‘ਠੰਡੇ ਪਾਣੀ ਜੋ ਨਹਿ ਨ੍ਹਾਵੇ।’

0
816

‘ਠੰਡੇ ਪਾਣੀ ਜੋ ਨਹਿ ਨ੍ਹਾਵੇ।’

ਸੂਬੇਦਾਰ ਹਰਦਿਆਲ ਸਿੰਘ (ਰਿਟਾ.)-075891-35032

ਕੁਝ ਸਮਾਂ ਪਹਿਲਾਂ ਇਕ ਟੀ. ਵੀ. ਚੈਨਲ ਰਾਹੀਂ ਇੱਕ ਮਸ਼ਹੂਰ ਕਥਾ ਵਾਚਕ (ਗਿਆਨੀ ਪਰਮਜੀਤ ਸਿੰਘ ਖਾਲਸਾ) ਦੀ ਰਿਕਾਰਡ ਕੀਤੀ ਹੋਈ ਕਥਾ ਪ੍ਰਸਾਰਤ ਕੀਤੀ ਗਈ ਸੀ। ਜਿਸ ਵਿਚ ਉਕਤ ਗਿਆਨੀ ਜੀ ਨੇ ਕਿਹਾ ਕਿ ਇਕ ਗੁਰਸਿੱਖ ਨੂੰ ਅੱਧੀ ਰਾਤ 12 ਵਜ ਕੇ 5 ਮਿੰਟ ’ਤੇ ਉੱਠ ਕੇ ਠੰਡੇ ਪਾਣੀ ਦੀ ਟੂਟੀ ਹੇਠਾਂ ਸਿਰ ਕਰਨਾ ਚਾਹੀਦਾ ਹੈ ਅਤੇ ਇਹ ਕਿਹਾ ਕਿ ਗ਼ਰਮ ਪਾਣੀ ਨਾਲ ਨਹਾਉਣ ਵਾਲੇ ਨੂੰ ਤਾਂ ਗੁਰਦੁਆਰੇ ਚੌਰ ਸਾਹਿਬ ਦੀ ਸੇਵਾ ਕਰਨ ਦਾ ਹੱਕ ਨਹੀਂ। ਜਾਉ ਕਿਹੜੇ ਗੁਰਦੁਆਰੇ ਜਾਉਂਗੇ? ਫਿਰ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਟੇਡੇ ਮੇਡੇ ਕਰਕੇ ਨਕਲ ਉਤਾਰਦਿਆਂ ਕਿਹਾ ਕਿ ਗ਼ਰਮ ਪਾਣੀ ਨਾਲ ਨਹਾਉਣ ਵਾਲਿਆਂ ਦੇ ਹੱਥ ਇਸ ਤਰ੍ਹਾਂ ਹੋ ਜਾਂਦੇ ਹਨ ਭਾਵ ਉਹਨਾਂ ਨੂੰ ਗੰਠੀਆ ਹੋ ਜਾਂਦਾ ਹੈ। ਫਿਰ ਇਹ ਕਿਹਾ ਕਿ ਕਈ ਪ੍ਰੇਮੀ ਕਹਿੰਦੇ ਹਨ ਕਿ ਜੇ ਉਹ ਅੱਧੀ ਰਾਤੀਂ ਸਿਮਰਨ ਕਰਨ ਲਈ ਉੱਠਦੇ ਹਨ ਤਾਂ ਦਿਨੇ ਕੰਮ ਵੇਲੇ ਉਹਨਾਂ ਨੂੰ ਨੀਂਦ ਆਉਂਦੀ ਰਹਿੰਦੀ ਹੈ। ਇਸ ਦੇ ਜਵਾਬ ਵਿਚ ਗਿਆਨੀ ਜੀ ਨੇ ‘‘ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮੁ ਪਿਆਰਾ॥’’ (ਮ: ੩/੬੩੮) ਦਾ ਹਵਾਲਾ ਦੇ ਦਿੱਤਾ। ਫਿਰ ਇਹ ਵੀ ਕਿਹਾ ਕਿ ਗ਼ਰਮ ਪਾਣੀ ਨਾਲ ਨਹਾਉਣ ਵਾਲਿਆਂ ਦੇ ਸਿਰ ਅਤੇ ਸਰੀਰ ’ਤੇ ਖੁਰਕ ਹੁੰਦੀ ਰਹਿੰਦੀ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰੀ ਆਪਣੇ ਪਿਆਰਿਆਂ ਦੇ ਕੰਮ ਅਚਿੰਤ ਹੀ ਕਰਦਾ ਹੈ ਪਰ ਇਹ ਅਵਸਥਾ ਹਰ ਵੇਲੇ ਹਰ ਕਿਸੇ ’ਤੇ ਨਹੀਂ ਬਣਦੀ। ਜ਼ਿਆਦਾਤਰ ਸਿੱਖ ਕੌਮ ਤਾਂ ਪਹਿਲਾਂ ਹੀ ਸਿੱਖ ਧਰਮ ਦੇ ਮੁੱਢਲੇ ਅਸੂਲਾਂ-ਕਿਰਤ ਕਰਨੀ, ਨਾਮ ਜਪਣ ਅਤੇ ਵੰਡ ਛੱਕਣ ਨੂੰ ਤਿੱਲਾਂਦਲੀ ਦੇ ਚੁੱਕੀ ਹੈ ਉਪਰੋਂ ਐਸੀਆਂ ਗੁਮਰਾਹ ਕੁਨ ਦਲੀਲਾਂ ਦੇਣੀਆਂ ਕਿ ਆਉ ਸਿੱਖੋ ਅੱਧੀ ਰਾਤੀਂ ਉੱਠ ਕੇ ਮਾਲਾ ਫੇਰਨੀਆਂ ਸ਼ੁਰੂ ਕਰ ਦਿਉ ਦਿਨੇ ਤੁਹਾਡੇ ਕਾਰ ਵਿਹਾਰ ਬਾਬਾ ਨਾਨਕ ਕਰ ਦਿਆ ਕਰੇਗਾ, ਕੌਮ ਲਈ ਬੜਾ ਮੰਦਭਾਗਾ ਹੈ। ਕਾਰ ਵਿਹਾਰ ਕਰਦਿਆਂ ਗਿਆਨ ਅਤੇ ਕਰਮ ਇੰਦਰਿਆਂ ਦਾ ਕੰਮ ਜਾਣ ਬੁਝ ਕੇ ਗੁਰੂ ’ਤੇ ਛੱਡ ਦੇਣਾ ਕੋਈ ਸਿਆਣਪ ਨਹੀਂ।

ਡਾਕਟਰਾਂ ਦੀ ਰਾਇ ਅਨੁਸਾਰ 6 ਤੋਂ 8 ਘੰਟੇ ਨੀਂਦ ਜ਼ਰੂਰੀ ਹੈ। ਆਪਣੇ ਕੰਮ ਦੇ ਸਮੇਂ ਹਮੇਸ਼ਾ ਉਂਘਦੇ ਰਹਿਣਾ ਜਿੱਥੇ ਹਾਸੇ ਮਜ਼ਾਕ ਦਾ ਕਾਰਨ ਬਣਦਾ ਹੈ ਉੱਥੇ ਕੰਮ ਵਿਚ ਵਿਘਨ ਵੀ ਪੈਂਦਾ ਹੈ। ਨੀਂਦ ਕਾਰਨ concentration, working memory, performance, understanding, timely reaction ਦੀ ਘਾਟ ਹੁੰਦੀ ਹੈ। ਜੇ ਕੋਈ ਮਸ਼ੀਨਰੀ ਵਗੈਰਾ ਉਪਰ ਕੰਮ ਕਰਦਾ ਹੈ ਤਾਂ ਉਹ ਹਾਦਸੇ ਦਾ ਵੀ ਸ਼ਿਕਾਰ ਹੋ ਸਕਦਾ ਹੈ। ਲਗਾਤਾਰ ਉਨੀਂਦਰੇ ਰਹਿਣ ਅਤੇ ਨੀਂਦ ਪੂਰੀ ਨਾ ਹੋਣ ਨਾਲ ਕਈ ਸਰੀਰਕ ਬੀਮਾਰੀਆਂ ਨੂੰ ਸੱਦਾ ਦੇਣਾ ਹੈ। ਦਿਨ ਵੇਲੇ ਕੰਮ ਕਰਦਿਆਂ ਸਰੀਰ ਦੇ ਸੈਲਾਂ ਅਤੇ ਕੋਸ਼ਕਾਵਾਂ ਦੀ ਟੁੱਟ ਭੱਜ ਦੀ ਨੀਂਦ ਵੇਲੇ ਬਣਤਰ ਨਾ ਹੋਣ ਕਰਕੇ ਬੁਢਾਪੇ ਦੇ ਚਿੰਨ੍ਹ ਜਲਦੀ ਨਜ਼ਰ ਆਉਣ ਲਗਦੇ ਹਨ। 6 ਘੰਟੇ ਤੋਂ ਘੱਟ ਨੀਂਦ obesity, diabetes type 2, hypertention ਅਤੇ ਹੋਰ ਘਾਤਕ ਬੀਮਾਰੀਆਂ ਦਾ ਕਾਰਣ ਬਣਦੀ ਹੈ। 20% ਸੜਕ ਹਾਦਸੇ ਨੀਂਦ ਆਉਣ ਦੇ ਕਾਰਨ ਹੁੰਦੇ ਹਨ। ਪਿੱਛੇ ਜਿਹੇ ਦਿੱਲੀ ਤੋਂ ਅੰਮ੍ਰਿਤਸਰ ਰਾਤ ਸਮੇਂ ਜਾ ਰਹੀ ਬਸ ਦੇ ਡਰਾਇਵਰ ਨੂੰ ਨੀਂਦ ਆਉਣ ਕਾਰਨ ਬਸ ਸਰਹਿੰਦ ਨਹਿਰ ਵਿਚ ਡਿੱਗ ਪਈ ਸੀ ਜਿਸ ਕਰਕੇ ਸਾਰੀਆਂ ਸਵਾਰੀਆਂ ਮਾਰੀਆਂ ਗਈਆਂ ਸਨ। ਮਸ਼ਹੂਰ ਕਮੇਡੀਅਨ ਜਸਪਾਲ ਭੱਟੀ ਦੀ ਮੌਤ ਦਾ ਕਾਰਣ ਵੀ ਰਾਤ ਸਮੇਂ ਕਾਰ ਚਲਾਉਂਦੇ ਡਰਾਇਵਰ ਨੂੰ ਨੀਂਦ ਆਉਣਾ ਦਸਿਆ ਗਿਆ ਸੀ।

ਮੁੰਬਈ ਵਰਗੇ ਸ਼ਹਿਰਾਂ ’ਚ ਜਿੱਥੇ ਸਾਰਾ ਸਾਲ ਤਕਰੀਬਨ ਇੱਕੋ ਜਿਹਾ ਤਾਪਮਾਨ ਰਹਿੰਦਾ ਹੈ ਕਿਸੇ ਸਮੇਂ ਵੀ ਠੰਡੇ ਪਾਣੀ ਨਾਲ ਨਹਾਇਆ ਜਾ ਸਕਦਾ ਹੈ। ਪਰ ਕਈ ਮੈਦਾਨੀ, ਪਹਾੜੀ ਅਤੇ ਖਾਸ ਕਰਕੇ ਬਰਫਬਾਰੀ ਵਾਲੇ ਇਲਾਕਿਆਂ ਵਿਚ ਮੁਸ਼ਕਲ ਹੈ। ਦਾਸ ਆਰਮੀ ਦੀ 30 ਸਾਲਾ ਨੋਕਰੀ ਦੋਰਾਨ ਬਰਫਬਾਰੀ (high altitude) ਤੇ ਤੈਨਾਤ ਰਿਹਾ ਹੈ ਜਿੱਥੇ ਸਰਦੀਆਂ ਦਾ ਤਾਪਮਾਨ -10 ਸੈਂਟੀਗ੍ਰੇਡ ਤੋਂ -20 ਸੈਂਟੀਗ੍ਰੇਡ ਹੋ ਜਾਂਦਾ ਸੀ ਅਤੇ ਬਰਫਬਾਰੀ ਕਾਰਨ ਪਾਣੀ ਦੇ ਸਰੋਤ ਵੀ ਜੰਮ ਜਾਂਦੇ ਸਨ ਅਤੇ ਬਰਫ ਨੂੰ ਗ਼ਰਮ ਕਰਕੇ ਹੀ ਪਾਣੀ ਮਿਲਦਾ ਸੀ ਉਹਨਾਂ ਥਾਵਾਂ ’ਤੇ ਦਾਸ ਤੜਕੇ ਤਿੰਨ ਵਜੇ ਉੱਠ ਕੇ ਗ਼ਰਮ ਪਾਣੀ ਨਾਲ ਇਸ਼ਨਾਨ ਕਰਕੇ ਨਿੱਤਨੇਮ ਕਰਦਾ ਰਿਹਾ ਹੈ। ਦਾਸ ਦੇ ਗੈਰਸਿੱਖ ਸਾਥੀ ਕਿਹਾ ਕਰਦੇ ਸਨ ਕਿ ਤੁਸੀਂ ਰਮ ਨਹੀਂ ਪੀਂਦੇ, ਅੰਡੇ ਮੀਟ ਨਹੀ ਖਾਂਦੇ ਤੁਸੀਂ (high altitude) ਤੇ ਇੱਕ ਦਿਨ ਵੀ ਨਹੀਂ ਰਹਿ ਸਕਦੇ, ਪਰ 18 ਮਹੀਨਿਆਂ ਦੀ ਪੋਸਟਿੰਗ ਦੇ ਦੌਰਾਨ ਗੰਠੀਆ ਤਾਂ ਕੀ ਹੋਣਾ ਸੀ ਜੁਕਾਮ ਯਾ ਕਿਸੇ ਕਿਸਮ ਸੀ ਦਵਾਈ ਲੈਣ ਦੀ ਲੋੜ ਨਹੀਂ ਪਈ।

ਗੰਠੀਆ ਆਮ ਤੌਰ ਤੇ 50-60 ਸਾਲ ਦੀ ਉਮਰ ਤੋਂ ਹੁੰਦਾ ਹੈ। ਕਿਸੇ ਕਿਸੇ ਹਾਲਤ ਵਿਚ ਇਹ ਪਹਿਲਾਂ ਵੀ ਹੋ ਸਕਦਾ ਹੈ। ਕੋਈ 100 ਕਿਸਮਾਂ ਦੇ ਗੰਠੀਏ ਦੇ ਅਨੇਕਾਂ ਕਾਰਨ ਹਨ ਪਰ ਗ਼ਰਮ ਪਾਣੀ ਨਾਲ ਨਹਾਉਣਾ ਗੰਠੀਏ ਦਾ ਕਾਰਨ ਬਿਲਕੁਲ ਨਹੀਂ। ਉਲਟਾ ਡਾਕਟਰ ਤਾਂ ਗੰਠੀਏ ਦੇ ਰੋਗੀ ਨੂੰ ਗ਼ਰਮ ਪਾਣੀ ਨਾਲ ਨਹਾਉਣ ਜਾਂ ਗ਼ਰਮ ਪਾਣੀ ਦੀਆਂ ਬੋਤਲਾਂ ਨਾਲ ਸੇਕ ਦੇਣ ਜਾਂ ਗੰਠੀਏ ਵਾਲੇ ਅੰਗ ਨੂੰ ਸਿੱਧੇ ਤੌਰ ’ਤੇ ਗ਼ਰਮ ਪਾਣੀ ਵਿਚ ਪਾਉਣ ਦੀ ਸਲਾਹ ਦਿੰਦੇ ਹਨ ਜਿਸ ਨਾਲ ਕਾਫੀ ਅਰਾਮ ਵੀ ਮਿਲਦਾ ਹੈ ਅਤੇ ਜੁੜਿਆ ਹੋਇਆ ਜੋੜ ਰਵਾਂ ਹੋ ਜਾਂਦਾ ਹੈ।

ਬਰਫਬਾਰੀ ਵਾਲੀਆਂ ਥਾਵਾਂ ਤੇ ਪਿੰਘਲਦੀ ਹੋਈ ਬਰਫ ਦੇ ਠੰਡੇ ਪਾਣੀ ਵਿਚ ਨਹਾਉਣ ਨਾਲ hypothermia ਹੋ ਸਕਦਾ ਹੈ। ਉਸ ਪਾਣੀ ਵਿਚ 15 ਮਿੰਟ ਰਹਿਣ ਨਾਲ ਇਨਸਾਨ ਦੀ ਮੌਤ ਹੋ ਸਕਦੀ ਹੈ। ਅੱਧੀ ਰਾਤ ਨੂੰ ਸਿਰ ਨਹਾਉਣਾ ਅਤੇ ਫਿਰ ਕੇਸ ਸੁਕਾਉਣ ਦਾ ਕੋਈ ਬੰਦੋਬਸਤ ਨਾ ਹੋਣਾ ਅਤੇ ਬਾਹਰਲੇ ਵਾਤਾਵਰਨ ਦਾ ਤਾਪਮਾਨ ਅਤਿਅੰਤ ਠੰਡਾ ਹੋਣਾ ਮੌਤ ਨੂੰ ਸੱਦਾ ਦੇਣਾ ਹੈ ਕਿਉਂਕਿ body heat loss ਹੋਣ ਕਰਕੇ ਸਰੀਰ ਦਾ ਤਾਪਮਾਨ 82.4 ਡਿਗਰੀ ਤੇ ਦਿਲ ਲਹੂ ਨੂੰ ਸਰੀਰ ਵਿਚ ਪੰਪ ਕਰਨਾ ਬੰਦ ਕਰ ਦਿੰਦਾ ਹੈ। ਸਰੀਰ ਦੇ 68 ਡਿਗਰੀ ਤਾਪਮਾਨ ਉਪਰ ਦਿਮਾਗ਼ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਜੇ ਕੋਈ ਪ੍ਰੇਮੀ ਕੜਕਦੀ ਠੰਡ ਵਿਚ ਅੰਮ੍ਰਿਤ ਵੇਲੇ ਉੱਠ ਕੇ ਗ਼ਰਮ ਪਾਣੀ ਨਾਲ ਇਸ਼ਨਾਨ ਕਰਕੇ ਅਤੇ ਸਿਮਰਨ/ਨਿਤਨੇਮ ਕਰਕੇ ਗੁਰਦੁਆਰੇ ਜਾਵੇ ਅਤੇ ਉੱਥੇ ਸ਼ਰਧਾ ਪੂਰਵਕ ਚੌਰ ਸਾਹਿਬ ਦੀ ਸੇਵਾ ਕਰਨ ਲਗੇ ਤਾਂ ਕੀ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਚਾਹੀਦਾ ਹੈ। ਧੱਕੇ ਤਾਂ ਭਗਤ ਨਾਮਦੇਵ ਜੀ ਨੂੰ ਵੀ ਪੰਡਿਤਾਂ ਨੇ ਮਾਰੇ ਸਨ। ਫਿਰ ਕੀ ਹੋਇਆ: ‘‘ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ॥’’ (1292)

ਕੀ ਕਿਸੇ ਦੀ ਸ਼ਰਧਾ ਨੂੰ ਨਾਪਣ ਦਾ ਕੋਈ ਪੈਮਾਨਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿੱਥੇ 100, 500 ਅਤੇ 1000 ਰੁਪਏ ਦੇ ਨੋਟਾਂ ਦਾ ਢੇਰ ਲਗ ਜਾਂਦਾ ਹੈ ਉੱਥੇ ਇਕ ਇਕ ਰੁਪਏ ਦੇ ਸਿਕਿਆਂ ਦਾ ਵੀ ਢੇਰ ਲਗ ਜਾਂਦਾ ਹੈ। ਕੀ ਇਕ ਰੁਪਏ ਦਾ ਮੱਥਾ ਟੇਕਣ ਵਾਲੇ ਦੀ ਸ਼ਰਧਾ ਇਕ ਹਜ਼ਾਰ ਰੁਪਏ ਦਾ ਮੱਥਾ ਟੇਕਣ ਵਾਲੇ ਤੋਂ ਕਿਸੇ ਤਰ੍ਹਾਂ ਘਟ ਹੈ? ਸ਼੍ਰੀ ਰਾਮ ਚੰਦਰ ਨੇ ਭੀਲਣੀ ਨੂੰ ਨਹੀਂ ਕਿਹਾ ਸੀ ਕਿ ਇਹ ਬੇਰ ਤੇਰੇ ਜੂਠੇ ਹਨ, ਉਹ ਤਾਂ ਬੜੇ ਚਾਅ ਨਾਲ ਖਾਧੇ ਸਨ। ਸ਼੍ਰੀ ਕ੍ਰਿਸ਼ਨ ਨੇ ਬਿਦਰ ਦਾ ਬੇਲੂਣਾ ਸਾਗ ਅਤੇ ਸੁਦਾਮੇ ਦੇ ਸਤੂ ਬੜੇ ਚਾਅ ਨਾਲ ਖਾਧੇ ਸਨ।

ਕਿਸੇ ਹਸਪਤਾਲ ਦੇ ਡਾਕਟਰ ਅਤੇ ਨਰਸਾਂ ਕਿਸੇ ਮਰੀਜ਼ ਦਾ ਇਲਾਜ ਕਰਦੇ ਸਮੇਂ ਉਸ ਦੀ ਬਹੁਤ ਸੇਵਾ ਕਰਦੇ ਹਨ। ਨਰਸਾਂ ਤਾਂ ਮਰੀਜ਼ ਦੇ ਕਪੜੇ ਬਦਲਦੀਆਂ ਅਤੇ ਖਾਣਾਂ ਵੀ ਖਵਾਉਂਦੀਆ ਹਨ। ਸਫਾਈ ਕਰਮਚਾਰੀ ਮਰੀਜ਼ ਦਾ ਮਲ-ਮੂਤਰ ਵੀ ਸਾਫ ਕਰਦੇ ਹਨ, ਜੋ ਕਿ ਕਈ ਵਾਰ ਪਰਿਵਾਰ ਦੇ ਜੀਅ ਕਰਨ ਤੋਂ ਕਤਰਾਅ ਜਾਂਦੇ ਹਨ, ਪਰ ਜੇ ਕਿਧਰੇ ਉਸ ਮਰੀਜ਼ ਦੀ ਮੌਤ ਹੋ ਜਾਵੇ ਤਾਂ ਜਿੱਥੇ ਪਰਿਵਾਰ ਦੇ ਜੀਅ ਭੁਬਾਂ ਮਾਰ ਕੇ ਰੌਂਦੇ ਹਨ ਉੱਥੇ ਹਸਪਤਾਲ ਦੇ ਕਰਮਚਾਰੀ ਭਾਵਹੀਨ ਰਹਿੰਦੇ ਹਨ। ਉਹਨਾਂ ਨੂੰ ਕੋਈ ਦੁਖ ਨਹੀਂ ਹੁੰਦਾ ਕਿਉਂਕਿ ਉਹ ਮਰੀਜ਼ ਨਾਲ ਮਨ ਕਰਕੇ ਨਹੀਂ ਮਾਇਆ ਕਰਕੇ ਜੁੜੇ ਹੁੰਦੇ ਹਨ। ਅਸੀਂ ਵੀ ਗੁਰੂ ਨਾਲ ਮਨ ਕਰਕੇ ਨਹੀ ਮਾਇਆ ਕਰਕੇ ਜੁੜਦੇ ਹਾਂ। ਪਹਿਲਾਂ ਮਾਇਆ ਮੰਗਣ ਲਈ ਅਰਦਾਸਾਂ ਕਰਦੇ ਅਤੇ ਕਰਵਾਉਂਦੇ ਹਾਂ। ‘ਹੇ ਅਕਾਲ ਪੁਰਖ! ਆਪਣੇ ਸੇਵਕ ਦੇ ਕਾਰਜ ਰਾਸ ਕਰਨੇ, ਕਾਰੋਬਾਰਾਂ ਵਿਚ ਵਾਧੇ ਪਾਉਣੇ, ਬਚਿਆਂ ਨੁੰ ਉੱਚ ਵਿਦਿਆ ਦਾ ਦਾਨ ਬਖਸ਼ਣਾਂ (ਬੇਸ਼ਕ ਉਹ ਸਾਰਾ ਸਾਲ ਇੰਟਰਨੈਟ ’ਤੇ ਚੈਟਿੰਗ ਕਰਦੇ ਰਹਿਣ), ਉਹਨਾਂ ਨੂੰ ਉਚ ਅਧਿਕਾਰੀ ਬਣਾਉਣਾ ਵਗੈਰਾ ਵਗੈਰਾ।’ ਜਦੋਂ ਕਿਸੇ ਰੂਪ ਵਿਚ ਮਾਇਆ ਮਿਲ ਜਾਂਦੀ ਹੈ ਫਿਰ ਉਸ ਉਤੇ ‘ਮੇਰੀ’ ਦੀ ਮੁਹਰ ਲਾ ਕੇ ਗੁਰੂ ਨੂੰ ਦੇਣ ਦੀ ਹੋੜ ਵਿਚ ਲੱਗ ਜਾਂਦੇ ਹਾਂ। ਆਉ ਭਾਈ ਗੁਰੂ ਨਾਲ ਮਾਇਆ ਕਰਕੇ ਨਹੀਂ, ਤਨ ਕਰਕੇ ਨਹੀਂ ਮਨ ਕਰਕੇ ਜੁੜੀਏ।

ਆਉ ਟੂਕ ਮਾਤਰ ਵਿਚਾਰ ਕਰੀਏ ਕਿ ਅਸੀਂ ਪੁਰਾਤਨ ਰਹਿਤਨਾਮਿਆਂ, ਹੁਕਮਨਾਮਿਆਂ ਅਤੇ ਤਨਖ਼ਾਹ ਨਾਮਿਆਂ ’ਤੇ ਕਿੰਨਾ ਕੁ ਖਰਾ ਉੱਤਰਦੇ ਹਾਂ। ਸਿਰਲੇਖ ਵਾਲੀ ਪੰਕਤੀ ਵਾਲੇ ਭਾਈ ਨੰਦ ਲਾਲ ਜੀ ਦੇ ਤਨਖ਼ਾਹ ਨਾਮੇ ਵਿਚ ਅੱਗੇ ਚਲ ਕੇ ਲਿਖਿਆ ਹੈ ਕਿ ‘ਖਾਲਸਾ ਸੋਈ ਜੁ ਚੜੈ ਤੁਰੰਗ। ਖਾਲਸਾ ਸੋਈ ਜੋ ਕਰੈ ਨਿਤ ਜੰਗ॥’ ਜਿਸ ਸਮੇਂ ਇਹ ਤਨਖ਼ਾਹ ਨਾਮਾ ਲਿਖਿਆ ਹੋਵੇਗਾ ਉਸ ਵੇਲੇ ਘੋੜਾ (ਤੁਰੰਗ) ਆਵਾਜਾਈ ਦਾ ਸਭ ਤੋਂ ਤੇਜ ਸਾਧਨ ਹੋਵੇਗਾ। ਅੱਜ ਕਲ ਦੇ ਆਧੁਨਿਕ ਯੁਗ ਵਿਚ ਘੋੜਾ ਰੱਖਣਾ ਕਿਸੇ ਮਹਿੰਗੀ ਕਾਰ ਰੱਖਣ ਤੋਂ ਵੀ ਜ਼ਿਆਦਾ ਮਹਿੰਗਾ ਹੈ ਅਤੇ ਉਸ ਦੇ ਮੁਕਾਬਲੇ ਉਪਯੋਗੀ ਬਿਲਕੁਲ ਨਹੀਂ। ਜਿੱਥੇ ਕਾਰ ਰਾਹੀਂ 4-5 ਸੌ ਕਿਲੋਮੀਟਰ ਦਾ ਸਫਰ 4-5 ਘੰਟਿਆਂ ਵਿਚ ਕੀਤਾ ਜਾ ਸਕਦਾ ਹੈ ਉੱਥੇ ਘੋੜੇ ਰਾਹੀਂ ਉਸ ਸਫਰ ਲਈ 4-5 ਦਿਨ ਲਗ ਸਕਦੇ ਹਨ।

ਸੋ, ਇਸ ਹੁਕਮ ਤੇ ਅੱਜ ਕਲ ਅਮਲ ਕਰਨਾਂ ਨਾ-ਮੁਮਕਨ ਹੈ। ਅੱਜ ਕਲ ਖਾਲਸਾ ਜੰਗ ਤਾਂ ਜ਼ਰੂਰ ਕਰਦਾ ਹੈ ਪਰ ਉਹ ਜੰਗ ਧਰਮ ਦੀ ਰਾਖੀ ਜਾਂ ਕਿਸੇ ਮਜ਼ਲੂਮ ਦੀ ਰਾਖੀ ਲਈ ਨਹੀਂ। ਅੱਜ ਕਲ ਤਾਂ ਸਿੱਖ ਜੰਗ ਕਰਦਾ ਹੈ ਜ਼ਰ, ਜੋਰੂ, ਜ਼ਮੀਨ, ਪ੍ਰਧਾਨਗੀਆਂ ਅਤੇ ਗੁਰੂ ਦੀਆਂ ਗੋਲਕਾਂ ’ਤੇ ਕਬਜ਼ਾ ਕਰਨ ਲਈ। ਇਸ ਲਈ ਤਾਂ ਸਿੱਖ, ਸਿੱਖਾਂ ਦੀਆਂ ਪੱਗਾਂ ਪੈਰਾਂ ’ਚ ਰੋਲਦੇ, ਦਾੜੀ ਕੇਸ ਪੁਟਦੇ, ਡਾਂਗਾਂ ਕ੍ਰਿਪਾਨਾਂ ਖੜਕਾਉਂਦੇ ਅਤੇ ਗੋਲੀਆਂ ਚਲਾਉਂਦੇ ਹਨ।

ਰਹਿਤਨਾਮਾਂ ਭਾਈ ਪ੍ਰਹਿਲਾਦ ਸਿੰਘ ਬਚਨ ਸ਼੍ਰੀ ਮੁਖਵਾਕ ਪਾਤਸ਼ਾਹੀ ੧0

‘ਹੋਇ ਸਿੱਖ ਸਿਰ ਟੋਪੀ ਧਰੈ॥ ਸਾਤ ਜਨਮ ਕੁਸ਼ਟੀ ਹੋਇ ਮਰੈ॥’

ਅੱਜ ਕਲ ਨਕਲੀ ਦਸਤਾਰਾਂ (ਟੋਪੀਆਂ) ਜਿਨ੍ਹਾਂ ਦੇ ਸਾਮ੍ਹਣੇ ਪਾਸੇ ਬਕਾਇਦਾ ਖੰਡੇ ਦੇ ਨਿਸ਼ਾਨ ਦੀ ਕਢਾਈ ਕੀਤੀ ਹੁੰਦੀ ਹੈ, ਪਹਿਨਣ ਦਾ ਰਿਵਾਜ ਪੈ ਗਿਆ ਹੈ। ਇਹ ਟੋਪੀਆਂ ਕੇਵਲ ਬੱਚੇ ਹੀ ਨਹੀਂ, ਉਹਨਾਂ ਦੇ ਬਾਪ ਅਤੇ ਦਾਦੇ ਵੀ ਪਹਿਨਦੇ ਹਨ। ਕਿਧਰੇ ਕਿਧਰੇ ਇਹ ਟੋਪੀਆਂ ਅੰਮ੍ਰਿਤਧਾਰੀ ਬੀਬੀਆਂ ਦੇ ਸਿਰ ’ਤੇ ਪਾਈਆਂ ਦੇਖੀਆਂ ਜਾਂਦੀਆਂ ਹਨ। ਇਹ ਟੋਪੀਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਲਗਦੇ ਬਜ਼ਾਰਾਂ ਵਿਚ ਬੜੇ ਧੜ੍ਹਲੇ ਨਾਲ ਵੇਚੀਆਂ ਜਾਂਦੀਆਂ ਹਨ। ਜਿੱਥੋਂ ਅਨਭੋਲ ਸ਼ਰਧਾਲੂ ਸ਼ਰਧਾਵਸ ਖ਼ਰੀਦ ਕੇ ਲੈ ਜਾਂਦੇ ਹਨ। ਕੀ ਸਾਡੇ ਆਗੂਆਂ ਦਾ ਇਸ ਪਾਸੇ ਧਿਆਨ ਨਹੀਂ ਜਾਂਦਾ ਜਾਂ ਫਿਰ ਉਹ ਇਹਨਾਂ ਨੂੰ ਦੇਖ ਕੇ ਅਣਡਿਠ ਕਰਨ ਵਿਚ ਆਪਣੀ ਭਲਾਈ ਸਮਝਦੇ ਹਨ। ਨੌਜਵਾਨ ਤਬਕਾ ਤਾਂ ਇਹ ਟੋਪੀਆਂ ਨੂੰ ਸਿਰ ’ਤੇ ਪਾਉਣ ਵੇਲੇ ਜੂੜਾ (ਕੇਸ) ਖੋਹਲ ਲੈਂਦੇ ਹਨ ਤਾਂ ਕਿ ਇਹ ਟੋਪੀ ਸਿਰ ’ਤੇ ਚੰਗੀ ਤਰ੍ਹਾਂ ਫਿਟ ਹੋ ਜਾਵੇ। ਉਹ ਤਾਂ ਦੇਖਣ ਨੂੰ ਸਿੱਖ ਲਗਦੇ ਹੀ ਨਹੀਂ। ਉਹ ਤਾਂ ਦਸਤਾਰਾਂ ਵੀ ਕੇਸ ਖੋਹਲ ਕੇ ਬੰਨਦੇ ਹਨ।

ਦਾਸ ਪਿਛਲੇ ਸਾਲ ਆਸਨਸੋਲ (ਪੱਛਮੀ ਬੰਗਾਲ) ਗਿਆ ਸੀ। ਇਕ ਦਿਨ ਰਾਤ ਦੇ 8 ਕੁ ਵਜੇ ਇਕ ਵਸਤੂ ਦੀ ਭਾਲ ਵਿਚ ਬਜ਼ਾਰ ਵਿਚ ਘੁੰਮ ਰਿਹਾ ਸੀ ਧਿਆਨ ਜਰਾ ਦੁਕਾਨਾਂ ਵੱਲ ਸੀ। ਐਨੇ ਨੂੰ ਇਕ ਮੋੜ ’ਤੇ ਇਕ ਗੁਰਸਿੱਖ ਨੇ ਫ਼ਤਹਿ ਬੁਲਾ ਦਿੱਤੀ। ਉਸ ਗੁਰਸਿੱਖ ਨੇ ਵੀ ਦਾਸ ਵਾਂਗ ਦਾਹੜਾ ਪ੍ਰਕਾਸ਼ ਕੀਤਾ, ਅਤੇ ਕੁਰਤਾ ਪਜਾਮਾ ਪਾ ਕੇ ਗਾਤਰਾ ਉੱਪਰ ਦੀ ਸਜਾਇਆ ਹੋਇਆ ਸੀ। ਫ਼ਤਹਿ ਦਾ ਜਵਾਬ ਦਿੰਦਿਆਂ ਰੂਹ ਖੁਸ਼ ਹੋ ਗਈ। ਝੱਟ ਹੀ ਧਿਆਨ ਪੰਜਾਬ ਪਹੁੰਚ ਗਿਆ ਜਿੱਥੇ ਦਾਸ ਪਿਛਲੇ 14 ਸਾਲ ਤੋ ਆਰਮੀ ਦੀ ਸੀ.ਐਸ. ਡੀ. ਕੈਨਟੀਨ ਕੰਪਲੈਕਸ ਵਿਚ ਨੌਕਰੀ ਕਰ ਰਿਹਾ ਹੈ। ਉੱਥੇ ਰੋਜ਼ਾਨਾਂ ਹਜ਼ਾਰਾਂ ਗ੍ਰਾਹਕ ਆਉਂਦੇ ਹਨ। ਜਿਹਨਾਂ ਵਿਚ ਸੈਂਕੜੇ ਅੰਮ੍ਰਿਤਧਾਰੀ ਗੁਰਸਿੱਖ ਦੁੱਧ ਚਿੱਟੇ ਦਾਹੜੇ, ਕੁਰਤੇ ਪਜਾਮੇ ਪਾਏ ਅਤੇ ਗਾਤਰੇ ਉਪਰ ਦੀ ਸਜਾਏ ਹੁੰਦੇ ਹਨ ਪਰ ਉਹ ਕਦੇ ਕਿਸੇ ਗੁਰਸਿੱਖ ਨੂੰ ਫ਼ਤਹਿ ਬਲਾਉਂਦੇ ਸੁਣੇ ਜਾ ਵੇਖੇ ਨਹੀਂ। ਇਸ ਦੇ ਉਲਟ ਉਹ ਰਮ ਦੀਆਂ ਬੋਤਲਾਂ ਜ਼ਰੂਰ ਚੁੱਕੀ ਜਾਂਦੇ ਵੇਖੀਦੇ ਹਨ। ਅੱਜ ਕਲ ਕਿਸੇ ਨੂੰ ਪੁੱਛਣ ਦਾ ਕੋਈ ਹੱਕ ਨਹੀਂ ਪਰ ਦਾਸ ਨੇ ਹਿੰਮਤ ਕਰ ਕੇ ਕਈਆਂ ਨੂੰ ਪੁੱਛਿਆ ਕਿ ਭਾਈ! ਤੁਸੀਂ ਤਾਂ ਅੰਮ੍ਰਿਤ ਪਾਨ ਕਰ ਚੁਕੇ ਹੋ ਤੁਸੀਂ ਇਹ ਜਹਿਰ (ਸ਼ਰਾਬ) ਕਿਸ ਲਈ ਵਿਹਾਜ ਰਹੇ ਹੋ ਤਾਂ ਉਹ ਸ਼ਰਮਿੰਦੇ ਜਿਹੇ ਹੁੰਦਿਆਂ ਜਵਾਬ ਦਿੰਦੇ ਕਿ ਕੀ ਕਰੀਏ ਜੀ ਸੱਜਣ ਮਿੱਤਰ ਰਿਸ਼ਤੇਦਾਰ ਹੀ ਛਡਦੇ ਨਹੀਂ। ਉਹ ਕਹਿੰਦੇ ਹਨ ਕਿ ਜੇ ਤੁਸੀਂ ਨਹੀਂ ਪੀਣੀ ਤਾਂ ਸਾਨੂੰ ਤਾਂ ਲਿਆ ਦਿਓ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਕਈ ਅੰਮ੍ਰਿਤਧਾਰੀ ਬੀਬੀਆਂ ਵੀ ਰਮ ਲੈਣ ਵਾਲੀ ਲਾਇਨ ਵਿਚ ਖਲੋਤੀਆਂ ਵੇਖੀਆਂ ਜਾਂਦੀਆਂ ਹਨ। ਕਿਸੇ ਸਮੇਂ ਪੰਜਾਬ ਵਿਚ ਇਕ ਗੀਤ ਗਾਇਆ ਜਾਂਦਾ ਸੀ।

‘ਮੇਰਾ ਰੁਸੇ ਨਾਂ ਕਲਗੀਆਂ ਵਾਲਾ ਤੇ ਜੱਗ ਭਾਵੇਂ ਸਾਰਾ ਰੁਸ ਜਾਏ।’

ਪਰ ਅੱਜ ਕੱਲ ਤਾਂ

‘ਮੇਰਾ ਰੁਸੇ ਨਾਂ ਮਿੱਤਰ ਪਿਆਰਾ ਤੇ ਰੱਬ ਭਾਵੇਂ ਸਾਰਾ ਰੁਸ ਜਾਏ।’

ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਅੰਮ੍ਰਿਤ ਸੰਚਾਰ ਸੰਪੂਰਨ ਹੋਣ ਤੋਂ ਬਾਅਦ ਪੰਜਾਂ ਪਿਆਰਿਆਂ ਵਿਚੋਂ ਇਕ ਸਿੰਘ ਵੱਲੋਂ ਰਹਿਤ ਮਰਿਆਦਾ ਦ੍ਰਿੜ੍ਹ ਕਰਵਾਉਂਦੇ ਹੋਏ ਦੱਸਿਆ ਗਿਆ ਸੀ ਕਿ ਤੁਸੀਂ ਅੱਜ ਤੋ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਕੋਈ ਨਸ਼ਾ ਨਹੀਂ ਕਰਨਾ। ਜੇ ਤੁਸੀ ਦੁਕਾਨਦਾਰੀ ਕਰਦੇ ਹੋ ਤਾਂ ਇਹਨਾਂ ਚੀਜਾਂ ਦਾ ਵਪਾਰ ਵੀ ਨਹੀਂ ਕਰਨਾ ਭਾਵ ਕਿ ਹੱਥ ਵੀ ਨਹੀਂ ਲਾਉਣਾ। ਆਰੀਆ ਸਮਾਜੀ ਸੁਆਮੀ ਦਇਆ ਨੰਦ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਆਪਣੇ ਚੇਲਿਆਂ ਨੂੰ ਕਹਿ ਦਿੱਤਾ ਸੀ ਕਿ ਜਿਸ ਕਿਸੇ ਨੇ ਆਪਣੇ ਜੀਵਨ ਕਾਲ ਵਿਚ ਤਮਾਕੂ ਵਰਤਿਆ ਹੋਵੇ ਜਾਂ ਹੱਥ ਲਾਇਆ ਹੋਵੇ ਉਹ ਉਹਨਾਂ (ਸੁਆਮੀ) ਦੀ ਮ੍ਰਿਤਕ ਦੇਹ ਨੂੰ ਹੱਥ ਨਾ ਲਾਵੇ। ਸਭ ਨੂੰ ਦਸ ਦਿੱਤਾ ਗਿਆ। ਫਿਰ ਅਜਮੇਰ ਵਿਚ ਐਸਾ ਕੋਈ ਹਿੰਦੂ ਤਾਂ ਨਾ ਮਿਲਿਆ, ਸਿੱਖਾਂ ਨੇ ਹੀ ਉਸ ਸੁਆਮੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਸੀ। ਅੱਜ ਅੰਮ੍ਰਿਤਧਾਰੀ ਸਿੱਖ ਕਹਿੰਦੇ ਹਨ ਕਿ ਜੇ ਸ਼ਰਾਬ ਨੂੰ ਹੱਥ ਲਾ ਲਏ ਤਾਂ ਕੀ ਹੋਇਆ?

ਗਯਾਨ ਰਤਨਾਵਲੀ ਦੀ ਤੀਜੀ ਪਾਉੜੀ ਦਾ ਟੀਕਾ ਇਸ ਤਰ੍ਹਾਂ ਹੈ ‘ਸਾਹਿਬ ਦਸਵੇਂ ਪਾਤਸ਼ਾਹ ਬਚਨ ਕੀਤਾ ਜੋ ਕੋਈ ਸਿੱਖਾਂ ਨੂੰ ਅਗੋਂ ਵਾਹਗੁਰੂ ਜੀ ਕੀ ਫਤੇ ਬੂਲਾਂਵਦਾ ਹੈ ਉਸ ਵੱਲ ਮੇਰਾ ਮੁਖ ਹੁੰਦਾ ਹੈ ਜੋ ਪਿੱਛੋ ਬੁਲਾਂਵਦਾ ਹੈ ਉਸ ਵੱਲ ਮੇਰਾ ਸੱਜਾ ਮੋਢਾ ਹੁੰਦਾ ਹੈ, ਜੋ ਪਿੱਛੋ ਹੋਲੀ ਬੁਲਾਂਵਦਾ ਹੈ, ਉਸ ਵਲ ਮੇਰਾ ਬਾਵਾਂ ਮੋਢਾ ਹੁੰਦਾ ਹੈ ਅਰ ਜੋ ਪਿੱਛੋਂ ਵੀ ਨਹੀ ਬੁਲਾਂਵਦਾ ਉਸ ਵਲ ਮੇਰੀ ਪਿੱਠ ਹੁੰਦੀ ਹੈ।’

ਰਹਿਤ ਨਾਮਾ ਭਾਈ ਦੇਸਾ ਸਿੰਘ ਵਿਚ ਲਿਖਿਆ ਹੈ- ‘ਆਗੇ ਆਵਤ ਸਿੰਘ ਜੁ ਪਾਵੇ। ਵਾਹਗੁਰੂ ਕੀ ਫਤੇ ਬੁਲਾਵੇ।’

ਰਹਿਤਨਾਮਾ ਭਾਈ ਚੌਪਾ ਸਿੰਘ ਵਿਚ ਲਿਖਿਆ ਹੈ – ‘ਗੁਰੂ ਕੀ ਫਤੇ ਮਿਲਣੇ ਵਖਤ ਬੁਲਾਵੇ, ਸਿੱਖ ਕੋ ਦੇਖ ਕੇ ਪਹਿਲੇ ਫਤੇ ਬੁਲਾਵੇ, ਜੋ ਫਤੇ ਨਾ ਮੰਨੇ ਸੋ ਤਨਖਾਹੀਆ।’

ਪੰਜਾਬ ਵਿਚ ਤਾਂ ਸ਼ਾਇਦ ਇਹ ਰਿਵਾਜ ਹੀ ਨਹੀ ਰਿਹਾ। ਸਿੱਖ ਕੌਮ ਕੋਲ ਬਹੁਤ ਕੁਝ ਹੈ ਪਰ ਭਰਾਤ੍ਰੀ ਭਾਵ ਦੀ ਬਹੁਤ ਕਮੀ ਹੈ।

ਭਾਈ ਦਇਆ ਸਿੰਘ ਜੀ ਜੋ ਪੰਜਾਂ ਪਿਆਰਿਆਂ ਵਿਚੋਂ ਇਕ ਸਨ, ਦੇ ਰਹਿਤ ਨਾਮੇ ਵਿਚ ਲਿਖਿਆ ਹੈ ਕਿ ਸਿੱਖ ਚੌਥੇ ਦਿਨ ਕੇਸੀ ਇਸ਼ਨਾਨ ਕਰੇ। ਅੱਜ ਕੱਲ ਇਕ ਕੀਰਤਨੀ ਜੱਥੇ ਨਾਲ ਸਬੰਧਤ ਸਿੱਖ ਆਪਣੀ ਦਲੀਲ ਇਹ ਕਹਿ ਕੇ ਦਿੰਦੇ ਹਨ ਕਿ ‘ਇਕ ਪਸੂ ਟੋਬੇ ਵਿਚ ਸਿਰ ਡੋਬ ਡੋਬ ਕੇ ਨਹਾਉਂਦਾ ਹੈ ਤੇ ਇਕ ਗੁਰਸਿੱਖ ਦਾ ਬਿਨਾਂ ਕੇਸੀ ਇਸ਼ਨਾਨ, ਇਸ਼ਨਾਨ ਕਿਵੇਂ ਪੂਰਾ ਹੋ ਸਕਦਾ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਿਵੇਂ ਬੈਠ ਸਕਦਾ ਹੈ।’

ਕਥਾ ਕਰਨੀ ਇਕ ਕਲਾ ਹੈ। ਇਸ ਦੀ ਮਹਾਰਤ ਹਾਸਿਲ ਕੀਤੀ ਜਾ ਸਕਦੀ ਹੈ ਪਰ ਪ੍ਰੇਮ ਕਰਨ ਦੀ ਨਹੀਂ। ਪ੍ਰੇਮ ਤਾਂ ਹਿਰਦੇ ਅੰਦਰੋਂ ਇਸ ਤਰ੍ਹਾਂ ਫੁਟਦਾ ਹੈ ਜਿਵੇਂ ਧਰਤੀ ਅੰਦਰੋਂ ਕੋਈ ਚਸ਼ਮਾ। ‘ਪ੍ਰਿੰ: ਪ੍ਰਕਾਸ ਸਿੰਘ ਜੀ ਨੇ ਪ੍ਰੌਫੈਸਰ ਸਾਹਿਬ ਸਿੰਘ ਜੀ ਦੀਆਂ ਯਾਦਾਂ ਤਾਜਾ ਕਰਦਿਆਂ ਲਿਖਿਆ ਹੈ ਕਿ ਇਕ ਪ੍ਰਚਾਰਕ ਨੇ ਖਾਲਸਾ ਕਾਲਜ ਦੇ ਗੁਰਦੁਆਰੇ ਤਿੰਨ ਦਿਨ ਜਾਤ ਪਾਤ ਤੇ ਛੂਤ ਛਾਤ ਵਿਰੁਧ ਚੰਗਾ ਪ੍ਰਚਾਰ ਕੀਤਾ। ਪ੍ਰਿੰਸੀਪਲ ਸਾਹਿਬ ਸਿੰਘ ਨੇ ਉਸ ਨੂੰ ਆਪਣੇ ਘਰ ਖਾਣਾ ਖਾਣ ਦਾ ਸੱਦਾ ਦੇ ਦਿਤਾ। ਖਾਣਾ ਸ਼ੂਰੁ ਕਰਨ ਤੋ ਪਹਿਲਾਂ ਇਕ ਸੱਜਣ ਹੋਰ ਵੀ ਆ ਗਿਆ। ਪ੍ਰਚਾਰਕ ਦੇ ਪੁੱਛਣ ’ਤੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਦਸਿਆ ਕਿ ਇਹ ਸੱਜਣ ਸਾਡੇ ਘਰ ਦੀ ਸਫਾਈ ਕਰਦਾ ਹੈ ਅਤੇ ਉਹ ਗੰਦ ਵੀ ਚੁਕਦਾ ਹੈ ਜਿਹੜਾ ਅਸੀਂ ਸਵੇਰੇ ਆਪਣੇ ਅੰਦਰੋਂ ਕੱਢਦੇ ਹਾਂ। ਪ੍ਰਚਾਰਕ ਹੋਰੀਂ ਸੁਣਦੇ ਹੀ ਉੱਠ ਖਲੋਤੇ ਅਤੇ ਬਿਨਾਂ ਖਾਣਾ ਖਾਧੇ ਜਾਣ ਲਗੇ ਤਾਂ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਆਖਿਆ ਤੁਸੀਂ ਤਾਂ ਛੂਤ ਛਾਤ ਤੇ ਜਾਤ ਪਾਤ ਦੇ ਖਿਲਾਫ ਜ਼ੋਰਦਾਰ ਪ੍ਰਚਾਰ ਕਰਦੇ ਹੋ ਉਹ ਤੁਹਾਡਾ ਪ੍ਰਚਾਰ ਕਿੱਥੇ ਗਿਆ?’

ਕਥਾ ਤਾਂ ਪ੍ਰਿੰ: ਗੰਡਾ ਸਿੰਘ ਨੇ ਵੀ ਕੀਤੀ ਸੀ। ਸ਼ਬਦ ਸੀ ‘‘ਬੇਗਮਪੁਰਾ ਸਹਰ ਕੋ ਨਾਉ॥’’ ‘ਲੰਗਰ ਛਕਦਿਆ ਕੋਲ ਬੈਠੇ ਸੰਤ ਬਾਬਾ ਅਤਰ ਸਿੰਘ ਜੀ ਨੇ ਕਿਹਾ ਅੱਜ ਤੁਸਾਂ ਬਹੁਤ ਚੰਗੀ ਕਥਾ ਕੀਤੀ। ਬੜਾ ਆਨੰਦ ਆਇਆ। ਨਾਲ ਹੀ ਪੁੱਛ ਲਿਆ ਕਿ ਤੁਸੀਂ ਬੇਗ਼ਮਪੁਰਾ ਵੇਖਿਆ ਹੈ। ਪ੍ਰਿੰਸੀਪਲ ਸਾਹਿਬ ਨੇ ਜਵਾਬ ਦਿਤਾ ਕੋਣ ਜਾਣੈ ਬੇਗ਼ਮਪੁਰਾ ਹੈ ਵੀ ਕਿ ਨਹੀਂ। ਸਾਨੂੰ ਤਾਂ ਕਥਾ ਕਰਨ ਲਈ ਕਿਹਾ ਗਿਆ ਸੀ। ਸੋ, ਅਸਾਂ ਕਥਾ ਕਰ ਦਿਤੀ।’

ਐਸੇ ਗੁਣੀ ਗਿਆਨੀ ਦੇ ਸਾਹਮਣੇ ਦਾਸ ਦੀ ਤੁਛ ਬੁੱਧੀ ਅਸਮਾਨ ’ਚ ਉੱਡਦੇ ਇੱਕ ਮਛਰ ਤੁਲ ਵੀ ਨਹੀਂ। ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉੱਕਤ ਗਿਆਨੀ ਜੀ ਜਿੱਥੇ ਆਪਣੇ ਹੱਥ ਵਿੱਚ ਤਿੰਨ ਫੁੱਟ ਲੰਮੀ ਕਿਰਪਾਨ ਰੱਖਦੇ ਹਨ ਉੱਥੇ ਇਕ ਘੋੜਾ (ਤੁਰੰਗ) ਜ਼ਰੂਰ ਰੱਖ ਲੈਣ ਅਤੇ ਆਧੁਨਿਕ ਯੁਗ ਦੇ ਆਵਾਜਾਈ ਦੇ ਸਾਧਨਾਂ ਏਅਰ ਕੰਡੀਸ਼ਨ ਕਾਰਾਂ, ਰੇਲ ਗਡੀਆਂ ਅਤੇ ਹਵਾਈ ਜਹਾਜਾਂ ਦੇ ਸਫਰ ਨੂੰ ਤਿਆਗ ਕੇ ‘‘ਖਾਲਸਾ ਸੋਈ ਜੋ ਚੜੈ ਤੁਰੰਗ॥’’ ਅਨੁਸਾਰ ਦੇਸ਼ ਅਤੇ ਵਿਦੇਸ਼ ਦਾ ਸਫਰ ਘੋੜੇ ’ਤੇ ਹੀ ਕਰਿਆ ਕਰਨ ਅਤੇ ਆਪਣੇ ਤਖੱਲਸ ‘ਖਾਲਸਾ’ ਨੂੰ ਸਿਧ ਕਰਦਿਆਂ ਕਥਨੀ ਅਤੇ ਕਰਨੀ ’ਤੇ ਖਰੇ ਉਤਰਣ ਵਰਨਾ ਸਿੱਖ ਕੌਮ ਨੂੰ ਆਪਣੀਆਂ ਗ਼ੁਮਰਾਹਕੁਨ ਦਲੀਲਾਂ ਦੇਣ ਤੋ ਗੁਰੇਜ ਕਰਨ। ‘ਮੇਂਗਣਾ ਪਾ ਕੇ ਦਿੱਤਾ ਦੁੱਧ ਤਾਂ ਗਲੇ ਨਹੀਂ ਉਤਰਦਾ।’

ਪੁਰਾਤਨ ਸਮੇਂ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਚਾਨਣ ਕਰਨ ਲਈ ਦੀਵਾ ਜਗਾਇਆ ਜਾਂਦਾ ਸੀ। ਫਿਰ ਬਿਜਲੀ ਦੀ ਵਰਤੋਂ ਸ਼ੁਰੂ ਹੋਈ। ਫਿਰ ਲੰਗਰ ਦੇ ਪ੍ਰਸ਼ਾਦੇ ਤਿਆਰ ਕਰਨ ਲਈ ਬਿਜਲੀ ਨਾਲ ਚਲਣ ਵਾਲਾ ਪਲਾਂਟ ਲਾਇਆ ਗਿਆ। ਫਿਰ ਸਰੋਵਰ ਦੇ ਜਲ ਦੀ ਸਫਾਈ ਲਈ ਵਾਟਰ ਫਿਲਟਰ ਪਲਾਂਟ ਲਾਇਆ ਗਿਆ ਅਤੇ ਹੱਥੀਂ ਕਾਰ ਸੇਵਾ ਕਰਨ ਦੀ ਛੁੱਟੀ ਕੀਤੀ ਗਈ। ਫਿਰ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਪ੍ਰਕਰਮਾ ਵਿਚ ਏਅਰ ਕੰਡੀਸ਼ਨਰ ਲਾਏ ਗਏ। ਪੁਰਾਤਨ ਸਮੇਂ ਵਿੱਚ ਲੰਗਰਾਂ ਵਿਚ ਸਰਬ ਲੋਹ ਦੇ ਬਰਤਨ ਵਰਤੇ ਜਾਂਦੇ ਸਨ, ਅੱਜ ਕਿਹੜਾ ਗੁਰਦੁਆਰਾ ਹੈ, ਜਿੱਥੇ ਲੰਗਰ ਹਾਲ ਵਿਚ ਸਟੀਲ ਅਤੇ ਐਲੂਮੀਨੀਅਮ ਦੇ ਬਰਤਨ ਨਹੀਂ ਵਰਤੇ ਜਾਂਦੇ। ਜਦੋਂ ਅਸੀਂ ਨਵੇਂ ਜਮਾਨੇ ਦੀਆਂ ਸਾਇੰਸ ਦੀਆਂ ਏਨੀਆਂ ਕਾਢਾਂ ਦੀ ਵਰਤੋਂ ਧੜ੍ਹੱਲੇ ਨਾਲ ਕਰ ਰਹੇ ਹਾਂ ਤਾਂ ਫਿਰ ਗੀਜਰ ਨਾਲ ਪਾਣੀ ਗ਼ਰਮ ਕਰਕੇ ਨਹਾਉਣ ਤੋਂ ਐਨਾ ਬਵੇਲਾ ਕਿਉਂ?

40 ਤੋਂ ਵਧ ਰਹਿਤਨਾਮਿਆਂ ਦੇ ਲਿਖਾਰੀਆਂ ਦਾ ਵਿਸ਼ੇ ਉੱਪਰ ਇਕ ਮਤ ਨਹੀਂ। ਮੌਜੁਦਾ ਸਿੱਖ ਰਹਿਤ ਮਰਿਯਾਦਾ ਤਿਆਰ ਕਰਦਿਆਂ ਅਨੇਕਾਂ ਵਿਦਵਾਨ ਗੁਰਸਿੱਖਾਂ ਨੇ ਬੇਅੰਤ ਸੰਗਤਾਂ ਅਤੇ ਸੰਸਥਾਂਵਾਂ ਦੀ ਰਾਇ ਉੱਪਰ ਲੰਮਾਂ ਸਮਾਂ ਵਿਚਾਰ ਕਰਕੇ ਜਿਹੜੀ ਮਰਯਾਦਾ ਸਿੱਖ ਕੌਮ ਦੀ ਝੌਲੀ ਵਿਚ ਪਾਈ ਹੈ ਉਸ ਦੇ ਸ਼ੂਰੁ ਵਿਚ ਹੀ ਲਿਖਿਆ ਹੈ ਕਿ ‘ਸਿੱਖ ਅ੍ਰੰਮਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ।’ ਇਸ ਵਿਚ ਠੰਡੇ ਤੱਤੇ ਪਾਣੀ ਦਾ ਕੋਈ ਜ਼ਿਕਰ ਨਹੀਂ ਇਸ ਲਈ ਆਉ ਭਾਈ, ਠੰਡੇ ਤੱਤੇ ਪਾਣੀ ਦੀ ਘੁੰਮਣ ਘੇਰੀ ਵਿਚ ਗੋਤੇ ਖਾਣ ਦੀ ਬਜਾਏ ਗੁਰੂ ਨਾਲ ਕੇਵਲ ਤਨ ਕਰਕੇ ਨਹੀਂ, ਮਨ ਕਰਕੇ ਜੁੜੀਏ। ਗੁਰਵਾਕ ਹੈ: ‘‘ਮਨਿ ਮੈਲੈ ਸਭੁ ਕਿਛੁ ਮੈਲਾ। ਤਨਿ ਧੋਤੈ, ਮਨੁ ਹਛਾ ਨਾ ਹੋਇ॥’’ (558)

ਦਸ਼ਮੇਸ਼ ਪਿਤਾ ਦੇ ਬਚਨ ਅਸੀਂ ਰੋਜ ਪੜ੍ਹਦੇ ਹਾਂ:-

‘‘ਸਾਚੁ ਕਹੋਂ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥’’ ਤਥਾ

‘‘ਕੂਰ ਕ੍ਰਿਆ ਉਰਿਝਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥’’