ਦਿਲ ਦੀ ਤੰਦਰੁਸਤੀ
ਡਾ. ਕਪਿਲ ਗੁਪਤਾ
ਇਸ ਮੁਕਾਬਲੇ ਅਤੇ ਤੇਜ਼ ਰਫਤਾਰ ਯੁੱਗ ’ਚ ਜ਼ਿਆਦਾਤਰ ਲੋਕ ਸਿਹਤ ਨਾਲ ਸਮਝੌਤਾ ਕਰਦੇ ਹੋਏ ਅੱਗੇ ਵੱਧਦੇ ਹਨ। ਉਹ ਬਿਹਤਰ ਜ਼ਿੰਦਗੀ ਦੀ ਕਲਪਨਾ ਤਾਂ ਕਰਦੇ ਹਨ ਪਰ ਸਿਹਤਮੰਦ ਜ਼ਿੰਦਗੀ ਦਾ ਸੰਕਲਪ ਕਿਤੇ ਗਾਇਬ ਹੁੰਦਾ ਹੈ। ਇਸੇ ਕਰਕੇ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਉਹ ਸਿਹਤਮੰਦ ਜ਼ਿੰਦਗੀ ਤੋਂ ਵਿਰਵੇ ਹੁੰਦੇ ਹਨ, ਜਿਸ ਦਾ ਮਲਾਲ ਉਨ੍ਹਾਂ ਨੂੰ ਰਹਿੰਦਾ ਹੀ ਹੈ। ਲਾਈਫ ਸਟਾਈਲ ’ਚੋਂ ਪੈਦਾ ਹੋਣ ਵਾਲੀਆਂ ਕਈ ਬਿਮਾਰੀਆਂ ’ਚ ਦਿਲ ਨਾਲ ਸਬੰਧਤ ਬਿਮਾਰੀਆਂ ਵੀ ਹਨ। ਜੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਤਾਂ ਇਹ ਦਿਲ ਦਾ ਮਾਮਲਾ ਜਾਨਲੇਵਾ ਹੋ ਸਕਦਾ ਹੈ।
ਸਾਡੇ ਮੁਲਕ ’ਚ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਇਜ਼ਾਫਾ ਹੋ ਰਿਹਾ ਹੈ ਅਤੇ ਪੰਜਾਬ ਇਸ ਮਾਮਲੇ ’ਚ ਵੀ ਅੱਗੇ ਹੈ। ਹਾਲਾਂਕਿ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ’ਚ ਅਤਿ ਆਧੁਨਿਕ ਤਕਨੀਕਾਂ ਅਤੇ ਦਵਾਈਆਂ ਦਾ ਇਸਤੇਮਾਲ ਹੋਣ ਲੱਗਾ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਨੂੰ ਹੋਣ ਹੀ ਕਿਉਂ ਦਿੱਤਾ ਜਾਵੇ? ਇਹ ਗੱਲ ਬਿਲਕੁਲ ਠੀਕ ਹੈ ਕਿ ਇਨ੍ਹਾਂ ਬਿਮਾਰੀਆਂ ਨੂੰ ਹੋਣ ਹੀ ਕਿਉਂ ਦਿੱਤਾ ਜਾਵੇ, ਇਨ੍ਹਾਂ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾਵੇ। ਇਸ ਤੋਂ ਬਚਾਅ ਲਈ ਕੁਝ ਤਰੀਕੇ ਹਨ ਜੇ ਇਨ੍ਹਾਂ ਨੂੰ ਜ਼ਿੰਦਗੀ ’ਚ ਅਪਣਾ ਲਿਆ ਜਾਵੇ ਤਾਂ ਤੰਦਰੁਸਤ ਦਿਲ ਦੇ ਨਾਲ-ਨਾਲ ਸਿਹਤਮੰਦ ਜ਼ਿੰਦਗੀ ਵੀ ਭੋਗੀ ਜਾ ਸਕਦੀ ਹੈ।
(1). ਜੀਵਨ ਸ਼ੈਲੀ ਵਿਚ ਸਾਕਾਰਾਤਮਕ ਤਬਦੀਲੀ ਲਿਆਉਣੀ ਜ਼ਰੂਰੀ ਹੈ।
(2). ਡਾਕਟਰ ਤੋਂ ਸਲਾਹ ਲੈ ਕੇ ਰੈਗੂਲਰ 45 ਮਿੰਟ ਦੀ ਤੇਜ਼ ਸੈਰ ਕਰਨੀ ਚਾਹੀਦੀ ਹੈ।
(3). ਯੋਗਾ ਤੇ ਮੈਡੀਟੇਸ਼ਨ ਨੂੰ ਆਪਣੀ ਰੂਟੀਨ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
(4). ਕਿਸੇ ਨਾ ਕਿਸੇ ਖੇਡ ਦਾ ਸ਼ੌਕ ਜ਼ਰੂਰ ਹੋਣਾ ਚਾਹੀਦਾ ਹੈ।
(5). ਸਿਗਰਟ ਅਤੇ ਸ਼ਰਾਬ ਤੁਹਾਡੀ ਸਿਹਤ ਦੇ ਦੁਸ਼ਮਣ ਹਨ। ਇਨ੍ਹਾਂ ਤੋਂ ਪਰਹੇਜ਼ ਕਰੋ।
(6). ਰਾਤ ਨੂੰ ਜਲਦੀ ਸੌਣ ਤੇ ਸਵੇਰੇ ਜਲਦੀ ਉੱਠਣ ਦੀ ਆਦਤ ਹੋਣੀ ਚਾਹੀਦੀ ਹੈ।
(7). ਖਾਣਾ ਨਿਰਧਾਰਤ ਸਮੇਂ ’ਤੇ ਹੀ ਖਾਣਾ ਚਾਹੀਦਾ ਹੈ।
(8). ਤਲੇ ਅਤੇ ਜ਼ਿਆਦਾ ਕੈਲਰੀਜ਼ ਵਾਲੇ ਖਾਧ ਪਦਾਰਥਾਂ ਦੀ ਜਗ੍ਹਾ ’ਤੇ ਪੌਸ਼ਕ ਤੱਤਾਂ ਨਾਲ ਭਰਪੂਰ ਖਾਧ ਪਦਾਰਥਾਂ ਨੂੰ ਪਹਿਲ ਦਿਓ। ਸਮੋਸਾ, ਪਕੌੜਾ, ਮੋਮੋ, ਮਿਠਾਈ ਆਦਿ ਦੀ ਥਾਂ ਪੂੰਗਰੇ ਅਨਾਜ, ਸਾਬਤ ਅਨਾਜ ਆਦਿ ਦਾ ਇਸਤੇਮਾਲ ਕਰੋ।
(9). ਦੇਸੀ ਘਿਓ, ਮੱਖਣ ਆਦਿ ਦਿਲ ਦੀਆਂ ਦੁਸ਼ਮਣ ਚੀਜ਼ਾਂ ਦੀ ਜਗ੍ਹਾ ਆਲਿਵ ਆਇਲ, ਸਰੋਂ ਦਾ ਤੇਲ ਆਦਿ ਦਾ ਇਸਤੇਮਾਲ ਕਰੋ।
(10). ਮੈਦੇ ਅਤੇ ਇਸ ਤੋਂ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਇਸ ਦੀ ਥਾਂ ਫਲਾਂ ਅਤੇ ਸਬਜ਼ੀਆਂ ਨੂੰ ਪਹਿਲ ਦਿਓ।
(11). ਓਮੇਗਾ 3 ਫੈਟੀ ਐਸਿਡ ਅਤੇ ਅਲਸੀ ਦਾ ਸੇਵਨ ਦਿਲ ਦੀ ਸਿਹਤ ਲਈ ਫਾਇਦੇਮੰਦ ਹੈ। ਓਮੇਗਾ 3 ਫੈਟੀ ਐਸਿਡ ਮੱਛੀ, ਬਾਦਾਮ, ਅਖਰੋਟ ਅਤੇ ਸੀਡਸ ’’ਚ ਪਾਇਆ ਜਾਂਦਾ ਹੈ।