ਖਾਲਸਾ ਸਿਰਜਣ ਦੀ ਲੋੜ ਕਿਉਂ ਪਈ ?
ਡਾ. ਅਮਨਦੀਪ ਸਿੰਘ ਟੱਲੇਵਾਲੀਆ -98146-99446
ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ‘ਸ਼ੁੱਧ’ ਮਿਲਾਵਟ ਤੋਂ ਬਿਨਾਂ, ਅਤੇ ਜਾਂ ਉਹ ਜ਼ਮੀਨ ਜੋ ਬਾਦਸ਼ਾਹ ਦੀ ਨਿੱਜੀ ਮਲਕੀਅਤ ਹੋਵੇ ਭਾਵ ‘ਖੁਦਮੁਖਤਿਆਰ’। ਮੈਕਾਲਿਫ ਅਨੁਸਾਰ ‘ਖਾਲਸਾ’ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਖਾਲਿਸ’ ਅਰਥਾਤ ‘ਸ਼ੁੱਧ’ ਵਿੱਚੋਂ ਨਿਕਲਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਲਈ ਇਹ ਸ਼ਬਦ ਵਰਤਿਆ ਹੈ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਛਕ ਲਈ ਭਾਵ ਸ਼ੁੱਧ ਹੋ ਗਏ ਅਤੇ ਸਿੱਧੇ ਤੌਰ ’ਤੇ ਅਕਾਲ ਪੁਰਖ ਨਾਲ ਜੁੜ ਗਏ ਜੋ ਕਿ ‘ਖੁਦਮੁਖਤਿਆਰ’ ਹੈ। ‘ਖਾਲਸਾ’ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ, ‘ਖਾਲਸੇ’ ਦਾ ਜ਼ੁਲਮ ਨਾਲ ਵੈਰ ਹੈ। ‘ਖਾਲਸਾ’ ਕਿਸੇ ਬੇਕਸੂਰ ਤੇ ਹੋ ਰਹੇ ਜ਼ੁਲਮਾਂ ਨੂੰ ਨਹੀਂ ਸਹਿ ਸਕਦਾ ਭਾਵੇਂ ਇਸ ਨੂੰ ਆਪਣਾ ਆਪ ਕੁਰਬਾਨ ਕਰਨਾ ਪੈ ਜਾਵੇ।
‘ਸੱਟ ਕਿਸੇ ਮਜ਼ਲੂਮ ਦੇ ਲਗਦੀ ਹੈ, ਹੰਝੂ ਖਾਲਸੇ ਦੀਆਂ ਅੱਖਾਂ ਵਿੱਚ ਆ ਜਾਂਦੇ। ਰਾਖੇ ਕੌਮ ਦੇ ਪੁੱਤਰ ਦਸ਼ਮੇਸ਼ ਜੀ ਦੇ, ਜਾਨਾਂ ਵਾਰਕੇ ਅਣਖ ਬਚਾ ਜਾਂਦੇ।’
‘ਖਾਲਸਾ’ ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥’’ (ਮ:੯/੧੪੨੭) ਦੇ ਸੁਨਹਿਰੀ ਅਸੂਲਾਂ ਦਾ ਧਾਰਨੀ ਹੁੰਦਾ ਹੈ। ‘ਖਾਲਸਾ’ ਸਦਾ ਚੜਦੀਆਂ ਕਲਾਂ ਵਿਚ ਰਹਿੰਦਾ ਹੈ, ਇਹ ਕਦੀ ਢਹਿੰਦੀਆਂ ਕਲਾਂ ਵਿਚ ਨਹੀਂ ਗਿਆ ਭਾਵੇਂ ਇਸ ਦੇ ਸਿਰ ’ਤੇ ਆਰਾ ਕਿਉਂ ਨਾ ਚੱਲਦਾ ਹੋਵੇ। ‘ਖਾਲਸਾ’ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪ੍ਰਭਾਵ ਤੋਂ ਪਰੇ ਅਤੇ ਕਥਨੀ ਕਰਨੀ ਦਾ ਪੂਰਾ ਉਹ ਸ਼ੁੱਧ ਇਨਸਾਨ ਹੈ ਜਿਸ ਦੀ ਸਾਜਨਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ’ਚੋਂ ਕੀਤੀ।
ਖਾਲਸੇ ਦੀ ਸਿਰਜਣਾ, ਗੁਰੂ ਸਾਹਿਬ ਵੱਲੋਂ ਲਿਆ ਗਿਆ ਫੌਰਨ ਫੈਸਲਾ ਨਹੀਂ ਸੀ ਸਗੋਂ ਇਸ ਪਿੱਛੇ ਲੋਕਾਂ ਦਾ ਸਦੀਆਂ ਪੁਰਾਣਾ ਦਰਦ ਛੁਪਿਆ ਹੋਇਆ ਸੀ ਜਿਸ ਦੀਆਂ ਕਰੁਣਾਮਈ ਚੀਸਾਂ ਗੁਰੂ ਜੀ ਨੇ ਅਨੁਭਵ ਕੀਤੀਆਂ, ਇਹ ਚੀਸਾਂ ਸਨ ਨੀਵੀਆਂ ਜਾਤਾਂ ’ਤੇ ਹੋ ਰਹੇ ਜ਼ੁਲਮ ਦੀਆਂ, ਬੇਕਸੂਰ ਲੋਕਾਂ ਦੇ ਅੱਲ੍ਹੇ ਜ਼ਖਮਾਂ ਦੀਆਂ ਅਤੇ ਇਹਨਾਂ ਹੋ ਚੁੱਕੇ ਜ਼ਖਮਾਂ ’ਤੇ ਮੱਲਮ ਲਾਉਣਾ ਅਤੇ ਅੱਗੇ ਤੋਂ ਅਜਿਹੇ ਜ਼ਖਮਾਂ ਨੂੰ ਹੋਣ ਤੋਂ ਰੋਕਣਾ ਹੀ ਖਾਲਸਾ ਸਾਜਣਾ ਦਾ ਮੁੱਖ ਉਦੇਸ਼ ਸੀ। ਖਾਲਸਾ ਪੰਥ ਦੀ ਸਾਜਨਾ ਇੱਕ ਨਵਾਂ ਇਨਕਲਾਬ ਸੀ ਜਿਸ ਨੇ ਸਦੀਆਂ ਤੋਂ ਚੱਲੀ ਆ ਰਹੀ ਊਚ-ਨੀਚ, ਜਾਤ-ਪਾਤ ਦੀ ਕੰਧ ਨੂੰ ਤੋੜ ਦਿੱਤਾ ਅਤੇ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’ (ਮ:੫/੯੭) ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ। ਖਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਜੀ, ਅਜਿਹੇ ਰਾਜ ਭਾਗ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਤਾਂ ਜੋ ਦੱਬੇ ਕੁਚਲੇ ਅਤੇ ਲਿਤਾੜੇ ਜਾ ਰਹੇ ਲੋਕਾਂ ਨੂੰ ਅਣਖ ਨਾਲ ਜਿਉਣ ਦਾ ਸੁਨਹਿਰੀ ਮੌਕਾ ਮਿਲ ਸਕੇ ਤੇ ਉਹ ਆਪਣੀ ਰਾਖੀ ਆਪ ਹੀ ਕਰ ਸਕਣ।
ਖਾਲਸਾ ਪੰਥ ਦੀ ਸਾਜਨਾ ਦਾ ਇੱਕ ਹੋਰ ਇਤਿਹਾਸਕ ਕਾਰਨ ਇਹ ਵੀ ਸੀ ਕਿ ਪਹਿਲੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਮਸੰਦਾਂ ਦੀ ਸਥਾਪਨਾ ਕੀਤੀ ਤਾਂ ਕਿ ਉਹ ਸਿੱਖੀ ਦਾ ਪ੍ਰਚਾਰ ਕਰਨ ਅਤੇ ਨਾਲ ਹੀ ਜੇ ਕਿਸੇ ਇਲਾਕੇ ਦੀ ਸੰਗਤ ਵੱਲੋਂ ਗੁਰੂ ਸਾਹਿਬ ਨੂੰ ਕੁੱਝ ਭੇਟਾ ਕਰਨਾ ਹੁੰਦਾ ਤਾਂ ਉਹ ਇਹਨਾਂ ਮਸੰਦਾਂ ਰਾਹੀਂ ਪੁੱਜਦਾ ਕਰ ਦਿੱਤਾ ਜਾਂਦਾ ਸੀ ਪਰ ਮਸੰਦਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਦੇ ਉਲਟ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਹੀ ਨਿੱਜੀ ਜਾਇਦਾਦਾਂ ਸਮਝ ਕੇ ਹੜੱਪਣਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ ਉਹ ਸਿੱਖੀ ਦੇ ਮੁੱਖ ਰਸਤੇ (ਸਿਧਾਂਤ) ਤੋਂ ਭਟਕ ਗਏ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਤੇ ਆਪਣੀ ਸੰਗਤ ਵਿੱਚ ਸਿੱਧਾ ਸੰਪਰਕ ਸਥਾਪਿਤ ਕੀਤਾ ਅਤੇ ਕਿਹਾ, ‘‘ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋਂ ਨਿਵਾਸ॥’’ ਅਤੇ ਆਪਣੇ ਹੁਕਮਨਾਮਿਆਂ ਵਿੱਚ ਵੀ ਵਾਰ ਵਾਰ ਇਹ ਦੁਹਰਾਇਆ ਗਿਆ ਗੁਰੂ ਸੰਗਤ ਹੀ ਮੇਰਾ ਅਸਲੀ ਖਾਲਸਾ ਹੈ (ਡਾ. ਅਨੂਪ ਸਿੰਘ ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ)।
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਕੋਈ ਨਵਾਂ ਪੰਥ ਹੋਂਦ ਵਿੱਚ ਨਹੀਂ ਲਿਆਂਦਾ ਸੀ ਸਗੋਂ ਬਾਬੇ ਨਾਨਕ ਜੀ ਦੇ ਲਾਏ ਸਿੱਖੀ ਦੇ ਬੂਟੇ ਨੂੰ ਹੀ ਹੋਰ ਪ੍ਰਫੁੱਲਿਤ ਕੀਤਾ ਸੀ ਕਿਉਂਕਿ ਖਾਲਸੇ ਨੂੰ ਦਿੱਤੀਆਂ ਗਈਆਂ ਹਦਾਇਤਾਂ ਲਗਭਗ ਉਹੀ ਸਨ ਜੋ ਪਹਿਲੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਦਿੱਤੀਆਂ ਸਨ। ਫ਼ਰਕ ਸਿਰਫ ਇਹ ਸੀ ਕਿ ਗੁਰੂ ਜੀ ਨੇ ਭਗਤੀ ਦੇ ਨਾਲ ਸ਼ਕਤੀ ਅਤੇ ਸ਼ਸਤਰਾਂ ਦੇ ਨਾਲ ਸ਼ਾਸਤ੍ਰਾਂ ਦਾ ਸੁਮੇਲ ਕਰਕੇ ਇੱਕ ਨਵੀਂ ਸਪਿਰਟ (ਜੋ ਗੁਰੂ ਹਰਬੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਆਰੰਭ ਕੀਤੀ ਸੀ, ਨੂੰ ਹੋਰ ਵਧਾ ਕੇ) ਸਿੱਖਾਂ ਅੰਦਰ ਭਰ ਦਿੱਤੀ ਅਤੇ ਖਾਲਸੇ ਦਾ ਪਹਿਰਾਵਾ ਸਭ ਤੋਂ ਵੱਖਰੀ ਕਿਸਮ ਦਾ ਬਣਾਉਣਾ, ਸਮੇਂ ਦੀ ਮੁੱਖ ਲੋੜ ਬਣ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਸਾਹਮਣੇ ਬਚਨ ਕਰਦਿਆਂ ਕਿਹਾ ਕਿ ਮੈਂ ਇੱਕ ਅਜਿਹਾ ਸਿੱਖ (ਖਾਲਸਾ) ਪ੍ਰਗਟ ਕਰਾਂਗਾ ਜੋ ਹਜ਼ਾਰਾਂ ’ਚੋਂ ਨਹੀਂ ਬਲਕਿ ਲੱਖਾਂ ’ਚੋਂ ਪਛਾਣਿਆ ਜਾ ਸਕੇਗਾ, ਅਜਿਹੇ ਪੰਥ ਦੀ ਸਾਜਨਾ ਕਰਾਂਗਾ ਜੋ ਸਾਰੇ ਸੰਸਾਰ ਵਿੱਚ ਨਿਆਰੇ ਅਤੇ ਨਿਵੇਕਲੇ ਰੂਪ ਦਾ ਧਾਰਨੀ ਹੋਵੇਗਾ। ਜਦੋਂ ਵੀ ਲੱਖਾਂ ਲੋਕਾਂ ਵਿੱਚ ਇਕ ਸਿੱਖ ਸ਼ਾਮਲ ਹੋਇਆ ਕਰੇਗਾ ਉਹ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ ਅਤੇ ਸਭ ਤੋਂ ਵੱਖਰਾ ਤੇ ਵਿਲੱਖਣ ਦਿਸੇਗਾ। ਬਗਲਿਆਂ ਦੀ ਡਾਰ ਵਿੱਚ ਜਿਵੇਂ ਕੋਈ ਹੰਸ ਛੁਪਿਆ ਨਹੀਂ ਰਹਿ ਸਕਦਾ, ਗਿਰਝਾਂ ਦੇ ਝੁੰਡ ਵਿੱਚ ਜਿਵੇਂ ਕੋਈ ਮੋਰ ਲਿਸ਼ਕਦਾ ਹੈ, ਖੋਤਿਆਂ ਦੀ ਭੀੜ ਵਿੱਚ ਜਿਵੇਂ ਕੋਈ ਘੋੜਾ ਅਤੇ ਹਿਰਨਾਂ ਦੀ ਡਾਰ ਵਿੱਚ ਜਿਵੇਂ ਕੋਈ ਸ਼ੇਰ ਝੱਟ ਪਛਾਣਿਆ ਜਾਂਦਾ ਹੈ ਤਿਵੇਂ ਹੀ ਮੇਰਾ ਸਿੱਖ ਵੱਖ-ਵੱਖ ਮੱਤਾਂ ਦੇ ਲੋਕਾਂ ਵਿੱਚ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ। ਇਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਨੇ ਇਸ ਤਰ੍ਹਾਂ ਆਪਣੇ ਲਫਜ਼ਾਂ ਵਿੱਚ ਕੀਤਾ ਹੈ: ‘ਸ਼੍ਰੀ ਗੁਰੂ ਗੋਬਿੰਦ ਸਿੰਘ ਸੁਨਿ ਕਰਿ ਐਸੇ॥ ਗਰਜਤਿ ਬੋਲੇ ਜਲਧਰ ਜੈਸੇ। ਇਸ ਬਿਧਿ ਕੋ ਅਬਿ ਪੰਥ ਬਨਾਵੌ॥ ਸਕਲ ਜਗਤ ਮਹਿਂ ਬਹੁਤ ਬਿਦਤਾਵੋਂ॥ ਲਾਖਹੁ ਜਗ ਕੇ ਨਰ ਇੱਕ ਥਾਇਂ॥ ਤਿਨ ਮਹਿਂ ਮਿਲੇ ਏਕ ਸਿਖ ਜਾਇ॥ ਸਭ ਮਹਿਂ ਪ੍ਰਥਕ ਪਛਾਨਯੋ ਪਰੈ॥ ਚਲੈ ਨ ਕਾਯੋ ਹੂੰ ਕੈਸਿਹੁਂ ਕਰੈ॥ ਜਥਾ ਬਕਨ ਮਹਿਂ ਹੰਸ ਨ ਛਪੈ॥ ਗਿ੍ਰੱਝਨਿ ਬਿਖੈਹ ਮੋਹ ਜਿਮ ਦਿਪੈ॥ ਜਯੋਂ ਖਰ ਗਨ ਮਹਿਂ ਬਲੀ ਤੁਰੰਗ॥ ਜਥਾ ਮਿ੍ਰਗਨਿ ਮਹਿਂ ਕੇਹਰਿ ਅੰਗ॥ ਤਿਮ ਨਾਨਾ ਭੇਖਨ ਕੇ ਮਾਂਹਿ॥ ਮਮ ਸਿਖ ਕੋ ਸਗਲੇ ਪਰਖਾਹਿਂ॥’
ਇਸ ਪ੍ਰਕਾਰ ਵਿਸਾਖੀ ਵਾਲੇ ਦਿਨ 30 ਮਾਰਚ, 1699 ਈ ਨੂੰ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਜੋ ਕੁੱਝ ਵਾਪਰਿਆ ਉਹ ਲਾ-ਮਿਸਾਲ ਸੀ ਜਿਸ ਦੀ ਉਦਾਹਰਣ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚੋਂ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਪੰਡਾਲ ਵਿੱਚ ਗਰਜਵੀਂ ਆਵਾਜ਼ ਵਿੱਚ ਕਿਹਾ ਕਿ ‘ਹੈ ਕੋਈ ਗੁਰੂ ਦਾ ਸਿੱਖ ਜੋ ਆਪਣੇ ਗੁਰੂ ਲਈ ਸੀਸ ਭੇਂਟ ਕਰ ਸਕਦਾ ਹੋਵੇ?’
ਦਿਵਾਨ ਵਿੱਚ ਸੰਨਾਟਾ ਛਾ ਗਿਆ ਜਦੋਂ ਗੁਰੂ ਜੀ ਨੇ ਤੀਜੀ ਵਾਰ ਲਲਕਾਰਿਆ ਤਾਂ ਲਾਹੌਰ ਦਾ ਵਾਸੀ ਦਇਆ ਰਾਮ ਉੱਠ ਖਲੋਇਆ ਅਤੇ ਗੁਰੂ ਜੀ ਦੇ ਸਨਮੁੱਖ ਹੋ ਕੇ ਬੋਲਿਆ, ‘ਮੈਂ ਹਾਜ਼ਿਰ ਹਾਂ।’ ਗੁਰੂ ਸਾਹਿਬ ਉਸ ਨੂੰ ਅਲੱਗ ਤੰਬੂ ਵਿੱਚ ਲੈ ਗਏ ਅਤੇ ਦੁਬਾਰਾ ਇਕ ਹੋਰ ਸੀਸ ਦੀ ਮੰਗ ਕੀਤੀ, ਇਸੇ ਤਰ੍ਹਾਂ ਵਾਰ ਵਾਰ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਦੂਜੀ ਵਾਰ ਭਾਈ ਧਰਮ ਦਾਸ, ਫਿਰ ਹਿੰਮਤ ਰਾਏ, ਮੁਹਕਮ ਚੰਦ ਅਤੇ ਸਾਹਿਬ ਚੰਦ ਨੇ ‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ ॥’’ (ਮ:੩/੯੧੮), ਦੇ ਪਵਿੱਤਰ ਵਾਕ ’ਤੇ ਸ਼ਰਧਾ ਦੇ ਫੁਲ ਚੜ੍ਹਾਉਂਦਿਆਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕੀਤਾ। (ਕੁੱਝ ਇਤਿਹਾਸਕਾਰਾਂ ਦੇ ਕਹਿਣ ਅਨੁਸਾਰ ਤੰਬੂ ਵਿੱਚ ਪਹਿਲਾਂ ਹੀ ਬੱਕਰੇ ਬੰਨੇ ਹੋਏ ਸਨ ਜਦੋਂ ਗੁਰੂ ਸਾਹਿਬ ਇਕ ਸਿੰਘ ਨੂੰ ਲੈ ਕੇ ਅੰਦਰ ਜਾਂਦੇ ਤਾਂ ਇੱਕ ਬੱਕਰੇ ਨੂੰ ਝਟਕਾ ਦਿੰਦੇ ਸਨ, ਕੁੱਝ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਨੇ ਪਹਿਲਾਂ ਪੰਜਾਂ ਸਿੰਘਾਂ ਦੇ ਸਿਰ, ਧੜ ਨਾਲੋਂ ਵੱਖ ਕੀਤੇ ਅਤੇ ਬਾਅਦ ਵਿੱਚ ਫਿਰ ਜੀਵਤ ਕਰ ਦਿੱਤੇ। ਪ੍ਰਿੰ. ਸਤਿਬੀਰ ਸਿੰਘ ਜੀ ਲਿਖਦੇ ਹਨ ਕਿ ਤੰਬੂ ਦੇ ਪੜਦੇ ਅੰਦਰ ਉਹਨਾਂ ਪੰਜਾਂ ਨਾਲ ਕੀ ਬੀਤੀ ਇਹ ਕਹਿਣਾ ਅਸੰਭਵ ਹੈ ਸਿਰਫ ਇਤਨਾਂ ਹੀ ਕਹਿਣਾ ਫਬਦਾ ਹੈ ਕਿ ਉਹ ਪ੍ਰੀਖਿਆ ਦਾ ਦਿਨ ਸੀ ਅਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਪਹਿਲਾਂ ਨਹੀਂ ਦੱਸਦਾ। ਇਹ ਤਾਂ ਇਮਤਿਹਾਨ ਲੈਣ ਵਾਲੇ ਦੀ ਮਰਜ਼ੀ ਹੈ ਕਿ ਪਰਚਾ ਔਖਾ ਪਾਵੇ ਜਾਂ ਸੌਖਾ। ਫਿਰ ਜੇ ਪਰਚਾ ਹੀ ਦੱਸ ਦਿੱਤਾ ਤਾਂ ਇਮਤਿਹਾਨ ਕਾਹਦਾ ਹੋਇਆ। ਦੂਜਾ, ਜੇ ਗਿਰਦ ਗੁਰੂ ਜੀ ਨੇ ਕਨਾਤ ਕਰ ਲਈ ਸੀ ਭਾਵ ਤੰਬੂ ਤਾਣ ਲਿਆ ਸੀ ਤਾਂ ਸਾਨੂੰ ਕੀ ਹੱਕ ਕਿ ਉਸ ਦੇ ਅੰਦਰ ਝਾਕੀਏ।)
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਬਾਅਦ ਵਿੱਚ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਜਦੋਂ ਗੁਰੂ ਸਾਹਿਬ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਮਾਤਾ ਜੀਤੋ ਜੀ ਨੇ ਜਲ ਵਿੱਚ ਪਤਾਸੇ ਪਾਏ ਅਤੇ ਗੁਰੂ ਸਾਹਿਬਾਨ ਨੇ ਬਚਨ ਕੀਤਾ:- ‘ਭਲੋ ਭਯੋ ਤੂੰ ਚਲਿ ਕਰਿ ਆਈ। ਨੀਰ ਬਿਖੈ ਪਾਈ ਮਧੁਰਾਈ। ਨਾ ਤੁਰ ਪੰਥ ਹੋਇ ਬਡ ਕੂਰਾ। ਤੇਜ ਕ੍ਰੋਧ ਕਲਹਾ ਕਰਿ ਪੂਰਾ॥’ (ਭਾਈ ਸੰਤੋਖ ਸਿੰਘ, ਗੁਰ ਪ੍ਰਤਾਪ ਸੂਰਜ ਗ੍ਰੰਥ)
ਇਸ ਪ੍ਰਕਾਰ ਪਵਿੱਤਰ ਪਾਹੁਲ ਤਿਆਰ ਹੋਈ। ਜਿਸ ਨੇ ਵੀ ਇਹ ਪਾਹੁਲ ਛਕੀ ਉਸ ਦਾ ਜਨਮ ਸੁਹੇਲਾ ਹੋ ਗਿਆ। ਖਾਲਸੇ ਦੀ ਰਹਿਤ ਨਿਸ਼ਚਿਤ ਕੀਤੀ ਅਤੇ ਪੰਜਾਂ ਕਕਾਰਾਂ ਦਾ ਧਾਰਨੀ ਬਣਾਉਣ ਉਪਰੰਤ ਖਾਲਸੇ ਨੂੰ ਉਪਦੇਸ਼ ਕੀਤਾ ਕਿ ਖਾਲਸਾ ਹਮੇਸ਼ਾ ਤਿਆਰ ਬਰ ਤਿਆਰ ਰਹੇਗਾ ਅਤੇ ਹੱਕ ਸੱਚ ਲਈ ਲੜਦਾ ਰਹੇਗਾ। ਸਿਰਫ ਬਾਹਰੀ ਪਹਿਰਾਵਾ ਪਹਿਨਣ ’ਤੇ ਹੀ ਜੋਰ ਨਹੀਂ ਦਿੱਤਾ ਸਗੋਂ ਕਿਹਾ ਕਿ ਜਿੰਨਾ ਚਿਰ ਕੋਈ ਮਨੁੱਖ ਅੰਦਰੋਂ ਸ਼ੁੱਧ ਨਹੀਂ ਹੁੰਦਾ ਉਨਾਂ ਚਿਰ ਉਹ ਖਾਲਸਾ ਅਖਵਾਉਣ ਦਾ ਹੱਕਦਾਰ ਨਹੀਂ। ਪੂਰਨ ਖਾਲਸਾ ਓਹੀ ਹੈ ਜੋ ਆਪਣੇ ਬਾਹਰੀ ਪਹਿਰਾਵੇ ਦੇ ਨਾਲ ਨਾਲ ਆਪਣੇ ਕਮਲ ਰੂਪੀ ਹਿਰਦੇ ਨੂੰ ਗਿਆਨ ਦੀ ਕਸਵੱਟੀ ’ਤੇ ਪਰਖਦਾ ਹੈ: ‘‘ਜਾਗਤ ਜੋਤਿ ਜਪੈ ਨਿਸ ਬਾਸੁਰ, ਏਕੁ ਬਿਨਾ ਮਨਿ ਨੈਕ ਨ ਆਨੈ ॥ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜ੍ਹੀ ਮਠ, ਭੂਲ ਨ ਮਾਨੈ ॥ ਤੀਰਥ ਦਾਨ ਦਇਆ ਤਪ ਸੰਜਮ, ਏਕੁ ਬਿਨਾ ਨਹਿ ਏਕ ਪਛਾਨੈ ॥ ਪੂਰਨ ਜੋਤਿ ਜਗੈ ਘਟ ਮੈ, ਤਬ ਖਾਲਸ ਤਾਹਿ ਨਖਾਲਸ ਜਾਨੈ ॥੧॥’’ (੩੩ ਸਵੈਯੇ)
ਇਸ ਤਰ੍ਹਾਂ ਸਿੱਖਾਂ ਨੂੰ ਬਾਦਸ਼ਾਹੀ ਬਖ਼ਸ਼ਸ਼ ਕਰਕੇ ਗੁਰੂ ਜੀ ਨੇ ਆਪ ਭੀ ਅੰਮ੍ਰਿਤ ਦੀ ਦਾਤ ਆਪਣੇ ਹੀ ਅਨੁਆਈਆਂ ਤੋਂ ਲੈ ਕਿ ‘ਆਪੇ ਗੁਰ ਚੇਲਾ’, ਵਾਲਾ ਮਹਾਂਵਾਕ ਸੱਚ ਕਰ ਵਿਖਾਇਆ। ਇਹ ਨਿਵੇਕਲੀ ਘਟਨਾ ਇਸ ਜਗਤ ’ਚ ਪਹਿਲੀ ਅਤੇ ਆਖਰੀ ਮੰਨੀ ਜਾ ਸਕਦੀ ਹੈ ਜਦ ਗੁਰੂ ਸਿੱਖ ਬਣ ਗਿਆ ਅਤੇ ਸਿੱਖ, ਗੁਰੂ ਰੂਪ ਬਣ ਕੇ ਆਪਣੇ ਹੀ ਗੁਰੂ (ਸਿੱਖ) ਨੂੰ ਅੰਮ੍ਰਿਤ ਦੀ ਦਾਤ ਦੇ ਰਿਹਾ ਹੈ।
ਸੋ, ਸਾਡਾ ਸਭ ਦਾ ਫ਼ਰਜ ਬਣ ਜਾਂਦਾ ਹੈ ਕਿ ਇਸ ਵਿਸਾਖੀ ਵਾਲੇ ਦਿਹਾੜੇ ਨੂੰ ਅਸੀਂ ਭੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਾਈ ਇਸ ਅੰਮ੍ਰਿਤ ਛਕਣ ਦੀ ਪਿਰਤ ਨੂੰ ਪ੍ਰਾਪਤ ਕਰਕੇ ਉਸ ਸਰਬੰਸ ਦਾਨੀ ਦੇ ਚਰਨਾਂ ’ਚ ਸੁਰਖ਼ਰੂ ਹੋਈਏ ਅਤੇ ਆਪਣਾ ਜਨਮ ਸੁਹੇਲਾ ਕਰੀਏ।