ਅਜੋਕੇ ਸਮੇਂ ’ਚ ਕੁਦਰਤੀ ਖੇਤੀ ਦਾ ਮਹੱਤਵ
ਵਰਿੰਦਰਜੀਤ ਸਿੰਘ ਜਾਗੋਵਾਲ (ਗੁਰਦਾਸਪੁਰ) 98552-03852
ਅੱਜ ਤੋਂ 5-6 ਦਹਾਕੇ ਪਹਿਲਾਂ ਸਾਡੀ ਖੇਤੀ ਬਿਨਾਂ ਕਿਸੇ ਰਸਾਇਣ (ਕੈਮੀਕਲ) ਤੋਂ ਹੁੰਦੀ ਸੀ। ਸਾਡੀ ਖੇਤੀ ਨਿਰੋਲ ਕੁਦਰਤੀ ਨਿਯਮਾਂ ਉੱਤੇ ਅਧਾਰਤ ਹੋਣ ਕਾਰਨ ਉੱਪਜ ਮਿਕਦਾਰ ਦੇ ਪੱਖ ਚੰਗੀ ਹੋਣ ਦੇ ਨਾਲ ਨਾਲ ਬਹੁਤ ਪੋਸ਼ਟਕ ਵੀ ਸੀ, ਜਿਸ ਕਾਰਨ ਸਡੀਆਂ ਸਹਿਤਾਂ ਤੰਦਰੁਸਤ ਸਨ ਅਤੇ ਵਾਤਾਵਰਨ ਵੀ ਸਾਫ ਸੁਥਰਾ ਸੀ। ਸਾਡਾ ਕਿਸਾਨ ਅੰਨ ਦਾਤਾ ਕਹਿਲਾਉਂਦਾ ਸੀ। ਪਰ ਦੂਸਰੀ ਸੰਸਾਰ ਜੰਗ ਖ਼ਤਮ ਹੋਣ ਉਪਰੰਤ ਰਸਾਇਕ ਯੁੱਧ ਦਾ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਚਲਾਏਮਾਨ ਰੱਖਣ ਲਈ ਯੂਰਪ ਅਤੇ ਅਮਰੀਕਾ ਵਰਗੇ ਦੇਸਾਂ ਦੀਆਂ ਵੱਡੀਆਂ ਕੰਪਨੀਆਂ ਅਤੇ ਸਰਕਾਰਾਂ ਨੇ ਇੱਕ ਚਲਾਕੀ ਭਰੀ ਸਾਜਿਸ ਰਚੀ। ਉਹਨਾਂ ਨੇ ਫਸਲਾਂ ਨੂੰ ਹਾਨੀ ਪਹੰੁਚਾਉਣ ਵਾਲੇ ਕੀਟਾਂ ਤੋਂ ਛੁੱਟਕਾਰੇ ਦੇ ਨਾਹਰੇ ਤਹਿਤ ਯੁੱਧ ਲਈ ਵਿਕਸਤ ਕੀਤੇ ਜਹਿਰੀਲੇ ਰਸਾਇਣਾਂ ਨੂੰ ਖੇਤੀ ਤਕਨੀਕਾਂ ਵਿੱਚ ਵਾੜ ਦਿੱਤਾ ਅਤੇ ਪਰਚਾਰ ਕੀਤਾ ਗਿਆ ਕਿ ਇਹ ਕੈਮੀਕਲ ਜਹਿਰ ਸਿਰਫ ਕੀਟਾਂ ਨੂੰ ਮਾਰਦੇ ਹਨ, ਮਨੁੱਖਾਂ ਅਤੇ ਜਨਵਰਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਇਹ ਵੱਡਾ ਝੂਠ ਸੀ, ਇਸ ਨੂੰ ਵਾਰ ਵਾਰ ਬੋਲਿਆ ਗਿਆ ਅਤੇ ਹੌਲੀ ਹੌਲੀ ਲੋਕ ਇਸ ਨੂੰ ਸੱਚ ਮੰਨਣ ਲੱਗ ਪਏ। ਇਸ ਦੇ ਨਾਲ ਹੀ ਰਸਾਇਣਕ ਖਾਦਾਂ ਅਤੇ ਨਦੀਨ ਨਾਸ਼ਕ ਜਹਿਰਾਂ ਵੀ ਖੇਤੀ ਵਿੱਚ ਉਤਾਰ ਦਿੱਤੇ ਗਏ। ਜਿਸ ਨੇ ਪੂਰੀ ਦੁਨੀਆਂ ਦਾ ਖੇਤੀ ਨਕਸਾ ਹੀ ਬਦਲ ਕੇ ਰੱਖ ਦਿੱਤਾ। ਹਰੀ ਕ੍ਰਾਂਤੀ ਦੇ ਨਾਮ ਹੇਠ ਪੰਜਾਬ ਉੱਤੇ ਵੀ ਇਹ ਜਹਿਰੀਲਾ ਖੇਤੀ ਮਾਡਲ ਥੋਪ ਦਿੱਤਾ ਗਿਆ। ਹਾਲਾਂ ਕਿ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਅਧੀਨ ਖੇਤੀਯੋਗ ਭੂਮੀ ਦਾ ਸਿਰਫ ਡੇਢ ਫੀਸਦੀ ਹੈ ਪਰ ਇਸ ਸੂਬੇ ਵਿੱਚ ਪੂਰੇ ਦੇਸ਼ ਦੇ ਮੁਕਾਬਲੇ ਖਪਤ ਹੋਣ ਵਾਲੀਆਂ 12 ਫੀਸਦੀ ਰਸਾਇਣਕ ਖਾਦਾਂ ਅਤੇ 15 ਫੀਸਦੀ ਕੀਟ ਤੇ ਨਦੀਨ ਨਾਸ਼ਕ ਜਹਿਰਾਂ ਪੰਜਾਬ ਦੀ ਖੇਤੀਬਾੜੀ ਵਿੱਚ ਖਪਾ ਦਿੱਤੀਆਂ ਜਾਂਦੀਆਂ ਹਨ।
ਦਹਾਕਿਆਂ ਤੱਕ ਚੱਲੇ ਅਜੋਕੇ ਰਸਾਇਣਕ ਖੇਤੀ ਮਾਡਲ ਕਾਰਨ ਸਾਡਾ ਵਾਤਾਵਰਣ ਵੱਡੀ ਪੱਧਰ ਤੇ ਪਲੀਤ ਹੰੁਦਾ ਗਿਆ ਅਤੇ ਸਾਡਾ ਵਾਤਾਵਰਣ ਖਤਰਨਾਕ ਹੱਦ ਤੱਕ ਵਿਗੜ ਗਿਆ ਹੈ। ਪੌਣ ਪਾਣੀ ਅਤੇ ਸਮੁੱਚੀ ਭੋਜਣ ਲੜੀ ਵਿੱਚ ਫੈਲੇ ਜਹਿਰਾਂ ਨਾਲ ਕਈ ਤਰ੍ਹਾਂ ਦੇ ਪੰਛੀਆਂ ਅਤੇ ਜਾਨਵਰਾਂ ਦੀਆਂ ਅਨੇਕਾਂ ਨਸਲਾਂ ਅਲੋਪ ਹੋ ਗਈਆਂ ਹਨ। ਜਮੀਨ ਵਿਚਲੇ ਛੋਟੇ ਜੀਵ ਜੰਤੂ ਅਤੇ ਸੂਖਮ ਮਿੱਤਰ ਬੈਕਟੀਰੀਆ ਤੇ ਉੱਲੀਆਂ ਬਹੁਤ ਘੱਟ ਗਈਆਂ ਹਨ। ਇਸ ਜਹਿਰੀਲੇ ਭੋਜਨ ਅਤੇ ਪਲੀਤ ਵਾਤਾਵਰਣ ਕਾਰਨ ਮਨੁੱਖੀ ਸਿਹਤ ਉੱਪਰ ਇਸ ਦੇ ਬਹੁਤ ਮਾਰੂ ਅਸਰ ਪੈ ਰਹੇ ਹਨ। ਇਹਨਾਂ ਮਾਰੂ ਅਸਰਾਂ ਕਾਰਨ ਸਰੀਰ ਵਿੱਚ ਰੋਗ ਪ੍ਰਤੀਰੋਗੀ ਸ਼ਕਤੀ ਬਹੁਤ ਕਮਜੋਰ ਪੈ ਚੁੱਕੀ ਹੈ, ਕੈਂਸਰ ਦੀਆਂ ਬੀਮਾਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ। ਮਨੁੱਖਾਂ ਅਤੇ ਪਸ਼ੂਆਂ ਦੇ ਪ੍ਰਜਨਣ ਅੰਗਾਂ ਉੱਤੇ ਬਹੁਤ ਮਾੜਾ ਅਸਰ ਹੋਇਆ ਹੈ। ਅਪੰਗ ਬੱਚਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਲਾਇਲਾਜ ਬੀਮਾਰੀਆਂ ਸ਼ੂਗਰ, ਬੱਲਡ ਪ੍ਰੈਸ਼ਰ, ਮੋਟਾਪਾ, ਦਮਾਂ, ਮਿਰਗੀ, ਅਲਰਜੀ, ਜੋੜਾਂ ਦੇ ਰੋਗ,
ਮਨਸਿਕ ਰੋਗ, ਗੁਰਦਿਆਂ ਅਤੇ ਜਿਗਰ ਦੇ ਰੋਗ ਆਦਿ ਸੱਭ ਪ੍ਰਦੂਸ਼ਨ ਅਤੇ ਅਜੋਕੇ ਖੇਤੀ ਮਾਡਲ ਕਾਰਨ ਹੋ ਰਿਹਾ ਹੈ। ਹੁਣ ਸਾਡੀ ਅਣ ਸਰਦੀ ਲੋੜ ਹੈ ਕੋਈ ਅਜਿਹਾ ਖੇਤੀ ਮਾਡਲ ਅਪਨਾਉਣ ਦੀ ਜਿਸ ਨਾਲ ਸਾਡਾ ਵਾਤਾਵਰਣ ਅਤੇ ਸਿਹਤ ਫਿਰ ਤੋਂ ਪੈਰਾਂ ਸਿਰ ਹੋ ਸਕੇ। ਇਹ ਲਈ ਸਾਡੇ ਵਾਤਾਵਰਣ ਪੱਖੀ ਖੇਤੀ ਮਾਹਿਰਾਂ ਨੇ ਕੁਦਰਤੀ ਖੇਤੀ ਮਾਡਲ ਨੂੰ ਵਿਕਸਤ ਕੀਤਾ ਹੈ, ਜਿਸ ਤਹਿਤ ਫਸਲਾਂ ਨੂੰ ਬਿਨਾਂ ਕਿਸੇ ਰਸਾਇਣਕ ਖਾਦ ਅਤੇ ਨਦੀਨ ਨਾਸ਼ਕ ਤੇ ਕੀਟ ਨਾਸ਼ਕ ਜਿਹਰਾਂ ਦੀ ਵਰਤੋਂ ਕੀਤੇ ਕੁਦਰਤੀ ਢੰਗ ਤਰੀਕਿਆਂ ਨਾਲ ਚੰਗੀ ਅਤੇ ਪੌਸਟਿਕ ਭਰਪੂਰ ਉੱਪਜ ਲਈ ਜਾ ਸਕਦੀ ਹੈ। ਅਜਿਹੇ ਖੇਤੀ ਮਾਡਲ ਨੂੰ ਅਸੀਂ ਆਪਣੀ ਜੀਵਨ ਜਾਂਚ ਬਣਾ ਕੇ ਆਪਣੇ ਖੇਤਾਂ ਨੂੰ ਜਹਿਰ ਮੁਕਤ ਕਰ ਸਕਦੇ ਹਾਂ ਅਤੇ ਮਨੁੱੱਖੀ ਸਿਹਤ ਦੇ ਹੋ ਰਹੇ ਘਾਣ ਨੂੰ ਰੋਕ ਸਕਦੇ ਹਾਂ। ਕੁਦਰਤ ਪੱਖੀ ਖੇਤੀ ਮਾਡਲ ਵਜੋਂ ਮਹਾਂਰਾਸਟਰ ਦੇ ਖੇਤੀ ਵਿਗਿਆਨੀ ਸ੍ਰੀ ਸੁਭਾਸ਼ ਪਾਲਿਕਰ ਵੱਲੋਂ ‘ਜੀਰੋਬਜਟ ਕੁਦਰਤੀ ਖੇਤੀ’ ਦਾ ਇਕ ਬਹੁਤ ਹੀ ਸੁਚੱਜਾ ਮਾਡਲ ਪੇਸ਼ ਕੀਤਾ ਗਿਆ ਹੈ। ਜਿੱਥੇ ਇਸ ਖੇਤੀ ਮਾਡਲ ਨੂੰ ਪੰਜਾਬ ਵਿੱਚ ਭਗਤਪੂਰਨ ਸਿੰਘ ਫਾਰਮ ਧੀਰਾ ਕੋਟ ਜ਼ਿਲ੍ਹਾ ਅੰਮਿ੍ਰਤਸਰ ਵਿੱਚ ਬਾਖੂਬੀ ਲਾਗੂ ਕਰਕੇ ਇੱਕ ਮਿਸਾਲ ਪੇਸ਼ ਕੀਤਾ ਗਿਆ ਹੈ। ਉੱਥੇ ‘ਜੀਰੋ ਬਜਟ ਕੁਦਰਤੀ ਖੇਤੀ ਮਾਡਲ’ ਨੂੰ ਅਪਣਾ ਕੇ ਪੰਜਾਬ ਦੇ ਸੈਂਕੜ ਕਿਸਾਨਾਂ ਦੇ ਨਾਲ ਨਾਲ ਦੇਸ਼ ਭਰ ਦੇ ਲੱਖਾਂ ਕਿਸਾਨ ਬਹੁਤ ਹੀ ਉਸਾਰੂ ਅਤੇ ਕਾਮਜਾਬ ਤਜਰਬੇ ਕਰ ਰਹੇ ਹਨ। ਅਜਿਹੀ ਖੇਤੀ ਨੂੰ ਅਪਣਾ ਕੇ ਜਿੱਥੇ ਅਸੀਂ ਆਪਣੇ ਪਰਿਵਾਰ ਲਈ ਜ਼ਹਿਰ ਮੁਕਤ ਅਤੇ ਪੋਸ਼ਟਿਕ ਉੱਪਜ ਲੈ ਸਕਦੇ ਹਾਂ ਉੱਥੇ ਅਸੀਂ ਪਲੀਤ ਹੋ ਹਰੇ ਵਾਤਾਵਰਨ ਨੂੰ ਵੀ ਸ਼ੁੱਧ ਰੱਖਣ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹਾਂ।
ਉਪਰ ਫੋਟੋ ਵੇਰਵੇ – ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਧੀਰਾ ਕੋਟ ਵਿੱਚ ਕਿਸਾਨ ਕੁਦਰਤੀ ਕਾਸ਼ਤ ਕੀਤੀਆਂ ਜਾ ਰਹੀਆਂ ਫਸਲਾਂ ਦਾ ਨਰੀਖਣ ਕਰਦੇ ਹੋਏ।