ਗਤਕਾ ਬਨਾਮ ਸਟੰਟਬਾਜ਼ੀ
ਇਕਵਾਕ ਸਿੰਘ ਪੱਟੀ
ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਹੋਲੇ-ਮੁੱਹਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਹਾਨ ਕੋਸ਼ ਦੇ ਪੰਨਾ ਨੰ. 283 ’ਤੇ ਲਿਖਦੇ ਹਨ ਕਿ, ‘ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਯਾ ਵਿੱਚ ਨਿਪੁੰਨ ਕਰਨ ਲਈ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ (ਮੁਖੀ ਸਿੰਘਾਂ) ਦੇ ਕਮਾਂਡ ਹੇਠ ਇੱਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨ ਅਤੇ ਕਲਗੀਧਰ ਪਿਤਾ ਖ਼ੁਦ ਇਸ ਮਨਸੂਈ ਜੰਗ (ਮਨਸੂਈ ਭਾਵ ਬਣਾਉਟੀ, ਜੋ ਅਸਲ ਨਹੀਂ) ਦਾ ਕਰਤੱਬ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਔਰ ਜੋ ਦਲ ਕਾਮਯਾਬ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾਉ ਬਖਸ਼ਦੇ।’
ਮਹਾਨਕੋਸ਼ ਦੇ ਪੰਨਾ ਨੰ. 395 ਪੁਰ ਗਤਕਾ ਸਿਰਲੇਖ ਹੇਠ ਲਿਖਦੇ ਹਨ ਕਿ, ‘ਗਦਾਯੁੱਧ ਦੀ ਸਿੱਖਿਆ ਦਾ ਪਹਿਲਾ ਅੰਗ ਸਿਖਾਉਣ ਲਈ ਇੱਕ ਡੰਡਾ, ਜੋ ਤਿੰਨ ਹੱਥ ਲੰਮਾ ਹੁੰਦਾ ਹੈ, ਇਸ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗਤਕਾ ਅਤੇ ਖੱਬੇ ਹੱਥ ਵਿੱਚ ਫਰੀ (ਛੋਟੀ ਢਾਲ) ਲੈ ਕੇ ਦੋ ਆਦਮੀ ਆਪੋ ਵਿੱਚ ਖੇਡਦੇ ਹਨ।’
ਬਿਨ੍ਹਾਂ ਸ਼ੱਕ ਗਤਕਾ ਸੰਬੰਧੀ ਇਤਿਹਾਸ ਵਿੱਚ ਦਰਜ ਜਾਣਕਾਰੀ ਅਤੇ ਮੌਜੂਦਾ ਦੌਰ ਵਿੱਚ ਪ੍ਰਚਲਿਤ ਗਤਕਾ ਖੇਡਣ ਦੀ ਰਿਵਾਇਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਵੇਖਣ ਨੂੰ ਮਿਲਦਾ ਹੈ, ਕਿਉਂ ਜੁ ਨਿੱਜੀ ਸੁਰੱਖਿਆਂ ਹਿੱਤ ਸ਼ਸਤਰ ਰੱਖਣਾ, ਸ਼ਸਤਰ ਚਲਾਉਣ ਦੀ ਸਿੱਖਿਆ ਲੈਣਾ, ਦੂਜਿਆਂ ਨੂੰ ਸ਼ਸਤਰ ਸੰਭਾਲਣ/ਸਿਖਾਉਣ ਲਈ ਉੱਦਮ ਉਪਰਾਲੇ ਕਰਨਾ ਅਤੇ ਉਹਨਾਂ ਉੱਦਮਾਂ ਵਿੱਚ ਸ਼ਾਮਲ ਗਤਕੇ ਨੂੰ ਖੇਡ ਦੇ ਰੂਪ ਵਿੱਚ ਲੋਕਾਂ ਨੂੰ ਦਿਖਾਉਣਾ ਅਤੇ ਇਸ ਖੇਡ ਪ੍ਰਤੀ ਆਕਰਸ਼ਕ ਕਰਦੇ ਹੋਏ ਸਮਾਜ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜਨਾ ਕਦਾਚਿਤ ਵੀ ਮਾੜਾ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਨਾਲ ਹੀ ਇਸ ਖੇਡ ਨੂੰ ਡਰਾਉਣੇ ਰੂਪ ਵਿੱਚ ਪੇਸ਼ ਕਰਨਾ, ਜਿਸ ਨਾਲ ਲੋਕ ਇਸ ਖੇਡ ਨੂੰ ਖੇਡਣਾ ਤਾਂ ਦੂਰ, ਆਪਣੇ ਬੱਚਿਆਂ ਨੂੰ ਦੇਖਣ ਤੋਂ ਵੀ ਰੋਕ ਲੈਣ, ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ?
ਗਤਕਾ ਸਿੱਖਾਂ ਦੇ ਵਿਰਾਸਤੀ ਜੰਗਜੂ (ਜੰਗੀ) ਕਲਾ ਦਾ ਭਾਗ ਹੈ, ਜਿਸ ਵਿੱਚ ਜੰਗ/ਯੁੱਧ ਸੰਬੰਧੀ ਦੁਸ਼ਮਣਾਂ ਨਾਲ ਟਾਕਰਾ ਲੈਣ ਦੀ ਪੁਰਾਤਨ ਕਲਾ ਸਿਖਾਈ ਜਾਂਦੀ ਹੈ ਅਤੇ ਇਸ ਦੀ ਸਿਖਲਾਈ ਕੋਈ ਵੀ ਸਿੱਖ ਮਰਦ ਜਾਂ ਔਰਤ ਲੈ ਸਕਦਾ ਹੈ। ਇਸ ਖੇਡ ਰਾਹੀਂ ਆਪਣੇ ਬਚਾਉ ਪੱਖ ਨੂੰ ਮਜ਼ਬੂਤ ਰੱਖਣਾ ਅਤੇ ਦੁਸ਼ਮਣ ਪ੍ਰਤੀ ਸਖਤੀ ਵਰਤਣਾ, ਸ਼ਾਮਲ ਹੁੰਦਾ ਹੈ। ਇਹ ਪੱਛਮੀ ਖੇਡਾਂ ਜੁੱਡੋ ਕਰਾਟੇ ਜਾਂ ਹੋਰਨਾਂ ਮਾਰਸ਼ਲ ਕਲਾਵਾਂ ਵਾਙ ਖ਼ਾਲਸੇ ਦੀ ਸਿੱਖ ਮਾਰਸ਼ਲ ਕਲਾ ਦੇ ਨਾਂ ਨਾਲ ਪ੍ਰਫੁਲਿਤ ਹੋ ਰਹੀ ਹੈ ਅਤੇ ਬਿਨ੍ਹਾਂ ਸ਼ੱਕ ਇਸ ਦਾ ਸਿਹਰਾ ਜਾਂਦਾ ਹੈ ਗਤਕੇ ਦੇ ਨਾਂ ’ਤੇ ਬਣੀਆਂ ਸਭਾਵਾਂ/ਸੁਸਾਇਟੀਆਂ, ਐਸੋਸੀਏਸ਼ਨਾਂ/ਫੈਡਰੇਸ਼ਨਾਂ, ਅਖਾੜਿਆਂ, ਆਦਿ ਨੂੰ, ਜਿਨ੍ਹਾਂ ਦੀ ਸਖਤ ਮਿਹਨਤ ਨਾਲ ਇਹ ਅੰਤਰ ਰਾਸ਼ਟਰੀ ਖੇਡ ਬਣੀ ਅਤੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਗਤਕੇ ਦੇ ਨਾਂ ਤੇ ਮੁਕਾਬਲੇ ਸ਼ੁਰੂ ਹੋਏ। ਇਸ ਮਾਰਸ਼ਲ ਖੇਡ ਗਤਕਾ ਨੂੰ ਪ੍ਰਫੁਲਿਤ ਕਰਨ ਹਿੱਤ ਪੰਜਾਬ ਸਰਕਾਰ ਨੇ ਵੀ ਇਸ ਨੂੰ ਮਾਨਤਾ ਦੇ ਕੇ ਖੇਡ ਨੀਤੀ 2010 ਦੇ ਪੈਰਾ ਨੰਬਰ 7.2 ਵਿੱਚ ਤਬਦੀਲੀ ਕਰਕੇ ਹੋਰਨਾਂ ਖੇਡਾਂ ਦੇ ਬਰਾਬਰ ਦਾ ਰੁਤਬਾ ਦਿੱਤਾ ਤੇ ਗ੍ਰੇਡੇਸ਼ਨ ਸੂਚੀ ਵਿੱਚ ਇਸ ਨੂੰ ਸ਼ਾਮਲ ਕਰ ਲਿਆ ਹੈ।
ਪਰ ਬੀਤੇ ਕੁੱਝ ਸਮੇਂ ਤੋਂ ਇਸ ਖੇਡ ਨੂੰ ਐਨੀ ਜ਼ਿਆਦਾ ਡਰਾਵਣੀ ਅਤੇ ਨੁਕਸਾਨ ਦਾਇਕ ਬਣਾਇਆ ਜਾ ਰਿਹਾ ਹੈ ਅਤੇ ਗਤਕੇ ਦੀ ਅਸਲ ਪਹਿਚਾਣ ਨੂੰ ਲੁਪਤ ਕਰਕੇ ਇੱਕ ਸਟੰਟ ਬਾਜ਼ੀ ਵਾਙ ਦਿਖਾਇਆ ਜਾ ਰਿਹਾ ਹੈ। ਖ਼ਾਸ ਤੌਰ ਤੇ ਆਪਣੇ ਸਰੀਰ ਤੋਂ ਭਾਰੀਆਂ ਗੱਡੀਆਂ ਲੰਘਾਉਣੀਆਂ, ਭਾਰੀ ਦੋ ਪਹੀਆ ਵਾਹਨਾਂ ਨੂੰ ਚੁੱਕਣਾ, ਵਾਹਨਾਂ ਨੂੰ ਸਰੀਰ ਨਾਲ ਖਿੱਚਣਾ, ਸਰੀਰ ’ਤੇ ਕੱਚ ਦੀਆਂ ਟਿਊਬਾਂ ਦੇ ਵਾਰ ਕਰਵਾਉਣੇ ਜਾਂ ਕੱਚ ਨੂੰ ਦੰਦਾਂ ਨਾਲ ਚਿੱਥਣਾ ਵਗੈਰਾ ਦੇ ਨਾਲ ਇਹੋ ਜਿਹੇ ਹੋਰ ਕਈ ਕਰਤੱਬ ਕਰਨੇ ਤੇ ਇੱਕ ਅੱਜ ਕਲ੍ਹ ਅੱਖਾਂ ਤੇ ਪੱਟੀ ਬੰਨ੍ਹ ਕੇ ਵੱਡੇ ਭਾਰੀ ਹਥੌੜੇ ਨਾਲ, ਦੂਸਰੇ ਸਾਥੀ ’ਤੇ ਵਾਰ ਕਰਨੇ ਅਤੇ ਦੂਸਰੇ ਸਾਥੀ ਦੇ ਸਰੀਰ ਦੇ ਨਾਜ਼ੁਕ ਅੰਗਾਂ ’ਤੇ ਨਾਰੀਅਲ ਰੱਖ ਕੇ ਤੋੜਨੇ.. ਮੈਨੂੰ ਇਹ ਸਮਝ ਨਹੀਂ ਆਈ ਕਿ ਇਹ ਸਾਡੇ ਵਿਰਸੇ ਦੀ ਕਿਹੜੀ ਖੇਡ ਹੈ ਅਤੇ ਗਤਕੇ ਦੇ ਨਾਂ ਹੇਠ ਕਿਹੜੇ ਗੁਰੂ ਕਾਲ ਜਾਂ ਸਿੰਘਾਂ ਦੇ ਕਾਲ ਦੌਰਾਨ ਚਾਲੂ ਹੋਈ ? ਇਸ ਦਾ ਜੁਆਬ ਸ਼ਾਇਦ ਕਿਸੇ ਕੋਲ ਨਾ ਹੋਵੇ ਕਿਉਂਕਿ ਇਹ ਸਟੰਟਬਾਜ਼ੀ/ਬਾਜ਼ੀਗਿਰੀ ਕਦੇ ਵੀ ਸਿੱਖ ਮਾਰਸ਼ਲ ਕਲਾ ਗਤਕਾ ਦਾ ਹਿੱਸਾ ਨਹੀਂ ਰਹੀ ਅਤੇ ਨਾ ਹੀ ਬਣ ਸਕਦੀ ਹੈ। ਜੇਕਰ ਕੋਈ ਵਿਅਕਤੀ ਜਾਂ ਕੋਈ ਵੀ ਸੰਸਥਾ ਆਪਣੇ ਤੌਰ ਤੇ ਕੇਵਲ ਆਪਣੀ ਹਊਮੈ ਨੂੰ ਪੱਠੇ ਪਾਉਣ ਖਾਤਰ ਇਹੋ ਜਿਹੀਆਂ ਗ਼ੈਰ-ਮਨੁੱਖੀ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਟਿੱਚ ਜਾਣਦੀਆਂ ਗਲਤ ਰਿਵਾਇਤਾਂ (ਜੋ ਕਿਸੇ ਦੀ ਜਾਨ ਲੈ ਸਕਦੀਆਂ ਹਨ) ਨੂੰ ਇਸ ਗਤਕੇ ਦੇ ਨਾਂ ਹੇਠ ਪ੍ਰਚਾਰਣਗੀਆਂ ਤਾਂ ਇਸ ਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ। ਜਿਵੇਂ ਕਿ ਹਾਲ ਹੀ ਵਿੱਚ ਗਤਕਾ ਖੇਡ ਦੇ ਨਾਮ ਹੇਠ ਇੱਕ (ਗਤਕੇ ਤੋਂ ਬਾਹਰੀ ਕਰਤੱਬ ਦਿਖਾਉਂਦੇ ਹੋਏ) ਖਤਰਨਾਕ ਸਟੰਟ ਕਰਦਿਆਂ ਆਪਣੇ ਹੀ ਸਾਥੀ ਦਾ ਸਿਰ ਹਥੌੜੇ ਨਾਲ ਫੇਹ ਦਿੱਤਾ ਗਿਆ। ਕਿੰਨਾ ਦੁਖ ਦਾਇਕ ਅਤੇ ਦਰਦਨਾਕ ਦ੍ਰਿਸ਼ ਹੈ.. ਖੈਰ ! ਕੌਮ ਦੀਆਂ ਸਿਰਕੱਢ/ਸਿਰਮੌਰ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇ ਕੇ ਗਤਕਾ ਖੇਡ ਬਾਰੇ ਕੁੱਝ ਦਿਸ਼ਾ ਨਿਰਦੇਸ਼ ਬਣਾਉਣੇ ਚਾਹੀਦੇ ਹਨ ਤਾਂ ਕਿ ਨਿੱਜੀ ਗਤਕਾ ਸੰਸਥਾਵਾਂ ਗਤਕੇ ਦੀ ਪ੍ਰਾਪੰਰਾਵਾਂ ਵਿੱਚ ਵਿਗਾੜ ਪੈਦਾ ਨਾ ਕਰ ਸਕਣ।