲਦੇ ਸਨ। ਪਾਰਲੀਮੈਂਟ ਵਿਚ ਜਾ ਕੇ ਸਿਖ ਹੱਕਾਂ ਦੀ ਗੱਲ ਕਰਨ ਵਾਲੇ ਸਿਖਾਂ ਵਿਚੋਂ ਦੋ ਦੀਆਂ ਹੀ ਤਕਰੀਰਾਂ ਪ੍ਰਭਾਵਸ਼ਾਲੀ ਮੰਨੀਆਂ ਜਾਂਦੀਆਂ ਹਨ। ਇਕ ਸਿਰਦਾਰ ਕਪੂਰ ਸਿੰਘ ਜੀ ਦੀ ਤੇ ਦੂਜੀ ਬੀਬੀ ਰਾਜਿੰਦਰ ਕੌਰ ਜੀ ਦੀ। ਪਾਰਲੀਮੈਂਟ ਵਿਚ ਉਨਾਂ ਖਾਲਿਸਤਾਨ ਦੀ ਐਸੀ ਯੁਕਤੀ ਨਾਲ ਵਜਾਹਤ (ਵਿਆਖਿਆ) ਕੀਤੀ ਕਿ ਫਿਰਕੂ ਲੋਕ ਕਲਪਦੇ ਤਾਂ ਰਹੇ ਪਰ ਉਨਾਂ ਦੀ ਗੱਲ ਕੱਟ ਨਾ ਸਕੇ।
ਬੋਲਣ ਤੇ ਲਿਖਣ ਵੇਲੇ ਉਹ ਕਿਸੇ ਦਾ ਲਿਹਾਜ ਨਹੀ ਸੀ ਕਰਦੇ। ਜਿਹੜੇ ਅਕਾਲੀ ਉਨਾਂ ਦੇ ਪਿਤਾ ਜੀ ਨਾਲ ਵਿਚਰਦੇ ਰਹੇ ਸਨ ਉਹ ਵੀ ਬੀਬੀ ਜੀ ਦੀ ਹਾਜਰੀ ਵਿਚ ਚੇਤੰਨ ਰਹਿੰਦੇ ਸੀ। ਉਨਾਂ ਦੇ ਲੇਖ ਹਰ ਅਕਾਲੀ-ਕਾਂਗਰਸੀ ਤੇ ਹਰ ਸਿਆਸੀ ਖਿਆਲਾਂ ਵਾਲਾ ਪੜ੍ਹਦਾ ਸੀ ਕਿਉਂਕਿ ਉਹ ਸਦਾ ਪੰਥਕ ਸੋਚ ਤਹਿਤ ਲਿਖਦੇ ਸਨ। ਖਾਲਿਸਤਾਨੀ ਜੁਝਾਰੂਆਂ ਦੀ ਅਲੋਚਨਾ ਕਰਨ ਵੇਲੇ ਵੀ ਉਹ ਸਪਸ਼ਟ ਗੱਲ ਕਰਦੇ ਸਨ। ਪਰ ਕੋਈ ਵੀ ਉਨਾਂ ਦਾ ਗਿਲਾ ਨਹੀ ਸੀ ਕਰਦਾ। ਜੁਝਾਰੂ ਧਿਰਾਂ ਤਾਂ ਉਨਾਂ ਦਾ ਮਾਣ ਹੀ ਬਹੁਤ ਕਰਦੀਆਂ ਸਨ। ਜੁਝਾਰੂਆਂ ਦੇ ਪਰਿਵਾਰਾਂ ਉਤੇ ਹੋ ਰਹੇ ਜੁਲਮ ਦੇ ਵੇਰਵੇ ਸਭ ਤੋਂ ਵੱਧ ਤਫਸੀਲ ਨਾਲ ‘ਸੰਤ ਸਿਪਾਹੀ’ ਵਿਚ ਹੀ ਛਪਦੇ ਸਨ। ਸ਼ਹੀਦ ਸਿੰਘਾਂ ਦੀਆਂ ਜੀਵਨੀਆਂ ਵੀ ਇਸੇ ਪਰਚੇ ਵਿਚ ਛਪਦੀਆਂ ਸਨ।
“ਸੰਤ ਸਿਪਾਹੀ” ਨੂੰ ਤਾਂ ਸਮਝਿਆ ਹੀ ਜੂਝਾਰੂਆਂ ਦਾ ਪਰਚਾ ਜਾਂਦਾ  ਸੀ। ਇਸ ਪਰਚੇ ਉਤੇ ਸਰਕਾਰ ਨੇ ੧੩ ਕੇਸ ਬਣਾਏ। ਇਕ ਵਾਰ ਨੈਸਨਲ ਕੌਂਸਲ ਆਫ ਖਾਲਿਸਤਾਨ ਦੇ ਦੋ ਬਾਬੇ ਜਥੇਦਾਰ ਉਜਾਗਰ ਸਿੰਘ ਰੰਧਾਵਾ ਤੇ ਜਥੇਦਾਰ ਹਜਾਰਾ ਸਿੰਘ ਚੱਕ ਮਿਸ਼ਰੀ ਖਾਂ ਨੇ ਮੰਜੀ ਸਾਹਿਬ ਤੋਂ ਗ੍ਰਿਫਤਾਰੀ ਲਈ ਤੁਰਨਾ ਸੀ ਪਰ ਕੋਈ ਵੀ ਅਕਾਲੀ ਆਗੂ ਇਨਾਂ ਖਾਲਿਸਤਾਨੀ ਬਾਬਿਆਂ ਦੇ ਨੇੜੇ ਆਉਣ ਨੂੰ ਤਿਆਰ ਨਹੀ ਸੀ। ਇਸ ਮੌਕੇ ਬੀਬੀ ਰਾਜਿੰਦਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਦਫਤਰ ਮੂਹਰੇ ਦੀਵਾਨ ਸਜਾ ਕੇ ਇਨਾਂ ਖਾਲਿਸਤਾਨੀ ਬਾਬਿਆਂ ਨੂੰ ਵਿਦਾ ਕੀਤਾ।
ਉਹ ਆਪ ਖਾਲਿਸਤਾਨੀ ਨਹੀ ਸਨ, ਪਰ ਖਾਲਿਸਤਾਨੀਆਂ ਨਾਲ ਕਿਸੇ ਟਕਰਾਅ ਵਿਚ ਨਹੀ ਸਨ। ਉਹ ਖਾਲਿਸਤਾਨੀਆਂ ਪ੍ਰਤੀ ਸਿਖ ਜਗਤ ਦੇ ਸਮਰਥਨ ਨੂੰ ਜਾਣਦੇ ਸਨ। ਉਹ ਕਿਹਾ ਕਰਦੇ ਸਨ ਕਿ ਇਨਾਂ ਨੌਜਵਾਨਾਂ ਨੇ ਹਥਿਆਰ ਹਕੂਮਤ ਵਲੋਂ ਹੋ ਰਹੀ ਧੱਕੇਸ਼ਾਹੀ ਵਿਰੁਧ ਹੀ ਚੁੱਕੇ ਹਨ ਤੇ ਹੁਣ ਕੋਈ ਹੱਲ ਇਨਾਂ ਨਾਲ ਹੀ ਗੱਲ ਕਰਕੇ ਨਿਕਲਣਾ ਹੈ। ਸਤੰਬਰ ੧੯੮੮ ਦੇ ਸੰਤ ਸਿਪਾਹੀ ਵਿਚ ਉਨਾਂ ਲਿਖਿਆ, “ਆਮ ਸਿਖ ਖਾਲਿਸਤਾਨੀਆਂ ਨੂੰ ਹੀ ਅਸਲੀ ਪੰਥਕ ਹਿਤੈਸ਼ੀ ਸਮਝਦੇ ਹਨ ,ਬਾਕੀਆਂ ਸਭ ਨੂੰ ਕੁਰਸੀਆਂ ਦੇ ਭੁੱਖੇ।” ਅੱਗੇ ਚੱਲ ਕੇ ਉਨਾਂ ਲਿਖਿਆ, “ਮੌਜੂਦਾ ਪੰਜਾਬ ਦੀਆਂ ਸਰਹੱਦਾਂ ਵਿਚ ਲੋੜੀਂਦੀ ਤਬਦੀਲੀ ਕਰ ਕੇ ਇਸ ਨੂੰ ਅੰਦਰੂਨੀ ਤੌਰ ਤੇ ਖੁਦਮੁਖਤਿਆਰ ਸਟੇਟ ਬਣਾ ਕੇ, ਇਸ ਨੂੰ ਆਤਮ ਨਿਰਣੇ ਦਾ ਅਧਿਕਾਰ ਦਿਤਾ ਜਾਏ ਤਾਂ ਸਿਖ ਪੂਰਨ ਤੌਰ ਤੇ ਆਜਾਦ ਵੀ ਹੋ ਸਕਦੇ ਹਨ ਤੇ ਭਾਰਤ ਨਾਲ ਜੁੜੇ ਵੀ ਰਹਿ ਸਕਦੇ ਹਨ”। ਇਹੋ ਜਿਹੀ ਸੋਚ ਵਾਲੀ ਹਸਤੀ ਨਾਲ ਖਾਲਿਸਤਾਨੀ ਜੁਝਾਰੂਆਂ ਦਾ ਟਕਰਾਅ ਕਿਉਂ ਤੇ ਕਿਵੇਂ ਹੋ ਸਕਦਾ ਸੀ ਜਿਹੜੀ ਕਿ ਹਰ ਮਹੀਨੇ ਉਨਾਂ ਦੇ ਸਾਥੀ ਸ਼ਹੀਦ ਸਿੰਘਾਂ ਬਾਰੇ ਤੇ ਹਕੂਮਤੀ ਤਸ਼ੱਦਦ ਬਾਰੇ ਪੂਰੀ ਤਰਾਂ ਧੜੱਲੇ ਨਾਲ ਛਾਪ ਰਹੀ ਹੋਵੇ ? ਇਸ ਪਿਛੋਕੜ ਵਿਚ ਸਮਝਿਆ ਜਾ ਸਕਦਾ ਹੈ ਕਿ ਬੀਬੀ ਜੀ ਕਿਸੇ ਵੀ ਖਾੜਕੂ ਧਿਰ ਦੇ ਨਿਸ਼ਾਨੇ ਤੇ ਨਹੀ ਸਨ। ਸਗੋਂ ਖਾੜਕੂ ਤਾਂ ਬੀਬੀ ਜੀ ਨੂੰ ਆਪਣੀ ਧਿਰ ਸਮਝਦੇ ਸਨ।
ਅਸਲ ਵਿਚ ਇਹ ਕਤਲ ਸਰਕਾਰੀ ਏਜੰਸੀਆਂ ਤੇ ਉਨਾਂ ਦੇ ਹਥ ਠੋਕੇ ਬਣ ਕੇ ਵਿਚਰ ਰਹੇ ਲੋਕਾਂ ਦੀ ਸਾਂਝੀ ਰਾਇ ਵਿਚੋਂ ਨਿਕਲਿਆ ਹੈ। ਉਹ ੫ ਫਰਵਰੀ ੧੯੮੯ ਦਾ ਮਨਹੂਸ ਦਿਹਾੜਾ ਸੀ। ਫੈਡਰੇਸ਼ਨ ਆਗੂ ਸ. ਹਰਵਿੰਦਰ ਸਿੰਘ ਖਾਲਸਾ ਨੇ ਬਠਿੰਡੇ ਬੀਬੀ ਰਾਜਿੰਦਰ ਕੌਰ ਜੀ ਨੂੰ ਉਚੇਚਾ ਬੁਲਾਇਆ ਸੀ। ਖਾਲਸਾ ਸੀਨੀਅਰ ਸੈਕੰਡਰੀ ਸਕੂਲ਼ ਬਠਿੰਡਾ ਦਾ ਪੰਜ ਰੋਜਾ ਸਮਾਗਮ ਸੀ। ਉਹ ਅੰਮ੍ਰਿਤਸਰ ਤੋਂ ਇਕ ਦਿਨ ਪਹਿਲਾਂ ਹੀ ਬਠਿੰਡੇ ਪੁਜ ਗਏ ਸਨ। ਉਨਾਂ ਦੇ ਨਾਲ ਪੰਥਕ ਕਵੀ ਸ. ਪਿਆਰਾ ਸਿੰਘ ਨਿਰਛਲ ਵੀ ਸੀ। ੫ ਫਰਵਰੀ ਨੂੰ ਉਹ ਸ. ਹਰਵਿੰਦਰ ਸਿੰਘ ਖਾਲਸਾ ਦੇ ਘਰੋਂ ਹੀ, ਉਸ ਦੀ ਕਾਰ ਉਤੇ ਨਿਰਛਲ ਜੀ ਦੇ ਨਾਲ ਸਮਾਗਮ ਤੇ ਆਏ। ੧੧ ਵਜੇ ਤੋਂ ਅੱਧਾ ਘੰਟਾ ਉਨਾਂ ਨੇ ‘ਦਰਬਾਰ ਸਾਹਿਬ ਦੀ ਵਿਸੇਸ਼ਤਾ’ ਵਿਸ਼ੇ ਤੇ ਭਾਵੁਕ, ਖੋਜ ਭਰਪੂਰ ਤੇ ਗੰਭੀਰ ਤਕਰੀਰ ਕੀਤੀ ਜਿਸ ਨੂੰ ਸਰੋਤਿਆਂ ਨੇ ਇਕ-ਟਕ ਸੁਣਿਆ। ਇਸੇ ਦੌਰਾਨ ਸ਼ਹੀਦ ਸਤਵੰਤ ਸਿੰਘ ਦੇ ਪਿਤਾ ਜਥੇਦਾਰ ਤਿਰਲੋਕ ਸਿੰਘ, ਸ਼ਹੀਦ ਕੇਹਰ ਸਿੰਘ ਦੇ ਸਪੁਤਰ ਰਾਜਿੰਦਰ ਸਿੰਘ ਤੇ ਸ਼ਹੀਦ ਕੇਹਰ ਸਿੰਘ ਦੀ ਸਿੰਘਣੀ ਬੀਬੀ ਜਸਵੀਰ ਕੌਰ ਸਮਾਗਮ ਵਿਚ ਆਏ। ਪਿਛਲੇ ਮਹੀਨੇ ਹੀ ਇਨਾਂ ਸਿੰਘਾਂ ਨੂੰ ਹਕੂਮਤ ਨੇ ਫਾਂਸੀ ਦਿਤੀ ਸੀ। ਸੋ ਬੀਬੀ ਜੀ ਨੇ ਆਪਣੀ ਤਕਰੀਰ ਰੋਕ ਕੇ ਕਿਹਾ ਇਨਾਂ ਪਰਿਵਾਰਾਂ ਦੇ ਆਉਣ ਦੇ ਸਤਿਕਾਰ ਵਿਚ ਕੋਈ ਖੁਲ੍ਹੇ ਗਲ਼ੇ ਵਾਲਾ ਸਿੰਘ ਆ ਕੇ ਜੈਕਾਰਾ ਗਜਾਵੇ। ਉਦੋਂ ਬੀਬੀ ਜੀ ਨੂੰ ਕੀ ਪਤਾ ਸੀ ਕਿ ਜਿਸ ਸੰਤ ਸਿਪਾਹੀ ਦੇ ਫਰਵਰੀ ਅੰਕ ਦੇ ਮੁਖ ਪੰਨੇ ਉਤੇ ਉਨਾਂ ਨੇ ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦੀਆਂ ਤਸਵੀਰਾਂ ਛਾਪੀਆਂ ਹਨ, ਉਸੇ ਸੰਤ ਸਿਪਾਹੀ ਦੇ ਅਗਲੇ ਮਾਰਚ ਅੰਕ ਉਤੇ ਉਨਾਂ ਦੀ ਆਪਣੀ ਸ਼ਹੀਦੀ ਦੀ ਫੋਟੋ ਲੱਗਣੀ ਹੈ।
ਦੀਵਾਨ ਵਿਚ ਹੋਰ ਪੰਥਕ ਹਸਤੀਆਂ ਨੇ ਵੀ ਵਿਚਾਰ ਦਿਤੇ। ਬੀਬੀ ਜੀ ਨੇ ਬਠਿੰਡੇ ਤੋਂ ੧.੪੦ ਵਾਲੀ ਬੱਸ ਅੰਮ੍ਰਿਤਸਰ ਲਈ ਜਾਣਾ ਸੀ। ਬਠਿੰਡੇ ਵਿਚ ਸਿੰਘਾਂ ਦੇ ਕੇਸ ਲੜਨ ਵਾਲੇ ਪੰਥਕ ਵਕੀਲ਼ ਸ. ਬਲਦੇਵ ਸਿੰਘ ਖੋਖਰ ਨੇ ਉਨਾਂ ਨੂੰ ਆਪਣੀ ਕਾਰ ਉਤੇ ਬੱਸ ਅੱਡੇ ਛੱਡਣਾ ਸੀ। ਕਾਰ ਹੋਰ ਕਈ ਕਾਰਾਂ ਦੇ ਵਿਚਾਲੇ ਖੜ੍ਹੀ ਸੀ। ਐਡਵੋਕੇਟ ਖੋਖਰ ਨੇ ਕਾਰ ਸਟਾਰਟ ਕਰ ਲਈ ਸੀ ਤੇ ਬੀਬੀ ਜੀ ਮੂਹਰਲੀ ਸੀਟ ਤੋਂ ਪਿਛੇ ਮੁੜ ਕੇ, ਮਗਰਲੀ ਸੀਟ ਤੇ ਬੈਠੇ ਸ. ਪਿਆਰਾ ਸਿੰਘ ਨਿਰਛਲ ਨੂੰ ਕਹਿਣ ਲੱਗੇ ਕਿ ਆਹ ਸਿਰੋਪਾ ਵੀ ਤੁਸੀ ਹੀ ਆਪਣੇ ਬੈਗ ਵਿਚ ਸੰਭਾਲ ਲਵੋ-ਨਾਲ ਹੀ ਉਹ ਮਾਣ ਪੱਤਰ ਦੇ ਪਿਛੇ ਹੀ ਐਡਵੋਕੇਟ ਦਾ ਐਡਰੇਸ ਲਿਖਣ ਲੱਗੇ। ਨਿਰਛਲ਼ ਜੀ ਬੈਗ ਵਿਚ ਸਿਰਪਾ ਪਾਉਣ ਲੱਗੇ ਤਾਂ ਕੁਦਰਤੀਂ ਉਨਾਂ ਦਾ ਸਿਰ ਨੀਵਾਂ ਹੋ ਗਿਆ। ਐਨ ਉਸੇ ਵੇਲੇ ਗੋਲੀ ਚੱਲਣ ਲੱਗ ਪਈ ਤੇ ਕੁਝ ਸਕਿੰਟਾਂ ਮਗਰੋਂ ਜਦ ਨਿਰਛਲ ਜੀ ਨੇ ਦੇਖਿਆ ਤਾਂ ਬੀਬੀ ਜੀ ਤੇ ਐਡਵੋਕੇਟ ਖੋਖਰ ਗੋਲੀਆਂ ਨਾਲ ਲਹੂ-ਲੁਹਾਣ ਸਨ। ਇੰਨੇ ਚਿਰ ਨੂੰ ਪੰਡਾਲ ਤੋਂ ਲੋਕ ਦੌੜ ਕੇ ਆ ਗਏ। ਕਾਤਲ ਭੱਜ ਗਏ ਸਨ।
ਜਦੋਂ ਇਹ ਖਬਰ ਸੰਗਤ ਨੂੰ ਪਤਾ ਲੱਗੀ ਤਾਂ ਹਰ ਕੋਈ ਹੱਕਾ-ਬੱਕਾ ਰਹਿ ਗਿਆ। ਕੋਈ ਸੋਚ ਹੀ ਨਹੀ ਸਕਦਾ ਕਿ ਬੀਬੀ ਜੀ ਵਰਗੀ ਹਸਤੀ ਨੂੰ ਵੀ ਕੋਈ ਨਿਸ਼ਾਨਾ ਬਣਾ ਸਕਦਾ ਹੈ। ਪਰ ਭਾਣਾ ਵਾਪਰ ਚੁਕਾ ਸੀ। ਸਰਕਾਰ ਨੇ ਤੇ ਸਰਕਾਰੀ ਪਿਠੂਆਂ ਨੇ ਪੂਰਾ ਜੋਰ ਲਾਇਆ ਕਿ ਲੋਕ ਸਮਝਣ ਕਿ ਬੀਬੀ ਜੀ ਖਾਲਿਸਤਾਨ ਦੇ ਵਿਰੁਧ ਬੋਲ ਬੈਠੇ ਸਨ ਤਾਂ ਹੀ ਖਾਲਿਸਤਾਨੀ ਜੁਝਾਰੂਆਂ ਨੇ ਉਨਾਂ ਨੂੰ ਨਿਸ਼ਾਨਾ ਬਣਾਇਆ। ਪਰ ਕਿਸੇ ਨੂੰ ਇਸ ਝੂਠ ਉਤੇ ਯਕੀਨ ਨਹੀ ਸੀ। ਮਗਰੋਂ ਪੁਲੀਸ ਨੇ ਦਾਵਾ ਕੀਤਾ ਕਿ ਸਾਰੇ ਕਾਤਲ ਮਾਰੇ ਗਏ ਹਨ। ਇਹ ਵੀ ਚਰਚਾ ਹੈ ਕਿ ਇਕ ਦੋਸ਼ੀ ਅਜੇ ਵੀ ਵਿਦੇਸ਼ ਵਿਚ ਹੈ। ਹੋ ਸਕਦਾ ਹੈ ਕਿਸੇ ਦੀ ਜਮੀਰ ਜਾਗ ਪਵੇ ਤੇ ਉਹ ਬੋਲ ਕੇ ਦੱਸ ਦੇਵੇ ਕਿ ਬੀਬੀ ਰਾਜਿੰਦਰ ਕੌਰ ਦੇ ਕਤਲ ਵਿਚ ਕੌਣ-ਕੌਣ ਤੇ ਕਿਨੇ ਸ਼ਾਮਿਲ ਸੀ। ਪਰ ਇਹ ਤੱਥ ਜੱਗ ਜਾਹਿਰ ਹੈ ਕਿ ਇਹ ਕਤਲ ਸਰਕਾਰੀ ਏਜੰਸੀਆਂ ਤੇ ਉਨਾਂ ਦੇ ਹੱਥਾਂ ਵਿਚ ਖੇਡਣ ਵਾਲਿਆਂ ਦਾ ਕਾਰਾ ਹੈ। ਗੱਲ ਗੋਲੀ ਚਲਾਉਣ ਵਾਲਿਆਂ ਦੀ ਨਹੀ, ਗੱਲ ਤਾਂ ਓਨਾਂ ਲੋਕਾਂ ਦੀ ਹੈ ਜਿਹੜੇ ਬੀਬੀ ਰਾਜਿੰਦਰ ਕੌਰ ਵਲੋਂ ਲਿਖੇ ਤੇ ਬੋਲੇ ਜਾ ਰਹੇ ਸੱਚ ਤੋਂ ਦੁਖੀ ਸਨ। ਅੱਜ ਬੀਬੀ ਰਾਜਿੰਦਰ ਕੌਰ ਨੂੰ ਸਾਡੇ ਕੋਲੋਂ ਵਿਛੜਿਆਂ ੨੭ ਵਰ੍ਹੇ ਹੋ ਰਹੇ ਹਨ। ਪਰ ਉਨਾਂ ਦੇ ਲਿਖੇ ਲੇਖ ਅੱਜ ਵੀ ਸੰਤ-ਸਿਪਾਹੀ ਦੇ ਪੁਰਾਣੇ ਅੰਕਾਂ ਵਿਚੋਂ  ਸੱਚ ਦਾ ਹੋਕਾ ਦੇ ਰਹੇ ਹਨ।