ੴ ਗੁਰਪ੍ਰਸਾਦਿ॥
ਪੰਥਕ ਵਸੀਅਤ (ਬਾਪੂ ਸੂਰਤ ਸਿੰਘ)
ਗੁਰੂ ਸੰਵਾਰੇ ਗੁਰੂ ਰੂਪ ਖ਼ਾਲਸਾ ਪੰਥ ਜੀਓ !
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ।
ਉਪਰੰਤ ਦਾਸਨ ਦਾਸ ਸੂਰਤ ਸਿੰਘ ਖ਼ਾਲਸਾ ਸਪੁੱਤਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਵਾਸੀ ਅਨੰਦਪੁਰ ਸਾਹਿਬ, ਹਾਲ ਅਬਾਦ ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ, ਅੱਜ ਮਿਤੀ 2 ਜੁਲਾਈ 2015 ਨੂੰ ਆਪਣੀ ਅਕਲ ਅਤੇ ਸੁੱਧੀ ਦੀ ਕਾਇਮੀ ਵਿਚ ਵਾਹਿਗੁਰੂ ਨੂੰ ਹਾਜ਼ਰ – ਨਾਜ਼ਰ ਜਾਣ ਕੇ ਆਪਣੇ ਵਲੋਂ ਖ਼ਾਲਸਾ ਪੰਥ ਦੇ ਨਾਮ ਵਸੀਅਤ ਲਿਖ ਰਿਹਾ ਹਾਂ। ਸਭ ਤੋਂ ਪਹਿਲਾਂ ਅਕਾਲ ਪੁਰਖ ਜਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਜਿਨ੍ਹਾਂ ਨੇ ਮਨੁੱਖੀ ਜਾਮਾ ਦਿੱਤਾ ਅਤੇ ਜ਼ਿੰਦਗੀ ਵਿੱਚ ਹਰ ਇਨਸਾਨੀ ਸੁੱਖਾਂ ਦੀ ਬਖ਼ਸ਼ਸ ਵੀ ਕੀਤੀ। ਦਾਸ ਦੇ ਵਡੇਰੇ ਭਾਗ ਹਨ ਕਿ ਖੰਡੇਬਾਟੇ ਦੀ ਪਹੁਲ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਖ਼ਾਲਸਾ ਪੰਥ ਪਰਿਵਾਰ ਦਾ ਮੈਂਬਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਗੁਰੂ ਨਾਨਕ ਪਾਤਿਸ਼ਾਹ ਵਲੋਂ ਆਰੰਭੇ ਮਨੁੱਖੀ ਕਲਿਆਣ ਮਿਸ਼ਨ ਵਿਚ ਕੁੱਝ ਨਿਗੁਣਾ ਹਿੱਸਾ ਪਾਉਣ ਦਾ ਮੌਕਾ ਮਿਲਿਆ। ਇਸ ਕੌਮੀ ਮਿਸ਼ਨ ਦੀ ਕੜੀ ਵਿੱਚੋਂ ਹੀ ਵੀਹਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸੰਗਤ ਹੋਈ, ਜਿੱਥੋਂ ਸੰਘਰਸ਼ੀ ਗੁਣਾਂ ਵਿੱਚ ਭਰਪੂਰ ਵਾਧਾ ਹੋਇਆ।
ਲੇਕਿਨ ਇਸ ਇਕੀਵੀਂ ਸਦੀ ਵਿੱਚ ਵੀ ਸਿੱਖ ਕੌਮ ਅੱਜ ਤੱਕ ਅਸਿੱਧੀ ਨਹੀਂ ਬਲਕਿ ਸਿੱਧੀ ਗ਼ੁਲਾਮੀ ਵਾਲਾ ਜੀਵਨ ਬਸਰ ਕਰ ਰਹੀ ਹੈ। ਸਿੱਖਾਂ ਦੇ ਇਕ ਨਹੀਂ ਬਲਕਿ ਅਨੇਕਾਂ ਮਸਲੇ ਦਹਾਕਿਆਂ ਤੋਂ ਲਟਕ ਰਹੇ ਹਨ। ਨਿਜ਼ਾਮ ਦੀ ਬੇਰੁਖ਼ੀ ਅਤੇ ਸਮੇਂ ਦੀਆਂ ਸਰਕਾਰਾਂ ਦੇ ਜ਼ੁਲਮ ਨੇ ਅਜਿਹੇ ਗਹਿਰੇ ਜ਼ਖ਼ਮ ਦਿੱਤੇ ਹਨ, ਜਿਨ੍ਹਾਂ ਦੀ ਭਰਪਾਈ ਲਈ, ਹੁਣ ਕਿਸੇ ਨੂੰ ਆਪਣਾ ਬਲੀਦਾਨ ਦੇਣ ਦੀ ਜ਼ਰੂਰਤ ਸੀ, ਕਿਉਂਕਿ ਅੱਜ ਸਿੱਖ ਬੰਦੀਆਂ ਵਲੋਂ ਸਜ਼ਾਵਾਂ ਪੂਰੀਆਂ ਕਰ ਲੈਣ ਉਪਰੰਤ ਉਨ੍ਹਾਂ ਦਾ ਰਿਹਾਈ ਦਾ ਹੱਕ ਵੀ ਖੋਹ ਲਿਆ ਗਿਆ ਹੈ। ਜਿਸ ਤੋਂ ਭਾਰਤੀ ਨਿਜ਼ਾਮ ਦੀ ਸਿੱਖਾਂ ਪ੍ਰਤੀ ਬਦਨੀਅਤ ਸਪੱਸ਼ਟ ਨਜ਼ਰ ਆਉਂਦੀ ਹੈ।
ਦਾਸ ਨੂੰ ਗੁਰੂ ਇਤਿਹਾਸ ਅਤੇ ਸਿੱਖ ਵਿਰਸੇ ਵਿੱਚੋਂ ਇਹੀ ਗੁੜ੍ਹਤੀ ਮਿਲੀ ਹੈ ਕਿ ਜਿੱਥੇ ਹੱਕਾਂ ਦਾ ਹਨਨ ਹੁੰਦਾ ਹੋਵੇ ਜਾਂ ਨਿਆਂ ਪਾਸਾ ਵੱਟ ਲਵੇ ਤਾਂ ਫਿਰ ਸ਼ਹਾਦਤ ਦਾ ਰਸਤਾ ਹੀ ਬਾਕੀ ਰਹਿ ਜਾਂਦਾ ਹੈ। ਪੁਰਾਤਨ ਸਿੰਘਾਂ ਨੇ ਸਮੇਂ ਮੁਤਾਬਿਕ ਸ਼ਹਾਦਤਾਂ ਦੇ ਕੇ ਗੁਰੂ ਦੀਆਂ ਖ਼ੁਸ਼ੀਆਂ ਲਈਆਂ ਲੇਕਿਨ ਅੱਜ ਲੋਕਤੰਤਰ ਅਤੇ ਇਕੀਵੀਂ ਸਦੀ ਦੇ ਜਾਗਰੂਕ ਯੁੱਗ ਵੀ ਕੱਲ੍ਹ ਦੇ ਇਤਿਹਾਸਕ ਪੰਨਿਆਂ ’ਤੇ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ, ਸ. ਦਰਸ਼ਨ ਸਿੰਘ ਫੇਰੂਮਾਨ ਅਤੇ ਆਂਧਰਾ ਪ੍ਰਦੇਸ਼ ਦੇ ਬਾਨੀ ਡਾਕਟਰ ਰਮੋਲੂ ਦੇ ਸੰਘਰਸ਼ ਅਤੇ ਸ਼ਹਾਦਤਾਂ ਵੀ ਸਾਡੀਆਂ ਪ੍ਰੇਣਾਂ ਸਰੋਤ ਹਨ। ਗੁਰੂ ਨਾਨਕ ਪਾਤਿਸ਼ਾਹ ਦੇ ਅਮੀਰ ਫ਼ਲਸਫ਼ੇ, ਸਹੀਦਾਂ ਦੀਆਂ ਸ਼ਹਾਦਤਾਂ ਦੇ ਸਨਮੁੱਖ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਧਰਮਯੁੱਧ ਆਰੰਭਿਆ ਗਿਆ ਸੀ ਐਪਰ ਜਿਸ ਗੁਰਬਖ਼ਸ਼ ਸਿੰਘ ਵਲੋਂ ਕੀਤੀ ਅਰਦਾਸ ਭੰਗ ਹੁੰਦੀ ਨਜ਼ਰ ਆਈ ਅਤੇ ਕੌਮ ਮਜ਼ਾਕ ਦੀ ਪਾਤਰ ਬਣਦੀ ਨਜ਼ਰ ਦਿਸੀ ਤਾਂ ਦਾਸ ਨੇ ਉਸ ਗੁਰਬਖ਼ਸ਼ ਸਿੰਘ ਦੀ ਕੀਤੀ ਅਰਦਾਸ ਨੂੰ ਪੂਰੀ ਕਰਨ ਲਈ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਹੋ ਰਹੇ ਘਾਣ ਨੂੰ ਦੇਖਦਿਆਂ, 16 ਜਨਵਰੀ 2015 ਤੋਂ ਭੁੱਖ ਹੜਤਾਲ ਆਰੰਭ ਕੀਤੀ ਹੋਈ ਹੈ। ਇਹ ਕਿਸੇ ਇੱਕ ਜਥੇਬੰਦੀ ਦਾ ਫ਼ੈਸਲਾ ਜਾਂ ਪ੍ਰੋਗਰਾਮ ਨਹੀਂ, ਸਗੋਂ ਮੇਰੀ ਰੂਹ ਦਾ ਇੱਕ ਪੈਗ਼ਾਮ ਹੈ। ਅੱਜ ਮੈਨੂੰ ਅਤਿਅੰਤ ਖ਼ੁਸ਼ੀ ਹੈ ਕਿ ਗੁਰੂ ਦੀ ਕਿਰਪਾ ਅਤੇ ਪੰਥ ਦੇ ਸਹਿਯੋਗ ਨੇ ਮੈਨੂੰ ਮੰਜ਼ਿਲ ਦੇ ਆਖ਼ਰੀ ਪੜਾਅ ’ਤੇ ਸਾਬਤ ਕਦਮੀਂ ਪਹੁੰਚਾ ਦਿੱਤਾ ਹੈ। ਸਰਕਾਰੀ ਜ਼ਬਰ ਨੇ ਜ਼ਬਰੀ ਨੱਕ ’ਚ ਨਾਲੀਆਂ ਪਾ ਕੇ ਖ਼ੁਰਾਕ ਦੇਣ ਦਾ ਯਤਨ ਵੀ ਕੀਤਾ, ਪਰ ਗੁਰੂ ਦੀ ਬਖ਼ਸ਼ਸ਼ ਨਾਲ ਮੂੰਹ ਦੇ ਰਸਤੇ ਪਾਣੀ ਤੋਂ ਬਿਨਾ ਕੁੱਝ ਅੰਦਰ ਨਹੀਂ ਜਾ ਸਕਿਆ। ਅੱਜ ਉਸ ਸੁਭਾਗੀ ਘੜੀ ਦੇ ਬਿਲਕੁੱਲ ਨੇੜੇ, ਜਿੱਥੋਂ ਸ਼ਹਾਦਤ ਦਾ ਪ੍ਰਸ਼ਾਦ ਦਾਸ ਦੀ ਝੋਲੀ ਵਿੱਚ ਪੈਣਾ ਹੈ, ਖਲੋਤਾ ਸਮੂੰਹ ਖ਼ਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਪ੍ਰਵਾਣ ਚੜ੍ਹ ਜਾਣ ਤੋਂ ਬਾਅਦ, ਮੇਰੇ ਮਨ ਦੀ ਇੱਛਾ ਹੈ ਕਿ ਮੇਰੇ ਸਰੀਰ ਨੂੰ ਕਿਸੇ ਵਹਿਮ-ਭਰਮ ਕਰਕੇ ਨਹੀਂ, ਸਗੋਂ ਕੌਮੀ ਜਾਗ੍ਰਤੀ ਵਾਸਤੇ ਤਿੰਨਾ ਤਖ਼ਤਾਂ (ਤਖ਼ਤ ਦਮਦਮਾ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ) ਦੀ ਧੂੜੀ ਲਾ ਕੇ ਵਡਭਾਗਾ ਬਣਾਇਆ ਜਾਵੇ ਤੇ ਨਾਲ ਹੀ ਵੀਹਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਜ਼ੱਦੀ ਪਿੰਡ ਰੋਡੇ ਅਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੇ ਦਰਸ਼ਨ ਕਰਵਾ ਕੇ, ਅਖ਼ੀਰ ਲੁਧਿਆਣਾ ਦੇ ਸੀ. ਐਮ. ਸੀ. ਹਸਪਤਾਲ ਨੂੰ ਡਾਕਟਰੀ ਖੋਜ ਲਈ ਸੌਂਪ ਦਿੱਤਾ ਜਾਵੇ। ਇਹ ਮੇਰੇ ਮਨ ਦਾ ਵਿਚਾਰ ਹੈ, ਪਰ ਖ਼ਾਲਸਾ ਪੰਥ ਮਹਾਨ ਹੈ, ਤਿੰਨ ਤਖ਼ਤਾਂ, ਪਿੰਡ ਰੰਡੇ ਅਤੇ ਚੌਂਕ ਮਹਿਤਾ ਦੇ ਦਰਸ਼ਨ ਉਪਰੰਤ ਅੰਤਿਮ ਰਸਮਾਂ ਬਾਰੇ ਕੋਈ ਵੀ ਫ਼ੈਸਲਾ ਲੈ ਸਕਦਾ ਹੈ।
ਆਪਣੇ ਸਰੀਰ ਨੂੰ ਡਾਕਟਰੀ ਖੋਜ ਦੇ ਹਵਾਲੇ ਕਰਨ ਅਤੇ ਹਰ ਸਰੀਰਕ ਅੰਗ ਲੋੜਵੰਦ ਨੂੰ ਦੇਣ ਉਪਰੰਤ, ਆਪਣੀ ਸੋਚ ਨੂੰ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਵਜੋਂ ਸੌਂਪਦਾ ਹਾਂ। ਜਿਹੜਾ ਕੌਮੀ ਸੰਘਰਸ਼ ਦਹਾਕਿਆਂ ਤੋਂ ਚੱਲ ਰਿਹਾ ਹੈ, ਉਸ ਨਾਲ ਸੰਬੰਧਿਤ ਮੁੱਦਿਆਂ ਪ੍ਰਤੀ ਕਦੇ ਅਵੇਸਲੇ ਨਹੀਂ ਹੋਣਾ, ਸਦਾ ਕੌਮੀ ਚੇਤਨਤਾ ਜਗਾਈ ਰੱਖਣਾ ਹੈ, ਆਪਣੇ ਹੱਕਾਂ ਵਾਸਤੇ ਲੜਨਾ ਹੈ। ਮੈਂ ਨਹੀਂ ਚਾਹੁੰਦਾ ਕਿ ਕਿਸੇ ਵੀ ਧਰਮ ਜਾਂ ਜਾਤ ਨਾਲ ਸੰਬੰਧਿਤ ਕਿਸੇ ਮਾਂ ਦੀ ਗੋਦ ਸੰਘਰਸ਼ ਕਰਕੇ ਜਾਂ ਹਕੂਮਤੀ ਜ਼ਬਰ ਕਰਕੇ ਸੱਖਣੀ ਹੋਵੇ। ਮੇਰੀ ਅਰਦਾਸ ਹੈ ਕਿ ਇਹ ਸ਼ਹਾਦਤ ਆਖ਼ਰੀ ਹੋ ਨਿਬੜੇ ਅਤੇ ਜ਼ਾਲਮ ਹਾਕਮ ਮੇਰੀ ਸ਼ਹਾਦਤ ਤੋਂ ਬਾਅਦ ਸਿੱਖਾਂ ਪ੍ਰਤੀ ਆਪਣਾ ਰਵੱਈਆ ਬਦਲਣ ਤੇ ਮਨੁੱਖੀ ਹੱਕਾਂ ਦੇ ਕਦਰਦਾਨ ਸਾਬਤ ਹੋਣ ਅਤੇ ਤਮਾਮ ਸਿੱਖ ਮਸਲਿਆਂ ਦਾ ਹੱਲ ਕਰਦਿਆਂ, ਜੀਓ ਅਤੇ ਜਿਊਣ ਦਾ ਸਿਧਾਂਤ ਲਾਗੂ ਕਰਨ।
ਅੰਤ ਵਿੱਚ ਪੰਥਕ ਪਦਵੀਆਂ ’ਤੇ ਬਿਰਾਜਮਾਨ ਕੁਝ ਉਨ੍ਹਾਂ ਲੋਕਾਂ, ਜਿਹੜੇ ਗੁਰੂ ਦੀ ਚਾਕਰੀ ਛੱਡ ਕੇ ਹਕੂਮਤ ਦੀ ਚਾਪਲੂਸੀ ਵਿੱਚ ਗ਼ਲਤਾਨ ਹਨ, ਨੂੰ ਸਮੁੱਤ ਬਖ਼ਸ਼ਣ ਵਾਸਤੇ ਗੁਰੂ ਅੱਗੇ ਅਰਜੋਈ ਕਰਦਾ ਹਾਂ ਅਕਾਲ ਤਖ਼ਤ ਸਾਹਿਬ ਅਤੇ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 1920 ਵਿੱਚ ਬਣਿਆ ਸ਼੍ਰੋਮਣੀ ਅਕਾਲੀ ਦਲ, ਮੁੜ ਉਨ੍ਹਾਂ ਲੀਹਾਂ ’ਤੇ ਆਵੇ। ਅਫ਼ਸੋਸ ਕਿ ਅੱਜ ਦਾ ਅਕਾਲੀ ਦਲ ਜਿਸ ਦੀ ਸਰਦਾਰੀ ਸ. ਪਰਕਾਸ ਸਿੰਘ ਬਾਦਲ ਦੇ ਹੱਥ ਵਿੱਚ ਹੈ, ਆਪਣੀ ਕੌਮ ਨਾਲ ਹੀ ਧ੍ਰੋਹ ਕਮਾ ਰਿਹਾ ਹੈ ਅਤੇ ਬੜੇ ਸਪੱਸ਼ਟ ਲਫ਼ਜ਼ਾਂ ਵਿੱਚ ਮੇਰਾ ਕਾਤਲ ਹੋ ਨਿਬੜਿਆ ਹੈ। ਭਾਰਤ ਦੀ ਭਗਵੀਂ ਸਰਕਾਰ ਵੀ ਸਰਦਾਰ ਬਾਦਲ ਦੀ ਪੂਰਨ ਸਹਿਯੋਗੀ ਹੈ।
ਮੇਰੇ ਨੌਜਵਾਨ ਬੱਚਿਓ! ਮੇਰੀ ਸ਼ਹਾਦਤ ਤੋਂ ਬਾਅਦ ਪੰਥਕ ਜ਼ਾਬਤੇ (ਅਨੁਸਾਸਨ) ਵਿੱਚ ਰਹਿੰਦੇ ਹੋਏ, ਇਸ ਇਜ਼ਾਮ ਨੂੰ ਬਦਲਣ ਅਤੇ ਕੌਮੀ ਪਦਵੀਆਂ ਦੀ ਅਜ਼ਾਦੀ ਵਾਸਤੇ ਕਮਰਕੱਸੇ ਕਸ ਲਵੋ। ਭਾਰਤ ਦੀ ਆਜ਼ਾਦੀ ਵਾਸਤੇ ਕਾਮਾਗਾਟਾ ਮਾਰੂ, ਗ਼ਦਰੀ ਬਾਬਿਆਂ ਦੀ ਲਹਿਰ, ਅਮਰੀਕਾ ਤੋਂ ਆਰੰਭ ਹੋਈ ਸੀ, ਅੱਜ ਦਾਸ ਦਾ ਪਰਿਵਾਰ ਅਮਰੀਕਾ ਦੀ ਉਸ ਧਰਤੀ ਤੋਂ ਸੰਘਰਸ਼ ਦੀ ਸੇਵਾ ਵਾਸਤੇ (ਪੰਜਾਬ ਵਿੱਚ) ਆਇਆ ਹੈ। ਹੁਣ ਕਿਸੇ ਤੀਸਰੇ ਜੱਥੇ ਦੀ (ਬਾਹਰੋਂ) ਉਡੀਕ ਨਾ ਕਰਿਓ, ਪੰਜਾਬ ਦੀ ਧਰਤੀ ਤੋਂ ਹੀ ਆਪਣੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰੋ ਤਾਂ ਕਿ ਕੋਈ ਹਿੰਦੂ, ਸਿੱਖ, ਇਸਾਈ, ਮੁਸਲਿਮ ਜਾਂ ਦਲਿਤ ਮਾਂ ਆਪਣੀ ਗੋਦ ਸੱਖਣੀ ਨਾ ਵੇਖੇ ਅਤੇ ਨਾ ਹੀ ਨਜਾਇਜ਼ ਨਜ਼ਰਬੰਦੀ ਦਾ ਸੰਤਾਪ ਭੋਗਣਾ ਪਵੇ। ਸੰਘਰਸ਼ ਜਾਰੀ ਹੈ ਮੇਰੇ ਤੋਂ ਬਾਅਦ ਜਾਰੀ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ।
ਗੁਰੂ ਪੰਥ ਦਾ ਦਾਸ
ਸੂਰਤ ਸਿੰਘ ਖ਼ਾਲਸਾ-98557-25313 ਮਿਤੀ 2 ਜੁਲਾਈ 2015, ਸਮਾਂ-9:35 (ਰਾਤ)