ਪਾਖੰਡੀ ਸਾਧਾਂ ਦੇ ਜਾਲ ਚ ਫਸਦੀਆਂ ਔਰਤਾਂ
ਬਿ੍ਰਸ ਭਾਨ ਬੁਜਰਕ,ਪਾਤੜਾਂ (ਪਟਿਆਲਾ)- 98761-01698
ਦੇਸ ਅੰਦਰ ਦਿਨੋ-ਦਿਨ ਤੰਤਰਾਂ-ਮੰਤਰਾਂ ਦੇ ਨਾਂ ’ਤੇ ਲੁੱਟਣ ਵਾਲੇ ਟੋਲੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿਹੜੇ ਹਜਾਰਾਂ ਹੀ ਅਵਿਗਿਆਨਕ ਸਾਧਨਾਂ ਰਾਹੀਂ ਆਮ ਲੋਕਾਂ ਦਾ ਸੋਸਣ ਕਰ ਰਹੇ ਹਨ। ਹੈਰਾਨੀ ਭਰੀ ਗੱਲ ਇਹ ਹੈ ਕਿ ਹਿੰਦੂ ਧਰਮ ਵਿੱਚ ਅਜਿਹੇ ਪਾਖੰਡ ਸਦੀਆਂ ’ਤੋਂ ਚਲਦੇ ਆ ਰਹੇ ਸਨ ਪਰ ਪਾਖੰਡਾਂ ’ਤੋਂ ਰਹਿਤ ਸਿੱਖ ਧਰਮ ਵਿੱਚ ਅਜਿਹੀਆਂ ਮਨਮੱਤਾਂ ਨੇ ਜਨਮ ਲੈ ਲਿਆ ਹੈ। ਜਿਨ੍ਹਾਂ ਵਿੱਚ ਸੱਤ ਵਾਰਾਂ ਦੇ ਵਰਤ ਰੱਖਣੇ, ਫਿਰ ਪੱਥਰਾਂ ਦੀ ਪੂਜਾ ਕਰਨੀ, ਮੰਗਲੀਕ ਹੋਣ ਜਾਂ ਨਾ ਹੋਣ ਦੇ ਚੱਕਰਾਂ ਵਿੱਚ ਪੈਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਦਿੱਲੀ ’ਤੋ ਫੜੇ ਗਏ ਇਛਾਧਾਰੀ ਅਤੇ ਨਿੱਤਿਆ ਨੰਦ ਵਰਗੇ ਦਰਜਨਾਂ ਹੀ ਢੌਗੀ ਸਾਧ-ਸਿਆਣੇ ਲੋਕਾਂ ਨੂੰ ਮੂਰਖ ਬਣਾਉਣ ’ਤੇ ਲੱਗੇ ਹੋਏ ਹਨ। ਜਿਹੜੇ ਆਪਣੀ ਰਾਜਨੀਤਕ ਪਹੁੰਚ ਬਣਾ ਕੇ ਹਰ ਗੈਰ ਸਮਾਜਿਕ ਧੰਦਾ ਕਰਦੇ ਹਨ। ਜਦੋ ਦਿੱਲੀ ਪੁਲਿਸ ਨੇ ਇਛਾਧਾਰੀ ਬਾਬੇ ਨੂੰ ਫੜਿਆ ਤਾਂ ਉਹ ਦੇਸ ਦਾ ਸਭ ’ਤੋ ਵਧੀਆ ਧਾਰਮਿਕ ਵਿਅਕਤੀ ਨਿਕਲਣ ਦੀ ਬਜਾਏ ਔਰਤਾਂ ਦਾ ਸੋਸਣ ਕਰਨ ਵਾਲਾ ਨਿਕਲਿਆ, ਇਸ ਇੱਛਾਧਾਰੀ ਉਰਫ ਭੀਮਾ ਨੰਦ ਦੁਆਲੇ ਰਾਜਨੀਤਕ ਲੋਕਾਂ ਦਾ ਇਹੋ ਜਿਹਾ ਝੁੰਡ ਬਣਿਆ ਹੋਇਆ ਸੀ ਕਿ ਬਹੁਤੇ ਲੋਕ ਸਭ ਕੁਝ ਜਾਣਦੇ ਹੋਏ ਵੀ ਇਸ ਪਾਖੰਡੀ ਖਿਲਾਫ ਉਸ ਦੀ ਰਾਜਨੀਤਕ ਪਹੁੰਚ ਕਰਕੇ ਨਹੀ ਬੋਲ ਰਹੇ ਸਨ। ਇਹਨਾਂ ਘਟਨਾਵਾਂ ਲਈ ਸਾਧ ਅਤੇ ਸਿਆਸਤਦਾਨ ਦੋਨੋ ਹੀ ਬਰਾਬਰ ਦੇ ਜਿੰਮੇਵਾਰ ਹਨ। ਪੁਲਸ ਵੱਲੋ ਗਿ੍ਰਫਤਾਰ ਕੀਤੇ ਗਏ ਅਖੌਤੀ ਸਾਧ ਭੀਮਾ ਨੰਦ ਦਾ ਕਾਲਾ ਕਾਰੋਬਾਰ ਦੇਖ ਕੇ ਪੁਲਿਸ ਹੀ ਨਹੀਂ ਸਗੋ ਲੋਕ ਵੀ ਹੈਰਾਨ ਹੋ ਗਏ ਕਿ ਸਾੲੀਂ ਬਾਬੇ ਦਾ ਉਪਦੇਸ ਦੇਣ ਵਾਲਾ ਵਿਅਕਤੀ ਭਗਵੇ ਬਾਣੇ ਵਿੱਚ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਸੀ। ਜਿੱਥੇ ਅਮੀਰ ਘਰਾਣਿਆਂ ਦੀਆਂ ਕੁੜੀਆਂ ਸਿਆਸਤਦਾਨਾਂ ਅਤੇ ਕਰੋੜ ਪਤੀ ਲੋਕਾਂ ਨੂੰ ਸਪਲਾਈ ਕੀਤੀਆਂ ਜਾਦੀਆਂ ਸਨ। ਤੰਤਰਾਂ-ਮੰਤਰਾਂ ਦੇ ਨਾਮ ਹੇਠ ਔਰਤਾਂ ਨੂੰ ਗੁੰਮਰਾਹ ਕਰਨ ਵਾਲੇ ਇਸ ਭੀਮਾਂ ਨੰਦ ਦਾ ਦੇਹ ਵਪਾਰ ਨਾਲ ਜੁੜਿਆ ਕਾਰੋਬਾਰ ਸਲਾਨਾ ਇੱਕ ਹਜਾਰ ਕਰੋੜ ’ਤੋ ਵੀ ਜਿਆਦਾ ਸੀ। ਇਸ ਕਾਰੋਬਾਰ ਨਾਲ ਫਿਲਮਾਂ ਦੀਆਂ ਹੀਰੋਇਨਾਂ, ਏਅਰ ਹੋਸਟਸ ਅਤੇ ਵੱਡੀਆਂ-ਵੱਡੀਆਂ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਅਤੇ ਪੜਾਉਣ ਵਾਲੀਆਂ ਕੁੜੀਆਂ ਜੁੜੀਆਂ ਹੋਈਆਂ ਸਨ। 9 ਮਾਰਚ 2010 ਨੂੰ ਗਿ੍ਰਫਤਾਰ ਕੀਤੇ ਗਏ ਇਛਾਧਾਰੀ ਬਾਬੇ ਦਾ ਪੁਲਿਸ ਨੇ ਰਿਮਾਂਡ ਲਿਆ, ਤਾਂ ਪਤਾ ਲੱਗਿਆ ਕਿ ਬਾਬੇ ਨੇ ਲਗਭਗ ਇੱਕ ਹਜਾਰ ਕੁੜੀਆਂ ਦੇਹ ਵਪਾਰ ਦੇ ਧੰਦੇ ਵਾਸਤੇ ਰੱਖੀਆਂ ਹਈਆ ਸਨ। ਜਿਹਨਾਂ ਨੂੰ ਸਪਲਾਈ ਕਰਨ ਲਈ 100 ਏਜੰਟ ਕੰਮ ਕਰਦੇ ਸਨ। ਦੇਹ ਵਪਾਰ ਲਈ ਕੁੜੀਆਂ ਨੂੰ ਵਿਦੇਸਾਂ ਵਿੱਚ ਵੀ ਭੇਜਿਆ ਜਾਂਦਾ ਸੀ ਇਛਾਧਾਰੀ ਬਾਬਾ ਹਰ ਕਿਸੇ ਦੀ ਇੱਛਾ ਪੂਰੀ ਕਰਦਾ ਸੀ। ਸਰਕਾਰੀ ਅਫਸਰਾਂ ਦੀਆਂ ਰਾਜਨੀਤਕ ਪਹੁੰਚ ਨਾਲ ਬਦਲੀਆਂ, ਅਮੀਰ ਅਤੇ ਰਾਜਨੀਤਕ ਲੋਕਾਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਕੁੜੀਆਂ ਭੇਜ ਦਿੰਦਾ ਸੀ। ਜਿਸ ਕਰਕੇ ਇਸ ਦਾ ਨਾਂ ਇੱਛਾਧਾਰੀ ਚਲਦਾ ਰਿਹਾ, ਬਾਬੇ ਨੇ ਮੁੰਬਈ, ਨੋਇਡਾ, ਕਲਕੱਤਾ, ਬਾਰਾਨਸੀ, ਗੋਵਰਧਨ ਆਦਿ ਵਿੱਚ ਕਰੋੜਾਂ ਰੁਪਏ ਦੀ ਜਾਈਦਾਦ ਬਣਾ ਰੱਖੀ ਹੈ। ਪੁਲਿਸ ਨੇ ਉਸ ਕੋਲੋਂ ਬਰਾਮਦ ਅੱਠ ਡਾਇਰੀਆਂ ਅਤੇ ਪੰਜ ਸੀਡੀਆਂ ਅਦਾਲਤ ’ਚ ਪੇਸ ਕੀਤੀਆਂ। ਪੁਲਿਸ ਨੇ ਦਿੱਲੀ, ਉਤਰ ਪ੍ਰਦੇਸ ਅਤੇ ਮੱਧ ਪ੍ਰਦੇਸ ਵਿੱਚ ਵੀ ਭੀਮਾਂ ਨੰਦ ਦੀ ਅਨੰਤ ਦੀ ਜਾਇਦਾਦ ਹੋਣ ਦਾ ਦਾਅਵਾ ਕੀਤਾ ਹੈ। ਉਤਰ ਪ੍ਰਦੇਸ ਦੇ ਚਿੱਤਰਕੂਟ ਜਿਲੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚੋ ਨਿਕਲ ਕੇ ਭਗਵੇ ਬਾਣੇ ਦੀ ਆੜ ਹੇਠ ਇੱਕ ਦਹਾਕੇ ਦੇ ਅੰਦਰ ਹੀ ਸਿਮਲਾ, ਗੋਆ, ਬੰਗਲੌਰ, ਦਿੱਲੀ ਆਦਿ ਵਿੱਚ ਆਸਰਮਾਂ ਦੇ ਨਾਮ ਹੇਠ ਦੇਹ ਵਪਾਰ ਦੇ ਮਹਿਲ ਉਸਾਰ ਦਿੱਤੇ। ਜਿੱਥੇ ਸਵੇਰ-ਸਾਮ ਚਲਦੇ ਅਧਿਆਤਮਿਕ ਪ੍ਰਬਚਨਾਂ ਰਾਹੀਂ ਮਾਇਆ-ਮੋਹ ਤਿਆਗ ਕੇ ਪ੍ਰ੍ਰਭੂ-ਪ੍ਰਮੇਸਰ ਨਾਲ ਜੁੜਨ ਦਾ ਉਪਦੇਸ ਦਿੱਤਾ ਜਾਂਦਾ। ਰਾਤ ਸਮੇਂ ਦੇਹ ਵਪਾਰ ਦਾ ਧੰਦਾ ਸੁਰੂ ਹੋ ਜਾਂਦਾ। ਜਿੱਥੇ ਔਰਤਾਂ ਦੇ ਸਰੀਰ ਵੇਚ ਕੇ ਮਾਇਆ ਇਕੱਠੀ ਕੀਤੀ ਜਾਂਦੀ। ਰਾਤ ਵੇਲੇ ਆਸਰਮਾਂ ਅੱਗੇ ਖੜੀਆਂ ਰਾਜਨੇਤਾਵਾਂ ਦੀਆਂ ਗੱਡੀਆਂ ਵੇਖ ਕੇ ਹਰ ਕੋਈ ਚੱਕਰ ਵਿੱਚ ਪੈ ਜਾਂਦਾ ਕਿ ਰਾਜਨੀਤਕ ਲੀਡਰਾਂ ਸਮੇਤ ਪੂੰਜੀਪਤੀ ਲੋਕਾਂ ਕੋਲ ਦਿਨ ਵੇਲੇ ਸਮਾਂ ਨਹੀ ਹੁੰਦਾ। ਜਿਸ ਕਰਕੇ ਰਾਤ ਨੂੰ ਇੱਛਾਧਾਰੀ ਬਾਬੇ ਭੀਮਾ ਨੰਦ ਦੇ ਪ੍ਰਬਚਨ ਸੁਣਨ ਆਉਂਦੇ ਹਨ ਪਰ ਮਾਮਲਾ ਕੁਝ ਹੋਰ ਨਿਕਲਿਆ ਆਸਰਮਾਂ ਦੇ ਅੰਦਰ ਚਲਦੇ ਇਸ ਧੰਦੇ ਨਾਲ ਹਰ ਰੋਜ ਪੰਜ ’ਤੋ ਅੱਠ ਲੱਖ ਰੁਪਏ ਦੀ ਕਮਾਈ ਦੱਸੀ ਗਈ ਹੈ ਇਸ ਤਰ੍ਹਾਂ ਦਾ ਹੀ ਇੱਕ ਹੋਰ ਢੌਂਗੀ ਬਾਬਾ ਨਿੱਤਿਆਨੰਦ ਫੜਿਆ ਗਿਆ ਜਿਸ ਦੇ ਆਸਰਮ ਵਿੱਚ ਮਹਿੰਗੇ ਹੋਟਲਾਂ ਵਰਗੀਆਂ ਸਹੂਲਤਾਂ ਸਨ ਜਿਸ ਦੇ ਇੱਕ ਤਮਿਲ ਅਭਿਨੇਤਰੀ ਨਾਲ ਨਜਾਇਜ ਸਬੰਧਾਂ ਦੀ ਵੀਡਿਉ ਪ੍ਰਕਾਸਤ ਹੋਣ ’ਤੋ ਬਾਅਦ ਬਾਬਾ ਫਰਾਰ ਹੋ ਗਿਆ। ਬਹੁਤ ਗਿਣਤੀ ਆਸਰਮਾਂ ਅਤੇ ਡੇਰਿਆਂ ਦੀ ਸੁਰੂਆਤ ਧਾਰਮਿਕ ਪ੍ਰਚਾਰ ਲਈ ਕੀਤੀ ਜਾਂਦੀ ਹੈ। ਦਾਨੀ ਸੱਜਣਾਂ ਵੱਲੋ ਚੜਾਏ ਜਾਂਦੇ ਟੈਕਸ ਰਹਿਤ ਪੈਸੇ ਨਾਲ ਵੱਡੇ-ਵੱਡੇ ਭਵਨਾਂ ਦੀ ਉਸਾਰੀ ਸੁਰੂ ਹੋ ਜਾਂਦੀ ਹੈ ਜਿੱਥੇ ਰੋਟੀ ’ਤੋ ਬਾਅਦ ਮਹਿਲ, ਮਹਿਲਾਂ ’ਤੋ ਬਾਅਦ ਕਾਰਾਂ ਅਤੇ ਕਾਰਾਂ ’ਤੋ ਬਾਅਦ ਸਿੱਧਾ ਹੀ ਸੁਨੱਖੀਆਂ ਨਾਰਾਂ (ਔਰਤਾਂ) ਵੱਲ ਆ ਜਾਂਦੇ ਹਨ ਇਹੋ-ਜਿਹੇ ਮਾਮਲੇ ਇਕੱਲੇ ਭੀਮਾ ਨੰਦ ਜਾਂ ਫਿਰ ਨਿੱਤਿਆਨੰਦ ਵਰਗਿਆਂ ਦੇ ਆਸਰਮਾਂ ਵਿੱਚ ਹੀ ਨਹੀਂ ਸਗੋਂ ਕਹਿੰਦੇ-ਕਹਾਉਂਦੇ ਡੇਰਿਆਂ ਵਿੱਚ ਵੀ ਇਹੋ-ਜਿਹੀਆਂ ਕਰਤੂਤਾਂ ਆਮ ਹੀ ਚਲਦੀਆਂ ਰਹਿੰਦੀਆਂ ਹਨ ਸਵਰਗਾਂ ਦੇ ਲਾਲਚ, ਨਰਕਾਂ ਦੇ ਡਰਾਬੇ, ਜੰਤਰਾਂ-ਮੰਤਰਾਂ ਨਾਲ ਲੱਖਪਤੀ ਬਣਾਉਣ ਦੇ ਲਾਲਚ ਦੇ ਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ। ਅਖੌਤੀ ਸਾਧ ਨਿਤਿਆ ਨੰਦ ਨੇ ਆਪਣੀਆਂ ਕਰਤੂਤਾਂ ਦਾ ਪਰਦਾਫਾਸ ਹੋਣ ’ਤੇ ਸੱਚਾ ਸਾਬਤ ਕਰਨ ਲਈ ਆਪਣੇ ਟਰੱਸਟ ’ਤੋ ਅਸਤੀਫਾ ਦੇ ਕੇ ਇਕਾਂਤਵਾਸ ਵਿੱਚ ਜਾਣ ਦਾ ਫੈਸਲਾ ਲਿਆ ਇਸ ਨਿੱਤ ਆਨੰਦ ਮਾਨਣ ਵਾਲੇ ਸਾਧ ਉਪਰ ਵੀ ਬਲਾਤਕਾਰ ਸਣੇ ਕਈ ਅਪਰਾਧਕ ਮਾਮਲੇ ਦਰਜ ਸਨ। ਰੱਬ ਦੇ ਨਾਂ ’ਤੇ ਡੇਰੇ ਖੋਲੀ ਬੈਠੇ ਪਿਤਾ ਜੀ, ਸਵਾਮੀ ਜੀ, ਬਾਪੂ ਜੀ, ਇਹੋੋ ਜਿਹੇ ਕੰਮ ਕਰਨ ਲੱਗੇ ਹੋਏ ਹਨ। ਬਾਪੂ ਆਸਾਰਾਮ ਦਾ ਆਸਰਮ ਕਾਲਾ ਜਾਦੂ ਚਲਾਉਣ, ਜੰਤਰ-ਮੰਤਰ ਦੇ ਧੰਦਿਆਂ ਕਾਰਨ ਹੀ ਚਰਚਾ ਵਿੱਚ ਨਹੀਂ ਰਿਹਾ ਸਗੋਂ ਅਹਿਮਦਾਬਾਦ ਅਤੇ ਛਿੰਦਵਾੜਾ ਆਸਰਮ ਵਿੱਚ ਹੋਈ ਚਾਰ ਬੱਚਿਆ ਦੀ ਮੌਤ ਨੇ ਨਵਾਂ ਵਿਵਾਦ ਪੈਦਾ ਕਰ ਦਿੱਤਾ। ਆਸਰਮ ਦੀ ਇੱਕ ਸਾਧਵੀ ਨੇ ਦੋਸ ਲਾਇਆ ਕਿ ਕਤਲ ਤਾਂ ਆਮ ਜਿਹੀ ਗੱਲ ਹੈ। ਇੱਥੇ ਬਲਾਤਕਾਰ, ਤਸੀਹੇ, ਗੁਲਾਮੀ ਆਦਿ ਵਰਗੇ ਕੰਮ ਹੁੰਦੇ ਹੀ ਰਹਿੰਦੇ ਹਨ। ਕਤਲ ਕਰਕੇ ਲਾਸਾਂ ਨੂੰ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ। ਪਿਛਲੇ ਛੇ ਕੁ ਸਾਲਾਂ ਵਿੱਚ ਹੀ ਇਸ ਆਸਰਮ ਅੰਦਰੋਂ ਗਾਈਬ ਹੋਏ 100 ਦੇ ਕਰੀਬ ਲੋਕਾਂ ਦਾ ਪਤਾ ਹੀ ਨਹੀਂ ਲੱਗਿਆ ਬਾਪੂ ਆਸਾਰਾਮ ਦੇ ਚੇਲਿਆਂ ਖਿਲਾਫ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਮਾਮਲੇ ਦਰਜ ਹਨ। ਸਮਾਜ ਵਿੱਚ ਪਸਰ ਰਹੇ ਦੇਹ ਵਪਾਰ ਦੇ ਧੰਦੇ ਨੂੰ ਵਧਦਾ-ਫੁਲਦਾ ਕਰਨ ਲਈ ਡੇਰਿਆਂ ਵਿੱਚ ਬੈਠੇ ਸਾਧ, ਆਪਣੇ ਘਰਾਂ ਵਿੱਚ ਪੁੱਛਾ ਦੇਣ ਵਾਲੀਆਂ ਤੀਵੀਆਂ, ਪਤੀਆਂ ਨੂੰ ਕਾਬੂ ’ਚ ਰੱਖਣ ਦੇ ਨਾਮ ਹੇਠ ਸਹਿਰਾਂਕਸਬਿਆਂ ਅੰਦਰ ਬੈਠੇ ਜੋਤਸੀ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਜੰਤਰਾਂ-ਤੰਤਰਾਂ, ਮੰਤਰਾਂ ਦੇ ਨਾਂ ਉਪਰ ਇਹੋ ਜਿਹੀਆਂ ਠੱਗੀਆਂ ਠੋਰੀਆਂ ਦਾ ਧੰਦਾ ਚੱਲ ਰਿਹਾ ਹੈ ਜਿਸ ਨਾਲ ਹਰ ਦਿਨ ਅਖਬਾਰਾਂ ਦੇ ਕਈ-ਕਈ ਪੰਨੇ ਭਰੇ ਜਾਂਦੇ ਹਨ ਜਿਹਨਾਂ ਵਿੱਚ ਤੰਤਰਾਂ-ਮੰਤਰਾਂ ਨਾਲ ਹਰ ਮਸਲੇ ਦਾ ਹੱਲ ਕੱਢੇ ਜਾਣ ਦਾ ਦਾਅਵਾ ਕੀਤਾ ਹੁੰਦਾ ਹੈ। ਬਹੁਤ ਗਿਣਤੀ ਔਰਤਾਂ ਇਹਨਾਂ ਇਸਤਿਹਾਰਾਂ ਨੂੰ ਪੜ੍ਹ ਕੇ ਗੁੰਮਰਾਹ ਹੋ ਜਾਂਦੀਆਂ ਹਨ। ਇੱਛਾਧਾਰੀ ਅਤੇ ਨਿਤਿਆਨੰਦ ਵਾਂਗ ਤੀਵੀਆਂ ਨੂੰ ਗੁੰਮਰਾਹ ਕਰਨ ਦੇ ਨਵੇਂ ’ਤੋ ਨਵੇਂ ਢੰਗ ਹੀ ਨਹੀਂ ਲੱਭਦੇ ਸਗੋਂ ਸਮੱਸਿਆ ਦਾ ਹੱਲ ਕਰਵਾਉਣ ਦੀ ਫੀਸ ਬੈਂਕ ਖਾਤੇ ਵਿੱਚ ਜਮਾਂ ਕਰਵਾ ਲਈ ਜਾਂਦੀ ਹੈ। ਪਟਿਆਲੇ ਸਹਿਰ ਵਿੱਚ ਬੈਠਾ ਜੋਤਸੀ ਆਪਣੇ ਆਪ ਨੂੰ ਜਲੰਧਰ ’ਤੋ ਬੋਲਦਾ ਦਸਦਾ ਹੈ। ਪਿੱਛੇ ਜਿਹੇ ਇੱਕ ਜੋਤਸੀ ਕਿਸੇ ਪਰਵਾਰ ਨਾਲ ਸਿਉਨਾ ਦੁੱਗਣਾ ਕਰਨ ਦੇ ਚੱਕਰ ਵਿੱਚ ਠੱਗੀ ਮਾਰ ਗਿਆ। ਜਦੋਂ ਉਸ ਵੱਲ ਛਪਵਾਏ ਇਸਤਿਹਾਰਾਂ ’ਤੇ ਦਿੱਤੇ ਨੰਬਰਾਂ ਦੀ ਸੂਚੀ ਕਢਵਾਈ ਗਈ ਤਾਂ ਨਵਾਂ ਹੀ ਮਾਮਲਾ ਸਾਹਮਣੇ ਆਇਆ, ਇੱਕ ਵੀ ਨੰਬਰ ਉਸ ਦੇ ਆਪਣੇ ਨਾਮ ਉੱਪਰ ਨਹੀਂ ਸੀ ਬਲਕਿ ਮਾਨਸਾ ਜਿਲੇ ਦੇ ਅਕਲੀਆ ਪਿੰਡ ’ਤੋਂ ਲੈ ਕੇ ਹੋਰ ਕਈ ਪੇਂਡੂ ਲੋਕਾਂ ਦੇ ਨਾਮ ’ਤੇ ਸਿਮ ਚੱਲ ਰਹੇ ਸਨ। ਪੜਤਾਲ ਕਰਨ ’ਤੇ ਅਸਲ ਕਹਾਣੀ ਸਾਹਮਣੇ ਆਈ ਕਿ ਬਾਹਰਲੇ ਰਾਜਾਂ ਵਿੱਚੋ ਆਏ ਜੋਤਸੀ ਲੋਕਾਂ ਕੋਲੋ ਜੰਤਰ ਤਿਆਰ ਕਰਕੇ ਦੇਣ ਲਈ ਰਾਸਨ ਕਾਰਡ, ਵੋਟਰ ਕਾਰਡ ਆਦਿ ਦੀਆਂ ਫੋਟੋ ਕਾਪੀਆਂ ਮੰਗਵਾ ਲੈਂਦੇ ਹਨ ਜਿਸ ਨੂੰ ਬਾਅਦ ਵਿੱਚ ਮੋਬਾਇਲ ਕੂਨੈਕਸਨ ਲੈਣ ਲਈ ਵਰਤਿਆ ਜਾਂਦਾ ਹੈ। ਠੱਗੀ-ਠੋਰੀ ਮਾਰ ਕੇ ਗਏ ਜਾਂ ਕਿਸੇ ਔਰਤ ਨੂੰ ਭਜਾ ਕੇ ਲੈ ਗਏ ਜੋਤਸੀ, ਤਾਂਤਰਿਕ, ਸਾਧ ਆਦਿ ਦਾ ਪਤਾ ਹੀ ਨਹੀਂ ਲਗਦਾ ਕਿ ਕਿੱਥੋਂ ਦਾ ਰਹਿਣ ਵਾਲਾ ਸੀ ਜੇਕਰ ਕਤਲ ਵੀ ਕਰਕੇ ਭੱਜ ਜਾਵੇ ਫੇਰ ਵੀ ਨਹੀਂ ਲੱਭਿਆ ਜਾ ਸਕਦਾ ਕਿਉਂਕਿ ਜੋਤਸੀ ਵਾਲਾ ਮੋਬਾਇਲ ਤਾਂ ਕੈਲੇ, ਜੈਲੇ ਜਾਂ ਨਿਹਾਲੇ ਦੇ ਨਾਮ ਚੱਲ ਰਿਹਾ ਹੁੰਦਾ ਹੈ ਭਾਵੇਂ ਪੰਜਾਬ ਵਿੱਚ ਤਰਕਸੀਲ ਲਹਿਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਜਿਹਨਾਂ ਨੇ ਜੋਤਸੀਆਂ, ਤਾਤਰਿਕਾਂ, ਅਤੇ ਜੰਤਰਾਂ-ਮੰਤਰਾਂ ਵਾਲਿਆਂ ਖਿਲਾਫ ਜਨਤਾ ਨੂੰ ਨਾਟਕਾਂ, ਕਿਤਾਬਾਂ ਅਤੇ ਹੋਰ ਸਾਧਨਾਂ ਰਾਹੀਂ ਜਾਗ੍ਰਤਿ ਕਰਨ ਦਾ ਉਪਰਾਲਾ ਕੀਤਾ ਹੈ ਫੇਰ ਵੀ ਪ੍ਰਸਾਸਨ ਨੂੰ ਜਗ੍ਹਾ-ਜਗ੍ਹਾ ਬੈਠੇ ਇਹਨਾ ਪਾਖੰਡੀ ਬਾਬਿਆਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹਨਾ ਨੂੰ ਨਿੱਤਿਆ ਨੰਦ ਅਤੇ ਇੱਛਾਧਾਰੀ ਸਾਧ ਬਣਨ ’ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।
ਜਿਲ੍ਹਾ ਸੰਗਰੂਰ ਦੇ ਸਹਿਰ ਧੂਰੀ ਨੇੜੇ ਇੱਕ ਤਾਂਤਰਿਕ ਵੱਲੋਂ ਔਰਤ ਨੂੰ ਮਾਰ ਕੇ ਡੇਰੇ ਵਿੱਚ ਦੱਬਣ ਦੀ ਘਟਨਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਸੀ ਕਿ ਮਾਲਵੇ ਖਿੱਤੇ ਵਿੱਚ ਅਜੇ ਵੀ ਅੰਧ ਵਿਸਵਾਸ ਜਿਉਂ ਦਾ ਤਿਉਂ ਕਾਇਮ ਹੈ। ਵਿਗਿਆਨਕ ਪਸਾਰਾ ਹੋਣ ਦੇ ਬਾਵਜੂਦ ਵੀ ਕੋਈ ਬਹੁਤਾ ਫ਼ਰਕ ਨਹੀਂ ਪਿਆ। ਮਨੋ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਵਰਗ ਨਾਲ ਜੂੜੀ ਹੋਈ ਔਰਤ ਅੰਧ ਵਿਸਵਾਸਾਂ ਵਿੱਚ ਫਸੀ ਹੋਈ ਹੈ। ਅਮੀਰ ਘਰਾਂ ਦੀਆਂ ਔਰਤਾਂ ਆਪਣੀ ਸੈਕਸ ਦੀ ਪੂਰਤੀ ਕਰਨ ਲਈ ਸਾਧਾਂ-ਸੰਤਾਂ, ਤਾਂਤਰਿਕਾਂ ਆਦਿ ਦੇ ਚੱਕਰ ਵਿੱਚ ਪੈ ਜਾਂਦੀਆਂ ਹਨ। ਜਦੋਂ ਕਿ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਜਾਂ ਘਰ ਦੇ ਕਲੇਸ ਅਤੇ ਬੀਮਾਰੀਆਂ ਨੂੰ ਮਿਟਾਉਣ ਲਈ ਇਹਨਾਂ ਚੱਕਰਾਂ ਵਿੱਚ ਪੈ ਜਾਂਦੀਆਂ ਹਨ। ਜਿੱਥੇ ਇਹਨਾਂ ਅਖੌਤੀ ਸਾਧਾਂ ਵੱਲੋਂ ਔਰਤਾਂ ਦਾ ਧੱਕੇ ਨਾਲ ਸਰੀਰਕ ਸੋਸਣ ਕੀਤਾ ਜਾਂਦਾ ਹੈ ਅਤੇ ਮਾਮਲਾ ਸਮਾਜਿਕ ਤੌਰ ’ਤੇ ਬਾਹਰ ਜਾਣ ਦੇ ਡਰੋਂ ਇਹਨਾਂ ਔਰਤਾਂ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਕਤਲ ਹੋਣੇ ਜਾਂ ਕਰਨੇ ਇੱਕ ਡੇਰੇ ਦੀ ਕਹਾਣੀ ਨਹੀਂ ਹੈ। ਸਗੋਂ ਵੱਡੇ-ਛੋਟੇ ਡੇਰਿਆਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਪਿਛਲੇ ਸਾਲਾਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਕਈ ਰਾਜਾਂ ਵਿੱਚ ਬਣੇ ਡੇਰਿਆਂ ਅੰਦਰ ਔਰਤਾਂ ਦਾ ਸੋਸਣ ਹੋਣ ਦੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਜਿਹਨਾਂ ਵਿੱਚੋਂ ਕਈ ਡੇਰਿਆਂ ਦੀ ਇਸ ਮਾਮਲੇ ਵਿੱਚ ਪੜਤਾਲ ਵੀ ਚੱਲ ਰਹੀ ਹੈ। ਪੰਜਾਬ ਦੇ ਮਾਲਵੇ ਖਿੱਤੇ ਦੇ ਹਲਾਤ ਇਹ ਹਨ ਕਿ ਜ਼ਿਆਦਾਤਰ ਲੋਕ ਤਾਂਤਰਿਕ ਅਤੇ ਜੋਤਸੀਆਂ ਦੇ ਰੂਪ ਵਿੱਚ ਬਾਹਰਲੇ ਰਾਜਾਂ ਵਿੱਚੋਂ ਆ ਰਹੇ ਹਨ। ਜਿਹੜੇ ਕਈ ਨਾਬਾਲਿਗ ਕੁੜੀਆਂ ਅਤੇ ਔਰਤਾਂ ਨੂੰ ਵੀ ਭਜਾ ਕੇ ਲੈ ਗਏ। ਅਜਿਹੇ ਵਿਅਕਤੀਆਂ ਦਾ ਕੋਈ ਪੱਕਾ ਠਿਕਾਣਾ ਵੀ ਨਹੀਂ ਹੁੰਦਾ ਅਤੇ ਪੁਲਿਸ ਪ੍ਰਸਾਸਨ ਵੀ ਕੋਈ ਬਹੁਤੀ ਪੜਤਾਲ ਨਹੀਂ ਕਰਦਾ। ਹੈਰਾਨੀ ਭਰੀ ਗੱਲ ਇਹ ਹੈ ਕਿ ਘਰ ਵਿੱਚ ਨੌਕਰ ਰੱਖਣ ’ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਹੈ ਪਰ ਸਹਿਰਾਂ ਅਤੇ ਪਿੰਡਾਂ ਵਿੱਚ ਜੋਤਸੀਆਂ ਅਤੇ ਤਾਂਤਰਿਕ ਵਿੱਦਿਆ ਦਾ ਕਾਰੋਬਾਰ ਕਰ ਰਹੇ ਲੋਕਾਂ ਦੇ ਠਿਕਾਣਿਆਂ ਬਾਰੇ ਕੁਝ ਨਹੀਂ ਪੁੱਛਿਆ ਜਾਂਦਾ। ਪ੍ਰਸਾਸਨ ਅਤੇ ਸਰਕਾਰਾਂ ਨੂੰ ਅਜਿਹੇ ਮਾਮਲਿਆਂ ਦੀ ਗਹਿਰਾਈ ਨਾਲ ਪੜਤਾਲ ਕਰਨ ਦੇ ਨਾਲ ਹੀ ਮਿਸ਼ਨਰੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਹੋਰ ਮਜਬੂਤ ਕਰਨ ਦੀ ਲੋੜ੍ਹ ਹੈ।