ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਪ੍ਰਚਾਰਕ (ਭਾਗ ਦੂਜਾ)

0
151

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਪ੍ਰਚਾਰਕ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਪ੍ਰਚਾਰਕ (ਭਾਗ ਪਹਿਲਾ)

ਪੰਜਾਬ ਅੰਦਰ ਲਗਭਗ 13000 ਪਿੰਡ ਹਨ। ਹਰ ਪਿੰਡ ’ਚ ਔਸਤਨ 2 ਕੁ ਗੁਰੂ ਘਰ ਮੰਨੀਏ ਤਾਂ ਇਨ੍ਹਾਂ ਦੀ ਗਿਣਤੀ 25-30 ਹਜ਼ਾਰ ਹੈ। ਸ਼ਹਰਾਂ ਦੇ ਮਿਲਾ ਕੇ 40-50 ਹਜ਼ਾਰ ਗੁਰਦੁਆਰੇ (ਇਤਿਹਾਸਕ ਤੇ ਗ਼ੈਰ ਇਤਿਹਾਸਕ) ਹਨ। ਸੰਨ 2006-2007 ਦੀ ਇੱਕ ਰਿਪੋਰਟ ਮੁਤਾਬਕ 9 ਹਜ਼ਾਰ ਡੇਰੇ ਸਨ, ਜੋ ਹੁਣ ਹੋਰ ਭੀ ਵਧ ਗਏ। ਹਰ ਗੁਰਦੁਆਰੇ ਅਤੇ ਡੇਰੇ ’ਚ 5-6 ਸੇਵਾਦਾਰ (ਗ੍ਰੰਥੀ, ਰਾਗੀ, ਪ੍ਰਚਾਰਕ ਆਦਿ) ਹਨ। ਜਿਨ੍ਹਾਂ ਪਾਸੋਂ ਪ੍ਰਤੀ ਗੁਰੂ ਘਰ, ਦਿਨ ’ਚ ਔਸਤਨ 25-30 ਸ਼ਰਧਾਵਾਨ ਪੰਜਾਬੀ; ਆ ਕੇ ਪਾਠ, ਕਥਾ, ਕੀਰਤਨ, ਆਦਿ ਸੁਣਦੇ ਹਨ। ਸੁਖਮਨੀ ਸਾਹਿਬ ਦੇ ਪਾਠ, ਸਹਿਜ ਪਾਠ, ਅਖੰਡ ਪਾਠ, ਮਹੀਨਾਵਾਰ ਤੇ ਸਾਲਾਨਾ ਪ੍ਰੋਗਰਾਮ ਵੱਖਰੇ ਹੁੰਦੇ ਹਨ। ਇਨ੍ਹਾਂ ਸਭ ਨੂੰ ਮਿਲਾ ਕੇ 50 ਲੱਖ ਪੰਜਾਬੀ; ਹਰ ਦਿਨ ਗੁਰੂ ਸਾਹਿਬ ਨਾਲ਼ ਜੁੜਦੇ ਹਨ। ਬੱਸਾਂ, ਕਾਰਾਂ, ਸ਼ੋਸ਼ਲ ਮੀਡੀਆ ਆਦਿ ’ਤੇ ਆਡੀਓ, ਵੀਡੀਓ ਰਾਹੀਂ ਗੁਰਬਾਣੀ ਸੁਣਨ ਵਾਲ਼ਿਆਂ ਨੂੰ ਭੀ ਜੋੜੀਏ ਤਾਂ ਪੰਜਾਬ ਦੀ ਕੁੱਲ 3.21 ਕਰੋੜ ਅਬਾਦੀ ਦਾ 80-90% ਹਿੱਸਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਗੁਰਬਾਣੀ ਸੁਣਦਾ ਹੈ। ਫਿਰ ਭੀ ਜੇਕਰ ਈਸਾਈ ਧਰਮ ਵੱਲ ਪੰਜਾਬੀਆਂ ਦਾ ਰੁਝਾਨ ਵਧ ਰਿਹਾ ਹੈ ਤਾਂ ਪੰਥ ਹਿਤੈਸ਼ੀਆਂ ਨੂੰ ਆਪਣੇ ਆਪਣੇ ਧੜਿਆਂ ਤੋਂ ਉੱਪਰ ਉੱਠ ਕੇ ਸੋਚਣਾ ਬਣਦਾ ਹੈ ਕਿ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ’ਚ ਆਖ਼ਿਰ ਕਿੱਥੇ ਅਤੇ ਕੀ ਘਾਟ ਰਹਿ ਗਈ ਹੈ। ਬਹੁਤਾਤ ਸਿੱਖਾਂ ਨੇ ਤਾਂ ਪ੍ਰਚਾਰਕਾਂ ਪਾਸੋਂ (ਧਰਮ ਦੇ ਨਾਂ ’ਤੇ) ਸਮਾਜਿਕ ਪੱਧਰ ਦੀਆਂ ਗੱਲਾਂ ਸੁਣ ਸੁਣ ਕੇ ਗੁਰਬਾਣੀ ਨੂੰ ਵਿਚਾਰਨਾ ਤੇ ਇਨ੍ਹਾਂ ਅਹਿਮ ਪੰਥਕ ਮਸਲਿਆਂ ਬਾਰੇ ਸੋਚਣਾ ਬੰਦ ਕਰ ਰੱਖਿਆ ਹੈ। ਇਸ ਰੋਗ ਦੇ ਕਈ ਕਾਰਨ ਹੋ ਸਕਦੇ ਹਨ, ਪਰ ਮੇਰੀ ਸੀਮਤ ਜਿਹੀ ਸਮਝ ਅਨੁਸਾਰ ਕੁਝ ਕੁ ਇਹ ਹਨ :

ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਬਹੁਤਾ ਉਹ ਵਰਗ ਸਰਗਰਮ ਹੈ, ਜੋ ਆਰਥਿਕ ਅਤੇ ਪੜ੍ਹਾਈ ਪੱਖੋਂ ਕਮਜ਼ੋਰ ਹੈ। ਜਿਨ੍ਹਾਂ ਅੰਦਰ ਧਰਮ ਦਾ ਅਧਿਐਨ ਕਰਨ, ਸਾਹਿਤ (ਕਿਤਾਬਾਂ) ਆਦਿ ਪੜ੍ਹਨ ਦੀ ਰੁਚੀ ਜਾਂ ਤਾਂਘ ਹੀ ਨਹੀਂ। ਗੁਰਬਾਣੀ; ਇੱਕ ਕਾਵਿਮਈ ਰਚਨਾ ਹੈ। ਜਿਸ ਦੀ ਸੰਖੇਪ ਸ਼ਬਦਾਵਲੀ ’ਚ ਧਰਮ ਦੇ ਗਹਿਰੇ ਤੇ ਸੂਖਮ ਰਾਜ਼ ਸਮੋਏ ਹੋਏ ਹਨ। ਦੂਜਾ ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੈ। ਤੀਜਾ ਅਜੋਕੀ ਪੰਜਾਬੀ ਤੇ ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਣਸ਼ੈਲੀ (ਵਿਆਕਰਨ) ’ਚ ਬੜਾ ਅੰਤਰ ਹੈ। ਇਨ੍ਹਾਂ ਨੇਮਾਂ ਦੀ ਸੋਝੀ ਨਾ ਹੋਣ ਕਾਰਨ ਜ਼ਿਆਦਾਤਰ ਪ੍ਰਚਾਰਕ; ਮਨਘੜਤ ਸਾਖੀਆਂ ਜਾਂ ਆਧੁਨਿਕ ਵਿਗਿਆਨ ਦੀ ਨਜ਼ਰ ਨਾਲ਼ ਗੁਰਬਾਣੀ ਨੂੰ ਸਮਝਣ ’ਚ ਅਕਸਰ ਕੁਤਾਹੀ ਖਾਂਦੇ ਹਨ। ਮਿਸਾਲ ਵਜੋਂ ਗੁਰਬਾਣੀ ’ਚ ‘ਕਰਮ’ ਸ਼ਬਦ; ਦੋ ਭਾਸ਼ਾਵਾਂ (ਸੰਸਕ੍ਰਿਤ ਤੇ ਫ਼ਾਰਸੀ) ਦਾ ਹੈ। ਸੰਸਕ੍ਰਿਤ ’ਚ ਇਸ ਦਾ ਅਰਥ ਹੈ (1). ਭਾਗ/ਨਸੀਬ (2). ਕੀਤੇ ਜਾਣ ਵਾਲ਼ੇ ਕੰਮ ਅਤੇ (3). ਫ਼ਾਰਸੀ ’ਚ ਇਸ ਦਾ ਅਰਥ ਹੈ ‘ਮਿਹਰ, ਬਖ਼ਸ਼ਸ਼’। ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ‘ਜਪੁ’ ਜੀ ਦੀ 25ਵੀਂ ਪਉੜੀ ’ਚ ਦਰਜ ਕੀਤਾ, ‘‘ਬਹੁਤਾ ਕਰਮੁ; ਲਿਖਿਆ ਨਾ ਜਾਇ ..੨੫’’ ਭਾਵ (ਜੀਵਾਂ ਉੱਤੇ ਹੁੰਦੀ) ਰੱਬ ਦੀ ਅਪਾਰ ਮਿਹਰ; ਕਲਮਬੰਦ ਨਹੀਂ ਕੀਤੀ ਜਾ ਸਕਦੀ। ਇਸ ਪਉੜੀ ’ਚ ਮਿਹਰ (ਕਈ ਦਾਤਾਂ) ਦਾ ਵਰਣਨ ਹੈ; ਜਿਵੇਂ ਕਿ ‘‘ਕੇਤਿਆ, ਦੂਖ ਭੂਖ ਸਦ ਮਾਰ   ਏਹਿ ਭਿ ਦਾਤਿ ਤੇਰੀ; ਦਾਤਾਰ ! ’’; ਸੋ ਦਰੁ (ਰਹਰਾਸਿ) ’ਚ ਭੀ ਆਪ ਜੀ ਨੇ ਇਹੀ ਅਰਥ ਲਏ ਹਨ, ‘‘ਤੁਧੁ ਵਿਣੁ; ਸਿਧੀ ਕਿਨੈ ਪਾਈਆ   ਕਰਮਿ (ਨਾਲ਼) ਮਿਲੈ; ਨਾਹੀ ਠਾਕਿ ਰਹਾਈਆ ’’ (ਮਹਲਾ /) ਭਾਵ ਤੇਰੀ (ਮਿਹਰ ਤੋਂ) ਬਿਨਾਂ (ਆਤਮ) ਪ੍ਰਫੁਲਿਤ ਨਹੀਂ ਹੁੰਦਾ, (ਜਿਸ ਨੂੰ) ਤੇਰੀ ਮਿਹਰ ਨਾਲ਼ ਇਹ ਸਫਲਤਾ ਮਿਲਦੀ ਹੈ, ਉਸ (ਦੀ ਤਰੱਕੀ) ’ਚ ਕੋਈ ਵਿਘਨ ਨਹੀਂ ਪਾ ਸਕਦਾ।

ਦੂਜਾ ਅਰਥ (ਭਾਗ/ਨਸੀਬ) ਭੀ ਆਪ ਜੀ ਨੇ ਆਸਾ ਕੀ ਵਾਰ ਦੀ 11ਵੀਂ ਪਉੜੀ ’ਚ ਲਿਆ ਹੈ, ‘‘ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ; ਤਾ ਤਿਨੀ ਖਸਮੁ ਧਿਆਇਆ   ਏਨਾ ਜੰਤਾ ਕੈ ਵਸਿ (’) ਕਿਛੁ ਨਾਹੀ; ਤੁਧੁ ਵੇਕੀ ਜਗਤੁ ਉਪਾਇਆ ..੧੧’’ (ਮਹਲਾ /੪੬੯) ਭਾਵ ਉਹੀ, ਤੈਨੂੰ (ਅਦ੍ਰਿਸ਼) ਮਾਲਕ ਨੂੰ ਸਿਮਰ ਸਕਦੇ ਹਨ, ਜਿਨ੍ਹਾਂ ਅੰਦਰ ਬਚਪਨ ਤੋਂ ਤੈਂ ਇਹ ਨਸੀਬ (ਕਰਮੁ) ਪਾਇਆ, ਪਾਤ੍ਰਤਾ ਬਣਾਈ ਵਰਨਾ ਵੱਖ ਵੱਖ ਕਿਸਮਾਂ ਦੇ ਇਨ੍ਹਾਂ ਜੀਵ-ਜੰਤਾਂ ਦੇ ਵੱਸ ’ਚ (ਤੈਨੂੰ ਅਦ੍ਰਿਸ਼ ਨੂੰ ਜਾਣਨ ਦੀ ਸਮਰੱਥਾ ਹੀ) ਨਹੀਂ।

ਤੀਜੇ ਅਰਥ (ਕਰਨ ਵਾਲ਼ੇ ਕੰਮਾਂ) ਲਈ ਭੀ ਆਪ ਜੀ ਨੇ ‘ਕਰਮ’ (ਸ਼ਬਦ) ਵਰਤਿਆ ਹੈ, ‘‘ਬਿਨੁ ਗੁਰ ਸਬਦ, ਛੂਟੀਐ; ਦੇਖਹੁ ਵੀਚਾਰਾ ਜੇ ਲਖ ਕਰਮ ਕਮਾਵਹੀ; ਬਿਨੁ ਗੁਰ ਅੰਧਿਆਰਾ ਰਹਾਉ ’’ (ਮਹਲਾ /੨੨੯) ਭਾਵ ਪੜਚੋਲ ਕਰਕੇ ਵੇਖ ਲਓ ਕਿ ਗੁਰੂ ਦੇ ਉਪਦੇਸ਼ ਤੋਂ ਬਿਨਾਂ (ਅਗਿਆਨਤਾ ਤੋਂ) ਮੁਕਤੀ ਨਹੀਂ ਮਿਲਦੀ ਭਾਵੇਂ ਲੱਖਾਂ ਹੀ (ਧਾਰਮਿਕ) ਕੰਮ ਕੀਤੇ ਜਾਣ।

ਹੁਣ ਵਿਗਿਆਨ ਦਾ ਚਸ਼ਮਾ ਲਗਾਉਣ ਵਾਲ਼ੇ ਸਿੱਖਾਂ ਨੂੰ ‘ਕਰਮੁ’ (ਸ਼ਬਦ) ਦੇ ਉਕਤ ਦੋ ਅਰਥਾਂ (ਭਾਗ ਤੇ ਮਿਹਰ) ਹਜ਼ਮ ਨਹੀਂ ਹੁੰਦੇ ਕਿਉਂਕਿ ਧਰਮ ਕਮਾਉਣ ਲਈ ਹਿਰਦੇ ’ਚ ਸ਼ਰਧਾ ਦਾ ਹੋਣਾ; ਇਨ੍ਹਾਂ ਅਨੁਸਾਰ ਅਗਿਆਨਤਾ ਹੈ, ਅੰਧ ਭਗਤੀ ਹੈ, ਗੁਰਮਤਿ ਵਿਰੋਧੀ ਹੈ। ਦੂਜੇ ਪਾਸੇ ਮਨਘੜਤ ਸਾਖੀਆਂ ਨਾਲ਼ ਅੰਨ੍ਹੀ ਸ਼ਰਧਾ ਪੈਦਾ ਕਰਨ ਵਾਲ਼ੇ ਡੇਰੇਦਾਰ; ਤੀਜੇ ਅਰਥ (ਕਰਨ ਵਾਲ਼ੇ ਕੰਮਾਂ) ਨੂੰ ਭੀ ਕਈ ਜਗਾ ‘ਮਿਹਰ’ ਜਾਂ ‘ਨਸੀਬ’ ਬਣਾ ਲੈਂਦੇ ਹਨ ਤਾਹੀਓਂ ਇਹ, ਸੰਗਤਾਂ ਨੂੰ ਕਦੇ ਸਵੈ ਪੜਚੋਲ ਕਰਨ ਬਾਰੇ ਨਹੀਂ ਕਹਿੰਦੇ। ਜੇ ਗੁਰਬਾਣੀ ਦੀ ਲਿਖਤ (ਵਿਆਕਰਨ) ਦੀ ਸੋਝੀ ਹੋਵੇ ਤਾਂ ‘ਕਰਮੁ’ (ਅੰਤ ਔਂਕੜ/ਇੱਕ ਵਚਨ ਪੁਲਿੰਗ ਨਾਉ) ਦਾ ਅਰਥ ਭੀ ਇਕ ਵਚਨ (ਭਾਗ ਜਾਂ ਮਿਹਰ) ਕਰਦੇ ਤੇ ‘ਕਰਮ’ (ਅੰਤ ਮੁਕਤ/ਬਹੁ ਵਚਨ) ਦਾ ਅਰਥ ਬਹੁ ਵਚਨ (ਕਰਨ ਵਾਲ਼ੇ ਕੰਮ) ਸਮਝਦੇ; ਇਉਂ ਆਪਣੀ ਅਤੇ ਹੋਰਨਾਂ ਦੀ ਸੋਚ ਨੂੰ ਸਥਿਰ (ਸ਼ਾਂਤ) ਕਰਦੇ। ਜਿਸ ਸ਼ਾਂਤੀ ਤੋਂ ਉੱਖੜੇ ਪੰਜਾਬੀ; ਸਮਾਜਿਕ ਗਰਮ ਹਵਾਵਾਂ ਦਾ ਤਾਪ ਨਾ ਸਹਾਰਦੇ ਹੋਏ ਇੱਧਰ-ਓਧਰ ਭਟਕਦੇ ਹਨ, ਈਸਾਈ ਬਣਦੇ ਹਨ।

ਮਨਮੁਖ ਬੰਦੇ ਨੂੰ ਉਸ ਦੇ ਮਨ ਦੀ ਕਠੋਰਤਾ ਦਾ ਦਰਸ਼ਨ ਕਰਾ ਕੇ ਉਸ ਅੰਦਰ ਸ਼ਾਂਤੀ (ਸਬਰ) ਤੇ ਹਾਂ ਪੱਖੀ ਵਿਚਾਰ ਸਿਰਜਣੇ, ਗੁਰਮਤਿ ਦੇ ਪ੍ਰਚਾਰ ਦਾ ਆਰੰਭਕ ਕਾਰਜ ਹੈ। ਜੇ ਕਿਸੇ ਨੂੰ ਦੋ ਗਲਾਸ ਪਾਣੀ ਦੀ ਲੋੜ ਹੋਵੇ, ਇੱਕ ਦੇ ਦੇਈਏ ਤਾਂ ਭੀ ਉਹ, ਦੇਣਵਾਲ਼ੇ ਦਾ ਧੰਨਵਾਦ ਨਹੀਂ ਕਰੇਗਾ ਕਿਉਂਕਿ ਅਜੇ ਪਿਆਸ ਅਧੂਰੀ ਹੈ।  20 ਹਜ਼ਾਰ ਪ੍ਰਤੀ ਮਹੀਨਾ ਨੌਕਰੀ ਦੀ ਚਾਹਤ ਹੋਵੇ, 15 ਹਜ਼ਾਰ ਮਿਲ ਜਾਣ ਤਾਂ ਭੀ ਖ਼ੁਸ਼ੀ ਨਹੀਂ ਹੋਵੇਗੀ। 10 ਲੱਖ ਦਾਜ ਦੀ ਮੰਗ ਹੈ, ਪਰ ਮਿਲਿਆ 9 ਲੱਖ ਤਾਂ ਭੀ ਨਿਰਾਸਤਾ ਬਣੀ ਰਹੇਗੀ। ਐਸੇ ਲੱਛਣ ਅਸ਼ਾਂਤ (ਬੇਸਬਰੇ) ਬੰਦੇ ਦੀ ਨਿਸ਼ਾਨੀ ਹੈ। ਉਹ ਕਦੇ ਸੰਤੁਸ਼ਟ ਨਹੀਂ ਹੁੰਦਾ, ਇਹੀ ਕਾਰਨ ਹੈ ਕਿ ਪੰਜਾਬ ’ਚ ਮਿਹਨਤ ਕਰਕੇ ਪ੍ਰਵਾਸੀ ਕੋਠੀਆਂ ਖ਼ਰੀਦ ਗਏ ਤੇ ਪੰਜਾਬੀ; ਵਿਦੇਸ਼ਾਂ ’ਚ ਜਾਣ ਲਈ ਜਾਇਜ਼-ਨਾਜਾਇਜ਼ ਹੱਥਕੰਡੇ ਅਪਣਾਉਂਦੇ ਰਹਿ ਗਏ। ਪ੍ਰਚਾਰਕਾਂ ਨੇ ਇਸ ਮਾਨਸਿਕਤਾ ਨੂੰ ਗੁਰਮਤਿ ਰਾਹੀਂ ਸ਼ਾਂਤ ਕਰਨਾ ਸੀ, ਪਰ ਉਹ ਖ਼ੁਦ ਭੀ ਪਾਸਪੋਰਟ ਜੇਬਾਂ ’ਚ ਪਾਈ ਪ੍ਰਬੰਧਕਾਂ ਦੀ ਚਾਪਲੂਸੀ ਕਰਦੇ, ਵੇਖੇ ਜਾ ਸਕਦੇ ਹਨ ਤਾਂ ਜੋ ਜਲਦੀ ਵਿਦੇਸ਼ ਪਹੁੰਚਿਆ ਜਾ ਸਕੇ। ਦੂਜੇ ਪਾਸੇ ਪਿੰਡਾਂ ਦੇ ਗੁਰੂ ਘਰਾਂ ’ਚ ਬਹੁਤਾਤ ਉਹ ਗ੍ਰੰਥੀ-ਪਾਠੀ ਸੇਵਾਵਾਂ ਨਿਭਾ ਰਹੇ ਹਨ, ਜਿਨ੍ਹਾਂ ਨੂੰ ਮੂਲ ਮੰਤਰ ਦੇ ਅਰਥ ਅਤੇ ਉਹ ਕਿੱਥੋਂ ਤੱਕ ਹੈ, ਦਾ ਭੀ ਨਹੀਂ ਪਤਾ।

ਨਾ-ਪੱਖੀ ਸੋਚ ਭੀ ਦੂਸਰੇ ਦੇ ਗੁਣਾਂ ਦੀ ਕਦੇ ਕਦਰ ਨਹੀਂ ਕਰ ਸਕਦੀ ਕਿਉਂਕਿ ਦੂਸਰੇ ਦੀ ਤਾਰੀਫ਼ ਕਰਨ ਨਾਲ਼ ਉਸ ਨੂੰ ਖ਼ੁਦ ਨੀਵਾਂ ਹੋਣਾ ਪੈਣਾ ਹੈ, ਜੋ ਕਿ ਉਸ ਨੂੰ ਬਿਲਕੁਲ ਪਸੰਦ ਨਹੀਂ ਹੁੰਦਾ। ਗੁਰਬਾਣੀ ਆਸ਼ਾਵਾਦੀ ਰਚਨਾ ਹੈ, ਜੋ ਕਾਮੀ ਪੁਰਸ਼ (ਅਜਾਮਲ ਬ੍ਰਾਹਮਣ), ਵੇਸਵਾ (ਪਿੰਗਲਾ), ਸ਼ਿਕਾਰ ਨਾ ਮਿਲਣ ਕਾਰਨ ਆਤਮ ਹੱਤਿਆ ਕਰਨ ਵਾਲ਼ੇ (ਲੁਭਤੁ-ਸ਼ਿਕਾਰੀ) ਅਤੇ ਰਿਖੀ ਦੇ ਸਰਾਪ ਨਾਲ਼ ਹਾਥੀ ਦੀ ਜੂਨ ਭੋਗ ਰਹੇ ਗੰਧਰਵ (ਦੇਵਲੋਕ ਦੇ ਗਵੱਈਏ) ਵਰਗੇ ਹਰੀ ਦਾ ਨਾਮ ਜਪ ਕੇ ਤਰ ਗਏ, ਵਾਲ਼ੀ ਹੱਲਾਸ਼ੇਰੀ ਦਿੰਦੀ ਹੈ ਕਿ ਹੇ ਰਵਿਦਾਸ ! ਤੂੰ ਕਿਉਂ ਨਹੀਂ ਤਰੇਂਗਾ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ   ਐਸੇ ਦੁਰਮਤਿ ਨਿਸਤਰੇ; ਤੂ ਕਿਉ ਤਰਹਿ ? ਰਵਿਦਾਸ !’’ (ਭਗਤ ਰਵਿਦਾਸ/੧੧੨੪), ਪਰ ਨਾ-ਪੱਖੀ ਸੋਚ; ਐਸੇ ਗੁਰਮਤਿ-ਸਿਧਾਂਤ ਦੀ ਕਦੇ ਵਿਆਖਿਆ ਨਹੀਂ ਕਰ ਸਕਦੀ।

ਪ੍ਰਮਾਤਮਾ ਦੀ ਹੋਂਦ ਕਣ ਕਣ ’ਚ ਮੌਜੂਦ ਹੈ ਤਾਹੀਓਂ ਸਾਰੇ ਬਾਣੀਕਾਰਾਂ ਨੇ ਮਨੁੱਖਤਾ ’ਚ ਏਕਤਾ ਸਥਾਪਿਤ ਕਰਨ ਨੂੰ ਧਰਮ ਦਾ ਕਾਰਜ ਮੰਨਿਆ ਹੈ; ਜਿਵੇਂ ਕਿ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ /੯੭), ਗਰਭ ਵਾਸ ਮਹਿ; ਕੁਲੁ ਨਹੀ ਜਾਤੀ   ਬ੍ਰਹਮ ਬਿੰਦੁ ਤੇ ਸਭ ਉਤਪਾਤੀ ’’ (ਭਗਤ ਕਬੀਰ/੩੨੪) ਤੇ ਦੂਜੇ ਪਾਸੇ ਮਾਨਵਤਾ ਨੂੰ ਵੰਡਣ ਵਾਲ਼ੀ ਮਾਨਸਿਕਤਾ ਨੂੰ ਲਾਹਨਤਾਂ ਪਾਈਆਂ ਹਨ, ‘‘ਜਾਤਿ ਕਾ ਗਰਬੁ; ਕਰਿ, ਮੂਰਖ ਗਵਾਰਾ! (ਮਹਲਾ /੧੧੨੭), ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ   ਤਉ ਆਨ ਬਾਟ (ਮਾਂ ਦੇ ਪੇਟ ਤੋਂ ਬਿਨਾਂ ਕਿਸੇ ਹੋਰ ਰਸਤੇ); ਕਾਹੇ ਨਹੀ ਆਇਆ  ? ’’ (ਭਗਤ ਕਬੀਰ/੩੨੪), ਆਦਿ। ਗੁਰੂ ਘਰਾਂ ’ਚ ਸਰੋਵਰਾਂ ਦੀ ਖੁਦਾਈ ਭੀ ਇਸੇ ਏਕਤਾ-ਸਿਧਾਂਤ ਅਨੁਸਾਰ ਹੈ। ਹੁਣ ਜ਼ਮੀਨੀ ਹਾਲਤ ਵੇਖੀਏ ਤਾਂ ਪੰਜਾਬ ਤੋਂ ਬਿਨਾਂ ਹੋਰ ਗੁਆਂਢੀ ਸੂਬਿਆਂ ’ਚ ਪਰਿਵਾਰਿਕ ਝਗੜੇ ਖ਼ਤਮ ਕਰਨ ਲਈ ਗ੍ਰਾਮ ਪੰਚਾਇਤਾਂ ਅਤੇ ਸਮਾਜਿਕ ਮਸਲੇ ਨਜਿੱਠਣ ਲਈ ਕਈ ਕਈ ਪਿੰਡਾਂ ਦੀਆਂ ਮਹਾਂ ਪੰਚਾਇਤਾਂ ਬੁਲਾਉਣ ਦਾ ਵਿਧਾਨ ਅਜੇ ਕਾਇਮ ਹੈ, ਪਰ ਪੰਜਾਬ ’ਚ ਪੰਜਾਬੀਆਂ ਨੂੰ ਵੰਡਣ ਲਈ ਦਰਜਨਾਂ ਕਿਸਾਨ ਯੂਨੀਅਨਾਂ ਹਨ। ਕਈ-ਕਈ ਹੋਰ ਧੜੇਬੰਦੀਆਂ ਅਤੇ ਡੇਰੇ ਹਨ। ਇੱਥੋਂ ਤੱਕ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ਼ ਲੈਣ ਲਈ ਭੀ ਦਸਤਾਰਾਂ ਉਤਰਦੀਆਂ ਵੇਖੀਦੀਆਂ ਹਨ। ਧਰਮ ਪ੍ਰਚਾਰਕਾਂ ਨੇ ਐਸੀਆਂ ਧੜੇਬੰਦੀਆਂ ਖ਼ਤਮ ਕਰਵਾਉਣੀਆਂ ਸਨ, ਪਰ ਇਨ੍ਹਾਂ ਨੇ ਖ਼ੁਦ ਹੀ ਵਿਵਾਦਿਤ ਮੁੱਦਿਆਂ ਨੂੰ ਆਧਾਰ ਬਣਾ ਕੇ ਕੌਮ ਅੰਦਰ ਕਈ ਧੜੇ ਸਿਰਜ ਲਏ ਹਨ। ਜੇਕਰ ਕੋਈ ਪਰਿਵਾਰਿਕ, ਸਮਾਜਿਕ ਜਾਂ ਕੌਮੀ ਵਿਵਾਦ ਹੱਲ ਕਰਨਾ ਹੈ ਤਾਂ ਭੀ ਏਕਤਾ ਦੀ ਬੜੀ ਲੋੜ ਹੈ, ਜਿਸ ਲਈ ਕਦੇ ਕੋਈ ਅਵਾਜ਼ ਉੱਠਦੀ ਨਹੀਂ ਸੁਣੀ। ਜੋ ਸਜ਼ਾ; ਮਾਨਵਤਾ ਨੂੰ ਵੰਡਣ ਵਾਲ਼ੇ ਬ੍ਰਾਹਮਣ ਲਈ ਮੁਕੱਰਰ ਕੀਤੀ ਗਈ ਹੈ ਕਿ ‘‘ਜਿਤੁ ਦਰਿ (’ਤੇ); ਤੁਮ੍ ਹੈ ਬ੍ਰਾਹਮਣ ਜਾਣਾ ਤਿਤੁ ਦਰਿ (’ਤੇ); ਤੂੰ ਹੀ ਹੈ ਪਛੁਤਾਣਾ ’’ (ਮਹਲਾ /੩੭੨) ਉਹੀ ਸਜ਼ਾ; ਅਸਾਂ ਅਖੌਤੀ ਧਰਮ ਪ੍ਰਚਾਰਕਾਂ ਲਈ ਨਿਸ਼ਚਿਤ ਹੈ। ਜਦ ਗੁਰੂ ਕਾਲ ਸਮੇਂ ਪ੍ਰਚਾਰਕਾਂ (ਮਸੰਦਾਂ) ’ਚ ਤਰੁਟੀਆਂ ਆ ਗਈਆਂ ਸਨ ਤਾਂ ਹੁਣ ਨਹੀਂ, ਇਹ ਕਹਿਣਾ ਆਪਣੇ ਆਪ ਨੂੰ ਧੋਖੇ ’ਚ ਰੱਖਣਾ ਹੈ।

ਸਤਿਗੁਰੂ ਦੀ ਕਿਰਪਾ ਨਾਲ਼ ਜਿਨ੍ਹਾਂ ਸ਼ਰਧਾਵਾਨਾਂ ਨੇ ਗੁਰ ਸ਼ਬਦ ਨੂੰ ਪੜਚੋਲਿਆ, ਇਸ ਅੰਦਰ ਟੁੱਬੀ ਲਾਈ; ਉਨ੍ਹਾਂ ਨੂੰ ਐਸਾ ਪ੍ਰਚਾਰ; ਖਾਲ਼ੀ ਕਨਸਤਰ ਵਾਙ ਖੜਕਦਾ ਪ੍ਰਤੀਤ ਹੁੰਦਾ ਹੈ, ਜਿਸ ਵਿੱਚ ਗੁਰੂ ਪ੍ਰਤੀ ਸ਼ਰਧਾ ਤੇ ਗੁਰੂ ਦਾ ਡਰ-ਅਦਬ ਬਿਲਕੁਲ ਭੀ ਨਹੀਂ ਸਗੋਂ ਸੰਗਤਾਂ ਦੀ ਸ਼ਰਧਾ ਨੂੰ ਮਨਮਤੀ ਕੁਤਰਕਾਂ ਨਾਲ਼ ਤੋੜਿਆ ਜਾਂਦਾ ਹੈ ਜਾਂ ਝੂਠੀਆਂ ਸਾਖੀਆਂ ਨੂੰ ਵਧਾ ਚੜ੍ਹਾ ਕੇ ਗੁਰੂ ਦੇ ਸ਼ਰੀਕ (ਅਖੌਤੀ ਸੰਤ) ਪੈਦਾ ਕਰ-ਕਰ ਗੁਰਮਤਿ ਦੀ ਉੱਜਲਤਾ ਤੇ ਨਿਰਪੱਖਤਾ ਨੂੰ ਧੁੰਦਲਾ (ਅਸਪਸ਼ਟ) ਕੀਤਾ ਜਾ ਰਿਹਾ ਹੈ। ਬੁਝਿਆ ਹੋਇਆ ਦੀਵਾ; ਦੂਸਰੇ ਦੀਵੇ ਨੂੰ ਨਹੀਂ ਜਗਾ ਸਕਦਾ। ਗੁਰੂ ਘਰਾਂ ’ਚ ਸ਼ਰਧਾ ਵਸ ਆਉਂਦੀ ਪ੍ਰਤੀ ਦਿਨ ਲੱਖਾਂ ਸੰਗਤ; ਰੂਹਾਨੀਅਤ ਅਨੰਦ ਤੋਂ ਵਾਂਝੀ ਪਰਵਾਰਿਕ ਦੁੱਖਾਂ-ਕਲੇਸ਼ਾਂ ਦੀ ਨਿਵਿਰਤੀ ਲਈ ਗ਼ੈਰ ਧਰਮਾਂ ਦਾ ਸਹਾਰਾ ਲੈਣ ਲਈ ਬੇਵੱਸ ਹੈ, ਮਜਬੂਰ ਹੈ। ਜੋ ਗੁਰਬਾਣੀ ਅਨੁਸਾਰ ਕੁਰਾਹੇ ਪੈਣਾ ਹੈ, ‘‘ਮੰਨੈ; ਮਗੁ ਚਲੈ ਪੰਥੁ ’’ (ਜਪੁ) ਭਾਵ ਗੁਰੂ ਸਿੱਖਿਆ ਨੂੰ ਸਮਝ, ਅਪਣਾਅ ਕੇ ਸਿੱਖ; ਗ਼ੈਰ ਮਾਰਗਾਂ (ਧਰਮਾਂ) ਵੱਲ ਨਹੀਂ ਭਟਕਦਾ। ਇਹ ਸਚਾਈ ਹੈ ਕਿ ਜੇ ਵਿਦਿਆਰਥੀ ਪਰਿਖਿਆ ’ਚ ਫੇਲ ਹੋਣ ਤਾਂ ਜ਼ਿੰਮੇਵਾਰ; ਸਕੂਲ ਦੇ ਅਧਿਆਪਕ ਤੇ ਪ੍ਰਬੰਧਕ ਹੁੰਦੇ ਹਨ, ਨਾ ਕਿ ਬੱਚੇ। ਪੰਜਾਬ ਦੇ ਹਰ ਪਿੰਡ ਤੇ ਸ਼ਹਰ ’ਚ 25-30 ਐਸੇ ਬੰਦੇ ਜ਼ਰੂਰ ਮਿਲ ਜਾਣਗੇ, ਜੋ ਅੰਮ੍ਰਿਤ ਛਕ ਕੇ ਛੱਡ ਭੀ ਚੁੱਕੇ ਹਨ। ਅੰਮ੍ਰਿਤ ਸੰਚਾਰ ਸਮੇਂ ਭੀ 20-25% ਚਾਹਵਾਨ ਮੁੜ ਅੰਮ੍ਰਿਤ ਛੱਕਦੇ, ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੇ ਚਾਰ ਕੁਰਹਿਤਾਂ ਨਹੀਂ ਕੀਤੀਆਂ ਹੁੰਦੀਆਂ ਬਲਕਿ ਗੁਰਮਤਿ ਅਸੂਲਾਂ ਤੋਂ ਅਣਜਾਣ ਹੁੰਦੇ ਹਨ। ਜੇਕਰ ਅੰਮ੍ਰਿਤਧਾਰੀ ਸੰਗਤ ਭੀ ਗੁਰਮਤਿ ਨੂੰ ਨਹੀਂ ਸਮਝ ਪਾਈ ਤਾਂ ਦੋਸ਼ੀ ਕੌਣ ਹੋਇਆ ? ਧਰਮ; ਇੱਕ ਗੰਭੀਰ ਵਿਸ਼ਾ ਹੈ, ਨਾ ਕਿ ਕਿਸੇ ਦਾ ਮਖ਼ੌਲ ਉਡਾ ਕੇ ਸੰਗਤਾਂ ਨੂੰ ਹਸਾਉਣ ਦਾ। ਗੁਰਬਾਣੀ; ਗ੍ਰਿਹਸਤ-ਪ੍ਰਧਾਨ ਧਰਮ ਹੈ, ਪਰ ਜ਼ਮੀਨੀ ਹਾਲਾਤਾਂ ਮੁਤਾਬਕ ਅਨੇਕਾਂ ਸਿੱਖ ਪਰਵਾਰਾਂ ’ਚ ਤਲਾਕ ਹੋ ਚੁੱਕੇ ਹਨ ਤੇ ਅਨੇਕਾਂ ਹੋਣ ਦੇ ਕਿਨਾਰੇ ਹਨ।

ਅਫ਼ਸੋਸ ਕਿ ਜ਼ਿਆਦਾਤਰ ਸਿੱਖ ਸੰਗਤਾਂ ਭੀ ਐਸੇ ਸਿੱਖ-ਪ੍ਰਚਾਰਕਾਂ ਨੂੰ ਪਸੰਦ ਕਰਦੀਆਂ ਹਨ, ਜੋ ਆਪਣੀਆਂ ਸਮਾਜਿਕ ਲੋੜਾਂ ਨੂੰ ਕਿਸੇ ਹੋਰ ਕਿੱਤੇ (ਧੰਦੇ) ਨਾਲ਼ ਪੂਰੀਆਂ ਕਰਦਾ ਹੋਵੇ। ਜ਼ਰਾ ਸੋਚੀਏ ਕਿ ਇੱਕ ਪਾਸੇ ਅਸੀਂ ਗੁਰਬਾਣੀ ਨੂੰ ਸਰਬੋਤਮ ਗਿਆਨ ਮੰਨਦੇ ਹਾਂ ਤੇ ਦੂਜੇ ਪਾਸੇ ਇਸ ਦੀ ਪੜ੍ਹਾਈ ਅਤੇ ਅਧਿਐਨ ਲਈ ਪ੍ਰਚਾਰਕ ਭੀ ਤਿਆਰ ਕਰਨਯੋਗ ਨਹੀਂ। ਇਸਲਾਮ ਧਰਮ ’ਚ ਮੌਲਵੀ ਬਣਨ ਲਈ ਘੱਟੋ ਘੱਟ 8 ਸਾਲ ਪੜ੍ਹਨਾ ਜ਼ਰੂਰੀ ਹੈ। ਇਸ ਕੋਰਸ ਨੂੰ ‘ਦਰਸ-ਏ-ਨਿਜ਼ਾਮੀ’ ਕਿਹਾ ਜਾਂਦਾ ਹੈ। ਈਸਾਈ ਪਾਦਰੀ ਨੂੰ ਫ਼ਿਲਾਸਫ਼ੀ ’ਚ ਬੀਏ ਕਰਨ ’ਚ 6 ਤੋਂ 8 ਸਾਲ ਲੱਗਦੇ ਹਨ। ਫਿਰ ਆਪਸੀ ਚਰਚਾ ਤੇ ਉੱਚਤਮ ਸੋਧ ਲਈ 3 ਸਾਲ ਧਰਮ ਸ਼ਾਸਤਰ ਦਾ ਅਧਿਐਨ ਕਰਨ ਉਪਰੰਤ ਬ੍ਰਹਮਤਾ ਦੀ ਮਾਸਟਰ ਡਿਗਰੀ ਹਾਸਲ ਕੀਤੀ ਜਾਂਦੀ ਹੈ। ਕਿਸੇ ਬੰਦੇ ਕੋਲ਼ ਧਰਮ ਦੀ ਗੱਲ ਕਰਨ ਤੋਂ ਪਹਿਲਾਂ 1 ਸਾਲ ਹੋਰ ਬ੍ਰਹਮਚਾਰੀ ਡੀਕਨ (ਸੇਵਕ ਯਾਨਿ ਕਿ ਪਾਦਰੀ) ਬਣ ਕੇ ਰਹਿਣਾ ਪੈਂਦਾ ਹੈ ਯਾਨੀ ਪਾਦਰੀ ਬਣਨ ਲਈ 10 ਤੋਂ 12 ਸਾਲ ਦੀ ਤਿਆਰੀ ਜ਼ਰੂਰੀ ਹੈ। ਦੂਜੇ ਪਾਸੇ ਗੁਰਮਤਿ-ਪ੍ਰਚਾਰਕ; ਤਿੰਨ ਕੁ ਸਾਲ ਦੇ ਸੰਖੇਪ ਜਿਹੇ ਸਮੇ ’ਚ ਗੁਰਮਤਿ ਵਿਦਿਆ ਪਾਉਂਦੇ ਹਨ। ਇਸੇ ਕਾਰਨ ਸੰਗਤਾਂ ’ਚ ਗੁਰਮਤਿ ਫ਼ਲਸਫ਼ਾ ਸਪਸ਼ਟ ਨਹੀਂ ਹੁੰਦਾ, ਜਿਸ ਨੇ ਹਰ ਬੰਦੇ ਨੂੰ ਸਵੈ ਪੜਚੋਲ ਕਰਨ ਲਈ ਮਜਬੂਰ ਕਰਨਾ ਸੀ। ਜ਼ਿਆਦਾਤਰ ਇਤਿਹਾਸ ਸੁਣਾਇਆ ਜਾਂਦਾ ਹੈ, ਜੋ ਗੁਰਮਤਿ-ਸਿਧਾਂਤ ਦੀ ਪੁਸ਼ਟੀ ਕਰਨ ਜਾਂ ਮਿਸਾਲ ਦੇਣ ਲਈ ਹੁੰਦਾ ਹੈ।

ਗੁਰੂ ਸਾਹਿਬਾਨ ਨੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਸਖ਼ਤ ਤਾੜਨਾ ਕੀਤੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ   ਰਾਮ ਨਾਮ ਜਪੁ ਹਿਰਦੈ (’) ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਭਾਵ ਪਹਿਲਾਂ ਮਾਲਕ ਦਾ ਸਿਮਰਨ ਦਿਲੋਂ ਪੂਰਨ ਸ਼ਰਧਾ ਨਾਲ਼ ਕਰਕੇ ਮਨ ਨੂੰ ਕਾਬੂ ਕਰਨਾ ਹੈ; ਫਿਰ (ਬਣਦੀ ਅਨੰਦਮਈ ਅਵਸਥਾ ਨਾਲ਼) ਗੁਰਬਾਣੀ ਦੀ ਵਿਆਖਿਆ ਕਰ ਹੋਰਾਂ ਨੂੰ ਤ੍ਰਿਪਤ ਕਰਨਾ ਹੈ ਭਾਵ ਸੰਗਤਾਂ ਦੇ ਹਿਰਦਿਆਂ ’ਚ ਸਬਰ ਤੇ ਹਾਂ-ਪੱਖੀ ਸੋਚ ਵਿਕਸਿਤ ਕਰਨੀ ਹੈ।

ਮਨੋ ਵਿਗਿਆਨ ਅਨੁਸਾਰ ਹਰ ਮਨੁੱਖ ਦੀ ਸੋਚ 16 ਤੋਂ 25 ਸਾਲ ਦੀ ਉਮਰ ’ਚ ਪੂਰਨ ਵਿਕਸਿਤ ਹੋ ਜਾਂਦੀ ਹੈ ਯਾਨੀ 25 ਸਾਲ ਤੋਂ ਬਾਅਦ ਮਨੁੱਖ ਆਪਣੇ ਮਰਨ ਤੱਕ ਦਾ ਟੀਚਾ ਚੁਣ ਲੈਂਦਾ ਹੈ। ਅਨੁਭਵੀ ਪੁਰਸ਼ਾਂ ਦਾ ਮੰਨਣਾ ਹੈ ਕਿ ਮਨੁੱਖ; ਧਰਮ ਦੇ ਮਾਰਗ ਨੂੰ ਚਾਰ ਤਰੀਕਿਆਂ ਨਾਲ਼ ਅਪਣਾਉਂਦਾ ਹੈ (1). ਬਚਪਨ ਤੋਂ ਰੁਚੀ ਹੋਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਅੰਦਰ ਸੀ। (2). ਮਨੁੱਖ ਨੂੰ ਕੋਈ ਲਾਲਚ ਦਿੱਤਾ ਜਾਵੇ; ਜਿਵੇਂ ਕਿ ਬਾਬਾ ਫ਼ਰੀਦ ਜੀ ਦੇ ਮਾਤਾ ਮਰੀਅਮ ਜੀ; ਉਨ੍ਹਾਂ ਨੂੰ ਨਮਾਜ਼ ਪੜ੍ਹਨ ਬਦਲੇ ਗੁੜ ਦਿੰਦੇ ਸਨ। (3). ਪਿਆਰ ਅਤੇ ਹੱਲਾਸ਼ੇਰੀ ਦੇਣ ਨਾਲ਼; ਜਿਵੇਂ ਕਿ ਕਹੀਏ ਕਿ ਫਲਾਨਾ ਬੱਚਾ ਗੁਰੂ ਦੇ ਲੜ ਲੱਗ ਕੇ ਨਾਮ ਕਮਾਅ ਗਿਆ; ਬੱਚੇ! ਤੂੰ ਭੀ ਨਾਮ ਕਮਾਅ ਸਕਦਾ ਹੈਂ। ਧਾਰਮਿਕ ਮੁਕਾਬਲੇ ਕਰਾ ਕੇ ਜੇਤੂਆਂ ਨੂੰ ਇਨਾਮ ਭੀ ਦਿੱਤੇ ਜਾ ਸਕਦੇ ਹਨ। ਭਗਤ ਰਵਿਦਾਸ ਜੀ ਦੇ ਉਕਤ ਬੋਲ ਇਸੇ ਸਬੰਧ ’ਚ ਹਨ, ‘‘ਐਸੇ ਦੁਰਮਤਿ ਨਿਸਤਰੇ; ਤੂ ਕਿਉ ਤਰਹਿ ? ਰਵਿਦਾਸ !’’ (4). ਮੌਤ ਦੇ ਡਰ ਨਾਲ਼; ਜਿਵੇਂ ਕਿ ਬਚਨ ਹਨ ਕਿ ਜੇ ਇਸ ਮਨੁੱਖਾ ਦੇਹੀ ’ਚ ਉੱਚ ਅਵਸਥਾ ਹਾਸਲ ਨਾ ਕੀਤੀ ਗਈ ਤਾਂ ਮਰਨ ਉਪਰੰਤ ਜਮਦੂਤਾਂ ਨੇ ਸਜ਼ਾ ਦੇਣੀ ਹੈ, ‘‘ਧਰਮਰਾਇ ਜਬ ਪਕਰਸਿ ਬਵਰੇ! ਤਬ ਕਿਆ ਜਬਾਬੁ ਕਰੇਇ ? (ਮਹਲਾ /੭੭), ਧਰਮਰਾਇ ਜਬ ਲੇਖਾ ਮਾਗੈ; ਕਿਆ ਮੁਖੁ ਲੈ ਕੈ ਜਾਹਿਗਾ  ?  ਕਹਤੁ ਕਬੀਰੁ ਸੁਨਹੁ ਰੇ ਸੰਤਹੁ ! ਸਾਧਸੰਗਤਿ ਤਰਿ ਜਾਂਹਿਗਾ ’’ (ਭਗਤ ਕਬੀਰ/੧੧੦੬), ਜੂਨਾਂ ’ਚ ਤਸੱਦਦ ਸਹਾਰਨੇ ਪੈਣੇ ਹਨ, ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ’’ (ਮਹਲਾ /੧੦੭੫), ਚਾਰਿ ਪਾਵ ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ  ?  ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ ਹਰਿ ਬਿਨੁ, ਬੈਲ ਬਿਰਾਨੇ ਹੁਈਹੈ ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ਰਹਾਉ ’’ (ਭਗਤ ਕਬੀਰ/੫੨੪) ਭਾਵ ਮਨਮੁਖ ਬੰਦਾ ਅਗਲੇ ਜਨਮ ’ਚ ਚਾਰ ਪੈਰ ਵਾਲ਼ਾ ਬਲ਼ਦ ਬਣਦਾ ਹੈ। ਜਿਸ ਦੇ ਨੱਕ ’ਚ ਨੱਥ ਪਾਈ ਹੋਣੀ ਹੈ ਤੇ ਦੋਵੇਂ ਕੰਧੇ; ਪੰਜਾਲੀ ਨਾਲ਼ ਜ਼ਖ਼ਮੀ ਹੋਏ ਹੋਣਗੇ। ਘਾਹ-ਫੂਸ ਖਾਣ ਨੂੰ ਮਿਲੇਗਾ, ਆਦਿ। ਹੇ ਮਨੁੱਖ ! ਉਸ ਸਮੇਂ ਤੂੰ ਕਿਵੇਂ ਪ੍ਰਭੂ ਦੀ ਬੰਦਗੀ ਕਰੇਂਗਾ, ਜੇ ਹੁਣ (ਗੁਰੂ ਦੀ ਅਗਵਾਈ ’ਚ) ਵੇਲ਼ਾ ਨਾ ਸੰਭਾਲ਼ਿਆ, ਆਦਿ।

ਹੁਣ ਵਿਗਿਆਨਿਕ ਚਸ਼ਮਾ ਲਗਾ ਕੇ ਚੱਲਣ ਵਾਲ਼ਾ ਸਿੱਖ; ਆਵਾਗਮਣ ਵਾਲ਼ੇ ਇਸ ਡਰ ਯਾਨੀ ਕਿ ਮਰਨ ਉਪਰੰਤ ਜੀਵਨ ਚੱਕਰ ਨੂੰ ਇਹ ਕਹਿ ਕੇ ਖ਼ਤਮ ਕਰ ਦਿੰਦਾ ਹੈ ਕਿ ਇਹ ਭਰਮ ਹੈ, ਅੰਧ ਵਿਸ਼ਵਾਸ ਹੈ ਕਿਉਂਕਿ ਉਸ ਅਨੁਸਾਰ ਗੁਰਬਾਣੀ ਦੇ ਇਹ ਬੋਲ, ‘‘ਕਈ ਜਨਮ; ਭਏ ਕੀਟ ਪਤੰਗਾ   ਕਈ ਜਨਮ; ਗਜ ਮੀਨ ਕੁਰੰਗਾ   ਕਈ ਜਨਮ; ਪੰਖੀ ਸਰਪ ਹੋਇਓ   ਕਈ ਜਨਮ; ਹੈਵਰ ਬ੍ਰਿਖ ਜੋਇਓ   ਮਿਲੁ ਜਗਦੀਸ; ਮਿਲਨ ਕੀ ਬਰੀਆ   ਚਿਰੰਕਾਲ; ਇਹ ਦੇਹ ਸੰਜਰੀਆ ਰਹਾਉ ’’ (ਮਹਲਾ /੧੭੬) ਇਸੇ ਜਨਮ ’ਚ ਮਨੁੱਖੀ ਸੁਭਾਅ ਨਾਲ਼ ਸਬੰਧਿਤ ਹਨ ਭਾਵ ਮਨਮੁਖੀ ਬੰਦੇ ਦਾ ਸੁਭਾਅ ‘ਕੀੜੇ-ਮਕੌੜੇ, ਹਾਥੀ, ਮੱਛੀ, ਹਿਰਨ, ਪੰਛੀ, ਸੱਪ, ਘੋੜੇ, ਬਲ਼ਦ, ਦਰਖ਼ਤ, ਪੱਥਰ’ ਵਰਗਾ ਹੁੰਦਾ ਹੈ ਜਦਕਿ ਇੱਥੇ ‘ਕਈ ਜਨਮ, ਕਈ ਜਨਮ’ ਦਾ ਵਾਰ ਵਾਰ ਜ਼ਿਕਰ ਹੈ, ਨਾ ਕਿ ਇਸ ਜਨਮ ਦਾ। ਜ਼ਰਾ ਸੋਚੀਏ ਕਿ ਮਨਮੁਖ ਦਾ ਸੁਭਾਅ ਘੋੜੇ ਜਾਂ ਦਰਖ਼ਤ ਵਰਗਾ ਕਿਵੇਂ ਹੋਇਆ ? ਚਾਰ ਪਾਂਵ ਅਤੇ ਦੋ ਸਿੰਗ ਮਨੁੱਖ ਦੇ ਕਿਵੇਂ ਹੋ ਸਕਦੇ ਹਨ ? ਮਨੁੱਖ ਤਾਂ ਜੀਭ ਰਸ ਕਾਰਨ 36 ਪ੍ਰਕਾਰ ਦੇ ਭੋਜਨ ਲੈਂਦਾ ਹੈ, ਨਾ ਕਿ ਪਸ਼ੂਆਂ ਵਾਲ਼ਾ ਬਾਥੂ ਵਰਗਾ ਘਾਹ-ਫੂਸ (ਭੂਸਾ), ‘‘ਕੋਦਉ ਕੋ ਭੁਸੁ ਖਈਹੈ ’’ ਇਸ ਪਰਿਪੇਖ ’ਚ ਗੁਰਮਤਿ ਦਾ ਇਹ ਪੱਖ ਜਾਣਨਾ ਭੀ ਬੜਾ ਜ਼ਰੂਰੀ ਹੈ :

ਸਮੂਹ ਬਾਣੀਕਾਰ; ਮਨੁੱਖ ਜਾਤੀ ਨੂੰ ਤਿੰਨ ਸ਼੍ਰੇਣੀਆਂ ’ਚ ਵੰਡ ਕੇ ਸਮਝਾਉਂਦੇ ਹਨ (1). ਗੁਰੂ ਨੂੰ ਸਮਰਪਿਤ ਲੋਕ; ਜਿਵੇਂ ਕਿ ਔਰਤ ਪੱਖੋਂ ਉਪਦੇਸ਼ ਹੈ, ‘‘ਪੂਤਾ! ਮਾਤਾ ਕੀ ਆਸੀਸ   ਨਿਮਖ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ਰਹਾਉ ’’ (ਮਹਲਾ /੪੯੬) ਭਾਵ ਹੇ ਬਾਲਕ (ਗੁਰੂ) ਅਰਜਨ ਦੇਵ! ਤੈਨੂੰ ਮਾਤਾ ਵੱਲੋਂ ਸਿੱਖਿਆ ਹੈ ਕਿ ਪਲ ਮਾਤਰ ਲਈ ਭੀ ਤੈਨੂੰ ਹਰੀ ਦੀ ਯਾਦ ਨਾ ਭੁਲੇ। ਤੂੰ ਸਦਾ ਉਸ ਨੂੰ ਯਾਦ ਕਰਦਾ ਰਹਿ।

(2). ਨਾਸਤਿਕ ਅਤੇ ਉਸ ਦੀ ਮਾਤਾ ਲਈ ਬਚਨ, ‘‘ਕਲੀ ਅੰਦਰਿ ਨਾਨਕਾ! ਜਿੰਨਾਂ ਦਾ ਅਉਤਾਰੁ   ਪੁਤੁ ਜਿਨੂਰਾ, ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ’’ (ਮਹਲਾ /੫੫੬) ਭਾਵ ਹੇ ਨਾਨਕ! ਕਲਿਜੁਗ ’ਚ ਰਾਖਸ਼ ਪੈਦਾ ਹੋਏ ਹਨ। ਪੁੱਤਰ ਰਾਖਸ਼ ਹੈ। ਪੁੱਤਰੀ ਰਾਖਸ਼ਣੀ ਕਿਉਂਕਿ ਇਨ੍ਹਾਂ ਦੀ ਪਰਵਰਿਸ਼ ਕਰਨ ਵਾਲ਼ੀ ਵੱਡੀ ਰਾਖਸ਼ਣੀ ਮਾਤਾ ਹੈ। ਜਿਸ ਨੇ ਨਾ ਧਰਮ ਆਪ ਸਮਝਿਆ, ਨਾ ਇਨ੍ਹਾਂ ਨੂੰ ਦੱਸਿਆ।

(3). ਕਰਮਕਾਂਡੀ ਅਤੇ ਉਸ ਦੀ ਮਾਤਾ ਲਈ ਬਚਨ, ‘‘ਕਬੀਰ ! ਮਾਇ ਮੂੰਡਉ ਤਿਹ ਗੁਰੂ ਕੀ; ਜਾ ਤੇ ਭਰਮੁ ਜਾਇ   ਆਪ ਡੁਬੇ ਚਹੁ ਬੇਦ ਮਹਿ; ਚੇਲੇ ਦੀਏ ਬਹਾਇ ੧੦੪’’ (ਭਗਤ ਕਬੀਰ/੧੩੭੦) ਭਾਵ ਉਸ ਗੁਰੂ (ਬ੍ਰਾਹਮਣ) ਦੀ ਮਾਂ ਦਾ ਸਿਰ ਮੁੰਨ ਦਿਓ (ਸਿਰ ਮੁੰਨਣਾ; ਵਿਧਵਾ ਹੋਣ ਦਾ ਪ੍ਰਤੀਕ ਹੈ), ਜਿਸ ਦੀ ਸਿੱਖਿਆ ਨਾਲ਼ ਮਨ ਦਾ ਭਰਮ ਦੂਰ ਨਹੀਂ ਹੁੰਦਾ। ਇਸ ਤੀਸਰੇ ਵਰਗ ਲਈ ਹੀ ਗੁਰੂ ਜੀ ਉਪਦੇਸ਼ ਕਰਦੇ ਹਨ, ‘‘ਕਰਤੂਤਿ ਪਸੂ ਕੀ ਮਾਨਸ ਜਾਤਿ   ਲੋਕ ਪਚਾਰਾ ਕਰੈ; ਦਿਨੁ ਰਾਤਿ   ਬਾਹਰਿ ਭੇਖ; ਅੰਤਰਿ ਮਲੁ ਮਾਇਆ   ਛਪਸਿ ਨਾਹਿ; ਕਛੁ ਕਰੈ ਛਪਾਇਆ ’’ (ਸੁਖਮਨੀ/ਮਹਲਾ /੨੬੭) ਇੱਥੇ ਜੇਕਰ ਮੰਨੀਏ ਕਿ ਨਾਸਤਿਕ ਬੰਦੇ ਨੂੰ ਪਸ਼ੂ ਸਮਾਨ ਮੰਨਿਆ ਹੈ ਤਾਂ ਉਹ ਕਦੇ ਵਿਖਾਵੇ ਮਾਤਰ ਧਾਰਮਿਕ ਕੰਮ (ਲੋਕ ਪਚਾਰਾ) ਨਹੀਂ ਕਰਦਾ ਹੁੰਦਾ, ਇਸ ਲਈ ਇੱਥੇ ਪਾਖੰਡੀ ਜ਼ਿੰਦਗੀ ਦੀ ਤੁਲਨਾ ਪਸ਼ੂ ਦੀ ਟੀਚਾ ਰਹਿਤ ਜ਼ਿੰਦਗੀ ਨਾਲ਼ ਕੀਤੀ ਹੈ, ਜੋ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਭੋਗ ਰਹੇ ਸੱਚੇ ਭਗਤਾਂ ਦੀ ਨਕਲ ਕਰਕੇ ਧਰਮੀ ਬਣਨ ਚੱਲਿਆ ਸੀ, ਪਰ ਰਸਤੇ ’ਚ ਰੁਕ ਗਿਆ, ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ   ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ੯੬’’ (ਭਗਤ ਕਬੀਰ/੧੩੬੯) ਬਾਣੀਕਾਰਾਂ ਨੇ ਜ਼ਿਆਦਾਤਰ ਇਸ ਕਰਮਕਾਂਡੀ ਜਮਾਤ ਨੂੰ ਹੀ ਹਲੂਣਿਆ ਹੈ ਤਾਂ ਕਿ ਇਹ ਲੋਕ, ਅਪਣੀ ਰੋਕ (ਮਨਹਠ) ਨੂੰ ਦੂਰ ਕਰ ਅਗਾਂਹ ਵਧਣ, ਜਿਸ ਧਰਮ ਲਈ ਇਹ ਚੱਲਣਾ ਚਾਹ ਰਹੇ ਹਨ।

ਜੇਕਰ ਵਿਗਿਆਨਿਕ ਚਸ਼ਮੇ ਵਾਲ਼ੀ ਸਿੱਖ-ਸੋਚ ਮੁਤਾਬਕ ਹਰ ਬੰਦੇ ਦੀ ਵਾਸ਼ਨਾ ਨੂੰ (ਆਵਾਗਮਣ ਦੀ ਬਜਾਇ) ਪਸ਼ੂ-ਪੰਛੀ ਨਾਲ਼ ਤੋਲੀਏ ਤਾਂ (1). ਬੱਚੇਦਾਨੀ ਕਢਵਾ ਚੁੱਕੀ ਕੁੱਤੀ ਅੰਦਰ ਕਾਮ-ਵਾਸ਼ਨਾ ਨਹੀਂ ਰਹਿੰਦੀ ਜਦਕਿ ਔਰਤ ਅੰਦਰ ਬੱਚੇਦਾਨੀ ਕਢਵਾ ਕੇ ਭੀ ਕਾਮ ਰੋਗ ਬਰਕਰਾਰ ਰਹਿੰਦਾ ਹੈ। ਮਨੁੱਖ ਜਾਤੀ ਅੰਤਰ ਚੇਤਨਾ ਵੱਧ ਹੋਣ ਕਾਰਨ ਇਸ ਨੇ ਆਪਣੇ ਰਸ-ਕਸ (ਜਾਨਵਰਾਂ ਦੇ ਮੁਕਾਬਲੇ) ਬਹੁਤ ਵਧਾ ਲਏ ਹਨ ਤਾਹੀਓਂ ਭਗਤ ਰਵਿਦਾਸ ਜੀ ਨੇ ਕਿਹਾ ਕਿ ਹਿਰਨ, ਮੱਛੀ, ਭੌਰਾ, ਪਤੰਗਾ ਤੇ ਹਾਥੀ; ਇੱਕ ਇੱਕ ਰੋਗ ਕਾਰਨ ਪਰ ਅਧੀਨ ਹੋ ਜਾਂਦੇ ਹਨ ਭਾਵ ਆਪਣੀ ਅਜ਼ਾਦੀ ਗਵਾ ਲੈਂਦੇ ਹਨ, ਪਰ ਮਨੁੱਖ ਅੰਦਰ ਤਾਂ ਇਹ ਪੰਜੇ ਹੀ ਰੋਗ ਹਨ। ਗੁਰੂ ਦੀ ਮਿਹਰ ਤੋਂ ਬਿਨਾਂ ਇਹ ਧਰਮ ਕਮਾਅ ਲਏਗਾ; ਇਸ ਦੀ, ਉਸ ਪਾਸੋਂ ਉੱਕਾ ਹੀ ਉਮੀਦ ਨਹੀਂ ਰੱਖਣੀ ਚਾਹੀਦੀ, ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ   ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ  ?’’ (ਭਗਤ ਰਵਿਦਾਸ/੪੮੬) ਕੁੱਤਾ, ਪਸ਼ੂ, ਪੰਛੀ ਆਪਣਾ ਇੱਕ ਦਿਨ ਦਾ ਪੇਟ ਭਰਨ ਤੱਕ ਲਾਲਚ ਕਰਦੇ ਹਨ ਜਦਕਿ ਮਨੁੱਖ; ਅਪਣੀਆਂ ਕਈ ਪੀੜੀਆਂ ਲਈ ਧਨ-ਪਦਾਰਥ ਜੋੜਨ ’ਚ ਸਾਰੀ ਉਮਰ ਗਵਾਉਂਦਾ ਹੈ।

(2). ਬਾਣੀਕਾਰਾਂ ਨੇ ਪਸ਼ੂ-ਪੰਛੀਆਂ ਦੀ ਰਹਿਣੀ ਨੂੰ ਸਾਲਾਹਿਆ ਭੀ ਹੈ; ਜਿਵੇਂ ਕਿ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਭਾਵ ਹਿਰਨ, ਮੱਛੀ, ਪੰਛੀ ਆਦਿ ਜਾਨਵਰ ਜੋ ਭੀ ਬੋਲਦੇ ਹਨ ਉਹ ਇਲਾਹੀ ਪ੍ਰੇਰਨਾ ਦਾ ਹੀ ਪਾਲਣ ਕਰ ਰਹੇ ਹਨ, ਇਸ ਲਈ ਮਨੁੱਖ ਦੇ ਚਸਕਿਆਂ ਦੀ ਇਨ੍ਹਾਂ ਨਾਲ਼ ਤੁਲਨਾ ਕਰਨੀ; ਇਨ੍ਹਾਂ ਜੂਨਾਂ ਦਾ ਨਿਰਾਦਰ ਹੈ। ਬਾਣੀਕਾਰਾਂ ਨੇ ਮਨੁੱਖ ਨੂੰ ਇਨ੍ਹਾਂ ਜੂਨਾਂ ਤੋਂ ਘਟੀਆ ਜ਼ਿੰਦਗੀ ਭੋਗਣ ਦਾ ਅਹਿਸਾਸ ਕਰਾਇਆ ਹੈ; ਜਿਵੇਂ ਕਿ ਬਚਨ ਹਨ (ੳ). ‘‘ਕਬੀਰ ! ਸਾਕਤ ਤੇ ਸੂਕਰ (ਸੂਰ) ਭਲਾ; ਰਾਖੈ ਆਛਾ ਗਾਉ   ਉਹੁ ਸਾਕਤੁ ਬਪੁਰਾ ਮਰਿ ਗਇਆ; ਕੋਇ ਲੈਹੈ ਨਾਉ ੧੪੩’’ (ਭਗਤ ਕਬੀਰ/੧੩੭੨) ਭਾਵ ਨਾਸਤਿਕ ਬੰਦੇ ਨਾਲ਼ੋਂ ਸੂਰ ਚੰਗਾ ਹੈ, ਜੋ ਗੰਦਗੀ ਖਾ ਕੇ ਪਿੰਡ ਦੀ ਸਫ਼ਾਈ ਕਰਦਾ ਹੈ। ਮੂਰਖ ਤਾਂ ਸਮਾਜ ’ਚ ਗੰਦਗੀ ਫੈਲਾਉਂਦਾ ਹੈ। ਆਪਣੇ ਮਾਲਕ ਨੂੰ ਭੁਲਾ ਕੇ ਮਨਮਤ ਦਾ ਮਾਣ ਕਰਦਾ ਹੋਇਆ ਸਮਾਜ ਨੂੰ ਵੰਡਦਾ ਹੈ।

(ਅ). ਕਬੀਰ ! ਬੈਸਨਉ ਕੀ ਕੂਕਰਿ ਭਲੀ; ਸਾਕਤ ਕੀ ਬੁਰੀ ਮਾਇ   ਓਹ ਨਿਤ ਸੁਨੈ ਹਰਿ ਨਾਮ ਜਸੁ; ਉਹ ਪਾਪ ਬਿਸਾਹਨ ਜਾਇ ੫੨’’ (ਭਗਤ ਕਬੀਰ/੧੩੬੭) ਭਾਵ ਨਾਸਤਿਕ ਬੰਦੇ ਦੀ ਮਾਤਾ ਨਾਲ਼ੋਂ ਭਗਤ ਦੀ ਕੁੱਤੀ ਚੰਗੀ ਹੈ ਕਿਉਂਕਿ ਚੰਗੇ ਸੰਸਕਾਰਾਂ ਤੋਂ ਵਾਂਝਾ ਨਾਸਤਿਕ ਬੰਦਾ; ਪਾਪ ਇਕੱਠੇ ਕਰਨ ਦੌੜਦਾ ਹੈ ਜਦਕਿ ਭਗਤ ਦੀ ਕੁੱਤੀ; ਭਗਤ ਪਾਸੋਂ ਹਰੀ ਦਾ ਨਾਮ ਸੁਣਦੀ ਹੈ, ਚੰਗੇ ਸੰਸਕਾਰ ਗ੍ਰਹਿਣ ਕਰਦੀ ਹੈ। ਸੋ ਇਹ ਕਹਿਣਾ ਕਿ ‘‘ਕਈ ਜਨਮ ਭਏ ਕੀਟ ਪਤੰਗਾ   ਕਈ ਜਨਮ ਗਜ ਮੀਨ ਕੁਰੰਗਾ ’’ ਵਾਕ ਆਵਾਗਮਣ ਨਾਲ਼ ਸਬੰਧਿਤ ਨਹੀਂ ਬਲਕਿ ਇਸੇ ਜਨਮ ’ਚ ਮਨੁੱਖ ਦੇ ਸੁਭਾਅ ਨਾਲ਼ ਜੁੜਿਆ ਹੈ, ਨਿਰੋਲ ਮਨਮਤਿ ਦਾ ਪ੍ਰਚਾਰ ਹੈ, ਨਾ ਕਿ ਗੁਰਮਤਿ ਦਾ।

ਪੰਜਾਬ ਦੇ ਬਹੁਤਾਤ ਲੋਕ; ਭੂਤਾਂ-ਪ੍ਰੇਤਾਂ ਦੀ ਹੋਂਦ ਤੋਂ ਪ੍ਰਭਾਵਤ ਹਨ। ਉਨ੍ਹਾਂ ਨੂੰ ਇਹ ਕਹਿਣਾ ਬਣਦਾ ਹੈ ਕਿ ਪ੍ਰਭੂ ਦਾ ਨਾਮ ਜਪੋ ਤਾਂ ਕਿ ਭੂਤ-ਪ੍ਰੇਤ ਤੁਹਾਡੇ ਨੇੜੇ ਨਾ ਆ ਸਕਣ ਯਾਨੀ ਚੌਥੇ ਢੰਗ (ਡਰ-ਸ਼ਾਸਤਰ) ਰਾਹੀਂ ਧਰਮ ਨਾਲ਼ ਜੋੜਿਆ ਜਾ ਸਕਦਾ ਹੈ; ਜਿਵੇਂ ਕਿ ਪਾਵਨ ਬਚਨ ਹਨ, ‘‘ਰਾਮ ਨਾਮੁ ਜੋ ਜਨੁ ਜਪੈ; ਅਨਦਿਨੁ ਸਦ ਜਾਗੈ   ਤੰਤੁ ਮੰਤੁ ਨਹ ਜੋਹਈ; ਤਿਤੁ ਚਾਖੁ ਲਾਗੈ ਰਹਾਉ ’’ (ਮਹਲਾ /੮੧੮) ਤੰਤੁ, ਮੰਤੁ ਤੇ ਚਾਖੁ ਤੋਂ ਭਾਵ ਹੈ ‘ਜਾਦੂ-ਟੁਣਾ ਤੇ ਭੈੜੀ ਨਜ਼ਰ’, ਪਰ ਵਿਗਿਆਨ ਦਾ ਪੂਜਾਰੀ; ਇਸ ਡਰ-ਸ਼ਾਸਤਰ ਦੇ ਪ੍ਰਭਾਵ ਨੂੰ ਭੀ ਇਸ ਵਾਕ ਨਾਲ਼ ਬੇਅਸਰ ਕਰ ਬੈਠਦਾ ਹੈ, ‘‘ਕਬੀਰ ! ਜਾ ਘਰ ਸਾਧ ਸੇਵੀਅਹਿ; ਹਰਿ ਕੀ ਸੇਵਾ ਨਾਹਿ   ਤੇ ਘਰ ਮਰਹਟ ਸਾਰਖੇ; ਭੂਤ ਬਸਹਿ ਤਿਨ ਮਾਹਿ ’’ (ਭਗਤ ਕਬੀਰ/੧੩੭੪) ਯਾਨੀ ਉਸ ਮੁਤਾਬਕ ਭੂਤ-ਪ੍ਰੇਤ ਭੀ ਉਹ ਜੀਵਤ ਲੋਕ ਹਨ, ਜੋ ਨਾਮ ਨਹੀਂ ਜਪਦੇ, ਪਰ ਇਨ੍ਹਾਂ ਪਾਵਨ ਬਚਨਾਂ ਦਾ ਸਹੀ ਅਰਥ ਹੈ ‘ਜਿਸ ਘਰ ’ਚ ਗੁਰਮੁਖਾਂ ਦੀ ਇੱਜ਼ਤ ਨਹੀਂ ਹੁੰਦੀ। ਹਰੀ ਦੀ ਬੰਦਗੀ ਨਹੀਂ ਹੁੰਦੀ; ਉਹ ਘਰ ਮਾਨੋ ਮਸਾਣਾਂ ਵਰਗੇ ਹਨ, ਜਿੱਥੇ ਭੂਤ ਰਹਿੰਦੇ ਹਨ। ‘ਮਰਹਟ ਸਾਰਖੇ’ ਦਾ ਅਰਥ ਹੈ ‘ਕਬਰਾਂ ਵਰਗੇ, ਮਸਾਣਾ ਸਮਾਨ’ ਕਿਉਂਕਿ ਸਿਵਿਆਂ ’ਚ ਦਫ਼ਨਾਏ ਮੁਰਦੇ; ਉੱਠ ਕੇ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਦੇ ਸਕਦੇ। ਸੋ ਇੱਥੇ ਮਨਮੁਖ ਬੰਦੇ ਦੇ ਘਰ ਦੀ ਤੁਲਨਾ ਮਸਾਣ/ਕਬਰਸਤਾਨ ਨਾਲ਼ ਹੈ, ਨਾ ਕਿ ਭੂਤਾਂ-ਪ੍ਰੇਤਾਂ ਦੀ ਹੋਂਦ ਜਾਂ ਅਣਹੋਂਦ ਨਾਲ਼। ਇਸੇ ਡਰ-ਸ਼ਾਸਤਰ ਨਾਲ਼ ਈਸਾਈ ਪਾਦਰੀ; ਪੰਜਾਬੀ ਲੋਕਾਂ ਨੂੰ ਆਪਣੇ ਮਜ਼੍ਹਬ ਨਾਲ਼ ਜੋੜ ਰਹੇ ਹਨ, ਫਿਰ ਇਹੀ ਅਖੌਤੀ ਪ੍ਰਚਾਰਕ; ਸਰਕਾਰਾਂ ਅਤੇ ਸਿਆਸੀ ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹਨ। ਲੋੜ ਹੈ ਪੰਜਾਬੀਆਂ ਨੂੰ ਸਿੱਧੇ ਸੰਬੋਧਨ ਕਰਕੇ ਗੁਰੂ ਘਰ ਪ੍ਰਤੀ ਬਣੀ ਉਨ੍ਹਾਂ ਦੀ ਸ਼ਰਧਾ ਅੰਦਰ ਆਪਣੇ ਸੁਨਹਿਰੇ ਇਤਿਹਾਸਿਕ ਹਵਾਲਿਆਂ ਨਾਲ਼ ਚੇਤਨਾ ਤੇ ਅਣਖ ਪੈਦਾ ਕਰਨ ਦੀ, ਨਾ ਕਿ ਹੋਰਾਂ ਨੂੰ ਜ਼ਿੰਮੇਵਾਰ ਠਹਿਰਾਅ ਆਪ ਮਾਇਆ ਇਕੱਤਰ ਕਰ ਘਰਾਂ ’ਚ ਬੈਠਣ ਦੀ। ਪਿੱਛੇ ਜਿਹੇ ਖਾਲਿਸਤਾਨ ਦੇ ਨਾਂ ’ਤੇ ਚੱਲੀ ਲਹਿਰ ਨੇ ਨੌਜਵਾਨੀ ਨੂੰ ਇਹ ਅਹਿਸਾਸ ਕਰਾਇਆ ਭੀ, ਜਿਸ ਦੇ ਨਤੀਜੇ ਵਜੋਂ ਨੌਜਵਾਨ ਨਸ਼ਿਆਂ ਵੱਲੋਂ ਮੁੜ ਕੇ ਗੁਰੂ ਨਾਲ਼ ਦਿਲੋਂ ਜੁੜਨਾ ਸ਼ੁਰੂ ਹੋ ਗਏ ਸਨ। ਕੁੱਝ ਸੁਹਿਰਦ ਪ੍ਰਚਾਰਕ ਇਸ ਦਰਦ ਨੂੰ ਸਮਝਦੇ ਹੋਏ ਆਪਣਾ ਫ਼ਰਜ਼ ਅਦਾ ਕਰ ਭੀ ਰਹੇ ਹਨ, ਪਰ ਉਨ੍ਹਾਂ ਦੀ ਅਵਾਜ਼ ਉਕਤ ਮਨਮਤੀ ਰੋਲ਼ੇ-ਰੱਪੇ ’ਚ ਹੀ ਗਵਾਚ ਜਾਂਦੀ ਹੈ। ਜ਼ਿਆਦਾਤਰ ਨੌਜਵਾਨ ਸਿੱਖ ਸੰਗਤ ਭੀ ਗੁਰੂ ਘਰ; ਆਪਾ ਸੰਵਾਰਨ ਨਹੀਂ ਜਾਂਦੀ ਬਲਕਿ ਕੁੱਕੜਾਂ ਵਾਙ ਪ੍ਰਚਾਰਕਾਂ ਪਾਸੋਂ ਵਿਚਾਰਕ ਵਿਰੋਧੀਆਂ ਦੀ ਲਾਹ-ਪਾਹ ਸੁਣਨਾ ਪਸੰਦ ਕਰਦੀ ਹੈ। ਇਸ ਤਰ੍ਹਾਂ ਗੁਰਮਤਿ ਅਨੁਸਾਰੀ ਜ਼ਮੀਨੀ ਹਾਲਾਤ ਨਹੀਂ ਸਿਰਜ ਹੁੰਦੇ ਬਲਕਿ ਜ਼ਮੀਨੀ ਹਾਲਾਤਾਂ ਅਨੁਸਾਰ ਪ੍ਰਚਾਰਕਾਂ ਦੀ ਬੋਲ-ਚਾਲ ਬਦਲਦੀ ਵੇਖੀਦੀ ਹੈ।

ਡੇਰੇਦਾਰ ਸਿੱਖ ਤਾਂ ਗੁਰੂ ਸ਼ਬਦ ਨੂੰ ਸਮਝਣ ਤੋਂ ਬਹੁਤ ਦੂਰ ਹਨ। ਉਨ੍ਹਾਂ ਦਾ ਬਹੁਤਾ ਜ਼ੋਰ ਤਾਂ ਗੁਰੂ ਸਰੀਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੀ ਸਤਿਕਾਰ ਨੂੰ ਬਣਾਏ ਰੱਖਣ ਦੇ ਇਰਦ-ਗਿਰਦ ਰਹਿੰਦਾ ਹੈ ਤਾਂ ਕਿ ਨਿਰਾਕਾਰ (ਪ੍ਰਭੂ) ਦੇ ਮੁਕਾਬਲੇ ਆਕਾਰ (ਸਰਗੁਣ/ਸਰੀਰ) ਦੀ ਵੱਧ ਲੋੜ ਭੋਲ਼ੀਆਂ-ਭਾਲ਼ੀਆਂ ਸੰਗਤਾਂ ਨੂੰ ਮਹਿਸੂਸ ਕਰਾ ਕੇ ਗੁਰੂ ਪਦ ਵਾਲ਼ੀ ਫ਼ੀਲਿੰਗ; ਸੰਤ, ਬ੍ਰਹਮਗਿਆਨੀ ਬਣ ਕੇ ਲਈ ਜਾ ਸਕੇ। ਗੁਰਬਾਣੀ ਦੇ 705 ਅੰਕ ’ਤੇ ਕੀਤੀ ਜਾਂਦੀ ‘ਮੱਧ ਦੀ ਅਰਦਾਸ’; ਇਸੇ ਸੋਚ ਦੀ ਕੜੀ ਹੈ। ਜੇਕਰ ਅੰਕ (ਜਾਂ ਸ਼ਬਦ) ਸੰਖਿਆ ਦੀ ਥਾਂ ਗੁਰਮਤਿ ਸਿਧਾਂਤ ਨੂੰ ਸਰਬੋਤਮ ਮੰਨਿਆ ਹੁੰਦਾ ਤਾਂ ਸਿਧਾਂਤ ਦਾ ‘ਮੱਧ’ ਨਹੀਂ ਹੁੰਦਾ, ਭੀ ਸਮਝ ਆ ਜਾਣਾ ਸੀ। ਗੁਰੂ ਸਾਹਿਬਾਨ ਨੇ ਸ਼ਬਦ (ਸਿਧਾਂਤ) ਨੂੰ ਹੀ ‘ਅਸਲ ਗੁਰੂ’ ਕਿਹਾ ਹੈ; ਜਿਵੇਂ ਕਿ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ (ਮਹਲਾ /੯੪੩), ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ (ਮਹਲਾ /੫੧੫), ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ (ਮਹਲਾ /੯੮੨), ਪੋਥੀ; ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਧਿਆਨ ਰਹੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਪਹਿਲਾਂ ‘ਪੋਥੀ ਸਾਹਿਬ’ ਜਾਂ ‘ਆਦਿ ਗ੍ਰੰਥ’ ਕਿਹਾ ਜਾਂਦਾ ਸੀ। ਇਹ ਸਭ ਬੋਲ; ਡੇਰੇਵਾਦੀ ਸੋਚ ਦੇ ਉਲ਼ਟ ਹਨ ਭਾਵ ਗੁਰੂ-ਸਰੀਰ ਦੇ ਮੁਕਾਬਲੇ ਸ਼ਬਦ-ਸਿਧਾਂਤ ਨੂੰ ਸਰਬੋਤਮ ਕਹਿਣ ਲਈ ਉਚਾਰੇ ਗਏ ਹਨ। 

ਜਿਸ ਤਰ੍ਹਾਂ ਇੱਕ ਫਲ਼ਦਾਰ ਰੁੱਖ ਲਗਾਉਣ ਦਾ ਤਦ ਹੀ ਲਾਭ ਹੁੰਦਾ ਹੈ, ਜੇ ਉਸ ਉੱਤੇ ਫਲ਼ ਲੱਗਣ। ਧਰਮੀ ਬਣਨ ਦਾ ਭੀ ਤਦ ਲਾਭ ਹੈ, ਜੇ ਸਰੀਰਕ ਮੌਤ ਹੋਣ ਤੱਕ ਵਿਕਾਰ-ਵਾਸ਼ਨਾ ਤੋਂ ਮੁਕਤ ਹੋਇਆ ਜਾ ਸਕੇ। ਐਸੇ ਜੀਵਨ ਦੀ ਮਿਸਾਲ ਨਾਲ਼ ਹੋਰਾਂ ਅੰਦਰ ਚੇਤਨਾ ਭਰੀ ਜਾ ਸਕਦੀ ਹੈ। ਜ਼ਰਾ ਸੋਚੀਏ ਕਿ ਕਿਸੇ ਦੀ ਮੌਤ ਉਪਰੰਤ ਪ੍ਰਚਾਰਕਾਂ ਮੂੰਹੋਂ ਨਿਕਲੇ ਹੇਠਲੇ ਕਿਹੜੇ ਬੋਲ ਜੀਵਨ ਬਦਲਾਅ ’ਚ ਵੱਧ ਸਹਾਈ ਹੋਣਗੇ :

(1). ਪਹਿਲਾ ਪ੍ਰਚਾਰਕ : ਹਰ ਮਨੁੱਖ ਪ੍ਰਮਾਤਮਾ ਵੱਲੋਂ ਦਿੱਤੀ ਸੁਆਸਾਂ ਦੀ ਪੂੰਜੀ ਲੈ ਕੇ ਜਗਤ ’ਚ ਆਉਂਦਾ ਹੈ ਤੇ ਉਸ ਨੂੰ ਖ਼ਤਮ ਕਰ ਇੱਥੋਂ ਚਲਾ ਜਾਂਦਾ ਹੈ; ਜਿਵੇਂ ਕਿ ਬਚਨ ਹਨ, ‘‘ਜੇਹਾ ਚੀਰੀ ਲਿਖਿਆ; ਤੇਹਾ ਹੁਕਮੁ ਕਮਾਹਿ   ਘਲੇ ਆਵਹਿ ਨਾਨਕਾ! ਸਦੇ ਉਠੀ ਜਾਹਿ ’’ (ਮਹਲਾ /੧੨੩੯) ਇੱਥੇ ‘ਚੀਰੀ’ ਦਾ ਅਰਥ ‘ਭਾਗ, ਨਸੀਬ, ਕਰਮੁ’ ਹੈ, ਜਿਸ ਅਨੁਸਾਰ ਇਲਾਹੀ ਹੁਕਮ ਵਾਪਰਦਾ ਕਿਹਾ ਹੈ। (ਇਸ ‘ਚੀਰੀ’ ਦੀ ਵਿਆਖਿਆ ਅਗਲੇ ਭਾਗ 3 ’ਚ ਕੀਤੀ ਜਾਏਗੀ) ਸੋ ਐਸਾ ਸ਼ਬਦ; ਉਸ ਬੰਦੇ ਦੀ ਮੌਤ ’ਤੇ ਬੋਲਣਾ ਸਹੀ ਹੁੰਦਾ ਹੈ, ਜਿਸ ਦੀ ਅਚਾਨਕ ਮੌਤ ਹੋਈ ਹੋਵੇ ਕਿਉਂਕਿ ਉਸ ਸਮੇਂ ਮਿਰਤਕ ਦੇ ਪਰਵਾਰ ਨੂੰ ਧੀਰਜ ਦੇਣਾ ਜ਼ਰੂਰੀ ਹੁੰਦਾ ਹੈ, ਨਾ ਕਿ ਕਿਸੇ ਬਜ਼ੁਰਗ ਦੀ ਮੌਤ ’ਤੇ ਇਹ ਸ਼ਬਦ ਪੜ੍ਹਨਾ ਢੁਕਵਾਂ ਹੈ।

(2). ਦੂਜਾ ਪ੍ਰਚਾਰਕ :ਇਸ ਮੌਤ ਤੋਂ ਸਾਨੂੰ ਸਾਰਿਆਂ ਨੂੰ ਆਪਣੀ ਮੌਤ ਚੇਤੇ ਆਉਣੀ ਚਾਹੀਦੀ ਹੈ ਕਿ ਅਸਾਂ ਭੀ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਸੁਆਸਾਂ ਦੀ ਪੂੰਜੀ ਅਵੱਸ਼ ਖ਼ਤਮ ਹੋਣੀ ਹੈ; ਜਿਵੇਂ ਕਿ ਤਰੇੜ ਖਾਧੇ ਘੜੇ ’ਚੋਂ ਥੋੜ੍ਹਾ ਥੋੜ੍ਹਾ ਪਾਣੀ ਰਿਸਣ/ਟਪਕਣ ਨਾਲ਼ ਘੜੇ ’ਚੋਂ ਇਕ ਸਮੇਂ ਪਾਣੀ ਖ਼ਤਮ ਹੋ ਜਾਂਦਾ ਹੈ। ਪਾਵਨ ਬਚਨ ਹਨ, ‘‘ਚੇਤਨਾ ਹੈ ਤਉ ਚੇਤ ਲੈ; ਨਿਸਿ ਦਿਨਿ ਮੈ ਪ੍ਰਾਨੀ!   ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ਰਹਾਉ ’’ (ਮਹਲਾ /੭੨੬) ਮੌਤ ਨੂੰ ਸਮੇਂ ਤੋਂ ਪਹਿਲਾਂ ਚੇਤੇ ਕਰਕੇ ਬਾਬਾ ਬੁੱਢਾ ਜੀ (ਸੰਨ 1506-1631/ਉਮਰ 125 ਸਾਲ) ਨੇ ਆਪਣਾ ਜੀਵਨ ਸਫਲਾ ਕਰ ਲਿਆ ਸੀ। ਮਹਾਤਮਾ ਬੁੱਧ (ਸਿਧਾਰਥ ਗੌਤਮ/ਈਸਾ ਪੂਰਵ 563-483/ਉਮਰ 80 ਸਾਲ); ਇੱਕ ਮਿਰਤਕ ਸਰੀਰ ਵੇਖ ਕੇ ਹੀ ਆਪਣਾ ਰਾਜ-ਭਾਗ ਛੱਡ ਜੀਵਨ ਸਫਲਾ ਕਰਨ ਲਈ ਜੰਗਲ਼ਾਂ ’ਚ ਚਲਾ ਗਿਆ ਸੀ। ਪਾਪੀ ਬੰਦਾ ਆਪਣੀ ਮੌਤ ਨੂੰ ਕਦੇ ਚੇਤੇ ਨਹੀਂ ਰੱਖਦਾ ਤਾਹੀਓਂ ਗੁਰਬਾਣੀ ਨੇ ਮੌਤ ਨੂੰ ਵਾਰ-ਵਾਰ ਚੇਤੇ ਕਰਾਇਆ ਹੈ, ‘‘ਭਾਈ ਰੇ ! ਇਉ ਸਿਰਿ ਜਾਣਹੁ ਕਾਲੁ   ਜਿਉ ਮਛੀ ਤਿਉ ਮਾਣਸਾ; ਪਵੈ ਅਚਿੰਤਾ ਜਾਲੁ ਰਹਾਉ (ਮਹਲਾ /੫੫), ਦਿਨਸੁ ਚੜੈ ਫਿਰਿ ਆਥਵੈ; ਰੈਣਿ ਸਬਾਈ ਜਾਇ   ਆਵ ਘਟੈ, ਨਰੁ ਨਾ ਬੁਝੈ; ਨਿਤਿ ਮੂਸਾ ਲਾਜੁ (ਚੂਹਾ ਰੱਸੀ) ਟੁਕਾਇ (ਮਹਲਾ /੪੧), ਦ੍ਰਿੜੁ ਕਰਿ ਮਾਨੈ; ਮਨਹਿ ਪ੍ਰਤੀਤਿ   ਕਾਲੁ ਆਵੈ; ਮੂੜੇ ਚੀਤਿ ’’ (ਸੁਖਮਨੀ/ਮਹਲਾ /੨੬੮), ਫਰੀਦਾ ! ਮਉਤੈ ਦਾ ਬੰਨਾ ਏਵੈ ਦਿਸੈ; ਜਿਉ ਦਰੀਆਵੈ ਢਾਹਾ (ਕੰਢਾ)         ਅਗੈ ਦੋਜਕੁ ਤਪਿਆ ਸੁਣੀਐ; ਹੂਲ ਪਵੈ ਕਾਹਾਹਾ (ਬਾਬਾ ਫਰੀਦ/੧੩੮੩), ਹਰਿ ਗੁਨ ਕਾਹਿ ਗਾਵਹੀ ? ਮੂਰਖ ਅਗਿਆਨਾ ! ਝੂਠੈ ਲਾਲਚਿ (’) ਲਾਗਿ ਕੈ; ਨਹਿ ਮਰਨੁ ਪਛਾਨਾ ’’ (ਮਹਲਾ /੭੨੬)  ਸੋ ਕਿਸੇ ਦੀ ਮੌਤ ਸਮੇਂ ਇਕੱਤਰ ਹੋਈ ਸੰਗਤ ਨੂੰ ਮੌਤ ਚੇਤੇ ਕਰਾਉਣੀ; ਜੀਵਨ ਬਦਲਾਅ ਲਈ ਸਭ ਤੋਂ ਢੁਕਵਾਂ ਸਮਾਂ (ਤੇ ਉਪਾਅ) ਹੁੰਦਾ ਹੈ।

(3). ਤੀਜਾ ਪ੍ਰਚਾਰਕ : ਕਿਸੇ ਦੇ ਮਰਨ ਉਪਰੰਤ ਪਿੰਡ-ਪੱਤਲ ਕਿਰਿਆ ਲਈ ਦਾਨ ਲੈਣ ਦੇ ਬਹਾਨੇ ਪੰਡਿਤ; ਆਪਣੇ ਜਜਮਾਨਾਂ ਨੂੰ ਲੁੱਟਦੇ ਹਨ; ਜਿਵੇਂ ਕਿ ਬਚਨ ਹਨ, ‘‘ਜੀਵਤ ਪਿਤਰ ਮਾਨੈ ਕੋਊ; ਮੂਏਂ ਸਿਰਾਧ ਕਰਾਹੀ   ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ? ਕਊਆ ਕੂਕਰ ਖਾਹੀ ’’ (ਭਗਤ ਕਬੀਰ/੩੩੨) ਭਾਵ ਬਜ਼ੁਰਗਾਂ ਦੀ ਕੋਈ ਸੇਵਾ ਨਹੀਂ ਕਰਦਾ। ਮਰਨ ’ਤੇ ਉਸ ਦੀ ਮੁਕਤੀ ਲਈ ਸਰਾਧ ਕਰਦੇ ਹਨ। ਲਾਚਾਰ ਪਿੱਤਰ ਭੀ ਉਸ ਦਾ ਲਾਭ ਕਿਵੇਂ ਲੈਣ ਕਿਉਂਕਿ ਜੌਂ, ਆਟੇ ਆਦਿ ਦੇ ਵੱਟੇ ਪਿੰਨਿਆਂ ਨੂੰ ਤਾਂ ਇੱਥੇ ਹੀ ਕਾਂ ਖਾ ਜਾਂਦੇ ਹਨ।

ਉਕਤ ਸ਼ਬਦਾਂ ਨੂੰ ਆਧਾਰ ਬਣਾ ਕੇ ਆਵਾਗਮਣ ਨੂੰ ਇਨ੍ਹਾਂ ਸ਼ਬਦਾਂ ਨਾਲ਼ ਰੱਦ ਕੀਤਾ ਜਾਂਦਾ ਹੈ, ‘‘ਪਵਨੈ ਮਹਿ ਪਵਨੁ ਸਮਾਇਆ   ਜੋਤੀ ਮਹਿ ਜੋਤਿ ਰਲਿ ਜਾਇਆ   ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ   ਕਉਨੁ ਮੂਆ ਰੇ  ? ਕਉਨੁ ਮੂਆ  ?  ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ   ਅਗਲੀ ਕਿਛੁ ਖਬਰਿ ਪਾਈ   ਰੋਵਨਹਾਰੁ ਭਿ ਊਠਿ ਸਿਧਾਈ .. ਇਹੁ ਤਉ ਰਚਨੁ (ਖੇਲ) ਰਚਿਆ ਕਰਤਾਰਿ (ਨੇ)  ਆਵਤ ਜਾਵਤ ਹੁਕਮਿ ਅਪਾਰਿ  ਨਹ ਕੋ ਮੂਆ; ਮਰਣੈ ਜੋਗੁ   ਨਹ ਬਿਨਸੈ; ਅਬਿਨਾਸੀ ਹੋਗੁ ਕਹੁ ਨਾਨਕ ! ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ ’’ (ਮਹਲਾ /੮੮੫) ਭਾਵ ਹਰ ਸਰੀਰ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਦਾ ਬਣਿਆ ਹੈ। ਮੌਤ ਉਪਰੰਤ ਹਵਾ ਤੱਤ; ਹਵਾ ’ਚ, ਪਾਣੀ ਤੱਤ; ਪਾਣੀ ’ਚ, ਮਿੱਟੀ ਤੱਤ; ਆਪਣੇ ਮੂਲ ਮਿੱਟੀ ਤੱਤ ’ਚ ਮਿਲ ਗਿਆ।  ਰੱਬ ਦੇ ਪਿਆਰੇ ਮਿਲ ਕੇ ਵਿਚਾਰ ਕਰਨ ਕਿ ਮਰਿਆ ਕੌਣ ਹੈ ? ਇਹ (ਜਨਮ-ਮਰਨ) ਤਾਂ ਇੱਕ ਖੇਡ ਸੀ, ਜੋ ਕਰਤਾਰ ਨੇ ਆਪਣੇ ਅਪਾਰ ਹੁਕਮ ਦੁਆਰਾ ਰਚੀ ਹੈ।

ਬਾਣੀਕਾਰਾਂ ਨੇ ਸਭ ਜੀਵਾਂ ਅੰਦਰ ਕਰਤਾਰ ਦੀ ਜੋਤਿ ਮੰਨੀ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ   ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ’’ (ਮਹਲਾ /੧੩), ਇਸੇ ਨੂੰ ਰੱਬ ਦੀ ਸਰਬ ਵਿਆਪਕਤਾ ਕਿਹਾ ਹੈ। ਇਹ ਜੋਤਿ; ਤੱਤਾਂ ਵਾਙ ਮਰਦੀ ਨਹੀਂ ਬਲਕਿ ਜੋਤਾਂ ਦੇ ਸਮੂਹ (ਪ੍ਰਭੂ) ’ਚ ਲੀਨ ਹੁੰਦੀ ਹੈ; ਜਿਵੇਂ ਕਿ ਇਸੇ ਵਾਕ ਦੀ ਤੁਕ ਹੈ, ‘‘ਜੋਤੀ ਮਹਿ ਜੋਤਿ ਰਲਿ ਜਾਇਆ ’’ ਯਾਨੀ ਮੌਤ ਸਮੇਂ ਸਰੀਰ ਅੰਦਰੋਂ ‘ਸਾਰੇ ਤੱਤ’ ਤੇ ‘ਜੋਤਿ’ ਨਿਕਲੇ ਜ਼ਰੂਰ, ਪਰ ਆਪਣਾ ਵਜੂਦ ਨਹੀਂ ਮਿਟਾ ਸਕੇ ਤਾਹੀਓਂ ਕਿਹਾ ਹੈ, ‘‘ਨਹ ਕੋ ਮੂਆ; ਮਰਣੈ ਜੋਗੁ   ਨਹ ਬਿਨਸੈ; ਅਬਿਨਾਸੀ ਹੋਗੁ ’’, ਇਹ ਸਮਝ ਭੀ ਤਦ ਹੁੰਦੀ ਹੈ ਜਦ ਗੁਰੂ ਨੇ ਭਰਮ-ਰੂਪ ਪਰਦਾ ਹਟਾਇਆ ਹੋਵੇ।

ਸੋ ਉਕਤ ਪੂਰੇ ਸ਼ਬਦ ’ਚ ਜੋਤਿ ਦੀ ਹੋਂਦ ਨੂੰ ਰੱਦ ਨਹੀਂ ਕੀਤਾ ਸਗੋਂ ਸਵੀਕਾਰਿਆ ਹੈ। ਇਹ ਜੋਤਿ (ਰੂਹ, ਆਤਮਾ, ਜਿੰਦ); ਰੱਬ ਦਾ ਅਕਸ ਹੋਣ ਕਾਰਨ ਸਰੀਰ ਨੂੰ ਜੀਵਤ ਰਹਿਣ ਸਮੇਂ ਸਹਾਰਾ ਦਿੰਦੀ ਹੈ। ਜਦ ਮਾਲਕ ਇਸ ਨੂੰ ਸਰੀਰ ’ਚੋਂ ਕੱਢ ਲੈਂਦਾ ਹੈ ਤਾਂ ਸਰੀਰਕ ਮੌਤ ਹੋ ਜਾਂਦੀ ਹੈ, ਮਨੁੱਖ ਬੋਲ ਕੇ ਕਿਸੇ ਨਾਲ਼ ਗੱਲ ਨਹੀਂ ਕਰ ਸਕਦਾ; ਜਿਵੇਂ ਕਿ ਬਚਨ ਹਨ, ‘‘ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀਤਬ ਕੋਈ ਕਰਉ ਦਿਖਾ ਵਖਿਆਨਾ ’’ (ਮਹਲਾ /੭੯੭) ਗ਼ੈਰ ਧਰਮਾਂ ਨੇ ਇਸ ਨੂੰ ਸੂਖਮ-ਸਰੀਰ ਕਿਹਾ, ਜੋ ਨਰਕ ਜਾਂ ਦੋਜਕ ’ਚ ਤਸੀਹੇ ਭੋਗਦਾ ਹੈ ਤੇ ਭਿਸਤ ਜਾਂ ਸੁਰਗ ’ਚ ਮੌਜ ਮਸਤੀ ਕਰਦਾ ਹੈ, ਪਰ ਗੁਰਬਾਣੀ; ਇਸ ਦੇ ਉਲ਼ਟ ਇਸ ਨੂੰ ਅਮਰ ਮੰਨਦੀ ਹੈ, ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ ?   ਤਾ ਕਾ ਅੰਤੁ ਕੋਊ ਪਾਈ ਰਹਾਉ ..  ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ; ਜੇ ਕੋਊ ਰੋਵੈ   ਜੋ ਰੋਵੈ ਸੋਈ ਪਤਿ ਖੋਵੈ ਕਹੁ ਕਬੀਰ ! ਇਹੁ ਰਾਮ ਕੀ ਅੰਸੁ   ਜਸ ਕਾਗਦ ਪਰ ਮਿਟੈ ਮੰਸੁ ’’ (ਭਗਤ ਕਬੀਰ/੮੭੧) ਭਾਵ ਇਹ ਰਾਮ ਦਾ ਰੂਪ (ਅੰਸ਼) ਹੈ। ਰਾਮ ਵਾਙ ਅਬਿਨਾਸੀ ਹੈ, ਜੋ ਕਾਗਜ਼ ’ਤੇ ਲਿਖੀ ਸਿਆਹੀ ਵਾਙ ਅਮਿੱਟ ਹੈ। ਇਨ੍ਹਾਂ ਦਾ ਰਿਸ਼ਤਾ ਅਟੁੱਟ ਹੈ। ਇਹ ਜੋਤਿ; ਆਵਾਗਮਣ ’ਚ ਨਹੀਂ ਜਾਂਦੀ ਬਲਕਿ ਮਨ ਦੀ ਮੈਲ਼ (ਹਉਮੈ/ਵਾਸ਼ਨਾ) ਅਗਲਾ ਜਨਮ ਕਰਾਉਂਦੀ ਹੈ; ਜਿਵੇਂ ਕਿ ਬਚਨ ਹਨ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ   ਜਨਮ ਮਰਣੁ ਉਸ ਹੀ (ਮੈਲ਼) ਕਉ ਹੈ ਰੇ! ਓਹਾ ਆਵੈ ਜਾਈ ’’ (ਮਹਲਾ /੯੯੯) ਭਾਈ ਗੁਰਦਾਸ ਜੀ ਇਸ ਭੇਦ ਨੂੰ ਹੋਰ ਸਪਸ਼ਟ ਕਰਦੇ ਹਨ, ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ ਮਰਮੁ ਕਉ ਪਾਵੈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੫) ਭਾਵ ਹਰ ਜੁਗ ’ਚ ਸਿਰਮੌਰ (ਮਨੁੱਖਾ) ਸਰੀਰ; ਵਾਸ਼ਨਾਵਾਂ ’ਚ ਬੱਝਿਆ ਰਹਿੰਦਾ ਹੈ। ਇਹ ਵਾਸ਼ਨਾਵਾਂ ਮੁੜ ਮੁੜ ਸਰੀਰ ਬਦਲਦੀਆਂ ਹਨ ਭਾਵ ਕਦੇ ਕੁੱਤਾ, ਕਦੇ ਪੰਛੀ, ਕਦੇ ਬਲ਼ਦ, ਆਦਿ। ਇਹ ਸੂਖਮ ਰਾਜ਼; ਕੋਈ ਵਿਰਲਾ ਗੁਰੂ ਪਿਆਰਾ ਹੀ ਜਾਣ ਸਕਦਾ ਹੈ। ਇਸ ਵਾਕ ਤੋਂ ਜਾਪਦਾ ਹੈ ਕਿ ਜੋ ਆਵਾਗਮਣ ਰੱਦ ਕਰਦੇ ਹਨ, ਉਹ ਗੁਰਬਾਣੀ ਦੇ ਅਰਥ ਸਮਝਣ ’ਚ ਅਸਮਰੱਥ ਹਨ।

ਦਰਅਸਲ ਉਨ੍ਹਾਂ ਦਾ ਇਹ ਤਰਕ ਕਿ ਮਰਨ ਉਪਰੰਤ ਕੀ ਹੋਣਾ ਹੈ ਜਾਂ ਹੁੰਦਾ ਹੈ; ਉਸ ਦੀ ਅਜੇ ਬਹੁਤੀ ਚਿੰਤਾ ਕਰਨ ਦੀ ਬਜਾਇ ਵਰਤਮਾਨ ਸਮੇਂ ਨੂੰ ਸੰਭਾਲਣਾ ਜ਼ਰੂਰੀ ਹੈ, ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਕੀ ਜੀਵਨ ’ਚ ਬਦਲਾਅ ਲਿਆਉਣ ਲਈ ਆਵਾਗਮਣ (ਮੰਨ ਲਈਏ ਕਿ ਇਹ ਭਰਮ ਹੈ) ਦਾ ਰੱਦ ਹੋਣਾ ਜ਼ਰੂਰੀ ਹੈ ? ਕੀ ਐਸਾ ਸਮਝ ਕੇ ਧਰਮ ਪ੍ਰਤੀ ਰੁਚੀ ਵਧ ਜਾਂਦੀ ਹੈ ? ਉਕਤ ਕੀਤੀ ਵਿਚਾਰ ਅਨੁਸਾਰ ਬੰਦਾ ਚਾਰ ਹੀ ਤਰੀਕਿਆਂ ਨਾਲ਼ ਜੀਵਨ ਬਦਲ ਸਕਦਾ ਹੈ (1). ਰੁਚੀ ਹੋਵੇ (2), ਲਾਲਚ ਦੇਈਏ (3). ਪਿਆਰ ਜਾਂ ਹੱਲਾਸ਼ੇਰੀ ਨਾਲ਼ (4). ਡਰ ਕਾਰਨ। ਜ਼ਰਾ ਸੋਚੀਏ ਕਿ ਆਵਾਗਮਣ ਨੂੰ ਰੱਦ ਕਰਕੇ ਬੰਦਾ ਇਨ੍ਹਾਂ ’ਚੋਂ ਕਿਹੜਾ ਰਾਹ ਜਲਦੀ ਅਪਣਾਏਗਾ, ਜਿਸ ਵਿੱਚ (ਆਵਾਗਮਣ) ਰੁਕਾਵਟ ਬਣਿਆ ਪਿਆ ਹੈ। ਇੱਥੇ ਤਾਂ ਬੰਦੇ ਨੂੰ ਮੌਤ ਚੇਤੇ ਕਰਾਉਣੀ ਕਠਿਨ ਹੈ, ਮਰਨ ਉਪਰੰਤ ਦੇ ਹਾਲਾਤਾਂ ਤੋਂ ਕੌਣ ਚਿੰਤਤ ਹੈ ? ਦਰਅਸਲ ਐਸੇ ਮਨਮਤੀ ਪ੍ਰਚਾਰਕਾਂ ਨੇ ਗੁਰਮਤਿ ਅਸੂਲਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਦੇ ਪ੍ਰਚਾਰ-ਪ੍ਰਸਾਰ ਦੇ ਨਾਂ ’ਤੇ ਸੰਗਤਾਂ ਤੋਂ ਮਾਇਆ ਭੀ ਲੈਂਦੇ ਹਨ।

ਆਵਾਗਮਣ ਰੱਦ ਕਰਨ ਨਾਲ਼ ਪ੍ਰਮਾਤਮਾ ਦੀ ਸਰਬ ਵਿਆਪਕ ਜੋਤਿ ਤੋਂ ਭੀ ਮੁਨਕਰ ਹੋ ਜਾਈਦਾ ਹੈ, ਜੋ ਸ਼ਰਧਾਵਾਨ ਸਿੱਖ ਉੱਤੇ ਮਿਹਰ ਕਰਨ ਦਾ ਇੱਕੋ ਇੱਕ ਸਾਧਨ ਹੈ। ਪ੍ਰਮਾਤਮਾ; ਸ਼ਰਧਾਵਾਨ ਬੰਦੇ ਅੰਦਰੋਂ ਆਪਣੀ ਜੋਤਿ-ਸ਼ਕਤੀ (ਚਾਨਣ) ਦਾ ਬਿਜਲੀ ਚਮਕਣ ਵਾਙ ਦਿਮਾਗ਼ ਨੂੰ (ਕਦੇ ਕਦਾਈਂ) ਅਹਿਸਾਸ ਕਰਾ ਕੇ ਉਸ ਨੂੰ ਵਿਕਾਰਾਂ-ਦੁੱਖਾਂ ਵਿਰੁਧ ਲੜਨ ਦੇ ਯੋਗ ਬਣਾਉਂਦਾ ਹੈ ਜਦਕਿ ਉਕਤ ਸੋਚ ਲਈ ਗੁਰੂ ਅਤੇ ਪ੍ਰਭੂ ਦੀ ਬਖ਼ਸ਼ਸ਼; ਗੁਰੂ ਸ਼ਬਦ-ਗਿਆਨ ਹੀ ਹੈ। ਉਸ ਅਨੁਸਾਰ ਰੱਬ; ਸਰਬ ਵਿਆਪਕ ਗੁਣ ਰੂਪ ਹੈ ਜਾਂ ਤੱਤ ਰੂਪ ਹੈ ਜਾਂ ਪ੍ਰਤਿਬਿੰਬ ਰੂਪ, ਨਾ ਕਿ ਜੋਤਿ ਰੂਪ। ਆਪਣੀ ਇਹ ਸੋਚ ਨੂੰ ਸੰਗਤਾਂ ’ਚ ਖੁੱਲ ਕੇ ਦੱਸਣ ਤੋਂ ਡਰਦੇ ਭੀ ਹਨ। ਐਸੀਆਂ ਬੇਜੋੜ ਦਲੀਲਾਂ ਨਾਲ਼ ਆਮ ਸੰਗਤ ਦਾ ਸਮਾਂ ਬਰਬਾਦ ਹੁੰਦਾ ਤੇ ਉਹ ਗੁਰਮਤਿ ਦਾ ਬਹੁਤਾ ਲਾਭ ਨਹੀਂ ਲੈ ਸਕਦੀ। ਕੇਵਲ ਸ਼ਰਧਾਵੱਸ ਹੀ ਗੁਰੂ ਘਰ ਆਉਣ ਤੱਕ ਸੀਮਤ ਹੈ। ਪ੍ਰਬੰਧਕਾਂ ਦੀ ਨਾਸਮਝੀ ਕਾਰਨ ਐਸੀ ਸੋਚ ਵਧ ਫੁੱਲ ਰਹੀ ਹੈ।

ਅਜੋਕੇ ਹਾਲਾਤਾਂ ਨੂੰ ਵੇਖੀਏ ਤਾਂ ਗੁਰਮਤਿ ਪ੍ਰਚਾਰਕਾਂ ਨੂੰ ਤਿੰਨ ਕੰਮ ਕਰਨੇ ਚਾਹੀਦੇ ਹਨ (1). ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਏ ਤਾਂ ਕਿ ਸੰਗਤਾਂ ਸ਼ਾਬਦਿਕ ਅਰਥ ਖ਼ੁਦ ਸਮਝ ਕੇ ਭਾਵਾਰਥ ਆਪ ਮਹਿਸੂਸ ਕਰਣ (2). ਗ਼ੈਰ ਧਰਮਾਂ ਦੀ ਤੁਲਨਾਤਮਿਕ ਵਿਚਾਰ ਕਰਦਿਆਂ ਗੁਰਮਤਿ ਦੀ ਵਿਲੱਖਣਤਾ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਏ (3). ਸੰਗਤ ਦੀ ਮਨੋ ਬਿਰਤੀ ਨੂੰ ਪੜਚੋਲ ਕੇ ਗੁਰਮਤਿ ਅਨੁਸਾਰ ਸਵੈ ਪੜਚੋਲ ਕਰਾਈ ਜਾਏ; ਜੈਸਾ ਕਿ ਬਚਨ ਹਨ, ‘‘ਨਾਨਕ ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ’’ (ਮਹਲਾ /੧੪੮) ਭਾਵ ਜ਼ਮੀਨੀ ਰੋਗ ਅਨੁਸਾਰ ਢੁੱਕਵੀਂ ਦਵਾ (ਗੁਰੂ ਸ਼ਬਦ) ਦੇਣਾ ਹੀ ਅਸਲ ਵੈਦ ਹੋਣਾ ਹੈ, ਪ੍ਰਚਾਰਕ ਬਣਨਾ ਹੈ, ਪਰ ਐਸਾ ਤਾਂ ਹੀ ਸੰਭਵ ਹੈ; ਜੇਕਰ ਪਹਿਲਾਂ ਪ੍ਰਚਾਰਕ ਖ਼ੁਦ ਸਵੈ ਪੜਚੋਲ ਕਰਣ।

ਪਹਿਲੇ ਭਾਗ ’ਚ ਪ੍ਰਭੂ ਦੇ ਹੁਕਮ ’ਚ ਹਰ ਕੋਈ ਚੱਲਦਾ ਹੈ, ਦੀ ਵਿਚਾਰ ਕੀਤੀ ਸੀ। ਅਗਲੇ ਭਾਗ ’ਚ ‘ਕਰਮੁ’ (ਭਾਗ/ਨਸੀਬ) ਦਾ ਹੁਕਮ ਨਾਲ਼ ਕੀ ਸਬੰਧ ਹੈ, ਇਸ ਦੀ ਵਿਚਾਰ ਕੀਤੀ ਜਾਏਗੀ।

—ਚੱਲਦਾ—